.

ਗੁਰਬਾਣੀ ਦੀ ਸਾਰਥਕਤਾ

ਰਾਮ ਸਿੰਘ, ਗ੍ਰੇਵਜ਼ੈਂਡ

ਸਿੱਖੀ ਨਾਲ ਪਿਆਰ ਤੇ ਦਰਦ ਰੱਖਣ ਵਾਲੇ ਕਈ ਲੇਖਕਾਂ ਨੇ ਸਿੱਖੀ ਵਿੱਚ ਵਿਵਰਜਤ ਕਰਮਕਾਂਡ ਅਤੇ ਜਾਤ ਪਾਤ, (ਜੋ ਇਨਸਾਨੀ ਜੀਵਨ ਨੂੰ, ਖਾਸ ਕਰਕੇ ਭਾਰਤੀ ਸਮਾਜ ਵਿੱਚ, ਘੁਣ ਵਾਂਗ ਖਾ ਰਿਹਾ ਹੈ) ਜਿੱਸ ਨੇ ਮੁੜ ਸਿੱਖੀ ਵਿਹੜੇ ਵਿੱਚ ਡੇਰੇ ਲਾ ਲਏ ਹਨ, ਬਾਰੇ ਕਈ ਢੰਗਾਂ ਨਾਲ ਲਿਖ ਕੇ ਸਿੱਖ ਪੰਥ ਨੂੰ ਇਨ੍ਹਾਂ ਲਈ ਕੁੱਛ ਕਰਨ ਲਈ ਝੰਜੋੜਨ ਦੀ ਕੋਸ਼ਿਸ਼ ਕੀਤੀ ਹੈ। ਕਿਸੇ ਸਤਿਕਾਰਯੋਗ ਲੇਖਕ ਨੇ ਆਪਣਾ ਦਿਲੀ ਦਰਦ ‘ਕਰਮਕਾਂਡ ਵਿੱਚ ਉਲਝ ਰਿਹਾ ਸਿੱਖ ਪੰਥ’ ਲੇਖ ਰਾਹੀਂ, ਜਦ ਕਿ ਕਿਸੇ ਹੋਰ ਮਾਨਯੋਗ ਲੇਖਕ ਨੇ ‘ਜਾਤ ਪਾਤ ਪ੍ਰਤਿ ਤੰਗ ਨਜ਼ਰੀਏ ਨੂੰ ਤਿਆਗਣ’ ਆਦਿ ਲਈ ਚਣੌਤੀ ਦਿੱਤੀ ਤੇ ਵੰਗਾਰ ਪਾਈ। ਐਸੀਆਂ ਵੰਗਾਰਾਂ ਤੇ ਚਣੌਤੀਆਂ ਹਊ ਪਰੇ ਕਰਕੇ ਛੱਡਣ ਵਾਲੀਆਂ ਨਹੀਂ। ਇਨ੍ਹਾਂ ਸੰਬੰਧੀ ਕੁੱਛ ਠੋਸ ਕਦਮ ਚੁੱਕਣ ਦੀ ਲੋੜ ਹੈ, ਜਿਸ ਲਈ ਗੁਰਬਾਣੀ ਢੁੱਕਵੀਂ ਸੇਧ ਦਿੰਦੀ ਹੈ।
ਇਸ ਸੰਬੰਧੀ ਕੁੱਛ ਕਰਨ ਤੋਂ ਪਹਿਲਾਂ ਕੁੱਝ ਗੰਭੀਰ ਸਵਾਲਾਂ ਤੇ ਵਿਚਾਰ ਕਰਨ ਦੀ ਲੋੜ ਹੈ। ਉਹ ਇਹ ਕਿ ਗੁਰੂ ਸਾਹਿਬਾਨ ਦੀ ਸਿੱਖਿਆ ‘ਮਾਨਸ ਕੀ ਜਾਤ ਸਬੈ ਏਕੇ ਪਹਿਚਾਨਬੋ’ (ਸਿਰਫ ਕਹਿ ਕੇ ਹੀ ਨਹੀਂ, ਅਖੌਤੀ ਨੀਵੀਂ ਜਾਤ ਵਾਲਿਆਂ ਨੂੰ ‘ਰੰਘਰੇਟੇ ਗੁਰੂ ਕੇ ਬੇਟੇ’ ਬਣਾ ਕੇ ਤੇ ਸਿਰ ਤੇ ਆਪਣੀ ਕਲਗੀ ਤੱਕ ਸਜਾ ਕੇ ਅਤੇ ਰਾਜੇ ਤੱਕ ਬਣਾ ਕੇ ਨਵਾਜਿਆ, ਜਦ ਕਿ ਤਰੇਤੇ ਯੁਗ ਦੇ ਅਵਤਾਰ ਸ੍ਰੀ ਰਾਮ ਚੰਦਰ ਜੀ ਬਾਰੇ ਇੱਕ ਭੀਲਣੀ ਵਲੋਂ ਪਿਆਰ ਨਾਲ ਭੇਂਟ ਕੀਤੇ ਜੂਠੇ ਬੇਰ ਖਾਣ ਪਰ ਆਮ ਅਖੌਤੀ ਨੀਵੀਂ ਜਾਤ ਵਾਲਿਆਂ ਲਈ ਕੁੱਛ ਕਰਨ ਦੀ ਥਾਂ ਵੇਦ ਮੰਤਰ ਸੁਣਨ ਕਰਕੇ ਕੰਨਾਂ ਵਿੱਚ ਢਾਲਿਆ ਸਿੱਕਾ ਪਾਉਣ ਦੀ ਮਿਸਾਲ ਮਿਲਦੀ ਹੈ, ਅਤੇ ਦੁਆਪਰ ਦੇ ਅਵਤਾਰ ਸ੍ਰੀ ਕ੍ਰਿਸ਼ਨ ਜੀ ਵਲੋਂ ਗਰੀਬ ਬਿਦਰ ਦੇ ਘਰ ਖਾਣਾ ਖਾਣ ਅਤੇ ਗਰੀਬ ਸੁਦਾਮਾ ਜੀ ਦੀ ਮਦਦ ਕਰਨ ਤੋਂ ਬਿਨਾਂ ਆਮ ਨੀਵੀਂ ਜਾਤ ਵਾਲਿਆਂ ਲਈ ਕੁੱਛ ਕਰਨ ਬਾਰੇ ਕੁੱਛ ਕੀਤਾ ਗਿਆ ਨਹੀਂ ਮਿਲਦਾ) ਦੇ ਅਨੁਸਾਰੀ ਸਿੱਖ ਪੰਥ, ਜਿਸ ਨੇ ਇਸ ਸਿੱਖਿਆ ਤੇ ਚੱਲ ਕੇ ਅਨੇਕਾਂ ਮਿਸਾਲਾਂ ਪੈਦਾ ਕੀਤੀਆਂ, ਵਿੱਚ ਮੁੜ ਵੱਖੋ ਵੱਖ ਜਾਤ ਪਾਤ ਦਾ ਕੋਹੜ ਕਿਵੇਂ ਪੈਦਾ ਹੋ ਗਿਆ? ਸਿੱਖ ਦੀਆਂ ਖਾਸ ਸਿਫਤਾਂ ਨਿਮਰਤਾ, ਉੱਚੀ ਮੱਤ, ਤਿਆਗ ‘ਸਤੁ ਸੰਤੋਖੁ ਦਇਆ ਧਰਮੁ’ ਆਦਿ ਦੀ ਥਾਂ ਹਉਮੈ, ਨੀਵੀਂ ਮੱਤ, ਬਿਨਾਂ ਯੋਗਤਾ ਦੇ ਹੀ ਕੁਰਸੀ ਦੀ ਭੁੱਖ ਆਦਿ ਕਿਵੇਂ ਆ ਚਿੰਬੜੀਆਂ? ਕਿਸੇ ਤਰ੍ਹਾਂ ਦੇ ਦਿਖਾਵੇ ਤੋਂ ਬਿਨਾਂ ਪ੍ਰਮਾਤਮਾ ਨਾਲ ਨਾਮ ਰਾਹੀਂ ਪ੍ਰੇਮ ਪੀਂਘਾਂ ਪਾਉਣ ਦੀ ਥਾਂ ਬ੍ਰਾਹਮਣੀਂ ਕਰਮ ਕਾਂਡ ਤੇ ਹੋਰ ਕੁਰੀਤੀਆਂ ਕਿਵੇਂ ਆ ਚਿੰਬੜੀਆਂ?
ਸਿੱਖੀ ਦੀ ਅਸਲੀਅਤ ਨੂੰ ਸਮਝਣ ਵਾਲੇ ਜਾਣਦੇ ਹਨ ਕਿ “ਸਿਖੀ ਸਿਖਿਆ ਗੁਰ ਵੀਚਾਰ” ਅਨੁਸਾਰ ਗੁਰੂ ਜੀ ਦੀ ਸਿੱਖਿਆ, ਭਾਵ ਗੁਰਬਾਣੀ ਸੁਣ, ਪੜ੍ਹ ਤੇ ਵਿਚਾਰ ਕੇ ਉਸ ਤੇ ਚੱਲਣ ਵਾਲੇ ਦੂਲਿਆਂ ਨੇ ਸਿੱਖੀ ਨਿਭਾਉਣ ਅਤੇ ਅੰਤ ਪ੍ਰਮਾਤਮਾ ਦੀ ਗੋਦ ਦਾ ਨਿੱਘ ਮਾਨਣ ਲਈ ਕੀ ਕੁੱਝ ਨਹੀਂ ਕੀਤਾ, ਲਿਖਣ ਦੀ ਲੋੜ ਨਹੀਂ। ਪਰ ਜਦ ਉਹ ਦੂਲੇ ਸਿੱਖੀ ਕਮਾ ਰਹੇ ਸਨ ਤਾਂ ਉਹ ਆਪਣਾ ਕੋਈ ਵੀ ਟਿਕਾਣਾ ਨਾ ਹੋਣ ਤੇ ਵੀ (ਕੁਰਸੀ ਦੇ ਅਸਲੀ ਯੋਗ) ਨਵਾਬੀਆਂ ਨੂੰ ਲੱਤ ਮਾਰ ਕੇ, ਗੁਰੂ ਨਾਨਕ ਸਾਹਿਬ ਜੀ ਵਲੋਂ ਚਲਾਏ ਤੇ ਦਸਵੇਂ ਜਾਮੇਂ ਵਿੱਚ ਸਿਰੇ ਚੜ੍ਹਾਏ ਨਿਰਮਲ ਤੇ ਨਿਰਾਲੇ ਪੰਥ ਨੂੰ ‘ਤੀਸਰ ਪੰਥ’ ਵਜੋਂ ਉਜਾਗਰ ਕਰ ਰਹੇ ਸਨ, ਜਾਨਣਾ ਜ਼ਰੂਰੀ ਹੈ, ਉਸ ਸਮੇਂ ਸਿੱਖ ਸੰਸਥਾਵਾਂ, ਜੋ ਗੁਰੂ ਸਾਹਿਬਾਨ ਵਲੋਂ ਬਹੁਤ ਥਾਵਾਂ ਤੇ ਕਾਇਮ ਹੋ ਚੁੱਕੀਆਂ ਸਨ, ਕਿਨ੍ਹਾਂ ਦੇ ਹੱਥਾਂ ਵਿੱਚ ਸਨ? ਉਹ ਉਨ੍ਹਾਂ ਸਿੱਖੀ ਰੂਪ ਵਿੱਚ ਬ੍ਰਾਹਮਣੀ ਸੋਚ ਵਾਲਿਆਂ ਦੇ ਹੱਥਾਂ ਵਿੱਚ ਸਨ, ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਰਵਾਇਤੀ ਜਨੇਊ ਨਾ ਪਾਉਣ ਦੇ ਸਮੇਂ ਤੋਂ ‘ਸੱਚ’ ਤੇ ਆਧਾਰਤ ਸਿੱਖੀ ਨੂੰ ਜਾਂ ਤਾਂ ਜੜ੍ਹਾਂ ਤੋਂ ਪੁੱਟਣ ਜਾਂ ਇਸ ਨੂੰ ਮਿਲਗੋਭਾ ਕਰਨ ਦੀਆਂ ਚਾਲਾਂ ਆਰੰਭ ਦਿੱਤੀਆਂ ਸਨ। ਗੁਰੂ ਸਾਹਿਬਾਨ ਦੇ ਸਮੇਂ ਤਾਂ ਉਹ ਸਫਲ ਨਾ ਹੋ ਸਕੇ। ਪਰ ਮਨਾਂ ਵਿੱਚ ਜ਼ਹਿਰ ਘੋਲਦੇ ਰਹੇ ਜੋ ਕਦੇ ਮੀਣਿਆਂ, ਰਾਮ ਰਾਈਆਂ, ਧੀਰਮਲੀਆਂ ਆਦਿ ਦੇ ਰੂਪ ਵਿੱਚ ਉੱਗਲ ਹੁੰਦੀ ਰਹੀ। ਪਰ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਸਿੱਖ ਰਾਜ ਕਾਇਮ ਹੋਣ ਤੱਕ, ਗੁਰਬਾਣੀ ਨੂੰ ਠੀਕ ਹੀ ਰੱਬੀ ਹੁਕਮ ਮੰਨਣ ਵਾਲੇ, ਸਿੱਖੀ ਨੂੰ ਸਿੱਖ ਰਵਾਇਤਾਂ ਤੇ ਆਦਰਸ਼ਾਂ ਅਨੁਸਾਰ ਜੀਉਣ ਵਾਲੇ ਹਰ ਜਾਤ ਦੇ ਦੂਲੇ ਸਿੱਖ (ਜਾਤ ਬ੍ਰਾਦਰੀ ਆਦਿ ਦਾ ਜ਼ਿਕਰ ਤੱਕ ਵੀ ਮੂੰਹ ਤੇ ਨਾ ਲਿਆਉਣ ਵਾਲੇ, ਸਿਰਫ ਸਿੱਖ) ਗੁਰੂ ਜੀ ਦੀ ਸਿੱਖੀ, ਅਸਲੀ ਅਰਥਾਂ ਵਿੱਚ ਜੰਗਲਾਂ ਬੇਲਿਆਂ, ਰੇਗਿਸਤਾਨਾਂ ਆਦਿ ਵਿੱਚ ਰਹਿ ਕੇ ਕਮਾ ਰਹੇ ਸਨ। ਜਦ ਕਿ ਉੱਪਰ ਦੱਸੇ ਅਨੁਸਾਰ ਮੈਦਾਨ ਵਿਹਲਾ ਦੇਖ ਕੇ ਸਿੱਖ ਸੰਸਥਾਵਾਂ ਵਿੱਚ ਬ੍ਰਾਹਮਣ-ਵਾਦੀ, ਉਦਾਸੀ ਸਨਾਤਨੀ (ਅੱਜਕਲ ਦੇ ਡੇਰੇਦਾਰ, ਸੰਤ ਸਮਾਜੀ) ਕਿਸਮ ਦੇ ਸਿੱਖ, ਘੁਸ ਕੇ ਸਿੱਖੀ ਵਿੱਚ ਜਾਤ ਪਾਤ, ਬੁੱਤ ਪੂਜਾ (ਅੱਜਕਲ ਫੋਟੋ ਪੂਜਾ), ਸਗਨ ਅਪਸਗਨ, ਗੱਲ ਕੀ ਹਰ ਤਰ੍ਹਾਂ ਦੀ ਬ੍ਰਾਹਮਣੀ ਰੀਤੀ ਰਿਵਾਜ ਤੇ ਕਰਮ ਕਾਂਡ ਕੁੱਟ ਕੁੱਟ ਕੇ ਭਰ ਰਹੇ ਸਨ। ਪ੍ਰੇਮ ਸੁਮਾਰਗ ਗ੍ਰੰਥ ਉਨ੍ਹਾਂ ਦਿਨਾਂ ਦੀ ਉਪਜ ਹੈ ਜਿੱਸ ਵਿੱਚ ਸਿੱਖੀ ਬਾਰੇ ਕੁੱਝ ਕੁ ਨੁਕਤੇ ਹਨ ਪਰ ਹਿੰਦੂ ਰੀਤੀ ਤੇ ਕਰਮ ਕਾਂਡ ਦੀ ਭਰਮਾਰ ਹੈ।
ਖੈਰ ਉੱਧਰ ਬੜੀਆਂ ਕੁਰਬਾਨੀਆਂ ਦੇ ਬਾਅਦ ‘ਸਰਬੱਤ ਦੇ ਭਲੇ’ ਲਈ ਸਿੱਖ ਰਾਜ ਕਾਇਮ ਹੋ ਗਿਆ। ਬਹੁ-ਗਿਣਤੀ ਸਿੱਖ ਬਹੁਤ ਮੁਸੀਬਤਾਂ ਝੱਲਣ ਬਾਅਦ ਰਾਜ ਸਮੇਂ ਸਿੱਖੀ ਦੀ ਅਸਲੀਅਤ ਤੋਂ ਅਵੇਸਲੇ ਹੋ ਕੇ ਹੋਰਨਾਂ ਵਾਂਗ ਸੌਖਾ ਜੀਵਨ ਮਾਨਣ ਲੱਗੇ, ਜੋ ਮਾਹਾਰਾਜਾ ਰਣਜੀਤ ਸਿੰਘ ਤੇ ਉਸ ਦੇ ਬਹੁਤ ਸਾਰੇ ਅਮੀਰਾਂ ਵਜ਼ੀਰਾਂ ਦੇ ਜੀਵਨ ਤੋਂ ਭਲੀ ਭਾਂਤ ਸਪੱਸ਼ਟ ਹੈ। ਕੁੱਝ ਕੁ ਗੁਰੂ ਜੀ ਦੀ ਸਿੱਖੀ ਤੇ ਪਹਿਰਾ ਦੇਣ ਵਾਲੇ ਸ. ਹਰੀ ਸਿੰਘ ਨਲੂਆ, ਅਕਾਲੀ ਫੂਲਾ ਸਿੰਘ ਵਰਗਿਆਂ ਤੋਂ ਬਿਨਾਂ ਬਾਕੀ ਸਾਰੇ, ਬ੍ਰਹਮਣਵਾਦੀ ਸਿੱਖਾਂ ਦੀਆਂ ਚਲਾਈਆਂ ਰਹੁ-ਰੀਤਾਂ ਨੂੰ (ਅਤੇ ਸਿੱਖ ਰਾਜ ਹੁੰਦੇ ਹੋਏ ਵੀ ਸਿੱਖੀ ਦਾ ਕਿਸੇ ਤਰ੍ਹਾਂ ਦਾ ਪ੍ਰਚਾਰ ਨਾ ਹੋਣ ਕਰਕੇ, ਜੋ ਹਾਲੇ ਤੱਕ ਵੀ ਜ਼ਿੰਮੇਵਾਰ ਸੰਸਥਾ ਨੇ ਨਹੀਂ ਕੀਤਾ) ਸਿੱਖ ਰਹੁ-ਰੀਤਾਂ ਹੀ ਸਮਝ ਕੇ ਉਨ੍ਹਾਂ ਤੇ ਚੱਲਣ ਲੱਗ ਪਏ ਅਤੇ ਚਲਦੇ ਆ ਰਹੇ ਹਨ। ਇਨ੍ਹਾਂ ਵਿੱਚ ਬਹੁਤ ਕਰਕੇ ਪੇਂਡੂ ਸਿੱਖ, ਸਿੱਖੀ ਤੋਂ ਬਿਲਕੁਲ ਅਨਜਾਣ, ਸਿਰਫ ਪੁਰਾਣੇ ਸਮੇਂ ਤੋਂ ਘਰ ਵਿੱਚ ਚਲੀ ਆ ਰਹੀ ਸਿੱਖੀ, ਦਿਖਾਵੇ ਦੀ ਸਿੱਖੀ, (ਅਸੀਂ ਵੀ ਉਸ ਦੀ ਉਪਜ ਹਾਂ) ਵਾਲੇ ਸਿੱਖ ਹਨ। ਇਨ੍ਹਾਂ ਵਿੱਚ ਸੱਭ ਜਾਤਾਂ ਆ ਜਾਂਦੀਆਂ ਹਨ। ਇਸ ਦੇ ਫਲਸਰੂਪ ਸਿੱਖੀ ‘ਗੁਰੂ ਦੀ ਸਿੱਖੀ’ ਦੀ ਥਾਂ ‘ਬਨਾਉਟੀ ਸਿੱਖਾਂ ਦੀ ਸਿੱਖੀ’ ਬਣ ਕੇ ਰਹਿ ਗਈ ਹੈ, ਜੋ ਹੁਣ ਵੀ ਜੁਦੇ ਜੁਦੇ ਡੇਰਿਆਂ ਤੇ ਉਨ੍ਹਾਂ ਵਲੋਂ ਚਲਾਏ ਤਰ੍ਹਾਂ ਤਰ੍ਹਾਂ ਦੇ ਕਰਮ ਕਾਂਡ ਤੇ ਬਹੁਤ ਸਾਰੇ ਗੁਰਦੁਆਰਿਆਂ ਵਿੱਚ ਕਰਮ-ਕਾਂਡੀ ਤਰੀਕੇ ਨਾਲ, ਬਿਨਾਂ ਵਿਚਾਰਨ, ਕੀਤੇ ਜਾਂਦੇ ਪਾਠਾਂ, ਇਕੋਤਰੀਆਂ ਆਦਿ ਤੋਂ ਸਾਫ ਸਪੱਸ਼ਟ ਹੈ। ਪਿੰਡਾਂ ਵਿੱਚ ਬ੍ਰਾਹਮਣੀ ਅਸਰ, ਸੋਚ ਤੇ ਸਿੱਖਿਆ ਨੇ ਜ਼ਮੀਨ ਦੇ ਮਾਲਕ ਸਿੱਖਾਂ ਨੂੰ ਆਪਣੇ ਆਪ ਵਿੱਚ ਉੱਚ ਜਾਤੀਏ ਸੋਚ ਦੇ ਬਣਾ ਦਿੱਤਾ, (ਜੋ ਹਉਮੈ ਦੇ ਰੂਪ ਵਿੱਚ ਆਤਮਿਕ ਪੱਖੋਂ ਤੇ ਭਾਈਚਾਰਿਕ ਰੂਪ ਵਿੱਚ ਸਮਾਜਿਕ ਪੱਖੋਂ ਲਾਭਦਾਇਕ ਨਹੀਂ) ਜਦ ਕਿ ਸਿੱਖੀ ਵਿੱਚ ਸੱਭ ਬਾਬਰ ਹਨ, ਭਾਵੇਂ ਕਿਰਤ ਆਪਣੀ ਆਪਣੀ ਯੋਗਤਾ ਅਨੁਸਾਰ ਵੱਖਰੀ ਹੀ ਕਿਉਂ ਨਾ ਹੋਵੇ।
ਇਹ ਹੈ ਅਸਲੀਅਤ ਮੁੜ ਕੇ ਸਿੱਖੀ ਦੇ ਵਿਹੜੇ ਵਿੱਚ ਜਾਤ ਪਾਤ ਤੇ ਫੋਕਟ ਤੇ ਅਕਾਰਥ ਕਰਮ ਕਾਂਡ ਆਦਿ ਦੇ ਪ੍ਰਵੇਸ਼ ਹੋਣ ਦੀ। ਐਸੀ ਵਿਗੜਦੀ ਸਿੱਖੀ ਦੀ ਹਾਲਤ ਨੂੰ ਦੇਖ ਕੇ ਸਿੱਖੀ ਦੀ ਸਰਬ-ਪੱਖੀ ਮਹੱਤਤਾ ਨੂੰ ਸਮਝਣ ਵਾਲਿਆਂ ਨੇ ਸਿੱਖਾਂ ਨੂੰ ਗੁਰਬਾਣੀ ਦੀ ਮਹੱਤਤਾ ਦਰਸਾਉਣ ਅਤੇ ਅਮਲੀ ਰੂਪ ਵਿੱਚ ਕੁੱਝ ਦੇਣ ਲਈ ਸਮੇਂ ਸਮੇਂ ਗੁਰੂ ਜੀ ਦੀ ਸਿੱਖੀ ਦੇ ਰੂਪ ਵਿੱਚ ਉਜਾਗਰ ਕਰਨ ਦੇ ਉਪਰਾਲੇ ਕੀਤੇ। ਪਰ ਉਨ੍ਹਾਂ ਦਾ ਵਿਰੋਧ ਵੀ ਬ੍ਰਾਹਮਣ ਵਾਦੀ ਵੇਦਾਂਤੀ ਤੇ ਸਨਾਤਨੀ ਸਿੱਖਾਂ ਵਲੋਂ ਨਾਲ ਦੀ ਨਾਲ ਹੁੰਦਾ ਰਿਹਾ। ਜਿਵੇਂ ਗਿਆਨੀ ਦਿੱਤ ਸਿੰਘ ਜੀ, ਜੋ ਸਿੱਖੀ ਸਿਧਾਂਤ ਦੀ ਮਹਾਨਤਾ ਦੇਖ ਕੇ ਅਖੌਤੀ ਅਛੂਤ ਜਾਤ ਵਿੱਚੋਂ ਦਿੱਤ ਰਾਮ ਤੋਂ ਦਿੱਤ ਸਿੰਘ ਸਜੇ ਸਨ, ਤੇ ਪ੍ਰੋ. ਗੁਰਮੁਖ ਸਿੰਘ ਜੀ ਦਾ। ਅਸਲੀ ਸਿੱਖੀ ਦਾ ਪ੍ਰਚਾਰ ਕਰਨ ਕਰਕੇ ਬਾਬਾ ਖੇਮ ਸਿੰਘ ਬੇਦੀ (ਜੋ ਜਾਤ ਪਾਤ ਅਤੇ ਦੇਹਧਾਰੀ ਗੁਰੂਡੱਮ ਦਾ ਪੱਕਾ ਹਾਮੀ ਸੀ), ਫਰੀਦਕੋਟ ਦੇ ਰਾਜੇ ਬਿਕਰਮ ਸਿੰਘ ਅਤੇ ਉਨ੍ਹਾਂ ਦੇ ਹੱਥਠੋਕੇ ਸਾਰੇ ਤਖਤਾਂ ਦੇ ਪੁਜਾਰੀਆਂ ਨੇ ਵਿਰੋਧਤਾ ਕੀਤੀ (ਅੱਜ ਵੀ ਇਹੋ ਹਾਲ ਹੈ, ਮਿਸਾਲ ਵਜੋਂ ਪ੍ਰੋ. ਦਰਸ਼ਨ ਸਿੰਘ ਤੇ ਪ੍ਰੋ. ਸਰਬਜੀਤ ਸਿੰਘ ਧੂੰਦਾ ਨਾਲ) ਇਹ ਹੀ ਨਹੀਂ, ਗਿਆਨੀ ਦਿੱਤ ਸਿੰਘ ਜੀ ਅਛੂਤ ਜਾਤੀ ਦੇ ਹੋਣ ਕਰਕੇ ਤੇ ਪ੍ਰੋ. ਗੁਰਮੁਖ ਸਿੰਘ ਜੀ ਉਨ੍ਹਾਂ ਦੀ ਮਦਦ ਕਰਨ ਕਰਕੇ, ਉਨ੍ਹਾਂ ਦੀ ਅਰਦਾਸ ਦਰਬਾਰ ਸਾਹਿਬ ਵਿਖੇ ਕਰਨ ਤੋਂ ਨਾਂਹ ਕਰ ਦਿੱਤੀ। ਇੱਥੇ ਹੀ ਬੱਸ ਨਹੀਂ, ਸਰਕਾਰ ਵਿੱਚ ਰਸੂਖ ਹੋਣ ਕਰਕੇ, ਉਨ੍ਹਾਂ ਤੇ ਮੁਕੱਦਮਾ ਵੀ ਚਲਾਇਆ ਗਿਆ। ਪਰ ਉਨ੍ਹਾਂ ਗੁਰੂ ਦੁਲਾਰਿਆਂ ਨੇ, ਖਾਸ ਕਰਕੇ ਗਿਆਨੀ ਦਿੱਤ ਸਿੰਘ ਜੀ (ਜੋ ਸਿੱਖੀ ਦਾ ਅਸਲੀ ਆਸ਼ਿਕ ਸੀ) ਨੇ ਗਰੀਬੀ (ਗਰੀਬੀ ਵੀ ਅਤਿ ਦੀ) ਦੀ ਹਾਲਤ ਵਿੱਚ ਵੀ ਲਿਖਤਾਂ, ਰਸਾਲਿਆਂ, ਨਾਟਕਾਂ ਤੇ ਲੈਕਚਰਾਂ ਰਾਹੀਂ ਸਿੱਖੀ ਦਾ ਅਸਲੀ ਰੂਪ ਉਘਾੜਨ ਅਤੇ ਬਹੁਰੂਪੀਏ ਸਿੱਖਾਂ ਦੇ ਪੋਲ ਖੋਲਣ ਲਈ ਸਿਰ ਧਰ ਦੀ ਬਾਜੀ ਆਖਰੀ ਦਮ ਤੱਕ ਲਾਈ ਰੱਖੀ। ਪੜ੍ਹੇ ਲਿਖੇ ਵਰਗ ਵਿੱਚ ਤਾਂ ਇਨ੍ਹਾਂ ਦਾ ਕਾਫੀ ਅਸਰ ਹੋਇਆ। ਪਰ ਆਮ ਲੋਕਾਂ ਤੇ, ਖਾਸ ਕਰਕੇ ਪੇਂਡੂ ਵਸੋਂ ਵਿੱਚ ਬੇਦੀ ਜੀ ਵਰਗੇ ਬਾਬਿਆਂ ਦਾ ਅਸਰ ਅੰਗ੍ਰੇਜ਼ ਰਾਜ ਤੋਂ ਲੈ ਕੇ ਐਸਾ ਸ਼ੁਰੂ ਹੋਇਆ ਕਿ ਹਾਲੇ ਤੱਕ, ਹੁਣ ਤਾਂ ਸਗੋਂ ਹੋਰ ਵੀ ਵੱਧ ਕੇ, ਜਾਤ ਪਾਤ ਦੇ ਕੋਹੜ ਤੋਂ ਲੈ ਕੇ ਫੋਕਟ ਕਰਮ ਕਾਂਡ ਦੀ ਭਰਮਾਰ ਤੱਕ ਹੋ ਰਿਹਾ ਹੈ। ਕੁੱਝ ਕੁ ਲੇਖਾਂ ਜਾਂ ਪੱਤਰ ਲਿਖ ਕੇ ਹਾਲਤ ਦੇ ਸੰਵਰ ਜਾਣ ਦੀ ਆਸ ਨਹੀਂ ਕੀਤੀ ਜਾ ਸਕਦੀ। ਗੁਰੂ ਸਾਹਿਬਾਨ ਨੇ ਐਸੀ ਹੀ ਨਿਘਰੀ ਦਸ਼ਾ ਵਿੱਚੋਂ ਕੱਢਣ ਲਈ ਕਾਫੀ ਸਮਾਂ ਗੁਰਬਾਣੀ ਦੇ ਅਣਿਆਲੇ ਤੀਰਾਂ ਅਤੇ ਅਣਕੱਟ ਦਲੀਲਾ ਰਾਹੀਂ ਲੋਕਾਂ ਨੂੰ ਸਿੱਖਿਅਤ ਕਰਨ ਲਈ ਲਾਇਆ ਸੀ। ਇਹ ਹੀ ਅਸਲੀ ਢੰਗ ਹੈ।
ਇਸ ਲਈ ਕਿਸੇ ਵਿਉਂਤਬੰਦੀ ਅਧੀਨ ਅਮਲੀ ਰੂਪ ਵਿੱਚ ਕੁੱਝ ਠੋਸ ਕਦਮ ਚੁੱਕ ਕੇ ਹੀ ਕਰਨ ਨਾਲ ਕੁੱਛ ਬਣ ਸੰਵਰ ਸਕਦਾ ਹੈ। ਕਿਉਂਕਿ ਕਥਿਤ ਬਾਬੇ ਬੜੇ ਹੁਸ਼ਿਆਰ ਹਨ। ਉਨ੍ਹਾਂ ਵਲੋਂ ਆਮ ਲੋਕਾਂ ਤੇ ਪ੍ਰਭਾਵ ਪਾਉਣ ਲਈ ਇੱਕ ਖਾਸ ਮਦ ਅੰਮ੍ਰਿਤ ਛਕਾਉਣ ਦਾ ਪ੍ਰਾਪੇਗੰਡਾ ਹੀ ਇਸ ਤਰ੍ਹਾਂ ਕੀਤਾ ਜਾਂਦਾ ਹੈ ਕਿ ਅਮਕੇ/ਅਮਕੇ ਬਾਬਾ ਜੀ ਵਲੋਂ ਹਜ਼ਾਰਾਂ/ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ ਹੈ। ਜਦ ਕਿ ਬਾਹਰਲੇ ਦੇਸਾਂ ਵਿੱਚ ਹੀ ਨਹੀਂ, ਖਾਸ ਕਰਕੇ ਪੰਜਾਬ ਵਿੱਚ ਤਾਂ ਪਤਿਤਪੁਣੇ ਦੀ ਲਹਿਰ ਜ਼ੋਰਾਂ ਤੇ ਹੈ ਤੇ ਕੋਈ ਟਾਵਾਂ ਟਾਵਾਂ ਨੌਜਵਾਨ ਕੇਸਾਧਾਰੀ ਤੇ ਭਾਗਾਂ ਨਾਲ ਕੋਈ ਅੰਮ੍ਰਿਤਧਾਰੀ ਨਜ਼ਰ ਆਉਂਦਾ ਹੈ। ਜੇ ਇਨ੍ਹਾਂ ਦਾ ਇਹ ਪ੍ਰਚਾਰ ਠੀਕ ਹੁੰਦਾ ਤਾਂ ਸਾਰੇ ਹਿੰਦੋਸਤਾਨ ਅਤੇ ਬਾਹਰਲੇ ਦੇਸ਼ਾਂ ਦੇ ਸਾਰੇ ਸਿੱਖ ਹੀ ਅੰਮ੍ਰਿਤਧਾਰੀ ਹੋ ਜਾਂਦੇ। ਇਸ ਨਾਲ ਜਾਤ ਪਾਤ ਦੇ ਕੋਹੜ ਤੇ ਕਰਮ-ਕਾਂਡ ਦਾ ਫਸਤਾ ਹੀ ਵੱਢਿਆ ਜਾ ਸਕਦਾ ਸੀ। ਇਨ੍ਹਾਂ ਵਲੋਂ ਇੱਕ ਹੋਰ ਬਹੁਤ ਬੜਾ ਜ਼ੁਲਮ ਕਮਾਇਆ ਜਾ ਰਿਹਾ ਹੈ। ਉਹ ਇਹ ਕਿ ਗੁਰੂ ਜੀ ਵਲੋਂ ਜੋ “ਬਾਣੀਆਂ ਸਿਰ ਬਾਣੀ ਗੁਰੂ ਦੀ ਬਾਣੀ” ਗਾ ਕੇ ਸੰਗਤਾਂ ਤੱਕ ਪਹੁੰਚਾਉਣ ਦਾ ਹੁਕਮ ਹੈ, ਉਸ ਦੀ ਥਾਂ ਧੀਰਮਲ ਤੇ ਉਸ ਦੇ ਪੁੱਤਰ ਮਿਹਰਵਾਨ ਵਾਂਗ ਆਪਣੇ ਬਣਾਏ ਗੀਤ ਸੰਗਤਾਂ ਨੂੰ ਸੁਣਾਉਂਦੇ ਹਨ ਤੇ ਸੰਗਤਾਂ ਨੂੰ ਅਸਲੀ ਬਾਣੀ ਤੋਂ ਦੂਰ ਕਰ ਰਹੇ ਹਨ। ਗੁਰਬਾਣੀ ਦੀ ਮਹੱਤਤਾ ਨੂੰ ਜਾਣ ਬੁੱਝ ਕੇ ਘਟਾਉਂਦੇ ਹਨ। ਕੀ ਇਹ ਗੁਰੂ ਜੀ ਦਾ ਹੁਕਮ ਮੰਨ ਕੇ ਸਿੱਖੀ ਦੀ ਅਸਲੀ ਅਰਥਾਂ ਵਿੱਚ ਸੇਵਾ ਕਰਨ ਵਲ ਮੁਖ ਮੋੜਨਗੇ? ਜਿੱਸ ਚਾਲੇ ਇਹ ਚੱਲ ਰਹੇ ਹਨ, ਲੱਗਦਾ ਹੈ ਕਿ ਇਹ ਮੁੜਨ ਵਾਲੇ ਨਹੀਂ।
ਇੱਥੇ ਤਾਂ ਕੋਈ ਸਤਿਕਾਰਯੋਗ ਗਿਆਨੀ ਦਿੱਤ ਸਿੰਘ ਜੀ ਵਰਗਾ ਨਿਧੜਕ ਤੇ ਸੂਝਵਾਨ ਵਿਦਵਾਨ ਹੀ ਇਨ੍ਹਾਂ ਭੱਦਰ ਪੁਰਸ਼ਾਂ ਦੇ ਪੋਲ ਖੋਲ੍ਹ ਕੇ ਸੁੱਤੀ ਹੋਈ ਸਿੱਖ ਕੌਮ ਨੂੰ ਜਗਾ ਸਕਦਾ ਸੀ ਤੇ ਹੈ। ਪਰ ਅੱਜਕਲ ਦੀ ਅਖੌਤੀ ਪੰਥਕ ਸ੍ਰਕਾਰ ਫਰੀਦਕੋਟ ਦੇ ਰਾਜੇ ਨਾਲੋਂ ਵੀ ਕਈ ਕਦਮ ਅੱਗੇ ਹੈ ਜੋ ਸਿੱਖੀ ਲਈ ਇਸ ਵਿਉਂਤਬੰਦੀ ਨਾਲ ਕਰਨ ਵਾਲਿਆਂ ਨੂੰ ਬਿਨਾਂ ਮੁਕੱਦਮਾਂ ਚਲਾਏ ਜੇਲ੍ਹ ਵਿੱਚ ਬੰਦ ਕਰਨ ਲਈ ਹਰ ਵੇਲੇ ਤੱਤਪਰ ਰਹਿੰਦੀ ਹੈ, ਭਾਈ ਪਾਲਾ ਸਿੰਘ ਫਰਾਂਸ ਵਾਲੇ, ਭਾਈ ਕੁਲਬੀਰ ਸਿੰਘ ਬੜਾਪਿੰਡ ਆਦਿ ਦੀ ਮਿਸਾਲ ਸਾਮ੍ਹਣੇ ਹੈ। ਅਸਲੀ ਸਿੱਖੀ ਤੋਂ ਅਨਜਾਣ ਸਿੱਖ ਵਸੋਂ ਨੂੰ ਅਸਲੀ ਸਿੱਖੀ ਤੋਂ ਅਨਜਾਣ ਰੱਖਣ ਵਿੱਚ ਹੀ ਇਹ ਆਪਣਾ ਲਾਭ ਅਤੇ ਕੁਰਸੀ ਕਾਇਮ ਰਹਿੰਦੀ ਸਮਝਦੇ ਹਨ। ਐਸਾ ਲੱਗਦਾ ਹੈ ਕਿ ਇਹ ਜਾਣ ਬੁੱਝ ਕੇ ਸਿੱਖ ਵਿਰੋਧੀ ਸ਼ਕਤੀਆਂ ਦਾ ਸਾਥ ਦੇ ਰਹੇ ਹਨ ਤੇ ਭੋਲੇ ਭਾਲੀ ਸਿੱਖ ਵਸੋਂ ਇਨ੍ਹਾਂ ਨੂੰ ਪੰਥਕ ਸਮਝ ਕੇ ਇਨ੍ਹਾਂ ਦਾ ਸਾਥ ਦੇ ਰਹੀ ਹੈ, ਜੋ ਸਿੱਖੀ ਲਈ ਖਤਰਨਾਕ ਬਣੀ ਆ ਰਹੀ ਹੈ। ਕਾਫੀ ਸਮਾਂ ਪਹਿਲਾਂ ਸਤਿਕਾਰਯੋਗ ਡਾ. ਅੰਬੇਦਕਰ ਜੀ ਇਸ ਪੱਖੋਂ ਬਹੁਤ ਕੁੱਝ ਕਰ ਸਕਦੇ ਸਨ, ਕਿਉਂਕਿ ਉਨ੍ਹਾਂ ਨੇ ਸਿੱਖੀ ਦੀ ਸਰਬ ਪੱਖੀ ਮਹਾਨਤਾ ਸਮਝ ਲਈ ਸੀ। ਉਨ੍ਹਾਂ ਨੂੰ ਉੱਸ ਵੇਲੇ ਅਖੌਤੀ ਮਹਾਤਮਾ, ਮਿਸਟਰ ਕਰਮ ਚੰਦ ਗਾਂਧੀ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ ਸੀ, ਜਿਸ ਨੇ ਡਾਕਟਰ ਜੀ ਨੂੰ ਕਿਹਾ ਸੀ ਕਿ ਜੇ ਉਹ ਸਿੱਖ ਬਣਦੇ ਹਨ ਤਾਂ ਉਹ ਮਰਨ ਵਰਤ ਰੱਖ ਦੇਵੇਗਾ। ਮਿਸਟਰ ਗਾਂਧੀ ਤਾਂ ਉਨ੍ਹਾਂ ਅਮੀਰਾਂ ਦਾ ਬੁਲਾਰਾ ਸੀ ਜਿਨ੍ਹਾਂ ਦੇ ਹੱਥ ਅੱਜ ਹਿੰਦੋਸਤਾਨ ਦੀ ਬਾਗਡੋਰ ਹੈ, (ਜਿਨ੍ਹਾਂ ਨੇ ਅੱਜ ਦੇਸ਼ ਦੀ ਜੋ ਹਾਲਤ ਬਣਾਈ ਹੋਈ ਹੈ, ਸੱਭ ਜਾਣਦੇ ਹੀ ਹਨ, ਇਨ੍ਹਾਂ ਨੇ ‘ਸਰਬੱਤ ਦੇ ਭਲੇ’ ਵਾਲੀ ਸਿੱਖ ਸੋਚ ਵਾਲਾ ਰਾਜ ਨਾ ਕਦੇ ਕੀਤਾ ਹੈ ਤੇ ਨਾ ਹੀ ਇਨ੍ਹਾਂ ਤੋ ਐਸੀ ਆਸ ਰੱਖੀ ਜਾ ਸਕਦੀ ਹੈ), ਅਤੇ ਗਰੀਬਾਂ ਦੇ ਲਈ ਤਾਂ ਉਹ ਮਗਰਮੱਛ ਦੇ ਅਥਰੂ ਹੀ ਬਹਾਉਂਦਾ ਸੀ, ਜਿੱਸ ਬਾਰੇ ਡਾਕਟਰ ਜੀ ਆਪ ਵੀ ਕਿਹਾ ਕਰਦੇ ਸਨ। ਖੈਰ, ਜੇ ਡਾਕਟਰ ਅੰਬੇਦਕਰ ਜੀ ਸਿੱਖ ਸਜ ਜਾਂਦੇ ਤਾਂ ਹਿੰਦੋਸਤਾਨ ਦੀ ਹਾਲਤ ਹੀ ਕੁੱਝ ਹੋਰ ਹੁੰਦੀ। ਉਨ੍ਹਾਂ ਨੇ ਗੁਰਮਤਿ ਦੇ ਆਧਾਰ ਤੇ ਮੰਬਈ ਪ੍ਰਾਂਤ ਵਿੱਚ ਮਾਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਕਾਇਮ ਕਰਕੇ ਇਲਾਕੇ ਨੂੰ ਸਿੱਖ ਸਿਆਸਤ ਦਾ ਗੜ੍ਹ ਬਣਾ ਦੇਣਾ ਸੀ। ਫਿਰ ਸ਼ਾਇਦ ਇਨ੍ਹਾਂ ਪੰਜਾਬ ਦੇ ਬੇਸਮਝ ਤੇ ਨਾ-ਅਹਿਲ ਅਕਾਲੀਆਂ ਨੂੰ ਭੀ ਕੋਈ ਸੋਝੀ ਮਿਲ ਜਾਂਦੀ। ਇਸ ਮੂਰਖ ਟੋਲੇ ਤੇ, ਗਿਆਨੀ ਦਿੱਤ ਸਿੰਘ ਜੀ ਵਾਂਗ ਸਿੱਖੀ ਦੀ ਅਸਲੀਅਤ ਤੋਂ ਚੰਗੀ ਤਰ੍ਹਾਂ ਜਾਣੂੰ ਉੱਚ ਕੋਟੀ ਦੇ ਵਿਦਵਾਨ ਅਤੇ ਮਾਹਰ ਸਿਆਸਤਦਾਨ ਡਾਕਟਰ ਸਾਹਿਬ ਦਾ ਅਸਰ ਹੋਣਾ ਹੀ ਸੀ। ਸਿੱਖੀ ਵਿੱਚ ਸ਼ਾਮਲ ਹੋ ਕੇ ਜਿੱਥੇ ਸਰਦਾਰੀ ਮਿਲਦੀ ਹੈ, ਗਾਂਧੀ ਜੀ ਲਈ ਉਹ ਪਤਿਤਪੁਣਾ ਹੈ। ਇਸ ਸੱਭ ਪਿੱਛੇ ਉਸ ਦੀ ਮਸ਼ਹੂਰ ਚਾਣਕੀਆ ਨੀਤੀ ਸੀ। ਅਛੂਤਾਂ ਨੂੰ ਸਿੱਖਾਂ ਤੋਂ ਦੂਰ ਰੱਖਣਾ ਅਤੇ ਉਨ੍ਹਾਂ ਲਈ ਇੱਕ ਖਾਸ ਸ਼ਬਦ ‘ਹਰੀਜਨ’ ਵਰਤ ਕੇ ਉਨ੍ਹਾਂ ਨੂੰ ਸਦਾ ਲਈ ਅਛੂਤ ਜਾਤੀਆਂ ਨਾਲ ਚੰਬੇੜੀ ਰੱਖਣਾ, ਜੋ ਖਾਸ ਤਰੀਕੇ ਨਾਲ ਕੁੱਛ ਕੁ ਸਹੂਲਤਾਂ ਦਾ ਚੋਗਾ ਪਾ ਕੇ ਹਿੰਦੋਸਤਾਨ ਦੇ ਵਿਧਾਨ ਵਿੱਚ ਵੀ ਅਛੂਤ ਜਾਤੀਆਂ ਨੂੰ ਆਪਣੇ ਮੂੰਹੋਂ ਅਛੂਤ ਕਹਿਣ ਲਈ ਲਿਖਾ ਦਿੱਤਾ। ਪਰ ਹਰੀਜਨਾਂ ਨੂੰ (ਹਰੀ ਦੇ ਜਨ ਹੁੰਦਿਆਂ ਨੂੰ ਵੀ) ਹਿੰਦੂ ਸਵੀਕਾਰ ਕਰਕੇ ਵੀ ਮੰਦਰਾਂ ਦੇ ਦਰਵਾਜ਼ੇ ਇਨ੍ਹਾਂ ਲਈ ਬੰਦ ਹੀ ਰੱਖੇ, ਜਦ ਕਿ ਕੁੱਝ ਕੁ ਸਿੱਖੀ ਤੋਂ ਅਨਜਾਣ ਬੰਦਿਆਂ ਨੂੰ ਛੱਡ ਕੇ ਅਛੂਤਾਂ ਨੂੰ ਅੰਮ੍ਰਿਤ ਛਕੇ ਤੋਂ ਬਿਨਾਂ ਵੀ ਕਿਸੇ ਵਲੋਂ ਗੁਰਦੁਆਰਿਆਂ ਵਿੱਚ ਜਾਣ ਤੋਂ ਕੋਈ ਰੋਕ ਨਹੀਂ, ਅੰਮ੍ਰਿਤ ਛੱਕ ਕੇ ਗ੍ਰੰਥੀ ਤੇ ਪ੍ਰਚਾਰਕ ਵੀ ਬਣਿਆਂ ਜਾ ਸਕਦਾ ਹੈ ਅਤੇ ਕਈ ਗੁਰਮੁਖ ਪਿਆਰੇ ਗ੍ਰੰਥੀ ਤੇ ਪ੍ਰਚਾਰਕ ਹਨ ਵੀ।
ਸੋ ਅੱਜ ਵੀ ‘ਰੰਘਰੇਟਿਆਂ ਗੁਰੂ ਕੇ ਬੇਟਿਆਂ’ ਨੂੰ ਸਿੱਖੀ ਦੀ ਅਸਲੀਅਤ ਤੋਂ ਅਨਜਾਣ ਅਕਾਲੀ ਲੀਡਰਾਂ ਆਦਿ (ਜਿਨ੍ਹਾਂ ਨੇ ਸਿੱਖ ਸਿਧਾਂਤ ਨੂੰ ਪਿੱਠ ਦਿਖਾਲੀ ਹੋਈ ਹੈ) ਤੋਂ ਪੁੱਛੇ ਬਿਨਾਂ, ਸਿੱਖੀ ਦੀ ਸਰਬਪੱਖੀ ਮਹਾਨਤਾ, (ਖਾਸ ਕਰਕੇ ਸਰਬੱਤ ਦਾ ਭਲਾ ਲੋੜਨਾ ਹੀ ਨਹੀਂ ਕਰਨਾ) ਨੂੰ ਦੇਖਦੇ ਹੋਏ, ਸਿੱਖੀ ਵਿੱਚ ਪ੍ਰਵੇਸ਼ ਹੋ ਕੇ ਭਾਈ ਜੀਵਨ ਸਿੰਘ, ਭਾਈ ਸੰਗਤ ਸਿੰਘ, ਗਿ. ਦਿੱਤ ਸਿੰਘ ਤੇ ਹੋਰ ਅਨੇਕਾਂ ਮਰਜੀਵੜਿਆਂ ਵਾਂਗ ਅਸਲੀ ਅਰਥਾਂ ਵਿੱਚ ਸਿੱਖੀ ਤੇ ਚੱਲ ਕੇ ਜਿੱਥੇ ਜਾਤ ਪਾਤ ਤੇ ਕਰਮ ਕਾਂਡ ਦੇ ਮਹਾ ਜਾਲ ਤੋਂ ਛੁੱਟਕਾਰਾ ਪਾਇਆ ਜਾ ਸਕਦਾ ਹੈ, ਉੱਥੇ ਪੰਜਾਬ ਦੇ ਸਾਰੇ ਹੱਕ ਆਸਾਨੀ ਨਾਲ ਪ੍ਰਾਪਤ ਕਰਨ ਵਿੱਚ ਸਹਾਈ ਹੋਇਆ ਜਾ ਸਕਦਾ ਹੈ। ਗੁਰੂ ਨਾਨਕ ਸਾਹਿਬ ਨੇ ਕਿਰਤੀ ਜਮਾਤ, (ਮਲਕ ਭਾਗੋਆਂ ਨੂੰ ਪਿੱਠ ਦੇ ਕੇ ਭਾਈ ਲਾਲੋਆਂ ਨੂੰ ਗਲਵੱਕੜੀ ਵਿੱਚ ਲੈ ਕੇ, ਬਾਅਦ ਵਿੱਚ ਪਹਾੜੀ ਰਾਜਿਆਂ ਨੂੰ ਨਕਾਰ ਕੇ ਅਖੌਤੀ ਨੀਵਿਆਂ ਨੂੰ ਆਪਣੇ ਬਣਾ ਕੇ) ਜਿੱਸ ਵਿੱਚ ਸੱਭ ਜਾਤਾਂ ਆ ਜਾਂਦੀਆਂ ਹਨ, ਨੂੰ ਇਕਮੁੱਠ ਕਰਨ ਲਈ ਕਿਰਤੀ ਭਗਤ ਸਾਹਿਬਾਨ ਦੀ ਬਾਣੀ ਇਕੱਤਰ ਕਰਕੇ ਗ੍ਰੰਥ ਸਾਹਿਬ ਦੀ ਸ਼ਕਲ ਦੇ ਕੇ ਜਿੱਥੇ ਭਗਤ ਜਨਾਂ ਨੂੰ ਸਮੂਹਕ ਰੂਪ ਵਿੱਚ ਗੁਰੂ ਪਦਵੀ ਬਖਸ਼ਣੀ ਸੀ ਉੱਥੇ ‘ਇਕੱਠ ਲੋਹੇ ਦੀ ਲੱਠ’ ਅਨੁਸਾਰ ਸਭਨਾਂ ਨੂੰ ਇਕੱਠੇ ਰਹਿ ਕੇ ਲੋਟੂ ਜਮਾਤ ਵਲੋਂ ਹਰ ਤਰ੍ਹਾਂ ਦੀ ਲੁੱਟ-ਖਸੁੱਟ, ਜ਼ਬਰ, ਜ਼ੁਲਮ, ਅਨਰਥ (ਜੋ ਅੱਜ ਤਾਂ ਪੂਰੇ ਜ਼ੋਰਾਂ ਤੇ ਹੈ ਤੇ ਬ੍ਰਾਹਮਣਵਾਦ ਦਾ ਸਿਧਾਂਤ ਹੈ) ਆਦਿ ਦਾ ਟਾਕਰਾ ਕਰਨ ਲਈ ਤਿਆਰ ਕਰਨਾ ਸੀ। ਪਰ ਚਾਣਕੀਆ ਨੀਤੀ ਬੜੀ ਹੁਸ਼ਿਆਰ ਹੈ। ਸਤਿਕਾਰਯੋਗ ਰਵਿਦਾਸ ਬ੍ਰਾਦਰੀ ਵਿੱਚੋਂ ਸਿੱਖ ਸਜਦੇ ਦੇਖ ਕੇ ਇਸ ਬ੍ਰਾਦਰੀ ਨੂੰ ਸਿੱਖੀ ਤੋਂ ਦੂਰ ਕਰਨ ਲਈ ਜੁਦੇ ਗੁਰਦੁਆਰੇ ਬਣਾਉਣ ਵਲ ਤੋਰ ਦਿੱਤਾ। ਇੱਕ ਦੋ ਬ੍ਰਾਦਰੀਆਂ (ਰਾਮਗੜ੍ਹੀਆ ਤੇ ਭਾਟੜਾ) ਪਹਿਲਾਂ ਹੀ ਇਧਰ ਦਾ ਰੁਖ ਕਰਕੇ ਗਲਤੀ ਕਰ ਬੈਠੀਆਂ ਸਨ, ਜਾਤ ਦੇ ਪੱਖੋਂ। ਪਰ ਇੱਥੇ ਬੜੀ ਸਿਆਣਪ ਵਰਤੀ ਗਈ। ਸਰਬ-ਸਾਂਝੇ ਭਗਤ, ਸ੍ਰੀ ਰਵਿਦਾਸ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੋਣ ਕਰਕੇ ਉਨ੍ਹਾਂ ਨੂੰ ਪਹਿਲਾਂ ਹੀ ਹੋਰ ਭਗਤ ਸਾਹਿਬਾਨ ਸਮੇਤ ਗੁਰੂ ਸਮਾਨ ਸਨਮਾਨ ਪ੍ਰਾਪਤ ਸੀ ਤੇ ਹੈ। ਅੱਜ ਤੋਂ ਦੋ ਕੁ ਸਾਲ ਪਹਿਲਾਂ ਨਿਊਯਾਰਕ ਵਾਸੀ ਸ੍ਰੀ. ਪ੍ਰੇਮ ਪੈਂਥਰ ਜੀ ਨੇ ਇੱਕ ਖਾਸ ਲੇਖ “ਰਵਿਦਾਸ ਭਾਈਚਾਰਾ ਗੁਰੂ ਗ੍ਰੰਥ ਸਾਹਿਬ ਦਾ ਲੜ ਨਾ ਛੱਡੇ” ਵਿੱਚ ਲਿਖਿਆ ਸੀ, “ਮਨੁੱਖਤਾ ਨੂੰ ਸ਼ਾਂਤਮਈ ਤੇ ਵਧੀਆ ਜੀਵਨ ਦੇਣ ਲਈ ਬ੍ਰਾਹਮਣਵਾਦ ਨੂੰ ਖਤਮ ਕਰਨਾ ਬਹੁਤ ਜ਼ਰੂਰੀ ਹੈ। ਇਸ ਦੇ ਖਾਤਮੇ ਲਈ ਇੱਕ ਬਹੁਤ ਵੱਡੀ ਤਾਕਤ ਬਣ ਕੇ ਰਵਿਦਾਸੀਆ ਭਾਈਚਾਰਾ ਅਤੇ ਸਿੱਖ ਕੌਮ ਮਿਲ ਕੇ ਆ ਰਹੇ ਸਨ। ਬ੍ਰਾਹਮਣਵਾਦ ਨੇ ਇਸ ਬਣੀ ਬਣਾਈ ਤਾਕਤ ਨੂੰ ਆਪਣੀ ਚੁਸਤੀ ਤੇ ਚਲਾਕੀ ਨਾਲ ਤਹਿਸ ਨਹਿਸ ਕਰ ਕੇ ਰੱਖ ਦਿੱਤਾ”। ਜਿੱਸ ਬਾਰੇ ਉੱਪਰ ਜ਼ਿਕਰ ਕੀਤਾ ਗਿਆ ਹੈ। ਉਹ ਰਵਿਦਾਸ ਭਾਈਚਾਰੇ ਵਿੱਚੋਂ ਕੁੱਛ ਸੱਜਣਾਂ ਵਲੋਂ ਬ੍ਰਹਮਣਵਾਦ ਦੀ ਸ਼ਹਿ ਹੇਠ ਮਾਨਸਕ ਤੌਰ ਤੇ ਗੁਲਾਮ ਰਹਿਣ ਲਈ ਬਜ਼ਿਦ ਵੱਖਰੇ ਧਰਮ ਦੇ ਐਲਾਨ ਬਾਰੇ ਲਿਖਦੇ ਕਹਿੰਦੇ ਹਨ, “ਇਸ ਨਵੇਂ ਧਰਮ ਵਿੱਚ ਗੁਰੂ ਰਵਿਦਾਸ ਜੀ ਦਾ ਨਾਮ ਵਰਤ ਕੇ ਜੈ ਗੁਰੂਦੇਵ ਦੀ ਕਰਾਈ ਗਈ ਹੈ, ਭਾਵ ਦੇਵਤਿਆਂ (ਬ੍ਰਹਮਾ, ਵਿਸ਼ਨੂੰ, ਮਹੇਸ਼) ਨੂੰ ਗੁਰੂ ਮੰਨਿਆ ਗਿਆ ਹੈ, ਤੇ ਉਨ੍ਹਾਂ ਦੀ ਜੈ ਕਰਨ ਦਾ ਹੁਕਮ ਹੈ। ਰਵਿਦਾਸੀਆ ਭਾਈਚਾਰੇ ਨੂੰ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ”।
ਬ੍ਰਾਹਮਣਵਾਦ ਤਾਂ ਇਹ ਚਾਹੁੰਦਾ ਹੋਵੇਗਾ ਕਿ ਹਰ ਭਗਤ ਦੇ ਨਾਂ ਤੇ ਜੁਦੇ ਜੁਦੇ ਗੁਰਦੁਆਰੇ ਬਣ ਜਾਣ ਤਾਂਕਿ ਗੁਰੂ ਸਾਹਿਬਾਨ ਵਲੋਂ ‘ਸਭੇ ਸਾਂਝੀਵਾਲ ਸਦਾਇਣ’ ਅਤੇ ‘ਮਾਨਸ ਕੀ ਜਾਤ ਸਬੈ ਏਕੈ ਪਹਿਚਾਨਬੋ’ ਅਧੀਨ ਬਖਸ਼ੀ ਏਕਤਾ ਭੰਗ ਕਰਕੇ ਰੱਖ ਦਿੱਤੀ ਜਾਵੇ, ਜਿਸ ਦੇ ਬਲ ਬੂਤੇ ਹਿੰਦੋਸਤਾਨ ਦੀ ਹਜ਼ਾਰਾਂ ਸਾਲ ਦੀ ਗੁਲਾਮੀ ਦੀਆਂ ਜ਼ੰਜੀਰਾਂ ਕੱਟ ਕੇ ਆਜ਼ਾਦੀ ਦੀ ਦੇਵੀ ਨੂੰ ਆਜ਼ਾਦੀ ਦੇ ਅਰਥ ਨਾ ਸਮਝਣ ਵਾਲਿਆਂ ਦੇ ਪੈਰਾਂ ਵਿੱਚ ਰੁਲਣ ਲਈ ਭੇਂਟ ਚੜ੍ਹਾ ਦਿੱਤਾ। ਇਸ ਬ੍ਰਾਹਮਣਵਾਦ, ਚਾਣਕੀਆ ਤੇ ਗਾਂਧੀ ਨੀਤੀ ਨੂੰ ਫੇਲ੍ਹ ਕਰਨ ਲਈ ਜ਼ਰੂਰੀ ਹੈ ਕਿ ਡੂੰਘੀ ਵਿਚਾਰ ਕਰਕੇ ‘ਰੰਘਰੇਟੇ ਗੁਰੂ ਕੇ ਬੇਟੇ’ ਬਣ ਕੇ ਭਾਵ ਸਿੱਖੀ ਵਿੱਚ ਪ੍ਰਵੇਸ਼ ਕਰਕੇ ਹਿੰਦੂਤਵ ਦੇ ਜਾਤ ਪਾਤ ਦੇ ਜੂਲੇ ਵਿੱਚੋਂ ਨਿਕਲਕੇ ਸ੍ਰਦਾਰੀ ਪ੍ਰਾਪਤ ਕਰਕੇ ਗੁਰੂ ਗ੍ਰੰਥ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰ ਲਈਆਂ ਜਾਣ। ਸ੍ਰਦਾਰੀ ਹੋਰ ਕਿਤੇ ਮਿਲੇ ਜਾਂ ਨਾ ਪਰ ਸਿੱਖੀ ਵਿੱਚ ਪ੍ਰਵੇਸ਼ ਹੋਣ ਸਮੇਂ ਹੀ ਮਿਲ ਜਾਂਦੀ ਹੈ। ਕਿਉਂਕਿ ਅੰਤ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ, ਜਿਨ੍ਹਾਂ ਦੀ ਕੋਈ ਕੁੱਲ ਜਾਤ ਨਹੀਂ, ਉਨ੍ਹਾਂ ਨੁੰ ਰਾਜੇ ਬਨਾਉਣ ਦੀ ਬਖਸ਼ਿਸ਼ ਕੀਤੀ ਸੀ। ਦੂਸਰੇ ਸ੍ਰਦਾਰੀ ਭਾਵ ਸਾਬਤ ਸੂਰਤ ਪ੍ਰਮਾਤਮਾ ਨਾਲ ਇੱਕ ਮਿੱਕ ਹੋਣ ਲਈ ਵੀ ਜ਼ਰੂਰੀ ਹੈ। ਪ੍ਰਮਾਤਮਾ ਨੇ ਬੰਦੇ ਨੂੰ ਆਪਣੇ ਰੂਪ ਵਿੱਚ ‘ਸਾਬਤ ਸੂਰਤ’ ਪੈਦਾ ਕੀਤਾ, ਜੋ ਸਾਰੇ ਧਰਮ ਮੰਨਦੇ ਹਨ। “ਭਾਰਤ ਵਿੱਚ ਕੇਸ ਮੁੰਡਨ ਸ਼ੁਰੂ ਹੋਣ ਬਾਰੇ ਪੁਰਾਣੇ ਹਿੰਦੂ ਸਾਹਿਤ ਤੋਂ ਪਤਾ ਲੱਗਦਾ ਹੈ ਕਿ ‘ਸੋਮਰਾਜ’ ਤੇ ‘ਵਰਨ ਦੇਵ’ ਜੋ ਦੇਵਤੇ ਗਿਣੇ ਜਾਂਦੇ ਸਨ, ਦੋਹਾਂ ਵਲੋਂ ਕੁਕਰਮ ਕਰਨ ਤੇ ਮੌਤ ਦੀ ਸਜ਼ਾ ਦੇਣ ਦੀ ਥਾਂ ਉਨ੍ਹਾਂ ਦੇ ਕੇਸ ਕਤਲ ਕਰ ਦਿੱਤੇ ਗਏ, ਜਿੱਥੋਂ ਇਹ ਰੀਤ ਪ੍ਰਚੱਲਤ ਆ ਰਹੀ ਹੈ। ਦੂਸਰੇ, ਮਹਾਂਭਾਰਤ ਦੇ ਯੁੱਧ ਤੋਂ ਬਾਅਦ ਨੰਦ ਰਾਜਾ ਹੋਇਆ ਜੋ ਅਖੌਤੀ ਸ਼ੂਦਰਾਂ ਵਿੱਚੋਂ ਸੀ, ਉਸ ਨੇ ਆਪਣਾ ਰਾਜ ਖੁੱਸਣ ਦੇ ਡਰੋਂ ਆਪਣੇ ਵਜ਼ੀਰਾਂ ਤੇ ਵਿੱਦਵਾਨਾਂ ਦੇ ਕਹੇ ਤੇ ਵਿਦਵਾਨ ਛੱਤਰੀਆਂ ਤੇ ਬ੍ਰਹਹਮਣਾਂ ਨੂੰ ਸ਼ਕਤੀ-ਹੀਨ ਕਰਨ ਲਈ ਚਲਾਕੀ ਨਾਲ ਗ੍ਰਿਫਤਾਰ ਕਰਕੇ ਕੇਸ ਕੱਟ ਦਿੱਤੇ ਤੇ ਇਸ ਤਰ੍ਹਾਂ ਜ਼ਬਰਦਸਤੀ ਕੇਸ ਕੱਟੇ ਜਾਣ ਨੂੰ ਧਰਮ ਦਾ ਨਾਮ ਦੁਆ ਕੇ ਉਨ੍ਹਾਂ ਕੋਲੋਂ ਹੀ ਕੇਸ ਕੱਟਣ ਦੇ ਹੱਕ ਵਿੱਚ ਗ੍ਰੰਥ ਲਿਖਵਾਏ, ਜੋ ਮੁੰਡਨ ਸੰਸਕਾਰ ਦੇ ਨਾਮ ਨਾਲ ਜਾਣਿਆਂ ਜਾਣ ਲੱਗਾ”। (ਹਵਾਲਾ, ਸ. ਹਰਪਾਲ ਸਿੰਘ ‘ਗਿਆਨੀ’ ਵਲੋਂ 1976 ਵਿੱਚ ‘ਗੁਰਮਤਿ ਪ੍ਰਕਾਸ਼’ ਵਿੱਚ ਛਪਿਆ ‘ਕੇਸਾਂ ਦੀ ਮਹਾਨਤਾ’ ਲੇਖ)। ਪਰ ਕੇਸਾਂ ਦੀ ਮਹੱਤਤਾ ਤੇ ਪਹਿਰਾ ਗੁਰੂ ਘਰ ਤੋਂ ਬਿਨਾਂ ਕਿਸੇ ਨੇ ਨਹੀਂ ਦਿੱਤਾ। ਪ੍ਰਮਾਤਮਾ ਇੱਕ ਮਹਾਨ ਸੋਮਾ ਹੈ। ਜਿਵੇਂ ਪਾਣੀ ਦਾ ਸੋਮਾ ਸਮੁੰਦਰ ਹੈ। ਉਸ ਵਿੱਚੋਂ ਪਾਣੀ ਹਵਾ ਰਾਹੀਂ ਉਡ ਕੇ ਫਿਰ ਮੀਂਹ ਦੀ ਸ਼ਕਲ ਵਿੱਚ ਨਦੀਆਂ ਨਾਲਿਆਂ ਰਾਹੀਂ ਹੋ ਕੇ ਮੁੜ ਪਾਣੀ ਦੀ ਸ਼ਕਲ ਵਿੱਚ ਆਪਣੇ ਸੋਮੇਂ ਸਮੁੰਦਰ ਵਿੱਚ ਜਾ ਲੀਨ ਹੁੰਦਾ ਹੈ। ਇਸ ਦਾ ਭਾਵ ਹੈ ਕਿ ਆਪਣੇ ਸੋਮੇਂ ਨਾਲੋਂ ਵਿੱਛੜੀ ਹਰ ਵਸਤੂ ਆਪਣੇ ਸੋਮੇਂ ਨਾਲ ਸੋਮੇਂ ਦੇ ਰੂਪ ਵਿੱਚ ਹੀ ਸਮਾ ਸਕਦੀ ਹੈ, ਨਹੀਂ ਤਾਂ ਮੁੜ ਮੁੜ ਕਈ ਸ਼ਕਲਾਂ ਵਿੱਚ ਗੇੜੇ ਵੱਜਦੇ ਰਹਿੰਦੇ ਹਨ। ਇਹ ਖਾਸ ਅਸਲੀਅਤ ਦਰਸਾਉਣ ਤੇ `ਚਹੁੰ ਜੁਗਾਂ ਦਾ ਨਬੇੜਾ’ ਕਰਨ ਲਈ ਹੀ ਗੁਰੂ ਨਾਨਕ ਸਾਹਿਬ ਨੇ ਸੰਸਾਰ ਵਿੱਚ ਪ੍ਰਗਟ ਹੋ ਕੇ ਨਿਰਮਲ ਪੰਥ ਦੀ ਨੀਂਹ ਰੱਖ ਕੇ ਸਮੂਹ ਭਗਤ ਸਾਹਿਬਾਨ ਅਤੇ ਆਪਣੀ ਪਵਿੱਤਰ ਬਾਣੀ ਦੇ ਤੀਰਾਂ ਰਾਹੀਂ ਦਸਾਂ ਜਾਮਿਆਂ ਰਾਹੀਂ ਉਸ ਨੂੰ ਜੀਵਨ ਵਿੱਚ ਲੋੜੀਂਦੇ ਸੱਭ ਸ਼ੁਭ ਗੁਣਾਂ ਨਾਲ ਸ਼ਿੰਗਾਰ ਕੇ ਸ਼ੰਸਾਰ ਦੇ ਸਾਹਮਣੇ ਪੇਸ਼ ਕਰ ਦਿੱਤਾ। ਜਿੱਨਾਂ ਚਿਰ ਇਹ ਨਿਰਮਲ ਪੰਥ, ਨਿਰਮਲ ਰੂਪ ਵਿੱਚ ਵਿਚਰਦਾ ਰਿਹਾ ਉੱਨਾਂ ਚਿਰ ਇਹ ਜਾਤ ਪਾਤ ਦਾ ਕੋਹੜ ਤੇ ਕਰਮ ਕਾਂਡ ਦਾ ਕੈਂਸਰ ਆਪਣੀ ਜ਼ਹਿਰ ਨਹੀਂ ਫੈਲਾਅ ਸਕੇ। ਉਸ ਨਿਰਮਲ ਪੰਥ ਨੂੰ ਜਿਸ ਵਿੱਚ ਅਸਲੀਅਤ ਦੇ ਆਧਾਰ ਤੇ ਸਮੁੱਚੇ ਸ਼ੁਭ ਗੁਣ ਭਰੇ ਗਏ ਸਨ, ਮੁੜ ਨਿਰਮਲ ਬਣਾਉਣ ਲਈ ਸਾਨੂੰ ਸੱਭ ਨੂੰ ਉਨ੍ਹਾਂ ਗੁਣਾਂ ਦੇ ਧਾਰਨੀ ਬਣਨਾ ਪਵੇਗਾ ਅਤੇ ਇਸ ਬਗੀਚੇ ਦੇ ਬਚੇ ਭਾਗ ਨੂੰ ਚੰਗੀ ਤਰ੍ਹਾਂ ਸਾਂਭ ਕੇ ਬਾਕੀ ਦੇ ਹਿੱਸੇ ਵਿੱਚ ਗੁਰੂ ਜੀ ਵਲੋਂ ਬਖਸ਼ੀ ਸੁਗੰਧੀ ਨਾਲ ਮੁੜ ਮਹਿਕਾਉਣਾ ਪਏਗਾ ਤਾਂ ਕਿ ਜਿਵੇਂ ਉਸ ਮਹਿਕਾਂ ਭਰੇ ਬਗੀਚੇ ਦੀ ਮਹਿਕ ਵਲ ਹਰ ਕੋਈ ਖਿੱਚਿਆ ਜਾਂਦਾ ਸੀ, ਭਾਵੇਂ ਉਹ ਮੀਰ ਮਨੂੰ ਦਾ ਸਮਾਂ ਵੀ ਹੋਵੇ, ਅਤੇ ਜਿਸ ਦੀ ਮਹਿਕ ਦੀ ਹਰ ਨਿਰਪੱਖ ਵਿਦਵਾਨ ਹਾਲੇ ਵੀ ਸ਼ਲਾਘਾ ਕਰਦਾ ਰੱਜਦਾ ਨਹੀਂ, ਫਿਰ ਉਸੇ ਤਰ੍ਹਾਂ ਖਿੱਚਿਆ ਜਾਵੇ ਜੋ ਜਾਤ ਪਾਤ ਅਤੇ ਕਰਮ ਕਾਂਡ ਦੀ ਬਦਬੋ ਤੋਂ ਰਹਿਤ ਹੋਵੇ। ਰਲ ਕੇ ਹੰਭਲਾ ਮਾਰਿਆਂ ਗੁਰੂ ਜੀ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ) ਜ਼ਰੂਰ ਸਹਾਈ ਹੋਣਗੇ।
ਫਿਰ ਕੀ ਹੋਵੇਗਾ? ਧਰਮ ਦੀ ਕਿਰਤ ਕਰਨ, ਸਾਂਝੇ ਇਨਸਾਨੀ ਭਾਈਚਾਰੇ ਵਜੋਂ ਇੱਕ ਅਕਾਲ ਪੁਰਖ ਦੀ ਬੰਦਗੀ ਕਰਨ, ਅਣਖ ਤੇ ਗੈਰਤ ਨਾਲ ਡੱਟ ਕੇ ਰਹਿਣ, ਆਪਣੀ ਰੱਖਿਆ, ਸੰਭਾਲ ਕਰਨ, ਮਜ਼ਲੂਮ, ਦੀਨ ਦੁਖੀਆਂ ਦੀ ਸਹਾਇਤਾ ਕਰਨ ਲਈ ਆਪਣਾ ਸਾਰਾ ਜੀਵਨ ਲਗਾ ਦੇਣਾ, ਅਸਲੀ ਉਦੇਸ਼ ਬਣ ਜਾਵੇਗਾ, ਜਿੱਸ ਨਾਲ ਹੀ ਮਨੁੱਖਾ ਜਨਮ ਸਫਲ ਹੋ ਸਕਦਾ ਹੈ। ਕਿਸੇ ਵਿਦਵਾਨ ਦੇ ਬੋਲ ਹਨ, “ਜਿਹੜਾ ਧਰਮ ਅਨਰਥਾਂ ਤੋਂ ਮਨੁੱਖ ਦੀ ਰੱਖਿਆ ਨਹੀਂ ਕਰਦਾ, ਉਹ ਵਿਅਰਥ ਹੈ”। ਧਰਮ ਨੂੰ ਅਰਥ-ਪੂਰਨ ਬਨਉਣਾ ਹੀ ਗੁਰੂ ਨਾਨਕ ਸਾਹਿਬ ਜੀ ਦਾ ਅਸਲੀ ਉਦੇਸ਼ ਸੀ। ਕਿਉਂਕਿ ਇਸ ਦੇ ਉਲਟ ਜਾਤ-ਅਭਿਮਾਨ, ਹੰਕਾਰ, ਘਮੰਡ, ਅਹੁਦਾ ਤੇ ਪਦਵੀ ਦਾ ਵਕਤੀ ਹੰਕਾਰ, ਅਤੇ ਉਸ ਰਾਹੀਂ ਪਾਪ, ਜ਼ੁਲਮ, ਅਨਿਆਂ ਅਤਿਆਚਾਰ ਆਦਿ ਰਾਹੀਂ ਬੰਦਾ ਜਿੱਥੇ ਕਈ ਪੱਖਾਂ ਤੋਂ ਇਨਸਾਨੀਅਤ ਦਾ ਘਾਣ ਕਰਦਾ ਹੈ, ਉੱਥੇ ਆਪਣਾ ਮਨੁੱਖਾ ਜਨਮ ਨਸ਼ਟ ਕਰ ਲੈਂਦਾ ਹੈ। ਸੋ ਗੁਰਬਾਣੀ ਦੀ ਸਰਬਪੱਖੀ ਠੀਕ ਸੇਧ ਤੋਂ ਲਾਭ ਲੈਣਾ ਹੀ ਲੲਭਦਾਇਕ ਹੈ। ਕਿਉਂਕਿ ਮਨੁੱਖ ਜਾਤੀ ਨੂੰ ਸਾਵਧਾਨ ਕਰਦੇ ਹੋਇਆਂ ਭਗਤ ਕਬੀਰ ਜੀ ਪ੍ਰਮਾਤਮਾ ਨਾਲ ਇੱਕ ਮਿੱਕ ਹੋ ਕੇ ਕਹਿੰਦੇ ਹਨ ਕਿ ‘ਲੋਕ ਬਾਣੀ ਨੂੰ ਗੀਤ ਹੀ ਸਮਝਦੇ ਹਨ, ਜਦ ਕਿ ਇਹ ਤਾਂ ਬ੍ਰਹਮ ਦਾ ਵਿਚਾਰ ਹੈ ਜੋ ਮਨੁੱਖ ਨੂੰ ਪਰਮ ਗਤ ਪ੍ਰਾਪਤ ਕਰਨ ਵਿੱਚ ਸਹਾਈ ਹੁੰਦੀ ਹੈ’। ਇਸੇ ਤਰ੍ਹਾਂ ਭਗਤ ਰਵਿਦਾਸ ਜੀ ‘ਤੋਹੀ ਮੋਹੀ ਮੋਹੀ ਤੋਹੀ’ ਦੀ ਅਵਸਥਾ ਵਿੱਚ ‘ਬੇਗਮਪੁਰਾ’ ਦੇ ਵਾਸੀ, ਭਾਵ ਪਰਮਾਤਮਾ ਨਾਲ ਅਭੇਦ ਹੋ ਕੇ ਆਪਣੀ ‘ਧੁਰ ਕੀ ਬਾਣੀ’ ਰਾਹੀਂ ਬੰਦੇ ਨੂੰ ਸੱਚ ਦਾ ਉਪਦੇਸ਼ ਦਿੰਦੇ ਹੋਏ ਫਰਮਾਉਂਦੇ ਹਨ ਕਿ ਪ੍ਰਮਾਤਮਾ ਦਾ ਸਿਮਰਨ ਤੇ ਉਸ ਤੇ ਭਰੋਸਾ ਹੀ ਦੋਜ਼ਕ ਤੋਂ ਬਚਾ ਸਕਦੇ ਹਨ ਤੇ ਬੇਪ੍ਰਵਾਹ ਬਣਾ ਸਕਦੇ ਹਨ। ਗੁਰੂ ਨਾਨਕ ਜੋਤ ਨੇ ਤਾਂ ਬਾਣੀ ਨੂੰ ਆਪਣੀ ਨਹੀਂ ਪ੍ਰਮਾਤਮਾ ਵਲੋਂ ਆਈ ‘ਧੁਰ ਕੀ ਬਾਣੀ’ ਨੂੰ ‘ਬਾਣੀ ਨਿਰੰਕਾਰ ਹੈ’ ਕਹਿ ਕੇ ਮਨੁੱਖ ਜਾਤੀ ਨੂੰ ਸਾਵਧਾਨ ਕੀਤਾ ਹੈ ਕਿ ਬਾਣੀ ਨੂੰ ਸੱਚੋ ਸੱਚ ਕਰ ਮੰਨਣਾ। ਕਿਉਂ ਭਲਾ? ਤਾਂਕਿ ਬਿਨਾਂ ਕਿਸੇ ਤਰ੍ਹਾਂ ਦੀ ਕਿੰਤੂ ਕੀਤਿਆਂ ਇਸ ਤੋਂ ਉਸੇ ਤਰ੍ਹਾਂ ਲਾਭ ਉਠਾਇਆ ਜਾਵੇ ਜਿਵੇਂ ਗੁਰੂ ਜੀ ਦੇ ਹੁਕਮਾਂ ਤੇ ਠੀਕ ਠੀਕ ਪਹਿਰਾ ਦਿੰਦਾ ਹੋਇਆ ਖਾਲਸਾ ਕਰਦਾ ਆ ਰਿਹਾ ਹੈ। ਨਿਰੰਕਾਰੀ ਬਾਣੀ ਦੀ ਮਿਹਰ ‘ਲੋਕ ਸੁਖੀਏ ਪਰਲੋਕ ਸੁਹੇਲੇ’ ਦੀ ਬਖਸ਼ਿਸ਼ ਕਰਕੇ ਬੰਦੇ ਨੂੰ ਪ੍ਰਮਾਤਮਾ ਨਾਲ ਇੱਕ ਮਿੱਕ ਕਰ ਦਿੰਦੀ ਹੈ।
.