.

ਸਿੱਖੀ ਸੰਭਾਲ ਸਿੰਘਾ! (ਕਿਸ਼ਤ ਚੋਦ੍ਹਵੀਂ)

ਸਿੱਖ ਧਰਮ

ਸਿਖ-ਧਰਮ ਵੀ ਹੈ ਅਤੇ ਲਹਿਰ ਵੀ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

(ਵਿਸ਼ੇ ਦਾ ਪੂਰਾ ਲਾਭ ਲੈਣ ਲਈ, ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

(ੑ੩) ਅਜੋਕੇ ਗੁਰਦੁਆਰੇ ਬਨਾਮ ਸਤਿਗੁਰਾਂ ਦੀ ਗੁਰੂ ਕੀਆਂ ਸੰਗਤਾਂ ਨੂੰ ਬਖ਼ਸ਼ੀ ਹੋਈ ਬੇਅੰਤ ਸ਼ਰਧਾ ਸ਼ਕਤੀ? -ਗੁਰਦੁਆਰੇ ਸਿੱਖ ਦਾ ਜੀਵਨ ਹਨ। ਇਨ੍ਹਾਂ ਗੁਰਦੁਆਰਿਆਂ `ਚੋਂ ਪ੍ਰਗਟ “ਜੋਤਿ ਓਹਾ ਜੁਗਤਿ ਸਾਇ” (ਪੰ: ੯੬੬) ਅਨੁਸਾਰ ਗੁਰਬਾਣੀ ਤੋਂ ਇਲਾਹੀ ਗਿਆਨ ਅਤੇ ਉਸ ਸਚੁ ਗਿਆਨ ਤੇ ਆਧਾਰਿਤ ਮਨੁੱਖ ਦੀ ਜੀਵਨ ਜਾਚ ਦੀ ਸੁਵਰਤੋਂ ਹੀ, ਸਿੱਖ ਬਾਗ਼ ਦੀ ਹਰਿਆਵਲ ਹੈ। ਅਜਿਹੇ ਗੁਰਬਾਣੀ ਜੀਵਨ ਤੋਂ ਪੈਦਾ ਹੋਈ ਸੱਚੀ ਸ਼ਰਧਾ ਹੀ ਸਿੱਖੀ ਦਾ ਵਿਕਾਸ, ਇਸ ਦੀ ਪ੍ਰਫੁਲਤਾ ਦੀ ਜ਼ਾਮਨ ਤੇ ਪ੍ਰਸਾਰ ਦੀ ਗਾਰੰਟੀ ਵੀ ਹੈ। ਇਸ ਦੇ ਉਲਟ ਮਨਮਤੀਆ ਹੋ ਕੇ ਅੰਨ੍ਹੀਂ ਸ਼ਰਧਾ ਵੱਸ ਕੀਤੇ ਕਰਮਕਾਂਡ ਹੀ ਸਿੱਖ ਧਰਮ ਦੀ ਪੂਰਨ ਤਬਾਹੀ ਵੀ ਹਨ। ਇਸ ਲਈ ਇਹ ਵਿਚਾਰਨਾ ਹੈ ਕਿ ਅੱਜ ਅਸੀਂ ਕਿਸ ਪਾਸੇ ਜਾ ਰਹੇ ਹਾਂ? ਕੀ ਅੱਜ ਸਾਡੇ ਗੁਰਦੁਆਰੇ ਅੰਨ੍ਹੀਂ ਸ਼ਰਧਾ, ਕਰਮਕਾਂਡਾਂ, ਅਨਪੱੜ੍ਹ ਤੇ ਅਯੋਗ ਪ੍ਰਚਾਰਕਾਂ, ਪ੍ਰਬੰਧਕਾਂ ਤੇ ਗੰਦੀ ਰਾਜਨੀਤੀ ਦਾ ਬਹਿਸ਼ਤ ਬਣ ਕੇ ਹੀ ਤਾਂ ਨਹੀਂ ਰਹਿ ਗਏ। ਕੀ ਇਨ੍ਹਾਂ ਗੁਰਦੁਆਰਿਆਂ `ਚੋਂ ਅੱਜ ਗੁਰਬਾਣੀ ਜੀਵਨ (ਜੋਤ ਤੇ ਜੁਗਤ) ਦਾ ਨਿਕਾਸ ਹੋ ਰਿਹਾ ਹੈ ਜਾਂ ਨਹੀਂ? ਜੇ ਨਹੀਂ ਹੋ ਰਿਹਾ ਤਾਂ ਇਸ ਦੇ ਲਈ ਜ਼ਿਮੇਵਾਰ ਕੌਣ ਹਨ? ਕੀ ਸਿੱਖ ਧਰਮ ਤੇ ਸਿੱਖ ਲਹਿਰ ਦੀ ਮੌਜੂਦਾ ਅਧੋਗਤੀ ਲਈ ਇਹ ਸਭ ਵੀ ਜ਼ਿਮੇਵਾਰ ਤਾਂ ਨਹੀਂ ਹਨ? ਉਪ੍ਰੰਤ ਇਸ ਸਬੰਧ `ਚ ਵਿਸ਼ੇ ਨੂੰ ਘੋਖਣ ਲਈ ਸਿੱਖ ਸੰਗਤਾਂ ਸਾਹਮਣੇ ਕੁੱਝ ਸੁਆਲ:-

(i). ਸਮੇਂ ਦੀ ਸਰਕਾਰ ਚਾਹੇ ਕੋਈ ਵੀ ਹੋਵੇ, ਬੇਸ਼ੱਕ ਅਕਾਲੀ ਸਰਕਾਰ। ਕੀ ਕਾਰਨ ਹੈ ਸਿੱਖਾਂ ਦੇ ਟਾਊਟ ਗੁਰਦੁਆਰਿਆਂ ਜਾਂ ਗੁਰਦੁਆਰਾ ਕਮੇਟੀਆਂ `ਚੋਂ ਹੀ ਢੂੰਡੇ ਜਾਂਦੇ ਜਾਂ ਇਥੋਂ ਪੈਦਾ ਕਰਣ ਲਈ ਸਰਕਾਰੀ ਹਥਕੰਡੇ, ਵਸੀਲੇ ਤੇ ਸਾਧਨ ਵਰਤੇ ਜਾਂਦੇ ਹਨ। ਇਸ ਦੇ ਉਲਟ ਮੰਦਰਾਂ, ਚਰਚਾਂ, ਮਸਜਿਦਾਂ ਆਦਿ ਜਾਂ ਉਨ੍ਹ੍ਹਾਂ ਦੇ ਪ੍ਰਬੰਧਕੀ ਵਰਗਾਂ ਪ੍ਰਤੀ ਅਜਿਹਾ ਕੋਈ ਮਸਲਾ ਹੈ ਹੀ ਨਹੀਂ, ਅਜਿਹਾ ਕਿਉਂ?

(). ਇਸਾਈਆਂ ਨੂੰ ਪਤਾ ਹੈ ਕਿ ਉਨ੍ਹ੍ਹ੍ਹ੍ਹਾਂ ਨੇ ਸੰਸਾਰ ਨੂੰ ਯਸੂ ਮਸੀਹ ਦੀ ਤਾਲੀਮ ਨਾਲ ਜੋੜਣਾ ਹੈ। ਉਨ੍ਹਾਂ ਦੇ ਪ੍ਰਚਾਰ ਦਾ ਇੱਕ ਇੱਕ ਪੈਸਾ ਇਸਾਈ ਮੱਤ ਦੀ ਟਕਸਾਲੀ ਸਿੱਖਿਆ ਨੂੰ ਘਰ ਘਰ ਪਹੁੰਚਾਉਣ `ਤੇ ਲਗਦਾ ਹੈ ਜਾਂ ਫ਼ਿਰ ਉਨ੍ਹਾਂ ਰਾਹੀਂ ਲੋਕਾਈ ਦੇ ਵੱਡੇ ਮਦਦਗਾਰ ਬਣ ਕੇ, ਵੱਧ ਤੋਂ ਵੱਧ ਲੋਕਾਈ ਨੂੰ ਇਸਾਈ ਮੱਤ ਵੱਲ ਪ੍ਰੇਰਣ ਲਈ ਲਗਦਾ ਹੈ। ਇਸੇ ਤੋਂ ਇਸਾਈ ਵੀਰ ਅੱਜ ਅਮਰੀਕਾ ਦੀ ਹਕੂਮਤ ਸਮੇਤ, ਅੱਧੀ ਤੋਂ ਦੁਨੀਆਂ ਨੂੰ ਇਸਾਈ ਮਤ `ਚ ਤਬਦੀਲ ਕਰ ਚੁੱਕੇ ਹਨ।

(ੳ) ਇਸ ਸਾਰੇ ਦੇ ਉਲਟ ਸਾਡੇ ਅਰਬਾਂ-ਖਰਬਾਂ ਅਨਿਯਮਿਤ ਢੰਗ ਨਾਲ ਮਨਾਏ ਜਾਂਦੇ ਗੁਰਪੁਰਬਾਂ-ਨਗਰ ਕੀਰਤਨਾਂ ਤੇ ਬੇ-ਤਰਤੀਬੇ ਭਾਂਤ-ਸੁਭਾਂਤੇ ਲੰਗਰਾਂ, ਉਪ੍ਰੰਤ ਸੜਕਾਂ `ਤੇ ਕੁਲਚੇ-ਗਜਰੇਲੇ, ਫਰੂਟ ਆਦਿ ਬਖੇਰਣ `ਤੇ ਹੀ ਉੱਡ ਜਾਂਦੇ ਹਨ, ਅਜਿਹਾ ਕਿਉਂ?

(ਅ) ਪੰਜਵੇਂ ਪਾਤਸ਼ਾਹ ਦੇ ਸ਼ਹੀਦੀ ਪੁਰਬ ਸਮੇਂ ਜਦੋਂ ਅੱਤ ਦੀ ਗਰਮੀ ਹੁੰਦੀ ਹੈ; ਸੰਗਤਾਂ ਦੇ ਸਤਿਕਾਰ ਵੱਜੋਂ ਠੰਡੇ-ਮਿਠੇ ਪਾਣੀ ਦਾ ਪ੍ਰਬੰਧ ਤੇ ਛਬੀਲਾਂ ਯੋਗ ਵੀ ਹਨ ਤੇ ਜ਼ਰੂਰੀ ਵੀ ਜਦਕਿ ਉਹ ਵੀ ਕੇਵਲ ਸੰਗਤਾਂ ਦੀ ਸੀਮਾਂ ਤੱਕ। ਇਸ ਦੇ ਉਲਟ ਸੜਕਾਂ, ਚੋਰਾਹਿਆਂ `ਤੇ ਮਿੱਠੀਆਂ ਛਬੀਲਾਂ ਦੀ ਦੌੜ `ਚ ਸੰਗਤਾਂ ਦੇ ਅਰਬਾਂ ਖਰਬਾਂ ਰੋੜ੍ਹਣੇ ਤੇ ਗੁਰੂ ਕੀਆਂ ਸੰਗਤਾਂ ਦੀ ਬੇਅੰਤ ਤਾਕਤ ਨਾਲ ਖਿਲਵਾੜ, ਆਖ਼ਿਰ ਕਿਸ ਖੁਸ਼ੀ `ਚ? ਕੀ ਇਤਨੀ ਤਸੀਹੇ ਭਰਪੂਰ ਸ਼ਹਾਦਤ ਤੇ ਉਸ ਦੇ ਮੂਲ ਕਾਰਣਾਂ ਨੂੰ ਸੰਸਾਰ ਸਾਹਮਣੇ ਲਿਆਉਣ ਤੇ ਪ੍ਰਗਟ ਕਰਣ ਦਾ ਸਾਡੇ ਕੋਲ ਕੇਵਲ ਇਹੀ ਢੰਗ ਬਾਕੀ ਰਹਿ ਗਿਆ ਹੈ?

(ੲ) ਕੀਰਤਨ ਦਰਬਾਰਾਂ, ਸ਼ਤਾਬਦੀਆਂ ਆਦਿ ਦੇ ਨਾਂ `ਤੇ ਸੰਗਤ ਦੀ ਮਾਇਆ ਤੇ ਸ਼ਰਧਾ-ਸ਼ਕਤੀ ਦੀ ਅੰਨ੍ਹਾਂ-ਧੁੰਦ ਵਰਤੋਂ ਪਰ ਸੰਗਤਾਂ ਵਿਚਕਾਰ ਇੱਕ ਵੀ ਗੁਰਮੱਤ ਦੀ ਸਿੱਕੇਬੰਦ ਗੱਲ ਨਹੀਂ ਪੁੱਜਦੀ; ਹਾਂ ਕੱਚੀਆਂ ਬਾਣੀਆਂ ਤੇ ਕੱਚੀ ਵਿਚਾਰਧਾਰਾ ਜ਼ਰੂਰ ਪੁੱਜਦੀ ਹੈ, ਅਜਿਹਾ ਕਿਉਂ?

(ਸ) ਅਜੋਕੇ ਗੁਰਦੁਆਰਾ ਪ੍ਰਭੰਧਾਂ `ਚ ਸਮੇਂ ਦੀ ਹਰੇਕ ਆਪਸ ਵਿਰੋਧੀ ਪਾਰਟੀਆਂ ਵੱਲੋਂ ਗੁਰਦੁਆਰਾ ਕਮੇਟੀਆਂ ਦੇ ਮੈਂਬਰਾਂ ਨੂੰ ਖਰੀਦਣ-ਤੋੜਣ ਜਾਂ ਕੋਰਟਾਂ-ਕਚਹਿਰੀਆਂ ਅਤੇ ਇੱਕ ਦੂਜੇ ਦੀ ਟੰਗ-ਖਿੱਚੀ, ਪੱਗਾਂ ਲਾਹੁਣ ਲਈ ਕਰੋੜਾਂ ਲਾਉਣੇ; ਕੀ ਇਹ ਪੰਥ ਦੀ ਸੇਵਾ ਹੈ ਜਾਂ ਪੰਥ ਦੀ ਤਬਾਹੀ? ਜਦਕਿ ਅੱਜ ਤਾਂ ਇਹ ਸਭਕੁਝ ਹੋ ਵੀ ਰਿਹਾ ਹੈ।

ਉਪ੍ਰੰਤ ਕੀ ਸੰਗਤਾਂ ਦੀ ਇਸੇ ਸ਼ਰਧਾ ਸ਼ਕਤੀ ਤੇ ਬੇਅੰਤ ਪੰਥਕ ਤਾਕਤ ਨਾਲ-

(ੳ) ਲੋਕਾਈ ਨੂੰ ਗੁਰੂ ਪਾਤਸ਼ਾਹ ਦੀ ਉੱਚੀ ਸੁੱਚੀ ਤਾਲੀਮ ਨਾਲ ਜੋੜਣ ਲਈ-ਸਪਸ਼ਟ ਵੱਕਤਾ, ਗੁਰਮੱਤ ਜੀਵਨ ਵਾਲੇ ਯੋਗ ਤੇ ਸੁਲਝੇ ਪ੍ਰਚਾਰਕ ਤਿਆਰ ਨਹੀਂ ਕੀਤੇ ਜਾ ਸਕਦੇ?

(ਅ) ਕੀ ਸੰਗਤਾਂ ਤੋਂ ਆ ਰਹੀ ਇਸ ਬੇਅੰਤ ਸ਼ਰਧਾਂ ਸ਼ਕਤੀ ਨਾਲ ਸਿੱਖ ਪਨੀਰੀ ਨੂੰ ਗੁਰਮੱਤ ਦੀ ਪੜ੍ਹਾਈ ਦੇ ਨਾਲ ਨਾਲ, ਐਕੇਡੈਮਿਕ ਪੜ੍ਹਾਈ ਉਪ੍ਰੰਤ ਮੁਫ਼ਤ I.A.S, I.F.S ਆਦਿ ਦੀਆਂ ਟ੍ਰੇਨਿੰਗਾਂ, ਅਜੋਕੀਆਂ ਟੈਕਨੀਕਲ ਟ੍ਰੇਨਿਗਾਂ ਆਦਿ ਨਾਲ ਭਰਪੂਰ ਨਹੀਂ ਕੀਤਾ ਜਾ ਸਕਦਾ? ਇਸ ਤਰ੍ਹਾਂ ਪੰਥ ਦੇ ਬੱਚੇ-ਬੱਚੀਆਂ ਦੇ ਡਿਪਲੋਮਿਆਂ ਆਦਿ ਲਈ ਪੰਥਕ ਅਦਾਰੇ ਤੇ ਪ੍ਰਾਜੈਕਟ ਚਾਲੂ ਨਹੀਂ ਕੀਤੇ ਜਾ ਸਕਦੇ?

(ੲ) ਅੱਜ ਬ੍ਰਾਹਮਣੀ ਤੇ ਅਨਮੱਤੀ ਮਿਲਾਵਟਾਂ ਨਾਲ ਸਿੱਖ ਇਤਿਹਾਸ ਲੱਦਿਆ ਪਿਆ ਹੈ। ਦੂਜੇ ਪਾਸੇ ਸ਼ਤਾਬਦੀਆਂ ਆਦਿ ਦੇ ਨਾਮ ਹੇਠ ਜੇਬਾਂ ਭਰਣ ਦੇ ਪੱਜ, ਉਲਟਾ ਉਸੇ ਮਿਲਾਵਟੀ ਇਤਿਹਾਸ ਨੂੰ ਹੀ ਪੰਥ ਉਪਰ ਹੋਰ ਤੇ ਹੋਰ ਵਧ ਥੋਪਿਆ ਜਾਂਦਾ ਹੈ। ਜਦਕਿ ਸਾਡਾ ਇਹੀ ਕਾਰਾ ਪੰਥ ਨੂੰ ਦਿਨ-ਰਾਤ ਅਨਮਤੀਆਂ ਦੀ ਝੋਲੀ `ਚ ਸਿੱਟ ਰਿਹਾ ਹੈ। ਤਾਂ ਫ਼ਿਰ ਉਸ ਦੇ ਲਈ ਨਿਰੋਲ ਗੁਰਬਾਣੀ ਸੋਝੀ ਤੇ ਸਿੱਖੀ ਜੀਵਨ ਵਾਲੇ ਸਕਾਲਰ ਤਿਆਰ ਕਿਉਂ ਨਹੀਂ ਕੀਤੇ ਜਾ ਸਕਦੇ?

(ਸ) ਇਸ ਸਾਰੇ ਬਦਲੇ ਗੁਰਬਾਣੀ ਰਿਸਰਚ ਸੈਂਟਰ ਸਥਾਪਤ ਕਿਉਂ ਨਹੀਂ ਕੀਤੇ ਜਾ ਸਕਦੇ? ਇਸੇ ਤਰ੍ਹਾਂ ਅਜਿਹੀਆਂ ਅਨੇਕਾਂ ਹੋਰ ਵੀ ਸਕੀਮਾਂ ਹੋ ਸਕਦੀਆਂ ਹਨ। ਕੀ ਅਜਿਹਾ ਨਾ ਕਰਣਾ ਸਿੱਖ ਲਹਿਰ ਦੀ ਪ੍ਰਫ਼ੁਲਤਾ ਤਾਂ ਦੂਰ ਸਿੱਖ ਧਰਮ ਦੀ ਅਧੋਗਤੀ ਲਈ ਵੀ ਰਸਤਾ ਖੋਲਣਾ ਤਾਂ ਨਹੀਂ?

(i) ਜਿਤਨੀ ਸ਼ਰਧਾ-ਸ਼ਕਤੀ ਅਕਾਲ ਪੁਰਖ ਨੇ ਸਿੱਖ ਕੌਮ ਨੂੰ ਬਖਸ਼ੀ ਹੋਈ ਹੈ, ਉਤਨੀ ਹੋਰ ਕਿਸੇ ਕੋਲ ਵੀ ਨਹੀਂ। ਇਹ ਸ਼ਰਧਾ-ਸ਼ਕਤੀ ਪੰਥ ਕੋਲ, ਪੰਥ ਤੇ ਮਾਨਵਤਾ ਦੀ ਸੰਭਾਲ ਲਈ ਕਰਤੇ ਦੀ ਅਮਾਨਤ ਹੈ। ਕੀ ਅੱਜ ਅਸੀਂ ਇਸ ਸ਼ਰਧਾ-ਸ਼ਕਤੀ ਦੀ ਸੁਵਰਤੋਂ ਨਾ ਕਰਕੇ, ਇਸ ਨੂੰ ਕੇਵਲ ਗੋੇਲਕਾਂ ਦੇ ਢਿੱਡ ਭਾਰੇ ਕਰਣ ਤੇ ਪੰਥ ਨੂੰ ਧੜੇਬੰਧੀਆਂ `ਚ ਵੰਡਣ ਦਾ ਕਾਰਨ ਹੀ ਤਾਂ ਨਹੀਂ ਬਣ ਰਹੇ? ਕੀ ਇਸ ਤਰ੍ਹਾਂ ਅੱਜ ਅਸੀਂ ਪ੍ਰਭੂ ਦੀ ਇਸ ਬਹੁਮੁੱਲੀ ਅਮਾਨਤ `ਚ ਖਿਆਨਤ ਦੇ ਜਿੰਮੇਵਾਰ ਤਾਂ ਨਹੀਂ?

(ੳ) ਕੀ ਉਸ ਸ਼ਰਧਾ ਸ਼ਕਤੀ ਦੀ ਹੋ ਰਹੀ ਇਹ ਕੁਵਰਤੋਂ ਹੀ ਅੱਜ ਸਾਡੇ ਅੰਦਰ ਚੌਹਦਰ ਦੀ ਭੁੱਖ ਤੇ ਟਾਊਟਪੁਣਾ ਵਧਾਉਣ ਦਾ ਕਾਰਨ ਤਾਂ ਨਹੀਂ ਬਣੀ ਹੋਈ?

(ਅ) ਕੀ ਅੱਜ ਅਸੀਂ ਭਾਈ ਮਨੀ ਸਿੰਘ ਜੀ ਆਦਿ ਸ਼ਹੀਦਾਂ ਨੂੰ ਵੀ ਭੁੱਲ ਚੁੱਕੇ ਹਾਂ ਜਿਨ੍ਹਾਂ ਨੇ ਬੰਦ ਬੰਦ ਤਾਂ ਕਟਵਾ ਲਏ ਪਰ ਪੰਥ ਦੀ ਅਮਾਨਤ, ਸੰਗਤ ਦੀ ਇਸ ਮਾਇਆ ਭਾਵ ਸ਼ਰਧਾ ਸ਼ਕਤੀ `ਚੋਂ ਟੈਕਸ ਨਹੀਂ ਸੀ ਭਰਿਆ? ਜਦਕਿ ਇਹ ਕੰਮ ਉਨ੍ਹਾਂ ਲਈ ਔਖਾ ਵੀ ਨਹੀਂ ਸੀ, ਉਪ੍ਰੰਤ ਉਨ੍ਹਾਂ ਨੂੰ ਇਸ ਦੇ ਲਈ ਕਿਸੇ ਤੋਂ ਇਜਾਜ਼ਤ ਲੈਣ ਦੀ ਲੋੜ ਵੀ ਨਹੀਂ ਸੀ।

(iv) ਕੀ ਸਤਿਗੁਰਾਂ ਦੀ ਦਾਤ, ਪੰਥ ਪਾਸ ਇਹ ਬੇਅੰਤ ਸ਼ਰਧਾ-ਸ਼ਕਤੀ ਕੇਵਲ ਗੁਰਦੁਆਰਿਆਂ `ਚ ਕੜਾਹ ਪ੍ਰਸ਼ਾਦਿ, ਰੁਮਾਲੇ ਚੜ੍ਹਾਉਣ (ਕੁਝ ਸੀਮਾਂ ਤੱਕ ਜ਼ਰੂਰੀ), ਸੰਗਮਰਮਰ ਦੀਆਂ ਇਮਾਰਤਾਂ, ਸੋਨੇ ਦੇ ਕਲਸਾਂ-ਪਾਲਕੀਆਂ, ਬੇਲੋੜੇ ਸਰੋਵਰਾਂ, ਅਖੰਡਪਾਠਾਂ ਦੀਆਂ ਲੜੀਆਂ ਤੇ ਕੋਤਰੀਆਂ ਲਈ ਹੀ ਹੈ?

(v) ਕੀ ਇਸੇ ਸ਼ਰਧਾ-ਸ਼ਕਤੀ ਦੀ ਯੋਗ ਵਰਤੋਂ ਨਾਲ ਪਨੀਰੀ ਨੂੰ ਪਤਿੱਤਪੁਣੇ ਤੋਂ ਵਾਪਸ ਮੋੜ ਕੇ, ਸੰਸਾਰ ਤਲ ਦੀ ਸਭ ਤੋਂ ਅਗਲੀ ਕਤਾਰ `ਚ ਖੜਾ ਨਹੀਂ ਕੀਤਾ ਜਾ ਸਕਦਾ? ਕੀ ਇਹ ਜ਼ਰੂਰੀ ਹੈ ਕਿ ਹਰੇਕ ਪ੍ਰਾਜੈਕਟ ਗੁਰਦੁਆਰਿਆਂ ਤੋਂ ਹੀ ਅਰੰਭ ਹੋਵੇ? ਕੀ ਇਸ ਬੇਅੰਤ ਸ਼ਰਧਾ ਸ਼ਕਤੀ ਤੇ ਦਸਵੰਧ ਨੂੰ ਕਿਸੇ ਯੋਜਨਾਬੱਧ ਤਰੀਕੇ, ਗੁਰਦੁਆਰਿਆਂ ਤੋਂ ਬਾਹਰ ਹੋ ਕੇ ਨਹੀਂ ਵਰਤਿਆ ਜਾ ਸਕਦਾ?

(vi) ਇਸ `ਚ ਵੀ ਦੋ ਰਾਵਾਂ ਨਹੀਂ ਕਿ ਰੱਜੇ ਪੁੱਜੇ ਇਲਾਕਿਆਂ `ਚ ਜਿੱਥੇ ਗੁਰੂ ਕੀਆਂ ਸੰਗਤਾਂ ਪਾਸ ਵਧੀਆ ਕਾਰਾਂ, ਕੋਠੀਆਂ ਹਨ-ਗੁਰਦੁਆਰੇ ਵੀ ਵਧੀਆ, ਗਲੀਚੇ ਵਿਸ਼ੇ ਹੋਏ ਤੇ ਆਧੁਨਿਕ ਸਾਧਨਾਂ ਨਾਲ ਸੁਸੱਜਤ ਹਣ। ਇਹ ਵੀ ਕਿ ਅਜਿਹੀਆਂ ਉੱਤਮ ਦਰਜੇ ਦੀਆਂ ਗੁਰਦੁਆਰਾ ਇਮਾਰਤਾਂ `ਚੋਂ ਵੀ ਅੱਜ ਸੰਗਤ ਮੁੱਕ ਚੁੱਕੀ ਹੈ ਤਾਂ ਇਸ ਬਾਰੇ ਕੋਣ ਸੋਚੇਗਾ?

(ੳ) ਕੀ ਇਨ੍ਹ੍ਹਾਂ ਇਮਾਰਤਾਂ ਦੀ ਸੇਵਾ-ਸੰਭਾਲ ਤੇ ਇਨ੍ਹਾਂ ਇਮਾਰਤਾਂ ਦੇ ਜ਼ਰੀਏ ਗੁਰਮੱਤ ਪ੍ਰਸਾਰ ਲਈ ਉੱਚੇ-ਸੁੱਚੇ ਗੁਰਮੱਤ ਜੀਵਨ ਵਾਲੇ ਯੋਗ ਪ੍ਰਚਾਰਕਾਂ, ਸੇਵਾਦਾਰਾਂ ਤੇ ਅਜਿਹੇ, ਗ੍ਰੰਥੀ ਸਾਹਿਬਾਨ ਦੀ ਲੋੜ ਨਹੀਂ? ਜਿਨ੍ਹਾਂ ਨੂੰ ਆਪਣੇ ਧਰਮ ਦੇ ਨਾਲ ਨਾਲ ਅਨਮੱਤਾਂ ਦੇ ਧਰਮਾਂ ਦੀ ਵੀ ਸਟੱਡੀ ਹੋਵੇ।

(ਅ) ਅੱਜ ਗੁਰਦੁਆਰਾ ਇਮਾਰਤਾਂ ਵਧੀਆ ਹਨ ਪਰ ਅੰਦਰ ਗ੍ਰੰਥੀ-ਸੇਵਾਦਾਰ ਸਸਤੇ ਲਏ ਜਾਂਦੇ ਹਨ। ਰਾਗੀ ਸੋਹਣਾ ਗਾਉਣ ਵਾਲਾ ਹੈ ਪਰ ਬਾਣੀ ਤੋਂ ਪ੍ਰਗਟ ਹੋਣ ਵਾਲੀ ਜੀਵਨ ਜਾਚ ਦੀ ਸੋਝੀ ਪੱਖੋਂ ਖਾਲੀ ਹੈ। ਪ੍ਰਚਾਰਕ-ਕਥਾਵਾਚਕ-ਢਾਡੀ-ਕਵੀਸ਼ਰ ਆਦਿ ਗੱਲਾਂ-ਗੱਪਾਂ ਤੇ ਚੁਟਕਲੇ ਸੁਣਾ-ਸੁਣਾ ਕੇ ਵੱਕਤ ਕੱਟੀ ਕਰਣ ਵਾਲੇ ਹਨ।

(ੲ) ਇਸ ਤਰ੍ਹਾਂ ਅਜੋਕੇ ਬਹੁਤੇ ਪ੍ਰਚਾਰਕ-ਮੈਨੇਜਮੈਂਟਾਂ ਪ੍ਰਬੰਧਕਾਂ ਤੇ ਡੇਰੇਦਾਰਾਂ ਦੇ *** ਉਪ੍ਰੰਤ ਉਹ ਪ੍ਰਬੰਧਕ, ਡੇਰੇਦਾਰ-ਰਾਜਸੀ ਆਗੂਆਂ ਦੇ; ਇੱਕ ਤੋਂ ਵਧ ਦੂਜਾ ਤੇ ਹੋਰ ਵੱਡਾ ਚਾਪਲੂਸ ਹੈ। ਜਦਕਿ ਪੰਥ ਦੀ ਚਿੰਤਾ ਕਿਸੇ ਨੂੰ ਵੀ ਨਹੀਂ; ਕੀ ਅਜੋਕੇ ਪ੍ਰਚਾਰ ਢੰਗ `ਚੋਂ ਬਹੁਤਾ ਕਰਕੇ ਧੀਰਮਲ, ਰਾਮਰਾਇ ਤੇ ਪ੍ਰੀਥੀਏ ਆਦਿ ਦਾ ਵਾਸਾ ਹੀ ਪ੍ਰਗਟ ਤਾਂ ਨਹੀਂ ਹੋ ਰਿਹਾ?

(v) ਗੁਰਦੁਆਰਿਆਂ ਲਈ ਸੰਗਮਰਮਰ ਤਾਂ ਅਗਲੇ ਦੋ ਸੌ ਸਾਲ ਬਾਅਦ ਵੀ ਮਿਲ ਜਾਵੇਗਾ। ਪਰ ਜਿਹੜਾ ਸਿੱਖ ਬੱਚਾ ਤੇ ਬੱਚੀ ਅੱਜ ਸਿੱਖੀ ਪ੍ਰਵਾਰ ਨੂੰ ਛੱਡ ਕੇ ਧੜਾ ਧੜ ਪਤਿਤ ਹੋ ਰਿਹਾ ਹੈ, ਇਸ ਦੀ ਗਾਰੰਟੀ ਕੌਣ ਲੈ ਸਕਦਾ ਹੈ ਕਿ ਇਹ ਫਿਰ ਕਦੇ ਪੰਥ `ਚ ਵਾਪਿਸ ਵੀ ਆ ਸਕੇਗਾ ਜਾਂ ਨਹੀਂ?

(vi) ਸੰਗਮਰਮਰ ਦੀਆਂ ਇੰਨ੍ਹਾਂ ਗੁਰਦੁਆਰਾ ਇਮਾਰਤਾਂ ਦੀ ਆੜ `ਚ ਕਿੱਥੇ ਜਾ ਰਹੀ ਹੈ ਸਾਡੀ ਅਨਮੋਲ ਵਿਰਾਸਤ ਤੇ ਸਾਡੇ ਮਾਨੂਮੈਂਟਸ। ਕਿੱਥੇ ਗਈ ਅੱਜ ਸਾਡੀ `ਚਮਕੌਰ ਦੀ ਕੱਚੀ ਗੜ੍ਹੀ’, ‘ਸਰਹੰਦ ਦਾ ਠੰਢਾ ਬੁਰਜ’, ਸਰਹੰਦ ਦੀ ਖੂਨੀ ਦਿਵਾਰ ਤੇ ਸਾਡੀ ਹੋਰ ਬੇਅੰਤ ਅਮੁੱਲੀ ਧਰੋਹਰ। ਸਾਡੇ ਮਾਨੂਮੈਂਟਸ ਖ਼ਤਮ ਕੀਤੇ ਜਾ ਰਹੇ ਹਨ, ਕੀ ਪੰਥ ਨੂੰ ਇਹ ਦੋਬਾਰਾ ਕਿਧਰੋਂ ਮਿਲ ਜਾਣਗੇ? ਕੀ ਇਹ ਸਭ ਆਪਣੇ ਹੀ ਇਤਿਹਾਸ ਨੂੰ ਮਲੀਆ ਮੇਟ ਕਰਣਾ ਤਾਂ ਨਹੀਂ?

(ix) ਇਸਾਈ, ਮੁਸਲਮਾਨ, ਹਿੰਦੂ ਤੇ ਦੂਜੇ ਵੀਰ ਭਾਵ ਉਨ੍ਹਾਂ ਕੋਲ ਵੀ ਸਕੂਲਾਂ, ਕਾਲਜਾਂ, ਹਸਪਤਾਲਾਂ ਦੇ ਬੜੇ-ਬੜੇ ਸੁੰਦਰ ਪ੍ਰਬੰਧ ਹਨ ਤੇ ਉਨ੍ਹਾਂ ਧਰਮਾਂ ਦੀ ਸੰਪਤੀ ਵੀ ਹਨ। ਕੀ ਜ਼ਰੂਰੀ ਹੈ ਕਿ ਸਿੱਖਾਂ ਦੇ ਜਿੰਨੇਂ ਵੀ ਸਕੂਲ, ਕਾਲਜ ਜਾਂ ਹਸਪਤਾਲ ਹੋਣ, ਉਹ ਮੁੜ-ਤੁੜ ਕੇ ਗੁਰਦੁਆਰਾ ਕਮੇਟੀਆਂ ਦੀ ਮੁੱਠੀ `ਚ ਹੀ ਹੋਣ? ਕੀ ਇਹ ਤੇ ਅਜਿਹੇ ਹੋਰ ਪ੍ਰਾਜੈਕਟ ਦੂਜਿਆਂ ਦੀ ਤਰ੍ਹ੍ਹਾਂ, ਸੰਗਤਾਂ ਦੀ ਮਾਇਆ- ਦਸਵੰਧ ਤੇ ਸ਼ਰਧਾ-ਸ਼ਕਤੀ ਨਾਲ ਗੁਰਦੁਆਰਿਆਂ ਤੋਂ ਬਾਹਰ ਹੋ ਕੇ ਨਹੀਂ ਚਲਾਏ ਜਾ ਸਕਦੇ?

(x) ਗੁਰਦੁਆਰਾ ਸਟੇਜ ਕੇਵਲ ਸ਼ਰਧਾ ਦਾ ਵਿਸ਼ਾ ਨਹੀਂ। ਸਿੱਖੀ ਸੰਭਾਲ-ਪ੍ਰਚਾਰ-ਪ੍ਰਸਾਰ ਦਾ ਵਿਸ਼ਾ ਵੀ ਹੈ। ਧਰਮ ਦੇਣਾ ਤੇ ਧਰਮ ਲੈਣਾ, ਦੋਵੇਂ ਵੱਖ-ਵੱਖ ਵਿਸ਼ੇ ਹਨ। ਇਥੋਂ ਕਹੀ ਹੋਈ ਹਰੇਕ ਗੱਲ, ਗੁਰੂ ਦੀ ਗੱਲ ਦਾ ਦਰਜਾ ਰਖਦੀ ਹੈ। …ਕੇਵਲ ਸ਼ਰਧਾ ਦਾ ਵਿਸ਼ਾ ਬਣਾ ਕੇ ਸਿੱਖ ਸਟੇਜ ਨੂੰ ਅੱਜ ਹਰੇਕ ਕੱਚੇ-ਪਿੱਲੇ, ਐਰੇ-ਖੈਰੇ, ਅਨਪੜ੍ਹ, ਜੀਵਨ ਵਿਹੂਣੇ, ਚੌਧਰ ਦੇ ਭੁੱਖੇ ਮਨੁੱਖਾਂ ਦਾ ਬਹਿਸ਼ਤ ਤਾਂ ਨਹੀਂ ਬਣਾ ਦਿੱਤਾ ਗਿਆ? ਅੱਜ ਹਰੇਕ ਘਰ `ਚ, ਹਰੇਕ ਸਿੱਖ ਕੋਲ ਵੱਖਰੀ ਵੱਖਰੀ ਸਿੱਖੀ ਹੈ। ਪਨੀਰੀ `ਚ ਸ਼ੰਕਿਆਂ-ਸੁਆਲਾਂ ਦੀ ਭਰਮਾਰ ਹੈ; ਪਤਿੱਤਪੁਣੇ ਤੇ ਨਸ਼ਿਆਂ `ਚ ਬੇਅੰਤ ਵਾਧਾ, ਹਰੇਕ ਸਿੱਖੀ ਦਾ ਠੇਕੇਦਾਰ। ਇਹ ਸਭ ਸਾਡੀ ਸਿੱਖ ਸਟੇਜ ਪ੍ਰਤੀ ਇਸੇ ਲਾਪਰਵਾਹੀ ਦਾ ਕ੍ਰਿਸ਼ਮੇ ਤਾਂ ਨਹੀਂ?

(xi) ਕੀ ਚਰਚਾਂ, ਮਸਜਿਦਾਂ ਦੀਆਂ ਸਟੇਜਾਂ ਨੂੰ ਵੀ ਕੋਈ ਖੁੱਲ੍ਹੇ-ਕੱਚੇ-ਬੇਲਗਾਮ ਤਰੀਕੇ ਵਰਤ ਸਕਦਾ ਹੈ? ਜੇ ਨਹੀਂ ਤਾਂ ਕੀ ਸਾਡੀਆਂ ਗੁਰਦੁਆਰਾ ਸਟੇਜਾਂ ਸਚਮੁਚ ਹੀ ਇਤਨੀਆਂ ਬੇਜ਼ਰੂਰਤ ਹਨ ਕਿ ਇਨ੍ਹਾਂ ਤੋਂ ਜਿਹੜਾ ਤੇ ਜੋ ਮਰਜ਼ੀ ਪਿਆ ਬੋਲੇ, ਇਨ੍ਹਾਂ ਗੁਰਦੁਆਰਾ ਸਟੇਜਾਂ ਦੀ ਕੋਈ ਜਿਵੇਂ ਚਾਹਵੇ ਬੇਸ਼ੱਕ ਕੁਵਰਤੋਂ ਹੀ ਪਿਆ ਕਰੇ ਪਰ ਉਨ੍ਹਾਂ ਨੂੰ ਕੋਈ ਪੁੱਛਣ ਵਾਲਾ ਨਹੀਂ।

(x) ਇਸੇਤਰ੍ਹਾਂ ਕੀ ਸਿੱਖ ਧਰਮ ਦੇ ਕਿਸੇ ਵੱਡੇ ਤੋਂ ਵੱਡੇ ਵਿਦਵਾਨ ਨੂੰ ਵੀ ਇਜਾਜ਼ਤ ਹੈ ਕਿ ਉਹ ਸਾਡੇ ਤੇਂ ਹੀ ਵੱਖ ਹੋਏ, ਗੁਰੂਡੰਮਾਂ ਦਾ ਸ਼ਿਕਾਰ ਰਾਧਾਸੁਆਮੀਆਂ, ਨਿਰੰਕਾਰੀਆਂ, ਝੂਠੈ ਸੌਦੇ ਤੇ ਪਾਖੰਡੀ ਆਸੂਤੋਸ਼ਾਂ, ਭਨਿਆਰਿਆਂ ਆਦਿ `ਚੋਂ ਕਿਸੇ ਇੱਕ ਦੀ ਵੀ ਸਟੇਜ `ਤੇ ਜਾ ਕੇ ਸਿੱਖ ਧਰਮ ਦੀ ਟਕਸਾਲੀ ਗੱਲ ਕਰ ਸਕੇ? ਜਦਕਿ ਇਹੀ ਵਿਸ਼ਾ ਅੱਜ ਸਿੱਖਾਂ ਦੇ ਹੀ ਅਖਵਾਉਣ ਵਾਲੇ ਅਤੇ ਹਜ਼ਾਰਾਂ ਦੀ ਗਿਣਤੀ `ਚ ਪੈਦਾ ਹੋ ਚੁੱਕੇ ਡੇਰਿਆਂ `ਤੇ ਵੀ ਇਕੋ ਜਿਹਾ ਤੇ ਇਸੇ ਤਰ੍ਹਾਂ ਲਾਗੂ ਹੁੰਦਾ ਹੈ।

(xi) ਗੁਰੂ ਜਾਮਿਆਂ ਸਮੇਂ ਕਦੇ ਵੀ ਅਤੇ ਕੋਈ ਵੀ ਜਨਾਂ-ਖਨਾਂ ਸਿੱਖ ਧਰਮ ਦਾ ਪ੍ਰਚਾਰਕ ਨਹੀਂ ਸੀ। ਜੀਵਨ-ਸੋਝੀ ਤੇ ਯੋਗਤਾ ਨੂੰ ਪਰਖ ਕੇ ਪ੍ਰਚਾਰਕ ਥਾਪੇ ਜਾਂਦੇ ਸਨ। ਪਹਿਲੇ ਜਾਮੇ ਤੋਂ ਹੀ ਸੰਗਤਾਂ ਦੇ ਆਗੂ, ਉਪ੍ਰੰਤ ਤੀਜੇ ਪਾਤਸ਼ਾਹ ਦੇ ਸਮੇਂ ਬਾਈ ਮੰਜੀਆਂ, ਬਵੰਜਾ ਪੀੜ੍ਹੇ ਥਾਪੇ ਗਏ। ਚੌਥੇ ਤੇ ਪੰਜਵੇਂ ਪਾਤਸ਼ਾਹ ਦੇ ਸਮੇ ਤੋਂ ਮਸੰਦ ਤੇ ਗੱਦੀਦਾਰ ਵੀ ਥਾਪੇ ਜਾਂਦੇ ਰਹੇ ਪਰ ਅੱਜ…?

(xiv) ਇਨ੍ਹਾਂ ਮਸੰਦਾਂ `ਚ ਖੋਟ ਆਈ ਤਾਂ ਦਸਮੇਸ਼ ਜੀ ਨੇ ਉਨ੍ਹ੍ਹ੍ਹਾਂ ਦੇ ਭਰਵੇਂ ਜੁੱਸੇ, ਪ੍ਰਭਾਵਸ਼ਾਲੀ ਚਿਹਰੇ, ਗਾਤਰੇ ਕ੍ਰਿਪਾਨਾਂ, ਲੰਮੇ ਦਾੜ੍ਹੇ ਵੀ ਨਹੀਂ ਸਨ ਦੇਖੇ। ਖੋਟ ਵਾਲੇ ਮਸੰਦਾਂ ਨੂੰ ਕੇਵਲ ਕਰੜੀਆਂ ਸਜ਼ਾਵਾਂ ਹੀ ਨਹੀਂ ਦਿੱਤੀਆਂ ਬਲਕਿ ਮਸੰਦ ਪ੍ਰਥਾ ਹੀ ਖਤਮ ਕਰ ਦਿੱਤੀ। ਅਜਿਹੀ ਸਜ਼ਾ ਸੰਗਤਾਂ `ਚੋਂ ਕਦੇ ਕਿਸੇ ਨੂੰ ਨਹੀਂ ਸੀ ਮਿਲੀ? ਕਿਉਂਕਿ ਪ੍ਰਚਾਰਕ ਦੀ ਖੋਟ ਲੱਖਾਂ ਦੇ ਜੀਵਨ `ਚ ਖੋਟ ਭਰਣ ਦਾ ਕਾਰਨ ਬਣਦੀ ਹੈ। ਜਿਸ ਸਿੱਖ ਧਰਮ ਦੇ ਪ੍ਰਚਾਰ `ਤੇ ਇਤਨਾ ਸਖ਼ਤ ਪਹਿਰਾ ਸੀ, ਕੀ ਅੱਜ ਦੇ ਪ੍ਰਚਾਰਕਾਂ ਲਈ ਕਿਸੇ ਅੰਕੁਸ਼, ਤਿਆਰੀ, ਸੋਝੀ ਤੇ ਜੀਵਨ ਦੀ ਲੋੜ ਨਹੀਂ?

(xv) ਸਿੱਖ ਧਰਮ `ਚ ਗੁਰੂਦਰ ਨਾਲ ਪਿਆਰ ਕਰਣ ਤੇ ਪੰਥ ਤੋਂ ਆਪਾ ਨਿਛਾਵਰ ਕਰਣ ਵਾਲੇ, ਦੂਜੇ ਧਰਮਾਂ ਦੇ ਮੁਕਾਬਲੇ ਕਈ ਗੁਣਾਂ ਵੱਧ ਹਨ। ਕੀ ਕਾਰਨ ਹੈ ਕਿ ਫਿਰ ਵੀ ਧੜੇਬੰਧੀ, ਚੌਧਰ ਦੀ ਭੁੱਖ, ਟਾਊਟਾਂ ਦੀ ਭਰਮਾਰ ਇਸ ਸਮੇਂ ਸਭ ਤੋਂ ਵੱਧ ਸਿੱਖ ਧਰਮ `ਚ ਹੀ ਹੈ? ਇਸ ਸਾਰੇ ਦਾ ਮੁੱਖ ਕਾਰਨ ਕਿਧਰੇ ਸੰਗਤਾਂ ਦੀ ਸ਼ਰਧਾ-ਸ਼ਕਤੀ ਦਾ ਗੁਰਦੁਆਰਿਆਂ `ਚ ਹੀ ਸੁੰਘੜ ਜਾਣਾ ਤਾਂ ਨਹੀਂ?

(xvi) ਸੰਸਾਰ ਤਲ ਦੇ ਕਿਸੇ ਛੋਟੇ ਤੋਂ ਛੋਟੇ ਧਰਮ ਨੇ ਵੀ ਆਪਣੇ ਧਰਮ ਦੀ ਸੰਭਾਲ ਲਈ ਚੋਣਾਂ ਵਾਲੇ ਘਟੀਆ ਰਸਤੇ ਨੂੰ ਕਦੇ ਵੀ ਨਹੀਂ ਅਪਣਾਇਆ।

(ੳ) ਕੀ ਇਨ੍ਹ੍ਹਾਂ ਚੋਣਾਂ ਰਸਤੇ, ਅਸੀਂ ਚੰਗੇ ਤੇ ਸਪਸ਼ਟ ਗੁਰਮੱਤ ਸੋਝੀ-ਜੀਵਨ ਵਾਲੇ ਸੱਜਨਾਂ ਨੂੰ ਪੰਥ ਦੀ ਸੰਭਾਲ ਲਈ ਅੱਗੇ ਲਿਆ ਸਕਦੇ ਹਾਂ?

(ਅ) ਇਸ ਤਰ੍ਹਾਂ ਫ਼ਿਰ ਜੇ ਕੁੱਝ ਚੰਗੇ ਸੱਜਨ ਪੁੱਜ ਵੀ ਜਾਣ ਤਾਂ ਕੀ ਬਹੁਤੇ ਮਾੜਿਆਂ ਵਿਚਕਾਰ ਉਹ ਕੰਮ ਕਰਣ ਦੇ ਸਮ੍ਰਥ ਹੋ ਸਕਦੇ ਹਨ? ਜਾਂ ਫ਼ਿਰ ਉਹ ਲੋਕ ਵੀ…. . ।

(ੲ) ਜੇ ਨਹੀਂ ਲਿਆ ਸਕਦੇ ਤਾਂ ਕੀ ਇਸ ਦੁਖਾਂਤ ਬਾਰੇ ਸਾਨੂੰ ਸੋਚਣ ਤੇ ਗੁਰ-ਇਤਿਹਾਸ `ਚੋਂ ਯੋਗ ਹੱਲ ਢੂੰਡਣ ਦੀ ਲੋੜ ਨਹੀਂ? ਕਿਉਂਕਿ ਸਿੱਖ ਧਰਮ ਦੇ ਪ੍ਰਚਾਰਕ ਥਾਪੇ ਜਾਂਦੇ ਸਨ, ਉਹ ਚੋਣਾਂ ਨਾਲ ਚੁਣੇ ਹੋਏ ਗੁਰਮੱਤ ਹੀਣੇ ਪ੍ਰਬੰਧਕਾਂ ਦੀ ਮੁੱਠੀ ਚਾਪੀ ਕਰਣ ਵਾਲੇ ਕਦੇ ਵੀ ਨਹੀਂ ਸਨ ਹੁੰਦੇ।

(ਸ) ਕੀ ਇਹ ਚੋਣ ਢੰਗ ਸਾਨੂੰ, ਸਾਡੇ ਧਰਮ ਦੇ ਖ਼ਾਤਮੇ ਲਈ ਹੀ ਸੱਦਾ ਤਾਂ ਨਹੀਂ ਦੇ ਰਿਹਾ?

(ਹ) ਕੀ ਇਸ ਹੱਦ ਤੱਕ ਰਸਾਤਲ `ਚ ਪੁੱਜ ਜਾਣ ਤੋਂ ਬਾਅਦ ਵੀ ਸਾਨੂੰ ਪੰਥ ਦੇ ਭਵਿੱਖ ਲਈ ਕੁੱਝ ਘਬਰਾਹਟ ਨਹੀਂ, ਤਾਂ ਕਿਉਂ?

ਗੁਰਦੁਆਰਾ ਪ੍ਰਬੰਧ ਬਨਾਮ ਸਿੱਖ ਧਰਮ ਦਾ ਪ੍ਰਚਾਰ- ਇਹ ਦੋਵੇਂ ਵਿਸ਼ੇ ਅੱਡ-ਅੱਡ ਹੋਣ ਦੇ ਬਾਵਜੂਦ ਇੱਕ ਦੂਜੇ ਦੇ ਪੂਰਕ ਵੀ ਹਨ। ਇੱਕ ਤੋਂ ਬਿਨਾ ਦੂਜਾ ਵੀ ਅਧੂਰਾ ਹੈ ਤੇ ਉਹ ਵੀ ਆਪਣਾ ਕੰਮ ਨਹੀਂ ਕਰ ਸਕਦਾ। ਗੁਰਦੁਆਰਿਆਂ ਦਾ ‘ਮਨੋਰਥ, ਸਿੱਖ ਧਰਮ ਦਾ ਪ੍ਰਚਾਰ-ਪ੍ਰਸਾਰ ਹੈ ਤੇ ਪ੍ਰਬੰਧ ਇਸ ਦੇ ਲਈ ‘ਸਾਧਨ’ ਹੈ। ਇਸ ਦੇ ਉਲਟ ਅੱਜ ਸਾਡਾ ਧਰਮ ਪ੍ਰਚਾਰ ਪੂਰੀ ਤਰ੍ਹਾਂ ਹੈ ਹੀ ਪ੍ਰਬੰਧਕ ਦੀ ਮੁੱਠੀ `ਚ। ਕੀ ਇਹ ਸੱਚ ਨਹੀਂ ਕਿ ਅੱਜ ਪ੍ਰਬੰਧਕ ਹੀ ਸਭ ਕੁੱਝ ਹੈ ਤੇ ਗੁਰਦੁਆਰਿਆਂ ਦਾ ਮਨੋਰਥ ਭਾਵ ਉਥੇ ਗੁਰਮੱਤ ਦੇ ਟਕਸਾਲੀ ਪ੍ਰਚਾਰ ਦੀ ਲੋੜ ਹੀ ਮੁੱਕ ਚੁੱਕੀ ਹੈ?

ਦੂਜੇ ਪਾਸੇ ਚਰਚਾਂ-ਮਸਜਿਦਾਂ ਆਦਿ ਲਈ ਵੀ ਪ੍ਰਬੰਧਕ ਹੁੰਦੇ ਹਨ। ਇਮਾਰਤਾਂ ਵਧੀਆ ਬਨਾਂਦੇ ਹਨ। ਪ੍ਰਬੰਧ ਵੀ ਬਹੁਤ ਸੋਹਣਾ ਕਰਦੇ ਹਨ। ਫ਼ਿਰ ਵੀ ਆਪਣੇ ਧਰਮ ਪ੍ਰਚਾਰ ਨਾਲ ਉਨ੍ਹ੍ਹ੍ਹਾਂ ਦਾ ਕੁੱਝ ਵੀ ਲੈਣਾ ਦੇਣਾ ਨਹੀਂ ਹੁੰਦਾ। ਜੇਕਰ ਇਸ ਸੰਬੰਧ `ਚ ਅਸਾਂ ਆਪਣੇ ਇਤਿਹਾਸ ਤੋਂ ਕੁੱਝ ਨਹੀਂ ਲੈਣਾ ਤਾਂ ਨਾ ਸਹੀ, ਕੀ ਡੁੱਬਦੇ ਪੰਥ ਨੂੰ ਬਚਾਉਣ ਲਈ, ਉਨ੍ਹਾਂ ਅਦਾਰਿਆਂ ਤੋਂ ਵੀ ਸਬਕ ਨਹੀਂ ਲੈ ਸਕਦੇ?

ਇਹ ਠੀਕ ਹੈ ਕਿ ਚੋਣਾਂ ਵਾਲੇ ਮੌਜੂਦਾ ਗੁਰਦੁਆਰਾ ਪ੍ਰਬੰਧ ਦੀ ਕ੍ਰਿਪਾ ਸਦਕਾ ਸਾਡੇ ਕੋਲ ਅੱਜ ਉਸ ਪੱਧਰ ਦੇ ਪ੍ਰਚਾਰਕ ਹੀ ਖ਼ਤਮ ਹੋ ਚੁੱਕੇ ਹਨ ਜਿਹੜੇ ਕਿ ਪੰਥ ਨੂੰ ਗੁਰਬਾਣੀ ਜੀਵਨ ਨਾਲ ਜੋੜਣ ਦੀ ਸਮ੍ਰਥਾ ਰੱਖਦੇ ਹੋਣ। ਪਰ ਗੁਰੂ ਆਸਰੇ ਅਤੇ ਪੰਥਕ ਤਲ `ਤੇ ਇਸ ਪਾਸੇ ਕੁੱਝ ਉਪਰਾਲਾ ਅਰੰਭਿਆਂ ਤਾਂ ਜਾ ਹੀ ਸਕਦਾ ਹੈ। ਕੀ ਸਾਨੂੰ ਇਸਦੀ ਵੀ ਲੋੜ ਨਹੀਂ? ਜੇ ਹੈ ਤਾਂ ਕਿਸ ਤਰ੍ਹਾਂ ਤੇ ਕਦੋਂ ਹੋਵੇਗੀ?

ਸੰਗਤਾਂ ਵਿਚਕਾਰ ਗੁਰੂ ਬਖ਼ਸੀ ਸ਼ਰਧਾ ਅਤੁੱਟ ਹੈ - ਪਰ ਪੰਥ ਅੰਦਰ ਗੁਰੂ ਬਖਸ਼ੀ ਇਹ ਅਤੁੱਟ ਸ਼ਰਧਾ ਤੇ ਜੋਸ਼, ਪੰਥ ਦੀ ਅਮਾਨਤ ਹਨ, ਲੋੜ ਹੈ ਤਾਂ ਇਨ੍ਹਾਂ ਦੀ ਸੁਵਰਤੋਂ ਦੀ। ਅੱਜ ਸਿੱਖ ਸੰਗਤਾਂ ਕਿਧਰ ਨੂੰ ਜਾ ਰਹੀਆਂ ਹਨ? ਕਿਵੇਂ ਬਚੇਗੀ ਸਿੱਖ ਪਨੀਰੀ? ਕਿਵੇਂ ਠੱਲ੍ਹ ਪਵੇਗੀ ਪਤਿਤਪੁਣੇ ਨੂੰ? ਸਿੱਖ ਦਾ ਜੀਵਨ ਗੁਰੂ ਵਾਸਤੇ ਸੱਚੀ ਸ਼ਰਧਾ ਤੇ ਗੁਰਬਾਣੀ ਸੋਝੀ `ਤੇ ਆਧਾਰਤ ਹੈ।

ਅੰਨ੍ਹੀਂ ਸ਼ਰਧਾ ਤੇ ਕਰਮਕਾਂਡ ਕੌਮ ਦੀ ਤਬਾਹੀ ਹਨ। ਅੱਜ ਇਹ ਅੰਨ੍ਹੀ ਸ਼ਰਧਾ ਤੇ ਕਰਮਕਾਂਡ ਜਨਮ ਲੈ ਰਹੇ ਹਨ, ਸਾਡੇ ਅਜੋਕੇ ਪ੍ਰਚਾਰ ਢੰਗ ਅਤੇ ਸਾਡੇ ਗੁਰਦੁਆਰਿਆਂ ਤੇ ਡੇਰਿਆਂ ਦੇ ਪ੍ਰਬੰਧ ਤੇ ਉਨ੍ਹਾਂ ਦੀਆਂ ਕਮਜ਼ੋਰੀਆਂ `ਚੋਂ, ਕਿਧਰੋਂ ਬਾਹਿਰੋਂ ਨਹੀਂ। ਸੋਝੀ ਵਿਹੀਨ ਅੰਨ੍ਹੀਂ ਸ਼ਰਧਾ ਤੇ ਫ਼ੋਕਟ ਕਰਮਕਾਂਡ ਸਾਡੇ ਅੰਦਰੋਂ ਗੁਰਬਾਣੀ ਜੀਵਨ ਤੇ ਸੋਝੀ ਬਾਰੇ ਸਾਡੇ ਦਿਵਾਲੀਏਪਣ ਦਾ ਸਬੂਤ ਨਹੀਂ ਤਾਂ ਹੋਰ ਕੀ ਹਨ?

“ਅਕਲੀ ਸਾਹਿਬੁ ਸੇਵੀਐ…” - ਲਖਾਂ ਲੋਕ ਹਰਿਦੁਆਰ ਪੁੱਜੇ ਹੋਏ ਸਨ। ਧਰਮ ਵਿਸ਼ਵਾਸ `ਚ ਗੜੁੱਚ, ਬੜੀ ਸ਼ਰਧਾ ਨਾਲ ਪਿੱਤਰਾਂ ਨੂੰ ਜਲ ਚੜ੍ਹਾ ਰਹੇ ਸਨ। ਮੱਕਾ-ਮਦੀਨਾ, ਜਗਨ ਨਾਥ ਪੁਰੀ, ਬਨਾਰਸ, ਪ੍ਰਯਾਗ, ਕੁਰਖੇਤ੍ਰ `ਚ ਵੀ ਸਮੇਂ ਸਮੇਂ ਅਨੁਸਾਰ ਲੱਖਾਂ ਲੋਕ ਪੁੱਜੇ ਹੋਏ ਸਨ। ਉਹ ਵਿਚਾਰੇ ਤਾਂ ਆਪਣਾ ਕਿਰਾਇਆ-ਭਾੜਾ ਖਰਚ ਕੇ ਉਥੇ ਪੁਜੇ ਸਨ। ਕੀ ਉਨ੍ਹਾਂ ਪਾਸ ਸਮਾਂ ਤੇ ਪੈਸਾ ਵਾਧੂ ਸੀ? ਯਕੀਣਨ ਨਹੀਂ। ਉਹ ਵੀ ਸਾਰੇ ਧਾਰਮਕ ਵਿਸ਼ਵਾਸ ਤੇ ਬੇਅੰਤ ਸ਼ਰਧਾ ਕਾਰਨ ਹੀ ਉਥੇ ਪੁਜੇ ਸਨ। ਉਨ੍ਹ੍ਹਾਂ ਚੋਂ ਅਨੇਕਾਂ ਤਾਂ ਕਰਜ਼ੇ ਚੁੱਕ ਕੇ, ਆਪਣੇ ਕਾਰ-ਰੁਜ਼ਗਾਰ ਬੰਦ ਕਰ ਕੇ ਵੀ ਗਏ ਹੋਣਗੇ। ਉਨ੍ਹਾਂ ਦੀ ਨੀਯਤ `ਤੇ ਵੀ ਸ਼ੱਕ ਨਹੀਂ ਕੀਤਾ ਜਾ ਸਕਦਾ, ਉਨ੍ਹਾਂ `ਚ ਸ਼ਰਧਾ ਵੀ ਹਦੋਂ ਵੱਧ ਸੀ।

ਫਿਰ ਵੀ ਗੁਰੂ ਪਾਤਸ਼ਾਹ ਉਚੇਚੇ ਤੌਰ `ਤੇ ਉਥੇ ਪੁਜੇ ਤੇ ਉਨ੍ਹਾਂ ਨੂੰ ਸੁਚੇਤ ਕੀਤਾ। ਗੁਰਦੇਵ ਨੇ ਉਨ੍ਹਾਂ ਦੀ ਇਸ ਕਰਨੀ ਨੂੰ ਫੋਕਟ ਕਰਮ ਤੇ ਅਗਿਆਨਤਾ ਦੱਸਿਆ। ਧਰਮ ਪਖੋਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਲੁੱਟੇ ਪੁੱਟੇ ਹੋਏ ਦੱਸਿਆ ਤਾਂ ਕਿਉਂ? ਕਿਉਂਕਿ ਉਨ੍ਹਾਂ ਅੰਦਰੋਂ ਵਿਚਾਰ-ਸ਼ਕਤੀ ਨੂੰ ਪੂਰੀ ਤਰ੍ਹਾਂ ਖ਼ਤਮ ਕੀਤਾ ਹੋਇਆ ਸੀ।

ਧਰਮ ਦੇ ਪਰਦੇ ਹੇਠ ਉਨ੍ਹਾਂ ਨੂੰ ਕਰਮਕਾਂਡਾਂ ਤੇ ਅੰਨ੍ਹੀਂ ਸ਼ਰਧਾ `ਚ ਉਲਝਾਇਆ ਜਾ ਚੁੱਕਾ ਸੀ। ਧਰਮੀ ਅਖ਼ਵਾ ਕੇ ਵੀ ਉਹ ਲੋਕ, ਇਲਾਹੀ ਅਤੇ ਸੱਚ ਧਰਮ ਤੋਂ ਕੋਹਾਂ ਦੂਰ ਧੱਕੇ ਹੋਏ ਸਨ। ਇਹ ਸਨ, ਅੰਨ੍ਹੀਂ ਸਰਧਾ ਦੇ ਕ੍ਰਿਸ਼ਮੇ।

ਉਨ੍ਹਾਂ ਨੂੰ ਸੁੱਟਿਆ ਜਾ ਚੁੱਕਾ ਸੀ ਅਗਿਆਨਤਾ ਦੇ ਉਸ ਅੰਨ੍ਹੇ ਖੂਹ `ਚ, ਜਿਥੋਂ ਕੱਢਣ ਲਈ ਗੁਰੂ ਪਾਤਸ਼ਾਹ ਵਰਗਾ ਕੋਈ ਮਹਾਬਲੀ, ਮਰਦ ਸੂਰਮਾ ਤੇ ਜੁਝਾਰੂ ਹੀ ਜੁਰੱਤ ਕਰ ਸਕਦਾ ਸੀ। ਕਿਉਂਕਿ ਉਸ ਸ਼ਰਧਾ `ਚ ਤਾਂ ਉਨ੍ਹਾਂ ਦੇ ਕੋਮਲ ਜਜ਼ਬਾਤ ਵੀ ਓਤ ਪ੍ਰੋਤ ਸਨ। ਉਹ ਆਪਣੀ ਕਰਣੀ ਵਿਰੁਧ ਇੱਕ ਸ਼ਬਦ ਵੀ ਸੁਣਨ ਨੂੰ ਤਿਆਰ ਨਹੀਂ ਸਨ।

ਦੇਖਿਆ ਜਾਵੇ ਕਿ ਅੱਜ ਸਿੱਖਾਂ ਵਿਚਕਾਰ ਵੀ ਉਸੇ ਤਰ੍ਹਾਂ ਤੇ ਉਨ੍ਹਾਂ ਹੀ ਲੀਹਾਂ `ਤੇ ਪੈਦਾ ਹੋ ਚੁੱਕੀ ਪੁਜਾਰੀ ਸ਼੍ਰੇਣੀ ਗੁਰਦੁਆਰਿਆਂ ਰਾਹੀਂ ਇਹੀ ਕੁੱਝ ਤਾਂ ਨਹੀਂ ਕਰ ਰਹੀ? ਦਰਅਸਲ ਇਹੀ ਤਾਂ ਉਨ੍ਹਾਂ ਲੋਕਾਂ ਅੰਦਰ ਵੀ “ਅਕਲੀ ਸਾਹਿਬੁ ਸੇਵੀਐ…” ਵਾਲੀ ਘਾਟ ਆ ਚੁੱਕੀ ਹੋਈ ਸੀ ਜਿਸ ਦਾ ਕਿ ਉਹ ਸ਼ਿਕਾਰ ਸਨ। ਸੱਚੇ ਮਨੁੱਖੀ ਧਰਮ ਵਾਲੀ ਗੱਲ ਉਨ੍ਹਾਂ ਨੂੰ ਵੀ ਪੂਰੀ ਤਰ੍ਹਾਂ ਭੁਲਵਾਈ ਜਾ ਚੁੱਕੀ ਹੋਈ ਸੀ। ਇਹੀ ਤਾਂ ਅਕਲ-ਵਿਚਾਰ ਵਾਲੀ ਚੀਜ਼ ਹੈ, ਜਿਹੜੀ ਪੁਜਾਰੀ ਸ਼੍ਰੇਣੀ ਨੂੰ ਕਦੇ ਰਾਸ ਨਹੀਂ ਆਉਂਦੀ। ਫੋਕਟ ਕਰਮ ਕਾਂਡਾਂ `ਚ ਉਲਝਾਏ ਬਿਨਾ, ਉਨ੍ਹ੍ਹਾਂ ਰਾਹੀਂ ਲੁੱਟ ਖਸੁੱਟ ਸੰਭਵ ਹੀ ਨਹੀਂ।

“ਤੀਨੇ ਓਜਾੜੇ ਕਾ ਬੰਧੁ” - ਗੁਰਬਾਣੀ ਫੁਰਮਾਨ ਹੈ “ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨਾਵੈ ਜੀਆ ਘਾਇ॥ ਜੋਗੀ ਜੁਗਤਿ ਨ ਜਾਣੈ ਅੰਧੁ॥ ਤੀਨੇ ਓਜਾੜੇ ਕਾ ਬੰਧੁ” (ਪੰ: ੬੬੨) ਕੀ ਸਿੱਖ ਧਰਮ ਵਿਚਕਾਰ ਅੱਜ ਪੈਦਾ ਹੋ ਚੁੱਕੀ ਪੁਜਾਰੀ ਸ਼੍ਰੇਣੀ `ਤੇ ਵੀ ਗੁਰਬਾਣੀ ਦਾ ਇਹ ਫ਼ੁਰਮਾਨ ਲਾਗੂ ਨਹੀਂ ਹੁੰਦਾ? ਕਿਉਂਕਿ “ਪਰਥਾਇ ਸਾਖੀ ਮਹਾ ਪੁਰਖ ਬੋਲਦੇ, ਸਾਝੀ ਸਗਲ ਜਹਾਨੈ” (ਪੰ: ੬੪੭) ਇਸੇ ਤਰ੍ਹਾਂ ਅੱਜ ਇਥੇ ਵੀ ਤਾਂ “ਪਡੀਆ ਕਵਨ ਕੁਮਤਿ ਤੁਮ ਲਾਗੇ॥ ਬੂਡਹੁਗੇ ਪਰਵਾਰ ਸਕਲ ਸਿਉ ਰਾਮੁ ਨ ਜਪਹੁ ਅਭਾਗੇ” (ਪੰ: ੧੧੦੨) ਵਾਲੀ ਗੱਲ ਹੀ ਬਣੀ ਹੋਈ ਹੈ। ਇਸ ਤਰ੍ਹਾਂ ਸਪਸ਼ਟ ਹੈ ਕਿ ਇੰਨ ਬਿੰਨ ਇਹੀ ਵਿਸ਼ਾ ਅੱਜ ਸਿੱਖ ਧਰਮ `ਚ ਆਪਣੇ ਕਦਮ ਜਮਾ ਚੁੱਕੀ ਪੁਜਾਰੀ ਸ਼੍ਰੇਣੀ `ਤੇ ਵੀ ਉਸੇ ਤਰ੍ਹਾਂ ਹੀ ਲਾਗੂ ਹੁੰਦਾ ਹੈ।

“ਭਉ ਭਗਤਿ ਕਰਿ ਨੀਚੁ ਸਦਾਏ- ‘ਸ਼ਰਧਾ’ ਜ਼ਰੂਰੀ ਹੈ ਪਰ ਇਹ ਸ਼ਰਧਾ ਹੈ ਗੁਰੂ ਆਦੇਸ਼ਾਂ ਪ੍ਰਤੀ ਗੁਰੂ ਕੇ ਸਿੱਖ ਦੀ ਮਨ, ਬਚ, ਕਰਮ ਕਰਕੇ ਪੂਰਨ ਸਮਰਪਤ ਹੋਣਾ। ਦਰਅਸਲ ਗੁਰੁ ਕੇ ਲਾਲ ਦੀ ਅਜਿਹੀ ਸੱਚੀ ‘ਸ਼ਰਧਾ’ `ਤੇ ਤਾਂ ਸਿੱਖ ਧਰਮ ਦੀ ਬੁਨਿਆਦ ਕਾਇਮ ਹੈ। ਫ਼ੁਰਮਾਨ ਹੈ “ਭਉ ਭਗਤਿ ਕਰਿ ਨੀਚੁ ਸਦਾਏ॥ ਤਉ ਨਾਨਕ ਮੋਖੰਤਰੁ ਪਾਏ” (ਪੰ: ੪੭੦)। ਜਿਸਦੇ ਅਰਥ ਹਨ ਕਿ ਕੇਵਲ ਸ਼ਰਧਾ ਹੀ ਨਹੀਂ ਬਲਕਿ ਗੁਰਬਾਣੀ ਆਦੇਸ਼ਾਂ ਪ੍ਰਤੀ ਸਿੱਖ ਦੇ ਜੀਵਨ ਅੰਦਰ ਸੰਪੂਰਨ ਸਮਰਪਣ ਦੀ ਭਾਵਣਾ ਹੋਣੀ ਹੈ। ਇਸ ਲਈ ਸਮਝਣਾ ਹੈ ਕਿ ਗੁਰਬਾਣੀ `ਚ ਵੀ ਸ਼ਰਧਾ ਦਾ ਵਿਰੋਧ ਨਹੀ ਬਲਕਿ ਇਹ ਹੋਣੀ ਹੈ ਗੁਰਬਾਣੀ ਆਦੇਸ਼ਾਂ ਤੋਂ ਪੈਦਾ ਹੋਣ ਵਾਲੇ ਜੀਵਨ `ਚ ਸੱਚੀ ਸ਼ਰਧਾ ਅਤੇ ਇਹੀ ਹੈ ਸਿੱਖੀ ਜੀਵਨ ਦਾ ਜ਼ਰੂਰੀ ਅੰਗ ਵੀ। ਇਸ ਦੇ ਲਈ ਹੀ ਤਾਂ ਗੁਰਦੇਵ ਨੇ ਤਾਕੀਦ ਵੀ ਕੀਤੀ ਹੋਈ ਹੈ “ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ॥ ਅਕਲੀ ਪੜਿੑ ਕੈ ਬੁਝੀਐ ਅਕਲੀ ਕੀਚੈ ਦਾਨੁ॥ ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ” (ਪੰ: ੧੨੪੫)। ਭਾਵ ਕਿ ਐ ਗੁਰੂ ਕੇ ਸਿੱਖ! ਤੂੰ ਸ਼੍ਰਧਾਲੂ ਤਾਂ ਹੋਣਾ ਹੈ ਪਰ ਨਿਰੋਲ ਗੁਰਬਾਣੀ ਜੀਵਨ ਦਾ।

ਦੇਖਣ ਦੀ ਗੱਲ ਤਾਂ ਇਹ ਹੈ ਕਿ ਇਸ ਫ਼ੁਰਮਾਨ `ਚ ਵੀ ਗੁਰਦੇਵ ਨੇ ਇਹ ਵੀ ਪੱਕਾ ਕੀਤਾ ਹੈ “ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ” ਭਾਵ ਇਸ ਦੇ ਉਲਟ ਇਹ ਵੀ ਕਿ ਅੰਨ੍ਹੀ ਸ਼ਰਧਾ ਮਨੁੱਖ ਅਥਵਾ ਸਿੱਖ ਧਰਮ ਦੀ ਪੂਰਣ ਤਬਾਹੀ ਵੀ ਹੈ। ਇਸ ਤਰ੍ਹਾਂ ਵਿਚਾਰਹੀਣ ਹੋ ਕੇ ਤੇ ਲੋਕਾਚਾਰੀ ਜਾਂ ਆਪਣੇ ਮਨ ਪਿੱਛੇ ਟੁਰਣ ਵਾਲਾ ਮਨਮਤੀਆਂ ਬਣ ਕੇ ਦੂਜਿਆਂ ਦੀ ਦੇਖਾ ਦੇਖੀ, ਸ਼ਾਤਰ ਲੋਕਾਂ ਰਾਹੀਂ ਰੀਤੀ ਰਿਵਾਜਾਂ ਦੇ ਨਾਂ `ਤੇ ਪਾਏ ਭਰਮ-ਭੁਲੇਖਿਆਂ ਦਾ ਸ਼ਿਕਾਰ ਮਨੁੱਖ ਵੀ ਅਗਿਆਨਤਾ ਵੱਸ ਕੇਵਲ ਵਹਿਮਾਂ ਤੇ ਸਹਿਮਾਂ ਆਦਿ ਦੇ ਚੱਕਰਵਿਊ `ਚ ਹੀ ਫ਼ਸਿਆ ਰਹਿੰਦਾ ਹੈ। ਉਸ ਦੀ ਸਮੂਹ ਕਰਣੀ ਕੇਵਲ ਹੋਰਿ ਗਲਾਂ ਸੈਤਾਨੁ” ਭਾਵ ਅੰਨ੍ਹੀਂ ਸ਼ਰਧਾ ਤੇ ਨਿਜੀ ਤਬਾਹੀ ਦਾ ਕਾਰਨ ਹੀ ਹੁਮਦਿ ਹੈ.

ਸਪਸ਼ਟ ਹੈ ਕਿ “ਅਕਲੀ ਸਾਹਿਬੁ ਸੇਵੀਐ” ਵਾਲਾ ਰਸਤਾ ਤਿਆਗ ਕੇ ਮਨੁੱਖ ਰਾਹੀਂ ਆਪਣੇ ਦਿਮਾਗ਼-ਵਿਚਾਰ ਜਾਂ ਦਲੀਲ ਦੀ ਵਰਤੋਂ ਉੱਕਾ ਹੀ ਨਹੀਂ ਹੋ ਰਹੀ ਹੁੰਦੀ। ਜਦਕਿ ਉਸਦੀ ਹਰੇਕ ਕਰਣੀ, ਗੁਰੂ ਪਾਤਸ਼ਾਹ ਰਾਹੀਂ ਬਖਸ਼ੇ ਸੱਚ ਦੇ ਮਾਰਗ `ਤੇ ਗੁਰਬਾਣੀ ਦੀ ਸੇਧ-ਸਿੱਖਿਆ-ਵਿਚਾਰ ਦੇ ਆਸਰੇ ਹੀ ਹੋਣੀ ਹੈ। ਇਸੇ ਦਾ ਨਾਮ ਹੈ ਸਿੱਖੀ ਜੀਵਨ ਤੇ ਗੁਰੂ ਸ਼ਬਦ ਦੀ ਕਮਾਈ ਕਰਣਾ। ਇਸੇ ਤੋਂ ਪ੍ਰਗਟ ਹੋਵੇਗੀ “ਸਿਖੀ ਸਿਖਿਆ ਗੁਰ ਵੀਚਾਰਿ॥ ਨਦਰੀ ਕਰਮਿ ਲਘਾਏ ਪਾਰਿ” (ਪੰ: ੪੬੫) ਵਾਲੀ ਸਿੱਖ ਧਰਮ ਦੀ ‘ਸੱਚੀ ਸ਼ਰਧਾ’ ਦੀ ਬੁਨਿਆਦ, ਜਿਹੜੀ ਕਿ ਅੱਜ ਪੂਰੀ ਤਰ੍ਹਾਂ ਹਿੱਲੀ ਪਈ ਹੈ। ਇਸ ਦੇ ਉਲਟ ਇਸੇ ਕਾਰਨ ਅੱਜ ਦੀ ਸਿੱਖੀ ਉਪਰ ਵੀ ‘ਅੰਨ੍ਹੀ ਸ਼ਰਧਾ’ ਦੇ ਬੱਦਲਾਂ ਦਾ ਹਨੇਰਾ ਛਾਇਆ ਹੋਇਆ ਹੈ। ਦਰਅਸਲ ਇਹੀ ਵੱਡਾ ਕਾਰਨ ਅਜੋਕੀ ਸਿੱਖ ਧਰਮ ਤੇ ਨਾਲ ਨਾਲ ਸਿੱਖ ਲਹਿਰ ਦੀ ਅਧੋਗਤੀ ਦਾ ਵੀ। #14 SDSLs01.013# (ਚਲਦਾ)

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Sikh, Dharm Vi Hai Ate Lehar Vi.01.13 BEING LOADED IN ISTTS. Otherwise about All the Self Learning Gurmat Lessons already loaded on www.sikhmarg.com it is to clarify that:-

---------------------------------------------

For all the Gurmat Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26487315 Cell 9811292808

web site- www.gurbaniguru.org




.