.


ਸਿੱਖ ਕਾਨੂੰਨ ਦੇ ਸ੍ਰੋਤ
(Sources of Sikh Law)

ਸਿੱਖ ਕਾਨੂੰਨ ਜਿਸ ਦਾ ਭਾਵ ਹੈ, ਉਹ ਕਾਨੂੰਨ, ਜੋ ਸਿੱਖਾਂ ਦੇ ਗੁਰੂਆਂ ਵਲੋਂ ਸਿੱਖਾਂ ਲਈ ਬਣਾਏ ਗਏ ਤੇ ਸਿੱਖਾਂ ਉੱਤੇ ਲਾਗੂ ਹੁੰਦੇ ਹਨ। ਸਿੱਖ ਕਾਨੂੰਨ ਦੋ ਸ਼ਬਦਾਂ ਦਾ ਜੋੜ ਹੈ। ਪਹਿਲਾਂ ਸਿੱਖ ਤੇ ਦੂਜਾ ਕਾਨੂੰਨ। ਵਿਚਾਰ ਨੂੰ ਅੱਗੇ ਤੋਰਨ ਲਈ ਪਾਵਨ ਗੁਰਬਾਣੀ ਦੀ ਇਹ ਤੁਕ ਹੀ ਸਮਰੱਥ ਹੈ
ਸੋ ਸਿਖੁ ਸਖਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ।।
ਪੰਨਾ ੬੦੧

ਦੂਜਾ ਸ਼ਬਦ ਹੈ ਕਾਨੂੰਨ, ਜਿਸਦੇ ਪਾਵਨ ਗੁਰਬਾਣੀ ਵਿੱਚ ਸਮਾਨਾਰਥੀ ਸ਼ਬਦ ਸਿੱਖੀ, ਮਰਿਯਾਦਾ, ਰਹਿਤ ਹਨ
ਉਪਦੇਸੁ ਜਿ ਦਿਤਾ ਸਤਿਗੁਰੂ ਸੋ ਸੁਣਿਆ ਸਿਖੀ ਕੰਨੇ।। ਪੰਨਾ ੩੧੪
ਸਭ ਤੇ ਊਚ ਊਚ ਤੇ ਊਚੋ ਅੰਤੁ ਨਹੀ ਮਰਜਾਦ।। ਪੰਨਾ ੧੨੧੯
ਜੀਵਨ ਮੁਕਤੁ ਜਾ ਸਬਦੁ ਸੁਣਾਏ।। ਸਚੀ ਰਹਤ ਸਚਾ ਸੁਖੁ ਪਾਏ।। ਪੰਨਾ ੧੩੪੩

ਕਾਨੂੰਨ ਸ਼ਬਦ ਦੇ ਅਰਥ ਕਰਦੇ ਹੋਏ ਭਾਈ ਕਾਹਨ ਸਿੰਘ ਜੀ ਨਾਭਾ ਮਹਾਨ ਕੋਸ਼ ਵਿੱਚ ਲਿਖਦੇ ਹਨ
“ਸੰਗਯਾ- ਦਸਤੂਰ. ਕਾਯਦਾ. ਨਿਯਮ. । ੨. ਨੀਤਿਪ੍ਰਬੰਧ. ਰਿਆਸਤ ਦੇ ਇੰਤਜ਼ਾਮ ਦੇ ਨਿਯਮ. । “
ਇਸ ਤਰ੍ਹਾਂ ਕਾਨੂੰਨ ਸ਼ਬਦ ਦੇ ਅਰਥ ਹੁੰਦੇ ਹਨ, ਉਹ ਨੇਮ ਜਿਨ੍ਹਾਂ ਦੇ ਪ੍ਰਬੰਧ ਦੇ ਨਾਲ ਕਿਸੇ ਜਮਾਤ, ਸਮਾਜ ਅਤੇ ਕੌਮੀ ਭਾਈਚਾਰੇ ਨੂੰ ਚਲਾਇਆ ਜਾਂਦਾ ਹੈ, ਜੋ ਮਨੁੱਖੀ ਤਜਰਬੇ ਦੇ ਅਧਾਰ ਤੇ ਸਮਾਜ, ਜਮਾਤ ਦੇ ਪ੍ਰਬੰਧ ਦੇ ਨਾਲ ਹੀ ਧਾਰਮਿਕ, ਸਮਾਜਿਕ, ਆਰਥਕ ਅਤੇ ਰਾਜਨੀਤਿਕ ਨਿਆਂ ਨੂੰ ਸਮਾਜ ਅਤੇ ਹਰ ਮਨੁੱਖ ਲਈ ਯਕੀਨੀ ਬਣਾਉਂਦਾ ਹੈ।
ਸਿੱਖ ਕਾਨੂੰਨ ਉਹ ਹੱਦ ਬੰਦੀ ਹੈ ਜੋ ਸਿੱਖ ਗੁਰੂ ਸਾਹਿਬਾਨ ਨੇ ਸਿੱਖਾਂ ਦੇ ਧਾਰਮਿਕ, ਸਮਾਜਿਕ, ਆਰਥਕ ਅਤੇ ਰਾਜਨੀਤਿਕ ਭਾਈਚਾਰੇ ਅਤੇ ਨਿਆਂ ਲਈ ਆਪ ਖੁਦ ਤਿਆਰ ਕੀਤਾ ਹੈ। ਦਸ ਗੁਰੂ ਸਾਹਿਬਾਨ ਵਲੋਂ ਸਿੱਖਾਂ ਨੂੰ ਦਿੱਤੇ ਉਪਦੇਸ਼ ਹੀ ਸਿੱਖੀ ਭਾਵ ਸਿੱਖ ਕਾਨੂੰਨ ਹੈ।
ਸਿਖੀ ਸਿਖਿਆ ਗੁਰ ਵੀਚਾਰਿ।। ਪੰਨਾ ੪੬੫
ਸਿੱਖ ਕਾਨੂੰਨ ਦਾ ਸਿੱਖ ਸਾਹਿਤ ਵਿੱਚ ਸਮਾਨਾਰਥਕ ਸ਼ਬਦ ਗੁਰਮਤਿ ਵੀ ਹੈ। ਇਸ ਸ਼ਬਦ ਨਾਲ ਆਮ ਸਿੱਖ ਜਗਤ ਚੰਗੀ ਤਰ੍ਹਾਂ ਨਾਲ ਜਾਣੂ ਹੈ। ਅਫਸੋਸ ਜਨਕ ਇਹ ਹੈ ਕਿ ਇਸ ਸ਼ਬਦ ਦੀ ਵਿਆਖਿਆ ਸਿੱਖ ਵਿਦਵਾਨਾਂ ਵਲੋਂ ਬੜੇ ਹੀ ਸੰਕੁਚਿਤ ਖੇਤਰ ਵਿੱਚ ਕੀਤੀ ਗਈ ਹੈ। ਗੁਰਮਤਿ ਦਾ ਦਾਇਰਾ ਬਹੁਤ ਹੀ ਵਿਆਪਕ ਹੈ। ਸੰਸਾਰ ਦੇ ਹਰ ਵਿਸ਼ੇ ਦਾ ਵਿਚਾਰ ਗੁਰਮਤਿ ਵਿੱਚ ਮੌਜੂਦ ਹੈ। ਗੁਰੂ ਸਾਹਿਬਾਨ ਨੇ ਪਾਵਨ ਗੁਰਬਾਣੀ ਵਿੱਚ ਅੱਜ ਤੋਂ ੫੦੦ ਸਾਲ ਪਹਿਲਾਂ ਹੀ ਸੰਸਾਰ ਦੇ ਸਾਰੇ ਵਿਸ਼ਿਆਂ ਨੂੰ ਪਾਵਨ ਗੁਰਬਾਣੀ ਵਿੱਚ ਦਰਸਾਇਆ ਹੈ। ਲੇਕਿਨ ਸਿੱਖ ਵਿਦਵਾਨਾਂ ਨੇ ਗੁਰਮਤਿ ਦੀ ਵਿਆਖਿਆ ਕੇਵਲ ਗੁਰਦੁਆਰਾ ਪ੍ਰਬੰਧ, ਗੁਰਮਤਿ ਸਮਾਗਮਾਂ ਅਤੇ ਥੋੜਾ ਬਹੁਤ ਸ਼ਖ਼ਸੀ ਰਹਿਣੀ ਲਈ ਕੀਤੀ ਹੈ। ਅੱਜ ਸਾਰੇ ਸੰਸਾਰ ਵਿੱਚ ਜੋ ਮਨੁੱਖੀ ਅਧਿਕਾਰਾਂ
(Human Rights), ਵਾਤਾਵਰਨ (Environmental Laws), ਆਰਥਕ (Economic Laws) ਅਤੇ ਹੋਰ ਭਖਦੇ ਮੁਦਿਆ ਤੇ ਕਾਨੂੰਨਾਂ ਦੀ ਗੱਲ ਚਲ ਰਹੀ ਹੈ, ਉਹ ਗੁਰੂ ਸਾਹਿਬਾਨ ਨੇ ਪਾਵਨ ਗੁਰਬਾਣੀ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ੩੦੦-੫੦੦ ਸਾਲ ਪਹਿਲਾਂ ਹੀ ਬੜੇ ਖੁਲ੍ਹੇ ਵਿਚਾਰਾਂ ਵਿੱਚ ਹੀ ਕਰ ਦਿੱਤੀ ਹੈ।
ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਸਾਹਿਬ ਹਨ ਤੇ ਆਪ ਨੇ ਸਿੱਖ ਧਰਮ ਦੇ ਉਪਦੇਸ਼ ਪਾਵਨ ਗੁਰਬਾਣੀ ਰਾਹੀ ਹੀ ਦਿੱਤੇ ਹਨ। ਆਪ ਨੇ ਧਰਮ ਪ੍ਰਚਾਰ ਲਈ ਹਜ਼ਾਰਾਂ ਮੀਲ ਦੀ ਪੈਦਲ ਯਾਤਰਾ ਕੀਤੀ ਸੀ। ਇਨ੍ਹਾਂ ਯਾਤਰਾਵਾਂ ਦੌਰਾਨ ਆਪ ਜੀ ਜਿਥੇ ਵੀ ਗਏ, ਉਥੇ ਮਨੁੱਖਤਾ ਦੇ ਭਲੇ ਲਈ ਉਪਦੇਸ਼ ਕੀਤਾ। ਇਹ ਸਾਰੇ ਉਪਦੇਸ਼ ਗੁਰੂ ਨਾਨਕ ਸਾਹਿਬ ਨੇ ਆਪ ਸੰਭਾਲ ਕੇ ਰੱਖ ਲਏ। ਇਨ੍ਹਾਂ ਉਪਦੇਸ਼ਾਂ ਦੇ ਨਾਲ ਹੀ ਉਨ੍ਹਾਂ ਮਹਾਂਪੁਰਖਾਂ ਦੇ ਮਹਾਨ ਵਿਚਾਰਾਂ ਨੂੰ ਵੀ ਆਪਣੇ ਵਲੋਂ ਉਚਾਰੇ ਉਪਦੇਸ਼ਾਂ ਨਾਲ ਰਲਾ ਕੇ ਸੰਭਾਲ ਲਿਆ, ਜਿਨ੍ਹਾਂ ਦੇ ਵਿਚਾਰ ਗੁਰੂ ਨਾਨਕ ਸਾਹਿਬ ਵਲੋਂ ਦਿੱਤੇ ਫ਼ਲਸਫ਼ੇ ਮੁਤਾਬਿਕ ਉਨ੍ਹਾਂ ਵਲੋਂ ਦਿੱਤੀ ਗੁਰਮਤਿ ਦੀ ਕਸਵੱਟੀ ਤੇ ਖਰੇ ਉੱਤਰਦੇ ਸਨ। ਸਿੱਖ ਸਾਹਿਤ ਵਿੱਚ ਗੁਰੂ ਸਾਹਿਬਾਨਾਂ ਵਲੋਂ ਉਚਾਰੇ ਉਪਦੇਸ਼ਾਂ ਨੂੰ ਪਾਵਨ ਗੁਰਬਾਣੀ ਅਤੇ ਸਮੇਂ ਦੇ ਮਹਾਂਪੁਰਖਾਂ ਵਲੋਂ ਉਚਾਰੀ ਬਾਣੀ ਨੂੰ ਭਗਤਬਾਣੀ ਕਰਕੇ ਆਖਿਆ ਜਾਂਦਾ ਹੈ। ਸਿੱਖ ਜਗਤ ਵਿੱਚ ਗੁਰਬਾਣੀ ਅਤੇ ਭਗਤਬਾਣੀ ਵਿੱਚ ਕਿਸੀ ਤਰ੍ਹਾਂ ਦਾ ਕੋਈ ਭੇਦ ਨਹੀਂ ਮੰਨਿਆ ਜਾਂਦਾ ਕਿਉਂਕਿ ਇਹ ਦੋਨੋਂ ਤਰ੍ਹਾਂ ਦੀਆਂ ਰਚਨਾਵਾਂ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵਿਚਾਰ ਦੀ ਸਮਾਨਤਾ ਕਰਕੇ ਇਕੋ ਹੀ ਭਾਵ ਨਾਲ ਦਰਜ ਕੀਤੀਆ ਗਈਆਂ ਹਨ ਤੇ ਸਿੱਖਾਂ ਵਲੋਂ ਗੁਰੂ ਮੰਨੀਆਂ ਜਾਂਦੀਆਂ ਹਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਲਾਵਾ ਸੰਸਾਰ ਦੇ ਸਾਰੇ ਧਰਮ ਗ੍ਰੰਥ ਉਨ੍ਹਾਂ ਧਰਮਾਂ ਦੇ ਬਾਨੀਆਂ ਵਲੋਂ ਨਹੀਂ ਰਚੇ ਗਏ ਹਨ। ਇਹ ਸਾਰੇ ਧਰਮ ਗ੍ਰੰਥ ਇਨ੍ਹਾਂ ਧਰਮਾਂ ਦੇ ਬਾਨੀਆਂ ਤੋਂ ਬਾਦ ਉੱਨਾਂ ਧਰਮਾਂ ਦੇ ਅਨੁਯਾਇਆ ਵਲੋਂ ਬਾਦ ਵਿੱਚ ਤਿਆਰ ਕੀਤੇ ਗਏ ਹਨ। ਲੇਕਿਨ ਸਿੱਖ ਧਰਮ ਵਿੱਚ ਇਹ ਦਸਤੂਰ ਕਾਇਮ ਨਹੀਂ ਰਹਿਆ। ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪ ਆਪਣੇ ਉਪਦੇਸ਼ਾਂ ਨੂੰ ਕਲਮਬੱਧ ਕੀਤਾ ਤੇ ਆਪ ਹੀ ਉਨ੍ਹਾਂ ਮਹਾਂਪੁਰਖਾਂ ਦੀ ਬਾਣੀ ਨੂੰ ਵੀ ਸੰਭਾਲ ਲਿਆ ਜਿਨ੍ਹਾਂ ਦੀ ਬਾਣੀ ਨੂੰ ਉਹ ਆਪਣੇ ਵਲੋਂ ਚਲਾਏ ਫਲਸਫੇ ਮੁਤਾਬਿਕ ਜੋਗ ਸਮਝਦੇ ਸਨ। ਇਸ ਵਿਚਾਰ ਦੀ ਗਵਾਹੀ ਭਾਈ ਗੁਰਦਾਸ ਜੀ ਆਪਣੀ ਵਾਰਾਂ ਵਿੱਚ ਭਰਦੇ ਹਨ ਜਿਸ ਵਿੱਚ ਭਾਈ ਸਾਹਿਬ ਗੁਰੂ ਨਾਨਕ ਸਾਹਿਬ ਦੀਆਂ ਉਦਾਸੀਆਂ (ਯਾਤਰਾਵਾਂ) ਦਾ ਹਾਲ ਲਿਖਦੇ ਹੋਏ, ਇਸ ਗੱਲ ਨੂੰ ਬੜੀ ਮਜ਼ਬੂਤੀ ਨਾਲ ਲਿਖਦੇ ਹਨ ਕਿ ਗੁਰੂ ਨਾਨਕ ਸਾਹਿਬ ਕੋਲ ਇੱਕ ਕਿਤਾਬ ਸੀ।
ਆਸਾ ਹੱਥ ਕਿਤਾਬ ਕੱਛ ਕੂਜਾ ਬਾਂਗ ਮੁਸੱਲਾ ਧਾਰੀ।।
ਭਾਈ ਗੁਰਦਾਸ ਜੀ ਵਾਰ: ੧ ਪਉਣੀ ੩੨

ਇਸ ਕਿਤਾਬ ਵਿੱਚ ਹੀ ਗੁਰੂ ਨਾਨਕ ਸਾਹਿਬ ਨੇ ਸਾਰੇ ਉਪਦੇਸ਼ਾਂ ਨੂੰ ਲਿਖ ਕੇ ਰਖਿਆ ਹੋਇਆਂ ਸੀ ਤਾਂ ਹੀ ਮੱਕੇ ਵਿੱਚ ਕਾਜ਼ੀਆਂ ਤੇ ਮੁਲਾਣਿਆਂ ਨੇ ਗੁਰੂ ਨਾਨਕ ਸਾਹਿਬ ਕੋਲੋਂ ਪੁੱਛਿਆ ਸੀ ਕਿ ਆਪ ਆਪਣੀ ਕਿਤਾਬ ਖੋਲ ਕੇ ਦੱਸੋ ਕਿ ਹਿੰਦੂ ਵੱਡਾ ਹੈ ਕਿ ਮੁਸਲਮਾਨ। ਜੋ ਇਸ ਗੱਲ ਦਾ ਪੱਕਾ ਸਬੂਤ ਹੈ ਕਿ ਗੁਰੂ ਨਾਨਕ ਸਾਹਿਬ ਨੇ ਆਪ ਆਪਣੇ ਕੋਲ ਐਸਾ ਪ੍ਰਬੰਧ ਕੀਤਾ ਹੋਇਆ ਸੀ ਕਿ ਜਿਸ ਵਿੱਚ ਉਹ ਆਪ ਆਪਣੇ ਵਲੋਂ ਦਿਤੇ ਧਰਮ ਦੇ ਨੇਮਾਂ ਨੂੰ ਲਿਖ ਲੈਂਦੇ ਸਨ।
ਪੁਛਨ ਗਲ ਈਮਾਨ ਦੀ ਕਾਜ਼ੀ ਮੁਲਾਂ ਇਕਠੇ ਹੋਈ।।
ਵਡਾ ਸਾਂਗ ਵਰਤਾਇਆ ਲਖ ਨ ਸਕੇ ਕੁਦਰਤਿ ਕੋਈ।।
ਪੁਛਣ ਖੋਲ ਕਿਤਾਬ ਨੂੰ ਵਡਾ ਹਿੰਦੂ ਕੀ ਮੁਸਲਮਾਨੋਈ।।
ਭਾਈ ਗੁਰਦਾਸ ਜੀ ਵਾਰ: ੧ ਪਉਣੀ ੩੩

ਗੁਰੂ ਨਾਨਕ ਪਾਤਸ਼ਾਹ ਨੇ ਆਪਣੀ ਗੁਰਤਾ ਗੱਦੀ ਗੁਰੂ ਅੰਗਦ ਸਾਹਿਬ ਨੂੰ ਸੌਂਪੀ। ਇਹ ਗੁਰਤਾ ਗੱਦੀ ਉਨ੍ਹਾਂ ਨੇ ਕਿਸੀ ਭਾਵਨਾ ਜਾਂ ਪਿਆਰ ਵਿੱਚ ਆ ਕੇ ਨਹੀਂ ਸੌਂਪੀ ਸੀ। ਗੁਰੁ ਨਾਨਕ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਇਸ ਕਾਬਿਲ ਤਿਆਰ ਕੀਤਾ ਕਿ ਉਹ ਆਉਣ ਵਾਲੀਆਂ ਭਵਿੱਖ ਦੀਆ ਚਨੌਤੀਆਂ ਨੂੰ ਉਨ੍ਹਾਂ ਵਲੋ ਥਾਪੇ ਨੇਮਾਂ ਮੁਤਾਬਿਕ ਗੁਰੁ ਅੰਗਦ ਦੇਵ ਬਣ ਕੇ ਨਿਭਾ ਸਕਣ ਤੇ ਰਹਿੰਦੀ ਦੁਨੀਆ ਤਕ ਇਸ ਨਿਰਮਲ ਸਿਧਾਂਤ ਨੂੰ ਕਾਇਮ ਰੱਖਣ ਦਾ ਪ੍ਰਬੰਧ ਕਰਣ। ਇਸ ਲਈ, ਗੁਰੁ ਨਾਨਕ ਸਾਹਿਬ ਨੇ ਆਪਣੀ ਉਹ ਕਿਤਾਬ ਜਿਸ ਵਿੱਚ ਉਨ੍ਹਾਂ ਨੇ ਪਾਵਨ ਗੁਰਬਾਣੀ ਅਤੇ ਪਾਵਨ ਭਗਤਬਾਣੀ ਨੂੰ ਦਰਜ ਕੀਤਾ ਸੀ ਗੁਰੁ ਅੰਗਦ ਸਾਹਿਬ ਨੂੰ ਗੱਰਤਾ ਗਦੀ ਦੇ ਨਾਲ ਹੀ ਸਪੁਰਦ ਕਰ ਦਿੱਤਾ।
ਗੁਰੂ ਅੰਗਦ ਸਾਹਿਬ ਨੇ ਗੁਰੂ ਨਾਨਕ ਸਾਹਿਬ ਦੀ ਉਸ ਕਿਤਾਬ ਵਿੱਚ ਆਪਣੇ ਵਲੋਂ ਉਚਾਰੀ ਪਾਵਨ ਗੁਰਬਾਣੀ ਰੱਲਾ ਕੇ ਇਸ ਵਿੱਚ ਹੋਰ ਵਾਧਾ ਕਰ ਦਿੱਤਾ ਤੇ ਨਾਲ ਹੀ ਗੁਰੁ ਨਾਨਕ ਸਾਹਿਬ ਨੇ ਜਿਵੇਂ ਆਪ ਨੂੰ ਗੁਰਬਾਣੀ ਦਾ ਮਹਾਨ ਫਲਸਫਾ ਗੁਰੱਤਾ ਗਦੀ ਦੇ ਨਾਲ ਬਖਸ਼ਿਆ ਸੀ, ਉਸੀ ਪਰੰਪਰਾ ਤੇ ਚਲਦੇ ਹੋਏ ਆਪ ਜੀ ਨੇ ਧੁਰ ਕੀ ਬਾਣੀ ਦਾ ਮਹਾਨ ਖਜਾਨਾ ਸਿੱਖਾਂ ਦੇ ਤੀਜੇ ਗੁਰੁ ਅਮਰਦਾਸ ਜੀ ਨੂੰ ਗੁਰੱਤਾ ਗੱਦੀ ਦੇ ਨਾਲ ਹੀ ਸਪੁਰਦ ਕਰ ਦਿੱਤਾ। ਇਸ ਪਰੰਪਰਾ ਤੇ ਚਲਦੇ ਹੋਏ ਗੁਰੂ ਅਮਰਦਾਸ ਜੀ ਨੇ ਚੌਥੇ ਗੁਰੂ, ਗੁਰੂ ਰਾਮ ਦਾਸ ਜੀ ਨੂੰ ਤੇ ਗੁਰੂ ਰਾਮ ਦਾਸ ਜੀ ਨੇ ਪਾਵਨ ਗੁਰਬਾਣੀ ਦੇ ਇਸ ਮਹਾਨ ਭੰਡਾਰ ਨੂੰ ਗੁਰੂ ਅਰਜਨ ਸਾਹਿਬ ਨੂੰ ਬਖਸ਼ਿਆ। ਗੁਰੂ ਅਰਜਨ ਸਾਹਿਬ ਨੇ ਬਹੁਤ ਸਾਰੀ ਪਾਵਨ ਗੁਰਬਾਣੀ ਉਚਾਰੀ।
ਗੁਰੁ ਸਾਹਿਬਾਨਾਂ ਨੂੰ ਇਸ ਗੱਲ ਦਾ ਬਖੂਬੀ ਅੰਦਾਜਾ ਸੀ ਕਿ ਪਾਵਨ ਗੁਰਬਾਣੀ ਦੇ ਇਸ ਬੇਸ਼ਕੀਮਤੀ ਖਜਾਨੇ ਵਿੱਚ ਕੋਈ ਵੀ ਮਨੁੱਖ, ਜੋ ਸਿੱਖੀ ਦੇ ਮਹਾਨ ਫਲਸਫੇ ਨਾਲ ਈਰਖਾ ਰੱਖਦਾ ਹੋਏਗਾ, ਕਿਸੇ ਨਾ ਕਿਸੇ ਤਰੀਕੇ ਨਾਲ ਮਿਲਾਵਟ ਕਰਕੇ ਸ਼ਰਧਾਵਾਨ ਗੁਰਸਿੱਖਾਂ ਨੂੰ ਭਰਮਾਉਣ ਦਾ ਜਤਨ ਜਰੂਰ ਕਰੇਗਾ ਤੇ ਉਨ੍ਹਾਂ ਦਾ ਇਹ ਅੰਦਾਜਾ ਅਗੇ ਚਲ ਕੇ ਸਹੀ ਭੀ ਸਾਬਿਤ ਹੋਇਆ। ਗੁਰੂ ਅਰਜਨ ਸਾਹਿਬ ਦੇ ਸਮੇ ਤੇ ਪ੍ਰਿਥੀਚੰਦ ਨੇ ਪਾਵਨ ਗੁਰਬਾਣੀ ਦੀ ਰੀਸ ਕਰਦੇ ਹੋਏ ‘ਨਾਨਕ` ਪਦ ਦੀ ਦੁਰਵਰਤੋਂ ਕਰਕੇ ਰਚਨਾਵਾਂ ਲਿਖਣੀਆ ਸ਼ੁਰੂ ਕਰ ਦਿੱਤੀਆ। ਇਸ ਖਦਸ਼ੇ ਤੋਂ ਸੁਚੇਤ ਗੁਰੂ ਅਰਜਨ ਸਾਹਿਬ ਨੇ ਪਾਵਨ ਗੁਰਬਾਣੀ ਵਿੱਚ ਕਿਸੀ ਵੀ ਤਰ੍ਹਾਂ ਦੀ ਮਿਲਾਵਟ ਨਾ ਹੋ ਸਕੇ ਦੇ ਉਦੇਸ਼ ਲਈ ਪਾਵਨ ਗੁਰਬਾਣੀ ਦੀ ਬੀੜ ਬਨ੍ਹਣ ਦਾ ਟੀਚਾ ਅਰੰਭਿਆਂ। ਉਨ੍ਹਾਂ ਨੇ ਪੋਥੀ ਸਾਹਿਬ ਵਿੱਚ ਸ਼ਬਦਾਂ ਦਾ ਜੋੜ ਇਸ ਤਰ੍ਹਾਂ ਨਾਲ ਕਾਇਮ ਕੀਤਾ ਕਿ ਕਿਸੇ ਵੀ ਤਰ੍ਹਾਂ ਦੀ ਮਿਲਾਵਟ ਦੀ ਸੰਭਾਵਨਾ ਨਹੀਂ ਰਹਿ ਗਈ। ਪੋਥੀ ਸਾਹਿਬ ਦੇ ਅੰਤ ਵਿੱਚ ਮਿਲਾਵਟ ਦੇ ਜਤਨ ਨੂੰ ਰੋਕਣ ਲਈ ਗੁਰੁ ਅਰਜਨ ਸਾਹਿਬ ਨੇ ਮੁੰਦਾਵਣੀ (ਮੁਹਰ) ਦੇ ਸਿਰਲੇਖ ਹੇਠ ਇੱਕ ਸ਼ਬਦ ਦਰਜ ਕਰਕੇ ਆਪਣੀ ਮੁਹਰ ਵਰਤੀ ਤੇ ਅੰਤ ਵਿੱਚ ਇੱਕ ਸਲੋਕ ਰਾਹੀਂ ਅਕਾਲਪੁਰਖ ਦਾ ਸ਼ਕਰਾਨਾ ਕਰਦੇ ਹੋਏ ਸਨ ੧੬੦੪ ਨੂੰ ਪਾਵਨ ਗੁਰੁ ਗ੍ਰੰਥ ਸਾਹਿਬ ਦੀ ਸੰਪਾਦਨਾ ਦੇ ਮਹਾਨ ਕਾਰਜ ਦੀ ਸਮਪੂਰਣਤਾ ਕੀਤੀ। ਇਨ੍ਹਾਂ ਮਹਾਨ ਉਪਦੇਸ਼ਾਂ ਦੇ ਸੰਕਲਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਸਾਹਿਬ ਨੇ ਆਪਣੇ ਤੋਂ ਵੱਧ ਸਤਿਕਾਰ ਦਿੱਤਾ ਕਿਉਂਕਿ ਗੁਰੂ ਸਾਹਿਬਾਨ ਦਾ ਮਨੋਰਥ ਮਨੁਖਤਾ ਨੂੰ ਪਰਮਾਤਮਾ ਵਲੋਂ ਬਖਸ਼ੇ ਸਦਾਚਾਰਕ ਨਿਰਮਲ ਸਿਧਾਂਤਕ ਜੀਵਨ ਜੀਉਣ ਦੀ ਪ੍ਰੇਰਣਾ ਕਰਨਾ ਸੀ ਤੇ ਉਹ ਪ੍ਰੇਰਣਾ ਕੇਵਲ ਤੇ ਕੇਵਲ ਪਾਵਨ ਗੁਰਬਾਣੀ ਵਿੱਚ ਹੀ ਸਮਾਹਿਤ ਹੈ।
ਗੁਰੂ ਸਾਹਿਬਾਨ ਨੇ ਸਦਾ ਹੀ ਗੁਰਬਾਣੀ ਨੂੰ ਅਗੇ ਰਖਿਆਂ ਉਸਦਾ ਬਹੁਤ ਵਡਾ ਕਾਰਣ ਇਹ ਸੀ ਕਿ ਸ਼ਰੀਰ ਨਾਸ਼ਵਾਨ ਹੈ ਤੇ ਸ਼ਬਦ ਸਦੀਵੀ ਰਹਿਣ ਵਾਲਾ ਹੈ। ਸ਼ਬਦ ਕਦੇ ਮਰਦਾ ਨਹੀਂ ਹੈ। ਇਸੇ ਕਰਕੇ ਸਿੱਖਾਂ ਦੇ ਆਖਰੀ ਸ਼ਖਸੀ ਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਖੁਦ ਸਿੱਖਾਂ ਨੂੰ ਕਦੇ ਨਾ ਮਰਣ ਵਾਲੇ ਗੁਰੁ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ। ਗੁਰੂ ਸਾਹਿਬਾਨ ਨੇ ਇਸ ਮਨੁਖਤਾ ਨੂੰ ਸਦਾ ਚਿਰ ਰਹਿਣ ਵਾਲਾ ਭਾਈਚਾਰਕ ਸਿਧਾਂਤ ਜਿਸ ਵਿੱਚ ਕੋਈ ਵਡਾ-ਛੋਟਾ ਨਾ ਹੋਵੇ, ਅਜਿਹੇ ਅਨੇਕਾਂ ਮਨੁੱਖਤਾਵਾਦੀ ਸਿਧਾਂਤਾਂ ਨੂੰ ਗੁਰਬਾਣੀ ਰਾਹੀ ਹੀ ਸਿਖਾਇਆ ਹੈ। ਗੁਰਬਾਣੀ ਹੀ ਇਕਲੋਤਾ ਐਸਾ ਵਸੀਲਾ ਹੈ ਜਿਸ ਨਾਲ ਸਿੱਖ ਗੁਰੂਆਂ ਵਲੋਂ ਦਿਤੇ ਨੇਮਾਂ ਦੀ ਵਿਆਖਿਆ ਕੀਤੀ ਜਾ ਸਕਦੀ ਹੈ ਤੇ ਇਹ ਨੇਮ ਹੀ ਸਿੱਖਾਂ ਲਈ ਉਨ੍ਹਾਂ ਦੇ ਪਾਤਸ਼ਾਹ ਵਲੋਂ ਬਖਸ਼ੇ ਕਾਨੂੰਨ ਹਨ। ਸ਼੍ਰੀ ਗੁਰ ਗ੍ਰੰਥ ਸਾਹਿਬ ਆਪ ਸਿੱਖਾਂ ਦੇ ਜੀਵੰਤ ਗੁਰੂ ਹਨ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਹੀ ਨਿਰਾ ਐਸਾ ਸਾਧਨ ਹੈ ਜਿਸ ਨਾਲ ਸਿੱਖਾਂ ਦੇ ਉਨ੍ਹਾਂ ਕਾਨੂਨਾਂ ਨੂੰ ਨਿਰਧਾਰਿਤ ਕੀਤਾ ਜਾ ਸਕਦਾ ਹੈ ਜੋ ਕਾਨੂਨ ਸਿੱਖਾਂ ਲਈ ਸਿਖਾਂ ਦੇ ਗੁਰੂਆਂ ਵਲੋਂ ਬਣਾਏ ਗਏ ਹਨ ਤੇ ਸਦੀਵੀ ਕਾਲ ਲਈ ਜੀਵੰਤ ਗੁਰੂ ਦੇ ਰੂਪ ਵਿੱਚ ਆਪ ਵਿਰਾਜਮਾਨ ਹਨ।
ਮਨਮੀਤ ਸਿੰਘ ਕਾਨਪੁਰ।
.