.

ਮੂਲ ਮੰਤ੍ਰ ਦੀ ਬਨਾਵਟ ਕਿੱਥੋਂ ਤੱਕ ਅਤੇ ਕਿਉਂ?

ਮਿਤੀ 7 ਜਨਵਰੀ 2013 ਤੋਂ ਲੈ ਕੇ 27 ਫਰਵਰੀ 2013 ਤੱਕ (ਕੁੱਲ 52 ਦਿਨ) ਦਾਣਾ ਮੰਡੀ ਜਲੰਧਰ (ਪੰਜਾਬ) ਵਿੱਚ ਨਾਨਕਸਰ ਕਲੇਰਾਂ ਜਗਰਾਉਂ ਦੀ ਨਕੋਦਰ ਬ੍ਰਾਂਚ ਦੇ ਮੁਖੀ ਬਾਬਾ ਗੁਰਬਖਸ਼ ਸਿੰਘ ਜੀ ਦੀ ਦੇਖ-ਰੇਖ ਵਿੱਚ ਭਾਈ ਗੁਰਇਕਬਾਲ ਸਿੰਘ ਅੰਮ੍ਰਿਤਸਰ ਦੇ ਸਹਿਯੋਗ ਨਾਲ ਬਾਬਾ ਨੰਦ ਸਿੰਘ, ਬਾਬਾ ਈਸ਼ਰ ਸਿੰਘ, ਬਾਬਾ ਹਰਨਾਮ ਸਿੰਘ, ਬਾਬਾ ਸਾਧੂ ਸਿੰਘ ਆਦਿ ਦੀਆਂ ਸ਼ਤਾਬਦੀਆਂ ਮਨਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ ਜਿਸ ਵਿੱਚ ਗੁਰਬਾਣੀ ਪਾਠ, ਕੀਰਤਨ, ਸ਼ਬਦ ਵੀਚਾਰਾਂ ਅਤੇ ਮੂਲ ਮੰਤਰ ਦਾ ਪਾਠ 3 ਕਰੋੜ ਜਪਣ ਦਾ ਟੀਚਾ ਰੱਖਿਆ ਗਿਆ। ਸੰਗਤਾਂ ਨੂੰ ਫ੍ਰੀ ਟਾਈਮਰ (ਘੜੀ+ਕਲਕੂਲੇਟਰ) ਦਿੱਤੇ ਗਏ ਤਾਂ ਜੋ ਸੰਗਤਾਂ ਆਪੋ ਆਪਣੀਆਂ ਉਂਗਲੀਆਂ ਉੱਤੇ ਚੜ੍ਹਾ ਕੇ ਮੂਲ ਮੰਤਰ ਦਾ ਪਾਠ ਕਰਨ। ਇੱਕ ਵਾਰੀ ਮੂਲ ਮੰਤਰ “ੴ ਤੋਂ ਲੈ ਕੇ ਨਾਨਕ ਹੋਸੀ ਭੀ ਸਚੁ॥” ਤੱਕ ਪੜ੍ਹਨ ਤੋਂ ਬਾਅਦ ਪਾਠ ਕਰਨ ਵਾਲਾ ਵਿਅਕਤੀ ਇੱਕ ਵਾਰ ਟਾਈਮਰ ਨੂੰ ਦਬਾ ਦਿੰਦਾ ਸੀ ਤਾਂ ਜੋ ਕੀਤੇ ਗਏ ਪਾਠ ਦੀ ਨਾਲ-ਨਾਲ ਗਿਣਤੀ ਹੋ ਸਕੇ। ਇਹ ਪਾਠ ਅਤੇ ਗਿਣਤੀ ਕਿਤੇ ਵੀ (ਦੁਕਾਨ, ਘਰ ਆਦਿ) ਵਿੱਚ ਬੈਠ ਕੇ ਵੀ ਕੀਤੀ ਜਾ ਸਕਦੀ ਸੀ ਪਰ ਅਖੀਰਲੇ ਦਿਨ 27 ਫਰਵਰੀ 2013 ਨੂੰ ਸਾਰੀ ਸੰਗਤ ਨੂੰ ਜਲੰਧਰ ਵਿਖੇ ਬੁਲਾਇਆ ਗਿਆ ਸੀ ਤਾਂ ਜੋ ਕੀਤੇ ਪਾਠਾਂ ਦੀ ਗਿਣਤੀ ਇੱਕ ਥਾਂ ਲਿਖਵਾਈ ਜਾ ਸਕੇ। ਸੰਗਤਾਂ ਨੂੰ ਟੈਲੀਫੋਨ ਨੰਬਰ ਤੇ ਵੀ ਆਪਣੀ ਗਿਣਤੀ ਦਰਜ ਕਰਾਉਣ ਦੀ ਸੁਵਿਧਾ ਸੀ। ਪਾਠ ਦਰਜ ਕਰਾਉਣ ਲੱਗਿਆਂ ਘੰਟਾ-ਘੰਟਾ ਫੋਨ ਬਿਜ਼ੀ ਆਉਣ ਦੀਆਂ ਗੱਲਾਂ ਵੀ ਸੰਗਤਾਂ ਵਲੋਂ ਕੀਤੀਆਂ ਜਾ ਰਹੀਆਂ ਸਨ। ਮੂਲ ਮੰਤਰ ਦੇ ਪਾਠਾਂ ਦੀ ਕੁੱਲ ਗਿਣਤੀ 3 ਕਰੋੜ ਹੋਣ ਦਾ ਅਨੁਮਾਨ ਸੀ ਜੋ ਕਿ 5 ਕਰੋੜ ਤੋਂ ਵੀ ਵੱਧ ਪਹੁੰਚ ਗਈ, ਸਪੀਕਰ ਰਾਹੀਂ ਸੁਣਾਈ ਜਾ ਰਹੀ ਸੀ। ਇੱਕ ਪਾਸੇ ਸਮਾਪਤੀ ਵਾਲੇ ਦਿਨ ਸੰਗਤਾਂ ਨੂੰ ਦਾਣਾ ਮੰਡੀ ਜਲੰਧਰ ਵਿਖੇ ਬੁਲਾਇਆ ਜਾ ਰਿਹਾ ਸੀ ਜਦਕਿ ਦੂਸਰੇ ਪਾਸੇ ਬਾਬਾ ਲੱਖਾ ਸਿੰਘ (ਨਾਨਕਸਰ ਕਲੇਰਾਂ ਵਾਲੇ) ਆਪ ਮਿਤੀ 27 ਫਰਵਰੀ 2013 ਤੋਂ 29 ਫਰਵਰੀ 2013 ਤੱਕ ਆਪਣਾ ਪ੍ਰੋਗਰਾਮ ਗੁਰਦੁਆਰਾ ਸੈਂਟਰਲ ਟਾਊਨ, ਗਲੀ ਨੰ. 7, ਜਲੰਧਰ ਵਿਖੇ ਰੱਖੀ ਬੈਠੇ ਸਨ।

ਇਸ 51 ਦਿਨਾਂ ਦੇ ਸਮਾਗਮ, ਜਿਸ ਵਿੱਚ 52ਵੇਂ ਦਿਨ ਭੋਗ ਪਿਆ, ਦੌਰਾਨ ਸੁਣਨ ਵਿੱਚ ਆਇਆ ਕਿ ਆਮ ਗੁਰਦੁਆਰਿਆਂ ਵਿੱਚ ਗੁਰੂ ਜੀ ਦੇ ਗੁਰਪੁਰਬ ਕੇਵਲ 3 ਦਿਨਾਂ ਤੱਕ ਹੀ ਮਨਾਏ ਜਾਂਦੇ ਹਨ ਜਦਕਿ ਅਸੀਂ ਮਹਾਂਪੁਰਖਾਂ ਦੀਆਂ ਸ਼ਤਾਬਦੀਆਂ ਕੁੱਲ 52 ਦਿਨ ਮਨਾਉਣੀਆਂ ਹਨ। ਕੁੱਝ ਦਿਨ ਪਹਿਲਾਂ ਭਾਈ ਇਕਬਾਲ ਸਿੰਘ ਜੀ ਵਲੋਂ 51 ਸੁਖਮਨੀ ਸਾਹਿਬ ਜੀ ਦੇ ਪਾਠ ਇੱਕ ਜਿਲਤ ਵਿੱਚ ਦਰਜ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਦਾ ਗ੍ਰੰਥ ਲਿਖਣ ਦੀਆਂ ਖਬਰਾਂ ਵੀ ਪੜ੍ਹਨ/ਸੁਣਨ ਨੂੰ ਮਿਲੀਆਂ ਸਨ। ਪਰ ਇੱਥੇ ਆਪਾਂ ਵੀਚਾਰ ਕੇਵਲ ਮੂਲ ਮੰਤਰ ਕਿੱਥੋਂ ਤੱਕ ਹੈ? ਅਤੇ ਕਿਉਂ ਹੈ? ਦੀ ਹੀ ਵੀਚਾਰ ਕਰਨੀ ਹੈ ਤਾਂ ਜੋ ਹਰੇਕ ਗੁਰਸਿੱਖ ਨੂੰ ਮੂਲ ਮੰਤਰ ਦੀ ਬਨਾਵਟ ਦੀ ਸਮਝ ਆ ਜਾਵੇ।

“ਏਕੁ ਪਿਤਾ ਏਕਸ ਕੇ ਹਮ ਬਾਰਿਕ॥’ ਅਖਵਾਉਣ ਵਾਲੀ ਸਿੱਖ ਕੌਮ ਦਾ ਸ਼ਬਦ ਗੁਰੂ ਵੀ ਇੱਕ ਹੈ ਪਰ ਵੀਚਾਰਾਂ ਵਿੱਚ ਅਸਹਿਮਤੀ ਵੇਖੋ, ਮੂਲ ਮੰਤਰ ਦੀ ਬਨਾਵਟ `ਤੇ ਇਕਮਤ ਨਹੀਂ, ਮਹਲਾ 1, ਮਹਲਾ 2, ਜਾਂ ਮਹੱਲਾ 1, ਮਹੱਲਾ 2, ਸ਼ਬਦਾਂ ਦੇ ਉਚਾਰਨ ਲਈ ਨਾਸਕੀ ਧੁਨੀ (ਬਿੰਦੀ) ਦਾ ਉਚਾਰਨ ਕਰਨਾ ਹੈ ਜਾਂ ਨਹੀਂ, ਰਹਿਰਾਸ ਸਾਹਿਬ ਦਾ ਸਰੂਪ ਛੋਟਾ ਪੜ੍ਹਨਾ ਹੈ ਜਾਂ ਵੱਡਾ, ਸੁਭ੍ਹਾ ਨਿਤਨੇਮ ਦੀਆਂ ਪੜ੍ਹੀਆਂ ਜਾਣ ਵਾਲੀਆਂ ਬਾਣੀਆਂ ਤਿੰਨ ਜਾਂ ਪੰਜ, ਗੁਰੂ ਨਾਨਕ ਦੇਵ ਜੀ ਦਾ ਜਨਮ ਕੱਤਕ ਜਾਂ ਵਿਸਾਖ ਵਿਚ, ਇਸੇ ਤਰ੍ਹਾਂ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਉਤਸਵ, ਨਾਨਕਸ਼ਾਹੀ ਕੈਲੰਡਰ, ਰਾਗਮਾਲਾ ਆਦਿ ਅਨੇਕਾਂ ਵਿਸ਼ੇ ਹਨ ਜਿਨ੍ਹਾਂ ਉੱਪਰ ਇਹ ਵਿਵੇਕੀ ਗੁਰੂ ਜੀ ਦੀ ਔਲਾਦ ਇਕਮਤ ਨਹੀਂ। ਆਖਿਰ ਐਸਾ ਕਿਉਂ ਹੋ ਰਿਹਾ ਹੈ। ਇਸ ਦਾ ਮੁਢਲੇ ਤੌਰ `ਤੇ ਇੱਕ ਹੀ ਕਾਰਨ ਹੈ ਉਹ ਹੈ ਗੁਰਬਾਣੀ ਦੀ ਲਿਖਣ ਸ਼ੈਲੀ। ਗੁਰਬਾਣੀ ਜਾਂ ਕਹਿ ਸਕਦੇ ਹਾਂ ਕਿ ਅਜੋਕੀ ਪੰਜਾਬੀ ਦੀ ਲਿਖਣ ਸ਼ੈਲੀ ਅਤੇ ਪੰਜ ਸੌ ਸਾਲ ਪਹਿਲਾਂ ਦੀ ਲਿਖਣ ਸ਼ੈਲੀ। ਇੱਕ ਧੜਾ ਇਸ ਲਿਖਣ ਸ਼ੈਲੀ ਦੇ ਅੰਤਰ ਨੂੰ ਮੰਨਦਾ ਹੈ ਜਦਕਿ ਦੂਸਰਾ ਧੜਾ ਇਸ ਸਿਧਾਂਤ ਨੂੰ ਨਹੀਂ ਮੰਨਦਾ। ਜਿਸ ਦਾ ਸਿੱਟਾ ਕੁੱਝ ਕੁ ਉਕਤ ਬਿਆਨ ਕੀਤੇ ਵਿਸ਼ਿਆਂ `ਤੇ ਪੈ ਰਿਹਾ ਹੈ। ਉਦਾਹਰਣ ਵਜੋਂ ਮੂਲ ਮੰਤਰ ਦੇ ਸਰੂਪ ਨੂੰ ਹੀ ਲੈ ਲਈਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮੂਲ ਮੰਤਰ ਦੀ ਬਣਤਰ ਚਾਰ ਤਰ੍ਹਾਂ ਨਾਲ ਦਰਜ ਕੀਤੀ ਨਜ਼ਰ ਆਉਂਦੀ ਹੈ, (1) ੴ ਸਤਿਗੁਰ ਪ੍ਰਸਾਦਿ॥ (544 ਵਾਰ); (2) ੴ ਸਤਿਨਾਮੁ ਗੁਰ ਪ੍ਰਸਾਦਿ (ਦੋ ਵਾਰ); (3) ੴ ਸਤਿਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ॥ (9 ਵਾਰ); ਅਤੇ ਸੰਪੂਰਨ ਮੂਲ ਮੰਤ੍ਰ (33 ਵਾਰ), ਜਿਸ ਦਾ ਸਰੂਪ ਇਸ ਪ੍ਰਕਾਰ ਹੈ,” ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥” ਇੱਥੇ ਅੱਗੇ ਵੀਚਾਰ ਕਰਨ ਤੋਂ ਪਹਿਲਾਂ ਮੂਲ ਮੰਤ੍ਰ ਦੀ ਲਗਭਗ 540 ਸਾਲ ਪਹਿਲਾਂ ਦੀ ਲਿਖੀ ਹੋਈ ਲਿਖਣ ਸ਼ੈਲੀ ਵੱਲ ਦੂਸਰੀ ਵਾਰ ਨਜ਼ਰ ਮਾਰੀ ਜਾਵੇ, ਤਾਂ ਕੀ ਨਜ਼ਰ ਆਵੇਗਾ ਕਿ ਸੰਪੂਰਨ ਮੂਲ ਮੰਤਰ ਵਿੱਚ 4 ਸ਼ਬਦ ਐਸੇ ਹਨ ਜਿਨ੍ਹਾਂ ਦੇ ਅਖੀਰ ਵਿੱਚ ਔਕੜ ਲੱਗਾ ਹੋਇਆ ਹੈ (ਨਾਮੁ, ਪੁਰਖੁ, ਨਿਰਭਉ ਅਤੇ ਨਿਰਵੈਰੁ), ਤਿੰਨ ਸ਼ਬਦ ਐਸੇ ਹਨ ਜਿਨ੍ਹਾਂ ਦੇ ਅੰਤ ਵਿੱਚ ਸਿਹਾਰੀ ਲੱਗੀ ਹੋਈ ਹੈ (ਸਤਿ, ਮੂਰਤਿ ਅਤੇ ਪ੍ਰਸਾਦਿ) ਅਤੇ ਦੋ ਸ਼ਬਦ ਐਸੇ ਮਿਲਣਗੇ ਜਿਨ੍ਹਾਂ ਦੇ ਅੰਤ ਵਿੱਚ ਔਕੜ ਅਤੇ ਸਿਹਾਰੀ ਵੀ ਨਹੀਂ ਹੈ (ਅਕਾਲ ਅਤੇ ਗੁਰ) ਹੁਣ ਇਹ ਭਿੰਨਤਾ ਕਿਉਂ? ਗੁਰਬਾਣੀ ਦੀ ਲਿਖਣ ਸ਼ੈਲੀ ਨੂੰ ਥੋੜ੍ਹਾ ਵੀਚਾਰਿਆਂ ਪਤਾ ਲੱਗੇਗਾ ਕਿ ਅੰਤ ਵਿੱਚ ਜਿਨ੍ਹਾਂ ਸ਼ਬਦਾਂ ਨੂੰ ਕੋਈ ਮਾਤ੍ਰਾ ਨਹੀਂ ਉਹਨਾਂ ਦੇ ਅਰਥ ਕਰਨ ਲੱਗਿਆਂ ਉਹਨਾਂ ਤੋਂ ਅਗਲੇ ਸ਼ਬਦ ਦੀ ਮਦਦ ਲਈ ਗਈ ਹੈ ਜਿਵੇਂ ਕਿ ਅਕਾਲ (ਮੂਰਤਿ) ਅਤੇ ਗੁਰ (ਪ੍ਰਸਾਦਿ)। ਹੁਣ ਅਗਲੀ ਵੀਚਾਰ ਤੋਂ ਪਹਿਲਾਂ ਸੰਪੂਰਨ ਮੂਲ ਮੰਤਰ ਦੇ ਅਰਥ ਕਰ ਲੈਣੇ ਲਾਹੇਵੰਦ ਹੋਣਗੇ।

ਅਰਥ: ੴ, ਪਰਮਾਤਮਾ ਇੱਕ ਹੈ ਜੋ ਕਣ ਕਣ ਵਿੱਚ ਵਿਆਪਕ ਹੈ।

ਸਤਿ ਨਾਮ, ਉਸ ਦਾ ਨਾਮਣਾ (ਵਡਿਆਈ) ਸਦੀਵ ਰਹਿਣ ਵਾਲੀ ਹੈ (ਸਤਿ ਨੂੰ ਸਿਹਾਰੀ ਇਸ ਲਈ ਲੱਗੀ ਹੈ ਕਿਉਂਕਿ ਇਹ ਸ਼ਬਦ ਪੰਜਾਬੀ ਦਾ ਨਹੀਂ ਸੰਸਕ੍ਰਿਤ ਦਾ ਹੈ ਜਿਸ ਦੀ ਆਪਣੀ ਭਾਸ਼ਾ ਵਿੱਚ ਬਣਤਰ ‘ਸਤਯੇ’ ਹੈ। ਪੰਜਾਬੀ ਵਿੱਚ ਅੱਧਾ ‘ਯੇ’ ਲਿਖਣ ਦਾ ਪ੍ਰਾਵਧਾਨ ਨਹੀਂ ਜਿਸ ਕਾਰਨ ਅੱਧਾ ‘ਯੇ’ ਸਿਹਾਰੀ ਵਿੱਚ ਬਦਲ ਜਾਂਦਾ ਹੈ।

ਕਰਤਾ, (ੴ) ਸਭ ਨੂੰ ਪੈਦਾ ਕਰਨ ਵਾਲਾ ਹੈ।

ਪੁਰਖੁ, (ਉਹ) ਸਰਬ ਵਿਆਪਕ ਸ੍ਰੇਸਟ ਪੁਰਸ਼ ਹੈ।

ਨਿਰਭਉ, (ਉਹ) ਨਿਡਰ ਹੈ (ਕਿਉਂਕਿ)

ਨਿਰਵੈਰੁ, ਕਿਸੇ ਨਾਲ ਵੈਰ ਭਾਵਨਾ ਨਹੀਂ।

ਅਕਾਲ ਮੂਰਤਿ, ਉਸ ਦੀ ਹੋਂਦ (ਹਸਤੀ) ਸਮੇਂ ਦੇ ਪ੍ਰਭਾਵ ਤੋਂ ਮੁਕਤ ਹੈ।

ਅਜੂਨੀ, (ਵਿਆਪਕ ਹੋਣ ਦੇ ਬਾਵਜੂਦ ਵੀ) ਜੂਨਾਂ ਵਿੱਚ ਨਹੀਂ ਆਉਂਦਾ।

ਸੈਭੰ, ਉਸ ਦੀ ਬਣਤਰ (ਪੈਦਾਇਸ਼) ਸ੍ਵੈਮ (ਆਪਣੇ) ਆਪ ਤੋਂ ਪੈਦਾ ਹੋਈ ਹੈ।

ਗੁਰ ਪ੍ਰਸਾਦਿ, ਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

(ਨੋਟ,’ ਪ੍ਰਸਾਦਿ’ ਦੀ ਸਿਹਾਰੀ ‘ਨਾਲ, ਰਾਹੀਂ, ਦੁਆਰਾ’ ਦੇ ਅਰਥਾਂ ਲਈ ਵਰਤੀ ਗਈ ਹੈ। ਸੰਪੂਰਣ ਮੂਲ ਮੰਤ੍ਰ ਵਿੱਚ ‘ੴ’ ਦੇ ਗੁਣ (ਵਿਸ਼ੇਸ਼ਣ) ਦੱਸ ਕੇ ਅੰਤ ਵਿੱਚ ਉਸ ਦੇ ਮਿਲਣ ਦੀ ਜੁਗਤੀ ਦੱਸੀ ਗਈ ਹੈ। ਪਰ ਕੁੱਝ ਵੀਰ ਗੁਰਬਾਣੀ ਦੀ ਉਕਤ ਦਰਸਾਈ ਲਿਖਣ ਸ਼ੈਲੀ ਨੂੰ ਨਾ ਮੰਨਦੇ ਹੋਏ ‘ਗੁਰ’ ਸ਼ਬਦ ਦੇ ਅਰਥ ਕਰਦੇ ਹਨ ਕਿ ਉਹ ਵੱਡਾ ਹੈ। ‘ਪ੍ਰਸਾਦਿ’ ਦੇ ਅਰਥ ਕਰਦੇ ਹਨ ਕਿ ਉਹ ਦਿਆਲੂ ਹੈ, ਜਿਸ ਕਾਰਨ ਉਹਨਾਂ ਲਈ ਮੂਲ ਮੰਤਰ ‘ਗੁਰ ਪ੍ਰਸਾਦਿ’ ਤੋਂ ਵੀ ਅੱਗੇ॥ ਜਪੁ॥ ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥ 1॥” ਤੱਕ ਚਲਾ ਜਾਂਦਾ ਹੈ। “ਨਾਨਕ ਹੋਸੀ ਭੀ ਸਚੁ॥” ਤੱਕ ਮੂਲ ਮੰਤਰ ਪੜ੍ਹਨ ਨਾਲ ਜਗਿਆਸੂ ਦੇ ਮਨ ਵਿੱਚ ਕਈ ਸਵਾਲ ਪੈਦਾ ਹੁੰਦੇ ਹਨ:

ਪ੍ਰਸ਼ਨ 1. ਨਾਮੁ, ਪੁਰਖੁ, ਨਿਰਭਉ ਅਤੇ ਨਿਰਵੈਰੁ ਸ਼ਬਦਾਂ ਦੀ ਤਰ੍ਹਾਂ ‘ਗੁਰ ਅਤੇ ਪ੍ਰਸਾਦਿ’ ਨੂੰ ‘ਗੁਰੁ ਅਤੇ ਪ੍ਰਸਾਦੁ’ ਕਿਉਂ ਨਹੀਂ ਲਿਖਿਆ? ਜਦਕਿ ਗੁਰਬਾਣੀ ਵਿੱਚ ਇਹਨਾਂ ਸ਼ਬਦਾਂ ਦੀ ਬਣਤਰ ਮੌਜੂਦ ਹੈ ਜਿਵੇਂ ਕਿ (1) ਗੁਰੁ, ਗੁਰੁ ਈਸਰੁ ਗੁਰੁ ਗੋਰਖੁ ਬਰਮਾ ਗੁਰੁ ਪਾਰਬਤੀ ਮਾਈ॥ (ਜਪੁ) ਅਤੇ ‘ਪ੍ਰਸਾਦੁ’, ਨਾਨਕ ਪ੍ਰਭ ਸਰਣਾਗਤੀ, ਕਰਿ ਪ੍ਰਸਾਦੁ ਗੁਰਦੇਵ॥ ਸੁਖਮਨੀ ਮ: 5, ਪੰਨਾ 269); ਭਇਓ ਪ੍ਰਸਾਦੁ ਕ੍ਰਿਪਾ ਨਿਧਿ ਠਾਕੁਰ ਸਤਿਸੰਗਿ ਪਤਿ ਪਾਈ॥ (ਮ: 5, ਪੰਨਾ 1000), ਸੋਧਉ ਮੁਕਤਿ ਕਹਾ ਦੇਉ ਕੈਸੀ, ਕਰਿ ਪ੍ਰਸਾਦੁ ਮੋਹਿ ਪਾਈ ਹੈ। (ਕਬੀਰ ਪੰਨਾ 1104), “ਕਰਿ ਪ੍ਰਸਾਦੁ ਇਕੁ ਖੇਲੁ ਦਿਖਾਇਆ॥” (ਮ: 3, ਪੰਨਾ 1128) ਅਤੇ “ਗੁਰਮਖਿ ਪਾਈਐ ਨਾਮ ਪ੍ਰਸਾਦੁ”॥ (ਮ: 3 1174)

ਪ੍ਰਸ਼ਨ 2. ਜਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵਰਤੇ ਕੁੱਲ ਮੂਲ ਮੰਤਰ 568, ਸਾਰੇ ਹੀ “ਗੁਰ ਪ੍ਰਸਾਦਿ”॥ `ਤੇ ਸਮਾਪਤ ਹੁੰਦੇ ਹਨ ਤਾਂ ਇੱਥੇ “ਨਾਨਕ ਹੋਸੀ ਭੀ ਸਚੁ॥” ਤੱਕ ਕਿਉਂ ਪੜ੍ਹਿਆ ਜਾਂਦਾ ਹੈ?

ਪ੍ਰਸ਼ਨ 3. ਜਪੁ ਜੀ ਸਾਹਿਬ, ਸੁਖਮਨੀ ਸਾਹਿਬ, ਰਹਿਰਾਸ ਸਾਹਿਬ ਅਤੇ ਕੀਰਤਨ ਸੋਹਿਲਾ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਵੀ ਦਰਜ ਨਹੀਂ ਕੀਤੇ ਗਏ ਹਨ। ਇਹ ਕੇਵਲ ਸਤਿਕਾਰ ਵਜੋਂ ਸਿੱਖ ਕੌਮ ਆਪਣੇ ਵਲੋਂ ਉਚਾਰ ਰਹੀ ਹੈ। “ਗੁਰ ਪ੍ਰਸਾਦਿ” ਤੋਂ ਬਾਅਦ ਵਰਤਿਆ ਸ਼ਬਦ “॥ ਜਪੁ॥” ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਪਹਿਲੀ ਬਾਣੀ ਦਾ ਨਾਮ ਹੈ ਜੋ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਤਤਕਰੇ `ਤੇ ਪੰਨਾ ਨੰ. 1 ਕਰਕੇ ਦਰਸਾਇਆ ਗਿਆ ਹੈ। ਇਸ ਸਿਰਲੇਖ ਦੇ ਦੋਵੇਂ ਪਾਸੇ ਲੱਗੇ॥ (ਡੰਡੇ) ਦਾ ਚਿੰਨ੍ਹ, ਇਸ ਦਾ ਪ੍ਰਤੱਖ ਸਬੂਤ ਹੈ, ਜਿਸ ਨੂੰ ਮੂਲ ਮੰਤਰ ਦਾ ਹਿੱਸਾ ਕਿਉਂ ਮੰਨ ਰਹੇ ਹਨ?

ਪ੍ਰਸ਼ਨ 4. ਜੇਕਰ ਇਹਨਾਂ ਵੀਰਾਂ ਦੀ ਮੰਨ ਕੇ ਮੂਲ ਮੰਤਰ “ਨਾਨਕ ਹੋਸੀ ਭੀ ਸਚੁ”॥ ਤੱਕ ਮੰਨ ਵੀ ਲਿਆ ਜਾਏ ਤਾਂ ਇੱਕ ਬਹੁਤ ਹੀ ਵੱਡਾ ਪ੍ਰਸ਼ਨ ਖੜ੍ਹਾ ਹੁੰਦਾ ਹੈ। ਉਸ ਨੂੰ ਸਮਝਣ ਤੋਂ ਪਹਿਲਾਂ ਇਹ ਜਾਣ ਲੈਣਾ ਜ਼ਰੂਰੀ ਹੈ ਜੋ ਅਟੱਲ ਸੱਚਾਈ ਵੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਬਾਣੀ ਦੀ ਤਰਤੀਬ, ਵਾਰਾਂ ਨਾਲ ਸਲੋਕ ਅਤੇ ਜਗ੍ਹਾ ਜਗ੍ਹਾ ਮੂਲ ਮੰਤ੍ਰ ਨੂੰ ਬਹੁਤੇ ਥਾਈਂ ਪੰਜਵੇਂ ਪਾਤਸ਼ਾਹ ਜੀ ਵਲੋਂ ਦਰਜ ਕੀਤਾ ਗਿਆ ਹੈ ਜਿਸ ਦਾ ਸਬੂਤ ਸਲੋਕ ਵਾਰਾਂ ਤੋਂ ਵਧੀਕ ਅਤੇ ਭਗਤਾਂ, ਭੱਟਾਂ ਅਤੇ ਗੁਰਸਿੱਖਾਂ ਦੀ ਬਾਣੀ ਨਾਲ ਦਰਜ ਮੂਲ ਮੰਤਰ ਤੋਂ ਮਿਲਦਾ ਹੈ।

ਹੁਣ ਕੁੱਝ ਸਮੇਂ ਲਈ ਜਪੁ, ਸੁਖਮਨੀ ਅਤੇ ਆਸਾ ਕੀ ਵਾਰ ਬਾਣੀ ਨਾਲੋਂ ਮੂਲ ਮੰਤਰ ਨੂੰ ਕੁੱਝ ਸਮੇਂ ਲਈ ਹਟਾ ਕੇ ਬਾਕੀ ਰਚੀ ਬਾਣੀ ਦੀ ਸ਼ੁਰੂਆਤ ਨੂੰ ਵੀਚਾਰਿਆ ਜਾਏ ਤਾਂ ਪ੍ਰਤੀਤ ਹੋਵੇਗਾ ਕਿ ਗੁਰੂ ਜੀ ਵਲੋਂ ਕੋਈ ਵੀ ਸਿਧਾਂਤਕ ਗੱਲ ਕਰਨ ਤੋਂ ਪਹਿਲਾਂ ਆਪਣੇ ਇਸ਼ਟ ਨੂੰ ਯਾਦ ਕੀਤਾ ਗਿਆ ਹੈ ਜਿਵੇਂ, ਆਸਾ ਦੀ ਵਾਰ ਵਿੱਚ (ਮੂਲ ਮੰਤਰ ਤੋਂ ਬਿਨਾਂ ਸ਼ੁਰੂਆਤ) ਸਲੋਕ ਮ: 1॥ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ॥ ਜਿਨਿ ਮਾਣਸ ਤੇ ਦੇਵਤੇ ਕੀਏ, ਕਰਤ ਨ ਲਾਗੀ ਵਾਰ॥ (ਪੰਨਾ 462), ਭਾਵ, ਮੈਂ ਆਪਣੇ ਗੁਰੂ ਤੋਂ ਸੌ ਵਾਰ ਦਿਨ ਵਿੱਚ ਕੁਰਬਾਨ ਜਾਂਦਾ ਹਾਂ ਜਿਸ ਨੇ ਆਮ ਇਨਸਾਨ ਨੂੰ ਦੇਵਤੇ ਬਣਾ ਦਿੱਤਾ। ‘ਸੁਖਮਨੀ’, ਬਾਣੀ ਨਾਲੋਂ ਮੂਲ ਮੰਤਰ ਹਟਾ ਕੇ ਪੜ੍ਹਨ ਨਾਲ ਸ਼ੁਰੂਆਤ “ਆਦਿ ਗੁਰਏ ਨਮਹ॥ ਜੁਗਾਦਿ ਗੁਰਏ ਨਮਹ॥ ਸਤਿਗੁਰਏ ਨਮਹ॥ ਸ੍ਰੀ ਗੁਰਦੇਵਏ ਨਮਹ॥ (ਪੰਨਾ 262) ਭਾਵ, ਸ੍ਰਿਸ਼ਟੀ ਦੇ ਰਚਨ ਤੋਂ ਪਹਿਲਾਂ ਜੋ ਵੱਡਾ ਸੀ, ਨੂੰ ਮੇਰੀ ਨਮਸਕਾਰ। ਜੁਗਾਂ ਦੇ ਮੁਢ ਵਿੱਚ ਵੀ ਜੋ ਸਭ ਤੋਂ ਵੱਡਾ ਸੀ, ਨੂੰ ਨਮਸਕਾਰ। ਸਦਾ ਥਿਰ ਰਹਿਣ ਵਾਲੇ ਵੱਡੇ ਪ੍ਰਭੂ ਜੀ ਨੂੰ ਮੇਰੀ ਨਮਸਕਾਰ। (ਜੋ ਐਸੇ ਪ੍ਰਭੂ ਜੀ ਦੇ ਦਰਸ਼ਨ ਕਰਵਾਉਂਦਾ ਹੈ ਉਸ) ਗੁਰੂ ਨੂੰ ਵੀ ਨਮਸਕਾਰ। ਇਹੀ ਭਾਵਨਾ ‘ਜਪੁ’ ਬਾਣੀ ਦੇ ਸ਼ੁਰੂਆਤੀ ਸਲੋਕ “ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥ 1॥” ਵਿੱਚ ਦਰਜ ਕੀਤੀ ਗਈ ਹੈ ਪਰ ਇਸ ਮੰਗਲਾਚਰਨ ਸਲੋਕ ਨੂੰ ਮੂਲ ਮੰਤਰ ਦਾ ਹਿੱਸਾ ਮੰਨਣ ਨਾਲ ‘ਜਪੁ’ ਦੀ ਸ਼ੁਰੂਆਤ “ਸੋਚੈ ਸੋਚਿ ਨ ਹੋਵਈ॥ ਜੇ ਸੋਚੀ ਲਖ ਵਾਰ॥” ਤੋਂ ਹੁੰਦੀ ਹੈ। ਵੀਚਾਰਨ ਵਾਲੀ ਗੱਲ ਇਹ ਹੈ ਕੀ ਇੱਥੇ ਗੁਰੂ ਜੀ ਨੇ ਸੁਖਮਨੀ, ਆਸਾ ਕੀ ਵਾਰ ਆਦਿ ਬਾਣੀਆਂ ਦੀ ਤਰ੍ਹਾਂ ਆਪਣੇ ਇਸ਼ਟ ਨੂੰ ਯਾਦ ਨਹੀਂ ਕੀਤਾ? ਜਪੁ ਬਾਣੀ ਦੀ ਇਸ ਪਹਿਲੀ ਪਉੜੀ ਦੇ ਅਰਥ, ਤੀਰਥਾਂ `ਤੇ ਇਸ਼ਨਾਨ ਕਰਨ ਨਾਲ ਮਨ ਸਾਫ (ਸੁੱਚਾ) ਨਹੀਂ ਹੁੰਦਾ ਬੇਸ਼ੱਕ ਮੈਂ ਲੱਖਾਂ ਵਾਰ ਤੀਰਥ ਇਸ਼ਨਾਨ ਕਰਾਂ। ਕੀ ਗੁਰੂ ਨਾਨਕ ਦੇਵ ਜੀ ਇੱਥੇ ਆਪਣੇ ਇਸ਼ਟ ਨੂੰ ਯਾਦ ਕਰਨਾ ਭੁੱਲ ਗਏ?

ਪ੍ਰਸ਼ਨ 5. ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਅੱਜ ਤੱਕ ਸੁਭ੍ਹਾ ਦੀਆਂ ਦੋ ਬਾਣੀਆਂ ਪੜ੍ਹਨ ਦੇ ਸਬੂਤ ਬੇਅੰਤ ਥਾਈਂ ਮਿਲਦੇ ਹਨ। ਉਹ ਦੋ ਬਾਣੀਆਂ ਹਨ,’ ਜਪੁ’ ਅਤੇ ‘ਆਸਾ ਦੀ ਵਾਰ’। ਦੋਵਾਂ ਦੇ ਸ਼ੁਰੂਆਤ ਵਿੱਚ ਮੂਲ-ਮੰਤ੍ਰ ਵੀ ਸੰਪੂਰਨ ਦਰਜ ਹੈ ਜੋ ਕਿ “ੴ ਤੋਂ ਗੁਰ ਪ੍ਰਸਾਦਿ॥” ਤੱਕ ਇਕੋ ਜਿਹਾ ਹੈ। ਇਸ ਸੱਚਾਈ ਨੂੰ ਕੁੱਝ ਵੀਰ ਕਿਉਂ ਨਹੀਂ ਮੰਨ ਰਹੇ?

ਪ੍ਰਸ਼ਨ 6.‘ਆਦਿ ਸਚੁ’ ਤੋਂ ‘ਨਾਨਕ ਹੋਸੀ ਭੀ ਸਚੁ॥’ ਤੱਕ ਵਾਲਾ ਸਲੋਕ ਪੰਜਵੇਂ ਪਾਤਸ਼ਾਹ ਜੀ ਨੇ ਥੋੜ੍ਹੀ ਤਬਦੀਲੀ ਨਾਲ ਸੁਖਮਨੀ ਬਾਣੀ ਦੀ 16ਵੀਂ ਅਸ਼ਟਪਦੀ ਦੇ ਅੱਗੇ ਦਰਜ ਕੀਤਾ ਹੈ। ਜੇਕਰ ਇਹ ਮੂਲ ਮੰਤ੍ਰ ਦਾ ਹਿੱਸਾ ਹੈ ਤਾਂ ਪੰਜਵੇਂ ਪਾਤਸ਼ਾਹ ਜੀ ਨੇ ਉੱਥੇ ਅੱਧਾ ਮੂਲ-ਮੰਤ੍ਰ ਕਿਉਂ ਦਰਜ ਕੀਤਾ ਜਦਕਿ ਉੱਥੇ ਉੱਪਰ ਸਲੋਕ ਸ਼ਬਦ ਵੀ ਦਰਜ ਹੈ। ਇਸੇ ਤਰ੍ਹਾਂ ‘ਜਪੁ’ ਬਾਣੀ ਦਾ ਅਖੀਰਲਾ ਸਲੋਕ ‘ਪਵਣੁ ਗੁਰੂ ਪਾਣੀ ਪਿਤਾ ….॥’ ਵੀ ਕੁੱਝ ਅੰਤਰ ਨਾਲ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਦੇ ਸਿਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 146 `ਤੇ ਦਰਜ ਹੈ।

ਹੋਰ ਵੀ ਕਈ ਪ੍ਰਸ਼ਨ ਖੜ੍ਹੇ ਹੁੰਦੇ ਹਨ। ਲੇਖ ਦੀ ਵਿਸਥਾਰਤਾ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਯੋਗ ਵਿੱਚ ਨਹੀਂ ਲਿਆ ਜਾ ਰਿਹਾ ਹੈ।

ਅਸਲ ਸੱਚਾਈ ਤਾਂ ਇਹ ਹੈ ਕਿ “ਜਪੁ” ਸ਼ਬਦ ਬਾਣੀ ਦਾ ਉਸ ਤਰ੍ਹਾਂ ਹੀ ਸਿਰਲੇਖ ਹੈ ਜਿਵੇਂ ਕਿ “ਜਾਪੁ”। ਜਿਨ੍ਹਾਂ ਦਾ ਅਰਥ ਹੈ ਪ੍ਰਭੂ ਜੀ ਦਾ ਸਿਮਰਨ ਜਾਂ ਪ੍ਰਭੂ ਜੀ ਦੇ ਗੁਣਾਂ ਨਾਲ ਸੰਪੂਰਨ ਬਾਣੀ, ‘ਜਪੁ’ ਬਾਣੀ ਦੇ ਸ਼ੁਰੂ ਅਤੇ ਅਖੀਰ ਵਿੱਚ ਇੱਕ ਇੱਕ ਸਲੋਕ ਦਰਜ ਕੀਤਾ ਗਿਆ ਹੈ ਇਹਨਾਂ ਦੋਵੇਂ ਸਲੋਕਾਂ ਵਿਚਕਾਰ 38 ਪਉੜੀਆਂ ਵਿੱਚ ‘ਜਪੁ’ ਸਿਰਲੇਖ ਦਾ ਵਿਸਥਾਰ ਹੈ, ਜਿਸ ਨੂੰ ਵਿਚਾਰਿਆਂ ਹੀ ‘ਜਪੁ’ ਸ਼ਬਦ ਦੇ ਅਰਥ ਸਮਝ ਵਿੱਚ ਆਉਂਦੇ ਹਨ।

ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਮਾਣਿਤ ਅਤੇ ਸ਼੍ਰੋਮਣੀ ਕਮੇਟੀ ਦੁਆਰਾ ਛਾਪੀ ਅਤੇ ਲੱਖਾਂ ਦੀ ਤਾਦਾਦ ਵਿੱਚ ਵੰਡੀ ਜਾਂਦੀ ਸਿੱਖ ਰਹਿਤ ਮਰਯਾਦਾ ਵਿੱਚ ਦਰਜ ‘ਅੰਮ੍ਰਿਤ ਸੰਸਕਾਰ’ ਸਿਰਲੇਖ ਦੇ (ਞ) ਕਾਲਮ ਵਿੱਚ ਦਰਜ ਕਿ ਅੰਮ੍ਰਿਤ ਛਕਣ ਵਾਲੇ ਪ੍ਰਾਣੀਆਂ ਤੋਂ ਪੰਜ ਪਿਆਰੇ ਮੂਲ ਮੰਤਰ “ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ॥” ਦਾ ਜਾਪ ਰਟਨ ਕਰਵਾਉਣ। ਇੱਥੇ ਮੂਲ ਮੰਤ੍ਰ “ਨਾਨਕ ਹੋਸੀ ਭੀ ਸਚੁ” ਤੱਕ ਦਾ ਕੋਈ ਜ਼ਿਕਰ ਨਹੀਂ।

ਸਿੱਖ ਸਮਾਜ ਵਿੱਚ ਕੁੱਝ ਸੰਸਥਾਵਾਂ ‘ਸਿੱਖ ਰਹਿਤ ਮਰਯਾਦਾ’ ਵਿੱਚ ਦਰਜ ਨਿਤਨੇਮ ਦੀਆਂ ਬਾਣੀਆਂ ਨਾਲੋਂ ਭਗਤਾਂ ਨੂੰ ਤੋੜ ਕੇ ਸੁਖਮਨੀ, ਦੁੱਖ ਭੰਜਨੀ, ਚੌਪਹਰਾ, ਚੌਪਈ, ਵੱਡੀ (ਰਹਿਰਾਸ), “ਨਾਨਕ ਹੋਸੀ ਭੀ ਸਚੁ॥” ਤੱਕ ਮੂਲ ਮੰਤਰ ਨਾਲ ਜੋੜਨ ਦੀਆਂ ਚਾਲਾਂ ਚੱਲ ਰਹੀਆਂ ਹਨ। ਹੋ ਸਕਦਾ ਹੈ ਕਿ ਪੰਥ ਦੋਖੀ, ਗੁਰਮਤਿ ਵਿਚਾਰਧਾਰਾ ਦੇ ਵਿਰੋਧੀ ਐਸੀਆਂ ਲਹਿਰਾਂ ਨੂੰ ਵਧਾਵਾ ਦੇ ਰਹੇ ਹੋਣ। ਸੰਗਤਾਂ ਨੂੰ ਵੀ ਨਿਰੀ ਸ਼ਰਧਾ ਦੀ ਬਜਾਏ ਬਿਬੇਕ (ਸ਼ਬਦ ਵੀਚਾਰ) ਤੋਂ ਕੰਮ ਲੈਣਾ ਚਾਹੀਦਾ ਹੈ। ਭੁੱਲ-ਚੁਕ ਦੀ ਖ਼ਿਮਾ।

ਆਪ ਜੀ ਦੇ ਸੁਝਾਅ ਦੀ ਉਡੀਕ ਵਿਚ,

ਅਵਤਾਰ ਸਿੰਘ ‘ਗਿਆਨੀ’

ਠੂਠਿਆਂਵਾਲੀ, ਮਾਨਸਾ, ਮੋਬਾ: 98140-35202




.