.

ਰੂਪੁ ਨ ਰੇਖ ਨ ਰੰਗੁ ਕਿਛੁ

ਸਤਿੰਦਰਜੀਤ ਸਿੰਘ

ਸਿੱਖ ਕੌਮ ਦਾ ਵਿਕਾਸ ਗੁਰੂ ਨਾਨਕ ਸਾਹਿਬ ਦੀ ਦੂਰਅੰਦੇਸ਼ ਸੋਚ ਵਿੱਚੋਂ ਹੋਇਆ ਹੈ। ਗੁਰੂ ਨਾਨਕ ਸਾਹਿਬ ਦੀ ਬਾਣੀ ਅਤੇ ਸਿਧਾਂਤ ਕਿਸੇ ਖਾਸ ਤਬਕੇ ਜਾਂ ਵਰਗ ਲਈ ਨਹੀਂ, ਇਹ ਸਮੁੱਚੀ ਮਨੁੱਖ ਜਾਤੀ ਲਈ ਹੈ, ਸਭ ਦਾ ਸਾਂਝਾ ਹੈ। ਗੁਰੂ ਨਾਨਕ ਸਾਹਿਬ ਸੰਸਾਰ ਦੇ ਮਹਾਨ ਕ੍ਰਾਂਤੀਕਾਰੀ ਅਤੇ ਸਮਾਜ-ਸੁਧਾਰਿਕ ਹੋਏ ਹਨ ਜਿੰਨ੍ਹਾਂ ਨੇ ਅੰਧਵਿਸ਼ਵਾਸ਼ ਅਤੇ ਕਰਮਕਾਂਡ ਵਿੱਚ ਜਕੜੇ ਸਮਾਜ ਦੀ ਦਸ਼ਾ ਸੁਧਾਰ ਕੇ, ਨਵੀਂ ਦਿਸ਼ਾ ਜੋ ਕਿ ‘’ ਵੱਲ ਲਿਜਾਂਦੀ ਹੈ, ਦੇ ਪਾਂਧੀ ਬਣਾਉਣ ਲਈ ਅਖੌਤੀ ਬਾਹਮਣਾਂ, ਪੁਜਾਰੀਆਂ ਨਾਲ ਹੀ ਟੱਕਰ ਨਹੀਂ ਲਈ ਸਗੋਂ ਵਕਤ ਆਉਣ ‘ਤੇ ਬਾਬਰ ਵਰਗੇ ਜ਼ਾਲਿਮ ਨੂੰ ਵੀ ‘ਜਾਬਰ’ ਤੱਕ ਕਹਿ ਸੁਣਾਇਆ। ਸਮਾਜ ਦੇ ਪੈਰੀਂ ਪਈਆਂ, ਵੱਖ-ਵੱਖ ਧਰਮਾਂ ਵਿੱਚ ਫੈਲੀਆਂ ਅੰਧਵਿਸ਼ਵਾਸ਼ ‘ਤੇ ਕਰਮਕਾਂਡ ਦੀਆਂ ਜ਼ੰਜੀਰਾਂ ਨੂੰ ਤੋੜਣ ਲਈ ਗੁਰੂ ਸਾਹਿਬ ਨੇ ਸਮੁੱਚੀ ਮਾਨਵਤਾ ਨੂੰ ਕਹਿ ਸੁਣਾਇਆ:

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ {ਪੰਨਾ 1}

ਭਾਵ ਕਿ ‘ਉਹ ਪ੍ਰਮਾਤਮਾ, ਜੋ ਸਾਰੇ ਸੰਸਾਰ ਦਾ ਪਾਲਣਹਾਰ ਹੈ, ਜੋ ਸਾਰੀਆਂ ਸ਼ਕਤੀਆਂ ਦਾ ਮਾਲਕ ਹੈ ਉਹ ਇੱਕ ਹੈ, ਉਹ ਹੀ ਸਭ ਕੁਝ ਕਰਨਾ ਵਾਲਾ, ਹਰ ਚੀਜ਼ ਦਾ ਕਰਤਾ ਹੈ, ਹਰ ਤਰ੍ਹਾਂ ਦੇ ਡਰ ਤੋਂ ਦੂਰ ਹੈ, ਵੈਰ ਤੋਂ ਦੂਰ ਹੈ, ਜੋ ਕਾਲ ਦੀ ਪਹੁੰਚ ਤੋਂ ਬਾਹਰ ਹੈ, ਜੰਮਦਾ-ਮਰਦਾ ਨਹੀਂ, ਜਿਸਦਾ ਪ੍ਰਕਾਸ਼ ਆਪਣੇ-ਆਪ ਤੋਂ ਹੀ ਹੈ ਅਤੇ ਉਸ ਪ੍ਰਮਾਤਮਾ ਨੂੰ ਸੱਚੇ ਗੁਰੂ ਦੀ ਮਿਹਰ ਨਾਲ ਹੀ ਪਾਇਆ ਜਾ ਸਕਦਾ ਹੈ’। ਇਹ ਸਭ ਗੱਲਾਂ ਸਮਾਜ ਨੂੰ ਦੱਸਣ ਤੋਂ ਭਾਵ ਸੀ ਕਿ ਲੋਕਾਂ ਨੂੰ ਸਮਝ ਆ ਜਾਵੇ ਕੇ ਪ੍ਰਮਾਤਮਾ ਕਿਸੇ ਫੋਕੀਆਂ ਰਸਮਾਂ-ਰਿਵਾਜ਼ਾਂ ਨਾਲ ਨਹੀਂ ਮਿਲਦਾ, ਉਹ ਅੰਧਵਿਸ਼ਵਾਸ਼ਾਂ ਦੀ ਪੌੜੀ ਚੜ੍ਹ ਕੇ ਪ੍ਰਾਪਤ ਨਹੀਂ ਹੁੰਦਾ। ਉਸ ਸਮੇਂ ਪ੍ਰਚੱਲਿਤ ਸਾਰੀਆਂ ਫੋਕੀਆਂ ਰਸਮਾਂ ਨੂੰ ਗੁਰੂ ਸਾਹਿਬ ਨੇ ਰੱਦ ਕੀਤਾ। ਗੁਰੂ ਗ੍ਰੰਥ ਸਾਹਿਬ ਵਿੱਚ ਉਸ ਪ੍ਰਮਾਤਮਾ ਦੀ ਭਰਪੂਰ ਸਿਫਤ-ਸਲਾਹ ਹੈ, ਉਸਦੇ ਗੁਣਾਂ ਦੀ ਜਾਣਕਾਰੀ ਹੈ, ਜੀਵਨ ਨੂੰ ਸੇਧ ਹੈ ਪਰ ਲੋਕ ਨਹੀਂ ਸਮਝੇ, ਨਾ-ਸਮਝ ਮਨੁੱਖ ਜੋ ਹੋਏ! ਗੁਰੂ ਸਾਹਿਬ ਨਾਲੋਂ ਲੋਕਾਂ ਨੂੰ ਅਖੌਤੀ ਪੁਜਾਰੀ, ਡੇਰੇਦਾਰ, ਸਿੱਖ ਬਾਣੇ ਪਿੱਛੇ ਲੁਕਿਆ ਲੁਟੇਰਾ ਜ਼ਿਆਦਾ ਪਸੰਦ ਆਇਆ, ਜੋ ਪਲ ਵਿੱਚ ਹੀ ਸਾਰੀਆਂ ਖੁਸ਼ੀਆਂ ਦੀ ਪ੍ਰਾਪਤੀ ‘ਰੱਬ’ ਕੋਲੋਂ ਕਰਵਾਉਣ ਦਾ ਦਾਅਵਾ ਕਰਦਾ ਸਭ ਨੂੰ ਲੁੱਟਦਾ ਰਿਹਾ ‘ਤੇ ਲੋਕ ਅੱਖਾਂ ਮੀਚ ਉਸਦੀਆਂ ਜਬਲੀਆਂ ਨੂੰ ਸੁਣਦੇ ਅਤੇ ਮੰਨਦੇ ਗਏ। ਗੁਰੂ ਅਰਜਨ ਸਾਹਿਬ ਸਮਝਾ ਰਹੇ ਹਨ ਕਿ ‘ਪ੍ਰਮਾਤਮਾ ਦਾ ਕੋਈ ਰੂਪ, ਰੰਗ ਆਦਿ ਨਹੀਂ, ਉਹ ਮੋਹ-ਮਾਇਆ ਤੋਂ ਨਿਰਲੇਪ ਹੈ ਅਤੇ ਆਪਣਾ-ਆਪ ਉਸ ਨੂੰ ਸਮਝਾਉਂਦਾ ਹੈ ਜਿਸ ‘ਤੇ ਉਹ ਪ੍ਰਸੰਨ ਹੁੰਦਾ ਹੈ’:

ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ ॥

ਤਿਸਹਿ ਬੁਝਾਏ ਨਾਨਕਾ ਜਿਸੁ ਹੋਵੈ ਸੁਪ੍ਰਸੰਨ ॥੧॥ {ਪੰਨਾ 283}

ਲੋਕਾਂ ਨੇ ਉਹਨਾਂ ਦੀ ਗੱਲ ਨੂੰ ਪੜ੍ਹ ਤਾਂ ਲਿਆ ਪਰ ਸਮਝਿਆ ਨਹੀਂ, ਇਸੇ ਲਈ ਹੀ ਕੋਈ ਰੱਬ ਨੂੰ ਕਬਰਾਂ ਤੋਂ ਭਾਲਦਾ ਹੈ, ਕੋਈ ਮੜ੍ਹੀਆਂ-ਮਸਾਣਾਂ ‘ਤੇ ਲੱਭਦਾ ਹੈ, ਕੋਈ ਵਿਹਲੜ ਅਖੌਤੀ ਸੰਤਾਂ ਦੇ ਡੇਰਿਆਂ ਦੇ ਚੱਕਰ ਕੱਟ ਰਿਹਾ ਹੈ ਪ੍ਰਮਾਤਮਾ ਨੂੰ ਲੱਭਣ ਲਈ। ਹਰ ਕੋਈ ਆਪਣੇ-ਆਪਣੇ ਬਾਬੇ ਵਿੱਚੋਂ ਉਸ ਪ੍ਰਮਾਤਮਾ ਦੇ ਨਕਸ਼ ਤਲਾਸ਼ ਰਿਹਾ ਹੈ ਸਭ ਨੂੰ ਲਗਦਾ ਹੈ ਕਿ ਪ੍ਰਮਾਤਮਾ ਵੀ ਕੋਈ ਵੱਡੀ ਸਾਰੀ ਗੋਗੜ ਵਾਲਾ, ਮਖਮਲੀ ਕੱਪੜਿਆਂ ਵਿੱਚ ਲਿਪਟਿਆ ‘ਤੇ ਲਾਲ-ਸੁਰਖ਼ ਚਿਹਰੇ ਵਾਲਾ ਹੋਵੇਗਾ ਜੋ ਕਿਸੇ ਅਰਾਮਦਾਇਕ ਕਮਰੇ ਜਾਂ ਭੋਰੇ ਵਿੱਚ ਪਲੰਘ ਜਾਂ ਸੋਫੇ ‘ਤੇ ਬੈਠਾ ਹੋਵੇਗਾ। ਕਰਤਾਰਪੁਰ ਵਸਾ ਕੇ, ਹਲ ਵਾਹ ਰਹੇ, ਤੱਤੀ ਤਵੀ ‘ਤੇ ਬੈਠੇ, ਰੋਗੀਆਂ ਦੀ ਸੇਵਾ ਕਰ ਰਹੇ, ਮਾਨਵਤਾ ਲਈ ਸੀਸ ਕਟਵਾ ਰਹੇ, ਹੱਥੀਂ ਪੁੱਤਰਾਂ ਨੂੰ ਸ਼ਹਾਦਤ ਲਈ ਭੇਜ ਰਹੇ ‘ਰੱਬੀ ਨੂਰ’ ਦੀ ਕਲਪਨਾ ਕੋਈ ਨਹੀਂ ਕਰਦਾ, ਮਾਛੀਵਾੜੇ ਦੇ ਜੰਗਲਾਂ ਵਿੱਚ ਹੇਠਾਂ ਪਿਆ ‘ਰੱਬ ਨੂਰ’ ਕਿਸੇ ਨੂੰ ਨਹੀਂ ਭਾਉਂਦਾ। ਡੇਰੇਦਾਰਾਂ ਦੀਆਂ ਕਹਾਣੀਆਂ ਰਾਹੀਂ ਰੱਬ ਪਾਉਣ ਲਈ ਤਰਲੇ ਕਰਦੇ ਮਨੁੱਖ ਨੇ ਕਦੇ ਗੁਰੂ ਅਰਜਨ ਸਾਹਿਬ ਦੀ ਸਿੱਖਿਆ:

ਕਰਣ ਕਾਰਣ ਪ੍ਰਭੁ ਏਕੁ ਹੈ ਦੂਸਰ ਨਾਹੀ ਕੋਇ ॥

ਨਾਨਕ ਤਿਸੁ ਬਲਿਹਾਰਣੈ ਜਲਿ ਥਲਿ ਮਹੀਅਲਿ ਸੋਇ ॥੧॥ {ਪੰਨਾ 276}

ਭਾਵ ਕਿ ‘ਸਭ ਕੁਝ ਕਰਨ ਵਾਲਾ ਉਹ ਇੱਕੋ-ਇੱਕ ਪ੍ਰਮਾਤਮਾ ਆਪ ਹੀ ਹੈ, ਜੋ ਜਲ ਵਿੱਚ, ਥਲ ਵਿੱਚ ਅਤੇ ਧਰਤੀ ਉੱਤੇ ਭਾਵ ਕਿ ਹਰ ਸ਼ੈਅ ਵਿੱਚ ਸਮਾਇਆ ਹੋਇਆ ਹੈ’ ਨੂੰ ਨਹੀਂ ਸਮਝਿਆ, ਬੱਸ ਕਿਸੇ ਵਿਹਲੜ ਡੇਰੇਦਾਰ ਨੂੰ ਠੇਕੇਦਾਰ ਬਣਾ ਧਰਿਆ ‘ਤੇ ਉਸ ਠੇਕੇਦਾਰ ਨੇ ਆਪਣਾ ਕੰਮ ਬਾਖੂਬੀ ਕੀਤਾ, ਰੱਜ ਕੇ ਸਿੱਖ ਸਿਧਾਂਤਾਂ ਦਾ ਨਾਸ ਕੀਤਾ, ਗੁਰਮਤਿ ਦੀਆਂ ਰੱਜ ਕੇ ਧੱਜੀਆਂ ਉਡਾਈਆਂ, ਲੋਕਾਂ ਨੂੰ ਨਵੇਂ-ਨਵੇਂ ਭਰਮਾਂ ਵਿੱਚ ਫਸਾਇਆ ‘ਤੇ ਫਿਰ ਇੱਕ ਨਵੇਂ ਆਲੀਸ਼ਾਨ ਡੇਰੇ ਦਾ ਨਿਰਮਾਣ ਹੋਇਆ। ਗੁਰੂ ਨਾਨਕ ਸਾਹਿਬ ਨੂੰ ਹਵਾ ਵਿੱਚ ਉੱਡਦੇ ਦਰਸਾਇਆ ਪਰ ਹਲ ਵਾਹੁਣ ਵਾਲੇ ਗੁਰੂ ਨਾਨਕ ਸਾਹਿਬ ਦੀ ਗੱਲ ਨਹੀਂ ਸੁਣਾਈ ਕਿਸੇ ਨੂੰ, ਗੁਰੂ ਹਰਗੋਬਿੰਦ ਸਾਹਿਬ ਦਾ ਜਨਮ ਬਾਬਾ ਬੁੱਢਾ ਜੀ ਦੇ ਵਰ ਨਾਲ ਹੋਣ ਦੀਆਂ ਕਹਾਣੀਆਂ ਸੁਣਾਈਆਂ ਤਾਂ ਜੋ ਇਹਨਾਂ ਦਾ ਮੁੰਡੇ ਵੰਡਣ ਵਾਲਾ ਕਾਰੋਬਾਰ ਚੱਲਦਾ ਰਹੇ ਪਰ ਬੇਬੇ ਨਾਨਕੀ ਜੋ ਕਿ ਗੁਰੂ ਨਾਨਕ ਸਾਹਿਬ ਦੀ ਵੱਡੀ ਭੈਣ ਸਨ, ਦੇ ਘਰ ਔਲਾਦ ਨਹੀਂ ਸੀ, ਇਹ ਕਿਸੇ ਨੂੰ ਨਹੀਂ ਦੱਸਿਆ। ਧੰਨੇ ਭਗਤ ਨੇ ਪੱਥਰ ਵਿੱਚੋਂ ਰੱਬ ਨੂੰ ਲੱਭ ਲਿਆ ਦੀ ਦੁਹਾਈ ਪਿੱਟ-ਪਿੱਟ ਕੇ ਲੋਕਾਂ ਨੂੰ ਇਹਨਾਂ ਡੇਰੇਦਾਰਾਂ ਨੇ ਪੱਥਰ ਪੂਜਣ ਲਈ ਉਤਸ਼ਾਹਿਤ ਕੀਤਾ ਪਰ ਜਿਸ ਬਿਧੀ ਨੂੰ ਸੁਣ ਕੇ ਧੰਨਾ ਭਗਤ ਪ੍ਰਮਾਤਮਾ ਦੀ ਭਗਤੀ ਕਰਨ ਲੱਗਾ, ਉਸ ਬਾਰੇ ਨਹੀਂ ਦੱਸਿਆ ਲੋਕਾਂ ਨੂੰ, ਜਿਸ ਬਾਰੇ ਗੁਰੂ ਅਰਜਨ ਸਾਹਿਬ ਦੱਸਦੇ ਹਨ ਕਿ:

ਗੋਬਿੰਦ ਗੋਬਿੰਦ ਗੋਬਿੰਦ ਸੰਗਿ ਨਾਮਦੇਉ ਮਨੁ ਲੀਣਾ ॥

ਆਢ ਦਾਮ ਕੋ ਛੀਪਰੋ ਹੋਇਓ ਲਾਖੀਣਾ ॥੧॥ ਰਹਾਉ ॥

ਬੁਨਨਾ ਤਨਨਾ ਤਿਆਗਿ ਕੈ ਪ੍ਰੀਤਿ ਚਰਨ ਕਬੀਰਾ ॥

ਨੀਚ ਕੁਲਾ ਜੋਲਾਹਰਾ ਭਇਓ ਗੁਨੀਯ ਗਹੀਰਾ ॥੧॥

ਰਵਿਦਾਸੁ ਢੁਵੰਤਾ ਢੋਰ ਨੀਤਿ ਤਿਨਿ ਤਿਆਗੀ ਮਾਇਆ ॥

ਪਰਗਟੁ ਹੋਆ ਸਾਧਸੰਗਿ ਹਰਿ ਦਰਸਨੁ ਪਾਇਆ ॥੨॥

ਸੈਨੁ ਨਾਈ ਬੁਤਕਾਰੀਆ ਓਹੁ ਘਰਿ ਘਰਿ ਸੁਨਿਆ ॥

ਹਿਰਦੇ ਵਸਿਆ ਪਾਰਬ੍ਰਹਮੁ ਭਗਤਾ ਮਹਿ ਗਨਿਆ ॥੩॥

ਇਹ ਬਿਧਿ ਸੁਨਿ ਕੈ ਜਾਟਰੋ ਉਠਿ ਭਗਤੀ ਲਾਗਾ ॥

ਮਿਲੇ ਪ੍ਰਤਖਿ ਗੁਸਾਈਆ ਧੰਨਾ ਵਡਭਾਗਾ ॥੪॥੨॥ {ਪੰਨਾ 487}

ਗੁਰੂ ਅਰਜਨ ਸਾਹਿਬ ਜੀ ਨੇ ਭਗਤ ਧੰਨਾ ਜੀ ਵੱਲੋਂ ਰੱਬ ਨੂੰ ਪ੍ਰਾਪਤ ਕਰਨ ਦੀ ਵਿਧੀ ਦਾ ਬੜਾ ਸਾਫ ਅਤੇ ਸਪੱਸ਼ਟ ਵਰਨਣ ਕੀਤਾ ਹੈ ਪਰ ਲੋਕਾਂ ਨੂੰ ਭਗਤ ਧੰਨਾ ਜੀ ਪੱਥਰ ਅੱਗੇ ਬੈਠੇ ਹੀ ਦਿਸਦੇ ਹਨ, ਗੁਰੂ ਸਾਹਿਬ ਦੀ ਗੱਲ 'ਤੇ ਯਕੀਨ ਵਿਰਲਿਆਂ ਨੂੰ ਹੀ ਹੈ ਪਰ ਜਿਸਨੂੰ ਗੁਰੂ ਸਾਹਿਬ ਦੀ ਗੱਲ ਦੀ ਪ੍ਰਤੀਤ ਨਹੀਂ ਹੋਈ, ਉਸਦਾ ਕੁਝ ਨਹੀਂ ਹੋ ਸਕਦਾ...ਸਿਵਾਏ ਕਿਸੇ ਡੇਰੇਦਾਰ ਦੀ ਭੇਡ ਬਣਨ ਦੇ। ਜਿਹੜੇ ਲੋਕ ਪੱਥਰ ਵਿੱਚੋਂ ਰੱਬ ਦੇ ਨਕਸ਼ ਤਰਾਸ਼ਦੇ ਹਨ, ਪੱਥਰ ਨੂੰ ਰੱਬ ਬਣਾ ਪੂਜਦੇ ਹਨ ਉਹਨਾਂ ਨੂੰ ਗੁਰੂ ਸਾਹਿਬ ਸਮਝਾਉਂਦੇ ਹਨ ਕਿ:

ਜੋ ਪਾਥਰ ਕਉ ਕਹਤੇ ਦੇਵ ॥ ਤਾ ਕੀ ਬਿਰਥਾ ਹੋਵੈ ਸੇਵ ॥

ਜੋ ਪਾਥਰ ਕੀ ਪਾਂਈ ਪਾਇ ॥ ਤਿਸ ਕੀ ਘਾਲ ਅਜਾਂਈ ਜਾਇ ॥੧॥ {ਪੰਨਾ 1160}

ਭਾਵ ਜੋ ਮਨੁੱਖ ਪੱਥਰ ਨੂੰ ਰੱਬ ਆਖਦੇ ਹਨ, ਉਹਨਾਂ ਦੀ ਕੀਤੀ ਸੇਵਾ ਵਿਅਰਥ ਜਾਂਦੀ ਹੈ। ਜੋ ਮਨੁੱਖ ਪੱਥਰ (ਦੀ ਮੂਰਤੀ) ਦੇ ਪੈਰੀਂ ਪੈਂਦੇ ਹਨ, ਉਹਨਾਂ ਦੀ ਮਿਹਨਤ ਅਜਾਈਂ ਚਲੀ ਜਾਂਦੀ ਹੈ। ਗੁਰੂ ਸਾਹਿਬ ਫੁਰਮਾਉਂਦੇ ਹਨ ਕਿ ‘ਸਾਡਾ ਠਾਕੁਰ ਤਾਂ ਸਦਾ ਬੋਲਦਾ ਹੈ, ਉਹ ਕੋਈ ਬੇਜ਼ੁਬਾਨ ਪੱਥਰ ਨਹੀਂ, ਉਸ ਸਭ ਨੂੰ ਦਾਤਾਂ ਦੇਣ ਵਾਲਾ ਹੈ:

ਠਾਕੁਰੁ ਹਮਰਾ ਸਦ ਬੋਲੰਤਾ ॥ ਸਰਬ ਜੀਆ ਕਉ ਪ੍ਰਭੁ ਦਾਨੁ ਦੇਤਾ ॥੧॥ {ਪੰਨਾ 1160}

ਕਿਸੇ ਡੇਰੇ ਆਦਿ ‘ਤੇ ਬੈਠ ਕਿ ਸਿਰਫ ਗੱਲਾਂ ਨਾਲ ਕਮਾਈ ਕਰਨ ਵਾਲਿਆਂ ਨੂੰ ‘ਸੰਤ’ ਮੰਨ ਉਹਨਾਂ ਦੇ ਸਰੀਰਾਂ ਵਿੱਚੋਂ ਰੱਬ ਦੀ ਝਾਤ ਪਾਉਣ ਲਈ ਇਹਨਾਂ ਵਿਹਲੜਾਂ ਦੇ ਡੇਰਿਆਂ ਜਾਂ ਕਬਰਾਂ ਆਦਿਕ ‘ਤੇ ਮੱਥੇ ਟੇਕਣ ਵਾਲਿਆਂ ਨੂੰ ਗੁਰੂ ਸਾਹਿਬ ਸਮਝਾਉਂਦੇ ਹੋਏ ਕਹਿੰਦੇ ਹਨ ਕਿ:

ਰੇ ਜੀਅ ਨਿਲਜ ਲਾਜ ਤਹਿ ਨਾਹੀ ॥

ਹਰਿ ਤਜਿ ਕਤ ਕਾਹੂ ਕੇ ਜਾਂਹੀ ॥੧॥ ਰਹਾਉ ॥ {ਪੰਨਾ 330}

ਭਾਵ ਕਿ ‘ਹੇ ਬੇਸ਼ਰਮ ਮਨ! ਤੈਨੂੰ ਸ਼ਰਮ ਨਹੀਂ ਆਉਂਦੀ? ਪ੍ਰਭੂ ਨੂੰ ਛੱਡ ਕੇ ਕਿੱਥੇ ਤੇ ਕਿਸ ਦੇ ਪਾਸ ਤੂੰ ਜਾਂਦਾ ਹੈਂ? ਭਾਵ, ਕਿਉਂ ਹੋਰ ਆਸਰੇ ਤੂੰ ਤੱਕਦਾ ਹੈਂ?’ ਪ੍ਰਮਾਤਮਾ ਨਾਲੋਂ ਟੁੱਟ ਕੇ, ਥਾਂ-ਥਾਂ ‘ਤੇ ਨੱਕ ਰਗੜਨ ਵਾਲਿਆਂ ਲਈ ਗੁਰੂ ਸਾਹਿਬ ਕਹਿੰਦੇ ਹਨ ਕਿ:

ਅਬੇ ਤਬੇ ਕੀ ਚਾਕਰੀ ਕਿਉ ਦਰਗਹ ਪਾਵੈ ॥

ਪਥਰ ਕੀ ਬੇੜੀ ਜੇ ਚੜੈ ਭਰ ਨਾਲਿ ਬੁਡਾਵੈ ॥੪॥ {ਪੰਨਾ 420}

ਭਾਵ ਕਿ ਸੱਚੇ ਗੁਰੂ ਦੀ ਦੱਸੀ ਸਿੱਖਿਆ ਨੂੰ ਛੱਡ ਕੇ ਹਰ ਜਣੇ-ਖਣੇ ਦੀ ਖ਼ੁਸ਼ਾਮਦ ਕੀਤਿਆਂ ਪਰਮਾਤਮਾ ਦੀ ਪ੍ਰਾਪਤ ਨਹੀਂ ਹੋ ਸਕਦੀ। ਜਣੇ-ਖਿਣੇ, ਕੱਚੇ-ਪਿੱਲੇ ਦੀ ਖ਼ੁਸ਼ਾਮਦ ਕਰਨਾ ਇਉਂ ਹੈ, ਜਿਵੇਂ ਪੱਥਰ ਦੀ ਬੇੜੀ ਵਿੱਚ ਸਵਾਰ ਹੋਣਾ, ‘ਤੇ ਜੋ ਮਨੁੱਖ ਇਸ ਪੱਥਰ ਦੀ ਬੇੜੀ ਵਿੱਚ ਸਵਾਰ ਹੁੰਦਾ ਹੈ, ਉਹ ਸੰਸਾਰ-ਸਮੁੰਦਰ ਵਿੱਚ ਡੁੱਬ ਜਾਂਦਾ ਹੈ।

ਮਨੁੱਖ ਜਿੰਨੀਆਂ ਮਰਜ਼ੀ ਚਤੁਰਾਈਆਂ ਕਰੀ ਜਾਵੇ ਪਰ ਉਸ ਪ੍ਰਮਾਤਮਾ ਦੀ ਸ਼ਰਣ ਤੋਂ ਬਿਨ੍ਹਾਂ ਸਭ ਬੇਕਾਰ ਹਨ। ਅੱਜ ਡੇਰਿਆਂ, ਕਬਰਾਂ, ਮੜ੍ਹੀਆਂ-ਮਸਾਣਾਂ ਆਦਿਕ ਮਨਮਤਿ ਵਾਲੀਆਂ ਥਾਵਾਂ ‘ਤੇ ਗੇੜੇ ਕੱਢਣ ਵਾਲੇ ਮਨੁੱਖ ਉਸ ਪ੍ਰਮਾਤਮਾ ਦੇ ਭੇਦ ਨੂੰ ਨਹੀਂ ਜਾਣ ਸਕਦੇ। ਕੱਚੇ-ਪਿੱਲੇ ਗੁਰੂਆਂ ਪਿੱਛੇ ਭੱਜਣ ਵਾਲਿਆਂ ਦਾ ਹਾਲ ਆਖਿਰ ਇੱਕ ਦਿਨ

ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਇ ॥

ਨਾਨਕ ਕੀ ਪ੍ਰਭ ਬੇਨਤੀ ਅਪਨੀ ਭਗਤੀ ਲਾਇ ॥੧॥ {ਪੰਨਾ 289}

ਵਾਲਾ ਹੋਵੇਗਾ। ਫਿਰ ਕਿਉਂ ਨਾ ਸਮਾਂ ਰਹਿੰਦੇ ਹੀ ਕਿਸੇ ਵਿਹਲੜ ਅਖੌਤੀ ਸਾਧ-ਸੰਤ ,ਡੇਰੇਦਾਰ ਦੇ ਨਕਸ਼ਾਂ ਨੂੰ ‘ਰੱਬ’ ਦੇ ਨਕਸ਼ ਬਣਾ ਨਿਹਾਰਨਾ ਛੱਡ ਦਈਏ, ਗੁਰੂ ਨਾਨਕ ਸਾਹਿਬ ਦੇ ਸਿਧਾਂਤ ਰਾਹੀਂ, ਉਹਨਾਂ ਦੀ ਸਿੱਖਿਆ ਰਾਹੀਂ ਹੀ ਪ੍ਰਮਾਤਮਾ ਨੂੰ ਪ੍ਰਾਪਤ ਕਰਨ ਦਾ ਯਤਨ ਕਰੀਏ। ਗੁਰੂ ਨਾਨਕ ਸਾਹਿਬ ਦੇ ਸਿਧਾਂਤ ਨੂੰ ਸਮਝੀਏ ਅਤੇ ਉਸ ਪ੍ਰਮਾਤਮਾ ਦੀ ਸ਼ਰਣ ਪਈਏ ਅਤੇ ਹੋਰ ਡੇਰਿਆਂ, ਕਬਰਾਂ ਆਦਿ ‘ਤੇ ਜਾ ਕੇ ਵਿਹਲੜ ਅਤੇ ਨਾਸਵਾਨ ਦੇਹਾਂ ਦੇ ਆਸਰੇ ਤੱਕਣੇ ਛੱਡ ਦਈਏ।

ਮਿਤੀ: 05/05/2013




.