.

ਦੁਖ ਸੁਖ

ਵੀਰ ਭੁਪਿੰਦਰ ਸਿੰਘ

‘‘ਇਹ ਦੁਨੀਆ ਦੁਖਾਂ ਦਾ ਘਰ ਹੈ। ਇਥੇ ਜੰਮਣ ਵੇਲੇ ਵੀ ਦੁਖ ਅਤੇ ਮਰਨ ਵੇਲੇ ਦੁਖ। ਇਥੇ ਤਾਂ ਸਾਰਾ ਜੀਵਨ ‘ਦੁਖ ਹੀ ਦੁਖ ਹਨ।’’

ਇਹ ਵਿਚਾਰਨਾ ਜ਼ਰੂਰੀ ਹੈ ਕਿ ਇਹ ਵਿਚਾਰਧਾਰਾ ਕਿਥੋਂ ਅਤੇ ਕਿਉਂ ਆਈ ਇਸ ਕਿਸਮ ਦੀ ਸੋਚ ਨੇ ਮਨੁੱਖ ਨੂੰ ਸਰੀਰਕ ਜਨਮ ਮੁੜ ਕੇ ਨਾ ਧਾਰਨ ਕਰਨਾ ਪਵੇ ਵਾਲੀ ਵਿਚਾਰ ਵਲ ਪ੍ਰੇਰਿਆ। ਇਸ ਕਰਕੇ ਹੀ ਕਰਮਾਂ ਦੀ ਫਿਲਾਸਫ਼ੀ, ਆਵਾਗਵਨ, ਪੁਨਰਜਨਮ ਜਾਂ ਸਵਰਗ, ਨਰਕ, ਪਾਪ-ਪੁੰਨ ਜੈਸੀਆਂ ਵਿਚਾਰਧਾਰਾਵਾਂ ਨੇ ਜਨਮ ਲਿਆ ਅਤੇ ਇਸੇ ਕਰਕੇ ਹੀ ਮਨੁੱਖ ਨੇ ਵੱਖ-ਵੱਖ ਧਰਮਾਂ, ਮਜ਼ਹਬਾਂ, ਥਾਵਾਂ, ਬੋਲੀਆਂ ਕਰਕੇ ਸਰੀਰਕ ਮਰਨ ਮਗਰੋਂ ਮੁਕਤੀ ਦੇ ਫਲਸਫੇ ਪਰਚਾਰੇ ਹਨ। ਇਸੇ ਕਰਕੇ ਸਰੀਰਕ ਮਰਨ ਮਗਰੋਂ ਮ੍ਰਿਤਕ ਪ੍ਰਾਣੀ ਦੇ ਨਮਿਤ ਕਰਮ ਕਾਂਡ, ਅੰਤਮ ਸੰਸਕਾਰ, ਵਰ੍ਹੀਣਾ ਜਾਂ ਅਨੇਕਾਂ ਭਰਮ ਵਹਿਮ, ਪਾਖੰਡ ਰਚੇ ਹਨ। ਜਿਨ੍ਹਾਂ ਨੂੰ ਧਰਮ ਦੇ ਨਾਮ ਹੇਠ ਵਰਤ ਕੇ ਕਈ ਮਨੁੱਖ ਆਪਣੀ ਰੋਜ਼ੀ ਰੋਟੀ ਚਲਾਉਂਦੇ ਹਨ। ਉਹ ਐਸੇ-ਐਸੇ ਪਾਖੰਡਾਂ ਦਾ ਪ੍ਰਚਾਰ ਕਰਦੇ ਹਨ ਜਿਨ੍ਹਾਂ ਰਾਹੀਂ ਮਨੁੱਖ ਸਰੀਰਕ ਜਨਮ ਤੋਂ ਲੈ ਕੇ ਮਰਨ (ਮੌਤ) ਤਕ ਜਿਤਨੇ ਵੀ ਕਰਮ ਕਰੇਗਾ, ਜੋ ਵੀ ਨਫੇ ਨੁਕਸਾਨ ਹੰਢਾਏਗਾ ਉਨ੍ਹਾਂ ਕਰਮਾਂ ਲਈ ਪਰਪੰਚੀਆਂ, ਠਗ੍ਹਾਂ ਦੀ ਵਿਚੋਲਾ-ਗਿਰੀ ਦਾ ਸਹਾਰਾ ਲੈਣਾ ਹੀ ਪਵੇਗਾ ਅਤੇ ਉਨ੍ਹਾਂ ਦਾ ਮੁਥਾਜ ਰਹੇਗਾ। ਸੋ ਲੋਕਾਂ ਦੀ ਅਗਿਆਨਤਾ ਕਾਰਨ, ਪਖੰਡੀਆਂ ਦੀਆਂ ਦੁਕਾਨਾਂ ਚਲਦੀਆਂ ਰਹਿੰਦੀਆਂ ਹਨ। ਇਨ੍ਹਾਂ ਸਭ ਦੇ ਪਿੱਛੇ ਮਨੁੱਖ ਦੀ ‘‘ਸਦੀਵੀ-ਸੁਖ’’ ਪ੍ਰਾਪਤ ਕਰਨ ਦੀ ਲਾਲਸਾ ਕੰਮ ਕਰ ਰਹੀ ਹੈ, ਜਿਸਦਾ ਫਾਇਦਾ ਠਗ੍ਹਾਂ ਪਰਪੰਚੀਆਂ ਨੂੰ ਹੁੰਦਾ ਰਹਿੰਦਾ ਹੈ ਪਰ ਰਤਾ ਮਾਤਰ ਵੀ ਮਨੁੱਖਤਾ ਦਾ ਭਲਾ ਨਹੀਂ ਹੁੰਦਾ। ਸੁਖ ਦੀ ਲਾਲਸਾ ਅਤੇ ਦੁੱਖ ਦਾ ਡਰ ਤਾਂਤ੍ਰਿਕਾਂ ਦੀ ਦੁਕਾਨ ਚਲਣ ਦਾ ਵਸੀਲਾ ਬਣ ਜਾਂਦਾ ਹੈ।

ਜੇ ਕਰ ਅਸੀ ਇਹ ਸੋਚਦੇ ਹਾਂ ਕਿ, ਇਥੇ ਜਨਮ ਵੇਲੇ ਦੁਖ ਹੈ, ਜੀਵਨ ਸਾਰਾ ਦੁਖ ਹੈ ਮਰਨ ਵੇਲੇ ਦੁਖ ਹੈ ਤਾਂ ਤੇ ਮਰ ਜਾਣਾ ਚੰਗੀ ਗੱਲ ਹੈ। ਦੁਖਮਈ ਜੀਵਨੀ ਤੋਂ ਡਰਨ ਦੇ ਬਾਵਜੂਦ ਵੀ ਆਖਰੀ ਸੁਆਸਾਂ ਤਕ ਵਧ ਤੋਂ ਵਧ ਜਿਊਣ ਦੀ ਆਸ ਕਿਉਂ ਹੈ। ਇਸ ਦਾ ਭਾਵ ਇਹ ਵੀ ਨਿਕਲਦਾ ਹੈ ਕਿ ਇਹ ਦੁਨੀਆ ਦੁੱਖਾਂ ਦਾ ਘਰ ਨਹੀਂ ਬਲਕਿ ਇਹ ਦੁਨੀਆ ਸੁਖ ਮਾਣਨ ਦੀ, ਮਨੁੱਖਤਾ ਭਰਪੂਰ ਜੀਵਨੀ ਜਿਊਣ ਦੀ, ਪਿਆਰ ਮਾਣਨ ਦੀ ਥਾਂ ਹੈ।ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ ਭਾਵ ਇਥੇ ਹਰੇਕ ਜਗ੍ਹਾ, ਰੱਬੀ ਨੂਰ ਹੀ ਨੂਰ ਹੈ, ਰੱਬ ਜੀ ਆਪ (omnipresent) ਹਾਜ਼ਰ ਹਜੂਰ ਹੋ ਕੇ ਸਰਬ ਵਿਆਪਕ ਰੂਪ ਚ ਮੌਜੂਦ ਹਨ। ਇਹ ਧਰਤੀ ‘‘ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ।।’’ ਹੈ ਤਾਂ ਇਸੇ ਧਰਤੀ ਨੂੰ, ਮਨੁੱਖਾ ਜੀਵਨ ਵਿਚ ਰੱਬੀ ਮਿਲਨ ਦਾ ਅਵਸਰ ਸਮਝ ਕੇ ਕਿਉਂ ਨਾ ਜੀਵੀਏ ? ਕਿਉਂ ਨਾ ਕੁਦਰਤ ਚੋਂ ਉਸ ਕਰਤੇ ਨੂੰ ਮਹਿਸੂਸ ਕਰਕੇ (ਬਲਿਹਾਰੀ ਕੁਦਰਤ ਵਸਿਆ) ਸਾਰੇ ਮਨੁੱਖਾਂ ਨਾਲ ਪਿਆਰ ਭਰਿਆ ਜੀਵਨ ਜੀਵੀਏ ਤੇ ਮਾਣੀਏ ? ਜਿਸ ਮਨੁੱਖ ਨੇ ਮਾੜੇ ਕਰਮਾਂ ਕਰਕੇ ਅਸ਼ਾਂਤ, ਖੁਆਰੀ ਵਾਲਾ, ਕੁਰਬਲ-ਕੁਰਬਲ ਜੀਵਨ ਬਿਤਾਇਆ ਹੋਵੇ ਉਹ ਤਾਂ ਸੋਚੇ ਕਿ ਮੁੜ ਕੇ ਸਰੀਰਕ ਜਨਮ ਨਹੀਂ ਲੈਣਾ ਪਰ ਜਿਸ ਮਨੁੱਖ ਨੇ ਸਤਿਗੁਰ (divine wisdom, universal truth) ਅਨੁਸਾਰ ਆਦਰਸ਼ਕ ਜੀਵਨ (ideal, full of humanity) ਜੀਵਿਆ ਹੋਵੇ ਅਤੇ ਘਟ ਘਟ ਮੈ ਹਰਿ ਜੂ ਬਸੈ’, ਸਭੈ ਘਟ ਰਾਮੁ ਬੋਲੈ’, ਕੁਦਰਤਿ ਕੇ ਸਭ ਬੰਦੇ’, ਮਾਣਿਆ ਹੋਵੇ ਉਹ ਹਿਰਦਾ ਤਾਂ ਕਦੀ ਵੀ ਇਹ ਮੰਗ ਨਹੀਂ ਕਰ ਸਕੇਗਾ ਕਿ ਇਹ ਜਗ ਦੁਖਾਂ ਦਾ ਘਰ ਹੈ ਇਥੇ ਮੁੜ ਕੇ ਜਨਮ ਲੈਣਾ ਹੀ ਨ ਪਵੇ

ਨੋਟ:- 1. ਮਨੁੱਖ ਦਾ ਜਨਮ ਲੈਣਾ ਉਸ ਦੇ ਵਸ ਨਹੀਂ ਹੈ ਅਤੇ ਇਹ ਵੀ ਉਸ ਦੇ ਵਸ ਨਹੀਂ ਕਿ ਉਹ ਕਿਹੜੇ ਘਰ, ਕਿਹੜੇ ਦੇਸ਼, ਕਿਹੜੀ ਜ਼ਾਤ, ਕਿਹੜੇ ਮਜ਼੍ਹਬ ਵਾਲੇ ਘਰ ਚ ਜੰਮੇ ?

2. ਮਨੁੱਖ ਦੇ ਵਸ ਇਹ ਵੀ ਨਹੀਂ ਹੈ ਕਿ ਉਸਦੀ ਸਰੀਰਕ ਮੌਤ ਕਿਸ ਤਰ੍ਹਾਂ ਕਿਹੜੇ ਵੇਲੇ, ਕਿਹੜੀ ਥਾਂ, ਕਿਹੜੀ ਉਮਰ, ’ਚ ਕਿਹੜੇ-ਕਿਹੜੇ ਕੰਮ ਪੂਰੇ ਕਰਕੇ ਹੋਵੇ।

1. ਨਾਨਕ ਜਿਨਿ ਕਰਤੈ ਕਾਰਣੁ ਕੀਆ ਸੋ ਜਾਣੈ ਕਰਤਾਰੁ।।

2. ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ।।

3. ਜਾ ਤਿਸੁ ਭਾਣਾ ਤਾ ਜੰਮਿਆ ਪਰਵਾਰਿ ਭਲਾ ਭਾਇਆ।।

ਸੋ ਸਰੀਰਕ ਜੰਮਣਾ ਜਾਂ ਮੁੜ ਕੇ ਨਾ ਜੰਮਣਾ ਜਾਂ ਮੌਤ ਤੋਂ ਬਚਣਾ ਮਨੁੱਖ ਦੇ ਵਸ ਹੈ ਹੀ ਨਹੀਂ। ਜੇ ਕਰ ਮਨੁੱਖ ਦੇ ਵਸ ਹੈ ਹੀ ਨਹੀਂ ਤਾਂ ਮਨੁੱਖ ਵੀ ਪਸ਼ੂ-ਪੰਛੀਆਂ, ਜੀਵਾਂ-ਜੰਤਾਂ ਵਾਂਗ ਇਸ ਸਰੀਰਕ ਜਨਮ-ਮਰਨ ਨੂੰ ਰੱਬੀ ਰਜ਼ਾ , ਸਿਰ ਮੱਥੇ ਕਿਉਂ ਨਹੀਂ ਮੰਨ ਲੈਂਦਾ ? ਕਿਉਂ ਧਰਮੀ, ਮਜ਼੍ਹਬੀ ਕਰਮਕਾਂਡਾਂ ਰਾਹੀਂ ਝੁਠਲਾਉਣਾ, ਰੱਦ ਕਰਨਾ ਜਾਂ ਨਕਾਰਨਾ ਚਾਹੁੰਦਾ ਹੈ। ਕਿਉਂ ਚਾਹੁੰਦਾ ਹੈ ਕਿ ਐਸੇ ਜਪ ਤਪ, ਕਰਮਕਾਂਡ ਕਰਾਂ ਜਿਨ੍ਹਾਂ ਨਾਲ ਮੁੜ ਕੇ ਜੰਮਣਾ ਹੀ ਨਾ ਪਵੇ। ਰੱਬੀ ਹੁਕਮ, ਰਜ਼ਾ ਚ ਮਨੁੱਖ ਵਲੋਂ ਖਲਲ ਪਾਉਣਾ (intervene) ਨਿਰਮੂਲ ਹੈ ਕਿਉਂਕਿ ਰੱਬੀ ਹੁਕਮ ਤਾਂ ਅਟਲ ਹੈ।

ਅਸੀਂ ਅਨੇਕ ਫ਼ਲਸਫਿਆਂ, ਖਿਆਲਾਂ (notions) ਅਤੇ ਸੁਣੀ ਸੁਣਾਈ ਕਾਰਨ, ਮਰਨ ਮਗਰੋਂ ਸਵਰਗ, ਨਰਕ, ਜਨੱਤ, ਦੋਜ਼ਖ, ਬੈਕੁੰਠ, ਪਰਲੋਕ, ਬਹਿਸ਼ਤ, ਰੱਬੀ ਚਰਨਾਂ ਚ ਨਿਵਾਸ, ਸਚਖੰਡ, ਆਦਿ ਮੰਨਦੇ ਹਾਂ ਪਰ ਹਕੀਕਤ ਵਿਚ ਤਾਂ ਸਤਿਗੁਰ’ (universal truth) ਅਨੁਸਾਰ ਰੱਬੀ ਨਿਯਮ ਹਰੇਕ ਮਨੁੱਖ ਲਈ ਹਰੇਕ ਜਗ੍ਹਾ ਪੂਰਨ ਅਤੇ ਇਕ ਸੁਰ, ਨਿਰਪਖ ਲਾਗੂ (equally applicable) ਹੋ ਰਹੇ ਹਨ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਇਹੀ ਸੱਚ ਦਾ ਗਿਆਨ ਹੈ। ਸੱਚ ਦਾ ਗਿਆਨ ਸਾਰੀ ਮਨੁੱਖਤਾ ਨੂੰ ਸੱਚਾ-ਸੁਚਾ (ਦਲੀਲ ਭਰਪੂਰ) ਮਾਰਗ ਦ੍ਰਿੜਾਉਂਦਾ ਹੈ।

ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ (ਸਿਧਾਂਤਾਂ) ਅਨੁਸਾਰ ਇਹ ਜਗ ਸੱਚਾ ਹੈ, ਸੱਚੇ ਕੀ ਕੋਠੜੀ ਹੈ, ਰੱਬ ਜੀ ਕਿਸੇ ਨੂੰ ਵੀ ਦੁਖ ਨਹੀਂ ਦਿੰਦੇ ਹਨ। ਜਿਨ੍ਹਾਂ ਗਲ੍ਹਾਂ ਦਾ ਵਾਪਰਨਾ ਅਸੀਂ ਸੁਖ-ਦੁਖ ਸਮਝਦੇ ਹਾਂ, ਗੁਰਬਾਣੀ ਉਨ੍ਹਾਂ ਨੂੰ ਸੁਖ-ਦੁਖ ਮੰਨਦੀ ਹੀ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਸੁਖ ਅਤੇ ਦੁਖ ਦੀ ਪਰਿਭਾਸ਼ਾ ਹੀ ਕੁਝ ਹੋਰ ਹੈ। ਜਿਨ੍ਹਾਂ ਨੂੰ ਅਸੀਂ ਦੁਖ ਮੰਨਦੇ ਫਿਰਦੇ ਹਾਂ ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਦੁਖ ਦਾਰੂ ਮੰਨਿਆ ਜਾਂਦਾ ਹੈ ਅਤੇ ਜਿਨ੍ਹਾਂ ਨੂੰ ਅਸੀਂ ਸੁਖ ਮੰਨ ਕੇ ਉਨ੍ਹਾਂ ਦੀ ਪ੍ਰਾਪਤੀ ਲਈ ਭੱਜ-ਦੌੜ ਕਰਦੇ ਹਾਂ, ਉਨ੍ਹਾਂ ਅਖੌਤੀ ਸੁਖਾਂ ਨੂੰ ‘ਸੁਖ ਰੋਗ ਭਇਆ’ ਕਹਿੰਦੇ ਹਨ।

1. ਦੁਖ ਅਖੌਤੀ :- ਘਰ ਬੱਚਾ ਨਾ ਹੋਣਾ, ਪੁੱਤਰ ਨਾ ਜੰਮਣਾ, ਵਿਆਹ ਨਾ ਹੋ ਸਕਣਾ, ਧੰਦੇ ਵਿਚ ਘਾਟਾ ਪੈ ਜਾਣਾ, ਘਰ ਕੋਈ ਬੀਮਾਰ ਹੋਵੇ, ਘਰ ਦੇ ਕਿਸੇ ਮੈਂਬਰ ਦੀ ਮੌਤ, ਕਮਾਈ ਦਾ ਵਸੀਲਾ ਨਾ ਬਣ ਪਾਵੇ, ਪੜ੍ਹਾਈ ਚ ਫੇਲ ਹੋ ਜਾਣਾ, ਆਪਣਾ ਟੀਚਾ (goal) ਪੂਰਾ ਨ ਕਰ ਸਕਣਾ, ਇਸ ਤਰ੍ਹਾਂ ਦਾ ਕੁਝ ਵੀ ਸਾਡੇ ਸਰੀਰਕ ਜੀਵਨ, ਪਰਿਵਾਰ, ਸੰਬੰਧੀਆਂ ਜਾਂ ਸਮਾਜ ਆਦਿ ਚ ਵਾਪਰੇ ਤਾਂ ਉਨ੍ਹਾਂ ਸਭ ਦਾ ਨਾਮ ਅਸੀਂ ਦੁਖ ਰਖਿਆ ਹੋਇਆ ਹੈ।

2. ਸੁਖ ਅਖੌਤੀ :- ਇਸ ਦੇ ਉਲਟ ਸਾਡੇ ਮਨ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਰਹਿਣ, ਸਰੀਰਕ ਸੁਖਾਂ ਲਈ ਸਾਰੀਆਂ ਸਹੂਲਤਾਂ, ਅਮੀਰੀ, ਵਧੀਆ ਕੰਮ ਧੰਧਾ, ਪੁੱਤਰ, ਧੀਆਂ, ਵਿਆਹ, ਘਰ ਚ ਕਿਸੇ ਦਾ ਬੀਮਾਰ ਨਾ ਹੋਣਾ ਅਤੇ ਕਿਸੀ ਦਾ ਵੀ ਘਰ ਚ ਨਾ ਮਰਨਾ ਆਦਿ ਦਾ ਨਾਮ ਸੁਖ ਰਖਿਆ ਹੋਇਆ ਹੈ।

ਦੁਖ, ਸੁਖ ਦੋਨੋ ਹੀ ਸਾਡੇ ਮਨ ਦੇ, ਆਪਣੇ ਖਿਆਲ ਹਨ। ਇਨ੍ਹਾਂ ਕਿਸਮਾਂ ਦੇ ਅਖੌਤੀ ਦੁਖਾਂ ਨੂੰ ਸਹਾਰ ਨ ਸਕਣ ਕਾਰਨ, ਮਨੁੱਖ ਚਾਹੁੰਦਾ ਹੈ ਕਿ ਸਰੀਰਕ ਜਨਮ ਕਦੀ ਲੈਣਾ ਹੀ ਨ ਪਵੇ। ਸਾਰੇ ਅਖੌਤੀ ਧਾਰਮਕ ਪ੍ਰਚਾਰਕ (ਠੇਕੇਦਾਰ, ਵਿਚੋਲੇ) ਸਾਰੀ ਦੁਨੀਆ ਨੂੰ ਇਨ੍ਹਾਂ ਦੁਖਾਂ ਤੋਂ ਛੁਟਕਾਰਾ ਦਿਵਾਉਣ ਲਈ, ਧਰਮ ਦੇ ਨਾਮ ਹੇਠ, ਕਰਮ ਕਾਂਡ ਅਤੇ ਪਾਖੰਡ ਸਿਖਾਉਂਦੇ ਤੇ ਕਰਵਾਉਂਦੇ ਰਹਿੰਦੇ ਹਨ। ਪਰ ਅਫਸੋਸ, ਧਰਮ ਅਤੇ ਮਜ਼੍ਹਬ ਦੇ ਬੁਰਕੇ ਹੇਠ ਵਿਚੋਲਿਆਂ ਨੇ ਮਨੁੱਖ ਨੂੰ ਲਾਲਚ ਦੇਣੇ ਸ਼ੁਰੂ ਕਰ ਦਿੱਤੇ ਕਿ ਐ ਮਨੁੱਖ, ਜੇ ਤੂੰ ਫਲਾਣੇ-ਫਲਾਣੇ ਕਰਮਕਾਂਡ ਪਾਖੰਡ ਕਰੇਂਗਾ ਤਾਂ ਰੱਬ ਜੀ ਤੈਨੂੰ ਮਨ ਭਾਉਂਦੇ ਸੁੱਖ ਦੇ ਦੇਣਗੇ। ਜੇ ਤੂੰ ਫਲਾਣੇ ਕਰਮਕਾਂਡ, ਹਠ, ਜੋਗ ਪਾਖੰਡ ਨਾ ਕੀਤੇ ਤਾਂ ਰੱਬ ਜੀ ਤੈਨੂੰ ਦੁਖ ਦੇਣਗੇ। ਸੋ ਐ ਮਨੁੱਖ, ਤੂੰ ਫਲਾਣੇ ਮਜ਼ਬ, ਧਰਮ, ਸਾਧੂ ਬਾਬੇ, ਪੀਰ ਨੂੰ ਮੰਨ (follow ਕਰ) ਤਾਂ ਕਿ ਤੈਨੂੰ ਤੇਰੇ ਮਨ ਭਾਉਂਦੇ ਵਧ ਤੋਂ ਵਧ ਸੁਖ ਮਿਲ ਸਕਣ ਅਤੇ ਦੁਖ ਕਦੇ ਵੀ ਨਾ ਮਿਲਣ। ਅਗਿਆਨਤਾਵਸ ਡਰੇ ਹੋਏ ਲੋਕਾਂ ਨੂੰ ਅਖੌਤੀ ਧਾਰਮਕ ਪ੍ਰਚਾਰਕਾਂ ਨੇ ਦੁਖਾਂ ਬਾਰੇ ਸਮਝਾਉਣ ਬਦਲੇ ਹੋਰ ਡਰਾਉਣਾ ਸ਼ੁਰੂ ਕਰ ਦਿੱਤਾ। ਇਥੇ ਹੀ ਬਸ ਨਹੀਂ ਲੋਕਾਂ ਨੂੰ ਇਹ ਵੀ ਕਹਿਣਾ ਸ਼ੁਰੂ ਕਰ ਦਿੱਤਾ ਕਿ ਤੁਸੀਂ ਜੋ ਦੁਖ ਭੋਗ ਰਹੇ ਹੋ, ਉਹ ਪਿਛਲੇ ਜਨਮਾਂ ਦੇ ਕਰਮਾਂ ਕਰਕੇ ਹਨ ਅਤੇ ਹੋਰ ਭਰਮ ਵਧਾ ਦਿੱਤਾ ਕਿ ਜੇ ਮਨੁੱਖ ਫਲਾਣੇ ਧਰਮ, ਕਰਮ, ਹਠ, ਜੋਗ, ਮੰਤਰ, ਪਾਠ ਰਟਨ, ਤੀਰਥਾਂ ਦੀ ਯਾਤਰਾ ਕਰਦਾ ਰਹੇ ਤਾਂ ਉਸ ਦੇ ਕਰਮਾਂ ਦੀ ਫਾਹੀ ਕੱਟੀ ਜਾਵੇਗੀ। ਅਜਿਹੇ ਪ੍ਰਚਾਰਕਾਂ, ਵਿਚੋਲਿਆਂ ਨੇ ਲੋਕਾਂ ਨੂੰ ਰੋਟੀ ਕਪੜਾ ਮਕਾਨ ਜਾਂ ਸੁੱਖ ਸਹੂਲਤਾਂ ਤਾਂ ਕੀ ਦੇਣੇ ਸਨ ਜੋ ਉਨ੍ਹਾਂ ਕੋਲ ਸੀ ਉਹ ਵੀ ਠੱਗੀ ਨਾਲ ਭਰਮਾ ਕੇ, ਲੈ ਲਿਆ। ਦੁੱਖਾਂ ਤੋਂ ਡਰਦੇ ਮਨੁੱਖਾਂ ਨੂੰ ਮਰਨ ਤੋਂ ਬਾਅਦ ਸਵਰਗ ਦੀ ਪ੍ਰਾਪਤੀ ਦਾ ਲਾਲਚ ਦੇ ਕੇ ਧਰਮ ਦੇ ਨਾਂ ਹੇਠਾਂ ਹੋਰ ਕਰਮ ਕਾਂਡਾਂ ਵਿਚ ਫਸਾ ਦਿੱਤਾ।

ਅਖੌਤੀ ਧਾਰਮਕ ਪਰਪੰਚੀਆਂ ਨੇ ਲੋਕਾਂ ਦੀ ਲਾਲਸਾ ਵੇਖੀ ਕਿ ਉਹ ਸੁਖ, ਅਰਾਮ, ਪੈਸਾ, ਬਿਮਾਰੀ ਰਹਿਤ ਸਰੀਰ ਅਤੇ ਪਰਵਾਰ ਆਦਿ ਚਾਹੁੰਦੇ ਹਨ। ਸੋ ਉਨ੍ਹਾਂ ਨੇ ਇਹ ਪ੍ਰਚਾਰਿਆ ਕਿ ਜੋ ਕੁਝ ਸੁਖ, ਅਮੀਰੀ, ਪੁਤਰ, ਸਹੂਲਤਾਂ, ਰੁਤਬਾ, ਐਸ਼, ਉੱਚੀ ਜ਼ਾਤ ਮਾਣ ਰਹੇ ਹੋ, ਇਹ ਸਭ ਪਿਛਲੇ ਜਨਮਾਂ ਦਾ ਕੀਤਾ (ਬੀਜਿਆ) ਇਨਾਮ ਵਜੋਂ ਇਥੇ ਭੋਗ ਰਹੇ ਹੋ, ਨਾਲ ਹੀ ਡਰਾ ਵੀ ਦਿੱਤਾ ਕਿ ਸਾਡੇ ਦੱਸੇ (ਅਖੌਤੀ ਧਰਮ, ਮਜ਼੍ਹਬ) ਕਰਮ ਕਾਂਡ, ਹਠ-ਜੋਗ, ਰੀਤ ਰਿਵਾਜ, ਤੀਰਥ, ਪਖੰਡ, ਨਹੀਂ ਕਰੋਗੇ ਤਾਂ ਇਹ ਸੁਖ ਹਥੋਂ ਖੁਸ ਜਾਣਗੇ ਤੇ ਅੱਗੇ ਨਰਕ ਵਿਚ ਦੁਖ ਵੀ ਭੋਗਣੇ ਪੈਣਗੇ। ਡਰ, ਪਾਪ-ਪੁੰਨ, ਲਾਲਚ ਦਾ ਸਾਰਾ ਜਾਲ ਬੁਣ ਕੇ ਮਨੁੱਖ ਲਈ ਅਖੌਤੀ ਆਵਾਗਵਨ, ਪੁਨਰਜਨਮ, ਸਵਰਗ-ਨਰਕ, ਜੱਨਤ-ਦੋਜ਼ਖ ਅਤੇ ਬਹਿਸ਼ਤ ਦਾ ਖਿਆਲੀ ਫਲਸਫਾ ਪੇਸ਼ ਕਰ ਦਿੱਤਾ। ਮਨੁੱਖ ਨੂੰ ਪਤਾ ਹੀ ਨਹੀਂ ਕਿ ਮਰਨ ਮਗਰੋਂ ਦਿੱਤੇ ਲਾਲਚ ਅਨੁਸਾਰ, ਅਖੌਤੀ ਸਵਰਗ ਜਾਂ ਜਨੱਤ ਮਿਲਣਗੇ ਕਿ ਨਹੀਂ ਅਤੇ ਇਹ ਵੀ ਪੱਕਾ ਸਬੂਤ ਨਹੀਂ ਕਿ ਉਥੇ ਸ਼ਰਾਬਾਂ ਦੀਆਂ ਨਦੀਆਂ, ਹੂਰਾਂ ਅਤੇ ਸਾਰੇ ਸੁਖ ਮਿਲਦੇ ਵੀ ਹਨ ਕਿ ਨਹੀਂ ਪਰ ਇਨ੍ਹਾਂ ਸੋਚਾਂ ਦਾ ਦੁਖਾਂਤ ਇਹ ਵਾਪਰਿਆ ਕਿ ਇਥੇ ਸਰੀਰਕ ਜੀਵਨ ਜਿਊਂਦਿਆਂ ਮਨੁੱਖ ਆਪਣਾ ਵਰਤਮਾਨ ਜੀਵਨ ਸੰਵਾਰਨ ਤੋਂ ਵਾਂਝਾ ਰਹਿ ਗਿਆ। ਭਵਿੱਖ ਦੇ ਸਵਰਗ, ਜਨੱਤ ਦੇ ਲਾਲਚ ਵਿਚ ਆਪਣਾ ਵਰਤਮਾਨ ਵੀ ਖੁਆਰ ਕਰ ਲਿਆ (ਨਰਕ ਬਣਾ ਲਿਆ)।

ਅਫਸੋਸ, ਮਨੁੱਖ ਦਾ ਵਰਤਮਾਨ ਖਰਾਬ ਹੋ ਗਿਆ। ਜੋ ਅਖੌਤੀ ਧਾਰਮਕ ਪ੍ਰਚਾਰਕ, ਵਿਚੋਲੇ ਲੋਕਾਈ ਨੂੰ ਸਦੀਵੀ ਸੁਖਾਂ ਦੀ ਲਾਲਸਾ ਦੇ ਰਹੇ ਸਨ ਜਾਂ ਹਜ਼ਾਰਾਂ ਸਾਲਾਂ ਤੋਂ ਅਜ ਤਕ ਦੇ ਰਹੇ ਹਨ ਉਹ ਆਪ ਵੀ ਅਖੌਤੀ (ਸਦੀਵੀ) ਸੁਖ ਪ੍ਰਾਪਤ ਨਹੀਂ ਕਰ ਸਕੇ ਅਤੇ ਜਿਨ੍ਹਾਂ ਦੁਖਾਂ ਤੋਂ ਲੋਕਾਂ ਨੂੰ ਬਚਾਉਣਾ ਚਾਹੁੰਦੇ ਸਨ ਉਹ ਸਾਰੇ ਦੁਖ ਉਹ ਆਪ ਵੀ ਭੋਗ ਰਹੇ ਹਨ।

ਦੁਨੀਆ ਦਾ ਕੋਈ ਐਸਾ ਮਨੁੱਖ ਨਹੀਂ ਹੈ ਜੋ ਅਖੌਤੀ ਸੁਖ-ਦੁਖ ਤੋਂ ਵਾਂਝਾ ਹੋਵੇ ਭਾਵ ਇਹ ਤਾਂ ਮਨੁੱਖਾਂ ਨੂੰ ਹੰਡਾਉਣੇ ਹੀ ਪੈਂਦੇ ਹਨ। ਇਹ ਸੁਖ-ਦੁਖ ਨਹੀਂ, ਇਹ ਤਾਂ ਰੱਬੀ ਨਿਯਮਾਵਲੀ ਹੈ। ਅਸੀਂ ਸੋਚਦੇ ਹਾਂ ਕਿ ਫਲਾਣਾ ਬੜਾ ਸੁਖੀ ਹੋਵੇਗਾ ਕਿਉਂਕਿ ਉਨ੍ਹਾਂ ਦੇ ਅੱਗੇ ਪਿਛੇ ਚੇਲੇ ਚਪਾਟੇ ਪਰਚਾਰਦੇ ਰਹਿੰਦੇ ਹਨ ਕਿ ਉਹ ਤਾਂ ਬਹੁਤ ਸੁਖੀ ਹਨ ਉਨ੍ਹਾਂ ਨੂੰ ਤਾਂ ਰੋਗ ਹੀ ਨਹੀਂ ਲਗਾ ਆਦਿ ਐਸਾ ਝੂਠਾ ਪਰਚਾਰ ਹੀ ਲੋਕਾਈ ਨੂੰ ਠੱਗਣ ਦਾ ਕਾਰਨ ਬਣ ਜਾਂਦਾ ਹੈ। ਇਹ ਗੱਲ ਵਖਰੀ ਹੈ ਕਿ ਅਖੌਤੀ ਧਾਰਮਕ ਆਗੂਆਂ, ਸੰਤਾਂ, ਸਾਧਾਂ, ਪੀਰਾਂ, ਅਵਤਾਰਾਂ ਨੂੰ ਅਸੀਂ ਨੇੜੇ ਜਾ ਕੇ ਕਦੀ ਵੇਖਿਆ ਨਹੀਂ ਉਨ੍ਹਾਂ ਦੇ ਨਿਜੀ ਜੀਵਨ ਚ ਕੀ-ਕੀ ਦੁਖ ਵਾਪਰਦੇ ਹਨ, ਕਿਹੜੀ-ਕਿਹੜੀ ਦੁਸ਼ਮਨੀ ਵੈਰ ਉਹ ਪਾਲਦੇ ਹਨ, ਕਿਵੇਂ ਸਰੀਰਕ ਦੁਖ ਹੰਡਾਉਂਦੇ ਹਨ।

ਗੁਰੂ ਗ੍ਰੰਥ ਸਾਹਿਬ (ਸਤਿਗੁਰ, true knowledge) ਅਨੁਸਾਰ ਸੁਖ-ਦੁਖ :- ਗੁਰੂ ਗ੍ਰੰਥ ਸਾਹਿਬ ਜੀ ਚ ਸਮਝਾਇਆ ਗਿਆ ਹੈ ਕਿ ਅਖੌਤੀ ਸੁਖ ਤੇ ਦੁਖ ਅਸਲੀਅਤ ਵਿਚ ਹਰੇਕ ਮਨੁੱਖ ਨੇ ਹੰਡਾਉਣੇ ਹੀ ਹਨਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ।। (ਗੁਰੂ ਗ੍ਰੰਥ ਸਾਹਿਬ, ਪੰਨਾ : 149) ਜਿਵੇਂ ਕੋਈ ਕੱਪੜੇ ਰੋਜ਼ ਬਦਲਦਾ ਹੈ ਉਵੇਂ ਹੀ ਮਨੁੱਖਾਂ ਨੇ ਸੁਖ-ਦੁਖ ਰੂਪੀ ਕਪੜੇ ਬਦਲਣੇ ਹੀ ਹਨ। ਮਨੁੱਖ ਨੂੰ ਦੁਖ ਹੰਡਾਉਣ ਲਈ ਜਿਸ ਦਸ਼ਾ ਵਿਚੋਂ ਗੁਜ਼ਰਨਾ ਪੈਂਦਾ ਹੈ, ਉਹੋ ਦਸ਼ਾ ਮਨੁੱਖ ਨੂੰ ਗਲਤੀਆਂ ਤੋਂ ਸੁਚੇਤ ਕਰਵਾ ਕੇ ਅੱਗੇ ਵਧਣਾ ਸਿਖਾਉਂਦੀ ਹੈ। ਸੁਖਾਂ ਚ ਗਲਤਾਨ ਹੋ ਕੇ ਮਨੁੱਖ ਜੋ ਨੁਕਸਾਨ ਉਠਾਉਂਦਾ ਹੈ ਉਨ੍ਹਾਂ ਕਾਰਨ ਮਨੁੱਖ ਨੂੰ ਅੱਗੇ ਲਈ ਚਿਤਾਵਨੀ ਭਰੀ ਸੁਚੇਤਤਾ ਆਉਂਦੀ ਹੈ। ਜੋ ਮਨੁੱਖ ਕੇਵਲ ਸੁਖਾਂ ਦੀ ਖਾਤਰ, ਦੀਨ-ਈਮਾਨ ਛੱਡ ਕੇ ਗਲਤ ਜੀਵਨੀ ਵਲ ਪੈ ਜਾਂਦੇ ਹਨ ਉਹ ਆਤਮਕ, ਮਾਨਸਕ, ਪਰੇਸ਼ਾਨੀਆਂ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਜੋ ਦੁਖਾਂ ਤੋਂ ਡਰਦੇ ਹਨ ਉਹ ਕਿਸਮਤ, ਪਿਛਲੇ ਜਨਮਾਂ ਦੇ ਮੱਥੇ ਲਿਖੇ ਭਾਗ ਆਦਿ ਦੀ ਸੋਚਣੀ ਵਾਲੇ ਕਿਰਦਾਰ ਦੇ ਧਾਰਨੀ ਬਣ ਜਾਂਦੇ ਹਨ। ਦੁਖਾਂ ਨੂੰ ਸਹਾਰ ਨ ਸਕਣ ਦੀ ਹਿੰਮਤ ਹੀ ਭਵਿਖ ਫਲ, ਜਾਦੂ ਟੂਣੇ ਤਾਂਤ੍ਰਿਕ, ਚੰਨ-ਤਾਰੇ ਅਤੇ ਵਾਸਤੂ ਕਲਾ ਆਦਿ ਦੀ ਸੋਚਣੀ ਨੂੰ ਜਨਮ ਦਿੰਦੀ ਹੈ। ਇਸੇ ਡਰ ਕਾਰਨ ਲੋਕੀ (majority) ਕਿਸੇ ਤਾਂਤ੍ਰਿਕ ਰਾਹੀਂ, ਨੀਲੇ ਕਾਲੇ ਪਥੱਰ ਪਾ ਕੇ ਦੁਖਾਂ ਤੋਂ ਬਚਣ ਦੇ ਸਾਧਨ ਕਰਦੇ ਰਹਿੰਦੇ ਹਨ। ਦੁਖਾਂ ਤੋਂ ਛੁਟਕਾਰਾ ਤਾਂ ਮਿਲ ਨਹੀਂ ਪਾਉਂਦਾ ਬਲਕਿ ਇਕ ਨਵਾਂ ਜੰਜਾਲ ਸਹੇੜ ਲੈਂਦੇ ਹਨ।

ਗੁਰੂ ਗ੍ਰੰਥ ਸਾਹਿਬ ਜੀ ਚ ਮਨੁੱਖ ਨੂੰ ਸਮਝਾਇਆ ਹੈ ਕਿ ਅਸਲੀ ਦੁਖ ਤੇ ਅਸਲੀ ਸੁਖ ਕੀ ਹੈ। ਦਰਅਸਲ ਸੁਖ ਤੇ ਦੁਖ ਤਾਂ ਮਨ ਦੀਆਂ ਅਵਸਥਾਵਾਂ ਹਨ।

ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਅਨੁਸਾਰ ਦੁਨਿਆਵੀ ਧਨ ਪਦਾਰਥ ਆਦਿ ਅਖੌਤੀ ਸੁਖ ਹਨ ਕਿਉਂਕਿ ਮਨੁੱਖ ਉਨ੍ਹਾਂ ਸਭ ਦੀ ਪ੍ਰਾਪਤੀ ਮਗਰੋਂ ਜੇ ਸੱਚ ਦੇ ਗਿਆਨ ਅਨੁਸਾਰ ਨਹੀਂ ਜਿਊਂਦਾ ਤਾਂ ਕਾਮ, ਕੋ੍ਰਧ, ਲੋਭ, ਮੋਹ, ਹੰਕਾਰ (ਵਿਕਾਰਾਂ) ਵਸ ਪੈ ਕੇ ਬਾਹਰਲੇ ਸੁਖ, ਅਰਾਮ, ਪੈਸਾ, ਸ਼ੁਹਰਤ ਆਦਿ ਹੁੰਦੇ ਹੋਏ ਵੀ ਮਾਨਸਿਕ ਰੋਗੀ ਹੋ ਜਾਂਦਾ ਹੈ।

‘ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ।।’ (ਗੁਰੂ ਗ੍ਰੰਥ ਸਾਹਿਬ, ਪੰਨਾ : 149) ਅਨੁਸਾਰ ਸੁੱਖ ਮਾਣਦਿਆਂ ‘ਜੈਸੇ ਜਲ ਮਹਿ ਕਮਲੁ ਨਿਰਾਲਮੁ ਮੁਰਗਾਈ ਨੈ ਸਾਣੈ।।’ ਵਾਲਾ ਜੀਵਨ ਦ੍ਰਿੜਾਇਆ ਹੈ। ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਮਨੁੱਖ ਨੂੰ ਸਮਝਾਇਆ ਹੈ ਕਿ ਅਖੌਤੀ ਸੁਖ ਵਿਚ ਗਲਤਾਨ, ਜਦੋਂ ਤੂੰ ਰੱਬੀ ਗੁਣਾਂ ਵਾਲਾ ਜੀਵਨ ਨਹੀਂ ਜਿਊਂਦਾ, ਰੱਬੀ ਯਾਦ ਚ ਰਹਿ ਕੇ, ਨੇਕ ਚਾਲ ਚਲਨ, ਉੱਚੇ ਕਿਰਦਾਰ ਅਤੇ ਸਾਂਝੀਵਾਲਤਾ ਵਾਲੀ ਜੀਵਨੀ ਨਹੀਂ ਬਣਾਉਂਦਾ ਤਾਂ ਰੱਬੀ ਵਿਛੋੜੇ ਦੀ ਅਵਸਥਾ ਵਾਲਾ ਐਸਾ ਜੀਵਨ ਹੀ ਅਸਲੀਅਤ ਦੁਖ ਕਹਿਲਾਉਂਦਾ ਹੈ।

ਜਿਉਂ ਹੀ ਮਨੁੱਖ ਰੱਬ ਜੀ ਨੂੰ ਵਿਸਾਰ ਕੇ ਮਨੁਖਤਾ ਦੇ ਤਲ ਤੋਂ ਡਿਗ ਕੇ ਪਸ਼ੂਆਂ ਵਾਲੇ (inhumane) ਕਰਮ ਕਰਦਾ ਹੈ ਤਾਂ ਉਸ ਵਿਚੋਂ ਮਨੁੱਖਤਾ ਵਾਲੇ ਰੱਬੀ ਗੁਣ ਅਲੋਪ ਹੋ ਜਾਂਦੇ ਹਨ ਫਿਰ ‘‘ਹਰਿ ਬਿਸਰਤ ਸਦਾ ਖੁਆਰੀ’’ ਕਾਰਨ ਸਦੀਵੀ ਮਾਨਸਕ, ਆਤਮਕ ਦੁਖਾਂ ਵਾਲਾ ਜੀਵਨ ਬਣ ਜਾਂਦਾ ਹੈ। ‘‘ਜਾ ਕੈ ਹਰਿ ਧਨੁ ਸੋਈ ਸੁਹੇਲਾ।।’’ ਅਨੁਸਾਰ ਜੋ ਮਨੁੱਖ ਰੱਬੀ ਗੁਣਾਂ ਵਾਲਾ ਜੀਵਨ ਜਿਊਂਦਾ ਹੈ ਉਹ ਸਦਾ ਸੁਹੇਲਾ ਭਾਵ ਸੁਖੀ ਜੀਵਨ ਮਾਣਦਾ ਹੈ। ਇਸੇ ਨੂੰ ਗੁਰਬਾਣੀ ਵਿਚ ਸਦੀਵੀ ਸੁਖ ਕਹਿੰਦੇ ਹਨ।

ਜੋ ਮਨੁੱਖ ਅਖੌਤੀ ਦੁਖਾਂ ਤੋਂ ਡਰਦਾ ਹੈ ਉਹੋ ਸਰੀਰਕ ਜਨਮ ਮੁੜ ਕੇ ਨਾ ਲੈਣਾ ਪਵੇ ਦੀ ਜਾਚਨਾ ਕਰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਜੋ ਮਨੁੱਖ ਸਰੀਰਕ ਮਰਨ ਮਗਰੋਂ ਨਹੀਂ ਬਲਕਿ ਅਜ ਇਸੇ ਜੀਵਨ ਵਿਚ ਜਿਊਂਦਿਆਂ, ਜੀਵਨ ਮੁਕਤ ਅਵਸਥਾ ਮਾਣਦਾ ਹੈ ਉਹ ਸਦੀਵੀ ਸੁਹੇਲਾ ਭਾਵ ਸੁਖੀ ਹੋ ਜਾਂਦਾ ਹੈ, ਉਸਦਾ ਰੱਬ ਜੀ ਨਾਲੋਂ ਵਿਛੜਨ ਦਾ ਦੁਖ ਮੁਕ ਜਾਂਦਾ ਹੈ। ਵਿਕਾਰਾਂ ਤੋਂ ਮੁਕਤ ਅਵਸਥਾ ਮਾਣਦਾ ਹੋਇਆ, ਐਸਾ ਮਨੁੱਖ, ਰੱਬੀ ਰਜ਼ਾ ਚ ਆਪਣੇ ਜੀਵਨ ਦਾ ਮਕਸਦ ਪੂਰਾ ਕਰਨ ਚ ਕਾਮਯਾਬ ਹੋ ਜਾਂਦਾ ਹੈ, ਐਸਾ ਮਨੁੱਖ ਦੁਨਿਆਵੀ ਸੁਖਾ-ਦੁਖਾਂ ਤੋਂ ਉੱਪਰ ਹੋ ਕੇ ਸਦੀਵੀ ਸੁਖ ਚ ਪ੍ਰਵੇਸ਼ ਕਰ ਜਾਂਦਾ ਹੈ। ਫਿਰ ਸਰੀਰਕ ਮੌਤ ਜਾਂ ਸਰੀਰਕ ਜਨਮ ਦਾ ਡਰ ਰਹਿੰਦਾ ਹੀ ਨਹੀਂ।

ਜਦੋਂ ਮਨੁੱਖ ਅਸਲੀਅਤ ਆਤਮਕ ਸੁਖ ਦੀ ਸਦੀਵੀ ਅਵਸਥਾ ਮਾਣਨ ਲਗ ਪੈਂਦਾ ਹੈ ਤਾਂ ਅਮੀਰੀ-ਗਰੀਬੀ, ਰੰਗ-ਰੂਪ, ਠੰਡ-ਗਰਮੀ, ਜਿੱਤ-ਹਾਰ ਆਦਿ ਦਾ ਉਸ ਦੇ ਅੰਦਰਲੇ (ਅੰਤਰ ਆਤਮੇ) ਉਤੇ ਕੋਈ ਅਸਰ ਨਹੀਂ ਪੈਂਦਾ। ਰੱਬੀ ਵਿਛੋੜੇ ਵਾਲੀ ਬਿਰਤੀ ਦਾ ਵੈਰਾਗ, ਦੁਖ, ਬਿਰਹਾ ਮਨੁੱਖ ਮਹਿਸੂਸ ਕਰ ਸਕਦਾ ਹੈ ਤੇ ਸਤਿਗੁਰ ਰਾਹੀਂ ਸਦੀਵੀ-ਸੁਖ ਦੀ ਅਵਸਥਾ ਮਾਣ ਸਕਦਾ ਹੈ।

ਸਵਾਲ:- ਕਈ ਮਨੁੱਖ ਇਹ ਕਹਿੰਦੇ ਹਨ ਕਿ ਜੇ ਕਰ ਮਰਨ ਤੋਂ ਬਾਅਦ ਦਾ ਡਰ, ਲੇਖਾ-ਜੋਖਾ, ਦਰਗਾਹ ਨਾ ਮੰਨੀਏ ਤਾਂ ਜ਼ੁਲਮ ਕਰਣ ਵਾਲੇ ਜੁਲਮ ਕਰਕੇ ਵੀ ਐਸ਼ਾਂ ਕਰੀ ਜਾਣਗੇ, ਸੋ ਉਨ੍ਹਾਂ ਲਈ ਲੇਖਾ ਜੋਖਾ, ਦਰਗਾਹ ਦਾ ਡਰ ਜ਼ਰੂਰੀ ਹੈ।

ਬੇਨਤੀ:- ਜੋ ਸੱਜਣ ਇਹ ਸਵਾਲ ਕਰਦੇ ਹਨ ਉਨ੍ਹਾਂ ਦਾ ਖਿਆਲ ਆਪਣੀ ਜਗ੍ਹਾ ਉਨ੍ਹਾਂ ਨੂੰ ਮੁਬਾਰਕ, ਮਨੁੱਖਾਂ ਉਤੇ ਜ਼ੁਲਮ ਵੇਖ ਕੇ ਉਨ੍ਹਾਂ ਦਾ ਦਰਦ (concern) ਵੀ ਸਹੀ ਹੈ ਪਰ ਜ਼ੁਲਮ ਕਰਣ ਵਾਲੇ ਮਨੁੱਖਾਂ, ਧੜਿਆਂ ਬਾਰੇ ਅਤੇ ਐਸ਼ ਕਰਣ ਵਾਲੇ ਮਨੁੱਖਾਂ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਪਹਿਲਾਂ ਅਨੇਕਾਂ ਫਲਸਫੇ, (ਲੇਖੇ, ਦਰਗਾਹ, ਜਮ, ਜਮਰਾਜ, ਚਿਤ੍ਰ ਗੁਪਤ, ਤਰਣੀ ਨਦੀ, ਜਮ ਮਾਰਗ, ਪੁਰਸਲਾਤ ਦਾ ਪੁਲ, ਅਜ਼ਰਾਇਲ ਫਰੇਸਤਾਂ) ਪਰਚਾਰੇ ਗਏ। ਗ੍ਰੰਥਾਂ ਦੇ ਗ੍ਰੰਥ ਭਰੇ ਪਏ ਹਨ ਪਰ ਅਫਸੋਸ ਜ਼ੁਲਮੀਆਂ ਵਲੋਂ ਜ਼ੁਲਮ ਅਤੇ ਐਸ਼ ਪ੍ਰਸਤੀ ਵਾਲੇ ਮਨਮੁਖਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ। ਦਰਅਸਲ ਇਸ ਦੁਨੀਆ ਨੂੰ ਸਤਿਗੁਰ’ (divine wisdom, universal truth) ਸੱਚ ਦਾ ਗਿਆਨ ਦਾ ਪਾਠ ਪੜ੍ਹਾਉਣਾ ਜ਼ਰੂਰੀ ਬਣਦਾ ਸੀ। ਸੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਰਾਹੀਂ ਮਨੁੱਖਾਂ ਨੂੰ ਸਮਝਾਇਆ ਹੈ ਕਿ ਮਰਨ ਮਗਰੋਂ ਨਰਕ ਭੋਗੇਂਗਾ ਕਿ ਨਹੀਂ, ਤੂੰ ਅੱਜ ਹੀ (ਧਨ, ਭੂਮ, ਰਾਜ) ਅਭਿਮਾਨ ਕਾਰਨ, ਨਰਕ ਚ ਪਿਆ ਸੜ ਰਿਹਾ ਹੈਂ। ਜਿਸ ਕੈ ਅੰਤਰਿ ਰਾਜ ਅਭਿਮਾਨੁ।। ਸੋ ਨਰਕਪਾਤੀ ਹੋਵਤ ਸੁਆਨੁ(ਗੁਰੂ ਗ੍ਰੰਥ ਸਾਹਿਬ, ਪੰਨਾ : 278)

ਇਸੇ ਤਰ੍ਹਾਂ ਜੋ ਮਨੁੱਖ ਐੇਸ਼ ਚ ਗਲਤਾਨ ਹਨ ਉਨ੍ਹਾਂ ਨੂੰ ਹੇ ਕਾਮੰ ਨਰਕ ਬਿਸ੍ਰਾਮੰ ਬਹੁ ਜੋਨੀ ਭਰਮਾਵਣਹ।। (ਗੁਰੂ ਗ੍ਰੰਥ ਸਾਹਿਬ, ਪੰਨਾ : 1358)

ਅਤੇ

ਜੋ ਜਾਨੈ ਮੈ ਜੋਬਨਵੰਤੁ।। ਸੋ ਹੋਵਤ ਬਿਸਟਾ ਕਾ ਜੰਤੁ।। (ਗੁਰੂ ਗ੍ਰੰਥ ਸਾਹਿਬ, ਪੰਨਾ : 278)

ਐਸੇ ਅਨੇਕ ਪ੍ਰਮਾਣਾਂ ਰਾਹੀਂ ਤਾੜਨਾ ਦੇ ਕੇ ਸਮਝਾਇਆ ਹੈ ਕਿ ਐ ਮਨੁੱਖ, ‘ਇਹ ਜਗ ਮਿਠਾ ਅਗਲਾ ਕਿਨ ਡਿਠਾ ਕਹਿ ਕੇ ਜਿਊਣਾ, ਤੇਰੀ ਆਤਮਕ ਮੌਤ, ਖੁਆਰੀ ਦਾ ਕਾਰਨ ਬਣ ਰਿਹਾ ਹੈ। ਹਰਿ ਬਿਸਰਤ ਸਦਾ ਖੁਆਰੀ।। ਤਾ ਕਉ ਧੋਖਾ ਕਹਾ ਬਿਆਪੈ ਜਾ ਕਉ ਓਟ ਤੁਹਾਰੀ।। ਰਹਾਉ।। ਬਿਨੁ ਸਿਮਰਨ ਜੋ ਜੀਵਨੁ ਬਲਨਾ ਸਰਪ ਜੈਸੇ ਅਰਜਾਰੀ।। (ਗੁਰੂ ਗ੍ਰੰਥ ਸਾਹਿਬ, ਪੰਨਾ : 711) ਐਸੇ ਸ਼ਬਦਾਂ ਰਾਹੀਂ ਮਨਮੁਖੀ ਪਸ਼ੂ ਬਿਰਤੀ ਵਾਲੇ ਮਨੁੱਖਾਂ ਨੂੰ

ਸੁਚੇਤ ਕਰਾਇਆ ਹੈ ਕਿ ਤੂੰ ਪਲ-ਛਿਨ ਦੇ ਸੁਖਾਂ ਲਈ (momentary pleasures) ਆਪਣਾ ਆਤਮਕ ਜੀਵਨ (character) ਖਰਾਬ ਕਰ ਰਿਹਾ ਹੈਂ, ਦੁਰਮਤ ਕਰਕੇ ਮੈਲਾ ਮਨ ਹੋ ਰਿਹਾ ਹੈ, ਜਾਗ, ਤੇ ਆਪਣੇ ਮਨੁੱਖਾ ਜਨਮ ਦੀ ਇਹ ਦੁਲਭ ਦੇਹ ਸਵਾਰਿ।।

ਜਿਨ੍ਹਾਂ ਮਨੁੱਖਾਂ ਨੂੰ ਮਰਨ ਮਗਰੋਂ ਦੇ ਡਰ ਨੇ ਕੁਝ ਵੀ ਅਗਵਾਈ ਨਹੀਂ ਦਿਤੀ, ਉਨ੍ਹਾਂ ਨੂੰ ਜੇ ਹੁਣ ਦੇ ਆਤਮਕ/ਮਾਨਸਕ ਦੁਖਾਂ, ਰੋਗਾਂ ਬਾਰੇ ਸਮਝ ਪੈ ਜਾਵੇ ਤਾਂ ਉਹ ਮਨੁੱਖ, ਸਾਂਝੀਵਾਲਤਾ, ਵੰਡ ਛਕੱਣਾ ਵਾਲੀ ਜੀਵਨੀ ਜਿਊਣ ਲਈ ਜਾਗ ਕੇ ਉਦਮ ਕਰਨ ਵੱਲ ਪ੍ਰੇਰਿਤ ਹੋ ਸਕਦੇ ਹਨ। ‘‘ਏਕੁ ਪਿਤਾ ਏਕਸ ਕੇ ਹਮ ਬਾਰਿਕ’’ ਸਮਝਣ ਵਾਲਾ ਮਨੁੱਖ ਜ਼ੁਲਮ ਕਰ ਹੀ ਨਹੀਂ ਸਕਦਾ। ਅਗਲਾ ਜੱਗ ਹੈ ਕਿ ਨਹੀਂ ਪਰ ਇਸੇ ਜਗ’ ’ਚ ਰੱਬ ਜੀ ਨੂੰ ਹਾਜ਼ਰ ਨਾਜ਼ਰ ਸਮਝਣ ਵਾਲਾ ਮਨੁੱਖ, ਵਿਕਾਰਾਂ ਦੇ ਵਸ ਪੈ ਹੀ ਨਹੀਂ ਸਕਦਾ, ਕਿਉਂਕਿ ਉਹ ਮਨੁੱਖ ਅੰਤਰ ਆਤਮੇ ਚ ਅਤੇ ਹੋਰਨਾ ਮਨੁੱਖਾਂ ਚ (ਬਾਹਰਿ ਭੀਤਰਿ ਏਕੋ ਜਾਨਹੁ) ਇਕ ਰੱਬ ਜੀ ਨੂੰ ਮਹਿਸੂਸ ਕਰ ਰਿਹਾ ਹੁੰਦਾ ਹੈ। ਉਹ ਮਨੁੱਖ ਅਯਾਸ਼ੀ ਨਹੀਂ ਕਰੇਗਾ, ਤੇ ਨਾ ਹੀ ਕਿਸੇ ਨੂੰ ਧੋਖਾ ਦੇਵੇਗਾ ਕਿਉਂਕਿ ‘ਸਭੈ ਘਟਰਾਮੁ ਬੋਲੈ’, ‘ਕੁਦਰਤਿ ਕੇ ਸਭ ਬੰਦੇ’, ‘ਘਟਿ ਘਟਿ ਮਾਧਉ ਜੀਆ’, ਦੇ ਸੁਨੇਹੇ ਕਾਰਨ ਮਨੁੱਖ ‘ਜੈਸਾ ਹਰਿ ਹੀ ਹੋਇ।।’ ਵਾਲਾ ਰੱਬੀ ਗੁਣਾਂ ਵਾਲਾ ਜੀਵਨ ਜਿਊਂਦਾ ਹੈ। ਰੱਬੀ ਇਕਮਿਕਤਾ ਕਾਰਨ ਰੱਬ ਰੂਪ ਹੋਇਆ ‘ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ’ ਵਾਲਾ ਮਨੁੱਖ ਕਿਸੀ ਤੇ ਜ਼ੁਲਮ ਅਤੇ ਐਸ਼ ਪ੍ਰਸਤੀ ਵਾਲੇ ਮੰਦੇ ਕਰਮ ਕਰ ਹੀ ਨਹੀਂ ਸਕਦਾ।

ਅਜੋਕੀ ਸਾਇੰਸ ਨੇ ਕੁਦਰਤ ਚੋਂ ਸੱਚ ਦੇ ਆਧਾਰ ਤੇ ਕਾਢਾਂ ਕਢੀਆਂ। ਸਾਇੰਸਦਾਨਾਂ ਨੇ ਆਪਣੇ ਵਲੋਂ ਕੁਝ ਬਣਾਇਆ ਨਹੀਂ, ਕੇਵਲ ਕੁਦਰਤ ਚ ਰੱਬੀ ਨਿਯਮਾਂ ਨੂੰ ਲੱਭਿਆ ਹੈ। ਸਾਇੰਸ ਦੇ ਨਿਰਪੱਖ ਖਰੇ ਸੱਚ ਸਾਹਮਣੇ, ਅਨੇਕਾਂ ਮਜ਼ਬਾਂ-ਧਰਮਾਂ ਦੇ ਅਖੌਤੀ ਕਰਮਕਾਂਡ ਅਤੇ ਅੰਧ ਵਿਸ਼ਵਾਸ ਦਲੀਲ ਤੇ ਪੂਰੇ ਨਹੀਂ ਉਤਰਦੇ। ਉਨ੍ਹਾਂ ਚੋਂ ਜਿਸ ਕਿਸੇ ਵਿਚ ਵੀ ਸੱਚਾ ਗਿਆਨ ਨਹੀਂ ਹੈ, ਉਨ੍ਹਾਂ ਧਰਮਾਂ ਨੂੰ ਸਾਇੰਸ ਤੋਂ ਖਤਰਾ ਲਗਦਾ ਹੈ। ਹਾਂ ਪਰ, ਗੁਰੂ ਗ੍ਰੰਥ ਸਾਹਿਬ ਜੀ ਵਿਚ ਕੋਈ ਵੀ ਅੰਧ ਵਿਸ਼ਵਾਸ ਦੀ ਗੱਲ ਨਾ ਹੋਣ ਕਾਰਨ ਗੁਰੂ ਗ੍ਰੰਥ ਸਾਹਿਬ ਜੀ (ਸਤਿਗੁਰ) ਨੂੰ ਕਿਸੀ ਵੀ ਕਿਸਮ ਦੀ ਸਾਇੰਸ ਦੀ ਖੋਜ ਤੋਂ ਡਰ ਹੈ ਹੀ ਨਹੀਂ। ਅਜ ਕਲੋਨਿੰਗ(cloning) ਦਾ ਮਸਲਾ ਸਾਹਮਣੇ ਆ ਰਿਹਾ ਹੈ। ਸਭ ਧਰਮਾਂ ਨੂੰ ਖਤਰਾ ਲਗ ਰਿਹਾ ਹੈ ਪਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੋਈ ਖਤਰਾ ਨਹੀਂ ਹੈ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਵਿਚ ਨਾ ਕਛੁ ਆਇਬੋ ਨਾ ਕਛੁ ਜਾਇਬੋ, ‘ਜੋ ਕਿਛੁ ਪਾਇਆ ਸੁ ਏਕਾ ਵਾਰਜੈਸੇ ਅਨੇਕਾਂ ਪ੍ਰਮਾਣ ਹਨ ਜੋ ਵਿਚਾਰਨ ਯੋਗ ਹਨ। ਕਈ ਸੱਜਣ ਆਤਮਾ ਸਰੀਰ ਵੜਨ ਅਤੇ ਬਾਹਰ ਆਉਣ ਦੀ ਵਿਚਾਰ ਮੰਨ ਕੇ ਭੂਤ ਪ੍ਰੇਤ ਅਤੇ ਜੂਨਾਂ ਚ ਭਟਕਨ ਦੇ ਵਿਚਾਰ ਬਣਾ ਲੈਂਦੇ ਹਨ। ਕਈ ਕਹਿੰਦੇ ਹਨ ਕਿ, ‘‘ਸਾਇੰਸਦਾਨਾਂ ਨੇ ਇਕ ਜ਼ਿੰਦਾ ਬੰਦੇ ਨੂੰ (ਸ਼ੀਸ਼ੇ ਦੇ) ਜਾਰ ਚ ਬੰਦ ਕਰ ਦਿੱਤਾ, ਜਦੋਂ ਉਹ ਮਨੁੱਖ ਮਰਿਆ ਤਾਂ ਸ਼ੀਸ਼ੇ ਦਾ ਜਾਰ ਟੁੱਟ ਗਿਆ।’’

ਅੱਜ ਤਕ ਸਾਇੰਸ ਦੀ ਕੀਤੀ ਹਰੇਕ ਖੋਜ ਲਈ ਮਨੁੱਖਾਂ ਦਾ ਦੇਸ਼ ਅਤੇ ਨਾਮ ਦਸਿਆ ਜਾਂਦਾ ਹੈ, ਪਰ ਕਿਸੀ ਵੀ ਸਾਇੰਸਦਾਨ ਨੇ ਹੁਣ ਤਕ ਨਹੀਂ ਕਿਹਾ ਕਿ ਇਹ ਸ਼ੀਸ਼ੇ ਦੇ ਜਾਰ ਵਾਲਾ ਤਜ਼ਰਬਾ ਕਿਸਨੇ ਕੀਤਾ ਹੈ। ਇਹ ਜੁਰਮ (crime) ਹੈ, ਕਿਸੀ ਵੀ ਦੇਸ਼ ਚ ਇਜਾਜ਼ਤ ਨਹੀਂ ਹੈ ਕਿ ਜਿਊਂਦੇ ਮਨੁੱਖ ਨੂੰ ਸ਼ੀਸ਼ੇ ਦੇ ਜਾਰ ਚ ਪਾ ਕੇ ਮਰਦਿਆਂ ਵੇਖੋ। ਇਹ ਕੇਵਲ ਕੰਨੋ ਕੰਨੀ ਫੈਲਾਇਆ ਗਿਆ ਅੰਧ ਵਿਸ਼ਵਾਸ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿਚ ਆਤਮਾ, ਜੀਵਾਤਮਾ, ਜੀਅੜਾ, ਜੀਊ ਜੈਸੇ ਅਨੇਕਾਂ ਲਫਜ਼ ਆਏ ਹਨ ਪਰ ਉਨ੍ਹਾਂ ਦਾ ਭਾਵਅਰਥ ਅਖੌਤੀ ਆਤਮਾ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਜੀਅੜਾ, ਹਿਰਦਾ, ਮਨ, ਆਤਮਾ, ਅੰਤਰ ਆਤਮਾ ਆਦਿ ਲਫ਼ਜ਼ਾਂ ਦਾ ਭਾਵਅਰਥ ਹੈ ਮਨੁੱਖ ਦੀ ਜ਼ਮੀਰ (will, conscience)ਜਿਵੇਂ ਅਸੀਂ ਕਹਿੰਦੇ ਹਾਂ ਕਿ ‘‘ਤੇਰਾ ਮਨ, ਤੇਰੀ ਜ਼ਮੀਰ, ਤੇਰੀ ਆਤਮਾ, ਤੇਰੇ ਅੰਦਰ ਦੀ ਅਵਾਜ਼ ਮੰਨਦੀ ਹੈ ਕਿ ਫਲਾਣਾ ਕਰਮ ਕਰਾਂ’’

ਇਹ ਸਰੀਰ ਪੰਜ ਤਤਾਂ ਤੋਂ ਬਣਿਆ ਹੈ। ਮਨੁੱਖੀ ਸਰੀਰ ਨੂੰ ਪ੍ਰਾਪਤ ਕਰਣ ਮਗਰੋਂ ਮਾਂ-ਪਿਉ, ਭੈਣ, ਭਰਾ, ਮਾਹੋਲ, ਮੋਸਮ, ਸਮਾਜ ਕਾਰਨ ਮਨੁੱਖ ਦਾ ਮਨ ਬਣਦਾ ਹੈ। ਸੋ ਮਨੁੱਖੀ ਮਨ ਮਰਨ ਮਗਰੋਂ ਮਨੁੱਖ ਦੇ ਸਰੀਰ ਨਾਲ ਹੀ ਮੁਕ ਜਾਂਦਾ ਹੈ। ਪੰਜ ਤੱਤ ਇਸ ਸ੍ਰਿਸ਼ਟੀ ਚ ਮਿਲ ਜਾਂਦੇ ਹਨ। ਗੁਰਮਤ ਸਿਧਾਂਤ ਅਨੁਸਾਰ ਸਤਿਗੁਰ ਪ੍ਰਾਪਤ ਕਰਕੇ, ਮਨੁੱਖ ਦਾ ਮਨ ਜਾਗ (aware) ਪੈਂਦਾ ਹੈ, ਮਨ ਦੀ ਮੈਲ ਧੁਲ ਜਾਂਦੀ ਹੈ, ਵਿਕਾਰ ਵਸ ਵਿਚ ਆ ਜਾਂਦੇ ਹਨ। ਅਜਿਹੇ ਜਾਗੇ ਮਨ ਨੂੰ ਹੀ ਕਿਹਾ ਹੈ ‘‘ਏ ਮਨ ਮੇਰਿਆ ਤੂ ਸਦਾ ਰਹੁ ਹਰਿ ਨਾਲੇ।। ਹਰਿ ਨਾਲਿ ਰਹੁ ਤੂ ਮੰਨ ਮੇਰੇ ਦੂਖ ਸਭਿ ਵਿਸਾਰਣਾ।।’’ (ਗੁਰੂ ਗ੍ਰੰਥ ਸਾਹਿਬ, ਪੰਨਾ : 917) ਸੋ ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਮਨ ਨੂੰ ਮਾਰਨਾ ਨਹੀਂ ਹੈ, ਕੇਵਲ ਸੁੱਤੇ ਮਨ ਨੂੰ ਜਗਾਉਣ ਦੀ ਅਵਸਥਾ ਚ ਲਿਆਉਣ ਲਈ ਸਤਿਗੁਰ ਗਿਆਨ-ਗੁਰ (divine wisdom) ਦੇ ਅਧੀਨ ਕਰਨਾ ਹੈ। ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਆਤਮਾ ਬਾਰੇ ਕਈ ਸ਼ਬਦ ਵਿਚਾਰਨਯੋਗ ਹਨ। ਗੁਰੂ ਗ੍ਰੰਥ ਸਾਹਿਬ ਜੀ ਦਾ ਆਤਮਾ ਬਾਰੇ ਨਜ਼ਰੀਆ ਵਿਚਾਰਨਾ ਸਾਡਾ ਸਭ ਦਾ ਫਰਜ਼ ਬਣਦਾ ਹੈ।

ਜ਼ਿਆਦਾਤਰ ਮਨੁੱਖ ਐਸੇ ਕਈ ਸਵਾਲ ਕਰਕੇ ਆਪ ਹੀ ਜਵਾਬ ਬਣਾ ਲੈਂਦੇ ਹਨ ਤੇ ਆਪਣੇ ਆਪ ਹੀ ਆਵਾਗਵਨ, 84 ਲੱਖ ਜੂਨੀਆਂ, ਜਨਮ ਮਰਨ ਦੇ ਸਿਧਾਂਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਉਤੇ ਥੋਪ ਕੇ ਭਰਮ ਚ ਪਏ ਰਹਿੰਦੇ ਹਨ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁਣੀ ਸੁਣਾਈ ਫਿਲਾਸਫੀ ਨਾਲ ਪੜ੍ਹਦੇ, ਰਹਿੰਦੇ ਹਨ ਤੇ ਅਸਲੀਅਤ ਤੋਂ ਖੁੰਝ ਜਾਂਦੇ ਹਨ।

ਵਿਚਾਰ ਕੀਤਿਆਂ ਪਤਾ ਲਗਦਾ ਹੈ ਕਿ ਭਾਵੇਂ ਕੋਈ ਵੀ ਕੁਝ ਵੀ, ਪਿਆ ਕਹੇ ਲੇਕਿਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਤਿਗੁਰ(Universal truth) ਦੀ ਵਿਚਾਰਧਾਰਾ ਮਨੁੱਖ ਨੂੰ ਪੂਰਨ ਮਨੁੱਖਤਾ (Humanity) ਵਾਲਾ ਜੀਵਨ ਜਿਊਣਾ ਸਿਖਾਉਂਦੀ ਹੈ ਅਤੇ ਇਸੇ ਨੂੰ ਜਿਊਂਦਿਆਂ ਮੁਕਤੀ ਕਹਿੰਦੇ ਹਨ। ਮਰਨ ਮਗਰੋਂ ਮੁਕਤੀ (ਉਧਾਰ) ਨਹੀਂ ਬਲਕਿ ਨਕਦ ਜੀਵਨ ਹੀ ਗੁਰੂ ਗ੍ਰੰਥ ਸਾਹਿਬ ਜੀ ਰਾਹੀਂ ਦ੍ਰਿੜ ਕਰਵਾਇਆ ਹੈ।

ਮਨੁੱਖ ਨੂੰ ਡਰਾ ਕੇ ਪਾਪੀ-ਪੁੰਨੀ, ਸਵਰਗ-ਨਰਕ ਜੈਸੀਆਂ ਵਿਚਾਰਾਂ, ਲਾਲਚ ਦੇ ਕੇ ਅਮਲੀ ਜੀਵਨੀ ਨਹੀਂ ਘੜੀ ਜਾ ਸਕਦੀ। ਮਨੁੱਖ ਨੂੰ ਬਿਬੇਕ ਬੁਧੀ ਮਿਲੇ ਇਹੋ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਤਤ ਗਿਆਨ ਹੈ ਤਾਂ ਕਿ ਮਨੁੱਖ ਚੰਗੇ-ਮੰਦੇ ਦੀ ਪਛਾਣ ਕਰਣ ਵਾਲੀ ਜੀਵਨੀ ਜਿਊ ਸਕੇ।

ਜਿਸ ਮਨੁੱਖ ਨੂੰ ਇਹ ਸਮਝ ਪੈ ਜਾਂਦੀ ਹੈ ਕਿ ਮੇਰੇ ਪਾਪ ਜਾਂ ਕੀਤੇ ਮਾੜੇ ਕਰਮਾਂ ਦਾ ਸਭ ਕੁਝ ਫਲਾਣੇ-ਫਲਾਣੇ ਕਰਮਾਂ ਕਾਂਡਾਂ ਨਾਲ, ਪਿਤਰਾਂ ਬਾਰੇ ਸ਼ਰਾਧ, ਵਰ੍ਹੀਣਾ, ਪਖੰਡ ਕਰੀ ਜਾਣ ਨਾਲ ਧੁਲ ਸਕਦਾ ਹੈ ਤਾਂ ਉਹ ਮਨੁੱਖ ਆਪਣੇ ਮਾੜੇ ਖਿਆਲ, ਮਾੜੀਆਂ ਆਦਤਾ, ਮਾੜੇ ਸੁਭਾਅ ਅਤੇ ਮਾੜੇ ਫੁਰਨਿਆਂ, ਮਾੜੇ ਕਰਨੀਆਂ ਤੋਂ ਉਪਰ ਨਹੀਂ ਉਠ ਸਕਦਾ। ਉਸਦਾ ਧਿਆਨ ਪਾਪ ਪੁੰਨ ਦੀ ਉਧੇੜ-ਬੁਨ’ ’ਚ ਪੈ ਜਾਂਦਾ ਹੈ, ਉਹ ਮਨੁੱਖ ਸਵਰਗ ਨਰਕ ਬਾਰੇ ਵਿਚਾਰਾਂ ਕਰਦਾ ਰਹਿੰਦਾ ਹੈ ਪਰ ਆਪਣੇ ਵਰਤਮਾਨ (present) ਜੀਵਨ ਨੂੰ, ਉੱਚੀ ਜੀਵਨੀ ਦੇ ਕਿਰਦਾਰ ਦਾ ਧਾਰਨੀ ਨਹੀਂ ਬਣਾਉਂਦਾ। ਜਿਸ ਮਨੁੱਖ ਨੂੰ ਆਤਮਕ ਮੌਤ ਬਾਰੇ ਸਮਝ ਪੈ ਜਾਂਦੀ ਹੈ ਕਿ ਕਿਵੇਂ ਮੈਂ ਰੋਜ਼-ਰੋਜ਼ ਆਪਣੇ ਜੀਵਨ ਚ ਲਖਾਂ ਵਾਰੀ ਆਤਮਕ ਮੌਤ ਕਾਰਨ ਜੰਮਦਾ ਮਰਦਾ ਰਹਿੰਦਾ ਹਾਂ, ਮੇਰਾ ਜੀਵਨ ਅਸ਼ਾਂਤ, ਭਰਮਾਂ ਚ ਭਟਕਣ ਕਾਰਨ ਖੁਆਰ ਹੋ ਜਾਂਦਾ ਹੈ ਤਾਂ ਐਸਾ ਮਨੁੱਖ ਸਤਿਗੁਰ ਅਨੁਸਾਰ ਅਮਲੀ ਜੀਵਨ ਦਾ ਧਾਰਨੀ ਹੋ ਕੇ ਅਮਲੀ ਜੀਵਨੀ (ਸਦ ਜੀਵਣ) ਵਾਲਾ ਸਚਿਆਰ ਮਨੁੱਖ ਬਣ ਜਾਂਦਾ ਹੈ। ਆਤਮਕ ਮੌਤ ਤੋਂ (ਵਿਕਾਰਾਂ ਹਥੀਂ ਅੰਤਕਾਲ ਤੋਂ) ਜੋ ਜਿਊਂਦਿਆਂ ਸੁਚੇਤ ਹੋ ਜਾਂਦਾ ਹੈ, ਉਸੇ ਦੇ ਜੀਵਨ ਨੂੰ ਜੀਵਨ ਮੁਕਤ (ਨਿਰਵਾਣ ਪਦ) ਸਦ ਜੀਵਣ ਕਹਿੰਦੇ ਹਨ। ਜੋ ਮਨੁੱਖ ਜਿਊਂਦਿਆਂ ਦੁਰਲਭ ਦੇਹ ਬਣਾਉਣ (ਸਤਿਗੁਰ ਕੈ ਜਨਮੈ ਗਵਨੁ ਮਿਟਾਇਆ।।) (ਗੁਰੂ ਗ੍ਰੰਥ ਸਾਹਿਬ, ਪੰਨਾ : 940) ਜੀਵਨ ਉਸਾਰਨ ਚ ਕਾਮਯਾਬ ਹੋ ਜਾਂਦਾ ਹੈ ਉਸੇ ਬਾਰੇ ਕਹਿੰਦੇ ਹਨ:- ‘‘ਜਨਮ ਮਰਨ ਤਾ ਕਾ ਦੂਖੁ ਨਿਵਾਰੈ।। ਦੁਲਭ ਦੇਹ ਤਤਕਾਲ ਉਧਾਰੈ।।’’ (ਗੁਰੂ ਗ੍ਰੰਥ ਸਾਹਿਬ, ਪੰਨਾ : 296)

ਇਹ ਲੇਖ ਵੀਰ ਭਪਿੰਦਰ ਸਿੰਘ ਜੀ ਦੀ ਦੁਆਰ ਰਚਿਤ ਪੁਸਤਕਜੀਵਨ ਮੁਕਤ ਵਿੱਚੋਂ ਲਿਆ ਗਿਆ ਹੈ। ਵਧੇਰੀ ਜਾਣਕਾਰੀ ਲਈ ਪਾਠਕ ਸੱਜਣ www.thelivingtreasure.org ਤੇ ਲੋਗੋਨ ਕਰਨ ਜਾਂ [email protected] ਤੇ ਈ-ਮੇਲ ਕਰਨ ਜੀ।




.