.

ਸਿੱਖੀ ਸੰਭਾਲ ਸਿੰਘਾ! (ਕਿਸ਼ਤ ਪੰਦ੍ਰਵੀਂ)

ਸਿੱਖ ਧਰਮ

ਸਿਖ-ਧਰਮ ਵੀ ਹੈ ਅਤੇ ਲਹਿਰ ਵੀ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

(ਵਿਸ਼ੇ ਦਾ ਪੂਰਾ ਲਾਭ ਲੈਣ ਲਈ, ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

(੪) ਪੰਥਕ ਅਧੋਗਤੀ ਬਨਾਮ ਅਜੋਕੇ ਗੁਰਦੁਆਰੇ?

ਦਰਅਸਲ ਅਜੋਕੇ ਗੁਰਦੁਆਰਿਆਂ ਦਾ ਮੂਲ, ਗੁਰੂ ਸਾਹਿਬਾਨ ਦੇ ਸਮੇਂ ਦੀਆਂ ਧਰਮਸ਼ਾਲਾਵਾਂ ਹੀ ਹਨ। ਇਸ ਲਈ ਇਨ੍ਹਾਂ ਗੁਰਦੁਆਰਿਆਂ `ਚੋਂ ਤਾਂ “ਜੋਤਿ ਓਹਾ ਜੁਗਤਿ ਸਾਇ” (ਪੰ: ੯੬੬) ਦੇ ਆਧਾਰ `ਤੇ ਸਿੱਖ ਧਰਮ ਦੇ ਨਾਲ ਨਾਲ ਸਿੱਖ ਲਹਿਰ ਨੂੰ ਵੀ ਫੁਟ ਫੁਟ ਕੇ ਬਾਹਿਰ ਆਉਣਾ ਚਾਹੀਦਾ ਸੀ ਅਤੇ ਅਜਿਹਾ ਹੁੰਦਾ ਵੀ ਰਿਹਾ ਹੈ। ਇਨ੍ਹਾਂ ਧਰਮਸ਼ਾਲਾਵਾਂ `ਚ ਕੇਵਲ ਦੋ ਵੱਕਤ ਦਾ ਗੁਰਬਾਣੀ ਸਤਿਸੰਗ ਹੀ ਨਹੀਂ ਬਲਕਿ ਉਸ ਸਮੇਂ ਇੱਥੇ ਮਨੁੱਖ ਸਮਾਜ ਦੀਆਂ ਸਮੂਹ ਸਮਸਿਆਵਾਂ ਦਾ ਹੱਲ ਵੀ ਹੁੰਦਾ ਸੀ, ਪਰ ਅੱਜ ਅਸੀਂ ਕਿੱਥੇ ਖੜੇ ਹਾਂ? ਉਸ ਸਮੇਂ ਉਹ ਸਤਿਸੰਗ “ਭਉ ਭਗਤਿ ਕਰਿ ਨੀਚੁ ਸਦਾਏ॥ ਤਉ ਨਾਨਕ ਮੋਖੰਤਰੁ ਪਾਏ” (ਪੰ: ੪੭੦) ਹੀ ਹੁੰਦੇ ਸਨ। ਜਦਕਿ ਉਸ ਸਾਰੇ ਦੇ ਉਲਟ ਅੱਜ ਸਾਡੀਆਂ ਮਨਮੱਤਾਂ ਵਾਲਾ ਰਾਖਸ਼ ਗੁਰਦੁਆਰਿਆਂ ਅੰਦਰ ਕਾਫ਼ੀ ਗਹਿਰੀਆਂ ਜੜ੍ਹਾਂ ਜਮਾ ਚੁੱਕਾ ਹੈ। ਉਸੇ ਦਾ ਨਤੀਜਾ, ਅੱਜ ਕੌਮ ਪਾਸੋਂ ਵਿਚਾਰ ਸ਼ਕਤੀ ਪੂਰੀ ਤਰ੍ਹਾਂ ਖੋਹੀ ਜਾ ਚੁੱਕੀ ਹੈ। ਉਸਦਾ ਮੁੱਖ ਕਾਰਨ ਹੈ ਅੱਜ ਗੁਰਦੁਆਰਿਆਂ ਦੀ ਗੁਰਬਾਣੀ ਗਿਆਨ ਆਧਾਰਤ ਸੁਵਰਤੋਂ ਨਾ ਹੋਣਾ।

ਅੱਜ ਸਿੱਖ ਦੀ ਸ਼ਰਧਾ ਦਾ ਕੇਂਦ੍ਰ ਗੁਰਬਾਣੀ ਤੋਂ ਪ੍ਰਗਟ ਹੋਣ ਵਾਲੀ ਜੋਤ ਤੇ ਜੁਗਤ ਨਹੀਂ, ਬਲਕਿ ਗੁਰਦੁਆਰਿਆਂ ਦੀਆਂ ਸੰਗਮਰਮਰ ਦੀਆਂ ਇਮਾਰਤਾਂ, ਸੋਨੇ ਦੇ ਕਲਸ, ਬੇਲੋੜੇ ਸਰੋਵਰ, ਸੋਨੇ-ਚਾਂਦੀ ਦੀਆਂ ਪਾਲਕੀਆਂ ਤੇ ਦਰਵਾਜ਼ੇ, ਜ਼ਰੂਰਤ ਤੋਂ ਕਈ ਗੁਣਾ ਵੱਧ ਪ੍ਰਸ਼ਾਦਿ ਤੇ ਰੁਮਾਲਿਆਂ ਦੀ ਹੌੜ, ਅਖੰਡ ਪਾਠਾਂ ਦੀਆਂ ਲੜੀਆਂ ਤੇ ਕੋਤਰੀਆਂ, ਚੌਵੀ ਘੰਟੇ ਦੇਸੀ ਘਿਉ ਦੀਆਂ ਜੋਤਾਂ, ਕੱਚੀ ਲੱਸੀ ਤੇ ਦੁੱਧ ਨਾਲ ਫ਼ਰਸ਼ਾਂ-ਥੱੜ੍ਹਿਆਂ ਦੇ ਇਸ਼ਨਾਨ ਇਹ ਸਭਕੁਝ ਅਜੋਕੇ ਗੁਰਦੁਆਰਿਆਂ `ਚ ਸਹਿਜੇ ਹੀ ਦਿਖਾਈ ਦੇ ਸਕਦਾ ਹੈ। ਅੱਜ ਸਾਨੂੰ ਭਾਈ ਡੱਲੇ ਵਾਲੀ ਸਾਖੀ ਚੇਤੇ ਨਹੀਂ ਕਿ “ਡਲਿਆ! ਸੰਸਾਰਕ ਵਸਤਾਂ ਬਦਲੇ ਸੰਸਾਰਕ ਵਸਤਾਂ-ਤਾਕਤਾਂ ਤਾਂ ਬਹੁਤ ਮਿਲ ਸਕਦੀਆਂ ਹਨ, ਪਰ ਗੁਰੂ ਤਾਂ ‘ਮਨ’ ਦੇ ਕੇ ਹੀ ਮਿਲੇਗਾ”। ਇਸ ਸਮੇਂ ਸਾਡੇ ਨਾਲ ਵੀ ਇਹੀ ਵਾਪਰ ਰਿਹਾ ਹੈ। ਅੱਜ ਸਾਡੀ ਫ਼ੋਕੀ-ਅਨ੍ਹੀਂ ਤੇ ਮਨਮੱਤੀ ਸ਼ਰਧਾ ਤੇ ਮੰਗਾਂ ਦੀ ਭਰਮਾਰ ਤਾਂ ਸੰਗਤਾਂ `ਚ ਬਹੁਤ ਭਰੀ ਅਤੇ ਤੇਜ਼ ਕੀਤੀ ਜਾ ਰਹੀ ਹੈ ਪਰ ਸਿੱਖੀ ਤੇ ਸਿੱਖੀ ਤੋਂ ਪੈਦਾ ਹੋਣ ਵਾਲਾ ਸਮਾਜਿਕ ਜੀਵਨ ਇਥੋਂ ਪੂਰੀ ਤਰ੍ਹਾਂ ਗ਼ਾਇਬ ਹੈ। ਸਪਸ਼ਟ ਹੈ ਕਿ ਇਸ ਤਰ੍ਹਾਂ ਸਿੱਖ ਧਰਮ ਤੇ ਸਿੱਖ ਲਹਿਰ ਉਭਰੇ ਵੀ ਤਾਂ ਕਿਵੇਂ ਤੇ ਕਿਸ ਰਸਤੇ?

ਇਸ ਫੋਕੀ ਤੇ ਅੰਨ੍ਹੀ ਸ਼ਰਧਾ ਦੀ ਦੌੜ ਕਾਰਨ ਅੱਜ ਗੁਰਦੁਆਰਿਆਂ `ਚ ਮਨਾਏ ਜਾ ਰਹੇ ਗੁਰਪੁਰਬਾਂ ਤੇ ਸਮਾਗਮਾਂ `ਚ ਵੀ ਟਿਕਾਅ ਨਹੀਂ ਰਿਹਾ। ਗੁਰਪੁਰਬ-ਗੁਰਪੁਰਬ ਨਹੀਂ, ਮੇਲੇ ਬਣ ਕੇ ਰਹਿ ਚੁੱਕੇ ਹਨ। ਅਜੋਕੇ ਨਗਰ ਕੀਰਤਨ, ਦੂਜਿਆਂ ਦੇ ਜਲੂਸਾਂ ਵਾਂਗ ਕੇਵਲ ਜਲੂਸ ਹੀ ਬਣ ਗਏ ਹਨ। ਪ੍ਰਭਾਤ ਫੇਰੀਆਂ ਵੀ ‘ਕੱਚੀਆਂ ਧਾਰਨਾਵਾਂ ਦੇ ਕੇਂਦ੍ਰ ਤੇ ਚਾਹ ਫੇਰੀਆਂ’ `ਚ ਬਦਲ ਚੁੱਕੀਆਂ ਹਨ। ਸੰਸਾਰ ਤਲ ਦੀਆਂ ਸਾਡੀਆਂ ਸਰਬ ਉੱਤਮ ਸੰਸਥਾਵਾਂ ‘ਗੁਰੂ ਕੇ ਲੰਗਰ ਤੇ ‘ਕੜਾਹ ਪ੍ਰਸ਼ਾਦਿ’, ਦੋਵੇਂ ਤਹਿਸ ਨਹਿਸ ਹੋ ਕੇ ‘ਭਾਂਤ-ਸੁਭਾਂਤੇ’ ਲੰਗਰਾਂ ਦਾ ਰੂਪ ਲੈ ਚੁੱਕੀਆਂ ਹਨ। ਇਹ ਸਾਰਾ ਕ੍ਰਿਸ਼ਮਾ ਹੈ ਸਾਡੇ ਅਜੋਕੇ ਗੁਰਦੁਆਰਿਆਂ `ਚੋਂ ਪ੍ਰਚੰਡ ਕੀਤੀ ਜਾ ਰਹੀ ਸਾਡੇ ਲਈ ਅੰਨ੍ਹੀ ਤੇ ਮਨਮੱਤੀ ਸ਼ਰਧਾ ਦਾ।

ਆਖਿਰ, ਕਿਸ ਤਰੀਕੇ ਅਸੀਂ ਦੁਨੀਆਂ ਨੂੰ ਦੱਸਾਂਗੇ ਕਿ ਗੁਰੂ ਨਾਨਕ ਪਾਤਸ਼ਾਹ ਦੀ ਉੱਚੀ-ਸੁੱਚੀ ਤੇ ਨਿਆਰੀ-ਨਿਰਾਲੀ ਸਿੱਖੀ ਕੀ ਹੈ? ਇਸ `ਚੋਂ ਕਿਵੇਂ ਵਧੇ ਫੁਲੇਗਾ ਸਿੱਖ ਧਰਮ ਤੇ ਇਸ ਦੇ ਵਾਧੇ ਦੀ ਜੜ੍ਹ, ਸਿੱਖ ਲਹਿਰ? ਅਰਬਾਂ-ਖਰਬਾਂ ਦੇ ਖਰਚੇ, ਵੱਡੇ ਵੱਡੇ ਪੰਥਕ ਇਕੱਠ ਤੇ ਕੌਮੀ ਤਾਕਤ; ਇਨ੍ਹਾਂ ਗੁਰਪੁਰਬਾਂ-ਇਕੱਠਾ ਸਮੇਂ ਖੀਰਾਂ-ਫਰੂਟਾਂ ਦੇ ਲੰਗਰ-ਛਬੀਲਾਂ ਲਗਾ ਕੇ ਵੀ ਤੇ ਵੱਡੀਆਂ ਭੀੜਾਂ ਜੁਟਾ ਕੇ ਵੀ, ਸ਼ਾਮੀ ਕਿਸੇ ਨੂੰ ਸੋਚਣ ਦੀ ਫੁਰਸਤ ਨਹੀਂ ਕਿ ਕਿਵੇਂ ਠੱਲ੍ਹ ਪਾਈ ਜਾਵੇ ਅਜੋਕੇ ਪਤਿੱਤਪੁਣੇ ਤੇ ਪੰਥ `ਚ ਜੜ੍ਹਾਂ ਜਮਾ ਚੁੱਕੀ ਨਸ਼ਿਆਂ ਦੀ ਲਾਹਣਤ ਨੂੰ? ਕੌਣ ਵਿਚਾਰੇਗਾ ਕਿ ਖੰਡੇ ਕੀ ਪਾਹੁਲ ਵਾਲੀ ਲਹਿਰ ਕਿੰਨੀਂ ਪ੍ਰਬਲ ਹੋਈ ਹੈ? ਹੋਈ ਵੀ ਹੈ ਜਾਂ ਨਹੀਂ। ਕੇਸਾਂ, ਦਾੜ੍ਹੀ ਦੀ ਬੇਅਦਬੀ ਆਪਣੇ ਸ਼ਿਖਰਾਂ `ਤੇ ਪੁੱਜ ਚੁੱਕੀ ਹੈ, ਤਾਂ ਉਹ ਕਿਉਂ ਤੇ ਕੌਣ ਜ਼ਿਮੇਵਾਰ ਹੈ ਇਸ ਦੇ ਲਈ? ਕਿਸੇ ਨੇ, ਆਪਣੇ ਅੰਦਰ ਆ ਚੁੱਕੀ ਸ਼ਰਾਬ ਤੇ ਨਸ਼ਿਆਂ ਦੀ ਲਾਹਣਤ ਤੋਂ ਤੋਬਾ ਕੀਤੀ ਵੀ ਹੈ ਜਾਂ ਕਿ ਨਹੀਂ? ਆਖ਼ਿਰ ਕੌਣ ਵਿਚਾਰੇਗਾ ਕਿ ਇਸ ਸਮੁਚੀ ਪੰਥਕ ਅਧੋਗਤੀ ਦੀ ਜੜ੍ਹ ਕਿੱਥੇ ਹੈ? ਜਦਕਿ ਇਸ ਸਾਰੇ ਦੀ ਜੜ੍ਹ ਸਾਡੇ ਗੁਰਦੁਆਰਿਆਂ ਦੀ ਯੋਗ ਵਰਤੋਂ ਪੱਖੋਂ ਘਾਟ ਹੀ ਹੈ ਅਤੇ ਹੋਰ ਕਿਧਰੇ ਵੀ ਨਹੀਂ।

ਧਰਮ ਤੇ ਸ਼ਰਧਾ ਦਾ ਮਿਲਾਪ ਕਿੱਥੇ? -ਆਮ ਤੌਰ `ਤੇ ਮਨੁੱਖ ਦੁਖਾਂ-ਤਕਲੀਫਾਂ `ਚ ਗ੍ਰਸਿਆ ਧਰਮ ਵੱਲ ਵਧਦਾ ਹੈ। ਫ਼ੁਰਮਾਨ ਹੈ “ਮਾਨੁ ਮਾਂਗਉ ਤਾਨੁ ਮਾਂਗਉ ਧਨੁ ਲਖਮੀ ਸੁਤ ਦੇਹ” (ਪੰ: ੧੩੦੭) ਇਸਤਰ੍ਹਾਂ ਕਿਸੇ ਨੂੰ ਪੁੱਤਰ ਚਾਹੀਦਾ ਹੈ, ਕਿਸੇ ਨੂੰ ਵਪਾਰ `ਚ ਵਾਧਾ; ਕਿਸੇ ਨੂੰ ਮੁਕਦਮੇ `ਚ ਜਿੱਤ; ਕਿਸੇ ਨੇ ਪਤਨੀ ਨੂੰ ਵੱਸ ਕਰਣਾ ਹੈ ਤੇ ਕਿਸੇ ਨੇ ਪਤੀ ਨੂੰ। ਕਿਸੇ ਨੂੰ ਤਰੱਕੀ ਦੀ ਦੌੜ ਹੈ ਅਤੇ ਕਿਸੇ ਨੂੰ ਕੁੱਝ ਹੋਰ। ਆਮ ਤੌਰ ਤੇ ਦੁਖਾਂ ਦਾ ਮਾਰਿਆ ਮਨੁੱਖ ਧਰਮ ਦੀ ਟੇਕ ਲੈਂਦਾ ਹੈ। ਅਜਿਹੀ ਹਾਲਤ ਦਾ ਸ਼ਿਕਾਰ, ਬਹੁਤ ਵਾਰੀ ਤਾਂ ਮਨੁੱਖ, ਪਾਤਸ਼ਾਹ ਦੇ ਦਰ `ਤੇ ਵੀ ਪਹਿਲੀ ਵਾਰੀ ਮੰਗਤਾ ਬਣ ਕੇ ਹੀ ਆਉਂਦਾ ਹੈ। ਮੌਜੂਦਾ ਹਾਲਾਤ `ਚ ਗੁਰਦੁਆਰਿਆਂ ਦਾ ਵਾਤਾਵਰਣ ਵੀ ਪੂਰੀ ਤਰ੍ਹ੍ਹਾਂ ਕਰਮਕਾਂਡਾਂ ਤੇ ਵਿਪਰਨ ਦੀਆ ਰੀਤਾਂ ਨਾਲ ਦੂਸ਼ਤ ਹੈ। ਉਹ ਜਦੋਂ ਗੁਰੂਦਰ ਵੱਲ ਵਧਦਾ ਹੈ ਤਾਂ ਪ੍ਰਚਲਤ ਕੀਤੇ ਜਾ ਚੁੱਕੇ ਕਰਮਕਾਂਡਾਂ `ਚੋਂ ਹੀ ਕਿਸੇ ਇੱਕ ਜਾਂ ਦੂਜੇ ਕਰਮਕਾਂਡ ਦੀ ਟੇਕ ਲੈ ਲੈਂਦਾ ਹੈ। ਕੋਈ ਸੁੱਖਨਾਂ ਸੁੱਖਦਾ ਹੈ, ਕੋਈ ਚਾਲੀਹਾ, ਕੋਈ ਪਾਠ, ਕੋਈ ਇਸ਼ਨਾਨ, ਕੋਈ ਕਿਸੇ ਚੁਬੱਚੇ-ਸਰੋਵਰ ਦਾ ਜਲ ਜਾਂ ਇਸੇ ਤਰ੍ਹਾਂ ਕੁੱਝ ਹੋਰ। ਪਰ ਇਹ ਦਰ ਤਾਂ ਹੈ ਹੀ ਗੁਰੂ ਨਾਨਕ ਦਾ ਦਰ, ਸਭ ਤੋਂ ਉੱਚਾ ਦਰ। ਪ੍ਰਾਪਤੀ ਹੋ ਜਾਂਦੀ ਹੈ, ਕੇਵਲ ਇਸ ਦਰ ਦਾ ਸੁਆਲੀ ਹੋਣ ਕਾਰਨ। ਇਸ ਤਰ੍ਹਾਂ ਮੰਗ ਤਾਂ ਪੂਰੀ ਹੋ ਜਾਂਦੀ ਹੈ ਪਰ ਉਸ ਦਾ ਆਧਾਰ ਬਣ ਜਾਂਦਾ ਹੈ ਇੱਕ ਜਾਂ ਦੂਜਾ ਫੋਕਟ ਕਰਮਕਾਂਡ।

ਜੇ ਸਚਮੁਚ ਗੁਰਦੁਆਰਾ ਸਾਹਿਬ ਅੰਦਰੋਂ “ਜੋਤਿ ਓਹਾ ਜੁਗਤਿ ਸਾਇ” (ਪੰ: ੯੬੬) ਅਨੁਸਾਰ ਗੁਰਬਾਣੀ ਜੀਵਨ ਦੀ ਵਰਖਾ ਵੀ ਹੋ ਰਹੀ ਹੁੰਦੀ ਤਾਂ ਮਨੁੱਖ “ਦੁਖੁ ਦਾਰੂ ਸੁਖੁ ਰੋਗੁ ਭਇਆ ਜਾ ਸੁਖੁ ਤਾਮਿ ਨ ਹੋਈ” (ਪੰ: ੪੬੯) ਭਾਵ ਭਾਵੇਂ ਉਹ ਗੁਰੂਦਰ `ਤੇ ਪੁੱਜਾ ਤਾਂ ਸੀ ਆਪਣੀ ਮੰਗ ਜਾਂ ਆਪਣੇ ਕਿਸੇ ਦੁਖ ਤਕਲੀਫ ਦੇ ਨਿਵਾਰਣ ਲਈ। ਇਹ ਤਾਂ ਗੁਰੂ ਦਾ ਦਰ ਸੀ, ਸਚਿਆਰਾ ਬਣਨ ਵੱਲ ਅੱਗੇ ਵਧਦਾ। ਉਸ ਦੇ ਕਦਮ “ਜਾ ਸੁਖੁ ਤਾਮਿ ਨ ਹੋਈ” ਵੱਲ ਵਧਦੇ। ਉਸ ਨੂੰ ਸੰਸਾਰਕ ਦੁਖਾ ਸੁਖਾਂ ਦੀ ਅਸਲੀਅਤ “ਸੁਖੁ ਦੁਖੁ ਦੁਇ ਦਰਿ ਕਪੜੇ, ਪਹਿਰਹਿ ਜਾਇ ਮਨੁਖ” (ਪੰ: ੧੪੯) ਤੇ “ਦੁਖ ਸੁਖ ਦੋਊ ਸਮ ਕਰਿ ਜਾਨੈ, ਬੁਰਾ ਭਲਾ ਸੰਸਾਰ” (ਪੰ: ੧੨੫੬) “ਵਾਲੀ ਦ੍ਰਿੜ੍ਹਤਾ ਆਉਂਦੀ। ਉਸ ਦਾ ਜੀਵਨ ਗੁਰਬਾਣੀ ਗੁਣਾਂ ਤੇ ਉੱਚੇ ਸੰਸਕਾਰਾਂ ਵਾਲੇ ਪਾਸੇ ਟੁਰਦਾ। ਉਹ ਦਿਨੋ ਦਿਨ ਸੰਸਾਰਕ ਮੰਗਾਂ ‘ਤੋਂ ਉਭਰਦਾ ਤੇ “ਮਾਗਨਾ ਮਾਗਨੁ ਨੀਕਾ, ਹਰਿ ਜਸੁ ਗੁਰ ਤੇ ਮਾਗਨਾ” (ਪੰ: ੧੦੧੮) ਦੀ ਸਚਾਈ ਵਾਲੇ ਪਾਸਿਓਂ ਆਪਣੇ ਜੀਵਨ ਦੀ ਸੰਭਾਲ ਕਰਦਾ।

ਵੱਡੀ ਸ਼ਰਧਾ ਨਾਲ ਉਹ ਪੜ੍ਹ ਤਾਂ ਰਿਹਾ ਹੈ “ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸਿ” (ਪੰ: ੮੧੯) ਪਰ ਸਚਾਈ ਇਹ ਹੈ ਕਿ ਉਸ ਅੰਦਰ ‘ਜਨ’ ਬਣਨ ਵਾਲੀ ਗੱਲ ਹੀ ਨਹੀਂ ਬਣ ਰਹੀ। ਜਨ ਤਾਂ ਹੁੰਦਾ ਤਾਂ ‘ਹੁਕਮੀ ਬੰਦਾ’। ਇਸ ਦੇ ਉਲਟ ਇਥੇ ਤਾਂ ਕਰਮਕਾਂਡ ਤੇ ਫੋਕਟ ਵਿਸ਼ਵਾਸ ਉਸ ਅੰਦਰ ਨਿੱਤ ਨਵਾਂ ਰੂਪ ਧਾਰ-ਧਾਰ ਕੇ ਦ੍ਰਿੜ੍ਹ ਹੋ ਰਹੇ ਹਨ। ਗੁਰਮੱਤ ਜੀਵਨ ਤਾਂ ਉਸ ਅੰਦਰ ਗੁਰਬਾਣੀ ਅਭਿਆਸ-ਵਿਚਾਰ ਤੋਂ ਬਿਨਾ ਸੰਭਵ ਹੀ ਨਹੀਂ ਸੀ। ਨਤੀਜਾ. ਗੁਰਦੁਆਰੇ ਤੇ ਗੁਰੂ ਲਈ ਮਨਮੱਤੀ ਸ਼ਰਧਾ ਤਾਂ ਵਧਦੀ ਜਾਂਦੀ ਹੈ ਪਰ ਸਿੱਖੀ ਜੀਵਨ ਤੇ ਗੁਰਬਾਣੀ ਪ੍ਰਤੀ ਗੁਰਮੱਤੀ ਸ਼ਰਧਾ, ਉਸ ਦੇ ਜੀਵਨ ਅੰਦਰ ਉੱਕਾ ਨਹੀਂ ਬਣ ਰਹੀ। ਇਸ ਤਰ੍ਹਾਂ ਸਾਰੀ ਉਮਰ ਫਸਿਆ ਰਹਿੰਦਾ ਹੈ ਉਨ੍ਹਾਂ ਹੀ ਅਨਮੱਤੀ, ਮਨਮੱਤੀ, ਹੂੜਮੱਤੀ ਬਲਕਿ ਬਹੁਤ ਵਾਰ ਦੁਰਮੱਤੀ ਕਰਮਾਂ `ਚ ਵੀ।

ਇਸ ਤਰ੍ਹਾਂ ਕਹਿਣ ਅਖਵਾਉਣ ਨੂੰ ਗੁਰੂ ਕਾ ‘ਸਿੱਖ’ ਹੀ ਹੈ ਤੇ ਸ਼ਰਧਾ ਵੀ ਬੇਅੰਤ ਹੈ; ਜਦਕਿ ਪ੍ਰਵਾਰ `ਚ ਹਰੇਕ ਕੰਮ, ਗੁਰੂ ਦੀ ਸਿੱਖਿਆ ਦੇ ਉਲਟ ਹੋ ਰਿਹਾ ਹੈ। ਔਲਾਦ ਸਮੇਂ ‘ਧੀ’ ਦੀ ਨਹੀਂ, ਖਾਹਿਸ਼ ‘ਪੁੱਤਰ’ ਦੀ ਹੈ। ਭਰੂਨ ਹੱਤਿਆ, ਨੂਹਾਂ ਨਾਲ ਵਿਤਕਰੇ, ਨਸ਼ਿਆਂ ਦੀ ਭਰਮਾਰ, ਸ਼ਗਨਾਂ, ਰੀਤਾਂ ਦੇ ਸ਼ਿਖਰ। ਲੋਹੜੀਆਂ, ਦਿਵਾਲੀਆਂ, ਰੱਖੜੀਆਂ, ਟਿੱਕੇ, ਕੰਜਕਾਂ, ਤੀਆਂ, ਗੁੱਗਾ ਪੂਜਾ, ਕਰਵਾਚੌਥ, ਪੂਰਨਮਾਸ਼ੀਆਂ ਆਦਿ ਦੇ ਵਰਤ ਆਦਿ ਅਨਮੱਤੀ ਤਿਉਹਾਰਾਂ ਤੋਂ ਫੁਰਸਤ ਨਹੀਂ ਪਰ ਗੁਰਪੁਰਬ ਚੇਤੇ ਨਹੀਂ। ਸੰਗ੍ਰਾਂਦਾਂ-ਮੱਸਿਆਵਾਂ, ਸਰਾਧ-ਨੌਰਾਤੇ, ਮੰਗਲ-ਸਨੀਚਰ, ਸਵੇਰ-ਸ਼ਾਮ ਆਦਿ ਥਿਤਾਂ ਵਾਰਾਂ ਦੇ ਝਮੇਲੇ ਪਹਿਲਾਂ ਵਾਂਗ ਹੀ ਕਾਇਮ ਹਨ। ਇਸੇ ਤਰ੍ਹਾਂ ਟੂਣਿਆਂ-ਪ੍ਰਛਾਵਿਆਂ-ਕਬਰਾਂ-ਮੜ੍ਹੀਆਂ-ਮੂਰਤੀਆਂ-ਤਸਵੀਰਾਂ ਦੀ ਪੂਜਾ ਆਦਿ `ਚ ਵੀ ਨਾ ਜਾਣੇ ਕਿੱਥੇ ਕਿੱਥੇ ਉਲਝਿਆ ਪਿਆ ਹੈ।

ਫ਼ਿਰ ਪ੍ਰਵਾਰਾਂ `ਚ ਵੀ, ਜੇ ਕੋਈ ਖੁਸ਼ੀ-ਗ਼ਮੀ ਹੈ ਤਾਂ ਉਥੇ ਵੀ ਸਿੱਖੀ ਕੇਵਲ ਪਾਠ ਕਰਣ ਤੇ ਕਰਵਾਉਣ ਤੱਕ ਹੀ ਸੀਮਤ ਹੈ, ਇਸ ਤੋਂ ਅਗੇ ਗੁਰਬਾਣੀ ਦੀ ਵਿਚਾਰ ਵਾਲੀ ਗੱਲ ਹੈ ਹੀ ਨਹੀਂ। ਸਾਰੇ ਪ੍ਰਵਾਰ `ਚ ਬ੍ਰਾਹਮਣ ਮੱਤ, ਹੂੜਮੱਤ, ਮਨਮੱਤ ਦਾ ਬੋਲ ਬਾਲਾ ਹੈ। ਗੁਰੂ ਦੀ ਮੱਤ ਵਾਲੀ ਗੱਲ ਕਿਧਰੇ ਨਜ਼ਰ ਨਹੀਂ ਆ ਰਹੀ; ਫ਼ਿਰ ਵੀ ਅਖਵਾਉਂਦੇ ਹਨ ਪੱਕੇ ਸਿੱਖ। ਇਥੋਂ ਤੱਕ ਕਿ ਕਈ ਉਹ ਵੀ ਹਨ ਜਿਹੜੇ ਵਿੱਭਚਾਰ ਦੇ ਅੱਡਿਆਂ, ਸ਼ਰਾਬ ਦੀਆਂ ਕਤਾਰਾਂ `ਚ ਖੜੇ ਹਨ ਤਾਂ ਉਹ ਵੀ ਸਿੱਖੀ ਸਰੂਪ `ਚ। ਗੁਰੂਦਰ ਲਈ ਸ਼ਰਧਾ ਦੇਖੋ ਤਾਂ ਅੰਤਾਂ ਦੀ, ਪਰ ਸਿੱਖੀ ਜੀਵਨ ਦੀ ਗੱਲ ਹੀ ਮੁੱਕੀ ਪਈ ਹੈ। ਗੁਰਬਾਣੀ ਵਿਚਾਰ ਤੇ ਜੀਵਨ ਰਾਹੀਂ ਸਰਦਾਰੀ ਕਰਣੀ ਸੀ ਪੂਰੇ ਸੰਸਾਰ ਦੀ; ਪਰ ਇਸੇ ਦਾ ਨਤੀਜਾ, ਰਲਦੇ ਜਾ ਰਹੇ ਹਨ ਦੁਨੀਆਂ ਦੀ ਭੀੜ `ਚ। ਇਸਤਰ੍ਹਾਂ ਜਦੋਂ ਹੁਕਮੀ ਬੰਦਾ ਤੇ ‘ਜਨ’ ਤਾਂ ਬਣ ਨਹੀਂ ਸਕਦਾ ਤਾਂ ਇਸੇ ਤੋਂ ਨਿਰਾਸ਼ਾ ਤੇ ਭਟਕਣਾ ਆਦਿ ਹੀ ਉਸਦਾ ਜੀਵਨ ਬਣਿਆ ਰਹਿੰਦਾ ਹੈ।

ਮੁੱਕਦੀ ਗੱਲ ਕਿ ਜ਼ਿੰਦਗੀ ਦੀ ਰਗ-ਰਗ ਤਾਂ ਡੁੱਬੀ ਪਈ ਹੈ ਮਨਮੱਤਾਂ ਤੋਂ ਪੈਦਾ ਹੋਏ ਕਰਮਕਾਂਡਾਂ ਦੀ ਦਲਦਲ `ਚ। ਇਹ ਕ੍ਰਿਸ਼ਮੇ ਹਨ ਗੁਰਬਾਣੀ ਜੀਵਨ ਤੇ ਸੋਝੀ ਤੋਂ ਖਾਲੀ ਜੀਵਨ ਦੇ। ਅੱਜ ਡੁੱਬੇ ਹੋਏ ਹਾਂ ਉਸੇ ਵਿਚਾਰਹੀਣ ਅੰਨ੍ਹੀ ਸ਼ਰਧਾ `ਚ, ਜਿਥੇ ਡੁੱਬੇ ਪਏ ਸਨ, ਹਰਦੁਆਰ ਤੇ ਕੁਰਖੇਤ ਆਦਿ ਨੂੰ ਜਾਣ ਵਾਲੇ ਲਖਾਂ ਸ਼੍ਰਧਾਲੂ। ਕੀ ਅੱਜ ਅਜਿਹੀ ਅਤੇ ਉਹੀ ਮਨਮੱਤੀ ਸ਼ਰਧਾ ਵੀ ਅਜੋਕੇ ਗੁਰਦੁਆਰਿਆਂ `ਚੋਂ ਹੀ ਜਨਮ ਤਾਂ ਨਹੀਂ ਲੈ ਰਹੀ? ਯਕੀਨਣ ਇਹੀ ਕੁੱਝ ਹੋ ਰਿਹਾ ਹੈ ਗੁਰਦੁਆਰਿਆਂ ਅੰਦਰ ਅਜੋਕੇ ਮਨਮਤੀ ਪ੍ਰਚਾਰ ਦੇ ਨਤੀਜੇ ਵੱਜੋਂ।

ਜੇਕਰ ਸਿੱਖੀ ਧਰਮ ਤੇ ਸਿੱਖ ਲਹਿਰ ਨੂੰ ਬਚਾਉਣਾ ਹੈ ਤਾਂ…:- ਜੇਕਰ ਅੱਜ ਗੁਰੂ ਕੀ ਸਿੱਖੀ ਤੇ ਸਿੱਖ ਲਹਿਰ ਨੂੰ ਬਚਾਉਣਾ ਹੈ ਤਾਂ ਪਹਿਲਾਂ ਸਾਨੂੰ ਆਪ ਸਿੱਖ ਬਣਨਾ ਪਵੇਗਾ। ਸਮਝਣਾ ਹੈ ਕਿ ਸਿੱਖ ਧਰਮ ਤੇ ਉਸਦੇ ਨਾਲ ਨਾਲ ਸਿੱਖ ਲਹਿਰ ਦਾ ਫੈਲਾਅ ਵੀ ਤਾਂ ਹੀ ਹੋਵੇਗਾ ਜੇਕਰ ਸਿੱਖੀ ਦੀ ਖੁਸ਼ਬੋ ਸਾਡੇ ਜੀਵਨ `ਚੋਂ ਆ ਰਹੀ ਹੋਵੇਗੀ। ਅੱਜ ਸਾਡੀ ਹਾਲਤ ਤਾਂ ‘ਸ਼ਕਲ ਮੋਮਨਾਂ ਕਰਤੂਤ ਕਾਫ਼ਿਰਾਂ’ ਵਾਲੀ ਹੀ ਬਣੀ ਪਈ ਹੈ। ਜੇਕਰ ਅਸੀਂ ਦਿਆਨਤਦਾਰੀ ਨਾਲ ਸਿੱਖੀ ਦਾ ਫੈਲਾਅ ਚਾਹੁੰਦੇ ਹਾਂ ਤਾਂ ਪਹਿਲਾਂ ਸਾਨੂੰ ਆਪ “ਜੋਤਿ ਓਹਾ ਜੁਗਤਿ ਸਾਇ” (ਪੰ: ੯੬੬) ਦੇ ਦਇਰੇ `ਚ ਰਹਿੰਦੇ ਹੋਏ ਗੁਰੂ ਕੇ ਸਿੱਖ ਬਣਨਾ ਪਵੇਗਾ। ਗੁਰਬਾਣੀ ਜੀਵਨ ਵੱਲ ਤਾਂ ਹੀ ਕੋਈ ਖਿੱਚਿਆ ਆਵੇਗਾ ਜੇ ਗੁਰਬਾਣੀ ਵਾਲਾ ਜੀਵਨ ਤੇ ਜੁਗਤ ਸਾਡੇ ਅੰਦਰੋਂ ਪ੍ਰਗਟ ਹੁੰਦੀ ਹੋਵੇਗੀ, ਨਹੀਂ ਤਾਂ ਲੋਕਾਈ ਵੀ ਸਾਡੀ ਅਜੋਕੀ ਰਹਿਣੀ ਨੂੰ ਹੀ ਅਸਲ ਸਿੱਖੀ ਸਮਝੇਗੀ ਤੇ ਮੰਨੇਗੀ। ਉਸੇ ਦਾ ਨਤੀਜਾ ਹੈ ਕਿ ਅੱਜ ਲੋਕਾਈ ਵੀ ਗੁਰੂ ਕੀ ਸਿੱਖੀ ਨੂੰ ਵੀ ਕੇਵਲ ਸਿੱਖਾਂ ਦੀ ਚੀਜ਼ ਮੰਨ ਕੇ, ਦਿਨੋ ਦਿਨ ਇਸ ਤੋਂ ਦੂਰ ਜਾ ਰਹੀ ਹੈ। ਸਿੱਖ ਲਹਿਰ ਨੇ ਤਾਂ ਕੀ ਫੈਲਣਾ ਹੈ, ਅੱਜ ਤਾਂ ਸਾਡੇ ਤੋਂ ਸਾਡੀ ਸਿੱਖ ਪਨੀਰੀ ਵੀ ਦਬਾਦਬ ਕੱਟਦੀ ਜਾ ਰਹੀ ਹੈ। ਕਿਉਂਕਿ ਬਾਣੀ ਦੀ ਜਿਸ ਚੁੰਬਕੀ ਤਾਕਤ ਨੇ ਉਸ ਦੀ ਸੰਭਾਲ ਕਰਣੀ ਸੀ, ਉਹ ਸਾਡੇ ਆਪਣੇ ਜੀਵਨ `ਚ ਹੀ ਨਹੀਂ। ਇਸ ਦੇ ਉਲਟ ਸਾਡਾ ਅਜੋਕਾ ਜੀਵਨ ਤਾਂ ਭਰਿਆ ਪਿਆ ਹੈ ਮਨਮੱਤੀ ਸ਼ਰਧਾ, ਵਿਪਰਨ ਦੀਆਂ ਰੀਤਾਂ, ਹੂੜਮੱਤਾਂ, ਦੁਰਮੱਤਾਂ, ਕਰਮਕਾਂਡਾਂ ਤੇ ਦਿਖਾਵੇ ਦੀ ਸੜਾਂਦ ਨਾਲ। ਇਸ ਤੋਂ ਬਾਅਦ ਉਹ ਸਾਰਾ ਕੁੱਝ ਹੋ ਵੀ ਰਿਹਾ ਹੈ ਕੇਵਲ ਤੇ ਕੇਵਲ ਸਿੱਖੀ ਦੇ ਨਾਂ `ਤੇ ਹੀ।

ਤਾਂ ਤੇ ਇਹ ਸਭ ਵੀ ਅਜੋਕੇ ਗੁਰਦੁਆਰਿਆਂ ਦੀ ਉਪਜ ਹੀ ਹਨ- ਦੇਖਣਾ ਤਾਂ ਇਹ ਹੈ ਕਿ ਕੀ ਇਹ ਸਭ ਵੀ ਅਜੋਕੇ ਗੁਰਦੁਆਰਾ ਤਲ ਤੋਂ ਪੈਦਾ ਹੋ ਰਹੀਆਂ ਮਨਮੱਤਾ ਦਾ ਹੀ ਨਤੀਜਾ ਤਾਂ ਨਹੀਂ ਹਨ? ਜੇ ਸੱਚ ਹੈ ਤਾਂ ਇਸ ਸਾਰੇ ਦੇ ਲਈ ਜ਼ਿਮੇਵਾਰ ਕੌਣ ਹੈ? ਕਿਉਂਕਿ ਇਨ੍ਹਾਂ ਹੇਠ ਦਿੱਤੇ ਕੰਮਾਂ `ਚ ਵੀ ਬਹੁਤੇ ਅਜੋਕੇ ਗੁਰਦੁਆਰਾ ਪ੍ਰਬੰਧਕ ਹੀ ਆਗੂ ਹੁੰਦੇ ਹਨ। ਤਾਂ ਤੇ:-

(ੳ) ਗੁਰੂ ਸਾਹਿਬ ਦੀ ਸੁਆਰੀ ਇੱਕ ਸਥਾਨ ਤੋਂ ਦੂਜੇ ਸਥਾਨ `ਤੇ ਲਿਜਾਣੀ ਹੈ। ਪੈਦਲ ਜਾ ਰਹੇ ਹਾਂ, ਸਤਿਕਾਰ ਦਾ ਪਹਿਲੂ ਹੈ, ਰਸਤਾ ਸਾਫ਼ ਹੋਵੇ। ਸ਼ਬਦ ਕੀਰਤਨ, ਵਾਹਿਗੁਰੂ ਜਾਪ ਹੋ ਰਿਹਾ ਹੋਵੇ ਤਾ ਕਿ ਦੂਜਿਆਂ ਦਾ ਧਿਆਨ ਵੀ ਇਸ ਪਾਸੇ ਆ ਸਕੇ। ਜਿਥੋਂ ਤੱਕ ਪਾਣੀ ਦੇ ਛਿੜਕਾਅ ਦਾ ਤਾਲੁਕ ਹੈ; ਸੜਕਾਂ ਕੱਚੀਆਂ ਹੁੰਦੀਆਂ ਸਨ, ਮਿੱਟੀ ਬਿਠਾਉਣ ਲਈ ਪਾਣੀ ਦਾ ਛਿੜਕਾਅ ਕਰ ਲਿਆ ਜਾਂਦਾ ਸੀ ਤਾ ਕਿ ਕੱਚੀ ਮਿੱਟੀ, ਗੁਰੂ ਸਾਹਿਬ ਤੇ ਸੰਗਤਾਂ `ਤੇ ਉੱਡ- ਉੱਡ ਕੇ ਨਾ ਪਵੇ। ਅੱਜ ਸੜਕਾਂ ਪੱਕੀਆਂ ਹਨ, ਫਿਰ ਵੀ ਅੱਗੇ ਅੱਗੇ ਪਾਣੀ ਛਿੜਕੀ ਜਾ ਰਹੇ ਹਾਂ। ਪੈਰ ਚਿੱਕੜ ਨਾਲ ਭਰ ਜਾਣ, ਗੁਰ-ਅਸਥਾਨ `ਤੇ ਪੁੱਜ ਕੇ ਉਥੇ ਵਿਸ਼ੀਆਂ ਹੋਈਆਂ ਚੱਦਰਾਂ ਤੇ ਕਾਲੀਨ ਪੈਰਾਂ ਦੇ ਚਿੱਕੜ ਨਾਲ ਭਾਵੇ ਗੰਦੇ ਹੋ ਜਾਣ; ਪਰ ਅਸਾਂ ਇਹ ਨਿਯਮ ਜ਼ਰੂਰ ਹੀ ਪੂਰਾ ਕਰਣਾ ਹੈ। ਹਾਲਾਂਕਿ ਸਿੱਖ ਰਹਿਤ ਮਰਿਯਾਦਾ `ਚ ਵੀ ਅਜਿਹੀ ਕੋਈ ਹਿਦਾਇਤ ਨਹੀਂ।

(ਅ) ਨਗਰ ਕੀਰਤਨਾਂ ਸਮੇਂ ਸੁਆਰੀ, ਟ੍ਰੈਕਟਰਾਂ ਤੇ ਟ੍ਰਾਲੀਆਂ `ਤੇ ਸੁਸ਼ੋਭਤ ਹੁੰਦੀ ਹੈ। ਹੇਠਾਂ ਭਾਰੇ ਭਾਰੇ ਰਬੜ ਦੇ ਟਾਇਰ ਚਲਦੇ ਹਨ। ਫਿਰ ਵੀ ਅੱਗੇ ਪਾਣੀ ਦੇ ਛਿੜਕਾਅ ਵਾਸਤੇ ਟੈਂਕਰ ਹਨ। ਹੱਥਾਂ `ਚ ਝਾੜੂ, ਸੜਕਾਂ ਸੋਤੀ ਜਾ ਰਹੇ ਹਾਂ। ਇਸ ਤਰ੍ਹਾਂ ਮਿੱਟੀ ਘੱਟਾ ਉਡਾ ਕੇ, ਨਾਲ ਜਾ ਰਹੀਆਂ ਅਤੇ ਦਰਸ਼ਨ ਕਰਣ ਆਈਆਂ ਸੰਗਤਾਂ `ਤੇ ਪਾਇਆ ਜਾ ਰਿਹਾ ਹੁੰਦਾ ਹੈ; ਪਰ ਇਸ ਬਾਰੇ ਸੋਚੇ ਕੌਣ? ਜਦਕਿ ਇਹ ਪਰਿਪਾਟੀ ਵੀ ਟੁਰੀ ਹੀ ਕੁੱਝ ਇਤਿਹਾਸਕ ਗੁਰਦੁਆਰਿਆਂ ਤੋਂ ਸੀ ਤੇ ਬਾਅਦ `ਚ ਖੇਤ੍ਰੀ ਨਗਰ ਕੀਰਤਨ ਵੀ ਇਸੇ ਦੀ ਲਪੇਟ `ਚ ਆ ਗਏ, ਕਰਤਾ ਹੀ ਸਾਨੂੰ ਸੁਮੱਤ ਬਖ਼ਸ਼ੇ! ਚਾਹੀਦਾ ਤਾਂ ਇਹ ਸੀ ਕਿ ਸੁਆਰੀ ਸਾਹਿਬ ਦੇ ਅੱਗੇ ਅੱਗੇ ਕੋਈ ਗੁਰਬਾਣੀ ਕੀਰਤਨ ਕਰਦਾ ਹੋਇਆ ਸ਼ਬਦੀ ਜੱਥਾ ਚੱਲ ਰਿਹਾ ਹੁੰਦਾ, ਨਾ ਕਿ ਇਹ ਪਾਣੀ ਦੀ ਟ੍ਰਾਲੀ ਆਦਿ।

(ੲ) ਅਜੋਕੇ ਕੀਰਤਨ ਦਰਬਾਰ ਤੇ ਗੁਰਮੱਤ ਸਮਾਗਮ, ਕੌਮ ਦੇ ਕਰੋੜਾਂ ਲਗਾ ਕੇ, ਕੀਤੇ ਤੇ ਕਰਵਾਏ ਜਾ ਰਹੇ ਹਨ ਜਦਕਿ ਉਥੇ ਵੀ ਪ੍ਰਧਾਨ ਹੁੰਦੀ ਹੈ ਗੁਰੂ ਲਈ ਦਿਖਾਵੇ ਦੀ ਬੇਅੰਤ ਸ਼ਰਧਾ। ਰੋਸ਼ਨੀਆਂ, ਸਜਾਵਟਾਂ ਤਾਂ ਹੈਣ ਪਰ ਬਾਣੀ ਦੀ ਰੋਸ਼ਨੀ ਵਾਲੀ ਲੋੜ ਮੁੱਕੀ ਪਈ ਹੈ? ਨਾ ਕਿਸੇ ਨੂੰ ਇਹ ਪਤਾ, ਕਿ ਜਿਹੜੀ ਬਾਣੀ ਪੜ੍ਹੀ ਜਾ ਰਹੀ ਹੈ ਉਹ ਬਾਣੀ ਕੱਚੀ ਹੈ ਜਾਂ ਪੱਕੀ? ਪ੍ਰਮਾਣ ਢੁੱਕਵੇਂ ਹਨ ਜਾਂ ਨਹੀਂ? ਸਾਖੀ ਹੈ ਜਾਂ. . ? ਪੜ੍ਹਣ ਵਾਲਾ ਪਾਹੁਲਧਾਰੀ, ਗੁਰਬਾਣੀ ਜੀਵਨ ਵਾਲਾ ਹੈ ਜਾਂ ਉਹ ਵੀ. . ? ਕਈ ਵਾਰ ਤਾਂ ਕੀਰਤਨੀਏ ਵੀ ਗੈਰਸਿੱਖ ਹੀ ਹੁੰਦੇ ਹਨ। ਫੋਕੀ ਵਾਹ! ਵਾਹ! ਦੀ ਲੋੜ ਹੁੰਦੀ ਹੈ ਤੇ ਉਹ ਮਿਲ ਜਾਂਦੀ ਹੈ। ਕੌਮ ਦੇ ਲੱਖਾਂ-ਕਰੋੜਾਂ ਡੁੱਬੇ ਤਾਂ ਕੀ; ਆਖਿਰ ਹੁੰਦਾ ਤਾਂ ਸਭ ਸ਼ਰਧਾ ਦੇ ਨਾਂ `ਤੇ ਹੀ ਹੈ। ਹਾਲਾਂਕਿ ਇਹ ਸ਼ਰਧਾ ਵੀ ਹਰਦੁਆਰ, ਕੁਰਖੇਤ੍ਰ ਆਦਿ ਵਾਲੀ ਹੀ ਹੁੰਦੀ ਹੈ। ਇਸ ਤਰ੍ਹਾਂ ਦੀਆਂ ਬੇਅੰਤ ਮਿਸਾਲਾਂ ਪ੍ਰਾਪਤ ਹਨ ਜਿਨ੍ਹਾਂ ਦਾ ਨਿਕਾਸ ਤੇ ਕੇਂਦਰ ਵੀ ਅਜੋਕੇ ਗੁਰਦੁਆਰੇ ਹੀ ਹਨ।

‘ਦੁਸ਼ਮਨਾਂ `ਤੇ ਕੀ ਏ ਗਿਲਾ ….’ - ਕਿਸੇ ਨੇ ਪੰਥ ਦੀ ਅਜੋਕੀ ਹਾਲਤ ਲਈ ਇਸ ਤਰ੍ਹਾਂ ਵੀ ਹਉਕਾ ਭਰਿਆ ਹੈ- “ਦੁਸ਼ਮਨਾਂ ਤੇ ਕੀ ਏ ਗਿਲਾ ਪਾਤਸ਼ਾਹਾਂ ਦੇ ਪਾਤਸ਼ਾਹ। ਵੇਚ ਦਿੱਤੀਆਂ ਤੇਰੇ ਸਰਦਾਰਾਂ ਖੁਦ ਸਰਦਾਰੀਆਂ”। ਸਮਾਂ ਸੀ ਜਦੋਂ ਗੁਰਦੁਆਰਿਆਂ `ਚ ਵੀ ਇਹ ਅੰਨ੍ਹੀਂ-ਫੋਕੀ ਸ਼ਰਧਾ ਤੇ ਮਨਮੱਤਾਂ ਚੱਲੀਆਂ ਸਨ ਪਾਲਕੀ ਦੇ ਪਾਵੇ ਘੁੱਟਣ ਤੋਂ, ਰੁਮਾਲਾ ਚੁੱਕ ਕੇ ਦਰਸ਼ਨ ਕਰਣ ਤੋਂ, ਪੀੜੇ ਹੇਠਾਂ ਪਾਣੀ ਦਾ ਬਰਤਨ-ਬੋਤਲ ਆਦਿ ਰੱਖਣ ਤੋਂ, ਸੁੱਖਨਾਂ-ਚਾਲੀਹਿਆਂ ਤੋਂ। ਭਾਵੇਂ ਕਿ ਇੰਨ੍ਹਾਂ `ਚੋਂ ਵੀ ਕੋਈ ਕਰਨੀ ਗੁਰਮੱਤ ਦੀ ਕਰਣੀ ਨਹੀਂ ਸੀ। ਸੁੱਖਨਾਂ, ਚਾਲੀਹੇ ਇਹ ਸਭ ਗੁਰੂ ਅਕਾਲ ਪੁਰਖ ਨਾਲ ਹੈਣ ਹੀ ਸ਼ਰਤ ਜੋ ਗੁਰੂਦਰ `ਤੇ ਪ੍ਰਵਾਨ ਹੀ ਨਹੀਂ। ਸਿੱਖ ਧਰਮ ਤਾਂ ਹੈ ਹੀ ਸ਼ੁਕਰਾਣੇ ਤੇ ਰਜ਼ਾ ਦਾ ਧਰਮ।

ਜੇਕਰ ਅਸੀਂ ਇਥੇ ਹੀ ਸੰਭਲ ਜਾਂਦੇ ਤਾਂ ਵੀ ਨੁਕਸਾਨ ਘੱਟ ਹੁੰਦਾ। ਗੱਲ ਅੱਗੇ ਟੁਰੀ, ਗੁਰੂ ਦੀ ਮੱਤ ਤਾਂ ਅੰਦਰ ਹੈ ਹੀ ਨਹੀਂ ਸੀ। ਮਨਮੱਤਾਂ ਨੇ ਜ਼ੋਰ ਪਾਇਆ ਤਾਂ ਸੁਖਾਸਨ ਸਥਾਨਾਂ `ਤੇ ਗਰਮ-ਠੰਢੇ ਰੁਮਾਲਿਆਂ ਤੇ ਏ: ਸੀ ਤੱਕ ਜਾ ਪੁੱਜੇ। ਅੱਜ ਤਾਂ ਮਾਨੋਂ ਕਰਮਕਾਂਡਾਂ, ਵਿਪਰਨ ਰੀਤਾਂ, ਮਨਮੱਤਾਂ ਤੇ ਫ਼ੋਕੀ-ਅਨ੍ਹੀਂ ਸ਼ਰਧਾ ਦਾ ਕੇਂਦਰ ਹੀ ਸਾਡੇ ਅਜੋਕੇ ਗੁਰਦੁਆਰੇ ਅਤੇ ਸਾਡੇ ਰਾਹੀਂ ਨਿਭਾਇਆ ਜਾ ਰਿਹਾ ਮਨਮੱਤੀ ਸਿੱਖ ਧਰਮ ਹੀ ਹੈ। ਗੁਰੂ ਦੀ ਸੱਚੀ ਸ਼ਰਧਾ ਜਿਹੜੀ ਕਿ ਗੁਰਬਾਣੀ ਦੀ ‘ਜੋਤ’ ਤੇ ‘ਜੁਗਤ’ ਭਾਵ ਜੀਵਨ ਜਾਚ ਤੋਂ ਦ੍ਰਿੜ੍ਹ ਹੋਣੀ ਸੀ, ਖੰਭ ਲਾ ਕੇ ਉੱਡ ਚੁੱਕੀ ਹੈ। ਸਾਡੀ ਅਜੋਕੀ ਕਰਣੀ ਬਾਰੇ ਤਾਂ ਗੁਰਬਾਣੀ ਦਾ ਫ਼ੈਸਲਾ ਹੈ “ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ” (ਪੰ: ੭੪੭) ਅਤੇ ਸਾਡੇ ਨਾਲ ਵਾਪਰ ਵੀ ਉਹੀ ਰਿਹਾ ਹੈ। ਇਸੇ ਦਾ ਹੀ ਨਤੀਜਾ ਹੈ ਕਿ ਅੱਜ ਨਾ ਕੋਈ ਸਿੱਖੀ ਵੱਲ ਖਿੱਚਿਆ ਆ ਰਿਹਾ ਹੈ ਤੇ ਨਾ ਅਜੋਕੀ ਸਿੱਖ ਪਨੀਰੀ `ਚ ਹੀ ਸਿੱਖੀ ਲਈ ਕੋਈ ਚਾਅ ਹੈ। ਬਲਕਿ ਸਾਡੇ ਅੰਦਰ ਵੀ ਦਿਨੋਦਿਨ ਜਜ਼ਬਾਤੀ-ਜਨੂੰਨੀ ਸਿੱਖੀ ਤੇ ਫੋਕਾ ਜੋਸ਼ ਹੀ ਵਧਦਾ ਜਾ ਰਿਹਾ ਹੈ ਨਾਲ ਹੀ ਤੇਜ਼ੀ ਨਾਲ ਵਾਧੇ `ਤੇ ਹੈ ਪਤਿਤਪੁਣਾ `ਤੇ ਨਸ਼ੇ ਆਦਿ। ਸਪਸ਼ਟ ਹੈ ਇਸ ਤਰ੍ਹਾਂ ਕਿੱਥੋ ਵਧੇਗਾ ਸਿੱਖ ਧਰਨ ਤੇ ਕਿਸ ਰਸਤੇ ਪ੍ਰਫ਼ੁਲਤ ਹੋਵੇਗੀ ਸਿੱਖ ਲਹਿਰ? ? ? ?

ਸਾਡੀ ਅਜੋਕੀ ਸਿੱਖੀ ਬਨਾਮ ਅਜੋਕਾ ਗੁਰਦੁਆਰਾ ਸਿਸਟੱਮ? - ਜੇ ਦਿਆਣਤਾਰੀ ਨਾਲ ਵਿਚਾਰੀਏ ਤਾਂ ਇਸ ਸਾਰੇ ਦਾ ਆਰੰਭ ਵੀ ਅਜੋਕੇ ਗੁਰਦੁਆਰਿਆਂ `ਚੋਂ ਹੀ ਹੋ ਰਿਹਾ ਹੈ। ਸਾਡਾ ਅਜੋਕਾ ਪ੍ਰਚਾਰ ਕਹਿਣ ਨੂੰ ਗੁਰਮੱਤ ਦਾ ਪਰ ਅਸਲੋਂ ਮਨਮੱਤ ਦਾ ਪ੍ਰਚਾਰ ਹੀ ਹੈ। ਤਾਂ ਤੇ ਵਿਚਾਰਨਾ ਹੈ ਕਿ ਸਭ ਰੁਕੇ ਕਿਵੇਂ? ਬਲਕਿ ਹੇਠਾਂ ਵਰਤੀਆ ਕੁੱਝ ਮਿਸਾਲਾਂ ਵਿਚਲੀਆਂ ਦੌੜਾਂ `ਚ ਤਾਂ ਸਾਡੇ ਅਜੋਕੇ ਬਹੁਤੇ ਗੁਰਦੁਆਰੇ ਤੇ ਗੁਰਦੁਆਰਾ ਪ੍ਰਬੰਧਕ ਹੀ ਬਰਾਬਰੀ `ਤੇ ਸ਼ਾਮਲ ਸਨ।

(ੳ) ਪਿਛਲੇ ਦਿਨੀਂ ਹਰਿਆਣੇ `ਚ ਇੱਕ ਬੱਚੇ ਬਾਰੇ ਮਸ਼ਹੂਰ ਕਰ ਦਿੱਤਾ ਗਿਆ ‘ਇਹ ਗੁਰੂ ਨਾਨਕ ਦਾ ਅਵਤਾਰ ਹੈ’। ਬਸ ਫ਼ਿਰ ਕੀ ਸੀ, ਸਾਰਾ ਪੰਥ ਉਮਡ ਪਿਆ। ਟਰੱਕਾਂ, ਟ੍ਰਾਲੀਆਂ, ਪੈਦਲ, ਸਾਈਕਲ, ਸਕੂਟਰ, ਦਰਸ਼ਨ ਕਰਣ ਵਾਲਿਆਂ ਦਾ ਅੰਤ ਨਹੀਂ ਸੀ। ਸ਼ਰਾਰਤੀਆਂ ਨੇ ਲੱਖਾਂ ਬਟੋਰੇ ਤੇ ਰਾਤੋ ਰਾਤ ਚਲਦੇ ਬਣੇ। ਸੰਗਤਾਂ ਦੀ ਜਿਹੜੀ ਬੇਅੰਤ ਸ਼ਰਧਾ, ਧਨ ਤੇ ਤਾਕਤ ਦੀ ਬਰਬਾਦੀ ਹੋਈ ਉਸ ਦਾ ਅੰਤ ਨਹੀਂ ਸੀ। ‘ਗੁਰੂ ਨਾਨਕ ਪਾਤਸ਼ਾਹ ਦੀ ਮਹਾਨ ਹਸਤੀ ਕੀ ਤੇ ਉਨ੍ਹਾਂ ਦਾ ਅਵਤਾਰ ਕੀ? ਕੌਣ ਸਮਝਾਏ, ਕੀ ਇਸ ਸਾਰੇ ਦਾ ਮੂਲ ਵੀ ਸਾਡਾ ਅਜੋਕਾ ਗੁਰਦੁਆਰਾ ਨਿਜ਼ਾਮ ਹੀ ਨਹੀਂ ਸੀ।

(ਅ) ਕੁੱਝ ਸਾਲ ਪਹਿਲਾਂ ਸ਼ਿਮਲੇ `ਚ ਕਿਸੇ ਐਲਾਨ ਕਰ ਦਿੱਤਾ ਕਿ ਇਹ `ਚੋਲੇ ਸਾਹਿਬਜ਼ਾਦਿਆਂ ਦੇ ਹਨ’। ਫ਼ਿਰ ਸੀਮਾਂ ਜੇਕਰ ਦਰਸ਼ਨਾਂ ਤੱਕ ਰਹਿੰਦੀ ਤਾਂ ਵੀ, ਉਥੇ ਮੱਥਾ ਟੇਕਣ ਲਈ ਜਾਣ ਵਾਲਿਆਂ ਦੀ ਬੇਅੰਤ ਭੀੜ ਤੇ ਇਸੇ ਤੋਂ ਚੜ੍ਹਤਲ ਦੇ ਵੀ ਅੰਬਾਰ ਲੱਗ ਗਏ। ਜਦਕਿ ਗੁਰੂ ਕੇ ਸਿੱਖ ਨੇ ਮੱਥਾ ਟੇਕਣਾ ਹੈ ਤਾਂ ਕੇਵਲ ਤੇ ਕੇਵਲ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ ਦੇ ਚਰਨਾਂ `ਚ ਹੀ। ਅਸਲ `ਚ ਇਹ ਵੀ ਕ੍ਰਿਸ਼ਮਾ ਸੀ ਤਾਂ ਗੁਰਬਾਣੀ ਜੀਵਨ ਪਖੋਂ ਅਗਿਆਨਤਾ ਦਾ ਹੀ।

(ਅ) ਕੁਝ ਸਮਾਂ ਪਹਿਲਾਂ ਫਤਹਿ ਨਗਰ, ਦਿੱਲੀ `ਚ ਕਿਸੇ ਮਾਤਾ ਨੇ ਆਪਣਾ ਨਿਵਾਸ, ਗੁਰਦੁਆਰਾ ਸਾਹਿਬ `ਚ ਬਦਲ ਦਿੱਤਾ। ‘ਮਾਈਆਂ ਦਾ ਗੁਰਦੁਆਰਾ’, ਫਿਰ ਕਿਸੇ ਨੇ ਸ਼ੁਤਰੀ ਛੱਡੀ ‘ਮੈਨੂੰ ਸੁਪਨੇ `ਚ ਸਾਹਿਬਜ਼ਾਦਿਆਂ ਦੇ ਦਰਸ਼ਨ ਹੋਏ ਨੇ, ਉਹ ਇਥੇ ਪਧਾਰੇ ਸਨ-ਮੰਗਲਵਾਰ ਜਿਹੜਾ ਬੂੰਦੀ-ਬਰਫ਼ੀ ਦਾ ਪ੍ਰਸ਼ਾਦ ਝੜ੍ਹਾਏਗਾ, ਉਸ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ। ਕੁੱਝ ਦਿਨਾਂ `ਚ ਹੀ ਉਸ ਸਥਾਨ ਨਾਲ ਕਿੰਨੀਂ ਸ਼ਰਧਾ ਜੁੜ ਗਈ, ‘ਸੁਨਣ ਨਾਲ ਨਹੀਂ, ਵੇਖਣ ਨਾਲ ਹੀ ਪਤਾ ਲਗ ਸਕਦਾ ਹੈ। ਜਦਕਿ ਸਾਹਿਬਜ਼ਾਦੇ ਤਾਂ ਕਦੇ ਦਿੱਲੀ ਪਧਾਰੇ ਹੀ ਨਹੀਂ ਸਨ। ਫਿਰ ਮੰਗਲਵਾਰ ਨੂੰ ਬਰਫੀ-ਬੂੰਦੀ ਦੇ ਪ੍ਰਸ਼ਾਦ ਦਾ ਸੰਬੰਧ ਵੀ ਹਨੂਮਾਨ ਦੀ ਪੂਜਾ ਨਾਲ ਹੈ ਜਾਂ ਗੁਰਦੁਆਰੇ ਨਾਲ? ਕੌਣ ਸੋਚੇ।

ਪ੍ਰਬੰਧਕਾਂ ਦਾ ਧੰਨਤਾ ਯੋਗ ਉੱਦਮ-ਇਸ ਗੁਰਮੱਤ ਪਾਠ ਦੀ ਤੀਜੀ ਛਾਪ ਤੱਕ ਇਸ ਗੁਰਦੁਆਰੇ ਦੇ ਪ੍ਰਬੰਧ `ਚ ਕੁੱਝ ਅਜਿਹੇ ਦਰਦੀ ਤੇ ਸਿਆਣੇ ਸੱਜਨ ਵੀ ਆ ਗਏ ਜਿਨ੍ਹਾਂ ਸੰਗਤਾਂ ਦੀ ਇਸੇ ਅੰਨ੍ਹੀ ਸ਼ਰਧਾ ਨਾਲ ਆ ਰਹੀ ਬੇਅੰਤ ਮਾਇਆ ਤੋਂ ਹੀ ਇੱਕ ਵਧੀਆ ਹਸਪਤਾਲ ਉਸਾਰ ਦਿੱਤਾ। ਇਸ ਤਰ੍ਹਾਂ ਉਨ੍ਹਾਂ ਨੇ ਗੁਰਦੁਆਰੇ ਨੂੰ ਆ ਰਹੀ ਉਸੇ ਮਾਇਆ ਨੂੰ ਸੰਗਤਾਂ ਦੇ ਵੱਡੇ ਹਿਤਾਂ `ਚ ਹੀ ਵਰਤਣਾ ਵੀ ਅਰੰਭ ਕਰ ਦਿੱਤਾ ਹੈ। ਉਂਝ ਸਮਝਣਾ ਇਹ ਵੀ ਹੈ ਕਿ ਅੱਜ ਪੰਜਾਬ `ਚ ਵੀ, ਕੁੱਝ ਅਜਿਹੇ ਹੀ ‘ਇਤਿਹਾਸਕ ਗੁਰਦੁਆਰਿਆਂ’ ਦਾ ਵੀ ਅੰਤ ਨਹੀਂ।

(ੲ) ਕੁੱਝ ਸਮਾਂ ਪਹਿਲਾਂ, ਇਹ ਵੀ ਕਿਸੇ ਦਿਮਾਗ ਦੀ ਉਪਜ ਸੀ ਜਿਹੜੀ ਜੰਗਲ ਦੀ ਅੱਗ ਵਾਂਗ ਰਾਤੋ ਰਾਤ ਸਾਰੇ ਸੰਸਾਰ `ਚ ਫੈਲ ਗਈ। ਉਹ ਇਹ ਕਿ ਚੰਦ੍ਰਮਾਂ `ਚੋਂ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਹੋ ਰਹੇ ਹਨ। ਬੱਸ ਫ਼ਿਰ ਕੀ ਸੀ ਸੰਗਤਾਂ ਵੀ ਰਾਤਾਂ ਬੱਧੀ ਚੰਦ੍ਰਮਾਂ ਨੂੰ ਦੇਖ ਰਹੀਆਂ ਸਨ “ਉਹ ਗੁਰੂ ਨਾਨਕ ਪਾਤਸ਼ਾਹ!. . ਉਹ ਗੁਰੂ ਨਾਨਕ ਸਾਹਿਬ!. . ਉਹ….” ਕਿਸ ਨੂੰ ਦੱਸੀਏ ਅੱਜ ਵਾਲੀ ਸਾਡੀ ਇਹ ਸਿੱਖੀ ਆ ਕਿਧਰੋਂ ਰਹੀ ਹੈ। ਅੱਜ ਦੀ ਸਾਡੀ ਇਹ ਕੱਚੀ ਸਿੱਖੀ ਵੀ ਆ ਰਹੀ ਹੈ, ਤਾਂ ਕਿਧਰੋਂ ਹੋਰੋਂ ਨਹੀਂ ਬਲਕਿ ਸਾਡੇ ਅਜੋਕੇ ਗੁਰਦੁਆਰਾ ਪ੍ਰਬੰਧ ਤੇ ਮਨਮੱਤੀ ਪ੍ਰਚਾਰ `ਚੋਂ ਹੀ।

(ਸ) ਨਿਸ਼ਾਨ ਸਾਹਿਬਾਂ ਦੇ ਚੋਲੇ ਸੁੰਦਰ ਤੇ ਨਵੇਂ ਹੋਣ, ਇਹ ਚੰਗਾ ਉੱਦਮ ਹੈ। ਕੁੱਝ ਸਮੇਂ ਬਾਅਦ ਹਰੇਕ ਗੁਰਦੁਆਰੇ `ਚ ਅਜਿਹਾ ਨਿਯਮ ਨਾਲ ਹੋਣਾ ਜ਼ਰੂਰੀ ਵੀ ਹੈ। ਪਰ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ `ਚ ਦਰਸ਼ਨ ਕਰੋ, ਰੋਜ਼ਾਨਾ ਨਿਸ਼ਾਨ ਸਾਹਿਬ ਲਈ ਨਵਾਂ ਚੋਲਾ ਪੁੱਜ ਜਾਂਦਾ ਹੈ। ਕਈ ਸਾਲ ਪਹਿਲਾਂ ਹੀ ਬੁਕਿੰਗ ਹੋਈ ਹੁੰਦੀ ਹੈ। ਫਿਰ ਜਿਸ ਤਰੀਕੇ ਨਿਸ਼ਾਨ ਸਾਹਿਬ ਦੇ ਚੋਲੇ ਨੂੰ ਪਾੜ-ਪਾੜ ਤੇ ਉਛਾਲ-ਉਛਾਲ ਕੇ ਉਸ ਦੇ ਟੁਕੜੇ ਹੇਠਾਂ ਸੁੱਟੇ ਜਾਂਦੇ ਹਨ, ਉਪ੍ਰੰਤ ਸੰਗਤਾਂ ਉਨ੍ਹਾਂ ਟੁਕੜਿਆਂ ਨੂੰ ਸ਼ਰਧਾ ਨਾਲ ਘਰਾਂ `ਚ ਲੈ ਜਾਂਦੀਆਂ ਹਨ-ਕੈਸੀ ਅਜੀਬ ਬਣੀ ਪਈ ਹੈ, ਸਾਡੀ ਅਜੋਕੀ ਪੰਥਕ ਹਾਲਤ।

ਜਦਕਿ ਇੱਕ ਵਾਰੀ ਜਦੋ ਕਿਸੇ ਸੱਜਨ ਨੇ ਕਿਸੇ ਸਰਕਾਰੀ ਦਫਤਰ `ਚ, ਪੁਰਾਣੇ ਕੋਮੀ ਝੰਡੇ ਦੇ ਟੁਕੜੇ `ਚ ਗ਼ਲਤੀ ਨਾਲ ਪੁਰਾਣੀਆਂ ਫਾਈਲਾਂ ਬੰਨ੍ਹ ਦਿੱਤੀਆਂ ਤਾਂ ਸਾਰੇ ਦੇਸ਼ `ਚ ਹਾਏ ਤੋਬਾ ਮੱਚ ਗਈ। ਦੂਜੇ ਪਾਸੇ ਗੁਰਮੱਤ ਗਿਆਨ ਤੇ ਗੁਰਬਾਣੀ ਤੋਂ ਖਾਲੀ ਹੋ ਚੁੱਕੀ, ਅੱਜ ਸਾਡੀ ਕੌਮ ਕਿੱਥੇ ਪਹੁੰਚ ਚੁੱਕੀ ਹੈ? ਕੌਣ ਵਿਚਾਰੇਗਾ? ਕੀ ਅਜਿਹਾ ਕਰਨਾ ਸਾਡੇ ਵੱਲੋਂ ਆਪਣੇ ਕੌਮੀ ਨਿਸ਼ਾਨ ਭਾਵ ਨਿਸ਼ਾਨ ਸਾਹਿਬ ਦਾ ਸਤਿਕਾਰ ਹੈ ਜਾਂ ਬੇਅਦਬੀ? ਜਾਂ ਸਾਡੇ ਜੀਵਨ ਅੰਦਰ ਆ ਚੁੱਕੀ, ਗੁਰਮੱਤ ਵਿਹੀਨ ਮਨਮੱਤੀ ਸ਼ਰਧਾ ਦੇ ਕ੍ਰਿਸ਼ਮੇ? ਉਪ੍ਰੰਤ ਉਹ ਵੀ ਇਤਿਹਾਸਕ ਗੁਰਦੁਆਰਿਆਂ `ਚ ਬੈਠ ਕੇ। ਹੋਰ ਵੇਖੋ! ਅੱਜ ਬਹੁਤੇ ਗੁਰਦੁਆਰਿਆਂ `ਚ, ਚੌਲਾ ਬਦਲਣ ਸਮੇਂ ਨਿਸ਼ਾਨ ਸਾਹਿਬਾਂ ਦੇ ਥੰਬਿਆਂ ਭਾਵ ਪੋਲਾਂ ਦੇ ਇਸ਼ਨਾਨ ਕਰਵਾਏ ਜਾਂਦੇ ਹਨ ਤਾਂ ਉਹ ਵੀ ਬਹੁਤਾ ਕਰਕੇ ਕੱਚੀ ਲੱਸੀ ਆਦਿ ਨਾਲ ਹੀ।

(ਹ) ਫੋਟੋ ਪੂਜਾ ਸਿੱਖ ਧਰਮ ਦਾ ਅੰਗ ਨਹੀਂ, ਗੁਰੂ ਪਾਤਸ਼ਾਹ ਦੇ ਸੱਚੇ ਸੁੱਚੇ ਤੇ ਪ੍ਰਤੱਖ ਦਰਸ਼ਨ ਕੇਵਲ ਗੁਰਬਾਣੀ ਗਿਆਨ `ਚੋਂ ਹੀ ਹੋਣੇ ਹਨ। ਅਸੀਂ ਗਿਆਨ ਗੁਰੂ ਦੇ ਪੁਜਾਰੀ ਹਾਂ ਸਰੀਰਾਂ ਦੇ ਨਹੀਂ। ਫਿਰ ਵੀ ਸਾਡੇ ਅੰਦਰ ਵਧ ਚੁੱਕੀ ਗੁਰਬਾਣੀ ਪੱਖੋਂ ਅਗਿਆਨਤਾ ਦਾ ਹੀ ਨਤੀਜਾ ਹੈ ਕਿ ਪਹਿਲਾਂ ਗੁਰਦੁਆਰਾ ਬੰਗਲਾ ਸਾਹਿਬ-ਦਿੱਲੀ ਦੇ ਚੁਬੱਚਾ ਸਾਹਿਬ `ਚ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਕੇਵਲ ਫੋਟੋ ਲਗਾਈ ਗਈ। ਹੋਲੀ ਹੋਲੀ ਇਸ ਫ਼ੋਟੋ ਨੂੰ ਸੋਨੇ ਦੀ ਮੂਰਤੀ `ਚ ਬਦਲ ਦਿੱਤਾ ਗਿਆ।

ਗੁਰਬਾਣੀ ਸੋਝੀ ਤੋਂ ਖਾਲੀ ਤੇ ਮਨਮੱਤਾਂ ਦੇ ਗ਼ੁਲਾਮ, ਅੱਜ ਸਾਡੇ `ਚੋਂ ਕਿੰਨੇ ਹੀ ਸ਼੍ਰਧਾਲੂ, ਪਹਿਲਾਂ ਉਸ ਮੂਰਤੀ ਅੱਗੇ ਮੱਥਾ ਟੇਕਦੇ ਹਨ ਤੇ ਬਾਅਦ `ਚ ਅੰਦਰ ਜਾ ਕੇ ਗੁਰੂ ਸਾਹਿਬ ਦੇ ਚਰਨਾਂ `ਚ। ਇਸੇ ਤਰ੍ਹਾਂ ਦਿੱਲੀ ਦੇ ਗੁਰਦੁਆਰਾ ਸੀਸ ਗੰਜ `ਚ ਇਤਿਹਾਸਕ ਦਰਖਤ ਦੇ ਤਣੇ ਅਗੇ ਮੱਥਾ ਟੇਕਣਾ, ਦੇਵੀ ਪੂਜਾ ਦੀ ਨਕਲ `ਤੇ ਉਸ ਤਨੇ `ਤੇ ਲਾਲ ਚੁੰਨੀਆਂ ਚੜ੍ਹਾ ਕੇ ਅਰਦਾਸਾਂ ਕਰਣ ਤੇ ਕਰਵਾਉਣ ਵਾਲੇ ਵੀ ਘੱਟ ਨਹੀਂ ਸਨ। ਬਾਅਦ `ਚ ਯੋਗ ਪ੍ਰਬੰਧਕਾਂ ਕਾਰਨ ਇਹ ਪ੍ਰਥਾ ਕੁੱਝ ਰੁਕੀ। ਫ਼ਿਰ ਵੀ ਫੋਟੋ ਪੂਜਾ, ਸਮਾਧੀ ਪੂਜਾ, ਤਣਾ ਪੂਜਾ, ਖੂਹੀ ਪੂਜਾ, ਜੋਤ ਪੂਜਾ ਅੱਜ ਵੀ ਦਿੱਲੀ ਦੇ ਨਾਲ ਨਾਲ ਪੰਜਾਬ ਦੇ ਇਤਿਹਾਸਕ ਗੁਰਦੁਆਰਿਆਂ `ਚ ਵੀ ਜ਼ੋਰਾਂ `ਤੇ ਹੈ, ਤਾਂ ਫ਼ਿਰ ਬਚਾਂਗੇ ਕਿਵੇਂ?

(ਕ) ਗੁਰਦੁਆਰਾ ਰੋਜ਼ਵਿਲੇ ਕੈਨੇਡਾ `ਚ ਪਹਿਲੇ ਪੁੱਜਣ ਵਾਲੇ ਦੋ ਜਾਨਬਾਜ਼ ਘੁੜਸੁਆਰ ਸਿੱਖ ਫ਼ੋਜੀਆਂ ਦੀ ਯਾਦ `ਚ ਉਥੇ ਦਰਸ਼ਨੀ ਬੁੱਤ ਲਗਾਏ ਹੋਏ ਹਨ। ਪ੍ਰਬੰਧਕਾਂ ਵੱਲੋਂ ਲਿਖਿਤਾਂ, ਬੇਨਤੀਆਂ ਦੇ ਬਾਵਜੂਦ ਚੜ੍ਹਤਲ ਭੇਟਾ ਕਰਣ ਵਾਲਿਆਂ ਦੀ ਇਥੇ ਵੀ ਕਮੀ ਨਹੀਂ ਸੀ। ਆਖ਼ਿਰ ਇਹ ਸਭ ਕੀ ਹੈ? ਜਿਸ ਪਾਸੇ ਨਜ਼ਰ ਮਾਰੋ-ਅੰਨ੍ਹੀ ਸ਼ਰਧਾ ਤੇ ਮਨਮੱਤਾਂ ਸਾਡੀ ਰਗ ਰਗ `ਚ ਸਮਾ ਚੁੱਕੀਆਂ ਹਨ। ਜੇਕਰ ਗੁਰਬਾਣੀ ਸੋਝੀ ਬਾਰੇ ਸਾਡੀ ਅਜੋਕੀ ਅਗਿਆਨਤਾ ਦਾ ਵੇਰਵਾ ਦੇਣਾ ਹੋਵੇ ਤਾਂ ਅੱਜ ਇਸ ਦੀ ਸੀਮਾਂ ਕੇਵਲ ਗੁਰਦੁਆਰੇ ਹੀ ਨਹੀਂ ਰਹਿ ਚੁੱਕੇ। ਬਲਕਿ ਸਾਡੇ ਅਨੰਦਕਾਰਜ, ਜੰਮਨੇ-ਮਰਨੇ, ਖੁਸ਼ੀਆਂ-ਗ਼ਮੀਆਂ ਵੀ ਪੂਰੀ ਤਰ੍ਹਾਂ ਸਗਨਾਂ-ਅਪਸਗਨਾਂ, ਰਸਮਾਂ-ਰੀਤਾਂ, ਵਹਿਮਾਂ-ਭਰਮਾਂ, ਥਿੱਤਾਂ-ਵਾਰਾਂ, ਜਾਤ-ਬਰਾਦਰੀਆਂ ਦੀ ਜਕੜ `ਚ ਆਏ ਪਏ ਹਨ। ਪਾਹੁਲ ਦਾ ਚੇਤਾ ਨਹੀਂ ਪਰ ਭਿੰਨ ਭਿੰਨ ਨਦੀਆਂ ਦੇ ਜਲ ਵਾਂਙ-ਗੁਰਦੁਆਰਿਆਂ ਨਾਲ ਜੋੜ ਕੇ `ਚ੍ਰਨਾਂਮਤਾਂ’ ਲਈ ਸਰੋਵਰਾਂ ਦੀ ਵੀ ਗਿਣਤੀ ਨਹੀਂ ਰਹੀ। ਜਦਕਿ ਅਜਿਹੇ ਸਾਰੇ ਕਾਰਜ ਵੀ ਬਹੁਤਾ ਕਰਕੇ ਅਜੋਕੇ ਗੁਰਦੁਆਰਿਆਂ `ਚ ਹੋ ਰਹੇ ਹਨ ਤੇ ਉਹ ਵੀ ਅਜੋਕੇ ਪ੍ਰਬੰਧਕਾਂ ਦੀ ਦੇਖ ਰੇਖ `ਚ ਅਤੇ ਅਜੋਕੇ ਪ੍ਰਚਾਰਕਾਂ ਰਾਹੀਂ।

ਫੋਕਟ ਕਰਮਕਾਂਡ ਅਤੇ ਅਜੋਕੇ ਗੁਰਦੁਆਰੇ? -ਗੁਰਬਾਣੀ `ਚ ਇੱਕ-ਦੋ ਵਾਰ ਨਹੀਂ ਹਜ਼ਾਰਾਂ ਵਾਰ ਫੋਕਟ ਕਰਮਕਾਂਡਾਂ ਤੋਂ ਸੁਚੇਤ ਕੀਤਾ ਗਿਆ ਹੈ। ਕਮਾਲ ਤਾਂ ਇਹ ਕਿ ਅੱਜ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਹਜ਼ੂਰੀ `ਚ ਹੀ ਸਾਡੀਆਂ ਮਨਮੱਤਾਂ ਤੇ ਫੋਕਟ ਕਰਮਕਾਂਡ ਸ਼ਿਖਰਾਂ ਨੂੰ ਛੁਹ ਰਹੇ ਹਨ, ਤਾਂ ਕਿਉਂ? ਇਸ ਦੇ ਲਈ ਸਪਸ਼ਟ ਉੱਤਰ ਤੇ ਕਾਰਨ ਵੀ ਇਥੋਂ ਹੀ ਢੂੰਡਣੇ ਪੈਣਗੇ।

ਦਸਮੇਸ਼ ਪਿਤਾ ਦੇ ਜੋਤੀ ਜੋਤ ਸਮਾਉਣ ਉਪ੍ਰੰਤ ਬਹੁਤਾ ਕਰਕੇ ਸਿੱਖ ਜੰਗਾਂ ਜੁੱਧਾਂ `ਚ ਹੀ ਫਸੇ ਰਹੇ। ਸ਼ਹਿਰਾਂ `ਚ ਉਨ੍ਹਾਂ ਦਾ ਰਹਿਣਾ ਵੀ ਦੂਭਰ ਹੋ ਚੁੱਕਾ ਸੀ। ਉਸ ਸਮੇਂ ਉਨ੍ਹਾਂ ਦੀ ਰਿਹਾਇਸ਼ ਬਹੁਤਾ ਕਰਕੇ ਜੰਗਲ, ਪਹਾੜ ਤੇ ਮਾਰੂਥਲ ਆਦਿ ਹੀ ਸਨ। ਉਸ ਸਮੇਂ ਗੁਰਦੁਆਰਿਆਂ ਦਾ ਇੰਤਜ਼ਾਮ ਅਨ-ਅਧਿਕਾਰੀ ਮਹੰਤਾਂ-ਪੁਜਾਰੀਆਂ ਆਦਿ ਕੋਲ ਚਲਾ ਗਿਆ। ਇਸ ਤਰ੍ਹਾਂ ਉਨ੍ਹਾਂ ਨੇ ਵੀ ਸਮੇਂ ਦਾ ਭਰਪੂਰ ਲਾਭ ਚੁੱਕਿਆ। ਉਨ੍ਹਾਂ ਨੇ ਹਰੇਕ ਬ੍ਰਾਹਮਣੀ ਕਰਮਕਾਂਡ ਉਪਰ ਗੁਰਮੱਤ ਦੀ ਚਾਸ਼ਨੀ ਚੜ੍ਹਾ ਕੇ, ਸਿੱਖ ਸੰਗਤਾਂ ਨੂੰ ਵੱਧ ਤੋਂ ਵੱਧ ਉਲਝਾਇਆ।

ਦੂਜਾ ਕਾਰਨ ਇਹ ਕਿ ਉਸ ਸਮੇਂ ਬਹੁਤੇ ਇਤਿਹਾਸਕ ਗੁਰਦੁਆਰੇ ਵੀ ਘਣੀ ਵੱਸੋਂ ਤੋਂ ਬਾਹਰ ਸਨ। ਆਪਣੇ-ਆਪਣੇ ਇੰਤਜ਼ਾਮ ਅਧੀਨ ਗੁਰਦੁਆਰੇ ਦੀ ਆਮਦਨ ਵਧਾਉਣ ਲਈ ਅਨੇਕਾਂ ਘਟਨਾਵਾਂ, ਗੁਰੂ ਸਾਹਿਬਾਨ ਨਾਲ ਜੋੜ ਕੇ ਉਨ੍ਹਾਂ ਗੁਰਦੁਅਰਿਆਂ `ਤੇ ਪ੍ਰਭਾਵੀ ਕੀਤੀਆਂ ਗਈਆਂ। ਜਿਵੇਂ ਇਥੇ ‘ਬਾਰ੍ਹਾਂ ਪੂਰਨਮਾਸ਼ੀਆਂ ਇਸ਼ਨਾਨ ਕਰਣ ਨਾਲ ਸੁੱਕੇ-ਹਰੇ ਹੋ ਜਾਣਗੇ. . ਔਲਾਦ ਪੈਦਾ ਹੋਵੇਗੀ”, “ਇੱਕ ਵਾਰੀ ਸੰਨ੍ਹ (ਮੁਘਾਰ) `ਚੋਂ ਨਿਕਲਣ ਨਾਲ ਚੁਰਾਸੀ ਕੱਟੀ ਜਾਵੇਗੀ”, “ਲਗਾਤਾਰ ਜਪੁ ਦੇ 84 ਪਾਠ ਤੇ 84 ਇਸ਼ਨਾਨ, ਚੌਰਾਸੀ ਕੱਟਦੇ ਨੇ”। ਇੱਕ ਇਤਿਹਾਸਕ ਗੁਰਦੁਆਰੇ ਨੂੰ ਰੋਗ ਕੱਟਣ ਵਾਲਾ, ਦੂਜੇ ਨੂੰ “ਮਾਇਕ ਸਮ੍ਰਧੀ ਦੇਣ ਵਾਲਾ” ਮਸ਼ਹੂਰ ਕੀਤਾ ਗਿਆ। ਹਾਲਾਂਕਿ ਸਾਰੇ ਗੁਰਦੁਆਰੇ ਇਕੋ ਹੀ ਗੁਰੂ ਦੇ ਦਰ ਹਨ ਤੇ ਗੁਰੂ ਦਾ ਦਰ ਮਨ ਮੰਗੀਆਂ ਮੁਰਾਦਾਂ ਵੀ ਪੂਰੀਆਂ ਕਰਦਾ ਹੈ। ਇਹ ਤਾਂ ਉਹ ਦਰ ਹੈ ਜਿੱਥੇ ਆਉਣ ਸਮੇਂ, ਕਿਸੇ ਦੇ ਕਾਰਨ ਭਾਵੇਂ ਕੁੱਝ ਵੀ ਰਹੇ ਹੋਣ, ਪਰ ਆਉਣ ਬਾਅਦ ਇਥੇ ਉਹ ਆਤਮਕ ਅਵਸਥਾ ਪ੍ਰਾਪਤ ਹੋਣੀ ਹੈ, ਜਿਥੋਂ ਮਨੁੱਖ ਆਪਣੀਆਂ ਛੋਟੀਆਂ-ਮੋਟੀਆਂ ਸੰਸਾਰਕ ਮੰਗਾਂ ਦਾ ਗ਼ੁਲਾਮ ਰਹਿੰਦਾ ਹੀ ਨਹੀਂ।

ਇਸ ਤੋਂ ਬਾਅਦ, ਅੱਜ ਸੰਗਤਾਂ ਨੂੰ ਜੋੜ ਦਿੱਤਾ ਗਿਆ ਹੈ, ਵੱਖ-ਵੱਖ ਗੁਰਦੁਆਰਾ ਇਮਾਰਤਾਂ ਨਾਲ, ਹਾਲਾਂਕਿ ਗੁਰ ਉਪਦੇਸ਼, ਸਾਰੇ ਗੁਰਦੁਆਰਿਆਂ `ਚ ਇਕੋ ਹੀ ਤੇ ਗੁਰਬਾਣੀ ਆਧਾਰਿਤ ਹੋਣਾ ਚਾਹੀਦਾ ਹੈ। ਇਸ ਦੇ ਉਲਟ, ਜਦੋਂ ਜੀਵਨ ਦੇ ਸੱਚ ਦਾ ਮੂਲ, ਗੁਰਬਾਣੀ ਦੀ ਸੋਝੀ ਅਤੇ ਉਹ ਵੀ ਗੁਰਦੁਆਰਿਆਂ ਰਸਤੇ ਹੀ ਸੰਗਤਾਂ `ਚੋਂ ਖਤਮ ਕੀਤੀ ਜਾ ਰਹੀ ਹੈ ਤਾਂ ਦੋਸ਼ ਕਿਸ ਨੂੰ? ਕਿਤਣੇ ਹੀ ਗੁਰਦੁਆਰਿਆਂ `ਚ ਅੱਜ ਬੇਰੀਆਂ, ਪਿੱਪਲਾਂ, ਸਮਾਧੀਆਂ, ਸਰੋਵਰਾਂ, ਮੜ੍ਹੀਆਂ, ਜੋਤਾਂ ਦੀ ਪੂਜਾ ਕਰਵਾਈ ਜਾ ਰਹੀ ਹੈ। ਉਥੋਂ ਤੂੰਬਾ ਪ੍ਰਸ਼ਾਦਿ ਦਿੱਤੇ ਤੇ ਵੰਡੇ ਜਾ ਰਹੇ ਹਨ। ਵੱਖ-ਵੱਖ ਗੁਰਦੁਆਰਿਆਂ ਦੀ ਇਤਿਹਾਸਕ ਮਹਾਨਤਾ ਵੱਖਰੀ ਗੱਲ ਹੈ, ਲੋੜ ਸੀ ਉਥੋਂ ਇਤਿਹਾਸਕ ਪ੍ਰੇਰਣਾ ਲੈਣ ਦੀ। ਸੰਗਤਾਂ ਨੂੰ ਉਲਝਾ ਦਿੱਤਾ ਗਿਆ ਹੈ ਵੱਖ-ਵੱਖ ਇਮਾਰਤਾਂ, ਸਰੋਵਰਾਂ ਤੇ ਕਰਮਕਾਂਡਾਂ ਨਾਲ। ਇੰਨਾਂ ਹੀ ਨਹੀਂ, ਇਤਿਹਾਸਕ ਵਿਰਾਸਤਾਂ, ਜਿਨ੍ਹਾਂ `ਚੋਂ ਸੰਗਤਾਂ ਨੂੰ ਸਿੱਖੀ ਜੀਵਨ ਮਿਲਣਾ ਸੀ, ਇਸ ਦੇ ਉਲਟ, ਅਕਾਲ ਪੁਰਖ ਹੀ ਜਾਣਦਾ ਹੈ ਕਿ ਕਿਸ ਗੁੱਝੀ ਸਾਜ਼ਸ਼ ਅਧੀਨ ਅੱਜ ਸਾਡੀ ਸਾਰੀ ਵਿਰਾਸਤ, ਤੇ ਉਹ ਵੀ ਬੜੀ ਤੇਜ਼ੀ ਨਾਲ ਸੰਗਮਰਮਰ ਦੀ ਭੇਟ ਚੜ੍ਹਾਈ ਜਾ ਰਹੀ ਹੈ।

ਮਨਮੱਤਾਂ ਨੂੰ ਵੱਕਤੀ ਠੱਲ ਪਰ ਅੱਜ? -ਉਪ੍ਰੰਤ ਸਿੰਘ ਸਭਾ ਲਹਿਰ ਚੱਲੀ ਤਾਂ ਇਸ ਪਾਸੇ ਕੁੱਝ ਠੱਲ੍ਹ ਪਈ। ਜਦਕਿ ਅੱਜ ਕੀ ਹੈ? ਅਸੀਂ ਮਹੰਤਾਂ-ਪੁਜਾਰੀਆਂ ਤੋਂ ਵੀ ਕਈ ਗੁਣਾਂ ਅੱਗੇ ਨਿਕਲ ਚੁੱਕੇ ਹਾਂ। ਗਿਣੇ-ਚੁਣੇ ਪ੍ਰਬੰਧਕ, ਪ੍ਰਚਾਰਕ, ਰਾਗੀ, ਗ੍ਰੰਥੀ ਅੱਜ ਵੀ ਹਨ ਜਿਹੜੇ ਸਚਮੁਚ ਦਰਦੀ ਤੇ ਇਸ ਪੱਖੋਂ ਜਾਗ੍ਰਤ ਹਨ ਪਰ ਬਹੁਤਿਆਂ ਦੀ ਹਾਲਤ ਇਸ ਤੋਂ ਉਲਟੀ ਹੀ ਹੈ। ਅੱਜ ਸਫਲ ਪ੍ਰਬੰਧਕ ਉਹ ਹੈ ਜਿਸ ਨੇ ਗੁਰਦੁਆਰੇ ਦੀ ਇਮਾਰਤ ਕੱਚੀ ਤੋਂ ਪੱਕੀ ਕਰਵਾ ਦਿੱਤੀ, ਬੈਂਕ ਬੈਲੇਂਸ ਵੱਡਾ ਕਰ ਦਿੱਤਾ। ਸਫਲ ਪ੍ਰਚਾਰਕ ਤੇ ਰਾਗੀ ਉਹ ਹੈ ਜਿਸਨੇ ਵੱਧ ਤੋ ਵੱਧ ਲੋਕਾਈ ਇਕੱਠੀ ਕਰ ਲਈ। ਸਫ਼ਲ ਗ੍ਰੰਥੀ ਉਹ ਹੈ ਜਿਸਦੇ ਆਉਣ ਤੋਂ ਬਾਅਦ ਗੋਲਕ ਦਾ ਢਿੱਡ ਮੋਟਾਤੇ ਵੱਡਾ ਹੋ ਗਿਆ ਹੋਵੇ। ਅੰਦਾਜ਼ਾ ਲਗਾਓੁ ਕਿ ਇਹ ਸਭ ਹੋਵੇਗਾ ਤਾਂ ਕਿਵੇਂ?

ਇਸੇ ਲਈ ਅੱਜ ਸਾਡੇ ਕੋਲ ਕਿੰਨੇਂ ਪ੍ਰਬੰਧਕ, ਰਾਗੀ, ਗ੍ਰੰਥੀ ਤੇ ਪ੍ਰਚਾਰਕ ਹਨ ਜਿੰਨ੍ਹਾਂ ਪਾਸ ਇਹ ਮਾਪਦੰਡ ਹੈ ਕਿ ਉਨ੍ਹਾਂ ਦੇ ਸੇਵਾਕਾਲ `ਚ ਕਿੰਨੀ ਸੰਗਤ ਨੇ ਪਾਹੁਲ ਲਈ? ਕਿੰਨੇਂ ਗੈਰ ਸਿੱਖਾਂ ਨੇ ਸਿੱਖ ਧਰਮ `ਚ ਪ੍ਰਵੇਸ਼ ਕੀਤਾ? ਇਲਾਕੇ `ਚੋਂ ਮੜ੍ਹੀ-ਕਬਰ-ਬੁੱਤ-ਗੁੱਗਾ ਪੂਜਾ ਆਦਿ ਕਿੰਨੇਂ ਲੋਕਾਂ ਨੇ ਤਿਆਗੀ ਹੈ? ਕਿਸਦੇ ਇਲਾਕੇ `ਚ ਵਹਿਮਾਂ-ਭਰਮਾਂ ਤੇ ਮਨਮੱਤਾਂ ਪਖੋਂ ਕਿੰਨੀਂ ਜਾਗ੍ਰਤੀ ਆਈ ਹੈ? ਕਿੰਨਿਆਂ ਨੇ ਨਸ਼ੇ ਛੱਡੇ ਹਨ? ਜੇਕਰ ਇਲਾਕੇ `ਚੋਂ ਨਹੀਂ ਤਾਂ ਘਟ ਤੋਂ ਘਟ ਸੰਗਤਾਂ `ਚੋਂ ਹੀ ਸਹੀ?

ਕੌਮ ਦੇ ਅਰਬਾਂ ਲਗਾ ਕੇ, ਕਿੰਨੇਂ-ਕਿੰਨੇਂ ਦਿਨਾਂ ਦੀ ਬੇਸ਼ੁਮਾਰ ਮਿਹਨਤ ਨਾਲ ਗੁਰਪੁਰਬ ਤੇ ਸਮਾਗਮ ਹੁੰਦੇ ਨੇ। ਭਾਰੀ ਗਿਣਤੀ `ਚ ਸੰਗਤਾਂ ਦੇ ਇਕੱਠ ਵੀ ਹੋ ਜਾਂਦੇ ਹਨ। ਸੰਗਤ ਤਾਂ ਭਰ ਗਈ-ਪ੍ਰਬੰਧਕ ਖੁਸ਼ ਹੈ “ਬੜੀ ਸੰਗਤ ਸੀ”, ਪ੍ਰਚਾਰਕ ਖੁਸ਼ ਹੈ “ਸੀਜ਼ਨ ਵਧੀਆ ਲੱਗਾ”। ਸਿੱਖ ਤਾਂ ਬਾਹਰੋਂ ਸਜਦਾ ਨਜ਼ਰ ਨਹੀਂ ਆ ਰਿਹਾ, ਪਤਿੱਤ ਹੋਣ ਵਾਲਿਆਂ ਦੀਆਂ ਕੱਤਾਰਾਂ ਲੱਗੀਆਂ ਹੋਈਆਂ ਹਨ। ਇਹ ਹੈ ਨਤੀਜਾ-ਅੱਜ ਸਾਡੇ ‘ਸਿੱਖੀ ਪ੍ਰਚਾਰ, ਕੀਰਤਨ ਦਰਬਾਰਾਂ, ਨਗਰ ਕੀਰਤਨਾਂ ਤੇ ਗੁਰਪੁਰਬਾਂ’ ਨੂੰ ਵਧ ਚੜ੍ਹ ਕੇ ਮਨਾਉਣ ਦਾ। ਇਹ ਸਿੱਟਾ ਹੈ ਧੜਾ ਧੜ ਗੁਰਦੁਆਰਿਆਂ ਦੀਆਂ ਬਿਲਡਗਾਂ ਖੜੀਆਂ ਕਰਣ ਦਾ, ਇੱਕ ਸ਼ਤਾਬਦੀ ਤੋਂ ਬਾਅਦ ਦੂਜੀ ਸ਼ਤਾਬਦੀ ਮਨਾਉਣ ਦਾ। ‘ਰਾਗੀ-ਢਾਡੀ-ਕਥਾਵਾਚਕਾਂ-ਪਾਠੀਆਂ-ਪ੍ਰਬੰਧਕਾਂ’ ਦੀ ਗਿਣਤੀ ਦੇ ਤੇਜ਼ੀ ਨਾਲ ਵਧਦੇ ਜਾਣ ਦਾ। ਇਹ ਕੇਵਲ ਇਸ਼ਾਰੇ ਹਨ, ਅੱਜ ਸਾਡੀ ਹਾਲਤ ਤਾਂ ਇਹ ਬਣ ਚੁੱਕੀ ਹੈ ਕਿ - ‘ਮਰਜ਼ ਬੜ੍ਹਤਾ ਗਿਆ ਜਿਉਂ ਜਿਉਂ ਦਵਾ ਕੀ’। ਜਦਕਿ ਇਸ ਸਾਰੇ ਦਾ ਮੂਲ ਵੀ ਸਾਡੇ ਅਜੋਕੇ ਗੁਰਦੁਆਰਿਆਂ `ਚ ਹੋ ਰਿਹਾ ਮਨਮੱਤੀ ਪ੍ਰਚਾਰ ਹੀ ਹੈ।

ਗੁਰਦੁਆਰੇ ਅਤੇ ਸਾਡਾ ਅਜੋਕਾ ਮਾਪਦੰਡ! - ਜਦੋਂ ਸਾਡੀ ਸਾਰੀ ਦੌੜ ਹੀ ਇਸ ਪਾਸੇ ਹੈ ਕਿ ਗੁਰਦੁਆਰਾ ਇਮਾਰਤਾਂ ਕੱਚੀਆਂ ਤੋਂ ਪੱਕੀਆਂ ਬਣਨ, ਬੈਂਕ ਬੈਲੇਂਸ ਵਧੇ, ਗੁਰਦੁਆਰੇ ਦੀ ਆਮਦਨ ਵਧੇ, ਭੀੜ ਵੱਧ ਤੋਂ ਵੱਧ ਇਕੱਠੀ ਹੋਵੇ। ਜਦੋਂ ਸਾਡੇ ਸਿੱਖੀ ਪ੍ਰਚਾਰ ਦੀ ਸੋਚ, ਸਿੱਖੀ ਜੀਵਨ ਦੀ ਸੰਭਾਲ ਹੈ ਹੀ ਨਹੀਂ, ਤਾਂ ਤਰੀਕੇ ਵੀ ਉਹੀ ਹੋਣਗੇ, ਜਿਹੜੇ ਮਹੰਤ ਤੇ ਪੁਜਾਰੀ ਵਰਤਦੇ ਸਨ। ਵੱਧ ਤੋਂ ਵੱਧ ਵਹਿਮ-ਭਰਮ-ਕਰਮਕਾਂਡਾਂ ਤੇ ਮਨਮੱਤਾਂ ਦਾ ਜਾਲ ਵਿਛਾਓ, ਫੋਕੀ ਸ਼ਰਧਾ ਨੂੰ ਪੱਠੇ ਪਾਓ, ਲੋਕਾਈ ਦਾ ਧਿਆਨ ਗੁਰਬਾਣੀ ਜੀਵਨ ਦੀ ਸੋਝੀ ਭਾਵ ਗੁਰਬਾਣੀ ‘ਜੋਤ’ ਤੇ ‘ਜੁਗਤ’ ਵੱਲੋਂ ਧੁੰਦਲਾ ਕਰੋ। ਆਖਿਰ ਜੋ ਬੀਜ ਪਾ ਰਹੇ ਹਾਂ, ਉੱਗੇਗਾ ਵੀ ਤਾਂ ਉਹੀ; ਤਾਂ ਫ਼ਿਰ ਉਲ੍ਹਾਮਾਂ ਕਿਸ ਨੂੰ। ਇਸ ਕੰਮ ਲਈ ‘ਖੰਡੇ ਦੀ ਪਾਹੁਲ’ ਜਾਂ ‘ਸਿੱਖੀ ਜੀਵਨ-ਸੋਝੀ’ ਦੀ ਲੋੜ ਵੀ ਕੀ ਤੇ ਕਿਸ ਨੂੰ ਹੈ? ਇਸ ਪਾਸੇ ਰਹਿੰਦੀ ਕਸਰ ਅਜੋਕਾ ਗੁਰਦੁਆਰਾ ਚੋਣਾਂ ਵਾਲਾ ਰਾਖਸ਼ ਅਪੇ ਹੀ ਪੂਰੀ ਕਰ ਰਿਹਾ ਹੈ ਜਿਸਦਾ ਕੁੱਝ ਜ਼ਿਕਰ ਅੱਗੇ ਚੱਲ ਕੇ ਵੀ ਕਰਾਂਗੇ।

ਸਪਸ਼ਟ ਹੈ, ਜੇਕਰ ਅਸਾਂ ਸਿੱਖ ਧਰਮ ਤੇ ਉਸ ਦੇ ਨਾਲ ਨਾਲ ਸਿੱਖ ਲਹਿਰ ਦਾ ਬਚਾਅ ਕਰਣਾ ਹੈ ਤਾਂ ਕੇਵਲ ਗੁਰਬਾਣੀ ਸੋਝੀ-ਜੀਵਨ ਤੋਂ ਪੈਦਾ ਹੋਣ ਵਾਲੀ ‘ਗੁਰਮੱਤੀ ਸ਼ਰਧਾ’ ਨਾਲ ਹੀ ਕਰ ਸਕਦੇ ਹਾਂ। ਇਹ ਮਨਮੱਤੀ ਸ਼ਰਧਾ’ ਸਾਡੀ ਜਲਦੀ ਤੋਂ ਜਲਦੀ ਤਬਾਹੀ ਲਈ ਚੇਤਾਵਣੀ ਹੈ। #15 SDSLs01.013# (ਚਲਦਾ)

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Sikh, Dharm Vi Hai Ate Lehar Vi.01.13 BEING LOADED IN ISTTS. Otherwise about All the Self Learning Gurmat Lessons already loaded on www.sikhmarg.com it is to clarify that:-

---------------------------------------------

For all the Gurmat Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26487315 Cell 9811292808

web site- www.gurbaniguru.org




.