.

॥ ਸਚਿਆਰ ਸਿਖ ਬੈਠੇ ਸਤਿਗੁਰ ਪਾਸਿ॥

“॥ ਪਉੜੀ॥ ਜਿਨ ਕੇ ਚਿਤ ਕਠੋਰ ਹਹਿ ਸੇ ਬਹਹਿ ਨ ਸਤਿਗੁਰ ਪਾਸ॥ ਓਥੈ ਸਚੁ ਵਰਤਦਾ ਕੂੜਿਆਰਾ ਚਿਤ ਉਦਾਸਿ॥ ਓਇ ਵਲੁ ਛਲੁ ਕਰਿ ਝਤਿ ਕਢਦੇ ਫਿਰਿ ਜਾਇ ਬਹਹਿ ਕੂੜਿਆਰਾ ਪਾਸਿ॥ ਵਿਚਿ ਸਚੇ ਕੂੜੁ ਨ ਗਡਈ ਮਨਿ ਵੇਖਹੁ ਕੋ ਨਿਰਜਾਸਿ॥ ਕੂੜਅਿਾਰ ਕੂੜਿਆਰੀ ਜਾਇ ਰਲੇ ਸਚਿਆਰ ਸਿਖ ਬੈਠੇ ਸਤਿਗੁਰ ਪਾਸਿ॥ ੨੬॥” –ਪੰਨਾ ੩੧੪।

ਭਾਵ ਅਰਥ:- ਜਿਹੜੇ ਪੱਥਰ ਦਿਲ, ਕਰੜੇ ਅਤੇ ਨਿਰਦਈ ਮਨ ਵਾਲੇ ਹੁੰਦੇ ਹਨ ਉਹ ਸਤਿਗੁਰ ਦੇ ਕੋਲ ਨਹੀਂ ਬੈਠ ਸਕਦੇ ਕਿਉਂਕਿ ਉਥੇ ਤਾਂ ਸੱਚ ਦੀਆਂ ਗੱਲਾਂ ਹੁੰਦੀਆਂ ਹਨ। ਝੂਠਿਆਂ ਨੂੰ ਸੱਚ ਹਜ਼ਮ ਨਹੀਂ ਹੁੰਦਾ, ਉਨ੍ਹਾਂ ਨੂੰ ਉਦਾਸੀ ਲੱਗੀ ਰਹਿੰਦੀ ਹੈ। ਉਹ ਛਲ-ਫ਼ਰੇਬ ਕਰਕੇ ਵੇਲਾ ਟਪਾਉਂਦੇ ਹਨ ਅਤੇ ਉਥੋਂ ਉਠ ਕੇ ਫਿਰ ਝੂਠਿਆਂ ਕੋਲ ਜਾ ਬੈਠਦੇ ਹਨ। ਕੋਈ ਧਿਰ ਮਨ `ਚ ਨਿਰਨਾ ਕਰਕੇ ਵੇਖ ਲਉ ਸੱਚੇ ਮਨੁੱਖ ਉੱਤੇ ਝੂਠ ਪ੍ਰਭਾਵ ਨਹੀਂ ਪਾ ਸਕਦਾ। ਝੂਠੇ ਝੂਠਿਆਂ ਵਿੱਚ ਜਾ ਰਲਦੇ ਹਨ ਤੇ ਸੱਚੇ ਸਿੱਖ ਸਤਿਗੁਰ ਕੋਲ ਬੈਠਦੇ ਹਨ।

ਵਿਆਖਿਆ:- ਸਤਿਗੁਰ ਕੋਲ ਬਹਿਣਾ ਕੀ ਹੈ? ਗੁਰੂ ਸਾਹਿਬਾਨ ਦੇ ਜੀਵਨ ਕਾਲ ਸਮੇਂ ਸਿੱਖਾਂ ਨੂੰ ਗੁਰੂ ਦੀ ਸੰਗਤ, ਗੁਰੂ ਦੇ ਕੋਲ ਬਹਿਣ ਦੇ ਅਰਥ ਸਪਸ਼ਟ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਰੀਰ ਤਿਆਗਣ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਤੇ ਬਿਰਾਜਮਾਨ ਕਰ ਦਿੱਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਸਿੱਖਾਂ ਦੇ ਸਦੀਵੀ ਗੁਰੂ ਹਨ। ਗੁਰੂ ਕੋਲ ਬਹਿਣ ਦਾ ਭਾਵ ਸਚਿਆਰ ਸਿੱਖਾਂ ਨੂੰ ਹੁਣ ਵੀ ਪਤਾ ਹੈ। ਸਚਿਆਰ ਸਿੱਖ ਸਮਝਦੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠ ਕੇ ਬਾਣੀ ਦਾ ਪਾਠ ਕਰਨਾ, ਬਾਣੀ ਦਾ ਕੀਰਤਨ ਸੁਣਨਾ, ਬਾਣੀ ਦੀ ਕਥਾ ਵਿਆਖਿਆ ਸੁਣਨਾ, ਨਿਤਨੇਮ ਦੀਆਂ ਬਾਣੀਆ ਪੜ੍ਹਨਾ, ਸਿਮਰਨ ਕਰਨਾ, ਇਹ ਸਭ ਗੁਰੂ ਦੇ ਕੋਲ ਬਹਿਣਾ ਹੈ, ਗੁਰੂ ਦੀ ਸੰਗਤ ਕਰਨਾ ਹੈ।

ਸਭਿਅਤਾ ਦੇ ਨਾਲ-ਨਾਲ ਬੋਲੀ, ਲਫ਼ਜ਼ ਵੀ ਹੋਂਦ ਵਿੱਚ ਆਏ। ਲਫ਼ਜ਼ ‘ਗੁਰੂ’ ਭੌਤਿਕ ਅਤੇ ਅਧਿਆਤਮਿਕ ਸੰਸਾਰ ਵਿੱਚ ਸਦੀਆਂ ਤੋਂ ਵਰਤਿਆ ਜਾ ਰਿਹਾ ਹੈ। ਵਿਆਸ ਰਿਖੀ ਦਾ ਪੁੱਤਰ ਸ਼ੁਕਦੇਵ ਰਿਖੀ ਸੀ। ਵਿਆਸ ਨੇ ਆਪਣੇ ਪੁੱਤਰ ਨੂੰ ਸਿਮਰਨ ਦੀ ਜਾਚ ਸਿੱਖਣ ਲਈ ਰਾਜਾ ਜਨਕ ਕੋਲ ਭੇਜਿਆ। ਰਾਜਾ ਜਨਕ ਸ਼ੁਕਦੇਵ ਦਾ ਗੁਰੂ ਸੀ। “ਸੁਕ ਜਨਕ ਪਗੀਂ ਲਗਿ ਧਿਆਵੈਗੋ” –ਪੰਨਾ ੧੩੦੯। ਦ੍ਰੋਣਾਚਾਰਯ ਕੌਰਵਾਂ ਪਾਂਡਵਾਂ ਦਾ ਸ਼ਸਤਰ ਵਿਦਿਆ ਦਾ ਗੁਰੂ ਸੀ। ਸਿੱਖੀ ਵਿੱਚ ਗੁਰੂ ਪਦ ਦਸਾਂ ਗੁਰੂ ਸਾਹਿਬਾਨ ਲਈ ਮਖ਼ਸੂਸ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸਰੀਰ ਤਿਆਗਣ ਤੋਂ ਪਹਿਲਾਂ ਗੁਰਿਆਈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰੱਖੀ। ਕੁੱਝ ਸਮੇਂ ਤੋਂ ਕਿਸੇ ਸਾਜ਼ਿਸ਼ ਦੇ ਅਧੀਨ ਸਿੱਖਾਂ ਵਿੱਚੋਂ ਹੀ ਆਕੀ ਹੋਏ ਕੁੱਝ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ‘ਗੁਰੂ’ ਨਹੀਂ ਮੰਨਦੇ। ਜਦ ਸ੍ਰੀ ਕਲਗੀਧਰ ਜੀ ਨੇ ਮੱਥਾ ਟੇਕ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਦੀ ਪਦਵੀ ਦੇ ਦਿੱਤੀ ਹੈ ਤਾਂ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਕਹਿਣ ਤੋਂ ਕਿਸ ਤਰ੍ਹਾਂ ਇਨਕਾਰ ਕਰ ਸਕਦਾ ਹੈ? ਜੋ ਇਨਕਾਰ ਕਰਦਾ ਹੈ ਉਸ ਅੰਦਰ ਛਲ ਫ਼ਰੇਬ ਭਰਿਆ ਹੋਇਆ ਹੈ। ਇਹਨਾਂ ਛਲ ਫ਼ਰੇਬ ਭਰਿਆਂ ਨੂੰ ਹੀ ਸਤਿਗੁਰ ਨੇ ਕੂੜਿਆਰ ਆਖਿਆ ਹੈ। ਕੂੜਿਆਰ ਕੂੜਿਆਰਾਂ ਵਿੱਚ ਹੀ ਰਲ ਬੈਠਦੇ ਹਨ। ਕੂੜਿਆਰ ਗੁਰਬਾਣੀ ਦੇ ਅਰਥ ਤੋੜ ਮਰੋੜ ਕੇ ਕੂੜ ਨੂੰ ਸੱਚ ਸਾਬਿਤ ਕਰਨ ਦਾ ਯਤਨ ਕਰਦੇ ਹਨ।

ਸਾਰੀ ਮਨੁੱਖਤਾ ਮੰਨਦੀ ਹੈ ਕਿ ਮਨੁੱਖ ਉੱਤੇ ਸੰਗਤ ਦਾ ਬੜਾ ਪ੍ਰਭਾਵ ਪੈਂਦਾ ਹੈ। ਚੰਗੀ ਸੰਗਤ ਕਰਨ ਨਾਲ ਬੰਦਾ ਚੰਗਾ ਬਣਦਾ ਹੈ ਅਤੇ ਮਾੜੀ ਸੰਗਤ ਨਾਲ ਮਾੜਾ। ਇੱਕ ਅੱਧੇ ਦਿਨ ਲਈ ਚੰਗੀ ਸੰਗਤ ਕਰ ਕੇ ਛਡ ਦੇਣ ਨਾਲ ਕੋਈ ਖਾਸ ਲਾਭ ਨਹੀਂ ਹੁੰਦਾ। ਚੰਗੀ ਸੰਗਤ ਸਦਾ ਹੀ ਰੱਖਣੀ ਚਾਹੀਦੀ ਹੈ। ਗੁਰੂ ਦੀ ਸੰਗਤ ਕੀ ਹੈ, ਗੁਰੂ ਕੋਲ ਬਹਿਣਾ ਕੀ ਹੈ, ਇਹ ਦੱਸਣ ਦੀ ਨਿਮਾਣੀ ਜਿਹੀ ਕੋਸ਼ਿਸ਼ ਮੈਂ ਉਪਰ ਕੀਤੀ ਹੈ। ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਉਥੇ ਸੰਗਤ ਵਿੱਚ ਬਹਿ ਕੇ ਗੁਰਬਾਣੀ ਸੁਣਨਾ ਬਹੁਤ ਲਾਭਦਾਇਕ ਹੁੰਦਾ ਹੈ। ਅਸੀਂ ਕਈ ਵਾਰੀ ਇਹ ਵੀ ਆਖਦੇ ਹਾਂ ਕਿ ਬਾਰ-ਬਾਰ ਉਹੀ ਬਾਣੀ ਪੜ੍ਹਨ ਦਾ ਕੀ ਫਾਇਦਾ? ਜ਼ਿੰਦਗੀ ਵਿੱਚ ਅਭਿਆਸ ਦੀ ਆਪਣੀ ਹੀ ਭੂਮਿਕਾ ਹੈ। ਗੁਰਬਾਣੀ ਦੇ ਅਭਿਆਸ ਨਾਲ ‘ਚਿਤ ਕਠੋਰ’ ਉੱਤੇ ਚੰਗੇ ਸੰਸਕਾਰਾਂ ਦੇ ਨਿਸ਼ਾਨ ਬਣਦੇ ਹਨ। ਗੁਰਬਾਣੀ ਸਚਿਆਰ ਬਣਾਉਂਦੀ ਹੈ।

ਕਿਸੇ ਬ੍ਰਿਜਭਾਸ਼ਾ ਦੇ ਕਵੀ ਨੇ ਠੀਕ ਆਖਿਆ ਹੈ:-

“ਕਰਤ ਕਰਤ ਅਭਿਆਸ ਕੇ ਜੜਮਤ ਹੋਤ ਸੁਜਾਨ। ਰਸਰੀ ਆਵਤ ਜਾਤ ਤੇ ਸਿਲ ਪਰ ਪਰਤ ਨਿਸ਼ਾਨ।”

ਜੜਮਤ= ਨਾਦਾਨ (ਨਾ ਦਾਨਾ), ਰਸਰੀ=ਰੱਸੀ, ਸਿਲ=ਪੱਥਰ, ਸੁਜਾਨ=ਦਾਨਾ

ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਸਿੱਖਾਂ ਦੇ ਸਦੀਵੀ ਗੁਰੂ ਹਨ ਅਤੇ ਸਚਿਆਰ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਹੋਰ ਕਿਸੇ ਨੂੰ ਗੁਰੂ ਨਹੀਂ ਮੰਨਦਾ।

ਸੁਰਜਨ ਸਿੰਘ--+919041409041
.