.

ਸਿਆਸਤ, ਧਰਮ ਅਤੇ ਗੁਰਮਤਿ
ਹਾਕਮ ਸਿੰਘ

ਅਣਗਿਣਤ ਲੋਕ ਗੁਰਬਾਣੀ ਉਪਦੇਸ਼ ਤੋਂ ਪਰਭਾਵਿਤ ਹੁੰਦੇ ਆ ਰਹੇ ਹਨ ਅਤੇ ਉਸ ਤੋਂ ਆਪਣੇ ਜੀਵਨ ਵਿਚ ਸੇਧ ਲੈਣ ਦਾ ਪਰਯਾਸ ਕਰਦੇ ਰਹੇ ਹਨ। ਜੈਸੇ ਸਾਦੇ, ਸੱਚੇ, ਸੁੱਚੇ ਅਤੇ ਸ਼ਾਂਤਮਈ ਜੀਵਨ ਦਾ ਗੁਰਬਾਣੀ ਪ੍ਰਸਤਾਵ ਕਰਦੀ ਹੈ ਉਸ ਵਲ ਹਰ ਸਾਧਾਰਣ ਵਿਅਕਤੀ ਸੁਭਾਵਕ ਹੀ ਖਿੱਚਿਆ ਚਲਾ ਆਉਂਦਾ ਹੈ ਭਾਵੇਂ ਉਹ ਜਾਣਦਾ ਹੈ ਕਿ ਗੁਰਬਾਣੀ ਉਪਦੇਸ਼ ਅਨੁਸਾਰੀ ਜੀਵਨ ਧਾਰਨ ਕਰਨਾ ਸੌਖਾ ਕੰਮ ਨਹੀਂ ਹੈ। ਗੁਰਬਾਣੀ ਉਪਦੇਸ਼ ਦੀ ਲੋਕ ਪ੍ਰੀਅਤਾ ਵਿਚ ਉਸ ਨੂੰ ਜੀਵਨ ਵਿਚ ਧਾਰਨ ਕਰਨ ਦੀ ਔਖਿਆਈ ਦਾ ਵੀ ਹੱਥ ਹੈ। ਮਨੁੱਖ ਫਿਤਰਤਨ ਹਰ ਦੁਰਲਭ ਵਸਤੂ ਪ੍ਰਾਪਤ ਕਰਨ ਦਾ ਅਭਲਾਸ਼ੀ ਹੈ। ਗੁਰਬਾਣੀ ਉਪਦੇਸ਼ ਤੋਂ ਉਤਸ਼ਾਹਿਤ ਹੋ ਕੇ ਉਹ ਪ੍ਰਭੂ ਮਿਲਾਪ ਅਤੇ ਆਤਮਕ ਅਨੰਦ ਦੀ ਕਾਮਨਾ ਕਰਦਾ ਹੈ। ਗੁਰਮਤਿ ਆਤਮਕ ਅਨੰਦ ਪਰਾਪਤੀ ਦਾ ਮਾਰਗ ਹੈ ਅਤੇ ਇਸ ਮਾਰਗ ਤੇ ਚਲਣ ਲਈ ਗੁਰਬਾਣੀ ਪ੍ਰਭੂ ਨੂੰ ਮਨ ਅਰਪਿਤ ਕਰਕੇ ਉਸ ਦਾ ਭਾਣਾ ਮੰਨਣ ਦਾ ਉਪਦੇਸ਼ ਕਰਦੀ ਹੈ। ਗੁਰਬਾਣੀ ਕੋਈ ਹੋਰ ਦੂਜਾ ਜਾਂ ਸੌਖਾ ਰਾਹ ਤਜਵੀਜ਼ ਨਹੀਂ ਕਰਦੀ। ਪ੍ਰਭੂ ਨੂੰ ਮਨ ਅਰਪਿਤ ਕਰਨਾ ਅਤੇ ਉਸ ਦੀ ਰਜ਼ਾ ਵਿਚ ਚਲਣਾ ਬਹੁਤ ਔਖਾ ਹੈ ਕਿਉਂਕਿ ਮਨ ਮਨੁੱਖ ਦੇ ਕਾਬੂ ਵਿਚ ਨਹੀਂ ਹੁੰਦਾ। ਮਨ ਤੇ ਮਨੁੱਖ ਦਾ ਮਾਲਕ ਅਤੇ ਚਾਲਕ ਹੈ ਇਸ ਲਈ ਮਨੁੱਖ ਮਨ ਨੂੰ ਕੁਝ ਵੀ ਕਹਿਣ ਦੇ ਸਮਰਥ ਨਹੀਂ ਹੈ। ਗੁਰਬਾਣੀ ਦੱਸਦੀ ਹੈ ਕਿ ਮਨ ਜੋਤ ਸਰੂਪ, ਪ੍ਰਭੂ ਦਾ ਅੰਸ਼ ਹੈ: “ਮਨ ਤੂ ਜੋਤਿ ਸਰੂਪ ਹੈ ਆਪਣਾ ਮੂਲੁ ਪਛਾਣੁ॥” (ਪੰ: ੪੪੧)। ਮਨ ਨੂੰ ਤੇ ਮਨ ਹੀ ਵਸ ਕਰ ਸਕਦਾ ਹੈ ਅਤੇ ਐਸੀ ਸਮਰਥਾ ਮਨੁੱਖ ਨੂੰ ਪ੍ਰਭੂ ਆਪ ਹੀ ਬਖ਼ਸ਼ਿਸ਼ ਕਰਦਾ ਹੈ: “ਮਨ ਬਸਿ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਇ॥” (ਪੰ: ੨੮੯)। ਇਸੇ ਲਈ ਗੁਰਬਾਣੀ ਮਨ ਨੂੰ ਵੱਸ ਕਰਨ ਲਈ ਗੁਰੂ ਅੱਗੇ ਅਰਦਾਸ ਕਰਨ ਦਾ ਉਪਦੇਸ਼ ਕਰਦੀ ਹੈ। ਗੁਰੂ ਦੀ ਕਿਰਪਾ ਹੋ ਜਾਵੇ ਤਾਂ ਗੁਰ ਸ਼ਬਦ ਰਾਹੀਂ ਮਨ ਵੱਸ ਕਰਨ ਦੀ ਸੰਭਾਵਨਾ ਬਣ ਜਾਂਦੀ ਹੈ। ਆਤਮਕ ਅਨੰਦ ਅਤੇ ਸਦੀਵੀ ਸੁਖ ਦੇ ਬਹੁਤੇ ਅਭਲਾਸ਼ੀ ਮਨ ਵਸ ਕਰਨ ਦੀ ਥਾਂ ਇਸ ਦਾ ਕੋਈ ਹੋਰ ਸੌਖਾ ਰਾਹ ਲੱਭਦੇ ਹਨ। ਵੈਸੇ ਵੀ ਮਨੁੱਖ ਹਰ ਕੰਮ ਵਿਚ ਸੌਖਾ ਰਾਹ ਅਪਨਾਉਣ ਦਾ ਆਦੀ ਹੈ ਅਤੇ ਧਾਰਮਕ ਆਸ਼ੇ ਦੀ ਪਰਾਪਤੀ ਲਈ ਵੀ ਉਹ ਸੌਖਾ ਰਾਹ ਲੱਭਦਾ ਹੈ। ਧਰਮ ਅਸਥਾਨਾਂ ਦੇ ਡੇਰੇਦਾਰ, ਪ੍ਰਬੰਧਕ ਅਤੇ ਪੁਜਾਰੀ ਸ਼ਰਧਾਲੂਆਂ ਦੀ ਚਾਹਤ ਅਤੇ ਪਸੰਦ ਤੋਂ ਜਾਣੂ ਹੁੰਦੇ ਹਨ। ਉਹ ਗੁਰਮਤਿ ਉਪਦੇਸ਼ ਤੋਂ ਉਲਟ ਸੌਖੇ ਵਿਹਾਰ ਨੂੰ ਮਿਥਹਾਸਕ ਕਹਾਣੀਆਂ ਦੁਆਰਾ ਗੁਰਮਤਿ ਅਨੁਸਾਰੀ ਪਰਚਾਰ ਕੇ ਸ਼ਰਧਾਲੂਆਂ ਨੂੰ ਪਰਭਾਵਿਤ ਕਰ ਦਿੰਦੇ ਹਨ ਅਤੇ ਸ਼ਰਧਾਲੂ ਉਸ ਵਿਹਾਰ ਨੂੰ ਗੁਰਮਤਿ ਮਾਰਗ ਸਮਝਣ ਲੱਗ ਪੈਂਦੇ ਹਨ।
ਧਰਮ ਅਸਥਾਨਾਂ ਦੇ ਡੇਰੇਦਾਰ ਮਾਲਕ, ਪ੍ਰਬੰਧਕ ਅਤੇ ਪੁਜਾਰੀ ਮਿਥਹਾਸਕ ਕਹਾਣੀਆਂ ਅਤੇ ਕਰਮ ਕਾਡਾਂ ਰਾਹੀਂ ਗੁਰਮਤਿ ਬਾਰੇ ਭੁਲੇਖੇ ਅਤੇ ਅਗਿਆਨਤਾ ਉਤੇਜਿਤ ਕਰਦੇ, ਪਰਚਾਰਦੇ ਅਤੇ ਫੈਲਾਉਂਦੇ ਰਹਿੰਦੇ ਹਨ। ਗੁਰਮਤਿ ਅਧਿਆਤਮਿਕ ਗਿਆਨ ਹੈ ਪਰ ਪੁਜਾਰੀ ਇਸ ਨੂੰ ਇਕ ਮਿਥਹਾਸਕ ਸਮਾਜਕ ਪਰਣਾਲੀ ਅਤੇ ਸਮਾਜਕ ਵਿਚਾਰਧਾਰਾ ਵਜੋਂ ਪੇਸ਼ ਕਰਦੇ ਹਨ। ਇਹ ਪ੍ਰਭੂ ਅਤੇ ਮਨੁੱਖੀ ਆਤਮਾ ਦਾ ਗਿਆਨ ਹੈ ਜਿਸ ਨੂੰ ਪੁਜਾਰੀ ਕਰਮ ਕਾਡਾਂ ਅਤੇ ਮਿਥਹਾਸਕ ਕਹਾਣੀਆਂ ਵਿਚ ਰਲਗੱਡ ਕਰਕੇ ਉਸ ਦੇ ਸਾਰ ਨੂੰ ਲੋਪ ਕਰ ਛਡਦੇ ਹਨ। ਡੇਰੇਦਾਰ ਅਤੇ ਪੁਜਾਰੀ ਗੁਰਸ਼ਬਦ ਦੀ ਵਿਚਾਰ ਦੀ ਥਾਂ ਸ਼ਰਧਾਲੂਆਂ ਲਈ ਧਾਰਮਕ ਕਵਾਇਦ ਅਤੇ ਵਿਸ਼ੇਸ਼ ਪਹਿਰਾਵਾ ਤਜਵੀਜ਼ ਕਰਦੇ ਹਨ। ਸਮਾਜ ਅਤੇ ਸਮਾਜਕ ਵਿਚਾਰਧਾਰਾ ਗੁਰਮਤਿ ਦੇ ਵਿਸ਼ੇ ਨਹੀਂ ਹਨ। ਇਹ ਅਤੇ ਇਹਨਾਂ ਵਿਚ ਵਰਤ ਰਹੇ ਨਿਯਮ ਵਿਗਿਆਨ ਅਤੇ ਸਮਾਜ ਸ਼ਾਸਤਰ ਦੇ ਵਿਸ਼ੇ ਹਨ। ਸਮਾਜ ਵਿਚ ਸਫਲਤਾ ਲਈ ਸਮਾਜ ਦੇ ਨਿਯਮਾਂ ਦੀ ਪਾਲਣਾ ਕਰਨੀ ਜ਼ਰੂਰੀ ਹੁੰਦੀ ਹੈ ਕਿਉਂਕਿ ਗੁਰਬਾਣੀ ਦਾ ਪਾਠ ਸਮਾਜ ਵਿਚ ਸਫਲਤਾ ਲਈ ਕਾਰਗਰ ਸਿੱਧ ਨਹੀਂ ਹੁੰਦਾ। ਪਰ ਡੇਰੇਦਾਰ, ਧਰਮ ਅਸਥਾਨਾਂ ਦੇ ਪ੍ਰਬੰਧਕ ਅਤੇ ਪੁਜਾਰੀ ਅਤੇ ਕਈ ਵਿਦਵਾਨ ਗੁਰਮਤਿ ਉਪਦੇਸ਼ ਦੀ ਅਧਿਆਤਮਿਕ ਕਿਰਿਆ ਨੂੰ ਪਰਭਾਵਸ਼ਾਲੀ ਸੰਸਾਰਕ ਕਿਰਿਆ ਅਤੇ ਪ੍ਰਭੂ ਲਈ ਸ਼ਰਧਾ ਨੂੰ ਪਦਾਰਥਕ ਵਸਤੂਆਂ ਦੀ ਉਪਾਸਨਾ ਬਣਾ ਛੱਡਦੇ ਹਨ। ਉਹਨਾਂ ਦੇ ਪਰਭਾਵ ਅਧੀਨ ਮਨੁੱਖ ਆਪਣੇ ਅੰਤਹਿਕਰਣ ਵਿਚ ਝਾਤੀ ਮਾਰ ਕੇ ਗੁਰਮਤਿ ਅਨੁਸਾਰ ਆਪਣੇ ਮਨ ਨੂੰ ਸੋਧਣ ਦੀ ਥਾਂ ਸਮਾਜ ਵਿਚ ਬਾਹਰਲੇ ਪਹਿਰਾਵੇ, ਧਾਰਮਕ ਕਿਰਿਆਵਾਂ ਅਤੇ ਪਰਭਾਵਸ਼ਾਲੀ ਵਿਹਾਰ ਰਾਹੀਂ ਜਸ ਖੱਟਣ ਨੂੰ ਮਹਾਨ ਧਾਰਮਕ ਕਿਰਿਆ ਸਮਝਦਾ ਹੈ। ਡੇਰੇਦਾਰ ਅਤੇ ਪੁਜਾਰੀ ਸੰਸਾਰਕ ਲੋੜਾਂ ਅਤੇ ਮੰਗਾਂ ਦੀ ਪੂਰਤੀ ਲਈ ਸਮਾਜਕ ਨਿਯਮਾਂ ਦੀ ਪਾਲਣਾ ਦੀ ਥਾਂ ਅਰਦਾਸ ਨੂੰ ਸਾਰਥਕ ਮੰਨਦੇ ਹਨ। ਉਹ ਗੁਰਮਤਿ ਨੂੰ ਮਿਥਿਹਾਸ, ਕਰਮ ਕਾਡਾਂ ਅਤੇ ਸਮਾਜਕ ਵਿਹਾਰ ਵਿਚ ਰਲਗੱਡ ਕਰਕੇ ਇਸ ਦੀ ਸੁਤੰਤਰ ਹੋਂਦ ਬਾਰੇ ਭਰਮ ਪਾ ਦਿੰਦੇ ਹਨ।
ਅਧਿਆਤਮਿਕ ਗਿਆਨ ਅਤੇ ਸਮਾਜਕ ਵਿਹਾਰ ਦੇ ਭੇਦ ਨੂੰ ਅਕਾਦਮਿਕ ਅਦਾਰਿਆਂ ਦੇ ਵਿਦਵਾਨ ਖੂਬ ਅੱਛੀ ਤਰ੍ਹਾਂ ਸਮਝਦੇ ਹਨ। ਕਿਉਂਕਿ ਯੂਨੀਵਰਸਿਟੀਆਂ ਅਤੇ ਵਿਦਿਆਲਿਆਂ ਵਿਚ ਵਿਸ਼ਿਆਂ ਦੇ ਵਖਰੇਵਿਆਂ ਦੇ ਆਧਾਰ ਤੇ ਹੀ ਸਿੱਖਿਆ ਅਤੇ ਖੋਜ ਦਾ ਪ੍ਰਬੰਧ ਕੀਤਾ ਹੁੰਦਾ ਹੈ ਅਤੇ ਹਰ ਵਿਸ਼ੇ ਦੀ ਪਰਿਭਾਸ਼ਿਕ ਸ਼ਬਦਾਵਲੀ
(Terminology), ਕਾਰਜ ਵਿਧੀ (Methodology), ਮਨੋਰਥ ਅਤੇ ਉਪ ਯੋਗਤਾ ਵਖਰੀ ਹੁੰਦੀ ਹੈ। ਭੌਤਕ ਵਿਗਿਆਨ, ਜੀਵ ਵਿਗਿਆਨ, ਸਮਾਜ ਵਿਗਿਆਨ, ਸਾਹਿਤ, ਕਲਾ. ਆਦਿ ਵਿਸ਼ਿਆਂ ਨੂੰ ਇਕ ਦੂਜੇ ਤੋਂ ਵਖਰੇ ਕਰਕੇ ਹੀ ਉਹਨਾਂ ਦਾ ਅਧਿਐਨ ਅਤੇ ਖੋਜ ਕੀਤੀ ਜਾਂਦੀ ਹੈ ਅਤੇ ਸਮਾਜਕ ਉੱਨਤੀ ਲਈ ਰਾਹ ਬਣਦਾ ਹੈ। ਪਰ ਅਕਾਦਮਿਕ ਅਦਾਰਿਆਂ ਦੇ ਸਿਲੇਬਸ ਵਿਚ ਗੁਰਬਾਣੀ ਦੇ ਅਧਿਆਤਮਿਕ ਗਿਆਨ ਲਈ ਕੋਈ ਥਾਂ ਨਹੀਂ ਹੈ ਕਿਉਂਕਿ ਅਕਾਦਮੀਆਂ ਦਾ ਕਾਰਜ ਖੇਤਰ ਪਦਾਰਥ ਵਿਗਿਆਨ, ਸਮਾਜ ਸ਼ਾਸਤਰ, ਸਾਹਿਤ, ਕਲਾ ਅਤੇ ਮਨੋਰੰਜਨ ਦੇ ਵਿਸ਼ਿਆਂ ਤਕ ਸੀਮਤ ਹੁੰਦਾ ਹੈ। ਅਧਿਆਤਮਿਕ ਗਿਆਨ ਪ੍ਰਭੂ ਅਤੇ ਆਤਮਾ ਦੇ ਵਿਸ਼ਵਾਸ ਤੇ ਆਧਾਰਤ ਹੁੰਦਾ ਹੈ ਜਿਸ ਨੂੰ ਅਕਾਦਮਿਕ ਅਦਾਰੇ ਪਰਵਾਨ ਨਹੀਂ ਕਰਦੇ। ਯੂਨੀਵਰਸਿਟੀਆਂ ਅਤੇ ਖੋਜ ਸੰਸਥਾਵਾਂ ਵਿਚ ਗੁਰਮਤਿ ਦੇ ਅਧਿਆਤਮਿਕ ਗਿਆਨ ਦਾ ਅਧਿਐਨ ਨਹੀਂ ਕੀਤਾ ਜਾਂਦਾ। ਉਹਨਾਂ ਸੰਸਥਾਵਾਂ ਵਿਚ ਤੇ ਧਰਮਾਂ ਦਾ ਤੁਲਨਾਤਮਕ ਅਧਿਐਨ ਅਤੇ ਸਿੱਖ ਧਰਮ ਦੇ ਇਤਹਾਸ, ਸਾਹਿਤ, ਭਾਸ਼ਾ ਆਦਿ ਪੱਖਾਂ ਅਤੇ ਪੁਰਾਤਨ ਗ੍ਰੰਥਾਂ ਬਾਰੇ ਖੋਜ ਕੀਤੀ ਜਾਂਦੀ ਹੈ ਪਰ ਇਹਨਾਂ ਵਿਚ ਵੀ ਖੋਜ ਦੇ ਵਿਸ਼ਿਆਂ ਦੀ ਚੋਣ ਕਰਨ ਵੇਲੇ ਅਕਾਦਮਿਕ ਸੰਸਥਾਵਾਂ ਅਤੇ ਉਹਨਾਂ ਦੇ ਵਿਦਵਾਨ ਗੁਰਮਤਿ ਵਿਰੋਧੀਆਂ ਅਤੇ ਪੁਜਾਰੀਆਂ ਦੇ ਡਰ ਕਾਰਨ ਬਹੁਤ ਸਾਵਧਾਨੀ ਵਰਤਦੇ ਹਨ। ਵੈਸੇ ਤੇ ਯੂਨੀਵਰਸਿਟੀਆਂ ਦੇ ਧਰਮ ਦੇ ਵਿਦਵਾਨ ਬਨਣ ਵਾਲੇ ਬਹੁਤੇ ਵਿਅਕਤੀ ਗੁਰਮਤਿ ਵਿਰੋਧੀਆਂ ਦੀਆਂ ਸਿਫ਼ਾਰਿਸ਼ਾਂ ਤੇ ਹੀ ਨਿਯੁਕਤ ਕੀਤੇ ਹੁੰਦੇ ਹਨ ਪਰ ਉਹ ਵੀ ਧਾਰਮਕ ਪਰੰਪਰਾ ਨਾਲੋਂ ਵਖਰੀ ਰਾਏ ਦੇਣ ਲਗਿਆਂ ਸਾਵਧਾਨ ਰਹਿੰਦੇ ਹਨ। ਸਭ ਜਾਣਦੇ ਹਨ ਕਿ ਸੁਤੰਤਰ ਸੋਚ ਵਾਲੇ ਵਿਦਵਾਨਾਂ ਨੂੰ ਪੁਜਾਰੀ ਕਿਵੇਂ ਜ਼ਲੀਲ ਕਰਦੇ ਹਨ। ਗੁਰਮਤਿ ਵਿਰੋਧੀਆਂ ਅਤੇ ਪੁਜਾਰੀਆਂ ਦਾ ਹਊਆ ਸਾਰੇ ਸਿੱਖ ਵਿਦਵਾਨਾਂ ਦੇ ਸਿਰ ਤੇ ਹਮੇਸ਼ਾ ਮੰਡਲਾਉਂਦਾ ਰਹਿੰਦਾ ਹੈ। ਐਸੇ ਹੀ ਡਰਾਉਣੇ ਵਾਤਾਵਰਣ ਵਿਚ ਡਾ. ਇਕਬਾਲ ਸਿੰਘ ਢਿੱਲੋਂ ਨੇ “ਅਕਾਲ-ਤਖਤ: ਸੰਕਲਪ ਅਤੇ ਵਿਵਸਥਾ” ਪਰਕਾਸ਼ਤ ਕਰ ਕੇ ਗੁਰ ਬਿਲਾਸ ਪਾਤਸ਼ਾਹੀ ੬ ਦੇ ਕਲੰਤਕਾਰੀ ਕਰਤੇ ਦੇ ਸਿਰਜੇ ਅਕਾਲ ਤਖਤ ਦੇ ਸੰਕਲਪ ਅਤੇ ਉਸ ਸੰਕਲਪ ਦੇ ਪੁਜਾਰੀ ਅਤੇ ਸਿਆਸੀ ਸਮਰਥਕਾਂ ਦੀਆਂ ਆ ਕਾਂਖਿਆਵਾਂ ਨੂੰ ਐਸਾ ਢਾਹ ਢੇਰੀ ਕਰ ਦਿੱਤਾ ਹੈ ਕਿ ਕੋਈ ਵੀ ਹੋਰ ਕਲਮ ਦਾ ਧਨੀ ਇਸ ਨੂੰ ਮੁੜ ਸੁਰਜੀਤ ਕਰਨ ਦੇ ਸਮਰਥ ਨਹੀਂ ਰਿਹਾ ਹੈ। ਡਾ. ਇਕਬਾਲ ਸਿੰਘ ਨੇ ਗੁਰਮਤਿ ਦੇ ਗੁਪਤ ਵਿਰੋਧੀਆਂ ਅਤੇ ਉਹਨਾਂ ਦੇ ਪੁਜਾਰੀਆਂ ਦੇ ਗ਼ੈਰ ਕਨੂੰਨੀ ਡਰਾਵੇ ਅਤੇ ਧਮਕੀਆਂ ਨੂੰ ਵੀ ਚੁਣੋਤੀ ਦਿੱਤੀ ਹੈ। ਉਹਨਾਂ ਦੇ ਡਰਾਵੇ ਵਿਦਵਾਨਾਂ ਨੂੰ ਵਿਚਕਾਰ ਸੁਤੰਤਰਤਾ ਦੇ ਮੂਲ ਸੰਵਿਧਾਨਕ ਅਧਿਕਾਰ ਤੋਂ ਵੰਚਤ ਕਰਦੇ ਹਨ। ਐਸੀ ਗੈਰਕਾਨੂੰਨੀ ਵਧੀਕੀ ਦੀ ਵਿਰੋਧਤਾ ਕਰਨੀ ਹਰ ਵਿਦਵਾਨ ਦਾ ਹੱਕ ਅਤੇ ਧਰਮ ਹੈ ਕਿਉਂਕਿ ਗੁਰਮਤਿ ਦੇ ਗੁਪਤ ਵਿਰੋਧੀਆਂ ਅਤੇ ਉਹਨਾਂ ਦੇ ਪੁਜਾਰੀਆਂ ਨੂੰ ਕੋਈ ਅਧਿਕਾਰ ਨਹੀਂ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਦਿੱਤੇ ਗੁਰਮਤਿ ਉਪਦੇਸ਼ ਦੇ ਸਹੀ ਪਰਚਾਰ ਕਰਨ ਵਾਲੇ ਵਿਦਵਾਨਾਂ ਅਤੇ ਪਰਚਾਰਕਾਂ ਨੂੰ ਇਸ ਤਰ੍ਹਾਂ ਡਰਾਉਂਦੇ ਅਤੇ ਧਮਕਾਉਂਦੇ ਰਹਿਣ।
ਸਮਾਜ ਸ਼ਾਸਤਰ ਅਤੇ ਸਮਾਜਕ ਵਿਹਾਰ ਗੁਰਮਤਿ ਦਾ ਅਧਿਆਤਮਿਕ ਗਿਆਨ ਨਹੀਂ ਹੈ। ਗੁਰਮਤਿ ਅਤੇ ਸਮਾਜਕ ਵਿਹਾਰ ਵਿਚ ਅੰਤਰ ਹੈ ਜਿਸ ਨੂੰ ਧਿਆਨ ਵਿਚ ਰੱਖੇ ਬਿਨਾ ਗੁਰਮਤਿ ਉਪਦੇਸ਼ ਦੀ ਸੂਝ ਆਉਣੀ ਸੰਭਵ ਨਹੀਂ। ਗੁਰਬਾਣੀ ਸਮਾਜਕ ਕਰਮ ਕਾਡਾਂ ਅਤੇ ਮਿਥਹਾਸਕ ਕੂੜ ਦਾ ਖੰਡਨ ਕਰਦੀ ਹੈ ਅਤੇ ਬਾਰ-ਬਾਰ ਇਹ ਤੱਥ ਦਰਿੜ੍ਹ ਕਰਵਾਉਂਦੀ ਹੈ ਕਿ ਗੁਰਬਾਣੀ ਦੁਨਿਆਵੀ ਵਿਚਾਰਧਾਰਾ, ਨਿਜੀ ਰਾਏ, ਵਿਚਾਰ, ਇਤਹਾਸ ਜਾਂ ਨਿਰਾ ਵਿਸ਼ਵਾਸ ਨਹੀਂ ਹੈ। ਇਹ ਤੇ ਪ੍ਰਭੂ ਦਾ ਅਧਿਆਤਮਿਕ ਗਿਆਨ ਹੈ ਜਿਸ ਦਾ ਪਰਕਾਸ਼ ਮਾਨਵਤਾ ਦੇ ਕਲਿਆਣ ਲਈ ਗੁਰੂ ਸਾਹਿਬਾਨ ਅਤੇ ਭਗਤ ਜਨਾਂ ਦੀ ਰਚੀ ਬਾਣੀ ਦੁਆਰਾ ਹੋਇਆ ਹੈ। ਇਸ ਨੂੰ ਗੁਰੂ ਸਾਹਿਬਾਨ ਦਾ ਨਿਰਾ ਵਾਰਤਾਲਾਪ ਸਮਝਣਾ ਵੀ ਉਚਿਤ ਨਹੀਂ ਹੈ। ਗੁਰਬਾਣੀ ਦੇ ਕਥਨ ਹਨ: “ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ॥” (ਪੰ: ੭੨੨); “ਤੂ ਆਪਿ ਸਚਾ ਤੇਰੀ ਬਾਣੀ ਸਚੀ ਆਪੇ ਅਲਖੁ ਅਥਾਹਾ ਹੇ॥“ (ਪੰ: ੧੦੫੭); ਗੁਰਬਾਣੀ ਵਰਤੀ ਜਗ ਅੰਤਰਿ ਇਸ ਬਾਣੀ ਤੇ ਹਰਿ ਨਾਮੁ ਪਾਇਦਾ॥“ (ਪੰ: ੧੦੬੬); ਲੋਗੁ ਜਾਨੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰੁ॥“ (ਪੰ: ੩੩੫); “ਅਨਹਦ ਬਾਣੀ ਗੁਰਮੁਖਿ ਜਾਣੀ ਬਿਰਲੋ ਕੋ ਅਰਥਾਵੈ॥“ (ਪੰ: ੯੪੫); “ਸਭਿ ਨਾਦਿ ਬੇਦ ਗੁਰਬਾਣੀ॥ ਮਨੁ ਰਾਤਾ ਸਾਰਿਗਪਾਣੀ॥“ (ਪੰ: ੮੭੯); “ਅੰਮ੍ਰਿਤ ਬਾਣੀ ਤਤੁ ਵਖਾਣੀ ਗਿਆਨ ਧਿਆਨ ਵਿਚਿ ਆਈ॥ ਗੁਰਮੁਖਿ ਆਖੀ ਗੁਰਮੁਖਿ ਜਾਤੀ ਸੁਰਤੀ ਕਰਮਿ ਧਿਆਈ॥“ (ਪੰ: ੧੨੪੩); “ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥ ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ॥ ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨਾ ਜਾਣੀ॥ ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਣ ਪਏ ਰਵਾਣੀ॥ ਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥“ (ਪੰ: ੯੨੦); “ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਜਾਣਹੁ ਗੁਰਸਿਖਹੁ ਹਰਿ ਕਰਤਾ ਆਪ ਮੁਹਹੁ ਕਢਾਏ॥“ (ਪੰ: ੩੦੮); “ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ॥ ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ॥“ (ਪੰ: ੯੩੫); “ਕਰਮ ਕਾਂਡ ਬਹੁ ਕਰਹਿ ਆਚਾਰ॥ ਬਿਨ ਨਾਵੈ ਧ੍ਰਿਗੁ ਧ੍ਰਿਗੁ ਅਹੰਕਾਰ॥“ (ਪੰ: ੧੬੨)। ਜਿਸ ਬਾਣੀ ਦੀ ਪਰਿਭਾਸ਼ਾ ਗੁਰਬਾਣੀ ਵਿਚ ਏਨੇ ਵਿਸਥਾਰ ਨਾਲ ਐਸੇ ਸਪਸ਼ਟ ਸ਼ਬਦਾਂ ਵਿਚ ਦਿੱਤੀ ਗਈ ਹੈ ਉਸ ਨੂੰ ਮਿਥਿਹਾਸ, ਇਤਹਾਸ ਅਤੇ ਕਰਮ ਕਾਡਾਂ ਵਿਚ ਰਲਗੱਡ ਕਰਨਾ ਅਤੇ ਦੁਨਿਆਵੀ ਵਿਹਾਰ, ਵਾਰਤਾਲਾਪ, ਵਿਚਾਰਧਾਰਾ ਅਤੇ ਇੱਛਾ ਪੂਰਕ ਜਾਂ ਸਫਲਤਾ ਦੀ ਕੁੰਜੀ ਪਰਚਾਰਨਾ ਗੁਰਮਤਿ ਵਿਰੋਧੀਆਂ ਦਾ ਕੰਮ ਹੀ ਹੋ ਸਕਦਾ ਹੈ। ਗੁਰਮਤਿ ਵਿਰੋਧੀ ਸ਼ੁਰੂ ਤੋਂ ਹੀ ਗੁਪਤ ਰਹਿ ਕੇ ਗੁਰਮਤਿ ਵਿਚਾਰਧਾਰਾ ਨੂੰ ਦਬਾਉਣ, ਗੈਰਕਾਨੂੰਨੀ ਠਹਿਰਾਉਣ, ਸ਼ਰਧਾਲੂਆਂ ਤੋਂ ਛੁਪਾ ਕੇ ਰੱਖਣ, ਗੁਰਬਾਣੀ ਪੋਥੀ ਸਾਹਿਬ ਦਾ ਅਪਹਰਣ ਕਰਨ ਜਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਰਲਾ ਕਰਨ, ਭੁਲੇਖੇ ਪਾਉਣ ਅਤੇ ਹੋਰ ਪੋਥੀਆਂ ਦੀਆਂ ਕੱਚੀਆਂ ਅਸ਼ਲੀਲ ਰਚਨਾਵਾਂ ਨਾਲ ਰਲਗੱਡ ਕਰਨ ਦੇ ਨਿਰੰਤਰ ਜਤਨ ਕਰਦੇ ਆ ਰਹੇ ਹਨ। ਡੇਰੇਦਾਰ ਅਤੇ ਗੁਰਦੁਆਰਿਆਂ ਦੇ ਕਈ ਪ੍ਰਬੰਧਕ ਅਤੇ ਪੁਜਾਰੀ ਅਜਿਹੀ ਸੋਚ ਦੇ ਪਰਭਾਵ ਅਧੀਨ ਹੀ ਗੁਰੂ ਗ੍ਰੰਥ ਸਾਹਿਬ ਨੂੰ ਪੂਜਾ ਦੀ ਵਸਤੂ ਬਣਾ ਕੇ ਗੁਰਬਾਣੀ ਉਪਦੇਸ਼ ਦੇ ਸੰਚਾਰ ਨੂੰ ਸੀਮਤ ਕਰਨ ਦਾ ਜਤਨ ਕਰਦੇ ਰਹਿੰਦੇ ਹਨ।
ਗੁਰਮਤਿ ਬਾਰੇ ਅਗਿਆਨਤਾ ਅਤੇ ਗਲਤ ਫੈਹਮੀ ਫੈਲਾਉਣ ਦੇ ਵਪਾਰ ਦੇ ਕਈ ਰੂਪ ਅਤੇ ਢੰਗ ਵਿਕਸਤ ਹੋ ਗਏ ਹਨ। ਸਭ ਤੋਂ ਵੱਧ ਗੁਰਮਤਿ ਦਾ ਗਲਤ ਪਰਚਾਰ ਸਾਧਾਂ ਦੇ ਡੇਰਿਆਂ ਵਿਚ ਹੁੰਦਾ ਹੈ। ਡੇਰਿਆਂ ਦੇ ਮਾਲਕ ਮਹੰਤ ਆਪਣੇ ਵਪਾਰ ਨੂੰ ਗੁਰਮਤਿ ਦਾ ਪਰਚਾਰ ਆਖਦੇ ਹਨ ਅਤੇ ਆਪਣੇ ਆਪ ਨੂੰ ਗੁਰਮਤਿ ਸੰਚਾਰ ਦੇ ਵੱਡੇ ਕਾਰਕੁਨ ਅਤੇ ਸੰਤ ਦੱਸਦੇ ਹਨ। ਕਈ ਸੰਪਰਦਾਵਾਂ ਵੀ ਅਜਿਹਾ ਮੁਤਾਲਬਾ ਕਰਦੀਆਂ ਹਨ। ਬਹੁਤੇ ਗੁਰਦੁਆਰਿਆਂ ਵਿਚ ਸ਼ਰਧਾਲੂਆਂ ਨੂੰ ਗੁਮਰਾਹ ਕਰਨ ਲਈ ਗੁਰਮਤਿ ਵਿਰੋਧੀ ਮਰਿਯਾਦਾਵਾਂ ਚਲ ਰਹੀਆਂ ਹਨ। ਅੱਜ ਕੱਲ੍ਹ ਸਭ ਤੋਂ ਵੱਧ ਵਪਾਰ ਅਖੰਡ ਪਾਠਾਂ ਦਾ ਹੋ ਰਿਹਾ ਹੈ। ਡੇਰਿਆਂ ਵਿਚ ਤੇ ਇਹ ਲੜੀਆਂ ਵਿਚ ਵਿਕ ਰਹੇ ਹਨ, ਪਰ ਦੂਜੇ ਗੁਰਦੁਆਰਿਆਂ ਵਿਚ ਵੀ ਇਹਨਾਂ ਦੀ ਕਾਫੀ ਵਿਕਰੀ ਹੁੰਦੀ ਹੈ। ਇਥੋਂ ਤਕ ਕਿ ਦਰਬਾਰ ਸਾਹਿਬ ਵਿਚ ਵੀ ਇਸ ਦਾ ਵਪਾਰ ਖੂਬ ਜ਼ੋਰਾਂ ਤੇ ਚਲਦਾ ਹੈ। ਗੁਰਬਾਣੀ ਉਪਦੇਸ਼ ਦੀ ਜੋ ਅਵੱਗਿਆ ਅਤੇ ਬੇਅਦਬੀ ਅਖੰਡ ਪਾਠਾਂ ਵਿਚ ਕੀਤੀ ਜਾਂਦੀ ਹੈ ਉਹ ਸ਼ਾਇਦ ਹੀ ਕਿਸੇ ਹੋਰ ਧਾਰਮਕ ਕਾਰਜ ਪਰਣਾਲੀ ਵਿਚ ਕੀਤੀ ਜਾਂਦੀ ਹੋਵੇ।
ਅਖੰਡ ਪਾਠ ਬਾਰੇ ਸਿੱਖ ਰਹਿਤ ਮਰਯਾਦਾ ਵਿਚ ਲਿਖਿਆ ਹੈ, “ (ੳ) ਅਖੰਡ ਪਾਠ ਕਿਸੇ ਭੀੜ ਜਾਂ ਉਤਸ਼ਾਹ ਵੇਲੇ ਕੀਤਾ ਜਾਂਦਾ ਹੈ। ਇਹ ਤਕਰੀਬਨ ੪੮ ਘੰਟੇ ਵਿਚ ਸੰਪੂਰਨ ਕੀਤਾ ਜਾਂਦਾ ਹੈ। ਇਸ ਵਿਚ ਪਾਠ ਲਗਾਤਾਰ ਬਿਨਾਂ ਰੋਕ ਦੇ ਕੀਤਾ ਜਾਂਦਾ ਹੈ। …. (ਅ) ਅਖੰਡ ਪਾਠ ਜਿਸ ਪਰਵਾਰ ਜਾਂ ਸੰਗਤ ਨੇ ਕਰਨਾ ਹੈ, ਉਹ ਆਪ ਕਰੇ, ਟੱਬਰ ਦੇ ਕਿਸੇ ਆਦਮੀ, ਸਾਕ ਸੰਬੰਧੀ, ਮਿੱਤਰ ਆਦਿ ਮਿਲ ਕੇ ਕਰਨ। ਪਾਠੀਆਂ ਦੀ ਗਿਣਤੀ ਮੁਕਰਰ ਨਹੀਂ। ਜੇ ਕੋਈ ਆਦਮੀ ਆਪ ਪਾਠ ਨਹੀਂ ਕਰ ਸਕਦਾ, ਤਾਂ ਕਿਸੇ ਚੰਗੇ ਪਾਠੀ ਕੋਲੋਂ ਸੁਣ ਲਵੇ। ਪਰ ਇਹ ਨਾ ਹੋਵੇ ਕਿ ਪਾਠੀ ਇਕੱਲਾ ਬਹਿ ਕੇ ਪਾਠ ਕਰਦਾ ਰਹੇ ਤੇ ਸੰਗਤ ਜਾਂ ਟੱਬਰ ਦਾ ਕੋਈ ਆਦਮੀ ਨਾ ਸੁਣਦਾ ਹੋਵੇ। ਪਾਠੀ ਦੀ ਯਥਾ-ਸ਼ਕਤਿ ਭੋਜਨ, ਬਸਤਰ ਆਦਿ ਨਾਲ ਯੋਗ ਸੇਵਾ ਕੀਤੀ ਜਾਵੇ।“ ਰਹਿਤ ਮਰਯਾਦਾ ਵਿਚ ਇਹ ਨਹੀਂ ਦੱਸਿਆ ਗਿਆ ਕਿ ਗੁਰਬਾਣੀ ਵਿਚ ਕਿਥੇ ਇਹ ਆਦੇਸ਼ ਦਿੱਤਾ ਗਿਆ ਹੈ ਕਿ ਭੀੜ ਜਾਂ ਉਤਸ਼ਾਹ ਵਾਲੀ ਸਥਿਤੀ ਵਿਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਅਖੰਡ ਪਾਠ ਕੀਤਾ ਜਾਣਾ ਚਾਹੀਦਾ ਹੈ ਅਤੇ ੪੮ ਘੰਟੇ ਦਿਨ ਰਾਤ ਨਿਰੰਤਰ ਪਾਠ ਕਰਨ ਦਾ ਗੁਰਬਾਣੀ ਵਿਚ ਕੀ ਮਹਾਤਮ ਹੈ। ਰਹਿਤ ਮਰਯਾਦਾ ਤੋਂ ਇਹ ਅਗਵਾਈ ਤੇ ਮਿਲਦੀ ਹੈ ਕਿ ਜਿਹੜਾ ਵਿਅਕਤੀ ਪਾਠ ਨਹੀਂ ਕਰ ਸਕਦਾ ਉਹ ਭਾੜੇ ਦਾ ਪਾਠੀ ਰੱਖ ਕੇ ਸੁਣ ਲਵੇ ਪਰ ਭਾੜੇ ਦੇ ਪਾਠੀ ਦੀ ਯਥਾ-ਸ਼ਕਿਤ ਸੇਵਾ ਜ਼ਰੂਰ ਕਰੇ। ਭਾੜੇ ਦੇ ਪਾਠੀਆਂ ਵੱਲੋਂ ਕੀਤੇ ਜਾਂਦੇ ਅਖੰਡ ਪਾਠਾਂ ਦੀਆਂ ਕੁਰੀਤੀਆਂ ਅਤੇ ਸ਼ਰਧਾਲੂਆਂ ਦੇ ਨਿਰਲੇਪ ਵਿਹਾਰ ਬਾਰੇ ਤੇ ਹੁਣ ਹਰ ਕੋਈ ਜਾਣਦਾ ਹੀ ਹੈ। ਪਰ ਸ਼ਰਧਾਲੂਆਂ ਨੂੰ ਹਾਲੇ ਇਹ ਐਹਸਾਸ ਨਹੀਂ ਹੋਇਆ ਹੈ ਕਿ ਰਹਿਤ ਮਰਯਾਦਾ ਵੱਲੋਂ ਮਾਨਤਾ ਦੀ ਆੜ ਵਿਚ ਗੁਰਦੁਆਰਾ ਪ੍ਰਬੰਧਕ ਲਾਲਚ ਵਸ ਅਤੇ ਸ਼ਰਧਾਲੂ ਅਗਿਆਨਤਾ ਵਸ ਪੈਸੇ ਦੇ ਕੇ ਪਾਠ ਖਰੀਦਣ ਦੀ ਕੁਰੀਤ ਰਾਹੀਂ ਗੁਰਬਾਣੀ ਦਾ ਘੋਰ ਨਿਰਾਦਰ ਕਰ ਰਹੇ ਹਨ।
ਗੁਰਬਾਣੀ ਬਣਾਉਟੀ ਪਾਠਾਂ ਦਾ ਭਰਪੂਰ ਖੰਡਨ ਕਰਦੀ ਹੈ। ਧਰਮ ਦੀਆਂ ਮੰਡੀਆਂ ਵਿਚ ਵਿਕ ਰਹੇ ਪਾਠ ਤੇ ਹੋਰ ਵੀ ਨਿੰਦਣ ਯੋਗ ਹਨ। ਗੁਰਬਾਣੀ ਦੇ ਫੁਰਮਾਨ ਹਨ: “ਪੜਿ ਪੜਿ ਪੰਡਿਤ ਮੋਨੀ ਥਕੇ ਦੇਸੰਤਰ ਭਵਿ ਥਕੇ ਭੇਖਧਾਰੀ॥ ਦੂਜੈ ਭਾਇ ਨਾਉ ਕਦੇ ਨ ਪਾਇਨਿ ਦੁਖੁ ਲਾਗਾ ਅਤਿ ਭਾਰੀ॥ ਮੂਰਖ ਅੰਧੇ ਤ੍ਰੈ ਗੁਣ ਸੇਵਿਹ ਮਾਇਆ ਕੇ ਬਿਉਹਾਰੀ॥ ਅੰਦਰਿ ਕਪਟੁ ਉਦਰੁ ਭਰਣ ਕੈ ਤਾਈ ਪਾਠ ਪੜਹਿ ਗਵਾਰੀ॥“ (ਪੰ: ੧੨੪੬); “ਹਠੁ ਅਹੰਕਾਰੁ ਕਰੈ ਨਾਹੀ ਪਾਵੈ॥ ਪਾਠ ਪੜੈ ਲੇ ਲੋਕ ਸੁਣਾਵੈ॥“ (ਪੰ: ੯੦੬); “ਪਾਠੁ ਪੜੈ ਨਾ ਬੂਝਈ ਭੇਖੀ ਭਰਮਿ ਭੁਲਾਏ॥“ (ਪੰ: ੬੬); ਅਤੇ “ਪਾਠ ਪੜਿਓ ਅਰੁ ਬੇਦ ਬੀਚਾਰਿਓ ਨਿਵਲਿ ਭੁਅੰਗਮ ਸਾਧੇ॥ ਪੰਚ ਜਨਾ ਸਿਉ ਸੰਗਿ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ॥“ (ਪੰ: ੬੪੧)। ਜਿੰਨ੍ਹਾਂ ਪਾਠਾਂ ਨੂੰ ਗੁਰਬਾਣੀ ਪਰਵਾਨ ਕਰਦੀ ਹੈ ਉਹ ਇਹ ਭਾੜੇ ਦਾ ਵਿਕਾਊ ਪਾਠ ਨਹੀਂ ਹਨ ਉਹ ਤੇ ਗੁਰੂ ਵਿਚ ਦ੍ਰਿੜ ਵਿਸ਼ਵਾਸ ਨਾਲ ਕੀਤੀ ਗੁਰ ਸ਼ਬਦ ਦੀ ਕਮਾਈ ਜਾਂ ਪ੍ਰਭੂ ਦਾ ਸਿਮਰਨ ਹੁੰਦੇ ਹਨ। ਗੁਰਬਾਣੀ ਦੇ ਕਥਨ ਹਨ: “ਜਪੁ ਤਪੁ ਸੰਜਮੁ ਹੁਰ ਕੋਈ ਨਾਹੀ॥ ਜਬ ਲਗੁ ਗੁਰ ਕਾ ਸਬਦੁ ਨ ਕਮਾਹੀ॥“ (ਪੰ: ੧੦੬੦); ਕਿਆ ਜਪੁ ਕਿਆ ਤਪੁ ਕਿਆ ਬ੍ਰਤ ਪੂਜਾ॥ ਜਾਕੈ ਰਿਦੈ ਭਾਉ ਹੈ ਦੂਜਾ॥“ (ਪੰ: ੩੨੪); “ਜਪ ਤਪ ਕਾ ਬੰਧੁ ਬੇੜੁਲਾ ਜਿਤ ਲੰਘਹਿ ਵਹੇਲਾ॥ ਨਾ ਸਰਵਰੁ ਨਾ ਊਛਲੈ ਐਸਾ ਪੰਥੁ ਸੁਹੇਲਾ॥“ (ਪੰ: ੭੨੯)
ਸਿੱਖ ਧਰਮ ਦੇ ਵਪਾਰੀਆਂ ਦੇ ਡੇਰਿਆਂ ਵਿਚ ਅਖੰਡ ਪਾਠਾਂ ਨਾਲ ਅੰਮ੍ਰਿਤ ਦੇ ਅਤੁੱਟ ਲੰਗਰ ਵੀ ਚਲਦੇ ਹਨ। ਇਹਨਾਂ ਡੇਰਿਆਂ ਵਿਚ ਅੰਮ੍ਰਿਤ ਛਕਣ ਲਈ ਕੋਈ ਵਿਸ਼ੇਸ਼ ਯੋਗਤਾ ਨਹੀਂ ਚਾਹੀਦੀ ਪਰ ਅੰਮ੍ਰਿਤ ਛਕਣ ਵਾਲੇ ਨੂੰ ਅੱਛੇ ਨੈਤਿਕ ਆਚਾਰ ਦਾ ਸਰਟੀਫ਼ੀਕੇਟ
(Certificate of Good Moral Character) ਅਤੇ ਸਵਰਗ ਦਾ ਪਾਸਪੋਰਟ ਜ਼ਰੂਰ ਮਿਲ ਜਾਂਦਾ ਹੈ। ਇਸ ਤੋਂ ਸਸਤਾ ਅਤੇ ਗੁਣਕਾਰੀ ਧਾਰਮਕ ਸੌਦਾ ਸ਼ਾਇਦ ਹੋਰ ਕਿਤੋਂ ਨਹੀਂ ਮਿਲਦਾ ਹੈ। ਬਹੁਤੇ ਅੰਮ੍ਰਿਤ ਧਾਰੀਆਂ ਨੂੰ ਪੰਜਾਬੀ ਵੀ ਅੱਛੀ ਤਰ੍ਹਾਂ ਪੜ੍ਹਨੀ ਨਹੀਂ ਆਉਂਦੀ ਪਰ ਉਹ ਅੰਮ੍ਰਿਤ ਛੱਕ ਕੇ ਗੁਰਬਾਣੀ ਦੇ ਰਾਖੇ ਬਣ ਜਾਂਦੇ ਹਨ। ਡੇਰਿਆਂ ਤੋਂ ਇਲਾਵਾ ਗੁਰਦੁਆਰਿਆਂ ਵਿਚ ਵੀ ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਨਾਉਣ ਦਾ ਪ੍ਰਬੰਧ ਕੀਤਾ ਜਾਂਦਾ ਹੈ। ਖੰਡੇ ਦੀ ਪਾਹੁਲ ਨੂੰ ਅੰਮ੍ਰਿਤ ਵਿਚ ਬਦਲਣ ਦਾ ਇਕ ਲੰਮਾ ਇਤਹਾਸ ਅਤੇ ਵਚਿੱਤਰ ਗਾਥਾ ਹੈ। ਜਿਸ ਅੰਮ੍ਰਿਤ ਦਾ ਵਰਨਣ ਗੁਰਬਾਣੀ ਵਿਚ ਕੀਤਾ ਗਿਆ ਹੈ ਉਹ ਡੇਰਿਆਂ ਅਤੇ ਗੁਰਦੁਆਰਿਆਂ ਵਿਚ ਛਕਾਏ ਜਾਣ ਵਾਲੇ ਅੰਮ੍ਰਿਤ ਨਾਲੋਂ ਭਿੰਨ ਹੈ। ਗੁਰਬਾਣੀ ਵਿਚ ਅੰਮ੍ਰਿਤ ਬਾਰੇ ਇਹ ਉਪਦੇਸ਼ ਹੈ: “ਗੁਰਮੁਖਿ ਅੰਮ੍ਰਿਤੁ ਨਾਮੁ ਹੈ ਜਿਤੁ ਖਾਧੈ ਸਭ ਭੁਖ ਜਾਇ॥ ਤ੍ਰਿਸਨਾ ਮੂਲਿ ਨ ਹੋਵਈ ਨਾਮੁ ਵਸੈ ਮਨਿ ਆਇ॥“ (ਪੰ: ੧੨੫੦); “ ਅੰਮ੍ਰਿਤੁ ਹਰਿ ਕਾ ਨਾਮੁ ਹੈ ਜਿਤੁ ਪੀਤੈ ਤਿਖ ਜਾਇ॥ ਨਾਨਾਕ ਗੁਰਮਖਿ ਜਿਨ ਪੀਆ ਤਿਨੁ ਬਹੁੜਿ ਨ ਲਾਗੀ ਆਇ॥“ (ਪੰ: ੧੨੮੩); “ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹਿ॥ ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਹਿ॥ ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰ ਪਰਸਾਦਿ॥ ਤਿਨੀ ਪੀਤਾ ਰੰਗ ਸਿਉ ਜਿਨ ਕਉ ਲਿਖਿਆ ਆਦਿ॥“ (ਪੰ: ੧੨੩੮)। ਗੁਰਬਾਣੀ ਅਨੁਸਾਰ ਅੰਮ੍ਰਿਤ ਹਰਿ ਕਾ ਨਾਮ ਹੈ ਅਤੇ ਜਿਨ੍ਹਾਂ ਦਾ ਮਨ ਹਰਿ ਦੇ ਨਾਮ ਵਿਚ ਰੰਗਿਆ ਗਿਆ ਉਹਨਾਂ ਨੂੰ ਅੰਮ੍ਰਿਤ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ।
ਜਿਸ ਅੰਮ੍ਰਿਤ ਸੰਸਕਾਰ ਦਾ ਵਰਨਣ ਰਹਿਤ ਮਰਯਾਦਾ ਵਿਚ ਕੀਤਾ ਗਿਆ ਹੈ ਉਸ ਦਾ ਅਰੰਭ ੧੬੯੯ ਵਿਚ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਸਿਰਜਣਾ ਦਿਵਸ ਤੇ ਖੰਡੇ ਦੀ ਪਾਹੁਲ ਦੇ ਰੂਪ ਵਿਚ ਹੋਇਆ ਮੰਨਿਆ ਜਾਂਦਾ ਹੈ। ਇਤਹਾਸ ਵਿਚ ਖੰਡੇ ਦੀ ਪਾਹੁਲ ਅਤੇ ਇਸ ਦੇ ਬਦਲੇ ਹੋਏ ਨਵੇਂ ਨਾਂ, ਅੰਮ੍ਰਿਤ ਸੰਸਕਾਰ ਬਾਰੇ ਵਿਭਿੰਨ ਬਿਰਤਾਂਤ ਮਿਲਦੇ ਹਨ। ਗੁਰੂ ਗੋਬਿੰਦ ਸਿੰਘ ਜੀ ਸਿੱਖ ਧਰਮ ਦੇ ਦਸਵੇਂ ਅਤੇ ਅਖੀਰਲੇ ਗੁਰੂ ਸਨ ਅਤੇ ਉਹਨਾਂ ਨੇ ਆਪ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਵਾਹਦ ਅਤੇ ਸਦੀਵੀ ਗੁਰੂ ਘੋਸ਼ਿਤ ਕੀਤਾ ਹੈ। ਉਹਨਾਂ ਅੰਮ੍ਰਿਤ ਸੰਸਕਾਰ ਦੀ ਜੋ ਪਰੱਥਾ ਚਲਾਈ ਹੈ ਉਹ ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ ਦੇ ਅਨੁਕੂਲ ਹੈ, ਜਾਂ ਇਉਂ ਕਹੋ ਕਿ ਗੁਰੂ ਸਾਹਿਬ ਨੇ ਅੰਮ੍ਰਿਤ ਸੰਸਕਾਰ ਰਾਹੀਂ ਖਾਲਸੇ ਦੇ ਮਨ ਨੂੰ ਹਰਿ ਦੇ ਨਾਮ ਵਿਚ ਰੰਗਣ ਦੀ ਪਰਕਿਰਿਆ ਦੀ ਪਰੱਥਾ ਕਾਇਮ ਕੀਤੀ ਹੈ। ਇਹ ਤੇ ਸੰਭਵ ਨਹੀਂ ਕਿ ਗੁਰੂ ਸਾਹਿਬ ਨੇ ਗੁਰਬਾਣੀ ਵਿਚ ਦੱਸੇ ਅੰਮ੍ਰਿਤ ਨਾਲੋਂ ਕੋਈ ਹੋਰ ਵਖਰਾ ਅੰਮ੍ਰਿਤ ਸੰਸਕਾਰ ਚਾਲੂ ਕੀਤਾ ਹੋਵੇ। ਇਸ ਲਈ ਅੰਮ੍ਰਿਤ ਸੰਸਕਾਰ ਦੀ ਵਿਧੀ ਗੁਰਬਾਣੀ ਵਿਚ ਦੱਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਪਰਚਲਤ ਕੀਤੀ ਪਰੱਥਾ ਅਨੁਸਾਰ ਹੀ ਲਾਗੂ ਕੀਤੀ ਜਾਣੀ ਚਾਹੀਦੀ ਹੈ ਨਾ ਕਿ ਸਿੱਖ ਸੇਵਕਾਂ ਵੱਲੋਂ ਰਚੇ ਕਥਿਤ ਰਹਿਤ ਨਾਮਿਆਂ ਦੇ ਸੰਦੇਹ ਪੂਰਨ ਬਿਰਤਾਂਤਾਂ, ਇਤਿਹਾਸਕਾਰਾਂ ਦੇ ਰਚੇ ਮਿਥਿਹਾਸ ਅਤੇ ਸਨਾਤਨੀ ਰੰਗ ਵਿਚ ਰੰਗੀ ਪਰੰਪਰਾ ਦੇ ਆਧਾਰ ਤੇ।
ਰਹਿਤ ਮਰਯਾਦਾ ਵਿਚ ਅਖੰਡ ਪਾਠ ਦੇ ਵਿਸ਼ੇ ਅਧੀਨ ਲਿਖਿਆ ਹੈ, “ (ੲ) ਅਖੰਡ ਪਾਠ ਜਾਂ ਹੋਰ ਕਿਸੇ ਤਰ੍ਹਾਂ ਦੇ ਪਾਠ ਵੇਲੇ ਕੁੰਭ, ਜੋਤ, ਨਲੀਏਰ ਆਦਿ ਰੱਖਣ ਜਾਂ ਨਾਲ-ਨਾਲ ਜਾਂ ਵਿੱਚ-ਵਿੱਚ ਕਿਸੇ ਹੋਰ ਬਾਣੀ ਦਾ ਪਾਠ ਜਾਰੀ ਰੱਖਣਾ ਮਨਮੱਤ ਹੈ।“ ਅਤੇ ਅੰਮ੍ਰਿਤ ਸੰਸਕਾਰ ਦੇ ਵਿਸ਼ੇ ਅਧੀਨ ਲਿਖਿਆ ਹੈ, “ (ਘ) ਬਾਟੇ ਵਿਚ ਸਵੱਛ ਜਲ ਤੇ ਪਤਾਸੇ ਪਾਏ ਜਾਣ ਤੇ ਪੰਜ ਪਿਆਰੇ ਬਾਟੇ ਦੇ ਇਰਦ ਗਿਰਦ ਬੀਰ ਆਸਨ ਹੋ ਕੇ ਬੈਠ ਜਾਣ। (ਙ) ਤੇ ਇਹਨਾਂ ਬਾਣੀਆਂ ਦਾ ਪਾਠ ਕਰਨ:- ਜਪੁ, ਜਾਪੁ, ੧੦ ਸਵੱਯੇ (‘ਸ੍ਰਾਵਗ ਸੁਧ ਵਾਲੇ’), ਬੇਨਤੀ ਚੌਪਈ (,ਹਮਰੀ ਕਰੋ ਹਾਥ ਦੈ ਰੱਛਾ’ ਤੋਂ ਲੈ ਕੇ ‘ਦੇਸਟ ਦੋਖ ਤੇ ਲੇਹੁ ਬਚਾਈ’ ਤਕ), ਅਨੰਦ ਸਾਹਿਬ ਦੀਆਂ ਪੰਜ ਪਹਿਲੀਆਂ ਤੇ ਇਕ ਅੰਤਲੀ ਪਉੜੀ।“। ਜੇਕਰ ਗੁਰੂ ਗ੍ਰੰਥ ਸਾਹਿਬ ਦੀਆਂ ਸਵਾ ਬਾਣੀਆਂ ਅਤੇ ਤਿੰਨ ਕੱਚੀਆਂ ਰਚਨਾਵਾਂ ਪੜ੍ਹਨ ਨਾਲ ਬਾਟੇ ਦੇ ਅੰਮ੍ਰਿਤ ਬਣੇ ਸਵੱਛ ਜਲ ਨੰਉ ਰਹਿਤ ਮਰਯਾਦਾ ਪਰਵਾਨ ਕਰਦੀ ਹੈ ਤਾਂ ਤੇ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ਦੇ ਅਖੰਡ ਪਾਠ ਨਾਲ ਕੁੰਭ ਦਾ ਅੰਮ੍ਰਿਤ ਬਣਿਆ ਜਲ ਵੀ ਰਹਿਤ ਮਰਯਾਦਾ ਵਿਚ ਪਰਵਾਨ ਹੋਣਾ ਚਾਹੀਦਾ ਹੈ। ਰਹਿਤ ਮਰਯਾਦਾ ਵਿਚ ਇਸ ਪਰਸਪਰ ਵਿਰੋਧੀ ਵਿਚਾਰ ਬਾਰੇ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਗਿਆ ਹੈ।
ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਉਪਰੰਤ ਬੰਦਾ ਬਹਾਦਰ, ਮਿਸਲਾਂ, ਮਹਾਰਾਜਾ ਰਣਜੀਤ ਸਿੰਘ ਅਤੇ ਅੰਗ੍ਰੇਜ਼ੀ ਰਾਜ ਸਮੇਂ ਪਰਚਲਤ ਧਾਰਮਕ ਰੀਤਾਂ ਗੁਰਮਤਿ ਵਿਰੋਧੀ ਗੁਰ ਪਰਵਾਰਾਂ ਦੇ ਗੁਰਿਆਈ ਦੇ ਅਭਿਲਾਸ਼ੀਆਂ, ਉਹਨਾਂ ਦੀਆਂ ਸੰਤਾਨਾਂ ਅਤੇ ਸਹਿਯੋਗੀਆਂ ਨੇ ਚਾਲੂ ਕੀਤੀਆਂ ਸਨ ਕਿਉਂਕਿ ਉਸ ਸਮੇ ਸਾਰੇ ਗੁਰ ਅਸਥਾਨਾਂ ਤੇ ਉਹਨਾਂ ਦੇ ਕਬਜ਼ੇ ਸਨ। ਉਹ ਸਾਰੀਆਂ ਰੀਤਾਂ ਅਤੇ ਉਹਨਾਂ ਨਾਲ ਸਬੰਧਿਤ ਇਤਿਹਾਸਕ ਲਿਖਤਾਂ ਭਾਵੇਂ ਗੁਰੂ ਗ੍ਰੰਥ ਸਾਹਿਬ ਲਈ ਰਸਮੀ ਸ਼ਰਧਾ ਦਾ ਪਰਗਟਾਵਾ ਕਰਦੀਆਂ ਹਨ ਪਰ ਉਹਨਾਂ ਦਾ ਮਨੋਰਥ ਗੁਰਮਤਿ ਦਾ ਸੰਚਾਰ ਕਰਨਾ ਨਹੀਂ ਸੀ। ਉਹਨਾਂ ਦਾ ਮਨੋਰਥ ਗੁਰਮਤਿ ਨੂੰ ਸਨਾਤਨੀ ਵਿਚਾਰਧਾਰਾ ਨਾਲ ਰੰਗ ਕੇ ਪਰਚਾਰਨਾ ਸੀ, ਉਹੋ ਸਨਾਤਨੀ ਵਿਚਾਰਧਾਰਾ ਜਿਸ ਨੂੰ ਗੁਰਬਾਣੀ ਮੁੱਢੋਂ ਨਕਾਰਦੀ ਹੈ। ਉਹਨਾਂ ਸਿੱਖ ਧਰਮ ਨੂੰ ਗੁਰਮਤਿ ਵਿਚਾਰਧਾਰਾ ਨਾਲੋਂ ਤੋੜ ਕੇ ਸਨਾਤਨੀ ਵਿਚਾਰਧਾਰਾ ਅਨੁਸਾਰ ਰਾਜ ਸ਼ਕਤੀ ਦਾ ਅੰਗ ਬਣਾਉਣ ਦਾ ਜਤਨ ਕੀਤਾ ਹੈ। ਸਿੱਖ ਸੰਗਤਾਂ ਵਿਚ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਸਾਹਿਬਾਨ ਪ੍ਰਤੀ ਅਤਿਅੰਤ ਸ਼ਰਧਾ ਹੋਣ ਕਾਰਨ ਗੁਰਮਤਿ ਵਿਰੋਧੀ ਗੁਰਮਤਿ ਵਿਚ ਕਾਂਜੀ ਘੋਲਣ ਦੇ ਆਪਣੇ ਨਾਪਾਕ ਇਰਾਦੇ ਗੁਪਤ ਰੱਖਦੇ ਰਹੇ ਹਨ ਅਤੇ ਸ਼ਰਧਾਲੂਆਂ ਨੂੰ ਵਿਸ਼ਵਾਸ ਦੁਆਉਂਦੇ ਰਹੇ ਹਨ ਕਿ ਸੰਸਥਾਗਤ ਸਿੱਖ ਧਰਮ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਅਨੁਕੂਲ ਹੈ।
ਸੰਸਥਾਗਤ ਧਰਮ ਨੂੰ ਅਧਿਆਤਮਿਕ ਗਿਆਨ ਦਾ ਨਾਂ ਦੇ ਕੇ ਵਰਤਣ ਦਾ ਬਹੁਤ ਪੁਰਾਣਾ ਅਤੇ ਲੰਮਾ ਇਤਹਾਸ ਹੈ। ਅਧਿਆਤਮਿਕ ਗਿਆਨ ਅਤੇ ਰਾਜਸੀ ਸ਼ਕਤੀਆਂ ਵਿਚ ਮਨੋਰਥਕ ਸਾਂਝ ਹੈ। ਦੋਨੋਂ ਲੋਕਾਂ ਦੀ ਭਲਾਈ ਚਾਹੁੰਦੇ ਹਨ। ਅਧਿਆਤਮਿਕ ਗਿਆਨ ਆਤਮਕ ਅਨੰਦ ਅਤੇ ਸਦੀਵੀ ਸੁੱਖ ਦਾ ਮਾਰਗ ਹੈ ਜਦੋਂ ਕਿ ਰਾਜ ਪ੍ਰਬੰਧ ਲੋਕਾਂ ਦੀਆਂ ਪਦਾਰਥਕ, ਸਮਾਜਕ ਅਤੇ ਮਨੋਰੰਜਕ ਲੋੜਾਂ ਦੀ ਪੂਰਤੀ ਕਰ ਕੇ ਉਹਨਾਂ ਦੀ ਤਰਿਪਤੀ ਕਰਨ ਦੀ ਵਿਧੀ ਹੈ। ਇਹਨਾਂ ਦੋਨਾਂ ਦੇ ਕਾਰਜ ਖੇਤਰ, ਢੰਗ ਤਰੀਕੇ ਅਤੇ ਵਿਚਾਰਧਾਰਾ ਵੱਖੋ ਵਖਰੇ ਹਨ। ਦੋਨਾਂ ਦੀ ਸਫਲਤਾ ਲੋਕਾਂ ਦੀ ਰਜ਼ਾਮੰਦੀ, ਵਿਸ਼ਵਾਸ ਅਤੇ ਸਹਾਇਤਾ ਤੇ ਨਿਰਭਰ ਕਰਦੀ ਹੈ। ਵੇਖਣ ਵਿਚ ਆਇਆ ਹੈ ਕਿ ਲੋਕ ਧਰਮ ਲਈ ਤੇ ਅੰਨ੍ਹੀ ਸ਼ਰਧਾ ਦਾ ਪਰਗਟਾਵਾ ਕਰਦੇ ਹਨ ਪਰ ਰਾਜ ਸਰਕਾਰਾਂ ਤੋਂ ਅਕਸਰ ਬਾਗ਼ੀ ਹੋਏ ਰਹਿੰਦੇ ਹਨ। ਇਸ ਲਈ ਸਾਸ਼ਨ ਦੀ ਸਫਲਤਾ ਲਈ ਸ਼ਾਸਕ ਮੁੱਢ ਕਦੀਮ ਤੋਂ ਹੀ ਲੋਕਾਂ ਦਾ ਸਹਿਯੋਗ ਪ੍ਰਾਪਤ ਕਰਨ ਲਈ ਧਾਰਮਕ ਆਗੂਆਂ ਦੀ ਸਹਾਇਤਾ ਲੈਂਦੇ ਰਹੇ ਹਨ। ਹਿੰਦੂ ਧਰਮ ਦੇ ਅਵਤਾਰਾਂ, ਦੇਵਤਿਆਂ, ਦੇਵੀਆਂ, ਰਿਸ਼ੀਆਂ ਅਤੇ ਮੁਨੀਆਂ ਦਾ ਰਾਜਿਆਂ ਨਾਲ ਨੇੜਲੇ ਸਬੰਧ ਹੋਣ ਦੇ ਮਿਥਹਾਸਕ ਵਰਨਣ ਮਿਲਦੇ ਹਨ। ਰਾਮ ਚੰਦਰ, ਕ੍ਰਿਸ਼ਨ, ਸ਼ਿਵਜੀ, ਵਿਸ਼ਨੂੰ, ਚੰਡੀ, ਆਦਿ ਸਭ ਜਾਂ ਤੇ ਆਪ ਰਾਜੇ ਸਨ ਜਾਂ ਫਿਰ ਰਾਜਿਆਂ ਦੇ ਸਹਾਇਕ ਸਨ। ਇਸਲਾਮ ਵਿਚ ਕਾਜ਼ੀ ਅਤੇ ਮੁੱਲਾਂ ਬਾਦਸ਼ਾਹਾਂ ਦੇ ਸਹਾਇਕ ਰਹੇ ਹਨ। ਈਸਾਈ ਮਤ ਦੇ ਰੋਮਨ ਪੋਪ ਦੀ ਪਦਵੀ ਯੂਰਪੀਏ ਰਾਜਾਂ ਵਿਚ ਬਹੁਤ ਸਨਮਾਨਤ ਅਤੇ ਸ਼ਕਤੀਸ਼ਾਲੀ ਹੁੰਦੀ ਸੀ ਜੋ ਬਰਤਾਨੀਆ ਦੇ ਹੈਨਰੀ ੮ ਦੀ ਦੂਜੀ ਸ਼ਾਦੀ ਸਮੇਂ ਉਸ ਦੀ ਚੁਣੌਤੀ ਕਾਰਨ ਸਮਾਪਤ ਹੋ ਗਈ ਅਤੇ ਸਥਾਨਕ ਗਿਰਜੇ ਸਰਕਾਰਾਂ ਦੇ ਸਹਿਯੋਗੀ ਬਣ ਗਏ। ਸਿੱਖ ਧਰਮ ਵਿਚ ਵੀ ਗੁਰਦੁਆਰਾ ਸੁਧਾਰ ਲਹਿਰ ਨੇ ਸਰਬਤਿ ਖਾਲਸੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੁਣ ਕੇ ਅਕਾਲੀ ਦਲ ਨੂੰ ਕਮੇਟੀ ਅਧੀਨ ਸਿੱਖ ਪੰਥ ਦੀ ਸਿਆਸੀ ਸੰਸਥਾ ਬਨਾਉਣ ਦਾ ਨਿਰਨਾ ਲਿਆ ਸੀ। ਉਹ ਕਮੇਟੀ ਭੰਗ ਹੋਣ ਨਾਲ ਅਕਾਲੀ ਦਲ ਦੀ ਅਧੀਨਗੀ ਸਮਾਪਤ ਹੋ ਗਈ ਭਾਵੇਂ ਗੁਰਦੁਆਰਾ ਐਕਟ ਅਧੀਨ ਬਣੇ ਬੋਰਡ ਨੇ ਅਨੈਤਿਕ ਢੰਗ ਨਾਲ ਆਪਣਾ ਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੱਖ ਲਿਆ ਸੀ। ਹੁਣ ਬੋਰਡ ਨਾਮੀ ਸ਼੍ਰੋਮਣੀ ਕਮੇਟੀ ਅਕਾਲੀ ਦਲ ਦੀ ਇਕ ਸ਼ਾਖ ਸਮਾਨ ਹੈ। ਕਈ ਵਿਦਵਾਨ ਸਿੱਖ ਧਰਮ ਅਤੇ ਸਿਆਸਤ ਦੇ ਸਹਿਯੋਗ ਨੂੰ ਸਿੱਖ ਧਰਮ ਦੀ ਵਿਸ਼ੇਸ਼ਤਾ ਦੱਸਦੇ ਹਨ ਜੋ ਸਹੀ ਨਹੀਂ ਹੈ ਕਿਉਂਕਿ ਸਾਰੇ ਹੀ ਧਰਮਾਂ ਵਿਚ ਧਰਮ ਅਤੇ ਸਿਆਸਤ ਦੀ ਭਾਈਵਾਲੀ ਹੈ।
ਸਿਆਸਤ ਨਾਲ ਭਾਈਵਾਲੀ ਪਾਉਣ ਲਈ ਧਰਮ ਨੂੰ ਆਪਣੇ ਸਰੋਤ, ਅਧਿਆਤਮਿਕ ਗਿਆਨ, ਨਾਲੋਂ ਨਾਤਾ ਤੋੜਨਾ ਪੈਂਦਾ ਹੈ ਕਿਉਂਕਿ ਅਧਿਆਤਮਿਕ ਗਿਆਨ ਅਤੇ ਸਮਾਜ ਸਾਸ਼ਨ ਵਿਚ ਵਿਚਾਰਧਾਰਕ ਵਿਰੋਧਤਾ ਹੈ। ਇਤਹਾਸ ਗਵਾਹ ਹੈ ਕਿ ਅਧਿਆਤਮਿਕ ਵਿਚਾਰਧਾਰਾ ਦੇ ਹਰ ਸਮਰਥਕ ਨੂੰ ਸਾਸ਼ਨ ਦਾ ਦੰਡ ਸਹਿਣਾ ਪਿਆ ਹੈ। ਯਸੂ ਮਸੀਹ ਨੂੰ ਸੂਲੀ ਚੜ੍ਹਨਾ ਪਿਆ, ਰਾਮ ਚੰਦਰ ਨੂੰ ਬਣਵਾਸ ਮਿਲਿਆ, ਕ੍ਰਿਸ਼ਨ ਨੂੰ ਜੰਮਣ ਸਮੇਂ ਔਕੜਾਂ ਪੇਸ਼ ਆਈਆਂ, ਧਰੂ, ਪ੍ਰਹਿਲਾਦ ਅਤੇ ਭਗਤ ਜਨਾਂ ਨੂੰ ਕਈ ਪਰਕਾਰ ਦੇ ਦੰਡ ਸਹਿਣੇ ਪਏ। ਗੁਰੂ ਅਰਜਨ ਸਾਹਿਬ ਅਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਹੋਣਾ ਪਿਆ। ਇਹ ਤੱਥ ਧਿਆਨਯੋਗ ਹੈ ਕਿ ਰਾਜਸੀ ਸ਼ਕਤੀ ਦੇ ਧਾਰਮਕ ਸਹਾਇਕ ਅਧਿਆਤਮਿਕ ਗਿਆਨ ਦੇ ਸਮਰਥਕ ਨਹੀਂ ਹੁੰਦੇ ਬਲਕਿ ਉਸ ਨਾਲੋਂ ਟੁੱਟੇ ਹੋਏ ਉਸ ਦੇ ਵਿਰੋਧੀ ਹੁੰਦੇ ਹਨ ਕਿਉਂਕਿ “ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇਕ ਠਾਇ॥“ (ਪੰ: ੫੬੦)। ਸਾਸ਼ਨ ਅਧਿਆਤਮਕ ਗਿਆਨ ਤੋਂ ਸਖਣੇ ਅਤੇ ਭੇਖੀ ਧਾਰਮਕ ਆਗੂਆਂ ਨਾਲ ਹੀ ਭਾਈਵਾਲੀ ਪਾਉਣ ਲਈ ਰਾਜ਼ੀ ਹੁੰਦਾ ਹੈ। ਭੇਖੀ ਧਾਰਮਕ ਆਗੂ ਅਧਿਆਤਮਿਕ ਗਿਆਨ ਨੂੰ ਕਰਮ ਕਾਡਾਂ, ਮਿਥਹਾਸਕ ਕਹਾਣੀਆਂ ਅਤੇ ਸੰਸਾਰਕ ਦਿਖਾਵੇ ਨਾਲ ਰਲਗੱਡ ਕਰਕੇ ਲੋਪ ਕਰ ਛਡਦੇ ਹਨ ਅਤੇ ਸਾਸ਼ਨ ਵਿਚ ਪਰਵਾਨ ਹੋ ਜਾਂਦੇ ਹਨ।
ਅਧਿਆਤਮਿਕ ਗਿਆਨ ਦੀ ਸਾਸ਼ਨ ਅਤੇ ਧਾਰਮਕ ਪਖੰਡ ਨਾਲ ਵਿਰੋਧਤਾ ਦਾ ਕਾਰਨ ਮਨੁੱਖੀ ਮਨ ਦੀ ਅਸਲੀਅਤ ਨੂੰ ਘੋਖਣ ਤੋਂ ਹੀ ਪਤਾ ਚਲ ਸਕਦਾ ਹੈ। ਗੁਰਬਾਣੀ ਦੱਸਦੀ ਹੈ ਕਿ ਮਨੁੱਖੀ ਮਨ ਰਾਜਾ ਹੈ। ਉਹ ਮਨੁੱਖੀ ਸਰੀਰ ਤੇ ਰਾਜ ਕਰਦਾ ਹੈ। ਮਨੁੱਖ ਮਨ ਤੋਂ ਏਨਾ ਡਰਦਾ ਹੈ ਕਿ ਕਈ ਵੇਰ ਮਨ ਤੋਂ ਤੰਗ ਆ ਕੇ ਸਰੀਰ ਦਾ ਤਿਆਗ ਕਰਨ ਲਈ ਵੀ ਰਾਜ਼ੀ ਹੋ ਜਾਂਦਾ ਹੈ। ਮਨੁੱਖ ਮਨ ਨੂੰ ਖੁਸ਼ ਰੱਖਣ ਲਈ ਉਸ ਦੀ ਮਰਜ਼ੀ ਕਰਦਾ ਹੈ ਅਤੇ ਮਨ ਦੀ ਖੁਸ਼ੀ ਨੂੰ ਜੀਵਨ ਦੀ ਸੁਤੰਤਰਤਾ ਅਤੇ ਸੁਖ ਸਮਝਦਾ ਹੈ। ਪਰ ਗੁਰਬਾਣੀ ਮਨਮੱਤ ਦਾ ਤਿਆਗ ਕਰਕੇ ਗੁਰ ਸ਼ਬਦ ਦੇ ਅਭਿਆਸ ਨਾਲ ਮਨ ਨੂੰ ਵਸ ਕਰਨ ਦਾ ਉਪਦੇਸ਼ ਕਰਦੀ ਹੈ। ਜਿਹੜਾ ਮਨੁੱਖ ਮਨ ਤੋਂ ਏਨਾ ਡਰਦਾ ਹੈ ਉਸ ਲਈ ਆਪਣੇ ਸ਼ਕਤੀਸ਼ਾਲੀ ਮਾਲਕ ਮਨ ਨੂੰ ਵਸ ਕਰਨਾ ਅਸੰਭਵ ਹੁੰਦਾ ਹੈ। ਰਾਜਸੀ ਸ਼ਕਤੀਆਂ ਐਸੇ ਧਾਰਮਕ ਆਗੂਆਂ ਦੀ ਭਾਲ ਵਿਚ ਹੁੰਦੀਆਂ ਹਨ ਜੋ ਹਉਮੈ ਵਸ ਮਨ ਦੀ ਮਰਜ਼ੀ ਕਰਦੇ ਹਨ। ਉਹ ਧਾਰਮਕ ਵਿਦਵਤਾ ਦੀ ਹਉਮੈ ਨੂੰ ਬਣਾਉਟੀ ਪਵਿੱਤਰਤਾ ਅਤੇ ਹਲੀਮੀ ਬਣਾ ਲੈਂਦੇ ਹਨ। ਉਹ ਸ਼ਰਧਾਲੂਆਂ ਨੂੰ ਪਰਭਾਵਿਤ ਕਰਨ ਲਈ ਗੁਰਮਤਿ ਨੂੰ ਭਰਮਾਓ ਬਣਾ ਕੇ ਪੇਸ਼ ਕਰਦੇ ਹਨ। ਸਾਸ਼ਨ ਅਤੇ ਸਮਾਜ ਐਸੇ ਦਿਖਾਵਾ ਕਰਨ ਵਾਲੇ ਗੁਰਮਤਿ ਤੋਂ ਭਗੌੜੇ ਭੇਖੀਆਂ ਨੂੰ ਬਹੁਤ ਪਰਬਲ ਸਮਝਦੇ ਹਨ। ਗੁਰਬਾਣੀ ਅਜਿਹੇ ਪਖੰਡੀਆਂ ਤੋਂ ਬਾਰ-ਬਾਰ ਚੌਕਸ ਕਰਦੀ ਹੈ। ਗੁਰਬਾਣੀ ਦੇ ਕਥਨ ਹਨ: “ਪਾਖੰਡ ਭਰਮ ਉਪਾਵ ਕਰਿ ਥਾਕੇ ਰਿਦ ਅੰਤਰਿ ਮਾਇਆ ਮਾਇਆ॥ ਸਾਧੂ ਪੁਰਖੁ ਪੁਰਖਪਤਿ ਪਾਇਆ ਅਗਿਆਨ ਅੰਧੇਰੁ ਗਵਾਇਆ” (ਪੰ: ੧੧੭੮); “ਪੰਡਿਤ ਭੂਲੇ ਦੂਜੇ ਲਾਗੇ ਮਾਇਆ ਕੈ ਵਾਪਾਰ॥ ਅੰਤਰਿ ਤ੍ਰਿਸਨਾ ਭੁਖ ਹੈ ਮੂਰਖ ਭੁਖਿਆ ਮੁਏ ਗਵਾਰ॥“ (ਪੰ: ੬੪੭); “ਬਗਾ ਬਗੇ ਕਪੜੇ ਤੀਰਥ ਮੰਝ ਵਸੰਨਿ॥ ਘੁਟਿ ਘੁਟਿ ਜੀਆ ਖਾਵਣੇ ਬਗੇ ਨ ਕਹੀਅਨ॥“ (ਪੰ: ੭੨੯); “ਕਬੀਰ ਮਨੁ ਮੂੰਡਿਆ ਨਹੀ ਕੇਸ ਮੁੰਡਾਏ ਕਾਂਇ॥ ਜੋ ਕਿਛੁ ਕੀਆ ਸੋ ਮਨ ਕੀਆ ਮੂੰਡਾ ਮੂੰਡ ਅਜਾਂਇ॥“ (ਪੰ: ੧੩੬੯); ਅਤੇ “ਮਨ ਕੀ ਮਤਿ ਤਿਆਗਹੁ ਹਰਿ ਜਨ ਹੁਕਮ ਬੂਝਿ ਸੁਖਿ ਪਾਈਐ ਰੇ॥“ (ਪੰ: ੨੦੯)।
ਭੇਖੀ ਧਾਰਮਕ ਆਗੂ ਸ਼ਾਸਕਾਂ ਦੇ ਸਹਾਇਕ ਤੇ ਹੁੰਦੇ ਹੀ ਹਨ ਪਰ ਉਹਨਾਂ ਦੋਨਾਂ ਵਿਚ ਮਾਨਸਕ ਸਾਂਝ ਵੀ ਹੁੰਦੀ ਹੈ। ਭੇਖੀ ਆਗੂ ਆਪਣੀ ਵਿਦਵਤਾ, ਸ਼ਰਧਾਲੂਆਂ ਦੀ ਸ਼ਰਧਾ, ਪਰਸੰਸਾ ਅਤੇ ਵਡਿਆਈ ਕਾਰਨ ਆਪਣੇ ਆਪ ਨੂੰ ਰੱਬ ਦੇ ਨੇੜੇ ਸਮਝਦੇ ਹਨ। ਸ਼ਾਸਕ ਆਪਣੀ ਸ਼ਕਤੀ ਦੇ ਗੁਮਾਨ ਵਿਚ ਆਪਣੇ ਆਪ ਨੂੰ ਰਾਜੇ ਸਮਝਦੇ ਹਨ। ਮਾਨਸਕ ਪੱਧਰ ਤੇ ਦੋਨਾਂ ਵਿਚ ਸਮਾਨਤਾ ਹੁੰਦੀ ਹੈ। ਇਕ ਨੂੰ ਤਾਕਤ ਦਾ ਨਸ਼ਾ ਚੜ੍ਹਿਆ ਹੁੰਦਾ ਹੈ ਦੂਜੇ ਨੂੰ ਧਾਰਮਕ ਵਿਦਵਤਾ ਦੀ ਰੱਬੀ ਸ਼ਕਤੀ ਦਾ। ਭੇਖੀ ਆਗੂ ਸ਼ਰਧਾਲੂਆਂ ਦਾ ਵੋਟ ਬੈਂਕ ਬਣਾਉਂਦੇ ਹਨ ਸਿਆਸਤਦਾਨ ਉਹਨਾਂ ਦੇ ਸਿਰ ਤੇ ਚੋਣਾਂ ਜਿੱਤਦੇ ਹਨ। ਦੋਨੋਂ ਰਲ ਕੇ ਸ਼ਰਧਾਲੂਆਂ ਦਾ ਸ਼ੋਸ਼ਣ ਕਰਦੇ ਹਨ। ਸ਼ਰਧਾਲੂ ਅੰਨ੍ਹੀਂ ਸ਼ਰਧਾ ਵਸ ਅਤੇ ਸਰਕਾਰ ਦੀ ਸ਼ਕਤੀ ਤੋਂ ਭੈ ਭੀਤ ਹੋ ਕੇ ਆਪਣੇ ਜੀਵਨ ਵਿਚ ਦੁਖ ਭੋਗਦੇ ਹਨ, ਉਹਨਾਂ ਨੂੰ ਨਾ ਰਾਮ ਮਿਲਦਾ ਹੈ ਨਾ ਮਾਇਆ। ਵਿਦਵਾਨ ਅਤੇ ਪਰਚਾਰਕ ਸ਼ਰਧਾਲੂਆਂ ਦੇ ਬਜ਼ੁਰਗਾਂ ਦੀਆਂ ਕੁਰਬਾਨੀਆਂ ਦੇ ਗੁਣ ਗਾਉਂਦੇ ਰਹਿੰਦੇ ਹਨ ਪਰ ਗੁਰਬਾਣੀ ਉਪਦੇਸ਼ ਅਨੁਸਾਰ ਨਿਰਭਉ ਹੋ ਕੇ ਸਮਾਜਕ ਵਿਕਾਰਾਂ ਦੀ ਵਿਰੋਧਤਾ ਲਈ ਪ੍ਰੇਰਿਤ ਕਰਨ ਤੋਂ ਸੰਕੋਚ ਕਰਦੇ ਹਨ।
ਗੁਰਮਤਿ ਗਾਡੀ ਰਾਹ ਦੇ ਪਾਂਧੀਆਂ ਲਈ ਮੰਜ਼ਲ ਤੇ ਪੁੱਜਣ ਦਾ ਗੁਰਬਾਣੀ ਵਿਚ ਦੱਸਿਆ ਮਨ ਵਸ ਕਰਨ ਦਾ ਇਕੋ ਇਕ ਰਾਹ ਹੈ ਹੋਰ ਦੂਜੇ ਸਾਰੇ ਰਾਹ ਝੂਠੇ ਹਨ ਜਿਨ੍ਹਾਂ ਤੇ ਲੁਟੇਰੇ ਵਪਾਰੀ ਲੁੱਟਣ ਲਈ ਡੇਰੇ ਲਾਈ ਬੈਠੇ ਹਨ ਅਤੇ ਪਾਂਧੀਆਂ ਨੂੰ ਭਰਮਾ ਕੇ ਔਝੜ ਪਾਉਂਦੇ ਹਨ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਬੇਅੰਤ ਸ਼ਰਧਾਲੂ ਹਨ। ਹਰ ਸ਼ਰਧਾਲੂ ਆਪਣੀ ਯੋਗਤਾ ਅਤੇ ਰੁਚੀ ਅਨੁਸਾਰ ਗੁਰਮਤਿ ਦੇ ਦੱਸੇ ਰਾਹ ਤੇ ਚਲਣ ਦਾ ਪਰਯਾਸ ਕਰਦਾ ਹੈ। ਧਾਰਮਕ ਜੀਵਨ ਪੱਖੋਂ ਅਜੋਕੇ ਸਿੱਖਾਂ ਨੂੰ ਤਿੰਨ ਮੁੱਖ ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ। ਇਕ, ਜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਸੇਧ ਲੈ ਕੇ ਸਹਿਜ, ਸਿਮਰਨ ਕਰਨ ਵਾਲੇ ਪਰਉਪਕਾਰੀ ਨੈਤਿਕ ਜੀਵਨ ਲਈ ਉੱਦਮ ਕਰਦੇ ਹਨ। ਦੂਜੇ, ਜੋ ਸਿਆਸਤਦਾਨਾਂ ਦੇ ਸਹਿਯੋਗੀ ਅਤੇ ਮਦਦ ਗਾਰ ਬਣ ਕੇ ਵਿਚਰਦੇ ਹਨ, ਅਤੇ ਤੀਜੇ, ਜੋ ਖਾਲ਼ਿਸਤਾਨ ਦਾ ਸੁਤੰਤਰ ਸਿੱਖ ਰਾਜ ਸਥਾਪਤ ਕਰਨ ਦੇ ਅਭਿਲਾਸ਼ੀ ਹਨ।
ਗੁਰਬਾਣੀ ਦਾ ਆਤਮਕ ਗਿਆਨ ਸਾਰੀ ਮਾਨਵਤਾ ਦਾ ਸਾਂਝਾ ਗਿਆਨ ਹੈ। ਇਹ ਕਿਸੇ ਇਕ ਦੀ ਮਲਕੀਅਤ ਨਹੀਂ ਹੈ। ਜਿਵੇਂ ਵਿਗਿਆਨ ਪਦਾਰਥਕ ਜਗਤ ਬਾਰੇ ਉਪਯੋਗੀ ਜਾਣਕਾਰੀ ਦਿੰਦਾ ਹੈ, ਸਮਾਜ ਸ਼ਾਸਤਰ ਸਮਾਜ ਅਤੇ ਉਸ ਦੇ ਵਿਹਾਰ ਬਾਰੇ ਸੂਝ ਦਿੰਦਾ ਹੈ, ਅਤੇ ਸਾਹਿਤ, ਕਲਾ ਅਤੇ ਮਨੋਰੰਜਨ ਲੋਕਾਈ ਦਾ ਮਨ ਬਹਿਲਾਉਂਦੇ ਹਨ, ਇਸੇ ਤਰ੍ਹਾਂ ਗੁਰਮਤਿ ਦਾ ਆਤਮਕ ਗਿਆਨ ਮਾਨਵਤਾ ਨੂੰ ਪ੍ਰਭੂ, ਆਤਮਾ ਅਤੇ ਮਨੁੱਖੀ ਮਨ ਦਾ ਗਿਆਨ ਪਰਦਾਨ ਕਰਕੇ ਮਨੁੱਖੀ ਜੀਵਨ ਦੇ ਮਨੋਰਥ ਦੀ ਸੂਝ ਬਖਸ਼ਦਾ ਹੈ। ਸੰਸਾਰਕ ਜਾਣਕਾਰੀ ਅਤੇ ਗੁਰਮਤਿ ਦੇ ਆਤਮਕ ਗਿਆਨ ਵਿਚ ਇਹ ਅੰਤਰ ਹੈ ਕਿ ਸੰਸਾਰਕ ਜਾਣਕਾਰੀ ਬਦਲਦੀ ਰਹਿੰਦੀ ਹੈ ਕਿਉਂਕਿ ਪਦਾਰਥ, ਸੰਸਾਰ ਅਤੇ ਮਨੁੱਖ, ਜਿੰਨਾਂ ਦੀ ਇਹ ਜਾਣਕਾਰੀ ਹੈ, ਚਲਾਇਮਾਨ ਹਨ ਪਰ ਪ੍ਰਭੂ ਦਾ ਆਤਮਕ ਗਿਆਨ ਸਦੀਵੀ ਸੱਚ ਹੈ ਅਤੇ ਕਦੇ ਨਹੀਂ ਬਦਲਦਾ। ਪੰਜਾਬ ਦਾ ਇਹ ਸੁਭਾਗ ਹੈ ਕਿ ਗੁਰਬਾਣੀ ਵਿਚ ਪੰਜਾਬ ਦੇ ਲੋਕਾਂ ਦੀ ਪੰਜਾਬੀ ਭਾਸ਼ਾ ਪਰਧਾਨ ਹੈ ਅਤੇ ਗੁਰਸਿੱਖਾਂ ਨੂੰ ਇਹ ਮਾਨ ਪ੍ਰਾਪਤ ਹੈ ਕਿ ਇਸ ਉੱਤਮ ਧੁਰ ਕੀ ਬਾਣੀ ਦੀ ਸੂਝ ਦੀ ਬਖ਼ਸ਼ਿਸ਼ ਉਹਨਾਂ ਨੂੰ ਆਪਣੇ ਗੁਰੂ ਵੱਲੋਂ ਜੀਵਨ ਵਿਚ ਧਾਰਨ ਕਰਨ ਅਤੇ ਮਾਨਵਤਾ ਨਾਲ ਸਾਂਝੀ ਕਰਨ ਲਈ ਹੋਈ ਹੈ।




.