.

ਹੋਰ ਵੀ ਵੱਧ ਘਿਣਾਵਣਾ ਝੂਠ? :-

ਲਿਖਾਰੀ ਲਿਖਦਾ ਹੈ ਕਿ ਭੱਟਾ ਦੀ ਬੇਨਤੀ ਤੇ ਪੰਚਮ ਸਤਿਗਰੂ ਨਾਨਕ ਸਾਹਿਬ ਜੀ ਨੇ:--

ਵਿੰਸ ਸਵੱਯੇ ਸ੍ਰੀ ਮੁਖਿ ਰਰੇ। ਪਾਰਬ੍ਰਮਹਮ ਜਸਹ ਬਰਨਨ ਕਰੇ।

ਸਮਝ ਚਾਲ ਤਿਹ ਜਸੁ ਪ੍ਰਗਟਾਯੇ ਗੁਰ ਨਾਨਕ ਜਸੁ ਪ੍ਰਿਥਮੈ ਗਾਯੋ॥ 640॥

ਅਰਥ-=ਆਪਣੇ ਸ੍ਰੀ ਮੁਖ ਤੋਂ ਪਾਰਬ੍ਰਹਮ ਦੇ ਜਸ ਵਾਲੇ 20 ਸਵੱਯੇ ਉਚਾਰਨ ਕੀਤੇ, ਪਰ ਪਹਿਲਾ ਸ੍ਰੀ ਗੁਰੂ ਨਾਨਕ (ਸਾਹਿਬ ਜੀ) ਦਾ ਜੱਸ ਗਾ ਕੇ (ਭੱਟ ਭਗਤਾਂ ਨੂੰ) ਲਿਖਣ ਦਾ ਢੰਗ ਸਿਖਾਇਆ। 640॥

ਅੰਤਮ ਸਿੱਟੇ ਦੀ ਗੱਲ ਤੋਂ ਪਹਿਲਾਂ ਇਹ ਨਿਰਣਾ ਕਰ ਲੈਣਾ ਜ਼ਰੂਰੀ ਹੈ, ਕੀ. ਲਿਖਾਰੀ ਦੀ ਉਪਰੋਕਤ ਗੱਲ ਖੁਨਾਮੀ ਰਹਿਤ ਸੱਚੀ ਹੈ? ਕਿ ਜਾਂ ਉਸ ਦਾ ਅਪਣਾ ਲਿਖਿਆ ਨਿਰੋਲ ਝੂਠ, ਇੱਕ ਕੂਟ-ਛਲਾਵਾ ਹੈ? ਇਸ ਗੰਭੀਰ ਸ਼ੰਕੇ ਦਾ ਠੀਕ ਸਮਾਧਾਨ ਲੱਭਣ ਲਈ ਗੁਰਸ਼ਬਦ ਵਿਚਾਰ ਲਿਖਣੀ ਅਰੰਭ ਕਰਨ ਤੋਂ ਪਹਿਲਾਂ … … (ਵੇਦਾਂਤੀ ਸਾਹਿਬ ਵਲੋਂ ਭੂਮਿਕਾ ਵਿੱਚ ਲਿਖੇ ਅਨੁਸਾਰ) ਇਹ ਗੁਰਬਿਲਾਸ ਪੁਸਤਕ 18ਵੀਂ ਸਦੀ ਦੇ ਅਰੰਭ ਤੋਂ ਕੌਮ ਦੇ ਵਿਦਵਾਨਾਂ ਦੇ ਹੱਥਾਂ ਵਿਚੋਂ ਲੰਘਦੀ ਆ ਰਹੀ ਹੈ। ਪੰਥ ਦੇ ਰਾਗੀਆਂ ਢਾਡੀਆਂ ਪਰਚਾਕਾਂ ਦੇ ਜਥੇ, ਗੁਰੂ ਦਰਬਾਰਾਂ ਵਿੱਚ ਇਸ ਵਿਚਲੀਆਂ ਗੁਰਮਤਿ ਵਿਰੋਧੀ ਕਹਾਣੀਆਂ ਸੁਣਾ ਸੁਣਾ ਵਾਹ-ਵਾਹ ਦੇ ਅਥਵਾ ਮਾਇਆਂ ਦੇ ਗੱਫੇ, ਨਿਰੰਤਰ ਮਾਰਦੇ ਤੁਰੇ ਆ ਰਹੇ ਹਨ। ਸਤਿਗੁਰਾਂ ਦੀ ਕ੍ਰਿਪਾ ਦਾ ਸਦਕਾ ਕੁੱਝ ਜਾਗ੍ਰਤ ਆਉਣ ਤੇ ਕਈ ਵਾਰੀ ਅਜੇਹੀਆਂ ਝੂਠ ਕਹਾਣੀਆਂ ਤੇ ਕਿੰਤੂ ਹੋਣ ਲੱਗ ਪਏ ਸਨ। ਉਧਰੋਂ ਦੇਸ਼ ਦੀ ਸਿਆਸੀ ਸ਼ਕਤੀ, ਉਸੇ ਬ੍ਰਾਹਮਣੀ ਸੋਚ ਵਾਲੀ ਬਣ ਗਈ ਜਿਹੜਾ ਗੁਰਸਿੱਖੀ ਨੂੰ ਬ੍ਰਹਮਣੀ ਰੰਗ ਵਿੱਚ ਰੰਗੀ ਵੇਖਣ ਲਈ 15ਵੀ ਸਦੀ ਤੋਂ ਸਖ਼ਤ ਬੇਚੈਨ ਹੋ ਰਿਹਾ ਹੈ। ਅਜੇਹੇ ਗੰਭੀਰ ਸਮੇ ਅੰਦਰ ਇਸ ਗੁਰਮਤਿ ਵਿਰੋਧੀ ਸਭ ਕੁੱਝ ਨੂੰ ਸਾਡੇ ਧਰਮ-ਆਗੂ ਮਹਾਂਪੁਰਖਾਂ ਵਲੋਂ ਪ੍ਰਸੰਸਾ-ਰੂਪ ਮੋਹਰਾਂ ਲਾ ਕੇ ਪੰਥ ਲਈ ਅਨਮੋਲ ਸੁਗ਼ਾਤ ਵਜੋਂ ਲਾਹੇਵੰਦ ਧਰਮ ਪੁਸਤਕ ਦਾ ਦਰਜਾ ਪ੍ਰਦਾਨ ਕਰ ਦੇਣਾ? ਇਸ ਦੇ ਪਿੱਛੇ, ਕੋਈ ਨਾ ਕੋਈ, ਵਡੇ ਭੇਤ ਵਾਲੀ ਗੱਲ ਜ਼ਰੂਰ ਹੋਣੀ ਹੈ। ਪਰ, ਇਹ 14 ਪੰਥ-ਰਤਨ ਵੀ ਆਖ਼ਰ ਪੰਥ ਦੇ ਵਡੇ ਸ਼ੁਭਚਿੰਤਕਾਂ ਵਿਚੋਂ ਹੀ ਹਨ। ਇਸ ਲਈ ਆਸ ਰਖਣੀ ਚਾਹੀਦੀ ਹੈ, ਕਿ, ਕੀ ਪਤਾ ਇਸ ਝੂਠ-ਸਮੱਗ੍ਰੀ ਵਿਚੋਂ ਕਿਹੋ ਜੇਹੀ ਲਾਹੇਵੰਦ ਸਚਾਈ, ਅਚਨਚੇਤ ਆ ਦਰਸ਼ਨ ਦੇਵੇ? ਅਰਦਾਸ ਹੈ- ਹੇ ਦਾਤਾਰ ਜਓ! ਆਪਣੀਆਂ ਮਿਹਰਾਂ ਦਾ ਹੱਥ, ਸਦਾ ਸਾਡੇ ਸਿਰਾਂ ਤੇ ਟਿਕਾਈ ਰੱਖਣਾ, ੳਸੀਂ ਨਿਰਭੈ ਰਹਿ ਕੇ ਸਚਾਈ ਦੇ ਡਟੇ ਰਹਿਣ ਤੋਂ ਢਿੱਲ ਨਾ ਪੈ ਜਾਈਏ --

69- ਠਾਕੁਰ ਜੀਉ ਤੁਹਾਰੋ ਪਰਨਾ॥ ਮਾਨੁ ਮਹਤੁ ਤੁਮਾੑਰੈ ਊਪਰਿ ਤੁਮੑਰੀ ਓਟ ਤੁਮਾੑਰੀ ਸਰਨਾ॥ 1 ॥ ਰਹਾਉ॥ ਤੁਮੑਰੀ ਆਸ ਭਰੋਸਾ ਤੁਮੑਰਾ ਤੁਮਰਾ ਨਾਮੁ ਰਿਦੈ ਲੈ ਧਰਨਾ॥ ਤੁਮਰੋ ਬਲੁ ਤੁਮ ਸੰਗਿ ਸੁਹੇਲੇ ਜੋ ਜੋ ਕਹਹੁ ਸੋਈ ਸੋਈ ਕਰਨਾ॥ 1 ॥ ਤੁਮਰੀ ਦਇਆ ਮਇਆ ਸੁਖੁ ਪਾਵਉ ਹੋਹੁ ਕ੍ਰਿਪਾਲ ਤ ਭਉਜਲੁ ਤਰਨਾ॥ ਅਭੈ ਦਾਨੁ ਨਾਮੁ ਹਰਿ ਪਾਇਓ ਸਿਰੁ ਡਾਰਿਓ ਨਾਨਕ ਸੰਤ ਚਰਨਾ॥ 2 ॥ 9 {1299}

ਲਿਖਾਰੀ ਦਾ ਉਪਰੋਕਤ ਕਥਨ ਹੇਠ ਲਿਖੇ ਤਿੰਨ ਭਾਗਾਂ ਵਿੱਚ ਵੰਡਿਆ ਹੋਇਆ ਹੈ--

(1) ਸਤਿਗੁਰਾਂ ਨੇ ਆਪਣੇ ਮੁਖਾਰਬਿੰਦ ਵਿਚੋਂ “ਵਿੰਸ ਸਵੱਯੇ ਸ੍ਰੀ ਮੁਖਿ ਰਰੇ। ਪਾਰਬ੍ਰਮਹਮ ਜਸਹ ਬਰਨਨ ਕਰੇ”

ਪਾਰਬ੍ਰ੍ਹਮ ਪਰਮਾਤਮਾ ਦੀ ਉਸਤਤਿ ਵਿੱਚ 20 ਸਵੱਯੇ ਉਚਾਰਨ ਕੀਤੇ।

(2) “ਗੁਰ ਨਾਨਕ ਜਸੁ ਪ੍ਰਿਥਮੈ ਗਾਯੋ” ਪਾਰਬ੍ਰਹਮ ਦੀ ਉਸਤਤਿ ਤੋਂ ਪਹਿਲਾਂ ਉਪਰੋਕਤ (ਸਾਰੇ ਵੀਹਾਂ) ਸਵੱਯਾਂ ਵਿੋਂਚੋ (ਕੁਝ ਵਿਚ,) ਗਰੂ ਨਾਨਕ ਸਾਹਿਬ ਜੀ ਦੀ ਉਸਤਤਿ ਗਾਈ ਹੋਈ ਹੈ।

(3) ‘ਸਮਝ ਚਾਲ ਤਿਹ ਜਸੁ ਪ੍ਰਗਟਾਯੇ’ ਲਿਖਾਰੀ ਦੇ ਉਨ੍ਹਾਂ ਅਦਭੁੱਤ ਭੱਟਾਂ ਲਈ, ਮਾਨੋ ਪੂਰਨੇ ਪਾ ਕੇ, ਪੰਚਮ ਪਤਸ਼ਾਹ ਜੀ ਨੇ, ਗੁਰੂ (ਸਾਹਿਬਾਨ) ਦੀ ਉਸਤਤਿ ਲਿਖਣ ਜੋਗੇ ਬਣਾ ਲਿਆ ਸੀ?

ਕਰਮ ਵਾਰ ਗੁਰਮਤਿ ਵਿਚਾਰ--

(1) ਲਿਖਾਰੀ ਦਾ ਇਹ ਕਥਨ ਕਿ, 20 ਸਵੱਯੋ ਕੇਵਲ ਪਰਮਾਤਮਾ ਦੀ ਹੀ ਉਸਤਤਿ ਹੈ ਪੂਰਾ ਸਚ ਨਹੀਂ ਹੈ--

ਲਿਖਾਰੀ ਦਾ ਇਹ ਲਿਖਣਾ- “ਗੁਰ ਨਾਨਕ ਜਸੁ ਪ੍ਰਿਥਮੈ ਗਾਯੋ” ਵੀ ਧਙਾਣੇ ਦਾ ਝੂਠ ਹੀ ਹੈ। ਅਸਲੀਯਤ ਸਮਝਣ ਲਈ ਸਾਨੂੰ ਸ੍ਰੀ ਮੁਖ ਬਾਕ੍ਹ ਮਹਲਾ 5. ਸਵੱਯਾਂ ਦੇ ਦੋਹਾਂ ਹੀ ਸੰਗ੍ਰਹਾਂ ਦੀ ਕਰਮਵਾਰ ਵਿਚਾਰ ਕਰਨ ਲਈ ਇਕਾਗਰਤਾ ਅਤੇ ਬਿਬੇਕਤਾ ਜ਼ਰੂਰੀ ਹੈ। ਆਉ ਅਕਾਲ ਪੁਰਖ ਦੀ ਹਜ਼ੂਰੀ ਵਿੱਚ ਅਰਦਾਸ ਕਰੀਏ - ‘ਹੇ ਦਾਤਾਰ ਜੀਓ! ਅਸੀਂ ਹਾਰ ਹੁੱਟ ਕੇ ਤੇਰੇ ਦਰ ਤੇ ਆ ਪਏ ਹਾਂ, ਸਾਡੀ ਜੋਦੜੀ ਪਰਵਾਨ ਕਰਕੇ ਸਾਨੂੰ ਅਜੇਹੀ ਬਿਬੇਕ ਬੁੱਧੀ ਪਰਦਾਨ ਕਰੋ ਕਿ ਅਸੀਂ ਪੰਚਮ ਪਿਤਾ ਜੀ ਦੇ ਸਵੱਯਾਂ ਦੀ ਅਸਲੀਯਤ ਦੇ ਠੀਕ ਠੀਕ ਦਰਸ਼ਨ ਕਰ ਸਕੀਏ। -

ਨੌਂ ਸਵੱਯਾਂ ਦੇ ਪਹਿਲੇ ਸੰਗ੍ਰਹ ਵਿੱਚ ਸਤਿਗੁਰੂ ਜੀ ਨੇ ਸਤਿਗੁਰੂ ਨਾਨਕ ਸਾਹਿਬ ਜੀ ਦੀ ਨਹੀਂ ਸਗੋਂ “ਆਦਿ ਪੁਰਖ ਕਰਤਾਰ” ਦੀ ਉਸਤਤਿ ਲਿਖਣੀ ਅਰੰਭ ਕਰਕੇ ਅੰਤਲੀਆਂ ਦੋ ਪੰਗਤੀਆਂ ਵਿੱਚ ਸਤਿਗੁਰੂ ਨਾਨਕ ਸਾਹਿਬ ਲਈ ਕਹੇ ਬਚਨ- “ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ ਸਮਸਰਿ ਏਕ ਜੀਹ ਕਿਆ ਬਖਾਨੈ॥ ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ॥ 1॥” - {ਭਾਵ= (ਹਰੀ ਦਾ) ਭਗਤ ਸੇਵਕ (ਗੁਰੂ) ਨਾਨਕ (ਹਰੀ ਦੇ) ਦਰ ਤੇ ਪਰਵਾਨ (ਹੋਇਆ ਹੈ) ਤੇ ਹਰੀ ਵਰਗਾ ਹੇ) (ਮੇਰੀ) ਇੱਕ ਜੀਭ (ਉਸ ਗੁਰੂ ਨਾਨਕ ਦੇ) ਕੀਹ (ਗੁਣ) ਕਥਨ ਕਰ ਸਕਦੀ ਹੈ? ਮੈਂ (ਗੁਰੂ ਨਾਨਕ ਤੋਂ) ਸਦਕੇ ਹਾਂ, ਸਦਕੇ ਹਾਂ ਸਦਾ ਸਦਕੇ ਹਾਂ।’ - ਇਨ੍ਹਾਂ ਬਚਨਾ ਵਿੱਚ ਵੀ ਵਡਪੱਣ ਅਕਾਲ ਪੁਰਖ ਜੀ ਦਾ ਹੀ ਪ੍ਰਤੱਖ ਨਜ਼ਰੀਂ ਆ ਰਿਹਾ ਹੈ। ਪਰ ਨਾਲ ਹੀ ਸਤਿਗੁਰੂ ਨਾਨਕ ਸਾਹਿਬ ਜੀ ਪ੍ਰਤੀ ਪੰਚਮ ਸਤਿਗੁਰਾਂ ਦੀ ਅਪਾਰ ਸ਼ਰਧਾ ਵੀ ਛਲਕਾਰੇ ਮਾਰਦੀ ਦਰਸ਼ਨ ਦੇਂਦੀ ਹੋਈ, ਸਾਨੂੰ ਸਤਿਗੁਰਾਂ ਦੀ ਸਿਖਿਆ ਨਾਲ ਜੁੜ ਕੇ ਜੀਵਨ ਸੁਧਾਰ ਲੈਣ ਦਾ ਰਸਤਾ ਵਿਖਾ ਰਹੀ ਹੈ। ਅੱਗੇ ਚੌਥੇ ਸਵੱਯੇ ਤੱਕ ਏਵੇਂ ਹੀ ਪਹਿਲਾਂ ਅਕਾਲ ਪੁਰਖ ਦਾਤਾਰ ਜੀ ਦੀਆਂ ਬਖ਼ਸ਼ਸ਼ਾਂ ਦੇ ਅਪਾਰ ਭੰਡਾਰਿਆਂ ਦੀ, ਉਸ ਦੀ ਅਨੂਪਮ ਸ਼ਕਤੀ ਦੀ ਸੋਝੀ ਕਰਾ ਕੇ ਅੰਤਲੀਆਂ ਦੋਵੇ ਪੰਗਤੀਆਂ ਮੁੜ ਮੁੜ ਲਗ ਮਾਤ੍ਰ ਤੱਕ ਉਹੀ ਹਨ। ਪੰਜਵੇਂ ਸਵੱਯੇ ਦਾ ਅਰੰਭ- “ਨਿਰੰਕਾਰੁ ਆਕਾਰ ਅਛਲ ਪੂਰਨ ਅਬਿਨਾਸੀ॥” ਦੀ ਉਸਤਤਿ ਨਾਲ ਹੋਇਆ ਅਤੇ ਅੰਤਲੀਆਂ ਦੋ ਪੰਗਤੀਆਂ ਏਥੇ - “ਧੰਨਿ ਧੰਨਿ ਤੇ ਧੰਨਿ ਜਨ ਜਿਹ ਕ੍ਰਿਪਾਲੁ ਹਰਿ ਹਰਿ ਭਯਉ॥ ਹਰਿ ਗੁਰੁ ਨਾਨਕੁ ਜਿਨ ਪਰਸਿਅਉ ਸਿ ਜਨਮ ਮਰਣ ਦੁਹ ਥੇ ਰਹਿਓ॥ 5॥” ਅਰਥ:-ਭਾਗਾਂ ਵਾਲੇ ਹਨ ਉਹ ਮਨੁੱਖ ਜਿੰਨ੍ਹਾਂ ਉੱਤੇ ਹਰੀ ਦਇਆਵਾਨ ਹੋ ਗਿਆ ਹੈ। ਜਿੰਨ੍ਹਾਂ ਮਨੁੱਖਾਂ ਨੇ (ਉਪਰੋਕਤ ਗੁਣਾਂ ਵਾਲੇ) ਹਰੀ ਦੇ ਰੂਪ ਗੁਰੂ ਨਾਨਕ ਨੂੰ ਪਰਸਿਆ ਹੈ, ਉਹ ਜਨਮ ਮਰਨ ਦੋਹਾਂ ਤੋਂ ਬਚ ਗਏ ਹਨ। 5. ਏਵੇ ਹੀ ਛੇਵੇ ਸਵੱਯੇ ਵਿਚ-ਸਤਿ ਸਤਿ ਹਰਿ ਸਤਿ ਸਤਿ ਸਤੇ ਸਤਿ ਭਣੀਐ॥ ਦੂਸਰ ਆਨ ਨ ਅਵਰੁ ਪੁਰਖੁ ਪਊਰਾਤਨੁ ਸੁਣੀਐ॥ ਅੰਮ੍ਰਿਤੁ ਹਰਿ ਕੋ ਨਾਮੁ ਲੈਤ ਮਨਿ ਸਭ ਸੁਖ ਪਾਏ॥ ਜੇਹ ਰਸਨ ਚਾਖਿਓ ਤੇਹ ਜਨ ਤ੍ਰਿਪਤਿ ਅਘਾਏ॥

ਅਰਥ:-ਮਹਾਤਮਾ ਲੋਕ ਸਦਾ ਤੋਂ ਕਹਿੰਦੇ ਆਏ ਹਨ ਕਿ ਪਰਮਾਤਮਾ ਸਦਾ ਅਟੱਲ ਹੈ, ਸਦਾ ਕਾਇਮ ਰਹਿਣ ਵਾਲਾ ਹੈ, ਉਹ ਪ੍ਰਤੱਖ ਪੁਰਖ ਸੁਣੀਂਦਾ ਹੈ (ਭਾਵ, ਉਹ ਸਭ ਦਾ ਮੁੱਢ ਹੈ) ਕੋਈ ਹੋਰ ਦੂਜਾ ਉਹੇ ਵਰਗਾ ਸੁਣੀਦਾ ਹੈ। ਹੇ ਮਨ! ਜਿੰਨ੍ਹਾਂ ਨੇ ਹਰੀ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਲਿਆ ਹੈ ਉਨ੍ਹਾਂ ਨੂੰ ਸਾਰੇ ਸੁਖ ਲੱਭ ਪਏ ਹਨ। ਜਿਨ੍ਹਾਂ ਨੇ (ਨਾਮ ਅੰਮ੍ਰਿਤ-) ਜੀਭ ਨਾਲ ਚੱਖ ਲਿਆ ਉਹ ਮਨੁੱਖ ਰੱਜ ਗਏ ਹਨ (ਭਾਵ, ਜਿੰਨ੍ਹਾਂ ਨੇ ਨਾਮ-ਅੰਮ੍ਰਿਤ ਹਿਰਦੇ ਵਿੱਚ ਧਾਰਨ ਕਰ ਲਿਆ ਉਨ੍ਹਾਂ ਨੂੰ ਸੰਸਾਰੀ ਪਦਾਰਥਾਂ ਦੀ ਅਥਵਾ ਹੋਰ ਰਸਾਂ ਆਦਿ ਦੀ ਤਾਂਘ ਨਾ ਰਹੀ) ਅਂਤਲੀਆਂ ਦੋ ਪੰਗਤੀਆਂ-- ਜਿਹ ਠਾਕੁਰੁ ਸੁਪ੍ਰਸੰਨੁ ਭਯ+ ਸਤਸੰਗਤਿ ਤਿਹ ਪਿਆਰੁ॥ ਹਰਿ ਗੁਰੁ ਨਾਨਕੁ ਜਿਨੑ ਪਰਸਿਓ ਤਿਨੑ ਸਭ ਕੁਲ ਕੀਓ ਉਧਾਰੁ॥ 6॥

ਅਰਥ:-ਜਿੰਨ੍ਹਾਂ ਮਨੁੱਖਾਂ ਤੇ ਮਾਲਕ-ਪ੍ਰਭੂ ਦਇਆਵਾਨ ਹੋਇਆ ਹੈ, ਉਨਹਾਂ ਦਾ ਸਾਧ ਸੰਗਤਿ ਵਿੱਚ (ਪ੍ਰੇਮ ਪੈ ਗਿਆ ਹੈ)। (ਇਹੋ ਜਿਹੇ) ਹਰੀ ਰੂਪ ਗੁਰੂ ਨਾਨਕ (ਦੇ ਚਰਨਾ) ਨੂੰ ਜਿੰਨ੍ਹਾਂ ਨੇ ਪਰਸਿਆ ਹੈ, (ਭਾਵ, ਜਿਨ੍ਹਾਂ ਨੇ ਅਹੰਕਾਰ ਤਿਆਗ ਕੇ ਹਿਰਦੇ ਵਿੱਚ ਨਿਮਰਤਾ ਗ੍ਰਿਹਨ ਕਰ ਲਈ ਅਤੇ ਸਤਿਗੁਰਾਂ ਦੀ ਸਿਖਿਆ ਅਨੁਸਾਰ ਜੀਵਨ ਬਣਾ ਲਿਆ) ਉਨ੍ਹਾਂ ਮਨੁੱਖਾਂ ਨੇ ਆਪਣੀ ਸਾਰੀ ਕੁਲ ਦਾ ਬੇੜਾ ਬੰਨੇ ਲਾ ਲਿਆ। 6. ਏਵੇਂ ਹੀ ਨੌਵੇ ਸਵੱਯੇ ਤੱਕ ਉਸੇ ਪਰਮ ਸ਼ਕਤੀ ਅਕਾਲਪੁਰਖ ਦੀਆਂ ਵਡਿਆਈਆਂ ਦੇ ਵਰਣਨ ਮਗਰੋਂ ਅੰਤਲੀਆਂ ਦੋ ਪੰਗਤੀਆਂ ਵਿੱਚ ਪਰਮਾਤਮਾ ਦੀਆਂ ਮਿਹਰਾਂ ਦੇ ਪਾਤਰ ਬਣ ਚੁੱਕੇ ਸਤਿਗੁਰੂ ਨਾਨਕ ਸਾਹਿਬ ਜੀ ਦਾ ਜਸ ਹੈ। ਸਤਵੇਂ ਸਵੱਯੇ ਦੀਆਂ ਅੰਤਲੀਆਂ ਪੰਗਤੀਅ ਇਉਂ ਹਨ- “ਜਿਹ ਕ੍ਰਿਪਾਲੁ ਹੋਯਉ ਗ+ਬਿੰਦੁ ਸਰਬ ਸੁਖ ਤਿਨਹੂ ਪਾਏ॥ ਹਰਿ ਗੁਰੁ ਨਾਨਕੁ ਜਿਨੑ ਪਰਸਿਓ ਤੇ ਬਹੁੜਿ ਫਿਰਿ ਜੋਨਿ ਨ ਆਏ॥ 7॥” ਅਠਵੇਂ ਸਵੱਯੇ ਦੀਆਂ ਇਉਂ- “ਜਿਹ ਕਾਟੀ ਸਿਲਕ ਦਯਾਲ ਪ੍ਰਭਿ ਸੇਇ ਜਨ ਲਗੇ ਭਗਤੇ॥ ਹਰਿ ਗੁਰੁ ਨਾਨਕੁ ਜਿਨੑ ਪਰਸਿਓ ਤੇ ਇਤ ਉਤ ਸਦਾ ਮੁਕਤੇ॥ 8॥ ਉਂਵੇਂ ਹੀ ਅੰਤਲੇ ਨੌਵੇ ਸਵੱਯੇ ਵਿੱਚ ਉਸੇ ਆਦਿ, ਕਰਤਾਰ ਅੱਗੇ ਜੋਦੜੀ ਹੈ ਕਿ, ਉਹ ਆਪਣੇ ਨਾਮ-ਦਿਦਾਰਿਆਂ ਦੀ ਭਿਖਿਆ ਨਾਲ ਨਿਵਾਜੇ ਅਤੇ ਅੰਤਲੀਆਂ ਦੋ ਪੰਗਤੀਆਂ ਵਿੱਚ ਉਸੇ “ਆਦਿ” ਦਾ ਧੰਨਵਾਦ ਹੈ ਜਿਸ ਨੇ ਆਪਣਾ ਰੂਪ, ਸਤਿਗੁਰੂ ਨਾਨਕ ਸਾਹਿਬ ਜਗਤ ਵਿੱਚ ਭੇਜ ਕੇ ਵਿਕਾਰਾਂ ਦੇ ਘੁੱਪ ਹਨੇਰੇ ਵਿੱਚ ਗਿਆਨ ਦਾ ਸੂਰਜ ਉਦੈ ਕਰਨ ਵਾਲਾ ਉਪਕਾਰ ਕੀਤ੍ਹਾ ਹੈ। ਜਿਸ ਸੂਰਜ ਵਤ ਚਾਨਣ ਮੁਨਾਰੇ ਦੀ ਬਰਕਤਿ ਨਾਲ ਸੰਸਾਰੀ ਲੋਕ ਵਿਕਾਰ ਲਹਿਰਾਂ ਦੇ ਠਾਠਾਂ ਮਾਰਦੇ ਸੰਸਾਰ ਸਮੁੰਦਰ ਵਿਚੋਂ ਸਹੀ ਸਲਾਮਤ ਪਾਰ ਲੰਗੀ ਜਾ ਰਹੇ ਹਨ। ਉਹ ਅੰਤਲੀਆਂ ਪੰਗਤੀਆਂ ਇਸ ਪਰਕਾਰ ਹਨ- ਬਲਿਓ ਚਰਾਗੁ ਅੰਧ੍ਯ੍ਯਾਰ ਮਹਿ ਸਭ ਕਲਿ ਉਧਰੀ ਇੱਕ ਨਾਮ ਧਰਮ॥ ਪ੍ਰਗਟੁ ਸਗਲ ਹਰਿ ਭਵਨ ਮਹਿ ਜਨੁ ਨਾਨਕੁ ਗੁਰੁ ਪਾਰਬ੍ਰਹਮੁ॥ 9॥ {1387}

ਸਤਿਗੁਰੂ ਨਾਨਕ ਸਾਹਿਬ ਜੀ ਨੂੰ ਉਸ ਪ੍ਰਭੂ ਦਾ ਭਗਤ ਉਸ ਦਾ ਰੂਪ ਦਰਸਾਇਆ ਹੋਇਆ ਹੈ। ਪਰਮਾਤਮਾ ਦਾ ਰੂਪ ਕਹਿਣਾ ਕਿਸੇ ਦੀ ਕੋਈ ਉਚੇਚੀ ਵਡਿਆਈ ਨਹੀਂ, ਸਗੋ ਗੁਰੂ ਨਾਨਕ ਜੀ ਤਾਂ ਸਨ ਹੀ ਪਰਮਾਤਮਾ ਦਾ ਰੂਪ। ਉਂਜ ਵੀ ਗੁਰਮਤਿ ਵਿੱਚ ਕਈ ਥਾਈ ਮਨੁੱਖ ਨੂੰ ਪਰਮਾਤਮਾ ਦਾ ਰੂਪ ਪਰਮਾਤਮਾ ਵਰਗਾ ਹੀ ਲਿਖਿਆ ਮਿਲਦਾ ਹੈ, ਉਦਾਹਰਣ ਵਜੋਂ- (1) -ਕਬੀਰ ਪਾਨੀ ਹੂਆ ਤ ਕਿਆ ਭਇਆ ਸੀਰਾ ਤਾਤਾ ਹੋਇ॥ ਹਰਿ ਜਨੁ ਐਸਾ ਚਾਹੀਐ ਜੈਸਾ ਹਰਿ ਹੀ ਹੋਇ॥ 149 {1372} ਸਿੱਧ ਹੈ ਕਿ, ਅਜੇਹੀ ਹਾਲਤ ਜ਼ਰੂਰ ਬਣ ਜਾਂਦੀ ਹੈ ਜਿੱਥੇ ਮਨੱਖ ਹਰੀ ਜੇਹਾ ਹੋ ਜਾਂਦਾ ਹੈ। ਤਦੇ ਹੀ ਤਾਂ “ਹਰਿ ਹੀ ਜੈਸਾ” ਦੀ ਗੱਲ ਕੀਤੀ ਗਈ ਹੈ। ਦਰਸ਼ਨ ਕਰੋ ਹਰੀ ਦੇ ਰੂਪ ਸੇਵਕ: ਦੇ- (2) -ਹਰਿ ਕਾ ਸੇਵਕੁ ਸੋ ਹਰਿ ਜੇਹਾ॥ ਭੇਦੁ ਨ ਜਾਣਹੁ ਮਾਣਸ ਦੇਹਾ॥ ਜਿਉ ਜਲ ਤਰੰਗ ਉਠਹਿ ਬਹੁ ਭਾਤੀ ਫਿਰਿ ਸਲਲੈ ਸਲਲ ਸਮਾਇਦਾ॥ 8॥ {1976} (3) ਕਬੀਰ ਤੂੰ ਤੂੰ ਕਰਤਾ ਤੂ ਹੂਆ ਮੁਝ ਮਹਿ ਰਹਾ ਨ ਹੂੰ॥ ਜਬ ਆਪਾ ਪਰ ਕਾ ਮਿਟਿ ਗਇਆ ਜਤ ਦੇਖਉ ਤਤ ਤੂ॥ 204॥ {1375} - (4) -ਅਬ ਤਉ ਜਾਇ ਚਢੇ ਸਿੰਘਾਸਨਿ ਮਿਲੇ ਹੈ ਸਾਰਿੰਗਪਾਨੀ॥ ਰਾਮ ਕਬੀਰਾ ਏਕ ਭਏ ਹੈ ਕੋਇ ਨ ਸਕੈ ਪਛਾਨੀ॥ 6॥ 3॥ {969} - (5) -ਜੋ ਤੁਧੁ ਸੇਵਹਿ ਸੋ ਤੂਹੈ ਹੋਵਹਿ ਤੁਧੁ ਸੇਵਕ ਪੈਜ ਰਖਾਈ॥ 20 ॥ {758}

ਸੋ ਪਰਮਾਤਮਾ ਵਾਲੇ ਗੁਣਾ ਨਾਲ ਭਰਪੂਰ ਜੀਵਨ ਵਾਲੇ ਹੋਣ ਦੇ ਕਾਰਨ, ਪਰਮਾਤਮਾ ਦਾ ਰੂਪ ਬਣ ਚੁੱਕੇ, ‘ਸਤਿਗੁਰੂ ਨਾਨਕ ਸਾਹਿਬ ਜੀ’ ਨੂੰ ਆਦਿ ਪੁਰਖ ਕਰਤਾਰ ਦਾ ਰੂਪ ਲਿਖਣ ਵਿੱਚ ਉਚੇਚ ਕਿਹੜੀ ਦਿੱਸ ਪਈ? ਸਚੁ ਦੀ ਸੋਝੀ ਕਰਾਉਣ ਵਾਲੇ ਸ਼ਬਦਾਂ ਦੇ ਅਰਥ ਵਿਗਾੜ ਕੇ ਉਸ ਨੂੰ “ਗੁਰ ਨਾਨਕ ਜਸੁ ਪ੍ਰਿਥਮੈ ਗਾਯੋ॥ ਲਿਖਣ ਵਿੱਚ ਲਿਖਾਰੀ ਦੀ ਕੁਟਲਤਾ ਹੈ। ਸਤਿਗੁਰੂ ਸਾਹਿਬਾਨ ਨੇ, ਜਸ ਕੇਵਲ ਅਤੇ ਕੇਵਲ ਪਰਮਾਤਮਾ ਦਾ ਹੀ ਸਦਾ ਗਾਇਆ ਹੈ। ਦ੍ਰਿਸਟਿਮਾਨ ਸਾਰਾ ਸੰਸਾਰ ਨਾਸਵੰਤ ਹੈ, ਭਾਵ ਝੂਠ ਹੈ। ਅਜੇਹੀ ਕਿਸੇ ਵਸਤੂ. ਪਦਾਰਥ ਜੀਵ, ਅਥਵਾ ਅਖੀਆਂ ਨਾਲ ਵੇਖੇ ਜਾਣ ਵਾਲੇ ਕਿਸੇ ਵੀ ਵਜੂਦ ਨਾਲ ਸਨੇਹ ਜਾਂ ਸ਼ਰਧਾ ਬਣਾ ਬਹਿਣਾ, ਮੂਰਖਤਾਈ ਹੈ-- ਬਿਲਾਵਲ ਰਾਗ ਵਿੱਚ ਪੰਚਮ ਪਾਤਸ਼ਾਹ ਜੀ ਦਾ ਆਪਣਾ ਫ਼ੁਰਮਾਨ- “ਜੈਸਾ ਸੁਪਨਾ ਰੈਨਿ ਕਾ ਤੈਸਾ ਸੰਸਾਰ॥ ਦ੍ਰਿਸਟਿਮਾਨ ਸਭੁ ਬਿਨਸੀਐ ਕਿਆ ਲਗਹਿ ਗਵਾਰ”। ਦ੍ਰਿਸਟਿਮਾਨ ਮਨੁਖਾ ਸਰੀਰ ਬਾਰੇ ਗੁਰਬਾਣੀ ਦਾ ਉਚੇਚਾ ਫ਼ੁਰਮਾਨ- “ਜੋ ਤਨੁ ਉਪਜਿਆ ਸੰਗ ਹੀ ਸੋ ਭੀ ਸੰਗਿ ਨ ਹੋਇਆ॥” ਗੁਰੂ ਸਾਹਿਬਾਨ ਦੇ ਕਿਸੇ ਦ੍ਰਿਸ਼ਟਮਾਨ ਵਜੂਦ ਦੀ ਉਪਮਾ, ਝੂਠ ਦਾ ਜਸ ਗਾਉਣਾ ਹੁੰਦਾ ਹੈ। ਸਰੀਰ ਨੂੰ ਨਹੀਂ ਸਗੋਂ ਸ਼ਬਦ-ਗਿਆਨ, ਜੋ ਵੀ ਪਰਮਾਤਮਾ ਵਾਂਗ ਅਬਿਨਾਸ਼ੀ ਹੈ, ਕੇਵਲ ਉਸੇ ਨੂੰ ਗੁਰਮਤਿ ਨੇ ਗੁਰੂ ਮੰਨਣ ਦਾ ਉਪਦੇਸ਼ ਦ੍ਰਿੜ ਕਰਾਇਆ ਹੈ। ਸਤਿਗੁਰੂ ਸਾਹਿਬਾਨ ਜੀ ਦੇ ਦ੍ਰਿਸ਼ਟਮਾਨ ਸਰੂਪ, ਨਾਸਵੰਤ ਸੰਸਾਰ ਤੋਂ ਅਲੋਪ ਹੋ ਚੁੱਕੇ ਹਨ। ਪਰ ਉਨ੍ਹਾਂ ਦਾ ਸ਼ਬਦ-ਗਿਆਨ ਅਮਰ ਹੈ। ਉਨ੍ਹਾਂ ਦਸਾਂ ਹੀ ਪਾਵਨ ਵਜੂਦਾਂ ਵਿਚਲੇ ਉਸੇ ਗਿਆਨ ਤੋਂ ਅਗਵਾਈ ਲੈ ਕੇ ਜੀਵਨ ਦੀ ਜੁਗਤ ਸੁਧਾਰਨੀ ਹੁੰਦੀ ਹੈ। ਜ੍ਹਿੜਾ ਮਰਜ਼ੀ ਹੈ ਸ਼ਬਦ ਵਿਚਾਰ ਲਈਏ ਉਸਤਤਿ ਅਦ੍ਰਿਸ਼ਟ ਗੁਣਾ ਦੀ ਹੀ ਹੋ ਰਹੀ ਹੁੰਦੀ ਹੈ। ਪਰਮਾਤਮਾ ਦਾ ਹੀ ਰੂਪ ਬਣ ਜਾਣ ਦਾ ਗੁਰਮਤਿ-ਭਾਵ, ਪਰਮਾਤਮਾ ਦੇ ਗੁਣਾ ਦਾ ਧਾਰਨੀ ਬਣਨਾ ਹੀ ਹੈ। ਗੁਰੂ ਂਨਾਨਕ ਸਾਹਿਬ ਜੀ ਨੇ ਆਪਣੀ ਪਿਥਮ ਬਾਣੀ ‘ਜਪੁ’ ਵਿੱਚ ਹੀ ਸਪੱਸ਼ਟ ਸਮਝਾ ਦਿੱਤਾ ਹੈ ਕਿ ਜੇ ਨਾਮ ਜਪਣ ਵਾਲੇ ਸਾਦਕ ਆਪਣੇ ਜੀਵਨ ਵਿੱਚ ਪਰਮਾਤਮਾ ਵਾਲੇ ‘ਗੁਣ’ ਪੈਦਾ ਨਹੀਂ ਕਰ ਸਕੇ ਤਾਂ ਉਨ੍ਹਾਂ ਨੂੰ ਪ੍ਰਭੂ ਦੇ ਭਗਤ ਨਹੀਂ ਮੰਨਿਆ ਜਾ ਸਕਦਾ- “ਵਿਣੁ ਗੁਣ ਕੀਤੇ ਭਗਤਿ ਨ ਹੋਇ”। ਸੋ ਲਿਖਾਰੀ ਵਲੋਂ ਭੱਟਾਂ ਦੀ ਮੰਗ. .’ਕਿਹ ਬਿਧਿ ਉਸਤਤਿ ਗੁਰ ਕੀ ਕੱਯੋ॥ . . ਆਪ ਸਮਝਾਇ ਚਾਲ ਪ੍ਰਭ ਦੇਵੋ।’ ਦਰਸਾਉਣੀ ਗੁਰਮਤਿ ਵਿਰੋਧੀ ਖ਼ਤਰਨਾਕ ਹੁਸ਼ਿਆਰੀ ਹੈ।

ਸਵਯੇ ਸ੍ਰੀ ਮੁਖਬਾਕ੍ਯ੍ਯ ਮਹਲਾ 5॥ ਦੇ ਦੂਜੇ ਸੰਗ੍ਰਹ ਨੂੰ ਵੀ- ਜੇ ਇਕਾਗਰ ਚਿੱਤ ਹੋ ਬਬੇਕ ਬੁਧਿ ਨਾਲ ਪੜ੍ਹੀਏ ਤਾਂ ਸਪੱਸ਼ਟ ਹੋ ਜਾਂਦਾ ਹੈ ਕਿ, ਪੰਚਮ ਪਿਤਾ ਜੀ ਦੇ ਇਨ੍ਹਾਂ 11 ਸਵੱਯਾਂ ਵਾਲੇ ਸੰਗ੍ਰਹ ਵਿਚ, ਸਗੋਂ ਪ੍ਰਥਮ ਸਤਿਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਦੀ ਗੱਲ ਲਿਖਣੀ ਦੂਰ ਰਹੀ ਏਥੇ ਤਾਂ ਸਗੋਂ ਸਤਿਗੁਰੂ ਨਾਨਾਕ ਸਾਹਿਬ ਜੀ ਵੈਸਾ ਜ਼ਿਕਰ ਵੀ ਨਹੀਂ ਜੈਸਾ ਪਹਿਲੇ 9 ਸਵਯਾਂ ਵਾਲੇ ਸੰਗ੍ਰਹਿ ਦੀਆਂ ਅੰਤਲੱੀਆਂ ਪੰਗਤੀਆਂ ਹੈ। ਕੇਵਲ ‘ਨਾਨਕ’ ਨਾਮ ਉਵੇਂ ਹੀ ਆਇਆ ਹੈ ਜਿਵੇਂ ਬਾਕੀ ਸਾਰੀ ਬਾਣੀ ਵਿੱਚ ਸ਼ਬਦ ਦੇ ਅਖ਼ੀਰ ਵਿੱਚ ਵੇਖਦੇ ਹਾਂ।

ਤੀਜਾ ਪੱਖ-ਲਿਖਾਰੀ ਦੇ ਲਿਖੇ 639 ਚੌਪਈ ਵਿਚਲੇ ਇਨ੍ਹਾਂ ਬਚਨਾਂ ਵਾਲਾ- ‘ਕਿਹ ਬਿਧਿ ਉਸਤਤਿ ਗੁਰ ਕੀ ਕੱਯੋ॥ . . ਆਪ ਸਮਝਾੲਇ ਚਾਲ ਪ੍ਰਭ ਦੇਵੋ'- ਅਨੁਸਾਰ ਕੀ, ਸਤਿਗੁਰੂ ਜੀ ਨੇ ਵਾਕਿਆ ਆਪਣੀ ਉਸਤਤਿ ਲਿਖਣ ਦੇ ਪੂਰਨੇ ਹੀ ਪਾਏ ਸਨ? ਕੀ, ਭੱਟਾਂ ਦੀ ਬਾਣੀ ਦਾ ਲਿਖਣ ਢੰਗ ਪੰਚਮ ਪਾਤਸ਼ਾਹ ਜੀ ਵਰਗਾ ਹੀ ਹੈ? ਆਉਂ ਟਾਕਰਾ ਕਰ ਵੇਖਦੇ ਹਾਂ:--

ਸਵਯੇ ਸ੍ਰੀ ਮਖ ਬਾਕੁ ਮਹਲਾ 5 ਦੇ ਪਹਿਲੇ ਸੰਗ੍ਰਹਿ ਵਾਲੇ ਅਸਾਂ 9 ਸਵੀਏ ਲਗ ਪਗ ਵਿਚਾਰ ਲਏ ਹਨ, ਏਥੇ ਹੁਣ 11 ਸਵਯਾਂ ਵਾਲੇ ਦੂਜੇ ਸੰਗ੍ਰਹ ਦਾ ਪਹਿਲਾ ਸਵੱਯਾ:--

70- ਸਵਯੇ ਸ੍ਰੀ ਮੁਖਬਾਕ੍ਯ੍ਯ ਮਹਲਾ 5 ੴ ਸਤਿਗੁਰ ਪ੍ਰਸਾਦਿ॥

ਕਾਚੀ ਦੇਹ ਮੋਹ ਫੁਨਿ ਬਾਂਧੀ ਸਠ ਕਠੋਰ ਕੁਚੀਲ ਕੁਗਿਆਨੀ॥ ਧਾਵਤ ਭ੍ਰਮਤ ਰਹਨੁ ਨਹੀ ਪਾਵਤ ਪਾਰਬ੍ਰਹਮ ਕੀ ਗਤਿ ਨਹੀ ਜਾਨੀ॥ ਜੋਬਨ ਰੂਪ ਮਾਇਆ ਮਦ ਮਾਤਾ ਬਿਚਰਤ ਬਿਕਲ ਬਡੌ ਅਭਿਮਾਨੀ॥ ਪਰ ਧਨ ਪਰ ਅਪਵਾਦ ਨਾਰਿ ਨਿੰਦਾ ਯਹ ਮੀਠੀ ਜੀਅ ਮਾਹਿ ਹਿਤਾਨੀ॥ ਬਲਬੰਚ ਛਪਿ ਕਰਤ ਉਪਾਵਾ ਪੇਖਤ ਸੁਨਤ ਪ੍ਰਭ ਅੰਤਰਜਾਮੀ॥ ਸੀਲ ਧਰਮ ਦਯਾ ਸੁਚ ਨਾਸਿ੍ਤ ਆਇਓ ਸਰਨਿ ਜੀਅ ਕੇ ਦਾਨੀ॥ ਕਾਰਣ ਕਰਣ ਸਮਰਥ ਸਿਰੀਧਰ ਰਾਖਿ ਲੇਹੁ ਨਾਨਕ ਕੇ ਸੁਆਮੀ॥ 1॥ ਕੀਰਤਿ ਕਰਨ ਸਰਨ ਮਨਮੋਹਨ ਜੋਹਨ ਪਾਪ ਬਿਦਾਰਨ ਕਉ॥ ਹਰਿ ਤਾਰਨ ਤਰਨ ਸਮਰਥ ਸਭੈ ਬਿਧਿ ਕੁਲਹ ਸਮੂਹ ਉਧਾਰਨ ਸਉ॥ ਚਿਤ ਚੇਤਿ ਅਚੇਤ ਜਾਨਿ ਸਤਸੰਗਤਿ ਭਰਮ ਅੰਧੇਰ ਮੋਹਿਓ ਕਤ ਧਂਉ॥ ਮੂਰਤ ਘਰੀ ਚਸਾ ਪਲੁ ਸਿਮਰਨ ਰਾਮ ਨਾਮੁ ਰਸਨਾ ਸੰਗਿ ਲਉ॥ ਹੋਛਉ ਕਾਜੁ ਅਲਪ ਸੁਖ ਬੰਧਨ ਕੋਟਿ ਜਨੰਮ ਕਹਾ ਦੁਖ ਭਂਉ॥ ਸਿਖ੍ਯ੍ਯਾ ਸੰਤ ਨਾਮੁ ਭਜੁ ਨਾਨਕ ਰਾਮ ਰੰਗਿ ਆਤਮ ਸਿਉ ਰਂਉ॥ 2 {1387}

ਅਰਥ:-ਮੈਂ ਦੁਰਜਨ ਹਾਂ, ਕਠੋਰ-ਦਿਲ ਹਾਂ, ਮੰਦੇ ਕੰਮਾ ਵਿੱਚ ਲੱਗਾ ਰਹਿੰਦਾ ਹਾਂ ਅਤੇ ਮੂਰਖ ਹਾਂ। (ਇਕ ਤਾਂ ਅੱਗੇ ਹੀ ਮੇਰਾ) ਸਰੀਰ ਨਾਸਵੰਤ ਹੈ, ਉੱਤੋਂ ਸਗੋਂ ਇਹ ਮੋਹ ਨਾਲ ਜਕੜਿਆ ਪਿਆ ਹੈ, (ਇਸ ਮੋਹ ਦੇ ਕਾਰਣ) ਭਟਕਦਾ ਫਿਰਦਾ ਹਾਂ, (ਮਨ) ਟਿਕਦਾ ਨਹੀ ਹੈ, ਤੇ ਨਾ ਹੀ ਮੈਂ ਇਹ ਜਾਣਿਆ ਹੈ ਕਿ ਪਰਮਾਤਮਾ ਕਿਹੋ ਜਿਹਾ ਹੈ। ਮੈਂ, ਜੁਆਨੀ, ਸੋਹਣੀ ਸ਼ਕਲ ਤੇ ਮਾਇਆ ਦੇ ਮਾਣ ਵਿੱਚ ਮਸਤ ਹੋਇਆ ਹਾਂ, ਆਪਣੇ ਆਪ ਨੂੰ ਭੁਲਾ ਕੇ ਭਟਕ ਰਿਹਾ ਹਾਂ ਅਤੇ ਬੜਾ ਅਹੰਕਾਰੀ ਹਾਂ। ਪਰਾਇਆ ਧਨ, ਪਰਾਈ ਬਖੀਲੀ, ਪਰਾਈ ਇਸਤਰੀ ਵਲ ਮੰਦੀ ਨਿਗਾਹ ਨਾਲ ਤੱਕਣਾ, ਤੇ ਪਰਾਈ ਨਿੰਦਾ-ਇਹ ਗੱਲਾਂ ਮੈਨੂੰ ਆਪਣੇ ਹਿਰਦੇ ਵਿੱਚ ਮਿੱਠੀਆਂ ਲੱਗਦੀਆਂ ਹਨ। ਹੇ ਅੰਤਰਜਾਮੀ ਪ੍ਰਭੂ! ਮੈਂ ਲੁਕ ਲੁਕ ਕੇ ਠੱਗੀ ਦੇ ਉਪਰਾਲੇ ਕਰਦਾ ਹਾਂ (ਪਰ) ਤੂੰ ਵੇਖਦਾ ਤੇ ਸੁਣਦਾ ਹੈ। ਹੇ ਜੀਅ ਦਾਨ ਦੇਣ ਵਾਲੇ! ਮੇਰੇ ਵਿੱਚ ਨਾ ਸੀਲ ਹੈ ਨਾ ਧਰਮ ਹੈ, ਨਾ ਦਇਆ ਹੈ ਨਾ ਸੁੱਚ ਹੈ॥ ਮੈਂ ਤੇਰੀ ਸਰਨ ਆਇਆ ਹਾਂ। ਹੇ ਸ੍ਰਿਸ਼ਟੀ ਦੇ ਸਮਰੱਥ ਕਰਤਾਰ! ਹੇ ਮਾਇਆ ਦੇ ਮਾਲਕ! ਹੇ ਨਾਨਕ ਦੇ ਸੁਆਮੀ! (ਮੈਨੂੰ ਵਿਕਾਰਾਂ ਤੋਂ) ਰੱਖ ਲੈ। 1.

ਮਨ ਨੂੰ ਮੋਹ ਲੈਣ ਵਾਲੇ ਹਰੀ ਦੀ ਸਫ਼ਿਤਿ-ਸਾਲਾਹ ਕਰਨੀ ਤੇ ਉਸ ਦੀ ਸਰਨੀ ਪੈਣਾ (ਜੀਵਾਂ ਦੇ) ਪਾਪਾਂ ਦਾ ਨਾਸ ਕਰਨ ਲਈ ਇਹ ਸਮਰੱਥ ਹਨ (ਭਾਵ, ਹਰੀ ਦੀ ਸਰਨ ਪੈ ਕੇ ਉਸ ਦਾ ਜਸ ਕਰੀਏ ਤਾਂ ਪਾਪ ਦੂਰ ਹੋ ਜਾਂਦੇ ਹਨ)। ਹਰੀ (ਜੀਆਂ ਨੂੰ ਸੰਸਾਰ-ਸਾਗਰ ਤੋਂ) ਤਾਰਨ ਲਈ ਜਹਾਜ਼ ਹੈ ਅਤੇ (ਭਗਤ ਜਨਾਂ ਦੀਆਂ) ਅਨੇਕਾਂ ਕੁਲਾਂ ਨੂੰ ਪਾਰ ਉਤਾਰਨ ਲਈ ਪੂਰਨ ਤੌਰ ਤੇ ਸਮਰੱਥ ਹੈ। ਹੇ ਮੇਰੇ ਗ਼ਾਫ਼ਲ ਮਨ! (ਰਾਮ ਨੂੰ) ਸਿਮਰ, ਸਾਧ ਸੰਗਤਿ ਨਾਲ ਸਾਂਝ ਪਾ, ਭਰਮ-ਰਪ ਹਨੇਰੇ ਦਾ ਮੁਠਿਆ ਹੋਇਆ (ਤੂੰ) ਕਿੱਧਰ ਭਟਕਦਾ ਫਿਰਦਾ ਹੈਂ? ਮਹੂਰਤ ਮਾਤ੍ਰ, ਘੜੀ ਭਰ, ਚਸਾ ਪਾਤ੍ਰ ਜਾਂ ਪਲ ਭਰ ਹੀ ਰਾਮ ਦਾ ਸਿਮਰਨ ਕਰ, ਜੀਭ ਨਾਲ ਰਾਮ ਦਾ ਨਾਮ ਸਿਮਰ। (ਇਹ ਦੁਨੀਆ ਦਾ) ਧੰਧਾ ਸਦਾ ਨਾਲ ਨਿਭਨ ਵਾਲਾ ਨਹੀਂ ਹੈ (ਮਾਇਆ ਦੇ ਇਹ) ਥੋੜੇ ਜਿਹੇ ਸੁਖ (ਜੀਵ ਨੂੰ) ਫਸਾਉਣ ਦਾ ਕਾਰਨ ਹਨ; (ਇਨ੍ਹਾਂ ਦੀ ਖ਼ਾਤਰ) ਕਿੱਥੇ ਕ੍ਰੋੜਾਂ ਜਨਮਾਂ ਤਾਈਂ (ਤੂ) ਦੁੱਖਾਂ ਵਿੱਚ ਭਟਕਦਾ ਫਿਰੇਂਗਾ? ਤਾਂ ਤੇ, ਹੇ ਨਾਨਕ! ਸੰਤਾਂ ਦਾ ਉਪਦੇਸ਼ ਲੈ ਕੇ ਨਾਮ ਸਿਮਰ, ਤੇ ਰਾਮ ਦੇ ਰੰਗ ਵਿਚ) ਮਗਨ ਹੋ ਕੇ) ਆਪਣੇ ਅਂਦਰ ਹੀ ਆਨੰਦ ਲੈ॥ 2.

ਆਉ ਹੁਣ ਭੱਟ ਭਗਤਾਂ ਦੇ ਪਹਿਲੇ ਦੋ ਸਵਯੇ ਵਿਚਾਰ ਵੇਖੀਏ:--

71- ਸਵਈਏ ਮਹਲੇ ਪਹਿਲੇ ਕੇ 1 ੴ ਸਤਿਗੁਰ ਪ੍ਰਸਾਦਿ॥

ਇਕ ਮਨਿ ਪੁਰਖੁ ਧਿਆਇ ਬਰਦਾਤਾ॥ ਸੰਤ ਸਹਾਰੁ ਸਦਾ ਬਿਖਿਆਤਾ॥ ਤਾਸੁ ਚਰਨ ਲੇ ਰਿਦੈ ਬਸਾਵਉ॥ ਤਉ ਪਰਮ ਗੁਰੂ ਨਾਨਕ ਗੁਨ ਗਾਵਉ॥ 1 ਗਾਵਉ ਗੁਨ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਣ ਸਬਦ ਸਰੇ॥ ਗਾਵਹਿ ਗੰਭੀਰ ਧੀਰ ਮਤਿ ਸਾਗਰ ਜੋਗੀ ਜੰਗਮ ਧਿਆਨੁ ਧਰੇ॥ ਗਾਵਹਿ ਇੰਦ੍ਰਾਦਿ ਭਗਤ ਪ੍ਰਹਿਲਾਦਿਕ ਆਤਮ ਰਸੁ ਜਿਨਿ ਜਾਣਿਓ॥ ਕਬਿ ਕਲ ਸੁਜਸੁ ਗਾਵਉ ਗੁਰ ਨਾਨਕ ਰਾਜੁ ਜੋਗੁ ਜਿਨਿ ਮਾਣਿਓ॥ 2 ॥ {1389}

{ਨੋਟ:-ਅਰਥ ਵਿਚਾਰ ਤੋਂ ਪਹਿਲਾਂ ਪਾਠਕ ਸੱਜਣ ਸਤਿਗੁਰਾਂ ਤੋਂ ਭੱਟਾਂ ਦੇ ਲਿਖਣ ਵਿੱਚ ਪਹਿਲੀ ਸਪੱਸ਼ਟ ਭਿੰਨਤਾ ਫ਼ਿਰਕ ਨੋਟ ਕਰਨ ਕਿ ਸਤਿਗੁਰੂ ਜੀ ਨੇ ‘ਸਵਯੇ ਪਦ ‘ਯ’ ਅੱਖਰ ਦੀ ਵਰਤੋਂ ਨਾਲ ਲਿਖਿਆ ਹੈ, ਪਰ ਭਟ ਵਿਦਵਾਨਾ ਨੇ ‘ੲ’ ਅੱਖਰ ਨਾਲ ਸਵਈਏ ਪਦ ਲਿਖਿਆ ਹੈ। ਸੋ ਲਿਖਾਰੀ ਦੀ ਇਹ ਕਹਿਣਾ ਕਿ, ਪੰਚਮ ਪਾਤਸ਼ਾਹ ਜੀ ਨੇ ਭੱਟਾ ਲਈ ਪੂਰਨੇ ਪਾਏ ਸਨ, ਠੀਕ ਨਹੀਂ ਹੈ। ਆਉ ਹੁਣ ਅਰਥ ਵੀ ਵਿਚਾਰ ਲਈਏ:-

ਅਰਥ:-ਬਖ਼ਸ਼ਸ਼ਾਂ ਕਰਨ ਵਾਲਾਸ ਵਲੇ, ਉਸ ਅਕਾਲ ਪੁਰਖ ਨੂੰ ਇਕਾਗ੍ਰ ਮਨ ਨਾਲ ਸਿਮਰ ਕੇ, ਜੋ ਸੰਤਾਂ ਦਾ ਆਸਰਾ ਹੈ, ਮੈਂ ਉਸ ਦੇ ਚਰਨ ਆਪਣੇ ਹਿਰਦੇ ਵਿੱਚ ਟਿਕਾਉਂਦਾ ਹਾਂ ਅਤੇ (ਇਨ੍ਹਾਂ ਦੀ ਬਰਕਤਿ ਨਾਲ) ਪਰ ਸਤਿਗੁਰੂ ਨਾਨਕ ਸਾਹਿਬ ਜੀ ਦੇ ਗੁਣ ਗਾਉਂਦਾ ਹਾਂ। 1. ਮੈਂ ਉਸ ਪਰਮ ਗੁਰੂ ਨਾਨਕ ਦੇਵ ਜੀ ਦੇ ਗੁਣ ਗਾਉਂਦਾ ਹਾਂ ਜੋ ਪਾਪਾਂ ਦੇ ਦੂਰ ਕਰਨ ਵਾਲਾ ਹੈ ਅਤੇ ਜੋ ਬਾਣੀ ਦਾ ਸੋਮਾ ਹੈ। (ਗੁਰੂ ਨਾਨਕ ਨੂੰ) ਜੋਗੀ, ਜੰਗਮ ਧਿਆਨੱ ਧਰ ਕੇ ਗਾਉਂਦੇ ਹਨ ਜੋ ਗੰਭੀਰ ਜੰਗਮ ਅਤੇ ਜੋ ਗੰਭੀਰ ਹਨ, ਧੀਰਜਵਾਨ ਹਨ ਅਤੇ ਉੱਚੀ ਮਤ ਵਾਲੇ ਹਨ। ਜਿਸ ਗੁਰੂ ਨਾਨਕ ਨੇ ਆਤਮਕ ਆਨੰਦ ਜਾਣਿਆ ਹੈ, ਉਸ ਨੂੰ ਇੰਦਰ ਆਦਿ (ਦੇਵਤੇ) ਅਤੇ ਪ੍ਰਲਿਾਦ ਆਦਿਕ ਭਗਤ ਗਾਉਂਦੇ ਹਨ। ਕੱਲ ਕਵੀ (ਆਖਦਾ ਹੈ) ਮੈਂ ਉਸ ਗੁਰੂ ਨਾਨਕ ਜੀ ਦੇ ਸੋਹਣੇ ਗੁਣ ਗਾਉਂਦਾ ਹਾਂ ਜਿਸ ਨੇ ਰਾਜ ਤੇ ਜੋਗ ਮਾਣਿਆ ਹੈ (ਭਾਣ, ਜੋ ਗ੍ਰਿਹਤੀ ਵੀ ਹੈ, ਤੇ ਨਾਲ ਹੀ ਮਾਇਆ ਤੋਂ ਉਪਰਾਮ ਹੋ ਕੇ ਹਰੀ ਦੇ ਨਾਲ ਜੁੜਿਆ ਹੋਇਆ ਹੈ)। 2.

ਸੂਝਵਾਨ ਪਾਠਕ ਸੱਜਣ ਸਪੱਸ਼ਟ ਵੇਖ ਸਕਦੇ ਹਨ ਕਿ ਭੱਟ ਭਗਤਾਂ ਦੇ ਲਿਖਣ ਢੰਗ, ਸਤਿਗੁਰੂ ਜੀ ਦੇ ਲਿਖਣ ਢੰਗ ਤੋਂ ਜ਼ਰਾ ਵੀ ਪ੍ਰਭਾਵਤ ਹੋਇਆ ਨਜ਼ਰ ਨਹੀਂ ਆਉਂਦਾ। ਡੇਰਾਵਾਦ ਉਪਜਿਆ ਹੀ ਬ੍ਰਾਹਮਣਵਾਦ ਨੂੰ ਸਿੱਖੀ ਵਿੱਚ ਵਾੜਨ ਲਈ ਸੀ ਏਹੀ ਕਾਰਨ ਹੈ ਕਿ, ਭਿੰਡਰਾਂ ਵਾਲੀ ਟਕਸਾਲ ਵਿਚੋਂ ਪੜ੍ਹੇ ਪਰਚਾਰਕ ਅਤੇ ਗ੍ਰੰਥੀ ਵੀ ਅਸਲੀਯਤ ਤੋਂ ਅਗਿਆਨੀ ਹੋਣ ਦੇ ਕਾਰਨ ਸਗੋਂ ਡੱਟ ਕੇ ਕਹਿ ਰਹੇ ਹੁੰਦੇ ਹਨ ਕਿ ਭੱਟਾਂ ਕੋਲੋਂ ਉਸਤਤਿ ਵਾਲੇ ਸਵੱਯੇ ਸਤਿਗੁਰੂ ਜੀ ਨੇ ਆਪ ਕਹਿ ਕੇ ਲਿਖਵਾਏ ਸਨ। ਉਪਰੋਕਤ ਵਿਚਾਰ ਤੋਂ ਸਪੱਸ਼ਟ ਹੈ ਕਿ, ਅਜੇਹੀ ਵਿਚਾਰ ਮਨ ਵਿੱਚ ਆਉਣ ਦੇਣੀ ਬਦਕਿਸਮਤੀ ਦੀ ਨਿਸ਼ਾਨੀ, ਸਤਿਗਰੂ ਜੀ ਦੀ ਨਿੰਦਿਆ ਕਰਨ ਦਾ ਦੋਸ਼ ਹੈ॥

ਵਿਚਾਰ ਦਾ ਸਿੱਟਾ-ਲਿਖਾਰੀ ਦੀ ਇਹ ਗੱਲ ਕਿ, (-ਵਿੰਸ ਸਵੱਯੇ ਸ੍ਰੀ ਮੁਖਿ ਰਰੇ। ਪਾਰਬ੍ਰਮਹਮ ਜਸਹ ਬਰਨਨ ਕਰੇ)। ਸਤਿਗੁਰੂ ਜੀ ਨੇ ਆਪਣੇ ਮੁਖਾਰਬਿੰਦ ਵਿਚੋਂ ਪਰਮਾਤਮਾ ਦੀ ਉਸਤਤਿ ਵਿੱਚ ਕੁਲ ਵੀਹ ਸਵੱਯੇ ਉਚਾਰਨ ਕੀਤੇ ਸਨ-ਂ “ਗੁਰ ਨਾਨਕ ਜਸੁ ਪ੍ਰਿਥਮੈ ਗਾਯੋ” (ਉਨ੍ਹਾਂ ਵੀਹਾਂ) ਸਵੱਯਾਂ ਵਿੋਂਚੋ (ਕੁਝ ਵਿਚ,) ਗੁਰੂ ਨਾਨਕ ਸਾਹਿਬ ਜੀ ਦੀ ਉਸਤਤਿ ਗਾਈ ਹੋਈ ਹੈ ‘- ਬਿਲਕੁਲ ਨਿਰ-ਅਧਾਰ ਸਿੱਧ ਹੋ ਚੁੱਕੀ ਹੈ। ਨਾ ਸਾਰੇ ਵੀਹ ਸਵੱਯੇ ਕੇਵਲ ਪਰਮਾਤਮਾ ਦੀ ਉਸਤਤਿ ਵਿੱਚ ਹਨ, ਅਤੇ ਨਾ ਹੀ ਕੋਈ ਇੱਕ ਵੀ ਪੂਰਾ ਸਵੱਯਾ ਸਤਿਗੁਰੂ ਨਾਨਕ ਸਾਹਿਬ ਦੀ ਉਸਤਤਿ ਵਿੱਚ ਲਿਖਿਆ ਮਿਲਿਆ ਹੈ।

ਲਿਖਾਰੀ ਦੀ ਤੀਜੀ ਇਹ ਗਲ ‘ਸਮਝ ਚਾਲ ਤਿਹ ਜਸੁ ਪ੍ਰਗਟਾਯੇ’ ਵੀ ਮੁਢੋਂ ਝੂਠੀ ਅਤੇ ਮਨ ਘੜਤ ਹੈ ਕਿ, ਸਤਿਗੁਰੂ ਅਰਜਨ ਸਾਹਿਬ ਜੀ ਦੇ ਲਿਖੇ 20 ਸਵੱਯਾਂ ਤੋ, ਭੱਟਾਂ ਨੇ ਗੁਰੂ ਸਾਹਿਬਾਨ ਦੀ ਉਸਤਤਿ ਲਿਖਣ ਲਈ ਕੋਈ ਸਿਖਿਆ ਜਾਂ ਸੇਧ ਲਈ ਸੀ।

ਵਿਚਾਰ ਅਧੀਨ “ਗੁਰ ਬਿਲਾਸ ਪਾਤਸ਼ਾਹੀ 6” ਪੁਸਤਕ ਦੀ ਸੰਪਾਦਨਾ ਕਰਨ ਵਾਲੇ ਅਤੇ ਪ੍ਰਸੰਸਾ ਪੱਤਰਾਂ-ਰੂਪ ਬਖ਼ਸ਼ਸ਼ਾਂ ਦੀ ਝੜੀ ਲਾਉਣ ਵਾਲੇ, ਸਾਡੇ ਸਿੰਘ ਸਾਹਿਬਾਨ ਨੂੰ, ਅਥਵਾ ਦੂਜੀਆਂ ਪ੍ਰਤਿਸ਼ਟਤ ਵਿਭੂਤੀਆਂ ਨੂੰ ਨਿਰੰਦੇਹ ਚੰਗੀ ਤਰ੍ਹਾਂ ਪਤਾ ਹੋਣਾ ਹੈ ਕਿ, (ਲਿਖਾਰੀ ਦੇ ਦਰਸਾਏ ਅਨੁਸਾਰ) ਪਹਿਲਾਂ ਸਤੇ ਬਲਵੰਡ ਨੂੰ ਸਰਾਪ ਦੀ ਬਹੁਰੰਗੀ ਮਾਰ ਚਾੜ੍ਹ ਕੇ ਡਰਾ ਲਿਆ, ਤੇ ਫਿਰ ਡਰੇ ਹੋਏ ਉਨ੍ਹਾਂ ਗ਼ਰੀਬ ਡੂਮਾਂ ਕੋਲੋਂ, ਰਾਮਕਲੀ ਰਾਗ ਵਿਚਲੀ (ਸਤਿਗੁਰਾਂ ਦੀ ਜੀਵਨ ਕਥਾ ਨਾਲ ਸੰਬਧਤ) ਵਾਰ-ਰੂਪ ਉਸਤਤਿ ਲਿਖਵਾ ਲਈ। ਅਤੇ ਹੁਣ ਏਥੇ, ਲਿਖਣ ਤੋਂ ਅਸਮਰਥਾ ਦਰਸਾ ਰਹੇ ਭੱਟਾਂ ਨੂੰ, ਉਸਤਤਿ ਲਿਖਣੀ ਸਿਖਾ ਕੇ ਪੰਚਮ ਪਾਤਸ਼ਾਹ ਜੀ ਨੂੰ ਆਪਣੀ ਉਸਤਤਿ ਆਪ ਕਹਿ ਕਹਿ ਕੇ ਲ਼ਿਖਵਾਉਂਦੇ ਦਰਸਾ ਕੇ, ਗੁਰਬਾਣੀ ਦੀ ਪਾਂਵਨਤਾ ਅਤੇ ਸ਼ੁੱਧਤਾ ਬਾਰੇ ਵਿਸ਼ਵਾਸ਼ ਦੇ ਸਾਹਮਣੇ ਬੜਾ ਮੋਟਾ ਪ੍ਰਸ਼ਨ-ਚਿਨ੍ਹ (?) ਖੜਾ ਕਰ ਦਿੱਤਾ। ਅਜੇਹਾ ਕਰਕੇ ਲਿਖਾਰੀ ਨੇ ਗੁਰਬਾਣੀ ਦੇ ਇਨ੍ਹਾਂ ਪਾਵਨ ਬਚਨਾ ਦੀ ਵੀ ਨਿਰਾਦਰੀ ਕੀਤੀ ਹੈ- (ੳ) - “ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰ॥ ਜਿਉ ਕਾਸੀ ਉਪਦੇਸੁ ਹੋਇ ਮਾਨਸ ਮਰਤੀ ਬਾਰ॥ 3॥ ਕੋਈ ਗਾਵੈ ਕੋ ਸੁਣੈ ਹਰਿ ਨਾਮਾ ਚਿਤੁ ਲਾਇ॥ ਕਹੁ ਕਬੀਰ ਸੰਸਾ ਨਹੀ ਅੰਤਿ ਪਰਮ ਗਤਿ ਪਾਇ॥ 4॥ 1॥ 4॥ 55॥ {335} {ਲੋੜ ਸਮਝੀ ਜਾਵੇ ਤਾਂ ਅਰਥ ਸਮਝਣ ਲਈ ਪੜ੍ਹੋ-’ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ’ ਦੂਜੀ ਪੋਥੀ ਸਫ਼ਾ 937} (ਅ) - ਧੁਰ ਕੀ ਬਾਣੀ ਆਈ॥ ਤਿਨਿ ਸਗਲੀ ਚਿੰਤ ਮਿਟਾਈ॥ ਦਇਆਲ ਪੁਰਖ ਮਿਹਰਵਾਨਾ॥ ਹਰਿ ਨਾਨਕ ਸਾਚੁ ਵਖਾਨਾ 2॥ 13 ॥ 77॥ {628} (ੲ) - ਵਾਹੁ ਵਾਹੁ ਬਾਣੀ ਸਚੁ ਹੈ ਸਚਿ ਮਿਲਾਵਾ ਹੋਇ॥ ਨਾਨਕ ਵਾਹੁ ਵਾਹੁ ਕਰਤਿਆ ਪ੍ਰਭੁ ਪਾਇਆ ਕਰਮਿ ਪਰਾਪਤਿ ਹੋਇ॥ 1॥ {514} - (ਸ) -ਜਨੁ ਨਾਨਕੁ ਬੋਲੈ ਅੰਮ੍ਰਿਤ ਬਾਣੀ॥ ਗੁਰਸਿਖਾਂ ਕੈ ਮਨਿ ਪਿਆਰੀ ਭਾਣੀ॥ ਉਪਦੇਸੁ ਕਰੇ ਗੁਰੁ ਸਤਿਗੁਰੁ ਪੂਰਾ ਗੁਰੁ ਸਤਿਗੁਰੁ ਪਰਉਪਕਾਰੀਆ ਜੀਉ॥ 4॥ 7॥ {96} - (ਹ) -ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥ ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥ 5॥ {983} - (ਕ) -ਤਪਤਿ ਬੁਝਾਨੀ ਅੰਮ੍ਰਿਤ ਬਾਨੀ ਤ੍ਰਿਪਤੇ ਜਿਉ ਬਾਰਿਕ ਖੀਰ॥ ਮਾਤ ਪਿਤਾ ਸਾਜਨ ਸੰਤ ਮੇਰੇ ਸੰਤ ਸਹਾਈ ਬੀਰ॥ 1॥ ਖੁਲੇ ਭ੍ਰਮ ਭੀਤਿ ਮਿਲੇ ਗੋਪਾਲਾ ਹੀਰੈ ਬੇਧੇ ਹੀਰ॥ ਬਿਸਮ ਭਏ ਨਾਨਕ ਜਸੁ ਗਾਵਤ ਠਾਕੁਰ ਗੁਨੀ ਗਹੀਰ॥ 2॥ 2॥ 3॥ {978} (ਖ) -ਰਤਨਾ ਰਤਨ ਪਦਾਰਥ ਬਹੁ ਸਾਗਰੁ ਭਰਿਆ ਰਾਮ॥ ਬਾਣੀ ਗੁਰਬਾਣੀ ਲਾਗੇ ਤਿਨੑ ਹਥਿ ਚੜਿਆ ਰਾਮ॥ ਗੁਰਬਾਣੀ ਲਾਗੇ ਤਿਨੑ ਹਥਿ ਚੜਿਆ ਨਿਰਮੋਲਕੁ ਰਤਨੁ ਅਪਾਰਾ॥ ਹਰਿ ਹਰਿ ਨਾਮੁ ਅਤੋਲਕੁ ਪਾਇਆ ਤੇਰੀ ਭਗਤਿ ਭਰੇ ਭੰਡਾਰਾ॥ ਸਮੁੰਦੁ ਵਿਰੋਲਿ ਸਰੀਰੁ ਹਮ ਦੇਖਿਆ ਇੱਕ ਵਸਤੁ ਅਨੂਪ ਦਿਖਾਈ॥ ਗੁਰ ਗੋਵਿੰਦੁ ਗ+ਵਿੰਦੁ ਗੁਰੂ ਹੈ ਨਾਨਕ ਭੇਦੁ ਨ ਭਾਈ॥ 4॥ 1॥ 8॥ {442} (ਗ) -ਹਰਿ ਰਸੁ ਪੀਵਹੁ ਪੁਰਖ ਗਿਆਨੀ॥ ਸੁਣਿ ਸੁਣਿ ਮਹਾ ਤ੍ਰਿਪਤਿ ਮਨੁ ਪਾਵੈ ਸਾਧੂ ਅੰਮ੍ਰਿਤ ਬਾਨੀ॥ ਰਹਾਉ॥ {612} -10 (ਘ) -ਚਹੁ ਜੁਗ ਮਹਿ ਅੰਮ੍ਰਿਤੁ ਸਾਚੀ ਬਾਣੀ॥ ਪੂਰੈ ਭਾਗਿ ਹਰਿ ਨਾਮਿ ਸਮਾਣੀ॥ ਸਿਧ ਸਾਧਿਕ ਤਰਸਹਿ ਸਭਿ ਲੋਇ॥ ਪੂਰੈ ਭਾਗਿ ਪਰਾਪਤਿ ਹੋਇ॥ 3॥ {665} -7 (ਙ) -ਜੈਸੀ ਮੈ ਆਵੈਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ॥ ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ॥ {722} -3-5

ਸ੍ਰੀ ਗੁਰੂ ਨਾਨਕ ਸਾਹਿਬ ਜੀ ਤੋਂ ਪੰਜਵੇ ਪਾਤਸਾਹ ਜੀ ਤਕ ਗੁਰੂ ਸਾਹਿਬਾਨ ਦੇ ਜਸ ਵਿੱਚ ਲਿਖੇ ਸਵੱਯੀਆਂ ਵਿਚੋਂ ਕਿਸੇ ਇੱਕ ਥਾਉਂ ਵੀ ਕੋਈ ਜ਼ਰਾ ਜਿੰਨਾ ਝੋਲਾ ਤਕ ਨਹੀਂ ਪੈਂਦਾ ਕਿ, ਸਨਮਾਨਯੋਗ ਭੱਟਾਂ ਨੇ, ਪੰਚਮ ਪਾਤਸ਼ਾਹ ਜੀ ਕੋਲੋਂ ਕਿਸੇ ਪ੍ਰਕਾਰ ਦੀ ਸੇਧ ਪ੍ਰਾਪਤ ਹੋਣ ਦਾ ਅਸਰ ਕਬੂਲਿਆ ਹੋਵੇ। ਵਿਦਵਾਨ ਭੱਟ ਭਗਤਾਂ ਦਾ ਆਪਣਾ ਨਿਆਰਾ ਹੀ ਲਿਖਣ ਢੰਗ ਹੈ।

ਲਿਖਾਰੀ ਨੇ ਗੁਰੂਬਾਣੀ ਦੀ ਘੋਰ ਨਿਰਾਦਰੀ ਕਰਕੇ, (ਕਦੇ ਮੰਨੇ ਜਾਂਦੇ ਰਹੇ,) ਸੂਰਬੀਰ, ਵਰਿਆਮ ਅਣਖੀ ਖ਼ਾਲਸਾ ਜੀ ਦੀ ਪੱਗ ਨੂੰ ਹੱਥ ਪਾਇਆ ਹੈ। ਹੇ ਦੂਲੇ ਖ਼ਾਲਸਾ ਜੀਓ! ਕੀ ਅਜੇ ਵੀ ਤੁਸਾਂ ਸੁਤਿਆਂ ਘੁਰਾੜੇ ਹੀ ਮਾਰਦੇ ਰਹਿਣਾ ਹੈ? ਕੀ, ਸਾਡੇ ਸਤਿਗੁਰੂ ਜੀ ਸੱਚੁ-ਮੁੱਚ ਵੀ ਵਡਿਆਈ ਦੇ ਭੁੱਖੇ ਸਨ? ਕੀ, ਆਪਣੀ ਸਿਫ਼ਤ ਵਾਲੀਆਂ ਉਨ੍ਹਾਂ ਬਾਣੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਚਾੜ੍ਹ ਕੇ ਉਸ ਨੂੰ ਗੁਰੂਬਾਣੀ ਦਾ ਦਰਜਾ ਇਸ ਕਾਰਨ ਦਿੱਤਾ ਸੀ ਕਿ, ਸਮੇ ਨਾਲ ਹੌਲੀ ਹੌਲੀ ਸਿੱਖ ਪੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਬਿਲਕੁੱਲ ਹੀ ਵਿਸਾਰ ਬਹੇ?” ਆਪਣੀ ਸਿਫ਼ਤਿ ਆਪ ਹੀ ਲਿਖ ਕੇ ਜਾਂ ਦੂਜਿਆਂ ਤੋਂ ਲਿਖਵਾਈ ਉਸਤਤਿ ਗੁਰਬਾਣੀ ਵਿੱਚ ਲਿਖੀ ਦਰਸਾਉਣ ਤੋਂ, ਇਉਂ ਸਪੱਸ਼ਟ ਹੋ ਰਿਹਾ ਹੈ, ਜਿਵੇਂ ਲਿਖਾਰੀ ਦਾ ਅਸਲ ਮੰਤਵ, ਅਗਿਆਨੀ ਗੁਰਸਿੱਖਾਂ ਦੇ ਮਨਾਂ ਵਿੱਚ ਭਰਮ ਬਣਾ ਦੇਣ ਦਾ ਹੈ ਕਿ, ਗੁਰੂ ਸਾਹਿਬਾਨ ਵਲੋਂ ਗੁਰਬਾਣੀ ਰਚਨੀ, ਇੱਕ ਅਰਥ-ਹੀਨ ਤਮਾਸ਼ਾ ਹੀ ਸੀ?

ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ
.