.

ਸਿੱਖੀ ਸੰਭਾਲ ਸਿੰਘਾ! (ਕਿਸ਼ਤ ਉਨੀਵੀਂ)

ਸਿੱਖ ਧਰਮ

ਸਿਖ-ਧਰਮ ਵੀ ਹੈ ਅਤੇ ਲਹਿਰ ਵੀ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

(ਵਿਸ਼ੇ ਦਾ ਪੂਰਾ ਲਾਭ ਲੈਣ ਲਈ, ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

(੯) ਪੰਥ ਦੀ ਅਜੋਕੀ ਅਧੋਗਤੀ ਦਾ ਇੱਕ ਹੋਰ ਅਤੇ

ਪ੍ਰਮੁੱਖ ਕਾਰਣ ਇਹ ਵੀ ਹੈ

“ਸਿੱਖ ਗੁਰਦੁਆਰਾ ਸਟੇਜ ਦੀ ਹੋ ਰਹੀ ਭਰਵੀਂ ਕੁਵਰਤੋਂ”

‘ਬੜਾ ਸ਼ੌਰ ਸੁਣਤੇ ਥੇ ਪਹਿਲੂ ਮੇਂ ਦਿਲ ਕਾ, ਜੋ ਚੀਰਾ ਤੋ ਕਤਰਾਏ ਖੂੰਨ ਨਿਕਲਾ’

ਇਹ ਗੱਲ ਪੂਰੀ ਤਰ੍ਹਾਂ ਢੁੱਕਦੀ ਹੈ ਜਦੋਂ ਕੁੱਝ ਸਾਲ ਪਹਿਲਾਂ ਪੰਥਕ ਤਲ `ਤੇ ਮਨਾਏ ਗਏ ‘ਵਿਸਾਖੀ ੧੯੯੯’ ਨਾਲ ਸੰਬੰਧਤ ਉਨ੍ਹਾਂ ਬੇਅੰਤ ਅਤੇ ਅਣਗਿਣਤ ਪ੍ਰੋਗਰਾਮਾਂ `ਤੇ। ਉਸ ਸਮੇਂ ਸਾਡੀ ਕੌਮ ਦੇ ਆਗੂਆਂ ਨੇ ਪੂਰਾ ਜ਼ੋਰ ਲਗਾ ਕੇ ਕੌਮ ਨੂੰ ਨਾਰਾ ਦਿੱਤਾ ਸੀ “ਵਿਸਾਖੀ 1999-ਸਾਰੀ ਕੌਮ ਅੰਮ੍ਰਿਤਧਾਰੀ” ! ! ! ਉਪ੍ਰੰਤ ਉਹ ਵਿਸਾਖੀ ੧੯੯੯, ਅੱਜ ਤੋਂ ਕਈ ਸਾਲ ਪਹਿਲਾਂ ਆਈ ਤੇ ਚਲੀ ਵੀ ਗਈ ਪਰ ਕੌਮ ਦਾ ਹਾਲ ਪਹਿਲਾਂ ਤੋਂ ਵੀ ਮਾੜਾ ਹੋਇਆ ਤੇ ਅੱਜ ਵੀ ਬਦ ਤੋਂ ਬਦਤਰ ਹੀ ਹੋ ਰਿਹਾ ਹੈ। ਇਸ ਤਰ੍ਹਾਂ ਅਰਬਾਂ-ਖਰਬਾਂ ਅਤੇ ਕੌਮ ਦੀ ਬੇਅੰਤ ਤਾਕਤ-ਜੋ ਉਸ ਸਮੇਂ ਉਸ ਉਪਰ ਲੱਗੀ, ਆਖ਼ਿਰ ੳੇੁਹ ਕਿਸ ਅਰਥ ਗਈ? ?

ਨਾਲ ਨਾਲ ਸ਼ਤਾਬਦੀਆਂ ਦੀ ਵੀ ਹੋੜ! ! ! ! ਜਦਕਿ ਕੌਮ `ਚ ਸ਼ਤਾਬਦੀਆਂ ਦੇ ਨਾਂ `ਤੇ ਇਹ ਸਿਲਸਿਲਾ ਤਾਂ ‘ਵਿਸਾਖੀ ੧੯੯੯’ ਤੋਂ ਵੀ ਕਈ ਦਹਾਕੇ ਪਹਿਲਾਂ ਸ਼ੁਰੂ ਹੋ ਚੁੱਕਾ ਸੀ ਅਤੇ ਅੱਜ ਵੀ ਚਾਲੂ ਹੈ। ਪਰ ਉਸ ਸਾਰੇ ਦਾ ਵੀ ਨਤੀਜਾ ਕੀ ਹੋਇਆ? ਉਦੋਂ ਵੀ ਤੇ ਅੱਜ ਵੀ, ਇਸ ਲੜੀ `ਚ ਭਾਵੇਂ ਸੰਨ ੧੯੯੯ ਸੀ ਜਾਂ ਹਰੇਕ ਆਉਣ ਤੇ ਜਾਣ ਵਾਲੀ ਸ਼ਤਾਬਦੀ, ਬਜਾਏ ਗੁੰਝਲਾਂ ਕੱਢਣ ਦੇ ਨਵੀਆਂ ਗੁੰਝਲਾਂ ਵਧਦੀਆਂ ਗਈਆਂ ਤੇ ਅੱਜ ਵੀ ਵਧਾਈਆਂ ਜਾ ਰਹੀਆਂ ਹਨ। ਸਿੱਖ ਇਤਿਹਾਸ ਤੇ ਸਿੱਖ ਸਿਧਾਂਤਾਂ `ਚ ਜਿਹੜੀਆਂ ਮਿਲਾਵਟਾਂ, ਰਲੇ ਤੇ ਕੱਚ ਬਲਕਿ ਉਸ ਦੇ ਨਾਲ ਨਾਲ ਬਹੁਤ ਜਗ੍ਹਾ ਗੁਰਬਾਣੀ ਦੇ ਪ੍ਰਚਲਤ ਕੀਤੇ ਜਾ ਚੁੱਕੇ ਗ਼ਲਤ ਅਰਥ, ਜਿੱਥੋਂ ਸੰਗਤਾਂ ਨੂੰ ਸੁਚੇਤ ਕਰਣ ਦੀ ਲੋੜ ਸੀ॥ ਮੱਖੀ ਤੇ ਮੱਖੀ ਮਾਰਣ ਦੀ ਨਿਆਈਂ, ਹਰੇਕ ਅਣ-ਅਧਿਕਾਰੀ ਕੱਚੇ ਪ੍ਰਚਾਰਕ ਨੇ ਕੀ ਤੇ ਅਯੋਗ ਪ੍ਰਬੰਧਕ ਨੇ ਕੀ, ਉਨ੍ਹਾਂ ਸਾਰੀਆਂ, ਮਿਲਾਵਟਾਂ ਤੇ ਰਲਿਆਂ ਨੂੰ ਹੋਰ ਤੇ ਹੋਰ ਪੱਕਾ ਕੀਤਾ। ਇਸ ਤਰ੍ਹਾਂ ਇੱਕ ਤਰੀਕੇ ਮਾਨੋ ਉਨ੍ਹਾਂ ਨੇ ਆਪਣੀਆਂ ਰੋਟੀਆਂ ਸੇਕਣ ਤੇ ਲੀਡਰੀਆਂ ਨੂੰ ਚਮਕਉਣ `ਚ ਭਰਵਾਂ ਯੋਗਦਾਨ ਪਾਇਆ। ਕੌਣ ਸੋਚੇ ਤੇ ਕੌਣ ਵਿਚਾਰੇ ਕਿ ਇਸ ਸਾਰੇ ਨਾਲ ਵੀ ਕੋਮ ਲਗਾਤਰ ਰਸਾਤਲ ਨੂੰ ਜਾ ਰਹੀ ਹੈ ਤੇ ਇਸਦੇ ਸੰਭਲਣ ਦਾ ਰਸਤਾ ਨਜ਼ਰ ਨਹੀਂ ਆ ਰਿਹਾ। ਇਸ ਲਈ ਕਿਵੇਂ ਤੇ ਕਦੋਂ ਸੰਭਲਾਂਗੇ? ਇਹ ਤਾਂ ਗੁਰੂ ਆਪ ਹੀ ਜਾਣਦਾ ਹੈ।

ਸਾਡੀ ਅੱਜ ਦੀ ਦੁਰਦਸ਼ਾ- ਸਾਡੀ ਨਾਸਮਝੀ ਦਾ ਹੀ ਨਤੀਜਾ ਹੈ ਕਿ ਅੱਜ ਸਾਡੇ ਪਾਸੋਂ ਸਿੱਖੀ ਵੀ ਜਾ ਰਹੀ ਹੈ ਤੇ ਸਿੱਖੀ ਸਰੂਪ ਵੀ। ਗੱਲ ਨਿਰਾ ਕਲਪਣ ਦੀ ਹੀ ਨਹੀਂ, ਬਲਕਿ ਸੰਭਲਣ ਦੀ ਵੀ ਹੈ। ਲਾਪਰਵਾਹ ਹੋ ਕੇ ਬੈਠੇ ਰਹਿਣਾ, ਸਾਡੇ ਲਈ ਹੋਰ ਵੀ ਵੱਧ ਖਤਰਨਾਕ ਸਾਬਤ ਹੋਵੇਗਾ।

ਸ਼ੱਕ ਨਹੀਂ ਕਿ ਸੰਸਾਰ ਪੱਧਰ ਦਾ ਜੇਕਰ ਸਭ ਤੋਂ ਵਧੀਕ ਦਲੀਲ ਭਰਪੂਰ, ਵਿਗਿਆਨਕ, ਅਗਾਂਹ ਵਧੂ, ਨਿੱਤ ਨਵਾਂ ਕੋਈ ਧਰਮ ਹੈ ਤਾਂ ਉਹ ਵੀ ਕੇਵਲ ਸਿੱਖ ਧਰਮ ਹੀ ਹੈ; ਪਰ ਇਹ ਵੀ ਉਦੋਂ ਜਦੋਂ ਗੁਰਬਾਣੀ ਅਨੁਸਾਰ ਇਸ ਦਾ ਆਧਾਰ ਵੀ “ਜੋਤਿ ਓਹਾ ਜੁਗਤਿ ਸਾਇ” ਹੀ ਹੋਵੇ। ਪਰ ਅੱਜ ਇਸਦੀ ਵੀ ਕੀ ਹਾਲਤ ਹੈ? ਨਾ ਇਸ ਨੂੰ ਗੁਰਬਾਣੀ ਦੀ ਜੋਤ ਭਾਵ ਗੁਰਬਾਣੀ ਤੋਂ ਪ੍ਰਗਟ ਹੋਣ ਇਲਾਹੀ ਗਿਆਨ ਬਾਰੇ ਪਤਾ ਰਹਿ ਚੁੱਕਾ ਹੈ ਤੇ ਨਾ ਹੀ ਉਸ ਜੋਤ ਤੋਂ ਪੈਦਾ ਹੋਣ ਵਾਲੀ ਜੀਵਨ ਜੁਗਤ ਅਥਵਾ (way of life) ਬਾਰੇ ਹੀ ਕੁੱਝ ਪਤਾ ਹੈ।

ਉਪ੍ਰੰਤ ਇਸੇ ਸਾਰੇ ਤੋਂ ਅੱਜ ਪਤਿਤਪੁਣਾ ਸ਼ਿਖਰਾਂ `ਤੇ ਪੁੱਜਾ ਹੋਇਆ ਹੈ। “ਸਿੱਖੀ ਦਾ ਰੋਮ ਸੜ ਰਿਹਾ ਹੈ ਤੇ ਪੰਥ ਰੂਪੀ ਨੀਰੂ ਬੰਸਰੀ ਮਾਨੋ ਵਜਾ ਰਿਹਾ ਹੈ” ; ਗਿਣਿਆ ਚੁਣਿਆ ਸੂਝਵਾਨ ਤੱਬਕਾ ਤਾਂ ਮੌਜੂਦ ਹੈ, ਜਦਕਿ ਉਨ੍ਹਾਂ ਵਿਚਕਾਰ ਵੀ ਆਪਸੀ ਤਾਲਮੇਲ ਨਹੀਂ। ਦਰਦੀ ਬੇਅੰਤ ਹਨ ਪਰ ਆਪਣੀ ਕਰਨੀ ਨੂੰ ਘੋਖਣ ਵਾਲੇ, ਢੂੰਡਿਆਂ ਹੀ ਮਿਲਣਗੇ। “ਮੈਂ ਇਹ ਕਰ ਰਿਹਾ ਹਾਂ. . ਅਸੀਂ ਇਹ ਕਰ ਰਹੇ ਹਾਂ” ਹਰ ਪਾਸੇ ਇਹੀ ਰਟ ਲੱਗੀ ਪਈ ਹੈ। ਸਾਰਾ ਪੰਥ, ਸਿੱਖ ਧਰਮ ਦੇ ਪ੍ਰਚਾਰ `ਚ ਜੁਟਿਆ ਪਿਆ ਹੈ ਫ਼ਿਰ ਵੀ ਪੰਥ ਦੀ ਹੋਂਦ ਮੁੱਕਦੀ ਜਾ ਰਹੀ ਹੈ। ਬੁੱਧੀਜੀਵੀਆਂ, ਪ੍ਰਬੰਧੰਕਾਂ, ਪ੍ਰਚਾਰਕਾਂ, ਸਿੱਖ ਰਾਜਸੀ ਆਗੂਆਂ, ਪਾਠੀ ਸੱਜਨਾਂ ਆਦਿ ਦਾ ਹੱੜ ਆਇਆ ਪਿਆ ਹੈ। ਜਿਧਰ ਦੇਖੋ, ਹਰ ਕੋਈ ਆਪਣੀ ਤੂਤੀ ਵਜਾ ਰਿਹਾ ਹੈ। ਗੁਰਦੁਆਰਾ ਬਿਲਡਿੰਗਾਂ ਦੀ ਗਿਣਤੀ ਦਬਾ ਦਬ ਵਾਧੇ `ਤੇ ਹੈ ਇਸੇ ਤਰ੍ਹਾਂ ਇਸ ਵਿਸ਼ੇ ਨਾਲ ਸੰਬੰਧਤ ਹਰੇਕ ਤਲ `ਤੇ ਵੀ।

ਅੱਜ ਜਿੰਨੇ ਸਿੱਖ-ਉਨੀਆਂ ਸਿੱਖੀਆਂ ਹਨ, ਅਜਿਹਾ ਕਿਉਂ ਹੋ ਰਿਹਾ ਹੈ? ਅੱਜ ਤਾਂ ਸਾਡੀ ਹਾਲਤ ਇਥੋਂ ਤੱਕ ਨਿਘਰ ਚੁੱਕੀ ਹੈ ਕਿ ਜੇਕਰ ਕੋਈ ਅਜਿਹਾ ਸੱਜਨ ਵੀ ਮਿਲੇ ਜਿਸਦੇ ‘ਮੂੰਹ `ਚ ਪਾਨ, ਦਾੜ੍ਹੀ ਕੱਟੀ ਤੇ ਬੋਤਲ ਚੜ੍ਹੀ ਹੋਈ-ਜੇਕਰ ਕਿਸੇ ਅਜਿਹੇ ਵੀਰ ਨਾਲ ਵੀ ਗੱਲਬਾਤ ਦਾ ਮੌਕਾ ਬਣ ਜਾਵੇ ਤਾਂ ਉੱਤਰ ਮਿਲਦਾ ਹੈ “ਛੱਡੋ ਭਾ ਜੀ! ਤੁਹਾਨੂੰ ਬਹੁਤਾ ਪਤਾ ਵਾ ਸਿੱਖੀ ਦਾ, ਮੈਂ ਦੱਸਦਾਂ, ਸਿੱਖ ਕਿਸਨੂੰ ਕਹਿੰਦੇ ਆ, ਮੈਂ ਪੱਕਾ ਸਿੱਖ ਵਾਂ… ਰੋਜ਼ ਸਵੇਰੇ ਬਾਬੇ ਦੀ ਫ਼ੋਟੋ `ਤੇ ਹਾਰ ਚੜਾਂਦਾਂ, ਧੂਪ ਧੁਖਾਂਦਾ ਤੇ ਤਾਂ ਜਾ ਕੇ ਆਪਣੇ ਕੰਮ `ਤੇ ਜਾਂਦਾ ਹਾਂ, ਉਸ ਤੋਂ ਪਹਿਲਾਂ ਨਹੀਂ” ਇਹ ਨਤੀਜਾ ਹੈ ਅੱਜ ਸਾਡੀ ਪਵਿਤ੍ਰ ਗੁਰੂ ਮਿਲਾਵੀ ਗੁਰਦੁਆਰਾ ਸਟੇਜ ਦੀ ਕੁਵਰਤੋਂ ਦਾ ਜਿਸਨੇ ਸਾਡੇ ਸਿੱਖੀ ਆਚਰਣ ਤੇ ਸਿੱਖੀ ਰਹਿਣੀ ਨੂੰ ਹੀ ਖੇਰੂੰ-ਖੇਰੂੰ ਕਰ ਕੇ ਰੱਖ ਦਿੱਤਾ ਹੈ। ਇਹ ਨਤੀਜਾ ਹੈ ਸਿੱਖ ਗੁਰਦੁਆਰਾ ਸਟੇਜ ਤੋਂ ਭਾਂਤ-ਭਾਂਤ ਦੀ ਬੋਲੀ ਜਾ ਰਹੀ ਬੋਲੀ ਦਾ। ਜਿੰਨੇਂ ਵੱਧ ਬੁਲਾਰੇ, ਪ੍ਰਚਾਰਕ, ਪ੍ਰਬੰਧਕ ਤੇ ਡੇਰੇ ਹਨ, ਸਿੱਖੀਆਂ ਵੀ ਉੱਤਨੇ ਹੀ ਤਰ੍ਹਾਂ ਦੀਆਂ ਤਿਆਰ ਹੋ ਤੇ ਪਣਪ ਰਹੀਆਂ ਹਨ। ਇਸੇ ਦਾ ਨਤੀਜਾ ਹੈ ਕਿ ਅੱਜ, ਹਰ ਪਾਸੇ ਭਾਂਤ-ਭਾਂਤ ਦੀ ਸਿੱਖੀ ਹੀ ਜਨਮ ਲੈ ਰਹੀ ਹੈ।

ਇਸ `ਚ ਵੀ ਸ਼ੱਕ ਨਹੀਂ ਕਿ ਸਾਡਾ ਹੱਥਲਾ ਵਿਸ਼ਾ “ਸਿੱਖ ਧਰਮ ਵੀ ਹੈ ਤੇ ਸਿੱਖ ਲਹਿਰ ਵੀ” ਇਸ ਚਲਦੇ ਪ੍ਰਕਰਣ `ਚ ਤੇ ਲੋੜ ਅਨੁਸਾਰ ਅਸੀਂ ‘ਸਿੱਖ ਗੁਰਦੁਆਰਾ ਸਟੇਜ’ ਦੇ ਵਿਸ਼ੇ ਨੂੰ ਵੀ ਨਾਲ ਨਾਲ, ਕਿਧਰੇ ਕਿਧਰੇ ਅਤੇ ਕਈ ਵਾਰ ਛੂ ਵੀ ਚੁੱਕੇ ਹਾਂ। ਤਾਂ ਵੀ ਜਦੋ ਹੱਥਲੀ ਪੁਸਤਕ ਦਾ ਇਹ ਛੇਵਾਂ ਖੰਡ ਹੈ ਹੀ “ਸਿੱਖ ਧਰਮ ਦੀ ਅਜੋਕੀ ਅਧੋਗਤੀ ਤੇ ਉਸ ਦੇ ਕਾਰਨਾਂ ਨਾਲ ਸੰਬੰਧਤ” ਤਾਂ ਉਸ `ਚਂ ਇਹ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਇਸ ਲੜੀ `ਚ ਗੁਰਦੁਆਰਾ ਸਟੇਜ ਦੀ ਹੋ ਰਹੀ ਹੱਦ ਦਰਜੇ ਦੀ ਦੁਰਵਰਤੋਂ ਤੇ ਕੁਵਰਤੋਂ ਉਪ੍ਰੰਤੇ ਉਸ ਦੇ ਸਮਾਧਾਨ ਸੰਬੰਧੀ ਵੀ ਕੁੱਝ ਖੁੱਲ ਕੇ ਗੱਲ ਕੀਤੀ ਜਾਵੇ। ਸਪਸ਼ਟ ਹੈ ਜਦੋਂ ਸਮੁਚੇ ਤੇ ਅਜੋਕੇ ਸਿੱਖ ਧਰਮ ਦੀ ਹੋਂਦ ਹੀ ਰਸਾਤਲ ਨੂੰ ਜਾ ਰਹੀ ਹੈ ਤਾਂ ‘ਸਿੱਖ ਲਹਿਰ’ ਦਾ ਵਜੂਦ ਵੀ ਕਿਵੇਂ ਬਚੇਗਾ? ਦਰਅਸਲ ਅੱਜ ਸਾਡੀ ਹਾਲਤ ਇਹੀ ਬਣੀ ਪਈ ਹੈ। ਉਪ੍ਰੰਤ ਇਸ ਸੰਬੰਧ `ਚ ਹੁਣ ਤੀਕ ਗਿਣਵਾਏ ਜਾ ਚੁੱਕੇ ਵਿਸ਼ੇ ਜਿਹੜੇ ਕਿ ਅਜੇ ਵੀ ਚੱਲ ਰਹੇ ਹਨ, ਉਸ ਦੌਰਾਨ ਇਹ ਵਿਸ਼ਾ ਵੀ ਲੈ ਰਹੇ ਹਾਂ ਭਾਵ ਗੁਰਦੁਆਰਾ ਸਟੇਜ ਦੀ ਹੋ ਰਹੀ ਅਜੋਕੀ ਦੁਰਵਰਤੋਂ ਤੇ ਕੁਵਰਤੋਂ ਵਾਲਾ।

ਅਸਲ `ਚ ਅੱਜ ਜਿੰਨੇਂ ਸਿੱਖ ਹਨ-ਉਤਨੀ ਤਰ੍ਹਾਂ ਦੀਆਂ ਹੀ ਉਨ੍ਹਾਂ ਕੋਲ ਸਿੱਖੀਆਂ ਹਨ। ਹਰ ਕੋਈ ਪੱਕਾ ਸਿੱਖ-ਹਰ ਕੋਈ ਸਿੱਖ ਧਰਮ ਦਾ ਠੇਕੇਦਾਰ ਤੇ ਸਿੱਖੀ ਦਾ ਦਾਅਵੇਦਾਰ। ਪਰ ਗੁਰੂ ਨਾਨਕ ਪਾਤਸ਼ਾਹ ਰਾਹੀਂ ਦਸ ਜਾਮੇਂ ਧਾਰਣ ਕਰਕੇ, ਬੇਅੰਤ ਤਸੀਹੇ ਝੱਲ ਕੇ ਅਤੇ ੨੩੯ ਸਾਲਾਂ `ਚ ਪ੍ਰਗਟ ਕੀਤੀ ਹੋਈ ਸਿੱਖੀ ਦੇ ਦਰਸ਼ਨ ਵੀ ਨਦਾਰਦ ਹੋਏ ਪਏ ਹਨ। ਅੱਜ ਸਾਡੀ ਗੁਰਦੁਆਰਾ ਸਟੇਜ ਤਾਂ ਨਿਰਾ ਪੁਰਾ ਮਜ਼ਾਕ ਬਣ ਕੇ ਰਹਿ ਚੁੱਕੀ ਹੈ। 99% ਵਿਪਰਨ ਦੀਆਂ ਰੀਤਾਂ ਤੇ ਬ੍ਰਾਹਮਣਵਾਦ, ਕਰਮਕਾਂਡ, ਮਨਮਤਾਂ, ਅਨਮਤਾਂ ਤੇ ਹੂੜਮਤਾਂ-ਸਾਡੀ ਅਜੋਕੀ ਗੁਰਦੁਆਰੇ ਦੀ ਸਟੇਜ ਤੋਂ ਹੀ ਵੰਡੀਆਂ ਜਾ ਰਹੀਆਂ ਹਨ। ਵੰਡਵਾਉਣ ਵਾਲੇ ਵੀ ਦੂਜੇ ਕੋਈ ਬਾਹਿਰ ਦੇ ਨਹੀਂ, ਬਲਕਿ ਉਹ ਵੀ ਹਨ ਤਾਂ ਸਾਡੇ ਹੀ ਬਹੁਤੇ ਅਣ-ਅਧਿਕਾਰੀ ਪ੍ਰਬੰਧਕ ਤੇ ਵੰਡ ਰਹੇ ਹਨ ਸਾਡੇ ਅਣ-ਅਧਿਕਾਰੀ ਅਸਿੱਖਿਅਤ, ਜੀਵਨ ਹੀਣੇ ਪ੍ਰਚਾਰਕ। ਉਸੇ ਦਾ ਨਤੀਜਾ ਹੈ ਕਿ ਸਿੱਖਾਂ ਦੇ ਪੈਸੇ ਨਾਲ ਹੀ ਸਿੱਖੀ ਦੀਆਂ ਜੜ੍ਹਾਂ ਵੀ ਕੱਟੀਆਂ ਜਾ ਰਹੀਆਂ ਹਨ ਫ਼ਿਰ ਹਾ ਦਾ ਨਾਹਰਾ ਮਾਰਣ ਵਾਲਾ ਕੋਈ ਨਜ਼ਰ ਨਹੀਂ ਆ ਰਿਹਾ।

ਗੁਰਦੁਆਰੇ ਦੀ ਸਟੇਜ ਦਾ ਸਤਿਕਾਰ ਕੀ ਹੁੰਦਾ ਹੈ? -ਇਸ ਬਾਰੇ ਘੱਟ ਤੋਂ ਘੱਟ ਅੱਜ ਸਿਖਾਂ ਨੂੰ ਤਾਂ ਕੋਈ ਚਿੰਤਾ ਨਹੀਂ। ਹਰੇਕ ਸਿੱਖ-ਗੈਰਸਿੱਖ ਸਾਡੀ ਪਵਿਤ੍ਰ ਗੁਰਦੁਆਰਾ ਸਟੇਜ `ਤੇ ਪਹੁੰਚ ਕੇ ਭਾਂਤ-ਭਾਂਤ ਦੀ ਬੋਲੀ ਬੋਲ ਰਿਹਾ ਹੈ। ਜਿਸ ਨੇ ਗੁਰੂ ਦੀ ਗੱਲ ਤਾਂ ਕਦੇ ਸੁਣੀ ਵੀ ਨਹੀਂ, ਉਹ ਦੇਵੇਗਾ ਕਿਥੋਂ? ਫ਼ਿਰ ਸਾਡੀ ਇਸੇ ਗੁਰਦੁਆਰਾ ਸਟੇਜ ਤੇ ਪਹੁੰਚ ਕੇ ਉਹ ਜੋ ਕੁੱਝ ਵੀ ਦੇ ਰਿਹਾ ਹੈ, ਉਹ ਸਭ ਅਨਮੱਤ ਹੈ ਜਾਂ ਉਸਦੀ ਆਪਣੀ ਮੱਤ। ਜਦਕਿ ਦੂਜੇ ਪਾਸੇ ਸੰਗਤ ਤਾਂ ਇਹੀ ਸਮਝ ਰਹੀ ਹੈ ਕਿ ਇਹ ਗੱਲ ਗੁਰੂ ਉਪ੍ਰੰਤ ਸਿੱਖੀ ਤੇ ਸਿੱਖ ਧਰਮ ਦੀ ਹੀ ਹੈ; ਕਿਉਂਕਿ ਉਸ ਨੇ ਗੁਰਦੁਆਰੇ ਦੀ ਸਟੇਜ ਤੋਂ ਸੁਣੀ ਤੇ ਲਈ ਹੁੰਦੀ ਹੈ ਅਤੇ ਕਿਧਰੋਂ ਬਾਹਿਰੋਂ ਨਹੀਂ।

ਇਸੇ ਦਾ ਨਤੀਜਾ ਹੈ ਕਿ ਅੱਜ ਸਾਰੇ ਦਾਅਵਾ ਵੀ ਇਹੀ ਕਰਦੇ ਹਨ, ‘ਸਭ ਤੋਂ ਵੱਧ ਸਿੱਖੀ ਦਾ ਪਤਾ ਮੈਨੂੰ ਹੈ, ਤੁਹਾਨੂੰ ਕੀ ਪਤਾ’। ਆਖਿਰ ਉਹ ਵੀ ਸੱਚੇ ਹਨ, ਉਹ ਸਿੱਖੀ, ਉਨ੍ਹਾਂ ਕਿਹੜੀ ਆਪ ਘੜੀ ਸੀ, ਲਈ ਤਾਂ ਉਨ੍ਹਾਂ ਨੇ ਵੀ ਕਿਸੇ ਨਾ ਕਿਸੇ ਗੁਰਦੁਆਰਾ ਸਟੇਜ ਜਾਂ ਡੇਰੇ ਤੋਂ ਹੀ ਸੀ। ਇਸ ਨੂੰ ਸਿੱਖ ਧਰਮ ਦੀ ਬਦਕਿਸਮਤੀ ਹੀ ਕਹਿਣਾ ਪਵੇਗਾ ਕਿ ਜੇ ਕਿਧਰੇ ਅਜੋਕੇ ਦਸ ਸਿੱਖ ਵੀ ਇਕੱਠੇ ਹੁੰਦੇ ਹਨ, ਉਨ੍ਹਾਂ ਵਿਚਾਲੇ ਜੇ ਕਰ ਸਿੱਖ ਧਰਮ ਉਪਰ ਗੱਲ ਚੱਲ ਪਵੇ ਤਾਂ ਇਉਂ ਮਹਿਸੂਸ ਹੁੰਦਾ ਹੈ ਜਿਵੇਂ ਉਨ੍ਹਾਂ ਦਸਾਂ ਦਾ ‘ਸਿੱਖ ਧਰਮ’ ਹੀ ਵੱਖੋ-ਵੱਖਰਾ ਹੈ। ਫਿਰ ਹਰੇਕ ਦਾਅਵਾ ਵੀ ਇਹੀ ਕਰਦਾ ਹੈ ਕਿ ‘ਜੋ ਮੈਂ ਕਹਿ ਰਿਹਾ ਹਾਂ, ਬੱਸ ਇਹੀ ਸਿੱਖ ਧਰਮ ਹੈ ਅਤੇ ਬਾਕੀ ਸਭ ਗ਼ਲਤ ਹਨ’ ? ਇਹ ਹੈ ਸਾਡੀ ਅੱਜ ਦੀ ਸਿੱਖ ਦੁਰਦੁਆਰਾ ਸਟੇਜ ਦੀ ਕਰਾਮਾਤ, ਤਾਂ ਫ਼ਿਰ ਉਲ੍ਹਾਮਾ ਕਿਸ ਨੂੰ?

ਉਸੇ ਦਾ ਨਤੀਜਾ ਹੈ ਕਿ ਅੱਜ ਸਿੱਖਾਂ ਦਾ ਜੰਮਣਾ-ਮਰਨਾ, ਖੁਸ਼ੀ-ਗ਼ਮੀ ਤੇ ਉਨ੍ਹਾਂ ਦੀ 24 ਘੰਟੇ ਰੋਜ਼ਾਨਾ ਦੀ ਜ਼ਿੰਦਗੀ `ਚੋਂ ਕਰਮਕਾਂਡ, ਮਨਮੱਤਾਂ, ਹੂੜਮੱਤਾਂ, ਅਨਮੱਤਾਂ, ਬ੍ਰਾਹਮਣ ਮੱਤ ਬਲਕਿ ਜੇਕਰ ਦੁਰਮੱਤ ਵੀ ਮਿਲੇਗੀ, ਜਦਕਿ ਗੁਰੂ ਬਖਸ਼ਿਆ ਸਿੱਖੀ ਵਾਲਾ ਜੀਵਨ ਕਿਧਰੇ ਨਹੀਂ ਮਿਲੇਗਾ। ਅੱਜ ਤਾਂ ਗੁਰਦੁਆਰਿਆਂ ਤੇ ਬਹੁਤੇ ਸਿੱਖ ਘਰਾਂ `ਚ ਕੇਵਲ ਪ੍ਰਕਾਸ਼ ਹੀ ਰਹਿ ਚੁੱਕਾ ਹੈ ‘ਗੁਰੂ ਗ੍ਰੰਥ ਸਾਹਿਬ’ ਜੀ ਦਾ, ਜਦਕਿ ਬਾਕੀ ਸਭ ਕੁੱਝ ਗੁਰਬਾਣੀ ਦੇ ਉਲਟ ਹੀ ਹੋ ਰਿਹਾ ਹੁੰਦਾ ਹੈ। ਗੁਰਦੁਆਰੇ ਮੱਥਾ ਟੇਕ ਲੈਣਾ, ਕਿਸੇ ਗੁਰਦੁਆਰ ਦੇ ਸਰੋਵਰ `ਤੇ ਜਾ ਕੇ ਇਸ਼ਨਾਨ ਕਰ ਲੈਣਾ, ਕੜਾਹ ਪ੍ਰਸ਼ਾਦਿ ਕਰਵਾ ਦੇਣਾ, ਸੁੱਖਨਾਂ, ਚਾਲੀਹੇ ਕਰ ਲੈਣੇ ਜਾਂ ਅਖੰਡਪਾਠ ਕਰਵਾ ਲੈਣੇ, ਰੁਮਾਲੇ ਚੜ੍ਹਾ ਦੇਣੇ-ਬੱਸ ਇਹੀ ਰਹਿ ਚੁੱਕੀ ਹੈ ਸਾਡੀ ਅੱਜ ਦੀ ਸਿੱਖੀ। ਸਿੱਖ ਨੌਜੁਆਨ ਧੜਾ ਧੜ ਪਤਿਤ ਹੋ ਰਹੇ ਹਨ, ਸਿੱਖ ਬੱਚੀਆਂ ਗੈਰ ਸਿੱਖਾਂ ਦੇ ਜਾ ਰਹੀਆਂ ਹਨ। ਅਜਿਹੀ ਡਰਾਉਣੀ ਹਾਲਤ ਬਣੀ ਪਈ ਹੈ ਅੱਜ ਸਿੱਖ ਧਰਮ ਦੀ, ਪਰ ਸੱਚੇ ਦਿਲੋਂ ਸੋਚਣ ਵਾਲੇ ਵਿਰਲੇ ਹੀ ਨਜ਼ਰ ਆਉਂਦੇ ਹਨ।

ਸਿੱਖ ਧਰਮ ਸਰਬ-ਉੱਤਮ ਧਰਮ- ਦੂਜੇ ਪਾਸੇ ਜਿਸ ਵੀ ਬਾਹਰਲੇ ਵਿਦਵਾਨ ਨੇ ਸਿੱਖ ਧਰਮ ਦੀ ਪੜ੍ਹਾਈ ਕੀਤੀ, ਉਹ ਕਹਿ ਉਠਿਆ- ‘ਮਨੁੱਖ ਮਾਤਰ ਵਾਸਤੇ ਅਜੋਕੇ ਜੁੱਗ ਦਾ ਜੇਕਰ ਕੋਈ ਧਰਮ ਹੋ ਸਕਦਾ ਹੈ ਤਾਂ ਉਹ ਕੇਵਲ ਸਿੱਖ ਧਰਮ ਹੀ ਹੈ’। ਐਚ. ਐਲ. ਬਰਾਡ ਸ਼ਾਹ ਹੋਵੇ, ਮਿਸਿਜ਼ ਪਰਲ ਬੱਕ, ਮਿ: ਟਾਇਨਿਬੀ, ਮਿ: ਬਰਲਡ ਰਸਲ ਤੇ ਕੋਈ ਹੋਰ। ਲਗਭਗ ਸਾਰੇ ਹੀ ਬਾਹਰਲੇ ਵਿਦਵਾਨਾਂ ਨੇ ਇਸਨੂੰ ਮਾਡਰਨ, ਸਿਧਾਂਤਕ, ਵਿਗਿਆਨਕ, ਅਗਾਂਹ ਵਧੂ ਤੇ ਜੁੱਗ ਜੁੱਗ ਦਾ ਵਿਹਾਰਕ ਧਰਮ ਕਿਹਾ ਹੈ। ਆਪਣੇ ਇੱਕ ਲੈਕਚਰ ਦੌਹਰਾਨ “ਭਾਰਤ ਦੇ ਰਹਿ ਚੁੱਕੇ ਰਾਸ਼ਟਰਪਤੀ ਸਰਵਪੱਲੀ ਡਾ: ਰਾਧਾਕ੍ਰਿਸ਼ਨਨ ਦੇ ਸ਼ਬਦਾਂ `ਚ “ਸਾਇੰਸ ਦੀ ਉਨਤੀ ਨਾਲ ਅੱਜ ਅਨੇਕਾਂ ਧਰਮਾਂ ਦੀ ਹੋਂਦ ਖਤਰੇ `ਚ ਪੈ ਚੁੱਕੀ ਹੈ, ਸਿਵਾਇ ਸਿੱਖ ਧਰਮ ਦੇ। ਪਰ ਸਿੱਖ ਧਰਮ ਨੂੰ ਜੇਕਰ ਸਭ ਤੋਂ ਵੱਡਾ ਖੱਤਰਾ ਹੈ ਤਾਂ ਇਸ ਦੇ ਆਪਣੇ ਪ੍ਰਚਾਰਕਾਂ ਤੋਂ”

ਡਾਕਟਰ ਬੀ. ਆਰ. ਅੰਬੇਦਕਰ-ਇਸੇ ਲੜੀ `ਚ ਜਦੋਂ ਡਾਕਟਰ ਬੀ. ਆਰ. ਅੰਬੇਦਕਰ ਨੇ ਸਿੱਖ ਧਰਮ ਦਾ ਅਧਿਯਣ ਕੀਤਾ ਤਾਂ ਕਰੋੜਾਂ ਅਖੌਤੀ ਸ਼ੂਦਰਾਂ ਦੇ ਨਾਲ ਉਸ ਨੇ ਸਿੱਖ ਧਰਮ `ਚ ਪ੍ਰਵੇਸ਼ ਕਰਣ ਦਾ ਫੈਸਲਾ ਕਰ ਲਿਆ। ਇਸਦੇ ਉਲਟ ਜਦੋਂ ਅੱਜ ਦੇ ਪ੍ਰਚਾਰੇ ਜਾ ਰਹੇ ਸਿੱਖ ਧਰਮ ਦੇ ਦਰਸ਼ਨ, ਸਿੱਖਾਂ ਦੇ ਹੀ ਕੇਂਦ੍ਰੀ ਸਥਾਨ-ਦਰਬਾਰ ਸਾਹਿਬ ਜਾ ਕੇ ਕੀਤੇ ਤਾਂ ਸਿੱਖ ਧਰਮ `ਚ ਪ੍ਰਵੇਸ਼ ਤੋਂ ਵੀ ਤੋਬਾ ਕਰ ਲਈ ਤੇ ਅਪਣਾਇਆ ਬੁੱਧ ਧਰਮ ਨੂੰ। ਭਾਵੇਂ ਕਿ ਉਸ ਨੂੰ ਸਿੱਖ ਧਰਮ `ਚ ਪ੍ਰਵੇਸ਼ ਤੋਂ ਰੋਕਣ ਲਈ ਕਰਮ ਚੰਦ ਮੋਹਨ ਦਾਸ ਗਾਂਧੀ ਵਰਗੇ ਤੇ ਉਸ ਸਮੇਂ ਦੇ ਸਿਰਕੱਢ-ਹਿੰਦੂ ਲੀਡਰਾਂ ਨੇ ਵੀ ਵੱਡਾ ਤੁਫਾਨ ਖੜਾ ਕਰ ਦਿੱਤਾ ਸੀ, ਫ਼ਿਰ ਵੀ ਇਹ ਇੱਕ ਵੱਖਰਾ ਤੇ ਲੰਮਾਂ ਵਿਸ਼ਾ ਹੈ।

ਫ਼ਿਰ ਆਉਂਦੇ ਹਾਂ ਗੁਰਪੁਰਵਾਸੀ, ਮਹਾਨ ਪੰਥਕ ਵਿਦਵਾਨ ਗਿ: ਭਾਗ ਸਿੰਘ ਅੰਬਾਲਾ ਵੱਲ। ਇਸ ਤਰ੍ਹਾਂ ਗਿ: ਭਾਗ ਸਿੰਘ ਜੀ ਅੰਬਾਲਾ ਦੇ ਸ਼ਬਦ ਵੀ ਸਾਡੇ ਵਾਸਤੇ ਕਿਸੇ ਚੇਤਾਵਣੀ ਤੋਂ ਘੱਟ ਨਹੀਂ ਹਨ। ਆਪਣੇ ਜੀਵਨ ਕਾਲ `ਚ ਗਿਆਨੀ ਜੀ ਆਮ ਕਿਹਾ ਕਰਦੇ ਸਨ “ਦੂਜੇ ਧਰਮਾਂ ਵਾਲੇ ਤਾਂ ਆਪਣੇ ਕੱਚ ਤੋਂ ਵੀ ਹੀਰਿਆਂ ਦੇ ਭਾਅ ਵੱਟ ਰਹੇ ਹਨ ਪਰ ਗੁਰਸਿੱਖੋ! ਤੁਸੀਂ ਆਪਣੇ ਅਮੁੱਲੇ ਰਤਨ-ਜਵਾਹਰਾਤਾਂ ਨੂੰ ਕੱਚ ਦੇ ਭਾਅ ਵੇਚਣ ਦੇ ਕਾਬਿਲ ਵੀ ਨਹੀਂ ਰਹਿ ਚੁੱਕੇ।

ਸਾਡੀ ਅਜੌਕੀ ਗੁਰਦੁਆਰਾ ਸਟੇਜ ਦੀ ਦੇਣ? - ਭਾਵੇਂ ਕੋਈ ਗੁਰੂ ਕਾ ਲਾਲ ਅਨਪੜ੍ਹ ਹੈ ਜਾਂ ਪੜ੍ਹਿਆ ਲਿਖਿਆ-ਫ਼ਿਰ ਵੀ ਸਿੱਖੀ ਕਮਾਉਣੀ ਸਾਰਿਆਂ ਨੇ ਹੀ ਹੈ ਜਦਕਿ ਫ਼ਿਰ ਵੀ ਸਿੱਖ ਧਰਮ ਦਾ ਪ੍ਰਚਾਰਕ ਸਾਰਿਆਂ ਨੇ ਤੇ ਕਦੇ ਵੀ ਨਹੀਂ ਬਣ ਜਾਨਾ। ਅੱਜ ਵੀ ਗੁਰਦੁਆਰੇ ਦੀ ਸਟੇਜ, ਗੁਰੂ ਤੇ ਗੁਰੂ ਕੀ ਸੰਗਤ ਦੇ ਆਪਸੀ ਮਿਲਾਪ ਦਾ ਇਕੋ ਇੱਕ ਤੇ ਨਿਵੇਕਲਾ ਸਾਧਨ ਹੈ। ਇਸ ਦੇ ਨਾਲ ਨਾਲ ਇਹ ਵੀ ਸੱਚ ਹੈ ਕਿ ਸਿੱਖ ਧਰਮ ਦਾ ਪ੍ਰਚਾਰਕ ਕੇਵਲ ਉਹੀ ਹੋ ਸਕਦਾ ਹੈ ਜਿਸ ਕੋਲ ਦੁਨਿਆਵੀ ਵਿੱਦਿਆ ਦੇ ਨਾਲ-ਨਾਲ ਗੁਰਮੱਤ-ਗੁਰਬਾਣੀ ਵਿੱਦਿਆ ਦੀ ਅਤੇ ਦੂਜੇ ਧਰਮਾਂ ਦੀ ਤੁਲਨਾਤਮਕ ਪੜ੍ਹਾਈ ਵੀ ਹੋਵੇ। ਬਲਕਿ ਉਸਦੇ ਪ੍ਰਚਾਰ ਢੰਗ ਨਾਲ ਸੰਬੰਧਤ ਟ੍ਰੇਨਿੰਗਾਂ ਤੇ ਕੋਰਸ ਵੀ ਜ਼ਿੰਦਗੀ ਭਰ ਚੱਲਦੇ ਹੋਣ। ਉਹ ਪਾਹੁਲ ਪ੍ਰਾਪਤ, ਸਿੱਖੀ ਰਹਿਨੀ ਤੇ ਜੀਵਨ ਵਾਲਾ, ਨਿਮ੍ਰਤਾ ਦਾ ਪੁੰਜ, ਵਧੀਆ ਦਿੱਖ (Personality) ਤੇ ਵਧੀਆ ਸੁਭਾਅ ਵਾਲਾ ਮਿੱਠ-ਬੋਲੜਾ ਸੱਜਨ ਵੀ ਹੋਵੇ। ਚੇਤੇ ਰਹੇ! ਸਿੱਖ ਧਰਮ ਆਪਣੇ ਆ `ਚ ਕੋਰਾ ਗਿਆਨ ਨਹੀਂ, ਬਲਕਿ ਇਹ ਤਾਂ ਹਰੇਕ ਲਈ ਜੀਵਨ ਰਹਿਣੀ ਤੇ ਜੀਵਨ ਜਾਚ ਦਾ ਖ਼ਜ਼ਾਨਾ ਵੀ ਹੈ। ਤਾਂ ਤੇ ਸਪਸ਼ਟ ਕਿ ਅਜਿਹੇ ਗੁਣਾਂ ਤੋਂ ਬਿਨਾ, ਪ੍ਰਚਾਰਕ ਰਾਹੀਂ ਸਹੀ ਅਰਥਾਂ `ਚ ‘ਗੁਰੂ ਕੀਆਂ ਸੰਗਤਾਂ ਦੀ ਤਿਆਰੀ ਕਰਵਾਉਣੀ ਵੀ ਸੰਭਵ ਨਹੀਂ।

ਕਿਉਂਕਿ ਕੱਚਾ ਪ੍ਰਚਾਰਕ ਤਾਂ, ਗੁਰੂ ਪਾਤਸ਼ਾਹ ਦੇ ਹਜ਼ੂਰ ਝੂਠ-ਫਰੇਬ ਦਾ ਰੁਜ਼ਗਾਰ ਕਰ ਕੇ “ਮਾਇਆ ਕਾਰਨ ਬਿਦਿਆ ਬੇਚਹੁ ਜਨਮੁ ਅਬਿਰਥਾ ਜਾਈ” (ਪੰ: 1103) ਅਨੁਸਾਰ ਆਪਣਾ ਲੋਕ-ਪ੍ਰਲੋਕ ਤਾਂ ਤਬਾਹ ਕਰਦਾ ਹੀ ਹੈ, ਨਾਲ ਸੰਗਤਾਂ ਵਿਚਕਾਰ ਵੀ ਭਰਵਾਂ ਕੱਚ ਘੋਲ ਰਿਹਾ ਹੁੰਦਾ ਹੈ। ਇਸੇ ਦਾ ਨਤੀਜਾ ਹੈ ਕਿ ਅੱਜ ਗੁਰੂ ਕੀਆਂ ਸੰਗਤਾਂ ਦਾ ਅਸਲ ਸਰੂਪ ਢੂੰਡਿਆਂ ਵੀ ਨਹੀਂ ਮਿਲ ਰਿਹਾ। ਇਸ ਤਰ੍ਹਾਂ ਜੇਕਰ ਗੁਰੂ ਕੀ ਸੰਗਤ ਹੀ ਨਾ ਰਹੀ ਤਾਂ ਯਕੀਨਣ ਕੁੱਝ ਨਸਲਾਂ ਬਾਅਦ ਸਿੱਖ ਨੂੰ ਢੂੰਡਣਾ ਵੀ ਮੁਸ਼ਕਲ ਹੋ ਜਾਵੇਗਾ ਜਦਕਿ ਸਿੱਖ ਲਹਿਰ ਵਾਲੀ ਗੱਲ ਤਾਂ ਅੱਜ ਹੀ ਮੁੱਕੀ ਪਈ ਹੈ। ਇਸ ਲਈ ਸ਼ੱਕ ਨਹੀਂ, ਜੇਕਰ ਸਚਮੁਚ ਸਿੱਖ ਧਰਮ ਦੇ ਪ੍ਰਚਾਰ ਦੀ ਅਜਿਹੀ ਤੇ ਅਜੋਕੀ ਹਾਲਤ ਹੀ ਬਣੀ ਰਹੀ ਤਾਂ ਕੁੱਝ ਸਮੇਂ ਬਾਅਦ ਸਿੱਖ ਕੌਮ ਦਾ ਕੀ ਹਾਲ ਹੋਵੇਗਾ, ਉਸ ਦਾ ਅੰਦਾਜ਼ਾ ਲਗਾਉਣਾ ਵੀ ਸਉਖਾ ਨਹੀਂ। ਜਦਕਿ ਇਸ `ਚ ਵੀ ਦੋ ਰਾਵਾਂ ਨਹੀਂ ਕਿ ਸਾਡੀ ਕੌਮ ਦੀ ਅਜੋਕੀ ਤੇ ਅਜਿਹੀ ਤਰਸਯੋਗ ਹਾਲਤ ਦਾ ਜੇਕਰ ਕੋਈ ਬਹੁਤ ਵੱਡਾ ਕਾਰਣ ਹੈ ਤਾਂ ਉਹ ਵੀ ਅੱਜ ਸਾਡੇ ਰਾਹੀਂ ਹੋ ਰਹੀ ਗੁਰਦੁਆਰਾ ਸਟੇਜ ਦੀ ਹਰ ਪਾਸਿਓਂ ਤੇ ਭਰਵੀਂ ਕੁਵਰਤੋਂ ਹੀ ਹੈ।

ਇਹ ਕਮਾਲ ਹੈ ਸਾਡੀ ਅਜੋਕੀ ਗੁਰਦੁਆਰਾ ਸਟੇਜ ਦਾ! ! ! ਇੱਕ ਮੂੰਗਫਲੀ ਦਾ ਛਾਬਾ ਲਾਉਣ ਵਾਲਾ ਵੀ ਸ਼ਾਮ ਨੂੰ ਹਿਸਾਬ ਲਾਂਦਾ ਹੈ, ਕਿ ਉਸ ਨੇ ਦਿਨ `ਚ ਚਾਰ ਪੈਸੇ ਕਮਾਏ ਹਨ ਜਾਂ ਗੁਆਏ ਹਨ। ਹਨੇਰ ਖੁਦਾ ਦਾ-ਅੱਜ ਕੌਮ ਦੇ ਕਰੋੜਾਂ-ਅਰਬਾਂ ਖਰਚ ਕੇ ਸਾਡੇ ਪ੍ਰਬੰਧਕਾਂ, ਪ੍ਰਚਾਰਕਾਂ ਭਾਵ ਕਿਸੇ ਨੂੰ ਵੀ ਸੋਚਣ ਲਈ ਫੁਰਸਤ ਨਹੀਂ ਕਿ ਗੁਰਪੁਰਬ ਮਨਾਉਣ ਜਾਂ ਕਿਸੇ ਭੁਗਤਾਏ ਜਾ ਚੁੱਕੇ ਵੱਡੇ ਸਮਾਗਮ ਤੋਂ ਬਾਅਦ ਕਿਸੇ ਇੱਕ ਸੱਜਨ ਅੰਦਰ ਵੀ ਗੁਰੂ ਦੀ ਸਿੱਖਿਆ ਨੇ ਪ੍ਰਵੇਸ਼ ਕੀਤਾ ਹੈ ਜਾਂ ਨਹੀਂ? ਕਿਸੇ ਗੁਮਰਾਹ ਵੀਰ ਜਾਂ ਭੈਣ ਨੇ ਕੇਸਾਂ-ਭਰਵੱਟਿਆਂ ਦੀ ਕੱਟ-ਵੱਡ ਬੰਦ ਕੀਤੀ ਹੈ ਜਾਂ ਨਹੀਂ? …ਕਿਸੇ ਸ਼ਰਾਬ ਜਾਂ ਮੜ੍ਹੀਆਂ, ਕਬਰਾਂ, ਜਗਰਾਤਿਆਂ ਵਾਲਾ ਰਸਤਾ ਛੱਡਿਆ ਹੈ ਜਾਂ ਨਹੀਂ? ਕਿਸੇ ਸਿੱਖ ਅੰਦਰ ਨਿੱਤਨੇਮੀ ਬਨਣ ਦਾ ਉੱਦਮ ਜਾਗਿਆ ਹੈ ਜਾਂ ਨਹੀਂ? ਆਖਿਰ ਇਸ ਸੋਚ ਵਿਚੋਂ ਉਨ੍ਹਾਂ ਸਾਰਿਆਂ ਨੇ ਲੈਣਾ ਵੀ ਕੀ ਹੈ? ਵਾਹ ਰੀ ਸਾਡੀ ਅੱਜ ਦੀ ਗੁਰਦੁਆਰਾ ਸਟੇਜ! ! !

ਪ੍ਰਚਾਰਕ ਖੁਸ਼ ਹੈ, ਉਸਦਾ ਸੀਜ਼ਨ ਚੰਗਾ ਲੱਗ ਗਿਆ, ਸਾਲ ਭਰ ਖਰਚਾ ਚੱਲੂ। ਥੋੜਾ ਹਸਾ ਕੇ, ਥੋੜ੍ਹਾ ਦ੍ਰਵਤ ਕਰ ਕੇ, ਕੁੱਝ ਚਾਪਲੂਸੀਆਂ, ਉਸ ਨੇ-ਨੋਟ ਹੀ ਤਾਂ ਇਕੱਠੇ ਕਰਣੇ ਸਨ, ਉਹ ਕਰ ਲਏ। ਪ੍ਰਬੰਧਕ ਖੁਸ਼ ਹੈ, ਉਨ੍ਹਾਂ ਨੇ ਇੰਨਾਂ ਵੱਡਾ ਸਮਾਗਮ ਕਰ ਦਿਖਾਇਆ, ਸੰਗਤ ਬੇਅੰਤ ਸੀ। ਗੁਰਦੁਆਰੇ ਦੀ ਵੱਡੀ ਸੰਗਮਰਮਰ ਦੀ ਇਮਾਰਤ ਬਨਵਾ ਕੇ ਉਸ ਉਪਰ ਸੋਨੇ ਦਾ ਕਲਸ ਚੜ੍ਹਵਾ ਦਿੱਤਾ। ਬਿਨਾ ਲੋੜ ਸਰੋਵਰ ਬਣਵਾਇਆ, ਬੈਂਕ ਬੈਲੇਂਸ ਵੱਡਾ ਕਰ ਦਿੱਤਾ। ਇਸੇ ਤਰ੍ਹਾਂ ਨੌਜੁਆਨ ਜਥੇਬੰਦੀਆਂ, ਸ਼ਬਦ ਚੌਕੀ ਜਥਿਆਂ ਨੂੰ ਵੀ ਅਜੋਕੇ ਕੀਰਤਨ ਦਰਬਾਰਾਂ `ਚੋਂ ਕਾਫ਼ੀ ਵਾਹ ਵਾਹ ਮਿਲ ਰਹੀ ਹੈ। ਆਖਿਰ ਸਿੱਖੀ ਜੀਵਨ, ਸਿੱਖੀ ਸੰਭਾਲ-ਪ੍ਰਚਾਰ ਵਿੱਚੋਂ ਇੰਨ੍ਹਾਂ ਸਾਰਿਆਂ ਨੂੰ ਮਿਲੇਗਾ ਵੀ ਕੀ?

ਕਿਉਂਕਿ ਇਹ ਸਭ ਤਾਂ ਅੱਜ ਉਨ੍ਹਾਂ ਲੋਕਾਂ ਲਈ ਵਾਧੂ ਦੀਆਂ ਗੱਲਾਂ ਬਣ ਕੇ ਹੀ ਰਹਿ ਗਈਆਂ ਹਨ। ਕੇਵਲ ਦਿੱਲੀ-ਦਿੱਲੀ `ਚ ਕੇਂਦਰੀ ਪੱਧਰ `ਤੇ ਇੱਕ ਗੁਰਪੁਰਬ ਮਨਾਉਣ ਦਾ ਮਤਲਬ ਹੈ ਘੱਟ ਤੋਂ ਘੱਟ ੫-੭ ਕਰੋੜ ਦਾ ਖਰਚਾ। ਜਦਕਿ ਉਸ ਦੇ ਨਾਲ ਨਾਲ ਲੋਕਲ ਭਾਵ ਖੇਤ੍ਰੀ ਪੱਧਰ `ਤੇ ਵੀ ਅਜਿਹੇ ਸੈਂਕੜੇ ਪ੍ਰੋਗਰਾਮ ਹੋ ਰਹੇ ਹੁੰਦੇ ਹਨ। ਇਸ ਤੋਂ ਬਾਅਦ ਸੰਸਾਰ ਤਲ `ਤੇ ਜੇਕਰ ਇਸ ਦਾ ਹਿਸਾਬ ਲਾਓ ਤਾਂ ਅੰਤ ਨਹੀਂ। ਕੌਮ ਦੀ ਇਸ ਪਾਸੇ ਲਗ ਰਹੀ ਬੇਅੰਤ ਤਾਕਤ ਤੇ ਸ਼ਰਧਾ ਵੱਖਰੀ। ਇਹੀ ਹਾਲ ਹੈ ਅਜੋਕੇ ਵੱਡੇ-ਵੱਡ੍ਹੇ ਕੀਰਤਨ ਦਰਬਾਰਾਂ ਤੇ ਸ਼ਤਾਬਦੀਆਂ ਦਾ। ਦਿੱਲੀ-ਦਿੱਲੀ ਦੀ ਇੱਕ ਰਿਪੋਰਟ ਅਨੁਸਾਰ ਕੇਵਲ ਇੱਕੋ ਰਾਤ `ਚ ਅਤੇ ਇੱਕੋ ਹੀ ਕੀਰਤਨ ਦਰਬਾਰ `ਚ ਲਗਭਗ ਦੋ ਕਰੋੜ ਦਾ ਖਰਚਾ ਆਇਆ, ਦੂਰ ਦੂਰ ਤੱਕ ਲਾਈਟਾਂ ਦੀ ਭਰਮਾਰ, ਲੰਗਰ ਦਾ ਭਰਵਾਂ ਪ੍ਰਬੰਧ, ਪਰ ਅੱਧਿਆਂ ਰਾਹੀਂ ਕੀਤਾ ਹੋਇਆ ਕੀਰਤਨ ਤਾਂ ਉਹ ਸੀ ਜਿਹੜਾ ‘ਗੁਰੂ ਗ੍ਰੰਥ ਸਾਹਿਬ’ ਜੀ ਦੀ ਬਾਣੀ `ਚੋਂ ਹੀ ਨਹੀਂ ਸੀ, ਉਥੇ ਕੀਤੀ ਗਈ ਵਿਆਖਿਆ ਤੋਂ ਤਾਂ ਰੱਬ ਹੀ ਰਾਖਾ।

ਜਦਕਿ ਦੂਜੇ ਪਾਸੇ ਸਿੱਖ ਵਿਦਵਾਨ ਅਤੇ ਪੰਥ ਦਾ ਚਿੰਤਕ ਘਬਰਾਇਆ ਬੈਠਾ ਹੈ। ਉਸਨੂੰ ਸਿੱਖੀ ਅਲੋਪ ਹੁੰਦੀ ਨਜ਼ਰ ਆ ਰਹੀ ਹੈ। ਸਿੱਖੀ ਦੀ ਜਨਮ ਭੂਮੀ, ਸਾਰਾ ਪੰਜਾਬ ਹੱਥੋਂ ਨਿਕਲ ਚੁੱਕਾ ਹੈ। ਇੰਨੀਂ ਤਰਸਯੋਗ ਹਾਲਤ ਤਾਂ ਦੁਨੀਆਂ ਭਰ `ਚ ਸ਼ਾਇਦ ਕਿਸੇ ਮਾੜੇ ਤੋਂ ਮਾੜੇ ਧਰਮ ਜਾਂ ਉਸਦੀ ਧਾਰਮਿਕ ਸਟੇਜ ਦੀ ਵੀ ਨਹੀਂ, ਜਿਹੜੀ ਅੱਜ ਅਸਾਂ ਸਿੱਖ ਗੁਰਦੁਆਰਾ ਸਟੇਜ ਦੀ ਬਣਾ ਰਖੀ ਹੈ।

ਦੁਨੀਆਂ ਵਾਲੇ ਕਿਥੇ ਪੁੱਜ ਗਏ ਤੇ ਅਸੀਂ ਕਿੱਥੇ ਡੁੱਬ ਗਏ ਹਾਂ? ਕਈ ਵਾਰੀ, ਜਦੋਂ ਕੁੱਝ ਮੁਸਲਮਾਨ ਵੀਰਾਂ ਨਾਲ ਗੱਲਬਾਤ ਦਾ ਮੌਕਾ ਬਣਿਆ ਜਾਂ ਉਨ੍ਹਾਂ ਦੇ ਧਰਮ ਦੇ ਕਿਸੇ ਵਿਸ਼ੇ ਉਪਰ ਕੋਈ ਸੁਆਲ ਕੀਤਾ ਤਾਂ ਉਨ੍ਹਾਂ ਸਾਰਿਆਂ ਦਾ ਇੱਕੋ ਹੀ ਉੱਤਰ ਸੀ “ਯਹ ਤੋ ਹਮਾਰੇ ਮੌਲਵੀ ਜੀ ਹੀ ਬਤਾਏਂਗੇ-ਹਮ ਤੋ ਮੁਸਲਮਾਨ ਹੈਂ, ਇਸ ਲੀਏ ਮੁਸਲਮਾਨ ਹੋਣੇ ਕੇ ਨਾਤੇ ਹਮੇਂ ਤੋਂ ਯਹ ਸਭ ਕਰਣਾ ਹੀ ਹੈ”। ਉਥੇ ਮੁਸਲਮਾਨ ਪ੍ਰੋਫ਼ੈਸਰ, ਟੀਚਰ, ਕਾਤਿਬ (ਲਿਖਾਰੀ) ਜਾਂ ਕਿਸੇ ਮਸਜਿਦ `ਚ ਮੋਲਵੀ-ਕੇਵਲ ਉਹੀ ਬੋਲ ਸਕਦਾ ਹੈ, ਜਿਸ ਨੇ ਇਸਲਾਮ ਦੇ ਕਿਸੇ ਪ੍ਰਵਾਣਤ ਮਦਰੱਸੇ ਆਦਿ ਤੋਂ ਘਟੋ-ਘਟ 10 ਤੋਂ 15 ਸਾਲ, ਆਪਣੇ ਧਰਮ ਦੀ ਟ੍ਰੇਨਿੰਗ ਲਈ ਲਗਾਏ ਹੋਵਣ। ਜਦਕਿ ਦੂਜੇ ਪਾਸੇ ਉਥੇ ਕੋਈ ਆਮ ਹੋਵੇ ਜਾਂ ਖਾਸ, ਧਨਾਢ ਹੋਵੇ ਜਾਂ ਰਾਜਸੀ ਆਗੂ ੳਪ੍ਰੰਤ ਸੰਸਾਰ ਤਲ ਦਾ ਵੱਡੇ ਤੌਂ ਵੱਡਾ ਮੁਸਲਮਾਨ ਸੱਜਨ ਉਸ ਨੂੰ ਵੀ, ਮੁਸਲਮਾਨ ਧਰਮ ਬਾਰੇ ਆਪਣੇ ਨਿੱਜੀ ਵਿਚਾਰ ਦੇਣ ਦਾ ਉੱਕਾ ਕੋਈ ਹੱਕ ਨਹੀਂ। ਸਹਾਰਨਪੁਰ (ਯੂ. ਪੀ) ਵਿਖੇ ਦੇਵਬੰਦ ਦਾ ‘ਦਰ-ਉਲ-ਇਸਲਾਮ’ ਇਸ ਵਿਸ਼ੇ ਸੰਬੰਧੀ ਜ਼ਿੰਦਾ ਮਿਸਾਲ ਹੈ, ਜਿੱਥੇ ਕਿ 15-15 ਸਾਲਾਂ ਦਾ ਕੋਰਸ ਮੁਕਰੱਰ ਹੈ।

ਹੈਰਾਨੀ ਦੀ ਗੱਲ ਹੈ, ਇੰਨੀ ਵੱਡੀ ਦੁਨੀਆਂ `ਚ ਇੱਕ ਪੁਸਤਕ ਵੀ ਉਨ੍ਹਾਂ ਦੀ ਟਕਸਾਲੀ ਵਿਚਾਰਧਾਰਾ ਦੇ ਉਲਟ ਨਹੀਂ ਛਪ ਸਕਦੀ। ਆਖਿਰ ਅਜਿਹੇ ਧਰਮ ਦੀਆਂ ਜੜ੍ਹਾਂ ਮਜ਼ਬੂਤ ਕਿਵੇਂ ਨਹੀਂ ਹੋਣਗੀਆਂ? ਇਸਲਾਮ ਬਾਰੇ ਤਾਂ ਸਾਰਾ ਸੰਸਾਰ ਜਾਣਦਾ ਹੈ। ਦੁਨੀਆਂ ਭਰ `ਚ ਜੇਕਰ ਕੋਈ ਇੱਕ ਵੀ ਅਜਿਹੀ ਪੁਸਤਕ ਛਪ ਜਾਏ ਜਿਹੜੀ ੳਨ੍ਹਾਂ ਦੀ ਵਿਚਾਰਧਾਰਾ ਨਾਲ ਮੇਲ ਨਾ ਖਾਂਦੀ ਹੋਵੇ, ਤਾਂ ਇੰਨਾਂ ਵੱਡਾ ਤੂਫਾਨ ਪੈਦਾ ਕਰ ਦੇਣਗੇ ਕਿ ਸਾਰੀ ਦੁਨੀਆਂ ਵੀ ਅਮੁੱਕੇ ਵਿਸ਼ੇ ਪ੍ਰਤੀ ਸੋਚਣ ਲਈ ਮਜਬੂਰ ਹੋ ਜਾਏਗੀ। ਉਸਦੇ ਲੇਖਕ ਬਾਰੇ ਤਾਂ ਪੁੱਛੋ ਹੀ ਕੁੱਝ ਨਾ। ਭਾਵੇਂ ਉਸਦਾ ਲਿਖਾਰੀ ਕੋਈ ਗੈਰ ਮੁਸਲਮਾਨ, ਆਰੀਆ ਸਮਾਜੀ ਰਾਜਪਾਲ ਕਰਤਾ ਰੰਗੀਲਾ ਰਸੂਲ ਹੋਵੇ ਜਾਂ ਕਿਸੇ ਰਚਨਾ ਦਾ ਰਚਨਹਾਰਾ ਮੁਸਲਮਾਨ ਲੇਖਕ ‘ਸਲਮਾਨ ਰਸ਼ਦੀ’ ਉਪ੍ਰੰਤ ‘ਤਸਲੀਮਾ’ ਜਾਂ ਕੋਈ ਹੋਰ।

ਇਹੀ ਗੱਲ ਈਸਾਈਆਂ ਦੀ ਵੀ ਹੈ। ਇਸਾਈ ਵੀਰ, ਜਿੰਨ੍ਹਾਂ ਦੀ ਗਿਣਤੀ ਅੱਜ ਸੰਸਾਰ `ਚ ਸਭ ਤੋਂ ਵੱਧ ਹੈ। ਸੰਸਾਰ ਦੀ ਸਭ ਤੋਂ ਵੱਡੀ ਤਾਕਤ ਅਮਰੀਕਾ ਤੇ ਉਸਦਾ ਰਾਸ਼ਟਰਪਤੀ ਵੀ ਇਸਾਈ ਮੱਤ ਨਾਲ ਸੰਬੰਧਤ ਹੈ। ਖਿਮਾਂ ਚਾਹਾਂਗੇ, ਜੇਕਰ ਕੋਈ ਦੱਸ ਸਕੇ, ਕਦੇ ਕਿਸੇ ਨੇ ਬਲਕਿ ਅਮਰੀਕਾ ਦੇ ਕਿਸੇ ਰਾਸ਼ਟਰਪਤੀ ਨੂੰ ਵੀ, ਬੇਸ਼ੱਕ ਕਿਸੇ ਗਿਰਜਾਘਰ-ਚਰਚ ਦੇ ਅਮਦਰ ਜਾਂ ਬਾਹਰ ਖੁੱਲੇ `ਚ ਵੀ ਕਿਧਰੇ ਇਸਾਈ ਮੱਤ ਬਾਰੇ-ਆਪਣੇ ਵਿਚਾਰ ਦਿੰਦੇ ਹੋਏ ਸੁਣਿਆ ਹੋਵੇ? ਕਦਾਚਿਤ ਨਹੀਂ। ਚਰਚ `ਚ ਜਾਂ ਖੁੱਲ੍ਹੇ `ਚ ਵੀ ਇਸਾਈ ਮੱਤ ਉਪਰ ਕਿਸੇ ਨੇ ਜੇ ਕੁੱਝ ਗੱਲ ਕਰਣੀ ਹੈ ਤਾਂ ਉਨ੍ਹਾਂ ਦੇ ਫਾਦਰ ਜਾਂ ਪੋਪ ਨੇ ਹੀ ਕਰਣੀ ਹੈ।

ਸ਼ਾਇਦ ਇਹ ਦੱਸਣਾ ਵੀ ਹੈਰਾਨ ਕੁਣ ਹੋਵੇਗਾ ਕਿ ਯੋਗ ਇਸਾਈਆਂ ਨੂੰ, ਆਪਣੇ ਇਸ ਸਨਮਾਨਤ ਪਦ `ਤੇ ਪੁੱਜਣ ਲਈ ਦੁਨਿਆਵੀ ਵਿੱਦਿਆ ਦੇ ਨਾਲ-ਨਾਲ, ਦੂਜੇ ਧਰਮਾਂ ਦੀ ਤੁਲਨਾਤਮਕ ਪੜ੍ਹਾਈ ਤੇ ਕਿੰਨੇਂ ਹੀ ਹੋਰ ਪੜਾਵਾਂ `ਚੋਂ ਵੀ ਨਿਕਲਨਾ ਹੁੰਦਾ ਹੈ। ਤਾਂ ਜਾ ਕੇ ਉਹ ਫਾਦਰ ਜਾਂ ਪੋਪ ਬਣਦੇ ਹਨ। ਅਜਿਹੇ ‘ਫਾਦਰ’ ਆਪਣੇ ਜੀਵਨ, ਬੋਲੀ, ਵਿਹਾਰ, ਰਹਿਣੀ ਪੱਖੋਂ ਵੀ ਆਪਣੀ ਮਿਸਾਲ ਆਪ ਹੀ ਹੁੰਦੇ ਹਨ। ਉਨ੍ਹਾਂ ਦੀ ਅਜਿਹੀ ਤਿਆਰੀ ਲਈ ਵੀ ਸੰਸਾਰ ਭਰ `ਚ ‘ਪਿਪੁਲ ਸੈਮਨਰੀ ਕਾਲਿਜ’ ਪੂਨਾ ਵਾਂਙ ਉਨ੍ਹਾਂ ਦੇ ਹਜ਼ਾਰਾਂ ਹੀ ਕਾਲਿਜ ਚੱਲ ਰਹੇ ਹਨ।

ਦੂਜੇ ਪਾਸੇ ਸਿੱਖ ਧਰਮ ਦੀ ਉੱਚੀ ਸੁੱਚੀ ਵਿਚਾਰਧਾਰਾ ਨੂੰ ਮਿੱਟੀ `ਚ ਮਿਲਾਉਣ ਲਈ ਨਿੱਤ ਮਨਾਂ-ਮੂੰਹੀ ਸਾਹਿਤ ਛਪਦਾ ਹੈ। ਟੀ. ਵੀ. ਸੀਰੀਅਲ `ਤੇ ਪਿੱਕਚਰਾਂ ਵੀ ਨਿੱਤ ਸਿੱਖੀ ਦਾ ਮਜ਼ਾਕ ਉਡਾ ਰਹੀਆਂ ਹਨ। ਬਲਕਿ ਇਸ ਸਾਰੇ ਲਈ ਉਨ੍ਹਾਂ ਨੂੰ ਬਹੁਤਾ ਕਰਕੇ ਭਰਵਾਂ ਮਸਾਲਾ ਵੀ ਸਾਡੀਆਂ ਗੁਰਦੁਆਰਾ ਸਟੇਜਾਂ ਰਸਤੇ ਹੀ ਮਿਲ ਰਿਹਾ ਹੈ। ਜਿਸਦਾ ਜੋ ਜੀ ਆਏ, ਇਸ ਸਟੇਜ ਤੋਂ ਸਿੱਖੀ ਦਾ ਮਜ਼ਾਕ ਉਡਾਂਦਾ ਫ਼ਿਰੇ ਜਾਂ ਗੁਰਬਾਣੀ ਸਿਧਾਂਤ ਵਿਰੁਧ ਬੋਲਦਾ ਜਾਵੇ, ਇਸ ਦੇ ਲਈ ਉਨ੍ਹਾਂ ਨੂੰ ਕੋਈ ਪੁੱਛਣ ਵਾਲਾ ਨਹੀਂ।

ਗੁਰੂ ਪਾਤਸ਼ਾਹ ਸਮੇਂ ਸਿੱਖੀ ਪ੍ਰਸਾਰ ਦਾ ਪ੍ਰਬੰਧ? - ਬੇਸ਼ੱਕ ਇਸ ਵਿਸ਼ੇ ਸੰਬੰਧੀ ਅਸੀਂ ਪੁਸਤਕ ਦੇ ਪਹਿਲੇ ਤੇ ਦੂਜੇ ਖੰਡ `ਚ ਵੀ ਜ਼ਿਕਰ ਕਰ ਆਏ ਹਾਂ। ਫ਼ਿਰ ਵੀ ਵਿਸ਼ੇ ਨੂੰ ਤਾਜ਼ਾ ਕਰਣ ਲਈ ਦੇਖਣਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ, ਜਿੱਥੇ-ਜਿੱਥੇ ਵੀ ਸੰਗਤਾਂ ਕਾਇਮ ਕੀਤੀਆਂ, ਨਾਲ ਨਾਲ ਤੇ ਉਥੇ ਉਥੇ ਉਨ੍ਹਾਂ ਲਈ ਯੋਗ ਮੁਖੀ ਵੀ ਥਾਪੇ। ਉਦੋਂ, ਅੱਜ ਵਾਂਙ ਕਿਸੇ ਨੂੰ ਹੱਕ ਨਹੀਂ ਸੀ ਕਿ ਜਿਵੇਂ ਕੋਈ ਚਾਹਵੇ ਸਿੱਖ ਧਰਮ ਦੀ ਜੋ ਮਰਜ਼ੀ ਵਿਆਖਿਆ ਪਿਆ ਕਰਦਾ ਫਿਰੇ। ਉਪ੍ਰੰਤ ਤੀਜੇ ਪਾਤਸ਼ਾਹ ਰਾਹੀਂ 22 ਮੰਜੀਆਂ, 52 ਪੀੜ੍ਹੇ ਥਾਪਣ ਦੀ ਘਟਨਾ ਵੀ ਜੱਗ ਜ਼ਾਹਿਰ ਹੈ।

ਬਲਕਿ ਉਹ 52 ਪੀੜ੍ਹੇ ਇਹ ਵੀ ਸਪਸ਼ਟ ਕਰਦੇ ਹਨ ਕਿ ਉਸ ਸਮੇਂ ਬੀਬੀਆਂ ਦਾ ਦਰਜਾ ਵੀ ਸਿੱਖੀ ਪ੍ਰਚਾਰ `ਚ ਪ੍ਰਮੁੱਖ ਸੀ। ਇਸ ਤੋਂ ਬਾਅਦ ਚੌਥੇ ਪਾਤਸ਼ਾਹ ਸਮੇਂ ਮਸੰਦ ਪ੍ਰਥਾ ਦਾ ਅਰੰਭ, ਉਪ੍ਰਂਤ ਇਸੇ ਮਸੰਦ ਪ੍ਰਥਾ ਨੂੰ ਪੰਜਵੇਂ ਪਾਤਸ਼ਾਹ ਰਾਹੀਂ ਬਾਕਾਇਦਾ ਸੰਸਥਾ ਦਾ ਰੂਪ ਦੇ ਦੇਣਾ ਆਖ਼ਿਰ ਕਿਸ ਗੱਲ ਦਾ ਸਬੂਤ ਹਨ। ਫ਼ਿਰ ਇਤਨਾ ਵੀ ਨਹੀਂ ਦਸਮੇਸ਼ ਜੀ ਦੇ ਸਮੇਂ ਤੱਕ ਉਸ ਸੰਸਥਾ `ਚ ਨੁਕਸ ਆਉਣ `ਤੇ ਦਸਮੇਸ਼ ਜੀ ਰਾਹੀਂ ਉਸ ਪ੍ਰਥਾ ਨੂੰ ਹੀ ਪੂਰੀ ਤਰ੍ਹਾਂ ਬੰਦ ਕਰ ਦੇਣਾ, ਇਹ ਸਭ ਵੀ ਇਸੇ ਸਚਾਈ ਨੂੰ ਹੀ ਪ੍ਰਗਟ ਕਰਦੇ ਹਨ। ਉਸ ਸਮੇਂ ਸਿਖ ਧਰਮ ਦੇ ਪ੍ਰਚਾਰਕ ਥਾਪੇ ਜਾਂਦੇ ਸਨ ਅਤੇ ਇਨ੍ਹਾਂ ਗੁਰਬਾਣੀ ਜੀਵਨ ਵਾਲੇ ਪ੍ਰਚਾਰਕਾਂ ਕਾਰਣ ਹੀ ਸੰਗਤਾਂ ਵੀ ਦੂਰ ਦੂਰ ਤੀਕ ਫੈਲਦੀਆਂ ਸਨ। ਫ਼ਿਰ ਇਤਨਾ ਹੀ ਨਹੀਂ ਉਸੇ ਤੋਂ ਨਿੱਤ ਸਿੱਖੀ, ਸਿੱਖ ਧਰਮ ਤੇ ਸਿੱਖ ਲਹਿਰ ਵੀ ਵਾਧੇ `ਤੇ ਰਹਿੰਦੀ ਸੀ। ਜਦਕਿ ਅੱਜ ਸਾਡੇ ਪ੍ਰਚਾਰ-ਪ੍ਰਸਾਰ `ਚੋਂ ਇਹ ਅਸਲ ਗੁਣ ਹੀ ਅਲੋਪ ਹੋ ਚੁੱਕਾ ਹੈ ਬਲਕਿ ਸਾਡੀ ਬਜਾਏ ਇਸ ਨੂੰ ਦੂਜਿਆਂ ਨੇ ਵੀ ਅਪਣਾ ਲਿਆ ਹੈ। ਕਿਉਂਕਿ ਸਾਡੇ ਬਦਲੇ ਉਨ੍ਹਾਂ ਨੇ ਵਿਸ਼ੇ ਦੀ ਕੀਮਤ ਤੇ ਮਹਾਣਤਾ ਨੂੰ ਸਮਝਆ ਤੇ ਪਹਿਚਾਣਿਆ ਪਰ ਸਾਨੂੰ ਸਮਝ ਨਹੀਂ ਆਈ। ਬਲਕਿ ਅੱਜ ਤਾਂ ਹਾਲਤ ਇਹ ਬਣ ਚੁੱਕੀ ਹੈ ਕਿ ਅੱਜ ਇਹ ਸਭਕੁਝ ਸਾਨੂੰ ਵੀ ਉਨ੍ਹਾਂ ਕੋਲੋਂ ਹੀ ਸਿੱਖਣ ਦੀ ਲੋੜ ਹੈ।

ਗੁਰਦੁਆਰਿਆਂ ਦਾ ਪ੍ਰਬੰਧ ਹੋਰ ਚੀਜ਼ ਹੈ ਤੇ ਗੁਰਮੱਤ ਪ੍ਰਚਾਰ ਹੋਰ ਚੀਜ਼- ਵੇਰਵੇ `ਚ ਜਾਵੋ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਗਰਦਆਰਿਆਂ ਰਾਹੀਂ ਗੁਰਮੱਤ ਦਾ ਪ੍ਰ੍ਰਚਾਰ ਹੋਣਾ, ਗੁਰਦੁਆਰਿਆਂ ਦਾ ਮਕਸਦ ਹੈ ਅਤੇ ਪ੍ਰਬੰਧ ਦੂਜੀ ਚੀਜ਼ ਹੈ। ਜਦਕਿ ਇਹ ਦੋਵੇਂ ਵਿਸ਼ੇ ਅੱਡ ਅੱਡ ਹੁੰਦੇ ਹੋਏ ਵੀ ਇੱਕ ਦੂਜੇ ਦੇ ਪੂਰਕ ਹਨ। ਇੱਕ ਤੋਂ ਬਿਨਾ ਦੂਜਾ ਅਧੂਰਾ ਹੈ। ਇਸਦੇ ਉਲਟ ਅੱਜ ਤਾਂ ਗੁਰਦੁਆਰਿਆਂ `ਚ ਸਾਧਨ’ ਹੀ ‘ਮਕਸਦ ਬਣਿਆ ਪਿਆ ਹੈ ਅਤੇ ਅਸਲ ਮਕਸਦ ਅਲੋਪ ਹੋ ਚੁੱਕਾ ਹੈ। ਦੇਖਣਾ ਇਹ ਹੈ ਕਿ ਪ੍ਰਬੰਧਕ ਕਮੇਟੀਆਂ ਤਾਂ ਮਸਜਿਦਾਂ, ਗਿਰਜਾਘਰਾਂ ਦੀਆਂ ਵੀ ਹਨ; ਬਲਕਿ ਉਨ੍ਹਾਂ ਦੇ ਪ੍ਰਬੰਧਕ ਤਾਂ ਪ੍ਰਬੰਧਕ ਹੋਣ ਲਈ ਡਿਪਲੋਮੇ ਤੇ ਡਿਗਿਰੀਆਂ ਪ੍ਰਾਪਤ ਵੀ ਹੁੰਦੇ ਹਨ। ਫ਼ਿਰ ਵੀ ਉਥੇ ਪ੍ਰਬੰਧਕ ਦੇ ਪ੍ਰਬੰਧ ਦੀ ਸੀਮਾਂ-ਉਨ੍ਹਾਂ ਦੇ ਧਾਰਮਕ ਆਸ਼ੇ ਅਨੁਸਾਰ, ਚੰਗਾ ਪ੍ਰਬੰਧ ਦੇਣ ਤੀਕ ਹੀ ਸੀਮਤ ਹੁੰਦੀ ਹੈ। ਉਥੇ ਉਸ ਧਰਮ ਦੇ ਪ੍ਰਚਾਰ ਨਾਲ, ਪ੍ਰਬੰਧਕਾਂ ਦਾ ਉੱਕਾ ਸੰਬੰਧ ਨਹੀਂ ਹੁੰਦਾ।

ਸਾਨੂੰ ਗੁਰਦੁਆਰਿਆਂ ਵਿਚਲੇ ‘ਪ੍ਰਬੰਧ’ ਤੇ ‘ਧਰਮ ਦੇ ਪ੍ਰਚਾਰ’ ਵਾਲੇ ਇਨ੍ਹਾਂ ਮੁਢਲੇ ਫ਼ਰਕ ਨੂੰ ਸਮਝਣ ਦੀ ਲੋੜ ਹੈ। ਜੇਕਰ ਪ੍ਰਬੰਧਕ ਦੀ ਸੀਮਾ ਕੇਵਲ ਪ੍ਰਬੰਧ ਤੀਕ ਹੋਵੇ ਅਤੇ ਧਰਮ ਦਾ ਪ੍ਰਚਾਰ, ਅਤੀ ਯੋਗ ਸਿੱਖਿਆ ਪ੍ਰਾਪਤ, ਜੀਵਨ ਵਾਲੇ (ਅੱਜ ਵਾਲੇ ਪ੍ਰਚਾਰਕ ਨਹੀਂ) ਪ੍ਰਚਾਰਕਾਂ ਦੇ ਹੱਥ। ਤਾਂ ਹੀ ਪੰਥ ਦੀ ਸੰਭਾਲ ਸੰਭਵ ਹੈ। ਅੱਜ ਸਾਡੇ ਪਾਸ ਯੋਗ ਪ੍ਰਬੰਧਕ, ਪ੍ਰਚਾਰਕ ਅਤੇ ਗ੍ਰੰਥੀ ਸਾਹਿਬਾਨ ਤਾਂ ਹੈਣ ਪਰ ਉਨ੍ਹਾਂ ਦੀ ਗਿਣਤੀ ਨਾਮ-ਮਾਤਰ ਹੀ ਹੈ। ਅਜੋਕੀ ਗੁਰਦੁਆਰਾ ਸਟੇਜ ਦੀ ਸਾਰੀ ਤਾਕਤ, ਅੱਜ ਪ੍ਰਬੰਧਕਾਂ ਕੋਲ ਹੀ ਹੈ। ਚਾਹੀਦਾ ਸੀ ਕਿ ਧਰਮ ਦੇ ਅਧੀਨ ਪ੍ਰਬੰਧ ਹੁੰਦਾ ਪਰ ਹੋ ਚੁੱਕਾ ਹੈ-ਪ੍ਰਬੰਧ ਦੇ ਅਧੀਨ ਧਰਮ। ਅੱਜ ਸਾਡੇ ਬਹੁਤੇ ਪ੍ਰਬੰਧਕਾਂ ਨੂੰ ਤਾਂ ਇਹ ਵੀ ਪਤਾ ਨਹੀਂ ਕਿ ਸਿੱਖੀ ਕੀ ਹੈ ਅਤੇ ਕੀ ਨਹੀਂ? ਕਿਹੜੀ ਗੱਲ ਗੁਰੂ ਆਸ਼ੇ ਅਨੁਸਾਰ ਹੈ ਤੇ ਕਿਹੜੀ ਵਿਰੁੱਧ। ਅਜਿਹੇ ਹਾਲਾਤ `ਚ ਭਲਾ ਦੱਸੋ! ਅਜਿਹੇ ਪ੍ਰਬੰਧਕ ਗੁਰਦੁਆਰੇ ਦਾ ਪ੍ਰਬੰਧ ਕੀ ਕਰਣਗੇ? ਜਦਕਿ ਦੂਜਿਆਂ ਕੋਲ ਤਾਂ ਇਹ ਗੁਣ ਵੀ ਹੈ।

ਅੱਜ ਸਾਡੇ ਬਹੁਤੇ ਪ੍ਰਬੰਧਕ ਤਾਂ ਖੰਡੇ ਦੀ ਪਾਹੁਲ ਤੋਂ ਵੀ ਖਾਲੀ ਹਨ। ਅਨੇਕਾਂ ਆਪ ਦਾੜ੍ਹੀ ਕੇਸਾਂ ਦੀ ਬੇਅਦਬੀ ਕਰਣ ਵਾਲੇ ਤੇ ਬੋਤਲਾਂ ਡੀਕਣ ਵਾਲੇ ਹਨ। ਇਥੇ ਹੀ ਬੱਸ ਨਹੀਂ, ਕਈ ਜਗ੍ਹਾ ਤਾਂ ਪ੍ਰਬੰਧਕਾਂ ਵਿਚਕਾਰ ਗ਼ੈਰ ਸਿੱਖ ਵੀ ਭਰੇ ਪਏ ਹਨ ਜਦਕਿ ਪ੍ਰਬੰਧ ਕਰਣਾ ਹੈ ‘ਉਸ ਅਦਾਰੇ ਦਾ’ ਜਿੱਥੋਂ ਸਿੱਖੀ ਨੇ ਪ੍ਰਵਾਨ ਚੜ੍ਹਣਾ ਹੈ। ਇਸੇ ਦਾ ਨਤੀਜ ਹੈ, ਅੱਜ ‘ਸਹਿਜਧਾਰੀਆਂ’ ਦੇ ਨਾਂ ਹੇਠ ਵੱਖਰੇ ਗੁਰਦੁਆਰੇ ਵੀ ਹੋਂਦ `ਚ ਆ ਰਹੇ ਹਨ। ਜਦੋਂ ਧਰਮ ਹੋਵੇਗਾ ਹੀ ਪ੍ਰਬੰਧ ਦੇ ਅਧੀਨ, ਅਤੇ ਪ੍ਰਬੰਧਕ ਦੀ ਇਹ ਹਾਲਤ ਹੋਵੇਗੀ, ਤਾਂ ਫ਼ਿਰ ਪ੍ਰਚਾਰਕ ਜਾਂ ਗ੍ਰੰਥੀ ਵੀ ਤਾਂ ਉਹੀ ਅੱਗੇ ਆਵੇਗਾ ਜਿਹੜਾ ਉੰਨ੍ਹਾਂ ਨੂੰ ਭਾਉਂਦਾ ਹੋਵੇ। ਇਸੇ ਕਰਕੇ ਅੱਜ ਪ੍ਰਬੰਧਕ ਦੀ ਸਰਪ੍ਰਸਤੀ ਹੇਠ ਧੜਾਧੜ ਅਣ-ਅਧਿਕਾਰੀ ਤੇ ਚਾਪਲੂਸ ਕਿਸਮ ਦੇ ਪ੍ਰਚਾਰਕ ਹੀ ਪ੍ਰਫ਼ੁਲਤ ਹੋ ਰਹੇ ਹਨ। ਇਸ ਤਰ੍ਹਾਂ ਕੌਮ ਦੇ ਪੈਸੇ ਨਾਲ ਸਿੱਖਾਂ ਦੀ ਗੁਰਦੁਆਰਾ ਸਟੇਜ ਤੋਂ ਹੀ ਕੌਮ ਦੀ ਖੇਹ ਖਬੜੀ ਵੀ ਉਡਾਈ ਜਾ ਰਹੀ ਹੈ। #੧੯ ਧਸ਼ਲ਼ਸ੦੧. ੦੧੩# (ਚਲਦਾ)

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Sikh, Dharm Vi Hai Ate Lehar Vi.01.13 BEING LOADED IN ISTTS. Otherwise about All the Self Learning Gurmat Lessons already loaded on www.sikhmarg.com it is to clarify that:-

---------------------------------------------

For all the Gurmat Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26487315 Cell 9811292808

web site- www.gurbaniguru.org




.