.

ਸਤਿਨਾਮੁ

ਵੀਰ ਭੁਪਿੰਦਰ ਸਿੰਘ

ਸੱਚੇ ਦਾ ਨਾਮ ਸੱਚਾ ਹੀ ਹੋਣਾ ਹੈ ਇਸ ’ਚ ਕੋਈ ਸ਼ੱਕ ਹੀ ਨਹੀਂ ਪਰ ਆਮ ਮਨੁੱਖ ਨੂੰ ਸਮਝਣ ਲਈ ਇਹ ਸਵਾਲ ਮਨ ’ਚ ਜ਼ਰੂਰ ਉਠਦਾ ਹੈ ਕਿ ਜੇ ਰੱਬ ਜੀ ਦਾ ਨਾਮ ਸੱਚਾ ਹੈ ਤਾਂ ਉਹ ਸੱਚਾ ਨਾਮ ਕੀ ਹੈ ? ਦਰਅਸਲ ਰੱਬ ਜੀ ਬਾਰੇ ਕੁਝ ਵੀ ਬਿਆਨ ਕਰਨਾ ਮਨੁੱਖ ਦੇ ਵੱਸ ਨਹੀਂ ਹੈ ਸੋ ਰੱਬ ਜੀ ਦਾ ਸੱਚਾ ਨਾਮ ਕੀ ਹੈ ਉਹ ਤਾਂ ਰੱਬ ਜੀ ਹੀ ਜਾਣਨ। ਮਜ਼ਹਬੀ ਜਨੂੰਨ ਦੇ ਕਿਸੇ ਵੈਰ ਕਾਰਨ ਤੰਗਦਿਲੀ ਦੀ ਗਲੀ ’ਚ ਭਟਕ ਨਾ ਜਾਈਏ ਇਸ ਕਰਕੇ ਇਹ ਸਮਝਣਾ ਜ਼ਰੂਰੀ ਹੈ ਕਿ ਰਾਮ-ਰਹੀਮ, ਅੱਲ੍ਹਾ-ਖ਼ੁਦਾ, ਵਾਹਿਗੁਰੂ, ਬੀਠਲ, ਹਰੀ, ਮੁਰਾਰੀ, ਗੋਵਿੰਦ ਸਾਰੇ ਹੀ ਨਾਮ ਰੱਬ ਜੀ ਦੇ ਕਿਸੇ ਨਾ ਕਿਸੇ ਗੁਣ ਦੇ ਪ੍ਰਤੀਕ ਹਨ ਤੇ ਸਾਰੇ ਹੀ ਨਾਮ ਸੱਚੇ ਦੇ ਹਨ ਪਰ ਫਿਰ ਵੀ ਸੱਚੇ ਦਾ ‘‘ਅਸਲੀ ਨਾਮ’’ ਕੀ ਹੈ, ਉਹ ਰੱਬ ਜੀ ਆਪ ਹੀ ਜਾਣਨ।

ਸੱਚੇ ਦਾ ਨਾਮ ਸੱਚਾ ਹੈ ਇਸ ਤੋਂ ਜੇਕਰ ਇਹ ਭਾਵ ਲਈਏ ਕਿ ਸੱਚੇ ਦੀ ਸਾਰੀ ਸ੍ਰਿਸ਼ਟੀ ਸੱਚੀ ਹੈ, ਸੱਚੇ ਦਾ ਨਿਜ਼ਾਮ, ਨਿਯਮ, ਹੁਕਮ, ਨਿਆਂ ਸੱਚਾ ਹੈ, ਸੱਚੇ ਦੀ ਕਿਰਤ ਸੱਚੀ ਹੈ ਤਾਂ ਫਿਰ ਮੰਨਣਾ ਪਵੇਗਾ ਕਿ ਸੱਚੇ ਦੀ ਕਿਰਤ, ਸ੍ਰਿਸ਼ਟੀ, ਇਸ ਦੁਨੀਆ ’ਚ ਵੀ ਸਭ ਕੁਝ ਸੱਚਾ ਹੈ ਇਸ ਦੁਨੀਆ ’ਚ ਵਾਪਰ ਰਹੇ ਕੁਦਰਤੀ ਨਿਯਮ, ਸੱਚੇ ਹੀ ਹਨ, ਇਸ ਕਰਕੇ ਅਟਲ ਹਨ। ਇਸੇ ਕਰਕੇ ‘‘ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ’’ (ਗੁਰੂ ਗ੍ਰੰਥ ਸਾਹਿਬ, ਪੰਨਾ : 1) ਅਨੁਸਾਰ ਸੱਚੇ ਦੇ ਨਿਯਮਾਂ ਤੋਂ ਬਾਹਰ ਕੋਈ ਵੀ, ਕੁਝ ਵੀ ਕਰ ਹੀ ਨਹੀਂ ਸਕਦਾ। ਹੁਣ ਵਿਚਾਰਨ ਵਾਲੀ ਗੱਲ ਹੈ ਕਿ ਜੇ ਸੱਚੇ ਦੇ ਨਿਯਮ, ਹੁਕਮ, ਰਜ਼ਾ, ਭਾਣਾ ਸਭ ਸੱਚੇ ਹਨ ਤਾਂ ਤੇ ਇਨ੍ਹਾਂ ਹੁਕਮਾਂ ਨਿਯਮਾਂ ਅਨੁਸਾਰ ਜਿਊਣਾ ਹੀ ਸੱਚੇ ਨਾਲ ਇਕਮਿਕਤਾ ਦਾ ਲਖਾਇਕ ਹੈ ਵਰਨਾ ਜੀਵਨ ਹੀ ਝੂਠਾ ਹੋ ਜਾਏਗਾ। ਸੋ ਇਸ ਨੁਕਤਾ-ਨਿਗਾਹ ਨਾਲ ਤਾਂ ਪਸ਼ੂ-ਪੰਛੀ, ਪੇੜ-ਪੌਧੇ, ਜੀਵ-ਜੰਤੂ ਸਭ ਸੱਚੇ ਦੀ ਕਿਰਤ ਅਨੁਸਾਰ ਨਿਯਮਾਂ ਹੁਕਮਾਂ ਦੇ ਅਨੁਕੂਲ ਜਿਊਂਦੇ ਹਨ :

ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੁ ਬਿਨੁ ਹਰਿ ਜਾਪਤ ਹੈ ਨਹੀ ਹੋਰ।।

(ਗੁਰੂ ਗ੍ਰੰਥ ਸਾਹਿਬ, ਪੰਨਾ : 1265)

ਭਾਵ ਮਨੁੱਖ ਨੂੰ ਛੱਡ ਕੇ ਰੱਬੀ ਕਿਰਤ ਦੀ ਹਰੇਕ ਵਸਤ, ਜੀਵ ਅਤੇ ਬਨਸਪਤੀ ਸਭ ਰੱਬੀ ਨਿਯਮਾਂ ਦੇ ਅਨੁਕੂਲ ਜਿਊ ਰਹੇ ਹਨ, ਇਹੋ ਉਨ੍ਹਾਂ ਦਾ ਰੱਬੀ ਜਾਪ ਦਾ ਲਖਾਇਕ ਹੈ। ਸੋ ਸੱਚੇ ਦੇ ਸੱਚੇ ਨਾਮ ਨਾਲ ਜੁੜਨ ਦਾ, ਉਸਦੇ ਸਿਮਰਨ ਦਾ ਇਹ ਲਖਾਇਕ ਹੈ ਕਿ ਜਿਸਦਾ ਸਿਮਰਨ ਕੀਤਾ ਜਾਵੇ ਉਸਦੀ ਰਜ਼ਾ, ਭਾਣੇ, ਨਿਯਮ ਅਨੁਕੂਲ ਜੀਵਿਆ ਜਾਵੇ ਇਹੋ ਸਿਮਰਨ, ਜਾਪ ਜਾਂ ਨਿਰੰਤਰ ਯਾਦ ਕਰਨਾ ਕਹਿਲਾਉਂਦਾ ਹੈ।

ਸੱਚੇ ਦੀ ਕਿਰਤ ’ਚ ਹਰੇਕ ਜ਼ੱਰਾ, ਜੀਵ-ਜੰਤੂ ਸੱਚੇ ਦੇ ਅਨੁਕੂਲ ਜਿਊ ਰਿਹਾ ਹੈ ਪਰ ਅਫ਼ਸੋਸ, ਸੱਚੇ ਦੇ ਨਾਲ ਇਕ-ਮਿਕ ਹੋ ਕੇ ਸੱਚੇ ਜੈਸਾ ਜੀਵਨ ਮਨੁੱਖ ਕਿਉਂ ਨਹੀਂ ਜਿਊਣਾ ਚਾਹੂੰਦਾ ? ਦਰਅਸਲ ਮਨੁੱਖ ਝੂਠਾ ਜੀਵਨ ਪਸੰਦ ਕਰ ਰਿਹਾ ਸੀ (ਕਰ ਰਿਹਾ ਹੈ) ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਮੁੱਢਲੀ ਸਿੱਖਿਆ ’ਚ ਇਹ ਦ੍ਰਿੜ੍ਹਾਇਆ ਗਿਆ ਹੈ ਕਿ ਐ ਮਨੁੱਖ, ਸੱਚੇ ਨਾਲ ਜੁੜ ਕੇ ਸੱਚੇ ਜੀਵਨ ਨੂੰ ਜਿਊ ਤਾ ਕਿ ਇਸੇ ਜੀਵਨ ’ਚ ਜਿਊਂਦੇ ਜੀਅ ਸੱਚੇ ਨਾਲ ਅਭੇਦ ਹੋ ਕੇ ਸਦੀਵੀ ਆਨੰਦ ਮਾਣ ਸਕੇਂ।

ਇਸ ਕਰਕੇ ‘‘ਉਤਮੁ ਏਹੁ ਬੀਚਾਰੁ ਹੈ ਜਿਨਿ ਸਚੇ ਸਿਉ ਚਿਤੁ ਲਾਇਆ’’ (ਗੁਰੂ ਗ੍ਰੰਥ ਸਾਹਿਬ, ਪੰਨਾ : 466) ਰਾਹੀਂ ਮਨੁੱਖ ਨੂੰ ਸਮਝਾਇਆ ਗਿਆ ਹੈ ਕਿ ਮਨੁੱਖ ਦਾ ਸੱਚੇ ਨਾਲ ਜੁੜਨਾ ਜ਼ਰੂਰੀ ਹੈ, ਚਿਤ ਕਿਵੇਂ ਜੁੜੇ ਇਹ ਸਮਝ, ਸੁਮੱਤ ਗੁਰਮਤ, ਗਿਆਨ ਗੁਰੂ ਰਾਹੀਂ ਸਮਝ ਪੈਂਦੀ ਹੈ ਇਸੇ ਕਰਕੇ ‘‘ਸਤਿਗੁਰ’’ ਭਾਵ ਸੱਚੀ ਮਤ ਧਾਰਣ ਕਰਨਾ ਹੀ ਉਤਮ ਵਿਚਾਰ ਹੈ ਕਿਉਂਕਿ ਜਿਸਦਾ ਨਾਮ, ਨਿਜ਼ਾਮ, ਨਿਯਮ, ਹੁਕਮ, ਭਾਣਾ ਸੱਚਾ ਹੈ ਉਸ ਨਾਲ ਜੁੜਨ ਲਈ ਸਤਿਗੁਰ ਹੀ ਮਨੁੱਖ ਨੂੰ ਅਗਵਾਈ ਦੇ ਸਕਦਾ ਹੈ। ਸੱਚੇ ਦਾ ਗਿਆਨ ਸੱਚੇ ਨਾਲ ਜੋੜਦਾ ਹੈ ਤੇ ਝੂਠੇ ਦਾ ਗਿਆਨ ਝੂਠੇ ਨਾਲ ਜੋੜਦਾ ਹੈ, ਹੁਣ ਇਹ ਮਨੁੱਖ ਦਾ ਆਪਣਾ ਫੈਸਲਾ ਹੈ, ਮਨੁੱਖ ਦੀ ਆਪਣੀ ਆਜ਼ਾਦੀ ਹੈ ਕਿ ਮਨੁੱਖ ਸੱਚੇ ਨਾਲ ਜੁੜਨਾ ਚਾਹੂੰਦਾ ਹੈ ਜਾਂ ਝੂਠੇ ਨਾਲ।

ਸਿੱਟੇ ਵਜੋਂ ਅਸੀਂ ਇਸ ਨਿਰਨੇ ’ਤੇ ਪਹੂੰਚ ਜਾਵਾਂਗੇ ਕਿ ਸੱਚੇ ਨਾਲ ਚਿੱਤ ਜੋੜਨ ਦਾ ਭਾਵ ਹੈ ਸੱਚੀ ਮੱਤ ਨਾਲ ਜੁੜਨਾ। ਗਿਆਨ ਗੁਰੂ ਅਨੁਸਾਰ ਅਮਲੀ ਜੀਵਨੀ ਦੇ ਧਾਰਨੀ ਮਨੁੱਖ ਦਾ ਚਿਤ ਸੱਚੇ ਨਾਲ ਜੁੜ ਜਾਂਦਾ ਹੈ ਅਤੇ ਲਾਹਾ ਇਹ ਹੁੰਦਾ ਹੈ ਕਿ ਉਸ ਮਨੁੱਖ ਦਾ ਜੀਵਨ ਵੀ ਸੱਚਾ ਹੀ ਹੋ ਜਾਂਦਾ ਹੈ। ਸੋ ਇਹ ਵਿਚਾਰ ਸਭ ਤੋਂ ਉਤਮ ਹੈ ਕਿ ਮਨੁੱਖ ਸੱਚ ਨਾਲ ਜੁੜੇ। ਰੱਬ ਜੀ ਸੱਚ ਹਨ ਤੇ ਰੱਬ ਜੀ ਨਾਲ ਇਕਮਿਕਤਾ ਲਈ ਮਨੁੱਖ ਨੂੰ ਵੀ ਸੱਚ ਨਾਲ ਹੀ ਜੁੜਨਾ ਹੈ। ਸੱਚ ਨਾਲ ਜੁੜਨ ਲਈ ਮਨੁੱਖ ਨੂੰ ਆਪਣੇ ਜੀਵਨ ’ਚੋਂ ਅਵਗੁਣਾਂ ਜਾਂ ਝੂਠ ਦੀ ਮੈਲ, ਢੂੰਡ-ਢੂੰਡ ਕੇ, ਰਗੜ-ਰਗੜ ਕੇ (ਸਵੈ-ਪੜਚੋਲ ਕੇ) ਉਤਾਰਨੀ ਪਵੇਗੀ। ਨਿਤ ਦੀ ਕਰਨੀ ’ਚੋਂ ਆਪਣੀ ਹਰੇਕ ਅਵਗੁਣੀ ਕਿਰਿਆ, ਸੋਚ ਨੂੰ ਕਢਣਾ ਪਵੇਗਾ ਤਾ ਕਿ ਜਿਊਂਦੇ ਜੀਅ ਸੱਚੇ ਨਾਲ ਇਕਮਿਕਤਾ ਦਾ ਸਫ਼ਰ ਛੇਤੀ-ਛੇਤੀ ਤੈਅ ਹੋਵੇ। ਐਸੀ ਜੀਵਨੀ ’ਚ ਮਨੁੱਖ ਸੱਚੇ ਰੱਬ ਨਾਲ ਇਕਮਿਕਤਾ ਪ੍ਰਾਪਤੀ ਲਈ ਅਵਗੁਣਾਂ ਦੀ ਖੋਟ ਕੱਢਦਾ ਰਹਿੰਦਾ ਹੈ। ਸਿੱਟੇ ਵਜੋਂ ਮਨੁੱਖ ਦਾ ਅੰਦਰੋਂ ਤੇ ਬਾਹਰੋਂ ਜੀਵਨ ਕੇਵਲ ਸੱਚਾ ਹੀ ਬਣ ਜਾਂਦਾ ਹੈ।

‘ਆਸਾ ਕੀ ਵਾਰ’ ਦੀ ਪਉੜੀ ਨੰ. 10 ਦੇ ਉੱਪਰ ਲਿਖੇ ਸ਼ਲੋਕਾਂ ’ਚ ਸੱਚ ਨਾਲ ਜੁੜਨ ਲਈ ਮਨੁੱਖ ਨੂੰ ਅਗਵਾਈ ਦਿੱਤੀ ਗਈ ਹੈ।

ਸਚੁ ਤਾ ਪਰੁ ਜਾਣੀਐ ਜਾ ਰਿਦੈ ਸਚਾ ਹੋਇ।। ਕੂੜ ਕੀ ਮਲੁ ਉਤਰੈ ਤਨੁ ਕਰੇ ਹਛਾ ਧੋਇ।। ਸਚੁ ਤਾ ਪਰੁ ਜਾਣੀਐ ਜਾ ਸਚਿ ਧਰੇ ਪਿਆਰੁ।। ਨਾਉ ਸੁਣਿ ਮਨੁ ਰਹਸੀਐ ਤਾ ਪਾਏ ਮੋਖ ਦੁਆਰੁ।। ਸਚੁ ਤਾ ਪਰੁ ਜਾਣੀਐ ਜਾ ਜੁਗਤਿ ਜਾਣੈ ਜੀਉ।। ਧਰਤਿ ਕਾਇਆ ਸਾਧਿ ਕੈ ਵਿਚਿ ਦੇਇ ਕਰਤਾ ਬੀਉ।। ਸਚੁ ਤਾ ਪਰੁ ਜਾਣੀਐ ਜਾ ਸਿਖ ਸਚੀ ਲੇਇ।। ਦਇਆ ਜਾਣੈ ਜੀਅ ਕੀ ਕਿਛੁ ਪੁੰਨੁ ਦਾਨੁ ਕਰੇਇ।। ਸਚੁ ਤਾਂ ਪਰੁ ਜਾਣੀਐ ਜਾ ਆਤਮ ਤੀਰਥਿ ਕਰੇ ਨਿਵਾਸੁ।। ਸਤਿਗੁਰੂ ਨੋ ਪੁਛਿ ਕੈ ਬਹਿ ਰਹੈ ਕਰੇ ਨਿਵਾਸੁ।। ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ।। ਨਾਨਕੁ ਵਖਾਣੈ ਬੇਨਤੀ ਜਿਨ ਸਚੁ ਪਲੈ ਹੋਇ।।੨।।

(ਗੁਰੂ ਗ੍ਰੰਥ ਸਾਹਿਬ, ਪੰਨਾ : 468)

ਹਰੇਕ ਮਨੁੱਖ ਇਸ ਅਨੁਸਾਰ ਆਪਣਾ ਮੁਤਾਲਿਆ ਕਰ ਸਕਦਾ ਹੈ ਅਤੇ ਸੱਚੇ ਨਾਲ ਜੁੜਨ ਲਈ, ਸੱਚ ਦੀ ਵਿਚਾਰ ਅਨੁਸਾਰ ਸੱਚੇ ਰੱਬ ਜੀ ਨਾਲ ਇਕਮਿਕਤਾ ਦੀ ਅਵਸਥਾ ਮਾਣ ਸਕਦਾ ਹੈ :-

ਸਚ ਤਾ ਪਰੁ ਜਾਣੀਐ ਜਾ ਰਿਦੈ ਸਚਾ ਹੋਇ।।

ਕੂੜ ਕੀ ਮਲੁ ਉਤਰੈ ਤਨੁ ਕਰੇ ਹਛਾ ਧੋਇ।।

ਭਾਵ ਅਰਥ : ਇਸ ਸ਼ਲੋਕ ’ਚ ‘ਸੱਚ’ ਦਾ ਉਲਟ ਲਫ਼ਜ਼ ‘ਕੂੜ’ ਵਰਤਿਆ ਹੈ। ਮਨੁੱਖ ਦੇ ਅੰਦਰ ਸੱਚ ਤਦੋਂ ਹੀ ਸਮਝੋ ਜਦੋਂ ਸੱਚਾ ਰੱਬ ਅੰਦਰ ਟਿੱਕ ਗਿਆ ਹੋਵੇ। ਝੂਠ (ਕੂੜ) ਦੀ ਮੈਲ ਮਨ ਤੋਂ ਉਤਰ ਜਾਂਦੀ ਹੈ ਅਤੇ ਤਨ ਵੀ ਹੱਛਾ ਹੋ ਜਾਂਦਾ ਹੈ ਭਾਵ ਚੰਗੇ ਕਰਮਾਂ ਵਾਲੀ ਸੋਚਨੀ ਤੇ ਜੀਵਨੀ ਬਣ ਜਾਂਦੀ ਹੈ।

ਸਚੁ ਤਾ ਪਰੁ ਜਾਣੀਐ ਜਾ ਸਚਿ ਧਰੇ ਪਿਆਰੁ।।

ਨਾਉ ਸੁਣਿ ਮਨੁ ਰਹਸੀਐ ਤਾ ਪਾਏ ਮੋਖ ਦੁਆਰੁ।।

ਭਾਵ ਅਰਥ : ਸੱਚ ਦੀ ਮਨੁੱਖ ਨੂੰ ਉਦੋਂ ਸਮਝ ਪੈਂਦੀ ਹੈ, ਜਦੋਂ ਉਹ ਸੱਚ ਨਾਲ ਪਿਆਰ ਕਰੇ, ਝੂਠ (ਕੂੜ) ਜੈਸੇ ਅਲਪ ਸੁੱਖਾਂ ਖ਼ਾਤਰ ਸੱਚ ਨੂੰ ਨਾ ਤਿਆਗੇ। ਐਸੇ ਮਨੁੱਖ ਨੂੰ ਸੱਚੇ ਦਾ ਨਾਉ ਭਾਵ ਸੱਚੇ ਦੇ ਸੱਚੇ ਗਿਆਨ ਅਨੁਸਾਰ, ਕੂੜ (ਝੂਠ) ਤੋਂ ਮਨ ਨੂੰ ਹੋੜ ਕੇ ਖਿੜਾਉਣਾ (ਹਰਿਆ ਭਰਿਆ) ਆ ਜਾਂਦਾ ਹੈ ਸਿੱਟੇ ਵਜੋਂ ਮਨੁੱਖ ਮੋਖ, ਮੁਕਤ ਦਾ ਦਰ ਪ੍ਰਾਪਤ ਕਰ ਲੈਂਦਾ ਹੈ ਭਾਵ ਝੂਠ (ਕੂੜ) ਜੈਸੇ ਵਿਕਾਰਾਂ ਤੋਂ ਜਿਊਂਦੇ ਜੀਅ ਹੀ ਮੁਕਤ ਹੋ ਜਾਂਦਾ ਹੈ।

ਸਚੁ ਤਾ ਪਰੁ ਜਾਣੀਐ ਜਾ ਜੁਗਤਿ ਜਾਣੈ ਜੀਉ।।

ਧਰਤਿ ਕਾਇਆ ਸਾਧਿ ਕੈ ਵਿਚਿ ਦੇਇ ਕਰਤਾ ਬੀਉ।।

ਭਾਵ ਅਰਥ : ਸੱਚ ਦੀ ਸਮਝ ਉਦੋਂ ਹੀ ਪੈਂਦੀ ਹੈ ਜਦੋਂ ਮਨੁੱਖ ਜੀਵਨ ਜਿਊਣ ਦੀ ਜੁਗਤ ਜਾਣਦਾ ਹੋਵੇ ਭਾਵ ਸਰੀਰ ਰੂਪੀ ਧਰਤੀ ਨੂੰ ਤਿਆਰ ਕਰਨ ਲਈ ਇਸ ’ਚ ਰੱਬੀ ਗੁਣਾਂ ਦਾ ਬੀਜ ਬੀਜਦਾ ਹੋਵੇ।

ਸਚੁ ਤਾ ਪਰੁ ਜਾਣੀਐ ਜਾ ਸਿਖ ਸਚੀ ਲੇਇ।।

ਦਇਆ ਜਾਣੈ ਜੀਅ ਕੀ ਕਿਛੁ ਪੁੰਨੁ ਦਾਨੁ ਕਰੇਇ।।

ਭਾਵ ਅਰਥ : ਸੱਚ ਤਾਂ ਹੀ ਸਮਝ ਪੈਂਦਾ ਹੈ ਜਦੋਂ ਮਨੁੱਖ ਸੱਚ ਦੀ ਸਿਖਿਆ ਲੈ ਕੇ ਸੰਤੋਖ ਸਹਜ ਦੇ ਸੁਭਾਉ ਵਾਲਾ ਅਤੇ ਬਿਨਾ ਵਿਤਕਰੇ ਤੋਂ ਸਭ ਲਈ ਦਇਆ ਦੀ ਬਿਰਤੀ ਵਾਲਾ ਬਣ ਜਾਂਦਾ ਹੈ। ਭਾਵ ਸੱਚੀ ਸਿਖਿਆ ਦਾ ਸੁਨੇਹਾ ਦੇਣ ਲਈ ਆਪਣੇ ਸੁਆਰਥ, (ਆਪਣੇ ਸੁੱਖਾਂ ਦੇ ਲਾਲਚ) ਤੋਂ ਉੱਪਰ ਉੱਠ ਕੇ ਹੋਰਨਾਂ ਤੇ ਦਇਆ ਕਰਕੇ ਪਰਉਪਕਾਰ ਲਈ ਤਤਪਰ ਰਹਿੰਦਾ ਹੈ।

ਸਚੁ ਤਾਂ ਪਰੁ ਜਾਣੀਐ ਜਾ ਆਤਮ ਤੀਰਥਿ ਕਰੇ ਨਿਵਾਸੁ।।

ਸਤਿਗੁਰੂ ਨੋ ਪੁਛਿ ਕੈ ਬਹਿ ਰਹੈ ਕਰੇ ਨਿਵਾਸੁ।।

ਭਾਵ ਅਰਥ : ਸੱਚ ਉਦੋਂ ਹੀ ਜਾਣਿਆ ਸਮਝੋ ਜਦੋਂ ਮਨੁੱਖ ਬਾਹਰਲੇ ਤੀਰਥਾਂ ਤੋਂ ਭਟਕ-ਭਟਕ ਕੇ ਪਾਪ ਬਖ਼ਸ਼ਾਉਣ ਬਦਲੇ, ਆਪਣੀ ਆਤਮਾ ਦੇ ਤੀਰਥ ਤੇ ਨਿਵਾਸ ਕਰਦਾ ਹੈ। ਭਾਵ ਅੰਤਰ-ਆਤਮੇ, ਨਿਜ ਘਰ ਵਲ ਝਾਤੀ ਮਾਰਦਾ ਹੈ। ਸੱਚੇ (ਗਿਆਨ-ਗੁਰ) ਦੀ ਸਿਖਿਆ ਅਨੁਸਾਰ ਆਪਣੇ ਮਨ ਨੂੰ ਝੂਠ (ਕੂੜ) ਤੋਂ ਬਚਾ ਕੇ ਸੱਚ ’ਤੇ ਟਿਕਿਆ ਰਹਿੰਦਾ ਹੈ, ਭਾਵ ਮਨ ਵਿਕਾਰਾਂ ਦੀ ਖਿੱਚ ਵਲ ਨਹੀਂ ਦੌੜਦਾ।

ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ।।

ਨਾਨਕੁ ਵਖਾਣੈ ਬੇਨਤੀ ਜਿਨ ਸਚੁ ਪਲੈ ਹੋਇ।।੨।।

ਭਾਵ ਅਰਥ : ਸਾਰੇ ਦੁੱਖਾਂ ਕਲੇਸ਼ਾਂ ਦੀ ਦਾਰੂ, ਭਾਵ ਝੂਠ (ਕੂੜ) ਤੋਂ ਮੁਕਤ ਹੋਣ ਦਾ ਇਲਾਜ ਹੈ ਕਿ ਮਨੁੱਖ ਸੱਚ ਨਾਲ ਜੁੜ ਜਾਵੇ। ਇਹੋ ਬੇਨਤੀ ਨਾਨਕ ਜੀ ਕਰ ਰਹੇ ਹਨ।

ਇਸ ਸਾਰੇ ਸ਼ਲੋਕ ਦੀ ਵਿਚਾਰ ਦਾ ਸਿੱਟਾ ਇਹ ਨਿਕਲਿਆ ਕਿ ਮਨੁੱਖ ਦਾ ਜੀਵਨ ਖੁਆਰ ਹੀ ਉਦੋਂ ਹੁੰਦਾ ਹੈ ਜਦੋਂ ਮਨੁੱਖ ਛਲਾਵੇ ਦੇ, ਕੂੜ ਦੇ ਸੁੱਖਾਂ ਲਾਲਚਾਂ ਦੀ ਖਾਤਰ ਸੱਚਾ ਜੀਵਨ ਤਿਆਗ ਦਿੰਦਾ ਹੈ। ਸੋ ਸੱਚੇ ਦਾ ਨਾਮ ਭਾਵ ਗਿਆਨ ਵਿਚਾਰ ਵੀ ਸੱਚਾ ਹੈ ਇਸ ਕਰਕੇ ਸੱਚੇ ਨਾਲ ਜੁੜਨ ਲਈ ਮਨੁੱਖ ਨੂੰ ਸੱਚੀ ਜੀਵਨੀ ਹੀ ਜਿਊਣੀ ਬਣਦੀ ਹੈ ਕਿਉਂਕਿ ਝੂਠੀ ਜੀਵਨੀ ਨਾਲ ਮਨੁੱਖ ‘ਸੱਚੇ’ ਨਾਲ ਇਕਮਿਕਤਾ ਹਾਸਲ ਨਹੀਂ ਕਰ ਸਕਦਾ।

ਇਸੇ ਵਿਚਾਰ ਦੀ ਲੜੀ ਨੂੰ ਦ੍ਰਿੜ੍ਹ ਕਰਾਉਣ ਲਈ ‘ਆਸਾ ਕੀ ਵਾਰ’ ਦੀ ਚੌਥੀ, ਛੇਵੀਂ, ਸੱਤਵੀਂ ਅਤੇ ਅੱਠਵੀਂ ਪਉੜੀ ਨੂੰ ਵਿਚਾਰ ਕੇ ਪਤਾ ਲੱਗਦਾ ਹੈ ਕਿ ਮਨੁੱਖ ਨੂੰ ਕੂੜ (ਝੂਠ) ਰੂਪੀ ਮੋਹ ਕਿਉਂ ਖਿੱਚ ਪਾਉਂਦਾ ਹੈ ? ਸੰਤੋਖ ਕਿਉਂ ਚੰਗਾ ਨਹੀਂ ਲੱਗਦਾ ? ਲੋਭ ਲਾਲਚ ਕਿਉਂ ਚੰਗਾ ਲੱਗਦਾ ਹੈ ? ਮਨੁੱਖ ਸੱਚ ਕਿਉਂ ਨਹੀਂ ਕਮਾਉਂਦਾ ? ਸਾਰੀਆਂ ਪਉੜੀਆਂ ਦੇ ਭਾਵ ਅਰਥਾਂ ਦੀ ਡੂੰਘਿਆਈ ’ਚ ਵਿਚਾਰ ਕੀਤਿਆਂ ਪਤਾ ਲੱਗਦਾ ਹੈ ਕਿ ਮਨੁੱਖ ਨੂੰ ਸੱਚ ਨਾਲ,‘ਸਤਿਨਾਮ’ ਰੂਪੀ ਰੱਬ ਜੀ ਨਾਲ ਜੇ ਕਰ ਜੁੜਨਾ ਹੈ ਤਾਂ ਕੇਵਲ ਸੱਚ ਦੀ ਵਿਚਾਰ ਦੇ ਆਧਾਰ ’ਤੇ ਹੀ ਮਨੁੱਖ ਸੱਚੇ ਨਾਲ ਜੁੜ ਸਕਦਾ ਹੈ ਅਤੇ ਸੱਚ ਦੀ ਵਿਚਾਰ ਕੇਵਲ ਸੱਚੇ ਗਿਆਨ ਭਾਵ ਗਿਆਨ-ਗੁਰੂ, ਸਤਿਗੁਰੂ ਰਾਹੀਂ ਹੀ ਪ੍ਰਾਪਤ ਹੋ ਸਕਦੀ ਹੈ। ਝੂਠਾ ਗੁਰੂ ਕਿਸੇ ਨੂੰ ਮਿਲ ਪਿਆ ਹੈ ਤਾਂ ਕਸਵੱਟੀ ਇਹੋ ਹੋਵੇਗੀ ਕਿ ਝੂਠੇ ਗੁਰੂ ਦੀ ਵਿਚਾਰ ਨਾਲ ਮਨੁੱਖ ਦਾ ਜੀਵਨ ਵੀ ਝੂਠਾ ਹੋ ਜਾਵੇਗਾ ਤੇ ਮਨੁੱਖ ਸੱਚੇ ਨਾਲ ਜੁੜਨੋਂ ਅਸਮਰੱਥ ਹੋ ਜਾਏਗਾ। ਹਾਂ ਪਰ, ਜੇ ਕਰ ਗੁਰ ਗਿਆਨ ਲੈ ਕੇ ਵੀ ਮਨੁੱਖ ਸਹੀ, ਸੱਚੀ ਜੀਵਨੀ ਦਾ ਧਾਰਨੀ ਨਹੀਂ ਬਣਦਾ ਤਾਂ ਗਿਆਨ ਧਰਿਆ ਰਹਿ ਜਾਂਦਾ ਹੈ। ਸੋ ਸਾਰੀ ਵਿਚਾਰ ਦਾ ਸਿੱਟਾ ਇਹੋ ਨਿਕਲਦਾ ਹੈ ਕਿ ‘‘ਜੇ ਮਨੁੱਖ ਦਾ ਜੀਵਨ ਸੱਚਾ ਬਣ ਗਿਆ ਹੈ ਤਾਂ ਮਾਨੋ ਮਨੁੱਖ ਨੇ ਸੱਚ ਦਾ ਗਿਆਨ ਸੁਣ, ਪੜ੍ਹ ਕੇ ਮੰਨਿਆ ਹੈ ਵਰਨਾ ਥੋਥਾ ਢੰਡੋਰਾ ਹੀ ਕਹਿਲਾਉਂਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰ (ਗਆਨ-ਗੁਰੂ) ਮਨੁੱਖ ਨੂੰ ਸੱਚੀ ਅਮਲੀ ਜੀਵਨੀ ਵਲ ਪ੍ਰੇਰਦੀ ਹੈ। ਮਨੁੱਖ ਜੈਸੀ ਕਾਰ ਕਮਾਉਂਦਾ ਹੈ ਵੈਸੇ ਹੀ ਫਲ ਪ੍ਰਾਪਤ ਕਰਦਾ ਹੈ ਭਾਵ ਉਸ ਦੀ ਸ਼ਖ਼ਸੀਅਤ ਵੈਸੀ ਹੀ ਬਣਦੀ ਜਾਂਦੀ ਹੈ। ਗਿਆਨ-ਗੁਰੂ ਤੋਂ ਸਿੱਖਿਆ ਲੈ ਕੇ ਸੱਚੀ ਕਾਰ ਕਮਾਉਣੀ ਹੀ ਮਨੁੱਖ ਦੇ ਜੀਵਨ ਦਾ ਸਹੀ, ਲਾਹੇ ਭਰਪੂਰ ਉਪਰਾਲਾ ਹੈ। ਮਨੁੱਖ ’ਚ ਨਿਮਰਤਾ ਆ ਜਾਂਦੀ ਹੈ, ਤੇਰ-ਮੇਰ, ਵੈਰ-ਵਿਰੋਧ, ਕੂੜ (ਝੂਠ) ਦੇ ਲੋਭ ਲਾਲਚ ਮੁੱਕ ਜਾਂਦੇ ਹਨ ਤੇ ਮਨੁੱਖ ਉੱਚੀ ਸੁਰਤ ਦਾ ਮਾਲਕ ਬਣਨ ਯੋਗ ਹੋ ਜਾਂਦਾ ਹੈ। ਇਹੋ ਸਤਿਨਾਮ ਰੂਪੀ ਰੱਬੀ ਗੁਣ ਨੂੰ ਜਿਊਣ ਲਈ ਮਨੁੱਖ ਨੂੰ ਹਿਦਾਇਤ, ਸਿੱਖਿਆ ਦਿੱਤੀ ਗਈ ਹੈ, ਕਿ ਐ ਮਨੁੱਖ, ਰਬ ਸਤਿ ਹੈ (ਸੱਚ ਹੈ) ਤੇ ਤੂੰ ਵੀ ਅੰਦਰੋਂ ਬਾਹਰੋਂ ਸੱਚਾ ਬਣ।

ਸਾਰੀ ਵਿਚਾਰ ਕਰਨ ਦਾ ਮਕਸਦ ਕੇਵਲ ਇਹੋ ਹੈ ਕਿ ਰੱਬ ਜੀ ਦਾ ਗੁਣ ‘ਸਤਿਨਾਮੁ’ ਹੈ ਅਤੇ ਮਨੁੱਖ ਨੂੰ ਸਮਝ ਆ ਜਾਵੇ ਕਿ ‘ਸਤਿਨਾਮੁ’ ਵਾਲਾ ਗੁਣ ਉਸ ਨੇ ਆਪਣੇ ਜੀਵਨ ਵਿਚ ਜਿਊਣਾ ਹੈ। ‘‘ਏ ਮਨ ਜੈਸਾ ਸੇਵਹਿ ਤੈਸਾ ਹੋਵਹਿ ਤੇਹੇ ਕਰਮ ਕਮਾਇ।। (ਗੁਰੂ ਗ੍ਰੰਥ ਸਾਹਿਬ, ਪੰਨਾ : 755) ਅਨੁਸਾਰ ਮਨੁੱਖ ‘ਸਤਿਨਾਮ’ ਦੇ ਗੁਣ ਨੂੰ ਆਪਣੇ ਜੀਵਨ ਵਿਚ ਜੇਕਰ ਅਪਣਾਏ ਤਾਂ ਪੂਰਨਤਾ ਵਲ ਵੱਧ ਸਕਦਾ ਹੈ। ਰੱਬ ਜੀ ‘ਸਤਿਨਾਮੁ’ ਹਨ, ਉਨ੍ਹਾਂ ਦਾ ‘ਨਾਮ’ ਸੱਚਾ ਹੈ, ਕਿਰਤ ਸੱਚੀ ਹੈ, ਨਿਯਮ, ਨਿਆਂ ਸੱਚਾ ਹੈ, ਰਜ਼ਾ ਸੱਚ ਹੈ। ਇਹ ਸਭ ਕੁਝ ਮਨੁੱਖ ਦੇ ਜੀਵਨ ’ਚੋਂ ਝਲਕੇ ਤਾਂ ਮਾਨੋ, ਮਨੁੱਖ ਵੀ ਸੱਚੇ (ਰੱਬ ਜੀ) ਨਾਲ ਜੁੜ ਗਿਆ ਹੈ।

1. ਸੱਚੇ (ਰੱਬ ਜੀ) ਨਾਲ ਜੁੜਨ ਵਾਲੇ ਦਾ ਜੀਵਨ ਝੂਠ (ਕੂੜ) ਨਹੀਂ ਹੂੰਦਾ।

2. ਸੱਚੇ ਨਾਲ ਜੁੜਨ ਵਾਲਾ ਜੀਵਨ ’ਚ ਝੂਠੇ, ਲੋਭੀ, ਲਾਲਚੀ ਪ੍ਰਪੰਚ ਕਰਕੇ ਠੱਗੀ ਦੇ ਧੰਧੇ ਨਹੀਂ ਕਰਦਾ।

3. ਸੱਚੇ ਨਾਲ ਜੁੜਨ ਵਾਲੇ ਮਨੁੱਖ ਦਾ ਸੁਭਾਅ ਵਿਕਾਰਾਂ ਨੂੰ ਕਾਬੂ ਕਰਕੇ ਮੁਕਤ ਜੀਵਨ ਜਿਊਣ ਦਾ ਬਣ ਜਾਂਦਾ ਹੈ।

4. ਸਤਿਨਾਮ ਵਾਲੇ ਰੱਬੀ ਗੁਣ ਦਾ ਧਾਰਨੀ ਮਨੁੱਖ ਪਰਾਇਆ ਹੱਕ ਨਹੀਂ ਮਾਰਦਾ, ਨਾ ਹੀ ਦਾਜ ਲੈਂਦਾ/ਦਿੰਦਾ ਹੈ, ਨਾ ਹੀ ਝੂਠੀ ਤਕੜੀ ਤੋਲਦਾ ਹੈ ਤੇ ਨਾ ਹੀ ਨਕਲੀ ਮਾਲ ਵੇਚਦਾ ਹੈ।

5. ਐਸਾ ਮਨੁੱਖ ਮਜ਼ਹਬੀ ਵਿਤਕਰੇ ਕਾਰਨ ਕਿਸੇ ਨਾਲ ਮਜ਼ਹਬੀ ਵੈਰ ਵਿਰੋਧ ਨਹੀਂ ਰੱਖਦਾ ਤੇ ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ।। (ਗੁਰੂ ਗ੍ਰੰਥ ਸਾਹਿਬ, ਪੰਨਾ : 1299) ਅਨੁਸਾਰ ਉਸਦੀ ਸਭ ਨਾਲ ਬਣ ਆਉਂਦੀ ਹੈ ਕਿਉਂਕਿ ਸਤਿਨਾਮੀ ਜੀਵਨੀ ’ਚ ਕਿਸੇ ਨਾਲ ਮਨ ’ਚ ਵੈਰ, ਤੇਰ-ਮੇਰ ਰਹਿੰਦਾ ਹੀ ਨਹੀਂ।

6. ਐਸੇ ਗੁਣ ਵਾਲਾ ਮਨੁੱਖ ਵਿਖਾਵੇ ਲਈ ਕੁਝ ਵੀ ਨਹੀਂ ਕਰਦਾ। ਜਾਤ ਬਿਰਾਦਰੀ ਦੇ ਵਿਖਾਵੇ ਅਤੇ ਧਾਰਮਕ ਕਰਮਾਂ-ਕਾਂਡਾਂ ਤੇ ਰੀਤ-ਰਿਵਾਜ਼ਾਂ ਦੀ ਜੀਵਨੀ ਨਹੀਂ ਜਿਊਂਦਾ ਬਲਕਿ ਅੰਦਰੋਂ ਬਾਹਰੋਂ ਸੱਚਾ ਜੀਵਨ ਜਿਊਂਦਾ ਹੈ। ਸਿੱਟੇ ਵਜੋਂ ‘ਮਨ ਹੋਰ ਮੁੱਖ ਹੋਰ’ ਜੈਸੇ ਪਾਖੰਡ ਤੋਂ ਛੁੱਟ ਜਾਂਦਾ ਹੈ।

7. ਰੱਬ ਜੀ ਦੇ ਸਤਿਨਾਮ ਵਾਲੇ ਗੁਣ ਦਾ ਧਾਰਨੀ ਮਨੁੱਖ ਖੁਦਗਰਜ਼ੀ ਅਤੇ ਕੇਵਲ ਆਪਣੇ ਪਰਿਵਾਰ ਦੇ ਸੁੱਖਾਂ ਤੋਂ ਉੱਪਰ ਉਠ ਸਾਰੀ ਮਨੁੱਖਤਾ ਦੇ ਭਲੇ ਲਈ ਤਪਦਾ ਪਰਉਪਕਾਰੀ ਜੀਵਨ ਜਿਊਂਦਾ ਹੈ।

8. ਰੱਬ ਜੀ ਦਾ ਨਾਮ ਸੱਚਾ (ਸਤਿ) ਹੈ ਇਸ ਕਰਕੇ ਮਨੁੱਖ ਲਫ਼ਜ਼ੀ ਰਟਨ ’ਚ ਭਾਵੇਂ ਰੱਬ ਜੀ ਦਾ ਕੋਈ ਵੀ ਨਾਮ ਜਪੇ ਪਰ ਸ਼ਰਤ ਇਹੋ ਰਹੇਗੀ ਕਿ ਉਸ ਮਨੁੱਖ ਦੇ ਜੀਵਨ ’ਚ ਹਰੇਕ ਖਿਆਲ ਅਤੇ ਕਰਮ ਸੱਚਾ ਹੋਵੇ।

ਇਹ ਲੇਖ ਵੀਰ ਭਪਿੰਦਰ ਸਿੰਘ ਜੀ ਦੀ ਦੁਆਰ ਰਚਿਤ ਪੁਸਤਕ ‘ਰੱਬੀ ਗੁਣ’ ਵਿੱਚੋਂ ਲਿਆ ਗਿਆ ਹੈ।




.