.

ਮਨੁੱਖ, ਸਮਾਜ ਅਤੇ ਗੁਰਮਤਿ
ਹਾਕਮ ਸਿੰਘ

ਕਿਸ਼ਤ-ਪਹਿਲੀ

ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮਨੁੱਖ ਨੂੰ ਆਪਣੇ ਮਨ ਨੂੰ ਆਪਣੇ ਚੁਗਿਰਦੇ, ਸਮਾਜਕ ਲੋੜਾਂ ਅਤੇ ਬੰਧਨਾਂ ਤੋਂ ਹਟਾ ਕੇ ਆਪਣੇ ਅੰਤਹਿਕਰਣ ਵਿਚ ਵਰਤ ਰਹੇ ਪ੍ਰਭੂ ਦੇ ਹੁਕਮ ਨੂੰ ਸਮਝਣ ਅਤੇ ਉਸ ਤੇ ਤਾਮੀਲ ਕਰਨ ਦਾ ਉਪਦੇਸ਼ ਕਰਦੀ ਹੈ। ਗੁਰਬਾਣੀ ਦਾ ਉਪਦੇਸ਼ ਮਨੁੱਖ ਲਈ ਹੈ ਸਮਾਜ ਲਈ ਨਹੀਂ ਹੈ ਕਿਉਂਕਿ ਗੁਰਬਾਣੀ ਵਿਚ ਸਮਾਜ ਦਾ ਸੰਕਲਪ ਨਹੀਂ ਹੈ। ਸਮਾਜ ਮਨੁੱਖ ਦੀ ਕਿਰਤ ਹੈ। ਦਰ ਅਸਲ ਸਮਾਜ ਪਰਵਾਰਾਂ ਦੇ ਸਮੂਹ ਦਾ ਸੰਗਠਨ ਹੁੰਦਾ ਹੈ ਜਿਸ ਨੂੰ ਪਰਵਾਰ ਆਪਣੀਆਂ ਲੋੜਾਂ ਦੀ ਪੂਰਤੀ ਅਤੇ ਰਖਿਆ ਲਈ ਸਿਰਜਦੇ ਹਨ ਪਰ ਸਮਾਂ ਪੈਣ ਤੇ ਇਹ ਸਮਾਜਕ ਸੰਗਠਨ ਮਾਇਆ ਦੇ ਪਰਭਾਵ ਅਧੀਨ ਰਾਜੇ ਅਤੇ ਪਰਜਾ ਵਿਚ ਵਿਕਸਤ ਹੋ ਜਾਂਦੇ ਹਨ ਅਤੇ ਰਾਜੇ ਸਮਾਜ ਦਾ ਮੌਲਕ ਮਨੋਰਥ ਵਿਸਾਰ ਕੇ ਤਾਨਾਸ਼ਾਹ ਬਣ ਆਪਣੇ ਹੀ ਲੋਕਾਂ (ਪਰਜਾ) ਦਾ ਸ਼ੋਸ਼ਣ ਕਰਨ ਲੱਗ ਪੈਂਦੇ ਹਨ। ਲੋਕਾਂ ਨੂੰ ਅਧੀਨ ਰੱਖਣ ਲਈ ਤਾਨਾਸ਼ਾਹ ਰਾਜੇ ਇਕ ਦੂਜੇ ਨਾਲ ਲੜਨ ਦਾ ਢੋਂਗ ਕਰਦੇ ਹਨ। ਉਹ ਫੌਜਾਂ ਭਰਤੀ ਕਰਕੇ ਅਤੇ ਮਾਰੂ ਹਥਿਆਰਾਂ ਨਾਲ ਲੋਕਾਂ ਨੂੰ ਡਰਾਉਂਦੇ ਹਨ। ਤਾਨਾਸ਼ਾਹੀ ਦੀ ਵਿਰੋਧਤਾ ਹੋਣੀ ਸੁਭਾਵਕ ਹੈ। ਇਹ ਵਿਰੋਧਤਾ ਮਨੁੱਖਤਾ ਦੇ ਇਤਹਾਸ ਵਿਚ ਮਨੁੱਖੀ ਸੁਤੰਤਰਤਾ ਲਈ ਸੰਘਰਸ਼ ਵਜੋਂ ਜਾਣੀ ਜਾਂਦੀ ਹੈ। ਮਨੁੱਖ ਦਾ ਸਿਰਜਿਆ ਸਮਾਜ ਤਾਨਾਸ਼ਾਹੀ ਅਤੇ ਸਵਾਰਥ ਕਾਰਨ ਇੱਕ ਅਪਵਾਦ ਪੂਰਨ ਅਸਤਿਤਵ ਬਣ ਕੇ ਰਹਿ ਜਾਂਦਾ ਹੈ। ਸਮਾਜ ਦਾ ਸੰਕਲਪ ਗੁਰਬਾਣੀ ਵਿਚ ਨਹੀਂ ਹੈ ਪਰ ਗੁਰਬਾਣੀ ਸਮਾਜ ਵਿਚ ਮਾਇਆ ਦੇ ਵਰਤਾਰੇ ਅਤੇ ਇਸ ਤੋਂ ਉਪਜੇ ਵਿਸ਼ੇ ਵਿਕਾਰਾਂ ਬਾਰੇ ਚੇਤਾਵਨੀ ਦਿੰਦੀ ਹੈ। ਜਿਵੇਂ, “ਰਾਜੁ ਮਾਲੁ ਰੂਪੁ ਜਾਤਿ ਜੋਬਨ ਪੰਜੇ ਠਗ॥ ਏਨੀ ਠਗੀਂ ਜਗੁ ਠਗਿਆ ਕਿਨੈ ਨ ਰਖੀ ਲਜ॥” (ਪੰ: ੧੨੮੮); “ਰਜ ਗੁਣ ਤਮ ਗੁਣ ਸਤ ਗੁਣ ਕਹੀਐ ਇਹੁ ਤੇਰੀ ਸਭ ਮਾਇਆ॥” (ਪੰ: ੧੧੨੩); ਅਤੇ “ਤ੍ਰੈ ਗੁਣ ਬਿਖਿਆ ਅੰਧੁ ਹੈ ਮਾਇਆ ਮੋਹ ਗੁਬਾਰ॥ ਲੋਭੀ ਅਨ ਕਉ ਸੇਵਦੇ ਪੜਿ ਵੇਦਾ ਕਰਹਿ ਪੁਕਾਰ॥ ਬਿਖਿਆ ਅੰਦਰਿ ਪਚਿ ਮੁਏ ਨਾ ਉਰਵਾਰੁ ਨ ਪਾਰੁ॥” (ਪੰ: ੩੦)। ਗੁਰਬਾਣੀ ਸਮਾਜ ਨੂੰ ਨਹੀਂ ਸਤਸੰਗਤ ਨੂੰ ਮਹੱਤਤਾ ਦਿੰਦੀ ਹੈ। ਸਤਸੰਗਤ ਨਾ ਤੇ ਪੰਥ ਹੁੰਦੀ ਹੈ ਅਤੇ ਨਾ ਹੀ ਸਮਾਜ। ਸੰਗਤ ਗੁਰੂ ਦੇ ਹਜ਼ੂਰ ਪ੍ਰਭੂ ਦੀ ਯਾਦ ਵਿਚ ਜੁੜ ਬੈਠੇ ਸ਼ਰਧਾਲੂਆਂ ਦੇ ਇਕੱਠ ਨੂੰ ਆਖਿਆ ਜਾਂਦਾ ਹੈ। ਸੰਸਾਰ ਅਤੇ ਇਸ ਦੇ ਸਮਾਜ ਨੂੰ ਗੁਰਬਾਣੀ ਮਾਇਆ ਦਾ ਰਚਿਆ ਦੂਜਾ ਭਾਵ ਆਖਦੀ ਹੈ। ਗੁਰਬਾਣੀ ਦੇ ਕਥਨ ਹਨ: “ਤੀਨਿ ਭਵਨ ਮਹਿ ਏਕਾ ਮਾਇਆ॥ ਮੂਰਖਿ ਪੜਿ ਪੜਿ ਦੂਜਾ ਭਾਉ ਦ੍ਰਿੜਾਇਆ॥” (ਪੰ: ੪੨੪); “ਦੂਜਾ ਭਾਉ ਰਚਾਇਓਨੁ ਤ੍ਰੈ ਗੁਣ ਵਰਤਾਰਾ॥” (ਪੰ: ੯੪੮); “ਜਗਤੁ ਅਗਿਆਨੀ ਅੰਧੁ ਹੈ ਦੂਜੈ ਭਾਇ ਕਰਮ ਕਮਾਇ॥ ਦੂਜੈ ਭਾਇ ਜੇਤੇ ਕਰਮ ਕਰੇ ਦੁਖੁ ਲਗੈ ਤਨਿ ਧਾਇ॥“ (ਪੰ: ੫੯੩); ਅਤੇ “ਪੰਡਿਤੁ ਪੜਿ ਪੜਿ ਊਚਾ ਕੂਕਦਾ ਮਾਇਆ ਮੋਹਿ ਪਿਆਰੁ॥ ਅੰਤਰਿ ਬ੍ਰਹਮੁ ਨ ਚੀਨਈ ਮਨਿ ਮੂਰਖ ਗਾਵਾਰ॥ ਦੂਜੈ ਭਾਇ ਜਗਤੁ ਪਰਬੋਧਦਾ ਨ ਬੂਝੈ ਬੀਚਾਰੁ॥“ (ਪੰ: ੯੬)। ਗੁਰਬਾਣੀ ਮਨੁੱਖ ਨੂੰ ਤ੍ਰੈ-ਗੁਣੀ ਸੰਸਾਰ ਦੀ ਵਾਸਤਵਿਕਤਾ ਤੋਂ ਜਾਣੂ ਕਰਾਉਂਦੀ ਹੈ ਅਤੇ ਸੰਸਾਰ ਨੂੰ ਸੁਆਹ ਨਾਲ ਤੁਲਣਾ ਦੇ ਕੇ ਇਸ ਵਿਚ ਵਰਤ ਰਹੀ ਮਾਇਆ ਤੋਂ ਸੁਚੇਤ ਕਰਦੀ ਹੈ। “ਦੁਨੀਆ ਖੋਟੀ ਰਾਸਿ ਕੂੜੁ ਕਮਾਈਐ॥“ (ਪੰ: ੧੪੪); “ਨਾਨਕ ਦੁਨੀਆ ਭਸੁ ਰੰਗੁ ਭਸੂ ਹੂ ਭਸੁ ਖੇਹ॥ ਭਸੋ ਭਸ ਕਮਾਵਣੀ ਭੀ ਭਸੁ ਭਰੀਐ ਦੇਹ॥“ (ਪੰ: ੧੨੪੦); “ਧੰਧੁ ਪਿਟੈ ਸੰਸਾਰੁ ਸਚੁ ਨ ਭਾਇਆ॥“ (ਪੰ: ੪੧੯); “ ਸਭੁ ਜਗੁ ਗਰਬਿ ਗੁਬਾਰੁ ਤਿਨ ਸਚੁ ਨ ਭਾਇਆ॥“ (ਪੰ: ੧੨੮੯); ਅਤੇ “ਕਾਗਦ ਕੋਟੁ ਇਹੁ ਜਗੁ ਹੈ ਬਪੁਰੋ ਰੰਗਨਿ ਚਿਹਨ ਚਤੁਰਾਈ॥ ਨਾਨੀ ਸੀ ਬੂੰਦ ਪਵਨੁ ਪਤਿ ਖੋਵੈ ਜਨਮਿ ਮਰੈ ਖਿਨੁ ਤਾਂਈ॥“ (ਪੰ: ੧੨੭੪)। ਸਮਾਜ ਦੇ ਮੁਕਾਬਲੇ ਵਿਚ ਗੁਰਬਾਣੀ ਮਨੁੱਖਾ ਜਨਮ ਨੂੰ ਦੁਰਲਭ ਆਖਦੀ ਹੈ ਕਿਉਂਕਿ ਮਨੁੱਖ ਵਿਚ ਪ੍ਰਭੂ ਦੀ ਜੋਤ ਦਾ ਵਾਸਾ ਹੈ। ਗੁਰਬਾਣੀ ਦੇ ਕਥਨ ਹਨ: “ਕਬੀਰ ਮਾਨਸ ਜਨਮੁ ਦੁਲੰਭੁ ਹੈ ਹੋਇ ਨ ਬਾਰੈ ਬਾਰ॥“ (ਪੰ: ੧੩੬੬); “ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥ ਏਕ ਨੂਰ ਤੇ ਸਭ ਜਗੁ ਉਪਜਿਆ ਕਉਨ ਭਲੇ ਕੋ ਮੰਦੇ॥“ (ਪੰ: ੧੩੪੯); “ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾ ਤੂੰ ਜਗ ਮਹਿ ਆਇਆ॥ ਹਰਿ ਜੋਤਿ ਰਖੀ ਤੁਧ ਵਿਚ ਤਾ ਤੂ ਜਗ ਮਹਿ ਆਇਆ॥“ (ਪੰ: ੯੨੧); ਅਤੇ “ਤਨ ਮਹਿ ਮਨੂਆ ਮਨ ਮਹਿ ਸਾਚਾ॥ ਸੋ ਸਾਚਾ ਮਿਲਿ ਸਾਚੇ ਰਾਚਾ॥“ (ਪੰ: ੬੮੬)। ਗੁਰਬਾਣੀ ਮਨੁੱਖ ਨੂੰ ਸ੍ਰਿਸ਼ਟੀ ਵਿਚ ਪਰਧਾਨ ਮੰਨਦੀ ਹੈ ਅਤੇ ਉਸ ਨੂੰ ਉਪਦੇਸ਼ ਕਰਦੀ ਹੈ ਕਿ ਪ੍ਰਭੂ ਨੇ ਇਹ ਸ੍ਰਿਸ਼ਟੀ ਆਪਸ ਵਿਚ ਰਲ ਮਿਲ ਕੇ ਰਹਿਣ ਲਈ ਬਣਾਈ ਹੈ ਇਸ ਨੂੰ ਹਉਮੈ ਵਸ ਜੁੱਧਾਂ ਦਾ ਅਖਾੜਾ ਬਣਾ ਕੇ ਨਰਕ ਵਿਚ ਨਾ ਬਦਲ।

ਸਮਾਜ ਮਨੁੱਖ ਨੂੰ ਉਸ ਦੀ ਉੱਤਮਤਾ ਦੇ ਬਾਵਜੂਦ ਐਸਾ ਉਲਝਾ ਲੈਂਦਾ ਹੈ ਕਿ ਉਸ ਨੂੰ ਸੱਚ ਅਤੇ ਝੂਠ, ਠੀਕ ਅਤੇ ਗਲਤ ਦੀ ਤਮੀਜ਼ ਨਹੀਂ ਰਹਿੰਦੀ, ਜਿਵੇਂ ਉਹ ਸੁੱਤਾ ਪਿਆ ਹੋਵੇ ਜਾਂ ਸੁਪਨੇ ਲੈ ਰਿਹਾ ਹੋਵੇ। ਸਮਾਜ ਅਤੇ ਮਨੁੱਖ ਦੇ ਸਬੰਧਾਂ ਵਿਚ ਬਹੁਤ ਉਤਾਰ ਚੜ੍ਹਾ ਆਉਂਦੇ ਰਹੇ ਹਨ ਅਤੇ ਉਹਨਾਂ ਸਬੰਧਾਂ ਬਾਰੇ ਫ਼ਿਲਾਸਫ਼ਰਾਂ ਨੇ ਡੂੰਘੀਆਂ ਵਿਚਾਰਾਂ ਕੀਤੀਆਂ ਹਨ। ਸਮਾਜ ਅਤੇ ਮਨੁੱਖ ਦੇ ਸਬੰਧਾਂ ਬਾਰੇ ਦਾਨਿਸ਼ਮੰਦਾਂ ਵਿਚ ਮੂਲ ਪ੍ਰਸ਼ਨ ਇਹ ਰਿਹਾ ਹੈ ਕਿ ਕੀ ਸਮਾਜ ਮਨੁੱਖ ਲਈ ਹੈ ਜਾਂ ਮਨੁੱਖ ਸਮਾਜ ਲਈ? ਪੱਛਮ ਵਿਚ ਇਹ ਪ੍ਰਸ਼ਨ ਗਰੀਕ ਫ਼ਿਲਾਸਫ਼ਰਾਂ, ਪਲੈਟੋ
(Plato) ਅਤੇ ਅਰਸਤੂ (Aristotle) ਨੇ ਉਠਾਇਆ ਸੀ। ਪਰ ੧੭ਵੀਂ ਅਤੇ ੧੮ਵੀਂ ਸ਼ਤਾਬਦੀ ਵਿਚ ਇਸ ਪ੍ਰਸ਼ਨ ਤੇ ਪੱਛਮੀ ਦਾਨਿਸ਼ਵਰਾਂ ਵਿਚ ਵਿਸਤ੍ਰਤ ਵਿਚਾਰਾਂ ਹੋਈਆਂ ਸਨ, ਜਿਨ੍ਹਾਂ ਦੇ ਫਲ ਸਰੂਪ ਸਮਾਜਕ ਇਕਰਾਰਨਾਮਾ (Social Contract) ਨਾਂ ਦਾ ਸਿਧਾਂਤ ਹੋਂਦ ਵਿਚ ਆਇਆ ਸੀ। ਯੂਰਪ ਦੇ ਤਿੰਨ ਪ੍ਰਸਿੱਧ ਫ਼ਿਲਾਸਫ਼ਰਾਂ ਦੇ ਨਾਂ ਇਸ ਸਿਧਾਂਤ ਨਾਲ ਜੋੜੇ ਜਾਂਦੇ ਹਨ, ਉਹ ਹਨ ਥਾਮਸ ਹਾਬਜ਼ (Thomas Hobbes), ਜਾਨ ਲਾਕ (John Locke) ਅਤੇ ਜ਼ੀਨ ਜ਼ੈਕ ਰੂਸੋ (Jean Jacques Rousseau)। ਉਹਨਾਂ ਦਾ ਕਹਿਣਾ ਹੈ ਕਿ ਹਰ ਮਨੁੱਖ ਸੁਤੰਤਰ ਹੈ ਅਤੇ ਉਹ ਆਪਣੀ ਸੁਤੰਤਰਤਾ ਤਿਆਗ ਕੇ ਸਮਾਜ ਵਿਚ ਇਸ ਸ਼ਰਤ ਤੇ ਸ਼ਾਮਲ ਹੁੰਦਾ ਹੈ ਕਿ ਸਮਾਜ ਉਸ ਨੂੰ ਬਰਾਬਰ ਦੇ ਮਨੁੱਖੀ ਅਧਿਕਾਰ ਦੇਵੇਗਾ। ਰੂਸੋ ਆਪਣੀ ਪੁਸਤਕ ਸੋਸ਼ਿਅਲ ਕਾਨਟਰੈਕਟ (Social Contract) ਦੇ ਅਰੰਭ ਵਿਚ ਲਿਖਦਾ ਹੈ ਕਿ ਮਨੁੱਖ ਜੰਮਦਾ ਤੇ ਸੁਤੰਤਰ ਹੈ ਪਰ ਉਹ ਹਰ ਥਾਂ (ਸਮਾਜ ਦੀਆਂ) ਜ਼ੰਜੀਰਾਂ ਵਿਚ ਜਕੜਿਆ ਪਿਆ ਹੈ। ਇਸ ਲੰਮੀ ਚਲੀ ਵਾਰਤਾਲਾਪ ਦਾ ਪਰਿਣਾਮ ਇਹ ਹੋਇਆ ਕਿ ਹਰ ਦੇਸ਼ ਨੇ ਆਪਣੀ ਸੰਵਿਧਾਨਕ ਨਿਆਂ ਪਰਣਾਲੀ ਵਿਚ ਮਨੁੱਖੀ ਮੂਲ ਅਧਿਕਾਰਾਂ ਨੂੰ ਪੱਕੇ ਤੌਰ ਤੇ ਸਥਾਪਤ ਕਰ ਦਿੱਤਾ। ਹੈਬੀਅਸ ਕੌਰਪਸ ਦਾ ਅਦਾਲਤੀ ਪਰਵਾਨਾ (Writ of Habeas Corpus) ਮੂਲ ਅਧਿਕਾਰਾਂ ਦਾ ਭਾਗ ਬਣ ਗਿਆ। ਭਾਰਤ, ਪੱਛਮੀ ਅਤੇ ਹੋਰ ਬਹੁਤ ਸਾਰੇ ਦੇਸ਼ਾਂ ਦੇ ਸੰਵਿਧਾਨਾਂ ਵਿਚ ਮਨੁੱਖੀ ਮੂਲ ਅਧਿਕਾਰਾਂ ਨੂੰ ਵਿਸ਼ੇਸ਼ ਸਥਾਨ ਪ੍ਰਾਪਤ ਹੈ। ਜਿਥੇ ਮਨੁੱਖ ਦੇ ਮੂਲ ਅਧਿਕਾਰਾਂ ਦੀ ਸੰਵਿਧਾਨਕ ਪਰਵਾਨਗੀ ਮਨੁੱਖਤਾ ਦੇ ਇਤਹਾਸ ਵਿਚ ਮਨੁੱਖੀ ਸੁਤੰਤਰਤਾ ਲਈ ਬਹੁਤ ਵੱਡੀ ਪਰਾਪਤੀ ਹੈ ਓਥੇ ਇਹ ਗੁਰਬਾਣੀ ਉਪਦੇਸ਼ ਨੂੰ ਸਾਕਾਰ ਕਰਨ ਲਈ ਮਨੁੱਖਤਾ ਦਾ ਇਕ ਛੋਟਾ ਜਿਹਾ ਕਦਮ ਵੀ ਹੈ ਕਿਉਂਕਿ ਗੁਰਬਾਣੀ “ਫਕੜ ਜਾਤੀ ਫਕੜੁ ਨਾਉ॥ ਸਭਨਾ ਜੀਆ ਇਕਾ ਛਾਉ॥“ (ਪੰ: ੮੩) ਦੇ ਉਪਦੇਸ਼ ਰਾਹੀਂ ਊਚ ਨੀਚ ਨੂੰ ਅਸਵੀਕਾਰ ਕਰਕੇ ਮਨੁੱਖੀ ਬਰਾਬਰਤਾ ਨੂੰ ਰੱਬੀ ਹੁਕਮ ਕਰਾਰ ਦਿੰਦੀ ਹੈ। ਪੱਛਮੀ ਨਿਜਤੱਵਵਾਦ ਵੀ ਮਨੁੱਖ ਨੂੰ ਸਮਾਜ ਵਿਚ ਕੇਂਦਰੀ ਸਥਾਨ ਦੇ ਕੇ ਉਸ ਦੀ ਨੈਤਿਕ ਯੋਗਤਾ ਤੇ ਜ਼ੋਰ ਦਿੰਦਾ ਹੈ।

ਭਾਵੇਂ ਪੱਛਮੀ ਨਿਜਤੱਵਵਾਦ ਮਨੁੱਖੀ ਸੁਤੰਤਰਤਾ ਦਾ ਮੁੱਦਈ ਹੈ ਪਰ ਇਹ ਵਿਚਾਰਧਾਰਾ ਗੁਰਬਾਣੀ ਉਪਦੇਸ਼ ਦੇ ਵਿਪਰੀਤ ਹੈ। ਇਸ ਵਿਚਾਰਧਾਰਾ ਦਾ ਆਧਾਰ ਡੇਕਾਰਟ
(Descarte, Rene) ਦਾ ਇਹ ਕਥਨ “ਮੈਂ ਸੋਚਦਾ ਹਾਂ ਇਸ ਲਈ ਮੈਂ ਹਾਂ” ( Cogito ergo sum) ਮੰਨਿਆ ਜਾਂਦਾ ਹੈ। ਜੇਕਰ ਇਹ ਪੁੱਛਿਆ ਜਾਵੇ ਕਿ ਉਹ ਕੌਣ ਹੈ ਜੋ ਤੁਹਾਨੂੰ ਦੱਸਦਾ ਹੈ ਕਿ ਤੁਸੀਂ ਸੋਚਦੇ ਹੋ ਤਾਂ ਇਸ ਪ੍ਰਸ਼ਨ ਦਾ ਜਵਾਬ ਉਹ ਨਹੀਂ ਦਿੰਦੇ। ਜਰਮਨ ਫ਼ਿਲਾਸਫ਼ਰ ਹੇਗਲ (Hegel, Georg Wilhelm Friedrich) ਨੇ ਸਮਾਜਕ ਹੁਕਮ (General Will) ਅਤੇ ਕਾਰਲ ਮਾਰਕਸ (Karl Marx) ਨੇ ਜਮਾਤੀ ਵੰਡ ਦੇ ਸਿਧਾਂਤ ਰਚ ਕੇ ਨਿਜਤੱਵਵਾਦ ਦਾ ਖੰਡਨ ਕੀਤਾ ਹੈ। ਗੁਰਬਾਣੀ ਡੇਕਾਰਟ ਦੀ “ਮੈਂ ਹਾਂ” ਦੀ ਹਉਮੈ, ਹੇਗਲ ਦੇ ਸਮਾਜਕ ਹੁਕਮ ਅਤੇ ਮਾਰਕਸ ਦੇ ਜਮਾਤੀ ਵੰਡ ਦੇ ਸਿਧਾਂਤਾਂ ਨੂੰ ਮੂਲੋਂ ਰੱਦ ਕਰਦੀ ਹੈ। ਗੁਰਬਾਣੀ ਅਨੁਸਾਰ ਮਨੁੱਖ ਦੀ ਹੋਂਦ ਉਸ ਵਿਚ ਪ੍ਰਭੂ ਦੀ ਜੋਤ ਕਰਕੇ ਹੈ। “ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ॥ ਮਨਮੁਖ ਮੂਲ ਨ ਜਾਣਨੀ ਮਾਨਸਿ ਹਰਿ ਮੰਦਰੁ ਨ ਹੋਇ॥“ (ਪੰ: ੧੩੪੬)। ਮਨੁੱਖਾ ਸਰੀਰ ਹਰ ਪਲ ਬਦਲਦਾ ਰਹਿੰਦਾ ਹੈ ਅਤੇ ਬਿਨਸਣ ਹਾਰ ਹੈ ਪਰ ਮਨੁੱਖੀ ਚੇਤਨਤਾ, ਸ਼ਕਤੀ (ਊਰਜਾ) ਅਤੇ ਪ੍ਰਾਣ ਦਾ ਸੋਮਾ ਮਨੁੱਖ ਵਿਚ ਪ੍ਰਭੂ ਦੀ ਜੋਤ ਹੈ, ਇਸ ਤੋਂ ਬਿਨਾ ਮਨੁੱਖ ਦਾ ਕੋਈ ਵਜੂਦ ਨਹੀਂ ਹੈ। ਮਨੁੱਖ ਸਮਾਜ ਜਾਂ ਜਮਾਤ ਦੇ ਅਧੀਨ ਨਹੀਂ ਹੈ। ਪੱਛਮੀ ਨਿਜਤੱਵਵਾਦ ਦੇ ਸਮਾਜਕ ਪਰਿਣਾਮ ਸੰਤੋਖ ਜਨਕ ਨਹੀਂ ਹਨ। ਇਹ ਪਰਵਾਰ ਦੀ ਮਹੱਤਤਾ ਘਟਾ ਦਿੰਦਾ ਹੈ ਜਿਸ ਨਾਲ ਪਰਵਾਰ ਖੇਰੂ-ਖੇਰੂ ਹੋਣ ਲੱਗ ਪੈਂਦੇ ਹਨ। ਇਸ ਦੀ ਆੜ ਵਿਚ ਕਈ ਉਗਰਵਾਦੀ ਕਨੂੰਨ ਮੰਨਣ ਤੋਂ ਇਨਕਾਰੀ ਹੋ ਜਾਂਦੇ ਹਨ ਅਤੇ ਵਿਦਰੋਹ ਜੈਸੀ ਸਥਿਤੀ ਬਣ ਜਾਂਦੀ ਹੈ। ਸਾਸ਼ਨ ਵਿਚ ਮਨੁੱਖੀ ਅਧਿਕਾਰਾਂ ਨੂੰ ਨਜ਼ਰ ਅੰਦਾਜ਼ ਕਰਨ ਦੀ ਰੁਚੀ ਅਤੇ ਨਿਆਂ ਪਰਣਾਲੀ ਦੀ ਢਿੱਲੀ ਚਾਲ ਕਈ ਵੇਰ ਮਨੁੱਖੀ ਅਧਿਕਾਰਾਂ ਨੂੰ ਨਿਸਫਲ ਕਰ ਦਿੰਦੀ ਹੈ। ਮਾਇਆ ਦੇ ਪਰਭਾਵ ਕਾਰਨ ਸਮਾਜ ਵਿਚ ਮਨੁੱਖੀ ਅਧਿਕਾਰਾਂ ਲਈ ਖ਼ਤਰਾ ਬਣਿਆ ਰਹਿੰਦਾ ਹੈ। ---ਚਲਦਾ




.