.

ਸਿੱਖੀ ਸੰਭਾਲ ਸਿੰਘਾ! (ਕਿਸ਼ਤ ਅਠਾਰਵੀਂ)

ਸਿੱਖ ਧਰਮ

ਸਿਖ-ਧਰਮ ਵੀ ਹੈ ਅਤੇ ਲਹਿਰ ਵੀ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

(ਵਿਸ਼ੇ ਦਾ ਪੂਰਾ ਲਾਭ ਲੈਣ ਲਈ, ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

ਪੰਥਕ ਤਲ `ਤੇ ਵਿਸ਼ਾ ਕਾਮ, ਉਦੋਂ ਤੇ ਅੱਜ

ਵਿਸ਼ੇ ਸੰਬੰਧੀ ਸੰਨ ੧੭੧੬ ਤੋਂ ਸੰਨ ੧੭੯੯ ਤੱਕ, ਪੰਥਕ ਤਲ `ਤੇ ਲਗਾਤਾਰ ੮੪ ਸਾਲਾਂ ਦਾ ਅਕੱਟ ਅਤੇ ਸਿੱਖ ਇਤਿਹਾਸ ਦਾ ਗੋਲਡਨ ਸਮਾਂ ਤਾਂ ਅਸੀਂ ਦੇਖ ਹੀ ਕੇ ਹਾਂ ਤੇ ਹੁਣ ਉਸ ਤੋਂ ਅੱਗੇ। ਵਿਚਾਰਣਾ ਇਹ ਹੈ ਕਿ “ਜੋਤਿ ਓਹਾ ਜੁਗਤਿ ਸਾਇ” (ਅੰ: ੯੬੬) ਤੋਂ ਤਿਆਰ ਹੋਏ ਜੀਵਨ ਦੇ ਉਲਟ, ਅਜੋਕੇ ਸਮੇਂ ਜਦੋਂ ਗੁਰਬਾਣੀ ਵਿਚਾਰ ਪੱਖੋਂ ਵਿਗੜੇ ਹੋਏ ਪੰਥਕ ਹਾਲਾਤ `ਚ, ਸਿੱਖ ਪਨੀਰੀ ਕੋਲ ਜਦੋਂ ਸਿੱਖੀ ਦਾ ਵਾਤਾਵਰਣ ਪਹਿਲਾਂ ਹੀ ਮੁੱਕਾ ਪਿਆ ਸੀ; ਇਸ ਤੋਂ ਬਾਅਦ ਪਨੀਰੀ ਨੂੰ ਦਿਸ਼ਾ ਹੀਣ ਕੀਤੀ ਹੋਈ ਇਸ ਕੁਦਰਤੀ ਭੁੱਖ ਨੇ ਉਸ ਨੂੰ ਧੱਕ ਦਿੱਤਾ ਵਿੱਭਚਾਰ ਦੇ ਕੇਂਦਰਾਂ ਵੱਲ। ਅਜਿਹੇ ਕੇਂਦਰਾਂ ਵੱਲ, ਜਿੱਥੇ ਸਿਗਰਟ, ਸ਼ਰਾਬ, ਸੈਕਸ, ਨੰਗੇਜ, ਵਿਭਚਾਰ, ਨਸ਼ਿਆਂ ਦਾ ਹੀ ਬੋਲ-ਬਾਲਾ ਸੀ। ਉਸ ਦੀ, ਇਸ ਪੱਖੋਂ ਗੁਰਬਾਣੀ ਅਨੁਸਾਰ ਅਤੇ ਸਮੇਂ ਸਿਰ ਸੰਭਾਲ ਨ ਹੋਣ ਕਾਰਨ, ਸਾਡੇ ਇਹ ਬੱਚੇ ਤੇ ਬੱਚੀਆਂ ਜਿਹੜੀ ਕਿ ਕੌਮ ਦੀ ਰੀੜ ਦੀ ਹੱਡੀ ਹਨ, ਇਸ ਤਰ੍ਹਾਂ ਇਹ ਸਿੱਖੀ ਤੋਂ ਇਨੀਂ ਦੂਰ ਚਲੇ ਜਾਂਦੇ ਹਨ ਕਿ ਜਿਥੋਂ ਉਨ੍ਹਾਂ ਦੀ ਵਾਪਸੀ ਦਾ ਸੁਆਲ ਹੀ ਮੁੱਕ ਜਾਂਦਾ ਹੈ।

ਉਸੇ ਦਾ ਨਤੀਜਾ, ਸਿੱਖ ਬੱਚਾ ਪਤਿਤ ਹੋ ਕੇ ਗੈਰਸਿੱਖ ਬੱਚੀ ਨੂੰ ਅਪਣਾ ਲੈਂਦਾ ਹੈ ਤੇ ਸਿੱਖ ਬੱਚੀ ਨੂੰ ਗੈਰ ਸਿੱਖ ਚੰਗੇ ਲਗਦੇ ਹਨ, ਮਾਪੇ ਹੱਥ ਮਲਦੇ ਰਹਿ ਜਾਂਦੇ ਹਨ ਤਾਂ ਪੇਸ਼ ਕਿਸੇ ਦੀ ਨਹੀਂ ਜਾਂਦੀ। ਕਾਸ਼! ਅਸੀਂ ਉਸ ਪੰਥ ਦਾ ਅੰਗ ਹਾਂ, ਜਿਸ ਦੇ ਰਹਿਬਰ ਨੇ ਸੰਸਾਰ `ਚ ਸਭ ਤੋਂ ਪਹਿਲਾਂ ਮਨੁੱਖ ਦੀ ਇਸ ਮੌਲਿਕ ਲੋੜ ਦੇ ਆਦਰਸ਼ਕ ਪੱਖ ਨੂੰ ਇਨੇਂ ਉੱਚੇ ਪੱਧਰ `ਤੇ ਪੇਸ਼ ਕੀਤਾ ਕਿ ਪ੍ਰਭੂ ਮਿਲਾਪ ਦੀਆਂ ੯੫% ਤੋਂ ਵੱਧ ਮਿਸਾਲਾਂ ਪਤੀ-ਪਤਨੀ ਦੇ ਪਵਿਤ੍ਰ ਰਿਸ਼ਤੇ `ਤੇ ਹੀ ਆਧਾਰਤ ਹਨ। ਜਦਕਿ ਦੂਜੇ ਪਾਸੇ ਗੁਰਦੇਵ ਨੇ ਮਨੁੱਖ ਨੂੰ ਕਾਮ ਦੇ ਵਿੱਭਚਾਰਕ ਪੱਖ ਤੋਂ ਵੀ ਜਾਗ੍ਰਤ ਤੇ ਸੁਚੇਤ ਕਰਣ `ਚ ਵੀ ਢਿੱਲ ਨਹੀਂ ਕੀਤੀ। ਤਾਂ ਤੇ ਮੂਲ ਵਿਸ਼ੇ ਵੱਲ ਆਉਂਦੇ ਹਾਂ:-

ਵਿਸ਼ਾ ਕਾਮ ਦਾ ਅਤੇ ਗੁਰਮੱਤ-ਇਸ `ਚ ਦੋ ਰਾਵਾਂ ਨਹੀਂ ਕਿ ਸੰਸਾਰ ਤਲ `ਤੇ ਸਭ ਤੋਂ ਪਹਿਲਾਂ ਜੇਕਰ ਕਾਮ ਦੇ ਆਦਰਸ਼ਕ ਤੇ ਵਿਭਚਾਰਕ ਦੋ ਭਿੰਨ ਭਿੰਨ ਪਹਿਲੂਆਂ ਨੂੰ ਕਿਸੇ ਨੇ ਨਿਖੇੜ ਕੇ ਪੇਸ਼ ਕੀਤਾ ਤਾਂ ਇਹ ਮਾਣ ਗੁਰੂ ਨਾਨਕ ਪਾਤਸ਼ਾਹ ਨੂੰ ਹੀ ਜਾਂਦਾ ਹੈ। ਇਥੋਂ ਤੀਕ, ਜਿਵੇਂ ਕਿ ਸਪਸ਼ਟ ਕਰ ਚੁੱਕੇ ਹਾਂ ਗੁਰਬਾਣੀ ਵਿਚਲੀਆਂ ੯੫% ਤੋਂ ਵਧ ਮਿਸਾਲਾਂ ਹੀ ਪਤੀ-ਪਤਨੀ ਦੇ ਪਵਿਤ੍ਰ ਰਿਸ਼ਤੇ ਭਾਵ ਕਾਮ ਦੇ ਆਦਰਸ਼ਕ ਤੇ ਸਦਾਚਾਰਕ ਪੱਖ ਨਾਲ ਹੀ ਸੰਬੰਧਿਤ ਹਨ। ਜੀਵ ਨੂੰ ਇਸਦੇ ਅਸਲੇ ਪ੍ਰਭੂ ਨਾਲ ਮਿਲਾਉਣ ਤੇ ਉਸ `ਚ ਅਭੇਦ ਕਰਣ ਦਾ ਸਾਧਨ ਹੀ ਗੁਰਦੇਵ ਨੇ ਪਤੀ-ਪਤਨੀ ਦੇ ਭਾਵ ਕਾਮ ਆਧਾਰਿਤ ਸਦਾਚਾਰਕ ਤੇ ਆਦਰਸ਼ਕ ਸਬੰਧਾਂ ਨੂੰ ਬਣਾਇਆ ਹੈ।

ਇਸ ਦੇ ਉਲਟ, ਕਾਮ ਦੇ ਵਿਭਚਾਰਕ ਪੱਖ ਨੂੰ ਉਘਾੜਣ ਤੇ ਉਸ ਨੂੰ ਮਨੁੱਖਾ ਜੀਵਨ ਲਈ ਅਤਿ ਦਰਜੇ ਦੀ ਨੀਚਤਾ, ਕਰੂਪਤਾ, ਮਨੁੱਖ ਦੀ ਗਿਰਾਵਟ ਤੇ ਤਬਾਹੀ ਦਾ ਕਾਰਣ ਦੱਸਣ `ਚ ਵੀ ਢਿੱਲ ਨਹੀਂ ਕੀਤੀ। ਜਦਕਿ ਗੁਰੂ ਸਾਹਿਬ ਤੋਂ ਪਹਿਲਾਂ ਜਿਤਣੀਆਂ ਵੀ ਕਾਮ ਦੇ ਵਿਸ਼ੇ ਨਾਲ ਸਬੰਧਤ ਲਿਖਤਾਂ ਮਿਲਦੀਆਂ ਹਨ (ਸਿਵਾਏ ਵਾਤਸਲਿਯ ਦੇ ‘ਕੋਕ ਸ਼ਾਸਤਰ’ ਦੇ) ਫ਼ਿਰ ਉਹ ਭਾਵੇਂ ਧਾਰਮਿਕ ਹਨ ਜਾਂ ਸਮਾਜਿਕ, ਸਾਰੀਆਂ ਕਾਮ ਭੁੱਖ ਦੇ ਵਿਭਚਾਰਕ ਪੱਖ ਨਾਲ ਹੀ ਉਤ-ਪ੍ਰੋਤ ਹਨ। ਇਸ ਲਈ ਬਹੁਤਾ ਕਰਕੇ ਉਹ ਸਾਰੀਆਂ ਲਿਖ਼ਤਾਂ ਸਮਾਜ ਨੂੰ ਤਬਾਹੀ ਵੱਲ ਲਿਜਾਉਣ ਵਾਲੀਆਂ, ਇੱਕ ਪਾਸੜ ਤੇ ਕੁਰਾਹੇ ਪਾਉਣ ਵਾਲੀਆਂ ਹੀ ਹਨ। ਇਹੀ ਕਾਰਣ ਹੈ ਮਨੁੱਖਾ ਮਨ `ਤੇ ਬਹੁਤਾ ਕਰਕੇ ਕਾਮ ਦਾ ਭਿਅੰਕਰ ਪੱਖ ਹੀ ਭਾਰੂ ਹੈ ਅਤੇ ਆਦਰਸ਼ਕ ਪੱਖ ਨਹੀਂ। ਕਾਮ ਦਾ ਉਹ ਆਦਰਸ਼ਕ ਤੇ ਸਦਾਚਾਰਕ ਪੱਖ, ਜਿਸ `ਤੇ ਮਨੁੱਖ ਦੇ ਗ੍ਰਿਹਸਥ ਮਾਰਗ ਤੇ ਪ੍ਰਵਾਰਕ ਬੁਨਿਆਦ ਖੜੀ ਹੈ। ਦੂਜੇ ਲਫ਼ਜ਼ਾਂ `ਚ, ਉਹ ਪੱਖ ਜਿਸ `ਤੇ ਸਤਿਕਾਰਤ ਮਨੁੱਖ ਸਮਾਜ ਤੇ ਪੂਰੀ ਇਮਾਰਤ ਖਲੌਤੀ ਹੋਈ ਹੈ।

ਅੱਜ ਦੇ ਸੰਦਰਭ `ਚ ਕਾਮ ਦਾ ਵਿਸ਼ਾ ਵਿਸ਼ੇਸ਼, ਪਰ ਕਿਉਂ? - ਸਮਝਿਆ ਜਾਵੇ ਤਾਂ ਕਾਮ ਦੇ ਹੋਰ ਵੀ ਬਹੁਤੇਰੇ ਪੱਖ ਹਨ, ਉਸਦੇ ਕੇਵਲ ਆਦਰਸ਼ਕ ਤੇ ਵਿਭਚਾਰਕ, ਇਹ ਦੋ ਪੱਖ ਹੀ ਨਹੀਂ ਹਨ। ਮਿਸਾਲ ਵੱਜੋੇਂ ਸਕੂਲਾਂ-ਕਾਲਿਜਾਂ `ਚ ਯੌਣ ਸਿਖਿਆ (ਕਾਮ ਦੀ ਪੜ੍ਹਾਈ) ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ ਡਾਕਟਰਾਂ-ਨਰਸਾਂ ਦੇ ਟ੍ਰੇਨਿੰਗ ਸੈਂਟਰਾਂ `ਚ ਕਾਮ ਦਾ ਵਿਸ਼ਾ, ਉਪ੍ਰੰਤ ਕਲੀਨਿਕਾਂ ਤੇ ਹਸਪਤਾਲਾਂ `ਚ ਇਲਾਜ ਪਖੋਂ ਇਸ ਦੀ ਵੱਡੀ ਵਰਤੋਂ ਜਦਕਿ ਉਹ ਵੀ ਇਸ ਦੇ ਕੇਵਲ ਯੋਗ ਪੱਖ ਤੋਂ ਅਤੇ ਮਰੀਜ਼ ਦੇ ਇਲਾਜ ਲਈ, ਜਿਹੜਾ ਕਿ ਆਪਣੇ ਆਪ `ਚ ਅਤਿ ਦਰਜੇ ਦਾ ਜ਼ਰੂਰੀ ਪੱਖ ਵੀ ਹੈ। ਇਹੀ ਨਹੀਂ ਫ਼ਿਰ ਵੀ ਇਹ ਕਾਮ ਦੇ ਵਿਸ਼ੇ ਨਾਲ ਸਬੰਧਤੇ ਕੇਵਲ ਇਸ਼ਾਰੇ ਹੀ ਹਨ ਜਦਕਿ ਕਾਮ ਦੇ ਹੋਰ ਵੀ ਬਹੁਤੇਰੇ ਪੱਖ ਹਨ। ਇਸ ਸਾਰੇ ਦੇ ਬਾਵਜੂਦ, ਜੇਕਰ ਗਹੁ ਨਾਲ ਦੇਖਿਆ ਜਾਏ ਤਾਂ ਸਾਧਾਰਨ ਜੀਵਨ `ਚ ਮਨੁੱਖ ਲਈ ਇਸ ਦੇ ਦੋ ਪਹਿਲੂ ਹੀ ਪ੍ਰਮੁੱਖ ਹਨ। ਇਨ੍ਹਾਂ `ਚੋਂ ਇੱਕ ਹੈ ਇਸ ਦਾ ਪ੍ਰਵਾਰਕ ਪੱਖ ਅਤੇ ਦੂਜਾ ਹੈ ਵਿਭਚਾਰਕ ਪੱਖ। ਦੂਜੇ ਲਫ਼ਜ਼ਾਂ `ਚ ਇਸੇ ਲਈ ਸ਼ਬਦਾਵਲੀ ਹੈ ਸਦਾਚਾਰਕ ਅਥਵਾ ਆਚਰਣਕ ਪੱਖ ਤੇ ਦੂਜਾ ਹੈ ਵਿਭਚਾਰਕ ਪੱਖ। ਇਹ ਵੀ ਸਮਝਣਾ ਹੈ ਕਿ ਸੰਬੰਧਤ ਵਿਸ਼ੇ `ਤੇ ਉਚੇਚੇ ਕਲਮ ਚੁੱਕਣ ਦੀ ਲੋੜ ਇਸ ਲਈ ਪਈ? ਕਿਉਂਕਿ:

(੧) ਅਜੋਕੇ ਸਮੇਂ ਸਿੱਖ ਧਰਮ ਦੀ ਅਜੋਕੀ ਅਧੋਗਤੀ ਦਾ ਇੱਕ ਬਹੁਤ ਵੱਡਾ ਕਾਰਣ ਹੈ ਗੁਰਬਾਣੀ ਆਧਾਰ `ਤੇ ਸਿੱਖ ਪਨੀਰੀ ਦੀ ਕਾਮ ਪੱਖੋਂ ਸੰਭਾਲ ਤੇ ਸੇਧ ਦਾ ਨਾ ਹੋਣਾ। ਉਸਦੇ ਰਾਹੀਂ ਉਲਟਾ ਸੰਸਾਰਕ ਵਹਿਣ `ਚ ਵਹਿੰਦੇ ਹੋਏ ਕੌਮ ਦਾ ਇਸ ਦੇ ਕੇਵਲ ਵਿਭਚਾਰਕ ਪੱਖ ਤੋਂ ਘਬਰਾਏ ਰਹਿਣਾ। ਜੇ ਉਹ ਨਹੀਂ ਤਾਂ ਇਸਦੀ ਕੁਵਰਤੋਂ ਕਰਣੀ ਅਤੇ ਉਸੇ `ਚ ਹੀ ਡੁੱਬੇ ਹੋਣਾ।

(੨) ਜਾਣੇ ਅਣਜਾਣੇ ਜਾਂ ਬਾਹਰਲੀਆਂ ਤਾਕਤਾਂ ਦੇ ਜ਼ਰਖਰੀਦਾਂ ਵੱਲੋਂ ਵੀ ਅੱਜ ਪੰਥ `ਚ ਇਸ ਪੱਖੋਂ ਨਵਾਂ ਸ਼ੋਸ਼ਾ ਉਠਿਆ ਹੋਇਆ ਹੈ। ਕੌਮ `ਚ ਅਜਿਹੇ ਲੋਕ ਵੀ ਉਭਰ ਰਹੇ ਹਨ ਜਿਨ੍ਹਾਂ ਨੂੰ ਜੁਗੋ ਜੁਗ ਅਟੱਲ, ਗੁਰਬਾਣੀ ਗੁਰੂ, ਜੀਵਨ-ਜਾਚ ਦੇ ਖਜ਼ਾਨੇ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ” ਅੰਦਰ ਕਾਮ ਦੇ ਸਦਾਚਾਰਕ ਪੱਖੋਂ ਮਿਸਾਲਾਂ ਵਜੋਂ ਵਰਤੇ ਗਏ ਗੁਰ-ਫ਼ੁਰਮਾਨਾਂ ਨੂੰ ਵੀ ਜਿਵੇਂ: “ਗਿਆਨ ਰਾਉ ਜਬ ਸੇਜੈ ਆਵੈ ਤ ਨਾਨਕ ਭੋਗੁ ਕਰੇਈ” (ਪੰ: ੩੫੯) ਜਾਂ “ਅਜੁ ਨ ਸੁਤੀ ਕੰਤ ਸਿਉ ਅੰਗੁ ਮੁੜੇ ਮੁੜਿ ਜਾਇ” (ਪੰ: ੧੩੭੯) ਬਾਜ਼ਾਰੀ ਤੇ ਵਿਭਚਾਰਕ ਕਾਮ ਦੀ ਬਰਾਬਰੀ ਦੇਣ ਦਾ ਕੋਝਾ ਯਤਨ ਕਰ ਰਹੇ ਹਨ। ਉਸ ਦਾ ਮੁੱਖ ਕਾਰਨ, ਜਾਂ ਤਾਂ ਉਨ੍ਹਾਂ ਨੂੰ ਕਾਮ ਦੀ ਉੱਚਤਾ ਦੇ ਸੱਚ ਦੀ ਪਛਾਣ ਨਹੀਂ ਜਾਂ ਫ਼ਿਰ ਉਹ ਕਿਸੇ ਵੀ ਕਾਰਣਵੱਸ ਤੇ ਬਦੋਬਦੀ ਉਸਨੂੰ ਸਮਝਣਾ ਨਹੀਂ ਚਾਹੁੰਦੇ।

ਇਸ ਤਰ੍ਹਾਂ ਉਨ੍ਹਾਂ ਨੂੰ ਜਿਵੇਂ ਕਿ ਜਾਣੇ-ਅਣਜਾਣੇ ਗੁਰਬਾਣੀ `ਚ ਵਰਤੇ ਇਸ ਦੇ ਮਹਾਨ ਉੱਚਤਾ ਵਾਲੇ ਪੱਖ ਤੇ ਦੂਜੇ ਪਾਸੇ ਇਸਦੀ ਬਾਜ਼ਾਰੀ ਤੇ ਵਿਭਚਾਰਕ ਵਰਤੋਂ ਵੀ ਬਰਾਬਰ ਹੀ ਦਿੱਸਦੀ ਹੈ। ਉਨ੍ਹਾਂ ਨੂੰ ਉਹ ਫ਼ਰਕ ਜਿਹੜਾ ਕਿ ਹਰੇਕ ਗ੍ਰਿਹਸਥੀ ਦੇ ਜੀਵਨ `ਚ ਤੇ ਵਿਭਚਾਰੀ `ਚ ਹੁੰਦਾ ਹੈ ਅਤੇ ਜਿਸ ਨੂੰ ਹਰੇਕ ਮਨੁੱਖ ਚੰਗੀ ਤਰ੍ਹਾਂ ਸਮਝਦਾ, ਜਾਣਦਾ ਤੇ ਪਛਾਣਦਾ ਵੀ ਹੈ; ਫ਼ਿਰ ਵੀ ਉਨ੍ਹਾਂ ਨੂੰ ਨਜ਼ਰ ਨਹੀਂ ਆਉਂਦਾ। ਇਸ ਤਰ੍ਹਾਂ ਉਨ੍ਹਾਂ ਤਾਕਤਾਂ ਰਾਹੀਂ ਕੀਤਾ ਜਾ ਰਿਹਾ ਅਜਿਹਾ ਦੁਰ ਪ੍ਰਚਾਰ ਤੇ ਕੁਕਰਮ ਇੱਕ ਪਾਸੇ ਤਾਂ ਗੁਰਬਾਣੀ ਦੀ ਘੋਰ ਬਿਅਦਬੀ ਹੈ ਤੇ ਦੂਜੇ, ਅਜੋਕੀ ਸਿੱਖ ਪਨੀਰੀ ਨੂੰ ਇਸ ਪੱਖੋਂ ਕੁਰਾਹੇ ਪਾਉਣ `ਚ ਵੀ ਬਹੁਤ ਵੱਡਾ ਹਿੱਸਾ ਪਾ ਰਿਹਾ ਹੈ।

“ਇਸੁ ਜਗ ਮਹਿ ਪੁਰਖੁ ਏਕੁ ਹੈ” - ਚਲਦੇ ਵਿਸ਼ੇ `ਤੇ ਕੋਈ ਵੀ ਗੱਲ ਜਾਂ ਉਟੰਕਣ ਕਰਣ ਤੋਂ ਪਹਿਲਾਂ, ਸਾਡੇ ਲਈ ਜ਼ਰੂਰੀ ਹੈ, ਇਸ ਪੱਖੋਂ ਗੁਰਬਾਣੀ ਰਚਨਾ ਦੇ ਢੰਗ ਨੂੰ ਸਮਝਣਾ। ਗੁਰਬਾਣੀ `ਚ ਗੁਰਦੇਵ ਨੇ ਤਾਂ ਪਤੀ-ਪਤਨੀ ਵਾਲੇ ਰਿਸ਼ਤੇ ਦੀਆਂ ਉਚਾਈਆਂ ਨੂੰ ਆਧਾਰ ਬਣਾ ਕੇ ਜੀਵ ਨੂੰ ਆਤਮਕ ਪੱਖੋਂ ਅਕਾਲਪੁਰਖ ਨਾਲ ਜੋੜਿਆ ਹੈ। ਫ਼ਿਰ ਵੀ ਕਰਤਾ ਹੀ ਜਾਣਦਾ ਹੈ ਕਿ ਉਪ੍ਰੋਕਤ ਸੋਚਣੀ ਵਾਲੇ ਲੋਕ ਜਾਣੇ-ਅਨਜਾਣੇ ਆਖ਼ਿਰ ਖੜੇ ਕਿੱਥੇ ਹਨ? ਗੁਰਬਾਣੀ ਵਾਲੇ ਸਦੀਵੀ ਤੇ ਇਲਾਹੀ ਸੱਚ ਦੇ ਖਜ਼ਾਨੇ `ਚੋਂ ਕੇਵਲ ਕੋਈ ਪੰਕਤੀ ਚੁੱਕ ਕੇ ਤੇ ਉਸ ਨੂੰ ਕਾਮ ਦੇ ਵਿਭਚਾਰਕ ਪੱਖ ਦੀ ਬਰਾਬਰੀ ਦੇ ਕੇ ਪੇਸ਼ ਕਰਣਾ ਅਤੇ ਦੋਨਾਂ ਨੂੰ ਇਕੋ ਜਿਹਾ ਸਾਬਤ ਕਰਣਾ; ਅਜਿਹਾ ਕਰਣ ਵਾਲਿਆਂ ਦੀ ਤਾਂ ਆਤਮਾ ਵੀ ਕੰਬ ਉਠਣੀ ਚਾਹੀਦੀ ਹੈ। ਫ਼ਿਰ ਇਸ ਦੇ ਨਾਲ ਗੁਰਬਾਣੀ ਸੋਝੀ ਵਾਲੇ ਪੱਖੋਂ ਅਗਿਆਨਤਾ ਦੀ ਹੱਦ `ਚ ਪੁੱਜੀ ਹੋਈ, ਗੁਰਬਾਣੀ ਵਾਲੇ ਅਤੇ ਸਿੱਖ ਕੌਮ ਦੇ ਸਦੀਵੀ ਸੱਚ `ਤੇ ਇਹ ਗੁੱਝਾ ਵਾਰ ਵੀ ਹੈ ਜਿਸ ਤੋਂ ਕੌਮ ਨੂੰ ਸੁਚੇਤ ਰਹਿਣਾ ਅਤਿ ਜ਼ਰੂਰੀ ਹੈ। ਜੇ ਅਜਿਹਾ ਨਹੀਂ ਹੁੰਦਾ ਤਾਂ ਇਹ ਵਿਸ਼ਾ ਵੀ ਖਾਸਕਰ ਸਿੱਖ ਪਨੀਰੀ ਨੂੰ ਭੰਬਲਭੂਸੇ `ਚ ਪਾ ਕੇ ਭਰਵਾਂ ਗੁਮਰਾਹ ਕਰ ਰਿਹਾ ਹੈ। ਦੂਜਾ-ਸਮੁਚੇ ਤੌਰ `ਤੇ ਕੌਮ ਨੂੰ ਵੀ ਰਸਾਤਲ ਵੱਲ ਲਿਜਾ ਰਿਹਾ ਹੈ।

ਇਸ ਦੇ ਉਲਟ, ਉਨ੍ਹਾਂ ਨੂੰ ਜੇਕਰ ਵਿਸ਼ੇ ਦਾ ਸਪਸ਼ਟੀਕਰਣ ਨਹੀਂ ਹੁੰਦਾ ਤਾਂ ਯਕੀਨਣ ਅਜਿਹੇ ਲੋਕਾਂ ਤੇ ਗੁਰਬਾਣੀ ਪ੍ਰਤੀ ਪਿਆਰ-ਸਤਿਕਾਰ `ਚ ਫ਼ਰਕ ਆਉਣਾ ਕੁਦਰਤੀ ਹੈ। ਫ਼ਿਰ ਇਤਨਾ ਹੀ ਨਹੀਂ, ਉਪ੍ਰੰਤ ਇਸ ਤੋਂ ਵੱਧ ਜੇਕਰ ਉਹ ਸਿੱਖੀ ਸਰੂਪ `ਚ ਵੀ ਹਨ ਤਾਂ ਉਨ੍ਹਾਂ ਦਾ ਗੁਰਬਾਣੀ ਪ੍ਰਤੀ ਪਿਆਰ ਤੇ ਸਿੱਖੀ ਸਰੂਪ, ਦੋਵੇਂ ਦਿਖਾਵਾ ਬਣ ਕੇ ਰਹਿ ਜਾਂਦੇ ਹਨ। ਬਲਕਿ ਆਪਣੇ ਆਪ ਨੂੰ ਗੁਰਬਾਣੀ ਦੇ ਸਿੱਖ ਜਾਂ ਸ਼ਰਧਾਲੂ ਅਖਵਾ ਕੇ ਵੀ, ਬੇਸ਼ੱਕ ਅਣਜਾਣੇ `ਚ ਹੀ ਸਹੀ ਪਰ ਅਜਿਹੇ ਲੋਕ ਸਮੁਚੀ ਕੌਮ ਤੇ ਖਾਸਕਰ ਸਿੱਖ ਪਨੀਰੀ ਨਾਲ ਵੱਡਾ ਧੋਖਾ ਕਰਣ ਵਾਲਾ, ਨਾਕਾਬਿਲੇ ਮੁਆਫ਼ ਗੁਣਾਹ ਵੀ ਕਰਦੇ ਹਨ। ਅਕਾਲਪੁਰਖ ਹੀ ਜਾਣਦਾ ਹੈ ਕਿ ਜੇਕਰ ਅਜਿਹੇ ਲੋਕ ਸਿੱਖ ਵਿਰੋਧੀ ਤਾਕਤਾਂ ਦੇ ਇਸ਼ਾਰੇ `ਤੇ ਅਜਿਹਾ ਕਰ ਰਹੇ ਹਨ ਤਾਂ ਇਨ੍ਹਾਂ ਆਸਤੀਨ ਦੇ ਸੱਪਾਂ ਤੋਂ ਹੋਰ ਵੀ ਸਾਵਧਾਨ ਰਹਿਣ ਦੀ ਲੋੜ ਹੈ। ਕਿਉਂਕਿ ਗੁਰਬਾਣੀ ਦਾ ਆਸ਼ਿਕ ਤਾਂ ਗੁਰਬਾਣੀ ਸਤਿਕਾਰ ਵਿਰੁਧ ਇੱਕ ਲਫ਼ਜ਼ ਵੀ ਨਹੀਂ ਸੁਣ ਸਕਦਾ। ਗੁਰਬਾਣੀ ਦੀ ਆਤਮਿਕ ਉੱਚਤਾ ਨੂੰ ਇਨੇਂ ਹਲਕੇ ਪ੍ਰਭਾਵ `ਚ ਮੰਨ ਲੈਣ ਵਾਲਿਆਂ ਲਈ ਇਸ ਪੱਖੋਂ ਆਪਣੇ ਆਪ ਨੂੰ ਘੋਖਣਾ ਹੋਰ ਵੀ ਜ਼ਰੂਰੀ ਹੈ।

ਜਦਕਿ ਇਸ ਤਰ੍ਹਾਂ ਗੁਰਬਾਣੀ `ਚ ਇੱਕ ਨਹੀਂ, ਹਜ਼ਾਰਾਂ ਪ੍ਰਮਾਣ ਹਨ ਜਿਨ੍ਹਾਂ ਦਾ ਆਧਾਰ ਹੀ ਇੱਕ ਪਾਸੇ ਹਰੇਕ ਮਨੁੱਖ ‘ਜੀਵ ਇਸਤ੍ਰੀ’ ਹੈ ਤੇ ਦੂਜੇ ਪਾਸੇ ‘ਅਕਾਲਪੁਰਖ’ ਉਸ ਦਾ ਪਤੀ ਪ੍ਰਮੇਸ਼ਵਰ। ਇਸ ਤਰ੍ਹਾਂ ਹਰੇਕ ਮਨੁੱਖ ਫ਼ਿਰ ਚਾਹੇ ਨਰ ਹੈ ਜਾਂ ਮਾਦਾ ਪਰ ਉਹ ਪਤੀ ਪ੍ਰਮੇਸ਼ਵਰ ਦੀ ਪਤਨੀ ਹੀ ਹੈ। ਗੁਰਬਾਣੀ ਦਾ ਫ਼ੈਸਲਾ ਹੈ “ਇਸੁ ਜਗ ਮਹਿ ਪੁਰਖੁ ਏਕੁ ਹੈ, ਹੋਰ ਸਗਲੀ ਨਾਰਿ ਸਬਾਈ” (ਪੰ: ੫੯੧)। ਇਸ ਲਈ ਲੋੜ ਹੈ ਤਾਂ ਮਨੁੱਖਾ ਜਨਮ ਸਮੇਂ ਪਤੀ ਪ੍ਰਮੇਸ਼ਵਰ ਦੀ ਬਖ਼ਸ਼ਿਸ਼ ਨਂੂੰ ਹਾਸਲ ਕਰਣ ਦੀ। ਇਸੇ ਤਰ੍ਹਾਂ ਜੀਵ ਇਸਤ੍ਰੀ ਦਾ ਪ੍ਰਭੂ ਪਤੀ ਨਾਲ ਇਕੋ ਸੇਜਾ ਦੇ ਅਰਥ ਕੀ ਹਨ? ਤੇ ਪ੍ਰਭੂ ਪਤੀ ਨੂੰ ਪ੍ਰਸੰਨ ਕਰਣ ਲਈ ਜੀਵ ਇਸਤ੍ਰੀ ਦਾ ਸ਼ਿੰਗਾਰ ਕੀ ਹੈ? ਗੁਰਬਾਣੀ ਵਾਲੇ ਸੱਚ `ਚੋਂ ਹੀ ਅਜਿਹੇ ਵਿਸ਼ਿਆਂ ਦੀ ਪਛਾਣ ਤੇ ਸਮਝ ਆ ਸਕਦੀ ਹੈ ਬਾਹਰੋਂ ਕਿਧਰੋਂ ਵੀ ਨਹੀਂ। ਇਥੇ ਤਾਂ:

“ਭਰਤਾ ਕਹੈ ਸੁ ਮਾਨੀਐ, ਏਹੁ ਸੀਗਾਰੁ ਬਣਾਇ ਰੀ॥ ਦੂਜਾ ਭਾਉ ਵਿਸਾਰੀਐ, ਏਹੁ ਤੰਬੋਲਾ ਖਾਇ ਰੀ॥ ੨ ॥ ਗੁਰ ਕਾ ਸਬਦੁ ਕਰਿ ਦੀਪਕੋ, ਇਹ ਸਤ ਕੀ ਸੇਜ ਬਿਛਾਇ ਰੀ॥ ਆਠ ਪਹਰ ਕਰ ਜੋੜਿ ਰਹੁ, ਤਉ ਭੇਟੈ ਹਰਿ ਰਾਇ ਰੀ॥ ੩ ॥ ਤਿਸ ਹੀ ਚਜੁ ਸੀਗਾਰੁ ਸਭੁ, ਸਾਈ ਰੂਪਿ ਅਪਾਰਿ ਰੀ॥ ਸਾਈ ਸਹਾਗਣਿ ਨਾਨਕਾ ਜੋ ਭਾਣੀ ਕਰਤਾਰਿ ਰੀ” (ਪੰ: ੪੦੦)

ਇਸ ਤਰ੍ਹਾਂ ਗੁਰਬਾਣੀ `ਚ ਤਾਂ ਪ੍ਰਭੂ ਮਿਲਾਪ ਦੀਆਂ ੯੫% ਤੋਂ ਉਪਰ ਮਿਸਾਲਾਂ ਹੀ ਪਤੀ-ਪਤਨੀ ਦੇ ਪਵਿਤ੍ਰ ਰਿਸ਼ਤੇ `ਤੇ ਆਧਾਰਿਤ ਹਨ। ਇਥੋਂ ਤੀਕ ਕਿ ਗੁਰਬਾਣੀ `ਚ ਸੰਸਾਰਕ ਤਲ ਦੇ ਪਤੀ ਪਤਨੀ ਦੇ ਰਿਸ਼ਤੇ ਨੂੰ ਵੀ ਸੰਸਾਰ ਭਰ ਦੇ ਸਭ ਰਿਸ਼ਤਿਆਂ ਤੋਂ ਉੱਤਮ ਦੱਸਿਆ ਹੋਇਆ ਹੈ। ਬਲਕਿ “ਇਕ ਸਿਖ ਦੁਇ ਸਾਧ ਸੰਗ” (ਭਾ: ਗੁ: ੧੩/੧੯)। ਉਪ੍ਰੰਤ ਅਜਿਹੇ ਪ੍ਰਵਾਰਕ ਸਾਧਸੰਗ ਦਾ ਮਨੋਰਥ ਤੇ ਇਸ ਰਿਸ਼ਤੇ ਦੀ ਗੁਰਬਾਣੀ ਆਦੇਸ਼ਾਂ ਅਨੁਸਾਰ ਸੁਵਰਤੋਂ ਕਰਕੇ “ਹਰਿ ਪਾਇਆ ਪ੍ਰਭੁ ਅਵਿਨਾਸੀ” (ਪੰ: ੭੭੩) ਪ੍ਰਭੂ ਪਤੀ ਨੂੰ ਹੀ ਪਾਉਣਾ ਹੈ। ਇਸ ਲਈ ਜੇਕਰ ਇਸ ਪੱਖੋਂ ਗੁਰਬਾਣੀ ਦੀ ਗਹਿਰਾਈ `ਚ ਜਾਵੀਏ ਤਾਂ ਗੁਰਬਾਣੀ ਵਾਲੇ ਇਸ ਸੱਚ ਨੂੰ ਪਹਿਚਾਨਣ `ਚ ਦੇਰ ਨਹੀਂ ਲਗਦੀ।

ਵਿਭਚਾਰੀ ਜੀਵਨ ਸੰਬੰਧੀ ਗੁਰਬਾਣੀ ਦੇ ਫ਼ੈਸਲੇ-ਪ੍ਰਭੂ ਦੇ ਓੁਟ ਆਸਰੇ ਤੇ ਗੁਰਬਾਣੀ ਦੀ ਆਗਿਆ `ਚ ਜਦੋਂ ਇਸਤ੍ਰੀ-ਪੁਰਖ ਵਾਲੇ ਇਸ ਸੰਸਾਰਕ ਰਿਸ਼ਤੇ ਨੂੰ ਨਿਭਾਇਆ ਜਾਵੇ ਤਾਂ ਸੰਸਾਰ ਭਰ ਦੇ ਗੁਣ, ਖਿੱਚਾਂ, ਸੁਹੱਪਣ ਤੇ ਆਕਰਸ਼ਣ ਉਸੇ ਇਕੋ ਪਤੀ ਪਤਨੀ ਵਾਲੇ ਸੀਮਤ ਜੀਵਨ `ਚੋਂ ਹੀ ਪ੍ਰਗਟ ਹੋ ਜਾਂਦੇ ਹਨ। ਇਸ ਦੇ ਉਲਟ, ਕਾਮ ਪੱਖੋਂ ਪ੍ਰਵਾਰ ਸੀਮਾਂ ਦਾ ਉਲੰਘਣ ਕਰਣ ਵਾਲੇ ਜਦੋਂ ਇਸੇ ਕਾਮ ਦੇ ਗ਼ੁਲਾਮ ਹੋ ਕੇ ਇਧਰ ਉਧਰ ਵਿਚਰਦੇ ਹਨ ਤਾਂ ਇਸ ਵਿਭਚਾਰਕ ਜੀਵਨ ਲਈ ਵੀ ਗੁਰਦੇਵ ਨੇ ਮਨੁੱਖ ਦੀ ਗੁਰਬਾਣੀ `ਚ ਭਰਵੀਂ ਖਿੱਚਾਈ ਵੀ ਕੀਤੀ ਤੇ ਉਸ ਨੂੰ ਦੁਸ਼ਕਰਮੀ ਵੀ ਸਾਬਤ ਕੀਤਾ ਹੈ। ਅਜਿਹੇ ਕੁਰਾਹੇ ਪਏ ਵਿਭਚਾਰੀ ਜੀਵਨ ਲਈ ਹੀ ਨਰ ਹੋਵੇ ਮਾਦਾ ਫ਼ੁਰਮਾਨ ਹਨ:

“ਘਰ ਕੀ ਨਾਰਿ ਤਿਆਗੈ ਅੰਧਾ॥ ਪਰ ਨਾਰੀ ਸਿਉ ਘਾਲੈ ਧੰਧਾ” (ਪੰ: ੧੧੬੪)। ਇਸੇ ਤਰ੍ਹਾਂ ਜਦੋਂ ਇਸਤ੍ਰੀ ਕਾਮੀ ਤੇ ਵਿਭਚਾਰਣ ਹੈ ਤਾਂ ਵੀ “ਪਿਰ ਕੀ ਸਾਰ ਨ ਜਾਣਈ, ਦੂਜੈ ਭਾਇ ਪਿਆਰੁ॥ ਸਾ ਕੁਸੁਧ ਸਾ ਕੁਲਖਣੀ, ਨਾਨਕ ਨਾਰੀ `ਚ ਕੁਨਾਰਿ” (ਪੰ: ੬੫੨)।

ਇਸ ਲਈ ਗੁਰਬਾਣੀ `ਚੋਂ ਕਾਮ ਸਬੰਧੀ ਮਿਸਾਲਾਂ ਨੂੰ ਆਪ ਮਿੱਥੇ ਅਰਥਾਂ `ਚ ਵਰਤਣ ਤੋਂ ਪਹਿਲਾਂ, ਅਜਿਹੇ ਸੱਜਨਾਂ ਨੂੰ, ਕਾਮ ਪੱਖੋਂ ਗੁਰਬਾਣੀ ਦੀਆਂ ਆਦਰਸ਼ਕ ਤੇ ਸਦਾਚਾਰਕ ਉਚਾਈਆਂ ਨੂੰ ਸਮਝਣ ਤੇ ਪਹਿਚਾਨਣ ਦੀ ਲੋੜ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਪ੍ਰਭੂ ਬਖਸ਼ੇ ਆਪਣੇ ਪ੍ਰਵਾਰਾਂ ਦੀਆਂ ਖੁਸ਼ੀਆਂ, ਸਾਝਾਂ ਤੇ ਫੁਲਵਾੜੀ ਵਾਲੀ ਸੀਮਾ ਨੂੰ ਵੀ ਧਿਆਣ `ਚ ਰਖਦੇ ਹੋਏ ਇਸ ਰੱਬੀ ਸੱਚ ਦੀ ਪਛਾਣ ਕਰਣੀ ਚਾਹੀਦੀ ਹੈ। ਇਸ ਤੋਂ ਉਨ੍ਹਾਂ ਨੂੰ ਕਾਮ ਦੀ ਯੋਗ ਤੇ ਅਯੋਗ ਵਰਤੋਂ ਵਾਲਾ ਫ਼ਰਕ ਵੀ ਆਪਣੇ ਆਪ ਸਪਸ਼ਟ ਹੋ ਜਾਵੇਗਾ। ਨਹੀਂ ਤਾਂ, ਪਿਛਲੇ ਦਰਵਾਜ਼ੇ ਤੋਂ ਪੈਦਾ ਕੀਤੀਆਂ ਤੇ ਪੰਥ `ਤੇ ਥੋਪੀਆਂ ਜਾ ਰਹੀਆਂ ਕੁੱਝ ਰਚਨਾਵਾਂ ਜੋ ਬੇਸਿਰਪੈਰ ਦੀਆਂ ਬਾਜ਼ਾਰੀ ਕਹਾਣੀਆਂ ਹਨ, ਉਨ੍ਹਾਂ ਰਸਤੇ ਇਸ ਰੱਬੀ ਤੇ ਸਦੀਵੀ ਸੱਚ ਦੀ ਕਦੇ ਪਛਾਣ ਨਹੀਂ ਆ ਸਕੇਗੀ। ਇਸ ਦੇ ਨਾਲ, ਇਸ ਗੁਮਰਾਹ ਪ੍ਰਚਾਰ ਨਾਲ, ਜਿਹੜਾ ਸਿੱਖ ਪੰਥ ਤੇ ਸਿੱਖ ਲਹਿਰ ਦੋਨਾਂ ਨੂੰ ਨੁਕਸਾਨ ਪੁੱਜ ਰਿਹਾ ਹੈ ਉਹ ਵੱਖਰਾ।

“ਭੰਡਹੁ ਹੋਵੈ ਦੋਸਤੀ….”-ਧਿਆਨ ਰਹੇ! ਕਾਮ ਦੇ ਅਦਰਸ਼ਕ ਪਹਿਲੂ “ਭੰਡਹੁ ਹੋਵੈ ਦੋਸਤੀ, ਭੰਡਹੁ ਚਲੈ ਰਾਹੁ” (ਪੰ: ੪੭੩) `ਤੇ ਆਧਾਰਤ ਕੇਵਲ ਕੁੱਝ ਲੋਕਾਂ ਦੇ ਹੀ ਨਹੀਂ ਬਲਕਿ ਸੰਸਾਰ ਭਰ ਦੇ ਪ੍ਰਵਾਰਾਂ ਦੀ ਸਿਰਜਨਾ, ਉਨ੍ਹਾਂ ਦੀ ਸੰਭਾਲ ਤੇ ਉਨ੍ਹਾਂ ਦੀ ਇਜ਼ਤ, ਮਾਨ ਤੇ ਸਤਿਕਾਰ ਹੁੰਦਾ ਹੈ। ਇਸ ਤੋਂ ਬਾਅਦ ਇਸੇ ਕਾਮ ਦਾ ਹੀ ਉਹ ਵਿਭਚਾਰਕ ਪੱਖ ਹੈ, ਜੋ ਕੇਵਲ ਕੁੱਝ ਲੋਕਾਂ ਦਾ ਹੀ ਨਹੀਂ ਬਲਕਿ ਪ੍ਰਵਾਰ-ਸਮਾਜ ਅਤੇ ਦੇਸ਼ਾਂ ਤੀਕ ਦੀ ਤੱਬਾਹੀ ਦਾ ਕਾਰਨ ਵੀ ਬਣ ਜਾਂਦਾ ਹੈ। ਜੇ ਫ਼ਿਰ ਵੀ ਕੁੱਝ ਵਿਸ਼ੇਸ਼ ਲੋਕਾਂ ਨੂੰ ਇਸ ਸਚਾਈ ਦੀ ਸਮਝ ਨਾ ਆਵੇ ਤਾਂ ਉਨ੍ਹਾਂ ਨੂੰ ਸਰਕਾਰੀ ਜੇਲਾਂ `ਚ, ਕਾਮ ਭੁੱਖ ਪੱਖੋਂ ਗੁਮਰਾਹ ਅਜਿਹੇ ਅਨੇਕਾਂ ਕੁਕਰਮੀਆਂ-ਵਿਭਚਾਰੀਆਂ ਦੀਆਂ ਸੜ ਰਹੀਆਂ ਜਿੰਦਗੀਆਂ ਵੱਲ ਵੀ ਝਾਤ ਮਾਰ ਲੈਣੀ ਚਾਹੀਦੀ ਹੈ। ਉਨ੍ਹਾਂ ਨੂੰ ਵੀ ਕਾਮ ਦੇ ਆਦਰਸ਼ਕ ਤੇ ਵਿਭਚਾਰਕ ਪਹਿਲੂ ਵਿਚਲੇ ਫ਼ਰਕ ਨੂੰ ਪਹਿਚਾਨਣ `ਚ ਦੇਰ ਨਹੀਂ ਲਗੇਗੀ।

ਉਂਝ ਵੀ ਨਰ-ਮਾਦਾ ਵਾਲਾ ਪ੍ਰਭੂ ਰਾਹੀਂ ਕਾਇਮ ਕੀਤਾ ਹੋਇਆ ਇਹ ਰਿਸ਼ਤਾ ਕੇਵਲ ਮਨੁੱਖ ਜਾਤੀ ਤੀਕ ਹੀ ਸੀਮਤ ਨਹੀਂ ਬਲਕਿ ਹਰੇਕ ਜੀਵ ਸ਼੍ਰੇਣੀ `ਤੇ ਇੱਕ ਜਿਹਾ ਲਾਗੂ ਹੁੰਦਾ ਹੈ। “ਭਈ ਪਰਾਪਤਿ ਮਾਨੁਖ ਦੇਹੁਰੀਆ” (ਪੰ: ੧੨) ਅਨੁਸਾਰ ਬੇਸ਼ਕ ਕਰਤੇ ਨੇ ਬਖਸ਼ਿਸ਼ ਕਰਕੇ ਸਾਨੂੰ ਮਨੁੱਖ ਦੀ ਜੂਨ ਬਖ਼ਸ਼ੀ ਹੋਈ ਹੈ ਤੇ ਫ਼ਿਰ ਜੇਕਰ ਅਸੀਂ ਵੀ ਇਨ੍ਹਾਂ ਭਮਲ ਭੁਸਿਆਂ `ਚ ਫ਼ਸੇ ਹੋਵੀਏ ਤਾਂ ਲਾਹਣਤ ਹੈ ਸਾਡੇ ਮਨੁੱਖ ਹੋਣ `ਤੇ। ਇਸ ਦੇ ਨਾਲ ਨਾਲ ਜੇ ਕਰ ਇਸ ਪੱਖੋਂ ਅਸਾਂ ਕਿਸੇ ਮੋਰ-ਮੋਰਣੀ, ਕੌਵਾ-ਕੌਵੀ, ਤੋਤਾ-ਤੋਤੀ, ਸ਼ੇਰ-ਸ਼ੇਰਨੀ, ਚਿੱੜਾ-ਚਿੱੜੀ ਤੇ ਘੋੜਾ-ਘੋੜੀ ਆਦਿ ਵੱਲ ਹੀ ਝਾਤ ਮਾਰ ਲਈ ਹੁੰਦੀ ਤਾਂ ਵੀ “ਸਾਹਿਬ ਸ੍ਰੀ ਗੁਰੂ ਗ੍ਰੰਥ ਜੀ” ਜੀ ਵੱਲ ਉਂਗਲੀ ਕਰਣ ਵਾਲਾ ਅਜਿਹਾ ਬਜਰ ਗੁਣਾਹ, ਕਦੇ ਵੀ ਨਾ ਕਰਦੇ।

“ਸਭਨਾ ਕਾ ਪਿਰੁ ਏਕੋ ਸੋਇ” - ਦ੍ਰਿੜ ਕਰਕੇ ਸਮਝਣਾ ਹੈ ਕਿ ਗੁਰਬਾਣੀ `ਚ ਗੁਰਦੇਵ ਨੇ ਕਾਮ ਪੱਖੋਂ ਜਿਨੀਆਂ ਵੀ ਮਿਸਾਲਾਂ ਵਰਤੀਆਂ ਹਨ ਉਹ ਮਨੁੱਖ ਦੀ ਸਾਧਾਰਣ ਤੇ ਨਿਤਾ ਪ੍ਰਤੀ ਜ਼ਿੰਦਗੀ ਚੋਂ ਹੀ ਲਈਆਂ ਹਨ। ਇਸੇ ਤਰ੍ਹਾਂ ਗੁਰਬਾਣੀ `ਚ ਮਨੁੱਖ ਨੂੰ ਜੀਵ ਇਸਤ੍ਰੀ ਦੱਸ ਕੇ, ਉਸ ਦਾ ਪਤੀ, ਪ੍ਰਮੇਸ਼ਵਰ ਨੂੰ ਹੀ ਦੱਸਿਆ ਹੈ। ਉਪ੍ਰੰਤ ਇਥੋਂ ਹੀ ਗੱਲ ਸ਼ੁਰੂ ਹੁੰਦੀ ਹੈ ਜੀਵ ਇਸਤ੍ਰੀ ਅਤੇ ਪ੍ਰਭੂ ਪਤੀ ਵਾਲੀ ਅਤੇ ਇਸ ਦੇ ਨਾਲ ਨਾਲ ਅਕਾਲਪੁਰਖ ਦੇ ਮਿਲਾਪ ਵਾਲੀ। ਉਹ ਪ੍ਰਭੂ ਜਿਹੜਾ ਆਪ ਹੀ ਆਪ ਹੈ, ਅਜੂਨੀ, ਸੈਭੰ ਤੇ ਰੂਪ ਰੇਖ ਰੰਗ ਤੋਂ ਨਿਆਰਾ ਹੈ। ਉਸ ਕਰਤੇ ਨੂੰ ਹੀ ਗੁਰਦੇਵ ਨੇ ਸੰਸਾਰ ਭਰ ਦੀਆਂ ਜੀਵ ਇਸਤ੍ਰੀਆਂ ਦਾ ਇਕੋ ਇੱਕ ਪਤੀ ਕਿਹਾ ਹੈ। ਫ਼ੁਰਮਾਨ ਹੈ “ਭਨਤਿ ਨਾਨਕੁ ਸਭਨਾ ਕਾ ਪਿਰੁ ਏਕੋ ਸੋਇ॥ ਜਿਸ ਨੋ ਨਦਰਿ ਕਰੇ ਸਾ ਸੋਹਾਗਣਿ ਹੋਇ” (ਪੰ: ੩੫੧)।

ਉਪ੍ਰੰਤ ਉਸੇ ਜੀਵ ਇਸਤ੍ਰੀ ਨੂੰ ਗੁਰਦੇਵ ਇਸੇ ਜਨਮ `ਚ ਪ੍ਰਭੂ ਪਤੀ ਦੀ ਪ੍ਰਾਪਤੀ ਵਾਲੇ ਮਕਸਦ ਦੀ ਗੱਲ ਸਮਝਾਉਂਦੇ ਹਨ ਜਿਵੇਂ ਜਿਨਿ ਤੁਮ ਭੇਜੇ ਤਿਨਹਿ ਬੁਲਾਏ, ਸੁਖ ਸਹਜ ਸੇਤੀ ਘਰਿ ਆਉ” (ਪੰ: ੬੭੮)। ਇਸ ਲਈ ਗੁਰਬਾਣੀ ਅਨੁਸਾਰ ਜਦੋਂ ਸਾਰੀਆਂ ਜੀਵ ਇਸਤ੍ਰੀਆਂ ਦਾ ਇਕੋ ਇੱਕ ਪਤੀ, ਅਕਾਲਪੁਰਖ ਹੀ ਹੈ ਜਿਸ ਨਾਲ ਮਿਲਾਪ ਹੋਣਾ ਹੈ ਤਾਂ ਉਥੋਂ ਹੀ ਗੱਲ ਸ਼ੂਰੂ ਹੁੰਦੀ ਹੈ ਜੀਵ ਇਸਤ੍ਰੀ ਦੇ ਸੁਹਾਗਣ ਅਤੇ ਦੁਹਾਗਣ ਹੋਣ ਦੀ। ਇਸ ਲਈ ਜੀਵ ਚਾਹੇ ਕਿਨੀਆਂ ਵੀ ਜੂਨਾਂ `ਚ ਭਟਕ ਕੇ ਆਇਆ ਹੋਵੇ ਅੰਤ ਉਸ ਦੀ ਗਤੀ ਤੇ ਬਾਰ ਦੇ ਬਾਰ ਦੇ ਜਨਮ-ਮਰਨ ਦੇ ਗੇੜ ਤੋਂ ਛੁਟਕਾਰਾ, ਅਸਲੇ ਪ੍ਰਭੂ `ਚ ਅਭੇਦ ਹੋ ਕੇ ਹੀ ਹੋਣਾ ਹੈ ਉਸ ਤੋਂ ਪਹਿਲਾਂ ਨਹੀਂ। ਉਪ੍ਰੰਤ ਇਹ ਫ਼ੈਸਲਾ ਵੀ ਗੁਰਬਾਣੀ ਦਾ ਹੀ ਹੈ ਕਿ ਇਸ ਜਨਮ ਮਰਨ ਦੇ ਗੇੜ ਤੋਂ ਛੁਟਕਾਰੇ ਲਈ ਜੀਵ ਲਈ “ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ” (ਪੰ: ੧੨) ਅਨੁਸਾਰ ਕੇਵਲ ਮਨੁੱਖਾ ਜੂਨ ਹੀ ਇਕੋ ਇੱਕ ਅਜਿਹਾ ਅਵਸਰ ਹੁੰਦ ਹੈ ਜਦਕਿ ਬਾਕੀ ਸਾਰੀਆਂ ਜੂਨਾਂ ਪਿਛਲੇ ਅਸਫ਼ਲ (ਬਿਰਥਾ) ਹੋ ਚੁੱਕੇ ਮਨੁੱਖਾ ਜਨਮ ਸਮੇਂ ਕੀਤੇ ਚੰਗੇ-ਮੰਦੇ ਕਰਮਾ ਦਾ ਲੇਖਾ ਜੋਖਾ ਹੀ ਹੁੰਦੀਆਂ ਹਨ, ਇਸ ਤੋਂ ਵਧ ਹੋਰ ਕੁੱਝ ਨਹੀਂ।

ਗੁਰਬਾਣੀ ਅਨੁਸਾਰ ਸੁਹਾਗਣ ਤੇ ਦੁਹਾਗਣ ਕੌਣ? - ਗੁਰਦੇਵ ਨੇ ਗੁਰਬਾਣੀ `ਚ ਇਸ ਸੰਸਾਰ ਨੂੰ ਮਨੁੱਖ ਦਾ ਪੇਕਾ ਘਰ ਵੀ ਕਿਹਾ ਹੈ ਜਿੱਥੇ ਇਹ ਸਦਾ ਲਈ ਰਹਿਣ ਨਹੀਂ ਆਇਆ। ਉਪ੍ਰੰਤ ਪ੍ਰਭੂ ਪ੍ਰਮੇਸ਼ਵਰ ਦੇ ਦਰ ਨੂੰ ਇਸ ਦਾ ਸੋਹਰਾ ਘਰ ਕਿਹਾ ਹੈ ਜੋ ਇਸ ਦਾ ਸਦੀਵ ਕਾਲ ਲਈ ਅਤੇ ਆਖਰੀ ਪੜਾਅ ਹੋਣਾ ਹੈ। ਇਸ ਦੇ ਨਾਲ ਗੁਰਬਾਣੀ `ਚ ਬਾਰ-ਬਾਰ ਪੱਕਾ ਕੀਤਾ ਹੋਇਆ ਹੈ ਕਿ ਸੋਹਰੇ ਘਰ ਭਾਵ ਪ੍ਰਭੂ ਪਤੀ ਪਾਸ ਪੁੱਜਣ ਲਈ ਜੀਵ ਇਸਤ੍ਰੀ ਨੇ ਤਿਆਰੀ ਇਸੇ ਮਨੁੱਖਾ ਜਨਮ ਭਾਵ ਇਸੇ ਪੇਕਾ ਘਰ `ਚ ਹੀ ਕਰਣੀ ਹੈ।

ਇਸ ਲਈ ਗੁਰਬਾਣੀ ਆਧਾਰ `ਤੇ ਸੋਹਾਗਣ ਤੇ ਦੋਹਾਗਣ ਵਾਲੇ ਵਿਸ਼ੇ ਨੂੰ ਸਮਝਣ ਲਈ “ਇਹੁ ਮਨੁ ਸਬਦਿ ਨ ਭੇਦਿਓ ਕਿਉ ਹੋਵੈ ਘਰ ਵਾਸੁ॥ ਮਨਮੁਖੀਆ ਦੋਹਾਗਣੀ ਆਵਣ ਜਾਣਿ ਮੁਈਆਸੁ॥ ਗੁਰਮੁਖਿ ਨਾਮੁ ਸੁਹਾਗੁ ਹੈ ਮਸਤਕਿ ਮਣੀ ਲਿਖਿਆਸੁ॥ ਹਰਿ ਹਰਿ ਨਾਮੁ ਉਰਿ ਧਾਰਿਆ ਹਰਿ ਹਿਰਦੈ ਕਮਲ ਪ੍ਰਗਾਸੁ” (ਪੰ: ੧੪੧੬) ਸਪਸ਼ਟ ਹੈ ਕਿ ਇਲਾਹੀ ਤੇ ਭਾਵੇਂ ਸੰਸਾਰਕ ਦੋਵੇਂ ਪਾਸੇ ਅਜਿਹੀਆਂ ਮਿਸਾਲਾਂ ਦਾ ਆਧਾਰ ਇਕੋ ਹੀ ਹੈ। ਗੁਰਦੇਵ ਦੇ ਮਾਪਦੰਡ `ਚ ਤੇ ਸੰਸਾਰ ਤੱਲ `ਤੇ ਵੀ ਸੁਹਾਗਣ ਇਸਤ੍ਰੀ ਉਹੀ ਹੈ ਜੋ ਕੇਵਲ ਤੇ ਕੇਵਲ ਆਪਣੇ ਪਤੀ ਲਈ ਹੈ। ਇਸੇ ਤਰ੍ਹਾਂ ਦੁਹਾਗਣ ਉਹ ਹੈ ਜਿਹੜੀ ਆਪਣੇ ਪਤੀ ਦਾ ਲੜ ਛੱਡ ਕੇ ਇਧਰ ਉਧਰ ਭਟਕਦੀ ਤੇਸ ਫੈਲਦੀ ਹੈ।

ਇਸੇ ਤਰ੍ਹਾਂ ਪ੍ਰਭੂ ਪਤੀ ਦੇ ਦਰ `ਤੇ ਵੀ ਉਹੀ ਜੀਵ ਇਸਤ੍ਰੀ ਸੁਹਾਗਣ ਹੈ ਜਿਸ ਨੇ ਆਪਣਾ ਜੀਵਨ ਗੁਰਸ਼ਬਦ ਦੀ ਕਮਾਈ ਨੂੰ ਸਮ੍ਰਪਿਤ ਕੀਤਾ ਤੇ ਪ੍ਰਭੂ ਪਤੀ ਦੇ ਰੰਗ `ਚ ਰੰਗਿਆ ਹੈ। ਅਜਿਹੀ ਜੀਵ ਇਸਤ੍ਰੀ ਦੇ ਜੀਵਨ `ਚ ਹੀ ਟਿਕਾਅ ਤੇ ਪੂਰਣ ਖਿੜਾਉ ਆਉਂਦਾ ਹੈ। ਦੂਜੇ ਪਾਸੇ, ਜਿਹੜੀ ਜੀਵ ਇਸਤ੍ਰੀ ਪ੍ਰਭੂ ਪਤੀ ਦਾ ਲੜ ਛੱਡ ਕੇ ਸੰਸਾਰ ਦੀ ਮੋਹ ਮਾਇਆ ਤੇ ਵਿਕਾਰਾਂ `ਚ ਖਚਤ ਰਹਿੰਦੀ ਹੈ ਉਹੀ ਦੁਹਾਗਣ ਹੈ। ਅਜਿਹੀ ਜੀਵ ਇਸਤ੍ਰੀ ਨੂੰ ਪ੍ਰਭੂ ਪਤੀ ਦੀ ਸਾਂਝ ਪ੍ਰਾਪਤ ਨਹੀਂ ਹੁੰਦੀ ਤੇ ਉਹ ਮਨਮੁਖ ਹੋਣ ਕਾਰਣ ਮੌਤ ਤੋਂ ਬਾਅਦ ਵੀ ਜਨਮ ਮਰਨ ਦੇ ਗੇੜ੍ਹ ਤੇ ਭਿੰਨ ਭਿੰਨ ਜੂਨਾਂ-ਗਰਭਾਂ ਦੀ ਖਾਜ ਹੀ ਬਣਦੀ ਹੈ ਜਿਵੇਂ ਠੀਕ ਉਸੇ ਤਰ੍ਹਾਂ ਜਿਵੇਂ “ਸਾਵਣੁ ਆਇਆ ਹੇ ਸਖੀ, ਕੰਤੈ ਚਿਤਿ ਕਰੇਹੁ॥ ਨਾਨਕ ਝੂਰਿ ਮਰਹਿ ਦੋਹਾਗਣੀ, ਜਿਨੑ ਅਵਰੀ ਲਾਗਾ ਨੇਹੁ” (ਪੰ: ੧੨੮੦)।

ਦੇਖਣਾ ਹੈ ਕਿ ਸੰਸਾਰ ਤਲ `ਤੇ ਵੀ ਸਾਵਣ ਦਾ ਮਹੀਨਾ, ਪਤੀ-ਪਤਨੀ ਦੇ ਮਿਲਾਪ ਲਈ ਖਾਸ ਤੇ ਵਿਸ਼ੇਸ਼ ਮੰਣਿਆ ਜਾਂਦਾ ਹੈ। ਦੂਜੇ ਪਾਸੇ ਗੁਰਦੇਵ ਵੀ ਇਸੇ ਸੰਸਾਰਕ ਸਚਾਈ ਨੂੰ ਮਿਸਾਲ ਬਣਾ ਕੇ ਫ਼ੁਰਮਾਉਂਦੇ ਹਨ, ਜਿਹੜੀ ਜੀਵ ਇਸਤ੍ਰੀ ਹਰ ਸਮੇਂ ਪ੍ਰਭੂ ਪਤੀ ਦੇ ਪਿਆਰ `ਚ ਰੰਗੀ ਰਹਿੰਦੀ ਹੈ, ਉਹ ਸਦਾ ਸਾਵਣ ਦੇ ਮਹੀਨੇ ਵਾਲਾ ਵਾਲਾ ਆਨੰਦ ਮਾਣਦੀ ਹੈ। ਇਸ ਦੇ ਉਲਟ ਜਿਹੜੀ ਜੀਵ ਇਸਤ੍ਰੀ, ਪ੍ਰਭੂ ਪਤੀ ਦਾ ਲੜ ਛੱਡ ਕੇ ਸੰਸਾਰਿਕ ਮੋਹ ਮਾਇਆ, ਵਿਕਾਰਾਂ `ਚ ਖੱਚਤ ਰਹਿੰਦੀ ਹੈ, ਉਹ ਦੋਹਾਗਣ ਹੈ ਅਤੇ “ਝੂਰਿ ਮਰਹਿ ਦੋਹਾਗਣੀ, ਜਿਨੑ ਅਵਰੀ ਲਾਗਾ ਨੇਹੁ” ਉਹ ਜੀਵਨ ਭਰ ਝੂਰਦੀ ਰਹਿੰਦੀ ਹੈ। ਭਾਵ ਜੀਉਂਦੇ ਜੀਅ ਵੀ ਆਸ਼ਾ-ਮਨਸ਼ਾ, ਤ੍ਰਿਸ਼ਨਾ, ਭਟਕਣਾ, ਚਿੰਤਾਵਾਂ ਆਦਿ ਕਾਰਣ ਦੁਖੀ ਰਹਿੰਦੀ ਹੈ ਅਤੇ ਮੌਤ ਤੋਂ ਬਾਅਦ ਵੀ ਮੁੜ ਜਨਮ ਮਰਨ ਦੇ ਗੇੜ `ਚ ਹੀ ਪੈਂਦੀ ਹੈ।

ਇਸੇ ਤਰ੍ਹਾਂ ਵਿਸ਼ੇ ਨਾਲ ਸਬੰਧਤ ਇੱਕ ਹੋਰ ਗੁਰਬਾਣੀ ਫ਼ੁਰਮਾਨ ਜਿਵੇਂ “ਮਨਮੁਖ ਮੈਲੀ ਕਾਮਣੀ ਕੁਲਖਣੀ ਕੁਨਾਰਿ॥ ਪਿਰੁ ਛੋਡਿਆ ਘਰਿ ਆਪਣਾ, ਪਰ ਪੁਰਖੈ ਨਾਲਿ ਪਿਆਰੁ॥ ਤ੍ਰਿਸਨਾ ਕਦੇ ਨ ਚੁਕਈ, ਜਲਦੀ ਕਰੇ ਪੂਕਾਰ॥ ਨਾਨਕ ਬਿਨੁ ਨਾਵੈ ਕੁਰੂਪਿ ਕੁਸੋਹਣੀ, ਪਰਹਰਿ ਛੋਡੀ ਭਤਾਰਿ” (ਪੰ: ੮੯) ਠੀਕ ਉਸੇਤਰ੍ਹਾਂ ਜਿਵੇਂ ਸੰਸਾਰ ਤੱਲ `ਤੇ ਵੀ ਜਿਹੜੀ ਇਸਤ੍ਰੀ ਆਪਣੇ ਪਤੀ ਦੀ ਨਾ ਹੋ ਕੇ ਇਧਰ ਉਧਰ ਦੀ ਖਾਕ ਛਾਣਦੀ ਹੈ ਉਸ ਨੂੰ ਸੋਹਾਗਣ ਨਹੀਂ, ਦੋਹਾਗਣ ਹੀ ਕਿਹਾ ਜਾਂਦਾ ਹੈ। ਇਸ ਲਈ “ਮਨੁ ਤਨੁ ਸਉਪੇ ਕੰਤ ਕਉ, ਸਬਦੇ ਧਰੇ ਪਿਆਰੁ॥ ਬਿਨੁ ਨਾਵੈ ਕਿਨੈ ਨ ਪਾਇਆ, ਦੇਖਹੁ ਰਿਦੈ ਬੀਚਾਰਿ॥ ਨਾਨਕ ਸਾ ਸੁਆਲਿਓ ਸੁਲਖਣੀ, ਜਿ ਰਾਵੀ ਸਿਰਜਨਹਾਰਿ” (ਪ: ੮੯) ਠੀਕ ਉਸੇ ਤਰ੍ਹਾਂ ਗੁਰਬਾਣੀ `ਚ ਇਸ ਵਿਸ਼ੇ ਨੂੰ ਸਮਝਣ ਲਈ ਹੋਰ ਵੀ ਹਜ਼ਾਰਾਂ ਪ੍ਰਮਾਣ ਹਨ। ਖ਼ੂਬੀ ਇਹ ਕਿ ਸੰਪੂਰਣ ਗੁਰਬਾਣੀ `ਚ ਮਨੁੱਖ ਦੀ ਸਾਧਾਰਨ ਜ਼ਿੰਦਗੀ ਨੂੰ ਹੀ ਪ੍ਰਭੂ ਪਤੀ ਦੇ ਮਿਲਾਪ ਦਾ ਆਧਾਰ ਬਣਾ ਕੇ ਤੇ ਅਤੇ ਹਰੇਕ ਵਿਸ਼ੇ ਨੂੰ ਬਹੁਤ ਸੌਖਾ ਕਰਕੇ ਸਮਝਾਇਆ ਹੈ।

“ਚਿਤੁ ਲਾਇਆ ਪਰ ਨਾਰੀ” - ਬਾਕੀ ਰਹੀ ਗੱਲ ਅਜਿਹੇ ਲੋਕਾਂ ਦੀ ਜਿਹੜੇ ਜਾਣੇ- ਅਣਜਾਣੇ ਜਾਂ ਕਿਸੇ ਕਾਰਣ ਗੁਰਬਾਣੀ `ਚੋਂ ਵੀ ਕਾਮ ਦੇ ਸਦਾਚਾਰਕ ਪੱਖ ਨੂੰ ਵੀ ਵਿਭਚਾਰਕ ਪੱਖ ਨਾਲ ਖ਼ਲਤ ਮਲਤ ਕਰਣ ਵਾਲਾ ਬਜਰ ਗੁਣਾਹ ਕਰਦੇ ਹਨ। ਪਹਿਲਾਂ ਤਾਂ ਉਨ੍ਹਾਂ ਦੀ ਸੇਵਾ `ਚ ਸਨਿਮ੍ਰ ਬੇਨਤੀ ਹੈ ਕਿ ਉਹ ਲੋਕ ਕਾਮ ਸਬੰਧੀ ਉਪਰ ਦਿੱਤੇ ਵੇਰਵੇ ਨੂੰ ਪੜ੍ਹਣ ਤੇ ਇਸ ਦੀ ਸਚਾਈ ਬਾਰੇ ਆਪਣੀ ਜ਼ਮੀਰ ਕੋਲੋਂ ਪੁਛਣ। ਫ਼ਿਰ ਦੂਜਿਆਂ ਨੂੰ ਸ਼ਬਦਾਵਲੀ ਦੀ ਉਲਝਣ `ਚ ਫ਼ਸਣ ਤੇ ਫ਼ਸਾਉਣ ਤੋਂ ਪਹਿਲਾਂ ਆਪ ਸਮਝਣ ਦਾ ਯਤਣ ਕਰਣ ਕਿ ਉਹ ਲੋਕ ਕਾਮ ਨਾਲ ਸਬੰਧਤ ਜਿਹੜੀ ਵੀ ਗੱਲ ਕਰ ਰਹੇ ਹਨ, ਉਥੇ ਕਾਮ ਦਾ ਸਦਾਚਾਰਕ ਪਹਿਲੂ ਪ੍ਰਧਾਨ ਹੈ ਜਾਂ ਵਿਭਚਾਰਕ।

ਦੂਜਾ, ਕਾਮ ਦੇ ਜਿਸ ਵਿਭਚਾਰਕ ਪੱਖ ਨੂੰ ਉਹ ਲੋਕ ਅਜਿਹੀਆਂ ਅਣਮੱਤੀ ਰਚਨਾਵਾਂ ਨਾਲ ਬਾਰ ਬਾਰ ਜੋੜਦੇ ਹਨ ਜਦਕਿ ਦੇਖਣ ਕਿ ਇਧਰ ਗੁਰਬਾਣੀ `ਚ ਉਸ ਰਹਿਣੀ ਨੂੰ ਭਰਵੇਂ ਢੰਗ ਨਿੰਦਿਆ ਤੇ ਕੱਟਿਆ ਹੋਇਆ ਹੈ ਜਾਂ ਉਸ ਦੀ ਉਸਤੱਤ ਕੀਤੀ ਹੋਈ ਹੈ? ਤਾਂ ਫ਼ਿਰ ਦੋਨਾਂ ਦਾ ਜੋੜ ਕਿੱਥੇ ਹੈ? ਕਾਮ-ਭੋਗ ਸਬੰਧੀ ਕੁਕਰਮੀ ਜੀਵਨ ਲਈ ਤਾਂ ਅਜਿਹੇ ਗੁਰਬਾਣੀ ਫ਼ੁਰਮਾਨ ਹਨ ਜਿਵੇਂ:

“ਹਾਥ ਕਮੰਡਲੁ ਕਾਪੜੀਆ, ਮਨਿ ਤ੍ਰਿਸਨਾ ਉਪਜੀ ਭਾਰੀ॥ ਇਸਤ੍ਰੀ ਤਜਿ ਕਰਿ ਕਾਮਿ ਵਿਆਪਿਆ, ਚਿਤੁ ਲਾਇਆ ਪਰ ਨਾਰੀ॥ ਸਿਖ ਕਰੇ ਕਰਿ ਸਬਦੁ ਨ ਚੀਨੈ, ਲੰਪਟੁ ਹੈ ਬਾਜਾਰੀ॥ ਅੰਤਰਿ ਬਿਖੁ ਬਾਹਰਿ ਨਿਭਰਾਤੀ ਤਾ ਜਮੁ ਕਰੇ ਖੁਆਰੀ (ਪੰ: ੧੦੧੩) ਅਤੇ

“ਸਾਚੀ ਸੁਰਤਿ ਨਾਮਿ ਨਹੀ ਤ੍ਰਿਪਤੇ, ਹਉਮੈ ਕਰਤ ਗਵਾਇਆ॥ ਪਰ ਧਨ ਪਰ ਨਾਰੀ ਰਤੁ ਨਿੰਦਾ, ਬਿਖੁ ਖਾਈ ਦੁਖੁ ਪਾਇਆ॥ ਸਬਦੁ ਚੀਨਿ ਭੈ ਕਪਟ ਨ ਛੂਟੇ, ਮਨਿ ਮੁਖਿ ਮਾਇਆ ਮਾਇਆ॥ ਅਜਗਰਿ ਭਾਰਿ ਲਦੇ ਅਤਿ ਭਾਰੀ, ਮਰਿ ਜਨਮੇ ਜਨਮੁ ਗਵਾਇਆ (ਪੰ: ੧੨੫੪) ਇਸੇ ਤਰ੍ਹਾਂ

“ਕਾਨ ਫਰਾਇ ਹਿਰਾਏ ਟੂਕਾ॥ ਘਰਿ ਘਰਿ ਮਾਂਗੈ ਤ੍ਰਿਪਤਾਵਨ ਤੇ ਚੂਕਾ॥ ਬਨਿਤਾ ਛੋਡਿ ਬਦ ਨਦਰਿ ਪਰ ਨਾਰੀ॥ ਵੇਸਿ ਨ ਪਾਈਐ ਮਹਾ ਦੁਖਿਆਰੀ” (ਪੰ: ੧੩੪੮) ਹੋਰ

“ਘਰ ਕੀ ਨਾਰਿ ਤਿਆਗੈ ਅੰਧਾ॥ ਪਰ ਨਾਰੀ ਸਿਉ ਘਾਲੈ ਧੰਧਾ” (ਪੰ: ੧੧੬੪) ਇਸ ਤਰ੍ਹਾਂ ਅਜਿਹੇ ਪ੍ਰਮਾਣ ਹਨ ਵਿਭਚਾਰੀ ਪੁਰਖ ਲਈ, ਜਦਕਿ ਨਾਲ ਹੀ ਵਿਭਚਾਰਣ ਇਸਤ੍ਰੀ ਲਈ ਵੀ ਮਾਪਦੰਡ ਉਹੀ ਹੈ ਵਖਰਾ ਨਹੀਂ ਜਿਵੇਂ- “ਪਿਰ ਕਾ ਹੁਕਮੁ ਨ ਜਾਣਈ ਭਾਈ, ਸਾ ਕੁਲਖਣੀ ਕੁਨਾਰਿ॥ ਮਨਹਠਿ ਕਾਰ ਕਮਾਵਣੀ ਭਾਈ, ਵਿਣੁ ਨਾਵੈ ਕੂੜਿਆਰਿ” (ਪੰ: ੬੩੯) ਇਸ ਤਰ੍ਹਾਂ ਅਜਿਹੀ ਇਸਤ੍ਰੀ ਲਈ ਕੁਲਖਣੀ, ਕੁਨਾਰਿ, ਦੋਹਾਗਣੀ ਆਦਿ ਸ਼ਬਦ ਵੀ ਵਰਤੇ ਹੋਏ ਹਨ। ਇਸ ਤਰ੍ਹਾਂ ਇਸਤ੍ਰੀ ਹੋਵੇ ਜਾ ਪੁਰਖ, ਵਿਭਚਾਰੀ ਜੀਵਨ ਕਿਸੇ ਦਾ ਵੀ ਪ੍ਰਵਾਨ ਨਹੀਂ।

ਇਸ ਤੋਂ ਬਾਅਦ ਗੁਰਬਾਣੀ ਅਨੁਸਾਰ ਦੂਜੇ ਪਾਸੇ ਵੀ ਇਸਤ੍ਰੀ ਜਗਤ ਹੀ ਹੈ ਅਤੇ ਉਸ ਦੇ ਜੀਵਨ ਆਧਾਰ ਵੀ ਕਾਮ ਹੀ ਹੈ ਪਰ ਜਦੋਂ ਕਾਮ ਦਾ ਆਧਾਰ ਸਦਾਚਾਰਕ ਹੈ; ਤਾਂ ਵਿਸ਼ੇ ਅਨੁਸਾਰ ਉਥੇ ਗੁਰਦੇਵ ਨੇ ਇਸਤ੍ਰੀ ਵਰਗ ਨੂੰ ਸਾਹਮਣੇ ਰਖ ਕੇ ਪੁਰਸ਼ ਵਰਗ ਦੀ ਖਿਚਾਈ ਵੀ ਕੀਤੀ ਤੇ ਫ਼ੁਰਮਾਇਆ ਹੈ “ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ …. ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ॥ ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ” (ਪੰ: ੪੭੩)। ਦੇਖਣਾ ਇਹ ਵੀ ਹੈ ਕਿ ਗੁਰਦੇਵ ਨੇ ਅਜਿਹਾ ਉਦੋਂ ਕੀਤਾ ਹੈ ਜਦੋਂ ਮਰਦ, ਇਸਤ੍ਰੀ ਦੀ ਅਵਹੇਲਣਾ ਕਰਦਾ ਹੈ ਤੇ ਆਪਣੇ ਆਪ ਨੂੰ ਉਸਦੇ ਮੁਕਾਬਲੇ ਉੱਤਮ ਮੰਣਦਾ ਹੈ। ਕਿਉਂਕਿ ਗੁਰਬਾਣੀ ਅਨੁਸਾਰ ਇਸਤ੍ਰੀ ਹੋਵੇ ਜਾਂ ਪੁਰਖ, ਕਰਤੇ ਦੇ ਨਿਆਂ `ਚ ਦੋਨਾਂ ਦਾ ਦਰਜਾ ਇਕੋ ਹੀ ਹੈ, ਇੱਕ ਦਾ ਘੱਟ ਤੇ ਦੂਜੇ ਦਾ ਵਧ ਨਹੀਂ।

“ਗਿਆਨ ਰਾਉ ਜਬ ਸੇਜੈ ਆਵੈ” ਆਦਿ- ਹੁਣ ਗੱਲ ਕਰਦੇ ਹਾਂ ਗੁਰਬਾਣੀ `ਚੋਂ ਕੁੱਝ ਉਨ੍ਹਾਂ ਵਿਸ਼ੇਸ਼ ਪੰਕਤੀਆਂ ਦੀ ਜਿਨ੍ਹਾਂ ਦੀ ਕੁਵਰਤੋਂ ਕਰਕੇ ਜਾਣੇ ਜਾਂ ਅਣਜਾਣੇ ਕੁੱਝ ਲੋਕ ਇਸ ਪੱਖੋਂ ਕੌਮ ਨੂੰ ਤੇ ਖਾਸਕਰ ਸਿੱਖ ਪਨੀਰੀ ਨੂੰ ਗੁਮਰਾਹ ਕਰਣ ਦਾ ਕਾਰਣ ਬਣਦੇ ਹਨ ਤੇ ਆਪ ਵੀ ਹੁੰਦੇ ਹਨ। ਇਸ ਤਰ੍ਹਾਂ ਅਜਿਹੇ ਲੋਕ ਗੁਰਬਾਣੀ ਵਿਚਲੇ ਕਾਮ ਸੰਬੰਧਤ ਸਦਾਚਾਰਕ ਪੱਖ ਅਤੇ ਵਿਸ਼ੇ ਨੂੰ ਵੀ ਕਾਮ ਦੇ ਵਿਭਚਾਰਕ ਪੱਖ ਨਾਲ ਜੋੜਣ ਵਾਲਾ ਗੁਣਾਹ ਕਰਦੇ ਹਨ। ਤਾਂ ਤੇ ਗੁਰਬਾਣੀ ਦੀਆਂ ਉਹ ਵਿਸ਼ੇਸ਼ ਪੰਕਤੀਆਂ ਇਸ ਤਰ੍ਹਾਂ ਹਨ:-

(੧) “ਗਿਆਨ ਰਾਉ ਜਬ ਸੇਜੈ ਆਵੈ ਤ ਨਾਨਕ ਭੋਗੁ ਕਰੇਈ”

(੨) “ਅਜੁ ਨ ਸੁਤੀ ਕੰਤ ਸਿਉ ਅੰਗੁ ਮੁੜੇ ਮੁੜਿ ਜਾਇ” ਅਤੇ

(੩) “ਗਚੁ ਜਿ ਲਗਾ ਗਿੜਵੜੀ ਸਖੀਏ ਧਉਲਹਰੀ” ਹੁਣ ਦੇਖਣਾ ਹੈ ਕਿ ਗੁਰਬਾਣੀ `ਚ ਇਹ ਪੰਕਤੀਆਂ ਆਈਆਂ ਕਿੱਥੇ-ਕਿੱਥੇ ਤੇ ਕਿਸ ਕਿਸ ਅਰਥ `ਚ ਹਨ? ਵਿਸ਼ਾ ਆਪਣੇ ਆਪ ਸਾਫ਼ ਹੋ ਜਾਵੇਗਾ। ਤਾਂ ਤੇ ਨੰਬਰਵਾਰ ਇਨ੍ਹਾਂ ਤਿੰਨਾਂ ਪੰਕਤੀਆਂ ਨਾਲ ਸੰਬੰਧਤ ਤਿੰਨੇ ਸ਼ਬਦ ਇਸ ਤਰ੍ਹਾਂ ਹਨ:

(੧) “ਮਨੁ ਮੋਤੀ ਜੇ ਗਹਣਾ ਹੋਵੈ, ਪਉਣੁ ਹੋਵੈ ਸੂਤ ਧਾਰੀ॥ ਖਿਮਾ ਸੀਗਾਰੁ ਕਾਮਣਿ ਤਨਿ ਪਹਿਰੈ, ਰਾਵੈ ਲਾਲ ਪਿਆਰੀ॥ ੧ ॥ ਲਾਲ ਬਹੁ ਗੁਣਿ ਕਾਮਣਿ ਮੋਹੀ॥ ਤੇਰੇ ਗੁਣ ਹੋਹਿ ਨ ਅਵਰੀ॥ ੧ ॥ ਰਹਾਉ॥ ਹਰਿ ਹਰਿ ਹਾਰੁ ਕੰਠਿ ਲੇ ਪਹਿਰੈ, ਦਾਮੋਦਰੁ ਦੰਤੁ ਲੇਈ॥ ਕਰ ਕਰਿ ਕਰਤਾ ਕੰਗਨ ਪਹਿਰੈ, ਇਨ ਬਿਧਿ ਚਿਤੁ ਧਰੇਈ॥ ੨ ॥ ਮਧੁਸੂਦਨੁ ਕਰ ਮੁੰਦਰੀ ਪਹਿਰੈ, ਪਰਮੇਸਰੁ ਪਟੁ ਲੇਈ॥ ਧੀਰਜੁ ਧੜੀ ਬੰਧਾਵੈ ਕਾਮਣਿ, ਸ੍ਰੀਰੰਗੁ ਸੁਰਮਾ ਦੇਈ॥ ੩ ॥ ਮਨ ਮੰਦਰਿ ਜੇ ਦੀਪਕੁ ਜਾਲੇ, ਕਾਇਆ ਸੇਜ ਕਰੇਈ॥ ਗਿਆਨ ਰਾਉ ਜਬ ਸੇਜੈ ਆਵੈ ਤ ਨਾਨਕ ਭੋਗੁ ਕਰੇਈ” (ਪੰ: ੩੫੯)

ਇਸ ਤਰ੍ਹਾਂ ਸਪਸ਼ਟ ਹੈ ਕਿ ਸਾਰੇ ਸ਼ਬਦ `ਚ ਗੱਲ ਹੀ ਪ੍ਰ੍ਰਭੂ ਦੇ ਨਾਮ ਰੰਗ (ਗਿਆਨ ਰਾਉ) ਨਾਲ ਜੀਵਨ ਦੇ ਰੰਗੇ ਜਾਣ ਦੀ (ਸੇਜੈ ਆਵੈ) ਦੀ ਹੋ ਰਹੀ ਹੈ ਨਾ ਕਿ ਕਾਮ ਦੇ ਕਿਸੇ ਵਿਭਚਾਰਕ ਪੱਖ ਤੋਂ। ਇਥੇ ਤਾਂ ਅਜਿਹੇ ਜੀਵਨ ਦੀ ਗੱਲ ਹੋ ਰਹੀ ਹੈ ਜਿਹੜਾ ਕਿ ਇਲਾਹੀ ਗੁਣਾਂ ਨਾਲ ਭਰਪੂਰ ਹੈ। ਬਲਕਿ ਇਥੇ ਤਾਂ ਦੁਨਿਆਵੀ ਸਦਾਚਾਰਕ ਕਾਮ ਦੀ ਵੀ ਗੱਲ ਨਹੀਂ। ਕਿਉਂਕਿ ਇਥੇ ਤਾਂ ਵਿਸ਼ਾ ਵੀ ਕੇਵਲ ਇੱਕ ਪ੍ਰਕਰਣ ਤੇ ਮਿਸਾਲ ਵੱਜੋਂ ਹੀ ਹੈ ਅਤੇ ਉਹ ਵੀ ਸਦਾਚਾਰਕ ਤਲ ਦਾ।

(੨) ਸਲੋਕ “ਅਜੁ ਨ ਸੁਤੀ ਕੰਤ ਸਿਉ ਅੰਗੁ ਮੁੜੇ ਮੁੜਿ ਜਾਇ”॥ ਜਾਇ ਪੁਛਹੁ ਡੋਹਾਗਣੀ ਤੁਮ ਕਿਉ ਰੈਣਿ ਵਿਹਾਇ” (ਪੰ: ੧੩੭੯) ਜਦਕਿ ਇਸ ਸਲੋਕ `ਚ ਵੀ ਅਸਲ ਵਿਸ਼ਾ ਪਤੀ ਪ੍ਰਮੇਸ਼ਰ ਦੇ ਵਿਯੋਗ, ਬਿਰਹਾ ਤੇ ਉਸ `ਚ ਅਭੇਦ ਹੋਣ ਦਾ ਹੈ।

ਇਸ ਤਰ੍ਹਾਂ ਇਥੇ ਵੀ ਕਾਮ ਦਾ ਵਿਭਚਾਰਕ ਪੱਖ ਤਾਂ ਦੂਰ ਬਲਕਿ ਇਥੇ ਸੰਸਾਰਕ ਤਲ ਦੀ ਮਿਸਾਲ ਵਰਤ ਕੇ ਵੀ, ਕਾਮ ਦੇ ਕੇਵਲ ਆਦਰਸ਼ਕ ਪੱਖ ਨੂੰ ਹੀ ਲਿਆ ਹੈ। ਉਪ੍ਰੰਤ ਸਪਸ਼ਟ ਹੈ ਕਿ ਇਸ ਤਰ੍ਹਾਂ ਜੇਕਰ ਇਸ ਨੂੰ ਦੁਨਿਆਵੀ ਤੱਲ `ਤੇ ਵੀ ਲੈ ਲਿਆ ਜਾਵੇ ਤਾਂ ਵੀ ਗੱਲ ਆਪਣੇ ਕੰਤ ਨਾਲ ਸੌਣ ਅਤੇ ਉਸੇ ਦੇ ਵਿਯੋਗ-ਬਿਰਹਾ ਦੀ ਹੀ ਹੈ, ਨਾ ਕਿ ਪਰਾਏ ਮਰਦ ਦੀ।

(੩) “ਗਚੁ ਜਿ ਲਗਾ ਗਿੜਵੜੀ ਸਖੀਏ ਧਉਲਹਰੀ” ਤਾਂ ਤੇ ਮਹਲਾ ੧ ਦਾ ਇਹ ਪੂਰਾ ਸਲੋਕ ਵੀ ਇਸ ਤਰ੍ਹਾਂ ਹੈ:-

“ਉਤੰਗੀ ਪੈਓਹਰੀ ਗਹਿਰੀ ਗੰਭੀਰੀ॥ ਸਸੁੜਿ ਸੁਹੀਆ ਕਿਵ ਕਰੀ, ਨਿਵਣੁ ਨ ਜਾਇ ਥਣੀ॥ ਗਚੁ ਜਿ ਲਗਾ ਗਿੜਵੜੀ, ਸਖੀਏ ਧਉਲਹਰੀ॥ ਸੇ ਭੀ ਢਹਦੇ ਡਿਠੁ ਮੈ, ਮੁੰਧ ਨ ਗਰਬੁ ਥਣੀ” (ਪੰ: ੧੪੧੦) ਇਥੇ ਇਹ ਵੀ ਸੰਸਾਰ ਦਾ ਅਜਿਹਾ ਸੱਚ ਹੈ ਕਿ ਜਿਉਂ ਹੀ ਬੱਚੀ ਨੂੰ ਜੁਆਨੀ ਆਉਂਦੀ ਹੈ ਤੇ ਉਸ ਜੁਆਨੀ ਦੇ ਨਾਲ ਨਾਲ ਜੇਕਰ ਸਰੀਰਕ ਸੁੰਦਰਤਾ ਵੀ ਹੋਵੇ ਤਾਂ ਦੇਸ਼-ਸਮਾਜ ਦੀਆਂ ਬਹੁਤੀਆਂ ਬੱਚੀਆਂ ਫਿਸਲ ਜਾਂਦੀਆਂ ਤੇ ਬਹੁਤਾ ਕਰਕੇ ਵਿਭਚਾਰਕ ਗੰਦਗੀ ਦੇ ਖੂਹ `ਚ ਗ਼ਰਕ ਹੋ ਜਾਂਦੀਆਂ ਹਨ; ਇਹੀ ਹੈ ਹਰੇਕ ਸਮਾਜ ਦਾ ਵੱਡਾ ਦੁਖਾਂਤ।

ਇਸ ਲਈ ਇਥੇ ਵੀ ਜੇ ਕਰ ਵਿਸ਼ੇ ਨੂੰ ਦੁਨਿਆਵੀ ਤਲ `ਤੇ ਹੀ ਲੈ ਲਵੀਏ, ਤਾਂ ਵੀ ਗੁਰਦੇਵ ਕਹਿ ਰਹੇ ਹਨ “ਐ ਬੱਚੀਏ! ਜੁਆਨੀ ਤੇ ਸੁੰਦਰਤਾ ਦੇ ਹੰਕਾਰ `ਚ ਜੀਵਨ ਨੂੰ ਗੰਦਾ ਨਾ ਕਰ ਕਿਉਂਕਿ ਇਹ ਯੋਵਣ ਬਹੁਤੇ ਦਿਨ ਟਿਕਣ ਵਾਲਾ ਨਹੀਂ। ਬਲਕਿ ਕਰਤੇ ਦੇ ਸ਼ੁਕਰਾਣੇ `ਚ ਇਸ ਦੀ ਸੁਵਰਤੋਂ ਕਰ, ਇਸ ਦੀ ਅਮੁਲਤਾ ਨੂੰ ਪਹਿਚਾਣ। ਉਸ ਦਾ ਨਤੀਜਾ, ਕਿ ਇਸੇ ਦਾ ਲਾਭ ਲੈ ਕੇ ਤੂੰ ਉਸ ਦਾਤਾਰ ਨਾਲ ਜੁੜ ਜਿਸ ਨੇ ਤੈਨੂੰ ਜੀਵਨ ਦਾ ਇਹ ਸੁਹਾਵਣਾ ਤੇ ਮਜ਼ਬੂਤ ਸਮਾਂ ਬਖ਼ਸ਼ਿਆ ਹੈ”।

ਸਪਸ਼ਟ ਹੈ ਇਥੇ ਵੀ ਵਿਸ਼ਾ ਵਿਭਚਾਰਕ ਜੀਵਨ ਵੱਲੋਂ ਸੁਚੇਤ ਕਰਣ ਦਾ ਹੈ ਨਾ ਕਿ ਜੀਵਨ ਨੂੰ ਵਿਭਚਾਰ ਪਾਸੇ ਲਿਜਾਉਣ ਤੇ ਤਬਾਹ ਕਰਣ ਦਾ। ਉਂਝ ਇਥੇ ਵੀ ਜੇਕਰ ਪ੍ਰਕਰਣ ਬੱਚੀ ਦਾ ਹੀ ਵਰਤਿਆ ਹੈ ਪਰ ਗੁਰਮੱਤ ਤੇ ਗੁਰਬਾਣੀ ਸਿਧਾਂਤ ਅਨੁਸਾਰ ਇਹ ਚੇਤਣਨੀ ਵੀ ਬੱਚਾ ਤੇ ਬੱਚੀ ਦੋਨਾਂ ਲਈ ਹੈ ਇਕੱਲੇ ਬੱਚੀਆਂ ਲਈ ਨਹੀਂ।

ਇਸ ਤਰ੍ਹਾਂ ਅਜਿਹੀ ਸੋਚਣੀ ਤੇ ਗੁਰਬਾਣੀ ਅਰਥਾਂ ਦੇ ਉਲਟੇ ਪ੍ਰਭਾਵ ਦੇ ਕੇ, ਪਹਿਲਾਂ ਤੋਂ ਗੁਮਰਾਹ ਹੋਈ ਸਿੱਖ ਪਨੀਰੀ ਨੂੰ ਪਤਿਤਪੁਣੇ ਤੇ ਨਸ਼ਿਆਂ ਆਦਿ ਵੱਲ ਧਕਣ ਦੀ ਬਜਾਏ ਲੋੜ ਹੈ ਤਾਂ ਉਨ੍ਹਾਂ ਨੂੰ ਉਧਰੋਂ ਬਚਾਉਣ ਦੀ। ਦੂਜਾ ਕਾਮ ਦੇ ਆਦਰਸ਼ਕ ਪੱਖ ਤੇ ਵਿਭਚਾਰਕ ਪੱਖ ਵਿਚਲੇ ਭੇਦ ਵੱਲੋਂ ਸੁਚੇਤ ਹੋਣ ਦੀ, ਨਾ ਕਿ ਆਪ ਵੀ ਸੰਸਾਰ ਦੇ ਚਲਦੇ ਵਹਿਣ `ਚ ਵਹਿਣ ਦੀ। ਇਸ ਤਰ੍ਹਾਂ ਬੇਸ਼ਕ ਅਣਜਾਣੇ `ਚ ਹੀ ਸਹੀ, ਪਰ ਆਪਣੀ ਅਜਿਹੀ ਕਰਣੀ ਨਾਲ ਅਸੀਂ ਖ਼ੁਦ ਹੀ ਪੰਥ ਨੂੰ ਰਸਾਤਲ ਵੱਲ ਲੈ ਜਾਣ ਤੇ ਇਸ ਦੀ ਅਧੋਗਤੀ ਦਾ ਕਾਰਣ ਬਣ ਰਹੇ ਹਾਂ। #18 DSLs01.013# (ਚਲਦਾ)

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Sikh, Dharm Vi Hai Ate Lehar Vi.01.13 BEING LOADED IN ISTTS. Otherwise about All the Self Learning Gurmat Lessons already loaded on www.sikhmarg.com it is to clarify that:-

---------------------------------------------

For all the Gurmat Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26487315 Cell 9811292808

web site- www.gurbaniguru.org




.