.

ਸਿੱਖੀ ਸੰਭਾਲ ਸਿੰਘਾ! (ਕਿਸ਼ਤ ਬਾਰ੍ਹਵੀਂ)

ਸਿੱਖ ਧਰਮ

ਸਿਖ-ਧਰਮ ਵੀ ਹੈ ਅਤੇ ਲਹਿਰ ਵੀ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

(ਵਿਸ਼ੇ ਦਾ ਪੂਰਾ ਲਾਭ ਲੈਣ ਲਈ, ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

ਕਿਸੇ ਵੀ ਧਰਮ ਦਾ ਅਸਲ ਪ੍ਰਗਟਾਵਾ ਕਦੋਂ ਹੁੰਦਾ ਹੈ?

“ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ” (ਪੰ੭੨੭)

ਸੰਸਾਰ ਤੱਲ `ਤੇ ਇਹ ਮੰਨਿਆ ਪ੍ਰਮਣਿਆ ਸੱਚ ਹੈ ਕਿ ਕਿਸੇ ਵੀ ਧਰਮ ਦੀਆਂ ਧਰਮ ਪੁਸਤਕਾਂ `ਚ ਉਸ ਧਰਮ ਦੇ ਸਿਧਾਂਤ, ਵਿਆਖਿਆ ਤੇ ਪ੍ਰੀਭਾਸ਼ਾ ਕੀ ਹੈ? ਸਧਾਰਨ ਲੋਕਾਈ ਉਸ ਤੋਂ ਅਨਜਾਣ ਹੁੰਦੀ ਹੈ। ਬਲਕਿ ਉਸ ਸਚਾਈ ਦੀ ਪਹਿਚਾਣ ਤਾਂ ਉਸ ਧਰਮ ਦੇ ਪੈਰੋਕਾਰਾਂ ਦੇ ਜੀਵਨ `ਚੋਂ ਹੀ ਪ੍ਰਗਟ ਹੋਣੀ ਹੁੰਦੀ ਹੈ। ਜੇ ਉਸ ਧਰਮ ਦੇ ਪੈਰੋਕਾਰਾਂ ਦਾ ਜੀਵਨ ਗੁਣਵਾਣ, ਦਿਲਖਿਚਵਾਂ, ਮਨੁੱਖੀ ਜੀਵਨ ਦੀਆਂ ਲੋੜਾਂ, ਸੰਭਾਲ, ਕੱਦਰਾਂ ਤੇ ਕੀਮਤਾਂ ਨਾਲ ਜੁੜਿਆ ਹੋਵੇਗਾ ਤਾਂ ਯਕੀਨਣ ਉਸ ਧਰਮ ਦੇ ਪੈਰੋਕਾਰਾਂ ਦੀ ਗਿਣਤੀ `ਚ ਵੀ ਨਿੱਤ ਵਾਧਾ ਹੋਵੇਗਾ। ਉਸ ਧਰਮ ਦੀਆਂ ਧਰਮ ਪੁਸਤਕਾਂ ਦਾ ਸੁਚੱਜਾ ਪ੍ਰਚਾਰ ਵੀ ਉਸ ਧਰਮ ਦੇ ਪੈਰੋਕਾਰਾਂ ਦੇ ਕਿਰਦਾਰ ਤੋਂ ਆਪਣੇ ਆਪ ਹੋ ਜਾਵੇਗਾ।

ਇਸ ਦੇ ਉਲਟ ਜੇ ਕਰ ਉਸ ਧਰਮ ਦੇ ਪੈਰੋਕਾਰਾਂ ਦਾ ਵਿਹਾਰ ਤੇ ਜੀਵਨ ਰਹਿਣੀ `ਚ ਹੀ ਵਿਗਾੜ ਹੈ ਤਾਂ ਉਸ ਧਰਮ ਦੇ ਗ਼ਲਤ ਪ੍ਰਚਾਰ ਤੇ ਅਜਿਹੇ ਉਲਟੇ ਪ੍ਰਭਾਵ ਲਈ ਜ਼ਿੰਮੇਵਾਰ ਵੀ ਉਸ ਧਰਮ ਦੇ ਪੈਰੋਕਾਰ ਹੀ ਹੁੰਦੇ ਹਣ, ਕੋਈ ਦੂਜਾ ਨਹੀਂ। ਬੇਸ਼ੱਕ ਉਸ ਧਰਮ ਦੀਆਂ ਧਰਮ ਪੁਸਤਕਾਂ `ਚ ਉਸ ਧਰਮ ਦੀ ਵਿਆਖਿਆ ਕਿਤਨੀ ਵਧੀਆ, ਮਨੁੱਖੀ ਕੱਦਰਾਂ-ਕੀਮਤਾਂ ਤੇ ਮਨੁੱਖਾ-ਜੀਵਨ ਦੀ ਸੰਭਾਲ ਲਈ ਕਿਤਨੀ ਪ੍ਰਭਾਸ਼ਾਲੀ ਤੇ ਲਾਹੇਮੰਦ ਹੀ ਕਿਉਂ ਨਾ ਹੋਵੇ। ਤਾਂ ਵੀ ਲੋਕਾਈ `ਤੇ ਪ੍ਰਭਾਵ ਕੇਵਲ ਉਹੀ ਦੇਖਿਆ-ਸਮਝਿਆ ਅਤੇ ਪਵੇਗਾ, ਜਿਹੜਾ ਉਸ ਧਰਮ ਦੇ ਦਾਅਵੇਦਾਰ ਆਪਣੀ ਕਰਣੀ ਰਾਹੀਂ ਪ੍ਰਗਟ ਕਰ ਰਹੇ ਹਨ। ਧਰਮ ਪੁਸਤਕਾਂ ਦੀ ਗੱਲ ਤਾਂ ਦੂਜੇ ਨੰਬਰ `ਤੇ ਹੀ ਰਵੇਗੀ। ਦੇਖਿਆ ਜਾਵੇ ਤਾਂ ਅੱਜ ਸਿੱਖ ਧਰਮ ਨਾਲ ਵੀ ਇੰਨ ਬਿੰਨ ਇਹੀ ਚੀਜ਼ ਵਾਪਰ ਰਹੀ ਹੈ।

ਦਰਅਸਲ ਸਿੱਖ ਧਰਮ ਸਬੰਧੀ ਜਿਨ੍ਹਾਂ ਖੰਡਾਂ ਦਾ ਜ਼ਿਕਰ ਅਰੰਭ ਹੋਇਆ ਸੀ ਉਨ੍ਹਾਂ `ਚੋਂ ਪਹਿਲੇ ਦੋ ਖੰਡਾ ਦਾ ਜ਼ਿਕਰ ਅਰੰਭ `ਚ ਹੀ ਆ ਚੁੱਕਾ ਹੈ। ਫ਼ਿਰ ਵੀ ਸੰਖੇਪ `ਚ ਸਿੱਖ ਧਰਮ ਦੇ ਇਹ ਦੋ ਖੰਡ ਸਨ ਪਹਿਲਾ-ਗੁਰਬਾਣੀ ਦਾ ਮੂਲ ਗਿਆਨ (ਜੋਤ) ਅਤੇ ਉਸ ਗਿਆਨ ਤੋਂ ਪ੍ਰਗਟ ਹੋਣ ਵਾਲੀ ਜੀਵਨ ਜਾਚ (ਜੁਗਤ)। ਇਸੇ ਤਰ੍ਹਾਂ ਸਿੱਖ ਧਰਮ ਦਾ ਮੂਲ ਹੀ ਗੁਰਬਾਣੀ ਤੋਂ ਪ੍ਰਗਟ ਹੋਣ ਵਾਲੀ ਜੀਵਨ ਸੇਧ (ਜੋਤ) ਅਤੇ ਉਸ ਜੋਤ ਨੂੰ ਜੀਵਨ ਅੰਦਰ ਢਾਲਣਾ ਹੀ ਸਿੱਖ ਦੀ “ਜੀਵਨ ਜਾਚ” ਹੈ। ਦੂਜੇ ਲਫ਼ਜ਼ਾਂ `ਚ ਗੁਰਬਾਣੀ ਜੋਤ ਤੋਂ ਪ੍ਰਗਟ ਹੋਣ ਵਾਲੀ ‘ਜੀਵਨ ਜੁਗਤ’ ਤੋਂ ਹੀ ਸਿੱਖ-ਜੀਵਨ ਦਾ ਪ੍ਰਗਟਾਵਾ ਹੋਣਾ ਹੈ, ਉਸ ਤੋਂ ਅੱਗੇ ਪਿਛੇ ਨਹੀਂ। ਇਹੀ ਨਹੀਂ ਸਬੰਧਤ ਵਿਸ਼ੇ ਸੰਬੰਧੀ ਇਹ ਵੀ ਦੇਖ ਆਏ ਹਾਂ ਤੇ ਗੁਰਬਾਣੀ `ਚ ਇਹ ਵੀ ਇਸ ਤਰ੍ਹਾਂ ਪੱਕਾ ਕੀਤਾ ਹੋਇਆ ਜਿਵੇਂ “ਜੋਤਿ ਓਹਾ ਜੁਗਤਿ ਸਾਇ” (ਪੰ: ੯੬੬)। ਉਪ੍ਰੰਤ ‘ਸਾਇ’ ਦਾ ਮਤਲਬ ਹੀ ਇਕੋ ਹੈ ਤੇ ਉਹ ਹੈ ‘ਓਹਾ’ ਭਾਵ ਸਦਾ ਲਈ। ਭਾਵ ਸਿੱਖਾਂ ਦੇ ਜੀਵਨ ਦੇ ਇਹ ਦੋਵੇਂ ਹੀ ਅਬਦਲਵੇਂ ਵਿਸ਼ੇ ਹਨ। ਇਸ ਤਰ੍ਹਾਂ ਸਿੱਖ ਧਰਮ ਦੀ ਪੂਰੀ ਇਮਾਰਤ ਹੀ ਗੁਰਬਾਣੀ ‘ਜੋਤ’ ਤੇ ‘ਜੁਗਤ’ ਵਾਲੇ ਦੋਨਾਂ ਥੰਮਾਂ ਤੇ ਖੜੀ ਹੈ। ਇਸ ਤਰ੍ਹਾਂ ਇਹ ਦੋਵੇਂ ਵਿਸ਼ੇ ‘ਓਹਾ’ ਤੇ ‘ਸਾਇ’ ਭਾਵ ਬਿਨਾ ਤਬਦੀਲੀ ਸਦੀਵ ਕਾਲ ਲਈ ਹਨ।

ਇਤਨਾ ਹੀ ਨਹੀਂ ਬਲਕਿ ਇਹ ਵੀ ਅੰਦਾਜ਼ਾ ਲਗਾ ਚੁੱਕੇ ਹਾਂ ਕਿ ਗੁਰਬਾਣੀ ਤੋਂ ਜੋ ‘ਜੋਤ’ ਭਾਵ ਗੁਰਬਾਣੀ ਗਿਆਨ ਅਤੇ ਉਸ ਇਲਾਹੀ ਗਿਆਨ ਤੋਂ ਜੋ ‘ਜੀਵਨ ਜੁਗਤ’ ਪ੍ਰਗਟ ਹੁੰਦੀ ਹੈ ਉਹ ਆਪਣੇ ਆਪ `ਚ ਇਕੋ ਇੱਕ ਤੇ ਸਰਬਉੱਚ ਜੀਵਨ ਢੰਗ ਹੈ। ਉਪ੍ਰੰਤ ਉਸੇ ਇਲਾਹੀ ਗਿਆਨ ਅਨੁਸਾਰ ਤਿਆਰ ਮਨੁੱਖੀ ਜੀਵਨ ਦਾ ਹੀ ਨਤੀਜਾ ਹੈ ਕਿ ਕੇਵਲ ਕੁੱਝ ਹੀ ਸਦੀਆਂ ਦੇ ਸਿੱਖ ਇਤਿਹਾਸ ਨੇ, ਮਨੁੱਖੀ ਇਤਿਹਾਸ ਦੇ ਹਜ਼ਾਰਾਂ ਤੇ ਲਖਾਂ ਸਾਲ ਪੁਰਾਨੇ ਰੁਖ ਨੂੰ ਵੀ ਬਦਲ ਕੇ ਰਖ ਦਿੱਤਾ।

ਇਸ ਤਰ੍ਹਾਂ ਜਿਹੜੇ ਲੋਕ ਪਹਿਲਾਂ ਭਾਵੇਂ ਕਿਸੇ ਵੀ ਦੇਸ਼, ਧਰਮ ਤੇ ਨਸਲ ਦੇ ਸਨ ਜਿਉਂ ਜਿਉਂ ਗੁਰਬਾਣੀ ਵਿਚਾਰਧਾਰਾ ਦੇ ਨੇੜੇ ਆਉਂਦੇ ਗਏ ਜਾਂ ਜਿਨ੍ਹਾਂ ਤੱਕ ਗੁਰਬਾਣੀ ਦੀ ਖੁਸ਼ਬੂ ਪਹੁੰਚਦੀ ਗਈ, ਬਿਨਾ ਵਿਤਕਰਾ ਰੰਗ, ਨਸਲ, ਲਿੰਗ, ਭਾਸ਼ਾ, ਉਮਰ ਸਭ ਦੇ ਜੀਵਨ ਅੰਦਰ ਰਬੀ ਗੁਣਾਂ ਦਾ ਇਕੋ ਜਿਹਾ ਉਜਾਲਾ ਹੁੰਦਾ ਗਿਆ। ਸਾਰਿਆਂ ਦੇ ਜੀਵਨ ਅੰਦਰ ਉੱਚਾ-ਸੁੱਚਾ ਆਦਰਸ਼ਕ ਜੀਵਨ, ਸੁੱਅਛ ਆਚਰਣ, ਅਣਖ ਤੇ ਗ਼ੈਰਤ ਵਾਲੀ ਆਪਸੀ ਭਾਈਚਾਰਕ ਨੇੜਤਾ ਤੇ ਪਿਆਰ ਵਾਲੀ ਜ਼ਿੰਦਗੀ ਉਜਾਗਰ ਹੁੰਦੀ ਗਈ।

ਸੰਸਾਰ ਭਰ ਦੇ ਮਨੁੱਖ ਮਾਤ੍ਰ ਨੂੰ ਸਾਰੇ ਸੰਸਾਰ ਦੇ ਇੱਕੋ ਇੱਕ ਅਕਾਲਪੁਰਖ, ਇੱਕੋ ਇੱਕ ਗੁਰੂ, ਇੱਕੋ ਇੱਕ ਧਰਮ ਤੇ ਇਕੋ ਇੱਕ ਮਨੁੱਖੀ ਭਾਈਚਾਰੇ ਦੀ ਸਮਝ ਆਉਣ ਲੱਗ ਪਈ। ਇਹ ਜਾਦੂ ਤੇ ਕ੍ਰਿਸ਼ਮਾ ਸੀ ਗੁਰਬਾਣੀ ਰਾਹੀਂ ਪ੍ਰਗਟ ਜੋਤ ਤੇ ਜੁਗਤ ਦੇ ਆਪਸੀ ਮਿਲਾਪ ਤੋਂ ਪਣਪਣ ਵਾਲੇ ਇਕੋ ਇੱਕ ਇਲਾਹੀ ਤੇ ਰੱਬੀ ਸਚ ਧਰਮ ਦਾ। ਉਪ੍ਰੰਤ ਸੰਸਾਰ ਭਰ ਦੇ ਅਜੋਕੇ ਧਰਮਾਂ ਦੇ ਮੁਕਾਬਲੇ ਇਹ ਵਿਲਖਣਤਾ ਵੀ ਕੇਵਲ ਤੇ ਕੇਵਲ ਸਿੱਖ ਧਰਮ `ਚ ਹੀ ਹੈ ਕਿ ਅੱਜ ਸਿੱਖ ਧਰਮ ਦਾ ਵਜੂਦ, ਸੰਸਾਰ ਭਰ ਦੇ ਹਰੇਕ ਧਰਮ, ਖ਼ਿਤੇ, ਨਸਲ, ਵਰਣ ਆਦਿ ਨਾਲ ਸਬੰਧਤ ਹੈ। ਘੋਖਿਆ ਜਾਵੇ ਤਾਂ ਸਿੱਖ ਧਰਮ `ਚ ਸੰਸਾਰ ਭਰ ਦੇ ਧਰਮਾਂ, ਖ਼ਿਤਿਆਂ, ਨਸਲਾਂ, ਵਰਣਾਂ ਜਾਤੀਆਂ `ਚੋਂ ਆਏ ਹੋਏ ਲੋਕ ਅੱਜ ਵੀ ਮਿਲ ਜਾਣਗੇ ਅਤੇ ਇਹ ਸਿਲਸਿਲਾ ਅੱਜ ਵੀ ਜਾਰੀ ਹੈ ਤੇ ਜਾਰੀ ਰਵੇਗਾ ਵੀ।

ਜਦਕਿ ਇਸ ਸਾਰੇ ਦੇ ਉਲਟ ਅਜੋਕੇ ਸਿੱਖ ਦੇ ਜੀਵਨ `ਚ ਬਹੁਤਾ ਕਰਕੇ ਨਾ ਤਾਂ ਗੁਰਬਾਣੀ ਗਿਆਨ ਹੈ ਤੇ ਨਾ ਹੀ ਉਸ ਗਿਆਨ ਤੋਂ ਪ੍ਰਗਟ ਹੋਣ ਵਾਲੀ ਜੀਵਨ ਜੁਗਤ। ਉਸੇ ਦਾ ਨਤੀਜਾ ਹੈ ਕਿ ਅਜੋਕਾ ਸਿੱਖ ਧਰਮ ਬਜਾਏ ਦਿਨ ਦੁਗਨੀ ਤੇ ਰਾਤ ਚੌਗਣੀ ਤਰੱਕੀ ਕਰਣ ਦੇ, ੳਲਟਾ ਦਿਨ ਦੂਗਨੀ ਤੇ ਰਾਤ ਚੌਗਣੀ ਅਧੋਗਤੀ ਤੇ ਰਸਾਤਲ ਨੂੰ ਹੀ ਜਾ ਰਿਹਾ ਹੈ। ਉਪ੍ਰੰਤ ਇਸ ਦੇ ਨਾਲ ਸਿੱਖ ਲਹਿਰ ਵਾਲਾ ਵਿਸ਼ਾ ਤਾਂ ਅੱਜ ਪੂਰੀ ਤਰ੍ਹਾਂ ਸਮਾਪਤ ਹੀ ਹੋਇਆ ਪਿਆ ਹੈ। ਕਾਰਨ ਸਪਸ਼ਟ ਹੈ ਕਿ ਬੇਸ਼ੱਕ ਗੁਰਬਾਣੀ ਗਿਆਨ (ਜੋਤ) ਤੇ ਉਸ ਤੋਂ ਪ੍ਰਗਟ ਹੋਣ ਵਾਲਾ ਜੀਵਨ ਢੰਗ ਤੇ ਰਹਿਣੀ (ਜੁਗਤ) ਹੀ ਸਰਬ ਉੱਤਮ ਹੈ ਪਰ ਦੂਜੇ ਪਾਸੇ ਗੁਰਬਾਣੀ ਵਾਲੇ ਉਸ ਗਿਆਨ ਤੇ ਜੀਵਨ ਢੰਗ ਨਾਲ ਸਾਧਾਰਨ ਲੋਕਾਈ ਨੂੰ ਕੀ, ਜਦੋਂ ਅਜੋਕੇ ਸਿੱਖ ਦੇ ਜੀਵਨ `ਚ ਹੀ ਉਹ ਸਭਕੁਝ ਹੈ ਹੀ ਨਹੀਂ?

ਸਾਧਾਰਨ ਲੋਕਾਈ ਤਾਂ ਉਸੇ ਨੂੰ ਹੀ ਸਿੱਖ ਧਰਮ ਸਮਝੇ ਤੇ ਮੰਨੇਗੀ ਹੈ ਜਿਹੜਾ ਸਿੱਖ ਧਰਮ, ਅਜੋਕੇ ਸਿੱਖ ਦੇ ਕਿਰਦਾਰ ਤੋਂ ਪ੍ਰਗਟ ਹੋ ਰਿਹਾ ਹੈ। ਕਿਉਂਕਿ ਸਾਧਾਰਨ ਲੋਕਾਈ ਨੇ ਤਾਂ “ਗੁਰੂ ਗ੍ਰੰਥ ਸਾਹਿਬ” ਤੱਕ ਬਾਅਦ `ਚ ਪਹੁੰਚਣਾ ਹੈ, ਉਸਨੇ ਤਾਂ ਅਜੋਕੇ ਸਿੱਖ ਦੇ ਜੀਵਨ ਤੋਂ ਹੀ ਮੰਨ ਲੈਣਾ ਹੈ ਕਿ ਬੱਸ ਇਹੀ ਹੈ ਸਿੱਖ ਧਰਮ। ਜਦਕਿ ਇਸ ਪੰਥਕ ਅਧੋਗਤੀ ਦੇ ਹੋਰ ਵੀ ਬਹੁਤੇਰੇ ਕਾਰਨ ਹਨ। ਇਹ ਵੀ ਕਿ ਉਨ੍ਹਾਂ `ਚੋਂ ਕੁੱਝ ਦਾ ਸੰਖੇਪ ਜ਼ਿਕਰ ਅੱਗੇ ਜਾ ਕੇ ਛੇਵੇਂ ਖੰਡ `ਚ ਕਰਾਂਗੇ ਵੀ ਪਰ ਉਸ ਸਾਰੇ ਤੋਂ ਪਹਿਲਾਂ ਤੇ ਉਪਰ ਹੈ ਨਿਜੀ ਟੋਕਾ ਟਾਕੀ ਵਾਲਾ ਦੈਂਤ ਜਿਹੜਾ ਕਿ ਅੱਜ ਪੰਥ ਨੂੰ ਬੁਰੀ ਤਰ੍ਹਾਂ ਚਿੰਬੜਿਆ ਪਿਆ ਹੈ ਅਤੇ ਜਿਸਦਾ ਜ਼ਿਕਰ ਚੱਲ ਵੀ ਰਿਹਾ ਹੈ।

ਨਿਜੀ ਟੋਕਾ ਟਾਕੀ ਵਾਲੇ ਭੀਸ਼ਨ ਰੋਗ ਦਾ ਦਾਰੂ? - ਸੁਆਲ ਪੈਦਾ ਹੁੰਦਾ ਹੈ ਕਿ ਗੁਰਦੇਵ ਨੇ ਮਨੁੱਖ ਸਮਾਜ ਅੰਦਰ ਪਸਰ ਰਹੀ ਇਸ ਭਿਅੰਕਰ ਬਿਮਾਰੀ ਤੇ ਕਮਜ਼ੋਰੀ ਨੂੰ ਕੇਵਲ ਉਘਾੜਿਆ ਹੀ ਨਹੀਂ ਬਲਕਿ ਨਾਲ ਨਾਲ ਇਸ ਦੀ ਭਿਅੰਕਰਤਾ ਨੂੰ ਵੀ ਸਪਸ਼ਟ ਕੀਤਾ ਹੈ। ਦੂਜੇ ਪਾਸੇ ਜਿਵੇਂ ਕਿ ਇਹ ਬਿਮਾਰੀ ਕੁੱਝ ਲੋਕਾਂ ਤੱਕ ਸੀਮਤ ਨਹੀਂ, ਪੂਰੇ ਮਨੁੱਖ ਸਮਾਜ ਅੰਦਰ ਹੈ। ਇਸ ਲਈ ਇਸ ਦੇ ਇਲਾਜ ਨੂੰ ਵੀ ਕੇਵਲ ਕੁੱਝ ਲੋਕਾਂ ਤੱਕ ਸੀਮਿਤ ਨਹੀਂ ਰਖਿਆ। ਗੁਰਬਾਣੀ ਦੇ ਅਮੋਘ ਬਾਣਾਂ ਤੇ ਇਲਾਹੀ ਸੱਚ ਰਾਹੀਂ, ਪੂਰੇ ਸਮਾਜ ਦਾ ਇਲਾਜ ਵੀ ਇੱਕ ਸਾਰ ਤੇ ਇਕੱਠਾ ਹੀ ਕੀਤਾ ਹੈ।

ਇਹ ਵੱਖਰੀ ਗੱਲ ਹੈ ਕਿ ਇਸ ਇਲਾਜ ਦਾ ਫ਼ਾਇਦਾ ਵੀ ਉਹੀ ਲਵੇਗਾ ਜਿਹੜਾ ਗੁਰਬਾਣੀ ਰੂਪੀ ਅਉਖਦ ਨੂੰ ਵਰਤੇਗਾ। ਤਾਂ ਫ਼ਿਰ ਉਹ ਕਿਹੜਾ ਢੰਗ ਹੈ ਕਿ ਸੰਪੂਰਣ ਮਨੁੱਖ ਸਮਾਜ ਅੰਦਰ ਫੈਲੀ ਹੋਈ ਇਸ ਭਿਅੰਕਰ ਬਿਮਾਰੀ ਦਾ ਇਲਾਜ ਚਾਹੁਣ ਵਾਲੇ, ਆਸਾਨੀ ਨਾਲ ਤੇ ਬਿਨਾ ਵਿਤਕਰਾ ਕਰ ਵੀ ਸਕਣ ਤੇ ਇਸਦਾ ਲਾਭ ਵੀ ਲੈ ਸਕਣ। ਇਹ ਵੀ ਕਿ ਜਿੱਥੇ ਇਲਾਜ ਦੀ ਪਹੁੰਚ ਸਾਰਿਆ ਤੱਕ ਹੋਵੇ, ਉਥੇ ਉਸ ਦੇ ਨਾਲ ਇਸ ਬਿਮਾਰੀ ਦੇ ਕੀਟਾਣੂ (grems) ਜੋ ਕਿ ਨਿਜੀ ਭੱਲ, ਸਵੈਮਾਨ, ਗ਼ਰੂਰ, ਹਊਮੈ ਆਦਿ (Eago, Self Respect, proud etc.) ਵੀ ਮਨੁੱਖ ਅੰਦਰੋਂ ਆਪਣੇ ਆਪ ਮਰ ਜਾਣ।

ਹਰੇਕ ਤੱਕ ਪਹੁੰਚ ਕਿਵੇਂ? ਚੂੰਕਿ ਇਹ ਬਿਮਾਰੀ ਹਰੇਕ ਮਨੁੱਖ ਦੀ ਹੈ ਅਤੇ ਇਸ ਬਿਮਾਰੀ ਦਾ ਇਲਾਜ ਵੀ ਸਾਰਿਆਂ ਲਈ ਜ਼ਰੂਰੀ ਹੈ। ਤਾਂ ਫ਼ਿਰ ਉਹ ਕਿਹੜਾ ਤਰੀਕਾ ਹੈ ਕਿ ਇਲਾਜ ਪੱਖੋਂ ਸਾਰਿਆਂ ਤੱਕ ਪਹੁੰਚ ਵੀ ਸੌਖੀ ਹੋਵੇ। ਸਾਨੂੰ ਇਸ ਦੀ ਪਹਿਚਾਣ ਵੀ ਆਪਣੇ ਇਤਿਹਾਸ `ਚੋਂ ਹੀ ਕਰਣੀ ਹੋ ਜਾਵੇਗੀ। ਦੇਖਣਾ ਇਹ ਹੈ ਕਿ ਪਾਤਸ਼ਾਹ ਨੇ ਆਖ਼ਿਰ ਉਹ ਕਿਹੜਾ ਢੰਗ ਵਰਤਿਆ ਜਿਸ ਤੋਂ ਸੰਸਾਰ `ਚ ਸਾਰਿਆਂ ਤੱਕ ਪਹੁੰਚ ਵੀ ਹੁੰਦੀ ਗਈ। ਕਿਸੇ ਦੇ ਸਵੈਮਾਨ `ਤੇ ਸੱਟ ਵੀ ਨਾ ਵੱਜੀ ਤੇ ਕਿਸੇ ਨੂੰ ਟੋਕਣਾ ਤੇ ਕਿਸੇ ਨਾਲ ਇਸ ਵਿਸ਼ੇ `ਤੇ ਕਿਉਂ ਕਿੰਤੂ ਵੀ ਨਾ ਕਰਣਾ ਪਿਆ ਪਰ ਇਲਾਜ ਵੀ ਬਹੁਤਿਆਂ ਦਾ ਹੁੰਦਾ ਗਿਆ। ਤਾਂ ਤੇ ਇਸ ਸਬੰਧ `ਚ ਕੁੱਝ ਇਤਿਹਾਸਕ ਝਲਕੀਆਂ:-

(ੳ) ਭੂਮੀਆ ਚੋਰ ਤੋਂ. . ? - ਭੂਮੀਆ ਇੱਕ ਵਾਰੀ ਜਦੋਂ ਚੱਲ ਕੇ ਪਾਤਸ਼ਾਹ ਰਾਹੀਂ ਕੀਤੇ ਜਾ ਰਹੇ ਸਤਿਸੰਗਾਂ `ਚ ਪਹੁੰਚਿਆ। ਉਪ੍ਰੰਤ ਇਹ ਸਤਿਸੰਗ ਦਾ ਹੀ ਅਸਰ ਸੀ ਕਿ ਭੂਮੀਆਂ ਖ਼ੁਦ ਚੱਲ ਚੇ ਪਾਤਸ਼ਹ ਦੇ ਚਰਨਾਂ `ਚ ਆਪਣੇ ਇਲਾਜ ਲਈ ਪੁੱਜਾ। ਦੂਜੇ ਪਾਸੇ, ਗੁਰੂ ਪਾਤਸ਼ਾਹ ਨੇ ਤਾਂ ਉਸ ਭੂਮੀਏ ਨੂੰ ਕਦੇ ਨਹੀਂ ਸੀ ਕਿਹਾ ਕਿ ਭੂਮੀਆਂ ਤੂੰ ਤਾਂ ਨਾਮੀ ਚੋਰ ਹੈਂ ਤੇ ਤੂੰ ਆਪਣੀ ਇਹ ਗੰਦੀ ਆਦਤ ਛੱਡ ਦੇ…. ਫ਼ਿਰ ਵੀ ਗੁਰਦੇਵ ਦੀ ਬਖ਼ਸ਼ਿਸ਼ ਦਾ ਪਾਤ੍ਰ ਬਣ ਕੇ ਉਹੀ ਭੂਮੀਆ, ਚੋਰ ਤਾਂ ਦੂਰ, ਬਲਕਿ ਰਾਜ ਪਾਟ ਦਾ ਸੁਲਝਿਆ ਮਾਲਿਕ ਆਗੂ ਤੇ ਗੁਰੂ ਦਾ ਪਿਆਰੇ ਸਿੱਖ ਦੇ ਤੌਰ `ਤੇ ਵੀ ਪ੍ਰਗਟ ਹੋਇਆ।

(ਅ) ਸੱਜਨ ਵੀ ਠੱਗ ਨਹੀਂ ਰਹਿ ਗਿਆ? ਸੱਜਨ ਨੂੰ ਵੀ ਗੁਰਦੇਵ ਨੇ ਉਸ ਦੇ ਸਵੈਮਾਨ ਤੇ ਸਿੱਧੀ ਸੱਟ ਤਾਂ ਨਹੀਂ ਸੀ ਮਾਰੀ। ਗੁਰਦੇਵ ਨੇ ਤਾਂ ਕੇਵਲ ਮਰਦਾਨੇ ਦੇ ਨਾਲ ਉਸ ਦੀ ਧਰਮਸਾਲ `ਚ ਪੁੱਜਕੇ ਗੁਰਬਾਣੀ ਦਾ ਸਤਿਸੰਗ ਹੀ ਕੀਤਾ ਸੀ। ਇਹ ਤਾਂ ਉਸ ਸਤਿਸੰਗ ਦਾ ਹੀ ਨਤੀਜਾ ਸੀ-ਉਹੀ ਸੱਜਨ ਜਿਹੜਾ ਸੱਜਨ ਸ਼ਾਹ ਤੇ ਸੱਜਣ ਖਾਂ ਵੀ ਅਖਵਾ ਰਿਹਾ ਸੀ ਪਰ ਨਾ ਉਹ ਸ਼ਾਹ ਸੀ ਤੇ ਨਾ ਖਾਂ, ਬਲਕਿ ਉਹ ਤਾਂ ਆਪਣੇ ਸਮੇਂ ਦਾ ਵੱਡਾ ਠੱਗ ਤੇ ਕਾਤਿਲ ਵੀ ਸੀ। ਜਦਕਿ ਇਤਿਹਾਸ ਗਵਾਹ ਹੈ ਕਿ ਉਸ ਨੂੰ ਕਦੇ ਵੀ ਗੁਰਦੇਵ ਨੇ ਨਹੀਂ ਸੀ ਕਿਹਾ ਕਿ ‘ਤੂੰ ਸੱਜਨ ਨਹੀਂ’ ਬਲਕਿ ‘ਤੂੰ ਤਾਂ ਠੱਗ ਤੇ ਕਾਤਿਲ ਹੈਂ” … ਫ਼ਿਰ ਵੀ ਗੁਰਦੇਵ ਦੀ ਬਖ਼ਸ਼ਿਸ਼ ਦਾ ਪਾਤ੍ਰ ਬਣ ਕੇ ਉਹ ਕੇਵਲ ਸੱਜਨ ਅਤੇ ਗੁਰੂ ਕਾ ਸਿੱਖ ਹੀ ਨਹੀਂ, ਬਲਕਿ ਸੱਜਨ ਦੇ ਨਾਲ ਨਾਲ ਗੁਰੂ ਪਾਤਸ਼ਾਹ ਦੀ ਸਿੱਖੀ ਦਾ ਪ੍ਰਚਾਰਕ ਵੀ ਹੋ ਨਿਬੜਿਆ।

(ੲ) ਉਪ੍ਰੰਤ ਬਿਧੀ ਚੰਦ ਵੀ? -ਭਾਈ ਅੱਦਲੀ ਜੀ ਵੀ ਬਿਧੀ ਚੰਦ ਨੂੰ ਕਹਿਣ ਤਾਂ ਨਹੀਂ ਸਨ ਗਏ ਕਿ ‘ਬਿਧੀ ਚੰਦ ਤੂੰ ਡਾਕੂ ਹੈ ਜਾਂ ‘ਤੂੰ ਧਾੜਵੀ ਹੈਂ’ ਅਤੇ ਨਾ ਹੀ ਭਾਈ ਸਾਹਿਬ ਨੇ ਖ਼ੁਦ ਜਾ ਕੇ ਬਿਧੀ ਚੰਦ ਦੇ ਸਵੈਮਾਨ `ਤੇ ਇਸ ਤਰ੍ਹਾਂ ਦੀ ਕੋਈ ਸੱਟ ਹੀ ਮਾਰੀ ਸੀ। ਬਲਕਿ ਬਿਧੀ ਚੰਦ ਜਦੋਂ ਕਿਸੇ ਪੱਜ ਭਾਈ ਅਦਲੀ ਰਾਹੀਂ ਕੀਤੇ ਜਾ ਰਹੇ ਗੁਰਬਾਣੀ ਵਾਲੇ ਸਤਿਸੰਗ `ਚ ਪੁੱਜਾ ਤਾਂ ਉਹ ਖੁੱਦ ਆਪਣੇ ਅੰਦਰ ਦੀ ਉਸ ਭਿਅੰਕਰ ਬਿਮਾਰੀ ਦੇ ਇਲਾਜ ਲਈ ਭਾਈ ਅੱਦਲੀ ਜੀ ਦੀ ਸੇਵਾ `ਚ ਪੇਸ਼ ਹੋਇਆ। ਇਹ ਬੇਨਤੀ ਤਾਂ ਬਿਧੀ ਚੰਦ ਨੇ ਹੀ ਕੀਤੀ ਸੀ ਕਿ ਭਾਈ ਸਾਹਿਬ! ਮੈਨੂੰ ਵੀ ਉਸ ਗੁਰੂ ਦੇ ਚਰਨਾਂ `ਚ ਲੈ ਚੱਲੋ ਜਿਸ ਦੇ ਤੁਸੀਂ ਵੀ ਸਿੱਖ ਹੋ। ਇਹ ਵੀ ਬਿਧੀ ਚੰਦ ਨੇ ਹੀ ਕਿਹਾ ਸੀ ਕਿ ਮੈਂ ਹਾਂ ਤਾਂ ਧਾੜਵੀ ਪਰ ਹੁਣ ਗੁਰੂ ਸਾਹਿਬ ਦਾ ਸਿੱਖ ਸੱਜਨਾਂ ਚਾਹੁੰਦਾ ਹਾਂ ਆਦਿ …. ।

(ਸ) ਭਾਈ ਮੰਝ ਅਥਵਾ ਭਾਈ ਤੀਰਥਾ- ਭਾਈ ਮੰਝ ਜਿਸ ਦਾ ਪਹਿਲਾ ਨਾਮ ਤੀਰਥਾ ਸੀ। ਇਹ ਸਖੀ ਸਰਵਰੀਆਂ ਦਾ ਅਗੂ ਤੇ ਕਈ ਪਿੰਡਾਂ ਦਾ ਸਰਪੰਚ ਵੀ ਸੀ। ਆਪਣੇ ਘਰ ਅੰਦਰ ਇਸ ਨੇ ਸੁਲਤਾਨ ਦੀ ਕੱਬਰ ਵੀ ਬਣਾਈ ਹੋਈ ਸੀ। ਹਰੇਕ ਵੀਰਵਾਰ ਕੱਬਰ ਤੇ ਰੋਟ ਚੜ੍ਹਾਉਂਦਾ ਤੇ ਹਰ ਸਾਲ ਜੱਥਾ ਲੈ ਕੇ ਨਿਗਾਹੇ ਵੀ ਜਾਂਦਾ ਸੀ; ਠੀਕ ਉਸੇ ਤਰ੍ਹਾਂ ਵੈਸਨੋ ਦੇਵੀ ਵਾਲੇ ਹਰ ਸਾਲ ਵੈਸ਼ਨੋ ਦੇਵੀ ਦਰਸ਼ਨਾ ਲਈ ਜੱਥੇ ਬਣਾ ਕੇ ਜਾਂਦੇ ਹਨ।

ਗੁਰਦੇਵ ਨੇ ਤਰਨ ਤਾਰਨ ਸਾਹਿਬ ਵਸਾਇਆ। ਇਸ ਸਾਲ, ਉਸ ਨੂੰ ਨਿਗਾਹੇ ਜਾਂਦਿਆਂ ਰਸਤੇ `ਚ ਤਰਨ ਤਾਰਨ ਸਾਹਿਬ ਵੀ ਪੈਂਦਾ ਸੀ। ਆਪਣੇ ਰਸਤੇ ਜਾਂਦਿਆਂ ਜਦੋਂ ਉਥੇ ਬਣ ਚੁੱਕੇ ਨਵੇਂ ਵਾਤਾਵਰਣ ਤੋਂ ਉਸਦੇ ਕੰਨਾਂ `ਚ ਗੁਰਬਾਣੀ ਸੱਚ ਦੀ ਸ਼ੋਭਾ ਤੇ ਉੱਚਤਾ ਪਈ ਤਾਂ ਉਹ ਵੀ ਖਿੱਚਿਆ ਗਿਆ। ਇਸ ਕੋਲ ਵੀ ਗੁਰਦੇਵ ਆਪ ਜਾਂ ਗੁਰੂ ਦੇ ਸਿੱਖ ਤਾਂ ਚੱਲ ਕੇ ਨਹੀਂ ਸਨ ਆਏ ਬਲਕਿ ਇਹ ਵੀ ਆਪ ਚੱਲ ਕੇ ਗੁਰਦੇਵ ਦੇ ਚਰਨਾਂ `ਚ ਹਾਜ਼ਿਰ ਹੋਇਆ। ਬੇਨਤੀ ਕੀਤੀ ਕਿ ਹੇ ਸੱਚੇ ਪਾਤਸ਼ਾਹ ਜੀ! ਮੈਨੂੰ ਵੀ ਆਪਣੀ ਸਿੱਖੀ ਦਾ ਦਾਨ ਬਖ਼ਸ਼ੋ ਕਿਉਂਕਿ ਮੈਂ ਵੀ ਤੁਹਾਡਾ ਸਿੱਖ ਸੱਜਨਾਂ ਚਾਹੁੰਦਾ ਹਾਂ।

ਉਸ ਤੋਂ ਬਾਅਦ ਗੁਰਦੇਵ ਦਾ ਤਾਂ ਕੇਵਲ ਇਤਨਾ ਹੀ ਕਹਿਣਾ ਸੀ ਕਿ “ਮੰਝ, ਤੈਨਂੂੰ ਅਜੇ ਗੁਰੂ ਦੀ ਸਿੱਖੀ ਨਹੀਂ ਮਿਲ ਸਕਦੀ ਕਿਉਂਕਿ ਤੇਰੇ ਅੰਦਰ ਕਿਸੇ ਹੋਰ ਦੀ ਸਿੱਖੀ ਟਿੱਕੀ ਹੋਈ ਹੈ। ਇਸ ਤਰ੍ਹਾਂ ਇੱਕ ਸਿੱਖੀ ਤੇ ਦੂਜੀ ਸਿੱਖੀ ਨਹੀਂ ਟਿੱਕਦੀ” ਗੁਰਦੇਵ ਨੇ ਤਾਂ ਇਸ ਤੋਂ ਇਲਾਵਾ ਉਸ ਨੂੰ ਹੋਰ ਕੁੱਝ ਵੀ ਨਹੀਂ ਸੀ ਕਿਹਾ ਤੇ ਨਾ ਹੀ ਉਸ ਦੇ ਸਵੈਮਾਨ `ਤੇ ਸੱਟ ਮਾਰੀ ਜਾਂ ਉਸ ਦੀ ਕਰਣੀ `ਤੇ ਕਿਉਂ ਕਿੰਤੂ ਕੀਤਾ। ਗੁਰਦੇਵ ਨੇ ਤਾਂ ਉਸ ਨੂੰ ਕਦੇ ਵੀ ਤੇ ਅਜਿਹਾ ਕੁੱਝ ਵੀ ਨਹੀਂ ਸੀ ਕਿਹਾ ਕਿ ਤੂੰ ਇਹ ਕਰ ਜਾਂ ਇਹ ਨਾ ਕਰ। ਇਹ ਤਾਂ ਗੁਰੂ ਕੀਆਂ ਸੰਗਤਾਂ ਵਿਚਕਾਰ ਮੰਝ ਰਾਹੀਂ ਭਰੀ ਹੋਈ ਹਾਜ਼ਰੀ ਹੀ ਸੀ ਜਿਸ ਨੇ ਭਾਈ ਮੰਝ ਦਾ ਪੂਰਾ ਜੀਵਨ ਹੀ ਬਦਲ ਦਿੱਤਾ।

ਦੂਜੇ ਪਾਸੇ ਜਥੇ ਦਾ ਆਗੂ, ਇਲਾਕੇ ਦਾ ਸਰਪੰਚ ਤੇ ਆਪਣੀ ਨਿਜ ਦੀ ਸਿੱਖੀ ਸੇਵਕੀ ਹੁੰਦੇ ਹੋਏ ਵੀ ਉਸ ਨੇ ਨਿਗਾਹੇ ਜਾਣਾ ਬੰਦ ਕਰ ਦਿੱਤਾ। ਘਰ `ਚੋਂ ਪੀਰ ਦੀ ਕੱਬਰ ਵੀ ਆਪ ਹੀ ਤੋੜ ਦਿੱਤੀ। ਅਨੇਕਾਂ ਉਸ ਦੇ ਨਾਲ ਹੋ ਗਏ ਪਰ ਵਿਰੋਧੀਆਂ ਨੇ ਉਸ ਨੂੰ ਸਰਪੰਚੀ ਤੋਂ ਹਟਾਅ ਦਿੱਤਾ। ਇਹ ਦੱਸਣ ਲਈ ਕਿ ਉਸ `ਤੇ ਪੀਰ ਦੀ ਕ੍ਰੋਪੀ ਹੋ ਗਈ ਹੈ, ਜਨੂੰਨੀਆਂ ਨੇ ਉਸ ਦੇ ਮਾਲ ਡੰਗਰ ਨੂੰ ਵੀ, ਜ਼ਹਿਰ ਅਦਿ ਦੇ ਕੇ ਮਾਰ ਦਿੱਤਾ; ਜਦਕਿ ਭਾਈ ਮੰਝ ਨੇ ਇਸ ਸਾਰੇ ਦੀ ਰੱਤੀ ਭਰ ਵੀ ਪ੍ਰਵਾਹ ਨਹੀਂ ਕੀਤੀ।

ਉਲਟਾ, ਭਾਈ ਮੰਝ ਨੇ ਇਸਦੇ ਬਦਲੇ ਆਪਣੇ ਜਦੀ ਪਿੰਡ ਤੱਕ ਦਾ ਵੀ ਤਿਆਗ ਕਰ ਦਿੱਤਾ। ਉਸ ਨੇ ਆਪਣੇ ਅਨੇਕਾਂ ਸਾਥੀਆਂ-ਪੈਰੋਕਾਰਾਂ ਸਮੇਤ ਗੁਰੂ ਚਰਨਾਂ `ਚ ਹੀ ਜਾ ਕੇ ਰਹਿਣਾ ਸ਼ੁਰੂ ਕਰ ਦਿੱਤਾ। ਲਗਾਤਾਰ ੧੨ ਸਾਲ ਗੁਰਬਾਣੀ ਅਭਿਆਸ ਤੇ ਘਾਲ ਕਮਾਈ ਕੀਤੀ ਤਾਂ ਜਾ ਕੇ ਗੁਰੂ ਦਰ `ਤੇ ਪ੍ਰਵਾਣ ਹੋਇਆ। ਜਦਕਿ ਇਸ ਸਾਰੇ ਲਈ ਗੁਰਦੇਵ ਨੇ ਤਾਂ ਉਸ ਨੂੰ ਅਜਿਹੀਆਂ ਹਿਦਾਇਤਾਂ ਨਹੀਂ ਸਨ ਕੀਤੀਆਂ ਤੇ ਨਾ ਹੀ ਉਸ ਦੇ ਸਵੈਮਾਨ `ਤੇ ਸੱਟ ਮਾਰੀ ਸੀ। ਇਹ ਤਾਂ ਪ੍ਰਭਾਵ ਸੀ ਗੁਰੂ ਕੀਆਂ ਸੰਗਤਾਂ ਅਤੇ ਗੁਰਬਾਣੀ ਸਤਿਸੰਗਾਂ ਦਾ ਜਿਸ ਤੋਂ ਭਾਈ ਮੰਝ ਦਾ ਜੀਵਨ ਵੀ ਬਦਲ ਗਿਆ।

ਇਸ ਤਰ੍ਹਾਂ ਇਸ ਸਾਰੇ ਦਾ ਹੀ ਨਾਮ ਹੈ ਸਿੱਖ ਲਹਿਰ। ਫ਼ਿਰ ਵੀ, ਇਹ ਸਭ ਤਾਂ ਕੇਵਲ ਕੁੱਝ ਮਿਸਾਲ਼ਾਂ ਤੇ ਇਸ਼ਾਰੇ ਹੀ ਹਨ ਜਦਕਿ ਅਜਿਹੀਆਂ ਜੀਵਨੀਆਂ ਤੇ ਮਿਸਾਲਾਂ ਨਾਲ ਸਿੱਖ ਇਤਿਹਾਸ ਭਰਿਆ ਪਿਆ ਹੈ। ਜਦੋਂ ਜਦੋਂ ਵੀ ਕਿਸੇ ਦੇ ਹਿਰਦੇ `ਚ ਗੁਰਬਾਣੀ ਦੇ ਅਮੋਘ ਬਾਣ ਲੱਗਦੇ ਗਏ ਤਾਂ ਉਨ੍ਹਾਂ ਬੇਅੰਤ ਲੋਕਾਂ ਦੇ ਜੀਵਨ ਵੀ ਬਦਲਦੇ ਗਏ। ਨਾ ਹੀ ਗੁਰਦੇਵ ਨੇ ਤੇ ਨਾ ਹੀ ਉਨ੍ਹਾਂ ਰਾਹੀਂ ਸਥਾਪਿਤ ਪ੍ਰਚਾਰਕਾਂ ਨੇ ਕਦੇ ਕਿਸੇ ਨਾਲ ਨਿਜੀ ਟੋਕਾ-ਟਾਕੀ ਕੀਤੀ, ਨਾ ਕਿਸੇ ਨੂੰ ਕਿਉਂ-ਕਿੰਤੂ ਕਿਹਾ ਤੇ ਨਾ ਕਿਸੇ ਦੀ ਨਿਜੀ ਭੱਲ, ਗ਼ਰੂਰ, ਹਊਮੈ, ਸਵੈਮਾਨ (Eago, Self Respect, proud etc.) ਆਦਿ `ਤੇ ਸੱਟ ਹੀ ਮਾਰੀ। ਜਦਕਿ ਗੁਰਬਾਣੀ ਵਾਲਾ ਅੰਮ੍ਰਿਤ ਵੀ ਕਿਸੇ ਨੂੰ ਬਦੋ ਬਦੀ ਨਹੀਂ ਪਿਲਾਇਆ ਕਿ ਉਹ ਜ਼ਰੂਰ ਹੀ ਠੀਕ ਹੋ ਜਾਵੇ, ਫ਼ਿਰ ਵੀ ਇਹ ਸਭ ਹੋਇਆ ਤਾਂ ਉਹ ਕਿਸ ਤਰ੍ਹਾਂ?

ਇਥੇ ਸੁਆਲ ਇਹ ਹੈ ਕਿ ਉਪਰ ਦਿੱਤੀਆਂ ਕੁੱਝ ਮਿਸਾਲਾਂ ਅਨੁਸਾਰ, ਇੱਕ ਇੱਕ ਕਰਕੇ ਉਹ ਸਾਰੇ ਸੱਜਨ ਆਪਣੇ-ਆਪਣੇ ਇਲਾਜ ਲਈ ਗੁਰਬਾਣੀ ਦੇ ਚਰਨਾਂ `ਚ ਖ਼ੁਦ ਹਾਜ਼ਿਰ ਹੋਏ ਤਾਂ ਕਿਵੇਂ? ਨਿਜੀ ਟੋਕਾ-ਟਾਕੀ ਕਾਰਨ, ਉਨ੍ਹਾਂ ਦੇ ਸਵੈਮਾਨ ਤੇ ਸੱਟ ਮਾਰ ਕੇ ਜਾਂ ਫ਼ਿਰ ਗੁਰਦੇਵ ਦਾ ਕਾਇਮ ਕੀਤਾ ਹੋਇਆ ਉਹ ਕਿਹੜਾ ਢੰਗ ਸੀ ਜਿਸ ਦੀ ਵਰਤੋਂ ਨਾਲ ਲਖਾਂ-ਕਰੋੜਾਂ ਦੇ ਜੀਵਨ ਪਲਟੇ ਤੇ ਉਨ੍ਹਾਂ ਦਾ ਇਲਾਜ ਹੋਇਆ ਤੇ ਜਿਸ ਤੋਂ ਉਨ੍ਹਾਂ ਦੇ ਬੁਝੇ ਹੋਏ ਜੀਵਨ ਵੀ ਚਮਕ ਉੱਠੇ। ਉਹ ਢੰਗ ਸੀ ਕੇਵਲ ਤੇ ਕੇਵਲ, ਗੁਰਬਾਣੀ ਆਧਾਰਤ, ਕਰਤੇ ਨਾਲ ਜੋੜਣ ਵਾਲੇ ਸਤਿਸੰਗਾਂ ਦਾ। ਜਿਨ੍ਹਾਂ ਸਤਿਸੰਗਾਂ ਦਾ ਨਤੀਜਾ ਸੀ ਕਿ ਦਿਨ ਦੁਗਣੀ ਤੇ ਰਾਤ ਚੌਗਣੀ ਸਿੱਖੀ ਵੀ ਫੈਲ ਰਹੀ ਸੀ ਤੇ ਨਾਲ ਨਾਲ ਸਿੱਖੀ ਲਹਿਰ ਵੀ।

“ਮਹਾ ਪਵਿਤ੍ਰ ਸਾਧ ਕਾ ਸੰਗੁ” - ਇਹ ਵੀ ਦੇਖ ਆਏ ਹਾਂ ਕਿ ਨੇਕਦਿਲੀ ਤੇ ਇਮਾਨਦਾਰੀ ਨਾਲ ਗੁਰੂ ਦੇ ਨਿਰਮਲ ਭਉ `ਚ ਰਹਿੰਦੇ ਹੋਏ ਇਸ ਨਿਜੀ ਟੋਕਾ ਟਾਕੀ ਵਾਲੀ ਬਿਮਾਰੀ ਦਾ ਇਲਾਜ ਵੀ ਗੁਰਬਾਣੀ ‘ਤੋਂ ਹੀ ਪ੍ਰਾਪਤ ਹੋਣਾ ਹੈ। ਇਸ ਲਈ ਜੇ ਕਰ ਸਚਮੁਚ ਅਸੀਂ ਤਨੋ ਮਨੋ ਗੁਰੂ ਨਾਨਕ ਪਾਤਸ਼ਾਹ ਦੇ ਹੀ ਸਿੱਖ ਹਾਂ ਤਾਂ ਸਾਨੂੰ ਅੱਗੇ ਵੱਧ ਕੇ ਗੁਰਬਾਣੀ ਰਾਹੀਂ ਪ੍ਰਗਟ ਗੁਰਬਾਣੀ ਸਤਿਸੰਗ ਵਾਲੀ ਅਚੂਕ ਅਉਖਧ ਰਾਹੀਂ ਪਹਿਲਾਂ ਆਪਣੇ ਜੀਵਨ ਨੂੰ ਇਸ ਬਿਮਾਰੀ ਦੇ ਕੀਟਾਣੂਆਂ ਤੋਂ ਪਾਕ-ਸਾਫ਼ ਕਰਣਾ ਹੋਵੇਗਾ ਤੇ ਫ਼ਿਰ ਦੂਜਿਆਂ ਦੇ ਜੀਵਨ `ਚੋਂ ਵੀ।

ਦਰਅਸਲ ਗੁਰਦੇਵ ਨੇ ਇਸ ਧਰਮ ਨੂੰ ਨਿਜੀ ਟੋਕਾ-ਟਾਕੀ ਅਥਵਾ ਕਿਉਂ ਕਿੰਤੂ ਜਾਂ ਕਿਸੇ ਦੀ ਨਿਜੀ ਭੱਲ, ਗ਼ਰੂਰ, ਹਊਮੈ, ਸਵੈਮਾਨ (Eago, Self Respect, proud etc.) ਆਦਿ `ਤੇ ਹਮਲੇ ਕਰਣ ਲਈ ਕਾਇਮ ਨਹੀਂ ਸੀ ਕੀਤਾ। ਬਲਕਿ ਗੁਰੂ ਕੇ ਸਿੱਖ ਨੇ ਹਰੇਕ ਗੁਰਮੱਤ ਤੇ ਸਿੱਖ ਧਰਮ ਨਾਲ ਵਿਸ਼ੇ ਨੂੰ ਸੰਗਤੀ ਢੰਗ ਨਾਲ ਲੈਣਾ ਹੈ। ਉਪ੍ਰੰਤ ਉਹ ਵੀ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਦੇ ਨਿਰਮਲ ਭਉ `ਚ ਰਹਿੰਦੇ ਹੋਏ, ਬੜੇ ਸਤਿਕਾਰ ਅਤੇ ਗੁਰਬਾਣੀ ਆਦੇਸ਼ਾਂ ਦੇ ਦਾਇਰੇ `ਚ ਜੀਵਨ ਜੀਊ ਕੇ। ਅਜਿਹੀ ਸੰਗਤ ਜਿਸ ਲਈ ਗੁਰਬਾਣੀ `ਚ ਬੇਅੰਤ ਫ਼ੁਰਮਾਨ ਮੌਜੂਦ ਹਨ ਜਿਵੇਂ ਮਹਾ ਪਵਿਤ੍ਰ ਸਾਧ ਕਾ ਸੰਗੁ॥ ਜਿਸੁ ਭੇਟਤ ਲਾਗੈ ਪ੍ਰਭ ਰੰਗੁ” (ਪੰ: ੩੯੨)।

ਜੇ ਨਹੀਂ ਤਾਂ ਇਹ ਨਿਜੀ ਟੋਕਾ-ਟਾਕੀ, ਕਿਉਂ-ਕਿੰਤੂ ਵਾਲੇ ਕਿਟਾਣੂ ਸਾਡੇ ਸਾਰਿਆਂ ਅੰਦਰ ਇਸ ਤਰ੍ਹਾਂ ਧੱਸ ਚੁੱਕੇ ਹੋਏ ਹਨ, ਜਿਵੇਂ ‘ਗੁਰੂ ਕੀ ਸੰਗਤ’ ਅੱਜ ਸਾਡੇ ਜੀਵਨ `ਚ ਅਮਲ ਦਾ ਹਿੱਸਾ ਹੀ ਨਾ ਰਹਿ ਚੁੱਕੀ ਹੋਵੇ। ਉਸਦੇ ਬਦਲੇ `ਚ ਅਸੀਂ ਅੱਜ ਵੱਡੇ ਵੱਡੇ ਕੀਰਤਨ ਦਰਬਾਰਾਂ ਤੇ ਗੁਰਬਾਣੀ ਗਾਇਣ ਤੱਕ ਹੀ ਸੀਮਤ ਹੋ ਕੇ ਰਹਿ ਚੁੱਕੇ ਹੋਵੀਏ ਅਤੇ ਜਿਵੇਂ ਕਿ ਗੁਰਬਾਣੀ ਆਦੇਸ਼ਾਂ `ਤੇ ਅਮਲ ਦੀ ਸਾਨੂੰ ਲੋੜ ਹੀ ਨਾ ਰਹੀ ਹੋਵੇ।

“ਵਡੀ ਵਡਿਆਈ ਜਾ ਸਚੁ ਨਿਆਉ” (ਪੰ: ੪੬੩) ਜੇਕਰ ਅਸਾਂ ਅੱਜ ਵੀ ਇਸ ਬਿਮਾਰੀ ਤੋਂ ਬਚਣਾ ਹੈ ਤਾਂ ਚੇਤੇ ਰਹੇ! ਨਿਆਂ ਕਰਣ ਵਾਲਾ, ਪ੍ਰਭੂ ਆਪ ਹੈ ਜੋ ਘਟ ਘਟ ਅੰਤਰਿ ਸਰਬ ਨਿਰੰਤਰਿ” (ਪੰ: ੪੯੬) ਅਨੁਸਾਰ ਸਭ ਦੇ ਹਿਰਦੇ ਘਰ `ਚ, ਹਰ ਸਮੇਂ ਵੱਸ ਵੀ ਰਿਹਾ ਹੈ। ਬਲਕਿ ਇੱਥੋ ਤੱਕ ਕਿ “ਅੰਦਰਿ ਰਾਜਾ ਤਖਤੁ ਹੈ ਆਪੇ ਕਰੇ ਨਿਆਉ॥ ਗੁਰ ਸਬਦੀ ਦਰੁ ਜਾਣੀਐ ਅੰਦਰਿ ਮਹਲੁ ਅਸਰਾਉ॥ ਖਰੇ ਪਰਖਿ ਖਜਾਨੈ ਪਾਈਅਨਿ ਖੋਟਿਆ ਨਾਹੀ ਥਾਉ॥ ਸਭੁ ਸਚੋ ਸਚੁ ਵਰਤਦਾ ਸਦਾ ਸਚੁ ਨਿਆਉ॥ ਅੰਮ੍ਰਿਤ ਕਾ ਰਸੁ ਆਇਆ ਮਨਿ ਵਸਿਆ ਨਾਉ” (ਪੰ: ੧੦੯੨)

ਇਸ ਲਈ ਕੋਈ ਕੀ ਕਰਦਾ ਹੇ ਤੇ ਕੀ ਨਹੀਂ ਕਰਦਾ, ਇਸ ਦਾ ਹਿਸਾਬ ਲਗਾਉਣਾ ਸਾਡਾ ਆਪਸੀ ਕੰਮ ਤੇ ਵਿਸ਼ਾ ਨਹੀਂ। ਸਾਡਾ ਕੰਮ ਤਾਂ ਸਤਿਸੰਗਾਂ `ਚ ਜੁੜ ਕੇ ਕੇਵਲ ਤੇ ਕੇਵਲ ਗੁਰਬਾਣੀ ਆਸ਼ੇ ਅਨੁਸਾਰ ਆਪਣੀ-ਆਪਣੀ ਕਰਣੀ-ਰਹਿਣੀ-ਸੋਚਣੀ ਦੀ ਸੰਭਾਲ ਕਰਣਾ ਹੀ ਹੈ, ਇਸ ਤੋਂ ਵੱਧ ਹੋਰ ਕੁੱਝ ਨਹੀਂ। ਲੋੜ ਹੈ ਤਾਂ ਸਾਨੂੰ ਆਪਣੀ ਨਿਜੀ, ਪ੍ਰਵਾਰਕ, ਪੰਥਕ, ਪ੍ਰਚਾਰਕ, ਪ੍ਰਬੰਧਕੀ, ਸਮਾਜਕ, ਦੇਸ਼ ਭਾਵ ਜੀਵਨ ਦੇ ਹਰੇਕ ਤਲ `ਤੇ ਖੇਤ੍ਰ `ਚ; ਆਪਣੀ ਕਰਣੀ-ਰਹਿਣੀ-ਸੋਚਣੀ ਰਾਹੀਂ ਗੁਰਬਾਣੀ ਜੀਵਨ ਦੇ ਸੱਚ ਦੇ ਆਧਾਰ `ਤੇ ਸੰਗਤੀ ਜੀਵਨ `ਚ ਵਿਚਰਨਾ।

ਯਕੀਨਣ ਇਸ ਤੋਂ ਵੱਧ ਸਾਡੀ ਜ਼ਿਮੇਵਾਰੀ ਨਹੀਂ ਤੇ ਨਾ ਹੀ ਅਸੀਂ ਆਪ ਸਾਰਿਆਂ ਦੀ ਕਰਣੀ ਦੇ ਠੇਕੇਦਾਰ ਬਣੀਏ। ਇਹ ਨਹੀਂ ਕਿ ਅਸੀਂ ਆਪ ਤਾਂ ਹਰ ਸਮੇਂ ਦੂਜਿਆਂ ਨੂੰ ਟੋਕਾ-ਟਾਕੀ ਤੇ ਦੂਜਿਆਂ `ਤੇ ਕਿਉਂ ਕਿੰਤੁ ਕਰਦੇ ਰਵੀਏ ਕਿ ‘ਤੂੰ ਇਹ ਨਹੀਂ ਕਰਦਾ ਤੇ ਤੂੰ ਉਹ ਨਹੀਂ ਕਰਦਾ’। ਜਦਕਿ ਦੂਜੇ ਪਾਸੇ, ਆਪਣੇ ਆਪ ਨੂੰ ਇਸ ਤਰ੍ਹਾਂ ਪਾਕ ਦਾਮਣ ਸਮਝੀਏ ਕਿ ਅਸੀਂ ਹੀ ਸਾਰਿਆਂ ਤੋਂ ਉੱਤਮ ਹਾਂ ਤੇ ਬਾਕੀ ਸਾਰੇ ਗ਼ਲਤ। ਇਸ ਲਈ ਜਦੋਂ ਤੱਕ ਆਪਣੇ-ਆਪਣੇ ਜੀਵਨ ਨੂੰ ਇਸ ‘ਨਿਜੀ ਟੋਕਾ ਟਾਕੀ ਵਾਲੀ ਬਿਮਾਰੀ’ ਦੇ ਕਿਟਾਣੂਆਂ ਤੋਂ ਸਾਫ਼ ਨਹੀਂ ਕਰਾਂਗੇ, ਉਨੀਂ ਦੇਰ ਸਿੱਖ ਅਖਵਾ ਕੇ ਵੀ ਅਸੀਂ ਇਸ “ਗੁਰੂ ਕੀ ਸਰਬ ਸਾਂਝੀ ਸੰਗਤ” ਵਾਲੀ ਮਹਾਨ ਦੇਣ ਦਾ ਲਾਭ ਨਹੀਂ ਲੈ ਸਕਾਂਗੇ।

ਚੇਤੇ ਰਹੇ! ਸਾਰਿਆਂ ਦੀ ਸੰਭਾਲ ਤੇ ਸਾਰਿਆਂ ਦੀ ਕਰਣੀ ਦਾ ਨਿਆਂ ਕਰਣਾ, ਇਹ ਜ਼ਿਮੇਵਾਰੀ ਕੇਵਲ ਗੁਰੂ ਤੇ ਅਕਾਲਪੁਰਖ ਦੀ ਹੈ ਸਾਡੀ ਨਹੀਂ ਤੇ ਉਹ ਨਿਭਾਅ ਵੀ ਰਿਹਾ ਹੈ; ਇਸ ਤਰ੍ਹਾਂ ਉਹ ਸਾਡਾ ਵਿਸ਼ਾ ਹੈ ਹੀ ਨਹੀਂ। ਲੋੜ ਹੋਵੇ ਤਾਂ ਸਾਡੀ ਸੀਮਾ ਕਿਸੇ ਨੂੰ ਕੇਵਲ ਕਿਸੇ ਅਜਿਹੀ ਘਾਟ ਤੋਂ ਸੁਚੇਤ ਕਰਨਾ ਤੱਕ ਹੀ ਹੈ ਤੇ ਸਾਫ਼ ਸੁਥਰੀ ਜ਼ਿੰਦਗੀ ਲਈ ਉਤਸਾਹਿਤ ਕਰਣਾ ਹੈ ਨਾ ਕਿ ਉਸਦੇ ਜੀਵਨ ਤੇ ਰਹਿਣੀ ਦਾ ਠੇਕੇਦਾਰ ਬਣ ਜਾਣਾ। ਚੇਤੇ ਰਹੇ! ਗੁਰਬਾਣੀ ਦਾ ਫ਼ੈਸਲਾ ਹੈ “ਇਹੁ ਜਗੁ ਸਚੈ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ॥ ਇਕਨਾੑ ਹੁਕਮਿ ਸਮਾਇ ਲਏ ਇਕਨਾੑ ਹੁਕਮੇ ਕਰੇ ਵਿਣਾਸੁ॥ ਇਕਨਾੑ ਭਾਣੈ ਕਢਿ ਲਏ ਇਕਨਾੑ ਮਾਇਆ ਵਿਚਿ ਨਿਵਾਸੁ॥ ਏਵ ਭਿ ਆਖਿ ਨ ਜਾਪਈ ਜਿ ਕਿਸੈ ਆਣੇ ਰਾਸਿ॥ ਨਾਨਕ ਗੁਰਮੁਖਿ ਜਾਣੀਐ ਜਾ ਕਉ ਆਪਿ ਕਰੇ ਪਰਗਾਸੁ” (ਪੰ: ੪੬੩)।

ਇਸ ਲਈ ਸਾਡਾ ਕੰਮ ਕੇਵਲ ਪ੍ਰਭੂ ਚਰਨਾਂ ਦਾ ਅਰਦਾਸੀਆ ਹੋ ਕੇ ਗੁਰਬਾਣੀ ਦੀ ਆਗਿਆ `ਚ ਆਪਣੀ ਰਹਿਣੀ ਦੀ ਸੰਭਾਲ ਕਰਣਾ ਹੀ ਹੈ। ਉਪ੍ਰੰਤ ਦੂਜਿਆਂ ਦੀ ਸੰਭਾਲ ਕਰਣੀ ਹੈ ਤਾਂ ਉਹ “ਆਪਿ ਜਪੈ ਅਵਰਹ ਨਾਮੁ ਜਪਾਵੈ” (ਪੰ: ੧੨੦੬) ਅਨੁਸਾਰ ਕੇਵਲ ਸੰਗਤੀ ਤੌਰ `ਤੇ ਭਾਵ ਗੁਰੂ ਕੀਆਂ ਸੰਗਤਾਂ ਜੋੜ ਕੇ ਅਤੇ ਗੁਰਬਾਣੀ ਦੇ ਨਿਰਮਲ ਭਉ `ਚ ਆਪਣੀ ਸੰਭਾਲ ਕਰਕੇ। ਇਸ ਦੇ ਉਲਟ ‘ਨਿਜੀ ਟੋਕਾ ਟਾਕੀ ਤੇ ਕਿਉਂ ਕਿੰਤੂ’ ਦੇ ਢੰਗ ਨਾਲ ਨਹੀਂ।

ਇਕ ਕਲਾਸ ਤੇ ਉਸ `ਚ ਉਹੀ ਵਿਦਿਆਰਥੀ-ਇਹ ਵਿਸ਼ਾ ਠੀਕ ਉਸੇ ਤਰ੍ਹਾਂ ਹੈ ਜਿਸ ਮਿਸਾਲ ਨੂੰ ਕਿ ਅਸੀਂ ਪਹਿਲਾਂ ਵੀ ਵਰਤ ਚੁੱਕੇ ਹਾਂ। ਉਹ ਇਸ ਤਰ੍ਹਾਂ ਜਿਵੇਂ ਕਿ ਕਿਸੇ ਜਮਾਤ ਅੰਦਰ ਮੰਨ ਲੌ ਸੌ ਵਿਦਿਆਰਥੀ ਪੜ੍ਹਾਈ ਕਰਦੇ ਹਨ। ਸਾਰਿਆਂ ਦੀ ਪੜ੍ਹਾਈ ਵੀ ਇਕੋ ਹੀ ਹੋ ਰਹੀ ਹੁੰਦੀ ਹੈ। ਉਥੇ ਕਲਾਸ ਰੂਮ ਵੀ ਉਹੀ ਹੈ ਉਪ੍ਰੰਤ ਪ੍ਰੋਫ਼ੈਸਰ ਤੇ ਟੀਚਰ ਵੀ ਉਹੀ ਹਨ। ਫ਼ਿਰ ਵੀ ਕੋਈ ਸੌ `ਚੋਂ ਸੌ ਨੰਬਰ ਲੈ ਰਿਹਾ ਹੁੰਦਾ ਹੈ। ਦੂਜੇ ਉਹ ਵੀ ਹੁੰਦੇ ਹਨ ਜੋ ਸੌ `ਚੋਂ ਦਸ ਨੰਬਰ ਵੀ ਪ੍ਰਾਪਤ ਨਹੀਂ ਕਰ ਸਕਦੇ; ਇਸ ਤਰ੍ਹਾਂ ਕਿਉਂ? ਕਿਉਂਕਿ ਜਿਸ ਤਰ੍ਹਾਂ ਦੀ ਕਿਸੇ ਦੀ ਤਿਆਰੀ ਹੁੰਦੀ ਹੈ, ਨਤੀਜਾ ਵੀ ਹਰ ਕਿਸੇ ਦਾ ਆਪਣੇ ਆਪ ਉਹੋ ਜਿਹਾ ਹੀ ਆਉਂਦਾ ਹੈ। ਕਿਸੇ ਦੇ ਕਹਿਣ ਨਾਲ, ਕਿਸੇ ਦੇ ਨਂਬਰ ਘੱਟ ਨਹੀਂ ਆਉਂਦੇ ਤੇ ਨਾ ਕਹਿਣ ਨਾਲ ਕਿਸੇ ਦੇ ਨੰਬਰ ਵੱਧ ਸਕਦੇ ਹਨ। ਕਿਉਂਕਿ ਸਾਰਿਆਂ ਕੋਲ ਕਰਤੇ ਦੀ ਬਖ਼ਸ਼ੀ ਹੋਈ ਯਾਦ ਸ਼ਕਤੀ ਵੀ ਆਪਣੀ ਅਪਣੀ ਹੈ, ਇਸ ਤੋਂ ਬਾਅਦ ਸੋਚ, ਤੇ ਅਮਲ ਵੀ ਆਪਣਾ ਆਪਣਾ ਹੈ।

ਠੀਕ ਇਥੇ ਵੀ ਗੁਰਦੇਵ ਨੇ ਸਿੱਖ ਦੇ ਜੀਵਨ ਨੂੰ ਗੁਰਬਾਣੀ ਆਧਾਰ `ਤੇ ਸੰਗਤੀ ਜੀਵਨ ਹੀ ਘੜਿਆ ਹੈ ਅਤੇ ਸਾਡੀ ਤਿਆਰੀ ਵੀ ਸੰਗਤੀ ਹੋਣੀ ਹੈ। ਇਸ ਤਰ੍ਹਾਂ ਕਦੇ ਵੀ ਤੇ ਕਿਸੇ ਤਰ੍ਹਾਂ ਵੀ ਸਾਰਿਆਂ ਦੇ ਜੀਵਨ ਇੱਕੋ ਜਿਹੇ ਤਿਆਰ ਨਹੀਂ ਹੋਣੇ। ਸਾਰਿਆਂ ਦੇ ਜੀਵਨ `ਚ ਆਪਸੀ ਅੰਤਰ ਰਹਿਣਾ ਹੀ ਰਹਿਣਾ ਹੈ, ਜਿਸ ਨੂੰ ਸਿਵਾਇ ਗੁਰੂ ਤੇ ਅਕਾਲਪੁਰਖ ਦੇ ਕੋਈ ਵੀ ਨਹੀਂ ਬਦਲ ਸਕਦਾ।

ਫ਼ਿਰ ਜੇ ਅੱਜ ਵੀ ਅਸੀਂ ਗੁਰੂ ਕੇ ਅਖਵਾਉਣ ਵਾਲੇ ਸਾਰੇ ਹੀ ਇਮਾਨਦਾਰੀ ਨਾਲ ਆਪਣੇ ਜੀਵਨ ਨੂੰ ਨਿਰੋਲ ਗੁਰਬਾਣੀ ਦੀ ਆਗਿਆ `ਚ ਰਹਿੰਦੇ ਹੋਏ ਸੰਗਤੀ ਤਿਆਰ ਕਰੀਏ ਤਾਂ ਇਹ ਮਸਲਾ ਵੀ ਹੱਲ ਹੋ ਸਕਦਾ ਹੈ। ਪਹਿਲਾਂ ਤਾਂ, ਘਟੋ ਘੱਟ ਸਾਰਾ ਪੰਥ ਇਸ ਪੱਖੋਂ ਇੱਕ ਮੁੱਠ ਹੋ ਸਕਦਾ ਹੈ, ਫ਼ਿਰ ਸਹਿਜੇ ਸਹਿਜੇ ਸੰਸਾਰ ਭਰ ਨੂੰ ਵੀ ਆਪਣੀ ਗਲਵਕੜੀ `ਚ ਲੈ ਸਕਦੇ ਹਾਂ। ਇਸ ਤਰ੍ਹਾਂ ਇੱਕ ਪਾਸੇ ਸਿੱਖ ਧਰਮ ਵਧ ਫੁਲ ਸਕਦਾ ਹੈ ਤਾ ਨਾਲ ਨਾਲ ਸਿੱਖ ਲਹਿਰ ਵੀ ਫੈਲ ਸਕਦੀ ਹੈ।

ਇਸ ਦੇ ਉਲਟ, ਨਿਜੀ ਟੋਕਾ-ਟਾਕੀ ਤੇ ਕਿਉਂ-ਕਿੰਤੂ ਦੀ ਪੱਕੜ ਆਇਆ ਕੋਈ ਇੱਕ ਪ੍ਰਵਾਰ ਵੀ ਬਹੁਤੀ ਦੇਰ ਇਕੱਠਾ ਨਹੀਂ ਚੱਲ ਸਕਦਾ; ਤਾਂ ਅਜੋਕੇ ਹਾਲਾਤ `ਚ ਅਸੀਂ ਪੂਰੇ ਸੰਸਾਰ ਨੂੰ ਆਪਣੀ ਗਲਵਕੜੀ `ਚ ਕਿਵੇਂ ਲੈ ਸਕਦੇ ਹਾਂ? ਸੰਸਾਰ ਤਾਂ ਬਹੁਤ ਵੱਡੀ ਗੱਲ ਹੈ ਇਥੇ ਤਾਂ ਅੱਜ ਜਿਵੇਂ ਕਿ ਇਕੱਲਾ-ਇਕੱਲਾ ਸਿੱਖ ਵੀ, ਆਪਣੇ ਆਪ `ਚ ਵੱਡਾ ਤੇ ਪੂਰਨ ਸਿੱਖ ਬਣਿਆ ਬੈਠਾ ਹੈ। ਗੁਰੂ ਕੀਆਂ ਸੰਗਤਾਂ ਤੋਂ ਪ੍ਰਗਟ ਹੋਈ ਸਿੱਖੀ ਲਹਿਰ ਤੇ ਵਧਿਆ ਫੁਲਿਆ ਗੁਰੂ ਕਾ ਪੰਥ, ਜਿਸ `ਚੋਂ ਭਾਈ ਬਿਧੀ ਚੰਦ, ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ ਵਰਗੇ ਬੇਅੰਤ ਬਹੁਮੁਲੇ ਕਿਰਦਾਰ ਤੇ ਹੀਰੇ ਪੈਦਾ ਹੋਏ ਸਨ, ਅੱਜ ਪੰਥ `ਚੋਂ ਅਜਿਹੀਆਂ ਗੁਰੂ ਕੀਆਂ ਸੰਗਤਾਂ ਦੀ ਹੋਂਦ ਹੀ ਮੁੱਕੀ ਪਈ ਹੈ। ਇਹ ਹੈ ਸਾਡੀ ਸਾਂਝੀ ਆਪਸੀ ਟੋਕਾ ਟਾਕੀ ਵਾਲੀ ਕਮਜ਼ੋਰੀ, ਜਿਹੜੀ ਅੱਜ ਪੂਰੇ ਪੰਥ `ਤੇ ਭਾਰੂ ਬਣੀ ਹੋਈ ਹੈ।

ਇਸ ਤਰ੍ਹਾਂ “ਤੂੰ ਕਰਤਾ ਕਰਣਾ ਮੈ ਨਾਹੀ ਜਾ ਹਉ ਕਰੀ ਨ ਹੋਈ” (ਪੰ: ੪੬੯) ਅਤੇ “ਆਪੇ ਕੁਦਰਤਿ ਸਾਜਿ ਕੈ, ਆਪੇ ਕਰੇ ਬੀਚਾਰੁ॥ ਇਕਿ ਖੋਟੇ ਇਕਿ ਖਰੇ, ਆਪੇ ਪਰਖਣੁਹਾਰ॥ ਖਰੇ ਖਜਾਨੈ ਪਾਈਅਹਿ, ਖੋਟੇ ਸਟੀਅਹਿ ਬਾਹਰ ਵਾਰਿ” (ਪੰ: ੧੪੩) ਅਤੇ ਇਸੇ ਤਰ੍ਹਾਂ “ਸਚੁ ਤੇਰਾ ਦਰਬਾਰੁ ਸਬਦੁ ਨੀਸਾਣਿਆ…. . ਨਾਨਕ ਪਾਰਖੁ ਆਪਿ, ਜਿਨਿ ਖੋਟਾ ਖਰਾ ਪਛਾਣਿਆ” (ਪੰ: ੧੪੪) ਅਥਵਾ ਉਹੀ ਗੁਰ ਫ਼ੁਰਮਾਨ ਜਿਵੇਂ ਵਡੀ ਵਡਿਆਈ ਜਾ ਸਚੁ ਨਿਆਉ” (ਪੰ: ੪੬੩) ਆਦਿ ਬੇਅੰਤ ਗੁਰਬਾਣੀ ਪ੍ਰਮਾਣ।

ਜਦਕਿ ਅੱਜ ਤਾਂ ਅਜਿਹੇ ਸਾਰੇ ਗੁਰਬਾਣੀ ਫ਼ੁਰਮਾਨ ਵੀ ਸਾਡੇ ਕੇਵਲ ਪੜ੍ਹਣ ਤੇ ਗਾਇਣ ਤੱਕ ਹੀ ਸੀਮਤ ਰਹਿ ਚੁੱਕੇ ਹਨ। ਸਾਡੇ ਜੀਵਨ ਤੇ ਅਮਲ ਦੀ ਸੀਮਾਂ ਤਾਂ ਇਨ੍ਹਾਂ ਤੋਂ ਬਹੁਤ ਪਿੱਛੇ ਛੁਟ ਚੁੱਕੀ ਹੈ। ਜਿਸ ਪੰਥ ਅੰਦਰ ਹਰੇਕ ਵਿਸ਼ਾ “ਸਤਸੰਗਤਿ ਕੈਸੀ ਜਾਣੀਐ॥ ਜਿਥੈ ਏਕੋ ਨਾਮੁ ਵਖਾਣੀਐ” (ਪੰ: ੭੨) ਭਾਵ ਇੱਕ ਕਰਤੇ ਦੇ ਨਿਰਮਲ ਭਉ `ਚ ਰਹਿ ਸੰਪੂਰਣ ਹੁੰਦਾ ਤੇ ਸਿਰੇ ਚੜ੍ਹਦਾ ਸੀ; ਉਸੇ ਪੰਥ ਅੰਦਰ ਅੱਜ ਨਿਜੀ ਟੋਕਾ-ਟਾਕੀ ਤੇ ਕਿਉਂ-ਕਿੰਤੂ ਸ਼ਿਖ਼ਰਾਂ `ਤੇ ਹੈ। ਇਸ ਲਈ ਲੋੜ ਹੈ ਤਾਂ ਪਹਿਲਾਂ ਇਸ ਬਿਮਾਰੀ ਦੇ ਕੀਟਾਣੁਆਂ ਤੋਂ ਆਪਣੇ-ਆਪਣੇ ਜੀਵਨ ਨੂੰ ਪਾਕ-ਸਾਫ਼ ਕਰਣਾ। ਉਪ੍ਰੰਤ “ਸਤਸੰਗਤਿ ਕੈਸੀ ਜਾਣੀਐ॥ ਜਿਥੈ ਏਕੋ ਨਾਮੁ ਵਖਾਣੀਐ” (ਪੰ: ੭੨) ਦੇ ਆਧਾਰ `ਤੇ ਪੰਥ ਨੂੰ ਇੱਕ ਮੁਠ ਕਰਣਾ ਤੇ ਨਾਲ ਹੀ ਸੰਸਾਰ ਭਰ ਨੂੰ ਸਿੱਖੀ ਲਹਿਰ ਵੱਜੋਂ ਆਪਣੀ ਗਲਵਕੜੀ `ਚ ਲੈਣਾ।

ਅਜੋਕਾ ਸਿੱਖ ਧਰਮ ਤੇ ਦੂਜੇ ਧਰਮਾਂ ਵਾਲੇ-ਇਹ ਸਚਾਈ ਹੈ, ਜੇ ਕਰ ਅੱਜ ਦੀ ਤਾਰੀਖ ਅੰਦਰ ਇਸ ਬਾਰੇ ਆਪਣੇ ਗਵਾਂਡੀ ਤੇ ਦੂਜੇ ਧਰਮਾਂ ਦੀ ਗੱਲ ਕਰੀਏ ਤਾਂ ਕੇਵਲ ਸਿੱਖ ਅਖਵਾਉਣ ਵਾਲਿਆਂ ਨੂੰ ਛੱਡ ਕੇ ਹਰੇਕ ਧਰਮ ਦੇ ਅਨੁਯਾਯੀਆਂ ਵਿਚਕਾਰ ਆਪਸੀ ਪ੍ਰੇਮ ਪਿਆਰ ਬਹੁਤ ਵਾਧੇ `ਤੇ ਹੈ। ਬੇਸ਼ੱਕ ਉਥੇ ਇਸ ਦੇ ਕਾਰਨ ਹੋਰ ਵੀ ਬਹੁਤ ਹਨ ਪਰ ਸਭ ਤੋਂ ਵੱਡਾ ਕਾਰਨ ਇਹੀ ਹੈ ਕਿ ਉਨ੍ਹਾਂ `ਚੋਂ ਕਿਸੇ ਧਰਮ ਦੇ ਅਨੁਯਾਯੀਆਂ ਵਿਚਕਾਰ ਨਿਜੀ ਟੋਕਾ-ਟਾਕੀ ਵਾਲੀ ਭਿਅੰਕਰ ਬਿਮਾਰੀ ਨਹੀਂ ਮਿਲਦੀ। ਜਿਵੇਂ ਕੋਈ ਰਹਿਣਾ ਚਾਹੁੰਦਾ ਹੈ ਰਹਿ ਰਿਹਾ ਹੈ। ਇਹ ਟੋਕਾ-ਟਾਕੀ ਅੱਜ ਨਾ ਮੁਸਲਮਾਨਾ ਵਿਚਕਾਰ ਹੈ, ਨਾ ਇਸਾਈਆਂ ਵਿਚਕਾਰ, ਨਾ ਹਿੰਦੂਆਂ ਤੇ ਨਾ ਕਿਸੇ ਹੋਰ ਧਰਮ ਵਾਲਿਆਂ ਵਿਚਕਾਰ।

ਜਦਕਿ ਦੂਜੇ ਪਾਸੇ ਗੁਰੂ ਨਾਨਕ ਪਾਤਸ਼ਾਹ ਦੇ ਆਲਮੀ ਮੱਤ ਵਿਚਕਾਰ ਤਾਂ ਜਿੱਥੇ ਇੱਕ ਵਾਰੀ ਨਹੀਂ ਬਲਕਿ ਹਜ਼ਾਰਾਂ ਵਾਰੀ ਪਾਤਸ਼ਾਹ ਨੇ ਸਪਸ਼ਟ ਕੀਤਾ ਹੋਇਆ ਹੈ ਕਿ ਹਰੇਕ ਦੇ ਜੀਵਨ ਦੇ ਸੁਆਸ ਸੁਆਸ ਦਾ ਨਿਆਂ ਕਰਤਾ’ ਭਾਵ ਕੇਵਲ ਤੇ ਕੇਵਲ ਅਕਾਲਪੁਰਖ ਆਪ ਹੀ ਹੈ ਤੇ ਦੂਜਾ ਕੋਈ ਨਹੀਂ। ਇਹੀ ਨਹੀਂ ਬਲਕਿ ਇਸ ਦੇ ਲਈ ਇਥੇ ਤਾਂ ਗੁਰਬਾਣੀ ਰਾਹੀਂ ਸਪਸ਼ਟ ਉਪਦੇਸ਼ ਤੇ ਆਦੇਸ਼ ਵੀ ਹਨ ਜਿਵੇਂ ਕਚ ਪਕਾਈ ਓਥੈ ਪਾਇ॥ ਨਾਨਕ ਗਇਆ ਜਾਪੈ ਜਾਇ” (ਬਾਣੀ ਜਪੁ) ਦੀਬਾਨੁ ਏਕੋ ਕਲਮ ਏਕਾ ਹਮਾ ਤੁਮਾੑ ਮੇਲੁ॥ ਦਰਿ ਲਏ ਲੇਖਾ ਪੀੜਿ ਛੁਟੈ ਨਾਨਕਾ ਜਿਉ ਤੇਲੁ” (ਪੰ: ੪੭੩) ਆਦਿ ਫ਼ਿਰ ਵੀ ਅੱਜ ਲਗਭਗ ਹਰੇਕ ਸਿੱਖ ਅਖਵਾਉਣ ਵਾਲਾ ਗੁਰਬਾਣੀ ਰਾਹੀਂ ਸਾਰੀ ਮਾਨਵਤਾ ਵਾਸਤੇ ਸਥਾਪਤ ਸਾਂਝੀਆਂ ਕੜੀਆਂ ਤੇ ਗੁਰਬਾਣੀ ਦੇ ਸਾਂਝੇ ਉਪਦੇਸ਼ਾਂ ਨੂੰ ਵਿਸਾਰ ਕੇ ਇੱਕ ਦੂਜੇ ਲਈ ਸਿੱਖੀ ਦੇ ਜੀਵਨ ਦਾ ਠੇਕੇਦਾਰ ਬਣਿਆ ਬੈਠਾ ਹੈ ਕਿ ‘ਬੱਸ ਮੈਂ ਹੀ ਚੰਗਾ ਸਿੱਖ ਹਾਂ ਅਤੇ ਬਾਕੀ ਸਾਰੇ ਮੇਰੇ ਤੋਂ ਪਿੱਛੇ ਹਨ’ ਆਦਿ।

ਅਕਾਲ ਪੁਰਖ ਹੀ ਬਖ਼ਸ਼ਿਸ਼ ਕਰੇ ਤਾਂ ਇਸ ਤੋਂ ਕੌਮ ਦਾ ਬਚਾਅ ਹੋ ਸਕਦਾ ਹੈ ਨਹੀਂ ਤਾਂ ਅਜਿਹਾ ਹੋਣਾ ਸੰਭਵ ਹੀ ਨਹੀਂ। ਕਾਸ਼ ਕੌਮ ਦੇ ਪ੍ਰਚਾਰਕਾਂ, ਪ੍ਰਬੰਧਕਾਂ ਦੇ ਜੀਵਨ, ਅਮਲ ਤੇ ਪ੍ਰਚਾਰ ਵਿੱਚ ਗੁਰਬਾਣੀ ਰਾਹੀਂ ਪ੍ਰਗਟ ਸਮੂਚੀ ਮਾਨਵਤਾ ਲਈ ਸਾਂਝੀਆਂ ਕੜੀਆਂ ਜਾਗਣ ਤੇ ਹਰੇਕ ਸਿੱਖ ਅਖਵਾਉਣ ਵਾਲਾ ਗੁਰਬਾਣੀ ਦੇ ਨਿਰਮਲ ਭਉ `ਚ ਨਿਮਾਨਾ ਸਿੱਖ ਬਣ ਕੇ ਜੀਵਨ ਜੀਵੇ ਤਾ ਕਿ ਸਾਡੇ ਜੀਵਨ `ਚੋਂ ਫ਼ਿਰ ਤੋਂ ਸਾਡਾ ਗੌਰਵਮਈ ਸਿੱਖ ਇਤਿਹਾਸ ਉਜਾਗਰ ਹੋ ਸਕੇ ਅਤੇ ਆਪਸੀ ਟੋਕਾ-ਟਾਕੀ ਵਾਲੇ ਭਿਅੰਕਰ ਰੋਗ ਤੋਂ ਨਿਜਾਤ ਹਾਸਲ ਕਰ ਸਕੀਏ। ਖ਼ੁਦ ਵੀ ਸਿੱਖੀ ਜੀਵਨ ਦਾ ਆਨੰਦ ਮਾਣੀਏ ਤੇ ਸੰਸਾਰ `ਚ ਵੀ ਇਸ ਦੀ ਖੁਸ਼ਬੂ ਨੂੰ ਫ਼ੈਲਾਈਏ ਤਾ ਕਿ ਲੋਕਾਈ ਵੀ ਗੁਰੂ ਦਰ ਦਾ ਅਨੰਦ ਮਾਨ ਸਕੇ। #12 th SDSLs01.013# (ਚਲਦਾ)

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Sikh, Dharm Vi Hai Ate Lehar Vi.01.13 BEING LOADED IN ISTTS. Otherwise about All the Self Learning Gurmat Lessons already loaded on www.sikhmarg.com it is to clarify that:-

---------------------------------------------

For all the Gurmat Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26487315 Cell 9811292808

web site- www.gurbaniguru.org
.