.

੧੦ ਸਵੱਯੇ (ਸ੍ਰਾਵਗ ਸੁਧ ਵਾਲੇ) !

ਸਾਰੇ ਸਿੱਖ ਜਗਤ ਨੂੰ ਇਹ ਭਲੀ-ਭਾਂਤ ਜਾਣਕਾਰੀ ਹੈ ਕਿ ਗੁਰੂ ਅਰਜਨ ਸਾਹਿਬ ਨੇ ਭਾਈ ਗੁਰਦਾਸ ਜੀ ਤੋਂ ਸਾਰੀ ਗੁਰਬਾਣੀ ਨੂੰ ਰਾਗਾਂ ਅਨੁਸਾਰ ਲਿਖਵਾ ਕੇ “ਗੁਰੂ ਗਰੰਥ ਸਾਹਿਬ” ਦਾ ਪਹਿਲਾ ਪ੍ਰਕਾਸ਼, “ਦਰਬਾਰ ਸਾਹਿਬ” ਅੰਮ੍ਰਿਤਸਰ ਵਿਖੇ ੧੬ ਅਗਸਤ ੧੬੦੪ ਨੂੰ ਕਰ ਦਿੱਤਾ ਸੀ। ਪਹਿਲੇ (੧੩) ਪੰਨਿਆਂ `ਤੇ ਤਿੰਨ ਬਾਣੀਆਂ: ਜਪੁ, ਸੋ ਦਰੁ-ਸੋ ਪੁਰਖੁ ਅਤੇ ਸੋਹਿਲਾ ਅੰਕਤਿ ਕਰਨ ਓਪ੍ਰੰਤ, ਸਿਰੀਰਾਗੁ ਹੇਠ ਬਾਣੀ ਪੰਨਾ ੧੪ ਤੋਂ ਅਰੰਭ ਹੁੰਦੀ ਹੈ। ਇਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਇਨ੍ਹਾਂ ਤਿੰਨਾਂ ਬਾਣੀਆਂ ਦਾ ਪਾਠ ਹਰੇਕ ਸਿੱਖ ਹਰ ਰੋਜ਼ ਕਰੇ ਅਤੇ ਇਸ ਤੋਂ ਇਲਾਵਾ ਹੋਰ ਬਾਣੀਆਂ ਦਾ ਪਾਠ ਵੀ ਕੀਤਾ ਜਾਵੇ। ਸਾਨੂੰ ਇਹ ਭੀ ਗਿਆਤ ਹੈ ਕਿ ਇਲਾਹੀ ਓਪਦੇਸ਼ ਦੇ ਨਾਲ ਹੀ ਗੁਰਬਾਣੀ ਲਿਖਣ ਸਮੇਂ ਤਿੰਨ ਸਿਧਾਂਤਾਂ ਦਾ ਹੋਣਾ ਬਹੁਤ ਹੀ ਜ਼ਰੂਰੀ ਸਮਝਿਆ ਗਿਆ: ਜਿਵੇਂ (੧) ੴ ਤੋਂ ਗੁਰ ਪ੍ਰਸਾਦਿ ਨਾਲ ਅਰੰਭ ਹੋਵੇ, (੨) ਸਿਰਲੇਖ, ਰਾਗੁ ਅਤੇ ਮਹਲਾ ਜਾਂ ਭਗਤ ਜੀ ਦਾ ਨਾਮ ਜ਼ਰੂਰ ਲਿਖਿਆ ਹੋਵੇ ਅਤੇ (੩) ਬਾਣੀ ‘ਨਾਨਕ’ ਜਾਂ ਭਗਤ ਦੇ ਨਾਮ ਨਾਲ ਸਮਾਪਤ ਹੋਵੇ। ਇੰਜ ਸਾਰੀ ਬਾਣੀ/ਗੁਰਬਾਣੀ, ਗੁਰੂ ਗਰੰਥ ਸਾਹਿਬ ਦੇ ੧੪੨੯ ਪੰਨਿਆਂ ਵਿਖੇ ਸਿਰਲੇਖ “ਮੁੰਦਾਵਣੀ ਮਹਲਾ ੫ ਅਤੇ ਸਲੋਕ ਮਹਲਾ ੫” ਸਹਿਤ ਸਮਾਪਤ ਹੁੰਦੀ ਹੈ। ਇਸ ਤੋਂ ਬਾਅਦ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗੁਰੂ ਤੇਗ਼ ਬਹਾਦਰ ਸਾਹਿਬ ਵਲੋਂ ਓਚਾਰਣ ਕੀਤੀ ਬਾਣੀ, ਰਾਗਾਂ ਅਨੁਸਾਰ ਅਤੇ ਸਿਰਲੇਖ ਮਹਲਾ ੯ ਹੇਠ, ਭਾਈ ਮਨੀ ਸਿੰਘ ਜੀ ਦੁਆਰਾ ਅੰਕਤਿ ਕਰਵਾਈ ਅਤੇ ਫਿਰ ੭ ਅਕਤੂਬਰ ੧੭੦੮ ਨੂੰ ਅਪਣੇ ਅਖੀਰਲੇ ਸੁਆਸਾਂ ਤੋਂ ਪਹਿਲਾਂ ਹੁਕਮ ਕੀਤਾ: “ਸੱਭ ਸਿੱਖਨ ਕਉ ਹੁਕਮ ਹੈ, ਗੁਰੂ ਮਾਨਿਓ ਗਰੰਥ”। “ਗੁਰੂ ਗਰੰਥ ਸਾਹਿਬ” ਵਿੱਚ ਛੇ ਗੁਰੂ ਸਾਹਿਬਾਨ, ਪੰਦਰਾਂ ਭਗਤਾਂ, ਗਿਆਰਾਂ ਭੱਟਾਂ ਅਤੇ ਤਿੰਨ ਗੁਰਸਿੱਖਾਂ ਵਲੋਂ ਓਚਾਰੀ ਹੋਈ ਬਾਣੀ ਅੰਕਤਿ ਹੈ। ਪਰ, ਇਸ ਵਿੱਚ “ਮਹਲਾ ੬ ਗੁਰੂ ਹਰਿ ਗੋਬਿੰਦ ਸਾਹਿਬ, ਮਹਲਾ ੭ ਗੁਰੂ ਹਰਿ ਰਾਇ ਸਾਹਿਬ, ਮਹਲਾ ੮ ਗੁਰੂ ਹਰਿ ਕਿਸ਼ਨ ਸਾਹਿਬ ਅਤੇ ਮਹਲਾ ੧੦ ਗੁਰੂ ਗੋਬਿੰਦ ਸਿੰਘ ਸਾਹਿਬ” ਵਲੋਂ ਓਚਾਰੀ ਹੋਈ ਕੋਈ ਰਚਨਾ ਸ਼ਾਮਲ ਨਹੀਂ ਕੀਤੀ ਹੋਈ।
ਅੰਗ੍ਰੇਜ਼ ਸਰਕਾਰ ਸਮੇਂ (੧੮੪੯-੧੯੪੭), ਸਿੱਖਾਂ ਦੀ ਬੇਨਤੀ ਪ੍ਰਵਾਨ ਕਰਦਿਆਂ, ‘ਦੀ ਸਿੱਖ ਗੁਰਦੁਆਰਾਜ਼ ਐਕਟ’ ੧੯੨੫ ਨੂੰ ਪਾਸ ਕਰ ਦਿੱਤਾ, ਜਿਸ ਸਦਕਾ: “ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ” ਹੋਂਦ ਵਿੱਚ ਆਈ। ਹੁਣ ਇਸ ਦਾ ਅਧਿਕਾਰ-ਖ਼ੇਤਰ “ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ” ਤੱਕ ਹੀ ਸੀਮਤਿ ਹੈ। ਇਸ ਐਕਟ ਤਹਿਤ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਿਆਂ ਵਿਖੇ ਗੁਰ-ਮਰਯਾਦਾ ਨੂੰ ਠੀਕ ਤਰ੍ਹਾਂ ਨੀਯਤ ਕਰਨ ਹਿੱਤ, ਸਿੱਖ ਰਹਤ ਮਰਯਾਦਾ ਦਾ ਇੱਕ ਖਰੜਾ ਤਿਆਰ ਕਰਨ ਲਈ ‘ਰਹੁ-ਰੀਤੀ ਸੱਬ ਕਮੇਟੀ’ ਸਥਾਪਤ ਕੀਤੀ। ਤੱਕਰੀਬਨ (੧੪) ਸਾਲ {੧੯੩੧-੧੯੪੫} ਦੇ ਵਿਚਾਰ-ਵਿਟਾਂਦਰੇ ਬਾਅਦ ਧਾਰਮਿਕ ਸਲਾਹਕਾਰ ਕਮੇਟੀ ਦੀ ਸਿਫ਼ਾਰਿਸ਼ ਅਨੁਸਾਰ ਇਸ ਵਿੱਚ ਵਾਧਾ ਘਾਟਾ ਕਰਨ ਦੀ ਪ੍ਰਵਾਨਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ ਇਕੱਤ੍ਰਤਾ ਮਿਤੀ ੩ - ੨ - ੪੫ ਦੇ ਮਤਾ ਨੰਬਰ ੯੭ ਰਾਹੀਂ ਦਿੱਤੀ।
“ਨਾਮ ਬਾਣੀ ਦਾ ਅਭਿਆਸ’ ਸਿਰਲੇਖ ਹੇਠ ਹੋਰ ਬਾਣੀਆਂ ਤੋਂ ਇਲਾਵਾ, “੧੦ ਸਵੱਯੇ (ਸ੍ਰਾਵਗ ਸੁਧ ਵਾਲੇ) “ਪੜ੍ਹਣ ਦਾ ਹੁਕਮ ਕੀਤਾ ਹੋਇਆ ਹੈ। ਪਰ, ਇਹ ਸਵੱਯੇ, ਗੁਰੂ ਗਰੰਥ ਸਾਹਿਬ ਵਿੱਚ ਅੰਕਤਿ ਨਹੀਂ ਹਨ। ਅਖੌਤੀ ਦਸਮ ਗ੍ਰੰਥ ਦੇਖਣ ਓਪ੍ਰੰਤ ਜਾਣਕਾਰੀ ਪ੍ਰਾਪਤ ਹੋਈ ਕਿ ਸਿਰਲੇਖ ‘ਅਕਾਲ ਉਸਤਤਿ’ ਹੇਠ ਇੱਕ ਲੰਬੀ ਵਾਰਤਾ ਛਪੀ ਹੋਈ ਹੈ, ਜਿਸ ਦੀ ਗਿਣਤੀ ੧ ਤੋਂ ੨੭੨ ਹੈ! ਇਨ੍ਹਾਂ ਵਿਚ, ‘ਤਪ੍ਰਸਾਦਿ ਹੇਠ ਸਵੈਯੇ ੨੧ ਤੋਂ ੩੦’ ਇੰਜ ਲਿਖੇ ਮਿਲਦੇ ਹਨ:
ਸ੍ਰਾਵਗ ਸੁਧ ਸਮੂਹ ਸਿਧਾਨ ਕੇ ਦੇਖਿ ਫਿਰਿਓ ਘਰਿ ਜੋਗਿ ਜਤੀ ਕੇ। ਸੂਰ ਸੁਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਕੇ। ਸਾਰੇ ਹੀ ਦੇਸ ਕੋ ਦੇਖਿ ਰਹਿਯੋ ਮਤ ਕੋਊ ਨ ਦੇਖੀਅਤ ਪ੍ਰਾਨ ਪਤੀ ਕੇ। ਸ੍ਰੀ ਭਗਵਾਨ ਕੀ ਭਾਇ ਕ੍ਰਿਪਾ ਹੂੰ ਤੇ ਏਕ ਰਤੀ ਬਿਨੁ ਏਕ ਰਤੀ ਕੇ। ੧। ੨੧।
ਮਾਤੇ ਮਤੰਗ ਜਰੇ ਜਰ ਸੰਗਿ ਅਨੂਪ ਉਤੰਗ ਸੁਰੰਗ ਸਵਾਰੇ। ਕੋਟਿ ਤੁਰੰਗ ਕੁਰੰਗ ਸੇ ਕੂਦਤ ਪਉਨ ਕੇ ਗਉਨ ਕੋ ਜਾਤ ਨਿਵਾਰੇ। ਭਾਰੀ ਭੁਜਾਨ ਕੇ ਭੂਪ ਭਲੀ ਬਿਧਿ ਨਿਆਵਤ ਸੀਸ ਨ ਜਾਤ ਬਿਚਾਰੇ। ਏਤੇ ਭਏ ਤੋ ਕਹਾ ਭਏ ਭੂਪਤਿ ਅੰਤ ਕੈ ਨਾਗੇ ਹੀ ਪਾਇ ਪਧਾਰੇ। ੨। ੨੨।
ਜੀਤ ਫਿਰੇ ਸਭ ਦੇਸ ਦਿਸਾਨ ਕੋ ਬਾਜਤ ਢੋਲ ਮ੍ਰਿਦੰਗ ਨਗਾਰੇ। ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਤਸਤ ਹੀ ਹਯ ਰਾਜ ਹਜਾਰੇ। ਭੂਤ ਭਵਿਖ ਭਵਾਨ ਕੇ ਭੂਪਤਿ ਕਉਨ ਗਨੈ ਨਹੀ ਜਾਤ ਬਿਚਾਰੇ। ਸ੍ਰੀਪਤਿ ਸ੍ਰੀ ਭਗਵਾਨ ਭਜੇ ਬਿਨੁ ਅੰਤ ਕੋ ਅੰਤ ਕੇ ਧਾਮ ਸਿਧਾਰੇ। ੩। ੨੩।
ਤੀਰਥ ਨ੍ਹਾਨ ਦਇਆ ਦਮ ਦਾਨ ਸੁ ਸੰਜਮ ਨੇਮ ਅਨੇਕ ਬਿਸੇਖੇ। ਬੇਦ ਪੁਰਾਨ ਕਤੇਬ ਕੁਰਾਨ ਜਿਮੀਨ ਜਮਾਨ ਸਬਾਨ ਕੇ ਪੇਖੇ। ਪਉਨ ਅਹਾਰ ਜਤੀ ਜਤ ਧਾਰਿ ਸਬੈ ਸੁ ਬਿਚਾਰ ਹਜਾਰਕ ਦੇਖੇ। ਸ੍ਰੀ ਭਗਵਾਨ ਭਜੇ ਬਿਨੁ ਭੂਪਤਿ ਏਕ ਰਤੀ ਬਿਨੁ ਏਕ ਨ ਲੇਖੈ। ੪। ੨੪।
ਸੁਧ ਸਿਪਾਹ ਦੁਰੰਤ ਦੁਬਾਜ ਸੁ ਸਾਜਿ ਸਨਾਹ ਦੁਰਜਾਨ ਦਲੈਂਗੇ। ਭਾਰੀ ਗੁਮਾਨ ਭਰੇ ਮਨ ਮੈ ਕਰਿ ਪਰਬਤ ਪੰਖ ਹਲੈ ਨ ਹਲੈਂਗੇ। ਤੋਰਿ ਅਰੀਨ ਮਰੋਰਿ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ। ਸ੍ਰੀ ਪਤਿ ਸ੍ਰੀ ਭਗਵਾਨ ਕ੍ਰਿਪਾ ਬਿਨੁ ਤਿਆਗਿ ਜਹਾਨੁ ਨਿਦਾਨ ਚਲੈਂਗੇ। ੫। ੨੫।
ਬੀਰ ਅਪਾਰ ਬਡੇ ਬਰਿਆਰ ਅਬਿਚਾਰਹਿ ਸਾਰ ਕੀ ਧਾਰ ਭਛਯਾ। ਤੋਰਤ ਦੇਸ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਯਾ। ਗਾੜੇ ਗੜਾਨ ਕੋ ਤੋੜਨਹਾਰ ਸੁ ਬਾਤਨ ਹੀ ਚਕ ਚਾਰ ਲਵਯਾ। ਸਾਹਿਬੁ ਸ੍ਰੀ ਸਭ ਕੋ ਸਿਰਨਾਇਕ ਜਾਚਕ ਅਨੇਕ ਸੁ ਏਕ ਦਿਵਯਾ। ੬। ੨੬।
ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵਿਖ ਭਵਾਨ ਜਪੈਂਗੇ। ਜੀਵ ਜਿਤੇ ਜਲ ਮੈ ਥਲ ਮੈ ਪਲ ਹੀ ਪਲ ਮੈ ਸਭ ਥਾਪ ਥਪੈਂਗੇ। ਪੁੰਨ ਪ੍ਰਤਾਪਨ ਬਾਢਿ ਜੈਤ ਧੁਨਿ ਪਾਪਨ ਕੈ ਬਹੁ ਪੁੰਜ ਖਪੈਂਗੇ। ਸਾਧ ਸਮੂਹ ਪ੍ਰਸੰਨ ਫਿਰੈ ਜਗਿ ਸਤ੍ਰ ਸਭੈ ਅਵਿਲੋਕਿ ਚਪੈਂਗੇ। ੭। ੨੭।
ਮਾਨਵ ਇੰਦ੍ਰ ਗਜਿੰਦ੍ਰ ਨਰਾਧਿਪ ਜੌਨ ਤ੍ਰਿਲੋਕ ਕੋ ਰਾਜੁ ਕਰੈਂਗੇ। ਕੋਟਿ ਇਸਨਾਨ ਗਜਾਦਿਕ ਦਾਨਿ ਅਨੇਕ ਸੁਅੰਬਰ ਸਾਜਿ ਬਰੈਂਗੇ। ਬ੍ਰਹਮ ਮਹੇਸੁਰ ਬਿਸਨੁ ਸਚੀਪਤਿ ਅੰਤਿ ਫਸੇ ਜਮ ਫਾਸਿ ਪਰੈਂਗੇ। ਜੇ ਨਰ ਸ੍ਰੀ ਪਤਿ ਕੇ ਪ੍ਰਸ ਹੈਂ ਪਗ ਤੇ ਨਰ ਫੇਰਿ ਨ ਦੇਹ ਧਰੈਂਗੇ। ੮। ੨੮।
ਕਹਾ ਭਯੋ ਦੋਊ ਲੋਚਨ ਮੂੰਦ ਕੈ ਬੈਠਿ ਰਹਿਓ ਬਕ ਧ੍ਹਯਾਨ ਲਗਾਇਓ। ਨ੍ਹਾਤ ਫਿਰਿਓ ਲੀਏ ਸਾਤ ਸਮੁੰਦ੍ਰਨ ਲੋਕ ਗਇਓ ਪਰਲੋਕ ਗਵਾਇਓ। ਬਾਸੁ ਕੀਓ ਬਿਖਿਆਨ ਸੋ ਬੈਠ ਕੇ ਐਸੇ ਹੀ ਐਸ ਸੋ ਬੈਸ ਬਿਤਾਇਓ। ਸਾਚੁ ਕਹੌ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੁ ਪਾਇਓ। ੯। ੨੯।
ਕਾਹੂੰ ਲੈ ਪਾਹਨ ਪੂਜ ਧਰਿਓ ਸਿਰਿ ਕਾਹੂੰ ਲੈ ਲਿੰਗੁ ਗਰੇ ਲਟਕਾਇਓ। ਕਾਹੂੰ ਲਖਿਓ ਹਰਿ ਅਵਾਚੀ ਦਿਸਾ ਮਹਿ ਕਾਹੂੰ ਪਛਾਹ ਕੋ ਸੀਸ ਨਿਵਾਇਓ। ਕੋਊ ਬੁਤਾਨ ਕੋ ਪੂਜਤ ਹੈ ਪਸੁ ਕੋਊ ਮ੍ਰਿਤਾਨ ਕੋ ਪੂਜਨ ਧਾਇਓ। ਕੂਰ ਕ੍ਰਿਆ ਉਰਝਿਓ ਸਭ ਹੀ ਜਗੁ ਸ੍ਰੀ ਭਗਵਾਨ ਕੋ ਭੇਦੁ ਨ ਪਾਇਓ। ੧੦। ੩੦।

ਅਤੇ ਅਖੀਰ ਵਿਚ: ਸਾਤੋ ਅਕਾਲ ਸਾਤੋ ਪਤਾਰ। ਬਿਥਰਿਓ ਅਦ੍ਰਿਸਟ ਜਿਹ ਕਰਮ ਜਾਰ। ੬। ੨੭੨।
{ਇਨ੍ਹਾਂ ਦੇ ਅਰਥਾਂ ਲਈ ਦੇਖੋ: ਸਟੀਕ, ਪ੍ਰੋਫੈਸਰ ਸਾਹਿਬ ਸਿੰਘ ਜਾਂ ਡਾ. ਰਤਨ ਸਿੰਘ ਜੱਗੀ/ਡਾ. ਗੁਰਸ਼ਰਨ ਕੌਰ ਜੱਗੀ}
ਇਹ ਦੱਸ ਸਵੈਯੇ ਨਾ ਤਾਂ ੴ ਤੋਂ ਗੁਰ ਪ੍ਰਸਾਦਿ ਸਹਿਤ ਅਰੰਭ ਹੁੰਦੇ ਹਨ, ਨਾ ਸਿਰਲੇਖ ਮਹਲਾ ੧੦ ਲਿਖਿਆ ਮਿਲਦਾ ਅਤੇ ਨਾ ਹੀ “ਨਾਨਕ” ਨਾਮ ਨਾਲ ਸਮਾਪਤ ਹੁੰਦੇ ਹਨ ਜਿਵੇਂ “ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ! ਕਿਸੇ ਹੋਰ ਲੇਖਕ ਦਾ ਨਾਂ ਭੀ ਨਹੀਂ ਲਿਖਿਆ ਹੋਇਆ ਹੈ ਅਤੇ ਨਾ ਹੀ ਕੋਈ ਸੰਕੇਤ ਮਿਲਦਾ ਹੈ ਕਿ ਇਹ ਵਾਰਤਾ ਕਿਥੋਂ ਲਈ ਅਤੇ ਕਿਵੇਂ ਚੁਣੀ ਗਈ? ਦਾਸਰੇ ਨੂੰ ਤਾਂ ਇੰਜ ਪ੍ਰਤੀਤ ਹੁੰਦਾ ਹੈ ਜਿਵੇਂ ਗੁਰੂ ਗਰੰਥ ਸਾਹਿਬ ਵਿੱਚ ਅੰਕਤਿ ਬਾਣੀ ਵਿਚੋਂ ਇਨ੍ਹਾਂ ਨੂੰ ਹੋਰ ਕੋਈ ਬਾਣੀ ਪਸੰਦ ਨਾ ਆਈ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਿੰਨ ਬਾਣੀਆਂ (੧) ਜਪੁ ਜੀ ਸਾਹਿਬ, (੨) ਸੋ ਦਰੁ-ਸੋ ਪੁਰਖੁ, (੩) ਸੋਹਿਲਾ ਦੇ ਟਾਕਰੇ/ਮੁਕਾਬਲੇ ਵਿੱਚ ਅਪਣੀ ਹੀ ਮਨ-ਮਰਜ਼ੀ ਕਰਕੇ, ਤਿੰਨ ਹੋਰ ਵਾਰਤਾਵਾਂ: “ਜਾਪੁ, ਦੱਸ ਸਵੈਯੇ ਅਤੇ ਬੇਨਤੀ ਚੌਪਈ” ਸਿੱਖਾਂ ਦੇ ਸਿਰ ਮੜ੍ਹ ਦਿੱਤੀਆਂ? ਇਸ ਲਈ, ਬਾਹਰ ਰਹਿੰਦੇ ਸਿੱਖਾਂ ਨੂੰ ਵਿਚਾਰ ਕਰਨੀ ਚਾਹੀਦੀ ਹੈ ਕਿ ਉਹ ਸਿਰਫ ਗੁਰੂ ਗਰੰਥ ਸਾਹਿਬ ਵਿੱਚ ਮੁੰਦਾਵਣੀ ਤੱਕ ਅੰਕਤਿ ਬਾਣੀ ਦਾ ਹੀ ਪਾਠ ਕਰਨ ਨਾ ਕਿ ਕਿਸੇ ਹੋਰ ਰਚਨਾ/ਕਿਤਾਬ ਨੂੰ ਮਾਣਤਾ ਦੇਣ!
ਖਿਮਾ ਦਾ ਜਾਚਕ,
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ): ੧੨ ਮਈ ੨੦੧੩




.