.

॥ ਹੋਇ ਰਹੇ ਸਭ ਕੀ ਪਗ ਛਾਰੁ॥

“ਆਠ ਪਹਰ ਨਿਕਟਿ ਕਰਿ ਜਾਨੈ॥ ਪ੍ਰਭ ਕਾ ਕੀਆ ਮੀਠਾ ਮਾਨੈ॥ ਏਕੁ ਨਾਮੁ ਸੰਤਨ ਆਧਾਰੁ॥ ਹੋਇ ਰਹੇ ਸਭ ਕੀ ਪਗ ਛਾਰੁ॥”

ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਨੰ:॥ ੪॥ ੩੭॥ ੮੮, ਆਸਾ ਰਾਗ, ਪੰਨਾ ੩੯੨, ਗੁਰਬਾਣੀ ਦੀਆਂ ਉਪਰ ਲਿਖੀਆਂ ਪੰਕਤੀਆਂ ਨਾਲ ਸ਼ੁਰੂ ਹੁੰਦਾ ਹੈ।

ਭਾਵ ਅਰਥ:-

ਪਰਮਾਤਮਾ ਦਾ ਭਗਤ ਸਦਾ ਹੀ ਪਰਮਾਤਮਾ ਨੂੰ ਆਪਣੇ ਨੇੜੇ ਵਸਦਾ ਜਾਣਦਾ ਹੈ। ਜੋ ਪਰਮਾਤਮਾ ਕਰਦਾ ਹੈ ਉਸ ਨੂੰ ਸਹੀ, ਮਿੱਠਾ ਕਰਕੇ ਮੰਨਦਾ ਹੈ। ਕੇਵਲ ਪਰਮਾਤਮਾ ਦਾ ਨਾਮ ਹੀ ਸੰਤਾਂ ਦੇ ਜੀਵਨ ਦਾ ਆਸਰਾ ਹੁੰਦਾ ਹੈ। ਸੰਤ ਸਭਨਾਂ ਦੇ ਪੈਰਾਂ ਦੀ ਧੂੜ ਬਣੇ ਰਹਿੰਦੇ ਹਨ, ਭਾਵ ਨਿਮਾਣੇ ਬਣ ਕੇ ਰਹਿੰਦੇ ਹਨ।

ਵਿਆਖਿਆ:-

ਇਸ ਸ਼ਬਦ ਵਿੱਚ ਗੁਰੂ ਜੀ ਸੰਤਾਂ ਦੇ ਕਿਰਦਾਰ ਦੀ ਵਿਆਖਿਆ ਕਰਦੇ ਹਨ। ਸੰਤ ਪਰਮਾਤਮਾ ਨੂੰ ਹਾਜ਼ਿਰ ਨਾਜ਼ਿਰ ਸਮਝਦੇ ਹਨ। ਪਰਮਾਤਮਾ ਦਾ ਭਾਣਾ ਮਿੱਠਾ ਕਰਕੇ ਮੰਨਦੇ ਹਨ। ਪਰਮਾਤਮਾ ਦੇ ਇਲਾਵਾ ਹੋਰ ਕਿਸੇ ਉੱਤੇ ਟੇਕ ਨਹੀਂ ਰਖਦੇ। ਨਿਮਾਣੇ ਬਣ ਕੇ ਰਹਿੰਦੇ ਹਨ ਭਾਵ ਹਉਮੈਂ ਨੂੰ ਨੇੜੇ ਨਹੀਂ ਢੁੱਕਣ ਦੇਂਦੇ।। ਗੁਰੂ ਜੀ ਇਸੇ ਸ਼ਬਦ `ਚ ਫ਼ੁਰਮਾਉਂਦੇ ਹਨ:- “ਸੂਰਬੀਰ ਬਚਨ ਕੇ ਬਲੀ॥ ਕਉਲਾ ਬਪੁਰੀ ਸੰਤੀ ਛਲੀ॥” — ਸੰਤ ਵਿਕਾਰਾਂ ਦੇ ਟਾਕਰੇ ਤੇ ਸੂਰਮੇ ਹੁੰਦੇ ਹਨ, ਆਪਣੇ ਵਚਨ ਦੇ ਪੱਕੇ ਹੁੰਦੇ ਹਨ। ਸੰਤ ਮਾਇਆ ਨੂੰ ਨਿਮਾਣੀ ਸਮਝਦੇ ਹਨ, ਭਾਵ ਸੰਤ ਮਾਇਆ ਅਤੀਤ ਹੁੰਦੇ ਹਨ।

ਮਨੁੱਖ ਨੂੰ ਜ਼ਿੰਦਗੀ `ਚ ਕਈ ਤਰ੍ਹਾ ਦੇ ਕਲੇਸ਼ ਪੇਸ਼ ਆਉਂਦੇ ਹਨ। ਜੀਵਨ `ਚੋਂ ਕਲੇਸ਼ ਖ਼ਤਮ ਕਰਨ ਲਈ ਜੀਵਨ ਢੰਗ ਸੁਧਾਰਣ ਦੀ ਲੋੜ ਹੈ। ਗੁਰਬਾਣੀ ਤੋਂ ਸੇਧ ਲੈਣ ਦੀ ਲੋੜ ਹੈ। ਇਹ ਅਸੀਂ ਕਰਦੇ ਨਹੀਂ। ਸਾਨੂੰ ਭਰਮ ਜਿਹਾ ਬਣਿਆ ਹੋਇਆ ਹੈ ਕਿ ਸ਼ਾਇਦ ਕਿਸੇ ਸੰਤ ਆਖਵਉਂਦੇ ਨੂੰ ਮੱਥਾ ਟੇਕ ਕੇ, ਪੈਸੇ ਚੜ੍ਹਾ ਕੇ ਸੁਖ ਖਰੀਦਿਆ ਜਾ ਸਕਦਾ ਹੈ। ਸਾਡੀ ਇਹ ਕਮਜ਼ੋਰੀ ਹੀ ਨਕਲੀ ਸੰਤਾਂ/ਬਾਬਿਆਂ ਦੀ ਤਾਕਤ ਹੈ। ਸਾਡੀ ਇਸੇ ਕਮਜ਼ੋਰੀ ਦਾ ਫ਼ਾਇਦਾ ਉਠਾ ਕੇ ਅਖੌਤੀ ਬਾਬੇ ਗੁਰਮਤਿ ਦੇ ਉਲਟ ਕੰਮ ਕਰਕੇ ਸਿੱਖੀ ਦਾ ਨੁਕਸਾਨ ਕਰ ਰਹੇ ਹਨ। ਸਿੱਖਾਂ `ਚ ਪਹਿਲਾਂ ਵੀ ਗੁਰਮੁੱਖ ਸਿੱਖ ਹੋਏ ਹਨ ਜੋ ਗੁਰੂ ਜੀ ਦੀ ਦੱਸੀ ਸੰਤ ਨੂੰ ਪਰਖਣ ਦੀ ਕਸਵੱਟੀ ਤੇ ਪੂਰੇ ਉਤਰੇ, ਇਨ੍ਹਾਂ ਗੁਰਮੁੱਖਾਂ ਨੇ ਸਿੱਖੀ ਦਾ ਬਹੁਤ ਪਰਚਾਰ ਕੀਤਾ। ਅਜੇਹੇ ਗੁਰਮੁੱਖ ਹੁਣ ਵੀ ਹਨ, ਇਹਨਾਂ ਕੋਲ ਜੋ ਵੀ ਆਉਂਦਾ ਹੈ ਉਸ ਨੂੰ ਆਪਣੀ ਚਰਣੀ ਨਹੀਂ ਸਗੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਉਂਦੇ ਹਨ। 1947 ਤੋਂ ਪਹਿਲਾਂ ਵੀ ਅਜੇਹੇ ਗੁਰਮੁੱਖਾਂ ਦੇ ਡੇਰੇ ਸਿੱਖਾਂ ਵਿੱਚ ਪਰਚਲਿਤ ਸੀ ਜਿਥੋਂ ਸਿੱਖੀ ਦਾ ਗਿਆਨ ਮਿਲਦਾ ਸੀ। ਪਰ ਕੁੱਝ ਡੇਰੇ ਐਸੇ ਵੀ ਹਨ ਜਿਨ੍ਹਾਂ ਦੇ ਕਰਤਾ ਧਰਤਾ ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਕੀਤੀ ਸੰਤ ਦੀ ਪਰਿਭਾਸ਼ਾ ਤੇ ਪੂਰੇ ਨਹੀਂ ਉਤਰਦੇ। ਇਹ ਕਰਤਾ ਧਰਤਾ/ਬਾਬੇ ਨਾ ਤਾਂ ਹਉਮੈਂ ਰਹਿਤ ਹਨ ਅਤੇ ਨਾ ਹੀ ਮਾਇਆ ਅਤੀਤ, ਇਹ ਪਰਮਾਤਮਾ ਦਾ ਭਾਣਾ ਨਹੀਂ ਸਗੋਂ ਜੋ ਇਹਨਾਂ ਨੂੰ ਭਾਂਉਂਦਾ ਹੈ ਉਸ ਨੂੰ ਮਿੱਠਾ ਕਰਕੇ ਮੰਨਦੇ ਹਨ। ਇਨ੍ਹਾਂ ਦਾ ਆਸਰਾ ਮਾਇਆ ਹੈ ਪਰਮਾਤਮਾ ਦਾ ਨਾਮ ਨਹੀਂ। ਇਨ੍ਹਾਂ ਕੋਲ ਐਸ਼ੋ-ਇਸ਼ਰਤ ਦੇ ਸਾਰੇ ਸਾਮਾਨ ਮੌਜੂਦ ਹਨ। ਇਹ ਆਪਣੇ ਸ਼ਰਧਾਲੂਆਂ/ਸੇਵਕਾਂ ਨੂੰ ਆਪਣੀ ਚਰਣੀ ਲਾਉਂਦੇ ਹਨ।। ਲੋਕਾਂ ਨੂੰ ਸੁਖਮਨੀ ਸਾਹਿਬ ਦੀ ਅਸਟਪਦੀ ਨੰ: ੭ ਅਤੇ ੧੩ ਸੁਣਾ-ਸੁਣਾ ਕੇ ਆਪਣੇ ਸੇਵਕ ਬਣਾਉਂਦੇ ਹਨ:- “ਜੋ ਇਛੈ ਸੋਈ ਫਲੁ ਪਾਵੈ॥ ਸਾਧ ਕੈ ਸੰਗਿ ਨ ਬਿਰਥਾ ਜਾਵੈ॥” ਅਤੇ “ਸੰਤ ਕੀ ਨਿੰਦਾ ਨਾਨਕਾ ਬਹੁਰਿ ਬਹੁਰਿ ਅਵਤਾਰ॥” ਸਾਨੂੰ ਇਹੋ ਜਿਹੇ ਸੰਤਾਂ/ਸਾਧਾਂ ਅਤੇ ੳਨ੍ਹਾਂ ਦੇ ਡੇਰਿਆਂ ਤੋਂ ਬਚਣ ਦੀ ਲੋੜ ਹੈ। ਇਹ ਬਾਬੇ ਉਸ ਨੂੰ ਬੁਰਾ ਭਲਾ ਕਹਿੰਦੇ ਹਨ ਜਿਹੜਾ ਇਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੇ ਕਿ ਗੁਰੂ ਜੀ ਨੇ ਸੁਖਮਨੀ ਸਾਹਿਬ ਵਿੱਚ ਸੰਤ/ਸਾਧ ਪਦ ਉਨ੍ਹਾਂ ਗੁਰਮੁੱਖਾਂ ਲਈ ਵਰਤਿਆ ਹੈ ਜਿਸ ਦੀ ਵਿਆਖਿਆ ਗੁਰੂ ਜੀ ਨੇ ਆਸਾ ਰਾਗ ਦੇ ਆਪਣੇ ਸ਼ਬਦ ਨੰ:॥ ੪॥ ੩੭॥ ੮੮॥ ਦੇ ਸ਼ੁਰੂ ਵਿੱਚ ਕੀਤੀ ਹੈ।

ਨਕਲੀ ਸੰਤਾਂ/ਸਾਧਾਂ, ਬਾਬਿਆਂ ਨੂੰ ਸਿਆਸੀ ਪਾਰਟੀਆਂ ਦੀ ਵੀ ਹੱਲਾਸ਼ੇਰੀ ਰਹਿੰਦੀ ਹੈ ਕਿਉਂਕਿ ਇਹ ਉਨ੍ਹਾਂ ਦੇ ਵੋਟ ਬੈਂਕ ਹਨ। ਇਨ੍ਹਾਂ ਬਾਬਿਆਂ ਨੂੰ ਕਿਸੇ ਪਬਲਿਸਿਟੀ ਮੀਡਿਏ ਦੀ ਲੋੜ ਨਹੀਂ। ਇਨ੍ਹਾਂ ਨੇ ਆਪਣੇ ਏਜੰਟ ਰੱਖੇ ਹੁੰਦੇ ਹਨ। “ਅਖੇ ਦਸ ਸਾਲ ਵਿਆਹ ਨੂੰ ਹੋ ਗਏ ਪਰ ਗੋਦ ਹਰੀ ਨਹੀਂ ਹੋਈ। ਬਾਬਾ ਜੀ ਨੂੰ ਮੱਥਾ ਟੇਕਿਆ, ਗੋਦ ਹਰੀ ਹੋ ਗਈ। ਸੁਖ ਨਾਲ ਸਾਲ ਦਾ ਕਾਕਾ ਘਰ ਖੇਡ ਰਿਹਾ ਹੈ”। “ਅਖੇ ਮੈਨੂੰ ਘਾਟਾ ਹੀ ਘਾਟਾ ਪੈ ਰਿਹਾ ਸੀ, ਬਾਬਾ ਜੀ ਨੂੰ ਮੱਥਾ ਟੇਕਿਆ, ਹੁਣ ਪੈਸਿਆਂ ਦੀ ਕੋਈ ਘਾਟ ਨਹੀਂ”। ਬਾਬਾ ਜੀ ਦੇ ਚਰਣ ਨਾ ਹੋਏ, ਕੋਈ ਟਕਸਾਲ ਹੋ ਗਈ। “ਵੇਖੋ ਬਾਬਾ ਜੀ ਅੱਠੇ ਪਹਿਰ ਨਾਮ ਜਪਦੇ ਹਨ”। “ਬਾਬਾ ਜੀ ਕੰਨ `ਚ ਨਾਮ ਵੀ ਦਿੰਦੇ ਹਨ”। ਨਾਮ ਨਾ ਹੋਇਆ, ਈਅਰ ਡ੍ਰਾਪ ਹੋ ਗਈ ਜਿਹੜੀ ਬਾਬੇ ਨੇ ਆਪਣੇ ਸੇਵਕ ਦੇ ਕੰਨ `ਚ ਪਾ ਦਿੱਤੀ। ਇਹ ਬਾਬੇ ਸਰਾਪ ਵੀ ਦੇਂਦੇ ਹਨ ਅਤੇ ਬੀਮਾਰੀ ਦੂਰ ਕਰਨ ਲਈ ਧਾਗਾ ਤਵੀਤ ਵੀ, ਫੂਕ ਮਾਰ ਕੇ ਪਾਣੀ ਵੀ। ਗੁਰਬਾਣੀ ਦਾ ਫ਼ੁਰਮਾਣ ਹੈ:- “ਭਾਈ ਮਤ ਕੋਈ ਜਾਣਹੁ ਕਿਸੀ ਕੈ ਕਿਛੁ ਹਾਥਿ ਹੈ ਸਭ ਕਰੇ ਕਰਾਇਆ॥ ਜਰਾ ਮਰਾ ਤਾਪੁ ਸਿਰਤਿ ਸਾਪੁ ਸਭੁ ਹਰਿ ਕੈ ਵਸਿ ਹੈ ਕੋਈ ਲਾਗਿ ਨ ਸਕੈ ਬਿਨੁ ਹਰਿ ਕਾ ਲਾਇਆ॥” --ਪੰਨਾ ੧੬੮। --ਜ਼ਰਾ, ਮਰਾ, ਤਾਪੁ, ਸਿਰਤਿ, ਸਾਪੁ = ਬੁਢਾਪਾ, ਮੌਤ, ਤਾਪ, ਅੱਧੇ ਸਿਰ ਦੀ ਪੀੜ, ਸ੍ਰਾਪ। ਗੁਰਬਾਣੀ ਫ਼ੁਰਮਾਉਂਦੀ ਹੈ ਕਿ ਇਹ ਸਭ ਕੁੱਝ ਪਰਮਾਤਮਾ ਦੇ ਵਸ ਵਿੱਚ ਹੈ, ਪਰ ਇਹਨਾਂ ਬਾਬਿਆਂ ਨੂੰ ਬਾਣੀ ਨਾਲ ਕੀ, ਇਨ੍ਹਾਂ ਨੇ ਤਾਂ ਆਪਣੀ ਦੁਕਾਨ ਭਖਦੀ ਰੱਖਣੀ ਹੈ। ਅਖੌਤੀ ਬਾਬਿਆਂ ਦੀ ਪਬਲਿਸਿਟੀ ਦੰਦ ਕਥਾ ਰਾਹੀਂ ਹੁੰਦੀ ਹੈ। ਇਹਨਾਂ ਬਾਬਿਆਂ ਦੇ ਪਹੁੰਚਣ ਤੋਂ ਪਹਿਲਾਂ ਇਨ੍ਹਾਂ ਦੀਆਂ ਅਖੌਤੀ ਕਰਾਮਾਤਾਂ ਦੀਆਂ ਗੱਲਾਂ ਲੋਕਾਂ ਦੇ ਘਰੀਂ ਪਹੁੰਚ ਜਾਂਦੀਆਂ ਹਨ। “ਇਸ ਕੋ ਸ਼ੁਹਰਤ ਕਹੇਂ ਯਾ ਕਿ ਰੁਸਵਾਈ ਕਹੇਂ, ਬਾਬੇ ਸੇ ਪਹਿਲੇ ਉਸ ਗਲੀ ਮੇਂ ਬਾਬੇ ਕੇ ਅਫ਼ਸਾਨੇ ਗਏ”।

ਇੱਕ ਗੱਲ ਚੰਗੀ ਹੈ ਕਿ ਡੇਰਿਆਂ ਨੇ ਸਿੱਖੀ ਸਰੂਪ ਨੂੰ ਕਾਇਮ ਰਖਿਆ ਹੋਇਆ ਹੈ। ਗੁਰਮਤਿ ਦੇ ਉਲਟ ਕੰਮ ਕਰਨ ਵਾਲੇ ਬਾਬਿਆਂ ਤੋਂ ਸਿੱਖਾਂ ਨੂੰ ਬਚਣ ਦੀ ਲੋੜ ਹੈ। ਬਚਣ ਦੀ ਲੋੜ ਉਨ੍ਹਾਂ ਤੋ ਵੀ ਹੈ ਜਿਨ੍ਹਾਂ ਨੇ ਸਿੱਖੀ ਸਰੂਪ ਤਿਆਗ ਦਿੱਤਾ ਹੈ ਪਰ ਆਪਣੇ ਆਪ ਨੂੰ ਸਿੱਖ ਕਹਿ ਕੇ ਸਿੱਖ ਧਰਮ ਦੇ ਸਿਧਾਂਤਾਂ ਤੇ ਵਾਰ ਕਰਦੇ ਹਨ। ਗੁਰਮਤਿ ਦੇ ਵਿਰੁੱਧ ਕੰਮ ਕਰਨ ਵਾਲਿਆਂ ਬਾਬਿਆਂ ਅਤੇ ਉਨ੍ਹਾਂ ਵਿੱਚ ਕੋਈ ਫਰਕ ਨਹੀਂ ਜੋ ਹਨ ਤਾਂ ਸਿੱਖੀ ਸਰੂਪ ਵਾਲੇ ਪਰ ਕੋਈ ਨਾ ਕੋਈ ਬਹਾਨਾ ਬਣਾ ਕੇ ਸਵਾਰਥ ਵਸ ਹੋ ਕੇ ਸਿੱਖੀ ਦੇ ਮੂਲਾਂ ਤੇ ਚੋਟਾਂ ਕਰਦੇ ਹਨ।

ਗੁਰਮਤਿ ਦੇ ਵਿਰੁੱਧ ਕੰਮ ਕਰਨ ਵਾਲਿਆਂ ਡੇਰਿਆਂ ਤੋਂ ਬਚਣ ਦਾ ਇੱਕੋ ਹੀ ਤਰੀਕਾ ਹੈ ਕਿ ਗੁਰਮਤਿ ਦੀ ਸੋਝੀ ਦਾ ਪਰਚਾਰ ਜ਼ੋਰਾਂ ਨਾਲ ਕੀਤਾ ਜਾਏ। ਜਿੱਥੇ ਵੀ ਗੁਰਸਿੱਖ ਮਾਈ ਭਾਈ ਮਿਲ ਬੈਠਣ ਉਥੇ ਥੋੜੇ ਬਹੁਤੇ ਸਮੇਂ ਲਈ ਗੁਰਮਤਿ ਦੀ ਗੱਲ ਜ਼ਰੂਰ ਕੀਤੀ ਜਾਏ। ਬੱਚਿਆਂ ਨਾਲ ਵੀ 24 ਘੰਟਿਆਂ `ਚੋਂ ਕੁੱਝ ਸਮਾਂ ਕੱਢ ਕੇ ਗੁਰਮਤਿ ਦੀ ਚਰਚਾ ਕਰਨੀ ਜ਼ਰੂਰੀ ਹੈ।

ਸੁਰਜਨ ਸਿੰਘ--+919041409041
.