.

ਮਹਾ ਭਇਆਨ ਤਰਣੀ ਨਦੀ, ਪੁਰਸਲਾਤ ਦਾ ਮਾਰਗ

ਵੀਰ ਭੁਪਿੰਦਰ ਸਿੰਘ

ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤਾਂ ਅਨੁਸਾਰ ਸੁਖਮਨੀ ਸਾਹਿਬ ਦੀ ਦੂਜੀ ਅਸ਼ਟਪਦੀ ’ਚੋਂ ਕੁਝ ਪਦੇ ਵਿਚਾਰੀਏ। ਸੁਖਮਨੀ ਸਾਹਿਬ ਦੀ ਬਾਣੀ ’ਚ 24 ਅਸ਼ਟਪਦੀਆਂ ਹਨ ਅਤੇ ਹਰੇਕ ਅਸ਼ਟਪਦੀ ਉਪਰ ਇਕ-ਇਕ ਸਲੋਕ ਹੈ, ਭਾਵ 24 ਹੀ ਸਲੋਕ ਹਨ। ਹਰੇਕ ਅਸ਼ਟਪਦੀ ਨੂੰ ਵਿਚਾਰਨ ਲਈ ਸਲੋਕ ਦੇ ਅਰਥਾਂ ਨਾਲ ਰਲਾ ਕੇ ਸਮਝਣਾ ਬਹੁਤ ਜ਼ਰੂਰੀ ਹੈ। ਇਸ ਅਸ਼ਟਪਦੀ ਦਾ ਸਲੋਕ ਹੈ :- ‘ਦੀਨ ਦਰਦ ਦੁਖ ਭੰਜਨਾ ਘਟਿ ਘਟਿ ਨਾਥ ਅਨਾਥ।। ਸਰਣਿ ਤੁਮਾੑਰੀ ਆਇਓ ਨਾਨਕ ਕੇ ਪ੍ਰਭ ਸਾਥ।।’ (ਗੁਰੂ ਗ੍ਰੰਥ ਸਾਹਿਬ ਪੰਨਾ : 263-264)

ਅਸੀਂ ਮੰਨਦੇ ਹਾਂ ਕਿ ਰੱਬ ਜੀ ਇਸ ਸ੍ਰਿਸ਼ਟੀ ਚ ਹਾਜ਼ਰ ਨਾਜ਼ਰ (omnipresent) ਹਨ ਅਤੇ ਸਾਡੇ ਹਿਰਦੇ ’ਚ ਵੀ ਵਸਦੇ ਹਨ। ਰੱਬ ਜੀ ਦੀ ਹਾਜ਼ਰ ਨਾਜ਼ਰਤਾ ਮਹਿਸੂਸ ਕਰਨ ਲਈ ਮਨੁੱਖ ਨੂੰ, ‘ਸਤਿਗੁਰ’ ਅਨੁਸਾਰ ਮਤ ਪ੍ਰਾਪਤ ਕਰਨੀ ਹੈ। ਰੱਬ ਜੀ ਕਿਤੇ ਸਤਵੇਂ ਅਸਮਾਨ, ਪਾਤਾਲ, ਬੈਕੁੰਠ ਜਾਂ ਸਚ ਖੰਡ ਵਿਚ ਵਸਦੇ ਹਨ ਕਿ ਨਹੀਂ, ਪਤਾ ਨਹੀਂ ਪਰ ‘‘ਇਹ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ’’ ਅਤੇ ‘‘ਅਗਮ ਰੂਪ ਕਾ ਮਨ ਮਹਿ ਥਾਨਾ’’ ਅਤੇ ‘‘ਬਾਹਰਿ ਭੀਤਰਿ ਏਕੋ ਜਾਨਹੁ’’ ਜੈਸੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਮਾਣਾਂ ਰਾਹੀਂ ਇਹੀ ਦੱਸਿਆ ਹੈ ਕਿ ਰੱਬ ਜੀ ਇਥੇ ਹੀ ਮੇਰੇ ਹਿਰਦੇ ਅਤੇ ਸਭ ਜੀਵਾਂ ’ਚ ਹਨ। ਮਨੁੱਖ ਗਿਆਨ-ਗੁਰ (ਸਤਿਗੁਰ) ਅਨੁਸਾਰ ਰੱਬੀ ਸ਼ਰਣ ’ਚ ਜਿਊ ਕੇ ਹੀ ਅਮਲੀ ਗੁਣਾਂ ਭਰਪੂਰ ਜੀਵਨੀ ਮਹਿਸੂਸ ਕਰ ਸਕਦਾ ਹੈ।

ਪਦਾ ਪਹਿਲਾ:- ਜਹ ਮਾਤ ਪਿਤਾ ਸੁਤ ਮੀਤ ਨ ਭਾਈ।। ਮਨ ਊਹਾ ਨਾਮੁ ਤੇਰੈ ਸੰਗਿ ਸਹਾਈ।।

‘ਜਹ’ ਦੇ ਅਰਥ ਹਨ ‘ਜਿਥੇ’ ਭਾਵ ਜ਼ਿੰਦਗੀ ਜਿਊਂਦਿਆਂ ਮਨੁੱਖ ਜੋ ਵੀ ਮਾੜੇ ਖਿਆਲ, ਮਾੜੇ ਫੁਰਨੇ, ਮਾੜੀ ਸੋਚ ਸੋਚਦਾ ਹੈ, ਉਸ ਸੋਚ ਰੂਪੀ ਰਸਤੇ ’ਚ ਕੋਈ ਵੀ ਮਾਤਾ, ਪਿਤਾ, ਭੈਣ, ਭਰਾ, ਮਿਤਰ (ਸਰੀਰਕ ਕੋਈ ਵੀ ਸਾਥੀ) ਸਹਾਇਤਾ ਨਹੀਂ ਕਰ ਸਕਦਾ। ਪਰ ਐਸੇ ‘ਅੰਤਰ ਆਤਮੇ’ ਦੇ ਰਸਤੇ ਲਈ ਕੇਵਲ ਰੱਬ ਜੀ ਦਾ ਨਾਮ ਭਾਵ ਰੱਬੀ ਗਿਆਨ (ਸਤਿਗੁਰ) ਹੀ ਮਨੁੱਖ ਦਾ ਸੰਗ ਸਹਾਈ ਹੁੰਦਾ ਹੈ।

ਜਹ ਮਹਾ ਭਇਆਨ ਦੂਤ ਜਮ ਦਲੈ।। ਤਹ ਕੇਵਲ ਨਾਮੁ ਸੰਗਿ ਤੇਰੈ ਚਲੈ।।

ਜਿਥੇ (ਅੰਤਰ ਆਤਮੇ ਦੇ ਰਸਤੇ ਤੇ) ਮਹਾ ਜਮਦੂਤਾਂ (ਵਿਕਾਰਾਂ) ਦਾ ਦਲ ਤੇਰੇ ਤੇ ਹਮਲਾ (attack) ਕਰਦਾ ਹੈ, ਉਥੇ ਵੀ ਕੇਵਲ ਰੱਬੀ ਨਾਮ (ਸਤਿਗੁਰ, ਮਜਤਦਰਠ) ਹੀ ਤੈਨੂੰ ਵਿਕਾਰਾਂ ਨਾਲ ਮੁਕਾਬਲਾ ਕਰਨ ਵਿਚ ਸਾਥ ਦਿੰਦਾ ਹੈ।

ਜਹ ਮੁਸਕਲ ਹੋਵੈ ਅਤਿ ਭਾਰੀ।। ਹਰਿ ਕੋ ਨਾਮੁ ਖਿਨ ਮਾਹਿ ਉਧਾਰੀ।।

ਇਸ ਜ਼ਿੰਦਗੀ ਨੂੰ ਜਿਊਂਦਿਆਂ ਵਿਕਾਰਾਂ ਕਾਰਨ ਮਨੁੱਖ ਨੂੰ ਭਾਰੀ ਮੁਸ਼ਕਲ ’ਚ ਪੈਣਾ ਪੈਂਦਾ ਹੈ, (ਆਤਮਕ ਮੌਤ ਹੁੰਦੀ ਹੈ) ਉਥੇ ਵੀ ਪਰਮਾਤਮਾ ਦਾ ਨਾਮ (ਰੱਬੀ ਗਿਆਨ) ਹੀ ਮੁਸ਼ਕਲ ਤੋਂ ਛੁਡਾ ਲੈਂਦਾ ਹੈ। ਭਾਵ ਸੱਚ ਦਾ ਗਿਆਨ ਮਨ ਨੂੰ ਵਿਕਾਰਾਂ ਭਰੀ ਮੁਸ਼ਕਲ ਤੋਂ ਛੁੱਟਣ ਦਾ ਹਲ ਸਮਝਾ ਦਿੰਦਾ ਹੈ।

ਅਨਿਕ ਪੁਨਹਚਰਨ ਕਰਤ ਨਹੀ ਤਰੈ।। ਹਰਿ ਕੋ ਨਾਮੁ ਕੋਟਿ ਪਾਪ ਪਰਹਰੈ।।

ਮਨੁੱਖ ਧਾਰਮਕ ਕਰਮਕਾਂਡਾਂ ਦਾ ਪੱਲਾ ਅਖੌਤੀ ਪਾਪਾਂ ਦੀ ਨਵਿਰਤੀ ਲਈ ਫੜਦਾ ਹੈ ਪਰ ਉਸ ਨਾਲ, ਆਤਮਕ ਉੱਚਤਾ ਪ੍ਰਾਪਤ ਨਹੀਂ ਹੁੰਦੀ, ਜਿਸ ਕਾਰਨ ਮਨੁੱਖ ਵਿਕਾਰਾਂ ਵਸ ਮੰਦ ਕਰਮੀ ਹੋ ਜਾਂਦਾ ਹੈ। ਉਥੇ ਵੀ ਸਰੀਰਕ ਜੀਵਨ ਜਿਊਂਦਿਆਂ ਆਤਮਕ ਉੱਚਤਾ ਲਈ, ਰੱਬੀ ਨਾਮ (divine wisdom, ਸਤਿਗੁਰ) ਸਹਾਈ ਹੋ ਕੇ, ਮਨੁੱਖ ਨੂੰ ਮੰਦੇ ਕਰਮਾਂ ਤੋਂ ਬਚਾ ਲੈਂਦਾ ਹੈ।

ਗੁਰਮੁਖਿ ਨਾਮੁ ਜਪਹੁ ਮਨ ਮੇਰੇ।। ਨਾਨਕ ਪਾਵਹੁ ਸੂਖ ਘਨੇਰੇ।।੧।।

ਇਸ ਕਰਕੇ ਐ ਮੇਰੇ ਮਨ, ਸਤਿਗੁਰ, ਸੱਚ ਦੇ ਗਿਆਨ ਰਾਹੀਂ ਰੱਬੀ ਗੁਣਾਂ ਭਰਪੂਰ ਅਮਲੀ ਜੀਵਨੀ ਬਣਾ ਤਾਂ ਤੈਨੂੰ ਆਤਮਕ ਸੁਖਾਂ ਦੇ ਭੰਡਾਰ (ਬੇਅੰਤ, ਘਣੇਰੇ ਸੁਖ) ਪ੍ਰਾਪਤ ਹੋ ਜਾਣਗੇ।

ਸਗਲ ਸ੍ਰਿਸਟਿ ਕੋ ਰਾਜਾ ਦੁਖੀਆ।। ਹਰਿ ਕਾ ਨਾਮੁ ਜਪਤ ਹੋਇ ਸੁਖੀਆ।।

ਮਨੁੱਖ ਸਾਰੀ ਸ੍ਰਿਸ਼ਟੀ ਦਾ ਰਾਜ ਕਮਾ ਕੇ ਵੀ ਦੁਖੀ (ਤ੍ਰਿਪਤ ਨਹੀਂ ਹੁੰਦਾ) ਰਹਿੰਦਾ ਹੈ ਪਰ ਸਤਿਗੁਰ (divine wisdom) ਰਾਹੀਂ ਉਸੇ ਰਾਜ ਵਿਚ ਸੰਤੋਖੀ ਅਵਸਥਾ ਮਾਣ ਸਕਦਾ ਹੈ ਅਤੇ ਆਤਮਕ ਤੌਰ ਤੇ ਸੁਖੀ ਹੋ ਸਕਦਾ ਹੈ।

ਲਾਖ ਕਰੋਰੀ ਬੰਧੁ ਨ ਪਰੈ।। ਹਰਿ ਕਾ ਨਾਮੁ ਜਪਤ ਨਿਸਤਰੈ।।

ਅਨੇਕ ਤਰੀਕਿਆਂ ਨਾਲ ਮਾਇਆ ਅਤੇ ਪਦਾਰਥ ਭੋਗਣ ਤੋਂ ਬਾਅਦ ਵੀ ਮਨੁੱਖ ਦੀ ਤ੍ਰਿਸ਼ਨਾ ਹੋਰ ਵਧਦੀ ਜਾਂਦੀ ਹੈ ਅਤੇ ਕਿਸੇ ਵੀ ਤਰੀਕੇ ਨਾਲ ਰੁਕ ਨਹੀਂ ਸਕਦੀ। ਗਿਆਨ ਗੁਰੂ ਅਨੁਸਾਰ ਰੱਬੀ ਗੁਣਾਂ ਵਾਲਾ ਜੀਵਨ ਅਮਲੀ ਤੌਰ ’ਤੇ ਜਿਊ ਕੇ, ਮਨੁੱਖ ਵਿਕਾਰਾਂ ਦੇ ਤ੍ਰਿਸ਼ਨਾ ਰੂਪੀ ਭਵਜਲ ’ਚ ਡੁਬਣ ਤੋਂ ਬਚ ਜਾਂਦਾ ਹੈ।

ਜਿਹ ਮਾਰਗ ਇਹੁ ਜਾਤ ਇਕੇਲਾ।। ਤਹ ਹਰਿ ਨਾਮੁ ਸੰਗਿ ਹੋਤ ਸੁਹੇਲਾ।।

ਆਤਮਕ ਹਨੇਰੇ ਕਾਰਨ ਅਗਿਆਨਤਾ ਵਸ, ਜਿਸ ਸੋਚ ਰੂਪੀ ਰਸਤੇ ਤੋਂ ਭਾਵ ਵਿਕਾਰਾਂ ਦੀਆਂ ਤੰਗ ਗਲੀਆਂ ਚੋਂ ਮਨੁੱਖ ਇਕੱਲਾ ਲੰਘਦਾ ਹੈ, ਉਥੇ ਵੀ ਗਿਆਨ ਗੁਰੂ (divine wisdom) ਹੀ ਇਸ ਨੂੰ ਚਿੰਤਾ ਫਿਕਰ ਤੋਂ ਬਚਾ (protect) ਕੇ ਸੁਖੀ ਆਤਮਕ ਅਵਸਥਾ ਦਿੰਦਾ ਹੈ।

ਐਸਾ ਨਾਮੁ ਮਨ ਸਦਾ ਧਿਆਈਐ।। ਨਾਨਕ ਗੁਰਮੁਖਿ ਪਰਮ ਗਤਿ ਪਾਈਐ।।੨।।

ਐਸਾ ਰੱਬੀ ਨਾਮ, ਕੇਵਲ ਰੱਬੀ-ਗੁਣਾਂ ਭਰਪੂਰ ਜੀਵਨੀ ਜਿਊ ਕੇ ਪ੍ਰਾਪਤ ਹੁੰਦਾ ਹੈ। ਇਸ ਲਈ ਐ ਮੇਰੇ ਮਨ, ਤੂੰ ਸਤਿਗੁਰ ਅਨੁਸਾਰ ਜਿਊਂਦਿਆਂ ਹੀ ਜੀਵਨ ਮੁਕਤਅਵਸਥਾ (ਪਰਮਗਤ) ਪ੍ਰਾਪਤ ਕਰ ਲੈ।

ਛੂਟਤ ਨਹੀ ਕੋਟਿ ਲਖ ਬਾਹੀ।। ਨਾਮੁ ਜਪਤ ਤਹ ਪਾਰਿ ਪਰਾਹੀ।।

ਮਨੁੱਖ ਦਾ ਮਨ ਦੋਸਤਾਂ, ਮਿੱਤਰਾਂ, ਭਰਾਵਾਂ, ਕੁੜਮਾਂ ਰੂਪੀ ਅਨੇਕ ਬਾਹਵਾਂ ਦਾ ਮਾਣ ਕਰਦਾ ਹੈ ਪਰ ਐਸੀਆਂ ਲੱਖਾਂ ਕਰੋੜਾਂ ਬਾਹਵਾਂ ਮਨੁੱਖ ਦੇ ਮਨ ਨੂੰ ਵਿਕਾਰਾਂ ਦੀਆਂ ਜੰਜੀਰਾਂ ਅਤੇ ਮਨ ਦੇ ਭਰਮ ਜਾਲ ਤੋਂ ਆਤਮਕ ਤੌਰ ਤੇ ਨਹੀਂ ਛੁਡਾ ਸਕਦੀਆਂ। ਕੇਵਲ ਰੱਬੀ ਨਾਮ (ਸਤਿਗੁਰ, divine wisdom) ਹੀ ਵਿਕਾਰਾਂ ਦੇ ਭਵਜਲ ਤੋਂ, ਇਨ੍ਹਾਂ ਜੰਜੀਰਾਂ ਤੋਂ ਛੁੜਾ ਕੇ ਬੰਧਨ-ਮੁਕਤ ਕਰਵਾ ਸਕਦਾ ਹੈ।

ਅਨਿਕ ਬਿਘਨ ਜਹ ਆਇ ਸੰਘਾਰੈ।। ਹਰਿ ਕਾ ਨਾਮੁ ਤਤਕਾਲ ਉਧਾਰੈ।।

ਵਿਕਾਰਾਂ ਰੂਪੀ ਵਿਘਨ (ਬੰਧਨ) ਜਦੋਂ ਮਨੁੱਖ ਦੇ ਸੋਚ ਮੰਡਲ ’ਤੇ ਆਪਣਾ ਵਾਰ ਕਰਦੇ ਹਨ ਤਾਂ ਵੀ ਰੱਬੀ ਨਾਮ (ਸਤਿਗੁਰ) ਹੀ ਰੁਕਾਵਟਾਂ ਦੂਰ ਕਰਦਾ ਹੈ।

ਅਨਿਕ ਜੋਨਿ ਜਨਮੈ ਮਰਿ ਜਾਮ।। ਨਾਮੁ ਜਪਤ ਪਾਵੈ ਬਿਸ੍ਰਾਮ।।

ਜੀਵਨ ਜਿਊਂਦਿਆਂ ਮਨੁੱਖ ਵਿਕਾਰਾਂ ਕਾਰਨ ਆਤਮਕ ਮੌਤ ਵਿਚ ਪੈ ਕੇ ਪਲ-ਪਲ, ਅਨੇਕ ਜੂਨਾਂ ’ਚ ਜੰਮਦਾ-ਮਰਦਾ ਰਹਿੰਦਾ ਹੈ, ਭਾਵ ਨੀਵੀਂ ਮਾੜੀ ਬਰਤੀ ਕਾਰਨ ਪਸ਼ੂ-ਪੰਛੀਆਂ ਵਾਲੇ ਕਰਮ ਕਰਦਾ ਰਹਿੰਦਾ ਹੈ। ਸਿੱਟੇ ਵਜੋਂ ਮਨੁੱਖ, ਅਸ਼ਾਂਤ ਜੀਵਨੀ ਦਾ ਸ਼ਿਕਾਰ ਹੋ ਜਾਂਦਾ ਹੈ। ਪਰ ਸਤਿਗੁਰ ਅਨੁਸਾਰ ਆਪਣੀ ਬਿਰਤੀ ਬਦਲ ਕੇ ਰੱਬੀ ਗੁਣ ਜਿਊ ਕੇ ਆਤਮਕ ਬਿਸ਼੍ਰਾਮ (ਸੰਤੋਖੀ-ਸਹਿਜ) ਵਾਲੀ ਅਵਸਥਾ ਪ੍ਰਾਪਤ ਕਰ ਸਕਦਾ ਹੈ।

ਹਉ ਮੈਲਾ ਮਲੁ ਕਬਹੁ ਨ ਧੋਵੈ।। ਹਰਿ ਕਾ ਨਾਮੁ ਕੋਟਿ ਪਾਪ ਖੋਵੈ।।

ਹਉਮੈ ਕਾਰਨ ਮਨ ਮੈਲਾ ਹੋ ਜਾਂਦਾ ਹੈ। ਇਸ ਮੈਲ ਨੂੰ ਮਨੁੱਖ ਕਦੇ ਧੋਂਦਾ ਹੀ ਨਹੀਂ, ਬਲਕਿ ਹੋਰ ਮਾੜੇ ਕਰਮਾਂ ’ਚ ਖੱਚਤ ਹੁੰਦਾ ਜਾਂਦਾ ਹੈ। ਹਰੀ ਨਾਮ ਭਾਵ ਗਿਆਨ-ਗੁਰੂ ਹੀ ਉਸਨੂੰ ਇਸ ਮੈਲ (ਹੰਕਾਰ) ਦੀ ਸੋਝੀ ਬਖ਼ਸ਼ ਕੇ ਮਾੜੇ ਕਰਮਾਂ ਤੋਂ ਛੁਡਾ ਲੈਂਦਾ ਹੈ।

ਐਸਾ ਨਾਮੁ ਜਪਹੁ ਮਨ ਰੰਗਿ।। ਨਾਨਕ ਪਾਈਐ ਸਾਧ ਕੈ ਸੰਗਿ।।੩।।

ਐਸਾ ਹਰੀ ਨਾਮ ਭਾਵ ਰੱਬੀ ਗੁਣ ਸਤਿਗੁਰ ਰਾਹੀਂ ਪ੍ਰਾਪਤ ਹੁੰਦੇ ਹਨ, ਇਸ ਲਈ ਐ ਮੇਰੇ ਮਨ, ਸਤਿਗੁਰ ਅਨੁਸਾਰ ਰੱਬੀ ਗੁਣਾਂ ਭਰਪੂਰ ਜੀਵਨ ਜਿਊ ਤਾ ਕਿ ਤੇਰੇ ਸਾਰੇ ਕਰਮ ਰੱਬੀ ਇਕਮਿਕਤਾ ਵਾਲੇ ਹੋ ਜਾਣ (ਭਾਵ ਤੈਨੂੰ ਰੱਬ ਵਿਸਰੇਗਾ ਹੀ ਨਹੀਂ)।

ਜਿਹ ਮਾਰਗ ਕੇ ਗਨੇ ਜਾਹਿ ਨ ਕੋਸਾ।। ਹਰਿ ਕਾ ਨਾਮੁ ਊਹਾ ਸੰਗਿ ਤੋਸਾ।।

ਜਿਸ ਵਿਛੋੜੇ ਰੂਪੀ ਰਸਤੇ ਦੇ ਕੋਹ (ਮੁਸ਼ਕਲ, ਵਿਕਾਰ) ਗਿਣੇ ਨਹੀਂ ਜਾ ਸਕਦੇ, ਉਨ੍ਹਾਂ ਮੁਸ਼ਕਲਾਂ ਭਰੇ ਪੈਂਡੇ ’ਤੇ ਰੱਬੀ ਗਿਆਨ (ਤੋਸਾ ਸੰਤੋਖ ਰੂਪੀ ਭੋਜਨ) ਜਿਊਂਦੇ ਜੀਅ ਹੀ ਤੇਰਾ ਸਾਥ ਦੇਵੇਗਾ ਭਾਵ ਤੈਨੂੰ ਵਿਕਾਰਾਂ ’ਚੋਂ ਨਿਕਲਣ ਵਿਚ ਮਦਦ ਕਰੇਗਾ।

ਜਿਹ ਪੈਡੇ ਮਹਾ ਅੰਧ ਗੁਬਾਰਾ।। ਹਰਿ ਕਾ ਨਾਮੁ ਸੰਗਿ ਉਜੀਆਰਾ।।

ਜ਼ਿੰਦਗੀ ਵਿਚ ਜਿਹੜਾ ਅਗਿਆਨਤਾ ਦਾ ਹਨੇਰਾ ਹੈ, ਪਰਮਾਤਮਾ ਦਾ ਸਰਵ-ਵਿਆਪੀ ਗਿਆਨ ਉਸ ਜੀਵਨ ਰੂਪੀ ਰਸਤੇ ਨੂੰ ਉਜਿਆਰਾ ਕਰ ਦੇਵੇਗਾ।

ਜਹਾ ਪੰਥਿ ਤੇਰਾ ਕੋ ਨ ਸਿਞਾਨੂ।। ਹਰਿ ਕਾ ਨਾਮੁ ਤਹ ਨਾਲਿ ਪਛਾਨੂ।।

ਵਿਕਾਰਾਂ ਕਾਰਨ ਜਿਸ ਆਤਮਕ ਰਸਤੇ ਉੱਤੇ ਐ ਮਨੁੱਖ ਤੇਰਾ ਕੋਈ ਸਹਾਈ ਨਹੀ, ਉਥੇ ਕੇਵਲ ਪਰਮਾਤਮਾ ਦੇ ਗਿਆਨ ਰੂਪੀ ਚਾਨਣ ਨੂੰ ਆਪਣਾ ਸਾਥੀ ਬਣਾ ਲੈ।

ਜਹ ਮਹਾ ਭਇਆਨ ਤਪਤਿ ਬਹੁ ਘਾਮ।। ਤਹ ਹਰਿ ਕੇ ਨਾਮ ਕੀ ਤੁਮ ਊਪਰਿ ਛਾਮ।।

ਜਿਸ ਆਤਮਕ ਸਫ਼ਰ ਵਿਚ ਵਿਕਾਰਾਂ (ਕ੍ਰੋਧ, ਅਹੰਕਾਰ, ਤ੍ਰਿਸ਼ਨਾ, ਈਰਖਾ) ਦੀ ਤਪਸ਼ ਤੇ ਗਰਮੀ (ਤਪਤ ਬਹੁ ਘਾਮ) ਹੈ ਉਥੇ ਆਤਮਕ ਉੱਚਤਾ ਲਈ ਰੱਬੀ ਨਾਮ, ਰੱਬ ਜੀ ਦਾ ਗਿਆਨ, ਸਤਿਗੁਰ, (universal truth) ਹੀ ਤੈਨੂੰ ਛਾਮ ਛਾਂ, ਠੰਡਕ, ਸ਼ੀਤਲਤਾ (protection) ਦਿੰਦਾ ਹੈ।

ਜਹਾ ਤ੍ਰਿਖਾ ਮਨ ਤੁਝੁ ਆਕਰਖੈ।। ਤਹ ਨਾਨਕ ਹਰਿ ਹਰਿ ਅੰਮ੍ਰਿਤੁ ਬਰਖੈ।।੪।।

ਜਿਥੇ ਤੈਨੂੰ ਐਸੀ ਪਿਆਸ (ਤ੍ਰਿਸ਼ਨਾ) ਲਗ ਗਈ ਹੈ, ਜਿਹੜੀ ਬੁੱਝਦੀ ਨਹੀਂ (ਲੋਭ, ਲਾਲਚ ਵਾਲੀ ਅਵਸਥਾ) ਉਥੇ ਪ੍ਰਭੁ ਦਾ ਨਾਮ (ਗਿਆਨ, divine wisdom) ਅੰਮ੍ਰਿਤ ਰੂਪੀ ਬਰਖਾ ਨਾਲ ਤੇਰੀ ਤ੍ਰਿਸ਼ਨਾ ਮੁਕਾ ਦਿੰਦਾ ਹੈ, ਬੁਝਾ ਦਿੰਦਾ ਹੈ।

ਗੁਰੂ ਗ੍ਰੰਥ ਸਾਹਿਬ ਜੀ ਅਨੁਸਾਰ ਜਿਹ ਮਾਰਗਬਾਰੇ ਅਸੀਂ ਵਿਚਾਰਨ ਦੀ ਕੋਸ਼ਿਸ਼ ਕੀਤੀ ਹੈ। ਲੋਕੀ ਸਮਝਦੇ ਹਨ ਜਿਹ ਮਾਰਗਮਰਨ ਮਗਰੋਂ ਕੋਈ ਰਸਤਾ, ਤਰਣੀ ਨਦੀ, ਪੁਰਸਲਾਤ ਆਦਿ ਹੈ। ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਧਾਂਤ ਅਨੁਸਾਰ ਜਿਹ ਮਾਰਗਦਾ ਭਾਵ ਅਰਥ ਇਸੇ ਜੀਵਨ ਨੂੰ ਜਿਊਂਦਿਆਂ ਮਨੁੱਖ ਦੀ ਆਤਮਕ ਦਸ਼ਾ ਹੈ, ਜਿਸ ਤੋਂ ਮਨੁੱਖ ਚੰਗੇ ਮੰਦੇ ਖ਼ਿਆਲ, ਫੁਰਨੇ ਅਤੇ ਸੋਚ (thoughts) ਕਾਰਨ ਲੰਘਦਾ ਹੈ।

ਜਦੋਂ ਮਨੁੱਖ (ਚੰਗੀ-ਮੰਦੀ ਸੋਚਨੀ, ਸੰਸਕਾਰਾਂ, ਖਿਆਲਾਂ, ਫੁਰਨਿਆਂ, ਅਨੁਸਾਰ) ਕੁਝ ਵੀ ਸੋਚਦਾ ਹੈ, ਉਹ ਸੋਚ ਉਸ ਮਨੁੱਖ ਦੇ ਇਸੇ ਜੀਵਨ ’ਚ ਜਿਊਂਦਿਆਂ ਅਗਲੇ ਪਲ ਲਈ ‘ਜਿਹ ਮਾਰਗ’ ਬਣ ਜਾਂਦਾ ਹੈ। ਮਨੁੱਖ ਆਪ ਹੀ ਬੀਜ ਕੇ, ਆਪ ਹੀ ਵਡਦਾ ਹੈ। ‘‘ਜੇਹਾ ਬੀਜੈ ਸੋ ਲੁਣੈ’’ ਭਾਵ ਆਪਣਾ ‘ਅੱਗੇ’ ਆਉਣ ਵਾਲਾ ਪਲ ਮਨੁੱਖ ਆਪ ਬਣਾਉਂਦਾ ਹੈ, ਉਸ ਪਲ ਤੋਂ ਹੀ ਮਨੁੱਖ ਦਾ ਕਲ (future) ਬਣਦਾ ਹੈ। ਮਨੁੱਖ ਅਗਿਆਨਤਾ ਵਸ (ਦੁਰਮਤ ਕਾਰਨ) ‘ਗਲਤ-ਜੀਵਨ’ ਬਣਾ ਲੈਂਦਾ ਹੈ, ਪਰ ਸਤਿਗੁਰ ਅਨੁਸਾਰ ਸੁਰਤ, ਮਤ, ਮਨ, ਬੁਧ ਘੜ ਕੇ ‘ਸਹੀ-ਜੀਵਨੀ’ ਭਾਵ ਨਵੇਂ ਜੀਵਨ ਦੀ ਉਸਾਰੀ ਕਰ ਸਕਦਾ ਹੈ।




.