| . |
|
ਸਿੱਖ ਸਿੱਕੇਆਂ ਬਾਰੇ, ਭਾਗ-2
ਹਰਦੇਵ ਸਿੰਘ, ਜੰਮੂ
ਸਿੱਖ ਸਿੱਕਿਆਂ ਬਾਰੇ ਭਾਗ-1 ਵਿੱਚ ਅਸੀਂ, ਇਤਹਾਸਕ ਸਰੋਤ ਵਜੋਂ, ਸਿੱਖ
ਸਿੱਕਿਆਂ ਦੇ ਮਹੱਤਵ ਤੇ ਵਿਚਾਰ ਕਰਦੇ ਹੋਏ ਇਹ ਸਮਝਣ ਦਾ ਯਤਨ ਕੀਤਾ ਸੀ ਕਿ ਉਸ ਸਮੇਂ ਸਿੱਕੇ ਕਿਵੇਂ
ਬਣਦੇ ਸੀ। ਹੇਠ ਦਿੱਤੇ ਇੱਕ ਹੋਰ ‘ਚਿਤ੍ਰ ਨਮੂਨੇ’ ਰਾਹੀਂ ਅਸੀਂ ਸਮਝ ਸਕਦੇ ਹਾਂ ਕਿ ‘ਡਾਈ’ ਅਤੇ
ਸਿੱਕੇ ਤੇ ਉਕਰਨ ਵਾਲੀ ਇਬਾਰਤ ਵਿੱਚ ਫ਼ਰਕ ਆ ਜਾਂਦਾ ਸੀ। ਇਬਾਰਤ ਦੇ ਸ਼ਬਦਾਂ ਦੇ ਕੁੱਝ ਅੱਖਰ ਜਾਂ
ਅੱਖਰਾਂ ਦੇ ਕੁੱਝ ਭਾਗ, ਸਿੱਕੇ ਦੇ ਸਾਈਜ਼, ਡਾਈ ਦੀ ਬਣਤਰ ਜਾਂ ਘੜਨ ਦੀ ਹੱਥੀ ਪ੍ਰਕ੍ਰਿਆ ਕਾਰਨ,
ਅੱਗੇ-ਪਿੱਛੇ ਜਾਂ ਸੱਜੇ-ਖੱਬੇ ਖਿੱਸਕਣ ਕਾਰਨ ਕੱਟੇ ਜਾਂਦੇ ਸੀ।

ਉਪਰਲੇ ਚਿਤ੍ਰ ਨਮੂਨੇ ਵਿੱਚ ਕੁੱਝ ਇਬਾਰਤ ਕੱਟੇ ਜਾਣ ਦਾ ਕਾਰਨ ਸਮਝ ਆਉਂਦਾ
ਹੈ। ਸਿੱਕਿਆਂ ਦੀ ਨਿਰਮਾਣ ਪ੍ਰਕ੍ਰਿਆ ਕਾਰਨ ਪ੍ਰਗਟ ਹੋਂਣ ਵਾਲੇ ਇਹ ਲੱਛਣ ਹੇਠ ਦਿੱਤੀ ਇੱਕ
‘ਵਿਲੱਖਣ ਸਿੱਕੇ’ ਦੀ ਤਸਵੀਰ ਵਿੱਚ ਵੀ ਸਪਸ਼ਟ ਨਜ਼ਰ ਆਉਂਦੇ ਹਨ। ਇਹ ਸਿੱਕਾ ਸਿੱਖ ਸਿੱਕੇਆਂ ਦੇ
‘ਪਰਿਵਰਤਨ ਕਾਲ’ (1787)
ਦਾ ਸਿੱਕਾ ਹੈ ਜਿਸ ਵਿੱਚ ਸਜਾਵਟੀ ਬਿੰਦੂ ਜੁੱਟ ਉਕੇਰੇ ਗਏ ਸਨ ਅਤੇ ਇਸ ਉਪਰੰਤ ਸਿੱਖ ਸਿੱਕਿਆਂ ਤੇ
ਇੱਕ ‘ਪੱਤੇ’ ਨੂੰ ਵੀ ਉਕੇਰਿਆ ਜਾਣ ਲੱਗਾ। ਇਸ ਵਿੱਲਖਣ ਸਿੱਕੇ ਦੀ ਤਸਵੀਰ
ਔਰੀਐਂਟਲ ਨਿਮੂਸਮੈਟਿਕ ਸੌਸਾਈਟੀ ਦੇ
ਜਰਨਲ ਨੰ: 207
ਦੇ ਪੰਨਾ 39
ਤੇ ਵੇਖੀ ਜਾ ਸਕਦੀ ਹੈ।

ਇਸ ਵਸਤੂ ਸਥਿਤੀ ਵਿੱਚ ਉਸ ਸਮੇਂ ਦੇ ਸਿੱਕਿਆਂ ਨੂੰ ਅੱਜ ਬਣਨ ਵਾਲੇ
ਸਿੱਕਿਆਂ ਜਾਂ ਕਰੰਸੀ ਨੋਟਾਂ ਦੀ ਪੂਰਨਤਾ (Perfection)
ਅਨੁਸਾਰ ਨਹੀਂ ਦੇਖਿਆ ਜਾ ਸਕਦਾ, ਕਿਉਂਕਿ ਬਾਦ ਦੀ ਤਕਨੀਕ
ਬਹੁਤ ਉਂਨਤ ਹੋ ਚੁੱਕੀ ਸੀ ਅਤੇ ਹੈ। ਇਸ ਲਈ ਸਿੱਖ ਸਿੱਕਿਆਂ ਨੂੰ ਸਮਝਣ ਲਈ ਇਹ ਧਿਆਨ ਵਿੱਚ ਰੱਖਣਾ
ਜ਼ਰੂਰੀ ਹੈ ਕਿ ਸਿੱਕਿਆਂ ਵਿੱਚ ਲਿਖੀ ਇਬਾਰਤ ਦੇ ਅਕਾਰ, ਪ੍ਰਕਾਰ ਅਤੇ ਸਥਿਤੀ ਵਿਚਲਾ ਫ਼ਰਕ, ਤਕਨੀਕ
ਅਤੇ ਕਾਲਾਂਤਰ ਆਉਂਦੇ ਰਹੇ ਬਦਲਾਵਾਂ ਅਧਾਰਤ ਹੈ। ਇੱਥੋਂ ਤਕ ਕਿ ਇੱਕ ਹੀ ਸਾਲ ਵਿੱਚ ਘੱੜੇ ਜਾਣ
ਵਾਲੇ ਸਿੱਕੇ ਆਪਸ ਵਿੱਚ ਹੂ-ਬ-ਹੂ ਨਹੀਂ ਸੀ ਮਿਲਦੇ। ਡਾਈ ਤੇ ਵੱਜਣ ਵਾਲੀ ਸੱਟ ਤੇ ਲੱਗਾ ਘੱਟ-ਵੱਧ
ਜੋਰ, ਸਿੱਕੇ ਤੇ ਉਕਰੀ ਇਬਾਰਤ ਦੇ ਉਭਾਰ ਤਕ ਤੇ ਵੀ ਵੱਡਾ ਅਸਰ ਪਾਉਂਦਾ ਸੀ।
ਬਰਤਾਨਵੀ ਅਨੁਮਾਨ ਅਨੁਸਾਰ ਅੰਮ੍ਰਿਤਸਰ ਅਤੇ ਲਾਹੋਰ ਤੋਂ
1801 ਅਤੇ
1849 ਵਿਚਕਾਰ,
65’000’000 ਸਿੱਖ
ਸਿੱਕੇ ਜਾਰੀ ਹੋਏ ਸੀ। ਚੁੰਕਿ ਇਨਾਂਹ ਸਿੱਕਿਆਂ
ਦੀ ਅਧਿਕਾਂਸ਼ ਮਾਤਰਾ ‘ਅੰਮ੍ਰਿਤਸਰ ਟਕਸਾਲ’ ਤੋਂ ਘੜੀ ਗਈ ਸੀ ਇਸ ਲਈ ਇਸ ਟਕਸਾਲ ਦਾ ਸਲਾਨਾ ਸਿੱਕਾ
ਉਤਪਾਦਨ ਕਰੀਬ 1
ਮਿਲਿਅਨ ਸੀ (“The
Administration of Punjab”, Culcutta Review, Vol xxl, p.240)
ਪੰਜਾਬ ਤੇ ਅਧਿਕਾਰ ਕਰ ਲੇਂਣ ਉਪਰੰਤ ਬਰਤਾਨਵੀ ਸਰਕਾਰ ਨੇ ਤੇਜੀ ਨਾਲ ਸਿੱਖ
ਸਿੱਕਿਆਂ ਨੂੰ ਆਪਣੇ ਸਿੱਕਿਆਂ ਨਾਲ ਬਦਲਣ ਦੀ ਪ੍ਰਕ੍ਰਿਆ ਆਰੰਭ ਕਰ ਦਿੱਤੀ ਸੀ। ਇੱਕ ਤਤਕਾਲੀ
ਬਰਤਾਨਵੀ ਸਰੋਤ ਅਨੁਸਾਰ:-
“Large bullion
remittances of the old coins aggregating fifty lakhs were transmitted to
Calcutta, and also down the Indus, to be returned from the Bombay mint with the
British stamp. In two or three years more, the
Nanak Shahee rupee, the
symbol of Sikh religion and power,
will be numbered with the things of past”
( Government of India
Foreign Department General Report, Administration of Punjab Territories 1849-50
and 1850-51, Culcutta)
ਭਾਵ 50
ਲੱਖ ਸਿੱਖ ਸਿੱਕੇ ਕਲਕੱਤਾ ਭੇਜਣ ਅਤੇ ਉਨਾਂਹ ਦੇ ਬਰਤਾਨਵੀ ਸਿੱਕੇ ਬਣ ਕੇ ਵਾਪਸ ਆਉਂਣ ਦੀ ਗਲ
ਲਿਖਦੇ ਹੋਏ, ਰਿਪੋਰਟ ਵਿੱਚ ਇਹ ਵੀ ਲਿਖਿਆ ਗਿਆ ਕਿ ਦੋ-ਤਿੰਨ ਹੋਰ ਸਾਲਾਂ ਵਿੱਚ
ਸਿੱਖ ‘ਧਰਮ’ ਅਤੇ ‘ਤਾਕਤ’ ਦੇ ਪ੍ਰਤੀਕ
‘ਨਾਨਕ ਸ਼ਾਹੀ’ ਰੂਪੈ, ਭੂਤਕਾਲ ਦੀ ਵਸਤੂਆਂ ਨਾਲ ਗਿਣੇ ਜਾਣਗੇ।
ਸੰਨ 1765
ਤੋਂ ਸਿੱਖ ਪ੍ਰਭੁੱਤਵ ਦੇ ਲਗਭਗ 75
ਸਾਲਾ ਰਾਜਕਾਲ ਦੌਰਾਨ, ਵੱਖ-ਵੱਖ ਅਤੇ ਵੱਡੀਆਂ-ਛੋਟਿਆਂ ਟਕਸਾਲਾਂ ਤੋਂ ਬਹੁਤ ਵੱਡੀ ਮਾਤਰਾ ਵਿੱਚ
ਸਿੱਖ ਸਿੱਕੇ ਘੜੇ ਗਏ ਸੀ। ਰਣਜੀਤ ਸਿੰਘ ਦੇ ਮਹਾਤਾਤ ਅੰਗ੍ਰੇਜ਼ ਅਫ਼ਸਰ ਅਤੇ ਵਿਸ਼ੇਸ਼ਗ
‘ਐਲਰਾਡ’
ਅਤੇ
‘ਵੈਨਟੂਰਾ’
(1822) 30,000 ਸਿੱਖ
ਸਿੱਕੇਆਂ ਦੀ ਸਾਲਾਨਾ ਤਨਖਾਹ ਤੇ ਕੰਮ ਕਰਦੇ ਸੀ। ਪਰਾਗਨਾ (50
ਤੋਂ 100 ਪਿੰਡਾਂ ਦਾ
ਯੁਨਿਟ) ਵਿੱਚ ਕੰਮ ਕਰਦਾ
‘ਕਰਦਾਰ’ 30 ਤੋਂ
150 ਸਿੱਖ ਰੂਪੇ ਦੀ
ਤਨਖਾਹ ਲੇਂਦਾ ਸੀ।
ਅਦਾਲਤ-ਏ-ਆਲਾ 80
ਸਿੱਖ ਰੂਪੈ ਦੀ ਤਨਖਾਹ ਅਤੇ ਆਮ ਜੱਜ 45
ਸਿੱਖ ਰੂਪੈ ਦੀ ਤਨਖਾਹ ਪ੍ਰਾਪਤ ਕਰਦਾ ਸੀ। ਲਾਹੋਰ ਗਨ ਫਾਉਂਡਰੀ ਵਿੱਚ ਕੰਮ ਕਰਦਾ
ਹੁਨਰਮੰਦ
2 ਰੂਪੇ ਦੀ ਦਿਹਾੜੀ
ਤੇ ਸੀ ਅਤੇ ਉਸੇ ਕਾਰਖਾਨੇ ਵਿੱਚ ਕੰਮ ਕਰਦਾ
ਮਜ਼ਦੂਰ
8 ਆਨੇ ਦੀ ਦਿਹਾੜੀ
ਲੇਂਦਾ ਸੀ। ਇੱਕ ਮਿਸਤਰੀ
ਨੂੰ 5 ਸਿੱਖ ਰੂਪੇ,
ਪਾਣੀ ਮਸ਼ਕ
ਵਾਲੇ ਨੂੰ 3 ਸਿੱਖ
ਰੂਪੇ ਅਤੇ ਬਾਵਰਚੀ
ਨੂੰ 3 ਰੂਪੇ
8 ਆਨੇ ਮਹੀਨਾ ਉਜਰਤ ਵਜੋਂ
ਮਿਲਦੇ ਸੀ। ਇਸ ਤੋਂ ਸਿੱਖ ਪ੍ਰਭੁਤੱਵ ਕਾਲ ਵਿੱਚ ਸਿੱਖ ਸਿੱਕਿਆਂ ਦੇ ਵੱਡੇ ਪ੍ਰਚਲਨ ਦਾ ਪਤਾ ਚਲਦਾ
ਹੈ ਕਿ ਸਿੱਖ ਸਿੱਕੇ ਅੰਗ੍ਰੇਜ਼ੀ-ਦੇਸੀ ਅਫ਼ਸਰਾਂ ਤੋਂ ਲੇ ਕੇ ਹਰ ਘਰ ਤਕ ਹਰ ਹੱਥ ਤਕ ਫੈਲੇ ਹੋਏ ਸੀ।
ਅੰਗ੍ਰੇਜ਼ਾਂ ਨੇ ਆਉਂਦੇ ਹੀ ਸਿੱਖ ਸਿੱਕਿਆਂ ਦੇ ਬਦਲੇ ਆਪਣੇ ਸਿੱਕੇ ਚਲਾਉਂਣ
ਦੀ ਯੋਜਨਾ ਤੇ ਤੇਜੀ ਨਾਲ ਅਮਲ ਸ਼ੁਰੂ ਕੀਤਾ ਤਾਂ ਕਿ ਸਿੱਖ ਪ੍ਰਭੂਸੱਤਾ ਦੇ ਇਸ ਮੁੱਖ ਚਿੰਨ ਨੂੰ
ਅੰਗ੍ਰੇਜ਼ੀ ਪ੍ਰਭੁੱਤਵ ਦੇ ਚਿੰਨ ਨਾਲ ਬਦਲ ਕੇ, ਅਵਾਮ ਨੂੰ ਇਹ ਅਹਿਸਾਸ ਵੀ ਕਰਵਾਇਆ ਜਾਏ ਕਿ ਸਿੱਖ
ਪ੍ਰਭੂਸੱਤਾ ਹੁਣ ਸਮਾਪਤ ਹੋ ਚੁੱਕੀ ਸੀ। ਪਰ ਚੁੰਕਿ ਸਿੱਖ ਸਿੱਕੇਆਂ ਲਈ ਵਰਤੀ ਜਾਂਦੀ ਧਾਤੂ
ਚਾਂਦੀ-ਸੋਨਾ ਸੀ ਇਸ ਲਈ ਉਹ ਬਿਲਕੁਲ ਬੇਕਾਰ ਨਾ ਹੋ ਕੇ ਇੱਕ ਧਾਤੂ ਦੀ ਕੀਮਤ ਤਾਂ ਰੱਖਦੇ ਹੀ ਸੀ।
ਇਸ ਲਈ ਉਹ ਕਰੰਸੀ ਵਜੋਂ ਬੰਦ ਹੋ ਜਾਣ ਦੇ ਬਾਵਜੂਦ ਥਾਂ ਪਰ ਥਾਂ ਮੌਜੂਦ ਰਹੇ।
ਅੱਜ ਮਿਲਦੇ ਬਹੁਤੇ ਸਿੱਖ ਸਿੱਕੇ, ਉਹ ‘ਨਾਨਕ ਸ਼ਾਹੀ’ ਸਿੱਕੇ ਹੀ ਹਨ ਜੋ
ਅੰਮ੍ਰਿਤਸਰ ਟਕਸਾਲ ਤੋਂ ਗੁਰੂ ਸਾਹਿਬਾਨ ਅਤੇ ਅਕਾਲ ਤਖ਼ਤ ਦੇ ਨਾਮ ਹੇਠ ਜਾਰੀ ਹੁੰਦੇ ਆਏ ਸੀ। ਇਨਾਂਹ
ਸਿੱਕਿਆਂ ਬਾਰੇ ਵੱਧੇਰੇ ਜਾਣਕਾਰੀ ਲਈ ਮੈਂ
‘ਬ੍ਰਿਟਿਸ਼ ਨੈਸ਼ਨਲ ਮਿਯੂਜ਼ੀਅਮ’
(British National Museum)
ਨਾਲ ਵੀ ਸੰਪਰਕ ਕੀਤਾ।
ਚਲਦਾ……
ਹਰਦੇਵ ਸਿੰਘ, ਜੰਮੂ- 12.5.2013
|
. |