.

{ਪੰਜ ਵਿੱਚ ਕੀ ਜਾਦੂ ਹੈ?}

ਜਸਵਿੰਦਰ ਸਿੰਘ “ਰੁਪਾਲ”

9814715796

{ਵੈਸੇ ਗਿਣਤੀਆਂ ਮਿਣਤੀਆਂ ਵਿੱਚ ਪੈਣਾ ਕੋਈ ਬਹੁਤਾ ਵਧੀਆ ਕੰਮ ਨਹੀਂ, ਅਸੀਂ ਇਸ ਨੂੰ ਅਕਸਰ ਗਿਣਾਤਮਕ ਵਿਸ਼ਲੇਸ਼ਣ (Quantitative Analysis) ਆਖਦੇ ਹਾਂ, ਪਰ ਜੇ ਇਹ ਗੁਣਾਤਮਕ ਵਿਸ਼ਲੇਸ਼ਣ (Qualititative Analysis) ਦੇ ਰਸਤੇ ਲੈ ਕੇ ਜਾਣ ਵਾਲਾ ਹੋਵੇ, ਤਾਂ ਗਿਣਤੀਆਂ ਮਿਣਤੀਆਂ ਵਿੱਚ ਪੇਣਾ ਇੰਨਾ ਬੁਰਾ ਵੀ ਨਹੀਂ। ਮੈਂ ਇਸ ਲੇਖ ਰਾਹੀਂ ਪਾਠਕਾਂ ਅੱਗੇ ਸਿਰਫ਼ ਅੰਕੜੇ ਰੱਖ ਰਿਹਾ ਹਾਂ। ਠੀਕ ਜਾਂ ਗਲਤ –ਫੇਸਲਾ ਤੁਹਾਡੇ ਹੱਥ … … …. ਲੇਖਕ}

ਗੁਰਮਤਿ ਦੀ ਗੱਲ ਜਿੱਥੋਂ ਵੀ ਸੁਰੂ ਕਰੀਏ, “ਪੰਜ” ਦਾ ਅੰਕ ਬੜਾ ਧਿਆਨ ਖਿੱਚਦਾ ਹੈ। ਸਭ ਤੋਂ ਪਹਿਲਾਂ ਸਿੱਖ ਧਰਮ ਦੀ ਨੀਂਹ ਰੱਖਣ ਵਾਲੇ ਜਗਤ-ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪ੍ਰਮੇਸ਼ਰ ਬਾਰੇ, ਦੁਨੀਆਂ ਬਾਰੇ ਅਤੇ ਮਨੁੱਖ ਬਾਰੇ ਆਪਣੇ ਵਿਚਾਰ ਦਿੱਤੇ। ਉਨ੍ਹਾਂ ਦੱਸਿਆ ਕਿ ਸਾਰੀ ਸ਼੍ਰਿਸ਼ਟੀ ਪੰਜ ਤੱਤਾਂ ਦੀ ਬਣੀ ਹੋਈ ਹੈ। ਇਸੇ ਸਿਧਾਂਤ ਨੂੰ ਬਾਕੀ ਗੁਰੁ ਸਾਹਿਬਾਨ ਨੇ ਅਗਾਂਹ ਤੋਰਿਆ।

(ਪੰਚ ਤਤੁ ਕਰਿ ਤੁਧੁ ਸ਼੍ਰਿਸ਼ਟਿ ਸਭ ਸਾਜੀ, ਕੋਈ ਛੇਵਾ ਕਰਿਉ ਜੇ ਕਿਛੁ ਕੀਤਾ ਹੋਵੈ। -ਸੂਹੀ ਮਹਲਾ 4, ਅੰਕ 736)

ਕੁਦਰਤ ਤੋਂ ਬਾਅਦ ਗੁਰੁ ਸਾਹਿਬਾਨ ਨੇ ਕਿਹਾ ਕਿ ਮਨੁੱਖੀ ਮਨ ਵੀ ਪੰਜ ਤਤਾਂ ਤੋਂ ਬਣਿਆ ਹੋਇਆ ਹੈ।

“ਇਹੁ ਮਨੁ ਕਰਮਾ, ਇਹੁ ਮਨੁ ਧਰਮਾ।।

ਇਹੁ ਮਨੁ ਪੰਚ ਤਤੁ ਤੇ ਜਨਮਾ।।” -ਗੁਰੂ ਨਾਨਕ ਦੇਵ ਜੀ (ਅੰਕ 415)

ਕੁਦਰਤ ਨੂੰ ਬਣਾਉਣ ਵਾਲੇ ਪੰਜ ਤਤ ਇਹ ਹਨ –ਆਕਾਸ਼, ਹਵਾ, ਅਗਨੀ, ਪਾਣੀ ਅਤੇ ਪ੍ਰਿਥਵੀ। ਇਹ ਮੰਨਿਆ ਗਿਆ ਹੈ ਕਿ ਸਭ ਤੋਂ ਪਹਿਲਾਂ ਆਕਾਸ਼ ਸੀ, ਫਿਰ ਹਵਾ ਹੋਂਦ ਵਿੱਚ ਆਈ, ਹਵਾ ਤੋਂ ਅਗਨੀ ਪੈਦਾ ਹੋਈ, ਉਸ ਅਗਨੀ ਤੋਂ ਪਾਣੀ ਅਤੇ ਪਾਣੀ ਤੋਂ ਪ੍ਰਿਥਵੀ ਨੇ ਵਰਤਮਾਨ ਰੂਪ ਧਾਰਿਆ। ਸਮਝਿਆ ਜਾਂਦਾ ਹੈ ਕਿ ਪਰਲੋ ਸਮੇ ਇਹ ਚੱਕਰ ਉਲਟ ਹੋ ਜਾਵੇਗਾ।

ਸ੍ਰਿਸ਼ਟੀ ਵਿੱਚ ਸਭ ਤੋਂ ਉੱਤਮ ਜੂਨ ਮਨੁੱਖ ਦੀ ਹੈ, ਇਸ ਲਈ ਸਾਰੇ ਵਿਚਾਰ ਉਸ ਨਾਲ ਸੰਬੰਧਤ ਹਨ। ਮਨੁੱਖ ਦਾ ਅਧਿਐਨ ਬਹੁਤ ਵਿਸ਼ਾਲ ਹੈ ਪਰ ਅਸੀਂ ਸੰਖੇਪ ਵਿੱਚ ਉਸ ਦੇ ਤਨ ਅਤੇ ਮਨ ਤੇ ਕੇਂਦਰਤ ਹੋਵਾਂਗੇ। ਕਿਉਂਕਿ ਧਰਮ ਉਹ ਅਸੂਲ ਹਨ ਜਿਹੜੇ ਤਨ ਅਤੇ ਮਨ ਦੋਵਾਂ ਨੂੰ ਸੰਤੁਲਿਤ, ਸੁਖਾਵਾਂ ਅਤੇ ਖਿੜਿਆ ਹੋਇਆ ਰੱਖ ਸਕਣ। ਸ਼ਾਇਦ ਇਹੀ ਕਾਰਨ ਹੈ ਕਿ ਸਿੱਖ ਧਰਮ ਵਿੱਚ ਇੱਕ ਗੱਲ ਤਨ ਨਾਲ ਸੰਬੰਧਤ ਹੈ ਤਾਂ ਦੂਜੀ ਮਨ ਨਾਲ। ਦੇਖੋ ਤਾਂ ਜਰਾ –ਸੇਵਾ ਤਨ ਨਾਲ, ਸਿਮਰਨ ਮਨ ਨਾਲ; ਪੰਗਤ ਤਨ ਨਾਲ, ਸੰਗਤ ਮਨ ਨਾਲ; ਬਾਣਾ ਤਨ ਨਾਲ, ਬਾਣੀ ਮਨ ਨਾਲ; ਸ਼ਕਤੀ ਤਨ ਨਾਲ, ਭਗਤੀ ਮਨ ਨਾਲ; ਸ਼ਸ਼ਤਰ ਤਨ ਨਾਲ, ਸ਼ਾਸ਼ਤਰ ਮਨ ਨਾਲ; ਪੰਥ ਤਨ ਨਾਲ, ਗ੍ਰੰਥ ਮਨ ਨਾਲ … …. ਆਦਿ।

ਵੈਸੇ ਤਨ ਅਤੇ ਮਨ ਨੂੰ ਇੱਕ ਦੂਜੇ ਤੋਂ ਵੱਖ ਕਰਨਾ ਸੰਭਵ ਨਹੀਂ। ਇੱਕ ਦਾ ਪ੍ਰਭਾਵ ਦੂਜੇ ਤੇ ਜਰੂਰ ਪੈਂਦਾ ਹੈ। ਇਹ ਹਮੇਸ਼ਾ ਇਕੱਠੇ ਹੀ ਰਹਿਣਗੇ। ਸ਼ਾਇਦ ਇਸੇ ਕਰਕੇ ਗੁਰਮਤਿ ਸਿਧਾਂਤ ਦੋਹਾਂ ਦੀ ਸੁਧਾਈ ਕਰਦੇ ਹਨ।

ਅਸੀਂ ਪੰਜ ਗਿਆਨ ਇੰਦਰੀਆਂ ਦੇਖਣਾ, ਸੁਣਨਾ, ਚੱਖਣਾ, ਸੁੰਘਣਾ ਅਤੇ ਸਪਰਸ਼ ਕਰਨਾ ਰਾਹੀਂ ਜਗਤ ਨਾਲ ਜੁੜਦੇ ਹਾਂ ਅਤੇ ਅਕਸਰ ਇਨ੍ਹਾਂ ਦੇ ਹੀ ਗੁਲਾਮ ਹੋ ਕੇ ਰਹਿ ਜਾਂਦੇ ਹਾਂ। ਪੰਜ ਵਿਕਾਰ –ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਸਾਡੇ ਮਨ ਨੂੰ ਘੇਰੀ ਰੱਖਦੇ ਹਨ। ਜਦੋਂ ਪੰਜੇ ਇਕੱਠੇ ਹੋ ਜਾਂਦੇ ਹਨ ਤਾਂ ਅਸਰ ਕਈ ਗੁਣਾ ਜਿਆਦਾ ਹੋ ਜਾਂਦਾ ਹੈ। ਭਗਤ ਰਵਿਦਾਸ ਜੀ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਵਿੱਚ ਆਸਾ ਰਾਗ ਵਿੱਚ ਸਪਸ਼ਟ ਕਰਦੇ ਹਨ:-

“ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ।।

ਪੰਚ ਦੋਖ ਅਸਾਧ ਜਾ ਮਹਿ ਤਾ ਕੀ ਕੇਤਕ ਆਸ।।” ਭਗਤ ਰਵਿਦਾਸ ਜੀ (ਅੰਕ 486)

ਮ੍ਰਿਗ ‘ਕੰਨ ਰਸ’ ਕਾਰਨ; ਮੀਨ ‘ਜੀਭ ਰਸ’ ਕਾਰਨ; ਭ੍ਰਿੰਗ ‘ਨਾਸਾਂ ਦੇ ਰਸ ਕਾਰਨ’, ਪਤੰਗਾ ‘ਦ੍ਰਿਸ਼ਟੀ ਰਸ ਕਾਰਨ’ ਅਤੇ ਕੁੰਚਰ ‘ਇੰਦਰੀ ਰੋਗ ਕਾਰਨ’ ਮਾਰੇ ਜਾਂਦੇ ਹਨ। ਭਗਤ ਰਵਿਦਾਸ ਜੀ ਕਹਿੰਦੇ ਹਨ ਕਿ ਇਨਸਾਨ-ਜਿਸ ਨੂੰ ਪੰਜੇ ਰੋਗ ਇਕੱਠੇ ਚੰਬੜੇ ਹਨ। ਉਸ ਦੇ ਬਚਣ ਦੀ ਕੀ ਆਸ ਹੈ?

ਰਹਿਤਨਾਮਾ ਭਾਈ ਦੇਸਾ ਸਿੰਘ ਜੀ ਵਿੱਚ ਦਰਜ ਹੈ,

“ਪਰ-ਨਾਰੀ, ਜੂਆ, ਅਸੱਤ, ਚੋਰੀ, ਮਦਰਾ ਜਾਨ।

ਪੰਚ ਐਬ ਯਹ ਜਗਤ ਮੈਂ, ਤਜੈ ਸੁ ਸਿੰਘ ਸੁਜਾਨ।”

ਪਰ ਇਹ ਨਹੀਂ ਕਿ ਇਨ੍ਹਾਂ ਦਾ ਕੋਈ ਹੱਲ ਹੀ ਨਹੀ। ਨਹੀਂ, ਐਸੀ ਗੱਲ ਨਹੀਂ। ਉਪਾਅ ਗੁਰੁ ਸਾਹਿਬ ਦੱਸਦੇ ਹਨ। ਆਓ 1699 ਈਸਵੀ ਦੀ ਵਿਸਾਖੀ ਨੂੰ ਯਾਦ ਕਰੀਏ। ਸ੍ਰੀ ਗੁਰੁ ਗੋਬਿੰਦ ਸਿੰਘ ਜੀ ਨੇ ਉਸ ਦਿਨ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ। ਭਲਾ ਉਨ੍ਹਾਂ ਨੇ ਪੰਜ ਸੀਸ ਹੀ ਕਿਉਂ ਲਏ? ਪੰਜ ਪਿਆਰਿਆਂ ਨੂੰ ਅਸੀਂ ਅਰਦਾਸ ਵਿੱਚ ਸਾਹਿਬਜਾਦਿਆਂ ਤੋਂ ਵੀ ਪਹਿਲਾਂ ਯਾਦ ਕਰਦੇ ਹਾਂ। ਗੁਰੂ ਸਾਹਿਬ ਜੀ ਨੇ ਇਨਾਂ ਪੰਜਾਂ ਨੂੰ ਖੁਦ ਗੁਰੂ ਮੰਨਿਆ ਸੀ। ਭਾਈ ਗੁਰਦਾਸ ਜੀ ਨੇ ਵੀ ਜ਼ਿਕਰ ਕੀਤਾ ਹੈ, “ਇੱਕ ਸਿੱਖ, ਦੁਇ ਸਾਧ ਸੰਗ, ਪੰਜੇ ਪਰਮੇਸ਼ਰ”। ਖੈਰ! ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਛਕਾਇਆ, ਖੁਦ ਛਕਿਆ ਅਤੇ ਅਗਾਂਹ ਤੋਂ ‘ਰਹਿਤ ਮਰਿਆਦਾ’ ਨਿਸ਼ਚਿਤ ਕਰ ਦਿੱਤੀ।

ਇਸ ਰਹਿਤ ਮਰਿਆਦਾ ਨੂੰ ਘੋਖੀਏ ਜ਼ਰਾ ਤਾਂ ਅਸੀਂ ਦੇਖਾਂਗੇ ਕਿ ਪੰਜ ਦਾ ਅੰਕ ਛਾਇਆ ਹੋਇਆ ਹੈ। ਤਨ ਲਈ ਗੁਰੁ ਸਾਹਿਬ ਜੀ ਨੇ ਪੰਜ ਕਕਾਰ ਜਰੂਰੀ ਕਰ ਦਿੱਤੇ-ਕਛਹਿਰਾ, ਕੜਾ, ਕੇਸ, ਕੰਘਾ, ਕਿਰਪਾਨ। ਮਨ ਦੀ ਸੁਧਤਾ ਲਈ ਗੁਰੂ ਸਾਹਿਬ ਜੀ ਨੇ ਪੰਜ ਬਾਣੀਆਂ –ਨਿੱਤਨੇਮ ਦਾ ਅੰਗ ਬਣਾ ਦਿੱਤੀਆਂ। ਪੰਜ ਦਾ ਅੰਕ ਗੁਰੁ ਸਾਹਿਬ ਜੀ ਨੂੰ ਇੰਨਾ ਪਿਆਰਾ ਕਿਉਂ ਲੱਗਿਆ? ਉਨ੍ਹਾਂ ਨੇ ਨਾ ਕੇਵਲ ਉਦੋਂ ਦੇ ਪੰਜ ਪਿਆਰਿਆਂ-ਦਇਆ ਸਿੰਘ, ਧਰਮ ਸਿੰਘ, ਹਿੰਮਤ ਸਿੰਘ, ਮੋਹਕਮ ਸਿੰਘ ਅਤੇ ਸਾਹਿਬ ਸਿੰਘ –ਨੂੰ ਹੀ ਆਪਣਾ ਗੁਰੁ ਪੰਥ ਹੀ ਮੰਨਿਆ ਸਗੋਂ ਅਗਾਂਹ ਤੋਂ ਕੋਈ ਵੀ ਪੰਜ ਸਿੰਘ ਇਕੱਠੇ ਹੋ ਕੇ ਗੁਰਮਤਿ ਦੀ ਰੋਸ਼ਨੀ ਵਿੱਚ ਜੋ ਕਹਿਣਗੇ, ਉਸ ਨੂੰ ਹੁਕਮ ਕਰਕੇ ਮੰਨਣ ਦੀ ਤਾਕੀਦ ਕੀਤੀ।

ਬਾਹਰੀ ਰੂਪ ਵਿੱਚ ਜੱਥੇਬੰਦਕ ਸੇਧ ਦੇਣ ਲਈ ਅੱਜ ਖਾਲਸੇ ਕੋਲ ਪੰਜ ਤਖਤ ਹਨ–ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਦਮਦਮਾ ਸਾਹਿਬ, ਸ੍ਰੀ ਹਜੂਰ ਸਾਹਿਬ, ਅਤੇ ਸ੍ਰੀ ਪਟਨਾ ਸਾਹਿਬ।

ਅੰਦਰੂਨੀ ਰੂਪ ਵਿੱਚ ਸਿਮਰਨ ਦੀ ਕਮਾਈ ਕਰਦਿਆਂ ਹਇਆਂ ਰੂਹਾਨੀ ਦਰਬਾਰ ਦੀਆਂ ਵੀ ਪੰਜ ਸਟੇਜਾਂ ਦੱਸੀਆਂ ਗਈਆਂ ਹਨ। ਗੁਰੂ ਨਾਨਕ ਦੇਵ ਜੀ ਨੇ ਪਵਿੱਤਰ ਜਪੁਜੀ ਸਾਹਿਬ ਵਿੱਚ ਵੀ ਇਨ੍ਹਾਂ ਪੰਜ ਖੰਡਾਂ ਦਾ ਵਰਣਨ ਕੀਤਾ ਹੈ-ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ ਅਤੇ ਸੱਚ ਖੰਡ। ਰੂਹਾਨੀਅਤ ਤਰੱਕੀ ਕਰਨ ਲਈ ਪਹਿਲਾਂ ਮਨ ਨੂੰ ਸਾਧਣਾ ਜਰੂਰੀ ਹੈ ਅਤੇ ਪੰਜ ਵਿਕਾਰਾਂ ਤੋਂ ਬਚਣਾ ਹੈ। ਪੰਜ ਵਿਕਾਰਾਂ ਤੋਂ ਉਲਟ ਲੋੜ ਹੈ –ਸੀਲ, ਖਿਮਾ, ਸੰਤੋਖ, ਵਿਵੇਕ ਅਤੇ ਨਿਮਰਤਾ ਪੰਜ ਗੁਣਾਂ ਦੀ ਜਿਨ੍ਹਾਂ ਤੇ ਦ੍ਰਿੜ ਰਹਿੰਦਿਆਂ ਵਿਕਾਰਾਂ ਤੋਂ ਖ਼ਲਾਸੀ ਮਿਲ ਸਕਦੀ ਹੈ। ਵਿਕਾਰ ਰਹਿਤ ਸੁਧ ਆਤਮਾ ਨੂੰ ਸਿਮਰਨ ਕਰਦਿਆਂ, ਪ੍ਰਮੇਸ਼ਰ ਦਾ ਜਾਪ ਕਰਦਿਆਂ ਰੂਹਾਨੀ ਝਲਕਾਰੇ ਵੱਜਦੇ ਹਨ। ਇਨਾਂ ਵਿੱਚ ਇੱਕ ਸ਼ਬਦ ਵਾਰ ਵਾਰ ਆਉਂਦਾ ਹੈ- “ਪੰਚ ਸ਼ਬਦ”। ਇਹ ਅੰਦਰੂਨੀ ਅਨਹਤ ਸ਼ਬਦ ਵੀ ਪੰਜ ਹਨ।

ਇੱਕ ਲੇਖਕ ਦੇ ਅਨੁਸਾਰ,

“ਤੰਤ ਤੰਤੀ, ਵਿਤ ਚਰਮ, ਕਾ ਘਨ ਕਾਂਸੀ ਕੋ ਜਾਨ।

ਨਾਂਦ ਸ਼ਬਦ ਘਨ ਕੋ ਕਹੈ, ਸਭਰ ਸਵਾਸ ਪਹਿਚਾਨ।”

ਤੰਤ-ਤਾਰ ਨਾਲ ਵਜਣ ਵਾਲੇ ਸਾਜ: ਹਾਰਮੋਨੀਅਮ, ਸਤਾਰ, ਸਰੰਦਾ।

‘ਵਿਤ-ਚਰਮ’ -ਚਰਮ ਯਾਂਨੀ ਚੰਮ ਨਾਲ ਚਲਣ ਵਾਲੇ: ਢੋਲਕੀ, ਤਬਲਾ।

ਘਨ-ਅਵਾਜ ਦੇ ਕਾਰਨ: ਕਾਸੀ ਕੈਹ, ਘੰਟਾ

ਨਾਦ-ਪੁਲਾੜ ਚੋਂ ਆਉਂਦੀ ਆਵਾਜ: ਘੜਾ ਵਜਾਉਣਾ

ਸਭਰ-ਸਾਹ ਨਾਲ ਵਜਾਏ ਜਾਣ ਵਾਲੇ ਸਾਜ: ਜਿਵੇਂ ਬੰਸਰੀ, ਅਲਗੋਜਾ ਆਦਿ।

ਇਹ ਤਾਂ ਅਨੁਭਵੀ ਹੀ ਦੱਸ ਸਕਦੇ ਹਨ ਕਿ ਸਿਮਰਨ ਦੀ ਕਮਾਈ ਨਾਲ ਜੋ ਸ਼ਬਦ ਵਜਦੇ ਹਨ, ਉਨ੍ਹਾਂ ਦੀ ਆਵਾਜ਼ ਕਿਹੋ ਜਿਹੀ ਹੁੰਦੀ ਹੈ।

ਗੁਰਬਾਣੀ ਚੋਂ ਹੋਰ ਹਵਾਲੇ ਦੇਣ ਨਾਲ ਲੇਖ ਦੇ ਲੰਮਾ ਹੋ ਜਾਣ ਦਾ ਡਰ ਹੈ। ਪੰਜ ਦੀ ਮਹੱਤਤਾ ਦਰਸਾਉਣ ਲਈ ਅਲੰਕਾਰਿਕ ਰੂਪ ਚ’ ਵਰਤਿਆ ਗਿਆ ਪੰਜ ਲਿਖ ਰਿਹਾ ਹਾਂ।

“ਪ੍ਰੇਮ ਪਲੀਤਾ, ਸੁਰਤਿ ਹਵਾਈ, ਗੋਲਾ ਗਿਆਨੁ ਚਲਾਇਆ।।

ਬ੍ਰਹਮ ਅਗਨਿ ਸਹਜੇ ਪਰਜਾਲੀ ਏਕਹਿ ਚੋਟਿ ਸਿਝਾਇਆ।।”

ਭਗਤ ਕਬੀਰ ਜੀ (ਅੰਕ1161)

“ਸਤੁ, ਸੰਤੋਖੁ, ਦਇਆ, ਧਰਮੁ, ਸੁਚਿ ਸੰਤਨ ਤੇ ਇਹੁ ਮੰਤੁ ਲਈ।।

ਕਹੁ ਨਾਨਕ ਜਿਨਿ ਮਨਹੁ ਪਛਾਨਿਆ ਤਿਨ ਕਉ ਸਗਲੀ ਸੋਝ ਪਈ।।”

ਗੁਰੁ ਅਰਜਨ ਦੇਵ ਜੀ (ਅੰਕ 822)

ਵਿਅੰਗਮਈ ਅਲੰਕਾਰ ਵਜੋਂ:-

“ਫ਼ੀਲੁ ਰਬਾਬੀ, ਬਲਦੁ ਪਖਾਵਜ, ਕਊਆ ਤਾਲ ਬਜਾਵੈ।।

ਪਹਿਰਿ ਚੋਲਨਾ ਗਦਹਾ ਨਾਚੈ ਭੈਸਾ ਭਗਤਿ ਕਰਾਵੈ।।”

ਭਗਤ ਕਬੀਰ ਜੀ (ਅੰਕ 477)

ਗੈਰ-ਸਿੱਖ ਮੱਤਾਂ ਚੋਂ:-ਮਹਾਂਭਾਰਤ ਦੇ ਪੰਜ ਪਾਂਡਵ-ਅਰਜਨ, ਭੀਮ, ਯੁਧਿਸ਼ਟਰ, ਸਹਿਦੇਵ, ਨਕੁਲ ਕੌਰਵਾਂ ਦੀ ਸੈਨਾ ਤੇ ਭਾਰੂ ਰਹੇ। ਇਹ ਪੰਜੇ ਪਾਂਡਵ ਹਿੰਦੂ ਮੱਤ ਵਿੱਚ ਨੇਕੀ ਦਾ ਪ੍ਰਤੀਕ ਮੰਨੇ ਜਾਂਦੇ ਹਨ।

ਇਸਲਾਮ ਮੱਤ ਦੀਆਂ “ਪੰਜ ਨਮਾਜਾਂ ਵਖਤ ਪੰਜਿ” ਸਾਰੇ ਜਾਣਦੇ ਹਨ। ਇਸਲਾਮ ਧਰਮ ਦੇ ਪੰਜ ਥੰਮ ਮੰਨੇ ਜਾਂਦੇ ਹਨ –ਸਹ਼ਾਦਤ ਦਾ ਕਲਮਾ, ਨਮਾਜ, ਰੋਜ਼ੇ, ਹੱਜ਼, ਜ਼ਕਾਤ।

ਬੁੱਧ ਧਰਮ ਦੇ ਪੰਜ ਸ਼ੀਲ ਸਿਧਾਂਤ। ਪੰਜ ਸਿਧਾਂਤ ਇਹ ਹਨ:-

“1. Kill not for pity’s sake lest ye slay.

The meanest thing upon its upward way

2.Give freely & receive but take from none.

By greed or force or fraud what is his own.

3.Bear not false witness,slander not,nor lie.

4.Shun drugs and drinks,within work the bit abuse,

Clear minds clean minds,need no Soma Juice

5.Touch not thy neighbour’s wife,

Neither commit sins of unlawful & unfit.

-Sir Edwin Arnold (Light of Asia)

ਫੁਟਕਲ:- ਸਭਿਆਚਾਰ ਵਿੱਚ ਉਡਾਰੀ ਲਾਉਣ ਵਾਲੀਆਂ ਲਲਿਤ ਕਲਾਵਾਂ ਵੀ ਪੰਜ ਹਨ-ਰਾਗ, ਕਾਵਿ, ਚਿਤਰਕਲਾ, ਮੂਰਤੀਕਲਾ, ਸ਼ਿਲਪਕਲਾ। ਮਹਾਨ ਆਸ਼ਕ ਰਾਂਝੇ ਨੇ ਪੰਜ ਪੀਰਾਂ ਤੋਂ ਥਾਪਨਾ ਲਈ ਸੀ। ਜਦੋਂ ਪੰਜ ਉਂਗਲੀਆਂ ਆਪਸ ਵਿੱਚ ਜੁੜਦੀਆਂ ਹਨ, ਤਾਂ ਇੱਕ (ਏਕਾ) ਬਣਦਾ ਹੈ। ਸ਼ਾਇਦ ਇਹੀ ਪੰਜ ਪ੍ਰਮੇਸ਼ਰ ਹੋਵੇ ਇਸ ਤਰਾਂ ਕਿਹਾ ਜਾ ਸਕਦਾ ਹੈ ਕਿ ਉਪਰੋਕਤ ਪੰਜ ਆਪਸ ਵਿੱਚ ਅਤੇ ਇੱਕ ਦੂਜੇ ਨਾਲ ਜੁੜੇ ਹੋਏ ਹਨ ਅਤੇ ਇਨਾਂ ਦਾ ਇੱਕ ਖਾਸ ਮੰਤਵ ਅਤੇ ਮਹੱਤਵ ਹੈ - {ਯਾਨੀ ਜਦੋਂ ਅਲੱਗ ਅਲੱਗ ਵਿਚਾਰ ਧਾਰਾ ਹੁੰਦੇ ਹੋਏ ਵੀ ਸਾਨੂੰ ਜੁੜਨ ਦੀ ਜਾਚ ਆ ਜਾਵੇ, ਤਾਂ ਅਸੀਂ ਉਸ “ਇੱਕ” ਦਾ ਭੇਦ ਪਾ ਸਕਾਂਗੇ} ਕੀ ਤੁਹਾਨੂੰ ਪੰਜ ਵਿੱਚ ਕੋਈ ਖਾਸ ਗੱਲ ਨਜ਼ਰ ਆਈ? ? ਮੈਨੂੰ ਤਾਂ ਇਹ ਇੱਕ ਜਾਦੂਈ ਅੰਕ ਲੱਗਦਾ ਹੈ। ਬਾਕੀ ਵਿਚਾਰ ਆਪੋ ਆਪਣਾ … …. . ।

-----------------------------------------00000-----------------------------------

ਲੈਕਚਰਰ ਅਰਥ-ਸ਼ਾਸ਼ਤਰ,

ਸਰਕਾਰੀ ਸੀਨੀ. ਸੈਕੰਡਰੀ ਸਕੂਲ,

ਭੈਣੀ ਸਾਹਿਬ (ਲੁਧਿਆਣਾ) -141126
.