.

ਜਦੋਂ ਮਾਂ ਨੂੰ ਵੱਡਿਆਂ ਕੀਤਾ…।
-ਰਘਬੀਰ ਸਿੰਘ ਮਾਨਾਂਵਾਲੀ

ਮਾਤਾ ਬਸੰਤ ਕੌਰ ਲੰਮੀ ਉਮਰ ਭੋਗ ਕੇ ਇਸ ਸੰਸਾਰ ਨੂੰ ਅਲਵਿਦਾ ਆਖ ਗਈ ਸੀ। ਉਸ ਦੇ ਘਰ ਵਾਲਾ ਤੀਹ ਸਾਲ ਪਹਿਲਾਂ ਹੀ ਉਸ ਨੂੰ ਵਿਛੋੜਾ ਦੇ ਗਿਆ ਸੀ। ਸੰਸਕਾਰ `ਤੇ ਆਈਆਂ ਬਸੰਤ ਕੌਰ ਦੀਆਂ ਦੋਹਾਂ ਧੀਆਂ ਨੇ ਸਿਰ-ਜੋੜ ਆਪਸ ਵਿੱਚ ਘੁਸਰ-ਮੁਸਰ ਕੀਤੀ। ਫਿਰ ਉਹ ਉੱਠ ਕੇ ਪਰ੍ਹੇ ਬੈਠੇ ਆਪਣੇ ਇਕਲੌਤੇ ਭਰਾ ਚਰਨ ਕੋਲ ਬੈਠ ਗਈਆਂ। ਤੇ ਉਸ ਦੇ ਮੋਢੇ `ਤੇ ਹੱਥ ਰੱਖਦਿਆਂ ਵੱਡੀ ਭੈਣ ਨੇ ਕਿਹਾ “ਵੀਰਾ… ਮਾਂ ਵੱਡੀ ਉਮਰ ਭੋਗ ਕੇ ਮਰੀ ਐ… ਉਹਨੂੰ ਵੱਡਿਆਂ ਕਰਨਾ…।” ਉਸ ਦਾ ਗੱਚ ਭਰਿਆ ਹੋਇਆ ਸੀ।
“ਉਹ ਜ਼ਮੀਨ-ਜੈਦਾਦ ਤਾਂ ਇਥੇ ਈ ਛੱਡ ਗਈ ਐ… ਨਾਲ ਤਾਂ ਕੁਸ਼ ਲੈ ਕੇ ਨਈਂ ਗਈ…। ਲੋਕੀਂ ਕੀ ਕਹਿਣਗੇ …। ਸਭ ਕੁੱਝ ਹੁੰਦਿਆਂ-ਸੁੰਦਿਆਂ ਇਹਨਾਂ ਨੇ ਆਪਣੀ ਮਾਂ ਵੱਡੀ ਨਹੀਂ ਕੀਤੀ…। ਜੱਗ ਤਾਂ ਭਰਾਵਾ ਰੱਖਣਾ ਈ ਪੈਣਾ…। ਹੁਣ ਭਾਂਵੇਂ ਔਖਾ ਹੋਵੀਂ ਤੇ ਭਾਂਵੇਂ ਸੌਖਾ…। ਹੱਥ ਨਾ ਘੁਟੀਂ… ਖੁਲ੍ਹ-ਖੇਲ੍ਹ ਨਾਲ ‘ਕੱਠ ਕਰੀਂ… ਸਾਰੇ ਰਿਸ਼ਤੇਦਾਰਾਂ ਨੂੰ ਸੱਦਣਾ ਏ… ਵਧੀਆਂ ਹਲਵਾਈ ਸੱਦੀਂ… ਰੋਟੀ-ਪਾਣੀ ਵਧੀਆ ਕਰੀਂ…। ਸਭ ਨੂੰ ਪਤਾ ਲੱਗੇ ਕਿ ਇਹਨਾਂ ਨੇ ਮਾਂ ਵੱਡੀ ਕੀਤੀ ਐ…।” ਛੋਟੀ ਭੈਣ ਨੇ ਭਰਾ ਨੂੰ ਇੱਕ ਤਰ੍ਹਾਂ ਹੁਕਮ ਕਰਨ ਵਾਂਗ ਕਿਹਾ ਸੀ। ਅੰਗਿਆਰਾਂ ਦਾ ਇੱਕ ਚੰਦਰਾ ਵਰੋਲਾ ਚਰਨ ਦੇ ਮੱਥੇ ਵਿੱਚ ਲੂਹ ਜਾਣ ਵਾਲੀਆਂ ਸਿਖਰਾਂ ਛੋਹ ਗਿਆ। ਮਾਂ ਦੇ ਵਿਛੋੜੇ ਦੇ ਅੱਲੇ ਜ਼ਖ਼ਮਾਂ ਦੀ ਪੀੜ ਵਿੱਚ ਉਹ ਚੀਕ ਵੀ ਨਹੀਂ ਸੀ ਸਕਿਆ। ਉਹਦਾ ਪੋਰ-ਪੋਰ ਦੁੱਖ ਉਠਿਆ ਸੀ। ਉਹ ਸੋਚ ਰਿਹਾ ਸੀ ਕਿ ਉਸ ਨੇ ਤਾਂ ਜਿਊਂਦਿਆਂ ਜੀਅ ਮਾਂ ਨੂੰ ਪਲਕੀਂ ਬਿਠਾਈ ਰੱਖਿਆ ਸੀ। ਕਦੀ ਮਾਂ ਨੂੰ ਤੱਤੀ ‘ਵਾ ਵੀ ਨਹੀਂ ਸੀ ਲੱਗਣ ਦਿਤੀ। ਜੇ ਕਦੀ ਮਾਂ ਦਾ ਕੰਨ ਵੀ ਤੱਤਾ ਹੁੰਦਾ ਤਾਂ ਉਹ ਝੱਟ ਮਾਂ ਨੂੰ ਡਾਕਟਰ ਕੋਲ ਲੈ ਜਾਂਦਾ। ਉਹਨੇ ਵਿੱਤੋਂ ਬਾਹਰੀ ਮਾਂ ਦੀ ਸੇਵਾ ਤੇ ਹਰ ਇੱਛਾ ਪੂਰੀ ਕੀਤੀ ਸੀ …ਤੇ ਹੁਣ ਮਾਂ ਦੇ ਮਰਨ ਤੋਂ ਬਾਅਦ ਕੀਤੀ ਕੋਈ ਵੀ ਰਸਮ ਉਹਨੂੰ ਬੇਅਰਥ ਤੇ ਫਜ਼ੂਲ ਲੱਗ ਰਹੀ ਸੀ। ਸੰਸਕਾਰ ਸਮੇਂ ਉਸ ਨੇ ਬੱਧੇ-ਰੁਧੇ ਨੇ ਨਾ ਚਾਹੁੰਦਿਆਂ ਹੋਇਆ ਵੀ ਭੈਣਾਂ ਦੇ ਜ਼ੋਰ ਦੇਣ `ਤੇ ਕੁੱਝ ਰਸਮਾਂ ਨਿਭਾਈਆਂ ਸਨ। ਤੇ ਉਹਨਾਂ ਨਿਭਾਈਆਂ ਰਸਮਾਂ ਨੇ ਉਹਦੇ ਅੰਦਰ ਕੋਈ ਚੁਆਤੀ ਬਲਾ ਦਿਤੀ ਸੀ।
ਭੋਗ ਵਾਲੇ ਦਿਨ ਜਦੋਂ ਦੋਵੇਂ ਭੈਣਾਂ ਭਰਾ ਦੇ ਘਰ ਆਈਆਂ ਤਾਂ ਉਹ ਘਰ ਦਾ ਸਾਰਾ ਮਾਹੌਲ ਵੇਖ ਕੇ ਇੱਕ ਤਰ੍ਹਾਂ ਡੌਰ-ਭੌਰ ਹੋ ਗਈਆਂ। ਜਦੋਂ ਭੈਣਾਂ ਨੂੰ ਘਰ ਵਿੱਚ ਹਲਵਾਈ ਦੀਆਂ ਭੱਠੀਆਂ, ਵੰਨ-ਸੁਵੰਨੇ ਪਕਾਵਾਨਾਂ ਦੀ ਖੁਸ਼ਬੂ ਅਤੇ ਹੋਰ ਗਹਿਮਾ-ਗਹਿਮੀ ਨਜ਼ਰੀਂ ਨਾ ਪਈ ਤਾਂ ਉਹਨਾਂ ਕਿਹਾ, “ਵੀਰਾ ਹਲਵਾਈ ਨਹੀਂ ਬੁਲਾਇਆ…?” ਉਹ ਅੰਦਰੋਂ-ਅੰਦਰੀ ਕ੍ਰੋਧ ਨਾਲ ਮੱਚ ਉਠੀਆਂ। ਦੋਹਾਂ ਭੈਣਾਂ ਨੇ ਹੈਰਾਨੀ ਨਾਲ ਭਰਾ ਨੂੰ ਪੁਛਿਆ। “ਰਿਸ਼ਤੇਦਾਰ ਕਿਹੜੇ-ਕਿਹੜੇ ਸੱਦੇ ਆ…? ਲੰਗਰ ਵਿੱਚ ਕੀ-ਕੀ ਬਣਾਇਆ ਏ…? ਕੀਰਤਨ ਕਰਨ ਵਾਲੇ ਕਿਹੜੇ ਭਾਈ ਸੱਦੇ ਆ…? ਗੁਰਦੁਆਰੇ ਦੇਣ ਲਈ ਮਾਂ ਦਾ ਬਿਸਤਰਾ ਤੇ ਭਾਂਡੇ ਖਰੀਦ ਲਏ ਆ…? ਮਾਂ ਨੂੰ ਵੱਡਿਆ ਕਰਨ ਦਾ ਹੋਰ ਕੀ-ਕੀ ਪ੍ਰਬੰਧ ਕੀਤਾ…?” ਦੋਹਾਂ ਭੈਣਾਂ ਨੇ ਠਾਣੇਦਾਰੀ ਰੋਅਬ ਜਿਹਾ ਮਾਰਦਿਆਂ ਇਕੋਵਾਰਗੀ ਸਵਾਲਾਂ ਦੀ ਝੜੀ ਲਾ ਦਿਤੀ।
“ਭੈਣ ਜੀ …ਮਾਂ ਨੂੰ ਵੱਡਿਆਂ ਕਰਨ ਦਾ ਮੈਂ ਆਹ ਪ੍ਰਬੰਧ ਕੀਤਾ …।” ਭੈਣਾਂ ਵੱਲ ਇੱਕ ਤਿਲਕਵੀਂ ਨਜ਼ਰ ਵੇਖਣ ਮਗਰੋਂ ਤਕੜੇ ਹੌਂਸਲੇ ਨਾਲ ਚਰਨ ਨੇ ਇੱਕ ਲਿਫਾਫੇ ਵਿਚੋਂ ਥੱਬਾ ਕਾਗਜ਼ਾਂ ਦਾ ਕੱਢ ਕੇ ਭੈਣਾਂ ਅੱਗੇ ਰੱਖਦਿਆਂ ਕਿਹਾ।
“ਇਹ ਕੀ ਆਹ…?” ਇੱਕ ਭੈਣ ਨੇ ਹੈਰਾਨੀ ਨਾਲ ਉਹਨਾਂ ਕਾਗਜ਼ਾਂ ਨੂੰ ਬਿਨ੍ਹਾਂ ਹੱਥ ਲਾਇਆਂ ਨੀਝ ਨਾਲ ਉਹਨਾਂ ਵੱਲ ਵੇਖਦਿਆਂ ਕਿਹਾ।
“ਇਹ ਰਸੀਦਾਂ ਨੇ ਭੈਣ ਜੀ ਉਨ੍ਹਾਂ ਪੈਸਿਆਂ ਦੀਆਂ… ਜੋ ਮੈਂ ਮਾਂ ਦੇ ਨਾਮ `ਤੇ ਪਿੰਡ ਦੇ ਆਧਰਮੀ ਲੋਕਾਂ ਦੇ ਬੱਚਿਆਂ ਅਤੇ ਬਾਕੀ ਪਿੰਡ ਦੇ ਹੋਰ ਗਰੀਬ ਬੱਚਿਆਂ ਦੀਆਂ ਇਕ-ਇਕ ਸਾਲ ਦੀਆਂ ਸਕੂਲ ਦੀਆਂ ਫੀਸਾਂ, ਕਿਤਾਬਾਂ ਅਤੇ ਵਰਦੀਆਂ `ਤੇ ਖਰਚ ਕਰ ਦਿਤੇ ਆ…। ਬੱਸ ਭੈਣ ਜੀ …ਏਹੀ ਕੀਤਾ ਮੈਂ ਮਾਂ ਨੂੰ ਵੱਡਿਆਂ ਕਰਨ ਦਾ ਪ੍ਰਬੰਧ…।” ਭਰਾ ਨੇ ਸੁਖਾਵਾਂ ਸਾਹ ਲੈ ਕੇ ਠਰੱ੍ਹਮੇ ਅਤੇ ਸ਼ਾਂਤ ਚਿੱਤ ਹੋ ਕੇ ਕਿਹਾ। ਇਹ ਸਭ ਕੁੱਝ ਕਰਦਿਆਂ ਉਸ ਨੂੰ ਇਸ ਤਰ੍ਹਾਂ ਮਹਿਸੂਸ ਹੋਇਆ ਜਿਵੇਂ ਉਹਨੇ ਸਾਰੀ ਜ਼ਿੰਦਗੀ ਦਾ ਬੋਝ ਮਨੋ ਲਾਹ ਦਿਤਾ ਹੋਵੇ। ਪਰ ਨਿਰ-ਜਿੰਦ ਜਿਹੀ ਡਾਵਾਂ-ਡੋਲ ਉਹਦੀ ਦੇਹ…ਕਿਸੇ ਅਦਿੱਖ ਭੈਅ ਨਾਲ ਕੰਬ ਰਹੀ ਸੀ।
“ਵੀਰਾ …। ਏਹਦੇ ਨਾਲ ਮਾਂ ਵੱਡੀ ਹੋ ਗਈ…?” ਛੋਟੀ ਭੈਣ ਨੇ ਦੀਵੇ ਦੀ ਲਾਟ ਵਾਂਗ ਮੱਚਦੀ ਨੇ ਕਿਹਾ। ਭੈਣ ਦੇ ਬੋਲ ਪਲ ਦੀ ਪਲ ਉਹਨੂੰ ਸਾਰੇ ਦੇ ਸਾਰੇ ਨੂੰ ਧੁੱਖਦਾ ਕਰ ਗਏ ਸਨ। ਉਹਨੇੁ ਤਲਖ਼ ਜਿਹਾ ਹਾਉਕਾ ਲਿਆ।
“ਬਿਲਕੁਲ…।” ਕੰਬਦੀ ਅਵਾਜ਼ ਵਿੱਚ ਹੌਂਸਲੇ ਨਾਲ ਚਰਨ ਬੋਲਿਆ। “ਭੈਣੇ ਮਾਂ ਅੱਜ ਪਿੰਡ ਵਿੱਚ ਬਹੁਤ ਵੱਡੀ ਹੋ ਗਈ ਏ…।” ਕਿਸੇ ਅਦਿੱਖ ਅਹਿਸਾਸ ਨਾਲ ਉਸ ਨੇ ਹੁਬ ਕੇ ਕਿਹਾ। “ਅੱਜ ਉਹਨਾਂ ਗਰੀਬ ਬੱਚਿਆਂ ਦੇ ਮਾਪੇ ਸਾਡੀ ਮਾਂ ਦੇ ਗੁਣ ਗਾ ਰਹੇ ਆ… ਉਹ ਆਖਦੇ ਆ… ਧੰਨ ਐ ਮਾਂ ਬਸੰਤ ਕੌਰ …ਜਿਹਨੇ ਮਰਨ ਤੋਂ ਬਾਅਦ ਸਾਡੇ ਬੱਚਿਆਂ ਦੀ ਪੜ੍ਹਾਈ ਦਾ ਇਕ-ਇਕ ਸਾਲ ਦਾ ਖਰਚਾ ਚੁੱਕ ਕੇ ਸਾਡਾ ਬੋਝ ਹਲਕਾ ਕੀਤਾ ਹੈ। ਉਹ ਸਾਰੇ ਬਹੁਤ ਖੁਸ਼ ਐ… ਮੇਰੇ ਮਨ ਨੂੰ ਤਾਂ ਬਹੁਤ ਸੰਤੁਸ਼ਟੀ ਮਿਲੀ ਐ… ਤੇ ਭੈਣ ਜੀ ਸਹਿਜ ਪਾਠ ਦੇ ਭੋਗ ਤੋਂ ਬਾਅਦ ਆਈ ਸੰਗਤ ਲਈ ਦਾਲ-ਫੁਲਕੇ ਦਾ ਲੰਗਰ ਤਿਆਰ ਹੋ ਰਿਹੈ…। ਮੇਰਾ ਖਿਆਲ ਐ… ਭੈਣ ਜੀ ਮੈਂ ਕੁੱਝ ਵੀ ਗਲਤ ਨਹੀਂ ਕੀਤਾ। ਸਹੀ ਅਰਥਾਂ ਵਿੱਚ ਮੈਂ ਮਾਂ ਨੂੰ ਵੱਡਿਆਂ ਕੀਤਾ ਹੈ।” ਉਹ ਮਨੋਂ ਇਸ ਤਰ੍ਹਾਂ ਖੁਸ਼ ਸੀ ਜਿਵੇਂ ਉਸ ਨੇ ਕੋਈ ਬਹੁਤ ਵੱਡੀ ਜੰਗ ਜਿੱਤ ਲਈ ਹੋਵੇ। ਪਰ ਉਹ ਭੈਣਾਂ ਦੇ ਚਿਹਰਿਆਂ `ਤੇ ਬਦਲ ਰਹੇ ਹਾਵਾਂ-ਭਾਵਾਂ ਨੂੰ ਵੇਖ ਉਹਨਾਂ ਨੂੰ ਸਮਝਣ ਦਾ ਯਤਨ ਕਰ ਰਿਹਾ ਸੀ। ਚਿੱਤ ਥਾਂਏ ਕਰਦਿਆਂ ਉਸ ਨੇ ਮਨੋਂ-ਮਨੀਂ ਭੈਣਾਂ ਦੇ ਹਰ ਸਵਾਲ ਨੂੰ ਸੁਣਨ ਲਈ ਆਪਣੇ-ਆਪ ਨੂੰ ਤਿਆਰ ਕੀਤਾ ਹੋਇਆ ਸੀ। ਫਿਰ ਵੀ ਉਹ ਇਸ ਤਰ੍ਹਾਂ ਉਪਰਾਮਤਾ ਮਹਿਸੂਸ ਕਰ ਰਿਹਾ ਸੀ ਜਿਵੇਂ ਉਹਦੇ ਪੈਰਾਂ ਥੱਲੇ ਅੰਗਿਆਰ ਪਏ ਹੋਣ…। ਚਰਨ ਨੂੰ ਲੱਗਿਆ ਭੈਣਾਂ ਦੇ ਅਗਲੇ ਬੋਲ ਉਹਨੂੰ ਭਸਮ ਕਰਕੇ ਰੱਖ ਦੇਣਗੇ। ਤਿੰਨਾਂ ਵਿਚਕਾਰ ਪਸਰੀ ਸਿਵਿਆਂ ਵਰਗੀ ਡਰੌਣੀ ਚੁੱਪ ਉਹਨੂੰ ਡੰਗ ਰਹੀ ਪ੍ਰਤੀਤ ਹੋ ਰਹੀ ਸੀ। ਆਤਮ-ਵਿਸ਼ਵਾਸ਼ ਦੀ ਕੰਧ `ਤੇ ਬੈਠਿਆਂ ਵੀ ਉਹ ਪੈਰੋਂ ਹਿੱਲਿਆ ਖੜਾ ਸੀ। ਉਹਦੀਆਂ ਸੋਚਾਂ ਦਾ ਘੋੜਾ ਜਿਵੇਂ ਸਰਪੱਟ ਦੌੜ ਰਿਹਾ ਸੀ। ਅੱਜ ਚਰਨ ਨੂੰ ਮਾਂ ਦਾ ਸਿਵਾ ਮੁੜ ਉਹਦੇ ਜ਼ਿਹਨ ਵਿੱਚ ਤੜ-ਤੜ ਕਰਕੇ ਮੱਚ ਰਿਹਾ ਮਹਿਸੂਸ ਹੋ ਰਿਹਾ ਸੀ। ਅਗਲੇ ਹੀ ਪਲ ਸ਼ਾਂਤ ਜਿਹੇ ਚਿੱਤ ਭਿਆਨਕ ਚੁੱਪ ਨੂੰ ਚੀਰਦਿਆਂ ਦੋਹਾਂ ਭੈਣਾਂ ਨੇ ਹਲਕਾ ਜਿਹਾ ਮੁਸਕਰਾ ਕੇ ਭਰਾ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ। ਜਿਵੇਂ ਉਹਨਾਂ ਨੂੰ ਭਰਾ ਦੀ ਗੱਲ ਚੰਗੀ ਤਰ੍ਹਾਂ ਸਮਝ ਪੈ ਗਈ ਹੋਵੇ।
ਪਿੰਡ ਮਾਨਾਂਵਾਲੀ ਡਾਕ: ਚਾਚੋਕੀ (ਫਗਵਾੜਾ)
ਮੋਬਾਇਲ 88728-54500
.