.

ਬਾਰਹ ਮਾਹਾ ਗੁਰਬਾਣੀ
ਕਿਸ਼ਤ ਨੰ: 02

ਸਾਵਣਿ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੁ॥ ਮਨੁ ਤਨੁ ਰਤਾ ਸਚ ਰੰਗਿ ਇਕੋ ਨਾਮੁ ਅਧਾਰੁ॥ ਬਿਖਿਆ ਰੰਗ ਕੂੜਾਵਿਆ ਦਿਸਨਿ ਸਭੇ ਛਾਰੁ॥ ਹਰਿ ਅੰਮ੍ਰਿਤ ਬੂੰਦ ਸੁਹਾਵਣੀ ਮਿਲਿ ਸਾਧੂ ਪੀਵਣਹਾਰੁ॥ ਵਣੁ ਤਿਣੁ ਪ੍ਰਭ ਸੰਗਿ ਮਉਲਿਆ ਸੰਮ੍ਰਥ ਪੁਰਖ ਅਪਾਰੁ॥ ਹਰਿ ਮਿਲਣੈ ਨੋ ਮਨੁ ਲੋਚਦਾ ਕਰਮਿ ਮਿਲਾਵਣਹਾਰੁ॥ ਜਿਨੀ ਸਖੀਏ ਪ੍ਰਭੁ ਪਾਇਆ ਹੰਉ ਤਿਨ ਕੈ ਸਦ ਬਲਿਹਾਰ॥ ਨਾਨਕ ਹਰਿ ਜੀ ਮਇਆ ਕਰਿ ਸਬਦਿ ਸਵਾਰਣਹਾਰੁ॥ ਸਾਵਣੁ ਤਿਨਾ ਸੁਹਾਗਣੀ ਜਿਨ ਰਾਮ ਨਾਮੁ ਉਰਿ ਹਾਰੁ॥ ੬॥
ਅਰਥ: ਬਾਰਹ ਮਾਹਾ ਗੁਰਬਾਣੀ ਦੁਆਰਾ ਗੁਰੂ ਸਾਹਿਬ ਹਰ ਦੇਸੀ ਮਹੀਨੇ ਦੇ ਕੁਦਰਤੀ ਨਜ਼ਾਰਿਆਂ ਅਤੇ ਰੁੱਤੀ ਸੁਭਾਉ ਨੂੰ ਲੈ ਕੇ ਪ੍ਰਾਣੀ ਦੇ ਜੀਵਨ ਉੱਤੇ ਢਕਾਉਂਦੇ ਹਨ। ਜਿਵੇਂ, ਸਾਵਣ ਦੇ ਮਹੀਨੇ ਵਿੱਚ ਬਰਸਾਤ ਹੋਣ ਕਰਕੇ, ਹਰ ਜਗ੍ਹਾ ਹਰਿਆਵਲ ਹੀ ਨਜ਼ਰ ਆਉਂਦੀ ਹੈ ਅਤੇ ਕੰਵਲ ਫੁੱਲ ਵਾਂਗ ਜਿਹੜਾ ਕਿ ਚਿੱਕੜ ਵਿਚੋਂ ਪੈਦਾ ਹੁੰਦਾ ਹੈ, ਪਰ ਉਹ ਆਪਣੇ ਆਪ ਨੂੰ ਪਾਣੀ ਦੀ ਸੱਤਾਅ ਤੋਂ ਉੱਪਰ ਰੱਖਦਾ ਹੈ। ਇਵੇਂ ਹੀ ਜਿਹੜੇ ਪ੍ਰਾਣੀ ਅਕਾਲ ਪੁਰਖ ਦਾ ਨਾਮ ਜੱਪਦੇ ਹਨ, ਉਹ ਵਾਹਿਗੁਰੂ ਦੇ ਪਿਆਰ ਵਿੱਚ ਰੰਗੇ ਰਹਿੰਦੇ ਹਨ। ਐਸੇ ਪ੍ਰਾਣੀਆਂ ਨੂੰ ਇਸ ਸੰਸਾਰ ਦੇ ਝੂਠੇ ਰੰਗ-ਤਮਾਸ਼ੇ ਸੁਆਹ ਵਾਂਗ ਬੇਕਾਰ ਹੀ ਲੱਗਦੇ ਹਨ। ਪਰ ਉਨ੍ਹਾਂ ਅਭਿਲਾਖੀਆਂ ਨੂੰ ਜਿਹੜੇ ਸੰਗਤ ਵਿੱਚ ਬੈਠ ਕੇ, ਅਕਾਲ ਪੁਰਖ ਦਾ ਨਾਮ ਸਿਮਰਦੇ ਹਨ, ਉਹੀ ਅੰਮ੍ਰਿਤ-ਨਾਮ ਦਾ ਆਨੰਦ ਮਾਣ ਸਕਦੇ ਹਨ। ਜਿਵੇਂ ਬਰਸਾਤ ਕਰਕੇ ਸਾਰੀ ਬਨਸਪਤੀ ਹਰੀ-ਭਰੀ ਲੱਗਦੀ ਹੈ, ਇਵੇਂ ਹੀ ਇਨਸਾਨ ਅਕਾਲ ਪੁਰਖ ਦੇ ਪਿਆਰ ਨਾਲ ਪ੍ਰਫੁੱਲਤ ਹੋ ਸਕਦਾ ਹੈ। ਵਾਹਿਗੁਰੂ ਨਾਲ ਇੱਕ-ਮਿੱਕ ਤਾਂ ਹੋਇਆ ਜਾ ਸਕਦਾ ਹੈ, ਜੇ ਅਕਾਲ ਪੁਰਖ ਆਪ ਮਿਹਰ ਕਰ ਦੇਵੇ। ਗੁਰੂ ਸਾਹਿਬ ਫ਼ੁਰਮਾਨ ਕਰਦੇ ਹਨ ਕਿ ਜਿਨ੍ਹਾਂ ਗੁਰਮੁੱਖ ਪਿਆਰਿਆਂ ਉੱਪਰ ਵਾਹਿਗੁਰੂ ਦੀ ਆਪਾਰ ਬਖ਼ਸ਼ਿਸ਼ ਹੋ ਗਈ, ਮੈਂ ਉਨ੍ਹਾਂ ਦੀ ਘਾਲਣਾ ਤੋਂ ਸਦਾ ਕੁਰਬਾਨ ਜਾਂਦਾ ਹਾਂ। ਗੁਰੂ ਨਾਨਕ ਸਾਹਿਬ ਦੀ ਗਿਆਨ-ਜੋਤਿ ਸਦਕਾ, ਗੁਰੂ ਅਰਜਨ ਸਾਹਿਬ ਬਿਆਨ ਕਰਦੇ ਹਨ ਕਿ ਜਿਨ੍ਹਾਂ ਪ੍ਰਾਣੀਆਂ ਉੱਪਰ ਵਾਹਿਗੁਰੂ ਦੀ ਰਹਿਮਤ ਹੋ ਗਈ, ਇੰਝ ਸਮਝੋ ਕਿ ਉਨ੍ਹਾਂ ਨੇ ਗੁਰ ਉਪਦੇਸ਼ ਗ੍ਰਹਿਣ ਕਰਕੇ ਸਹੀ ਜੀਵਨ ਜਾਂਚ ਸਿੱਖ ਲਈ। ਸਾਵਣ ਮਹੀਨੇ ਦੀ ਹਰਿਆਵਲੀ ਉਨ੍ਹਾਂ ਪ੍ਰਾਣੀਆਂ ਨੂੰ ਅਨੰਦ-ਮਈ ਲੱਗਦੀ ਜਿਨ੍ਹਾਂ ਦਾ ਹਿਰਦਾ ਹਰ ਸਮੇਂ ਅਕਾਲ ਪੁਰਖ ਦੇ ਨਾਮ ਨਾਲ ਜੁੜਿਆ ਰਹਿੰਦਾ ਹੈ। (੬)
ਭਾਦੁਇ ਭਰਮਿ ਭੁਲਾਣੀਆ ਦੂਜੈ ਲਗਾ ਹੇਤੁ॥ ਲਖ ਸੀਗਾਰ ਬਣਾਇਆ ਕਾਰਜਿ ਨਾਹੀ ਕੇਤੁ॥ ਜਿਤੁ ਦਿਨਿ ਦੇਹ ਬਿਨਸਸੀ ਤਿਤੁ ਵੇਲੈ ਕਹਸਨਿ ਪ੍ਰੇਤੁ॥ ਪਕੜਿ ਚਾਲਾਇਨਿ ਦੂਤ ਜਮ ਕਿਸੈ ਨ ਦੇਨੀ ਭੇਤੁ॥ ਛਡਿ ਖੜੋਤੇ ਖਿਨੈ ਮਾਹਿ ਜਿਨ ਸਿਉ ਲਗਾ ਹੇਤੁ॥ ਹਥ ਮਰੋੜੈ ਤਨੁ ਕਪੇ ਸਿਆਹਹੁ ਹੋਆ ਸੇਤੁ॥ ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ॥ ਨਾਨਕ ਪ੍ਰਭ ਸਰਣਾਗਤੀ ਚਰਣ ਬੋਹਿਥ ਪ੍ਰਭ ਦੇਤੁ॥ ਸੇ ਭਾਦੁਇ ਨਰਕਿ ਨ ਪਾਈਅਹਿ ਗੁਰੁ ਰਖਣ ਵਾਲਾ ਹੇਤੁ॥ ੭॥
ਅਰਥ: ਗੁਰੂ ਸਾਹਿਬ ਸਾਨੂੰ ਉਪਦੇਸ਼ ਕਰਦੇ ਹਨ ਕਿ ਐ ਪ੍ਰਾਣੀ! ਜਿਵੇਂ ਖੇਤ ਵਿੱਚ ਜੋ ਕੁੱਝ ਬੀਜੀਏ ਉਹੀ ਵੱਢ ਸਕੀਦੀ ਹੈ, ਤਿਵੇਂ ਹੀ ਇਸ ਸਰੀਰ ਦੀ ਰਾਹੀਂ ਜਿਹੋ ਜਿਹੇ ਕੰਮ ਪ੍ਰਾਣੀ ਕਰਦਾ ਹੈ, ਉਹੋ ਜਿਹੇ ਨਤੀਜੇ ਭੋਗਦਾ ਹੈ। ਇਵੇਂ ਹੀ ਅਸੀਂ ਮਾਇਆ-ਜਾਲ ਦੇ ਭਰਮ ਵਿੱਚ ਪੈ ਕੇ ਸਾਰੀ ਉਮਰ ਕੁਰਾਹੇ ਪਏ ਰਹਿੰਦੇ ਹਾਂ। ਇਹ ਸੰਸਾਰਕਿ ਪਦਾਰਥ ਖ਼ੱਤਮ ਹੋਣ ਵਾਲੇ ਹਨ, ਇਸ ਲਈ ਅਕਾਲ ਪੁਰਖ ਨਾਲ ਇੱਕ-ਮਿੱਕ ਹੋਣ ਦਾ ਓਪਰਾਲਾ ਕਰ ਤਾਂ ਹੀ ਸੁਖਦਾਈ ਰਹੇਂਗਾ। ਇਸ ਸ਼ਬਦ ਦੁਆਰਾ ਗੁਰੂ ਸਾਹਿਬ ਕੁਦਰਤੀ ਨਜ਼ਾਰਿਆਂ ਅਤੇ ਅਨੇਕ ਰੁੱਤਾਂ ਅਨੁਸਾਰ ਪ੍ਰਾਣੀ ਨੂੰ ਸਮਝਾਉਂਦੇ ਹਨ ਕਿ ਭਾਦੋਂ ਮਹੀਨੇ ਵਿੱਚ ਕਾਲੇ ਬੱਦਲਾਂ ਅਤੇ ਗਰਮੀ ਦੀ ਹੁੰਮਸ ਕਰਕੇ, ਅਸੀਂ ਭਰਮ ਵਿੱਚ ਪੈ ਕੇ ਨਾਸ ਹੋਣ ਵਾਲੀਆਂ ਚੀਜ਼ਾਂ ਨਾਲ ਮੋਹ ਕਰਨ ਲਗ ਪੈਂਦੇ ਹਾਂ। ਇੰਝ ਹੀ ਅਸੀਂ ਭਾਵੇਂ ਲੱਖਾਂ ਹਾਰ-ਸ਼ਿੰਗਾਰ ਕਰੀਏ, ਉਹ ਕਿਸੇ ਕੰਮ ਨਹੀਂ ਜੇ ਅਸੀਂ ਅਕਾਲ ਪੁਰਖ ਨੂੰ ਭੁੱਲ ਗਏ ਹਾਂ। ਜਿਵੇਂ ਹੀ ਰੂਹਾਨੀ-ਆਤਮਾ ਇਸ ਸਰੀਰ ਵਿਚੋਂ ਖ਼ੱਤਮ ਹੋ ਜਾਂਦੀ ਹੈ, ਸਾਰੇ ਅੰਗੀ-ਸੰਗੀ ਕਹਿਣ ਲੱਗ ਪੈਂਦੇ ਹਨ ਕਿ ਇਹ ਹੁਣ ਚਲਾਣਾ ਕਰ ਗਿਆ ਹੈ। ਇੰਝ ਕਿਸੇ ਨੂੰ ਕੁੱਝ ਪਤਾ ਨਹੀਂ ਲਗਦਾ ਕਿ ਉਸ ਦੀ ਆਤਮਾ ਕਿੱਥੇ ਚਲੀ ਗਈ! ਜਿਨ੍ਹਾਂ ਨਾਲ ਸਾਰੀ ਉਮਰ ਪਿਆਰ ਬਣਿਆ ਹੋਇਆ ਸੀ, ਉਹ ਇੱਕ ਪੱਲ ਵਿੱਚ ਹੀ ਸਾਰੇ ਸਾਥ ਛੱਡ ਜਾਂਦੇ ਹਨ। ਆਖ਼ੀਰਲੀ ਘੜੀ ਆਉਂਣ `ਤੇ ਇਨਸਾਨ ਦੁੱਖੀ ਹੁੰਦਾ ਹੈ, ਸਰੀਰ ਕੰਬਣ ਲੱਗ ਪੈਂਦਾ ਹੈ ਅਤੇ ਮੌਤ ਦੇ ਡਰ ਨਾਲ ਸਰੀਰ ਕਾਲੇ ਤੋਂ ਚਿੱਟਾ ਹੋ ਜਾਂਦਾ ਹੈ। ਇਹ ਮਨੁੱਖੀ ਸਰੀਰ ਸਾਡੇ ਕੀਤੇ ਕੰਮਾਂ ਦਾ ਇੱਕ ਖ਼ੇਤ ਹੈ ਅਤੇ ਜੋ ਕੁੱਝ ਅਸੀਂ ਬੀਜਦੇ ਹਾਂ ਉਹੋ-ਜਿਹਾ ਸਾਨੂੰ ਫਲ ਮਿਲਦਾ ਹੈ। ਗੁਰੂ ਨਾਨਕ ਸਾਹਿਬ ਦੀ ਗਿਆਨ-ਜੋਤਿ ਸਦਕਾ, ਗੁਰੂ ਅਰਜਨ ਸਾਹਿਬ ਫ਼ੁਰਮਾਨ ਕਰਦੇ ਹਨ ਕਿ ਹੇ ਭਾਈ! ਜਿਹੜੇ ਪ੍ਰਾਣੀ ਅਕਾਲ ਪੁਰਖ ਦਾ ਓਟ-ਆਸਰਾ ਲੈ ਲੈਂਦੇ ਹਨ, ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਡਰ/ਦੁੱਖ ਨਹੀਂ ਪੋਂਹਦਾ। ਇੰਜ, ਜਿਹੜੇ ਪ੍ਰਾਣੀ ਕਿਸੇ ਭਰਮ-ਭੁਲੇਖੇ ਵਿੱਚ ਨਹੀਂ ਪੈਂਦੇ ਅਤੇ ਹਰ ਸਮੇਂ ਅਕਾਲ ਪੁਰਖ ਦੀ ਰਜ਼ਾਅ ਵਿੱਚ ਰਹਿੰਦੇ ਹਨ, ਉਹ ਅਕਾਲ ਪੁਰਖ ਦੇ ਪ੍ਰੇਮ ਵਿੱਚ ਰਹਿ ਕੇ ਆਨੰਦ ਮਾਣਦੇ ਹਨ। (੭)
{ਸਿੱਖਾਂ ਨੂੰ ਸ਼ਾਇਦ ਯਾਦ ਹੋਵੇ ਕਿ ੧੫ ਅਗਸਤ ੧੯੪੭ ਤੋਂ ਪਹਿਲਾਂ, ਸਿੱਖ ਆਜ਼ਾਦ ਸਨ ਕਿਉਂਕਿ ਸਾਡੇ ਪਾਸ ਪੰਜ ਦਰਿਆ ਸਨ, ਨਨਕਾਣਾ ਸਾਹਿਬ, ਦਰਬਾਰ ਸਾਹਿਬ ਅੰਮ੍ਰਿਤਸਰ, ਅਨੰਦਪੁਰ ਸਾਹਿਬ ਸੁਰਿਖਸ਼ਤ ਸਨ। ਖੇਤੀ-ਬਾੜ੍ਹੀ ਉੱਪਰ ਕੋਈ ਬੰਦਸ਼ ਨਹੀਂ ਸੀ, ਫੌਜ ਵਿੱਚ ਵੱਧ ਤੋਂ ਵੱਧ ਸਿੱਖ ਭਰਤੀ ਸਨ ਅਤੇ ਪੱਕੇ ਅੰਮ੍ਰਿਤਧਾਰੀ ਸਿੱਖ ਹੁੰਦੇ ਸਨ ਪਰ ਹੁਣ ਅਸੀਂ ਹਿੰਦੂਆਂ ਦੇ ਗ਼ੁਲਾਮ ਬਣੇ ਹੋਏ ਹਾਂ। ਸਿੱਖ ਨੌਜੁਆਨ ਜੇਲਾਂ ਵਿੱਚ ਰੁਲਦੇ ਫਿਰਦੇ ਹਨ ਅਤੇ ਸਾਡੀ ਗ਼ੈਰਤ ਖ਼ੱਤਮ ਹੋ ਗਈ ਹੈ, ਪਰ ਸਿੱਖ ਲੀਡਰ ਹਿੰਦੂਆਂ ਦੇ ਝੋਲੀ-ਚੁੱਕ ਬਣ ਗਏ!}
ਅਸੁਨਿ ਪ੍ਰੇਮ ਉਮਾਹੜਾ ਕਿਉ ਮਿਲੀਐ ਹਰਿ ਜਾਇ॥ ਮਨਿ ਤਨਿ ਪਿਆਸ ਦਰਸਨ ਘਣੀ ਕੋਈ ਆਣਿ ਮਿਲਾਵੈ ਮਾਇ॥ ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਇ॥ ਵਿਣੁ ਪ੍ਰਭ ਕਿਉ ਸੁਖੁ ਪਾਈਐ ਦੂਜੀ ਨਾਹੀ ਜਾਇ॥ ਜਿੰਨ੍ਹੀ ਚਾਖਿਆ ਪ੍ਰੇਮ ਰਸੁ ਸੇ ਤ੍ਰਿਪਤਿ ਰਹੇ ਆਘਾਇ॥ ਆਪੁ ਤਿਆਗਿ ਬਿਨਤੀ ਕਰਹਿ ਲੇਹੁ ਪ੍ਰਭੂ ਲੜਿ ਲਾਇ॥ ਜੋ ਹਰਿ ਕੰਤਿ ਮਿਲਾਈਆ ਸਿ ਵਿਛੁੜਿ ਕਤਹਿ ਨ ਜਾਇ॥ ਪ੍ਰਭ ਵਿਣੁ ਦੂਜਾ ਕੋ ਨਹੀ ਨਾਨਕ ਹਰਿ ਸਰਣਾਇ॥ ਅਸੂ ਸੁਖੀ ਵਸੰਦੀਆ ਜਿਨਾ ਮਇਆ ਹਰਿ ਰਾਇ॥ ੮॥
ਅਰਥ: ਗੁਰੂ ਸਾਹਿਬ ਉਪਦੇਸ਼ ਕਰਦੇ ਹਨ ਕਿ ਐ ਪ੍ਰਾਣੀ, ਜੇ ਤੂੰ ਆਪਣੇ ਅੰਦਰ ਦੀ ਤੱਪਸ਼ ਨੂੰ ਖ਼ੱਤਮ ਕਰਨਾ ਚਾਹੁੰਦਾ ਹੈਂ ਤਾਂ ਅਕਾਲ ਪੁਰਖ ਨੂੰ ਮਿਲਣ ਦਾ ਇੱਕ ਹੀ ਉਪਾਅ ਹੈ, ਕਿ ਆਪਣੇ ਅੰਦਰ ਪ੍ਰਭੂ ਲਈ ਪਿਆਰ ਦੀ ਤਾਂਘ ਪੈਦਾ ਕਰ। ਮੇਰਾ ਮਨ ਤੇ ਤਨ ਅਕਾਲ ਪੁਰਖ ਨੂੰ ਮਿਲਣ ਲਈ ਲੋਚ ਰਿਹਾ ਹੈ ਅਤੇ ਮੈਂ ਬੇਨਤੀ ਕਰਦਾ ਹਾਂ ਕਿ ਕੋਈ ਮੇਰਾ ਮਿਲਾਪ ਕਰਵਾ ਦੇਵੇ। ਇਸ ਲਈ, ਮੈਂ ਨਿਮ੍ਰਤਾ ਸਹਿਤ ਸਾਧ-ਸੰਗਤ ਵਿੱਚ ਹੀ ਲੀਨ ਰਹਿਣ ਲਈ ਲੱਗਾ ਰਹਿੰਦਾ ਹਾਂ। ਸੰਗਤ ਦੁਆਰਾ ਮੈਨੂੰ ਸੋਝੀ ਪ੍ਰਾਪਤ ਹੋ ਗਈ ਹੈ ਕਿ ਇੱਕ ਅਕਾਲ ਪੁਰਖ ਤੋਂ ਇਲਾਵਾ ਇਹ ਜੀਵਨ ਖੇੜ੍ਹੇ ਵਿੱਚ ਨਹੀਂ ਰਹਿ ਸਕਦਾ ਕਿਉਂਕਿ ਹੋਰ ਕਿਸੇ ਪਾਸ ਜਾਣ ਦੀ ਲੋੜ ਹੀ ਨਹੀਂ। ਜਿੰਨ੍ਹਾਂ ਪ੍ਰਾਣੀਆਂ ਨੇ ਅਕਾਲ ਪੁਰਖ ਦੇ ਨਾਮ ਦਾ ਓਟ-ਆਸਰਾ ਲੈ ਲਿਆ ਹੈ, ਉਹ ਸਦਾ ਹੀ ਆਨੰਦ ਮਹਿਸੂਸ ਕਰਦੇ ਹਨ ਅਤੇ ਇੰਜ ਉਨ੍ਹਾਂ ਦੀਆਂ ਦੁਨਿਆਵੀਂ ਲੋੜਾਂ ਲਈ ਤ੍ਰਿਸ਼ਨਾ ਖ਼ੱਤਮ ਹੋ ਜਾਂਦੀ ਹੈ। ਐਸੇ ਪ੍ਰਾਣੀ ਝੂਠੀ ਮਾਇਆ ਦਾ ਤਿਆਗ ਕਰਕੇ, ਇਹੀ ਬੇਨਤੀ ਕਰਦੇ ਰਹਿੰਦੇ ਹਨ ਕਿ ਹੇ ਅਕਾਲ ਪੁਰਖ, ਸਾਨੂੰ ਆਪਣੀ ਰਜ਼ਾਅ ਵਿੱਚ ਹੀ ਰੱਖੋ। ਇਵੇਂ, ਜਿਨ੍ਹਾਂ ਪ੍ਰਾਣੀਆਂ ਨੂੰ ਅਕਾਲ ਪੁਰਖ ਨੇ ਆਪਣੀ ਸ਼ਰਨ ਵਿੱਚ ਲੈ ਲਿਆ ਤਾਂ ਉਹ ਫਿਰ ਹੋਰ ਕੋਈ ਆਸਰਾ ਨਹੀਂ ਭਾਲਦੇ। ਗੁਰੂ ਨਾਨਕ ਸਾਹਿਬ ਦੀ ਗਿਆਨ-ਜੋਤਿ ਸਦਕਾ, ਗੁਰੂ ਅਰਜਨ ਸਾਹਿਬ ਬਖਸ਼ਿਸ਼ ਕਰਦੇ ਹਨ ਕਿ ਐ ਭਾਈ! ਸਦਾ ਯਕੀਨ ਰੱਖ ਕਿ ਅਕਾਲ ਪੁਰਖ ਤੋਂ ਬਿਨਾ ਹੋਰ ਕੋਈ ਸ਼ੱਕਤੀ ਹੈ ਹੀ ਨਹੀਂ। ਜਿਹੜੇ ਪ੍ਰਾਣੀਆਂ ਉੱਪਰ ਅਕਾਲ ਪੁਰਖ ਦੀ ਮਿਹਰ ਹੋ ਜਾਂਦੀ ਹੈ, ਉਹ ਸਦਾ ਆਨੰਦ ਵਿੱਚ ਰਹਿੰਦੇ ਹਨ, ਭਾਵੇਂ ਅੱਸੂ ਮਹੀਨੇ ਦੀ ਰੁੱਤ ਹੋਵੇ ਜਾਂ ਹੋਰ ਕੋਈ ਮੌਸਮ ਹੋਵੇ। (੮)
{ਇਸ ਸ਼ਬਦ ਦੁਆਰਾ ਗੁਰੂ ਸਾਹਿਬ ਸਾਨੂੰ ਸੇਧ ਦਿੰਦੇ ਹਨ ਕਿ ਅਕਾਲ ਪੁਰਖ ਨੂੰ ਸਦਾ ਯਾਦ ਕਰਨ ਨਾਲ ਜੀਵਨ ਖੇੜੇ ਵਿੱਚ ਰਹਿੰਦਾ ਹੈ ਅਤੇ ਐਸੇ ਪ੍ਰਾਣੀ ਸੂਰਜ ਦੁਆਰਾ ਪੈਦਾ ਕੀਤੀਆਂ ਰੁੱਤਾਂ - ਗ਼ਰਮੀ-ਸਰਦੀ, ਆਦਿਕ ਦੇ ਅਸਰ ਤੋਂ ਬਚੇ ਰਹਿੰਦੇ ਹਨ! ਇਸ ਲਈ, ਸਿੱਖਾਂ ਨੂੰ ਸੂਰਜ/ਚੰਦ ਨਾਲ ਜੁੜੇ ਦਿਨ ਸੰਗ੍ਰਾਂਦ, ਪੂਰਨਮਾਸ਼ੀ, ਮਸਿਆ ਜਾਂ ਹੋਰ ਐਸੇ ਹਿੰਦੂਆਂ ਦੇ ਅਨਮਤੀ ਤਿਉਹਾਰ ਨਹੀਂ ਮਨਾਉਣੇ ਚਾਹੀਦੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਐਸੀਆਂ ਰੀਤਾਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ। ਭਾਈ/ਰਾਗੀ ਸਿੰਘਾਂ/ਕਥਾਕਾਰਾਂ ਨੂੰ ਭੀ ਬੇਨਤੀ ਹੈ ਕਿ ਉਹ “ਗੁਰਬਾਣੀ ਵੀਚਾਰ” ਦੁਆਰਾ ਸੰਗਤਾਂ ਨੂੰ ਐਸੇ ਭਰਮਾਂ ਵਿਚੋਂ ਕੱਢਣ ਦਾ ਪ੍ਰਚਾਰ ਕਰਨ।)
ਕਤਿਕਿ ਕਰਮ ਕਮਾਵਣੇ ਦੋਸੁ ਨ ਕਾਹੂ ਜੋਗ॥ ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ॥ ਵੇਮੁਖ ਹੋਏ ਰਾਮ ਤੇ ਲਗਨਿ ਜਨਮ ਵਿਜੋਗ॥ ਖਿਨ ਮਹਿ ਕਉੜੇ ਹੋਇ ਗਏ ਜਿਤੜੇ ਮਾਇਆ ਭੋਗ॥ ਵਿਚੁ ਨ ਕੋਈ ਕਰਿ ਸਕੈ ਕਿਸ ਥੈ ਰੋਵਹਿ ਰੋਜ॥ ਕੀਤਾ ਕਿਛੂ ਨ ਹੋਵਈ ਲਿਖਿਆ ਧੁਰਿ ਸੰਜੋਗ॥ ਵਡਭਾਗੀ ਮੇਰਾ ਪ੍ਰਭੁ ਮਿਲੈ ਤਾਂ ਉਤਰਹਿ ਸਭਿ ਬਿਓਗ॥ ਨਾਨਕ ਕਉ ਪ੍ਰਭ ਰਾਖਿ ਲੇਹਿ ਮੇਰੇ ਸਾਹਿਬ ਬੰਦੀ ਮੋਚ॥ ਕਤਿਕ ਹੋਵੈ ਸਾਧਸੰਗੁ ਬਿਨਸਹਿ ਸਭੇ ਸੋਚ॥ ੯॥
ਅਰਥ: ਗੁਰੂ ਸਾਹਿਬ ਉਪਦੇਸ਼ ਕਰਦੇ ਹਨ ਕਿ ਐ ਸਤਿ-ਸੰਗੀਓ, ਕੱਤਕ ਦੇ ਮਹੀਨੇ ਵਿੱਚ ਭੀ ਤੁਸੀਂ ਚੰਗੇ ਕੰਮ ਕਰਦੇ ਰਹੋ ਅਤੇ ਕਿਸੇ ਹੋਰ ਮਹੀਨੇ ਜਾਂ ਇਨਸਾਨ ਉੱਪਰ ਇਲਜ਼ਾਮ ਲਾਉਣਾ ਠੀਕ ਨਹੀਂ ਕਿਉਂਕਿ ਜਦੋਂ ਅਸੀਂ ਅਕਾਲ ਪੁਰਖ ਦੀ ਰਜ਼ਾਅ ਵਿੱਚ ਨਹੀਂ ਰਹਿੰਦੇ ਜਾਂ ਉਸ ਦੀ ਸਦਾ ਰਹਿਣ ਵਾਲੀ ਹੋਂਦ ਨੂੰ ਯਾਦ ਨਹੀਂ ਰੱਖਦੇ ਤਾਂ ਸਾਨੂੰ ਸਾਰੇ ਸੰਸਾਰਕ ਦੁੱਖ-ਰੋਗ ਘੇਰ ਲੈਂਦੇ ਹਨ। ਜਦੋਂ ਅਸੀਂ ਅਕਾਲ ਪੁਰਖ ਦਾ ਓਟ-ਆਸਰਾ ਨਹੀਂ ਲੈਂਦੇ ਪਰ ਹੋਰ ਕਿਸੇ ਪ੍ਰਾਣੀ ਉੱਪਰ ਭਰੋਸਾ ਕਰਨ ਲਗ ਪੈਂਦੇ ਹਾਂ ਤਾਂ ਇਹ ਜੀਵਨ ਵਿਕਾਰ ਜਿਹਾ ਮਹਿਸੂਸ ਹੁੰਦਾ ਹੈ। ਇੰਜ, ਇਸ ਦੁਨਿਆਵੀਂ ਮਾਇਆ ਵਿੱਚ ਖੱਚਤ ਹੋਣਾ, ਬੇਅਰਥ ਜਿਹਾ ਹੀ ਓਪਰਾਲਾ ਲਗਦਾ ਹੈ। ਐਸੀ ਦੁਬਿਧਾ ਵਿੱਚ ਕੋਈ ਪ੍ਰਾਣੀ ਮੱਦਦ ਕਰਨ ਨੂੰ ਤਿਆਰ ਨਹੀਂ ਹੁੰਦਾ ਅਤੇ ਨਾ ਹੀ ਕੋਈ ਸੇਧ ਦਿੰਦਾ ਹੈ ਕਿ ਕਿਸ ਅੱਗੇ ਜਾ ਕੇ ਆਪਣੀ ਫ਼ਰਿਆਦ ਕਰੀਏ। ਇਸ ਸੰਸਾਰ ਵਿੱਚ ਜੋ ਕੁੱਝ ਭੀ ਹੁੰਦਾ ਹੈ, ਅਕਾਲ ਪੁਰਖ ਦੇ ਹੁਕਮ ਅਨੁਸਾਰ ਹੀ ਹੁੰਦਾ ਹੈ ਕਿਉਂਕਿ ਇਨਸਾਨ ਦੇ ਕਹਿਣ ਨਾਲ ਕੁੱਝ ਨਹੀਂ ਹੁੰਦਾ। ਜੇ ਅਕਾਲ ਪੁਰਖ ਦੀ ਮੇਹਰ ਹੋ ਜਾਏ ਤਾਂ ਪ੍ਰਾਣੀ ਸੰਸਾਰਕ ਝੁਮੇਲਿਆਂ ਤੋਂ ਸੁਰਖੁਰੂ ਹੋ ਸਕਦਾ ਹੈ। ਗੁਰੂ ਨਾਨਕ ਸਾਹਿਬ ਦੀ ਗਿਆਨ-ਜੋਤਿ ਸਦਕਾ, ਗੁਰੂ ਅਰਜਨ ਸਾਹਿਬ ਬਿਆਨ ਕਰਦੇ ਹਨ ਕਿ ਅਕਾਲ ਪੁਰਖ ਹੀ ਸੱਭ ਦੇ ਦੁੱਖ-ਦਲਿਦ੍ਰ ਦੂਰ ਕਰਨ ਵਾਲਾ ਹੈ। ਕੱਤਕ ਮਹੀਨੇ ਦੀ ਰੁੱਤ ਤਾਂ ਹੀ ਸੁਹਾਵਣੀ ਮਹਿਸੂਸ ਹੋਵੇਗੀ ਜੇ ਪ੍ਰਾਣੀ ਚੰਗੇ ਗੁਰਮੁੱਖਾਂ ਦੀ ਸੰਗਤ ਕਰਦਾ ਰਹੇ ਅਤੇ ਹੋਰ ਕੋਈ ਫਿਕਰ ਨਾ ਕਰੇ। (੯) {ਸਿੱਖ ਪਰਿਵਾਰਾਂ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਬੇਨਤੀ ਹੈ ਕਿ ਕੱਤਕ ਮਹੀਨੇ ਦੀ ਸੰਗਰਾਂਦ ਜਾਂ ਪੂਰਨਮਾਸ਼ੀ ਮਨਾਉਣ ਦੀ ਥਾਂ ਅਕਤੂਬਰ ਮਹੀਨੇ ਦੇ ਇਤਿਹਾਸਕ ਦਿਨ ਯਾਦ ਰੱਖੀਏ ਜਿਵੇਂ: ੬ ਅਕਤੂਬਰ: ਗੁਰੂ ਹਰਿ ਕਿਸ਼ਨ ਸਾਹਿਬ ਦਾ ਗੁਰਗੱਦੀ ਦਿਵਸ; ੭ ਅਕਤੂਬਰ: ਗੁਰੂ ਗਰੰਥ ਸਾਹਿਬ ਦਾ ਗੁਰਗੱਦੀ ਦਿਵਸ; ੯ ਅਕਤੂਬਰ: ਭਾਈ ਹਰਜਿੰਦਰ ਸਿੰਘ ਅਤੇ ਭਾਈ ਸੁਖਜਿੰਦਰ ਸਿੰਘ ਦਾ ਸ਼ਹੀਦੀ ਦਿਵਸ; ੨੦ ਅਕਤੂਬਰ: ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਦਿਵਸ ਅਤੇ ਸਿੱਖ ਧਰਮ ਦਾ ਅਰੰਭਕ ਦਿਵਸ; ੩੧ ਅਕਤੂਬਰ: ਖ਼ਾਲਸਾ ਬਿਅੰਤ ਸਿੰਘ ਦਾ ਸ਼ਹੀਦੀ ਦਿਵਸ}
ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ)




.