.

ਸਿੱਖੀ ਸੰਭਾਲ ਸਿੰਘਾ! (ਕਿਸ਼ਤ ਸਤਾਰਵੀਂ)

ਸਿੱਖ ਧਰਮ

ਸਿਖ-ਧਰਮ ਵੀ ਹੈ ਅਤੇ ਲਹਿਰ ਵੀ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

(ਵਿਸ਼ੇ ਦਾ ਪੂਰਾ ਲਾਭ ਲੈਣ ਲਈ, ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

(੬) ਸਿੱਖ ਵਿੱਦਿਆ ਕੇਂਦਰ ਅਤੇ ਅਜੋਕੀ ਪੰਥਕ ਅਧੋਗਤੀ

ਚੂੰਕਿ ਵਿਸ਼ਾ ਚੱਲ ਰਿਹਾ ਹੈ ਅਜੋਕੀ ਪੰਥਕ ਅਧੋਗਤੀ ਦਾ ਜਿਸਤੋਂ ਅੱਜ ਸਿੱਖ ਧਰਮ ਦਾ ਕੇਵਲ ਵਾਧਾ ਹੀ ਨਹੀਂ ਰੁਕਿਆ ਹੋਇਆ ਬਲਕਿ ਇਸ ਦੇ ਨਾਲ ਨਾਲ ਸਿਖ ਲਹਿਰ ਦਾ ਫੈਲਾਅ ਵੀ ਠੱਪ ਹੋਇਆ ਪਿਆ ਹੈ। ਬੇਸ਼ੱਕ ਉਸ ਲਈ ਇੱਕ ਨਹੀਂ ਬਲਕਿ ਬਹੁਤੇਰੇ ਕਾਰਣ ਹਨ ਜਿਨ੍ਹਾਂ ਦਾ ਕੁੱਝ ਜ਼ਿਕਰ ਚੱਲ ਰਿਹਾ ਹੈ ਤੇ ਕੁੱਝ ਦਾ ਜ਼ਿਕਰ ਅੱਗੇ ਆਵੇਗਾ ਵੀ। ਤਾਂ ਵੀ ਉਨ੍ਹਾਂ ਸਾਰੇ ਕਾਰਣਾ ਚੋਂ ਪੰਥਕ ਤਲ ਤੇ ਵਿਦਿਆ ਵਾਲੇ ਪਾਸਿਉਂ ਸਿੱਖ ਪਨੀਰੀ ਦੀ ਯੋਗ ਸੰਭਾਲ ਦਾ ਨਾ ਹੋਣਾ ਵੀ ਆਪਣੇ ਆਪ `ਚ ਬਹੁਤ ਵੱਡਾ ਕਾਰਣ ਹੈ। ਫ਼ਿਰ ਇਸ ਦੇ ਨਾਲ ਸਾਨੂੰ ਇਹ ਵੀ ਨਹੀਂ ਭੁਲਣਾ ਚਾਹੀਦਾ ਕਿ ਸਾਡੀ ਗੁਰਮੱਤ ਵਿਦਿਆ ਦਾ ਆਧਾਰ ਵੀ ਸੰਸਾਰਿਕ ਵਿਦਿਆ ਹੀ ਹੈ। ਉਪ੍ਰੰਤ ਇਹ ਵੀ ਉਤਨਾ ਹੀ ਵੱਡਾ ਸੱਚ ਹੈ ਕਿ ਜੇਕਰ ਸੰਸਾਰਿਕ ਵਿਦਿਆ ਪੱਖੋਂ ਅਸਾਂ ਆਪਣੀ ਪਨੀਰੀ ਦੀ ਸੰਭਾਲ ਕਰ ਵੀ ਲਈ ਅਤੇ ਉਸ ਦੇ ਲਈ ਗੁਰਮੱਤ ਵਿਦਿਆ ਨੂੰ ਆਧਾਰ ਨਾ ਬਣਾਇਆ ਤਾਂ ਨਿਰੀ ਪੁਰੀ ਸੰਸਾਰਿਕ ਵਿਦਿਆ ਵੀ ਕੌਮ ਦਾ ਕੁੱਝ ਨਹੀਂ ਸੁਆਰ ਸਕੇਗੀ। ਬਲਕਿ ਗੁਰਮੱਤ ਵਿਦਿਆ ਵਿਹੂਣੀ ਤੇ ਇਕੱਲੀ ਸੰਸਾਰਕਿ ਵਿਦਿਆ ਵੀ ਪੰਥਕ ਸੰਭਾਲ ਦੀ ਬਜਾਏ ਇਸ ਨੂੰ ਹੋਰ ਰਸਾਤਲ ਵੱਲ ਹੀ ਲਿਜਾਏ ਗੀ ਜਿਹਾ ਕਿ ਅੱਜ ਹੋ ਵੀ ਰਿਹਾ ਹੈ।

ਉਂਜ ਵਿੱਦਿਆ ਕਿਸੇ ਵੀ ਕੌਮ ਦੀ ਸੰਭਾਲ ਤੇ ਤਰੱਕੀ ਦਾ ਮੁੱਖ ਸਾਧਨ ਤੇ ਜ਼ਰੀਆ ਹੁੰਦਾ ਹੈ। ਸੰਸਾਰ ਤਲ ਦਾ ਮੰਨਿਆਂ-ਪ੍ਰਮੰਣਿਆ ਸੱਚ ਹੈ ਕਿ ਹਰੇਕ ਬੱਚੇ ਦੀ ਪਹਿਲੀ ਸਿਖਿਆ ਦਾਤਾ ਉਸਦੀ ਮਾਂ ਦੀ ਗੋਦੀ ਹੀ ਹੁੰਦੀ ਹੈ। ਇਸ ਤੋਂ ਬਾਅਦ ਇਸ ਲੜੀ `ਚ ਆਉਂਦੇ ਹਨ ਉਸ ਕੌਮ ਅਥਵਾ ਦੇਸ਼ ਦੇ ਸਕੂਲ ਕਾਲਿਜ ਤੇ ਸਿਖਿਆ ਸੰਸਥਾਨ। ਇਹੀ ਕਾਰਣ ਹੈ ਕਿ ਭਾਰਤ `ਤੇ ਵਾਰੀ ਵਾਰੀ ਤੇ ਜਦੋਂ ਜਦੋਂ ਅਫ਼ਗਾਨ ਉਪ੍ਰੰਤ ਮੁਗ਼ਲ ਕਾਬਿਜ਼ ਹੋਏ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੇ ਜਿਹੜਾ ਕੰਮ ਕੀਤਾ ਤਾਂ ਉਹ ਕੰਮ ਸੀ ਵਿਦਿਅਕ ਅਦਾਰਿਆਂ `ਤੇ ਆਪਣੀ ਸਭਿਅਤਾ ਮੁਤਾਬਕ ਪਕੜ ਕਾਇਮ ਕਰਣੀ ਅਤੇ ਪਹਿਲਾਂ ਤੋਂ ਚਲਦੇ ਆ ਰਹੇ ਵਿਦਿਆ ਅਦਾਰਿਆਂ ਨੂੰ ਆਪਣੀ ਲੋੜ ਅਨੁਸਾਰ ਢਾਲਣਾ।

ਉਸੇ ਦਾ ਨਤੀਜਾ ਸੀ ਕਿ ਉਨ੍ਹਾਂ ਤੋਂ ਪਹਿਲਾਂ ਇਸ ਪਾਸਿਓੁਂ ਚਲਦੀ ਆ ਰਹੀ ਆਰੀਆ ਸਭਿਅਤਾ ਦੀ ਦੇਣ, ‘ਗੁਰੂ ਕੁਲ ਪ੍ਰਣਾਲੀ’ ਦਾ ਲਗਭਗ ਭੋਗ ਪੈ ਜਾਣਾ। ਹਾਲਾਂਕਿ ਆਰੀਆ ਸਭਿਅਤਾ ਵੀ ਪਠਾਣਾਂ-ਮੁਗ਼ਲਾਂ ਤੋਂ ਪਹਿਲਾਂ ਪਠਾਣਾਂ ਤੇ ਮੁਗ਼ਲਾਂ ਦੀ ਤਰ੍ਹਾਂ ਹੀ ਭਾਰਤ `ਤੇ ਹਮਲਾਵਰ ਤੇ ਜੇਤੂ ਸਭਿਅਤਾ ਬਣ ਕੇ ਆਈ ਸੀ। ਇਸ ਤਰ੍ਹਾਂ ਅਫ਼ਗਾਨ ਤੇ ਉਨ੍ਹਾਂ ਤੋਂ ਬਾਅਦ ਮੁਗ਼ਲ ਹਾਕਮਾਂ ਨੇ ਵੀ ਉਸ ਸਮੇਂ ਜਿਨੀਂਆਂ ਵੀ ਭਾਰਤੀ ਭਾਸ਼ਾਵਾਂ ਚੱਲ ਰਹੀਆਂ ਤੇ ਪ੍ਰਚਲਤ ਸਨ, ਉਨ੍ਹਾਂ `ਤੇ ਅਰਬੀ ਤੇ ਫ਼ਾਰਸੀ ਤੋਂ ਨਵੀਂ ਤਿਆਰ ਕੀਤੀ ਉਰਦੂ ਭਾਸ਼ਾ ਨੂੰ ਲਾਗੂ ਕਰ ਦਿੱਤਾ। ਇਥੋਂ ਤੱਕ ਕਿ ਸਾਰਾ ਸਰਕਾਰੀ ਕੰਮ ਕਾਜ ਵੀ ਉਰਦੂ `ਚ ਹੀ ਤਬਦੀਲ ਕਰ ਦਿੱਤਾ ਗਿਆ।

ਇਤਨਾ ਹੀ ਨਹੀਂ ਇਸ ਤੋਂ ਬਾਅਦ ਜੇਕਰ ਅੰਗ੍ਰੇਜ਼ ਭਾਰਤ `ਤੇ ਕਾਬਿਜ਼ ਹੋਏ ਤਾਂ ਉਨ੍ਹਾਂ ਨੇ ਵੀ ਸਭ ਤੋਂ ਪਹਿਲਾਂ ਸਕੂਲਾਂ-ਕਾਲਿਜਾਂ ਦੀ ਪਧਰ `ਤੇ ਅੰਗ੍ਰੇਜ਼ੀ ਭਾਸ਼ਾ ਦਾ ਹੀ ਬੋਲ-ਬਾਲਾ ਕੀਤਾ ਅਤੇ ਸਰਕਾਰੀ ਤਲ `ਤੇ ਵੀ ਅੰਗ੍ਰੇਜ਼ੀ ਨੂੰ ਹੀ ਲਾਗੂ ਕੀਤਾ। ਇਸਦਾ ਮੁੱਖ ਕਾਰਣ ਹੈ ਕਿ ਹਰੇਕ ਭਾਸ਼ਾ ਦੇ ਪਿਛੇ ਕੋਈ ਨਾ ਕੋਈ ਵਿਸ਼ੇਸ਼ ਸਭਿਅਤਾ ਹੁੰਦੀ ਹੈ ਤੇ ਹਰੇਕ ਕਾਬਿਜ਼ ਸਭਿਅਤਾ ਦੂਜੀ ਸਭਿਅਤਾ ਨੂੰ ਦਬਾਉਣ ਤੇ ਨੇਸਤੋ ਨਾਬੂਦ ਕਰਣ ਲਈ ਸਭ ਤੋਂ ਪਹਿਲਾਂ ਉਥੋਂ ਦੀ ਸਿੱਖਿਆ ਪ੍ਰਣਾਲੀ `ਚ ਤੇ ਨਾਲ ਨਾਲ ਸਰਕਾਰੀ ਕੰਮ ਕਾਜ `ਚ ਵੀ ਆਪਣੀ ਭਾਸ਼ਾ ਨੂੰ ਹੀ ਲਾਗੂ ਕਰਦੀ ਹੈ।

ਇਸ ਦੇ ਨਾਲ ਸਚਾਈ ਵੀ ਇਹੀ ਹੈ ਕਿ ਹਰੇਕ ਕੌਮ ਦਾ ਭਵਿਖ ਉਸ ਕੌਮ ਦੇ ਬੱਚੇ ਹੀ ਹੁੰਦੇ ਹਨ। ਇਸੇ ਲੜੀ `ਚ ਕਿਸੇ ਵੀ ਕੌਮ ਦੇ ਬੱਚਿਆਂ ਦਾ ਭਵਿਖ ਉਥੋਂ ਹੀ ਤਿਆਰ ਹੁੰਦਾ ਹੈ ਜਿਹੜੀ ਸਿਖਿਆ ਉਨ੍ਹਾਂ ਨੂੰ ਸਕੂਲਾਂ ਕਾਲਿਜਾਂ ਤੇ ਉਥੋਂ ਦੀਆਂ ਸਿਖਿਆ ਸੰਸਥਾਵਾਂ ਤੋਂ ਪ੍ਰਾਪਤ ਹੋਵੇਗੀ। ਇਸ ਲਈ ਜ਼ਰੂਰੀ ਹੈ ਕਿ ਅੱਜ ਵੀ ਬਿਨਾ ਢਿੱਲ ਸਿੱਖ ਧਰਮ ਦੀਆਂ ਸਿਖਿਆ ਸੰਸਥਾਂਵਾਂ ਨੂੰ ਗੁਰਦੁਆਰਾ ਮੈਨੇਜਮੈਂਟ ਤੋਂ ਆਜ਼ਾਦ ਤੇ ਵੱਖ ਕੀਤਾ ਜਾਵੇ। ਅਜੋਕੇ ਸਮੇਂ ਪੰਥਕ ਅਧੋਗਤੀ ਦਾ ਜੇਕਰ ਕੋਈ ਬਹੁਤ ਵੱਡਾ ਕਾਰਣ ਹੈ ਤਾਂ ਉਹ ਹੈ ਸਾਡੇ ਅਜੋਕੇ ਸਿੱਖਿਆ ਸੰਸਥਾਨਾਂ ਦਾ ਗੁਰਦੁਆਰਾ ਮੈਨੇਜਮੈਂਟ ਦੀ ਪਕੜ `ਚ ਹੋਣਾ। ਉਹ ਗੁਰਦੁਆਰਾ ਮੈਨੇਜਮੈਂਟ ਜਿਹੜਾ ਕਿ ਆਪ ਵੀ ਚੋਣਾਂ ਵਾਲੇ ਗ਼ਲੀਚ ਰਸਤੇ ਤਾਕਤ `ਚ ਆ ਰਿਹਾ ਹੈ। ਉਸੇ ਦਾ ਨਤੀਜਾ ਹੈ ਕਿ ਵਿਰਲਿਆਂ ਨੂੰ ਛੱਡ ਕੇ ਹਰੇਕ ਅਯੋਗ ਤੇ ਗੁਰਮੱਤ ਹੀਣਾ ਮਨੁੱਖ ਇਨ੍ਹਾਂ ਸੰਸਥਾਨਾ ਦਾ ਚੇਅਰਮੈਨ ਤੇ ਮਾਲਿਕ ਅਥਵਾ ਇਨ੍ਹਾਂ ਦਾ ਸਰਵੋ ਸਰਵਾ ਹੁੰਦਾ ਹੈ ਅਤੇ ਉਨ੍ਹਾਂ ਸੰਸਥਾਵਾਂ ਦਾ ਸਾਰਾ ਕੰਮ ਕਾਜ ਉਨ੍ਹਾਂ ਅਧੀਨ ਹੀ ਚਲਦਾ ਹੈ।

ਦਿਆਨਤਦਾਰੀ ਨਾਲ ਦੇਖਿਆ ਜਾਵੇ ਤਾਂ ਅੱਜ ਪੰਥ ਨੂੰ ਜਿਤਨਾ ਨੁਕਸਾਨ ਇਸਦੇ ਵਿਦਿਆ ਅਦਾਰਿਆਂ ਤੋਂ ਪੁੱਜ ਰਿਹਾ ਹੈ ਉਤਨਾ ਤਾਂ ਸ਼ਾਇਦ ਅਜੋਕੇ ਵਿਗੜੇ ਹੋਏ ਗੁਰਦੁਆਰਾ ਪ੍ਰਬੰਧ ਤੋਂ ਵੀ ਨਹੀਂ ਪੁੱਜ ਰਿਹਾ। ਇਸ ਲਈ ਜੇਕਰ ਅਸੀਂ ਤਨੋ ਮਨੋ ਕੌਮ ਦਾ ਭਲਾ ਚਾਹੁੰਦੇ ਹਾਂ ਤਾਂ ਸਾਨੂੰ ਬਿਨਾ ਢਿੱਲ ਆਪਣੇ ਵਿਦਿਆ ਸੰਸਥਾਨਾਂ ਨੂੰ ਗੁਰਦੁਆਰਾ ਮੈਨੇਜਮੈਂਟ ਤੋਂ ਵੱਖ ਤੇ ਆਜ਼ਾਦ ਕਰਣਾ ਪਵੇਗਾ। ਇਸ ਲਈ ਇਨ੍ਹਾਂ ਨੂੰ ਵੀ ਗੁਰਦੁਆਰਿਆਂ ਦੀ ਪਕੜ ਤੋਂ ਬਿਲਕੁਲ ਆਜ਼ਾਦ ਅਦਾਰੇ ਬਨਾਉਣਾ ਹੋਵੇਗਾ। ਇਨ੍ਹਾਂ ਦਾ ਕੰਟ੍ਰੋਲ, ਇਨ੍ਹਾਂ ਦੇ ਪ੍ਰਿੰਸੀਪਲ, ਸਮੂਚੀ ਮੈਨੇਜਮੈਂਟ, ਟੀਚਰ, ਪ੍ਰੋਫੈਸਰ ਤੇ ਸਟਾਫ ਆਦਿ ਦੇ ਮਿਆਰ ਨੂੰ ਵੀ ਹਰ ਪਾਸਿਓਂ ਉੱਚਾ ਚੁੱਕਣਾ ਹੋਵੇਗਾ। ਇਸ ਸਾਰੇ ਤੋਂ ਇਲਾਵਾ ਇਹ ਲੋਕ ਗੁਰਮੱਤ ਜੀਵਨ ਵਾਲੇ ਤੇ ਪਾਹੁਲਧਾਰੀ ਵੀ ਹੋਣੇ ਜ਼ਰੂਰੀ ਹਨ। ਉਪ੍ਰੰਤ ਇਨ੍ਹਾਂ ਦੀ ਪ੍ਰਬੰਧਕੀ ਯੋਗਤਾ, ਤਜੁਰਬਾ ਇਨ੍ਹਾਂ ਦੀ ਸਿਖਿਆ ਦਾ ਮਿਆਰ ਵੀ ਦਰਜਾ-ਬ-ਦਰਜਾ ਉੱਤਮ ਦਰਜੇ ਦਾ ਹੋਣਾ ਜ਼ਰੂਰੀ ਹੈ; ਸਿਵਾਇ ਉਨ੍ਹਾਂ ਕੁੱਝ ਸੱਜਨਾਂ ਦੇ ਜਿਨ੍ਹਾਂ ਨੂੰ ਕਿਸੇ ਵਿਸ਼ੇਸ਼ ਕਾਰਣ, ਕੁੱਝ ਸਮੇਂ ਲਈ ਅਤੇ ਕਿਸੇ ਮਦਦ ਲਈ ਦੂਜੀਆਂ ਕੌਮਾਂ ਚੋਂ ਲਿਆ ਗਿਆ ਹੋਵੇ।

ਦੇਖਿਆ ਜਾਵੇ ਤਾਂ ਦੂਜੇ ਪਾਸੇ ਅੱਜ ਛੋਟੀਆਂ-ਛੋਟੀਆਂ ਸੰਸਥਾਵਾਂ ਜਿਵੇਂ D.A.V. ਸਕੂਲ-ਕਾਲਿਜ; ਉਪ੍ਰੰਤ ਇਸਲਾਮਿਕ ਤੇ ਸਨਾਤਨੀ ਅਦਾਰੇ ਵੀ ਇਸ ਪੱਖੋਂ ਸਾਡੇ ਤੋਂ ਕਈ ਗੁਣਾਂ ਅੱਗੇ ਲੰਙ ਚੁੱਕੇ ਹਨ। ਜਦਕਿ ਅਸੀਂ ਇਸ ਪਾਸੇ ਇਨਾਂ ਵਧ ਪੱਛੜ ਚੁੱਕੇ ਹਾਂ ਕਿ ਆਪਣੇ ਹੀ ਸਕੂਲਾਂ-ਕਾਲਜਾਂ `ਚ ਸਿੱਖ ਸਟਾਫ਼ ਤੇ ਮੈਨੇਜਮੈਂਟ ਹੱਥੋਂ, ਸਿੱਖੀ ਦੀ ਖੇਹ-ਖਬੜੀ ਉਡਾਈ ਜਾ ਰਹੀ ਹੈ। ਸਚਾਈ ਇਹ ਵੀ ਹੈ ਕਿ ਅੱਜ ਜਿਹੜੇ ਸਿੱਖਾਂ ਦੇ ਬੱਚੇ ਦੂਜਿਆਂ ਦੇ ਸਿਖਿਆ ਸੰਸਥਾਨਾ ਤੋਂ ਵਿਦਿਆ ਲੈਂਦੇ ਹਨ ਉਹ ਫ਼ਿਰ ਵੀ ਸਿੱਖੀ ਪੱਖੋਂ ਬਚੇ ਰਹਿੰਦੇ ਹਨ ਜਦਕਿ ਇਸ ਪੱਖੋਂ ਬਹੁਤਾ ਨੁਕਸਾਨ ਉਨ੍ਹਾਂ ਬੱਚਿਆਂ ਦਾ ਹੋ ਰਿਹਾ ਹੈ ਜਿਨ੍ਹਾਂ ਦੀ ਪੜ੍ਹਾਈ ਬਹੁਤਾ ਕਰਕੇ ਅਜੋਕੇ ਸਿੱਖ ਸੰਸਥਾਨਾਂ `ਚ ਹੋ ਰਹੀ ਹੈ। ਇੱਕ ਤਾਂ ਇਸ ਪਾਸਿਓਂ ਇਸ ਲਈ ਮਾਰ ਖਾ ਰਹੇ ਹਾਂ ਕਿ ਸਾਡੇ ਅਜੋਕੇ ਸਿਖਿਆ ਸੰਸਥਾਨ, ਗੁਰਦੁਆਰਿਆਂ ਦੀ ਅਯੋਗ ਤੇ ਕਮਜ਼ੋਰ ਮੈਨੇਜਮੈਂਟ ਅਧੀਨ ਹਨ; ਦੂਜਾ, ਰਾਜਸੀ ਤਲ `ਤੇ ਵੀ ਉਨ੍ਹਾਂ ਲੋਕਾਂ ਦੀ ਸਾਂਝ ਉਨ੍ਹਾਂ ਨਾਲ ਲੋਕਾਂ ਹੈ ਜਿਨ੍ਹਾਂ ਦਾ ਗੁਰਮੱਤ ਤੇ ਗੁਰਬਾਣੀ ਵਿਚਾਰਧਾਰਾ ਨਾਲ ਕੁੱਝ ਵੀ ਲੈਣਾ ਦੇਣਾ ਨਹੀਂ; ਬਲਕਿ ਉਹ ਲੋਕ, ਜਿਹੜੇ ਹੈਣ ਹੀ ਬਹੁਤਾ ਕਰਕੇ ਗੁਰਮੱਤ ਤੇ ਸਿੱਖ ਵਿਰੋਧੀ।

ਸਿੱਖ ਸਿਖਿਆ ਸੰਸਥਾਂਵਾਂ ਦੀ ਸੰਭਾਲ ਕਿਵੇਂ? -ਇਸ ਲਈ ਜ਼ਰੂਰੀ ਹੈ ਕਿ ਸਿੱਖ ਧਰਮ ਦੇ ਸਿੱਖਿਆ ਕੇਂਦਰ ਵੀ ਪੂਰੀ ਤਰ੍ਹਾਂ ਗੁਰਮੱਤ ਸਿੱਖਿਆ ਪ੍ਰਾਪਤ, ਗੁਰਮੱਤ ਦੇ ਧਾਰਨੀ ਨਿਪੁੰਨ, ਤਜੁਰਬੇਕਾਰ ਤੇ ਸਬੰਧਤ ਪਦਵੀਆਂ ਲਈ ਡਿਪਲੋਮਾ ਹੋਲਡਰ ਸੱਜਨਾਂ ਦੇ ਅਧੀਨ ਹੋਣ। ਇਸ ਤਰ੍ਹਾਂ ਆਜ਼ਾਦ ਅਦਾਰੇ ਕਾਇਮ ਕਰ ਕੇ, ਗੁਰਦੁਆਰਾ ਕਮੇਟੀਆਂ ਦਾ ਉਨ੍ਹਾਂ `ਚੋਂ ਆਪਣਾ ਦਖ਼ਲ ਸਦਾ ਲਈ ਕੱਢ ਲੈਣਾ ਚਾਹੀਦਾ ਹੈ। ਜੇ ਅਜਿਹਾ ਕਰਣਾ ਜਲਦੀ ਸੰਭਵ ਨਾ ਵੀ ਹੋਵੇ ਤਾਂ ਵੀ ਵੱਡੇ ਵੱਡੇ ਪੰਥਕ ਦਰਦੀਆਂ ਨੂੰ ਨਵੇਂ ਤੇ ਆਜ਼ਾਦ ਸਿੱਖਿਆ ਕੇਂਦਰ ਕਾਇਮ ਕਰਣ ਦੀ ਲੋੜ ਹੈ। ਠੀਕ ਉਸੇ ਤਰ੍ਹਾਂ ਜਿਵੇਂ ਕਿ ਅਜੋਕੇ ਸਮੇਂ ਦਿੱਲੀ `ਚ ਹੀ ‘ਭਾਈ ਮੋਤਾ ਸਿੰਘ’ ਸਕੂਲ ਚੱਲ ਰਿਹਾ ਹੈ।

ਇਸ ਲਈ ਜੇਕਰ ਇਮਾਨਦਾਰੀ ਨਾਲ ਇਸ ਪੱਖੋਂ ਪੰਥ ਦੀ ਸੰਭਾਲ ਕਰਣੀ ਹੈ, ਪਤਿਤਪੁਣੇ ਤੇ ਨਸ਼ਿਆਂ ਆਦਿ ਦੇ ਦੈਂਤਾਂ ਤੋਂ ਪੰਥ ਨੂੰ ਬਚਾਉਣਾ ਹੈ; ਨੌਜੁਆਨ ਬੱਚੇ-ਬੱਚੀਆਂ `ਚ ਸਿੱਖੀ ਲਈ ਉਮਾਹ ਤੇ ਉਤਸ਼ਾਹ ਪੈਦਾ ਕਰਣਾ ਹੈ, ਸਿੱਖ ਧਰਮ ਦੇ ਭਵਿਖ ਨੂੰ ਸੰਭਾਲਣਾ ਹੈ ਤਾਂ ਸਾਨੂੰ ਉਨ੍ਹਾਂ ਅਦਾਰਿਆਂ `ਚ ਐਕੇਡੈਮਿਕ ਵਿਦਿਆ ਦੇ ਨਾਲ ਨਾਲ ਲਾਜ਼ਮੀ ਤੌਰ `ਤੇ ਟਕਸਾਲੀ ਗੁਰਮੱਤ ਵਿਦਿਆ ਵਾਲੇ ਪਾਸੇ ਵੀ ਵਧਣਾ ਹੋਵੇਗਾ। ਜਦਕਿ ਉਸ ਗੁਰਮੱਤ ਵਿਦਿਆ ਦਾ ਮਿਆਰ ਵੀ ਅਜੋਕੇ ਗੁਰਦੁਆਰਿਆਂ ਅਧੀਨ ਚੱਲ ਰਹੇ ਸਕੂਲਾਂ ਕਾਲਿਜਾਂ ਆਦਿ `ਚ ਹੋ ਰਹੀ ਧਾਰਮਿਕ ਤੇ ਅਖਉਤੀ ਡਿਵਨਟੀ (Divnity ) ਸਿਂਿਖਆ ਵਾਲਾ ਨਹੀਂ ਅਤੇ ਨਾ ਹੀ ਮੌਜੂਦਾ ਡੇਰਾ ਵਾਦ ਵਾਲਾ ਬਲਕਿ ਅਜਿਹੇ ਪ੍ਰਭਾਵਾਂ ਤੋਂ ਵੀ ਦੂਰ ਰਖਣ ਦੀ ਲੋੜ ਹੈ।

(੭) ਸਿੱਖ ਧਰਮ ਨੂੰ ਮੌਜੂਦਾ ਅਧੋਗਤੀ ਤੋਂ ਬਚਾਉਣ ਲਈ

ਸੰਸਾਰ ਪੱਧਰ ਦੀ ਇੱਕ ਸੇਵਾ ਹੋਰ ਵੀ

ਉਹ ਸੇਵਾ ਇਸ ਤਰ੍ਹਾਂ ਕਿ ਅਜੋਕੀ ਪੰਥਕ ਅਧੋਗਤੀ `ਚ ਨਿਕਲਣ ਲਈ, ਪੰਥ ਦੀਆਂ ਵੱਡੀਆਂ ਵੱਡੀਆਂ ਕਮੇਟੀਆਂ ਅਤੇ ਪੰਥ ਦਰਦੀਆਂ ਰਾਹੀਂ ਵਿਸ਼ੇਸ਼ ਅਦਾਰੇ ਕਾਇਮ ਕਰਕੇ, ਉਨ੍ਹਾਂ ਰਾਹੀਂ ਇੱਕ ਹੋਰ ਪੰਥਕ ਸੇਵਾ ਦਾ ਅਰੰਭ ਕਰਣਾ ਵੀ ਜ਼ਰੂਰੀ ਹੈ। ਉਹ ਸੇਵਾ ਇਹ ਹੈ ਕਿ ਸੰਸਾਰ ਤਲ `ਤੇ ਭਿੰਨ ਭਿੰਨ ਖੇਤ੍ਰਾਂ `ਚੋਂ, ਜਿਹੜੀਆਂ ਸਿੱਖ ਬੀਬੀਆਂ ਤੇ ਵੀਰ ਕਿਸੇ ਵੀ ਪੱਖੋਂ ਕੋਈ ਨਾਮਨਾ ਖੱਟਦੇ ਹਨ, ਉਨ੍ਹਾਂ ਨੂੰ ਇੱਕ ਕਿੱਤੇ ਹੇਠ ਇਕੱਤ੍ਰ ਕਰਣ ਲਈ ਯੋਗ ਉਪਰਾਲਾ ਕੀਤਾ ਜਾਵੇ। ਅਸਲ `ਚ ਸੰਸਾਰ `ਚ ਉਨ੍ਹਾਂ ਲੋਕਾਂ ਦੇ ਉਭਰਣ ਦਾ ਕਾਰਨ ਵੀ, ਉਨ੍ਹਾਂ ਦੀਆਂ ਰਗਾਂ `ਚ ਪੁਸ਼ਤ-ਦਰ-ਪੁਸ਼ਤ ਚੱਲਦਾ ਆ ਰਿਹਾ, ਸਮ੍ਰਪਤ ਸਿੱਖ ਬਜ਼ੁਰਗਾਂ ਦਾ ਖੂਨ ਹੀ ਹੁੰਦਾ ਹੈ।

ਠੀਕ ਹੈ, ਪੰਥ ਦੀ ਗੁਰਮੱਤ ਪੱਖੋਂ ਅਜੋਕੀ ਵਿਗੜੀ ਹੋਈ ਹਾਲਤ ਕਾਰਨ ਅੱਜ ਉਨ੍ਹਾਂ `ਚੋਂ ਬਹੁਤਿਆਂ ਅੰਦਰ ਨਾ ਸਿੱਖੀ ਦਾ ਜਜ਼ਬਾ ਹੁੰਦਾ ਹੈ ਤੇ ਨਾ ਇਸ ਬਾਰੇ ਸੋਝੀ। ਫ਼ਿਰ ਵੀ ਅਜਿਹੇ ਸੱਜਨ ਹੁੰਦੇ ਤਾਂ ਸਿੱਖੀ ਹਾਰ ਦੇ ਮਣਕੇ ਹੀ ਹਨ। ਇਸ ਲਈ ਇੱਕ ਤਾਂ ਸਿੱਖ ਹੋਣ ਦੇ ਨਾਤੇ ਉਨ੍ਹਾਂ ਦਾ ਬਣਦਾ ਸਤਿਕਾਰ, ਉਨ੍ਹਾਂ ਨੂੰ ਮਿਲਣਾ ਜ਼ਰੂਰੀ ਹੈ। ਉਸ ਦੇ ਨਾਲ ਨਾਲ ਉਨ੍ਹਾਂ ਅੰਦਰ ਗੁਰਮੱਤ ਦੀ ਸਿਖਲਾਈ ਦੇ ਯੋਗ ਪ੍ਰਬੰਧ ਤੇ ਉਨ੍ਹਾਂ ਅੰਦਰ ਇਸ ਦੀ ਲੋੜ ਵੀ ਪੈਦਾ ਕੀਤੀ ਜਾਵੇ। ਉਹ ਇਸ ਲਈ ਤਾ ਕਿ ਉਨ੍ਹਾਂ ਨੂੰ ਵੀ ਆਪਣੇ ਸਿੱਖ ਹੋਣ ਅਤੇ ਆਪਣੇ ਸਿੱਖੀ ਵਿਰਸੇ `ਤੇ ਫ਼ਖਰ ਹੋਵੇ। ਦੂਜਾ-ਜਿਸ ਵੀ ਖੇਤ੍ਰ `ਚੋਂ ਉਹ ਉਭਰੇ ਹੋਣ, ਉਨ੍ਹਾਂ ਦੇ ਉਸ ਹੁਨਰ ਦਾ ਲਾਭ ਪੰਥ ਦੀ ਪਨੀਰੀ ਨੂੰ ਵੀ ਬਰਾਬਰ ਦਾ ਤੇ ਆਪਣੇ ਆਪ ਪਹੁੰਚੇ ਅਥਵਾ ਉਨ੍ਹਾਂ ਕੋਲੋਂ ਪਨੀਰੀ ਨੂੰ ਦੁਆਇਆ ਜਾਵੇ।

ਅੱਜ ਕੀ ਹੋ ਰਿਹਾ ਹੈ? ਸਾਰੇ ਦੇ ਉਲਟ, ਬਿਸ਼ਨ ਸਿੰਘ ਬੇਦੀ, ਨਵਜੋਤ ਸਿੰਘ ਸਿਧੂ, ਮੁਨਿੰਦਰ ਸਿੰਘ, ਹਰਭਜਨ ਸਿੰਘ ਆਦਿ, ਇਹ ਲੋਕ ਸਨ ਤਾਂ ਸਿੱਖ ਧਰਮ ਦਾ ਹੀ ਅਮੁੱਲਾ ਅੰਗ। ਇਸ ਦੇ ਉਲਟ ਜਦੋਂ ਖੇਲ ਜਗਤ `ਚ ਉਨ੍ਹਾਂ ਨੂੰ ਕੁੱਝ ਵਾਹ-ਵਾਹ ਮਿਲੀ ਤਾਂ ਉਹ ਸਿੱਖ ਸਰੂਪ ਨੂੰ ਵੀ ਆਪਣੇ ਘਰ ਦੀ ਦੁਕਾਨ ਤੇ ਜਾਗੀਰ ਸਮਝ ਬੈਠੇ। ਜਿਧਰ ਜੀਅ ਆਇਆ, ਸਰੂਪ ਦੀ ਤੋੜ-ਮਰੋੜ ਤੇ ਕੱਟ-ਵੱਢ ਸ਼ੁਰੂ ਕਰ ਦਿੱਤੀ। ਇਨ੍ਹਾਂ ਖਿਡਾਰੀਆਂ ਦੀ ਹਰੇਕ ਗੰਦੀ ਖੇਡ ਦਾ, ਜਿਵੇਂ ਟੋਪੀਆਂ-ਪਟਕੇ ਪਾ ਕੇ ਦੁਨੀਆਂ ਸਾਹਮਣੇ ਆਉਣਾ। ਇਸ ਤੋਂ ਬਾਅਦ ਵਿਰੋਧੀਆਂ ਤੇ ਮੀਡੀਆ ਨੇ ਵੀ ਉਨ੍ਹਾਂ ਦੀਆਂ ਇਨ੍ਹਾਂ ਕਮਜ਼ੋਰੀਆਂ ਦਾ ਸਿੱਖੀ ਵਿਰੁਧ ਭਰਵਾਂ ਲਾਭ ਲਿਆ। ਗੁਰਮੱਤ ਤੋਂ ਦੂਰ ਧੱਕੀ ਜਾ ਚੁੱਕੀ ਅਜੋਕੀ ਸਿੱਖ ਪਨੀਰੀ ਲਈ ਤਾਂ ਇਹ ਕਿਸੇ ਜ਼ਹਿਰ ਦੇ ਟੀਕੇ ਤੋਂ ਘੱਟ ਨਹੀਂ ਸੀ।

ਭਾਵੇਂ ਕਿ ਸੱਚ ਵੀ ਇਹੀ ਹੈ ਕਿ ਇਨ੍ਹਾਂ ਖਿਡਾਰੀਆਂ ਦੇ ਨਾਮਣੇ ਦਾ ਗੁੱਝਾ ਕਾਰਨ ਇਕੋ ਹੀ ਸੀ ਅਤੇ ਉਹ ਕਾਰਣ ਸੀ ਕਿ ਜਮਾਂਦਰੂ ਤੌਰ `ਤੇ ਇਹ ਸਾਰੇ ਖਿਡਾਰੀ, ਉਨ੍ਹਾਂ ਬਜ਼ੁਰਗਾਂ ਦਾ ਹੀ ਖੂਨ ਸਨ ਜਿਹੜੇ ਕਿਸੇ ਸਮੇਂ ਪਾਤਸ਼ਾਹ ਵੱਲੋਂ ਵਰੋਸਾਏ ਗਏ ਸਨ। ਜਦਕਿ ਨਾ ਇਹ ਗੱਲ ਉਨ੍ਹਾਂ ਦੀ ਸੋਚ `ਚ ਸੀ ਅਤੇ ਨਾ ਹੀ ਉਨ੍ਹਾਂ ਦੀ ਅਸਲੀਅਤ ਬਾਰੇ, ਉਨ੍ਹਾਂ ਨੂੰ ਪੰਥ ਹੀ ਸਮਝਾ ਸਕਿਆ। ਇਸ ਦੇ ਨਾਲ-ਨਾਲ, ਇਹ ਵੀ ਠੀਕ ਹੈ, ਜੇਕਰ ਸਮੇਂ ਸਿਰ ਪੰਥਕ ਪੱਧਰ `ਤੇ ਕੁੱਝ ਉਪਰਾਲਾ ਹੋਇਆ ਹੁੰਦਾ, ਇਸ ਤਰ੍ਹਾਂ ਪੰਥ ਰਾਹੀਂ ਉਨ੍ਹਾਂ ਨੂੰ ਆਪਣੀ ਛਾਤੀ ਨਾਲ ਲਗਾਇਆ ਜਾਂਦਾ। ਦੂਜਾ ਜੇਕਰ ਇਸ ਤਰ੍ਹਾਂ ਉਨ੍ਹਾਂ ਨੂੰ ਵੀ ਪਤਾ ਹੁੰਦਾ ਕਿ ਉਨ੍ਹਾਂ ਰਾਹੀਂ ਪ੍ਰਾਪਤ ਸਤਿਕਾਰ, ਪੂਰੇ ਪੰਥ ਦਾ ਸਤਿਕਾਰ ਹੈ ਅਤੇ ਉਹ ਵੀ ਉਸੇ ਪੰਥ ਦਾ ਹੀ ਅਨਮੋਲ ਹੀਰਾ ਹਨ। ਤਾਂ ਤੇ ਸ਼ਾਇਦ ਉਨ੍ਹਾਂ ਨੂੰ ਵੀ ਆਪਣੇ ਆਪ `ਤੇ ਵਧੀਆ ਖਿਲਾੜੀ ਆਦਿ ਹੋਣ ਦੇ ਨਾਲ-ਨਾਲ ਆਪਣੇ ਆਪ ਲਈ ਸਿੱਖ ਹੋਣ `ਤੇ ਵੀ ਮਾਨ ਹੁੰਦਾ। ਇਸ ਤੋਂ ਵਧ, ਪੰਥ ਨਾਲ ਅਜੋਕਾ ਟੋਪੀਆਂ, ਹੈਲਮੈਟਾਂ ਵਾਲਾ ਦੁਖਾਂਤ ਵੀ ਨਾ ਵਾਪਰਦਾ। ਫ਼ਿਰ ਵੀ ਇਹ ਕੇਵਲ ਇਸ ਪੱਖ `ਤੇ ਕੇਵਲ ਇੱਕ ਮਿਸਾਲ ਤੇ ਇਸ਼ਾਰਾ ਹੀ ਹੈ। ਇਸ ਤੋਂ ਬਾਅਦ:-

(ੳ) ਇਹੀ ਨਹੀਂ ਕਿ ਇਸ ਪੱਖੋਂ ਸੰਸਾਰ `ਚ ਕੇਵਲ ਖੇਲ ਜਗਤ ਹੀ ਹੈ ਜਿਸ `ਚੋਂ ਕਿ ਕੁੱਝ ਸਿੱਖ ਖਿਲਾੜੀਆਂ ਨੇ ਨਾਮਨਾ ਖਟਿਆ। ਜਦਕਿ ਸੰਸਾਰ ਤਲ `ਤੇ ਤਾਂ ਵਿਗਿਆਨ, ਇੰਡਸਟਰੀ, ਡਾਕਟਰੀ, ਖਗੋਲ, ਭੂ-ਵਿਗਿਆਨ, ਪੁਲਾੜ, ਰਖਿਆ ਤੇ ਬੁਧੀਜੀਵੀ ਆਦਿ ਅਨੇਕਾਂ ਖੇਤ੍ਰ ਅਜਿਹੇ ਹਨ ਜਿਨ੍ਹਾਂ `ਚੋਂ ਇਸੇ ਤਰ੍ਹਾਂ ਵਿਸ਼ੇਸ਼ ਤੌਰ `ਤੇ ਸਿੱਖਾਂ ਦੇ ਉਭਰਨ ਦੀਆਂ ਖਬਰਾਂ ਨਿਤ ਆਉਂਦੀਆਂ ਰਹਿੰਦੀਆਂ ਹਨ ਪਰ ਬਤੌਰ ਸਿੱਖ ਸੰਸਥਾ ਉਨ੍ਹਾਂ `ਚ ਸਿੱਖੀ ਲਈ ਫਖ਼ਰ ਤੇ ਉਨ੍ਹਾਂ ਦੇ ਸਿੱਖ ਹੋਣ ਦੇ ਨਾਤੇ ਉਨ੍ਹਾਂ ਨੂੰ ਵੀ ਪੰਥਕ ਤਲ `ਤੇ ਆਪਣੀ ਛਾਤੀ ਨਾਲ ਲਗਾਉਣ ਲਈਮ ਸਾਡੇ ਕੋਲ ਕੋਈ ਪ੍ਰਬੰਧ ਜਾਂ ਉਪਰਾਲਾ ਨਹੀਂ।

(ਅ) ਸਰਕਾਰੀ ਨੌਕਰੀਆਂ ‘ਤੋਂ ਸੇਵਾ ਮੁਕਤ ਹੋਣ ਬਾਅਦ (After Retirement) ਸਿੱਖ ਕੌਮ ਦੀ ਬੇਅੰਤ ਤਾਕਤ ਉਥੇ ਵੀ ਬਹੁਤ ਹੁੰਦੀ ਹੈ ਜਿਹੜੀ ਕਿ ਪੰਥ ਦੇ ਕੰਮ ਨਹੀਂ ਆ ਰਹੀ ਬਲਕਿ ਪੂਰੀ ਤਰ੍ਹਾਂ ਜ਼ਾਇਆ ਹੋ ਰਹੀ ਹੈ। ਜਦਕਿ ਉਨ੍ਹਾਂ ਲੋਕਾਂ ਵਿਚਕਾਰ ਵੀ ਵੱਡੇ ਵੱਡੇ ਤੇ ਵੱਖ ਵੱਖ ਕਿਤਿਆਂ ਦੇ ਤਜੁਰਬੇਕਾਰ ਤੇ ਡਿਪਲੋਮਾ ਹੋਲਡਰ ਹੁੰਦੇ ਹਨ ਜਿਨ੍ਹਾਂ ਕੋਲ ਉਨ੍ਹਾਂ ਪਾਸਿਆਂ ਤੋਂ ਜ਼ਿੰਦਗੀ ਭਰ ਦਾ ਭਰਪੂਰ ਤਜੁਰਬਾ ਵੀ ਹੁੰਦਾ ਹੈ। ਇਸ ਤਰ੍ਹਾਂ ੳੇੁਨ੍ਹਾਂ ਦਾ ਇਹ ਤਜੁਰਬਾ-ਡਿਪਲੋਮੇ-ਡਿੱਗਰੀਆਂ ਵਾਲਾ ਗਿਆਨ, ਤਜੁਰਬਾ ਤੇ ਹੁਨਰ ਵੀ ਕੌਮ ਦੇ ਕੰਮ ਨਹੀਂ ਆਉਂਦਾ। ਇਸ ਤਰ੍ਹਾਂ ਉਨ੍ਹਾਂ ਦਾ ਉਹ ਤਜੁਰਬਾ ਆਦਿ ਵੀ ਜਾਂ ਤਾਂ ਜ਼ਾਇਆ ਜਾਂਦਾ ਹੈ ਅਤੇ ਜਾਂ ਫ਼ਿਰ ਇਧਰ ਉਧਰ ਹੀ ਖੱਚਤ ਤੇ ਖ਼ਤਮ ਹੋ ਜਾਂਦਾ ਹੈ। ਇਸ ਸਾਰੇ ਦਾ ਮੁੱਖ ਕਾਰਨ ਵੀ, ਉਪਰ ਬਿਆਨਿਆ ਖਿਲਾੜੀਆਂ ਵਾਲਾ ਵਿਸ਼ਾ ਅਤੇ ਉਸ ਦੀ ਸੰਭਾਲ ਲਈ ਕਿਸੇ ਪੰਥਕ ਪ੍ਰਬੰਧ ਦਾ ਨਾ ਹੋਣਾ ਹੀ ਹੈ।

ਤਾਂ ਤੇ ਆਓ! ਪੰਥਕ ਕਮੇਟੀਆਂ ਅਤੇ ਵਿਸ਼ੇਸ਼ ਜਥੇਬੰਦੀਆਂ ਦੇ ਰੂਪ `ਚ ਅਸੀਂ ਆਪਣੇ ਫਰਜ਼ਾਂ ਨੂੰ ਪਛਾਣੀਏ। ਸਿੱਖ ਧਰਮ ਆਪਣੇ ਆਪ `ਚ ਨਿਰੋਲ ਅਕਾਲਪੁਰਖੀ ਸਮਾਜਕ ਧਰਮ ਹੈ। ਸਿੰਘ ਸਭਾਵਾਂ ਤੇ ਜਥੇਬੰਦੀਆਂ ਦੇ ਰੂਪ `ਚ ਸਾਡਾ ਜੀਵਨ, ਸਮੁਚੇ ਮਨੁੱਖ ਮਾਤ੍ਰ ਦੀ ਲੋੜ ਵੀ ਹੈ ਤੇ ਅਮਾਨਤ ਵੀ। ਇਸ ਤਰ੍ਹਾਂ ਇਨ੍ਹਾਂ ਦੀ ਮੂਲ ਲੋੜ ਤੋਂ ਕੱਟ ਕੇ, ਅਸੀਂ ਸਿੱਖੀ ਤੋਂ ਵੀ ਬਹੁਤ ਦੂਰ ਜਾ ਚੁੱਕੇ ਹਾਂ। ਚੇਤੇ ਰਹੇ! ਪੰਥਕ ਤਲ ਤੇ ਗੁਰਬਾਣੀ ਸੋਝੀ ਤੇ ਗੁਰਬਾਣੀ ਜੀਵਨ ਬਿਨਾ ਕੋਈ ਵੀ ਚੁੱਕਿਆ ਅਜਿਹਾ ਕਦਮ, ਨਿਰਾ ਸ਼ੋਸ਼ਾ ਹੀ ਬਣ ਕੇ ਰਹਿ ਜਾਵੇਗਾ ਅਤੇ ਇਸ ਤੋਂ ਵੱਧ ਉਹ ਕੁੱਝ ਵੀ ਨਹੀਂ ਹੋਵੇਗਾ। ਠੀਕ ਉਸੇ ਤਰ੍ਹਾਂ ਜਿਵੇਂ ਅੱਜ ਹੋਰ ਵੀ ਅਨੇਕਾਂ ਗੈਰਸਿੱਖ ਸੰਪ੍ਰਦਾਵਾਂ, ਜਥੇਬੰਦੀਆਂ ਅਜਿਹੇ ਉੱਦਮ ਤਾਂ ਕਰਦੀਆਂ ਹਨ ਪਰ ਸਿਰੇ ਨਹੀਂ ਚੜ੍ਹਦੇ, ਕਿਉਂਕਿ ਉਨ੍ਹਾਂ ਪਾਸ ਗੁਰਬਾਣੀ ਵਾਲਾ ਅੰਮ੍ਰਿਤ ਨਹੀਂ ਜਿਸ ਤੋਂ ਕਿ ਮਨੁੱਖ ਮਾਤਰ ਦੀ ਅਕਾਲਪੁਰਖੀ ਆਤਮਕ ਸਾਂਝ ਜਾਗ੍ਰਿਤ ਹੋ ਸਕੇ।

(੮) ਕਾਮ ਬਨਾਮ ਅਜੋਕੀ ਪੰਥਕ ਅਧੋਗਤੀ

ਕਾਮ ਦੇ ਦੋ ਵਿਰੋਧੀ ਪੱਖ

ਸਦਾਚਾਰਕ ਅਤੇ ਵਿਭਚਾਰਕ

ਕਾਮ ਭੁੱਖ ਹਰੇਕ ਜੀਵ ਸ਼੍ਰੇਣੀ ਦੀ ਮੂਲ ਭੁੱਖ ਹੈ ਤੇ ਸਾਰਾ ਸੰਸਾਰ ਚੱਕਰ ਇਸੇ `ਤੇ ਚਲਦਾ ਹੈ। ਗੁਰਬਾਣੀ `ਚ ਮਨੁੱਖ ਲਈ ਕਾਮ ਭੁੱਖ ਨੂੰ ਦੋ ਵਿਰੋਧੀ ਰੂਪਾਂ `ਚ ਪ੍ਰਗਟ ਕੀਤਾ ਹੋਇਆ ਹੈ। ਇਹ ਦੋ ਵਿਰੋਧੀ ਪੱਖ ਹਨ ਇਸਦਾ ਆਦਰਸ਼ਕ ਭਾਵ ਸਦਾਚਾਰਕ ਪੱਖ ਤੇ ਦੂਜਾ ਵਿਭਚਾਰਕ ਪੱਖ। ਇਹ ਵੀ ਕਿ ਗੁਰਬਾਣੀ `ਚ ਹੀ ਕਾਮ ਭੁਖ ਦੇ ਆਦਰਸ਼ਕ ਪਹਿਲੂ ਦੀ ਬੇਅੰਤ ਸੁੰਦਰ ਵਿਆਖਿਆ ਹੈ ਜਦਕਿ ਇਸ ਦੇ ਵਿੱਭਚਾਰਕ ਪੱਖ ਤੋਂ ਮਨੁੱਖ ਨੂੰ ਪੂਰੀ ਤਰ੍ਹਾਂ ਸੁਚੇਤ ਵੀ ਕੀਤਾ ਹੋਇਆ ਹੈ।

ਸੱਚ ਤਾਂ ਇਹ ਹੈ ਕਿ ਅੱਜ ਗੁਰਬਾਣੀ ਸੇਧ `ਚ ਇਸ ਦੀ ਨਾ ਤਾਂ ਵਿਆਖਿਆ ਹੋ ਰਹੀ ਹੈ ਅਤੇ ਨਾ ਹੀ ਗੁਰਬਾਣੀ ਆਧਾਰ `ਤੇ ਇਸ ਪੱਖੋਂ ਸਿੱਖ ਪਨੀਰੀ ਦੀ ਸੰਭਾਲ ਹੀ ਹੋ ਰਹੀ ਹੈ। ਦੂਜਿਆਂ ਦੀ ਗੱਲ ਨੂੰ ਜੇਕਰ ਛੱਡ ਵੀ ਦੇਵੀਏ ਪਰ ਅੱਜ ਤਾਂ ਸਿੱਖ ਪਨੀਰੀ ਨੂੰ ਵੀ ਉਸ ਦੀ ਇਸ ਕੁਦਰਤੀ ਭੁੱਖ ਵਲੋਂ ਪੂਰੀ ਤਰ੍ਹਾਂ ਦਿਸ਼ਾ ਹੀਣ ਕੀਤਾ ਹੋਇਆ ਹੈ। ਇਸ ਲਈ ਆਪਣੇ ਆਪ `ਚ ਅਜੋਕੀ ਪੰਥਕ ਅਧੋਗਤੀ ਦਾ ਇਹ ਵੀ ਇੱਕ ਬਹੁਤ ਵੱਡਾ ਕਾਰਣ ਹੈ। ਉਹ ਸਿੱਖ, ਜਿਸ ਨੇ ਗੁਰਬਾਣੀ ਆਧਾਰ `ਤੇ ਕਾਮ ਦੇ ਆਦਰਸ਼ਕ ਅਤੇ ਸਦਾਚਾਰਕ ਪੱਖ ਤੋਂ ਸੰਸਾਰ ਦੀ ਅਗਵਾਹੀ ਕਰਣੀ ਤੇ ਇਸ ਨੂੰ ਨਿਖੇੜ ਕੇ ਪੇਸ਼ ਕਰਣਾ ਸੀ; ਉਲਟਾ ਉਸ ਨੇ ਤਾਂ ਇਸ ਨੂੰ ਆਪਣੇ ਲਈ ਵੀ ਹਊਆ ਤੇ ਤਬਾਹੀ ਦਾ ਕਾਰਣ ਬਣਾਇਆ ਹੋਇਆ ਹੈ।

ਉਸੇ ਦਾ ਨਤੀਜਾ, ਅੱਜ ਜੇਕਰ ਕਿਸੇ ਗੁਰਦੁਆਰੇ `ਚ ਵੀ ਕੋਈ ਬੱਚਾ-ਬੱਚੀ ਇਕੱਠੇ ਖੜੇ ਹੋਣ ਤਾਂ ਬਹੁਤਿਆਂ ਦੀ ਉਂਗਲ ਉਨ੍ਹਾਂ ਵੱਲ ਹੀ ਜਾਂਦੀ ਹੈ; ਫ਼ਿਰ ਬਾਅਦ `ਚ ਭਾਵੇਂ ਇਹ ਪਤਾ ਲੱਗੇ ਕਿ ਉਹ ਕੋਈ ਦੂਜੇ ਨਹੀਂ, ਬਲਕਿ ਸੱਕੇ ਭੈਣ-ਭਰਾ ਹੀ ਸਨ। ਦਰਅਸਲ ਇਸ ਪੱਖੋਂ ਜਿਵੇਂ ਕਿ ਅੱਜ ਸਾਡੀ ਸੋਚ ਦਾ ਮਿਆਰ ਹੀ ਇਥੇ ਪੁੱਜ ਚੁੱਕਾ ਹੈ, ਸਪਸ਼ਟ ਹੈ ਕਿ ਅਜਿਹੇ ਹਾਲਾਤ `ਚ, ਇਸ ਪੱਖੋਂ ਗੁਰਬਾਣੀ ਐਜੁਕੇਸ਼ਨ ਤੋਂ ਵਿਹੂਣੀ ਸਾਡੀ ਪਨੀਰੀ ਅੱਗੇ ਵਧ ਵੀ ਕਿਵੇਂ ਸਕਦੀ ਹੈ?

ਜੇਕਰ ਗਹਿਰਾਈ ਤੋਂ ਵਿਚਾਰਿਆ ਜਾਵੇ ਤਾਂ ਇਹ ਵੀ ਬਹੁਤਾ ਕਰਕੇ ਇਸੇ ਦਾ ਹੀ ਨਤੀਜਾ ਹੈ ਕਿ ਸਿੱਖ ਬੱਚੇ-ਬੱਚੀਆਂ ਨੂੰ ਅੱਜ ਗੁਰਦੁਆਰੇ ਆਉਣ ਤੋਂ ਵੀ ਡਰ ਲੱਗਣ ਲੱਗ ਪਿਆ ਹੈ। ਸਪਸ਼ਟ ਹੈ ਇਸ ਤਰ੍ਹਾਂ ਭਾਵੇਂ ਅਣਜਾਣੇ `ਚ ਹੀ ਸਹੀ ਪਰ ਉਨ੍ਹਾਂ ਨੂੰ ਗੁਰਦੁਆਰਿਆਂ ਤੋਂ ਦੁਰੇਡੇ ਕਰਣ ਜਾਂ ਹੋਣ ਦਾ ਕਾਰਣ, ਇਕੱਲੇ ਉਹ ਬੱਚੇ ਹੀ ਨਹੀ, ਂ ਬਲਕਿ ਅਸੀਂ ਵੀ ਬਰਾਬਰ ਦੇ ਹਾਂ। ਅੱਜ ਇਹ ਵੀ ਬਹੁਤ ਵੱਡਾ ਕਾਰਣ ਹੈ ਜੋ ਅੱਜ ਪੰਥ ਅੰਦਰ ਪਤਿਤਪੁਣੇ ਤੇ ਨਸ਼ਿਆਂ ਵਾਲੀ ਕ੍ਰੌਨਿਕ ਬਿਮਾਰੀ ਨੇ ਵਿਕਰਾਲ ਰੂਪ ਧਾਰਨ ਕੀਤਾ ਹੋਇਆ ਹੈ। ਕਿਉਂਕਿ ਜਦੋਂ ਇੱਕ ਵਾਰੀ ਸਾਡੇ ਬੱਚੇ ਗੁਰਦੁਆਰੇ ਦੀ ਹੱਦ ਤੋਂ ਬਾਹਿਰ ਜਾਣਗੇ ਤਾਂ ਫ਼ਿਰ ਬਾਹਿਰ ਤਾਂ ਉਨ੍ਹਾਂ ਕੋਲ ਇਹੀ ਕੁੱਝ ਹੈ। ਇਤਨਾ ਹੋਣ ਦੇ ਬਾਵਜੂਦ ਪੰਥ ਇਸ ਪੱਖੋਂ ਅਜੇ ਵੀ ਘੂਕ ਸੁੱਤਾ ਪਿਆ ਹੈ।

ਕਾਸ਼! ਗੁਰੂ ਕਾ ਪੰਥ ਕਾਮ ਪੱਖੋ ਸੰਸਾਰਕ ਸੋਚ ਨੂੰ ਤਿਆਗ ਕੇ ਅਤੇ ਨਿਰੋਲ ਗੁਰਬਾਣੀ ਆਧਾਰ `ਤੇ ਇਸ ਦੀ ਵਿਆਖਿਆ ਨੂੰ ਸਮਝੇ ਤੇ ਕਰੇ। ਇਸ ਤੋਂ ਅਤੇ ਇਸ ਪੱਖੋਂ ਵੀ ਪੰਥ ਆਪਣੀ ਪਨੀਰੀ ਦੀ ਅਗਵਾਹੀ ਵੀ ਕਰ ਲਵੇਗਾ ਅਤੇ ਇਸ ਪੱਖੋਂ ਸਮੂਚੀ ਸਿੱਖ ਕੌਮ ਦਾ ਆਦਰਸ਼ਕ ਰੂਪ ਸੰਸਾਰ ਸਾਹਮਣੇ ਪ੍ਰਗਟ ਵੀ ਕਰ ਸਕੇਗਾ। ਇਸ ਦੇ ਨਾਲ ਨਾਲ ਸਿੱਖ ਪਨੀਰੀ ਵੀ ਇਸ ਪੱਖੋਂ ਆਪਣੇ ਗੋਰਵਮਈ ਜੀਵਨ ਨੂੰ ਫ਼ਿਰ ਤੋਂ ਹਾਸਲ ਕਰ ਲਵੇਗੀ। ਹੋਰ ਤਾਂ ਹੋਰ, ਇਸ ਤੋਂ ਕੌਮ `ਚ ਤੇਜ਼ੀ ਨਾਲ ਉਭਰ ਰਹੇ ਵਿਭਚਾਰ, ਨਸ਼ਿਆਂ ਅਦਿ ਦੇ ਰਾਖਸਾਂ ਦਾ ਵੀ ਨਾਸ ਹੋਵੇਗਾ ਅਤੇ ਪਤਿਤਪੁਣੇ ਨੂੰ ਵੀ ਠੱਲ ਪਵੇਗੀ। ਇਸ ਤਰ੍ਹਾਂ ਪੰਥ ਦਾ ਭਵਿਖ ਵੀ ਸੰਭਲੇਗਾ ਅਤੇ ਪੰਥ ਲਈ ‘ਮੋੜੀਂ ਬਾਬਾ ਕੱਛ ਵਾਲਿਆ, ਰਣ ਬਸਰੇ ਨੂੰ ਚੱਲੀ’ ਜਾਂ ‘ਆਏ ਨੇ ਨਿਹੰਗ, ਬੂਹੇ ਖੋਲ ਦਿਓ ਨਿਸੰਗ’ ਵਰਗੀਆਂ ਗੂੰਜਾ ਵੀ ਫ਼ਿਰ ਤੋ ਸਾਕਾਰ ਹੋ ਜਾਣਗੀਆਂ।

ਕਾਮ ਬਨਾਮ ਸਿੱਖ ਇਤਿਹਾਸ ਦੇ ੮੪ ਵਰ੍ਹੇ-ਉਂਜ ਤਾਂ ਸਮੁਚਾ ਸਿੱਖ ਇਤਿਹਾਸ ਇਸ ਪੱਖੋਂ ਬੇਦਾਗ਼ ਹੀ ਨਹੀਂ ਬਲਕਿ ਸੰਸਾਰ ਲਈ ਚਾਨਣ ਮੁਨਾਰਾ ਵੀ ਹੈ। ਫ਼ਿਰ ਵੀ ‘ਸੋਨੇ ਤੇ ਸੁਹਾਗਾ’ ਵਾਲੇ ਸੱਚ ਵਾਂਙ ਇਹ ਵੀ ਧਿਆਨ ਰਹੇ ਕਿ ਸਿੱਖ ਇਤਿਹਾਸ ਦੇ ਵਾਰਿਸ ਹੋਣ ਦੇ ਨਾਤੇ ਸਾਡੇ ਕੋਲ ਕਾਮ ਦੇ ਸਦਾਚਾਰਕ ਪੱਖ ਤੋਂ ਲਗਾਤਾਰ ੮੪ ਵਰ੍ਹਿਆਂ ਦਾ ਅਜਿਹਾ ਚਮਕੀਲਾ, ਪ੍ਰਗਟ ਤੇ ਸਪਸ਼ਟ ਇਤਿਹਾਸ ਵੀ ਹੈ ਜਿਸ ਦੀ ਸੰਸਾਰ ਭਰ ਦੇ ਇਤਿਹਾਸ `ਚ ਦੂਜੀ ਮਿਸਾਲ ਮਿਲਣੀ ਵੀ ਸੰਭਵ ਨਹੀਂ। ਦਿਨ ਦੇ ਉਜਾਲੇ ਵਾਂਙ, ਉਸਨੂੰ ਕਿਸੇ ਸਬੂਤ ਦੀ ਵੀ ਲੋੜ ਨਹੀਂ। ਤਾਂ ਤੇ ਸਮਝਣਾ ਹੈ ਕਿ:

ਬਾਬਾ ਬੰਦਾ ਸਿੰਘ ਜੀ ਬਹਾਦੁਰ ਦੀ ਸ਼ਹਾਦਤ ਈ: ਸੰਨ ੧੭੧੬ `ਚ ਹੋਈ। ਉਸ ਤੋਂ ੮੪ ਸਾਲ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਈ: ਸੰਨ ੧੭੯੯ `ਚ ਖਾਲਸਾ ਰਾਜ ਕਾਇਮ ਕੀਤਾ। ਇਨ੍ਹਾਂ ਚੌਰਾਸੀ ਸਾਲਾਂ ਦੌਰਾਨ ਛੋਟਾ ਤੇ ਵੱਡਾ ਦੋ ਘਲੂਘਾਰੇ ਵੀ ਹੋਏ ਜਿਨ੍ਹਾਂ `ਚ ਸਿੱਖ ਕੌਮ ਦਾ ਜਾਨੀ ਤੇ ਮਾਲੀ, ਹਰ ਪੱਖੋਂ ਭਰਵਾਂ ਨੁਕਸਾਨ ਵੀ ਹੋਇਆ। ਇਸੇ ਦੌਰਾਨ ਭਾਵੇਂ ਜੱਸਾ ਸਿੰਘ ਆਹਲੂਵਾਲੀਆ ਨੇ ਵੀ ਖਾਲਸਾ ਸਲਤਨਤ ਕਾਇਮ ਕੀਤੀ ਪਰ ਸਾਧਨਾ ਦੀ ਘਾਟ ਕਾਰਣ ਉਹ ਰਾਜ ਬਹੁਤ ਦੇਰ ਕਾਇਮ ਨਾ ਰਹਿ ਸਕਿਆ।

ਗਹਿਰਾਈ ਤੋਂ ਲਿਆ ਜਾਵੇ ਤਾਂ ਕੌਮ ਲਈ ਇਹ ਸਮਾਂ, ਬੜਾ ਭਿਅੰਕਰ ਸਮਾਂ ਸੀ। ਉਦੋਂ ਸ਼ਹਿਰਾਂ `ਚ ਸਿੱਖਾਂ ਦੇ ਸਿਰਾਂ ਦੇ ਮੁੱਲ ਪੈ ਰਹੇ ਸਨ। ਇਸੇ ਲਈ ਉਦੋਂ ਸਿੱਖਾਂ ਦਾ ਵਾਸਾ ਘੋੜਿਆਂ ਦੀਆਂ ਕਾਠੀਆਂ ਅਤੇ ਉਸ ਤੋਂ ਬਾਅਦ ਪਹਾੜਾਂ, ਮਾਰੂਥਲਾਂ, ਬੀਆਬਾਨਾਂ ਤੇ ਜੰਗਲਾ ਆਦਿ `ਚ ਹੀ ਸੀ। ਇਸ ਲਈ ਉਸ ਸਮੇਂ ਸਿੱਖਾਂ `ਤੇ ਕੋਈ ਰਾਜਸੀ ਜਾਂ ਦੁਨਿਆਵੀ ਕਾਨੂੰਨ ਵੀ ਲਾਗੂ ਨਹੀਂ ਸੀ ਹੁੰਦਾ। ਇਥੋਂ ਤੱਕ ਕਿ ਉਦੋਂ ਉਹ ਨਿਹੱਥੇ ਵੀ ਨਹੀਂ ਸਨ ਹੁੰਦੇ ਬਲਕਿ ਹਰ ਸਮੇਂ ਪੂਰਨ ਸ਼ਸਤ੍ਰਧਾਰੀ ਹੋ ਕੇ ਵਿਚਰਦੇ ਸਨ। ਕਾਰਣ ਇਹ ਕਿ ਉਨ੍ਹਾਂ ਦੇ ਖੂਨ ਦਾ ਪਿਆਸਾ ਵੈਰੀ ਦਲ, ਹਰ ਸਮੇਂ ਉਨ੍ਹਾਂ ਦੇ ਪਿਛੇ ਲਗਾ ਹੁੰਦਾ ਸੀ।

ਤਸਵੀਰ ਦਾ ਇੱਕ ਪਾਸਾ ਹੋਰ ਵੀ- ਇਸ ਤਸਵੀਰ ਦਾ ਦੂਜਾ ਪਾਸਾ ਇਹ ਵੀ ਹੈ ਕਿ ਉਦੋਂ ਸ਼ਹਿਰਾਂ ਤੋਂ ਬਾਹਿਰ ਪਹਾੜਾਂ, ਮਾਰੂਥਲਾਂ, ਬੀਆਬਾਨਾਂ ਤੇ ਜੰਗਲਾ ਆਦਿ `ਚ ਉਨ੍ਹਾਂ ਦੇ ਰਹਿਣ ਲਈ ਮਕਾਨ ਨਹੀਂ ਬਲਕਿ ਉਨ੍ਹਾਂ ਦੇ ਸਿਰ `ਤੇ ਅਸਮਾਨ ਦੀ ਨੀਲੀ ਛੱਤ ਹੀ ਹੁੰਦੀ ਸੀ। ਇਸ ਤਰ੍ਹਾਂ ਉਨ੍ਹਾਂ ਦੀਆਂ ਸਰੀਰਕ ਕ੍ਰਿਆਵਾਂ ਤੇ ਇਸ਼ਨਾਨ ਆਦਿ ਵੀ ਖੁੱਲੇ `ਚ ਹੀ ਹੁੰਦੇ ਸਨ ਜਦਕਿ ਉਨ੍ਹਾਂ ਦੇ ਪ੍ਰਵਾਰ ਭਾਵ ਬੱਚੇ ਤੇ ਬੀਵੀਆਂ ਆਦਿ ਵੀ ਉਸ ਸਮੇਂ ਉਨ੍ਹਾਂ ਦੇ ਨਾਲ ਉਸੇ ਖੁੱਲੇ `ਚ ਹੀ ਰਹਿੰਦੇ ਸਨ। ਹੋਰ ਤਾਂ ਹੋਰ ਉਸ ਦੌਰਾਨ ਉਨ੍ਹਾਂ ਦੇ ਪ੍ਰਵਾਰਕ ਵਾਧੇ ਵੀ ਇਨ੍ਹਾਂ ਹੀ ਹਾਲਾਤਾਂ `ਚ ਹੁੰਦੇ ਸਨ। ਇਸ ਤਰ੍ਹਾਂ ਸਪਸ਼ਟ ਹੈ ਕਿ ਇਸਤ੍ਰੀਆਂ ਹੋਣ ਜਾਂ ਮਰਦ, ਕਿਸੇ ਪਾਸੇ ਕੋਈ ਵਿਸ਼ੇਸ਼ ਪਰਦੇ ਦਾ ਪ੍ਰਬੰਧ ਵੀ ਨਹੀਂ ਸੀ। ਉਪ੍ਰੰਤ ਇਸ ਸੰਬੰਧ `ਚ ਸਭ ਤੋਂ ਵੱਡੀ ਤੇ ਸਮਝਣ ਵਾਲੀ ਗੱਲ ਇਹ ਵੀ ਹੈ ਕਿ:

(੧) ਪੰਥ ਉਪਰ ਬਣੇ ਹੋਏ ਅਜਿਹੇ ਭਿਅੰਕਰ ਹਾਲਾਤ ਸਮੇਂ ਵੀ ਜਦੋਂ ਕਿ ਉਨ੍ਹਾਂ `ਚ ਬੀਬੀਆਂ, ਬੱਚੇ ਤੇ ਮਰਦ ਭਾਵ ਸਾਰੇ ਅਤੇ ਹਰ ਸਮੇਂ ਇਕੱਠੇ ਹੀ ਵਿਚਰਦੇ ਅਤੇ ਹਰ ਸਮੇਂ ਬਾਕਾਇਦਾ ਹਥਿਆਰ ਬੰਦ ਵੀ ਹੁੰਦੇ ਹਨ।

(੨) ਅਜਿਹੇ ਹਾਲਾਤ `ਚ ਉਨ੍ਹਾਂ ਨੂੰ ਹਥਿਆਰਾਂ ਦੀ ਵਰਤੋਂ ਅਦਿ ਕਿਸੇ ਵੀ ਅਜਿਹੇ ਕਾਰਜ ਤੇ ਕਰਣੀ ਲਈ ਕਿਸੇ ਕਾਨੂੰਨ ਦਾ ਵੀ ਡਰ-ਖਤਰਾ ਨਹੀਂ ਸੀ ਹੁੰਦਾ। ਕਿਉਂਕਿ ਹਥਿਆਰ ਚਲਾਉਣ ਲਈ ਵੀ ਉਨ੍ਹਾਂ `ਤੇ ਕੋਈ ਨਾ ਕਿਸੇ ਦੀ ਪਾਬੰਦੀ ਨਹੀਂ ਸੀ ਤੇ ਨਾ ਹੀ ਉਨ੍ਹਾਂ ਨੂੰ ਕਿਸੇ ਦਾ ਡਰ।

(੩) ਇਹ ਚੌਰਾਸੀ ਸਾਲ ਦਾ ਸਮਾਂ ਵੀ ਆਪਣੇ ਆਪ `ਚ ਛੋਟਾ ਸਮਾਂ ਨਹੀਂ ਹੁੰਦਾ, ਇਤਨੇ ਲੰਮੇਂ ਸਮੇਂ `ਚ ਤਾਂ ਪੁਸ਼ਤਾਂ ਵੀ ਬਦਲ ਜਾਂਦੀਆਂ ਹਨ।

(੪) ਫ਼ਿਰ ਕੀ ਕਾਰਨ ਹੈ ਕਿ ਇਤਨੇ ਲੰਮੇਂ ਭਾਵ ੮੪ ਸਾਲ ਦੇ ਸਮੇਂ ਸੰਬੰਧੀ ਜੇਕਰ ਅਸੀਂ ਆਪਣੀ ਗੱਲ, ਆਪ ਨਾ ਵੀ ਕਰੀਏ, ਤਾਂ ਵਿਰੋਧੀਆਂ ਵੱਲੋਂ ਵੀ ਉਨ੍ਹਾਂ ਰਾਹੀਂ ਕਿਸੇ ਉਧਾਲੇ, ਜ਼ਬਰਦਸਤੀ ਜਾਂ ਨਾਜਾਇਜ਼ ਸੰਬੰਧਾਂ ਆਦਿ ਦੀ ਸੂਚਨਾ ਤਾਂ ਦੂਰ, ਮਾਤ੍ਰ ਇਸ਼ਾਰਾ ਵੀ ਨਹੀਂ ਮਿਲਦਾ।

(੫) ਸਾਧਾਰਨ ਵਿਰੋਧੀਆਂ ਤਾਂ ਗੱਲ ਹੀ ਹੋਰ ਹੈ, ਇਸ ਸੰਬੰਧ `ਚ ਤਾਂ ਉਨ੍ਹਾਂ ਵਿਰੋਧੀਆਂ ਵੱਲੋਂ ਵੀ ਜਿਹੜੇ ਸਿੱਖਾਂ ਦੇ ਖੂਨ ਦੇ ਪਿਆਸੇ ਬਣੇ, ਹਰ ਸਮੇਂ ਪ੍ਰਛਾਵੇਂ ਦੀ ਤਰ੍ਹਾਂ ਉਨ੍ਹਾਂ ਦੇ ਪਿੱਛੇ ਲੱਗੇ ਰਹਿੰਦੇ ਸਨ, ਉਨ੍ਹਾਂ ਵੱਲੋਂ ਵੀ ਅਜਿਹੀ ਕੋਈ ਸੂਚਨਾ ਨਹੀਂ।

(੬) ਹੋਰ ਤਾਂ ਹੋਰ, ਵਿਰੋਧੀਆਂ ਦਾ ਲਿਖਾਰੀ ਕਾਜ਼ੀ ਨੂਰ ਮੁਹਮਦ, ਜਿਹੜਾ ਕਿ ਜੰਗ ਦੇ ਹਾਲਾਤ ਲਿਖਣ ਲਈ ਮੁਹਮਦ ਸ਼ਾਹ ਅਬਦਾਲੀ ਦੇ ਭਾਰਤ `ਤੇ ਸਤਵੇਂ ਹਮਲੇ ਸਮੇਂ, ਉਸ ਦੇ ਨਾਲ ਆਇਆ ਹੋਇਆ ਸੀ। ਉਹ ਕਾਜ਼ੀ ਨੂਰ ਮੁਹਮਦ ਜਿਹੜਾ ਕਿ ਪਰਲੇ ਦਰਜੇ ਦਾ ਮੁਤਅਸਬੀ ਵੀ ਸੀ ਤੇ ਆਪਣੀਆਂ ਲਿਖਤਾਂ `ਚ, ਸਿੱਖਾਂ ਨੂੰ ਸਿੱਖ ਨਹੀਂ ਬਲਕਿ ਸਗ ਭਾਵ ਕੁਤੇ ਹੀ ਲਿਖਦਾ ਹੈ। ਉਪ੍ਰੰਤ ਉਹ ਵੀ ਜਦੋਂ ਆਪਣੀ ਲਿਖਤ `ਚ ਸਿੱਖਾਂ ਦੇ ਸਦਾਚਾਰ ਦੀ ਗੱਲ ਕਰਦਾ ਹੈ ਤਾਂ ਉਹ ਵੀ ਸਿੱਖਾਂ ਦੇ ਉੱਚੇ ਆਚਰਣ ਦੀ ਤਾਰੀਫ਼ ਕਰਣੋਂ ਨਹੀ ਰਹਿ ਸਕਦਾ।

ਇਸ `ਤੇ ਉਹ ਕਾਜ਼ੀ ਨੂਰ ਮੁਹਮਦ, ਆਪ ਇਹ ਵੀ ਲਿਖਦਾ ਹੈ ਕਿ ਇਨ੍ਹਾਂ ਨੂੰ ਸਗ ਨਾ ਆਖੋ, ਇਹ ਤਾਂ ਮੈਦਾਨ-ਏ-ਜੰਗ `ਚ ਵੀ ਇਸਤ੍ਰੀਆਂ ਲਈ ਮਾੜੀ ਸੋਚ ਨਹੀਂ ਰਖਦੇ। ਇਹ ਤਾਂ ਉਸ ਦੌਰਾਨ ਵੀ ਉਨ੍ਹਾਂ ਨੂੰ ਬੁੱਢੀਆਂ ਕਹਿਕੇ ਹੀ ਸੰਬੋਧਨ ਕਰਦੇ ਤੇ ਉਨ੍ਹਾਂ ਦਾ ਸਤਿਕਾਰ ਕਰਦੇ ਹਨ। ਜਦਕਿ ਉਸ ਦੀ ਇਹ ਲਿਖ਼ਤ ਵੀ ਉਸੇ ੮੪ ਸਾਲ ਦੇ ਸਮੇਂ ਨਾਲ ਹੀ ਸਬੰਧਤ ਹੈ।

ਇਸ ਤੋਂ ਇਹ ਵੀ ਸਾਫ਼ ਹੈ ਕਿ ਉਸ ਸਮੇਂ ਸਿੱਖਾਂ ਵਿਚਕਾਰ ਕਾਮ ਦੀ ਪ੍ਰੀਭਾਸ਼ਾ ਦੂਜਿਆਂ ਵੱਲ ਦੇਖ ਕੇ ਜਾਂ ਉਨ੍ਹਾਂ ਦੀ ਨਕਲ ਕਰਕੇ ਨਹੀਂ ਸੀ ਬਲਕਿ ਨਿਰੋਲ ਗੁਰਬਾਣੀ ਆਧਾਰਤ ਸੀ। ਉਸ ਸਮੇਂ ਉਨ੍ਹਾਂ ਲਈ ਕਾਮ ਦੀ ਵਰਤੋਂ ਆਪਣੀ ਯੋਗ ਸੀਮਾਂ `ਚ ਹੁੰਦੀ ਸੀ ਤੇ ਉਸ ਦੀ ਕੱਚੀ ਵਰਤੋਂ ਬਿਲਕੁਲ ਵੀ ਨਹੀਂ ਸਨ ਕਰਦੇ। ਉਹ ਸਾਰੇ, ਬੱਚੇ-ਵੱਡੇ, ਬੀਬੀਆਂ-ਮਰਦ ਸਭ ਇਕੱਠੇ ਵਿਚਰ ਕੇ ਵੀ ਬੜੇ ਉੱਚੇ ਸੁੱਚੇ, ਸ਼ੁਧ ਆਚਰਣ ਤੇ ਸਦਾਚਾਰਕ ਜੀਵਨ ਵਾਲੇ ਹੁੰਦੇ ਸਨ।

ਕਿਤਨਾ ਉੱਚੇ ਆਦਰਸ਼ ਦਾ ਵਿਸ਼ਾ ਹੈ ਕਿ ਅਸਮਾਨ ਦੀ ਨੀਲੀ ਛੱਤ ਹੇਠਾਂ, ਖੁੱਲੇ ਮੈਦਾਨਾਂ `ਚ ਰਾਤਾਂ-ਪ੍ਰਭਾਤਾਂ `ਚ ਬੱਚੇ, ਜੁਆਨ, ਬੀਬੀਆਂ ਤੇ ਵੀਰ ਇਕੱਠੇ ਵਿਚਰ ਕੇ, ਖੁੱਲੀਆਂ ਨਦੀਆਂ `ਚ ਇਸ਼ਨਾਨ ਪਾਣੀ ਤੇ ਸਰੀਰਕ ਕ੍ਰਿਆਂਵਾਂ ਨਿਭਾ ਕੇ, ਅਜਿਹੇ ਹਾਲਾਤਾਂ `ਚ ਹੀ ਪ੍ਰਵਾਰਕ ਵਾਧੇ ਕਰਦੇ ਹੋਏ ਵੀ, ਉਹ ਚਾਲ-ਚਲਣ ਤੇ ਸਦਾਚਾਰ ਪੱਖੋਂ ਦੁਧ ਧੋਤੇ ਹੁੰਦੇ ਸਨ।

ਇਸ ਤੋਂ ਵਧ ਕਿ ਜਦੋਂ ਉਹ ਹਰ ਸਮੇਂ ਸ਼ਸਤ੍ਰਾਂ ਨਾਲ ਵੀ ਲੈਸ ਵੀ ਹੁੰਦੇ ਸਨ, ਉਨ੍ਹਾਂ ਨੂੰ ਕਿਸੇ ਕਾਨੂੰਨ ਜਾਂ ਸਜ਼ਾ ਦਾ ਡਰ ਵੀ ਨਹੀਂ ਸੀ ਹੁੰਦਾ, ਇਸ ਸਾਰੇ ਦੇ ਬਾਵਜੂਦ ਉਹ ਕਾਮ ਦੀ ਵਰਤੋਂ ਪੱਖੋਂ ਵੀ ਸਦਾ ਪਾਕ ਦਾਮਨ ਰਹੇ। ਕਾਰਣ ਇਕੋ ਸੀ ਕਿ ਕਾਮ ਉਨ੍ਹਾਂ ਵਾਸਤੇ ਹਊਆ ਤੇ ਵਿਭਚਾਰ ਦਾ ਰਸਤਾ ਨਹੀਂ ਸੀ ਬਲਕਿ ਸਦਾਚਾਰਕ ਪ੍ਰਵਾਰਾਂ ਦੇ ਨਿਰਮਾਣ, ਕੌਮ ਦੇ ਭਵਿਖ ਨੂੰ ਉਜਲਾ ਕਰਣ ਤੇ ਸਭਤੋਂ ਉਪਰ ਗੁਰੂ-ਗੁਰਬਾਣੀ ਦੇ ਚਰਨਾਂ ਦਾ ਭੋਰਾ ਬਣ ਕੇ ਜੀਵਨ ਜੀਊਣ ਦਾ ਅਤੀ ਸੁਅੱਛ ਤੇ ਆਦਰਸ਼ਕ ਰਾਹ ਸੀ। #17 SDSLs01.013# (ਚਲਦਾ)

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Sikh, Dharm Vi Hai Ate Lehar Vi.01.13 BEING LOADED IN ISTTS. Otherwise about All the Self Learning Gurmat Lessons already loaded on www.sikhmarg.com it is to clarify that:-

---------------------------------------------

For all the Gurmat Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26487315 Cell 9811292808

web site- www.gurbaniguru.org
.