.

ਸਤਿਗੁਰੂ ਜੀ ਭੁੱਲੜ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਧੂਰੇ?

ਬਸੰਤ ਰਾਗ ਵਿਚਲੀ ਪਾਵਨ ਵਾਰ ਬਾਰੇ ਸ਼ੰਕਾ?

ਭਾਈ ਲੱਧਾ ਜੀ ਵਿਦਾ ਹੋ ਕੇ ਲਾਹੌਰ ਜਾ ਅੱਪੜੇ। ਏਧਰ ਲਿਖਾਰੀ ਜੀ ਨੇ ਆਪਣੇ ਪਾਤਰਾਂ ਰਾਹੀਂ ਹੋਰ ਮਸਲਾ ਛੇੜ ਲਿਆ। ਭਗਤ ਸਿੰਘ ਰਾਹੀ ਕਥਿਤ ਭਾਈ ਮਨੀ ਕੋਲੋਂ ਪੁੱਛ ਲਿਆ ਕਿ ਬਸੰਤ ਰਾਗ ਵਿਚਲੀ ਵਾਰ ਕੇਵਲ ਤਿੰਨ ਪਉੜੀਆਂ ਹੀ ਹੋਣ ਦੇ ਕਾਰਨ ਅਧੂਰੀ ਹੀ ਗੁਰਬਾਣੀ ਦਾ ਹਿੱਸਾ ਕਿਵੇਂ ਬਣ ਗਈ? ਤਾਂ ਭਾਈ ਮਨੀ ਸਿੰਘ ਨੇ ਦੱਸਿਆ ਕਿ ਸਤਿਗੁਰੂ ਜੀ ਬੜੀ ਮਗਨਤਾ ਨਾਲ ਵਾਰ ਲਿਖਾ ਰਹੇ ਸਨ ਕਿ ਲਾਂਗਰੀ ਪ੍ਰਸ਼ਾਦ ਤਿਆਰ ਕਰਕੇ ਲੈ ਆਇਆ ਤਾਂ- “ਦੇਖ ਪ੍ਰਸਾਦਿ ਤਬ ਹੀ ਉਠੇ, ਗੁਰੂ ਗਰੀਬ ਨਿਵਾਜ”॥ 546॥ ਗ਼ਰੀਬਾਂ ਅਨਾਥਾਂ ਦੀ ਪਾਲਣਾ ਕਰਨ ਵਾਲੇ, ਸਤਿਗੁਰੂ ਜੀ ਪ੍ਰਸ਼ਾਦ ਵੇਖਦਿਆਂ ਸਾਰ ਹੀ, ਗੁਰਬਾਣੀ ਲਿਖਣੀ ਵਿਚੇ ਹੀ ਛੱਡ ਕੇ ਉੱਠ ਖੜੇ ਹੋਏ

ਚੌਪਈ॥ ਤ੍ਰੈ ਪਉੜੀ ਇਸ ਹੇਤਿ ਰਹਾਈ। ਔਰਬਾਤ ਗੁਰ ਕੈ ਮਨਿ ਆਈ।

ਦੋਇ ਪਹਰ ਭਾਈ ਈਹਾਂ ਰਹੈ। ਬਾਣੀ ਬਹੁਰਿ ਜਾਇ ਨਿਜ ਕਹੈ॥ 547॥

ਤ੍ਰੈ ਪਉੜੀ ਤਿਹ ਸਾਥਿ ਮਿਲਾਈ। ਬਸੰਤ ਮਾਹਿ ਲਾਵੈ ਚਿਤ ਲਾਈ।

ਬਹੁਰਿ ਗੁਰੂ ਕੀ ਗੁਰੂ ਹੀ ਜਾਨੈ। ਕੈ ਨਾ ਸੰਦੇਹ ਚਿਤ ਮਹਿ ਠਾਨੈ॥ 548॥

ਸੰਪਾਦਕ ਮਹਾਂ ਪੁਰਖਾਂ ਦੇ ਲਿਖੇ, ਪਦ ਅਰਥ:-ਰਹਾਈ=ਰਹਿ ਗਈ। ਐਰ …. ਆਈ=ਜਾਂ ਕੋਈ ਹੋਰ ਗੱਲ ਮਨ ਵਿੱਚ ਆ ਗਈ। ਦੋਇ ਪਹਰ=ਦੋ ਪਹਰ। ਬਾਣੀ … ਕਹੈ=ਢਿਰ ਆਪਣੀ ਰਚਨਾ ਲਿਖਦੇ ਹਨ। ਬਸੰਤ ਮਾਹਿ ਲਾਵੈ … =ਬਸੰਤ ਰੁਤ ਵਿਚਸੁਘੜ ਕੀਰਤਨੀਏ ਇਨ੍ਹਾਂ ਤਿੰਨਾ ਪਉੜੀਆਂ ਦਾ ਤਰਤੀਬ ਅਨੁਸਾਰ ਕੀਰਤਨ ਕਰਦੇ ਹਨ। ਬਹੁਰਿ ਗੁਰ ਕੀ. . =ਬਾਕੀ ਗੁਰੂ ਦੀਆਂ ਗੁਰੂ ਜਾਣੇ। ਕੋ … ਠਾਨੇ=ਇਸ ਕਰਕੇ ਕੋਈ ਵੀ ਸ਼ੰਕਾ ਮਨ ਵਚ ਨਾ ਕਰ।

ਸ਼ੰਕੇ= ਲਿਖਾਰੀ ਦੇ ਲਿਖਣ ਅਨੁਸਾਰ ਸਤਿਗਰੂ ਜੀ ਨੇ ਪਰਸ਼ਾਦਾ ਛਕਣ ਦੀ ਕਾਹਲ ਵਿੱਚ ਵਾਰ ਪੁਰੀ ਕਰਨ ਦਾ ਖ਼ਿਆਲ ਹੀ ਵਿਸਾਰ ਹੀ ਦਿੱਤਾ? ਅਜੇਹਾ ਲਿਖ ਕੇ ਲਿਖਾਰੀ ਨੇ (1) ਸਤਿਗੁਰੂ ਪੰਚਮ ਪਾਤਸ਼ਾਹ ਜੀ ਨੂੰ ਬ੍ਰਾਹਮਣੀ ਪੇਟੂਆਂ ਵਾਂਗ ਖਾਣ ਤੋਂ ਫ਼ਰਜ਼ ਕੁਰਬਾਨ ਕਰ ਦੇਣ ਵਾਲੇ, ਬੇਸਬਰੇ ਭੁੱਖੜ ਜ਼ਾਹਰ ਕਰਨ ਤੋਂ ਇਉਂ ਅਨੁਭਵ ਹੁੰਦਾ ਹੈ ਜਿਵੇਂ ਲਿਖਾਰੀ ਨੇ ਸਤਿਗੁਰੂ ਜੀ ਦੇ ਗਉੜੀ ਰਾਗ ਵਿਚਲੇ ਇਸ ਗੁਰੂ ਫ਼ੁਰਿਮਾਨ ਬਾਰੇ-ਗਉੜੀ ਮਹਲਾ 5॥ ਧੋਤੀ ਖੋਲਿ ਵਿਛਾਏ ਹੇਠਿ॥ ਗਰਧਪ ਵਾਂਗੂ ਲਾਹੇ ਪੇਟਿ॥ 1 ॥ … 4 ॥ 107 {201} ਆਪਣੇ ਹਿਰਦੇ ਵਿਚਲੀ ਕਿੜ ਕੱਢਣ ਦਾ ਯਤਾਨ ਕੀਤਾ ਹੋਵੇ?

(2) ਪੰਚਮ ਸਤਿਗੁਰੂ ਨਾਨਕ ਸਾਹਿਬ ਜੀ ਨੂੰ ਭੁੱਲੜ ਅਤੇ ਸਤਿਗੁਰੂ ਗ੍ਰੰਥ ਸਾਹਿਬ ਜੀ ਅਧੂਰੇ ਕਹਿ ਦਿੱਤਾ? ਪਦ ਅਰਥ ਲਿਖਣ ਵਾਲੇ ਸਾਡੇ ਸਨਮਾਨ ਜੋਗ ਵੇਦਾਂਤੀ ਜੀ ਨੇ ਲਿਖਾਰੀ ਵਲੋਂ ਲਾਈਆਂ ਇਨ੍ਹਾਂ ਊਜਾਂ ਦਾ ਕੋਈ ਉਤਰ ਨਾ ਲਿਖ ਕੇ, ਉਸ ਨਾਲ ਸਹਿਮਤੀ ਦਰਸਾਈ ਹੈ। ਜਿਸ ਤੋ ਸਤਿਗੁਰੂ ਜੀ ਪ੍ਰਤੀ ਬਣੀ ਆਮ ਗੁਰਸਿੱਖ ਪਾਠਕਾਂ ਦੀ ਸ਼ਰਧਾ ਨੂੰ, ਘਾਇਲ ਕਰਦੇ ਰਹਿਣ ਦਾ ਮਾਨੋ ਪੰਥਕ ਤੋਰ ਤੇ ਪੱਕਾ ਸਬਬ ਬਣਾ ਦਿੱਤਾ ਗਿਆ?

ਗੁਰਮਤਿ ਵਿਚਾਰਾਂ; - (1) ਪਿਛੇ ਅਸੀਂ ਏਸੇ ਲਿਖਾਰੀ ਦਾ ਲਿਖਿਆ ਪੜ੍ਹ ਆਏ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਿਰਜਣਾ ਲਈ ਆਬਾਦੀ ਤੋਂ ਬਾਹਰ ਜੰਗਲ ਵਿੱਚ ਇਕਾਂਤ ਥਾਂ ਚੁਣੀ ਗਈ ਸੀ, ਜਿੱਥੇ ਲਾਂਗਰੀ ਅਤੇ ਭਾਈ ਗੁਰਦਾਸ ਜੀ ਤੋਂ ਬਿਨਾ, ਹੋਰ ਸਭ ਨੂੰ ਉਥੇ ਆਉਣ ਦੀ ਸਖ਼ਤੀ ਨਾਲ ਮਨਾਹੀ ਬਾਬਾ ਬੁਢਾ ਜੀ ਰਾਹੀਂ ਕਰ ਭੇਜੀ ਸੀ - (ਚੌਪਈ ਨੰਬਰ-344-345 ਸਫ਼ਾ 89-90) ਏਨੀਆਂ ਕਰੜੀਆਂ ਪਾਬੰਦੀਆਂ ਵਾਲੇ ਥਾਂ ਐਨ ਉਸ ਸਮੇ ਜਦੋ ਵਾਰ ਲਿਖੀ ਜਾ ਰਹੀ ਸੀ ਲਾਂਗਰੀ ਵਲੋਂ ਇਕਾਗਰਤਾ ਭੰਗ ਕੀਤੀ ਜਾਣੀ ਵੀ ਅਣਹੋਣੀ ਗੱਲ ਅਨੂਭਵ ਹੁੰਦੀ ਹੈ। ਉਸ ਥਾਂ ਤੇ ਸੋਚ-ਇਸ਼ਨਾਨ, ਬਿਸਰਾਮ, ਲਿਖਾਈ ਆਦ ਦਾ ਸਮਾ ਵੀ ਸਪੱਸ਼ਟ ਤੌਰ ਤੇ ਮੁਕਰੱਰ ਕੀਤਾ ਗਿਆ ਹੋਣਾ ਹੈ। ਅਜੇਹੇ ਥਾਂ ਅਚਨਚੇਤ ਪ੍ਰਸ਼ਾਦਾ ਲੈ ਕੇ ਲਾਂਗਰੀ ਦੇ ਆ ਜਾਣ ਵਾਲੀ ਗੱਲ ਵੀ ਕਹਾਣੀ-ਘਾੜੇ ਕੂਟ ਬ੍ਰਾਹਮਣ ਦੀ ਆਪਣੀ ਹੀ ਹੈ। ਫਿਰ ਲਿਖਾਰੀ ਕੋਲ ਕੀ ਦਲੀਲ ਹੈ ਕਿ, ਸਤਿਗੁਰੂ ਜੀ ਤਿੰਨਾ ਪਉੜੀਆਂ ਵਿੱਚ ਹੀ ਵਾਰ ਦੀ ਸਮਾਪਤੀ ਨਹੀਂ ਸਨ ਕਰ ਸਕਦੇ? ਕੀ, ਵਾਰ ਦੀ ਲਿਖਤ ਤੋਂ ਲਿਖਾਰੀ ਨੂੰ ਜਾਂ (ਲਿਖਾਰੀ ਦੇ ਮਨ-ਘੜਤ ਪਾਤਰ) ਮਨੀ ਸਿੰਘ ਨੂੰ, ਕੋਈ ਸੰਕੇਤ ਮਿਲਿਆਂ ਸੀ ਜਿਸ ਤੋਂ ਵਾਰ ਅਧੂਰੀ ਸਿੱਧ ਹੁੰਦੀ ਹੋਵੇ? ਆਉ ਅਸੀਂ ਵੀ ਰਲ ਮਿਲ ਕੇ ਉਸ ਪਾਵਨ ਵਾਰ ਦੇ ਦਰਸ਼ਨ ਕਰ ਲਈਏ:--

66- ਬਸੰਤ ਕੀ ਵਾਰ ਮਹਲੁ 5 ੴਸਤਿਗੁਰ ਪ੍ਰਸਾਦਿ॥ ਹਰਿ ਕਾ ਨਾਮੁ ਧਿਆਇ ਕੈ ਹੋਹੁ ਹਰਿਆ ਭਾਈ॥ ਕਰਮਿ ਲਿਖੰਤੈ ਪਾਈਐ ਇਹ ਰੁਤਿ ਸੁਹਾਈ॥ ਵਣੁ ਤ੍ਰਿਣੁ ਤ੍ਰਿਭਵਣੁ ਮਉਲਿਆ ਅੰਮ੍ਰਿਤ ਫਲੁ ਪਾਈ॥ ਮਿਲਿ ਸਾਧੂ ਸੁਖੁ ਊਪਜੈ ਲਥੀ ਸਭ ਛਾਈ॥ ਨਾਨਕੁ ਸਿਮਰੈ ਏਕੁ ਨਾਮੁ ਫਿਰਿ ਬਹੁੜਿ ਨ ਧਾਈ॥ 1 ॥ ਪੰਜੇ ਬਧੇ ਮਹਾਬਲੀ ਕਰਿ ਸਚਾ ਢੋਆ॥ ਆਪਣੇ ਚਰਣ ਜਪਾਇਅਨੁ ਵਿਚਿ ਦਯੁ ਖੜੋਆ॥ ਰੋਗ ਸੋਗ ਸਭਿ ਮਿਟਿ ਗਏ ਨਿਤ ਨਵਾ ਨਿਰੋਆ॥ ਦਿਨੁ ਰੈਣਿ ਨਾਮੁ ਧਿਆਇਦਾ ਫਿਰਿ ਪਾਇ ਨ ਮੋਆ॥ ਜਿਸ ਤੇ ਉਪਜਿਆ ਨਾਨਕਾ ਸੋਈ ਫਿਰਿ ਹੋਆ॥ 2 ॥ ਕਿਥਹੁ ਉਪਜੈ ਕਹ ਰਹੈ ਕਹ ਮਾਹਿ ਸਮਾਵੈ॥ ਜੀਅ ਜੰਤ ਸਭਿ ਖਸਮ ਕੇ ਕਉਣੁ ਕੀਮਤਿ ਪਾਵੈ॥ ਕਹਨਿ ਧਿਆਇਨਿ ਸੁਣਨਿ ਨਿਤ ਸੇ ਭਗਤ ਸੁਹਾਵੈ॥ ਅਗਮੁ ਅਗੋਚਰੁ ਸਾਹਿਬੋ ਦੂਸਰੁ ਲਵੈ ਨ ਲਾਵੈ॥ ਸਚੁ ਪੂਰੈ ਗੁਰਿ ਉਪਦੇਸਿਆ ਨਾਨਕੁ ਸੁਣਾਵੈ॥ 3 ॥ 1 ॥ {1193}

(1) ਇਕਾਗਰਤਾ ਤੇ ਸਾਵਧਾਨੀ ਨਾਲ ਸਮਝ ਕੇ ਵਾਰ ਪੜ੍ਹਨ ਤੋਂ ਇਸ ਵਾਰ ਦੇ ਅਧੂਰੀ ਹੋਣ ਦਾ ਜ਼ਰਾ ਵੀ ਸੰਕੇਤ ਨਹੀਂ ਮਿਲਦਾ। (2) ਦੂਜੀ ਗੱਲ, ਵਾਰ ਦੇ ਅੰਤ ਵਿੱਚ ਜੋੜ ‘1’ ਦਾ ਹੋਣਾ, ਵਾਰ ਦੀ ਸਮਤਪਤੀ ਦੀ ਘੋਸ਼ਨਾ ਦਾ ਪ੍ਰਤੱਖ ਸੂਚਕ ਹੈ। (3) ਕੇਵਲ ਤਿੰਨ ਪਉੜੀਆਂ ਹੋਣ ਵਾਲਾ ਢੁੱਚਰ, ਕੀ, ਪਉੜੀਆਂ ਲਿਖਣ ਵਿੱਚ ਕਿਸੇ ਖ਼ਾਸ ਗਿਣਤੀ ਦੀ ਪਾਬੰਦ ਸੀ?

ਪਉੜੀਆਂ ਵਾਲੀਆਂ ਕੁੱਝ ਪਾਵਨ ਬਾਣੀਆ ਦੇ ਵੇਰਵੇ ਦੇ ਦਰਸ਼ਨ:---

(1) ਪ੍ਰਿਥਮ ਬਾਣੀ (ਮ: 1) -ਜਪ =38. (2) ਸ਼੍ਰੀ ਰਾਗ ਕੀ ਵਾਰ ਮ: 4॥ = 21. (3) ਵਾਰ ਮਾਝ ਕੀ ਮਹਲਾ: 1॥ =27 ਪਉੜੀਆਂ।

(4) ਬਾਵਨ ਅਖਰੀ ਮਹਲਾ: 5॥ =55. (5) ਥਿਤੀ ਗਉੜੀ ਮਹਲਾ: 5॥ = 17. (6) ਵਾਰ ਆਸਾ ਮਹਲਾ 1॥ =24 ਪਉੜੀਆ।

(7) ਗੁਜਰੀ ਕੀ ਵਾਰ ਮਹਲਾ: 3॥ =22. (8) ਰਾਗ ਗੁਜਰੀ ਵਾਰ ਮ; 5॥ =21. (9) ਵਡਹੰਸ ਕੀ ਵਾਰ ਮਹਲਾ: 4॥ =21 ਪਉੜੀਆਂ।

(10) ਰਾਗ ਸੋਰਠ ਵਾਰ ਮ: 4॥ =29. (11) ਬਿਲਾਵਲ ਕੀ ਵਾਰ ਮਹਲਾ 4॥ =13. (12) ਰਾਮਕਲੀ ਕੀ ਵਾਰ ਮ: 5॥ =22 ਪਉੜੀਆਂ।

(13) ਵਾਰ ਰਾਇ ਬਲਵੰਡ ਸਤਾਡੂੰਮ=8. (14) ਰਾਗ ਮਾਰੂ ਵਾਰ ਮਹਲਾ 5॥ =23. (15) ਬਸੰਤ ਕੀ ਵਾ ਮ: 5॥ =3

(16) ਸਾਰੰਗ ਕੀ ਵਾਰ ਮ: 4॥ =36. ਮਲਾਰ ਕੀ ਵਾਰ ਮ: 1॥ =28 ਇਸ ਤਰ੍ਹਾਂ ਸਿੱਧ ਹੈ ਕਿ ਵਾਰਾਂ ਵਿੱਚ ਪਉੜੀਆਂ ਦੀ ਗਿਣਤੀ ਕਿੰਨੀ ਹੋਵੇ, ਅਜੇਹੀ ਕੋਈ ਪਾਬੰਦੀ ਨਹੀਂ ਸੀ। ਨਿਰਮੂਲ ਕਹਾਣੀਆਂ ਗੰਢਣ ਵਿੱਚ ਨਿਪੁੰਨ, ਗੁਰਮਤਿ ਦੇ ਮੁਢਲੇ ਵੈਰੀ ਦਾ ਵੰਸ਼ਕ, ਇਹ ਲਿਖਾਰੀ ਅਜੇਹੀਆਂ ਫ਼ਜ਼ੂਲ ਉਕਤੀਆਂ ਦੁਆਰਾ ਸਤਿਗੁਰਾਂ ਪ੍ਰਤੀ ਜਾਂ, ਗੁਰੂ ਬਾਣੀ ਪ੍ਰਤੀ ਸ਼ੰਕੇ ਪੈਦਾ ਕਰਕੇ ਗੁਰਮੁਖਾਂ ਦੇ ਹਿਰਦੇ ਵਲੂੰਧਰ ਰਿਹਾ ਹੈ। ਇਸ, ਪਾਵਨ ਵਾਰ ਪ੍ਰਤੀ ਅਥਵਾ ਗੁਰੂਬਾਣੀ ਪ੍ਰਤੀ ਸ਼ੰਕੇ ਖੜੇ ਕਰਨ ਵਾਸਤੇ ਛੱਡਿਆਂ ਲ਼ਿਖਾਰੀ ਦਾ ਇਹ ਜ਼ਹਿਰੀ ‘ਤੀਰ’ ਉਲਟਾ ਉਸੇ ਦੀ ਕੁਟਲ-ਝੂਠ ਦੇ ਕੋਟਿ ਵਿੱਚ ਮਘੋਰੇ ਕਰ ਰਿਹਾ ਹੈ।।

ਵਾਰਾਂ ਦੀ ਰਚਨਾ ਸਦਾ ਤੋਂ ਸਲੋਕਾਂ ਤੋਂ ਬਿਨਾਂ ਹੀ ਹੋਇਆ ਕਰਦੀ ਸੀ। ਸ੍ਰੀਰਾਗ ਦੀ ਵਾਰ ਤੋਂ ਅਰੰਭ ਹੋ ਕੇ ਲਗ-ਪਗ ਸਾਰੀਆਂ ਦੀਆਂ ਪਉੜੀ ਨਾਲ ਜੁੜੇ ਸਲੋਕਾਂ ਦੀ ਚੋਣ ਪੰਚਮ ਪਾਤਸ਼ਾਹ ਜੀ ਨੇ ਆਪ ਹੀ ਕੀਤਾ ਸੀ। ਸਤੇ ਬਲਵੰਡ ਦੀ ਜਿਸ ਵਾਰ ਨੂੰ ਲਿਖਾਰੀ ਨੇ ਸਾਰੇ ਦੁਖਾਂ ਦਾ ਨਾਸ ਕਰਨ ਵਾਲੀ ਲਿਖਿਆ ਹੈ, ਉਹ ਵੀ ਕੇਵਲ ਅੱਠ ਪਉੜੀਆਂ ਦੀ ਹੀ ਹੈ। ਜਦ ਕਿ ਹੋਰ ਸਾਰੀਆਂ ਵਾਰਾਂ ਵੱਧ ਪਉੜੀਆਂ ਵਾਲੀਆਂ ਹਨ। ਸੋ ਨਾ ਪੰਚਮ ਪਾਤਸ਼ਾਹ ਜੀ ਭੁੱਲੇ ਅਤੇ ਨਾ ਸਤਿਗੁਰੂ ਗ੍ਰੰਥ ਸਾਹਿਬ ਅਧੂਰੇ। ਸਾਰਾਂ ਝੰਜਟ ਲਿਖਾਰੀ ਨੇ ਅਤੇ ਸਾਡੀ ਜਥੇਦਾਰੀ ਨੇ ਹੀ ਖੜਾ ਕੀਤਾ ਹੋਇਆ ਹੈ।

ੳਧਰ ਲਾਹੌਰ ਵਿਖੇ ਭਾਈ ਲਧੇ ਤੋਂ ਗ੍ਰੰਥ ਰਚੇ ਜਾਣ ਦੀ ਸੋਭਾ ਸੁਣ ਕੇ, ਕਾਨ੍ਹਾਂ, ਛੱਜੋ, ਸ਼ਾਹ ਹੁਸੈਨ ਅਤੇ ਪੀਲੂ ਨਾਮਕ ਉਸ ਸਮੇ ਦੇ ਮਸ਼ਹੂਰ ਕਵੀ ਵੀ ਆਪਣੀਆਂ ਨਜ਼ਮਾ ਨੂੰ ਗੁਰਬਾਣੀ ਵਿੱਚ ਥਾਂ ਦਿਵਾਉਣ ਲਈ ਸਤਿਗੁਰੂ ਜੀ ਕੋਲ ਪੁੱਜੇ ਲਿਖਾਰੀ ਨੇ ਦਰਸਾਏ ਹਨ। ਅਖੇ, ਮਰ ਮੁੱਕ ਚੁੱਕੇ, ਕਬੀਰ, ਨਾਮਦੇਵ, ਰਵਿਦਾਸ ਆਦਿ ਭਗਤਾਂ ਦੀ ਬਾਣੀ ਚਾੜ ਲਈ ਹੈ ਅਸੀਂ ਜਿਹੜੇ ਜੀਊਂਦੇ ਜਾਗਦੇ ਲੋਕਾਂ ਵਿੱਚ ਵਿਚਰ ਰਹੇ ਹਾਂ ਸਾਡੀ ਬਾਣੀ ਉਸ ਗ੍ਰੰਥ ਵਿੱਚ ਕਿਵੇਂ ਨਾ ਚੜ੍ਹੇ? (ਜਦ, ਲਿਖਾਰੀ ਨੇ ਆਪ ਹੀ ਲਿਖਿਆ ਹੈ, ਕਿ, ਜਿੱਥੇ ਗ੍ਰੰਥ ਸਾਹਿਬ ਜੀ ਦੀ ਰਚਨਾ ਹੋ ਰਹੀ ਸੀ ਉਸ ‘ਰਾਮਸਰ’ ਵਿਖੇ, ਸਿਵਾਏ ਭਾਈ ਗੁਰਦਾਸ ਜੀ ਅਤੇ ਇੱਕ ਲਾਂਗਰੀ ਦੇ, ਸਾਹਿਬਜ਼ਾਦਾ ਹਰਿਗੋਬਿੰਦ ਅਥਵਾ ਮਾਤਾ ਗੰਗਾ ਜੀ ਸਮੇਤ ਸਭ ਦਾ ਦਾਖ਼ਲਾ ਸਤਿਗੁਰੂ ਜੀ ਬੰਦ ਕਰ ਰਿੱਤਾ ਹੋਇਆ ਸੀ ਤਾਂ ਇਨ੍ਹਾਂ ਕਥਿਤ ਭਗਤਾਂ ਨੂੰ ਉਹੀ ਲਿਖਾਰੀ ਕਿੱਧਰ ਦੀ ਲੈ ਵੜਿਆ?) ਆਪਣੀ ਹਉਮੈ ਦੇ ਕਾਰਨ ਉਨ੍ਹਾਂ ਨੇ ਅਸਫ਼ਲ ਤਾਂ ਮੁੜਨਾ ਹੀ ਸੀ, ਪਰ ਲਿਖਾਰੀ ਨੇ ਏਥੇ ਵੀ ਗੁਰਮਤਿ ਵਿਰੋਧੀ ਬਿੱਪ੍ਰੀ ‘ਸਰਾਪਾਂ ਦੇ ਵਟਾਂਦਰੇ ਦੀ ਗੱਲ, ਸਦਾ ਹੀ ਨਿਰਵੈਰ ਅਕਾਲ ਪੁਰਖ ਜੀ ਦੇ ਭਾਣੇ ਵਿੱਚ ਵਿਚਰਦੇ ਸਰਬੱਤ ਦੇ ਭਲੇ ਦੀਆਂ ਅਰਦਾਸਾਂ ਕਰ ਰਹੇ ਸਭਨਾਂ ਦੇ ਸ਼ਾਂਝੇ, ਸਾਰਿਆਂ ਦੇ ਸੱਜਣ ਸਤਿਗੁਰੂ ਜੀ ਦੇ ਪਾਵਨ ਨਾਮਣੇ ਨਾਲ ਮੜ੍ਹ ਦਿਤੀ ਹੈ। ਸਤਿਗੁਰੂ ਜੀ ਨੇ ਕਾਨ੍ਹੇ ਕਵੀ ਦੇ ਕਵਿਤਾ-ਰੂਪ ਬਚਨ ਗੁਰਮਤਿ ਦੀ ਕਸਵੱਟੀ ਤੇ ਪੂਰੇ ਉੱਤਰਦੇ ਨਾ ਵੇਖ ਕੇ ਜਦ ਰੱਦ ਕਰ ਦਿੱਤੇ ਤਾਂ:--

ਕਾਨ੍ਹ੍ਹੇ ਕਹਾ ਹਮ ਬੈਨ ਹਟਾਏ। ਤੁਰਕ ਹਾਥ ਤੁਮ ਲਹੇ ਸਜਾਏ।

ਸ੍ਰੀ ਗੁਰ ਕਹਾ ਦੇਹ ਥਿਰ ਨਾਹੀ। ਤੁਮ ਹੀ ਰਹੋ ਪੈਂਡ ਕੇ ਮਾਹੀ॥ 562॥

ਪਹਿਲੀ ਪੰਗਤੀ ਤੋਂ ਹਿਰਦਾ ਦੁਖੀ ਹੋਣ ਦਾ ਕਾਰਨ ਇਹ ਹੈ ਕਿ, ਪਹਿਲਾਂ ਇਹ ਕੁਟਲ ਲਿਖਾਰੀ, ਸਾਹਿਬਜ਼ਾਦਾ ਹਰਿਗੋਬਿੰਦ ਸਾਹਿਬ ਨੂੰ ਦਹੀਂ ਵਿੱਚ ਜ਼ਹਿਰ ਦੇਣ ਦੇ ਯਤਨ ਵਾਲੇ ਪ੍ਰਸੰਗ ਵਿਚ, ਪਿਸਤੇ ਕੁੱਤੇ ਨਾਲ ਹੋਇਆ ਪੰਚਮ ਪਾਤਸ਼ਾਹ ਜੀ ਦਾ ਅਜੇਹਾ ਬਚਨ-ਬਿਲਾਸ ਦਰਸਾਇਆ ਹੈ ਜਿਸ ਵਿੱਚ ਕੁੱਤਾ ਗੁਰਦੇਵ ਜੀ ਦੀ ਸ਼ਹਾਦਤ ਦਾ ਮਖ਼ੌਲ ਉਡਾਉਂਦਾ ਹੈ। ਹੁਣ ਆਉ ਉਪਰੋਕਤ ਚੌਪਈ ਬਾਰੇ ਗੁਰਮਤਿ ਅਰਥ-ਵਿਚਾਰਾ ਸਮਝੀਏ:- (ਸੰਪਾਦਕ ਮਹਾਂਪੁਰਖਾਂ ਵਲੋਂ ਟੂਕ ਵਿੱਚ ਲਿਖੇ ਅਰਥਾਂ ਦੇ ਅਧਾਰ ਤੇ ਲਿਖੇ-ਅਰਥ:-ਕਾਨ੍ਹੇ ਨੇ ਅਖਿਆ ਮੇਰੇ ਬੋਲਾਂ ਨੂੰ ਰਦ ਕੀਤਾ ਹੈ ਤੂੰ ਤੁਰਕਾਂ ਦੇ ਹੱਥੋਂ ਸਜ਼ਾ ਪਾਵੇਂਗਾ, {ਅਗੋਂ ਜਵਾਬ ਵਿੱਚ ਉਸ ਪਰਮ ਦਇਆਲੂ ਗੁਰਦੇਵ ਜੀ ਦੇ ਬਚਨ ਜਿਨ੍ਹਾਂ ਦਾ ਸੰਸਾਰ ਲਈ ਇਹ ਉਪਦੇਸ਼ ਹੈ:- ‘ਪਰ ਕਾ ਬੁਰਾ ਨ ਰਾਖਹੁ ਚੀਤ॥ ਤੁਮ ਕਉ ਦੁਖੁ ਨਹੀ ਭਾਈ ਮੀਤ॥ (ਸੁਖਮਨੀ)} -ਸ੍ਰੀ ਗੁਰੂ ਜੀ ਨੇ ਆਖਿਆ ਸਰੀਰ ਸਦਾ ਰਹਿਣ ਵਾਲਾ ਨਹੀਂ ਤੂੰ ਰਸਤੇ ਵਿੱਚ ਹੀ ਰਹਿ ਜਾਣਾ ਹੈ। 562॥ ਇਹ ਬਚਨ ਉਸ ਗੁਰਦੇਵ ਜੀ ਦੇ ਮੁਖਾਰਬਿੰਦ ਵਿੱਚ ਜੋ, ਇੱਕ ਸਾਰ ਗੁਰਮਤਿ ਦੇ ਸਚੇ ਵਿੱਚ ਢਲੀ ਹੋਈ ਅਪਣੀ ਜੀਵਨ ਮਰਿਯਾਦਾ ਤੋਂ ਮਨੁੱਖ ਦੇ ਆਚਰਨ ਨੂੰ ‘ਖਿਮਾ’ ਅਤੇ ‘ਧੀਰਜ’ ਜਿਹੇ ਦੈਵੀ ਗੁਣਾਂ ਨਾਲ ਲਬਾ-ਲਬ ਭਰ ਰਹੇ ਹਨ। ਕੀ, ਪੰਚਮ ਸਤਿਗੁਰੂ ਨਾਨਕ ਸਾਹਿਬ ਜੀ, ਕਾਨ੍ਹੇ ਭਗਤ ਤੋਂ ਸਰਾਪ-ਰੂਪ ‘ਗਾਲੀ’ ਸੁਣ ਕੇ ਕ੍ਰੋਧਵਾਨ ਹੋ ਗਏ? ਇਸ ਕੁਟਲ ਲਿਖਾਰੀ ਨੇ ਮੋੜਵਾਂ ਸਰਾਪ ਦਿੰਦੇ ਦਰਸਾ ਦਿੱਤੇ? ਪਰਮ-ਸੁਧਾਰਕ ਸਤਿਗੁਰੂ ਅਰਜੁਨ ਸਾਹਿਬ ਜੀ ਤਾਂ ਸੰਸਾਰੀਆਂ ਕੋਲੋਂ ਉਸ ਥਾਂ ਦਾ ਪਤਾ ਪੁੱਛ ਰਹੇ ਹਨ ਜਿਥੇ ਗਾਲੀ ਸੁਣ ਕੇ ਉਨ੍ਹਾਂ ਨੂੰ ਅਜੇਹਾ ਬਿਖੜਾ ਫੱਟ ਲਗਿਆ ਕਿ, ਉਹ ਕ੍ਰ੍ਰੋਧ-ਰੂਪ ਮੂਰਖਤਾਈ ਤੋਂ ਕਾਰਨੇ ਲੋਕਾਂ ਲਈ ਤਮਾਸ਼ਾ ਬਣ ਗਏ ਯਥਾ:-ਕਠਨ ਕਰੋਧ ਘਟ ਹੀ ਕੇ ਭੀਤਰਿ ਜਿਹ ਸੁਧਿ ਸਭ ਬਿਸਰਾਈ॥ ਰਤਨੁ ਗਿਆਨੁ ਸਭ ਕੋ ਹਿਰਿ ਲੀਨਾ ਤਾ ਸਿਉ ਕਛੁ ਨ ਬਸਾਈ॥ 1॥ {219} ਕਿਸੇ ਦੇ ਮੂੰਹੋ ਗਾਲੀ ਸੁਣਨ ਤੋਂ ਤੈਨੂੰ ਕਿਸ ਥਾਂ ਅਜੇਹਾ ਜ਼ਖ਼ਮ ਹੋ ਗਿਆ ਜੋ ਏਡਾ ਕ੍ਰੋਧਵਾਨ ਹੋ ਗਿਆ ਹੈਂ? =ਕਵਨ ਚਿਹਨ ਸੁਨਿ ਊਪਰਿ ਛੋਹਿਓ ਮੁਖ ਤੇ ਸੁਨਿ ਕਰਿ ਗਾਰਾ॥ {ਮਾਰੂ ਮ: 5. 999}

ਦੋਹਰਾ॥ ਅਗਮ ਪੌਨ ਚਾਲੀ ਤਬੈ ਕਾਨ੍ਹਾ ਰਥਹ ਗਿਰਾਇ। ਰਥ ਚੱਕ੍ਰ ਤਰ ਸਿਰੁ ਅਯੋ ਮਰਯੋ ਮਿਝ ਨਿਕਸਾਇ॥ 573॥

ਸਤਿਗੁਰਾਂ ਦੇ ਬਚਨ ਸਨ ਕਿ, ਜਾਂ ਕਿਸੇ ਨਿਰਦਈ ਕਾਤਲ ਦਾ ਛਡਿਆ ਅਮੋਗ ਬਾਣ? ਵਾਹ ਲਿਖਾਰੀ ਜੀ ਉਸ ਗੁਰਦੇਵ ਜੀ ਪਾਵਨ ਨਾਮਣੇ ਨਾਲ ਅਜੇਹਾ ਅਨਰਥ ਜੋ ਹਨ ਹੀ ਖਿਮਾ ਧੀਰਜ ਦੇ ਮੁਜੱਸਮੇ। ਲਿਖਾਰੀ ਦਾ ਸਾਰਾ ਝੂਠ ਤੁਫ਼ਾਨ ਕੇਵਲ ਗੁਰਮਤਿ ਦੀ ਰੂਪ ਰੇਖਾ ਵਿਗਾੜਨ ਵਾਸਤੇ ਹੀ ਇਸ ਪੁਸਤਕ ਦੇ ਰੂਪ ਵਿੱਚ ਵਰਤਾਇਆ ਜਾ ਰਿਹਾ ਹੈ। ਜੋਦੜੀਆਂ ਹਨ ਕੇ ਹੇ ਦਾਤਾਰ ਜੀ! ਔਝੜੇ ਪੈ ਚੁੱਕੇ ਆਪਣੇ ਇਸ ਨਿਸ਼ਕਪਟ ਸਿੰਘਾਂ ਵਾਲੇ ਪੰਥ ਦੀ ਰਖਿਆ ਕਰੋ।

ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ




.