.

॥ ਕੁਲਹਾਂ ਦੇਂਦੇ ਬਾਵਲੇ ਲੈਂਦੇ ਵਡੇ ਨਿਲਜ॥

“॥ ਸਲੋਕ ਮ: ੧॥ ਕੁਲਹਾਂ ਦੇਂਦੇ ਬਾਵਲੇ ਲੈਂਦੇ ਵਡੇ ਨਿਲਜ॥ ……………॥ ਕੇਤੇ ਮੰਗਹਿ ਮੰਗਤੇ ਕੇਤੇ ਮੰਗਿ ਮੰਗਿ ਜਾਹਿ॥ ੧॥” ਪੰਨਾ ੧੨੮੬॥ ਇਹ ਸਲੋਕ ਮਲਾਰ ਰਾਗ ਦੀ ਵਾਰ, ਪਉੜੀ ਨੰ: ੧੯ ਦਾ ਹੈ।

ਸਾਡੇ ਦੇਸ਼ ਵਿੱਚ ਰਿਵਾਜ ਸੀ ਕਿ ਢਾਡੀ ਵੀਰ ਰਸ ਕਵਿਤਾ ਸੁਣਾ ਕੇ ਜੰਗਾਂ ਵਿੱਚ ਵਿਖਾਏ ਯੋਧਿਆਂ ਦੇ ਕਰਤਬਾਂ ਦੀਆਂ ਵਾਰਾਂ ਗਾਉਂਦੇ ਸੀ। 1521 ਈਸਵੀ ਵਿੱਚ ਬਾਬਰ ਨੇ ਐਮਨਾਬਾਦ ਤੇ ਹਮਲਾ ਕਰਕੇ ਸ਼ਹਿਰ ਦੇ ਵਸਨੀਕਾਂ ਦਾ ਘਾਣ ਜ਼ਾਲਿਮਾਨਾ ਤਰੀਕੇ ਨਾਲ ਕੀਤਾ। ਪਠਾਣਾਂ ਨੂੰ, ਜਿਨ੍ਹਾਂ ਦਾ ਉਸ ਵਕਤ ਹਿੰਦੋਸਤਾਨ ਤੇ ਰਾਜ ਸੀ, ਬੁਰੀ ਮਾਰ ਮਾਰੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਜ਼ੁਲਮ ਦੀ ਹਨੇਰੀ ਅੱਖੀਂ ਵੇਖੀ। ਬਾਬਰ ਦੀ ਬਹਾਦੁਰੀ ਦੇ ਕਿੱਸੇ ਮੁਗ਼ਲ ਨੱਚ ਟੱਪ ਕੇ ਗਾ ਰਹੇ ਸਨ। ਪਰ ਗੁਰੂ ਜੀ ਨੂੰ ਇੱਕ ਮਹਾਨ ਯੋਧਾ ਨਜ਼ਰੀਂ ਆ ਰਿਹਾ ਸੀ। ਕਿਹੜਾ ਯੋਧਾ? ਅਕਾਲ ਪੁਰਖ ਯੋਧਾ ਜਿਸ ਨੇ ਇਹ ਜਗਤ ਅਖਾੜਾ ਆਪ ਰਚਿਆ ਹੈ। ਅਕਾਲ ਪੁਰਖ ਦੇ ਰਚੇ ਜਗਤ ਅਖਾੜੇ ਵਿੱਚ ਛਿੰਝ ਪੈ ਰਹੀ ਹੈ, ਬੁਰਾਈ ਅਤੇ ਭਲਾਈ ਦੇ ਘੋਲ ਹੋ ਰਹੇ ਹਨ। “ਆਦੇਸੁ ਬਾਬਾ ਆਦੇਸੁ॥ ਆਦਿ ਪੁਰਖ ਤੇਰਾ ਅੰਤੁ ਨ ਪਾਇਆ ਕਰਿ ਕਰਿ ਦੇਖਹਿ ਵੇਸ॥” —ਪੰਨਾ ੪੧੭॥ ਹੇ ਅਕਾਲ ਪੁਰਖ! ਤੇਰਿਆਂ ਭਾਣਿਆਂ ਦਾ ਸਾਨੂੰ ਅੰਤ ਨਹੀਂ ਮਿਲਦਾ। ਤੂੰ ਇਹ ਭਾਣੈ ਆਪ ਕਰਕੇ ਆਪ ਹੀ ਵੇਖ ਰਿਹਾ ਹੈਂ। ਮੁਸੀਬਤ ਦੇ ਵੇਲੇ ਸਾਡੀ ਤੈਨੂੰ ਹੀ ਨਮਸਕਾਰ ਹੈ, ਹੋਰ ਕੋਈ ਥਾਂ ਨਹੀਂ ਜਿੱਥੇ ਪੁਕਾਰ ਕੀਤੀ ਜਾ ਸਕੇ।। ਜਗਤ ਅਖਾੜੇ ਵਿੱਚ ਸਾਰੇ ਜੀਵ ਇੱਕ ਮਹਾਨ ਜੰਗ ਵਿੱਚ ਲੱਗੇ ਪਏ ਹਨ। ਇਸ ਮਹਾਨ ਜੰਗ ਦੀ ਵਾਰ ਗੁਰੂ ਜੀ ਨੇ ਮਲਾਰ ਰਾਗ ਵਿੱਚ ਲਿਖੀ, ਪਰ ਗੁਰੂ ਜੀ ਦਾ ਸ਼੍ਰੋਮਣੀ ਪਾਤ੍ਰ ਅਕਾਲ ਪੁਰਖ ਆਪ ਸੀ। ਵਾਰ ਦਵਾਰਾ ਗੁਰੂ ਜੀ ਉਪਦੇਸ਼ ਕਰਦੇ ਹਨ ਕਿ ਤ੍ਰਿਸ਼ਨਾ ਦੀ ਅੱਗ ਅਤੇ ਵਾਦ ਵਿਵਾਦ ਦੇ ਅਸਰ ਹੇਠ ਹਕੂਮਤ ਦਾ ਮਾਨ ਕਰਨ ਵਾਲੇ ਜੀਵਨ ਵਿਅਰਥ ਗਵਾ ਜਾਂਦੇ ਹਨ। ਪਰਮਾਤਮਾ ਤਾਂ ਭਗਤੀ ਤੇ ਰੀਝਦਾ ਹੈ। ਭਗਤੀ ਪ੍ਰੇੁਮ ਦੇ ਆਸਰੇ ਹੁੰਦੀ ਹੈ। ਭਗਤੀ, ਗੁਰੂ ਦੀ ਸ਼ਰਨ ਪੈ ਕੇ ਪ੍ਰੇਮ ਮਾਰਗ ਤੇ ਚਲਣਾ ਹੈ, ਪਰਮਾਤਮਾ ਦੇ ਭੈ ਅਦਬ ਵਿੱਚ ਰਹਿਣਾ ਹੈ। ਪਰਮਾਤਮਾ ਦੀ ਰਜ਼ਾ ਤੇ ਬੰਦਸ਼ ਵਿੱਚ ਰਹਿ ਕੇ ਦੁਨੀਆਂ ਦੇ ਸਹਿਮ ਗਵਾਉਣੇ ਹਨ। ਜੰਗਲਾਂ ਵਿੱਚ ਫਿਰਨਾ, ਧੂਣੀਆਂ ਧੁਖਾਣੀਆਂ, ਭੁੱਖੇ ਰਹਿਣਾ, ਸਰੇਵੜੇ ਬਣ ਜਾਣਾ, ਇਹ ਜੀਵਨ ਦਾ ਸਹੀ ਰਸਤਾ ਨਹੀਂ ਹੈ। ਪ੍ਰਭੂ ਭਗਤੀ ਦੇ ਮਾਰਗ ਤੇ ਚਲਣ ਲਈ ਅਜੋਕੀ ਵਿਦਿਆ ਦੀਆਂ ਡਿਗਰੀਆਂ ਵੀ ਸਹਾਇਕ ਨਹੀਂ ਹੁੰਦੀਆਂ। ਡਿਗਰੀਆਂ ਵਿਕਾਰਾਂ ਤੋਂ ਨਹੀਂ ਬਚਾ ਸਕਦੀਆਂ ਭਾਵੇਂ ਜਿੰਦਗੀ ਦੇ ਨਿਰਬਾਹ ਲਈ ਇਹ ਡਿਗਰੀਆਂ ਜ਼ਰੂਰੀ ਹਨ। ਪ੍ਰਭੂ ਦਰ ਤੇ ਨਾਮ ਹੀ ਕਬੂਲ ਹੈ। ਇਹ ਨਾਮ ਗੁਰੂ ਤੋਂ ਮਿਲਦਾ ਹੈ। ਪੀਰ ਫ਼ਕੀਰ ਅਜ਼ਮਤਾਂ ਦੇ ਦਾਇਰੇ ਅੰਦਰ ਸੀਮਤ ਹਨ, ਇਹ ਵੀ ਜੀਵਨ ਦਾ ਸਹੀ ਰਸਤਾ ਨਹੀਂ ਦਸ ਸਕਦੇ।

ਜਦ ਪਠਾਣ ਹਾਕਮਾਂ ਨੂੰ ਬਾਬਰ ਦੇ ਹਮਲੇ ਦੀ ਸੂਹ ਮਿਲੀ ਕਿ ਬਾਬਰ ਹਮਲਾ ਕਰਕੇ ਵਾਹੋ-ਦਾਹੀ ਆ ਰਿਹਾ ਹੈ ਤਾਂ ਉਨ੍ਹਾਂ ਨੇ ਜਾਦੂ ਟੂਣਾ ਕਰਨ ਲਈ ਮੰਨੇ ਪਰਮੰਨੇ ਪੀਰਾਂ ਨੂੰ ਇਕੱਠਾ ਕਰ ਲਿਆ ਤਾਂਕਿ ਪੀਰ ਜਾਦੂ ਟੂਣੇ ਨਾਲ ਬਾਬਰ ਅਤੇ ਉਸ ਦੇ ਸਿਪਾਹੀਆਂ ਨੂੰ ਅੰਨ੍ਹਾ ਕਰ ਦੇਣ। “ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ॥ ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੁਇਰ ਰੁਲਾਇਆ॥ ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ॥” —ਪੰਨਾ ੪੧੭॥ ਪੀਰਾਂ ਫਕੀਰਾਂ ਦੀਆਂ ਤਸਬੀਆਂ ਫੇਰਣ ਦਾ ਕੋਈ ਅਸਰ ਨਾ ਹੋਇਆ। ਮੁਗਲਾਂ ਨੇ ਸ਼ਹਿਰ ਤੇ ਹਮਲਾ ਕਰ ਦਿੱਤਾ ਅਤੇ ਘਰ-ਬਾਰ੍ਹ ਅੱਗ ਲਾ-ਲਾ ਕੇ ਸਾੜ ਦਿੱਤੇ। ਔਰਤਾਂ ਨੂੰ ਬੇਪਰਦ ਕੀਤਾ ਅਤੇ ਬੇਪਤੀ ਕੀਤੀ। ਹਰ ਬੰਨੇ ਲਹੂ ਤੇ ਮਿੱਝ ਸੀ, ਬਰਬਾਦ ਸ਼ਹਿਰ ਦਾ ਮਲਬਾ ਪਿਆ ਸੀ। ਬਾਬਰ ਦਾ ਹਮਲਾ ਰੋਕਣ ਲਈ ਪੀਰ ਫ਼ਕੀਰ ਕਰਾਮਾਤ ਨਾ ਵਿਖਾ ਸਕੇ। ਮੁਗਲਾਂ ਨੇ ਪਠਾਣ ਸ਼ਹਿਜ਼ਾਦਿਆਂ ਦੇ ਟੁਕੜੇ-ਟੁਕੜੇ ਕਰ ਦਿੱਤੇ। ਪੀਰਾਂ ਫ਼ਕੀਰਾਂ ਦੇ ਜਾਦੂ ਟੂਣਿਆ ਨਾਲ ਕੋਈ ਮੁਗਲ ਅੰਨ੍ਹਾਂ ਨਾ ਹੋਇਆ। ਪੀਰ ਫ਼ਕੀਰ ਆਪ ਵੀ ਮਾਰੇ ਗਏ ਅਤੇ ਜਿਨ੍ਹਾਂ ਨੂੰ ਅਸੀਸਾਂ ਦੇ ਰਹੇ ਸੀ ਉਹ ਵੀ ਮਾਰੇ ਗਏ।

ਸਲੋਕ ਮਹਲਾ ੧:- “ਕੁਲਹਾਂ ਦੇਂਦੇ ਬਾਵਲੇ ਲੈਂਦੇ ਵਡੇ ਨਿਲਜ॥ ਚੂਹਾ ਖਡ ਨ ਮਾਵਈ ਤਿਕਲਿ ਬੰਨ੍ਹੈ ਛਜ॥ ਦੇਨ੍ਹਿ ਦੁਆਈ ਸੇ ਮਰਹਿ ਜਿਨ ਕਉ ਦੇਨਿ ਸਿ ਜਾਹਿ॥ ਨਾਨਕ ਹੁਕਮੁ ਨਾ ਜਾਪਈ ਕਿਥੈ ਜਾਇ ਸਮਾਹਿ॥ ਫਸਲਿ ਅਹਾੜੀ ਏਕੁ ਨਾਮੁ ਸਾਵਣੀ ਸਚੁ ਨਾਉ॥ ਮੈ ਮਹਦੂਦੁ ਲਿਖਾਇਆ ਖਸਮੈ ਕੈ ਦਰਿ ਜਾਇ॥ ਦੁਨੀਆ ਕੇ ਦਰ ਕੇਤੜੇ ਕੇਤੇ ਆਵਹਿ ਜਾਂਹਿ॥ ਕੇਤੇ ਮੰਗਹਿ ਮੰਗਤੇ ਕੇਤੇ ਮੰਗਿ ਮੰਗਿ ਜਾਹਿ॥” -- ਪੰਨਾ ੧੨੮੬।

ਭਾਵ ਅਰਥ:-ਮੂਰਖ ਪੀਰ ਫ਼ਕੀਰ ਚੇਲਿਆਂ ਨੂੰ ਆਪਣੀਆਂ ਟੋਪੀਆਂ ਦੇਂਦੇ ਹਨ ਅਤੇ ਬੇਸ਼ਰਮ ਚੇਲੇ ਲੈ ਵੀ ਲੈਂਦੇ ਹਨ। ਇਹ ਤਾਂ ਇਸਤਰ੍ਹਾਂ ਹੋਇਆ, ਆਪ ਤੇ ਚੂਹਾ ਖੁਡ ਵਿੱਚ ਸਮਾ ਨਹੀਂ ਸਕਦਾ ਅਤੇ ਉਪਰੋਂ ਲੱਕ ਨਾਲ ਛੱਜ ਬੰਨ੍ਹ ਲਿਆ ਹੈ। ਇਹੋ ਜਿਹੇ ਪਾਖੰਡੀ ਪੀਰ ਫ਼ਕੀਰ ਆਪ ਵੀ ਨਾਸ ਹੁੰਦੇ ਹਨ ਅਤੇ ਜਿਨ੍ਹਾਂ ਨੂੰ ਅਸੀਸਾਂ ਦੇਂਦੇ ਹਨ ਉਹ ਵੀ ਨਾਸ ਹੋ ਜਾਂਦੇ ਹਨ। ਪਤਾ ਨਹੀਂ ਪ੍ਰਭੂ ਦੀ ਰਜ਼ਾ ਮੁਤਾਬਿਕ ਉਹ ਕਿੱਥੇ ਜਾ ਸਮਾਂਦੇ ਹਨ। ਗੁਰੂ ਜੀ ਫ਼ੁਰਮਾਉਂਦੇ ਹਨ ਕਿ ਮੈਂ ਨਾਮ ਨੂੰ ਹੀ ਹਾੜੀ ਸਾਉਣੀ ਦਾ ਫ਼ਸਲ ਬਣਾਇਆ ਹੈ। ਮੈਂ ਐਸਾ ਪਟਾ ਲਿਖਾਇਆ ਹੈ ਜੋ ਪ੍ਰਭੂ ਦੀ ਹਜ਼ੂਰੀ ਵਿੱਚ ਜਾ ਅੱਪੜਦਾ ਹੈ। ਪੀਰਾਂ ਮੁਰਸ਼ਿਦਾਂ ਦੇ ਬੜੇ ਅੱਡੇ ਹਨ। ਦੁਨੀਆਂ ਵਿੱਚ ਇਹੋ ਜਿਹੇ ਪੀਰ ਆਉਂਦੇ ਜਾਂਦੇ ਰਹਿੰਦੇ ਹਨ। ਇਨ੍ਹਾਂ ਪੀਰਾਂ ਕੋਲੋਂ ਮੰਗਣ ਵਾਲੇ ਕਈ ਮੰਗਤੇ ਹਨ ਅਤੇ ਕਿੰਨੇ ਹੀ ਇਨ੍ਹਾਂ ਕੋਲੋਂ ਮੰਗ ਮੰਗ ਕੇ ਦੁਨੀਆਂ ਤੋਂ ਕੂਚ ਕਰ ਜਾਂਦੇ ਹਨ।

ਵਿਆਖਿਆ:- ਕਈ ਪਾਖੰਡੀ ਪੀਰ ਮੁਰਸ਼ਿਦ ਇੱਥੇ ਵਿਚਰ ਰਹੇ ਹਨ। ਪੀਰ ਸਮਝਦਾ ਹੈ ਕਿ ਉਹ ਆਪਣੀ ਟੋਪੀ/ਕੁਲਹ ਦੇ ਕੇ ਮੁਰੀਦ `ਚ ਅਜ਼ਮਤ ਭਰ ਦੇਂਦਾ ਹੈ। ਮੁਰੀਦ ਸਮਝਦਾ ਹੈ ਕਿ ਪੀਰ ਦੀ ਟੋਪੀ/ਕੁਲਹ ਪਾ ਲੈਣ ਨਾਲ ਉਸ ਵਿੱਚ ਬਰਕਤ ਆ ਵਸੀ ਹੈ। ਪੀਰ ਹਾੜੀ ਸਾਉਣੀ ਦੀ ਫ਼ਸਲ ਤੇ ਮੁਰੀਦਾਂ ਕੋਲੋਂ ਉਗਰਾਹੀ ਕਰਨ ਜਾਂਦੇ ਹਨ। ਮੁਰਸ਼ਿਦਾਂ, ਮੁਰੀਦਾਂ ਦਾ ਆਪਣਾ ਜੀਵਨ ਕੋਈ ਸ਼ਲਾਘਾ ਯੋਗ ਨਹੀਂ ਹੁੰਦਾ। ਮੁਰੀਦ ਪੀਰ ਦੀ ਟੋਪੀ/ਕੁਲਹ ਲੈ ਕੇ ਹੰਕਾਰੇ ਜਾਂਦੇ ਹਨ। ਪੀਰ ਤਾਂ ਅਸੀਸਾਂ ਵੰਡਦੇ ਹਨ, ਮੁਰੀਦ ਵੀ ਅਸੀਸਾਂ ਵੰਡਣੀਆਂ ਸ਼ੁਰੂ ਕਰ ਦੇਂਦੇ ਹਨ। ਪੀਰ, ਮੁਰੀਦ ਪ੍ਰਭੂ ਦੀ ਰਜ਼ਾ ਵਿੱਚ ਨਹੀਂ ਚਲਦੇ। ਇਹ ਪਰਮਾਤਮਾ ਦੇ ਦਰ ਤੇ ਕਬੂਲ ਨਹੀਂ ਪੈਂਦੇ। ਇਹੋ ਜਿਹੇ ਪਾਖੰਡੀਆਂ ਕੋਲੋਂ ਪ੍ਰਭੂ ਦਾ ਨਾਮ ਰੂਪੀ ਪਟਾ ਨਹੀਂ ਮਿਲ ਸਕਦਾ। ਇਹ ਆਪ ਹੀ ਨਾਮ ਨਾਲੋਂ ਟੁੱਟੇ ਹੁੰਦੇ ਹਨ।

ਗੁਰਬਾਣੀ ਅਤੇ ਸਿੱਖ ਇਤਿਹਾਸ ਪ੍ਰਤੀ ਭੁਲੇਖੇ ਪਾਉਣ ਵਾਲੇ ਪੱਤਰਕਾਰਾਂ ਦੇ ਲੇਖ ਮੇਰੇ ਪੜ੍ਹਣ ਵਿੱਚ ਆਏ ਹਨ। ਲਿਖਣ ਵਾਲੇ ਜਾਂ ਤਾਂ ਆਪਣੀ ਵਿਦਵਿਤਾ ਦਾ ਗ਼ਲਬਾ ਪਾਉਣ ਵਾਸਤੇ ਅਤੇ ਜਾਂ ਆਪਣੀ ਕਿਸੇ ਤ੍ਰਿਸ਼ਨਾ ਦੇ ਅਧੀਨ ਗੁਰਬਾਣੀ ਦੀਆਂ ਤੁਕਾਂ ਦੇ ਅਰਥ ਤਰੋੜ ਮਰੋੜ ਕੇ ਸਿੱਖ ਇਤਿਹਾਸ ਵਿਗਾੜਣ ਦੀ ਕੋਸ਼ਿਸ਼ ਵਿੱਚ ਹਨ। ਇਨ੍ਹਾਂ ਦਾ ਕਹਿਣਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਕਿਸੇ ਨੂੰ ਗੁਰੂਗੱਦੀ ਦਿੱਤੀ ਹੀ ਨਹੀ ਸੀ ਕਿਉਂਕਿ “ਕੁਲਹਾਂ ਦੇਂਦੇ ਬਾਵਲੇ ਲੈਂਦੇ ਵਡੇ ਨਿਲਜ” ਸਲੋਕ ਦੇ ਹੁੰਦਿਆਂ ਸ੍ਰੀ ਗੁਰੂ ਜੀ ਕਿਸੇ ਨੂੰ ਗੁਰੂ ਗੱਦੀ ਕਿਸ ਤਰ੍ਹਾਂ ਦੇ ਸਕਦੇ ਹਨ। ਇਨ੍ਹਾਂ ਪੱਤਰਕਾਰਾਂ ਦਿਆਂ ਚੇਲਿਆਂ ਨੇ ਪਿੰਡਾਂ ਵਿੱਚ ਫਿਰ-ਫਿਰ ਕੇ, ਇਸ ਸਲੋਕ ਦਾ ਹਵਾਲਾ ਦੇ-ਦੇ ਕੇ, ਪਰਚਾਰ ਕੀਤਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰੂ ਗੱਦੀ ਕਿਸੇ ਨੂੰ ਨਹੀਂ ਦਿੱਤੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਰੰਤ ਸਾਰਾ ਸਿੱਖ ਇਤਿਹਾਸ ਰੱਦ ਕਰਨ ਦੀ ਕੁਟਲਤਾ ਭਰੀ ਹੋਈ ਹੈ ਇਨ੍ਹਾਂ ਦੇ ਇਸ ਪਰਚਾਰ ਵਿੱਚ। ਕੁਲਹ=ਟੋਪੀ-ਇੱਕ ਵਚਨ, ਕੁਲਹਾਂ= ਟੋਪੀਆਂ-ਬਹੁ ਵਚਨ। ਇਹ ਸਾਰੀ ਹੀ ਤੁਕ ਬਹੁ ਵਚਨ ਵਿੱਚ ਹੈ। ਗੁਰੂ ਜੀ ਤਾਂ ਇਸ ਸਲੋਕ ਦਵਾਰਾ ਦਸਦੇ ਹਨ ਕਿ ਮੂਰਖ ਪੀਰ ਮੁਰੀਦਾਂ ਨੂੰ ਆਪਣੀਆਂ ਟੋਪੀਆਂ ਦੇ ਕੇ ਗੱਦੀਆਂ ਦਂਦੇ ਹਨ। ਬੇਸ਼ਰਮ ਮੁਰੀਦ ਟੋਪੀਆਂ ਲੈ ਲੈਂਦੇ ਹਨ। ਪੀਰਾਂ ਦਾ ਮੁਰੀਦਾਂ ਨੂੰ ਟੋਪੀਆਂ ਰਾਹੀਂ ਅਜ਼ਮਤ ਬਖ਼ਸ਼ਣਾ ਅਤੇ ਮੁਰੀਦਾਂ ਦਾ ਟੋਪੀ ਰਾਹੀਂ ਅਜ਼ਮਤ ਪਾ ਲੈਣਾ ਪਾਖੰਡ ਹੈ।

ਗੁਰੂ ਘਰ ਵਿੱਚ ਗੁਰੂ ਗੱਦੀ ਦੇਂਦੇ ਵਕਤ ਟੋਪੀ/ਕੁਲਹ ਦੇਣ ਦਾ ਰਿਵਾਜ ਹੈ ਹੀ ਨਹੀਂ ਸੀ। ਸਲੋਕ “ਕੁਲਹਾਂ ਦੇਂਦੇ ਬਾਵਲੇ ਲੈਂਦੇ ਵਡੇ ਨਿਲਜ” ਟੋਪੀ/ਕੁਲਹ ਦੇ ਕੇ ਗੁਰੂ ਗੱਦੀ ਦੇਣ ਦੇ ਰਿਵਾਜ ਦੀ ਨਿਖੇਦੀ ਕਰਦਾ ਹੈ, ਗੁਰੂ ਗੱਦੀ ਦੇਣ ਦੀ ਨਹੀਂ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਸੇ ਨੂੰ ਗੁਰੂ ਗੱਦੀ ਹੀ ਨਹੀਂ ਸੀ ਦਿੱਤੀ ਕਹਿਣ ਵਾਲੇ ਕੁਫ਼ਰ ਤੋਲਦੇ ਹਨ। ਸੱਚ ਇਹ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਜੀ (ਸ੍ਰੀ ਗੁਰੂ ਅੰਗਦ ਦੇਵ ਜੀ) ਨੂੰ ਗੁਰੂ ਗੱਦੀ ਦਿੱਤੀ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹੀ ਭਾਈ ਲਹਿਣਾ ਜੀ ਦਾ ਨਾਮ ‘ਅੰਗਦ’ ਰੱਖਿਆ। ਸਿੱਖਾਂ ਵਿੱਚ ਟੋਪੀ/ਕੁਲਹ ਦੀ ਵਰਤੋਂ ਕਰਨਾ ਵਰਜਿਤ ਹੈ। ਸਿੱਖ ਲਈ ਟੋਪੀ ਕੁਲਹ ਪਾਉਣਾ ਮਨ੍ਹਾ ਹੈ।

ਇਸੇ ਵਾਰ ਵਿੱਚ ਗੁਰੂ ਜੀ ਫੁਰਮਾਉਂਦੇ ਹਨ “ਪੜਿਆ ਲੇਖੇਦਾਰੁ ਲੇਖਾ ਮੰਗੀਐ॥ ਵਿਣੁ ਨਾਵੈ ਕੂੜਿਆਰੁ ਅਉਖਾ ਤੰਗੀਐ” ਪੰਨਾ ੧੨੮੮॥ ਲੇਖੇਦਾਰੁ=ਘੁੰਤਰਾਂ ਕੱਢਣ ਵਾਲਾ/ਚਤੁਰਾਈ ਦੀਆਂ ਗੱਲਾਂ ਕਰਨ ਵਾਲਾ, ਕੂੜਿਆਰ= ਕੂੜ ਦਾ ਵਪਾਰੀ, ਅਉਖਾ ਤੰਗੀਐ=ਔਖਿਆਈ ਪਾਂਉਦਾ ਹੈ। ਗੁਰੂ ਜੀ ਸਿੱਖਾਂ ਨੂੰ ਚੌਕਸ ਕਰਦੇ ਹਨ ਕਿ ਮਨੁੱਖ ਵਿਦਵਾਨ ਵੀ ਹੋਵੇ, ਘੁੰਤਰਾਂ ਕੱਢਣੀਆਂ/ਚੁਤਰਾਈ ਦੀਆਂ ਗੱਲਾਂ ਕਰਨੀਆਂ ਵੀ ਜਾਣਦਾ ਹੋਵੇ, ਤ੍ਰਿਸ਼ਨਾ ਉਸ ਤੋਂ ਵੀ ਲੇਖਾ ਲੈਂਦੀ ਹੈ ਭਾਵ ਉਹ ਵਿਦਵਾਨ ਤ੍ਰਿਸ਼ਨਾ ਦੀ ਗਰਿਫਤ ਵਿੱਚ ਹੁੰਦਾ ਹੈ। ਪ੍ਰਭੂ ਦੇ ਨਾਮ ਤੋਂ ਬਿਨਾ ਚਾਤੁਰ ਕੂੜ ਦਾ ਵਪਾਰੀ ਹੈ। ਆਪ ਔਖਾ ਰਹਿੰਦਾ ਹੈ ਅਤੇ ਦੂਜਿਆਂ ਨੂੰ ਵੀ ਔਖਿਆਈ ਵਿੱਚ ਪਾਈ ਰੱਖਦਾ ਹੈ। ਕੋਈ ਪੱਤਰਕਾਰ ਪੱਤਰਕਾਰੀ ਭਾਵੇਂ ਚੰਗੀ ਕਰ ਲੈਂਦਾ ਹੋਵੇ ਪਰ ਇਹ ਜ਼ਰੂਰੀ ਨਹੀਂ ਕਿ ਉਹ ਗੁਰਬਾਣੀ/ਸਿੱਖ ਇਤਿਹਾਸ ਦਾ ਵੀ ਗਿਆਤਾ ਹੈ। ਜੇ ਕੋਈ ਪੱਤਰਕਾਰ ਆਪ ਹੀ ਰੌਲਾ ਪਾਈ ਰੱਖੇ “ਮੈਂ ਸਿੱਖਾਂ ਦੀ ਨੁਮਾਇੰਦਗੀ ਕਰ ਰਿਹਾ ਹਾਂ” ਅਤੇ ਆਪਣੇ ਮਿਤ੍ਰਾਂ ਕੋਲੋਂ ਆਪਣੀ ਵਿਦਵਿਤਾ ਦੀ ਘੋਸ਼ਣਾ ਕਰਵਾਉਂਦਾ ਰਹੇ, ਮੇਰੇ ਵਿਚਾਰ ਵਿੱਚ ਇਹੋ ਜਿਹੇ ਪਤੱਰਕਾਰ ਨੂੰ ਸੰਗਰੋਧਨ ਸ਼੍ਰੇਣੀ (Quarantine category) ਵਿੱਚ ਰੱਖਣਾ ਚਾਹੀਦਾ ਹੈ। ਕਿਸੇ ਵੀ ਮੀਡਿਏ ਜਾਂ ਪੱਤਰਕਾਰ ਲਈ ਸਿੱਖਾਂ ਪ੍ਰਤੀ ਮੱਕਾਰੀ ਭਰਿਆ ਰਵੱਈਆ ਅਪਨਾਉਣਾ ਨੈਤਿਕਤਾ ਦਾ ਗਲਾ ਘੁਟਣਾ ਹੈ।

ਇੱਕ ਚਾਤੁਰ ਬੰਦਾ ਕਿਸੇ ਆਸ਼ਰਮ ਵਿੱਚ ਗਿਆ। ਉਸ ਨੇ ਆਸ਼ਰਮ ਦੇ ਗੁਰੂ ਜੀ ਨੂੰ ਬੇਨਤੀ ਕੀਤੀ “ਗੁਰੂ ਜੀ ਮੈਨੂੰ ਆਪਣਾ ਚੇਲਾ ਬਣਾ ਲਵੋ।” ਆਸ਼ਰਮ ਦੇ ਗੁਰੂ ਨੇ ਆਖਿਆ “ਬੇਟਾ! ਚੇਲਿਆਂ ਦੀ ਘਾਲ ਬੜੀ ਕਠਿਨ ਹੈ। ਤੂੰ ਕੁੱਝ ਦਿਨ ਇੱਥੇ ਮੇਰੇ ਚੇਲਿਆਂ ਵਿੱਚ ਵਿਚਰ ਅਤੇ ਫਿਰ ਮੈਨੂੰ ਦਸੀਂ ਕਿ ਕੀ ਤੂੰ ਚੇਲੇ ਦਾ ਫ਼ਰਜ਼ ਨਿਭਾ ਸਕੇਂਗਾ?” ਦੋ ਚਾਰ ਦਿਨ ਬਾਅਦ ਉਹ ਬੰਦਾ ਆਸ਼ਰਮ ਦੇ ਗੁਰੂ ਕੋਲ ਬੇਨਤੀ ਕਰਦੈ “ਗੁਰੂ ਜੀ ਚੇਲਾ ਬਣਨਾ ਔਖਾ ਹੈ, ਤੁਸੀਂ ਮੈਨੂੰ ਗੁਰੂ ਹੀ ਬਣਾ ਲਵੋ।” ਜਿਨ੍ਹਾਂ ਲਈ ਗੁਰਮਤਿ ਅਨੁਸਾਰੀ ਸਿੱਖ ਬਣਨਾ ਔਖਾ ਹੈ ਉਹ ਗੁਰੂ ਬਣ ਬੈਠੇ ਹਨ ਆਪਣੇ ਮਨ ਪਸੰਦ ਦੀ ਗੁਰਮਤਿ ਉਲੀਕਣ ਵਾਸਤੇ।

ਜਿਨ੍ਹਾਂ ਸਿੰਘਾ ਸਿੰਘਣੀਆਂ ਨੇ ਕੁਰਬਾਨੀਆਂ ਦੇ-ਦੇ ਕੇ, ਸ੍ਰੀ ਕਲਗੀਧਰ ਜੀ ਦੇ ਬਖਸ਼ੇ ਖਾਲਸਾਈ ਜਜ਼ਬੇ ਨੂੰ ਕਾਇਮ ਰੱਖ ਕੇ, ਸਿੱਖੀ ਸਿਧਾਂਤਾਂ ਨੂੰ ਸਿਰ ਝੁਕਾ ਕੇ, ਸਿੱਖੀ ਦੇ ਬੂਟੇ ਨੂੰ ਆਪਣੇ ਲਹੂ ਨਾਲ ਸਿੰਜ-ਸਿੰਜ ਕੇ, ਸਿੱਖ ਫੁਲਵਾੜੀ ਨੂੰ ਪਿਆਰ ਕੀਤਾ, ਸਿੱਖ ਫੁਲਵਾੜੀ ਨੂੰ ਹਰਾ ਰੱਖਿਆ, ਅਜੋਕੇ ਵਿਦਵਾਨ/ਪੱਤਰਕਾਰ ਉਨ੍ਹਾਂ ਸਿੱਖ ਸ਼ਹੀਦਾਂ ਨੂੰ ਜੰਗਲੀ, ਖੁੰਝੇ ਹੋਏ ਅਤੇਂ ਸਿੱਖ ਸਿਧਾਂਤਾਂ ਤੋਂ ਨਾਵਾਕਿਫ਼ ਆਖਦੇ ਹਨ। ਇੱਕ ਸ਼ਾਇਰ ਆਖਦਾ ਹੈ:-

“ਜਬ ਪੜਾ ਵਕਤ ਚਮਨ ਪਰ ਤੋ ਖ਼ੂਂ ਚਮਨਪਰਸਤੋਂ ਨੇ ਦੀਆ। ਚਮਨ ਫ਼ਨਾਗਰੋਂ ਨੇ ਠਾਨੀ ਹੈ ਵਜੂਦੇ ਚਮਨਪਰਸਤ ਨਾਬੂਦ ਕਰਨੇ ਕੀ।”

ਵਕਤ= ਕਸ਼ਟ ਦਾ ਸਮਾਂ, ਚਮਨ=ਫੁਲਵਾੜੀ, ਖ਼ੂਂ=ਖੂਨ, ਚਮਨਪਰਸਤ= ਫੁਲਵਾੜੀ ਨੂੰ ਪਿਆਰ ਕਰਨ ਵਾਲਾ, ਫ਼ਨਾਗਰ= ਨਸ਼ਟ ਕਰਨ ਵਾਲਾ, ਵਜੂਦੇ ਚਮਨਪਰਸਤ=ਫੁਲਵਾੜੀ ਨੂੰ ਪਿਆਰ ਕਰਨ ਵਾਲਿਆਂ ਦੀ ਹਸਤੀ, ਨਾਬੂਦ=ਨਸ਼ਟ।

ਬਾਣੀ ਦੇ ਅਰਥ ਤੋੜ ਮਰੋੜ ਕੇ ਪੇਸ਼ ਕਰਨ ਵਾਲਿਆਂ ਤੋਂ ਸਾਨੂੰ ਸਾਵਧਾਨ ਰਹਿਣ ਦੀ ਲੋੜ ਹੈ।

ਸੁਰਜਨ ਸਿੰਘ--+919041409041




.