.

ਜਸਬੀਰ ਸਿੰਘ ਵੈਨਕੂਵਰ

ਗੁਰਬਾਣੀ ਵਿੱਚ ਜਮਦੂਤ ਦਾ ਸੰਕਲਪ

ਅਕਾਲ ਪੁਰਖ ਦੀ ਰਚੀ ਬਹੁ-ਰੰਗੀ ਅਤੇ ਬਹੁ-ਭਾਂਤੀ ਸ੍ਰਿਸ਼ਟੀ ਦੇ ਭਾਂਤ ਭਾਂਤ ਦੇ ਜੀਵ ਜੰਤਾਂ ਵਿੱਚ ਜਿਹੜੀਆਂ ਕੁੱਝ ਕੁ ਗਲਾਂ ਸਮਾਨ ਹਨ, ਉਹਨਾਂ ਵਿੱਚੋਂ ਇੱਕ ਇਹ ਹੈ ਕਿ ਹਰੇਕ ਜੀਵ ਆਪਣੀ ਹੋਂਦ ਨੂੰ ਬਚਾਉਣ ਲਈ ਦ੍ਰਿੜ ਹੈ। ਜਦੋਂ ਵੀ ਕਿਸੇ ਨੂੰ ਆਪਣੀ ਮੌਤ ਨਜ਼ਰ ਆਉਂਦੀ ਹੈ ਜਾਂ ਉਸ ਨੂੰ ਕਿਸੇ ਤਰ੍ਹਾਂ ਦਾ ਖ਼ਤਰਾ ਮਹਿਸੂਸ ਹੁੰਦਾ ਹੈ, ਤਾਂ ਉਹ ਇਸ ਤੋਂ ਬਚਣ ਲਈ ਆਪਣੀ ਪੂਰੀ ਵਾਹ ਲਾਉਂਦਾ ਹੈ। ਮਨੁੱਖ ਕਰਤੇ ਦੀ ਸਭ ਤੋਂ ਸ੍ਰੇਸ਼ਟ ਅਤੇ ਊਤਮ ਕ੍ਰਿਤ ਹੈ। ਪ੍ਰਭੂ ਦੀ ਸਭ ਤੋਂ ਸ੍ਰੇਸ਼ਟ ਕ੍ਰਿਤ ਵੀ ਮੌਤ ਤੋਂ ਬਹੁਤ ਭੈ ਭੀਤ ਹੈ। ਸ੍ਰਿਸ਼ਟੀ ਦੇ ਦੂਜੇ ਜੀਵ ਜੰਤਾਂ ਨਾਲੋਂ ਵਧੇਰੇ ਸੁਚੇਤ ਹੋਣ ਕਾਰਨ ਮਨੁੱਖ ਮੌਤ ਦੀ ਅਟੱਲਤਾ ਨੂੰ ਚੰਗੀ ਤਰ੍ਹਾਂ ਸਮਝਦਾ ਹੈ। ਮੌਤ ਦੀ ਅਟੱਲਤਾ ਬਾਰੇ ਜਿਤਨਾ ਮਨੁੱਖ ਸੁਚੇਤ ਹੈ ਉਤਨੇ ਪਸ਼ੂ ਪੰਛੀ ਨਹੀਂ ਹਨ। ਇਸ ਲਈ ਹੀ ਜਿਹੜੇ ਪ੍ਰਾਣੀ ਮੌਤ ਦੀ ਅਟੱਲਤਾ ਤੋਂ ਬੇਖ਼ਬਰ ਹੋ, ਮਨੁੱਖੀ ਕਦਰਾਂ-ਕੀਮਤਾਂ ਨੂੰ ਤਿਆਗ ਕੇ, ਆਤਮਕ ਮੌਤ ਸਹੇੜ ਲੈਂਦੇ ਹਨ, ਉਹਨਾਂ ਬਾਰੇ ਗੁਰਬਾਣੀ ਦਾ ਫ਼ਰਮਾਨ ਹੈ:
ਕੁਦਮ ਕਰੇ ਪਸੁ ਪੰਖੀਆ ਦਿਸੈ ਨਾਹੀ ਕਾਲੁ॥ ਓਤੈ ਸਾਥਿ ਮਨੁਖੁ ਹੈ ਫਾਥਾ ਮਾਇਆ ਜਾਲਿ॥ (ਪੰਨਾ ੪੩) ਅਰਥ:- ਪਸ਼ੂ ਕਲੋਲ ਕਰਦਾ ਹੈ, ਪੰਛੀ ਕਲੋਲ ਕਰਦਾ ਹੈ, (ਪਸ਼ੂ ਨੂੰ, ਪੰਛੀ ਨੂੰ) ਮੌਤ ਨਹੀਂ ਦਿੱਸਦੀ, (ਪਰ) ਮਨੁੱਖ ਭੀ ਉਸੇ ਹੀ ਸਾਥ ਵਿੱਚ (ਜਾ ਰਲਿਆ ਹੈ, ਪਸ਼ੂ ਪੰਛੀ ਵਾਂਗ ਇਸ ਨੂੰ ਭੀ ਮੌਤ ਚੇਤੇ ਨਹੀਂ, ਤੇ ਇਹ) ਮਾਇਆ ਦੇ ਜਾਲ ਵਿੱਚ ਫਸਿਆ ਪਿਆ ਹੈ।
ਇਹ ਗੱਲ ਵਧੇਰੇ ਵਿਆਖਿਆ ਦੀ ਮੁਥਾਜ ਨਹੀਂ ਹੈ ਕਿ ਪ੍ਰਭੂ ਦੀ ਸਭ ਤੋਂ ਸ੍ਰੇਸ਼ਟ ਕ੍ਰਿਤ ਨੇ ਮੌਤ ਨੂੰ ਬਹੁਤ ਹੀ ਡਰਾਉਣੇ ਰੂਪ ਵਿੱਚ ਪੇਸ਼ ਕੀਤਾ ਹੈ। ਮੌਤ ਨੂੰ ਭਿਆਨਕ ਰੂਪ ਵਿੱਚ ਦਰਸਾਉਣ `ਚ ਕਥਿੱਤ ਧਾਰਮਕ ਲੋਕਾਂ ਦਾ ਵਿਸ਼ੇਸ਼ ਹੱਥ ਹੈ। ਕੱਿਥਤ ਧਰਮੀਆਂ ਅਥਵਾ ਧਾਰਮਕ ਆਗੂਆਂ ਨੇ ਕਈ ਤਰ੍ਹਾਂ ਦੇ ਕਲਪਿਤ ਪਾਤਰਾਂ ਦੁਆਰਾ ਮੌਤ ਨੂੰ ਬਹੁਤ ਹੀ ਭਿਅੰਕਰ ਰੂਪ ਵਿੱਚ ਦਰਸਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਅਤੇ ਨਿਭਾਅ ਰਿਹਾ ਹੈ। ਭਾਰਤ ਵਿੱਚ ਤਾਂ ਇਸ ਨੂੰ ਜਿਸ ਤਰ੍ਹਾਂ ਅਤਿ ਭਿਅੰਕਰ ਰੂਪ ਵਿੱਚ ਦਰਸਾਉਣ ਲਈ ਬਹੁਤ ਹੀ ਭਿਆਨਕ ਅਤੇ ਡਰਾਉਣੇ ਜਮਦੂਤਾਂ ਕਲਪਣਾ ਕੀਤੀ ਗਈ ਹੈ, ਇਸ ਤਰ੍ਹਾਂ ਦਾ ਭਿਅੰਕਰ ਰੂਪ ਹੋਰ ਕਿਸੇ ਮਤ ਵਿੱਚ ਨਹੀਂ ਮਿਲਦਾ ਹੈ। ਜਮਦੂਤਾਂ ਵਲੋਂ ਮਨੁੱਖ ਨੂੰ ਭੈ ਭੀਤ ਕਰਨ ਅਤੇ ਕਈ ਤਰ੍ਹਾਂ ਦੇ ਭਿਆਨਕ ਦੰਡ ਆਦਿ ਦੀਆਂ ਕਹਾਣੀਆਂ ਪੜ੍ਹਣ ਸੁਣਨ ਵਾਲਾ ਮੌਤ ਦੇ ਨਾਮ ਤੋਂ ਹੀ ਬੁਰੀ ਤਰ੍ਹਾਂ ਕੰਬ ਉਠਦਾ ਹੈ। ਜਮਦੂਤ ਦੇ ਇਸ ਡਰ ਕਾਰਨ ਮਨੁੱਖ ਦੀ ਅੰਤ ਸਮੇਂ ਜਿਹੋ-ਜਿਹੀ ਹਾਲਤ ਹੁੰਦੀ ਹੈ, ਉਹ ਕਿਸੇ ਵੀ ਮਰਨ ਕਿਨਾਰੇ ਮੰਜੇ `ਤੇ ਪਏ ਹੋਏ ਪ੍ਰਾਣੀ ਨੂੰ ਦੇਖ ਕੇ ਦੇਖੀ ਜਾ ਸਕਦੀ ਹੈ। ਇਹ ਜਮਦੂਤ ਕੀ ਹਨ? ਗੁਰਬਾਣੀ ਵਿੱਚ ਇਹਨਾਂ ਦਾ ਕੀ ਸੰਕਲਪ ਹੈ? ਇਸ ਨੂੰ ਗੁਰਬਾਣੀ ਦੀ ਰੋਸ਼ਨੀ ਵਿੱਚ ਸਮਝਣ ਦੀ ਕੋਸ਼ਸ਼ ਕਰਦੇ ਹਾਂ।
ਜਮਕੰਕਰ/ ਜਮਕਿੰਕਰ: ਇਸ ਦਾ ਅਰਥ ਹੈ ਜਮ (ਯਮ) ਦਾ ਦਾਸ ਜਾਂ ਸੇਵਕ। ਇਹ ਦਾਸ ਸੁਆਮੀ ਦੀ ਚੰਗੀ ਮਾੜੀ ਹਰ ਪ੍ਰਕਾਰ ਦੀ ਸੇਵਾ ਕਰਨ ਲਈ ਤਿਆਰ ਰਹਿੰਦਾ ਹੈ। ਇਸ ਨੂੰ ‘ਜਮਗਣ’ ਜਾਂ ‘ਜਮਦੂਤ’ ਵੀ ਕਿਹਾ ਜਾਂਦਾ ਹੈ। ਪੁਰਾਣ ਸਾਹਿਤ ਵਿੱਚ ਦਸਿਆ ਗਿਆ ਹੈ ਕਿ ਜਦੋਂ ਇਸ ਸੰਸਾਰ ਵਿੱਚ ਕਿਸੇ ਦੀ ਜੀਵਨ-ਅਵਧੀ ਸਮਾਪਤ ਹੋ ਜਾਂਦੀ ਹੈ, ਤਾਂ ਉਸ ਦੇ ਪ੍ਰਾਣ ਕਢਣ ਲਈ ਯਮਰਾਜ ਆਪਣੇ ਜਮਕੰਕਰ (ਸੇਵਕਾਂ) ਨੂੰ ਭੇਜਦਾ ਹੈ (ਡਾ. ਰਤਨ ਸਿੰਘ ਜੱਗੀ-ਗੁਰੂ ਗ੍ਰੰਥ ਵਿਸ਼ਵਕੋਸ਼-ਭਾਗ ਦੂਜਾ)। ਇਸਲਾਮ ਅਨੁਸਾਰ ਅਜਰਾਈਲ, ਫ਼ਰਿਸ਼ਤਾ, ਇਹ ਸਾਰਾ ਕੰਮ ਕਰਦਾ ਹੈ।
ਗੁਰਬਾਣੀ ਵਿੱਚ ਵੀ ਜਮ, ਜਮਦੂਤ ਆਦਿ ਸ਼ਬਦ ਕਈ ਵਾਰ ਆਇਆ ਹੈ। ਪਰੰਤੂ ਬਾਣੀ ਰਚੇਤਿਆਂ ਨੇ ਪੁਰਾਣ ਸਹਿਤ ਵਿੱਚ ਵਰਣਿਤ ਜਮਦੂਤਾਂ ਦੇ ਸੰਕਲਪ ਨੂੰ ਸਵੀਕਾਰ ਨਹੀਂ ਕੀਤਾ ਹੈ। ਬਾਣੀਕਾਰਾਂ ਨੇ ਜਿਸ ਤਰ੍ਹਾਂ ਗੁਰਬਾਣੀ ਦਾ ਸਿਧਾਂਤਕ ਸੱਚ ਦ੍ਰਿੜ ਕਰਾਉਣ ਲਈ ਅਨਮਤ ਦੀ ਸ਼ਬਦਾਵਲੀ ਦੀ ਭਰਪੂਰ ਵਰਤੋਂ ਕੀਤੀ ਹੈ, ਉਸੇ ਤਰ੍ਹਾਂ ਜਮਦੂਤ ਸ਼ਬਦ ਦੀ ਵੀ ਵਰਤੋਂ ਕੀਤੀ ਹੋਈ ਹੈ। ਜਿਸ ਤਰ੍ਹਾਂ ਗੁਰਬਾਣੀ ਵਿੱਚ ਜਮਰਾਜ, ਚਿਤ੍ਰਗੁਪਤ ਤੋਂ ਭਾਵ ਪੁਰਾਣਾਂ ਵਿੱਚ ਵਰਣਿਤ ਜਮਰਾਜ ਅਤੇ ਚਿਤ੍ਰਗੁਪਤ ਤੋਂ ਨਹੀਂ ਹੈ ਇਸੇ ਤਰ੍ਹਾਂ ਜਮਦੂਤ ਜਾਂ ਜਮਦੂਤਾਂ ਤੋਂ ਵੀ ਭਾਵ ਪੁਰਾਣਾਂ ਵਿੱਚ ਵਰਣਿਤ ਜਮਦੂਤਾਂ ਤੋਂ ਨਹੀਂ ਹੈ। ਗੁਰਬਾਣੀ ਵਿੱਚ ਜਮਦੂਤ ਸ਼ਬਦ ਕਿਤੇ ਤਾਂ ਪ੍ਰਚਲਤ ਧਾਰਨਾ ਦੇ ਪ੍ਰਸੰਗ ਵਿੱਚ ਅਰਥਾਤ ਅਨਮਤ ਵਾਲਿਆਂ ਨੂੰ ਉਹਨਾਂ ਦੇ ਹੀ ਨਿਸ਼ਚਿਆਂ ਅਨੁਸਾਰ ਗੁਰਮਤਿ ਦੀ ਜੀਵਨ-ਜੁਗਤ ਦ੍ਰਿੜ ਕਰਾਉਣ ਲਈ ਅਤੇ ਕਿਤੇ ਮੁਹਾਵਰੇ ਦੇ ਤੌਰ `ਤੇ ਮਨੁੱਖ ਨੂੰ ਸ਼ੁਭ ਕਰਮ ਦ੍ਰਿੜ ਕਰਾਉਣ ਦੇ ਭਾਵ ਵਿੱਚ ਆਇਆ ਹੈ। ਨਿਮਨ ਲਿਖਤ ਫ਼ਰਮਾਨਾਂ ਵਿੱਚ ਇਸ ਭਾਵ ਨੂੰ ਦੇਖਿਆ ਜਾ ਸਕਦਾ ਹੈ:-
(ੳ) ਜਉ ਜਮੁ ਆਇ ਕੇਸ ਗਹਿ ਪਟਕੈ ਤਾ ਦਿਨ ਕਿਛੁ ਨ ਬਸਾਹਿਗਾ॥ ਸਿਮਰਨੁ ਭਜਨੁ ਦਇਆ ਨਹੀ ਕੀਨੀ ਤਉ ਮੁਖਿ ਚੋਟਾ ਖਾਹਿਗਾ॥ (ਪੰਨਾ ੧੧੦੬) ਅਰਥ: ਹੇ ਮਨ! ਜਦੋਂ ਜਮ ਨੇ ਆ ਕੇ ਕੇਸਾਂ ਤੋਂ ਫੜ ਕੇ ਤੈਨੂੰ ਭੁੰਞੇ ਪਟਕਾਇਆ, ਤਦੋਂ ਤੇਰੀ (ਉਸ ਅੱਗੇ) ਕੋਈ ਪੇਸ਼ ਨਹੀਂ ਜਾਇਗੀ। ਤੂੰ ਹੁਣ ਪ੍ਰਭੂ ਦਾ ਸਿਮਰਨ ਭਜਨ ਨਹੀਂ ਕਰਦਾ, ਤੂੰ ਦਇਆ ਨਹੀਂ ਪਾਲਦਾ, ਮਰਨ ਵੇਲੇ ਦੁਖੀ ਹੋਵੇਂਗਾ।
(ਅ) ਕਹੁ ਕਬੀਰ ਤਬ ਹੀ ਨਰੁ ਜਾਗੈ॥ ਜਮ ਕਾ ਡੰਡੁ ਮੂੰਡ ਮਹਿ ਲਾਗੈ॥ (ਪੰਨਾ ੮੭੦) ਅਰਥ: ਹੇ ਕਬੀਰ! ਸੱਚ ਇਹ ਹੈ ਕਿ ਮਨੁੱਖ ਇਸ ਮੂਰਖਤਾ ਵਲੋਂ ਤਦੋਂ ਹੀ ਜਾਗਦਾ ਹੈ (ਤਦੋਂ ਹੀ ਪਛੁਤਾਉਂਦਾ ਹੈ) ਜਦੋਂ ਮੌਤ ਦਾ ਡੰਡਾ ਇਸ ਦੇ ਸਿਰ ਉੱਤੇ ਆ ਵੱਜਦਾ ਹੈ।
(ੲ) ਧਨੁ ਜੋਬਨੁ ਦੁਇ ਵੈਰੀ ਹੋਏ ਜਿਨੀੑ ਰਖੇ ਰੰਗੁ ਲਾਇ॥ ਦੂਤਾ ਨੋ ਫੁਰਮਾਇਆ ਲੈ ਚਲੇ ਪਤਿ ਗਵਾਇ॥ (ਪੰਨਾ ੪੧੭) ਅਰਥ: (ਉਹਨਾਂ ਦਾ) ਧਨ ਤੇ ਜੋਬਨ, ਜਿਨ੍ਹਾਂ ਨੇ ਉਹਨਾਂ ਸੁੰਦਰੀਆਂ ਨੂੰ ਨਸ਼ਾ ਚਾੜ੍ਹਿਆ ਹੋਇਆ ਸੀ, ਅੱਜ ਦੋਵੇਂ ਹੀ ਉਹਨਾਂ ਦੇ ਵੈਰੀ ਬਣੇ ਹੋਏ ਹਨ। (ਬਾਬਰ ਨੇ) ਜ਼ਾਲਮ ਸਿਪਾਹੀਆਂ ਨੂੰ ਹੁਕਮ ਦੇ ਰੱਖਿਆ ਹੈ, ਉਹ ਉਹਨਾਂ ਦੀ ਇੱਜ਼ਤ ਗਵਾ ਕੇ ਉਹਨਾਂ ਨੂੰ ਲੈ ਜਾ ਰਹੇ ਹਨ।
ਉਪਰੋਕਤ ਵਰਣਿਤ ਭਾਵਾਰਥ ਤੋਂ ਇਲਾਵਾ ਜਮ ਅਥਵਾ ਜਮਦੂਤ ਸ਼ਬਦ ਵਿਕਾਰਾਂ ਅਤੇ ਜ਼ਾਲਮ ਆਦਿ ਦੇ ਭਾਵਾਰਥ ਵਿੱਚ ਵੀ ਆਇਆ ਹੈ। ਗੁਰਬਾਣੀ ਵਿੱਚ ਜਮਦੂਤਾਂ ਦੇ ਸੰਕਲਪ ਦੀ ਚਰਚਾ ਕਰਨ ਤੋਂ ਪਹਿਲਾਂ ਜਮਦੂਤਾਂ ਬਾਰੇ ਜੋ ਪ੍ਰਚਲਤ ਧਾਰਨਾ ਹੈ, ਉਸ ਦੀ ਸੰਖੇਪ ਵਿੱਚ ਚਰਚਾ ਕਰਨੀ ਢੁੱਕਵੀਂ ਹੋਵੇਗੀ। (ਨੋਟ: ਭਾਵੇਂ ਗੁਰਬਾਣੀ ਦੇ ਸੱਚ ਦਾ ਪੁਰਾਣਾਂ ਵਿੱਚ ਵਰਣਿਤ ਜਮਦੂਤਾਂ ਨਾਲ ਕੋਈ ਸੰਬੰਧ ਨਹੀਂ ਹੈ ਪਰ ਚੂੰਕਿ ਆਮ ਤੌਰ `ਤੇ ਆਮ ਜਨ-ਸਾਧਾਰਨ ਵਲੋਂ ਹੀ ਨਹੀਂ ਸਗੋਂ ਜ਼ਿਆਦਾਤਰ ਵਿਦਵਾਨ ਸੱਜਣਾ ਵਲੋਂ ਵੀ ਗੁਰਬਾਣੀ ਵਿੱਚ ਵਰਣਿਤ ਜਮਦੂਤ ਦਾ ਭਾਵ ਪੁਰਾਣਾਂ ਵਿਚਲੇ ਜਮਦੂਤਾਂ ਤੋਂ ਹੀ ਲਿਆ ਜਾਂਦਾ ਹੈ; ਇਸ ਲਈ ਪੁਰਾਣਾਂ ਦੀ ਧਾਰਨਾ ਦਾ ਜ਼ਿਕਰ ਕਰ ਰਹੇ ਹਾਂ ਤਾਂ ਕਿ ਸੁਜਾਨ ਪਾਠਕ ਖ਼ੁਦ ਦੇਖ ਸਕਣ ਕਿ ਪੁਰਾਣਾਂ ਵਿੱਚ ਇਹਨਾਂ ਦੇ ਸੰਬੰਧ ਵਿੱਚ ਕਿਹੋ ਜਿਹੀ ਧਾਰਨਾ ਪਾਈ ਜਾਂਦੀ ਹੈ।)
ਜਮਦੂਤ, ਜਮਕਿੰਕਰ/ਜਮਕੰਕਰ, ਜਮਗਣ, ਇਹ ਸਾਰੇ ਸਮਾਨਾਰਥਕ ਸ਼ਬਦ ਹਨ; ਇਹਨਾਂ ਦਾ ਅਰਥ ਹੈ ਜਮਰਾਜ ਦਾ ਸੇਵਕ, ਜਮ ਦਾ ਸਿਪਾਹੀ। “ਜਦੋਂ ਕੋਈ ਪ੍ਰਾਣੀ ਸਰੀਰ ਤਿਆਗਦਾ ਹੈ ਤਾਂ ਜਮਦੂਤ ਉਸ ਦੀ ਆਤਮਾ ਨੂੰ ਪਾਤਾਲ ਲੋਕ ਵਿੱਚ ਜਮ/ਯਮ ਦੇ ਸਾਹਮਣੇ ਪੇਸ਼ ਕਰਦੇ ਹਨ। ਪੁਰਾਣਾਂ ਅਨੁਸਾਰ ਨੇਕ ਪ੍ਰਾਣੀਆਂ ਦੀਆਂ ਰੂਹਾਂ ਨੂੰ ਜਮਪੁਰੀ ਲਿਜਾਣ ਲਗਿਆਂ ਜਮਦੂਤ ਕਸ਼ਟ ਨਹੀਂ ਦੇਂਦੇ ਪਰ ਪਾਪੀ ਰੂਹਾਂ ਨੂੰ ਸੰਗਲਾਂ ਨਾਲ ਜਕੜ ਕੇ ਯਮ ਅਥਵਾ ਧਰਮਰਾਜ ਦੇ ਸਾਹਮਣੇ ਪੇਸ਼ ਕਰਦੇ ਹਨ” (ਪੰਜਾਬੀ ਲੋਕਧਾਰਾ, ਵਿਸ਼ਵ ਕੋਸ਼-ਵਣਜਾਰਾ ਬੇਦੀ)
ਜਮਦੂਤਾਂ ਦੇ ਸਰੂਪ ਅਤੇ ਇਹਨਾਂ ਦੇ ਕਾਰਜ ਖੇਤਰ ਦਾ ਵਰਨਨ ਕਰਦਿਆਂ ‘ਬ੍ਰਹਮ ਪੁਰਾਣ’ ਦਾ ਕਰਤਾ ਲਿਖਦਾ ਹੈ:
“ਜਮਦੂਤਾਂ ਦੇ ਅਨੇਕ ਰੂਪ ਹੁੰਦੇ ਹਨ। ਉਹ ਦੇਖਣ ਵਿੱਚ ਬਹੁਤ ਹੀ ਡਰਾਵਨੇ ਅਤੇ ਸਾਰੇ ਪ੍ਰਾਣੀਆਂ ਨੂੰ ਡਰਾਉਣ ਵਾਲੇ ਹੁੰਦੇ ਹਨ। ਉਹਨਾਂ ਦੇ ਮੂੰਹ ਭਿਆਨਕ, ਨਾਸਿਕਾ ਟੇਡੀ, ਤਿੰਨ ਅੱਖਾਂ, ਠੋਡੀ, ਕਪੋਲ/ਗਾਲ੍ਹ ਅਤੇ ਮੂੰਹ ਫੈਲੇ ਹੋਏ ਅਤੇ ਹੋਠ ਲੰਬੇ ਹੁੰਦੇ ਹਨ। ਉਹ ਆਪਣੇ ਹੱਥਾਂ ਵਿੱਚ ਵਿਕਰਾਲ ਅਥਵਾ ਭਿਆਨਕ ਸ਼ਸਤਰ ਪਕੜ ਰੱਖਦੇ ਹਨ। ਇਹਨਾਂ ਸ਼ਸਤਰਾਂ ਵਿੱਚੋਂ ਅੱਗ ਦੀਆਂ ਲਪਟਾਂ ਨਿਕਲਦੀਆਂ ਰਹਿੰਦੀਆਂ ਹਨ। ਫਾਹੀ, ਸੰਗਲ ਅਤੇ ਡੰਡੇ ਨਾਲ ਡਰ ਦੇਣ ਵਾਲੇ, ਮਹਾਂਬਲੀ, ਮਹਾਂ ਭਿਅੰਕਰ ਜਮਕਿੰਕਰ ਜਮਰਾਜ ਦੀ ਆਗਿਆ ਨਾਲ ਪ੍ਰਾਣੀਆਂ ਦੀ ਆਯੂ ਸਮਾਪਤ ਹੋਣ `ਤੇ ਉਹਨਾਂ ਨੂੰ ਲੈਣ ਲਈ ਆਉਂਦੇ ਹਨ।” (ਸੰਖੇਪ ਬ੍ਰਹਮ ਪੁਰਾਣ)
ਗਰੁੜ ਪੁਰਾਣ (ਪਹਿਲਾ ਅਧਿਆਏ) ਅਨੁਸਾਰ ਜਮਦੂਤਾਂ ਦੇ ਵਾਲਾਂ ਦਾ ਰੰਗ ਕਾਂ ਵਰਗਾ ਕਾਲਾ ਹੈ, ਮੂੰਹ ਟੇਢਾ ਹੈ ਅਤੇ ਤਲਵਾਰ ਵਾਂਗ ਤਿੱਖੇ ਅਤੇ ਵਿਸ਼ਾਲ ਨਹੁੰ ਹਨ। ਜਮਦੂਤਾਂ ਵਲੋਂ ਪਾਪੀਆਂ ਨੂੰ ਧਰਮਰਾਜ ਦੇ ਪਾਸ ਪਹੁੰਚਾਣ ਤੋਂ ਪਹਿਲਾਂ ਹੀ, ਭਾਵ, ਰਸਤੇ ਵਿੱਚ ਹੀ ਕਈ ਤਰ੍ਹਾਂ ਦੀ ਤਾੜਨਾ ਅਤੇ ਕਸ਼ਟ ਦਿੱਤੇ ਜਾਂਦੇ ਹਨ।
ਨੋਟ: ਜੀਵ “ਸਰੀਰ ਤੋਂ ਨਿਕਲ ਕੇ ਅੰਗੂਠੇ ਮਾਤ੍ਰ ਸਰੀਰ ਨੂੰ ਧਾਰਨ ਕਰਦਾ ਹੈ. . ਇਸ ਅੰਗੂਠੇ ਮਾਤ੍ਰ ਸਰੀਰ ਚੇਤੰਨਆ ਸਰੀਰ ਨੂੰ ਢੱਕ ਕੇ ਇਸੇ ਸਰੀਰ ਨੂੰ ਯਾਤਨਾਰਥੀ ਸਮਝ ਕੇ ਜਮਦੂਤ ਉਸ ਜੀਵ ਦੇ ਗਲੇ ਵਿੱਚ ਰੱਸੀ ਬੰਨ੍ਹ ਕੇ ਲੈ ਜਾਂਦੇ ਹਨ” (ਗਰੁੜ ਪੁਰਾਣ- ਪਹਿਲਾ ਅਧਿਆਏ)। ਇਹ “ਸੂਖਮ ਸਰੀਰ ਜਮ ਦੀ ਸਜ਼ਾ ਦੇ ਅਨੇਕਾਂ ਕਲੇਸ਼ ਭੋਗਨ, ਅੱਗ ਨਾਲ ਸੜਨ ਅਤੇ ਸ਼ਸਤਰਾਂ ਨਾਲ ਕੱਟਣ ਨਾਲ ਵੀ ਨਸ਼ਟ ਨਹੀਂ ਹੁੰਦਾ।” (ਸੰਖੇਪ ਸ਼੍ਰੀ ਬਰਾਹ ਪੁਰਾਣ)
ਪੁਰਾਣਾਂ ਵਿੱਚ ਜਮਦੂਤਾਂ ਨੂੰ ਕਰੂਪ ਅਤੇ ਭਿਆਨਕ ਸ਼ਕਲ ਵਾਲਾ ਹੀ ਨਹੀਂ ਸਗੋਂ ਬਹੁਤ ਹੀ ਕਰੂਰ ਅਤੇ ਨਿਰਦਈ ਵੀ ਦਿਖਾਇਆ ਹੈ। ਜਮਦੂਤਾਂ ਦੀ ਨਿਰਦਇਤਾ ਦਾ ਵਰਨਨ ਕਰਦਿਆਂ ਗਰੁੜ ਪੁਰਾਣ ਦਾ ਕਰਤਾ ਲਿਖਦਾ ਹੈ ਕਿ ਜਦ ਅਤਿ ਦੀ ਗਰਮੀ ਕਾਰਨ ਪਿਆਸ ਨਾਲ ਵਿਆਕੁਲ ਹੋਇਆ ਪ੍ਰਾਣੀ ਪਾਣੀ ਮੰਗਦਾ ਹੈ “ਤਦੋਂ ਜਮਦੂਤ ਉਸ ਨੂੰ ਪੀਣ ਲਈ ਗਰਮ ਤੇਲ ਦੇ ਕੇ ਕਹਿੰਦੇ ਹਨ ਕਿ ਇਸ ਨੂੰ ਆਦਰ ਨਾਲ ਪੀ ਲੈ। ਜਦੋਂ ਉਹ ਜੀਵ ਅਸਮਰਥ ਹੋ ਕੇ ਉਸ ਗਰਮ ਤੇਲ ਨੂੰ ਪੀ ਲੈਂਦਾ ਹੈ ਤਦ ਉਸ ਦੀਆਂ ਅੰਤੜੀਆਂ ਸੜ ਜਾਂਦੀਆਂ ਹਨ। ਫਿਰ ਉਹ ਮੂਰਛਤ ਹੋ ਕੇ ਜ਼ਮੀਨ `ਤੇ ਡਿੱਗ ਪੈਂਦਾ ਹੈ…।”
(ਨੋਟ: ਜਮਦੂਤਾਂ ਦੀ ਇਸ ਕ੍ਰਰੂਤਾ ਅਤੇ ਨਿਰਦਇਤਾ ਕਾਰਨ ਹੀ ਜ਼ਾਲਮ, ਕ੍ਰਰੂਰ ਅਤੇ ਨਿਰਦਈ ਮਨੁੱਖਾਂ ਲਈ ਜਮਦੂਤ ਸ਼ਬਦ ਵਰਤਿਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਨੇ ਵੀ ਬਾਬਰ ਅਥਵਾ ਉਸ ਦੀਆਂ ਫ਼ੌਜਾਂ ਵਲੋਂ ਮਚਾਈ ਤਬਾਹੀ ਦਾ ਵਰਨਨ ਕਰਦਿਆਂ ਬਾਬਰ ਅਤੇ ਇਸ ਦੀਆਂ ਫ਼ੌਜਾਂ ਪ੍ਰਤੀ ਜਮ ਸ਼ਬਦ ਵਰਤਿਆ ਹੈ:-
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ॥ ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ॥ (ਪੰਨਾ ੩੬੦) ਅਰਥ: ਖੁਰਾਸਾਨ ਦੀ ਸਪੁਰਦਗੀ (ਕਿਸੇ ਹੋਰ ਨੂੰ) ਕਰ ਕੇ (ਬਾਬਰ ਮੁਗ਼ਲ ਨੇ ਹਮਲਾ ਕਰ ਕੇ) ਹਿੰਦੁਸਤਾਨ ਨੂੰ ਆ ਸਹਮ ਪਾਇਆ। (ਜੇਹੜੇ ਲੋਕ ਆਪਣੇ ਫ਼ਰਜ਼ ਭੁਲਾ ਕੇ ਰੰਗ ਰਲੀਆਂ ਵਿੱਚ ਪੈ ਜਾਂਦੇ ਹਨ ਉਹਨਾਂ ਨੂੰ ਸਜ਼ਾ ਭੁਗਤਣੀ ਹੀ ਪੈਂਦੀ ਹੈ, ਇਸ ਬਾਰੇ) ਕਰਤਾਰ ਆਪਣੇ ਉਤੇ ਇਤਰਾਜ਼ ਨਹੀਂ ਆਉਣ ਦੇਂਦਾ। (ਸੋ, ਫ਼ਰਜ਼ ਭੁਲਾ ਕੇ ਵਿਕਾਰਾਂ ਵਿੱਚ ਮਸਤ ਪਏ ਪਠਾਣ ਹਾਕਮਾਂ ਨੂੰ ਦੰਡ ਦੇਣ ਲਈ ਕਰਤਾਰ ਨੇ) ਮੁਗ਼ਲ-ਬਾਬਰ ਨੂੰ ਜਮਰਾਜ ਬਣਾ ਕੇ (ਹਿੰਦੁਸਤਾਨ ਤੇ) ਚਾੜ੍ਹ ਦਿੱਤਾ।
ਜਮਦੂਤ ਜਮਰਾਜ ਦੀ ਆਗਿਆ ਨਾਲ ਪ੍ਰਾਣੀ ਨੂੰ ਕੇਵਲ ਧਰਮਰਾਜ ਦੇ ਸਾਹਮਣੇ ਪੇਸ਼ ਹੀ ਨਹੀਂ ਕਰਦੇ, ਸਗੋਂ ਧਰਮਰਾਜ ਨੂੰ ਉਸ ਜੀਵਾਤਮਾ ਬਾਰੇ ਇਹ ਸੂਚਨਾ ਵੀ ਦੇਂਦੇ ਹਨ ਕਿ, “ਦੇਵ! ਇਹ ਸਦਾ ਧਰਮ ਤੋਂ ਵੇਮੁਖ ਅਤੇ ਪਾਪ ਪਰਾਇਣ ਰਿਹਾ ਹੈ. . ਇਸ ਦੁਰਾਤਮਾ ਨੇ ਸਦਾ ਨਸ਼ੇ ਦੇ ਵਿੱਚ ਚੂਰ ਹੋ ਕੇ ਧਰਮ ਦੀ ਨਿੰਦਾ ਕੀਤੀ ਹੈ. . ਹੇ ਦੇਵਸ਼ਵਰ! ਤੁਸੀਂ ਦੱਸੋ ਕਿ ਇਸ ਸਮੇਂ ਇਸ ਨੂੰ ਦੰਡ ਦੇਣਾ ਹੈ ਜਾਂ ਇਸ ਉੱਤੇ ਦਇਆ ਕਰਨੀ ਹੈ। ਕਿਉਂਕਿ ਤੁਸੀਂ ਹੀ ਦੰਡ ਦੇਣ ਜਾਂ ਸਜ਼ਾ ਦੇਣ ਦੇ ਸਮਰੱਥ ਹੋ। ਅਸੀਂ ਤਾਂ ਕੇਵਲ ਤੁਹਾਡੀ ਆਗਿਆ ਦਾ ਪਾਲਣ ਕਾਰਨ ਵਾਲੇ ਹਾਂ।” (ਸੰਖੇਪ ਬ੍ਰਹਮ ਪੁਰਾਣ)
ਧਰਮਰਾਜ ਨੇ ਇਹਨਾਂ ਜਮਦੂਤਾਂ ਲਈ ਕੁੱਝ ਨਿਯਮ ਵੀ ਮੁਕਰੱਰ ਕੀਤੇ ਹੋਏ ਹਨ, ਜਿਹਨਾਂ ਦੀ ਇਹਨਾਂ ਨੂੰ ਪਾਲਣਾ ਕਰਨ ਦੀ ਸਖ਼ਤ ਹਿਦਾਇਤ ਕੀਤੀ ਹੋਈ ਹੈ: ਸ਼੍ਰੀ ਨਰ ਸਿੰਹ ਪੁਰਾਣ ਵਿੱਚ ਧਰਮਰਾਜ ਨੂੰ ਆਪਣੇ ਇੱਕ ਕਿੰਕਰ ਦੇ ਕੰਨ ਵਿੱਚ ਇਉਂ ਕਹਿੰਦੇ ਦਰਸਾਇਆ ਗਿਆ ਹੈ ਕਿ, “ਦੂਤ! ਤੂੰ ਭਗਵਾਨ ਮਧੁਸੂਦਨ ਦੀ ਸ਼ਰਨ ਵਿੱਚ ਗਏ ਹੋਏ ਪ੍ਰਾਣੀਆਂ ਨੂੰ ਛੱਡ ਦੇਣਾ; ਕਿਉਂਕਿ ਮੇਰੀ ਪ੍ਰਭੁਤਾ ਦੂਜਿਆਂ ਮਨੁੱਖਾਂ ਉੱਤੇ ਹੀ ਚੱਲਦੀ ਹੈ, ਵੈਸ਼ਨਵਾਂ `ਤੇ ਮੇਰੀ ਪ੍ਰਭੁਤਾ ਨਹੀਂ ਹੈ। ਦੇਵ ਪੂਜਤ ਬ੍ਰਹਮਾ ਜੀ ਨੇ ਮੈਨੂੰ ‘ਯਮ’ ਕਹਿ ਕੇ ਲੋਕਾਂ ਦੇ ਪੁੰਨ ਪਾਪ ਦਾ ਵਿਚਾਰ ਕਰਨ ਦੇ ਲਈ ਨਿਯੁਕਤ ਕੀਤਾ ਹੈ। ਜੋ ਵਿਸ਼ਨੂੰ ਅਤੇ ਗੁਰੂ ਤੋਂ ਬੇਮੁਖ ਹਨ, ਮੈਂ ਉਨ੍ਹਾਂ ਮਨੁੱਖਾਂ `ਤੇ ਸ਼ਾਸਨ ਕਰਦਾ ਹਾਂ। ਜੋ ਸ਼੍ਰੀ ਹਰਿ ਦੇ ਚਰਨਾਂ ਵਿੱਚ ਸੀਸ ਝੁਕਾਨ ਵਾਲੇ ਹਨ, ਉਨ੍ਹਾਂ ਨੂੰ ਤਾਂ ਮੈਂ ਖ਼ੁਦ ਵੀ ਪ੍ਰਣਾਮ ਕਰਦਾ ਹਾਂ।” ਸ਼੍ਰੀ ਨਰ ਸਿੰਹੰ ਪੁਰਾਣ-ਨੌਵਾਂ ਅਧਿਆਏ)
ਪੁਰਾਣਾਂ ਵਿੱਚ ਜਮਦੂਤਾਂ ਨੂੰ ਆਮ ਮਨੁੱਖ ਵਾਂਗ ਭੁਲਕੱੜ ਵੀ ਦਰਸਾਇਆ ਹੈ; ਇਹਨਾਂ ਤੋਂ ਜਾਣੇ-ਅਣਜਾਣੇ ਭੁੱਲਾਂ ਵੀ ਹੋ ਜਾਂਦੀਆਂ ਹਨ। ਆਪਣੇ ਸੁਆਮੀ ਦੀ ਆਗਿਆ ਦਾ ਪਾਲਣ ਕਰਦਿਆਂ ਹੋਇਆਂ ਜਦੋਂ ਇਹ ਕਿਸੇ ਪ੍ਰਾਣੀ ਨੂੰ ਲੈਣ ਆਉਂਦੇ ਹਨ ਤਾਂ ਭੁਲੇਖੇ ਵਿੱਚ ਕਿਸੇ ਦੂਜੇ ਪ੍ਰਾਣੀ ਨੂੰ ਆਪਣੇ ਨਾਲ ਲੈ ਜਾਂਦੇ ਹਨ। ਜਮਦੂਤਾਂ ਨੂੰ ਇਹ ਭੁਲੇਖਾ ਆਮ ਤੌਰ `ਤੇ ਇਕੋ ਨਾਮ ਵਾਲੇ ਦੋ ਵਿਅਕਤੀਆਂ ਦੇ ਸੰਬੰਧ ਵਿੱਚ ਲੱਗਦਾ ਹੈ। ਜਦੋਂ ਧਰਮਰਾਜ ਦੇ ਸਾਹਮਣੇ ਉਸ ਵਿਅਕਤੀ ਨੂੰ ਪੇਸ਼ ਕਰਦੇ ਹਨ ਤਦ ਧਰਮਰਾਜ ਵਲੋਂ ਜਮਦੂਤਾਂ ਨੂੰ ਇਹਨਾਂ ਦੀ ਗ਼ਲਤੀ ਦਾ ਅਹਿਸਾਸ ਕਰਾਇਆ ਜਾਂਦਾ ਹੈ। ਆਪਣੀ ਗ਼ਲਤੀ ਨੂੰ ਸੁਧਾਰਨ ਲਈ ਉਸੇ ਸਮੇਂ ਉਸ ਪ੍ਰਾਣੀ ਨੂੰ ਛੱਡ ਕੇ ਦੂਜੇ ਵਿਅਕਤੀ ਨੂੰ ਪਕੜ ਕੇ ਲੈ ਜਾਂਦੇ ਹਨ। ਇਹ ਵੀ ਮੰਨਿਆ ਜਾਂਦਾ ਹੈ ਕਿ ਕਈ ਵਾਰ ਸਮੇਂ ਤੋਂ ਪਹਿਲਾਂ ਹੀ ਭੁਲੇਖੇ ਵਿੱਚ ਲੈ ਜਾਂਦੇ ਹਨ। “ਲੋਕ ਪ੍ਰਸਿੱਧ ਕਥਾ ਹੈ ਕਿ ਯਮਦੂਤ ਕਿਸੇ ਪ੍ਰਾਣੀ ਨੂੰ ਯਮਲੋਕ ਲੈ ਜਾਂਦੇ ਹਨ, ਪਰ ਯਮ ਉਸ ਦੇ ਹਿਸਾਬ ਨੂੰ ਦੇਖ ਕੇ ਕਿ ਅਜੇ ਇਸ ਦੀ ਮੌਤ ਦਾ ਵੇਲਾ ਨਹੀਂ, ਫੇਰ ਮੌੜ ਦਿੰਦਾ ਹੈ, ਅਰ ਮੁਰਦੇ ਵਿੱਚ ਪ੍ਰਾਣ ਆ ਜਾਂਦੇ ਹਨ।” (ਮਹਾਨ ਕੋਸ਼- ਭਾਈ ਕਾਨ੍ਹ ਸਿੰਘ ਨਾਭਾ)
(ਨੋਟ: ਪੁਰਾਣਾਂ ਦੀਆਂ ਇਹਨਾਂ ਕਹਾਣੀਆਂ ਨੂੰ ਆਮ ਤੌਰ `ਤੇ ਗੁਰਦੁਆਰਾ ਸਾਹਿਬਾਨ ਦੀਆਂ ਸਟੇਜਾਂ ਤੋਂ ਵੀ ਸੁਣਾਇਆ ਜਾਂਦਾ ਹੈ। ਕੁੱਝ ਕੁ ਸਮਾਂ ਪਹਿਲਾਂ ਗੁਰਦੁਆਰਾ ਸਾਹਿਬ ਦੀ ਸਟੇਜ ਤੋਂ ਇੱਕ ਬਾਬਾ ਜੀ ਕਥਾ ਦੌਰਾਨ ਸੁਣਾ ਰਹੇ ਸਨ ਕਿ ਹਰਨਾਮੀ ਨਾਮ ਦੀ ਇੱਕ ਮਾਈ ਨੂੰ ਜਿਉਂ ਹੀ ਜਮਦੂਤ ਧਰਮਰਾਜ ਪਾਸ ਲੈ ਕੇ ਹਾਜ਼ਰ ਹੋਏ ਤਾਂ ਧਰਮਰਾਜ ਨੇ ਜਮਦੂਤਾਂ ਨੂੰ ਤਾੜਨਾ ਕਰਦਿਆਂ ਹੋਇਆ ਆਖਿਆ ਕਿ ਤੁਹਾਨੂੰ ਤਾਂ ਮਿਸਤਰੀਆਂ ਦੀ ਹਰਨਾਮੀ ਲਿਆਉਣ ਲਈ ਕਿਹਾ ਸੀ ਪਰ ਤੁਸੀਂ ਜੱਟਾਂ ਦੀ ਹਰਨਾਮੀ ਲੈ ਆਏ ਹੋ। ਧਰਮਰਾਜ ਤੋਂ ਇਹ ਸੁਣ ਕੇ ਜਮਦੂਤਾਂ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਇਆ ਅਤੇ ਉਹ ਇਸ ਹਰਨਾਮੀ ਨੂੰ ਵਾਪਸ ਲੈ ਆਏ ਅਤੇ ਮਿਸਤਰੀਆਂ ਦੀ ਹਰਨਾਮੀ ਨੂੰ ਆਪਣੇ ਨਾਲ ਲੈ ਗਏ। ਇਹੋ ਜਿਹੇ ਸੱਜਣਾਂ ਨੇ ਧਰਮਰਾਜ ਦੇ ਦਰਬਾਰ ਤੱਕ ਜ਼ਾਤ-ਪਾਤ ਵੀ ਪਹੁੰਚਾ ਦਿੱਤੀ ਹੋਈ ਹੈ।)
ਧਰਮਰਾਜ ਵਲੋਂ ਪਾਪੀਆਂ ਨੂੰ ਸਜ਼ਾ ਸੁਣਾਉਣ ਉਪਰੰਤ ਪਾਪਾਤਮਾ ਨੂੰ ਸਜ਼ਾ ਦੇਣ ਲਈ ਫਿਰ ਇਹਨਾਂ ਜਮਦੂਤਾਂ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ: “ਜਦ ਪਾਪੀ ਉੱਤੇ ਲੱਗੇ ਦੋਸ਼ ਸਿੱਧ ਹੋ ਜਾਂਦੇ ਹਨ ਤਦੋਂ ਜਮਰਾਜ ਆਪਣੇ ਭਿਅੰਕਰ ਸੇਵਕਾਂ ਨੂੰ ਉਹਨਾਂ ਨੂੰ ਦੰਡ ਦੇਣ ਲਈ ਆਦੇਸ਼ ਦੇਂਦਾ ਹੈ।” ਜਮਦੂਤ ਆਪਣੀ ਮਰਜ਼ੀ ਨਾਲ ਪਾਪੀਆਂ ਨੂੰ ਸਜ਼ਾ ਨਹੀਂ ਦੇਂਦੇ ਬਲਕਿ ਧਰਮਰਾਜ ਵਲੋਂ ਜਿਹੋ-ਜਿਹੀ ਸਜ਼ਾ ਮੁਕਰੱਰ ਕੀਤੀ ਹੋਈ ਹੈ, ਉਸ ਅਨੁਸਾਰ ਹੀ ਦੰਡ ਦੇਂਦੇ ਹਨ। ਜਿਵੇਂ ਸੰਖੇਪ ਸ਼੍ਰੀ ਬਰਾਹ ਪੁਰਾਣ ਦਾ ਕਰਤਾ ਲਿਖਦਾ ਹੈ ਕਿ, “ਧਰਮਰਾਜ ਦਾ ਉੱਥੇ ਇਹ ਆਦੇਸ਼ ਸੀ ਕਿ ਜੋ ਝੂਠੀ ਗਵਾਹੀ ਦੇਂਦਾ ਹੈ ਅਤੇ ਚੁਗ਼ਲੀਖ਼ੋਰੀ ਕਰਦਾ ਹੈ, ਉਸ ਮਨੁੱਖ ਦੇ ਕੰਨਾਂ ਵਿੱਚ ਜਲਦੀਆਂ ਹੋਈਆਂ ਕਿੱਲਾਂ ਠੋਕ ਦੇਵੋ। ਝੂਠ ਬੋਲਣ ਵਾਲੇ ਨੂੰ ਵੀ ਇਹੀ ਦੰਡ ਦੇਣਾ ਚਾਹੀਦਾ ਹੈ. . ਜਿਸ ਦੀ ਜੀਭ ਸਦਾ ਭੈੜੇ ਬੋਲ ਹੀ ਬੋਲਦੀ ਹੈ, ਉਸ ਪਾਪੀ ਦੀ ਜੀਭ ਨੂੰ ਤੁਰੰਤ ਕੱਟ ਦੇਵੋ. . ।” ਜਿਸ ਤਰ੍ਹਾਂ ਪੁਰਾਣ ਲੇਖਕਾਂ ਦੀ ਕਈ ਵਿਸ਼ਿਆਂ ਸੰਬੰਧੀ ਇਕਸਾਰਤਾ ਨਹੀਂ ਹੈ, ਉਸੇ ਤਰ੍ਹਾਂ ਇਸ ਸੰਬੰਧ ਵਿੱਚ ਵੀ ਇਕਸਾਰਤਾ ਨਹੀਂ ਹੈ। ਦੂਜੇ ਪੁਰਾਣ ਦੇ ਲੇਖਕ ਅਨੁਸਾਰ, “ਵਸ਼ਿਸ਼ਠ ਆਦਿ ਰਿਸ਼ੀਆਂ ਨੇ ਜਿਸ ਦੇ ਲਈ ਜੋ ਦੰਡ ਨਿਯਤ ਕੀਤਾ ਹੋਇਆ ਹੈ, ਉਸ ਦੇ ਅਨੁਸਾਰ ਹੀ ਜਮਕਿੰਕਰ ਪਾਪੀਆਂ ਨੂੰ ਦੰਡ ਦੇਂਦੇ ਹਨ।”
ਜਿਸ ਤਰ੍ਹਾਂ ਮਨੁੱਖ ਵਧੇਰੇ ਕੰਮ-ਕਾਜ ਕਾਰਨ ਥਕਾਵਟ ਮਹਿਸੂਸ ਕਰਦਾ ਹੈ, ਪੁਰਾਣਾਂ ਵਿੱਚ ਇਸੇ ਤਰ੍ਹਾਂ ਜਮਦੂਤਾਂ ਨੂੰ ਵੀ ਵਧੇਰੇ ਦੌੜ-ਭੱਜ ਕਾਰਨ ਥਕਾਵਟ ਦਾ ਸ਼ਿਕਾਰ ਹੋਇਆ ਦਿਖਾਇਆ ਗਿਆ ਹੈ। ਨਿਮਨ ਲਿਖਤ ਵਿੱਚੋਂ ਇਸ ਭਾਵ ਨੂੰ ਦੇਖਿਆ ਜਾ ਸਕਦਾ ਹੈ:-
“ਇਕ ਬਾਰ ਜਦ ਸਾਰੇ ਦੂਤ ਥਕ ਕੇ, ਊਭ ਕੇ ਬੈਠ ਗਏ ਅਤੇ ਹੱਥ ਜੋੜ ਕੇ ਚਿਤ੍ਰ ਗੁਪਤ ਨੂੰ ਕਿਹਾ ਕਿ ਸਾਡੀ ਸਾਰੀ ਸ਼ਕਤੀ ਸਮਾਪਤ ਹੋ ਚੁਕੀ ਹੈ। ਤੁਸੀਂ ਹੋਰ ਦੂਤਾਂ ਨੂੰ ਇਸ ਕੰਮ ਵਿੱਚ ਲਾ ਦੇਵੋ। ਇਹ ਸੁਣ ਕੇ ਚਿਤ੍ਰ ਗੁਪਤ ਦੀ ਭੋਂਹਾਂ ਚੜ੍ਹ ਗਈਆਂ ਅਤੇ ਉਸ ਨੇ ‘ਮੰਦੇਹ’ ਰਾਖਸ਼ਾਂ ਨੂੰ ਪ੍ਰਗਟ ਕੀਤਾ। ਉਹਨਾਂ ਸਭ ਰਾਖਸ਼ ਨੇ ਅਨੇਕ ਤਰ੍ਹਾਂ ਦੇ ਰੂਪ ਧਾਰਨ ਕੀਤੇ ਹੋਏ ਸਨ। ਉਹਨਾਂ ਰਾਖਸ਼ਾਂ ਨੇ ਉਸ ਨੂੰ ਕਿਹਾ, ਪ੍ਰਭੂ! ਸਾਨੂੰ ਛੇਤੀ ਆਗਿਆ ਦੇਣ ਦੀ ਕ੍ਰਿਪਾ ਕਰੋ।
ਚਿਤ੍ਰ ਗੁਪਤ ਬੋਲੇ ‘ਤੁਸੀਂ ਇਹਨਾਂ ਪ੍ਰਤੀਕੂਲ ਦੂਤਾਂ ਨੂੰ ਫੜੋ ਅਤੇ ਤੁਰੰਤ ਬੰਧਨ ਵਿੱਚ ਪਾ ਦੇਵੋ। …ਅੰਤ ਵਿੱਚ ਦੂਤਾਂ ਅਤੇ ਰਾਖਸ਼ਾਂ ਵਿੱਚ ਭਿਅੰਕਰ ਯੁੱਧ ਹੋਣ ਲਗਾ. . ਇਸੇ ਸਮੇਂ ਧਰਮਰਾਜ ਉੱਥੇ ਪਧਾਰੇ ਅਤੇ ਉਹਨਾਂ ਦੀ ਆਗਿਆ ਨਾਲ ਯੁੱਧ ਸਮਾਪਤ ਹੋਇਆ। ਫਿਰ ਉਹਨਾਂ ਨੇ ਦੂਤਾਂ ਅਤੇ ਚਿਤ੍ਰ ਗੁਪਤ ਦੀ ਸੁਲ੍ਹਾ ਕਰਾ ਦਿੱਤੀ।” (ਸੰਖੇਪ ਸ਼੍ਰੀ ਬਰਾਹ ਪੁਰਾਣ- ਅਧਿਆਏ ੨੦੧)
ਜਮਦੂਤ ਕੇਵਲ ਪਾਪੀਆਂ ਦੀਆਂ ਆਤਮਾਵਾਂ ਨੂੰ ਲੈਣ ਲਈ ਹੀ ਆਉਂਦੇ ਹਨ, ਪੁੰਨ ਆਤਮਾਵਾਂ ਨੂੰ ਨਹੀਂ। ਜੇਕਰ ਭੁਲੇਖੇ ਨਾਲ ਕਿਧਰੇ ਜਮਦੂਤ ਕਿਸੇ ਪੁੰਨ ਆਤਮਾ ਨੂੰ ਲੈਣ ਲਈ ਆ ਜਾਣ ਤਾਂ ਵਿਸ਼ਨੂੰ ਆਪਣੇ ਦਰਬਾਰੀ ‘ਪਾਰਖਦਾਂ’ ਨੂੰ ਤੁਰੰਤ ਪੁੰਨਾਤਮਾ ਦੀ ਸਹਾਇਤਾ ਕਰਨ ਲਈ ਭੇਜ ਦੇਂਦਾ ਹੈ। ਇਹ ‘ਪਾਰਖਦ’ ਜਮਦੂਤਾਂ ਨੂੰ ਮਾਰ ਕੇ ਇਹਨਾਂ ਦੇ ਪੰਜੇ ਤੋਂ ਪੁੰਨਾਤਮਾ ਨੂੰ ਛੁਡਾ ਲੈਂਦੇ ਹਨ। ਪੁੰਨੀ ਆਤਮਾਵਾਂ ਨੂੰ ਲੈਣ ਲਈ ਬੈਕੁੰਠ ਤੋਂ ਸਪੈਸ਼ਲ ਵਿਮਾਨ ਆਉਂਦਾ ਹੈ ਜਿਸ `ਤੇ ਬੈਠ ਕੇ ਪੁੰਨਾਤਮਾ ਬੈਕੁੰਠ ਨੂੰ ਚਲੇ ਜਾਂਦੇ ਹਨ। ਕਈ ਪੁਰਾਣ ਲੇਖਕਾਂ ਅਨੁਸਾਰ ਧਰਮਰਾਜ ਦੀ ਕਚਹਿਰੀ ਵਿੱਚ ਪੇਸ਼ ਤਾਂ ਦੋਹਾਂ, ਭਾਵ, ਪਾਪੀ ਅਤੇ ਪੁੰਨਾਤਮਾ ਨੂੰ ਹੋਣਾ ਪੈਂਦਾ ਹੈ, ਪਰੰਤੂ ਪੁੰਨਾਤਮਾ ਨੂੰ ਲੈਣ ਲਈ ਜਮਦੂਤ ਨਹੀਂ ਬਲਕਿ ਸਪੈਸ਼ਲ ਸਵਾਰੀ ਆਉਂਦੀ ਹੈ। ਕਈ ਇਹ ਮੰਨਦੇ ਹਨ ਕਿ ਪਾਪੀ ਅਤੇ ਪੁੰਨਾਤਮਾ ਦੋਹਾਂ ਨੂੰ ਲੈ ਕੇ ਤਾਂ ਜਮਦੂਤ ਹੀ ਜਾਂਦੇ ਹਨ ਪਰ ਜਿੱਥੇ ਪਾਪੀਆਂ ਨੂੰ ਜਮਦੂਤ ਭਾਰੀ ਦੰਡ ਦੇਂਦੇ ਹੋਏ ਲਿਜਾਂਦੇ ਹਨ ਉੱਥੇ ਪੁੰਨਾਤਮਾ ਨੂੰ ਕਿਸੇ ਪ੍ਰਕਾਰ ਦਾ ਦੰਡ ਆਦਿ ਨਹੀਂ ਦਿੱਤਾ ਜਾਂਦਾ।
“…ਤਬ ਉਸ ਪ੍ਰਾਣੀ ਨੂੰ ਲੈਣ ਲਈ ਕਿੰਕਨੀ ਜਾਲ ਦੀ ਮਾਲਾ ਨਾਲ ਜੁਕਤ/ ਸਜੁੰਤ ਚਮਰ ਨਾਲ ਸੁਸ਼ੋਭਤ ਵਿਮਾਨ ਨੂੰ ਲੈ ਕੇ ਵਿਸ਼ਨੂ ਦੇ ਦੂਤ ਆਉਂਦੇ ਹਨ। ਧਰਮ ਦੇ ਤੱਤ ਨੂੰ ਜਾਣਨ ਵਾਲੇ ਪੰਡਿਤ ਵਿਸ਼ਨੂ ਦੇ ਦੂਤ ਆਪਣੇ ਪਿਆਰੇ ਧਰਮਾਤਮਾ ਪੁਰਸ਼ ਨੂੰ ਵਿਮਾਨ ਵਿੱਚ ਬੈਠਾ ਕੇ ਸੁਰਗ ਨੂੰ ਲੈ ਜਾਂਦੇ ਹਨ। ਉਹ ਮਨੁੱਖ ਦਿਵਯ ਸਰੀਰ ਨੂੰ ਪਾ ਕੇ ਸੁੰਦਰ ਵਸਤ੍ਰ ਆਭੂਸ਼ਨ ਨੂੰ ਧਾਰਨ ਕੀਤੇ ਰਤਨਾਂ ਦੀ ਮਾਲਾ ਨਾਲ ਅਲੰਕ੍ਰਿਤ ਹੋ ਕੇ ਦੇਵਤਿਆਂ ਨਾਲ ਪੂਜਤ ਹੋ ਕੇ ਦਾਨ ਦੇ ਪ੍ਰਭਾਵ ਨਾਲ ਸੁਰਗ ਨੂੰ ਜਾਂਦਾ ਹੈ। (ਗਰੁੜ ਪੁਰਾਣ-ਅਧਿਆਏ ਨੌਵਾਂ)
ਪੁੰਨਾਤਮਾ ਨੂੰ ਜਮਪੁਰੀ ਵਿੱਚ ਲਿਜਾਣ ਲਈ ਇਕੋ ਜਿਹੇ ਵਿਮਾਨ ਨਹੀਂ ਬਲਕਿ ਭਿੰਨ ਭਿੰਨ ਹੁੰਦੇ ਹਨ। ਹਰੇਕ ਪੁੰਨਾਤਮਾ ਨੂੰ ਉਸ ਦੇ ਕੀਤੇ ਹੋਏ ਪੁੰਨ ਕਰਮ ਅਨੁਸਾਰ ਹੀ ਸਵਾਰੀ ਨਸੀਬ ਹੁੰਦੀ ਹੈ। ਜਿਵੇਂ “ਜਿਹੜੇ ਪ੍ਰਾਣੀ ਇਸ ਲੋਕ ਵਿੱਚ ਧਰਮ ਪਰਾਇਣ ਹੋ ਕੇ ਅਹਿੰਸਾ ਦਾ ਪਾਲਣ ਕਰਦੇ ਹਨ, ਗੁਰੂ ਜਨਾਂ ਦੀ ਸੇਵਾ ਵਿੱਚ ਜੁਟੇ ਰਹਿੰਦੇ ਹਨ ਅਤੇ ਦੇਵਤਾ ਅਥਵਾ ਬ੍ਰਾਹਮਣਾਂ ਦੀ ਪੂਜਾ ਕਰਦੇ ਹਨ, ਉਹ ਇਸਤ੍ਰੀ ਅਤੇ ਪੁਰਸ਼ ਸਮੇਤ ਸਵਰਨਮਈ ਝੰਡਿਆਂ ਨਾਲ ਸੁਸ਼ੋਭਤ ਭਾਂਤ ਭਾਂਤ ਦੇ ਪ੍ਰਕਾਸ਼ਮਈ ਵਿਮਾਨਾਂ ਉੱਤੇ ਸਵਾਰ ਹੋ ਕੇ ਧਰਮਰਾਜ ਦੀ ਨਗਰੀ ਵਿੱਚ ਜਾਂਦੇ ਹਨ। … ਜੋ ਸ੍ਰੇਸ਼ਟ ਬ੍ਰਾਹਮਣਾਂ ਨੂੰ ਸ਼ੁੱਧ ਹਿਰਦੇ ਨਾਲ ਭਗਤੀ ਪੂਰਨ ਗੁੜ ਦਾ ਰਸ ਅਤੇ ਚਾਵਲ ਦੇਂਦੇ ਹਨ, ਉਹ ਸਵਰਨਮਯ ਵਾਹਨਾਂ ਦੁਆਰਾ ਜਮਲੋਕ ਨੂੰ ਜਾਂਦੇ ਹਨ. . ਜੋ ਬ੍ਰਾਹਮਣਾਂ ਨੂੰ ਸਿਰ ਅਤੇ ਪੈਰ `ਤੇ ਮਲਣ ਲਈ ਤੇਲ ਤਥਾ ਇਸ਼ਨਾਨ ਅਤੇ ਪੀਣ ਲਈ ਪਾਣੀ ਦੇਂਦੇ ਹਨ, ਉਹ ਘੋੜੇ ਉੱਤੇ ਸਵਾਰ ਹੋ ਕੇ ਜਮਲੋਕ ਨੂੰ ਜਾਂਦੇ ਹਨ। …।” (ਸੰਖੇਪ ਬ੍ਰਹਮਾ ਪੁਰਾਣ)
ਜਮਦੂਤ ਇਹਨਾਂ ਪਾਪੀ ਅਤੇ ਪੁੰਨਾਤਮਾ ਨੂੰ ਜਮ ਪੁਰੀ ਵਿੱਚ ਭਿੰਨ ਭਿੰਨ ਰਸਤਿਆਂ ਦੁਆਰਾ ਲੈ ਕੇ ਜਾਂਦੇ ਹਨ। ਜਮ ਪੁਰੀ ਵਿੱਚ ਦਾਖ਼ਲ ਹੋਣ ਲਈ ਚਾਰ ਦਰਵਾਜ਼ੇ ਹਨ, ਜਿਹਨਾਂ ਵਿੱਚੋਂ ਜੀਵਾਤਮਾ ਨੂੰ ਜਮ ਪੁਰੀ ਵਿੱਚ ਲਿਜਾਇਆ ਜਾਂਦਾ ਹੈ: “ਧਰਮਾਤਮਾ ਜੀਵ ਤਿੰਨ ਮਾਰਗਾਂ ਅਰਥਾਤ ਪੂਰਬ, ਪੱਛਮ ਅਤੇ ਉੱਤਰ ਦੇ ਦਰਵਾਜ਼ੇ ਦੁਆਰਾ ਜਮਰਾਜ ਲੋਕ ਵਿੱਚ ਜਾਂਦੇ ਹਨ ਅਤੇ ਪਾਪੀ ਪ੍ਰਾਣੀ ਕੇਵਲ ਦੱਖਣ ਦੇ ਦਰਵਾਜ਼ੇ ਦੁਆਰਾ ਹੀ ਜਮਲੋਕ ਨੂੰ ਜਾਂਦੇ ਹਨ।” (ਗਰੁੜ ਪੁਰਾਣ-ਅਧਿਆਏ ਚੌਥਾ)
ਇਹਨਾਂ ਜਮਦੂਤਾਂ ਨੂੰ ਪ੍ਰਾਣੀਆਂ ਦੇ ਕੀਤੇ ਕਰਮ ਦੀ ਪੂਰੀ ਪੂਰੀ ਜਾਣਕਾਰੀ ਹੁੰਦੀ ਹੈ। ਇਸ ਲਈ ਹੀ ਜਦੋਂ ਕੋਈ ਪ੍ਰਾਣੀ ਜਮ ਮਾਰਗ ਦੇ ਦੁੱਖਾਂ ਤੋਂ ਪੀੜਤ ਹੋ ਕੇ ਰੋਂਦਾ ਕੁਰਲਾਉਂਦਾ ਹੈ ਤਾਂ ਜਮਦੂਤ ਉਸ ਨੂੰ ਕਹਿੰਦੇ ਹਨ, “ਹੇ ਦੇਹੀ! ਤੂੰ ਕੁਛ ਦਾਨ ਨਹੀਂ ਕੀਤਾ, ਨਾ ਹੀ ਤੂ ਅੱਗ ਵਿੱਚ ਹਵਨ ਕੀਤਾ ਹੈ, ਨਾ ਤਪੱਸਿਆ ਕੀਤੀ, ਨਾ ਹੀ ਦੇਵਤਿਆਂ ਦਾ ਪੂਜਨ ਕੀਤਾ ਹੈ ਅਤੇ ਨਾ ਹੀ ਤੂੰ ਤੀਰਥਾਂ `ਤੇ ਜਾ ਕੇ ਇਸ਼ਨਾਨ ਕੀਤਾ ਹੈ। ਇਸ ਲਈ ਹੇ ਜੀਵ! ਆਪਣੇ ਕੀਤੇ ਕਰਮਾਂ ਦਾ ਫਲ਼ ਭੋਗ (ਗਰੁੜ ਪੁਰਾਣ- ਪਹਿਲਾ ਅਧਿਆਏ)
ਪੁਰਾਣਾਂ ਵਿੱਚ ਜਮਦੂਤਾਂ ਦੀ ਗਿਣਤੀ ਆਦਿ ਬਾਰੇ ਕਿਸੇ ਤਰ੍ਹਾਂ ਦਾ ਕੋਈ ਵਰਨਣ ਨਹੀਂ ਮਿਲਦਾ ਹੈ। ਇਹਨਾਂ ਦੇ ਜਨਮ ਅਤੇ ਮੌਤ ਸੰਬੰਧੀ ਵੀ ਕੋਈ ਵੇਰਵਾ ਨਹੀਂ ਮਿਲਦਾ। (ਨੋਟ: ਗੁਰੂ ਗ੍ਰੰਥ ਸਾਹਿਬ ਵਿੱਚ ‘ਜੋ ਦੀਸੈ ਸੋ ਵਿਣਸਣਾ ਸਭ ਬਿਨਸਿ ਬਿਨਾਸੀ’ ਦਾ ਭਾਵ ਦ੍ਰਿੜ ਕਰਾਉਂਦਿਆਂ ਹਰੇਕ ਜੀਵਾਂ ਨੂੰ ਬਿਨਸਨਹਾਰ ਦਰਸਾਉਂਦਿਆਂ ਜਮਾਂ ਨੂੰ ਵੀ ਬਿਨਸਨਹਾਰ ਦਰਸਾਇਆ ਹੈ: ਮੁਨਿ ਜੋਗੀ ਦਿਗੰਬਰਾ ਜਮੈ ਸਣੁ ਜਾਸੀ॥ ਪੰਨਾ ੧੧੦੦) ਇਹਨਾਂ ਦੀ ਕਿਤਨੀ ਕੁ ਆਯੂ ਹੁੰਦੀ ਹੈ, ਇਸ ਸੰਬੰਧੀ ਵੀ ਕੋਈ ਵੇਰਵਾ ਨਹੀਂ ਦਿੱਤਾ ਹੋਇਆ ਹੈ। ਇਹਨਾਂ ਦੇ ਪਰਵਾਰ ਅਰਥਾਤ ਇਹਨਾਂ ਦੇ ਮਾਤਾ-ਪਿਤਾ, ਪਤਨੀ, ਭੈਣ, ਭਰਾਵਾਂ, ਧੀਆਂ ਪੁੱਤਰਾਂ ਆਦਿ ਦਾ ਵਰਨਨ ਨਹੀਂ ਮਿਲਦਾ ਹੈ।
ਧਿਆਨ ਰਹੇ ਕਿ ਜਮਦੂਤਾਂ ਦੀ ਧਾਰਨਾਂ ਕੇਵਲ ਪੁਰਾਣਾਂ ਵਿੱਚ ਹੀ ਪਾਈ ਜਾਂਦੀ ਹੈ। ਕਿਸੇ ਹੋਰ ਧਰਮ ਦੇ ਪੈਰੋਕਾਰਾਂ ਵਿੱਚ ਇਸ ਤਰ੍ਹਾਂ ਦੀ ਧਾਰਨਾ ਨਹੀਂ ਹੈ। ਇਸ ਤਰ੍ਹਾਂ ਦੀ ਧਾਰਨਾ ਤਾਂ ਪ੍ਰਚਲਤ ਹੈ ਕਿ ਜਦੋਂ ਮਨੁੱਖ ਦੀ ਮੌਤ ਹੁਮਦਿ ਹੈ ਤਾਂ ਉਸ ਨੂੰ ਕੋਈ ਦੇਵਤਾ ਅਥਵਾ ਫ਼ਰੇਸ਼ਤਾ ਲੈਣ ਆਉਂਦਾ ਹੈ। ਇਹ ਦੇਵਤਾ ਜਾਂ ਫ਼ਰੇਸ਼ਤਾ ਹਰੇਕ ਧਰਮ ਦੇ ਪੈਰੋਕਾਰਾਂ ਅਨੁਸਾਰ ਭਿੰਨ ਭਿੰਨ ਹੈ। ਭਾਵ, ਈਸਾਈਅਤ ਵਿੱਚ ਵਿਸ਼ਵਾਸ ਰੱਖਣ ਵਾਲੇ ਦਾ ਹੋਰ ਹੈ ਅਤੇ ਇਸਲਾਮ ਵਿੱਚ ਵਿਸ਼ਵਾਸ ਰੱਖਣ ਵਾਲੇ ਦਾ ਹੋਰ ਹੈ। ਅਨ ਧਰਮਾਂ ਵਾਲਿਆਂ ਦੀ ਰੀਸ ਕਰਦਿਆਂ ਕਈ ਸਿੱਖਾਂ ਨੇ ਵੀ ਇਹ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਹੈ ਕਿ ਮਨਮੁਖਾਂ ਦੀ ਰੂਹ ਨੂੰ ਜਮਦੂਤ ਲੈਣ ਆਉਂਦੇ ਹਨ ਜਦ ਕਿ ਗੁਰਮੁਖਾਂ ਦੀ ਰੂਹ ਨੂੰ ਗੁਰਸਿੱਖ ਲੈਣ ਆਉਂਦੇ ਹਨ।
ਵੱਖ ਵੱਖ ਧਰਮਾਂ ਦੇ ਪੈਰੋਕਾਰਾਂ ਵਿੱਚ ਭਿੰਨ ਭਿੰਨ ਧਾਰਨਾਵਾਂ ਇਸ ਗੱਲ ਦਾ ਹੀ ਲਖਾਇਕ ਹਨ ਕਿ ਇਹ ਸਭ ਕੁੱਝ ਮਨੁੱਖ ਦੀ ਆਪਣੀ ਹੀ ਕਲਪਣਾ ਦਾ ਸਿੱਟਾ ਹੈ। ਰੱਬ ਦਾ ਵਿਧਾਨ ਅਥਵਾ ਰੱਬੀ ਕਨੂੰਨ ਹਿੰਦੂ, ਸਿੱਖਾਂ ਜਾਂ ਈਸਾਈਆਂ ਆਦਿ ਲਈ ਵੱਖਰਾ ਵੱਖਰਾ ਨਹੀਂ ਬਲਕਿ ਸਭਨਾਂ ਲਈ ਇੱਕੋ ਜਿਹਾ ਹੈ। ਇਸ ਦੁਨੀਆਂ ਵਿੱਚ ਆਉਣ ਅਤੇ ਜਾਣ ਦਾ ਹਰੇਕ ਮਨੁੱਖ ਲਈ ਇਕੋ ਜਿਹਾ ਵਿਧਾਨ ਹੈ। ਅਕਾਲ ਪੁਰਖ ਨੇ ਮਨੁੱਖ ਪੈਦਾ ਕੀਤੇ ਹਨ ਨਾ ਕਿ ਹਿੰਦੂ, ਮੁਸਲਮਾਨ, ਈਸਾਈ ਜਾਂ ਸਿੱਖ ਆਦਿ। ਇਹ ਹੀ ਕਾਰਨ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਮਨੁੱਖਤਾ ਨੂੰ ਕਿਸੇ ਜ਼ਾਤ, ਲਿੰਗ ਅਤੇ ਧਰਮ ਆਦਿ ਦੇ ਆਧਾਰ `ਤੇ ਵੰਡ ਕੇ ਨਹੀਂ ਦੇਖਿਆ ਹੈ। ਗੁਰਬਾਣੀ ਵਿੱਚ ਮਨੁੱਖ ਨੂੰ ਕੇਵਲ ਗੁਰਮੁਖ ਅਤੇ ਮਨਮੁਖ ਦੀ ਸ਼੍ਰੇਣੀ ਵਿੱਚ ਹੀ ਵੰਡਿਆ ਹੈ।
ਗੁਰਬਾਣੀ ਵਿੱਚ ਜੀਵਨ-ਮੁਕਤ ਹੋਣ ਨੂੰ ਹੀ ਜੀਵਨ ਦਾ ਮੁੱਖ ਉਦੇਸ਼ ਦ੍ਰਿੜ ਕਰਵਾਇਆ ਗਿਆ ਹੈ। ਗੁਰੂ ਸਾਹਿਬਾਨ ਨੇ ਇਸ ਜੀਵਨ-ਜੁਗਤ ਦੀ ਨੀਂਹ ਡਰ ਅਤੇ ਲਾਲਚ `ਤੇ ਨਹੀਂ ਰੱਖੀ। ਗੁਰਬਾਣੀ ਮਨੁੱਖ ਨੂੰ ਡਰ ਅਤੇ ਲਾਲਚ ਤੋਂ ਉਪਰ ਉਠਾ ਕੇ, ਪ੍ਰਭੂ ਦੀ ਪ੍ਰੇਮਾ-ਭਗਤੀ ਅਥਵਾ ਅਕਾਲ ਪੁਰਖ ਦੇ ਹੁਕਮ (ਨਿਯਮਾਂਵਲੀ) ਨੂੰ ਸਮਝ ਕੇ, ਹੁਕਮੀ ਬੰਦਾ ਬਣ ਕੇ ਜੀਵਨ ਬਸਰ ਕਰਨ ਲਈ ਉਤਸ਼ਾਹਤ ਕਰਦੀ ਹੈ। (ਚੱਲਦਾ)
.