.

ਬਰਾਬਰਤਾ ਲਈ ਵੈਸਾਖੀ ਦਾ ਅਜੂਬਾ
ਰਾਮ ਸਿੰਘ, ਗ੍ਰੇਵਜ਼ੈਂਡ

ਭਾਰਤ ਵਿੱਚ ਵੈਸਾਖੀ ਕਈ ਤਰ੍ਹਾਂ ਮਨਾਈ ਜਾਂਦੀ ਹੈ। ਕਈ ਰੁੱਤ ਦੇ ਬਦਲਣ, ਤੇ ਕਈ ਕਣਕ ਦੀ ਫਸਲ ਪੱਕਣ ਤੇ ਖੁਸ਼ੀ ਮਨਾਉਣ ਲਈ ਮੇਲਿਆਂ ਦੀ ਸ਼ਕਲ ਵਿੱਚ ਇਕੱਠੇ ਹੋ ਕੇ ਨਾਚ ਰੰਗ, ਭੰਗੜੇ ਆਦਿ ਰਾਹੀਂ ਦਿਲ ਪਰਚਾਵਾ ਕਰਦੇ ਹਨ, ਪਰ 1699 ਦੀ ਵੈਸਾਖੀ ਨੇ ਗੁਰੂ ਨਾਨਕ ਸਾਹਿਬ ਵਲੋਂ ਸਿਰਜੇ ਨਿਰਮਲ ਤੇ ਨਿਆਰੇ ਸਿੱਖੀ ਪੰਥ ਨੂੰ ਪੱਕੇ ਰੂਪ ਵਿੱਚ ਨਿਆਰਾ ਰਹਿਣ ਲਈ ਬਖਸ਼ਿਸ਼ਾਂ ਦੇ ਨਾਲ ਕਈ ਖਾਸ ਫਰਜ਼ ਨਿਭਾਉਣ ਲਈ ਬਚਨ-ਵੱਧ ਕਰ ਦਿੱਤਾ। ਇੱਥੇ ਭੰਗੜੇ, ਨਾਚ ਰੰਗ ਆਦਿ ਦੀ ਥਾਂ ਵੀਰ-ਰਸੀ ਗੱਤਕੇ, ਤੀਰ-ਅੰਦਾਜ਼ੀ ਆਦਿ ਦੇ ਨਾਲ ਘੋੜ ਸਵਾਰੀ, ਦੌੜਾਂ, ਕੁਸ਼ਤੀ ਆਦਿ ਨੇ ਲੈ ਲਈ। ਸੰਗਤ ਵਿੱਚ ਬਾਣੀ ਦਾ ਅਨੰਦ ਪਹਿਲਾਂ ਹੀ ਮਾਣਿਆ ਜਾਂਦਾ ਸੀ। ਹੁਣ ਤਾਂ ਸੋਨੇ ਤੇ ਸੁਹਾਗਾ ਹੋ ਗਿਆ ਸੀ। ਨਾਚ ਰੰਗ, ਭੰਗੜੇ ਆਦਿ ਜਿੱਥੇ ਜਵਾਨੀ ਨੂੰ ਖਾਸ ਕਰਕੇ, ਆਪਣੇ ਹੱਕਾਂ ਦੀ ਰਾਖੀ ਤਾਂ ਇੱਕ ਪਾਸੇ ਜਾਣਕਾਰੀ ਤੋਂ ਹੀ ਵਾਂਝੇ ਰੱਖਦੀ ਹੈ, ਉੱਥੇ ਜਵਾਨੀ ਨੂੰ ਐਸ਼-ਪ੍ਰਸਤੀ, ਨਸ਼ਿਆਂ ਤੇ ਭਿਵਚਾਰ ਦੇ ਖੱਡੇ ਵਿੱਚ ਸੁੱਟ ਕੇ ਹਰ ਪੱਖੋਂ ਨਿਪੁੰਸਕ ਬਣਾ ਦਿੰਦੇ ਹਨ। ਪਰ ਗੁਰੂ ਦ੍ਰਿੜਾਈ ਰਹਿਤ ਜਿੱਥੇ ਜਵਾਨੀ ਨੂੰ ਰਿਸ਼ਟ ਪੁਸ਼ਟ ਤੇ ਨਰੋਏ ਰੱਖਦੀ ਹੈ ਉੱਥੇ ਜੀਵਨ ਦੇ ਹਰ ਪੱਖੋਂ ਸਾਵਧਾਨ ਰੱਖਦੀ ਹੈ। ਵੱਡੇ ਛੋਟੇ, ਅਮੀਰ ਗਰੀਬ, ਹਾਕਮ ਪਰਜਾ, ਧਾਰਮਿਕ ਆਗੂ ਤੇ ਪੈਰੋਕਾਰ ਆਦਿ ਦੇ ਜਿੱਥੇ ਆਪਣੇ ਆਪਣੇ ਫਰਜ਼ ਹੁੰਦੇ ਹਨ ਉੱਥੇ ਹੱਕ ਸੱਭ ਦੇ ਸਾਂਝੇ ਤੇ ਬਰਾਬਰ ਹੁੰਦੇ ਹਨ। ਇਸ ਵਾਕ ਦੇ ਸੰਦਰਭ ਵਿੱਚ ਇਹ ਵਾਚਣਾ ਇਸ ਲੇਖ ਦਾ ਵਿਸ਼ਾ ਹੈ, ਕੀ ਸਾਰੇ 1699 ਦੀ ਵੈਸਾਖੀ ਤੋਂ ਪਹਿਲਾਂ ਸਾਂਝੇ ਮਨੁੱਖੀ ਹੱਕ ਇਕਸਾਰ ਮਾਣ ਰਹੇ ਸਨ ਜਾ ਨਹੀਂ, ਜੇ ਨਹੀਂ ਤਾਂ ਕਿਉਂ ਨਹੀਂ?
ਹਾਕਮ ਅਤੇ ਧਾਰਮਿਕ ਆਗੂ ਸਮਾਜ ਵਿੱਚ ਖਾਸ ਅਸਥਾਨ ਰੱਖਦੇ ਹਨ। ਦੁਨਿਆਵੀ ਇਤਿਹਾਸ ਨੂੰ ਵੱਖ ਰੱਖਕੇ ਭਾਰਤੀ ਇਤਿਹਾਸ ਵਿੱਚ ਦੇਖਣ ਨੂੰ ਆਇਆ ਹੈ ਕਿ ਇਨ੍ਹਾਂ ਦੋਹਾਂ ਨੇ ਪਰਜਾ, ਜੋ ਸਦਾ ਕਿਰਤੀ ਹੀ ਹੁੰਦੇ ਹਨ, ਨੂੰ ਆਪਣੇ ਗੁਲਾਮ ਹੀ ਸਮਝਿਆ। ਇਹ ਕਿਵੇਂ ਹੋਇਆ? ਇੱਕ ਚਲਾਕ ਵਰਗ ਨੇ ਆਪਣੇ ਆਪ ਨੂੰ ਇੱਕ ਮਿਥਿਹਾਸਿਕ ਦੇਵਤੇ, ਬ੍ਰਹਮਾ ਦੇ ਮੂੰਹ ਵਿੱਚੋਂ ਪੈਦਾ ਹੋਇਆ ਦਰਸਾ ਕੇ ਆਪਣਾ ਨਾਂ ਬ੍ਰਹਮਣ ਰੱਖ ਕੇ ਆਪਣੇ ਆਪ ਨੂੰ ਲੋਕਾਂ ਦੇ ਦਿਲਾਂ ਵਿੱਚ ਪੱਕੇ ਤੌਰ ਤੇ ਪੂਜਨੀਕ ਬਣਾ ਲਿਆ ਅਤੇ ਗੁਰੂ ਬਣ ਬੈਠਾ। ਸਾਰੇ ਬੰਦੇ ਇਕੋ ਜਿਹਾ ਕੰਮ ਤਾਂ ਕਰ ਹੀ ਨਹੀਂ ਸਕਦੇ। ਜੇ ਇੱਕ ਬੰਦਾ ਕਿਸੇ ਇੱਕ ਕੰਮੋਂ ਹੋਰਨਾਂ ਨਾਲੋਂ ਕਮੀ ਰੱਖਦਾ ਹੈ ਤਾਂ ਉਹ ਦੂਸਰੇ ਕੰਮ ਵਿੱਚ ਉਨ੍ਹਾਂ ਨਾਲੋਂ ਕਾਫੀ ਅੱਗੇ ਹੁੰਦਾ ਹੈ। ਇਥੋਂ ਤੱਕ ਕਿ ਕਈ ਪਾਗਲ ਵੀ ਕਦੇ ਉਹ ਗੱਲ ਕਰ ਦਿੰਦੇ ਹਨ ਕਿ ਸਿਆਣੇ ਬੰਦੇ ਵੀ ਹੈਰਾਨ ਰਹਿ ਜਾਂਦੇ ਹਨ। ਇਨ੍ਹਾਂ ਵਿਚਾਰਾਂ ਦੇ ਆਧਾਰ ਤੇ ਸੌਖਾ ਹੀ ਸਮਝ ਆ ਜਾਂਦਾ ਹੈ ਕਿ ਸੱਭ ਮਨੁੱਖਾਂ ਦੇ ਕੰਮ ਵੱਖਰੇ ਹਨ ਪਰ ਹੱਕ ਬਰਾਬਰ ਹਨ। ਪਰ ਇਸ ਚਤਰ ਬੰਦੇ ਨੇ ਚਲਾਕੀ ਵਰਤ ਕੇ ਕੰਮਾਂ ਦੀ ਵੰਡ ਰਾਹੀਂ ਲੋਕਾਂ ਨੂੰ ਕੁੱਛ ਬੱਝਵੀਆਂ ਜਾਤਾਂ ਦਾ ਨਾਮ ਦੇ ਕੇ ਆਪ ਸੱਭ ਤੋਂ ਉੱਚੀ ਜਾਤ ਦਾ ਬਣ ਕੇ ਹੋਰਨਾਂ ਨੂੰ ਅਛੂਤ ਆਦਿ ਬਣਾ ਕੇ ਪੱਕੀ ਮੋਹਰ ਲਾ ਦਿੱਤੀ ਅਤੇ ਉਨ੍ਹਾਂ ਦੇ ਗਲਾਂ ਵਿੱਚ ਗੁਲਾਮੀ ਦਾ ਪਟਾ ਪਾ ਦਿੱਤਾ। ਹਾਕਮ ਧਿਰ ਆਪਣੇ ਕੋਲ ਹਰ ਤਰ੍ਹਾਂ ਦੀ ਤਾਕਤ ਹੋਣ ਕਰਕੇ ਧਾਰਮਿਕ ਧਿਰ ਵਲੋਂ ਆਮ ਲੋਕਾਂ ਨੂੰ ਇਸ ਤਰ੍ਹਾਂ ਨੀਵੇਂ ਬਣਾਕੇ ਵਰਤਣ ਨੂੰ ਆਪਣੇ ਲਈ ਸਦਾ ਹੀ ਬੜਾ ਲਾਭਦਾਇਕ ਸਮਝਦੀ ਹੈ ਤੇ ਨਿਚਿੰਤ ਹੋ ਕੇ ਮਨ-ਮਰਜ਼ੀ ਕਰਦੀ ਹੈ ਤੇ ਆਮ ਲੋਕਾਂ ਦੇ ਹੱਕਾਂ ਦੀ ਕੋਈ ਪਰਵਾਹ ਨਹੀਂ ਕਰਦੀ। ਆਮ ਲੋਕਾਂ ਵਿੱਚ ਬੇਚੈਨੀ ਜ਼ਰੂਰ ਫੈਲਦੀ ਹੈ ਪਰ ਕਰ ਕੁੱਛ ਨਹੀਂ ਸਕਦੇ।
ਅੱਜਕਲ ਤਾਂ ਨੈਤਕਤਾ
(Ethics) ਦੇ ਆਧਾਰ ਤੇ ਕਿਸੇ ਵੀ ਮੱਤ ਨੂੰ ਨਾ ਮੰਨਣ ਵਾਲੇ ਦਿਵਾਨਾਂ ਨੇ ਹੋਰਨਾਂ ਜੀਵਾਂ ਦੀ ਜਾਨ ਲੈਣ ਤੋਂ ਗੁਰੇਜ਼ ਕਰਨ ਅਤੇ ਸਭ ਜੀਵਾਂ ਨੂੰ ਮਨੁਖਾਂ ਦੇ ਬਰਾਬਰ ਹੱਕ ਦੇਣ ਲਈ ਬੜੀਆਂ ਦਲੀਲਾਂ ਪੇਸ਼ ਕੀਤੀਆਂ ਹਨ, ਜਿਸ ਅਨੁਸਾਰ ਕਿਹਾ ਜਾ ਸਕਦਾ ਹੈ ਕਿ ਪ੍ਰਮਾਤਮਾ ਦੇ ਪੈਦਾ ਕੀਤੇ ਸਭ ਜੀਵ ਬਰਾਬਰ ਹੱਕ ਰੱਖਦੇ ਹਨ। ਪਰ ਉੱਪਰ ਲਿਖੇ ਅਨੁਸਾਰ ਧਰਮ ਦੇ ਠੇਕੇਦਾਰ ਅਖੌਤੀ ਬ੍ਰਾਹਮਣ ਨੇ ਸਭ ਜੀਵ ਤਾਂ ਇੱਕ ਪਾਸੇ, ਸਭ ਮਨੁਖਾਂ ਨੂੰ ਬਰਾਬਰ ਸਮਝਣ ਤੇ ਬਰਾਬਰ ਹੱਕ ਦੇਣ ਤੋਂ ਹੀ ਵਾਂਝੇ ਕਰ ਦਿੱਤਾ ਸੀ। ਐਸੀ ਮਨੁੱਖੀ ਊਚ ਨੀਚ ਨੇ ਭਾਰਤੀ ਸਮਾਜ ਨੂੰ ਨਫਰਤ ਰਾਹੀਂ ਇੱਕ ਦੂਜੇ ਦੇ ਦੁਸ਼ਮਣ ਬਣਾ ਦਿੱਤਾ ਤੇ ਗੁਲਾਮੀ ਦਾ ਜੂਲਾ ਗਲ ਵਿੱਚ ਪੈ ਗਿਆ। ਕਿਸੇ ਵਿਚਾਰਵਾਨ ਨੇ ਕਿਹਾ ਹੈ ਕਿ, “ਨਫਰਤ ਦੀ ਜ਼ਹਿਰ ਨੂੰ ਮਨੁਖਾਂ ਤੇ ਨਹੀਂ ਵਰਤਣਾ ਚਾਹੀਦਾ।” ਐਸੇ ਨਫਰਤ ਭਰੇ ਊਚ ਨੀਚ ਦੇ ਵਾਤਾਵਰਨ ਨੂੰ ਕੁੱਛ ਭਗਤ ਸਾਹਿਬਾਨ ਨੇ ਠੀਕ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਸੇ ਤਰ੍ਹਾਂ ਦੀ ਜਥੇਬੰਦਕ ਲਹਿਰ ਨਾ ਚਲਾ ਸਕਣ ਕਰਕੇ ਕੋਈ ਖਾਸ ਫਰਕ ਨਾ ਪਿਆ। ਸ਼ਾਇਦ ਇਹ ਕਾਰਜ ਗੁਰੂ ਨਾਨਕ ਸਾਹਿਬ ਦੇ ਹਿੱਸੇ ਆਉਣਾ ਸੀ ਕਿ ਇਸ ਜ਼ਹਿਰੀਲੇ ਊਚ ਨੀਚ ਦੇ ਵਾਤਾਵਰਨ ਵਿੱਚ ਬਰਾਬਰਤਾ ਦਾ ਮਾਹੌਲ ਪੈਦਾ ਕਰਕੇ ਇੱਕ ਸੁਚੱਜੇ, ਨਰੋਏ ਤੇ ਨਿਆਰੇ ਸਮਾਜ ਦੀ ਨੀਂਹ ਰੱਖੀ ਜਾਏ।
ਸੋ ਗੁਰੂ ਨਾਨਕ ਸਾਹਿਬ ਨੇ ਅਖੌਤੀ ਉੱਚੀ ਜਾਤ ਦੇ ਹੁੰਦੇ ਹੋਇਆਂ ਨੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਨੀਵਿਆਂ ਤੋਂ ਨੀਵੇਂ ਦਰਸਾਉਣ ਲਈ ਭਾਈ ਮਰਦਾਨਾ ਤੇ ਭਾਈ ਲਾਲੋ ਜੀ ਵਰਗੇ ਅਖੌਤੀ ਨੀਵੀਆਂ ਜਾਤਾਂ, ਪਰ ਕਿਰਤੀਆਂ, ਦੀ ਸੰਗਤ ਵਿੱਚ ਇੱਕ ਮਿੱਕ ਹੋ ਕੇ ਬਰਾਬਰਤਾ ਦੀ ਲਹਿਰ ਦਾ ਉਦਘਾਟਨ ਕਰ ਦਿੱਤਾ। ਥਾਂ ਥਾਂ ਫਿਰ ਕੇ ਇਹ ਸਬਕ ਸਭ ਨੂੰ ਦ੍ਰਿੜ ਕਰਾ ਦਿੱਤਾ ਕਿ ਰੱਬ ਜੀ ਸਭ ਦੇ ਮਾਤਾ ਪਿਤਾ ਹਨ, ਅਸੀਂ ਸਾਰੇ ਉਸਦੇ ਬੱਚੇ ਹਾਂ। ਸਾਰੇ ਹੀ ਇੱਕ ਟੱਬਰ ਦੇ ਅੰਗ ਹੁੰਦੇ ਹੋਏ ਇੱਕ ਦੂਜੇ ਦੇ ਮਿੱਤਰ ਹਾਂ ਤੇ ਕੋਈ ਕਿਸੇ ਦਾ ਦੁਸ਼ਮਣ ਨਹੀਂ, ਅਤੇ ਨਾ ਹੀ ਕੋਈ ਕਿਸੇ ਤੋਂ ਉੱਚਾ ਨੀਵਾਂ ਹੈ। ਇਹ ਗੱਲਾਂ ਅਮਲੀ ਤੌਰ ਤੇ ਸਮਝਾਉਣ ਲਈ ਗੁਰੂ ਜੀ ਨੇ ਪੰਗਤ ਤੇ ਸੰਗਤ ਦਾ ਸਿਲਸਿਲਾ ਸ਼ੁਰੂ ਕੀਤਾ ਜੋ ਸਵੇਰ ਸ਼ਾਮ ਦਾ ਨਿਤਨੇਮ ਬਣ ਗਿਆ। ਆਪਣੀ ਆਪਣੀ ਸਮਝ, ਕਾਬਲੀਅਤ ਅਤੇ ਸ਼ਕਤੀ ਅਨੁਸਾਰ ਦਿਨੇ ਕੰਮ ਕਰਨਾ ਜ਼ਰੂਰੀ ਮਿਥਿਆ ਗਿਆ। ਪਹਿਲਾਂ ਕੰਮ ਤਾਂ ਸਭ ਕਰਦੇ ਸਨ, ਪਰ ਨਾ ਉਸ ਕੰਮ ਦੀ ਕੋਈ ਕਦਰ ਸੀ ਅਤੇ ਨਾ ਹੀ ਕੰਮ ਕਰਦਿਆਂ ਕੋਈ ਮਾਨਸਿਕ ਸ਼ਾਂਤੀ ਮਿਲਦੀ ਸੀ। ਹੁਣ ਜਿੱਥੇ ਕੰਮ ਕਰਕੇ ਆ ਕੇ ਇਕੋ ਪੰਗਤ ਵਿੱਚ ਬੈਠ ਕੇ ਕਿਸੇ ਵਿਤਕਰੇ ਤੋਂ ਬਿਨਾਂ ਸਭ ਦੇ ਬਰਾਬਰ ਖਾਣਾ ਖਾਧਾ ਜਾਂਦਾ ਸੀ, ਉਸੇ ਤਰ੍ਹਾਂ ਸੰਗਤ ਵਿੱਚ ਬੈਠ ਕੇ ਰੱਬ ਜੀ ਦੇ ਗੁਣ ਗਾ ਕੇ ਰੂਹਾਨੀ ਸ਼ਾਂਤੀ ਪ੍ਰਾਪਤ ਕੀਤੀ ਜਾਣ ਲੱਗੀ। ਇਨ੍ਹਾਂ ਦੋ ਚੀਜ਼ਾਂ ਨੇ ਜਾਤ ਪਾਤ ਰਾਹੀਂ ਉੱਚੇ ਗਿਣੇ ਜਾਣ ਵਾਲਿਆਂ ਅਤੇ ਵਿਦਿਆ ਤੇ ਧਾਰਮਿਕ ਖੇਤਰ ਵਿੱਚ ਰੱਬ ਜੀ ਵਲੋਂ ਟਿੱਕੇ ਹੋਏ ਸਮਝੇ ਜਾਣ ਵਾਲੇ ਠੇਕੇਦਾਰਾਂ ਦੀ ਲੱਗਭਗ ਕਮਰ ਹੀ ਤੋੜ ਦਿੱਤੀ। ਉਹ ਠੇਕੇਦਾਰ ਐਸੇ ਨਵਜਨਮੇ ਬੂਟੇ (ਸਾਂਝੇ ਸਮਾਜ) ਨੂੰ ਜੜ੍ਹੋਂ ਪੁੱਟ ਦੇਣ ਦੀਆਂ ਵਿਉਂਤਾਂ ਸੋਚਣ ਲੱਗ ਪਏ। ਪਰ ਹੱਥ ਵਿੱਚ ਤਾਕਤ ਨਾ ਹੋਣ ਕਰਕੇ ਉਹ ਇਸ ਦਾ ਬਹੁਤ ਕੁੱਛ ਨਾ ਬਿਗਾੜ ਸਕੇ। ਪਰ ਮਨ ਵਿੱਚ ਜ਼ਹਿਰ ਘੋਲਦੇ ਭੈੜੀਆਂ ਵਿਉਂਤਾਂ ਬਨਾਉਣੀਆਂ ਨਾ ਛੱਡੀਆਂ।
ਗੁਰੂ ਸਾਹਿਬ ਨੇ ਇਸ ਪੱਖੋਂ ਰਾਖੀ ਕਰਨ ਲਈ ਇਸ ਨਵੀਂ ਪਨੀਰੀ ਨੂੰ ਪਹਿਲਾਂ ਹੀ ਸਾਵਧਾਨ ਤੇ ਖਬਰਦਾਰ ਕਰ ਦਿੱਤਾ ਹੋਇਆ ਸੀ ਕਿ ਇਨ੍ਹਾਂ ਬਰਾਬਰ ਦੇ ਹੱਕਾਂ ਨੂੰ ਮਾਨਣ ਅਤੇ ਬਰਾਬਰਤਾ ਦੇ ਆਧਾਰ ਤੇ ਮਾਣਮੱਤਾ ਜੀਵਨ ਜੀਉਣ ਲਈ ਸਿਰ ਤਲੀ ਤੇ ਰੱਖ ਕੇ ਇਸ ਰਾਹ ਦੇ ਪਾਂਧੀ ਬਣਨਾ ਪਵੇਗਾ। ਸੋ ਇਹ ਸਾਂਝਾ ਸਮਾਜ ਵਧਦਾ ਫੁਲਦਾ, ਸੰਗਤ ਤੇ ਪੰਗਤ ਦੇ ਨਾਲ ਨਾਲ ਸਰੋਵਰਾਂ ਵਿੱਚ ਤਾਰੀਆਂ ਲਾਉਂਦਾ, ਮੱਲ ਅਖਾੜਿਆਂ ਵਿੱਚ ਕਸਰਤ ਕਰਦਾ ਹੋਇਆ ਤਨ ਤੇ ਮਨ ਨੂੰ ਸਾਫ ਸੁਥਰਾ ਤੇ ਤਕੜਾ ਕਰਕੇ ਮੀਰੀ ਪੀਰੀ ਦੇ ਗੁਣਾਂ ਨਾਲ ਸ਼ਿੰਗਾਰਿਆ ਜਾਣ ਲੱਗਾ। ਸ਼ਿੰਗਾਰਿਆ ਹੀ ਨਹੀਂ ਜਾਣ ਲੱਗਾ, ਕੁੱਛ ਕੁ ਇਮਤਿਹਾਨਾਂ ਰਾਹੀਂ ਆਪਣੇ ਨਵੇਂ ਮਿਲੇ ਹੱਕਾਂ ਦੀ ਰਾਖੀ ਕਰਨਾ ਵੀ ਸਿੱਖ ਗਿਆ। ਇਸ ਸਿਲਸਿਲੇ ਵਿੱਚ ਮਹਾਨ ਸ਼ਹੀਦੀਆਂ ਦੇ ਸਬਕ ਵੀ ਚੰਗੀ ਤਰ੍ਹਾਂ ਦ੍ਰਿੜ ਕਰ ਲਏ ਜੋ ਸਬਕ ਦੇਣ ਵਾਲਿਆਂ ਨੇ ਆਪ ਅੱਗੇ ਹੋ ਕੇ ਸ਼ਹੀਦੀ ਦੇ ਜਾਮ ਪੀ ਕੇ ਦਿੱਤੇ। ਕਿਆ ਖੂਬ ਅਧਿਆਪਕ ਤੇ ਸ਼ਾਗਿਰਦ ਦਾ ਰਿਸ਼ਤਾ ਦੁਨੀਆਂ ਨੇ ਸਿੱਖਿਆ ਪ੍ਰਨਾਲੀ ਦੇ ਮੈਦਾਨ ਵਿੱਚ ਦੇਖਿਆ? ਇੱਕ ਅਜੂਬਾ!
ਆਖਰ ਉਹ ਦਿਨ ਭੀ ਆ ਗਿਆ ਜਿਸ ਦਿਨ ਸਮਾਜ ਦੇ ਇਨ੍ਹਾਂ ਬੁਰੀ ਤਰ੍ਹਾਂ ਨਿਕਾਰੇ ਗਏ, ਧਿਕਾਰੇ, ਘਟੀਆ, ਵਿਅਰਥ ਤੇ ਕੂੜਾ ਕਰਕਟ ਗਿਣੇ ਜਾਣ ਵਾਲਿਆਂ ਨੂੰ ਮਨੁੱਖੀ ਬਰਾਬਰਤਾ ਦੇ ਹੱਕਾਂ ਨੂੰ ਅਪਣਾ ਕੇ ਉਨ੍ਹਾਂ ਦੀ ਰਾਖੀ ਕਰਨ ਲਈ ਮੀਰੀ ਪੀਰੀ ਦੇ ਆਧਾਰ ਤੇ ਸੌਂਹ ਚੁੱਕਣੀ ਪੈਣੀ ਸੀ। ਸੌਂਹ ਭੀ ਆਮ ਦੁਨੀਆਂ ਦੇ ਲੋਕਾਂ ਵਾਂਗ ਸਿਰਫ ਮੂੰਹ ਨਾਲ ਕੁੱਝ ਅੱਖਰ ਜਾ ਸ਼ਬਦ ਬੋਲ ਕੇ ਹੀ ਨਹੀਂ, ਪਰ ਸਿਰ ਦੇਣਾ ਕਬੂਲ ਕਰਕੇ ਇਹ ਸੌਂਹ ਚੁੱਕਣ ਲਈ ਸਮਾਗਮ ਰਚਿਆ ਗਿਆ। ਇਹ ਮਹਾਨ ਤੇ ਵਿਸ਼ਾਲ ਸਮਾਗਮ ਛੋਟੇ ਤੋਂ ਲੈ ਕੇ ਬੜੇ ਬੜੇ ਬਹਾਦਰਾਂ ਤੱਕ ਲਈ ਇੱਕ ਨਵਾਂ ਤੇ ਦੰਗ ਕਰ ਦੇਣ ਵਾਲਾ ਮਾਹੌਲ ਤੇ ਨਜ਼ਾਰਾ ਪੇਸ਼ ਕਰ ਰਿਹਾ ਸੀ। ਪਰ ਸਹਿੰਦੀ ਸਹਿੰਦੀ ਕ੍ਰਾਂਤੀਕਾਰੀ ਸਿੱਖਿਆ ਜੋ ਸਿਖਾਂਧਰੂਆਂ ਦੇ ਦਿਲਾਂ ਵਿੱਚ ਵਸਦੀ ਆ ਰਹੀ ਸੀ, ਨੇ ਅਖੌਤੀ ਨੀਵੀਂ ਜਾਤੀਆਂ ਦੇ ਹਰ ਵਰਗ ਨੂੰ ਐਸੀ ਦਲੇਰੀ ਬਖਸ਼ ਦਿੱਤੀ ਸੀ ਕਿ ਉਹ ਆਪਣੇ ਆਪ ਨੂੰ ਬੜੇ ਬੜੇ ਰਾਜੇ ਮਾਹਾਰਾਜੇ ਤੇ ਜਰਨੈਲ ਕਹਾਉਣ ਵਾਲਿਆਂ ਦੇ ਬਰਾਬਰ ਸਮਝਣ ਲੱਗ ਪਏ ਸਨ। ਸੋ ਉਨ੍ਹਾਂ ਲਈ ਇਸ ਸਮਾਗਮ ਤੇ ਬਰਾਬਰਤਾ ਦਾ ਸਦੀਵੀ ਸੁਆਦ ਮਾਨਣ ਲਈ ਆਪਣਾ ਸਿਰ ਤੱਕ ਵੀ ਭੇਂਟ ਕਰ ਦੇਣਾ ਕੋਈ ਮਹਿੰਗਾ ਸੌਦਾ ਨਹੀਂ ਸੀ ਜਾਪਦਾ। ਆਖਰ ਉਨ੍ਹਾਂ ਵਿੱਚੋਂ ਇੱਕ ਨੇ ਨਹੀਂ ਪੰਜਾਂ ਨੇ ਆਪਣੇ ਸੀਸ ਗੁਰੂ ਜੀ ਦੇ ਇਸ ਬਰਾਬਰਤਾ ਦੇ ਉਦੇਸ਼ ਨੂੰ ਪ੍ਰਵਾਨ ਚੜ੍ਹਾਉਣ ਲਈ ਗੁਰੂ ਜੀ ਨੂੰ ਭੇਂਟ ਕਰਕੇ ਇੱਕ ਨਵੇਂ ਸਾਂਝੀਵਾਲਤਾ ਦੇ ਸਮਾਜ ਨੂੰ ਦੁਨੀਆਂ ਦੇ ਨਕਸ਼ੇ ਤੇ ਪ੍ਰਗਟ ਕਰ ਦਿੱਤਾ। ਪ੍ਰਗਟ ਕਰਨ ਸਮੇਂ ਗੁਰੂ ਸਾਹਿਬ (ਗੁਰੂ ਗੋਬਿੰਦ ਸਿੰਘ ਜੀ) ਨੇ ਆਪਣਾ ਆਪ ਪੰਜਾਂ ਨੂੰ ਭੇਂਟ ਕਰਕੇ ਆਪਣੇ ਆਪ ਨੂੰ ਉਨ੍ਹਾਂ ਦੇ ਬਰਾਬਰ, ਭਾਵ “ਆਪੇ ਗੁਰ ਚੇਲਾ” ਬਣ ਕੇ ਬਰਾਬਰਤਾ ਦੀ ਰਸਮ ਪੂਰੀ ਕਰ ਦਿੱਤੀ। ਦੁਨੀਆਂ ਲਈ ਤਾਂ ਇਹ ਇੱਕ ਅਜੂਬਾ ਹੀ ਸੀ।
ਇਹ ਸਮਾਜ ਕੈਸਾ ਸੀ? ਉੱਪਰ ਲਿਖੇ ਵਾਂਗ “ਬੜੇ ਬੜੇ ਰਾਜੇ ਮਾਹਾਰਾਜੇ ਤੇ ਜਰਨੈਲਾਂ ਦੀ ਬਰਾਬਰੀ ਕਰਨ ਵਾਲਾ”। ਕਿਉਂਕਿ ਉਸ ਦਿਨ ਗੁਰੂ ਜੀ ਨੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ ਫੁਰਮਾਇਆ, “ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਇੱਕ ਰਾਹ ਤੇ ਚੱਲੋ ਤੇ ਇਕੋ ਧਰਮ ਅਪਨਾਓ। ਵੱਖ ਜਾਤਾਂ ਦੇ ਵਖਰੇਵੇਂ ਮਿਟਾ ਦੇਵੋ। ਹਿੰਦੂਆਂ ਦੀਆਂ ਉਹ ਚਾਰ ਜਾਤਾਂ ਜਿਨ੍ਹਾਂ ਦਾ ਵਰਨਣ ਸ਼ਾਸਤਰਾਂ ਵਿੱਚ ਆਇਆ ਹੈ, ਮੁੱਢ ਤੋਂ ਖਤਮ ਕਰ ਦਿਉ ਅਤੇ ਇੱਕ ਦੂਜੇ ਨਾਲ ਖੁਲ੍ਹਕੇ ਮਿਲੋ। ਕੋਈ ਇੱਕ ਦੂਜੇ ਨਾਲੋਂ ਆਪਣੇ ਆਪ ਨੂੰ ਵੱਡਾ ਨਾ ਸਮਝੇ। ਪੁਰਾਣੇ ਧਾਰਮਿਕ ਗ੍ਰੰਥਾਂ ਉੱਤੇ ਵਿਸ਼ਵਾਸ਼ ਨਾ ਰੱਖੋ। ਕੋਈ ਵੀ ਗਨੇਸ਼ ਆਦਿ ਵਲ ਧਿਆਨ ਨਾ ਦੇਵੇ। (ਹਿੰਦੂ) ਧਾਰਮਿਕ ਅਸਥਾਨਾਂ ਉੱਤੇ ਯਾਤਰਾ ਕਰਨਾ ਵਿਅਰਥ ਹੈ, ਰਾਮ, ਕ੍ਰਿਸ਼ਨ, ਬ੍ਰਹਮਾ ਅਤੇ ਦੁਰਗਾ ਨੂੰ ਪੂਜਨ ਦੀ ਕੋਈ ਲੋੜ ਨਹੀਂ, ਸਿਰਫ ਗੁਰੂ ਨਾਨਕ ਤੇ ਬਾਕੀ ਗੁਰੂ ਸਾਹਿਬਾਨ ਤੇ ਵਿਸ਼ਵਾਸ਼ ਲੈ ਆਓ। ਸਾਰੀਆਂ ਜਾਤਾਂ ਇਕੋ ਬਾਟੇ ਵਿੱਚੋਂ ਅੰਮ੍ਰਿਤ ਛਕ ਕੇ ਇੱਕ ਦੂਜੇ ਲਈ ਪਿਆਰ ਪੈਦਾ ਕਰਕੇ ਨਫਰਤ ਦੂਰ ਕਰੋ”। ਕਿਉਂਕਿ ਕਿਸੇ ਵਿਦਵਾਨ ਦੇ ਇਨ੍ਹਾਂ ਵਿਚਾਰਾਂ ਅਨੁਸਾਰ “ਜਦਕਿ ਪੁਰਾਣੇ ਸਮੇਂ ਸ੍ਰਬਸ਼ਿਰੀ ਰਾਮਾਨੁਜ ਅਤੇ ਸ਼ੰਕਰਾਚਾਰੀਆ ਦੀ ਸਿੱਖਿਆ ਰਾਹੀਂ ਸ਼ੇਰ ਗਿੱਦੜ ਬਣ ਗਏ ਤੇ ਬਾਜ ਚਿੜੀਆਂ ਬਣ ਗਏ, ਉੱਥੇ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਸਿੱਖਿਆ ਦੁਆਰਾ ਗਿੱਦੜ ਸ਼ੇਰ ਬਣ ਗਏ ਤੇਚਿੜੀਆਂ ਬਾਜ ਬਣ ਗਈਆਂ”। ਸੋ ਇਸ ਸਮਾਜ ਦੀ ਇਹ ਵਿਸ਼ੇਸ਼ਤਾ ਹੋ ਨਿਬੜੀ ਕਿ ਜਿੱਥੇ ਸੰਤ ਬਿਰਤੀ ਦੀ ਲੋੜ ਦਿਸੀ ਉੱਥੇ ਸੰਤ ਦੇ ਰੂਪ ਵਿੱਚ ਵਿਚਰਦਿਆਂ ਨਾ ਕੋਈ ਵੈਰੀ ਨਾ ਬਿਗਾਨਾ, ਸਗੋਂ ਸਭਨਾਂ ਦੇ ਮੀਤ ਬਣ ਕੇ ਸਰਬੱਤ ਦਾ ਭਲਾ ਲੋੜਨਾ ਹੀ ਨਹੀਂ, ਕਰਨਾ ਹੈ। ਉਹ ਇਸ ਤਰ੍ਹਾਂ ਕਿ ਜੇ ਭਲਾ ਕਰਨ ਵਿੱਚ ਕਿਸੇ ਔਕੜ ਜਾਂ ਕਿਸੇ ਜ਼ਾਲਮ ਦਾ ਟਾਕਰਾ ਕਰਨਾ ਪੈਂਦਾ ਹੈ ਤਾਂ ਸ਼ੇਰ ਜਾ ਬਾਜ ਬਣ ਕੇ ਸੰਤ ਦੇ ਨਾਲ ਨਾਲ ਸਿਪਾਹੀ ਦਾ ਕਰਤੱਵ ਤੇ ਭੂਮਕਾ ਨਿਭਾਉਣ ਤੱਕ ਜਾਣਾ ਹੈ। ਇਸ ਨਿਰਮਲ ਤੇ ਨਿਆਰੇ ਪੰਥ ਨੇ ਇਹ ਭੂਮਕਾ ਕਈ ਵਾਰ ਸ਼ਹੀਦੀਆਂ ਤੱਕ ਦੇ ਕੇ ਨਿਭਾਈ ਹੈ। ਅਕ੍ਰਿਤਘਣਾਂ ਨੇ ਨਾ ਕਦੇ ਇਸ ਦਾ ਮੁੱਲ ਪਾਇਆ ਹੈ ਤੇ ਜਾਪਦਾ ਹੈ ਕਿ ਨਾ ਕਦੇ ਪਾਉਣਗੇ। ਖੈਰ, ਬਰਾਬਰਤਾ ਦੀ ਕੈਸੀ ਹੈਰਾਨਕੁਨ ਪੂਰਤੀ ਦੁਨੀਆਂ ਦੇ ਦੇਖਣ ਵਿੱਚ ਪਹਿਲੀ ਤੇ ਹੋ ਸਕਦਾ ਆਖਰੀ ਵਾਰ ਆਈ। ਕਿਉਂਕਿ ਵਰਤਮਾਨ ਸਮੇਂ ਵਿੱਚ ਸ੍ਰੀ ਕਰਮ ਚੰਦ ਗਾਂਧੀ ਦੀ ਸਿੱਖਿਆ ਨੇ ਮੁੜ ਐਸੀ ਸਿੱਖਿਆ ਦੇਣੀ ਸ਼ੁਰੂ ਕੀਤੀ ਕਿ ਬਾਕੀ ਤਾਂ ਗਿੱਦੜਾਂ ਤੇ ਚਿੜੀਆਂ ਵਾਲਾ ਜੀਵਨ ਜੀਉ ਹੀ ਰਹੇ ਸਨ, ਗੁਰੂ ਜੀ ਦੇ ਗਿੱਦੜਾਂ ਤੋਂ ਸਜਾਏ ਸ਼ੇਰਾਂ ਅਤੇ ਚਿੜੀਆਂ ਤੋਂ ਬਾਜਾਂ ਨੇ ਵੀ ਮੁੜ ਉਹ ਹੀ ਗਿੱਦੜਾਂ ਤੇ ਚਿੜੀਆਂ ਵਾਲਾ ਜੀਵਨ ਜੀਉਣਾ ਹੀ ਕੁੱਛ ਠੀਕ ਸਮਝ ਲਿਆ ਜਾਪਦਾ ਹੈ, ਜੋ ਕਿਸੇ ਦਾ ਭਲਾ ਕਰਨਾ ਤਾਂ ਇੱਕ ਪਾਸੇ ਆਪਣਾ ਭਲਾ ਵੀ ਨਹੀਂ ਕਰਦੇ ਜਾਪਦੇ।
ਇਹ ਹਾਲਤ ਖਾਸ ਕਰਕੇ ਅੱਜਕਲ ਦੇ ਹਾਕਮੀ ਕੁਰਸੀਆਂ ਤੇ ਬੈਠੇ ਅਖੌਤੀ ਪੰਥਕ ਲੀਡਰਾਂ ਦੀ ਹੈ, ਜਿਨ੍ਹਾਂ ਨੂੰ, ਡਾ: ਸੁਖਪ੍ਰੀਤ ਸਿੰਘ ਉਦੋਕੇ ਅਨੁਸਾਰ, “ਨਾ ਤਾਂ 84 ਦਾ ਘੱਲੂਘਾਰਾ ਹਲੂਣ ਰਿਹਾ ਹੈ, ਨਾ ਦਿੱਲੀ ਦਾ ਕਤਲੇਆਮ, ਨਾ ਸਿੰਘਾਂ ਨੂੰ ਫਾਂਸੀਆਂ ਉਪਰ ਚਾੜ੍ਹ ਦੇਣ ਦੇ ਸ੍ਰਕਾਰੀ ਹੁਕਮ (ਉਹ ਤਾਂ ਸਗੋਂ ਆਪ ਉਨ੍ਹਾਂ ਨੌਜਵਾਨਾਂ ਨੂੰ ਫਰਜ਼ੀ ਅਸਲਾ ਆਦਿ ਉਨ੍ਹਾਂ ਦੇ ਸਿਰ ਪਵਾ ਕੇ ਜੇਲ੍ਹਾਂ ਵਿੱਚ ਸੁਟਵਾ ਰਹੇ ਹਨ ਜੋ ਕੌਮ ਨੂੰ ਕੋਈ ਸੇਧ ਦੇਣੀ ਚਾਹੁੰਦੇ ਹਨ) ਅਤੇ ਨਾ ਹੀ ਹਰ ਰੋਜ਼ ਦੇਹਧਾਰੀਆਂ ਵਲੋਂ ਕੀਤੇ ਜਾ ਰਹੇ ਪੰਥਕ ਸਿਧਾਂਤ ਉਪਰ ਹਮਲੇ। (ਕੀ ਇਹ ਅਖੌਤੀ ਪੰਥਕ ਲੀਡਰ ਆਪਣੇ ਸਾਂਝੀਆਂ ਦੇ ਇੱਕ ਗੁੱਟ ਸੰਘ ਦੀਆਂ ਕਰਤੂਤਾਂ ਬਾਰੇ ਨਹੀਂ ਜਾਣਦੇ ਜੋ ਗੁਰਬਾਣੀ ਦੇ ਅਰਥ ਅਨਰਥ ਕਰਕੇ ਛਪਵਾ ਰਹੇ ਹਨ ਸਕੂਲੀ ਪੁਸਤਕਾਂ ਵਿੱਚ ਸਿੱਖਾਂ ਦੇ ਮਾਣਮੱਤੇ ਇਤਿਹਾਸ ਨੂੰ ਮਨਘੜਤ ਬਣਾ ਕੇ ਛਪਵਾ ਰਹੇ ਹਨ ਅਤੇ ਹੋਰ ਬਹੁਤ ਕੁੱਛ ਸਿੱਖੀ ਸਿਧਾਂਤ ਦੇ ਉਲਟ ਛਪਵਾ ਕੇ ਵੰਡ ਰਹੇ ਹਨ?) ਤੁਹਾਡੇ ਪੰਥਕ ਜਜ਼ਬਾਤ ਕੋਈ ਹਰਕਤ ਕਿਉਂ ਨਹੀਂ ਵਿਖਾ ਰਹੇ? ਛੋਟੇ ਜਿਹੇ ਜਥੇਬੰਦਕ ਨਾਂਵਾਂ ਖਾਤਰ ਤਾਂ ਤੁਸੀਂ ਗੁਰਮਤਿ ਸਿਧਾਂਤਾਂ ਨੂੰ ਵੀ ਛਿੱਕੇ ਤੇ ਟੰਗ ਦਿੱਤਾ”। ਉਹ ਅੱਗੇ ਲਿਖਦੇ ਹਨ, “ਨੌਜਵਾਨਾਂ ਦਾ ਮਣਾਂ-ਮੂੰਹੀ ਲਹੂ ਭੰਗ ਦੇ ਭਾੜੇ ਰੋੜ੍ਹ ਕੇ ਅਸੀਂ ਦੁਸ਼ਮਣਾਂ ਨਾਲ ਸਾਂਝ ਪਾਈ ਬੈਠੇ ਹਾਂ। … …. ਸਾਡੇ ਭਵਿੱਖ ਦੇ ਤਖਤ ਦੇ ਚਾਰੇ ਪੈਰ ਸਾਡੇ ਨੌਜਵਾਨ ਵੀਰਾਂ ਦੀ ਰੱਤ ਦੀ ਰੰਗਤ ਨਾਲ ਰੰਗੀਨ ਨੇ। ਪਤਾ ਨਹੀਂ ਸਾਡੇ ਅੰਦਰ ਬੈਠਾ ਪੰਥਕ ਜਜ਼ਬਾ ਕਿਉਂ ਨਹੀਂ ਜਾਗਦਾ। ਸ਼ਾਇਦ ਹਉਮੈਂ ਅਤੇ ਅਹੰਕਾਰ ਦੇ ਨਸ਼ੇ ਵਿੱਚ ਪੰਥਕ ਸਿਧਾਂਤ ਭੁਲਾ ਬੈਠੇ ਹਾਂ … …। ਪਰ ਜਿਸ ਮੌਸਮ ਨੂੰ ਤੁਸੀਂ ਬਹਾਰ ਸਮਝੀ ਬੈਠੇ ਹੋ, ਉਹ ਮੌਸਮ ਖਿਜ਼ਾਂ (ਪੱਤਝੜ) ਹੈ, ਕਿਸੇ ਅਦੀਬ ਦਾ ਕਥਨ ਹੈ: ਮੁਮਕਿਨ ਹੈ ਕਿ ਤੂ ਜਿਸ ਕੋ ਸਮਝਤਾ ਹੈ ਬਹਾਰ ਔਰੋਂ ਕੀ ਨਿਗਾਹੋਂ ਮੇਂ ਵੋ ਮੌਸਮ ਹੋ ਖਿਜ਼ਾਂ ਕਾ।” (ਪੰਨਾ 127 , ਕੁੱਝ ਖਤ ਬਾਬੇ ਨਾਨਕ ਦੇ ਨਾਂ) ਉਹ ਪੰਨਾ 128 ਤੇ ਲਿਖਦੇ ਹਨ, “ਜਦੋਂ ਮੈਂ ਰਵਾਇਤੀ ਅਕਾਲੀਆਂ ਨੂੰ ਵੇਖਦਾ ਹਾਂ ਤਾਂ ਅਕਸਰ ਸੋਚਦਾ ਹਾਂ ਉਹ ਤਾਂ ਹੁਣ ਰਾਜ ਸੱਤਾ ਦੀ ਪ੍ਰਪਤੀ ਲਈ ਹਵਨ ਕਰਵਾਉਂਦੇ ਹਨ, ਮੰਦਰਾਂ ਦੇ ਟੱਲ ਖੜਕਾਉਂਦੇ ਹਨ, ਗੁੱਟਾਂ ਤੇ ਮੋਢਿਆਂ ਉੱਤੇ ਮੰਤਰ ਯੁਕਤ ਧਾਗੇ ਬੰਨ੍ਹਦੇ ਹਨ।” ਜਦਕਿ ਇਨ੍ਹਾਂ ਹਵਨਾਂ ਆਦਿ ਨੇ ਹਜ਼ਾਰਾਂ ਸਾਲਾਂ ਤੋਂ ਮੁਲਕ ਦਾ ਸਵਾਰਨਾ ਤਾਂ ਕੀ ਹਰ ਤਰ੍ਹਾਂ ਦਾ ਨੁਕਸਾਨ ਹੀ ਕਰਵਾਇਆ ਹੈ। ਪਰ ਇਨ੍ਹਾਂ ਅਕਾਲੀ ਆਂ ਨੇ ਖਬਰੇ ਇਨ੍ਹਾਂ ਵਿੱਚ ਕੀ ਸ਼ਕਤੀ ਦੇਖੀ ਹੈ? ਡਾ: ਉਦੋਕੇ ਪੰਨਾ 120 ਤੇ ਲਿਖਦੇ ਹਨ, “ਤੁਸੀਂ (ਕੁਰਸੀ ਤੇ ਬੈਠੇ ਅਕਾਲੀ) ਉਸ ਕੌਮ ਨਾਲ ਗੱਦਾਰੀ ਕਰਕੇ ਵੀ ਨਹੀਂ ਸੋਚ ਰਹੇ ਜਿਸ ਦਾ ਤੁਸੀਂ ਲੂਣ ਹੀ ਨਹੀਂ ਖਾਧਾ ਬਲਕਿ ਜਿਸ ਕੁਰਸੀ ਤੇ ਤੁਸੀਂ ਬੈਠੇ ਹੋ ਉਸ ਦੇ ਪਾਵੇ ਤਾਂ ਅਜੇ ਵੀ ਨੌਜਵਾਨੀ ਦੇ ਖੂਨ ਨਾਲ ਗਲਤਾਨ (ਲਤਪੱਥ) ਹਨ … …. ਮਹਿਲਾਂ ਦੇ ਸਵਿਮਿੰਗ ਪੂਲਾਂ ਵਿੱਚ ਨਹਾਉਣ ਵਾਲੇ ‘ਕੌਮੀ ਗੱਦਾਰੋ’ ਤੁਸੀਂ ਕੀ ਜਾਣੋ ਕਿ ਕਿਹੜੇ ਕਿਹੜੇ ਪਾਣੀ ਦੀ ਮੱਛੀ ਨੇ ਤੁਹਾਡੇ ਕੌਮੀ ਪਰਵਾਨਿਆਂ ਦੇ ਮਾਸ ਦਾ ਸੁਆਦ ਚੱਖਿਆ? (ਪਰ ਇਨ੍ਹਾਂ ਦੀ ਵਰਤਮਾਨ ਨੀਤੀ ਤੋਂ ਜ਼ਾਹਰ ਹੁੰਦਾ ਹੈ ਕਿ ਇਨ੍ਹਾਂ ਨੂੰ ਉਨ੍ਹਾਂ ਮੱਛੀਆਂ ਦਾ ਚੰਗੀ ਤਰ੍ਹਾਂ ਪਤਾ ਹੈ ਤਾਹੀਓਂ ਤਾਂ ਉਨ੍ਹਾਂ ਨੂੰ ਦੁੱਧ ਧੋਤੇ ਸਾਬਤ ਕਰਨ ਲਈ ਪੁਲੀਸ ਮੁਖੀ ਆਦਿ ਦੇ ਤੌਰ ਤੇ ਲਾਇਆ ਹੋਇਆ ਹੈ। ਇਹ ਹੀ ਨਹੀਂ, ਉਨ੍ਹਾਂ ਪੁਲੀਸ ਵਾਲਿਆਂ ਵਲੋਂ ਪਿਛਲੇ ਦੋ ਦਹਾਕਿਆ ਦੌਰਾਨ ਸਿੱਖ ਜਵਾਨੀ ਉੱਪਰ ਢਾਏ ਗਏ ਜ਼ੁਲਮਾਂ ਨੂੰ ਪੂਰਾ ਨਹੀਂ, ਕੁੱਛ ਕੁ, ਨੰਗਾ ਕਰ ਰਹੀ ਫਿਲਮ “ਸਾਡਾ ਹੱਕ” ਤੇ ਪੰਜਾਬ, ਹਰਿਆਣਾ ਤੇ ਦਿੱਲੀ ਵਿੱਚ ਰੋਕ ਲਵਾ ਦਿੱਤੀ ਹੈ) ਪਰ ਉਹ ਤਾਂ ਅੱਤਵਾਦੀ ਸਨ। ਤੁਹਾਡਾ ਕੀ ਰਿਸ਼ਤਾ ਉਨ੍ਹਾਂ ਨਾਲ, ਕਿਉਂਕਿ ਤੁਸੀਂ ਤਾਂ ਆਪਣੇ ‘ਬਿਪਰਵਾਦੀ ਪ੍ਰਭੂਆਂ’ ਨੰਂ ਖੁਸ਼ ਕਰਨਾ ਜਿਹੜੇ ਹਕੂਮਤ ਤੇ ਬਿਰਾਜਮਾਨ ਨੇ, ਪਰ ਯਾਦ ਰੱਖਿਉ, ‘ਅਤਿਵਾਦੀ’ ਕੋਈ ਮਿਹਣਾ ਨਹੀਂ ਹਰ ਇਨਕਲਾਬ ਦਾ ਸੂਰਮਾ ਸਥਾਪਿਤ-ਹੁਕਮਰਾਨ ਲਈ ਅੱਤਵਾਦੀ ਹੁੰਦਾ ਹੈ”। ਉਹ ਮਿਸਾਲ ਵਜੋਂ ਬਾਬਰ ਲਈ ਗੁਰੂ ਨਾਨਕ ਸਾਹਿਬ, ਔਰੰਗਜ਼ੇਬ ਲਈ ਗੁਰੂ ਗੋਬਿੰਦ ਸਿੰਘ ਜੀ, ਫਰਖਸੀਅਰ ਲਈ ਬੰਦਾ ਦਿੰਘ ਬਹਾਦਰ ਅਤੇ ਅੰਗ੍ਰੇਜ਼ ਹਕੂਮਤ ਲਈ ਸ. ਕਰਤਾਰ ਸਿੰਘ ਸਰਾਭਾ, ਸ. ਊਧਮ ਸਿੰਘ ਤੇ ਸ. ਭਗਤ ਸਿੰਘ ਦੇ ਨਾਂ ਪੇਸ਼ ਕਰਦੇ ਹਨ, ਅਤੇ ਇਨ੍ਹਾਂ ਨੂੰ ਅਖੌਤੀ ਅਕਾਲੀ ਕਹਿਕੇ ਕੌਮ ਦੀ ਪਿੱਠ ਵਿੱਚ ਛੁਰਾ ਮਾਰਨ ਵਾਲੇ ਮੈਦਾਨੋਂ ਭੱਜੇ ‘ਅਖੌਤੀ ਅਕਾਲੀ’ ਵਜੋਂ ਕਹਿੰਦੇ ਹਨ। ਠੀਕ ਹੀ ਹਕੂਮਤਾਂ ਲਈ ਆਜ਼ਾਦੀ ਦੇ ਪ੍ਰਵਾਨੇ ਅੱਤਵਾਦੀ ਹੁੰਦੇ ਹਨ।
ਪੰਥਕ ਦਰਦ ਰੱਖਣ ਵਾਲੇ, ਇਨ੍ਹਾਂ ਅਖੌਤੀ ਅਕਾਲੀਆਂ ਬਾਰੇ, ਜੋ ਸ਼ੇਰਾਂ ਦੀ ਮਾਰ ਗਿੱਦੜ ਬਣ ਕੇ ਖਾ ਰਹੇ ਹਨ, ਬੜੇ ਦੁਖੀ ਹੋ ਕੇ ਬੜਾ ਕੁੱਛ ਲਿਖਣ ਤੇ ਮਜਬੂਰ ਹੋ ਜਾਂਦੇ ਹਨ, ਪਰ ਇਨ੍ਹਾਂ ਤੇ ਕੋਈ ਅਸਰ ਨਹੀਂ। ਬੀਬੀ ਅਮਨਦੀਪ ਹਾਂਸ ਜੀ ‘ਮੇਰੀ ਡਾਇਰੀ’ ਦੇ ਲੇਖ ‘ਬਾਦਲਾਂ ਨੇ ਬਣਾ ਧਰੀ ਸਿੱਖ ਧਰਮ ਦੀ ਬ੍ਰਾਹਮਣਿਕ ਖਿਚੜੀ’ ਵਿੱਚ ਲਿਖਦੇ ਹਨ, “ਬ੍ਰਹਮਰਿਸ਼ੀ ਸ਼੍ਰੀ ਕੁਮਾਰ ਸਵਾਮੀ ਜੀ ਦੀ ਚਮਤਕਾਰੀ ਸ਼ਕਤੀ ਦੇ ਗੁਣਗਾਣ ਕਰਦਾ ਹਿੰਦੀ ਅਖਬਾਰ ‘ਅਮਰ ਉਜਾਲਾ’ ਵਿੱਚ ਇਸ਼ਤਿਹਾਰ ਛਪਿਆ ਤੇ ਪਹਿਲੇ ਕਾਲਮ `ਚ ਸੱਭ ਤੋਂ ਉਪਰਲਾ ਸੰਦੇਸ਼, ‘ਫਖਰ-ਏ-ਸਿੱਖ ਕੌਮ’,’ ਪੰਥ ਰਤਨ’ ਸ. ਪ੍ਰਕਾਸ਼ ਸਿੰਘ ਬਾਦਲ ਦਾ ਹੈ। ਬਾਦਲ ਸਾਬ ਨੇ ਕਿਹਾ ਹੈ- “ਗੁਰਦੇਵ ਮਹਾਰਾਜ ਮੇਂ ਪਰਮਾਤਮਾ ਕੀ ਅਸੀਮ ਸ਼ਕਤੀ ਹੈ ਜਿਸ ਸੇ ਯਹ ਅਨੇਕ ਜਨ-ਕਲਿਆਣ ਗਤੀਵਿਧੀਉਂ ਕੇ ਸਾਥ ਸਾਥ ਹਮ ਸਬ ਕੇ ਦੁਖ ਦਰਦ ਮਿਟਾ ਰਹੇ ਹੈਂ। ਮੈਂ ਇਨਹੇਂ ਪ੍ਰਨਾਮ ਕਰਤਾ ਹੂੰ।” ਸ. ਪਰਕਾਸ਼ ਸਿੰਘ ਬਾਦਲ, ਮੁਖ ਮੰਤਰੀ ਪੰਜਾਬ।” ਇਸ਼ਤਿਹਾਰ ਵਿੱਚ ਸੁਆਮੀ ਦੀ ਅਸ਼ੀਰਵਾਦ ਨਾਲ ਕੈਂਸਰ ਵਰਗੇ ਰੋਗ ਦੂਰ ਹੋਣ, ਕਰਜ਼ੇ ਆਦਿ ਤੋਂ ਛੁਟਕਾਰਾ, ਮੁੰਡੇ ਦੀ ਔਲਾਦ ਹੋਣ ਆਦਿ ਦਾ ਹਵਾਲਾ ਦੇ ਕੇ ਬੀਬੀ ਜੀ ਲਿਖਦੇ ਹਨ, “ਕੈਂਸਰ ਦੇ ਦੂਰ ਹੋਣ ਅਤੇ ਕਰਜ਼ੇ ਦੇ ਛੁਟਕਾਰੇ ਤੋਂ ਪੰਜਾਬ ਨੂੰ ਬੇਹੱਦ ਲੋੜ ਹੈ, ਕਿਉਂਕਿ ਕੈਂਸਰ ਪੰਜਾਬ ਵਿੱਚ ਸੱਭ ਤੋਂ ਵੱਧ ਹੈ ਅਤੇ ਕਰਜ਼ੇ ਦੇ ਭਾਰ ਨੇ ਵੀ ਇਸ ਸੂਬੇ ਦੇ ਮੌਰ ਦੂਹਰੇ ਕਰਕੇ ਰੱਖ ਦਿੱਤੇ ਹਨ ਤੇ ਦੇਸ਼ ਦਾ ਕਮਾਊ ਪੁੱਤ ਅੱਜ ਨੰਗਾ ਹੋਇਆ ਫਿਰਦਾ ਹੈ। ਸੋ ਚਾਹੀਦਾ ਹੈ ਕਿ ਕਰਾਮਾਤੀ ਸ਼ਕਤੀ ਨੂੰ ਪ੍ਰਨਾਮ ਕਰਨ ਵਾਲੇ ਸ. ਬਾਦਲ ਪੰਜਾਬ ਨੂੰ ਇਨ੍ਹਾਂ ਤਿੰਨਾਂ ਅਲਾਮਤਾਂ ਤੋਂ ਨਿਜਾਤ ਦਿਵਾਉਣ ਲਈ ਇਸ ਬਾਬੇ ਦੀ ਕਰਾਮਾਤੀ ਸ਼ਕਤੀ ਦੀ ਬਰਸਾਤ ਨੂੰ ਵਰਤਣ। ਫਖਰ-ਏ-ਕੌਮ ਬਾਦਲ ਸਾਬ ਸਿੱਖੀ ਸਿਧਾਂਤ ਨੂੰ ਪਿੱਠ ਦੇ ਕੇ ਸਿੱਖ ਸਿਧਾਂਤ ਤੋਂ ਉਲਟ ਕਰਮਕਾਂਡਾਂ ਤੇ ਕਰਾਮਾਤਾਂ ਵਿੱਚ ਵਿਸ਼ਵਾਸ਼ ਰੱਖਕੇ ਸਿੱਖੀ ਲੀਹ ਤੋਂ ਲਹਿ ਗਏ ਹਨ (ਇਸ ਮੁਖਵਾਕ, “ਅਬੇ ਤਬੇ ਕੀ ਚਾਕਰੀ ਕਿਉ ਦਰਗਹ ਪਾਵੈ॥ ਪਥਰ ਕੀ ਬੇੜੀ ਜੇ ਚੜੈ ਭਰਨਾਲਿ ਬੁਡਾਵੈ॥ (ਅੰਗ. 420)” ਨੂੰ ਭੁਲਾ ਕੇ), ਅਤੇ ਸਿਆਸੀ ਫਾਇਦਿਆਂ ਖਾਤਰ ਡੇਰੇਦਾਰਾਂ ਨਾਲ ਸਾਂਝ ਪਾ ਕੇ ਤੇ ਕਰਮਕਾਂਡੀਆਂ ਦੀ ਹਮਾਇਤ ਕਰਕੇ ਸਿੱਖੀ ਦੀ ਬ੍ਰਾਹਮਣਿਕ ਖਿਚੜੀ ਬਣਾ ਧਰੀ ਹੈ ਤੇ ਜਾਗਰੂਕ ਲੋਕਾਂ ਦੀ ਕਚਿਹਰੀ ਵਿੱਚ ਜਵਾਬਦੇਹ ਹਨ।” ਇਹ ਸ਼ਾਇਦ ਇਹ ਸੋਚੀ ਬੈਠੇ ਹਨ ਕਿ ਇਨ੍ਹਾਂ ਨੂੰ ਕਿਹੜਾ ਕੋਈ ਗੁਰੂ ਨੂੰ ਲੇਖਾ ਦੇਣਾ ਪੈਣਾ ਹੈ। ਪਰ ਗੁਰੂ ਜੀ (ਅੰਗ 952) ਤੇ ਕਹਿੰਦੇ ਹਨ ਕਿ ਗੁਰੂ ਦੇ ਦਰ ਸਭਨਾ ਦਾ ਲੇਖਾ ਹੋਣਾ ਹੈ। ਇੱਕ ਹੋਰ ਥਾਂ ਗੁਰੂ ਜੀ ਕਹਿੰਦੇ ਹਨ ਕਿ ਬੰਦਿਆਂ ਦੀ ਕਚਹਿਰੀ ਤੋਂ ਤਾਂ ਕੋਈ ਬਚ ਸਕਦਾ ਹੈ, ਰੱਬ ਜੀ ਦੇ ਦਰਬਾਰ ਤੋਂ ਨਹੀਂ।
ਡਾ: ਉਦੋਕੇ ਜੀ ਨੇ ਇਨ੍ਹਾਂ ਰਵਾਇਤੀ ਅਕਾਲੀਆਂ ਪਾਸੋਂ ਬੇਨਤੀ ਰੂਪ ਬੜੀ ਆਸ ਰੱਖੀ ਹੈ ਕਿ ਇਹ ਸ੍ਰ. ਜੱਸਾ ਸਿੰਘ ਜੀ ਰਾਮਗੜ੍ਹੀਆ ਦੀ ਦੂਰ ਅੰਦੇਸ਼ੀ ਤੋਂ ਕੁੱਝ ਸਬਕ ਸਿੱਖ ਕੇ (ਘਰ ਪਰਤ ਕੇ) ਪੰਥ ਦੀ ਪੰਥਕ ਸਿਧਾਂਤ ਅਨੁਸਾਰ ਸੇਵਾ ਕਰਨਗੇ। ਕੀ ਵੈਸਾਖੀ ਵਾਲੇ ਦਿਨ ਸਟੇਜਾਂ ਤੋਂ ਹੀ ਨਹੀਂ, ਕਿਉਂਕਿ ਇਹ ਸਟੇਜਾਂ ਤੋਂ ਪੁਰਾਤਨ ਅਸਲੀ ਅਕਾਲੀਆਂ ਦੀਆਂ ਕੁਰਬਾਨੀਆ ਦਾ ਜ਼ਿਕਰ ਕਰਕੇ ਉਨ੍ਹਾਂ ਦੇ ਵਾਰਸ ਦੱਸਦੇ ਹਨ, ਇਸ ਆਸ ਨੂੰ ਅਮਲੀ ਰੂਪ ਵਿੱਚ ਫੁੱਲ ਚੜ੍ਹਾਉਣਗੇ? ਪਰ ਇਨ੍ਹਾਂ ਦੀ ਵਰਤਮਾਨ ਚਾਲ ਦੱਸ ਰਹੀ ਹੈ ਕਿ ਇਨ੍ਹਾਂ ਵਿੱਚ ਨਾ ਉਨ੍ਹਾਂ ਵਰਗੀ ਗੈਰਤ, ਹਿੰਮਤ ਤੇ ਸੋਚਣੀ ਹੈ ਅਤੇ ਨਾ ਹੀ ਸਵਾਰਥਹੀਨ ਹੋ ਕੇ ਕੌਮ ਦੀ ਸੇਵਾ ਕਰਨ ਦਾ ਜਜ਼ਬਾ ਰਹਿ ਗਿਆ ਹੈ। ਇਹ ਬਹੁਤ ਹੀ ਦੂਰ ਚਲੇ ਗਏ ਲੱਗਦੇ ਹਨ, ਜੋ ਪੰਥ ਵਿਰੋਧੀਆਂ ਦੇ ਮੁਕਾਬਲੇ ਆਪਣੀ ਤਾਕਤ ਵਰਤਣ ਦੀ ਥਾਂ ਆਪਸੀ ਲੜਾਈ ਵਿੱਚ ਵਰਤ ਰਹੇ ਹਨ। ਇਹ ਹੀ ਨਹੀਂ ਇਹ ਇੱਕ ਹੋਰ ਬੜਾ ਜ਼ੁਲਮ ਕਮਾ ਰਹੇ ਹਨ। ਆਪਣੇ ਆਪ ਨੂੰ ਸਿੱਖ ਕਹਾਉਂਦੇ ਹੋਏ ਸਿੱਖੀ ਸਿਧਾਂਤ ਦੇ ਉਲਟ ਪੰਥ ਦੀ ਬੇੜੀ ਨੂੰ ਡੋਬਣ ਲਈ, ਜੇ ਉਹ ਦੇਖਦੇ ਹਨ ਕਿ ਹਾਲੇ ਡੋਬਣ ਲਈ ਭਾਰ ਥੋੜਾ ਹੈ ਤਾਂ ਉਹ ਬੇੜੀ ਵਿੱਚ ਐਸਾ ਹੋਰ ਭਾਰ ਸੁੱਟੀ ਜਾਂਦੇ ਹਨ ਜਿੱਸ ਨਾਲ ਬੇੜੀ ਡੁੱਬਣੋਂ ਨਾ ਬਚੇ। ਉੱਪਰ ਦੱਸੇ ਕਰਮਕਾਂਡੀ ਗਤੀਵਿਧੀਆਂ ਦੇ ਨਾਲ ਨਾਲ ਸਿਆਸੀ ਚੋਣਾਂ ਲਈ ਹੀ ਨਹੀਂ, ਧਾਰਮਿਕ (ਸ਼੍ਰੋਮਣੀ ਕਮੇਟੀ) ਚੋਣ ਲਈ ਵੀ ਆਪਣੇ ਹੱਕ ਵਿੱਚ ਵੋਟ ਲੈਣ ਲਈ ਵੋਟਰਾਂ ਵਿੱਚ ਸ਼ਰਾਬ, ਡੋਡੇ, ਅਫੀਮ ਆਦਿ ਸਾਰੇ ਨਸ਼ੇ ਵੋਟਰਾਂ ਵਿੱਚ ਵੰਡਦੇ ਹਨ ਅਤੇ ਆਪਣੀ ਭਵਿਖ ਦੀ ਪਨੀਰੀ ਨੂੰ ਕਿੱਸ ਤਰ੍ਹਾਂ ਆਪਣੇ ਹੱਥੀਂ ਤਬਾਹ ਕਰ ਰਹੇ ਹਨ। ਇਹ ਹੀ ਨਹੀਂ, ਨੌਜਵਾਨਾਂ ਨੂੰ ਪੜ੍ਹਾਈ ਵਲ ਪ੍ਰੇਰਨ ਦੀ ਥਾਂ ਨਸ਼ਈ ਬਨਾਉਣ ਲਈ ਪਿੰਡ ਪਿੰਡ ਸ਼ਰਾਬ ਦੇ ਠੇਕੇ ਖੋਲੇ ਜਾ ਰਹੇ ਹਨ ਤਾਕਿ ਕੌਮ ਦੀ ਅਸਲੀ ਸ਼ਕਤੀ (ਨੌਜਵਾਨੀ) ਕੁੱਛ ਸੋਚ ਵਿਚਾਰ ਕਰਨ ਦੇ ਯੋਗ ਹੋਣ ਦੀ ਥਾਂ ਨਸ਼ੇ ਵਿੱਚ ਚੂਰ ਰਹਿ ਕੇ ਇਨ੍ਹਾਂ ਦੀ ਕੁਰਸੀ ਅਤੇ ਕੁਰਸੀ ਰਾਹੀਂ ਮਨ-ਮਰਜ਼ੀਆਂ ਕਰਨ ਨੂੰ ਵੰਗਾਰ ਪਾਉਣੀ ਤਾਂ ਇੱਕ ਪਾਸੇ, ਕਦੇ ਸੋਚ ਨਾ ਸਕੇ।
ਅੰਤ ਵਿੱਚ ਵੈਸਾਖੀ ਦੇ ਪਵਿੱਤਰ ਦਿਹਾੜੇ ਤੇ ਇਨ੍ਹਾਂ ਨੂੰ ਫਿਰ ਵੀ ਸਿੱਖ ਪਰਵਾਰ ਦੇ ਅੰਗ ਸਮਝ ਕੇ ਡਾ: ਉਦੋਕੇ ਵਾਂਗ ਬੇਨਤੀ ਕੀਤੀ ਜਾਂਦੀ ਹੈ ਕਿ ਪੰਥ ਨੂੰ ਅੱਜ ਤੁਹਡੀ ਸੁਚੱਜੀ ਸੇਧ ਦੀ ਬਹੁਤ ਲੋੜ ਹੈ। ਸੋ ਘਰ ਪਰਤ ਕੇ ਜਸ ਖੱਟ ਲਓ, ਇਸ ਵੈਸਾਖੀ ਨੂੰ ਚੜ੍ਹਦੀ ਕਲਾ ਵਾਲੀ ਬਣਾ ਕੇ, ਨਾਕਿ ਇੱਕ ਰਸਮ ਵਜੋਂ ਮਨਾ ਕੇ।




.