.

ਸਿੱਖੀ ਸੰਭਾਲ ਸਿੰਘਾ! (ਕਿਸ਼ਤ ਗਿਆਰਵੀਂ)

ਸਿੱਖ ਧਰਮ

ਸਿਖ-ਧਰਮ ਵੀ ਹੈ ਅਤੇ ਲਹਿਰ ਵੀ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

(ਵਿਸ਼ੇ ਦਾ ਪੂਰਾ ਲਾਭ ਲੈਣ ਲਈ, ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

“ਸਾਧਸੰਗਿ ਮੇਰੀ ਜਲਨਿ ਬੁਝਾਈ”

ਬੇਸ਼ੱਕ ਸਾਡੇ ਹੱਥਲੇ ਪ੍ਰਕਰਣ ਦਾ ਮੁੱਖ ਵਿਸ਼ਾ ਗੁਰਬਾਣੀ ਰਾਹੀਂ ਪ੍ਰਗਟ ‘ਸਤਿਸੰਗ, ‘ਸਤਿਸੰਗਤ’ ਅਥਵਾ ‘ਸਾਧਸੰਗਤ’ ਆਦਿ ਨਹੀਂ ਫ਼ਿਰ ਵੀ ਚਲਦੇ ਪ੍ਰਕਰਣ ਦੀ ਲੋੜ ਅਨੁਸਾਰ ਇੱਥੇ ਗੁਰਬਾਣੀ ਆਧਾਰਤ “ਸਤਿਸੰਗਾਂ’ ਦੇ ਦੋ ਪੱਖਾਂ ਨੂੰ ਸਮਝਣਾ ਤੇ ਵਿਚਾਰਣਾ ਹੋਰ ਵੀ ਜ਼ਰੂਰੀ ਹੈ। ਇਸ ਲਈ ਉਨ੍ਹਾਂ ਪੱਖਾਂ ਨੂੰ ਵੀ ਨਜ਼ਰੋਂ ਉਹਲੇ ਵੀ ਨਹੀਂ ਕੀਤਾ ਜਾ ਸਕਦਾ।

(੧) ਪਹਿਲਾ- ਹੁਣ ਤੀਕ ਸਮੂਚੇ ਮਨੁੱਖ ਮਾਤ੍ਰ ਵਿਚਕਾਰ ਜੋ ਸਾਂਝੀਆਂ ਕੜੀਆਂ ਵਾਲਾ ਵਿਸ਼ਾ ਉਭਰ ਕੇ ਸਾਹਮਣੇ ਆ ਰਿਹਾ ਹੈ। ਇਸ ਦਾ ਸੰਬੰਧ ਅਥਵਾ ਇਸ ਦਾ ਮੂਲ ਵੀ ਗੁਰਦੇਵ ਵੱਲੋਂ ਸਥਾਪਤ ਕੀਤੇ ਹੋਏ ਬਿਨਾ ਵਿਤਕਰਾ ਰੰਗ, ਨਸਲ, ਲਿੰਗ, ਧਰਮ, ਦੇਸ਼, ਜਾਤ-ਪਾਤ, ਬੱਚਾ-ਬਿਰਧ, ਅਮੀਰ-ਗ਼ਰੀਬ, ਬਾਦਸ਼ਾਹ-ਰੰਕ ਭਾਵ ਸੰਪੂਰਣ ਮਨੁੱਖ ਸਮਾਜ ਨਾਲ ਸੰਬੰਧਤ “ਗੁਰੂ ਕੀ ਸਾਂਝੀ ਸੰਗਤ” ਅਥਵਾ ‘ਸਤਿਸੰਗ’ ਹੀ ਹਨ। ਉਪ੍ਰੰਤ ਇਸੇ “ਗੁਰੂ ਕੀ ਸਾਂਝੀ ਸੰਗਤ” ਅਥਵਾ ‘ਸਤਿਸੰਗਾਂ’ ਦੇ ਆਧਾਰ `ਤੇ ਵਿਸਤਾਰ ਵੀ ਖ਼ੁਦ ਪਾਤਸ਼ਾਹ ਵੱਲੋਂ ਇਨ੍ਹਾਂ ਨਾਲ ਵਾਰੀ ਵਾਰੀ ਜੋੜੀਆਂ ਗਈਆਂ ਦੋ ਹੋਰ ਕੜੀਆਂ ਵੀ ਹਨ। ਇਸ ਤਰ੍ਹਾਂ ਉਹ ਦੋ ਕੜੀਆਂ ਹਨ “ਸਾਂਝੀ ਪੰਕਤ” ਭਾਵ “ਗੁਰੂ ਕਾ ਲੰਗਰ” ਅਤੇ ਫ਼ਿਰ ਬਾਉਲੀਆਂ-ਸਰੋਵਰਾਂ ਵਾਲੇ ‘ਸਾਂਝੇ ਇਸ਼ਨਾਨਾਂ ਦਾ ਅਰੰਭ। ਧਿਆਨ ਰਹੇ ਇਹ ਬਾਉਲੀਆਂ-ਸਰੋਵਰਾਂ ਆਦਿ ਵਾਲਾ ਸਾਂਝਾ ਇਸ਼ਨਾਨ ਵੀ ਮਨੁੱਖ ਸਮਾਜ ਚੋਂ ਜਾਤਪਾਤ ਤੇ ਵਰਣ ਵੰਡ ਵਾਲੇ ਕੋੜ੍ਹ ਨੂੰ ਕਢਣਾ ਹੀ ਸੀ। ਇਸ ਲਈ ਇਹ ਸਮੁਚਾ ਵਿਸ਼ਾ ਵੀ ਚਲਦੇ ਪਾਣੀ ਦਾ ਨਹੀਂ ਬਲਕਿ ਉਚੇਚੇ ਤੌਰ `ਤੇ ਬਾਉਲੀਆਂ-ਸਰੋਵਰਾਂ, ਖੂਹਾਂ ਆਦਿ ਨਾਲ ਸਬੰਧਤ ਕਰਕੇ ਕੇਵਲ ਤੇ ਕੇਵਲ ਖੜੇ ਪਾਣੀ ਦਾ ਹੀ ਹੈ।

ਜਦਕਿ ਗੁਰਦੇਵ ਦੀ ਇਸ ਕਰਣੀ ਦੇ ਪਿਛੌਕੜ ਵੱਲ ਧਿਆਣ ਦੇਣਾ ਵੀ ਬਹੁਤ ਜ਼ਰੂਰੀ ਹੈ। ਸਚਾਈ ਇਹ ਹੈ ਕਿ ਬ੍ਰਾਹਮਣ ਮੱਤ ਰਾਹੀਂ ਹਜ਼ਾਰਾਂ ਸਾਲਾਂ ਤੋਂ ਪਾਣੀ ਨਾਲ ਸੰਬੰਧਤ ਕਰਕੇ, ਟੂਣੇ-ਪ੍ਰਛਾਂਵੇਂ, ਸੁੱਚਾਂ-ਭਿੱਟਾਂ, ਸੁਅਰਣ-ਸ਼ੂਦਰ ਜਾਤੀਆਂ ਆਦਿ ਵਾਲੇ ਜਿਹੜੇ ਬੇਅੰਤ ਵਹਿਮ ਤੇ ਭਰਮ ਜੋੜੇ ਤੇ ਪੈਦਾ ਕੀਤੇ ਹੋਏ ਹਨ ਉਹ ਸਾਰੇ ਖੜੇ ਪਾਣੀ ਨਾਲ ਹੀ ਸੰਬੰਧਤ ਹਨ, ਚਲਦੇ ਪਾਣੀ ਨਾਲ ਨਹੀਂ। ਇਹ ਵੀ ਸ਼ਾਇਦ ਇਸ ਲਈ ਕਿ ਦਰਿਆਵਾਂ-ਨਦੀਆਂ ਆਦਿ ਦੇ ਚਲਦੇ ਪਾਣੀ ਨਾਲ ਤਾਂ ਕਿਸੇ ਦਾ ਜ਼ੋਰ ਨਹੀਂ ਚਲਦਾ ਤੇ ਨਾ ਹੀ ਉਥੇ ਅਜਿਹੇ ਵਹਿਮ-ਭਰਮ ਜੋੜਣੇ ਹੀ ਸੰਭਵ ਹਨ। ਸਪਸ਼ਟ ਹੈ ਕਿ ਇਸ ਤਰ੍ਹਾਂ ਗੁਰਦੇਵ ਦਾ ਬਾਉਲੀਆਂ-ਸਰੋਵਰਾਂ ਵਾਲੇ ਇਨ੍ਹਾਂ ‘ਸਾਂਝੇ ਇਸ਼ਨਾਨਾਂ ਦਾ ਮਕਸਦ ਵੀ ਸੰਗਤ-ਪੰਕਤ ਦੀ ਅਰੰਭਤਾ ਤੋਂ ਬਾਅਦ ਇਸ ਰਸਤੇ ਵੀ ਮਨੁੱਖ-ਮਨੁੱਖ ਵਿਚਕਾਰ ਬਰਾਬਰੀ ਨੂੰ ਪੈਦਾ ਕਰਣਾ ਅਤੇ ਵਰਣ ਵਾਦ, ਜਾਤ-ਪਾਤ, ਸੁੱਚ ਭਿੱਟ, ਟੂਣੇ ਪ੍ਰਛਾਵੇਂ ਆਦਿ ਵਾਲੇ ਸਮਾਜਕ ਕੋੜ੍ਹ ਨੂੰ ਕਢਣਾ ਹੀ ਸੀ।

(੨) ਦੂਜਾ- ਗੁਰਬਾਣੀ ਅੰਦਰ ਜਿਸ ਨੂੰ ‘ਸਾਧਸੰਗਤ’, ਸਾਧਸੰਗ ਤੇ ਸਤਿਸੰਗ ਆਦਿ ਲਫ਼ਜ਼ਾਂ ਨਾਲ ਬਿਆਣਿਆ ਹੈ ਉਨ੍ਹਾਂ ਦਾ ਆਧਾਰ ਵੀ “ਇਕੋ ਇੱਕ, ਜਨਮ-ਮਰਨ ਤੋਂ ਰਹਿਤ ਅਤੇ ਰੂਪ-ਰੇਖ-ਰੰਗ ਤੋਂ ਨਿਆਰਾ ਅਕਾਲ ਪੁਰਖ” ਹੀ ਹੈ। ਉਹ ਕਾਦਿਰ-ਕਰਤਾ ਜੋ “ਤੂੰ ਸਾਝਾ ਸਾਹਿਬੁ ਬਾਪੁ ਹਮਾਰਾ” (ਪੰ: ੯੭) ਭਾਵ ਜਿਹੜਾ ਪ੍ਰਭੂ ਸਾਰੇ ਸੰਸਾਰ ਦਾ ਸਾਂਝਾ ਹੈ ਅਤੇ ਜਿਸ ਦਾ ਵਜੂਦ ਰਚਨਾ ਦੇ ਜ਼ਰੇ ਜ਼ਰੇ `ਚ ਸਪਸ਼ਟ ਕੀਤਾ ਹੋਇਆ ਹੈ। ਇਸ ਤਰ੍ਹਾਂ ਉਸ ਕਰਤੇ ਨੂੰ ਵਿਸਾਰ ਕੇ ਸੰਸਾਰ ਭਰ ਦੇ ਕਿਸੇ ਵੱਡੇ ਤੋਂ ਵੱਡੇ ਇਕੱਠ ਨੂੰ ਵੀ ਗੁਰਦੇਵ ਨੇ ਸਤਸੰਗ, ਸਾਧਸੰਗਤ, ਸਾਧਸੰਗ ਜਾਂ ਸਾਧਸੰਗਤ ਆਦਿ ਪ੍ਰਵਾਨ ਨਹੀਂ ਕੀਤਾ। ਸੰਸਾਰ ਦੇ ਲੋਕਾਂ ਦੀ ਬੋਲੀ `ਚ ਫ਼ਿਰ ਚਾਹੇ ਉਹ ਇਕੱਠ ਵੀ, ਬੇਸ਼ਕ ‘ਧਾਰਮਿਕ ਸਤਸੰਗ’ ਜਾਂ ‘ਸਤਸੰਗ’ ਹੀ ਕਹੇ ਜਾਂਦੇ ਹੋਣ ਪਰ ਗੁਰੂ ਦਰ `ਤੇ ਉਹ ਸਤਿਸੰਗ ਨਹੀਂ ਹਨ। ਇਸ ਤੋਂ ਬਾਅਦ ਕੁੱਝ ਹੋਰ:-

(੩) “ਸੰਗਤ ਪੰਕਤ ਤੇ ਸਰੋਵਰ” -ਉਪ੍ਰੰਤ ਕੇਵਲ ਤੇ ਕੇਵਲ ਅਕਾਲ ਪੁਰਖ ਨਾਲ ਸਬੰਧਤ ਅਜਿਹੇ ਸਤਿਸੰਗਾਂ ਲਈ ਹੀ ਫ਼ੁਰਮਾਨ ਹੈ ਦੀਨ ਦਇਆਲ ਕ੍ਰਿਪਾਲ ਪ੍ਰਭ ਨਾਨਕ ਸਾਧਸੰਗਿ ਮੇਰੀ ਜਲਨਿ ਬੁਝਾਈ” (ਪੰ: ੨੦੪) ਅਥਵਾ “ਸਤਸੰਗਤਿ ਕੈਸੀ ਜਾਣੀਐ॥ ਜਿਥੈ ਏਕੋ ਨਾਮੁ ਵਖਾਣੀਐ॥ ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ” (ਪੰ: ੭੨) ਅਤੇ ਇਸੇ ਤਰ੍ਹਾਂ ਗੁਰਬਾਣੀ `ਚ ਤਾਂ ਇਸ ਵਿਸ਼ੇ ਨਾਲ ਸਬੰਧਤ ਹੋਰ ਵੀ ਹਜ਼ਾਰਾਂ ਫ਼ੁਰਮਾਨ ਪ੍ਰਾਪਤ ਹਨ। ਇਹ ਵੀ ਕਿ ਸੰਪੂਰਣ ਗੁਰਬਾਣੀ `ਚ ਹਰੇਕ ਮਨੁੱਖ ਨੂੰ ਜੀਵਨ ਭਰ ਅਜਿਹੇ ਸਤਸੰਗਾਂ `ਚ ਸ਼ਾਮਲ ਹੋਣ ਤੇ ਇਨ੍ਹਾਂ ਦਾ ਲਾਹਾ ਲੈਣ ਲਈ ਵੀ ਤਾਕੀਦ ਕੀਤੀ ਹੋਈ ਹੈ। ਵਿਚਾਰਨ ਦਾ ਵਿਸ਼ਾ ਹੈ ਕਿ ਗੁਰਦੇਵ ਵੱਲੋਂ ਗੁਰਬਾਣੀ `ਚ “ਸੰਗਤ, ਪੰਕਤ ਅਤੇ ਸਰੋਵਰ” ਭਾਵ ਇੰਨ੍ਹਾਂ ਤਿੰਨਾਂ ਪੱਖਾਂ ਦੇ ਸੁਮੇਲ ਦਾ ਮੁੱਖ ਉਦੇਸ਼ ਹੈ ਕੀ? ਉਹ ਉਦੇਸ਼ ਹੈ ਮਨੁੱਖ ਮਾਤ੍ਰ ਵਿਚਕਾਰ ਜੋ ਸਾਂਝੀਆਂ ਕੜੀਆਂ ਹਨ ਉਨ੍ਹਾਂ ਦਾ ਪ੍ਰਕਾਸ਼ ਤੇ ਜੀਵਨ `ਚ ਵਰਤੋਂ।

ਦਰਅਸਲ ਅਕਾਲ ਪੁਰਖ ਦੀ ਸਿਫ਼ਤ ਸਲਾਹ ਨਾਲ ਜੁੜ ਕੇ ਕੀਤੇ ਹੋਏ ਇਹ ਸਤਿਸੰਗ ਵਾਲਾ ਹੀ ਇਕੋ ਇੱਕ ਰਸਤਾ ਹੈ “ਮਨੁੱਖ ਮਨੁੱਖ ਵਿਚਕਾਰ ਇਹ ਸਾਂਝੀਆਂ ਕੜੀਆਂ ਤੇ ਇਨ੍ਹਾਂ ਕੜੀਆਂ ਰਸਤੇ ਮਨੁੱਖ-ਮਾਤ੍ਰ ਦੀ ਸੰਭਾਲ ਕਰਣੀ, ਨਾ ਕਿ ਨਿਰਾ ਪੁਰਾ ਕੁੱਝ ਗਿਣਤੀ ਜਾਂ ਸਮੁਦਾਯ ਨਾਲ ਸਬੰਧਤ ਲੋਕਾਂ ਦਾ ਇਕੱਠ ਹੋ ਜਾਣਾ ਜਾਂ ਉਨ੍ਹਾ ਨੂੰ ਸਤਿਸੰਗ ਕਹਿਕੇ ਪ੍ਰਚਾਰਦੇ ਜਾਂ ਕਹਿੰਦੇ ਜਾਣਾ।

ਸਪਸ਼ਟ ਹੈ, ਗੁਰਦੇਵ ਰਾਹੀਂ ਪ੍ਰਗਟ ਸੱਚ ਧਰਮ ਭਾਵ ਸਿੱਖ ਧਰਮ ਦਾ ਆਧਾਰ ਹੀ ਗੁਰਬਾਣੀ ਆਧਾਰਤ “ਸੰਗਤ, ਪੰਕਤ ਅਤੇ ਸਰੋਵਰ” ਇਨ੍ਹਾਂ ਤਿੰਨਾਂ ਪੱਖਾਂ ਦਾ ਸੁਮੇਲ ਹੈ। ਦੂਜੇ ਲਫ਼ਜ਼ਾਂ `ਚ ਗੁਰਬਾਣੀ ਵਿਚਾਰਧਾਰਾ ਆਧਾਰਤ ਪ੍ਰਗਟ ਇਨ੍ਹਾਂ ਤਿੰਨਾ ਪੱਖਾਂ `ਚੋਂ ਕਿਸੇ ਇੱਕ ਪੱਖ ਦੀ ਅਸਲੀਅਤ ਨੂੰ ਵਿਸਾਰ ਕੇ ਜਾਂ ਇਨ੍ਹਾਂ ਦੇ ਸੁਮੇਲ ਤੇ ਆਧਾਰ ਬਾਰੇ ਲਾਪਰਵਾਹ ਹੋ ਕੇ ਇਨ੍ਹਾਂ ਦੇ ਪ੍ਰਚਲਣ ਅਤੇ ਵਰਤੋਂ ਨੂੰ, ਗੁਰਦੇਵ ਨੇ ਕਿਸੇ ਦੇ ਜੀਵਨ ਨੂੰ ਗੁਰਮੱਤ ਜੀਵਨ ਹੀ ਪ੍ਰਵਾਨ ਨਹੀਂ ਕੀਤਾ। ਭਾਵ ‘ਗੁਰੂ ਕੀਆਂ ਸੰਗਤਾਂ’ ਦੇ ਨਾਮ ਹੇਠ ਇਕਤ੍ਰ ਵੀ ਹੋਣਾ, ਪੰਕਤਾਂ `ਚ ਬੈਠ ਕੇ ਲੰਗਰ ਵੀ ਛਕਣੇ ਤੇ ਸਰੋਵਰਾਂ `ਚ ਇਸ਼ਨਾਨ ਵੀ ਕਰਣੇ ਅਤੇ ਫ਼ਿਰ ਵੀ ਜਾਤਾਂ ਪਾਤਾਂ, ਉਚ ਨੀਚ ਜਾਂ ਮਜ਼੍ਹਬੀ-ਜੱਟ ਆਦਿ ਭਰਮਾਂ `ਚ ਵੀ ਪਏ ਰਹਿਣਾ।

ਇਸ ਤਰ੍ਹਾਂ ਇਹ ਵੀ ਸਮਝਣਾ ਹੈ, ਜੇਕਰ ਇਨ੍ਹਾਂ ਤਿੰਨਾ `ਚੋ ਕਿਸੇ ਇੱਕ ਰਹਿਣੀ ਅਥਵਾ ਪੱਖ ਅੰਦਰੋਂ ਵੀ ਗੁਰਬਾਣੀ ਵਿਚਾਰਧਾਰਾ ਵਾਲੀ ਸੋਚ ਕਾਇਮ ਨਾ ਰਵੇ। ਉਪ੍ਰੰਤ ਜੇਕਰ ਇਨ੍ਹਾਂ ਦੀ ਵਰਤੋਂ ਕਰਦੇ ਹੋਏ ਵੀ ‘ਮਨੁੱਖੀ ਸਾਂਝੀਵਾਲਤਾ’ ਬਦਲੇ ਮਨੁੱਖੀ ਸੋਚ `ਚ ਆਪਹੁੱਦਰਾਪਣ, ਹਉਮੈ, ਹੂੜਮੱਤ, ਮਨਮੱਤ, ਵਿਪਰ ਰੀਤਾਂ, ਵਰਣ ਵਾਦ, ਧੜਾ ਬੰਦੀਆਂ ਅਥਵਾ ਵੱਖ ਵੱਖ ਡੇਰਿਆਂ ਆਦਿ ਵਾਲੇ ਪ੍ਰਭਾਵ ਹੀ ਛਾਏ ਹੋਣ ਤਾਂ ਯਕੀਨਣ ਅਜਿਹੀ ਕਰਣੀ, ਕਥਣੀ ਤੇ ਪ੍ਰਚਾਰ-ਪ੍ਰਸਾਰ, ਗੁਰੂ ਨਾਨਕ ਪਾਤਸ਼ਾਹ ਰਾਹੀਂ ਪ੍ਰਗਟ ਕੀਤੇ ਸੱਚ ਧਰਮ ਅਥਵਾ ਸਿੱਖ ਧਰਮ ਅਤੇ ਅਸਲੀ ਸਿੱਖ ਜੀਵਨ ਜਾਚ ਦਾ ਪ੍ਰਚਾਰ ਨਹੀਂ ਰਹਿ ਜਾਂਦਾ; ਬਲਕਿ ਇਸ ਤਰ੍ਹਾਂ ਅਜਿਹਾ ਪ੍ਰਚਾਰ ਵੀ ਸਿੱਖੀ ਪ੍ਰਚਾਰ ਨਾ ਹੋ ਕੇ ਕੁੱਝ ਹੋਰ ਹੀ, ਹੋ ਜਾਂਦਾ ਹੈ।

ਫ਼ਿਰ ਬੇਸ਼ੱਕ ਆਪਣਾ ਮਤਲਬ ਪੂਰਾ ਕਰਣ, ਆਪਣਾ ਦਿਲ ਖੁਸ਼ ਕਰਣ ਜਾਂ ਕਿਸੇ ਵੀ ਕਾਰਨ, ਅਸੀਂ ਉਸ ਨੂੰ ਗੁਰਮੱਤ ਪ੍ਰਚਾਰ, ਸਿੱਖ ਧਰਮ ਦਾ ਪ੍ਰਚਾਰ, ਕੀਰਤਨ ਦਰਬਾਰ, ਗੁਰਮੱਤ ਪ੍ਰਚਾਰ ਸਮਾਗਮ ਜਾਂ ਕੁੱਝ ਵੀ ਨਾਮ ਦਿੰਦੇ ਰਵੀਏ। ਦਰਅਸਲ ਮੂਲ ਗੁਰਬਾਣੀ ਵਿਚਾਰਧਾਰਾ ਆਧਾਰਤ ਸਤਿਸੰਗਾਂ ਵਾਲੇ ਵਿਸ਼ਵਾਸ ਤੇ ਆਧਾਰ ਤੋਂ ਬਿਨਾ, ਗੁਰਬਾਣੀ ਦੀ ਕਸਵੱਟੀ `ਤੇ ਉਹ ਸਾਰੇ ਗੁਰਮੱਤ ਪ੍ਰਚਾਰ, ਸਿੱਖ ਧਰਮ ਦਾ ਪ੍ਰਚਾਰ, ਗੁਰਮੱਤ ਸਮਾਗਮ, ਕੀਰਤਨ ਦਰਬਾਰ ਆਦਿ ਉੱਕਾ ਹੀ ਨਹੀਂ ਹਨ; ਬਲਕਿ ਇਸ ਦੇ ਉਲਟ ਉਹ ਸਾਰੇ ਮਨਮੱਤ ਦਾ ਪ੍ਰਚਾਰ ਹੀ ਰਹਿ ਜਾਣਗੇ।

ਜੇਕਰ ਇਮਾਨਦਾਰੀ ਨਾਲ ਅਤੇ ਗੁਰੂ ਦੇ ਨਿਰਮਲ ਭਉ `ਚ ਰਹਿ ਕੇ ਦੇਖਿਆ ਜਾਵੇ ਤਾਂ ਅੱਜ ਬਹੁਤਾ ਕਰਕੇ ਹੋ ਵੀ ਇਹੀ ਕੁੱਝ ਰਿਹਾ ਹੈ। ਸਪਸ਼ਟ ਹੈ ਕਿ ਅੱਜ ਬਿਨਾ ਵਿਤਕਰਾ ਸਮੂਚੇ ਮਨੁੱਖ ਸਮਾਜ ਨਾਲ ਸਬੰਧਤ, ਗੁਰਬਾਣੀ ਦਾ ਮੂਲ ਤੇ ਗੁਰਬਾਣੀ ਵਿਚਾਰਧਾਰਾ ਤੋਂ ਪ੍ਰਗਟ ਉਹ ਸਾਂਝੀਆਂ ਕੜੀਆਂ ਹੀ ਕੌਮ ਨੂੰ ਪੂਰੀ ਤਰ੍ਹਾਂ ਵਿਸਰ ਚੁੱਕੀਆਂ ਹਨ। ਉਪ੍ਰੰਤ ਉਨ੍ਹਾਂ ਹੀ ਸਾਂਝੀਆਂ ਕੜੀਆਂ ਦਾ ਮੂਲ ਬਹੁਤਾ ਕਰਕੇ ਉਹ “ਸਤਿਸੰਗਤ” ਵੀ ਨਹੀਂ ਰਹਿ ਚੁੱਕੀ। ਇਸ ਤਰ੍ਹਾਂ ਅਜੋਕੇ ਸਤਿਸੰਗਾਂ ਨੂੰ ਅੱਜ ਗੁਰਬਾਣੀ ਦੀ ਕਸਵੱਟੀ `ਤੇ ਸਤਿਸੰਗਤ ਅਥਵਾ ਸਾਧਸੰਗ ਵੀ ਨਹੀਂ ਰਹਿਣ ਦਿੱਤਾ ਗਿਆ। ਜਦਕਿ ਇਸ ਸਤਿਸੰਗ ਦੇ ਵਿਸ਼ੇ ਨਾਲ ਸਬੰਧਤ ਸਾਡੇ ਵੱਲੋਂ ਵੱਖਰੇ ਤੌਰ `ਤੇ ਦਿੱਤੇ ਜਾ ਰਹੇ ਗੁਰਮੱਤ ਪਾਠਾਂ ਦੀ ਲੜੀ `ਚ ਗੁਰਮੱਤ ਪਾਠ ਨੰ: ੭੩ “ਕੀਰਤਨ ਗੁਰਬਾਣੀ ਦਾ”, ਗੁਰਮੱਤ ਪਾਠ ਨੰ: ੨੦੦ “ਅਨਦਿਨੁ ਕੀਰਤਨੁ ਸਦਾ ਕਰਹਿ” ਅਤੇ "ਸਤਸੰਗਤਿ ਕੈਸੀ ਜਾਣੀਐ?” ਗੁਰਮੱਤ ਪਾਠ ਨੰ: ੨੦੧ ਆਦਿ ਵੀ ਦਿੱਤੇ ਹੋਏ ਹਨ, ਸੰਗਤਾਂ ਉਨ੍ਹਾਂ ਦਾ ਲਾਭ ਲੈ ਕੇ ਇਸ ਵਿਸ਼ੇ ਸਬੰਧੀ ਹੋਰ ਵੇਰਵੇ `ਚ ਵੀ ਜਾ ਸਕਦੀਆਂ ਹਨ।

ਉਂਝ ਗੁਰਬਾਣੀ `ਚ ਕਿਸੇ ਇੱਕ ਥਾਵੇਂ ਤੇ ਇਸ਼ਾਰੇ ਮਾਤ੍ਰ ਵੀ ਸਤਿਸੰਗਤ ਜਾਂ ਸਾਧਸੰਗ ਆਦਿ ਦੀ ਇਹ ਪ੍ਰੀਭਾਸ਼ਾ ਨਹੀਂ ਮਿਲੇਗੀ ਜਿੱਥੇ ਗੱਲ ਕਰਤੇ ਨੂੰ ਵਿਸਾਰ ਕੇ ਜਾਂ ਉਸ ਤੋਂ ਬਿਨਾ ਕਿਸੇ ਇਕੱਠ ਲਈ ਕੀਤੀ ਹੋਈ ਹੋਵੇ। ਗੁਰਦੇਵ ਤਾਂ ਇਥੋਂ ਤੱਕ ਫ਼ੁਰਮਾਉਂਦੇ ਹਨ ਨਚ ਰਾਜ ਸੁਖ ਮਿਸਟੰ, ਨਚ ਭੋਗ ਰਸ ਮਿਸਟੰ, ਨਚ ਮਿਸਟੰ ਸੁਖ ਮਾਇਆ॥ ਮਿਸਟੰ ਸਾਧਸੰਗਿ, ਹਰਿ ਨਾਨਕ ਦਾਸ ਮਿਸਟੰ ਪ੍ਰਭ ਦਰਸਨੰ” (ਪੰ: ੭੦੮) ਇਸ ਤਰ੍ਹਾਂ ਗੁਰਦੇਵ ਸਪਸ਼ਟ ਕਰਦੇ ਹਨ ਕਿ ਮਨ ਦੇ ਜਿਸ ਟਿਕਾਅ ਤੇ ਸ਼ਾਂਤੀ ਪਿਛੇ ਮਨੁੱਖ, ਜੀਵਨ ਭਰ ਦੌੜਦਾ ਹੈ ਉਨ੍ਹਾਂ ਸਾਰੇ ਸੁੱਖਾਂ ਤੇ ਮਨ ਦੇ ਟਿਕਾਅ ਦਾ ਸਿਰਾ, ਸੰਸਾਰਕ ਸੁਖ ਸਹੂਲਤਾਂ ਨਹੀਂ ਹਨ; ਕੇਵਲ ਤੇ ਕੇਵਲ ਸਾਧਸੰਗਤ ਹੀ ਹੈ ਪਰ ਉਹ ਸਾਧਸੰਗਤ ਵੀ ਕਦੋਂ ਹੈ? ਉੱਤਰ ਹੋਵੇਗਾ ਕਿ ਉਹ ਵੀ ਉਦੋਂ, ਜਦੋਂ ਉਸ ਦਾ ਆਧਾਰ ਪ੍ਰਭ ਦਰਸਨੰ” ਹੀ ਹੈ, ਤੇ ਉਸ ਤੋਂ ਬਿਨਾ ਨਹੀਂ।

(੪) ਕੁੱਝ ਦਰਬਾਰ ਸਾਹਿਬ, ਅੰਮ੍ਰਿਤਸਰ ਸਾਹਿਬ ਦੇ ਸਰੋਵਰ ਪ੍ਰਤੀ ਵੀ- ਚਲਦੇ ਪ੍ਰਕਰਣ ਦੇ ਨਾਲ ਨਾਲ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਰੋਵਰ ਸਬੰਧੀ ਝਾਤ ਪਾ ਲੈਣੀ ਹੋਰ ਵੀ ਲਾਹੇਵੰਦ ਹੋਵੇਗੀ। ਵਿਸ਼ਾ ਵਿਸ਼ੇਸ਼ ਧਿਆਨ ਮੰਗਦਾ ਹੈ, ਉਹ ਇਹ ਕਿ ਜਦੋਂ ਅਸੀਂ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਕਰਣ ਜਾਂਦੇ ਹਾਂ, ਸਮਝਣ ਦਾ ਮੁਕਾਮ ਇਹ ਵੀ ਹੈ ਕਿ ਗੁਰੂ ਪਾਤਸ਼ਾਹ ਦੇ ਚਰਨਾਂ `ਚ ਹਾਜ਼ਰੀ ਭਰਨ ਤੋਂ ਪਹਿਲਾਂ ਹੋਰ ਬਹੁਤੇਰੀਆਂ ਵਿਲਖਣਤਾਂਵਾਂ ਦੇ ਨਾਲ ਨਾਲ ਦੋ ਵਿਲਖਣਤਾਂਵਾਂ ਅਜਿਹੀਆਂ ਵੀ ਹਨ ਜਿਨ੍ਹਾਂ ਦਾ ਬਹੁਤ ਵੱਡਾ ਤੇ ਵਿਸ਼ੇਸ਼ ਸਬੰਧ ਹੀ ਸਾਡੇ ਚੱਲ ਰਹੇ ਪ੍ਰਕਰਣ ਨਾਲ ਹੈ। ਇਹ ਦੋ ਵਿਲਖਣਤਾਂਵਾਂ ਤੇ ਵਿਸ਼ੇਸ਼ਤਾਈਆਂ ਇਸ ਤਰ੍ਹਾਂ ਹਨ:-

(ੳ) ਦਰਬਾਰ ਸਾਹਿਬ ਅੰਮ੍ਰਿਤਸਾਰ ਸਾਹਿਬ, ਵਿਖੇ ਹਰੇਕ ਦਰਸ਼ਨ ਕਰਣ ਜਾਣ ਵਾਲੇ ਵਿਅਕਤੀ ਨੂੰ ਬਿਨਾਂ ਵਿਤਕਰਾ ਬ੍ਰਾਹਮਣ-ਸ਼ੂਦਰ, ਜਾਤ-ਵਰਣ, ਇਸਤ੍ਰੀ-ਪੁਰਖ, ਦੇਸ਼ੀ-ਵਿਦੇਸ਼ੀ, ਰੰਗ-ਨਸਲ, ਬੱਚਾ ਬਿਰਧ ਭਾਵ ਸਾਰਿਆਂ ਨੂੰ ਇਕੋ ਹੀ ਕਾਰੀਡੋਰ (ਪੁੱਲੀ) ਤੋਂ ਲੰਘਣਾ ਹੁੰਦਾ ਹੈ ਜਿਹੜੀ ਕਿ ਬਨਾਈ ਹੋਈ ਹੀ ਖੜੇ ਪਾਣੀ `ਤੇ ਹੈ।

(ਅ) ਗੁਰਦੇਵ ਦੇ ਚਰਨਾਂ `ਚ ਪਹੁੰਚਣ ਤੋਂ ਪਹਿਲਾਂ ਅਸਾਂ ਸਾਰਿਆਂ ਨੇ ਸਰੋਵਰ ਦੇ ਉਸੇ ਖੜੇ ਪਾਣੀ ਨੂੰ ਹੀ ਪਾਰ ਕਰਣਾ ਹੁੰਦਾ ਹੈ। ਜਦਕਿ ਉਪਰ ਕਾਲਮ ਨੰ: ੧ (ਇਕ) `ਚ ਇਹ ਵੀ ਦੇਖ ਚੁੱਕੇ ਹਾਂ ਕਿ ਇਹ ਸਰੋਵਰ ਦਾ ਉਹ ਖੜਾ ਪਾਣੀ ਹੈ ਜਿਹੜੇ ਬਾਉਲੀਆਂ-ਸਰੋਵਰਾਂ ਤੇ ਖੂਹੀਆਂ ਆਦਿ ਦੇ ਖੜੇ ਪਾਣੀ ਨਾਲ ਸੰਬੰਧਤ ਕਰਕੇ, ਵਿਸ਼ੇਸ਼ਕਰ ਭਾਰਤ `ਚ ਤੇ ਬ੍ਰਾਹਮਣ ਮੱਤ ਨੇ ਹਜ਼ਾਰਾਂ ਸਾਲਾਂ ਤੋਂ ਟੂਣੇ-ਪ੍ਰਛਾਂਵੇਂ, ਸੁੱਚਾਂ-ਭਿੱਟਾਂ, ਸੁਅਰਣ-ਸ਼ੂਦਰ ਆਦਿ ਵਾਲੇ ਬੇਅੰਤ ਵਿਤਕਰੇ, ਭੇਦ ਭਾਵ ਤੇ ਵਹਿਮ-ਭਰਮ ਜੋੜੇ ਤੇ ਪੈਦਾ ਕੀਤੇ ਹੋਏ ਹਨ। ਪ੍ਰਕਰਣ ਅਨੁਸਾਰ ਇਥੇ ਇਹ ਵਿਸ਼ਾ ਵੀ ਵਿਸ਼ੇਸ਼ ਧਿਆਨ ਮੰਗਦਾ ਹੈ।

ਵਖ੍ਰੇਵੇਂ ਬਾਅਦ `ਚ, ਪਹਿਲਾਂ ਸਾਂਝੀਆਂ ਕੜੀਆਂ- ਇਸੇ ਲਈ ਹੱਥਲੇ ਗੁਰਮੱਤ ਪਾਠ `ਚ ਅਸੀਂ ਪੰਥਕ ਅਧੋਗਤੀ ਅਤੇ ਪੰਥ `ਚ ਪੈਦਾ ਹੋ ਚੁੱਕੇ ਵਖ੍ਰੇਵਿਆਂ ਤੇ ਧੜੇਬੰਦੀਆਂ ਵਾਲਾ ਵਿਸ਼ਾ ਬਾਅਦ `ਚ ਲਿਆ ਹੈ ਜਦਕਿ ਪਹਿਲਾਂ ਕੁੱਝ ਸਾਂਝੀਆਂ ਕੜੀਆਂ ਵਾਲਾ ਵਿਸ਼ਾ ਹੀ ਲਿਆ ਹੈ। ਉਹ ਵੀ ਇਸ ਲਈ ਤਾ ਕਿ ਮੂਲ ਵਿਸ਼ਾ ਸਮਝ `ਚ ਆ ਸਕੇ। ਸਮਝਣਾ ਇਹ ਹੈ ਕਿ ਜਿਵੇਂ ਪ੍ਰਭੂ ਸਰਵ ਵਿਆਪਕ ਹੈ, ਉਸੇ ਤਰ੍ਹਾਂ ਉਸ ਪ੍ਰਭੂ ਦਾ ਪ੍ਰਗਟਾਵਾ ਭਾਵ ਗੁਰਬਾਣੀ ਜੀਵਨ ਸੇਧ ਤੇ ਗੁਰਬਾਣੀ ਆਦੇਸ਼ ਵੀ ਸੰਸਾਰ ਭਰ ਦੇ ਮਨੁੱਖ ਮਾਤ੍ਰ ਲਈ ਹਨ, ਨਾ ਕਿ ਕੁੱਝ ਲੋਕਾਂ ਜਾਂ ਕਿਸੇ ਖਾਸ ਸਮੁਦਾਇ ਲਈ ਹਨ। ਇਸ ਲਈ ਜਦੋਂ ਵੀ ਸਾਡੇ ਵੱਲੋਂ ਕੀਤੇ ਗੁਰਮੱਤ ਪ੍ਰਚਾਰ ਦੇ ਕਿਸੇ ਵੀ ਵਿਸ਼ੇ `ਤੇ ਸੋਚ ਸੰਕੋਚਵੀਂ ਤੇ ਕੁੱਝ ਲੋਕਾਂ ਜਾਂ ਕਿਸੇ ਵਿਸ਼ੇਸ਼ ਸਮੁਦਾਯ ਲਈ ਤੇ ਸੀਮਿਤ ਹੀ ਹੋਵੇਗੀ, ਤਾਂ ਸਾਡੀ ਉਹ ਦੇਣ ਵੀ ਗੁਰਬਾਣੀ ਵਿਚਾਰਧਾਰਾ ਵਾਲੇ ਸੱਚ ਨਾਲ ਇਨਸਾਫ਼ ਨਹੀਂ ਕਰੇਗੀ। ਬਲਕਿ ਇਹ ਵੀ ਕਿ ਨਾ ਤਾਂ ਉਸ ਦਾ ਕੁਦਰਤੀ ਲਾਭ ਸਾਨੂੰ ਮਿਲੇਗਾ ਤੇ ਨਾ ਹੀ ਉਨ੍ਹਾਂ ਸਮਾਗਮਾਂ ਆਦਿ `ਚ ਸ਼ਾਮਲ ਹੋਣ ਵਾਲਿਆਂ ਨੂੰ ਹੀ।

ਲੋੜ ਹੈ ਤਾਂ ਨੇਕਦਿਲ਼ੀ ਤੇ ਇਮਾਨਦਾਰੀ ਨਾਲ ਇਸ ਪੱਖੋਂ ਪੰਥਕ ਸੰਭਾਲ ਵੱਲ ਟੁਰਣ ਦੀ। ਉਸ ਤੋਂ ਬਿਨਾ ਸਾਡੀ ਸਾਰੀ ਦੌੜ ਇਸ ਤਰ੍ਹਾਂ ਰਵੇਗੀ ਜਿਵੇਂ ਹਵਾ `ਚ ਤੀਰ ਚਲਾਉਣੇ। ਬਲਕਿ ਇਸ ਤਰ੍ਹਾਂ ਤਾਂ ਉਨ੍ਹਾਂ ਤੀਰਾਂ ਨਾਲ ਆਪਣਿਆਂ ਨੂੰ ਹੀ ਵਿੰਨਦੇ ਜਾਣਾ ਹੋਵੇਗਾ। ਜੇ ਗਹੁ ਨਾਲ ਦੇਖਿਆ ਜਾਵੇ ਤਾਂ ਅੱਜ ਸਾਡੀ ਹਾਲਤ ਠੀਕ ਇਹੀ ਬਣੀ ਪਈ ਹੈ। ਇਸ ਤਰ੍ਹਾਂ ਚਾਹੇ ਕਿਸੇ ਵੀ ਪਧਰ `ਤੇ ਜਿਤਣੇ ਵੱਧ ਕੌਮ ਨੂੰ ਸੰਭਾਲਣ ਦੇ ਜੱਤਣ ਹੁੰਦੇ ਹਨ, ਜਿਤਨਾ ਵੱਧ ਅੱਜ ਗੁਰਮੱਤ ਪ੍ਰਚਾਰ ਦਾ ਸ਼ੋਰ ਹੋ ਰਿਹਾ ਹੈ, ਉਤਨਾ ਹੀ ਪੰਥਕ ਬਿਖਰਾਵ ਵੀ ਵਧਦਾ ਜਾ ਰਿਹਾ ਹੈ। ਦੂਜਿਆਂ ਨੂੰ ਇੱਕ ਦੂਜੇ ਦੇ ਨੇੜੇ ਲਿਆਉਣ ਦਾ ਦਾਅਵੇਦਾਰ ਖ਼ੁਦ ਸਿੱਖ ਹੀ ਦੂਜੇ ਸਿੱਖ ਤੋਂ ਦੂਰ ਜਾਂਦਾ ਜਾ ਰਿਹਾ ਹੈ। ਲੋੜ ਹੈ ਤਾਂ ਗੁਰਬਾਣੀ ਆਧਾਰਤ ਮਨੁੱਖ ਮਾਤ੍ਰ ਵਿਚਕਾਰਲੀਆਂ ਇਨ੍ਹਾਂ ਸਾਂਝੀਆਂ ਕੜੀਆਂ ਵਾਲੇ ਮੂਲ ਵਿਸ਼ੇ ਨੂੰ ਸਮਝਣ ਤੇ ਇਸ ਪੱਖੋਂ ਸੰਭਲਣ ਦੀ।

ਅਜੋਕੇ ਪੰਥਕ ਹਾਲਾਤ ਤੇ ਸਾਂਝੀਆਂ ਕੜੀਆਂ? - ਸੰਸਾਰ ਭਰ ਦੇ ਮਨੁੱਖਾਂ ਵਿਚਕਾਰ ਉਹ ਸਾਂਝੀਆਂ ਕੜੀਆਂ ਕੀ ਹੁੰਦੀਆਂ ਹਨ? ਜਿਨ੍ਹਾਂ ਕੜੀਆਂ ਨੂੰ ਸੱਚ ਧਰਮ ਦੀ ਗੱਲ ਕਰਣ ਤੋਂ ਪਹਿਲਾਂ ਖ਼ੁਦ ਗੁਰਦੇਵ ਨੇ ਸਿੱਖ ਅਤੇ ਸੱਚ ਧਰਮ ਦੇ ਪ੍ਰਚਾਰ-ਪ੍ਰਸਾਰ ਲਈ ਪ੍ਰਮੁੱਖ ਰਖਿਆ? ਜਿਨ੍ਹਾਂ ਬਾਰੇ ਕੁੱਝ ਵੇਰਵਾ ਆ ਵੀ ਚੁੱਕਾ ਹੈ। ਇਤਨਾ ਹੀ ਨਹੀਂ ਬਲਕਿ ਉਨ੍ਹਾਂ `ਚੋਂ ਹਰੇਕ ਕੜੀ ਦਾ ਆਧਾਰ ਤੇ ਸਮਾਧਾਨ ਵੀ ਗੁਰਬਾਣੀ `ਚੋਂ ਹੀ ਮਿਲ ਜਾਂਦਾ ਹੈ, ਤਾਂ ਉਹ ਕਿਉਂ? ਕਿਉਂਕਿ ਗੁਰਦੇਵ ਨੇ ਆਪਣੇ ਦਸਾਂ ਜਾਮਿਆਂ `ਚ ਸੱਚ ਧਰਮ ਦਾ ਬਹੁਤਾ ਆਧਾਰ, ਉਨ੍ਹਾਂ ਸਾਂਝੀਆਂ ਕੜੀਆਂ ਨੂੰ, ਕੇਵਲ ਆਪ ਹੀ ਨਹੀਂ ਬਣਾਇਆ ਬਲਕਿ ਨਾਲ ਨਾਲ ਉਨ੍ਹਾਂ ਰਾਹੀਂ ਸਮਾਧਾਨ ਤੇ ਵਰਤੋਂ ਨੂੰ ਹੀ ਬਣਾਇਆ ਸੀ। ਇਸੇ ਕਾਰਨ ਸੰਪੂਰਣ ਗੁਰਬਾਣੀ ਰਚਨਾ, ਉਨ੍ਹਾਂ ਸਾਂਝੀਆਂ ਕੜੀਆਂ ਨਾਲ ਹੀ ਓਤ-ਪ੍ਰੋਤ ਹੈ। ਇਸ ਤੋਂ ਬਾਅਦ, ਚੂੰਕਿ ਸਮੂਚੇ ਮਨੁੱਖ ਸਮਾਜ ਦੀ ਅਸਲੀਅਤ ਤੇ ਉਸ ਦੀ ਲੋੜ ਵੀ ਉਹ ਤੇ ਗੁਰਬਾਣੀ ਆਧਾਰਤ ਅਜਿਹੀਆਂ ਕੜੀਆਂ ਹੀ ਹਨ, ਇਹੀ ਕਾਰਨ ਹੈ ਕਿ ਇਨ੍ਹਾਂ ਬਾਰੇ ਲਾਪਰਵਾਹੀ, ਕਿਸੇ ਵੀ ਅੱਛੇ ਤੋਂ ਅੱਛੇ, ਸਦਗੁਣਾਂ ਨਾਲ ਭਰਪੂਰ ਧਰਮ ਜਾਂ ਸਮੁਦਾਯ ਨੂੰ ਵੀ ਰਸਾਤਲ `ਚ ਪਹੁੰਚਾਉਣ ਦਾ ਕਾਰਨ ਬਣ ਸਕਦੀਆਂ ਹਨ ਅਤੇ ਗੁਰੂ ਕੇ ਅਖਵਾਉਣ ਵਾਲੇ ਪੰਥ ਨਾਲ ਵੀ ਅੱਜ ਇਹੀ ਕੁੱਝ ਵਾਪਰ ਰਿਹਾ ਹੈ।

ਸਾਂਝੀਆਂ ਕੜੀਆਂ ਤੇ ਪੰਥਕ ਲਾਪਰਵਾਹੀ-ਅਕਾਲ ਪੁਰਖ ਹੀ ਮਿਹਰ ਕਰੇ, ਨਹੀਂ ਤਾਂ ਪੰਥਕ ਪੱਧਰ `ਤੇ ਇਸੇ ਪਾਸਿਓਂ ਲਾਪਰਵਾਹੀ ਦਾ ਹੀ ਨਤੀਜਾ ਹੈ ਕਿ ਅੱਜ ‘ਸਿੱਖ ਧਰਮ’ ਵੀ ਉਸੇ ਗਿਣਤੀ `ਚ ਸ਼ਾਮਲ ਹੁੰਦਾ ਨਜ਼ਰ ਆ ਰਿਹਾ ਹੈ ਜਿਸ ਪਧਰ `ਤੇ ਅਜੋਕੇ ਬਹੁਤੇ ਧਰਮ ਵਿਸ਼ਵਾਸ ਖੜੇ ਹਨ। ਇਸੇ ਤੋਂ ਅੱਜ ਗੁਰੂ ਕਾ ਅਖਵਾਉਣ ਵਾਲਾ ਇਹ ਪੰਥ ਵੀ ਲਗਾਤਾਰ ਢਹਿੰਦੀਆਂ ਕਲਾ ਵੱਲ ਹੀ ਜਾ ਰਿਹਾ ਹੈ। ਅੱਜ ਪੰਥਕ ਬਿਖਰਾਵ, ਪੰਥ ਵਿਚਾਲੇ ਧੜੇਬੰਦੀਆਂ ਤੇ ਵਖ੍ਰੇਵੇਂ ਵੀ ਹੱਦੋਂ ਵੱਧ ਟੱਪੇ ਹੋਏ ਹਨ ਤੇ ਨਿਤ ਵਾਧੇ ਵੱਲ ਹੀ ਜਾ ਰਹੇ ਹਨ ਜਦਕਿ ਇਸ `ਤੇ ਕਿਸੇ ਦਾ ਵੱਸ ਵੀ ਨਹੀਂ ਚੱਲ ਰਿਹਾ। ਇਸ ਲਈ ਦੋਹਰਾਅ ਦੇਵੀਏ ਕਿ ਜ਼ਰੂਰੀ ਇਹੀ ਹੈ ਕਿ ਅਸੀਂ ਪਹਿਲਾਂ ਮਨੁੱਖ ਸਮਾਜ ਦੀਆਂ ਗੁਰਬਾਣੀ ਆਧਾਰਤ ਉਨ੍ਹਾਂ ਕੁੱਝ ਸਾਂਝੀਆਂ ਕੜੀਆਂ `ਤੇ ਨਜ਼ਰ ਮਾਰੀਏ। ਉਨ੍ਹਾਂ ਸਾਂਝੀਆਂ ਕੜੀਆਂ `ਤੇ, ਜਿਨ੍ਹਾਂ ਨੂੰ ਖ਼ੁਦ ਗੁਰੂ ਸਾਹਿਬਾਨ ਦੇ ਨਾਲ ਨਾਲ ਉਸ ਸਮੇਂ ਦੇ ਯੋਗ ਤੇ ਸੁਲਝੇ ਪ੍ਰਚਾਰਕਾਂ ਨੇ ਵੀ ਬੜੀ ਮਜ਼ਬੂਤੀ ਤੇ ਦੂਰ ਦਰਸ਼ਤਾ ਨਾਲ ਅਪਣਾਇਆ ਤੇ ਵਰਤਿਆ ਵੀ। ਇਤਨਾ ਹੀ ਨਹੀਂ ਬਲਕਿ ਗੁਰਬਾਣੀ ਸਿਖਿਆ-ਆਦੇਸ਼ਾਂ ਦੌਰਾਨ, ਇਨ੍ਹਾਂ ਪ੍ਰਤੀ ਕੌਮ ਨੂੰ ਤਾੜਣਾ ਸਹਿਤ ਸੇਧ ਵੀ ਦਿੱਤੀ ਤਾ ਕਿ ਕੌਮ, ਸਮੂਚੇ ਮਨੁੱਖ ਸਮਾਜ ਦੀਆਂ ਇਨ੍ਹਾਂ ਸਾਂਝੀਆਂ ਕੜੀਆਂ ਵੱਲੋਂ ਕਦੇ ਵੀ ਲਾਪਰਵਾਹ ਨਾ ਹੋਵੇ।

“ਅਵਰ ਉਪਦੇਸੈ ਆਪਿ ਨ ਕਰੈ” -ਅੱਜ ਕੌਮ ਉਨ੍ਹਾਂ ਸਾਂਝੀਆਂ ਕੜੀਆਂ ਨੂੰ ਹੀ, ਪੂਰੀ ਤਰ੍ਹਾਂ ਵਿਸਾਰ ਚੁੱਕੀ ਹੈ। ਬਾਰ ਬਾਰ ਇਹ ਵੀ ਸਪਸ਼ਟ ਕਰ ਚੁੱਕੇ ਹਾਂ ਕਿ ਕੌਮ ਸਬੰਧਤ ਗੁਰਬਾਣੀ ਪ੍ਰਮਾਣਾਂ, ਪੰਕਤੀਆਂ ਤੇ ਸ਼ਬਦਾਂ ਨੂੰ ਸਾਜ਼ਾਂ ਨਾਲ ਝੂਮ ਝੂਮ ਕੇ ਪੜ੍ਹ ਤਾਂ ਰਹੀ ਹੈ, ਕਥਾ-ਵਿਆਖਿਆਂਵਾਂ ਸਮੇਂ ਵੀ ਖੁੱਲ ਕੇ ਵਰਤ ਰਹੀ ਹੈ, ਫ਼ਿਰ ਵੀ ਖ਼ੁਦ ਪ੍ਰਚਾਰਕਾਂ ਤੇ ਪ੍ਰਬੰਧਕਾਂ `ਚ ਵੀ ਉਨ੍ਹਾਂ `ਤੇ ਅਮਲ ਨਾਮ ਦੀ ਕੋਈ ਚੀਜ਼ ਬਾਕੀ ਨਹੀਂ ਰਹੀ। ਇਸ ਦਾ ਮੁੱਖ ਕਾਰਨ ਇੱਕੋ ਹੀ ਹੈ, ਉਹ ਇਹ ਕਿ ਇੱਕ ਪਾਸੇ ਪੰਥ ਦਾ ਗੁਰਬਾਣੀ ਜੀਵਨ ਤੇ ਸੋਝੀ ਪੱਖੋਂ ਵਧਿਆ ਹੋਇਆ ਫ਼ਾਸਲਾ। ਦੂਜਾ, ਵਿਗੜਿਆ ਹੋਇਆ ਤੇ ਪੂਰੀ ਤਰ੍ਹਾਂ ਅਯੋਗ ਹੱਥਾਂ `ਚ ਜਾ ਚੁੱਕਾ ਸਮੂਚਾ ਗੁਰਮੱਤ ਪ੍ਰਚਾਰ ਤੇ ਗੁਰਦੁਆਰਾ ਪ੍ਰਬੰਧ। ਅਜਿਹੇ ਹਾਲਾਤ `ਚ ਗੁਰਬਾਣੀ ਦੀ ਲਗਭਗ ਸਮੂਚੀ ਵਰਤੋਂ ਹੀ ਇਸ ਤਰ੍ਹਾਂ ਹੋ ਰਹੀ ਹੈ ਜਿਵੇਂ ਲੋਗੁ ਜਾਨੈ ਇਹੁ ਗੀਤੁ ਹੈ”। ਇਹ ਤਾਂ ਇਉਂ ਹੋ ਚੁੱਕਾ ਹੈ, ਜਿਵੇਂ ਕਿ ਬਹੁਤਿਆਂ ਨੂੰ ਅੱਜ ਚੇਤਾ ਹੀ ਨਹੀਂ ਕਿ ਗੁਰਬਾਣੀ ਕੇਵਲ ਗੀਤ ਭਾਵ ਕਾਵ ਰਚਨਾ ਨਹੀਂ ਬਲਕਿ “ਇਹੁ ਤਉ ਬ੍ਰਹਮ ਬੀਚਾਰ” (ਪੰ੩੩੫) ਵੀ ਹੈ।

ਇਹੀ ਕਾਰਨ ਹੈ ਕਿ ਬਹੁਤਾ ਕਰਕੇ ਅੱਜ ਇਸ ਪੱਖੋਂ ਪੰਥਕ ਹਾਲਤ ਇਸ ਤਰ੍ਹਾਂ ਬਣੀ ਪਈ ਹੈ ਜਿਵੇਂ “ਅਵਰ ਉਪਦੇਸੈ ਆਪਿ ਨ ਬੂਝੈ” (ਪੰ: ੩੭੨) ਅਥਵਾ “ਅਵਰ ਉਪਦੇਸੈ ਆਪਿ ਨ ਕਰੈ॥ ਆਵਤ ਜਾਵਤ ਜਨਮੈ ਮਰੈ” (ਪੰ: ੨੬੯) ਆਦਿ ਗੁਰ ਫ਼ੁਰਮਾਨ। ੳੇੁਸੇ ਦਾ ਨਤੀਜਾ ਹੈ ਕਿ ਅੱਜ ਪੰਥਕ ਬਿਖਰਾਵ, ਧੜੇਬੰਦੀਆਂ ਤੇ ਪਾਟੋਧਾੜ ਵੀ ਦਿਨੋ ਦਿਨ ਵੱਧ ਰਹੀ ਹੈ। ਇਸੇ ਲਈ ਜੇ ਕਰ ਇਸ ਵੱਧ ਰਹੇ ਪੰਥਕ ਬਿਖਰਾਵ ਦਾ ਕੁੱਝ ਵੇਰਵਾ ਦੇਣਾ ਵੀ ਹੈ, ਤਾਂ ਉਸ ਦਾ ਲਾਭ ਵੀ ਸਾਨੂੰ ਪਹਿਲਾਂ ਗੁਰਬਾਣੀ ਦੀਆਂ ਉਨ੍ਹਾਂ ਸਾਂਝੀਆਂ ਕੜੀਆਂ ਪ੍ਰਤੀ ਜਾਗ੍ਰਿਤ ਹੋਣ ਤੋਂ ਬਾਅਦ ਹੀ ਹੋੇਵੇਗਾ, ਉਸ ਤੋਂ ਪਹਿਲਾਂ ਨਹੀਂ। #11 th SDSLs01.013# (ਚਲਦਾ)

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Sikh, Dharm Vi Hai Ate Lehar Vi.01.13 BEING LOADED IN ISTTS. Otherwise about All the Self Learning Gurmat Lessons already loaded on www.sikhmarg.com it is to clarify that:-

---------------------------------------------

For all the Gurmat Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26487315 Cell 9811292808

web site- www.gurbaniguru.org




.