.

ਵੀਰ ਭੁਪਿੰਦਰ ਸਿੰਘ

ਬਹੁਤ ਸਾਰੇ ਮਜ਼ਹਬ ਇਸ ਗੱਲ ਦਾ ਦਾਅਵਾ (claim) ਕਰਦੇ ਹਨ ਕਿ ਰੱਬ ਜੀ ਇਕ ਹਨ। ਇਸ ਦਾ ਮਤਲਬ ਇਹ ਸਮਝ ਲਿਆ ਜਾਂਦਾ ਹੈ ਕਿ ਅਸਮਾਨ ਜਾਂ ਪਾਤਾਲ, ਸਵਰਗ ਜਾਂ ਜੱਨਤ ਵਿੱਚ ਇਕ ਹਸਤੀ ਰਹਿੰਦੀ ਹੈ ਜਿਸਨੂੰ ਰੱਬ ਕਹਿੰਦੇ ਹਨ, ਜਦਕਿ ਗੁਰਬਾਣੀ ਨੂੰ ਵਿਚਾਰਿਆਂ ਪਤਾ ਲੱਗਦਾ ਹੈ ਕਿ ਰੱਬ ਜੀ ਇਸ ਸ੍ਰਿਸ਼ਟੀ ਵਿੱਚ ਰਹਿੰਦੇ ਹਨ, ਸਭ ਜਗ੍ਹਾ ਮੌਜੂਦ ਹਨ, ਸਭ ਜਗ੍ਹਾ ਆਪਣਾ (ਇਕ ਰਸ ਵਿਆਪਕਤਾ ਦੇ ਪ੍ਰਤੀਕ ਨਾਲ) ਹੁਕਮ, ਨਿਯਮ, ਭਾਣਾ (System) ਚਲਾ ਰਹੇ ਹਨ। ਸੋ ਇਸ ਗੱਲ ਨੂੰ ਨਿਖੇੜ ਕੇ ਸਮਝਣਾ ਅਤਿ ਜ਼ਰੂਰੀ ਹੈ ਕਿ ਇਕ ਰੱਬ ਦਾ ਕੀ ਭਾਵ ਅਰਥ ਹੈ ? ਜੇ ਕਰ ਅਸੀਂ ਇਸ ਸ੍ਰਿਸ਼ਟੀ ’ਚ ਹਾਜ਼ਰ ਨਾਜ਼ਰ ਇਕ ਰੱਬ ਜੀ ਮੰਨ ਰਹੇ ਹਾਂ ਅਤੇ ਨਾਲ ਹੀ ਮਰਣ ਮਗਰੋਂ ਕਿਸੀ ਦਰਗਾਹ, ਸੱਚਖੰਡ, ਪਰਲੋਕ, ਬੈਕੁੰਠ ਜਾਂ ਅਰਸ਼ਾਂ ’ਚ ਅਲਗ, ਇਕ ਹੋਰ ਰੱਬ ਜੀ ਮੰਨ ਰਹੇ ਹਾਂ ਤਾਂ ਮੰਨਣਾ ਪਵੇਗਾ ਕਿ ਅਸੀਂ ‘‘ਇਕ ਰੱਬ’’ ਨਹੀਂ ਬਲਕਿ ‘‘ਦੋ ਰੱਬ’’ ਮੰਨੀ ਬੈਠੇ ਹਾਂ। ਅੱਜ ਸਾਰੀ ਦੁਨੀਆ ਲਈ ਇਸ ਪੱਖੋਂ ਵਿਚਾਰ ਕਰਕੇ ਸਮਝਣਾ ਅਤਿ ਜ਼ਰੂਰੀ ਹੁੰਦਾ ਜਾ ਰਿਹਾ ਹੈ।

ਲੋਕ ਇਕ ਰੱਬ, ਭਗਵਾਨ ਏਕ ਹੈ, ਖੁਦਾ ਏਕ ਹੈ, (God is one) ਕਹੀ ਜਾਂਦੇ ਹਨ ਅਤੇ ਉਸ ਇਕ ਰੱਬ, ਖੁਦਾ, ਭਗਵਾਨ ਨੂੰ ਆਪਣੇ ਦਾਇਰੇ ਚ ਆਪਣੀ ਹੀ ਸੀਮਿਤ ਸੋਚ, ਖ਼ਿਆਲ (perception) ਅਨੁਸਾਰ ਬਿਆਨ ਕਰਕੇ ਮੰਨੀ ਜਾ ਰਹੇ ਹਨ। ਜਿਸਦਾ ਸਿੱਟਾ ਇਹ ਨਿਕਲ ਰਿਹਾ ਹੈ ਕਿ ਵੱਖਰੇ-ਵੱਖਰੇ ਮਜ਼ਹਬਾਂ ਦੇ, ਵੱਖਰੇ-ਵੱਖਰੇ ਰੱਬ ਜੀ ਹੋ ਗਏ ਹਨ। ਮਨੁੱਖ, ਮਨੁੱਖ ਤੋਂ ਟੁੱਟ ਰਿਹਾ ਹੈ ਤੇ ਆਪਣੇ ਮਜ਼ਹਬ ਨੂੰ ਉੱਚਾ ਮੰਨਕੇ ਦੂਜੇ ਮਜ਼ਹਬ ਦੇ ਲੋਕਾਂ ਨੂੰ ਮਾਰ ਮੁਕਾਉਣ ਵਿੱਚ ਉਲਝ ਗਿਆ ਹੈ। ਸਾਰੀ ਮਨੁੱਖਤਾ ਦਾ ਜੋ ਇਹ ਦੁਖਾਂਤ ਵਾਪਰ ਰਿਹਾ ਹੈ ਉਸਦਾ ਕਾਰਨ ਮਜ਼ਹਬੀ ਝਗੜੇ, ਵੱਖਵਾਦ, ਧੜੇਬਾਜ਼ੀ ਹੀ ਨਜ਼ਰ ਆ ਰਿਹਾ ਹੈ। ਇਸ ਦੁਖਦਾਈ ਦਸ਼ਾ ਨੂੰ ਦੇਖ ਕੇ ਗੁਰੂ ਨਾਨਕ ਜੀ ਦੀ ਵਿਚਾਰਧਾਰਾ ਕਿ ‘ਰੱਬ ਇਕ ਹੈ’, ੴ (ਇਕ ਓਂਕਾਰ) ਨੂੰ ਅੱਜ ਸਾਰੀ ਦੁਨੀਆ ਲਈ ਵਿਚਾਰਨਾ ਜ਼ਰੂਰੀ ਹੋ ਗਿਆ ਹੈ। ਰੱਬ ਜੀ ਇਕ ਹੋਣ ਦਾ ਕੀ ਭਾਵਅਰਥ ਲੈਣਾ ਹੈ, ਆਓ ਇਸ ਵਿਸ਼ੇ ਬਾਰੇ ਜ਼ਰਾ ਕੁ ਸਮਝੀਏ :-

1. ਰੱਬ ਜੀ ਇਕ ਹਨ ਇਸਦਾ ਭਾਵ ਅਰਥ ਇਸ ਪੱਖੋਂ ਸਮਝਣਾ ਹੈ ਕਿ ਰੱਬ ਜੀ ਤੋਂ ਛੁੱਟ ਕਿਸੇ ਵੀ ਮਨੁੱਖ, ਸੰਤ, ਪੀਰ, ਫਕੀਰ, ਅਵਤਾਰ, ਬਹੁਗਿਣਤੀਆਂ (majority) ਵਾਲੇ ਚੇਲਿਆਂ ਦੇ ਸਰੀਰਕ ਗੁਰੂ ਜਾਂ ਸ੍ਰਿਸ਼ਟੀ ’ਚ ਕਿਸੀ ਵੀ ਕਿਸਮ ਦੀਆਂ ਸ਼ਕਤੀਆਂ ਨੂੰ ਰੱਬ ਮੰਨਣਾ ਹੀ ਮੁਢਲੀ ਭੁੱਲ ਹੈ। ਇਸੇ ਕਾਰਨ ਹੀ ਮਨੁੱਖ ਦੀ ਮਨੁੱਖ ਨਾਲ ਦੂਰੀ, ਧੜੇਬਾਜ਼ੀ ਅਤੇ ਮਜ਼ਹਬੀ ਵਿਤਕਰੇ ਦੀ ਸ਼ੁਰੂਆਤ ਹੁੰਦੀ ਹੈ। ਸੋ ਸ੍ਰਿਸ਼ਟੀ ਦੇ ਕਰਤਾ ਨੂੰ ਹੀ ਰੱਬ ਮੰਨਣਾ ਬਣਦਾ ਹੈ।

2. ਰੱਬ ਜੀ ਦਾ ਸ੍ਰਿਸ਼ਟੀ ’ਤੇ ਨਿਯਮ, ਹੁਕਮ ਸਾਰੇ ਮਨੁੱਖਾਂ, ਜੀਵ ਜੰਤਾਂ ਉੱਤੇ ਇਕ ਰਸ, ਬਿਨਾ ਵਿਤਕਰੇ ਤੋਂ ਲਾਗੂ ਹੁੰਦਾ ਹੈ। ਇਹ ਇਕ ਰੱਬ ਦਾ ਲਖਾਇਕ ਹੈ। ਜੇ ਕਰ ਰੱਬ ਜੀ ਇਕ ਨਾ ਹੁੰਦੇ ਤਾਂ ਰੱਬ ਜੀ ਦਾ ਹੁਕਮ, ਨਿਯਮ ਇਕ ਰਸ (unique) ਹੋ ਕੇ ਲਾਗੂ ਨਹੀਂ ਹੋ ਰਿਹਾ ਹੁੰਦਾ ਅਤੇ ਸਾਨੂੰ ਸਭ ਨੂੰ ਥਾਂ-ਥਾਂ ਤੇ ਲੋਕਾਂ ਨਾਲ ਵਿਤਕਰਾ ਹੁੰਦਾ ਨਜ਼ਰ ਆ ਰਿਹਾ ਹੁੰਦਾ। ਰੱਬ ਜੀ ਦੇ ਨਿਯਮ ਚ ਜਦੋਂ ਬਾਰਿਸ਼ ਹੁੰਦੀ ਹੈ ਤਾਂ ਸੰਤਾਂ ਅਤੇ ਚੋਰਾਂ, ਸੱਪਾਂ ਅਤੇ ਗਾਵਾਂ, ਆਸਤਕਾਂ ਅਤੇ ਨਾਸਤਕਾਂ, ਹਿੰਦੂ, ਮੁਸਲਮਾਨ, ਸਿੱਖ, ਇਸਾਈਆਂ - ਸਭ ਲਈ ਇਕੋ ਜਿਹੀ ਹੁੰਦੀ ਹੈ। ਜੇ ਕਰ ਭੁਚਾਲ ਜਾਂ ਹੜ੍ਹ ਵੀ ਰੱਬੀ ਨਿਯਮ ਵਿੱਚ ਆਉਂਦਾ ਹੈ ਤਾਂ ਸਭ ਲਈ ਇਕੋ ਜਿਹਾ ਅਸਰ ਕਰਦਾ ਹੈ। ਰੱਬ ਜੀ ਇਕ ਹੀ ਹਨ, ਇਸੇ ਲਈ ਸਭ ਜਗ੍ਹਾ, ਇਕ ਰਸ (unique) ਬਿਨਾ ਵਿਤਕਰੇ ਤੋਂ ਆਪਣਾ ਹੁਕਮ, ਨਿਯਮ ਲਾਗੂ ਰੱਖਦੇ ਹਨ।

3. ਰੱਬ ਜੀ ਇਕ ਹਨ - ਇਹ ਇਸ ਤਰ੍ਹਾਂ ਜੇ ਵਿਚਾਰੀਏ ਕਿ ਸਾਰੀ ਧਰਤੀ ਤੇ ਮਨੁੱਖ ਨੂੰ ਮਾਂ ਦੇ ਗਰਭ ਤੋਂ ਹੀ ਜਨਮ ਲੈਣਾ ਪੈਂਦਾ ਹੈ, ਸਾਰੇ ਇਕੋ ਤਰੀਕੇ ਨਾਲ ਮੂੰਹ ਰਾਹੀਂ ਖਾਂਦੇ, ਜਿਹਬਾ ਰਾਹੀਂ ਚਖਦੇ, ਨੱਕ ਰਾਹੀਂ ਸਵਾਸ ਲੈਂਦੇ, ਅੱਖਾਂ ਰਾਹੀਂ ਤੱਕਦੇ, ਦੰਦਾਂ ਰਾਹੀਂ ਚੱਬਦੇ, ਕੰਨਾਂ ਰਾਹੀਂ ਸੁਣਦੇ, ਆਦਿ ਅਤੇ ਸਭ ਮਨੁੱਖਾਂ ਦਾ ਹੱਸਣਾ ਅਤੇ ਰੋਣਾ ਇਕੋ ਕਿਸਮ ਦਾ ਹੁੰਦਾ ਹੈ। ਸਭ ਨੂੰ ਆਪਣੀ ਔਲਾਦ ਨਾਲ ਅਤੇ ਮਾਤਾ ਪਿਤਾ ਨਾਲ ਮੋਹ ਹੁੰਦਾ ਹੈ ਅਤੇ ਸਭ ਨੂੰ ਇਕ ਦਿਨ ਸਰੀਰਕ ਮੌਤ ਵਾਪਰਦੀ ਹੈ। ਇਹ ਸਭ ਕੁਝ ਹੀ ਰੱਬ ਜੀ ਦੇ ਇਕ ਹੋਣ ਦੇ ਪ੍ਰਮਾਣ ਵਜੋਂ ਸਾਡੇ ਸਾਹਮਣੇ ਹੈ।

4. ਭਾਵੇਂ ਕੋਈ ਮਨੁੱਖ ਹਿੰਦੂ ਹੋਵੇ ਤੇ ਭਾਵੇਂ ਮੁਸਲਮਾਨ, ਭਾਵੇਂ ਸਿੱਖ, ਇਸਾਈ, ਜੈਨੀ ਬੋਧੀ ਤੇ ਭਾਵੇਂ ਆਸਤਕ ਜਾਂ ਨਾਸਤਕ, ਸਭ ਦੇ ਸਰੀਰ ਦੀ ਨਿਯਮਾਵਲੀ ਇਕੋ ਜਿਹੀ ਹੁੰਦੀ ਹੈ। ਬਾਹਰੋਂ ਇਸਤ੍ਰੀ-ਮਰਦ ਜਾਂ ਗੋਰਾ-ਕਾਲਾ ਤਾਂ ਬਸ ਸਾਡੇ ਵੇਖਣ ਲਈ ਹੈ ਪਰ ਸਾਰੇ ਜੀਵ-ਜੰਤਾਂ, ਜਾਨਵਰਾਂ ਪੰਛੀਆਂ, ਮਨੁੱਖਾਂ ’ਚ ਅਤੇ ਸਾਰੀ ਸ੍ਰਿਸ਼ਟੀ ’ਚ ਰੱਬ ਜੀ ਹੀ ਵਸਦੇ ਹਨ। ਇਹ ਰੱਬ ਜੀ ਦੀ ਸਰਬਵਿਆਪਕਤਾ ਅਤੇ ਸਰਬਸ਼ਕਤੀਮਾਨਤਾ (omnipresence and omnipotence) ਕਹਿਲਾਉਂਦੀ ਹੈ।

ਸਭੈ ਘਟ ਰਾਮੁ ਬੋਲੈ ਰਾਮਾ ਬੋਲੈ।।

(ਗੁਰੂ ਗ੍ਰੰਥ ਸਾਹਿਬ, ਪੰਨਾ : 988)

ਅਤੇ

ਘਟ ਘਟ ਮੈ ਹਰਿ ਜੂ ਬਸੈ ਸੰਤਨ ਕਹਿਓ ਪੁਕਾਰਿ।।

(ਗੁਰੂ ਗ੍ਰੰਥ ਸਾਹਿਬ, ਪੰਨਾ : 1427)

ਅਤੇ

ਅਵਲਿ ਅਲਹ ਨੁਰੂ ਉਪਾਇਆ ਕੁਦਰਤਿ ਕੇ ਸਭ ਬੰਦੇ।।

(ਗੁਰੂ ਗ੍ਰੰਥ ਸਾਹਿਬ, ਪੰਨਾ : 1349)

ਰਾਹੀਂ ਇਹੋ ਦ੍ਰਿੜਾਇਆ ਗਿਆ ਹੈ ਕਿ ਸਾਰੇ ਮਨੁੱਖਾਂ ’ਚ ਇਕੋ ਰੱਬ ਜੀ ਹੀ ਵਸਦੇ ਹਨ।

ਜੇਕਰ ਉਪਰਲੀ ਵਿਚਾਰ ਦੀ ਦਲੀਲ ਦੀ ਕਸਵੱਟੀ ਤੇ ਦ੍ਰਿੜ ਹੋ ਜਾਵੇ ਕਿ ਰੱਬ ਇਕ ਹੈ ਤਾਂ ਮਨੁੱਖ ਧੜੇਬਾਜ਼ੀ, ਮਜ਼ਹਬੀ ਵਿਤਕਰੇ ਕਰਕੇ ਆਸਤਕ-ਨਾਸਤਕ ਜਾਂ ਕਿਸੀ ਵੀ ਢੰਗ ਨਾਲ ਰੱਬ ਜੀ ਨੂੰ ਵੱਖ-ਵੱਖ ਵੰਡ ਹੀ ਨਹੀਂ ਸਕਦਾ। ਜਿਵੇਂ ਇਕ ਦਾਲ ਦੇ ਦਾਣੇ ਨੂੰ ਜੇਕਰ ਦੋ ਟੁਕੜੇ ਕਰਕੇ ਬੀਜੋ ਤਾਂ ਉਹ ਉਗ ਹੀ ਨਹੀਂ ਸਕਦਾ।

ਜੇ ਇਕੁ ਹੋਇ ਤ ਉਗਵੈ ਰੁਤੀ ਹੂ ਰੁਤਿ ਹੋਇ।।

(ਗੁਰੂ ਗ੍ਰੰਥ ਸਾਹਿਬ, ਪੰਨਾ : 468)

ਗੁਰੂ ਗ੍ਰੰਥ ਸਾਹਿਬ ਦੀ ਇਹ ਪੰਕਤੀ ਇਸੇ ਗੱਲ ਦਾ ਪ੍ਰਤੀਕ ਹੈ ਕਿ ਇਕ ਬੀਜ ਨੂੰ ਜੇ ਦੋ ਟੁਕੜੇ ਜਾਂ ਅਨੇਕਾਂ ਟੁਕੜਿਆਂ ’ਚ ਕਰ ਕੇ ਬੀਜਣ ਨਾਲ ਪੇੜ ਨਹੀਂ ਉੱਗ ਸਕਦਾ ਤਾਂ ਫਿਰ ਮਨੁੱਖ ਆਪਣੇ ਮਜ਼ਹਬ ਦੇ ਰੱਬ ਜੀ ਨੂੰ ਜਾਂ ਆਪਣੇ ਮਜ਼ਹਬ ਨੂੰ ਉੱਚਾ ਜਾਂ ਨੀਵਾਂ ਮੰਨ ਕੇ ਹੋਰਨਾਂ ਮਨੁੱਖਾਂ ਨਾਲ ਕਿਵੇਂ ਵਿਤਕਰਾ ਕਰ ਸਕਦਾ ਹੈ, ਜਦਕਿ ਸਾਰੇ ਮਨੁੱਖਾਂ ’ਚ ਇਕ ਰੱਬ ਜੀ ਹੀ ਵਸਦੇ ਹਨ। ਸੋ ਸਿੱਟੇ ਵਜੋਂ ਇਕ ਰੱਬ ਦਾ ਮਤਲਬ ਸਾਨੂੰ ਇਸੇ ਅਵਸਥਾ ਤੱਕ ਪਹੁੰਚਾਉਣ ਦਾ ਉਪਰਾਲਾ ਅਤੇ ਸੁਨੇਹਾ ਹੈ ਕਿ ‘‘ਐ ਮਨੁੱਖ, ਬੁਰਾ ਭਲਾ ਕਹੁ ਕਿਸ ਨੋ ਕਹੀਐ ਸਗਲੇ ਜੀਅ ਤੁਮਾਰੇ।। (ਗੁਰੂ ਗ੍ਰੰਥ ਸਾਹਿਬ, ਪੰਨਾ : 383) - ਸਾਰੇ ਮਨੁੱਖਾਂ ’ਚ ਇਕ ਰੱਬ ਵੇਖਣਾ, ਮਹਿਸੂਸ ਕਰਣਾ ਹੀ ੴ ਦਾ ਲਖਾਇਕ ਹੈ। ਸੋ ਇਕ ਰੱਬ ਨੂੰ ਸਾਰੇ ਮਨੁੱਖਾਂ ’ਚ ਵੇਖਣਾ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦਾ ਮੂਲ ਮੰਤਵ ਹੈ। ਵਿਤਕਰੇ ਭਰੀ ਸੋਚ (ਨਜ਼ਰ ਜਾਂ ਵਤੀਰਾ) ਹੀ ਮਨੁੱਖ ਨੂੰ (ਇਕ ਰੱਬ) ੴ ਦੀ ਕਸਵੱਟੀ ਤੋਂ ਡਿਗਾ ਦਿੰਦੀ ਹੈ। ‘‘ਅਸਮਾਨ ’ਤੇ ਕੋਈ ਇਕ ਰੱਬ ਬੈਠਾ ਹੈ ਤੇ ਮਨੁੱਖਾਂ ਨਾਲ ਵਿਤਕਰਾ ਕਰਦਾ ਹੈ ਤੇ ਮਨੁੱਖਾਂ ਕੋਲੋਂ ਮਨੁੱਖਾਂ ਨਾਲ ਵਿਤਕਰਾ ਕਰਵਾਉਂਦਾ ਹੈ’’, ਮਨੁੱਖ ਦਾ ਇਹ ਭੁਲੇਖਾ ਦੂਰ ਕਰਨ ਲਈ ਹੀ ੴ ਦਾ ਸੁਨੇਹਾ ਮਨੁੱਖ ਨੂੰ ਦਿੱਤਾ ਗਿਆ ਹੈ।

ਇਕ ਓਂਕਾਰ ਰਾਹੀਂ ਇਹ ਸਮਝਾਉਣ ਦਾ ਜਤਨ ਹੈ ਕਿ ਮਨੁੱਖ ਰੱਬ ਜੀ ਤੋਂ ਛੁੱਟ ਕਿਸੀ ਹੋਰ ਉੱਤੇ ਟੇਕ ਨਾ ਰੱਖੇ।

ਧਰ ਜੀਅਰੇ ਇਕ ਟੇਕ ਤੂ ਲਾਹਿ ਬਿਡਾਨੀ ਆਸ।।

(ਗੁਰੂ ਗ੍ਰੰਥ ਸਾਹਿਬ, ਪੰਨਾ : 257)

ਅਤੇ

ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ।।

(ਗੁਰੂ ਗ੍ਰੰਥ ਸਾਹਿਬ, ਪੰਨਾ : 281)

ਆਮ ਤੌਰ ’ਤੇ ਵੇਖਣ ’ਚ ਆਉਂਦਾ ਹੈ ਕਿ ਹਰੇਕ ਮਨੁੱਖ ਰੱਬ ਜੀ ਦੀ ਭਗਤੀ, ਪੂਜਾ-ਪਾਠ, ਕਰਮ-ਕਾਂਡ ਇਸੇ ਕਰ ਕੇ ਕਰਦਾ ਹੈ ਕਿ ਵੱਧ ਤੋਂ ਵੱਧ ਮਾਇਆ (ਧਨ) ਪ੍ਰਾਪਤੀ ਹੋਵੇ, ਮਨੋਕਾਮਨਾ ਪੂਰਨ ਹੋਣ, ਪਰਿਵਾਰ ਅਤੇ ਸਰੀਰ ਉੱਤੇ ਕਦੀ ਦੁੱਖ ਨਾ ਆਉਣ ਪਰ ਕੁਦਰਤ ਦੇ ਨਿਯਮ ਅਨੁਸਾਰ ਸੁੱਖ ਤੇ ਦੁੱਖ ਦੋਵੇਂ ਜੀਵਨ ਦੇ ਮਹੱਤਵਪੂਰਨ ਪਹਿਲੂ ਹਨ।

ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ।।

(ਗੁਰੂ ਗ੍ਰੰਥ ਸਾਹਿਬ, ਪੰਨਾ : 149)

ਸਤਿਗੁਰ ਭਾਵ ਸੱਚ ਨੂੰ ਨਾ ਸਮਝਣ ਕਾਰਨ, ਮਨੁੱਖ ਨੂੰ ਬਿਬੇਕ ਬੁੱਧੀ ਪ੍ਰਾਪਤ ਨਹੀਂ ਹੁੰਦੀ, ਸਿੱਟੇ ਵਜੋਂ ਮਨੁੱਖ, ਧਨ ਅਤੇ ਸੁੱਖ ਮੰਗਦਾ ਰਹਿੰਦਾ ਹੈ ਅਤੇ ਦੁੱਖਾਂ ਤੋਂ ਸਦੀਵੀ ਛੁਟਕਾਰਾ ਚਾਹੁੰਦਾ ਹੈ। ਇਸ ਕਰਕੇ ਪੂਜਾ-ਪਾਠ, ਰੱਬੀ ਵਿਸ਼ਵਾਸ, ਕੇਵਲ ਕਾਰਜਾਂ ਦੀ ਪੂਰਤੀ (ਸਿਧੀ) ਲਈ ਕਰਦਾ ਹੈ ਅਤੇ ਕੇਵਲ ਇਥੋਂ ਤੱਕ ਹੀ ਸੀਮਿਤ ਰਹਿ ਜਾਂਦਾ ਹੈ। ਪਰ ਸਿੱਟਾ ਇਹ ਨਿਕਲਦਾ ਹੈ ਕਿ ਮਨੁੱਖ ‘‘ਆਪਣਾ ਮੂਲੁ ਪਛਾਣੁ’’ (ਗੁਰੂ ਗ੍ਰੰਥ ਸਾਹਿਬ, ਪੰਨਾ : 441) ਅਤੇ ਮਨੁੱਖਤਾ ਦੀ ਟੀਸੀ ਤੋਂ ਹਮੇਸ਼ਾ ਲਈ ਵਾਂਝਾ ਰਹਿ ਜਾਂਦਾ ਹੈ। ਪਸ਼ੂ ਬਿਰਤੀ ਕਾਰਨ ਕੇਵਲ ਆਪਣੇ ਪਰਿਵਾਰ ਅਤੇ ਆਪਣੇ ਸਰੀਰਕ ਸੁੱਖਾਂ ਤੱਕ ਹੀ ਸੀਮਿਤ ਰਹਿ ਜਾਂਦਾ ਹੈ। ਰੱਬ ਜੀ ਦੀ ਸਾਂਝੀਵਾਲਤਾ, ਵਿਸ਼ਾਲਤਾ, ਨਿਰਵੈਰਤਾ ਤੋਂ ਖੁੰਝਿਆ ਮਨੁੱਖ, ਕੁਰਬਲ-ਕੁਰਬਲ ਕਰਦਾ ਜਿਊਂਦਾ ਹੈ।

ਮਨੁੱਖ ਦੇ ਮਨ ਦੀ ਅਵਸਥਾ ਕੇਵਲ ਆਪਣੇ ਅਤੇ ਪਰਿਵਾਰ ਤੱਕ ਸੀਮਿਤ ਰਹਿਣ ਕਾਰਨ ਤੰਗ-ਦਿਲੀ ਅਤੇ ਖੁਦਗਰਜ਼ੀ ਵਾਲੀ ਬਣ ਜਾਂਦੀ ਹੈ। ਮਨੁੱਖ ਕੇਵਲ ਸੁੱਖਾਂ ਅਤੇ ਧਨ ਪਦਾਰਥਾਂ ਦੀ ਪ੍ਰਾਪਤੀ ਅਤੇ ਦੁੱਖਾਂ ਤੋਂ ਬੱਚਣ ਲਈ ਆਸਾ-ਮਨਸਾ ਕਰਦਾ, ਚਲੀਹੇ ਕੱਟਦਾ, ਮਨੋਕਾਮਨਾ ਦੀ ਪੂਰਤੀ ਅਤੇ ਪਾਪਾਂ ਦੀ ਨਿਵਰਤੀ ਲਈ ਅਖੰਡ ਪਾਠ ਕਰਦਾ ਅਤੇ ਚੜ੍ਹਾਵੇ ਚੜ੍ਹਾਉਂਦਾ ਰਹਿੰਦਾ ਹੈ। ਸੰਤਾਂ-ਬਾਬਿਆਂ, ਸਾਧੂਆਂ, ਮੜ੍ਹੀਆਂ-ਮਸਾਣਾਂ, ਫੋਟੋਆਂ, ਪੱਥਰ ਜਾਂ ਦੀਵਾਰਾਂ ਨਾਲ ਮੱਥੇ ਰਗੜਦਾ, ਭੂਤਾਂ-ਪ੍ਰੇਤਾਂ, ਮਰ ਗਏ ਲੋਕਾਂ ਨੂੰ ਅਵਤਾਰ ਸਮਝ ਕੇ ਪੂਜਾ ਕਰਦਾ ਅਤੇ ਆਉਣ ਵਾਲੇ ਕਿਸੇ ਅਖੌਤੀ ਅਵਤਾਰ ਦੀ ਉਡੀਕਾਂ ਕਰਦਾ, ਪਿਛਲੇ ਜਨਮ ਦੇ ਕਰਮਾਂ ਤੋਂ ਛੁਟਕਾਰੇ, ਕਿਸਮਤ ਇਤਿਆਦਿ, ਅੰਧ-ਵਿਸ਼ਵਾਸਾਂ ਉੱਤੇ ਟੇਕ ਧਰਦਾ ਅਤੇ ਆਪਣੇ ਅਮਲੀ ਜੀਵਨ ਤੋਂ ਖੁਆਰ ਹੋਇਆ ਇਹ ਭੁੱਲੜ ਮਨੁੱਖ, ਪਸ਼ੂ ਬਿਰਤੀ ਦੀ ਡੂੰਘੀ ਖੱਡ ’ਚ ਡਿੱਗਦਾ ਜਾਂਦਾ ਹੈ।

ਹੁਣ ਇਸ ਮਨੁੱਖ ਦੀ ਆਤਮਕ ਅਵਸਥਾ ਤੰਗ ਦਿਲੀ ਕਾਰਨ ਡਰੀ-ਡਰੀ ਰਹਿੰਦੀ ਹੈ। ਜਿਸ ਮਨੁੱਖ ਦੀ ਆਤਮਕ ਅਵਸਥਾ ਇਸ ਤਰ੍ਹਾਂ ਦੀ ਹੋਵੇ ਉਹ ਕਿਵੇਂ ਸਾਂਝੀਵਾਲਤਾ ਵਾਲੇ ਰੱਬੀ ਗੁਣਾਂ ਨੂੰ ਧਾਰਨ ਕਰ ਸਕਦਾ ਹੈ ਅਤੇ ਮਨੁੱਖਤਾ ਭਰਪੂਰ ਜੀਵਨੀ ਜਿਊ ਸਕਦਾ ਹੈ ? ਅਜਿਹੇ ਮਨੁੱਖ ਨੂੰ ‘ਏਕੁ ਪਿਤਾ ਏਕਸ ਕੇ ਹਮ ਬਾਰਿਕ’ (ਗੁਰੂ ਗ੍ਰੰਥ ਸਾਹਿਬ, ਪੰਨਾ : 611) ਵਾਲੇ ਗੁਣ ਅਤੇ ਵਿਚਾਰਾਂ ਕਿਵੇਂ ਪਸੰਦ ਆ ਸਕਦੀਆਂ ਹਨ ? ਇਸੀ ਕਾਰਨ ਮਨੁੱਖ ਨੂੰ ੴ ਦਾ ਸੁਨੇਹਾ ਦਿਤਾ ਗਿਆ ਹੈ।

ਆਓ ਹੁਣ ੴ ਵਾਲੀ ਵਿਚਾਰ ਨੂੰ ਇਕ ਹੋਰ ਪੱਖੋਂ ਵੀ ਵਿਚਾਰੀਏ। ਗੁਰਬਾਣੀ ’ਚ ਆਉਂਦਾ ਹੈ :

ਬੁਰਾ ਭਲਾ ਤਿਚਰੁ ਆਖਦਾ ਜਿਚਰੁ ਹੈ ਦੁਹੁ ਮਾਹਿ।।

(ਗੁਰੂ ਗ੍ਰੰਥ ਸਾਹਿਬ, ਪੰਨਾ : 757)

ਜਦੋਂ ਤਕ ਮਨੁੱਖ ਦੀ ਮਨੋਬਿਰਤੀ ਇਕ ਦੇ ਬਦਲੇ ਦਵੈਤ (ਦੋ-ਦੋ) ਵਿੱਚ ਪਈ ਰਹਿੰਦੀ ਹੈ ਤਦੋਂ ਤਕ ਮਨੁੱਖ ਤੇਰ-ਮੇਰ, ਬੁਰਾ-ਭਲਾ, ਗੋਰਾ-ਕਾਲਾ, ਆਸਤਕ-ਨਾਸਤਕ, ਪਾਪ-ਪੁੰਨ, ਸਵਰਗ-ਨਰਕ ਦੀ ਵਿਚਾਰ ਵਿੱਚ ਪਿਆ ਰਹਿੰਦਾ ਹੈ।

ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮਨੁੱਖ ਨੂੰ ਇਸ ਕਮਜ਼ੋਰੀ ਤੋਂ ਉੱਪਰ ਉਠਾਉਣ ਲਈ ‘ਇਕ ਰੱਬ’ ਦੀ ਵਿਚਾਰਧਾਰਾ ਪੇਸ਼ ਕਰਦੀ ਹੈ ਕਿ ਰੱਬ ਇਕ ਹੈ ਇਸ ਕਰਕੇ ਐ ਮਨੁੱਖ, ਤੂੰ ਵੀ ਆਪਣੀ ਸ਼ਖ਼ਸੀਅਤ ਇਕ ਬਣਾ, ਦੋ ਮੂੰਹਾ ਨਾ ਬਣ, ਅੰਦਰੋਂ ਬਾਹਰੋਂ ਇਕ ਹੋ ਜਾ। ‘‘ਜਿਨ ਮਨਿ ਹੋਰੁ ਮੁਖਿ ਹੋਰੁ ਸਿ ਕਾਂਢੇ ਕਚਿਆ’’ (ਗੁਰੂ ਗ੍ਰੰਥ ਸਾਹਿਬ, ਪੰਨਾ : 488) ਨਾ ਬਣ ਅਤੇ ‘‘ਜੀਅਹੁ ਮੈਲੇ ਬਾਹਰਹੁ ਨਿਰਮਲ’’ (ਗੁਰੂ ਗ੍ਰੰਥ ਸਾਹਿਬ, ਪੰਨਾ : 919) ਵਾਲੀ ਆਦਤ ਛੱਡ ਦੇ। ਜੇ ਇਕ ਰੱਬ ਨਾਲ ਜੁੜ ਜਾਵਾਂਗੇ ਤਾਂ ਸਾਡੀ ਸ਼ਖ਼ਸੀਅਤ ਇਕ ਬਣ ਜਾਵੇਗੀ, ਫਿਰ ਸਾਡੇ ਲਈ ਕੋਈ ਬੁਰਾ ਭਲਾ ਨਹੀਂ ਰਹੇਗਾ।

ਬੁਰਾ ਭਲਾ ਕਹੁ ਕਿਸ ਨੋ ਕਹੀਐ ਸਗਲੇ ਜੀਅ ਤੁਮਾਰੇ।।

(ਗੁਰੂ ਗ੍ਰੰਥ ਸਾਹਿਬ, ਪੰਨਾ : 383)

ਮਹਿਸੂਸ ਕਰਾਂਗੇ ਭਾਵ ਸਾਡੇ ਲਈ ਅਮੀਰ-ਗ਼ਰੀਬ, ਪਾਪੀ-ਪੁੰਨੀ, ਉੱਚ ਜਾਤੀਆ ਜਾਂ ਨੀਵੀਂ ਜਾਤ ਵਾਲਾ ਕੋਈ ਨਹੀਂ ਰਹੇਗਾ ਅਤੇ ਨਾ ਹੀ ਅਸੀਂ ਇਨ੍ਹਾਂ ਵਿਚਾਰਾਂ ’ਚ ਪਵਾਂਗੇ, ਕਿ ਫ਼ਲਾਣੇ ਕਰਮ ਪੁੰਨ ਹਨ, ਜਿਨ੍ਹਾਂ ਦੇ ਕਰਨ ਨਾਲ ਮਰਣ ਮਗਰੋਂ ਸਵਰਗ ਪਹੁੰਚ ਜਾਂਦੇ ਹਨ ਅਤੇ ਫ਼ਲਾਣੇ ਕਰਮ ਪਾਪ ਹਨ, ਜਿਨ੍ਹਾਂ ਦੇ ਕਰਨ ਨਾਲ ਮਰਣ ਮਗਰੋਂ ਮਨੁੱਖ ਨਰਕ ’ਚ ਦੁੱਖ ਝੇਲਦਾ ਹੈ। ਫਿਰ ਤਾਂ ਸਹਿਜ ਸੁਭਾਇ ਹੀ ਇਹ ਸਮਝ ਆਉਣ ਲੱਗ ਪਵੇਗਾ ਕਿ ਸਾਡਾ ਇਹ ਜਨਮ ਹੀ ਅਸਲੀ ਜੀਵਨ ਹੈ ਜਿਸ ਵਿੱਚ ਅਸੀਂ ਜਿਊਂਦੇ ਜੀਅ ਹੀ ਰੱਬ ਜੀ ਨਾਲ ਇਕਮਿਕ ਹੋ ਸਕਦੇ ਹਾਂ।

ਇਹ ਲੇਖ ਵੀਰ ਭਪਿੰਦਰ ਸਿੰਘ ਜੀ ਦੀ ਦੁਆਰ ਰਚਿਤ ਪੁਸਤਕ ਰੱਬੀ ਗੁਣ ਵਿੱਚੋਂ ਲਿਆ ਗਿਆ ਹੈ।

================

ਇੱਕ ਨਵੀਂ ਪੁਸਤਕ “ਜੀਵਨ ਜੁਗਤ ਦੇ ਮੀਲ ਪੱਥਰ” ਜਲਦ ਹੀ ਪਾਠਕਾਂ ਦੀ ਸੇਵਾ ’ਚ ਹਾਜ਼ਰ ਹੋਣ ਜਾ ਰਹੀ ਹੈ। ਜਿਸ ’ਚ ਵੀਰ ਜੀ ਵੱਲੋਂ ਗੁਰਬਾਣੀ ਅਧਾਰਤ ਲੇਖ “ਮਨ ਕੀ ਹੈ”, ਮਾਇਆ, ਉਸਤਤ-ਨਿੰਦਾ, ਨੌ ਨਿਧੀਆਂ ਅਠਾਰਾਹ ਸਿਧੀਆਂ, ਜ਼ਕਾਤ ਆਦਿ ਲੇਖ ਪ੍ਰਕਾਸ਼ਿਤ ਹੋਣਗੇ। ਵਧੇਰੀ ਜਾਣਕਾਰੀ ਲਈ ਪਾਠਕ ਸੱਜਣ ltpublish@gmail.com ਤੇ ਈ-ਮੇਲ ਕਰਨ ਜੀ ਜਾਂ ਹੇਠ ਲਿਖੇ ਪਤੇ ਤੇ ਸੰਪਰਕ ਕਰੋ ਜੀ:

The Living Treasure

109, Mukherji Park

Tilak Nagar New Delhi 110018

Ph: 011-25981163

Website: thelivingtreasure.org
.