.

॥ ਹਉ ਗੋਸਾਈ ਦਾ ਪਹਿਲਵਾਨੜਾ॥

“ਹਉ ਗੋਸਾਈ ਦਾ ਪਹਿਲਵਾਨੜਾ॥ ਮੈ ਗੁਰ ਮਿਲਿ ਉਚ ਦੁਮਾਲੜਾ॥ ………………………………॥ ਹਉ ਬਾਹੁੜਿ ਛਿੰਝ ਨ ਨਚਊ ਨਾਨਕ ਅਉਸਰੁ ਲਧਾ ਭਾਲਿ ਜੀਉ॥” ਇਹ ਗੁਰਬਾਣੀ ਦੀਆਂ ਪੰਕਤੀਆਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਿਰੀ ਰਾਗੁ ਵਿੱਚ ਪੰਨਾ ੭੪ ਤੇ ਦਰਜ ਅਸਟਪਦੀ ਦੇ ਅੰਕ ¡੭ ਤੋਂ ੨¡ ਤਕ ਦੀਆਂ ਹਨ।

ਭਾਵ ਅਰਥ:-

“ਹਉ ਗੋਸਾਈ ਦਾ ਪਹਿਲਵਾਨੜਾ॥ ਮੈ ਗੁਰ ਮਿਲਿ ਉਚ ਦੁਮਾਲੜਾ॥ ਸਭ ਹੋਈ ਛਿੰਝ ਇਕਠੀਆ ਦਯੁ ਬੈਠਾ ਵੇਖੈ ਆਪਿ ਜੀਉ॥ ¡੭॥”

ਮੈਂ ਸੀ ਤਾਂ ਛੋਟਾ ਜਿਹਾ ਪਹਿਲਵਾਨ ਪਰ ਗੁਰੂ ਨੂੰ ਮਿਲਕੇ ਮੈਂ ਕੁਸ਼ਤੀ ਦੇ ਦਾਉ ਪੇਚ ਸਿਖ ਕੇ ਦੁਸ਼ਮਨਾਂ ਨੂੰ ਢਾਹ ਲਿਆ ਅਤੇ ਮਾਲੀ ਜਿੱਤ ਲਈ। (ਮਾਲੀ=ਸਿਰੋਪਾ ਜਿਹੜਾ ਜਿੱਤਣ ਵਾਲੇ ਪਹਿਲਵਾਨ ਨੂੰ ਮਿਲਦਾ ਹੈ ਅਤੇ ਉਹ ਸਿਰ ਤੇ ਬੰਨ੍ਹ ਕੇ ਅਖਾੜੇ ਵਿੱਚ ਫਿਰਦਾ ਹੈ)। ਕੁਸ਼ਤੀ ਵੇਖਣ ਵਾਲਿਆਂ ਦੀ ਭੀੜ ਇਕੱਠੀ ਹੋ ਰਹੀ ਸੀ, ਵਾਹਿਗੁਰੂ ਆਪ ਵੀ ਬੈਠਾ ਵੇਖਦਾ ਸੀ।

“ਵਾਤ ਵਜਨਿ ਟੰਮਕ ਭੇਰੀਆ॥ ਮਲ ਲਥੇ ਲੈਦੇ ਫੇਰੀਆ॥ ਨਿਹਤੇ ਪੰਜਿ ਜੁਆਨ ਮੈ ਗੁਰ ਥਾਪੀ ਦਿਤੀ ਕੰਡਿ ਜੀਉ॥ ੧੮॥”

ਤੂਤੀਆਂ ਵੱਜ ਰਹੀਆਂ ਹਨ, ਨਗਾਰੇ ਵੱਜ ਰਹੇ ਹਨ, ਪਹਿਲਵਾਨ ਮੇਰੇ ਇਰਦ ਗਿਰਦ ਚੱਕਰ ਲਾ ਰਹੇ ਹਨ ਕਿ ਆ ਦੋ ਹੱਥ ਕਰਕੇ ਵੇਖ ਲੈ ਭਾਵ ਕੁਸ਼ਤੀ ਲਈ ਲੱਲਕਾਰ ਰਹੇ ਹਨ। ਗੁਰੂ ਨੇ ਮੇਰੀ ਪਿੱਠ ਤੇ ਥਾਪੀ ਦਿਤੀ ਤੇ ਹੁਕਮ ਕੀਤਾ ਕਿ ਬੱਚਾ ਜਾ ਕੇ ਘੁਲ। ਮੈਂ ਘੁਲ ਪਿਆ, ਪੰਜੇ ਜਵਾਨ ਮੈਂ ਢਾਹ ਲਏ।

“ਸਭ ਇਕਠੇ ਹੋਏ ਆਇਆ॥ ਘਰਿ ਜਾਸਨਿ ਵਾਟ ਵਟਾਇਆ॥ ਗੁਰਮੁਖਿ ਲਾਹਾ ਲੈ ਗਏ ਮਨਮੁਖ ਚਲੇ ਮੂਲੁ ਗਵਾਇ ਜੀਉ॥ ੧੯॥”

ਇਸ ਸੰਸਾਰ ਵਿੱਚ ਜੀਵ ਆ ਇਕੱਠੇ ਹੋਏ ਹਨ। ਜ਼ਿੰਦਗੀ ਦੇ ਦਿਨ ਪੂਰੇ ਹੋਣ ਤੇ ਇਥੋਂ ਤੁਰ ਜਾਣਗੇ ਪਰ ਇੱਕੋ ਰਸਤੇ ਨਹੀਂ। ਗੁਰਮੁੱਖ ਤਾਂ ਉਸ ਰਸਤੇ ਤੇ ਜਾਣਗੇ ਜਿਹੜਾ ਲਾਹਾ, ਮੁਨਾਫ਼ਾ ਲੈਕੇ ਜਾਣ ਵਾਲਿਆਂ ਦਾ ਰਸਤਾ ਹੈ ਅਤੇ ਮਨਮੁੱਖ ਉਸ ਰਸਤੇ ਤੇ ਜਾਣਗੇ ਜਿਹੜਾ ਮੂਲ ਵੀ ਗਵਾਕੇ ਜਾਣ ਵਾਲਿਆਂ ਦਾ ਰਸਤਾ ਹੈ।

“ਤੂੰ ਵਰਨਾ ਚਿਹਨਾ ਬਾਹਰਾ॥ ਹਰਿ ਦਿਸਹਿ ਹਾਜਰੁ ਜਾਹਰਾ॥ ਸੁਣਿ ਸੁਣਿ ਤੁਝੈ ਧਿਆਇਦੇ ਤੇਰੇ ਭਗਤ ਰਤੇ ਗੁਣਤਾਸੁ ਜੀਉ॥ ੨੦॥”

ਹੇ ਵਾਹਿਗੁਰੂ! ਤੂੰ ਰੂਪਾਂ ਚਿੰਨ੍ਹਾਂ ਤੋਂ ਬਾਹਰ ਹੈਂ॥ ਪਰ ਤੂੰ ਜ਼ਾਹਿਰਾ ਹੈਂ, ਹਾਜ਼ਰ ਦਿਸਦਾ ਹੈਂ। ਜਿਨ੍ਹਾਂ-ਜਿਨ੍ਹਾਂ ਨੂੰ ਤੂੰ ਦਿਸਦਾ ਹੈਂ, ਤੇਰੇ ਭਗਤ ਉਨ੍ਹਾਂ ਕੋਲੋਂ ਸੁਣ-ਸੁਣ ਕੇ ਤੇਰੇ ਗੁਣ ਗਾ-ਗਾ ਕੇ ਤੈਨੂੰ ਧਿਆ ਰਹੇ ਹਨ॥

“ਮੈ ਜੁਗਿ ਜੁਗਿ ਦਯੈ ਸੇਵੜੀ॥ ਗੁਰਿ ਕਟੀ ਮਿਹਡੀ ਜੇਵੜੀ॥ ਹਉ ਬਹੁੜਿ ਛਿੰਝ ਨ ਨਚਊ ਨਾਨਕ ਅਉਸਰੁ ਲਧਾ ਭਾਲਿ ਜੀਉ॥ ੨੧॥”

ਸਦਾ-ਸਦਾ ਦੀ ਵਾਹਿਗੁਰੂ ਦੀ ਸੇਵਾ ਬਖ਼ਸ਼ ਕੇ, ਗੁਰੂ ਨੇ ਮੇਰੀ ਮੋਹ-ਮਾਇਆ ਦੀ ਰੱਸੀ ਕੱਟ ਦਿੱਤੀ ਹੈ। ਮੈਂ ਫਿਰ ਸੰਸਾਰ ਰੂਪੀ ਛਿੰਝ ਵਿੱਚ ਆਕੇ ਨਹੀਂ ਨੱਚਾਂਗਾ, ਨਹੀਂ ਘੁਲਾਂਗਾ। ਮੈਂ ਨਾਨਕ ਨੇ ਵਾਹਿਗੁਰੂ ਨੂੰ ਮਿਲਣ ਦਾ ਮੌਕਾ ਲੱਭ ਲਿਆ ਹੈ ਭਾਵ ਮਨੁੱਖਾ ਜਨਮ ਸਫਲ ਕਰ ਲਿਆ ਹੈ।

ਵਿਆਖਿਆ:-

ਸੰਸਾਰ ਇੱਕ ਛਿੰਝ ਹੈ, ਇੱਕ ਆਖਾੜਾ ਹੈ ਜਿਸ ਵਿੱਚ ਜੀਵ ਆਪਣੀ ਜ਼ਿੰਦਗੀ ਦੀ ਖੇਡ ਖੇਡਦਾ ਹੈ। ਸੰਸਾਰ ਵਿੱਚ ਜੀਵ ਦੇ ਆਲੇ ਦੁਆਲੇ ਅਜ਼ਮਾਇਸ਼ਾਂ, ਲੁਭਾਇਮਾਨਤਾਂ ਅਤੇ ਦੁਖ ਸੁਖ ਹਨ। ਇਨ੍ਹਾਂ ਸਭ ਨਾਲ ਜੂਝਦੇ ਹੋਏ ਜੀਵ ਨੇ ਜੀਵਨ ਪੰਧ ਤੇ ਅਗਾਹਾਂ ਨੂੰ ਵਧਣਾ ਹੈ। ਗੁਰੂ ਨੂੰ ਹਾਜ਼ਿਰ ਨਾਜ਼ਰ ਜਾਨਣ ਵਾਲੇ, ਗੁਰੂ ਦਾ ਹੁਕਮ ਮੰਨਣ ਵਾਲੇ ਤਾਂ ਮਨੁੱਖਾ ਜਨਮ ਸਫਲ ਕਰਕੇ ਸੰਸਾਰ ਤੋਂ ਜਾਣਗੇ, ਪਰ ਆਪਣੇ ਮਨ ਦੇ ਪਿਛੇ ਚੱਲਣ ਵਾਲੇ ਉਹ ਰਾਸ ਪੂੰਜੀ ਵੀ ਗਵਾ ਲੈਣਗੇ ਜਿਹੜੀ ਜਨਮ ਲੈਣ ਵੇਲੇ ਨਾਲ ਮਿਲੀ ਸੀ। ਮੰਜ਼ਿਲ ਕੀ ਹੈ? ਗੁਰਬਾਣੀ ਦਾ ਫ਼ੁਰਮਾਣ ਹੈ:- “ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥” —ਪੰਨਾ ੧੨। ਸਿੱਖ ਨੇ ਗ੍ਰਿਹਸਤ ਵਿੱਚ ਰਹਿ ਕੇ ਇਸ ਮੰਜ਼ਿਲ ਤਕ ਪਹੁੰਚਣਾ ਹੈ। ਇਸ ਮੰਜ਼ਿਲ ਤੇ ਪਹੁੰਚਣ ਲਈ ਕਈ ਰਸਤੇ ਹੋ ਸਕਦੇ ਹਨ, ਪਰ ਸਿੱਖ ਨੇ ਗੁਰਮਤਿ ਵਾਲਾ ਰਸਤਾ ਅਪਨਾਉਣਾ ਹੈ। ਗੁਰਮਤਿ ਦਾ ਰਸਤਾ ਉਤੱਮ ਰਸਤਾ ਹੈ। ਮਹੱਤਵਪੂਰਣ ਰਸਤੇ ਤੇ ਚੱਲਣ ਲਈ ਉਸ ਰਸਤੇ ਦੇ ਨਿਯਮਾਂ ਦਾ ਪਾਲਣ ਕਰਨਾ ਪੈਂਦਾ ਹੈ। ਸਾਨੂੰ ਗੁਰਬਾਣੀ, ਗੁਰੂ ਸਾਹਿਬਾਨ ਦੀ ਜੀਵਨ ਜੁਗਤੀ ਅਤੇ ਗੁਰੂ ਸਾਹਿਬਾਨ ਦੇ ਸਿੱਖਾਂ ਨੂੰ ਕੀਤੇ ਹੁਕਮ ਇਸ ਰਸਤੇ ਦੇ ਨਿਯਮ ਸਿਖਾਉਂਦੇ ਹਨਗੁਰੂ ਜੀ ਨੇ ਛਿੰਝ ਦਾ ਰੂਪਕ ਬੰਨ੍ਹ ਕੇ ਇਹ ਗੱਲ ਸਮਝਾਈ ਹੈ। ਸਾਡੀ ਗੁਰੂ ਅੱਗੇ ਅਰਦਾਸ ਅਤੇ ਗੁਰੂ ਦੀ ਸਾਡੀ ਪਿੱਠ ਉੱਤੇ ਥਾਪੀ ਇਸ ਰਸਤੇ ਤੇ ਚਲਣ ਲਈ ਸਾਡੇ ਸਹਾਈ ਹੁੰਦੇ ਹਨ। ਗੁਰੂ ਜੀ ਨੇ ਬਚਿੱਤਰ ਸਿੰਘ ਨੂੰ ਥਾਪੀ ਦਿੱਤੀ। ਉਸ ਨੇ ਮਸਤ ਹਾਥੀ ਦੇ ਮੱਥੇ ਉੱਤੇ ਨਾਗਣੀ ਬਰਛਾ ਠੋਕ ਦਿੱਤਾ। ਨਾਗਣੀ ਬਰਛਾ ਲੋਹੇ ਦੇ ਤਵਿਆਂ ਨੂੰ ਚੀਰਦਾ ਹੋਇਆ ਹਾਥੀ ਦੇ ਸਿਰ ਵਿੱਚ ਵੜ ਗਿਆ। ਉਹ ਹਾਥੀ ਜਿਹੜਾ ਅਨੰਦਪੁਰ ਦੀ ਦੂਜੀ ਜੰਗ ਵਿੱਚ ਲੋਹ ਗੜ੍ਹ ਕਿਲੇ ਦਾ ਦਰਵਾਜ਼ਾ ਟੱਕਰ ਮਾਰ ਕੇ ੜੋੜਣ ਆਇਆ ਸੀ, ਬਚਿੱਤਰ ਸਿੰਘ ਤੋਂ ਜ਼ਖ਼ਮੀ ਹੋਕੇ ਚੀਖ਼ਦਾ/ਚੰਗਾੜਦਾ ਜਾਨ ਬਚਾਉਂਦਾ ਪਿਛਾਂਹ ਨੂੰ ਦੌੜ ਪਿਆ ਆਪਣੇ ਮਾਲਿਕਾਂ ਦੀ ਫੌਜ ਦਾ ਨੁਕਸਾਨ ਕਰਦਾ ਹੋਇਆ। ਖ਼ਾਲਸੇ ਲਈ ਚੜ੍ਹਦੀ ਕਲਾ ਵਿੱਚ ਰਹਿਣ ਲਈ ਗੁਰੂ ਨੂੰ ਅੰਗ ਸੰਗ ਜਾਨਣਾ ਅਤੇ ਗੁਰੂ ਅੱਗੇ ਅਰਦਾਸ ਕਰਦੇ ਰਹਿਣਾ ਬਹੁਤ ਜ਼ਰੂਰੀ ਹੈ। ਸਿੱਖ ਕੌਮ ਨੂੰ ਗ਼ੈਰ ਕਾਨੂੰਨੀ ਕਰਾਰ ਦਿੱਤਾ ਗਿਆ। ਖ਼ਾਲਸੇ ਨੇ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਥਾਪੀ ਲਈ, ਗੁਰੂ ਅਗੇ ਅਰਦਾਸ ਕੀਤੀ ਅਤੇ ਸਿੰਘਾਂ-ਸਿੰਘਣੀਆਂ ਨੇ ਘਾਤਿਕ ਹਮਲੇ ਆਪਣੇ ਪਿੰਡੇ ਤੇ ਹੰਡਾ ਲਏ। ਸਿੱਖ ਡੋਲੇ ਨਹੀਂ, ਬਲਕਿ ਚੜ੍ਹਦੀ ਕਲਾ ਦਾ ਸਬੂਤ ਦਿੱਤਾ:- “ਮਨੂ ਸਾਡੀ ਦਾਤਰੀ ਅਸੀਂ ਮਨੂ ਦੇ ਸੋਏ, ਜਿਊਂ ਜਿਊਂ ਮਨੂ ਵੱਢਦਾ ਅਸੀਂ ਦੂਣੇ ਚੌਣੇ ਹੋਏ।” ਸਾਡੇ ਤੇ ਹੋਏ ਜ਼ੁਲਮਾਂ ਨੂੰ ਦਰਸਾਉਂਦੀ ਫਿਲਮ ਤੇ ਵਰੋਧੀਆਂ ਵਲੋਂ ਪਾਬੰਦੀ ਲਾ ਦੇਣੀ ਕੋਈ ਹੈਰਾਨੀ ਦੀ ਗੱਲ ਨਹੀਂ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਇੰਨੀ ਮਾਰ ਪੈਂਦਿਆਂ ਵੀ ਅਸੀਂ ਇੱਕ ਜੁਟ ਨਹੀਂ ਹੁੰਦੇ। ਕਿਉਂ? ਕਿਉਂਕਿ ਸਾਡੇ ਵਿੱਚ ਸ੍ਰੀ ਕਲਗੀਧਰ ਦੇ ਬੱਖ਼ਸ਼ੇ ਜਜ਼ਬੇ ਦੀ ਘਾਟ ਆ ਗਈ ਹੈ। ਅਜੇ ਵੀ ਮੌਕਾ ਹੈ ਫ਼ਜ਼ੂਲ ਬਹਿਸਾਂ ਛੱਡ ਕੇ, ਨਿਜੀ ਸਵਾਰਥ ਛੱਡ ਕੇ, ਇੱਕ ਜੁਟ ਹੋ ਕੇ ਆਪਣੀ ਮੰਜ਼ਿਲ ਵਲ ਵਧਣ ਦਾ। ਔਕੜਾਂ ਤਾਂ ਆਉਂਦੀਆਂ ਹੀ ਹਨ। ਇਨ੍ਹਾਂ ਔਕੜਾਂ ਨਾਲ ਘੁਲਦਿਆਂ ਅਸੀਂ ਆਪਣੇ ਆਪ ਨੂੰ ਹੋਰ ਮਜ਼ਬੂਤ ਕਰਨਾ ਹੈ।

“ਬਾਦੇ ਮੁਖ਼ਾਲਿਫ਼ ਸੇ ਨਾ ਹੋ ਹੈਰਾਂ ਐ ਉਕਾਬ। ਯੇਹ ਤੋ ਚਲਤੀ ਹੈ ਤੁਝੇ ਔਰ ਊਂਚਾ ਉਠਾਨੇ ਕੇ ਲੀਏ।”

ਬਾਦੇ ਮੁਖ਼ਾਲਿਫ਼=ਖਿਲਾਫ ਚਲਦੀ ਹਵਾ, ਹੈਰਾਂ=ਪਰੇਸ਼ਾਨ, ਉਕਾਬ=ਬਾਜ਼।

ਸੁਰਜਨ ਸਿੰਘ--+919041409041
.