.

ਸਿੱਖੀ ਸੰਭਾਲ ਸਿੰਘਾ! (ਕਿਸ਼ਤ ਤੇਰ੍ਹਵੀਂ)

ਸਿੱਖ ਧਰਮ

ਸਿਖ-ਧਰਮ ਵੀ ਹੈ ਅਤੇ ਲਹਿਰ ਵੀ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

(ਵਿਸ਼ੇ ਦਾ ਪੂਰਾ ਲਾਭ ਲੈਣ ਲਈ, ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

“ਪੇਡੁ ਮੁੰਢਾਹੂੰ ਕਟਿਆ ਤਿਸੁ ਡਾਲ ਸੁਕੰਦੇ”

(ਖੰਡ ਛੇਵਾਂ)

(ਸਿੱਖ ਧਰਮ ਦੀ ਅਜੋਕੀ ਅਧੋਗਤੀ, ਇਸ ਦੇ ਕਾਰਣ ਅਤੇ ਸਮਾਧਾਨ)

ਸੰਸਾਰ `ਚ ਜਿਤਨੀ ਵੀ ਫੁਲ-ਬਨਸਪਤੀ ਤੇ ਪੇੜ-ਪੌਦੇ ਦੇਖ ਰਹੇ ਹਾਂ ਉਨ੍ਹਾਂ ਸਾਰਿਆਂ `ਚ ਜਿਹੜੀ ਹਰਿਆਵਲ ਤੇ ਤਰੋ-ਤਾਜ਼ਗੀ ਹੈ, ਉਸ ਹਰੇਕ ਫੁਲ-ਬੂਟੇ ਦੀ ਤਾਜ਼ਗੀ ਤੇ ਹਰਿਆਵਲ ਦਾ ਮੂਲ ਕੇਵਲ ਉਹ ਖ਼ੁਰਾਕ ਹੈ ਜਿਹੜੀ ਉਨ੍ਹਾਂ ਨੂੰ ਆਪਣੀ ਜੜ੍ਹ ਤੋਂ ਮਿਲ ਰਹੀ ਹੈ। ਇਸ ਲਈ ਉਨ੍ਹਾਂ ਦੀ ਇਹ ਤਾਜ਼ਗੀ ਤੇ ਹਰਿਆਵਲ ਵੀ ਉਤਨੀ ਦੇਰ ਹੀ ਹੈ ਜਿਤਨੀ ਦੇਰ ਉਨ੍ਹਾਂ ਨੂੰ ਇਹ ਖ਼ੁਰਾਕ ਆਪਣੀ ਜੜ੍ਹ ਤੋਂ ਮਿਲ ਰਹੀ ਹੁੰਦੀ ਹੈ। ਉਪ੍ਰੰਤ ਇਨ੍ਹਾਂ ਚੋ ਜਿਸ ਕਿਸੇ ਬੂਟੇ ਨੂੰ ਵੀ ਉਸ ਦੀ ਜੜ੍ਹ ਤੋਂ ਵੱਖ ਕਰ ਦੇਵੋ ਤਾਂ ਉਹੀ ਬੂਟਾ ਸੁੱਕੀ ਲਕੜ ਬਣ ਕੇ ਰਹਿ ਜਾਵੇਗਾ। ਇਸ ਤਰ੍ਹਾਂ ਉਸ `ਚ ਫ਼ਿਰ ਇਹ ਹਰਿਆਵਲ ਤੇ ਤਾਜ਼ਗੀ ਨਹੀਂ ਰਵੇਗੀ।

ਗੁਰਦੇਵ ਇਸ ਵਿਸ਼ੇ ਨੂੰ ਗੁਰਬਾਣੀ `ਚ ਵੀ ਮਿਸਾਲ ਦੇ ਤੌਰ `ਤੇ ਇਸ ਤਰ੍ਹਾਂ ਬਿਆਣ ਕਰਦੇ ਹਨ ਜਿਵੇਂ “ਪੇਡੁ ਮੁੰਢਾਹੂੰ ਕਟਿਆ ਤਿਸੁ ਡਾਲ ਸੁਕੰਦੇ” (ਅੰ: ੩੦੬)। ਫ਼ਿਰ ਇਸੇ ਵਿਸ਼ੇ ਨੂੰ ਬਾਰਹਮਾਹਾ ਮਾਝ ਦੇ ਪਹਿਲੇ ਬੰਦ `ਚ ਵੀ ਗੁਰਦੇਵ ਇਸ ਨੂੰ ਇਸ ਤਰ੍ਹਾਂ ਬਿਆਣਦੇ ਹਨ ਜਿਵੇਂ “ਜਲ ਬਿਨੁ ਸਾਖ ਕੁਮਲਾਵਤੀ ਉਪਜਹਿ ਨਾਹੀ ਦਾਮ” (ਅੰ: ੧੩੩) ਜਿਸ ਦੇ ਅਰਥ ਹਨ ਕਿ ਜਿਸ ਫ਼ਸਲ ਨੂੰ ਪਾਣੀ ਨਾ ਮਿਲਣ ਕਾਰਣ, ਫ਼ਸਲ ਸੜ ਜਾਵੇ ਤਾਂ ਉਸ ਦਾ ਮੁੱਲ ਨਹੀਂ ਵੱਟਿਆ ਜਾ ਸਕਦਾ; ਭਾਵ ਅਜਿਹੀ ਫ਼ਸਲ ਕਿਸੇ ਵੀ ਕੰਮ ਦੀ ਨਹੀਂ ਰਹਿੰਦੀ

ਫ਼ਿਰ ਇਸ ਵਿਸ਼ੇ ਨੂੰ ਉਂਝ ਤੇ ਗੁਰਬਾਣੀ `ਚ ਹੋਰ ਵੀ ਅਨੇਕਾਂ ਵਾਰ ਅਤੇ ਭਿੰਨ ਭਿੰਨ ਮਿਸਾਲਾਂ ਦੇ ਕੇ ਸਮਝਾਇਆ ਹੈ, ਪਰ ਇਥੇ ਅਸੀਂ ਗੁਰਬਾਣੀ `ਚੋਂ ਹੀ ਇੱਕ ਹੋਰ ਸੰਬੰਧਤ ਪ੍ਰਮਾਣ ਲੈ ਕੇ ਵਿਸ਼ੇ ਨੂੰ ਹੋਰ ਵੀ ਸਮਝਣ ਦਾ ਯਤਣ ਕਰਾਂਗੇ। ਇਸ ਤਰ੍ਹਾਂ ਗੁਰਦੇਵ ਇੱਕ ਸਰੋਵਰ ਦੀ ਮਿਸਾਲ ਨੂੰ ਸਾਹਮਣੇ ਰੱਖ ਕੇ ਫ਼ੁਰਮਾਉਂਦੇ ਹਨ, “ਪਬਰ ਤੂੰ ਹਰੀਆਵਲਾ ਕਵਲਾ ਕੰਚਨ ਵੰਨਿ॥ ਕੈ ਦੋਖੜੈ ਸੜਿਓਹਿ ਕਾਲੀ ਹੋਈਆ ਦੇਹੁਰੀ ਨਾਨਕ ਮੈ ਤਨਿ ਭੰਗੁ॥ ਜਾਣਾ ਪਾਣੀ ਨਾ ਲਹਾਂ ਜੈ ਸੇਤੀ ਮੇਰਾ ਸੰਗੁ॥ ਜਿਤੁ ਡਿਠੈ ਤਨੁ ਪਰਫੁੜੈ ਚੜੈ ਚਵਗਣਿ ਵੰਨੁ” (ਅੰ: ੧੪੧੨) ਦੇਖਣ ਦੀ ਗੱਲ ਇਹ ਵੀ ਹੈ ਕਿ ਇਸ ਸਲੋਕ `ਚ ਗੁਰਦੇਵ ਵੱਲੋਂ ਸਰੋਵਰ ਨੂੰ ਸੁਆਲ ਵੀ ਹੈ ਤੇ ਇਸੇ ਸਲੋਕ `ਚ ਗੁਰਦੇਵ ਦੇ ਚਰਨਾਂ `ਚ ਸਰੋਵਰ ਵੱਲੋਂ ਉਸ ਦਾ ਉੱਤਰ ਵੀ ਹੈ।

ਇਸ ਤਰ੍ਹਾਂ ਗੁਰਦੇਵ ਸਰੋਵਰ ਨੂੰ ਕਹਿੰਦੇ ਹਨ “ਐ ਸਰੋਵਰ! ਕੀ ਕਾਰਣ ਹੈ ਕਿ ਜਦੋਂ ਮੈਂ ਤੈਨੂ ਇਸ ਤੋਂ ਪਹਿਲਾਂ ਦੇਖਿਆ ਸੀ ਤਾਂ ਤੇ ਤੂੰ ਤਰੋ ਤਾਜ਼ਾ ਸੀ, ਤੇਰੇ ਕਿਨਾਰਿਆਂ `ਤੇ ਸੋਹਣੇ ਫੁਲ ਬੂਟੇ ਸਨ, ਤੇਰਾ ਪਾਣੀ ਵੀ ਤਰੋ ਤਾਜ਼ਾ ਸੀ। ਉਦੋਂ ਉਹ ਪਾਣੀ ਪੀਣ ਤੇ ਵਰਤਣ ਯੋਗ ਵੀ ਸੀ। ਇਸੇ ਲਈ ਲੋਕਾਈ ਵੀ ਤੇਰੇ ਨਾਲ ਪਿਆਰ ਕਰਦੀ ਤੇ ਤੇਰੇ ਤੋਂ ਆਪਣੀਆਂ ਲੋੜਾਂ ਵੀ ਪੂਰੀਆਂ ਕਰਦੀ ਸੀ। ਜਦਕਿ ਉਸ ਸਾਰੇ ਦੇ ਉਲਟ ਅੱਜ ਤੇਰੇ ਨਾਲ ਕੀ ਭਾਣਾ ਵਰਤਿਆ ਪਿਆ ਹੈ ਕਿ ਤੇਰਾ ਸਰੀਰ ਪੂਰੀ ਤਰ੍ਹਾਂ ਮੁਰਝਾ ਚੁੱਕਾ ਤੇ ਕਾਲਾ ਵੀ ਹੋਇਆ ਪਿਆ ਹੈ। ਭਾਵ ਤੇਰੇ ਅੰਦਰਲਾ ਤਾਜ਼ਾ ਪਾਣੀ ਸੁੱਕ ਕੇ ਚਿੱਕੜ ਦਾ ਰੂਪ ਧਾਰਨ ਕਰ ਚੁੱਕਾ ਹੈ, ਇਸ `ਚ ਸੜਾਂਦ ਤੇ ਬਦਬੂ ਪੈਦਾ ਹੋ ਚੁੱਕੀ ਹੈ। ਤੇਰੇ ਕਿਨਾਰਿਆਂ ਤੇ ਜਿਹੜੇ ਹਰੇ ਭਰੇ ਬੂਟੇ ਸਨ ਉਹ ਵੀ ਸੜ-ਸੁਕ ਗਏ ਹਨ। ਅੱਜ ਤੇਰੇ ਅੰਦਰ ਮੱਛਰ ਆਦਿ ਵੀ ਪੈਦਾ ਹੋ ਚੁੱਕੇ ਹਨ। ਫ਼ਿਰ ਇਹ ਵੀ ਕਿ ਤੇਰੇ ਨਾਲ ਪਿਆਰ ਕਰਣ ਵਾਲੀ ਲੋਕਾਈ ਵੀ ਤੈਨੂੰ ਤਿਆਗ ਚੁੱਕੀ ਹੈ, ਵਗੈਰਾ ਵਗੈਰਾ।

ਉਪ੍ਰੰਤ ਗੁਰਦੇਵ ਮਾਨੋ ਸਰੋਵਰ ਵੱਲੋਂ ਹੋ ਕੇ ਆਪ ਹੀ ਇਸ ਦਾ ਉੱਤਰ ਵੀ ਦਿੰਦੇ ਹਨ, ਦੂਜੇ ਲਫ਼ਜ਼ਾਂ `ਚ ਜਿਵੇਂ ਕਿ ਉਹ ਸਰੋਵਰ, ਗੁਰਦੇਵ ਦੇ ਚਰਨਾਂ `ਚ ਆਪਣਾ ਦੁਖੜਾ ਰੋਂਦਾ ਤੇ ਕਹਿੰਦਾ ਹੈ ਕਿ ਹੈ ਸਚੇ ਪਾਤਸ਼ਾਹ! ਮੇਰੀ ਪੂਰਣ ਤਬਾਹੀ ਦਾ ਇਕੋ ਹੀ ਕਾਰਣ ਹੈ ਤੇ ਉਹ ਹੈ ਕਿ ਜਿਸ ਪਾਣੀ ਤੋਂ ਮੈਨੂੰ ਆਪਣੀ ਖ਼ੁਰਾਕ ਮਿਲਦੀ ਸੀ ਤੇ ਮੇਰੇ ਅੰਦਰ ਤਾਜ਼ਗੀ ਬਣੀ ਰਹਿੰਦੀ ਸੀ। ਦਰਅਸਲ ਉਹ ਮੇਰੀ ਖ਼ੁਰਾਕ ਹੁਣ ਮੈਨੂੰ ਮਿਲ ਨਹੀਂ ਰਹੀ ਅਤੇ ਇਸੇ ਤੋਂ ਮੇਰੀ ਅੱਜ ਵਾਲੀ ਇਹ ਦੁਰਗਤ ਹੋਈ ਪਈ ਹੈ। ਇਸੇ ਤਰ੍ਹਾਂ ਸੰਸਾਰ ਤਲ `ਤੇ ਵੀ ਮੰਨਿਆਂ-ਪ੍ਰਮੰਨਿਆ ਸੱਚ ਇਹੀ ਹੈ ਕਿ ਜਦੋਂ ਮਨੁੱਖ ਦੇ ਸਰੀਰ `ਚ ਆਪਣੀ ਤਾਕਤ ਨਾ ਰਵੇ ਤਾਂ ਛੋਟੀ ਤੋਂ ਛੋਟੀ ਬਿਮਾਰੀ ਵੀ ਮਨੁੱਖ ਦੇ ਜੀਵਨ ਲਈ ਭਾਰੀ ਹੋ ਜਾਂਦੀ ਹੈ, ਇਥੋਂ ਤੱਕ ਕਿ ਕਈ ਵਾਰ ਤਾਂ ਇਸੇ ਤੋਂ ਉਸ ਨੂੰ ਆਪਣਾ ਜੀਵਨ ਤੱਕ ਚਲਾਉਣਾ ਵੀ ਦੂਭਰ ਹੋ ਜਾਂਦਾ ਹੈ।

ਦੇਖਿਆ ਜਾਵੇ ਤਾਂ ਅੱਜ ਇਨ ਬਿਨ ਇਹੀ ਹਾਲਤ ਗੁਰੂ ਕੇ ਪੰਥ ਭਾਵ ਸਿੱਖ ਕੌਮ ਦੀ ਬਣੀ ਪਈ ਹੈ। ਦਰਅਸਲ ਇਸ ਦਾ ਮੂਲ ਕਾਰਣ ਵੀ “ਪੇਡੁ ਮੁੰਢਾਹੂੰ ਕਟਿਆ…” ਅਥਵਾ “ਜਲ ਬਿਨੁ ਸਾਖ ਕੁਮਲਾਵਤੀ…” ਅਥਵਾ “ਜਾਣਾ ਪਾਣੀ ਨਾ ਲਹਾਂ ਜੈ ਸੇਤੀ ਮੇਰਾ ਸੰਗੁ…” ਆਦਿ ਵਾਲਾ ਹੀ ਹੈ। ਦਰਅਸਲ ਪੁਸਤਕ ਦੇ ਅਰੰਭ `ਚ ਭਲੀ ਭਾਂਤ ਦੇਖ ਚੁੱਕੇ ਹਾਂ ਕਿ “ਜੋਤਿ ਓਹਾ ਜੁਗਤਿ ਸਾਇ” (ਅੰ: ੯੬੬) ਅਨੁਸਾਰ ਗੁਰੂ ਕੇ ਪੰਥ ਦੀ ਜੜ੍ਹ ਵੀ ਗੁਰਬਾਣੀ ਵਿਚਾਰਧਾਰਾ ਤੇ ਉਸ ਇਲਾਹੀ ਵਿਚਾਰਧਾਰਾ `ਤੇ ਦਿਆਨਤਦਾਰੀ ਨਾਲ ਅਮਲ ਭਾਵ ਇਨ੍ਹਾਂ ਹੀ ਦੋ ਥੰਬਾਂ `ਤੇ ਖੜੀ ਹੈ। ਇਸ ਤਰ੍ਹਾਂ ਅਜੋਕੇ ਸਮੇਂ ਸਿੱਖ ਦੀ ਸੁਰਤ ਤੇ ਜੀਵਨ ਅੰਦਰ ਜਦੋਂ ਗੁਰਬਾਣੀ ਵਿਚਾਰਧਾਰਾ (ਜੋਤ) ਦੀ ਹੋਂਦ ਹੀ ਨਹੀ ਤਾਂ ਉਸ `ਤੇ ਅਮਲ ਹੋਵੇਗਾ ਕਿਵੇਂ ਅਤੇ ਸਿੱਖ ਦੇ ਜੀਵਨ `ਚ ਚਮਕ ਆਵੇਗੀ ਕਿਸਤਰ੍ਹਾਂ?

ਇਸ ਤਰ੍ਹਾਂ ਅਜੋਕੀ ਸਿੱਖ ਕੌਮ ਦੇ ਵੀ ਮੂਲ ਰੂਪ `ਚ ਮਸਲੇ ਵਧ ਨਹੀਂ ਹਨ ਬਲਕਿ ਇਕੋ ਹੀ ਹੈ। ਉਹ ਇਹ ਹੈ ਕਿ ਇਸ ਦੇ ਜੀਵਨ ਦੀ ਸਿੰਚਾਈ “ਜੋਤਿ ਓਹਾ ਜੁਗਤਿ ਸਾਇ” ਭਾਵ ਗੁਰਬਾਣੀ ਤੋਂ ਨਹੀਂ ਹੋ ਰਹੀ ਅਤੇ ਬਦਲੇ `ਚ ਇਧਰੋਂ ਉਧਰੋਂ ਹੀ ਹੋ ਰਹੀ ਹੈ। ਅੱਜ ਸਿੱਖ ਦੇ ਜੀਵਨ ਦੀ ਸਿੰਚਾਈ ਹੋ ਰਹੀ ਹੈ ਮਨਮੱਤਾਂ, ਹੂੜਮੱਤਾਂ, ਦੁਰਮੱਤਾਂ, ਬਿਪਰਨ ਕੀਆਂ ਰੀਤਾਂ ਤੇ ਵਿਕਾਰਾਂ ਆਦਿ ਨਾਲ। ਇਸੇ ਤੋਂ ਇਸ ਦੇ ਜੀਵਨ ਅੰਦਰ ਅੱਜ ਰਹਿਣੀ ਵੀ ਉਹੀ ਆ ਰਹੀ ਹੈ ਜਿਸ ਤਰ੍ਹਾਂ ਦੀ ਕਿ ਇਸ ਦੇ ਜੀਵਨ ਦੀ ਸਿੰਚਾਈ ਹੋ ਰਹੀ ਹੈ।

ਇਸ ਤੋਂ ਬਾਅਦ ਫ਼ਿਰ ਭਾਵੇਂ ਅਜੋਕੇ ਸਿੱਖ ਦੇ ਨਿਜੀ ਜੀਵਨ ਨੂੰ ਇਸ ਦੇ ਸਾਮਾਜਿਕ, ਆਰਥਿਕ, ਰਾਜਸੀ ਅਥਵਾ ਕਿਸੇ ਵੀ ਪੱਖ ਤੋਂ ਘੋਖ ਲਵੋ, ਇਹ ਗੁਰਬਾਣੀ ਤੇ ਗੁਰਮੱਤ ਪਖੋਂ ਬਿਲਕੁਲ ਖਾਲੀ ਹੋਏ ਪਏ ਹਨ। ਹੋਰ ਤਾਂ ਹੋਰ, ਅੱਜ ਇਸ ਰਾਹੀਂ ਕੀਤਾ ਜਾ ਰਿਹਾ ਗੁਰਦੁਆਰਿਆਂ ਦਾ ਪ੍ਰਬੰਧ ਤੇ ਗੁਰਦੁਆਰਿਆਂ ਵਿਚਲੇ ਸਮਾਗਮ, ਗੁਰਬਾਣੀ ਰਾਹੀਂ ਪ੍ਰਗਟ ਜੀਵਨ ਸੇਧ “ਜੋਤਿ ਓਹਾ ਜੁਗਤਿ ਸਾਇ” ਤੋਂ ਪੂਰੀ ਤਰ੍ਹਾਂ ਕੱਟੇ ਪਏ ਹਨ। ਅੱਜ ਨਾ ਹੀ ਇਸ ਦੇ ਜੀਵਨ ਅੰਦਰ ਗੁਰਬਾਣੀ ਤੋਂ ਪ੍ਰਗਟ ਹੋਣ ਵਾਲੀ ਜੋਤ’ ਹੈ ਤੇ ਨਾ ਗੁਰਬਾਣੀ ਜੋਤ ਤੋਂ ਪ੍ਰਗਟ ਹੋਣ ਵਾਲੀ ਜੀਵਨ ਦੀ ਜੁਗਤ। ਤਾਂ ਤੇ ਕੇਵਲ ਮਿਸਾਲ ਵੱਜੋਂ ਹੀ ਸਹੀ ਪਰ ਚਲਦੇ ਪ੍ਰਕਰਣ `ਚ ਅਜੋਕੇ ਸਿੱਖੀ ਜੀਵਨ ਨੂੰ ਕੁੱਝ ਹੇਠ ਦਿੱਤੇ ਪੱਖਾਂ ਤੋਂ ਘੋਖਣ ਦਾ ਯਤਨ ਜ਼ਰੂਰ ਕਰਾਂਗੇ ਜਿਸ ਤੋਂ ਪਤਾ ਲਗ ਸਕੇ ਕਿ ਕਿਵੇਂ ਅਜੋਕਾ ਸਿੱਖ ਗੁਰਬਾਣੀ ਦੀ ਜੋਤ ਤੇ ਜੁਗਤ ਦੋਨਾਂ ਤੋਂ ਦੁਰੇਡੇ ਹੋਇਆ ਪਿਆ ਹੈ। ਇਹ ਵੀ ਇਸ ਲਈ ਕਿ ਪਾਠਕਾਂ ਨੂੰ ਖ਼ੁਦ ਵੀ ਵਿਸ਼ੇ ਦੀ ਸਚਾਈ ਸਪਸ਼ਟ ਹੋ ਸਕੇ। ਉਪ੍ਰੰਤ ਨੰਬਰਵਾਰ ਬੇਸ਼ੱਕ ਕੁੱਝ ਹੀ ਪਰ ਸਬੰਧਤ ਵਿਸ਼ੇ ਇਸ ਤਰ੍ਹਾਂ ਹਨ।

(੧) ਨਿਜੀ ਤਲ `ਤੇ ਪੰਥ ਦੀ ਅਜੋਕੀ ਅਧੋਗਤੀ ਦਾ ਪ੍ਰਮੁਖ ਕਾਰਣ ਹੈ ਆਪਸੀ ਤੇ ਨਿਜੀ ਟੋਕਾ ਟਾਕੀ

(੨) ਨਿਜੀ ਤਲ `ਤੇ ਪੰਥ ਦੀ ਅਜੋਕੀ ਅਧੋਗਤੀ ਦਾ ਪ੍ਰਮੁਖ ਕਾਰਣ ਹਨ, ਅਜੋਕੇ ਮਾਤਾ ਪਿਤਾ

(ੑ੩) ਅਜੋਕੇ ਗੁਰਦੁਆਰੇ ਬਨਾਮ ਸਤਿਗੁਰਾਂ ਦੀ ਸੰਗਤਾਂ ਨੂੰ ਬਖ਼ਸ਼ੀ ਹੋਈ ਬੇਅੰਤ ਸ਼ਰਧਾ ਸ਼ਕਤੀ? -

(੪) ਪੰਥਕ ਅਧੋਗਤੀ ਬਨਾਮ ਅਜੋਕੇ ਗੁਰਦੁਆਰੇ?

(੫) ਗੁਰਦੁਆਰਾ ਪ੍ਰਬੰਧ ਲਈ ਅਜੋਕਾ ਗੁਰਦੁਆਰਾ ਚੋਣਾਂ ਵਾਲਾ ਦੈਂਤ। ਇਸ ਤੋਂ ਬਾਅਦ ਲੜੀਵਾਰ:-

(੧) ਨਿਜੀ ਤਲ `ਤੇ ਪੰਥ ਦੀ ਅਜੋਕੀ ਅਧੋਗਤੀ ਦਾ ਪ੍ਰਮੁਖ ਕਾਰਣ ਹੈ ਆਪਸੀ ਤੇ ਨਿਜੀ ਟੋਕਾ ਟਾਕੀ-ਜਦਕਿ ਇਸ ਵਿਸ਼ੇ ਨੂੰ ਇਸ ਤੋਂ ਪਹਿਲਾਂ ਖੁੱਲ ਕੇ ਲੈ ਚੁੱਕੇ ਹਾਂ ਇਸ ਲਈ ਇਥੇ ਦੌਹਰਾਉਣ ਦੀ ਲੋੜ ਨਹੀਂ।

(੨) ਨਿਜੀ ਤਲ `ਤੇ ਪੰਥ ਦੀ ਅਜੋਕੀ ਅਧੋਗਤੀ ਦਾ ਪ੍ਰਮੁਖ ਕਾਰਣ ਹਨ ਸਿੱਖ ਬੱਚਿਆਂ ਦੇ ਅਜੋਕੇ ਮਾਤਾ ਪਿਤਾ- ਸਚਾਈ ਵੀ ਇਹ ਹੈ ਕਿ ਅਜੋਕੀ ਪੰਥਕ ਅਧੋਗਤੀ ਲਈ ਸਭ ਤੋਂ ਪਹਿਲਾਂ ਤੇ ਅਸਲ `ਚ ਵੱਡੇ ਦੋਸ਼ੀ ਹਨ ਤਾਂ ਬਹੁਤਾ ਕਰਕੇ ਅਜੋਕੇ ਸਿੱਖ ਮਾਪੇ ਹੀ ਹਨ। ਗੁਰਬਾਣੀ ਰਾਹੀਂ ਪ੍ਰਗਟ ਸਤਿਗੁਰਾਂ ਦੇ ਆਦੇਸ਼ “ਜੋਤਿ ਓਹਾ ਜੁਗਤਿ ਸਾਇ” (ਅੰ: ੯੬੬) ਸੰਬੰਧੀ ਜਦੋਂ ਅਜੋਕੇ ਤੇ ਬਹੁਤੇ ਸਿੱਖ ਮਾਪੇ ਹੀ ਨਹੀਂ ਸੰਭਲ ਰਹੇ ਤਾਂ ਉਹ ਇਸ ਦੇ ਲਈ ਉਨ੍ਹਾਂ ਦੀ ਅਜੋਕੀ ਔਲਾਦ ਨੂੰ ਕਿਉਂ ਤੇ ਕਿਵੇਂ ਦੋਸ਼ ਦੇਵਾਂਗੇ? ਅਜਿਹੇ ਹਾਲਾਤ `ਚ, ਅੱਜ ਜਦੋਂ ਬਹੁਤੇ ਸਿੱਖ ਮਾਪੇ ਆਪ ਹੀ “ਜੋਤਿ ਓਹਾ ਜੁਗਤਿ ਸਾਇ” ਤੋਂ ਜੀਵਨ ਕਰਕੇ ਖਾਲੀ ਹੋਏ ਪਏ ਹਨ ਤਾਂ ਉਹ ਔਲਾਦ ਕੋਲੋਂ ਗੁਰਬਾਣੀ ਅਨੁਸਾਰ ਚਲਣ ਲਈ ਉਮੀਦ ਰਖ ਵੀ ਕਿਵੇਂ ਸਕਦੇ ਹਨ? ਇਸ ਦੇ ਲਈ ਪਹਿਲਾਂ ਤਾਂ ਉਹ ਆਪ, ਆਪਣੇ ਪੀੜੇ ਹੇਠਾਂ ਸੋਟਾ ਮਾਰ ਕੇ ਦੇਖਣ ਕਿ ਉਹ ਖੜੇ ਕਿੱਥੇ ਹਨ?

ਜਾਇਜ਼ ਕੀ ਹੈ ਤੇ ਨਾਜਾਇਜ਼ ਕੀ? “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ” ਜੀ ਤੋਂ ਪ੍ਰਾਪਤ ਸਿੱਖ ਧਰਮ ਕੇਵਲ ਕਹਿਣ ਤੇ ਪ੍ਰਚਾਰਣ ਦੀ ਸੀਮਾ ਤੱਕ ਨਹੀਂ ਜਿਵੇਂ ਕਿ ਅੱਜ ਬਣਿਆ ਪਿਆ ਹੈ। “ਸਿਖੀ ਸਿਖਿਆ ਗੁਰ ਵੀਚਾਰਿ” (ਪੰ: ੪੬੫) ਭਾਵ ਸਿੱਖ ਧਰਮ ਕਥਣੀ ਤੇ ਕਰਣੀ ਦਾ ਧਰਮ ਹੈ ਅਤੇ ਕਰਣੀ ਵੀ ਗੁਰਬਾਣੀ ਸਿਖਿਆ “ਜੋਤਿ ਓਹਾ ਜੁਗਤਿ ਸਾਇ” ਦੇ ਦਇਰੇ `ਚ ਹੋਣੀ ਹੈ ਇਸ ਤੋਂ ਬਾਹਿਰ ਮਨਮਤੀਆ ਹੋ ਕੇ ਨਹੀਂ।

ਉਪ੍ਰੰਤ ਜੇ ਤੁਸੀਂ ਜਾਣਦੇ ਹੋ ਕਿ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ” ਜੀ ਦਾ ਸਿੱਖ ਹੋਣ ਦੇ ਬਾਵਜੂਦ ਸਾਡੀ ਰਹਿਣੀ ਅੱਜ ਗੁਰਬਾਣੀ ਸੇਧ `ਚ ਨਹੀਂ ਚੱਲ ਰਹੀ ਤਾਂ ਤੁਸੀਂ ਆਪਣੀ ਰਹਿਣੀ `ਚ ਤਬਦੀਲੀ ਕਰਕੇ, ਆਪਣੀ ਅਸਲ ਰਹਿਣੀ ਨੂੰ ਗੁਰਬਾਣੀ ਆਧਾਰਤ ਗਿਆਨ ਤੇ ਗੁਰਬਾਣੀ ਆਦੇਸ਼ਾਂ ਦੇ ਦਾਇਰੇ `ਚ ਲਿਆਉਣ ਦਾ ਯਤਨ ਕਿਉਂ ਨਹੀਂ ਕਰਦੇ? ਸ਼ੱਕ ਨਹੀਂ, ਅੱਜ ਸਿੱਖ ਕੌਮ ਦਾ ਵੱਡਾ ਹਿੱਸਾ ਇਸ ਪੱਖੋਂ ਜਾਗਰੂਕ ਹੈ ਕਿ ਗੁਰਮੱਤ-ਗੁਰਬਾਣੀ ਸਿੱਖਿਆ ਅਨੁਸਾਰ, ਗੁਰੂ ਨਾਨਕ-ਗੁਰੂ ਗੋਬਿੰਦ ਸਿੰਘ ਭਾਵ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ” ਜੀ ਦੇ ਸਿੱਖ ਜਾਂ ਸ਼੍ਰਧਾਲੂ ਨੇ ਆਪਣੇ ਘਰ ਪ੍ਰਵਾਰ `ਚ ਕੀ ਕਰਣਾ ਹੈ ਤੇ ਕੀ ਨਹੀਂ ਕਰਣਾ। ਗੁਰਬਾਣੀ ਅਨੁਸਾਰ ਸਿੱਖ ਲਈ ਜਾਇਜ਼ ਕੀ ਹੈ ਤੇ ਨਾਜਾਇਜ਼ ਕੀ?

ਫ਼ਿਰ ਵੀ ਜਦੋਂ ਅਜੋਕੇ ਮਾਪਿਆਂ ਦੀ ਕਰਣੀ ਵੱਲ ਝਾਕਦੇ ਹਾਂ ਤਾਂ ਉਨ੍ਹਾਂ ਦੀ ਕਿਸੇ ਵੀ ਪ੍ਰਵਾਰਕ ਖੁਸ਼ੀ-ਗ਼ਮੀ ਜਾਂ ਮੇਲਜੋਲ ਸਮੇਂ ਸਾਰੇ ਕੰਮ ਉਹ ਹੋ ਰਹੇ ਹੁੰਦੇ ਹਨ ਜਿਨ੍ਹਾਂ ਬਾਰੇ ਉਹ ਲੋਕ ਚੰਗੀ ਤਰ੍ਹਾਂ ਜਾਣਦੇ ਹਨ ਕਿ ਸਿੱਖ ਹੋਣ ਦੇ ਨਾਤੇ ਉਨ੍ਹਾਂ ਨੂੰ ਨਹੀਂ ਕਰਣੇ ਚਾਹੀਦੇ। ਕਿਉਂ ਨਹੀਂ ਕਰਣੇ ਚਾਹੀਦੇ ਕਿਉਂਕਿ ਅਜਿਹੇ ਕਰਮ ਗੁਰਬਾਣੀ ਤੇ ਗੁਰਮੱਤ ਅਨੁਸਾਰ ਨਹੀਂ ਹਨ।

“ਅਵਰ ਉਪਦੇਸੈ ਆਪਿ ਨ ਕਰੈ” (ਪੰ: ੨੬੯) -ਹੋਰ ਤਾਂ ਹੋਰ, ਕਈ ਵਾਰ ਤਾਂ ਕੁੱਝ ਸੱਜਨ ਦੂਜਿਆਂ ਨੂੰ ਉਪਦੇਸ਼ ਵੀ ਕਰ ਰਹੇ ਹੁੰਦੇ ਹਨ ਤੇ ਗੱਲ ਬਾਤ ਸਮੇਂ ਆਪਣੇ ਮੂਹੋਂ ਕਹਿ ਵੀ ਰਹੇ ਹੁੰਦੇ ਹਨ ਕਿ ਸਿੱਖ ਨੂੰ ਇਹ ਕੰਮ ਨਹੀਂ ਕਰਣੇ ਚਾਹੀਦੇ ਤੇ ਉਹ ਕੰਮ ਨਹੀਂ ਕਰਣੇ ਚਾਹੀਦੇ। ਜਦ ਕੋਈ ਸਮਾਂ ਆਉਂਦਾ ਹੈ ਤਾਂ ਸਭ ਤੋਂ ਅੱਗੇ ਹੋ ਕੇ ਆਪਣੇ ਪ੍ਰਵਾਰਾਂ `ਚ ਉਹ ਆਪ ਹੀ, ਕਰਵਾ ਵੀ ਰਹੇ ਹੁੰਦੇ ਹਨ। ਜੇ ਇਨਾਂ ਨਹੀਂ ਤਾਂ ਵੀ, ਉਨ੍ਹਾਂ ਦੇ ਰਟੇ-ਰਟਾਏ ਲਫ਼ਜ਼ ਹੁੰਦੇ ਹਨ, “ਕੀ ਕਰੀਏ! ਅੱਜਕਲ ਦੇ ਬੱਚੇ ਨਹੀਂ ਮੰਣਦੇ”, “ਛਡੋ ਭਾਈ ਸਾਹਿਬ! ਇਹ ਤਾਂ ਅੱਜਕਲ ਸਭ ਟੀ. ਵੀ. ਦਾ … ਪਛਮੀ ਸਭਿਅਤਾ ਦਾ … ਕਲਜੁਗ ਦਾ ਅਸਰ ਹੈ ਵਗੈਰਾ ਵਗੈਰਾ, ਇਸ ਲਈ ਅੱਜ ਸਾਡੀ ਸੁੰਣਦਾ ਹੀ ਕੋਣ ਹੈ?” ਜੇ ਹੋਰ ਨਹੀਂ ਤਾਂ ਲਫ਼ਜ਼ ਹੁੰਦਾ ਕਿ “ਕੀ ਕਰੀਏ, ਲੋਕਾਚਾਰੀ ਵੀ ਤਾਂ ਕੁੱਝ ਕਰਣਾ/ਦੇਖਣਾ ਪੈਂਦਾ ਹੈ” ਆਦਿ ਭਾਵ ਉਥੇ ਵੀ ਬਥੇਰੀਆਂ ਤੇ ਘੜੀਆਂ ਘੜਾਈਆਂ ਢੁੱਚਰਾਂ ਹੁੰਦੀਆਂ ਹਨ।

ਇਸ ਤੋਂ ਬਾਅਦ ਅਜਿਹੇ ਮਾਪੇ ਇਹ ਫ਼ਿਰ ਉਮੀਦ ਵੀ ਰਖਦੇ ਹਨ ਕਿ ਸਿੱਖੀ ਵਧੇ ਫੁਲੇ। ਜਦਕਿ ਸਿੱਖ ਹੋ ਕੇ ਅਤੇ ਆਪ ਸਿੱਖ ਅਖਵਾ ਕੇ, ਆਪਣੀ ਕਰਣੀ ਕਾਰਨ, ਸਤਿਗੁਰਾਂ ਦੇ ਆਦੇਸ਼ਾਂ ਦੇ ਉਲਟ ਚਲ ਰਹੇ ਹੁੰਦੇ ਹਨ। ਇਸ ਤਰ੍ਹਾਂ ਸਿੱਖੀ ਦੀ ਸੰਭਾਲ `ਚ ਜੇਕਰ ਅੱਜ ਸਭ ਤੋਂ ਵੱਡੀ ਰੁਕਾਵਟ ਹਨ ਤਾਂ ਉਹ ਤੇ ਅਜਿਹੇ ਮਾਪੇ ਹੀ ਹਨ ਜਿਵੇਂ:-

(ੳ) ਥਿਤਾਂ ਵਾਰਾਂ ਦਾ ਝਮੇਲਾ-ਅਜਿਹੇ ਬਹੁਤੇ ਮਾਪਿਆਂ ਨੂੰ ਗੁਰਪੁਰਬ ਤਾਂ ਕਦੇ ਚੇਤੇ ਨਹੀਂ ਹੁੰਦੇ ਪਰ ਅਣਮੱਤੀ ਤਿਉਹਾਰ ਜਿਵੇਂ ਰਖੜੀ, ਟਿੱਕਾ, ਲੋਹੜੀ, ਦਿਵਾਲੀ, ਕਰਵਾਚੌਥ, ਗੁੱਗਾ ਪੂਜਾ, ਸੰਗ੍ਰਾਂਦਾਂ, ਮਸਿਆਵਾਂ, ਪੂਰਨਮਾਸ਼ੀਆਂ, ਸਰਾਧ, ਨਰਾਤੇ, ਮੰਗਲ, ਸਨੀਚਰ, ਸਵੇਰ-ਸ਼ਾਮ ਆਦਿ ਉਨ੍ਹਾਂ ਨੂੰ ਕਦੇ ਭੁਲਦੇ ਨਹੀਂ। ਜਦਕਿ ਅਜਿਹੇ ਤਿਉਹਾਰ ਤੇ ਥਿਤ-ਵਾਰ ਗੁਰਬਾਣੀ ਸਿਧਾਂਤ ਦੇ ਪੂਰੀ ਤਰ੍ਹਾਂ ਉਲਟ ਹਨ ਤੇ ਸਿੱਖੀ ਵਿਚਾਰਧਾਰਾ ਨਾਲ ਇਹ ਉੱਕਾ ਮੇਲ ਨਹੀਂ ਖਾਂਦੇ।

ਇਸ ਵਿਸ਼ੇ ਨਾਲ ਸੰਬੰਧਤ ਬੇਅੰਤ ਗੁਰਬਾਣੀ ਫ਼ੁਰਮਾਨ ਪ੍ਰਾਪਤ ਹਨ ਜਿਵੇਂ “ਸਾਈ ਘੜੀ ਸੁਲਖਣੀ ਸਿਮਰਤ ਹਰਿ ਨਾਮ” (ਪੰ: ੮੧੯) ਤੇ “ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ” (ਪੰ: ੧੩੬) ਸਪਸ਼ਟ ਹੈ ਕਿ ਗੁਰਬਾਣੀ ਅਨੁਸਾਰ ਮਹੀਨਾ, ਥਿੱਤ, ਵਾਰ, ਮਹੂਰਤ, ਸਮਾਂ ਉਹੀ ਭਲਾ ਹੈ ਜੋ ਪ੍ਰਭੂ ਪਿਆਰ `ਚ ਬਤੀਤ ਹੋਵੇ। ਜਦਕਿ ਸਮੇਂ ਦੀ ਆਪਣੀ ਕੋਈ ਮਹਤਤਾ ਨਹੀਂ, ਮਹਤਤਾ ਹੈ ਤਾਂ ਸਮੇਂ ਦੀ ਵਰਤੋਂ ਅਤੇ ਕੁਵਰਤੋਂ ਦੀ। ਬਲਕਿ ਇਥੋਂ ਤੱਕ ਕਿ “ਥਿਤੀ ਵਾਰ ਸਭਿ ਸਬਦਿ ਸੁਹਾਏ॥ ਸਤਿਗੁਰੁ ਸੇਵੇ ਤਾ ਫਲੁ ਪਾਏ” (ਪੰ: ੮੪੨) ਅਤੇ “ਸਤਿਗੁਰ ਬਾਝਹੁ ਅੰਧੁ ਗੁਬਾਰੁ॥ ਥਿਤੀ ਵਾਰ ਸੇਵਹਿ ਮੁਗਧ ਗਵਾਰ” (ਪੰ: ੮੪੩) ਭਾਵ ਥਿੱਤਾਂ ਵਾਰਾਂ ਦੇ ਵਹਿਮਾਂ-ਭਰਮਾਂ `ਚ ਪੈਣ ਵਾਲੇ ਜਾਹਿਲ ਤੇ ਮੂਰਖ ਹਨ। ਇਸ ਤਰ੍ਹਾਂ ਅਜਿਹੇ ਗੁਰਬਾਣੀ ਫ਼ੁਰਮਾਣ ਵੀ ਬੇਅੰਤ ਹਨ।

ਇਸ ਤਰ੍ਹਾਂ ਬ੍ਰਾਹਮਣ ਮੱਤ ਅਨੁਸਾਰ ਜੇਕਰ ਸਰਾਧਾਂ, ਨੌਰਾਤਿਆਂ ਆਦਿ ਦੇ ਦਿਨ ਹੋਣ ਤਾਂ ਅਜੋਕੇ ਸਿੱਖ ਮਾਪੇ ਵੀ ਸਾਰੇ ਬ੍ਰਾਹਮਣੀ ਕਰਮ ਬੜੇ ਧਿਆਣ ਨਾਲ ਕਰਦੇ ਤੇ ਕਰਵਾਉਂਦੇ ਹਨ। ਕੰਜਕਾਂ ਬਿਠਾਂਦੇ ਹਨ, ਨੌਰਾਤਿਆਂ `ਚ ਅੰਡਾ-ਮੀਟ-ਪਿਆਜ਼-ਥੋਮ ਘਰ ਨਹੀਂ ਵਾੜਦੇ। ਸਰਾਧਾਂ ਦੇ ਦਿਨਾਂ `ਚ ਗੁਰਦੁਆਰੇ ਜਾ ਕੇ ਅਰਦਾਸਾਂ ਕਰਵਾਂਦੇ ਹਨ ਤੇ ਪਿਤ੍ਰਾ ਦੇ ਨਾਮ `ਤੇ ਘਰਾਂ `ਚ ਬੁਲਾ ਕੇ ਭਾਈ ਸਹਿਬਾਨ ਨੂੰ ਲੰਗਰ ਛਕਾਂਦੇ -ਮਾਇਆ ਆਦਿ ਦੀ ਸੇਵਾ ਕਰਦੇ ਹਨ। ਇਸ ਤਰ੍ਹਾਂ ਜੇਕਰ ਸਾਰੇ ਨਹੀਂ ਤਾਂ ਵੀ ਬਹੁਤੇ ਤੇ ਅਜੋਕੇ ਸਿੱਖ ਮਾਪੇ ਆਪ ਹੀ, ਆਪਣੇ ਬਚਿਆਂ ਨੂੰ ਪ੍ਰੈਕਟੀਕਲ ਟ੍ਰੇਨਿੰਗ ਦਿੰਦੇ ਹਨ ਤਾ ਕਿ ਔਲਾਦ ਨੂੰ ਵੀ ਚੰਗੀ ਤਰ੍ਹਾਂ ਸਮਝਾ ਕੇ ਜਾਣ। ਇਸ ਲਈ ਕਲ ਨੂੰ ਉਨ੍ਹਾਂ ਦੇ ਬੱਚੇ ਵੀ ਤਾਂ ਆਪਣੀ ਆਉਣ ਵਾਲੀ ਔਲਾਦ ਨੂੰ ਕਿਹ ਸਕਣ ਕਿ ਇਹ ਕੰਮ ਤਾਂ ਸਾਡੇ ਡੈਡੀ-ਮੱਮੀ ਵੀ ਕਰਦੇ ਸਨ। ਸਾਡੇ ਪ੍ਰਵਾਰ `ਚ ਹੁੰਦਾ ਆਇਆ ਹੈ, ਇਸੇ ਲਈ ਅਸੀਂ ਵੀ ਕਰ ਰਹੇ ਹਾਂ। ਅਜਿਹੇ ਮੱਮੀ- ਡੈਡੀ ਗੁਰਦੁਆਰਿਆਂ ਮੱਥਾ ਟੇਕਣ ਵੀ ਜਾਂਦੇ ਪਰ ਨਾਲ ਨਾਲ ਔਲਾਦ ਨੂੰ ਅਜਿਹੀਆਂ ਰਸਮਾਂ-ਰੀਤਾਂ ਦੀ ਟ੍ਰੇਨਿੰਗ ਵੀ ਆਪਣੇ ਜੀਊਂਦੇ ਜੀਅ ਹੀ ਦੇ ਕੇ ਜਾਂਦੇ ਹਨ।

(ਅ) ਜਾਤ ਪਾਤ ਦਾ ਕੋੜ੍ਹ? -ਇਸ ਤੋਂ ਬਾਅਦ ਇਥੇ ਵੀ ਦੇਖੋ! ਗੁਰਦੇਵ ਨੇ ਸਾਨੂੰ ਸਿੰਘ-ਕੋਰ ਦੀ ਸ਼ਬਦਾਵਲੀ ਨਾਲ ਅਤੀ ਉੱਤਮ ਪ੍ਰਵਾਰਕ ਸਾਂਝ ਬਖ਼ਸ਼ੀ ਹੈ। ਗੁਰਬਾਣੀ ਸੇਧ `ਚ ਸਾਨੂੰ ਤਾੜਣਾ ਵੀ ਕੀਤੀ ਹੈ ਕਿ ਜਾਤਾਂ-ਪਾਤਾਂ ਅਤੇ ਪੁਰਾਤਨ ਵਰਣ ਵੰਡ ਵਾਲੇ ਕੋੜ੍ਹ ਤੋਂ ਬਾਹਿਰ ਆਉਣਾ ਹੈ। ਇਸ ਬਾਰੇ ਵੀ ਬੇਅੰਤ ਗੁਰਬਾਣੀ ਆਦੇਸ਼ ਹਨ ਜਿਵੇਂ “ਫਕੜ ਜਾਤੀ ਫਕੜੁ ਨਾਉ॥ ਸਭਨਾ ਜੀਆ ਇਕਾ ਛਾਉ” (ਪੰ: ੮੩) ਹੋਰ “ਜਾਣਹੁ ਜੋਤਿ ਨ ਪੂਛਹੁ ਜਾਤੀ ਆਗੈ ਜਾਤਿ ਨ ਹੇ” (ਪੰ: ੩੪੯) ਜਾਂ “ਆਗੈ ਜਾਤਿ ਰੂਪੁ ਨ ਜਾਇ॥ ਤੇਹਾ ਹੋਵੈ ਜੇਹੇ ਕਰਮ ਕਮਾਇ॥ ਸਬਦੇ ਊਚੋ ਊਚਾ ਹੋਇ॥ ਨਾਨਕ ਸਾਚਿ ਸਮਾਵੈ ਸੋਇ” (ਪੰ: ੩੬੩) ਸਪਸ਼ਟ ਹੈ ਕਿ ਗੁਰਮੱਤ ਅਨੁਸਾਰ ਪ੍ਰਭੂ ਦੇ ਨਿਆਂ `ਚ ਕੇਵਲ ‘ਕਰਣੀ ਕੀਰਤਿ’ ਹੀ ਸਫਲਤਾ ਦਾ ਪੈਮਾਨਾ ਹੈ।

ਗੁਰਬਾਣੀ ਦਾ ਫ਼ੈਸਲਾ ਹੈ “ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ॥ ਜਿਨ ਕੀ ਲੇਖੈ ਪਤਿ ਪਵੈ ਚੰਗੇ ਸੇਈ ਕੇਇ” (ਪੰ: ੪੬੯) ਛਾਵ ਜਾਤ-ਵਰਣ ਮਨੁੱਖ ਦਾ ਆਪਣਾਂ ਘੜਿਆ ਹੋਇਆ ਢੋਂਗ ਹੈ ਜਿਹੜਾ ਸਾਡੇ ਜੀਵਨ ਅੰਦਰ ਊਚ-ਨੀਚ ਦੀ ਭਾਵਨਾ ਨੂੰ ਜਨਮ ਦਿੰਦਾ, ਹਉਮੈ ਨੂੰ ਪੱਠੇ ਤੇ ਮਨੁੱਖ-ਮਨੁੱਖ ਵਿਚਾਲੇ ਵੰਡੀਆਂ-ਪਾੜੇ ਪਾਉਂਦਾ ਹੈ। ਇਥੇ ਤਾਂ “ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ॥ ਗੁਰਮੁਖਿ ਨਾਮੁ ਜਪੈ ਉਧਰੈ ਸੋ ਕਲਿ ਮਹਿ, ਘਟਿ ਘਟਿ ਨਾਨਕ ਮਾਝਾ” (ਪੰ: ੭੪੭)। ਜਦਕਿ ਅੱਜ ਸੋਢੀ, ਬੇਦੀ, ਜੁਨੇਜਾ, ਤਨੇਜਾ, ਰਾਮਗੜ੍ਹੀਆ, ਖਰਬੰਦਾ, ਭਸੀਨ ਆਦਿ ਜਾਤਾਂ-ਗੋਤਾਂ ਆਦਿ ਵਾਲੀਆਂ ਪੂਛਲਾਂ ਸਿੱਖ ਪਨੀਰੀ ਕੋਲ ਸਿੱਖ ਮਾਪਿਆਂ ਕੋਲੋਂ ਹੀ ਪੁੱਜ ਰਹੀਆਂ ਹਨ। ਕਾਰਣ ਹੈ ਕਿ ਜਦੋਂ ਖ਼ੁਦ ਮਾਪੇ ਇਨ੍ਹਾਂ ਜਾਤਾਂ ਗੋਤਾਂ ਨੂੰ ਛੱਡਣ ਲਈ ਤਿਆਰ ਨਹੀਂ ਹਨ। ਉਸੇ ਦਾ ਨਤੀਜਾ ਹੁੰਦਾ ਹੈ ਕਿ ਇਹ ਚੀਜ਼ ਔਲਾਦ ਤੋਂ ਬਾਅਦ ਫ਼ਿਰ ਅਗਲੀ ਔਲਾਦ ਕੋਲ ਤੇ ਪਨੀਰੀ-ਦਰ-ਪਨੀਰੀ ਜਾ ਰਹੀ ਹੈ।

ਉਪ੍ਰੰਤ ਹੇਕਰ ਪ੍ਰਵਾਰਕ ਵਾਧਾ ਹੁੰਦਾ ਹੈ ਤਾਂ ਉਥੇ ਵੀ ਬੱਚੀ-ਬੱਚੇ ਵਿਚਾਲੇ ਵਿਤਕਰਾ, ਯਾਰਵੇਂ, ਤੇਰ੍ਹਵੇਂ, ਚੌਕੇ ਚੜਾਉਣਾ, ਚਾਲੀਹੇ ਆਦਿ ਅਨਮੱਤੀ ਕਰਮਕਾਂਡ, ਵਹਿਮ, ਸਹਿਮ ਤੇ ਭਰਮ ਆਦਿ ਆਪਣੀ ਔਲਾਦ ਨੂੰ ਵਿਰਾਸਤ `ਚ ਦੇਣ ਵਾਲੇ ਵੀ ਅਜੋਕੇ ਬਹੁਤੇ ਸਿੱਖ ਮਾਪੇ ਹੀ ਹਨ। ਬੱਚੇ ਨੂੰ ਅਖ਼ਉਤੀ ਮਾੜੀ ਨਜ਼ਰ ਤੋਂ ਬਚਾਉਣ ਲਈ ਕਾਲਾ ਟਿੱਕਾ, ਕਲਾਈ `ਚ ਕਾਲਾ ਧਾਗਾ, ਕਮਰ `ਚ ਕਾਲੀ ਤਗੜੀ ਆਦਿ ਸਾਰੇ ਢਕਵੰਜ ਤੇ ਟਿਟੂ, ਬਿੱਟੂ, ਬੰਟੀ, ਬਿੱਲਾ ਆਦਿ ਵੀ ਦੂਜਿਆਂ ਦੀ ਨਕਲ `ਤੇ ਉਸੇ ਤਰ੍ਹਾਂ ਹੀ ਕਰ ਰਹੇ ਹਨ ਤਾਂ ਉਹ ਵੀ ਬਾਹਰ ਦੇ ਨਹੀਂ ਬਲਕਿ ਬਹੁਤੇ ਸਿੱਖ ਮਾਪੇ ਹੀ।

(ੲ) ਪ੍ਰਵਾਰਕ ਕਾਰਜਾਂ ਸਮੇਂ? -ਪ੍ਰਵਾਰ `ਚ ਅਨੰਦ ਕਾਰਜ ਹੋਵੇ ਤਾਂ ਮਾਪਿਆਂ ਵਲੋਂ ਕਾਕਟੇਲ ਪਾਰਟੀ ਦਾ ਨਾ ਟਲਣ ਵਾਲਾ ਫ਼ੰਕਸ਼ਨ ਹੁੰਦਾ ਹੈ। ਇਕ-ਇਕ ਸਦਾ ਪਤ੍ਰ (invitation card) ਭਾਵੇਂ ਹਜ਼ਾਰ ਹਜ਼ਾਰ ਰੁਪਏ ਦਾ ਕਿਉਂ ਨਾ ਬਣੇ ਪਰ ਬਨਵਾਉਣਾ ਉਹ ਹੈ ਜੋ ਪਹਿਲਾਂ ਕਿਸੇ ਨਾ ਬਣਵਾਇਆ ਹੋਵੇ। ਇਸ ਤਰ੍ਹਾਂ ਵਧ ਚੜ੍ਹ ਕੇ ਦਿਖਾਵੇ ਦੇ ਕੰਮ ਵੀ ਬਹੁਤਾ ਕਰਕੇ ਅੱਜ ਸਿੱਖ ਮਾਪੇ ਹੀ ਕਰ ਰਹੇ ਹਨ। ਇਸ ਤੋਂ ਬਾਅਦ ਮਹਿੰਦੀ ਦੀ ਰਾਤ, ਚੂੜਾ, ਲਾਲ-ਗੁਲਾਬੀ ਪੱਗਾਂ ਤੇ ਚੁਣੀਆਂ, ਬੈਂਡ-ਵਾਜੇ, ਸ਼ਰਾਬਾਂ `ਚ ਧੁੱਤ ਹੋ ਕੇ ਸੜਕਾਂ `ਤੇ ਨਚਣਾ, ਡਿਗਣਾ ਤੇ ਉਲਟੀਆਂ ਕਰਣੀਆਂ ਭਾਵ ਹਰੇਕ ਗੁਰਮੱਤ ਵਿਰੁਧ ਕੰਮ, ਬੜੀ ਬੇਸ਼ਰਮੀ ਨਾਲ ਮਾਪੇ ਆਪ ਕਰਦੇ ਤੇ ਨਾਲ ਨਾਲ ਆਪਣੇ ਬੱਚਿਆਂ ਤੋ ਕਰਵਾ ਰਹੇ ਹੁੰਦੇ ਹਨ। ਜਦਕਿ ਉਸ ਸਮੇਂ ਉਨ੍ਹਾਂ ਦੇ ਬੱਚੇ ਵੀ ਅਜਿਹੀਆਂ ਫ਼ੰਕਸ਼ਨਾਂ `ਚ ਨਾਲ ਹੋ ਕੇ ਪੂਰੀ ਤਰ੍ਹਾਂ ਟ੍ਰੇਨਿੰਗ ਲੈ ਰਹੇ ਹੁੰਦੇ ਹਨ। ਤਾ ਕਿ ਕਲ ਨੂੰ ਉਹ ਵੀ ਕਹਿ ਸਕਣ ਕਿ ਸਾਡੇ ਡੈਡੀ-ਮੰਮੀ ਵੀ ਸਿੱਖ ਸਨ, ਉਨ੍ਹਾਂ ਨੇ ਵੀ ਤਾਂ ਇਹ ਸਾਰੇ ਕੰਮ ਕੀਤੇ ਸਨ। ਉਂਜ ਇਹ ਕਿ ਉਨ੍ਹਾਂ ਅਨੁਸਾਰ, ਉਹ ਲੋਕ ਗੁਰਬਾਣੀ ਵੀ ਬਹੁਤ ਪੜਦੇ ਸਨ, ਗੁਰਦੁਆਰੇ ਵੀ ਨਿਯਮ ਨਾਲ ਜਾਂਦੇ ਸਨ। ਇਸ ਲਈ ਜੇ ਉਹ ਸਾਰੇ ਕੰਮ ਕਰ ਸਕਦੇ ਸਨ ਤਾਂ ਅੱਜ ਅਸੀਂ ਕਿਉਂ ਨਹੀਂ? ਵਗ਼ੈਰਾ ਵਗ਼ੈਰਾ. .

ਇਸੇ ਤਰ੍ਹਾਂ ਪ੍ਰਵਾਰ `ਚ ਜੇ ਕੋਈ ਚਲਾਣਾ ਕਰ ਜਾਂਦਾ ਹੈ ਤਾਂ ਉਥੇ ਵੀ ਅਜਿਹਾ ਕੋਈ ਕੰਮ ਨਹੀਂ, ਜਿਹੜਾ ਅੱਜ ਗੁਰਮੱਤ ਵਿਰੁਧ ਅਤੇ ਬਹੁਤੇ ਸਿੱਖ ਮਾਪੇ, ਆਪ ਹੀ ਨਾ ਕਰ ਤੇ ਕਰਵਾ ਰਹੇ ਹੋਣ। ਫੁਲ ਚੁਨਣੇ, ਐਤ-ਬੁਧ, ਸਵੇਰ-ਸ਼ਾਮ ਦਾ ਪੂਰਾ ਪੂਰਾ ਖ਼ਿਆਲ, ਕਪਾਲ ਕਿਰਿਆ, ਪ੍ਰਾਣੀ ਦੀ ਪ੍ਰਕਰਮਾ, ਪਾਣੀ ਦੇ ਉਲਟੇ ਸਿਧੇ ਛੱਟੇ, ਭੋਗ ਸਮੇਂ ਤੇ ਉਹ ਵੀ ਬਿਨਾ ਸੀਤੀਆਂ ਰਜ਼ਾਈਆਂ, ਤਲਾਈਆਂ, ਫ਼ਰੂਟ ਭਾਂਡੇ, ਕੱਚਾ ਅੰਨ ਆਦਿ ਗੁਰਦੁਆਰੇ `ਚ, ਭਾਵ ਕੋਈ ਤੇ ਕਿਸੇ ਤਰ੍ਹਾਂ ਦਾ ਵੀ ਵਹਿਮ-ਭਰਮ ਤੇ ਬ੍ਰਾਹਮਣੀ ਕਰਮਕਾਂਡ ਉਹ ਛਡਣ ਨੂੰ ਤਿਆਰ ਨਹੀਂ। ਉਸ ਤੋਂ ਬਾਅਦ ਜੇ ਕੋਈ ਗੱਲ ਕਰੋ ਤਾਂ ਉਨ੍ਹਾਂ ਦਾ ਮਾਸੂਮਿਅਤ ਭਰਿਆ ਉੱਤਰ ਹੋਵੇਗਾ, ਦੇਖੋ ਜੀ ਮੈਂ/ਅਸੀਂ ਤਾਂ ਸਭ ਗੁਰਮੱਤ ਅਨੁਸਾਰ ਹੀ ਚਾਹੁੰਦਾ/ਚਾਹੁੰਦੇ ਸਾਂ ਪਰ ਘਰ `ਚ ਬਾਕੀ ਨਹੀਂ ਮੰਣਦੇ। ਇਹ ਹੈ ਬਹੁਤਾ ਕਰਕੇ ਅਜੋਕੀ ਪੰਥਕ ਕਾਰਜਸ਼ਾਲਾ (Workshop) ਜਿੱਥੇ ਅੱਜ ਦੀ ਸਿੱਖੀ ਤਿਆਰ ਹੋ ਰਹੀ ਹੈ।

ਇਸ ਤਰ੍ਹਾਂ ਜਿਹੜਾ ਸਾਮਾਨ ਕਾਰਜਸ਼ਾਲਾ `ਚ ਤਿਆਰ ਹੋਵੇਗਾ ਆਖਿਰ ਬਾਹਿਰ ਵੀ ਤਾਂ ਉਹੀ ਜਾਵੇਗਾ। ਜਿਹੜਾ ਉਥੇ ਤਿਆਰ ਹੀ ਨਹੀਂ ਹੋ ਰਿਹਾ ਤਾਂ ਫ਼ਿਰ ਉਹ ਚਾਹੇ ਕਿਨਾਂ ਵਧੀਆ ਹੀ ਕਿਉਂ ਨਾ ਹੋਵੇ, ਬਾਹਿਰ ਜਾਵੇਗਾ ਕਿਥੋਂ ਤੇ ਕਿਹੜੇ ਰਸਤੇ? ਕਸੂਰ ਵਸਤ ਦਾ ਨਹੀਂ ਕਸੂਰ ਹੈ ਵਸਤ ਬਨਾਉਣ ਤੇ ਪਹੁੰਚਾਉਣ ਵਾਲੇ ਦਾ। ਕਸੂਰ ਗੁਰਬਾਣੀ ਸਿਧਾਂਤ (ਜੋਤ) ਤੇ ਗੁਰਬਾਣੀ ਤੋਂ ਪ੍ਰਗਟ ਹੋਣ ਵਾਲੀ ਜੀਵਨ ਜਾਚ (ਜੁਗਤ) ਦਾ ਨਹੀਂ, ਕਸੂਰ ਹੈ ਉਨ੍ਹਾਂ ਭਾਂਡਿਆਂ ਦਾ, ਜਿਨ੍ਹਾਂ ਰਾਹੀਂ ਇਹ ਉੱਤਮ ਵਸਤ ਔਲਾਦ ਤੇ ਸੰਸਾਰ ਤੱਕ ਪੁੱਜ ਰਹੀ ਹੈ। ਇਹੀ ਹੈ ਸਿੱਖੀ ਦੀ ਉਹ ਵਿਰਾਸਤ ਤੇ ਖ਼ੁਰਾਕ ਜਿਹੜੀ ਅੱਜ ਬਹੁਤੇ ਸਿੱਖ ਮਾਪੇ ਖੁੱਲ ਕੇ ਆਪਣੀ ਔਲਾਦ ਨੂੰ ਦੇ ਕੇ ਜਾ ਰਹੇ ਹਨ। ਹਿਸਾਬ ਲਗਾ ਲਵੋ! ਸਿੱਖ ਧਰਮ ਦੇ ਪ੍ਰਸਾਰ `ਚ ਅਜਿਹੇ ਸਿੱਖ ਮਾਪੇ ਆਪ ਰੁਕਾਵਟ ਹਨ ਜਾਂ ਉਨ੍ਹਾਂ ਦੀ ਔਲਾਦ?

ਇਸ ਤੋਂ ਇਮਾਨਦਾਰੀ ਨਾਲ ਜੇ ਦੇਖਿਆ ਜਾਵੇ ਤਾਂ ਕੇਵਲ ਪੰਜਾਬ ਹੀ ਨਹੀਂ ਬਲਕਿ ਸੰਸਾਰ ਭਰ `ਚ ਸਿੱਖ ਪਨੀਰੀ ਵਿਚਾਲੇ ਜੋ ਪਤਿੱਤਪੁਣਾ ਤੇ ਸ਼ਰਾਬ ਆਦਿ ਨਸ਼ਿਆਂ ਦੀ ਬਿਮਾਰੀ ਵਧਦੀ ਜਾ ਰਹੀ ਉਸ ਦੇ ਲਈ ਅਜੋਕੇ ਸਿੱਖ ਬੱਚਿਆਂ ਤੋਂ ਕਈ ਗੁਣਾ ਵਧ ਜ਼ਿਮੇਵਾਰ ਹਨ ਤਾਂ ਅਜੋਕੇ ਸਿੱਖ ਮਾਪੇ। ਫ਼ਿਰ ਇਤਨਾ ਹੀ ਨਹੀਂ ਬਲਕਿ ਖਾਸਕਰ ਪੰਜਾਬ `ਚ ਅੱਜ ਜੋ ਡੇਰੇ ਤੇ ਪਖੰਡੀ ਗੁਰੂ ਡੰਮ ਕੌੜੀ ਵੇਲ ਵਾਂਙ ਵਧ ਰਹੇ ਹਨ ਉਸ ਦੇ ਲਈ ਵੀ ਸਿੱਖਾਂ ਵਿਚਕਾਰ ਆਈ ਹੋਈ ਗੁਰਬਾਣੀ ਜੀਵਨ ਤੇ ਰਹਿਣੀ ਬਾਰੇ ਅਗਿਨਤਾ ਹੀ ਜ਼ਿਮੇਵਾਰ ਹੈ। ਦੂਜੇ ਲਫ਼ਜ਼ਾ `ਚ ਇਹ ਵਿਸ਼ਾ ਵੀ ਬਹੁਤਾ ਕਰਕੇ ਸਿੱਖ ਮਾਪਿਆਂ ਨਾਲ ਹੀ ਸੰਬੰਧਤ ਹੈ। ਇਸ ਤਰ੍ਹਾਂ ਜਦੋਂ ਅਜੋਕੇ ਸਿੱਖ ਮਾਪਿਆਂ ਦੀ ਆਪਣੀ ਹਾਲਤ ਇਹ ਹੈ ਕਿ ਉਹ ਗੁਰਦੁਆਰੇ ਛੱਡ ਕੇ ਡੇਰਿਆਂ ਤੇ ਪਾਖੰਡੀ ਗੁਰੂ ਡੰਮਾਂ `ਤੇ ਦੌੜੀ ਫ਼ਿਰਦੇ ਹਨ ਤਾਂ ਸਪਸ਼ਟ ਹੈ ਕਿ ਉਹ ਆਪਣੀ ਵਿਰਾਸਤ `ਚ ਆਪਣੀ ਔਲਾਦ ਅਥਵਾ ਪੰਥ ਦੀ ਪਨੀਰੀ ਨੂੰ ਕਿਹੜੀ ਸਿੱਖੀ ਦੇ ਰਹੇ ਹਨ।

ਉਹ ਲੋਕ ਅੱਜ ਆਪਣੇ ਬੱਚਿਆਂ ਨੂੰ ਦੇ ਰਹੇ ਹਨ “ਜੋਤਿ ਓਹਾ ਜੁਗਤਿ ਸਾਇ” ਅਨੁਸਾਰ ਗੁਰਬਾਣੀ ਜੀਵਨ ਜਾਚ ਜਾਂ ਫ਼ਿਰ ਪਖੰਡੀ ਬਾਬਿਆਂ-ਗੁਰੂਆਂ ਦੇ ਨਾਲ ਨਾਲ, ਅਣਮੱਤਾਂ, ਹੂੜਮੱਤਾਂ, ਦੁਰਮੱਤਾ ਤੇ ਵਿਪਰਨ ਦੀਆਂ ਰੀਤਾਂ ਦੀ ਵਿਰਾਸਤ। ਸਪਸ਼ਟ ਹੈ ਕਿ ਬਹੁਤਾ ਕਰਕੇ ਅਜੋਕੇ ਸਮੇਂ ਨਿਜੀ ਤਲ `ਤੇ ਸਿੱਖ ਧਰਮ ਦੀ ਅਧੋਗਤੀ ਦੀ ਜ਼ਿਮੇਵਾਰੀ ਤੋਂ ਸਿੱਖ ਮਾਪੇ ਵੀ ਕਿਸੇ ਤਰ੍ਹਾਂ ਨਹੀਂ ਬੱਚ ਸਕਦੇ। ਕਿਉਂਕਿ ਸਿੱਖ ਬੱਚਿਆਂ ਲਈ ਸਿੱਖ ਧਰਮ ਦੀ ਪਹਿਲੀ ਕਾਰਜਸ਼ਾਲਾ (Work Shop) ਅਜੋਕੇ ਤੇ ਉਂਝ ਕਦੇ ਵੀ ਸਿੱਖ ਮਾਪੇ ਹੀ ਹੁੰਦੇ ਹਨ। ਇਸ ਲਈ ਸਭ ਤੋਂ ਪਹਿਲਾਂ ਜੇਕਰ ਉਹ ਲੋਕ ਅੱਜ ਵੀ ਗੁਰਬਾਣੀ ਆਧਾਰਤ “ਜੋਤਿ ਓਹਾ ਜੁਗਤਿ ਸਾਇ” ਦੇ ਸਿਧਾਂਤ ਸੰਬੰਧੀ ਸੁਚੇਤ ਹੋ ਜਾਣ ਤਾਂ ਕੋਈ ਕਾਰਣ ਨਹੀਂ ਕਿ ਅੱਜ ਵੀ ਸਮੂਹਿਕ ਤੌਰ `ਤੇ ਸਿੱਖ ਧਰਮ ਤੇ ਇਸ ਦੇ ਨਾਲ ਨਾਲ ਸਿੱਖ ਲਹਿਰ ਨੂੰ ਵੀ ਸੰਭਾਲਿਆ ਅਤੇ ਸੌਖੇ ਹੀ ਪ੍ਰਫ਼ੁਲਤ ਵੀ ਕੀਤਾ ਜਾ ਸਕਦਾ ਹੈ। ਤਾਂ ਵੀ ਇਸ ਪਾਸੇ ਇਹ ਕੇਵਲ ਇੱਕ ਇਸ਼ਾਰਾ ਹੀ ਹੈ ਇਸ ਤੋਂ ਵਧ ਨਹੀਂ। #13 SDSLs01.013# (ਚਲਦਾ)

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Sikh, Dharm Vi Hai Ate Lehar Vi.01.13 BEING LOADED IN ISTTS. Otherwise about All the Self Learning Gurmat Lessons already loaded on www.sikhmarg.com it is to clarify that:-

---------------------------------------------

For all the Gurmat Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26487315 Cell 9811292808

web site- www.gurbaniguru.org
.