.

ਖਾਲਸਾ ਵੈਸਾਖੀ ਅਤੇ ਵੈਸਾਖੀਆਂ ਕੀ ਹਨ?
ਅਵਤਾਰ ਸਿੰਘ ਮਿਸ਼ਨਰੀ (5104325827)

ਸਿੱਖਾਂ ਦੀ ਵੈਸਾਖੀ ਸੰਨ 1469 ਤੋਂ ਜਗਤ ਗੁਰੂ ਬਾਬਾ ਨਾਨਕ ਦੇ ਜਨਮ ਪ੍ਰਕਾਸ਼ ਨਾਲ ਸ਼ੁਰੂ ਹੁੰਦੀ ਹੋਈ ਉਨ੍ਹਾਂ ਦੇ ਦਸਵੇਂ ਜਾਂਨਸ਼ੀਨ ਸਾਹਿਬੇ ਕਮਾਲਿ ਗੁਰੂ ਗੋਬਿੰਦ ਸਿੰਘ ਜੀ ਵੇਲੇ ਨਿਰਮਲ ਪੰਥ ਤੋਂ ਖਾਲਸਾ ਪੰਥ ਦਾ ਸੰਪੂਰਨ ਰੂਪ ਧਾਰ ਲੈਂਦੀ ਹੈ। ਸੰਨ 1469 ਤੋਂ ਸੰਨ 1699 ਤੱਕ ਰੱਬੀ ਭਗਤਾਂ, ਗੁਰਸਿੱਖਾਂ ਅਤੇ ਜਗਤ ਰਹਿਬਰ ਗੁਰੂ ਬਾਬਾ ਨਾਨਕ ਅਤੇ ਉਨ੍ਹਾਂ ਦੇ ਜਾਂਨਸ਼ੀਨਾਂ, ਦੇ ਸੱਚੇ ਸੁੱਚੇ ਫਲਸਫੇ ਨਾਲ ਸ਼ਿੰਗਾਰੀ ਜਾਂਦੀ ਹੈ। ਇਸ ਦਿਨ ਜਾਤ-ਪਾਤ, ਵਰਨ-ਵੰਡ, ਔਰਤ ਅਤੇ ਮਰਦ ਦੀ ਬਰਾਬਰੀ ਦਾ ਵਿਤਕਰਾ ਸਦਾ ਲਈ ਖਤਮਕਰਨ, ਮਨੁੱਖਤਾ ਦੀ ਭਲਾਈ ਅਤੇ ਜ਼ਬਰ-ਜ਼ੁਲਮ ਨੂੰ ਰੋਕਣ ਦੀਆਂ ਵਿਚਾਰਾਂ, ਵਿਉਂਤਬੰਦੀਆਂ ਕੀਤੀਆਂ ਤੇ ਉਨ੍ਹਾਂ ਉੱਪਰ ਪਹਿਰਾ ਦੇਣ ਦੇ ਢੁੱਕਵੇਂ ਪ੍ਰੋਗ੍ਰਾਮ ਉਲੀਕੇ ਜਾਂਦੇ ਸਨ।
ਇਸ ਦਿਨ ਇੱਕ ਰੱਬ, ਇੱਕ ਗ੍ਰੰਥ, ਇੱਕ ਪੰਥ, ਇੱਕ ਨਿਸ਼ਾਨ ਅਤੇ ਇੱਕ ਵਿਧਾਨ ਦੇ ਸਰਬਸ਼ਾਂਝੇ ਸਿਧਾਂਤ ਤੇ ਪਹਿਰਾ ਦੇਣ ਲਈ ਕਮਰਕੱਸੇ ਕੱਸ ਕੇ ਮਨੁੱਖਤਾ ਦੇ ਵਿਰੋਧੀ, ਮੰਨੂੰ ਬ੍ਰਾਹਮਣ ਦੁਆਰਾ ਊਚ-ਨੀਚ, ਜਾਤ-ਬਰਾਦਰੀ ਦਾ ਫਸਤਾ ਵੱਢਿਆ ਜਾਂਦਾ ਹੈ। ਇਸ ਲਈ ਜਗਤ ਗੁਰੂ ਬਾਬਾ ਨਾਨਕ ਸਾਹਿਬ ਅਤੇ ਰੱਬੀ ਭਗਤਾਂ ਦੇ ਵੇਲੇ ਤੋਂ ਹੀ ਮਨੁੱਖਤਾ ਦੀ ਲੋਟੂ ਪੁਜਾਰੀ ਸ਼੍ਰੇਣੀ ਅਤੇ ਜ਼ਾਲਮ ਸਰਕਾਰਾਂ ਅਜਿਹੇ ਸੱਚੇ-ਸੁੱਚੇ ਮਨੁੱਖਤਾ ਦੀ ਉਨਤੀ ਅਤੇ ਭਲਾਈ ਵਾਲੇ ਕਾਰਜਾਂ ਦੇ ਵਿਰੁੱਧ ਰਹੀਆਂ ਹਨ। ਭਾਵੇਂ ਉਹ ਮੁਗਲ ਸਰਕਾਰ ਹੋਵੇ, ਭਾਵੇਂ ਉਹ ਹਿੰਦੂ ਸਰਕਾਰ ਹੋਵੇ ਜਾਂ ਕੋਈ ਲੋਕਲ ਬਾਦਸ਼ਾਹ ਉਹ ਜਨਤਾ ਨੂੰ ਆਪਣੇ ਹੱਕਾਂ ਲਈ ਜਾਗ੍ਰਿਤ ਕਰਨ ਵਾਲਿਆਂ ਜਾਂ ਜਾਗੇ ਹੋਏ ਲੋਕਾਂ ਨੂੰ ਹਰ ਹੀਲੇ ਦਬਾ ਕੇ ਰੱਖਣਾ ਹੀ ਚਾਹੁੰਦੇ ਹਨ।
ਪਰ ਰੱਬੀ ਭਗਤਾਂ ਅਤੇ ਸਿੱਖ ਗੁਰੂਆਂ ਦੇ ਕਰਤਾਰੀ ਸਿਧਾਂਤ ਦੇ ਸੰਚੇ ਚੋਂ ਪੈਦਾ ਹੋਇਆ ਖਾਲਸਾ (ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ) ਪੁਜਾਰੀਆਂ ਅਤੇ ਜ਼ਾਲਮ ਸਰਕਾਰਾਂ ਦੀ ਪ੍ਰਵਾਹ ਨਹੀਂ ਕਰਦਾ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਵੈਸਾਖੀ ਵਾਲੇ ਦਿਨ ਗੁਰਬਾਣੀ ਦੀ ਰੌਸ਼ਨੀ ਵਿੱਚ ਖੰਡੇ ਦੀ ਪਾਹੁਲ ਦੇ ਕੇ ਸਭ ਜਾਤ-ਪਾਤੀ ਭਿੰਨ ਭੇਦ ਅਤੇ ਊਚ ਨੀਚ ਸਦਾ ਲਈ ਖਤਮ ਕਰਦੇ ਹੋਏ ਭਰੇ ਇਕੱਠ ਵਿੱਚ, ਗੁਰੂ ਗ੍ਰੰਥ ਦੀ ਤਾਬਿਆ ਹੇਠ ਇਹ ਪ੍ਰਣ ਕਰਵਾਏ ਸਨ। ਖਾਲਸਾ ਸੱਚੀ ਬਾਣੀ ਨੂੰ ਹੀ ਪੜ੍ਹੇ, ਸੁਣੇ, ਵਿਚਾਰੇ ਅਤੇ ਧਾਰੇਗਾ (ਗਾਵਹੁ ਸਚੀ ਬਾਣੀ) ਸਾਬਤ ਸੂਰਤ ਅਤੇ ਸ਼ਸ਼ਤ੍ਰਧਾਰੀ ਰਹੇਗਾ। ਪਰ-ਇਸਤਰੀ ਅਤੇ ਪਰ-ਮਰਦ ਗਾਮੀ ਨਹੀਂ ਹੋਵੇਗਾ। ਮਾਰੂ ਨਸ਼ਿਆਂ ਤੋਂ ਮੁਕਤ ਰਹੇਗਾ, ਗੁਲਾਮੀ ਦੀ ਨਿਸ਼ਾਨੀ ਹਲਾਲ ਮਾਸ ਨਹੀਂ ਖਾਵੇਗਾ ਅਤੇ ਜਗਤ ਜੂਠ ਤੰਬਾਕੂ ਦਾ ਸੇਵਨ ਨਹੀਂ ਕਰੇਗਾ। ਇਹ ਪ੍ਰਣ ਸਰਬਤ ਖਾਲਸੇ ਵੇਲੇ ਵੀ ਬਾਰ ਬਾਰ ਦ੍ਰਿੜ ਕਰਵਾਏ ਜਾਂਦੇ ਸਨ। ਸਰਬਸਾਂਝੀਵਾਲਤਾ ਦਾ ਮੁਦਈ ਖਾਲਸਾ, ਵੈਸਾਖੀ ਵਾਲੇ ਦਿਨ ਸਰਬੱਤ ਖਾਲਸੇ ਦਾ ਭਾਰੀ ਇਕੱਠ ਕਰਕੇ ਮਤੇ ਗੁਰਮਤੇ ਪਾਸ ਕਰਿਆ ਕਰਦਾ ਸੀ।
ਗੁਰੂ ਨਾਨਕ ਅਤੇ ਰੱਬੀ ਭਗਤਾਂ ਦਾ ਸਿਧਾਂਤ ਕਿਰਤ ਕਰਨੀ, ਵੰਡ ਛਕਣਾ ਅਤੇ ਨਾਮ ਜਪਣਾ (ਰੱਬੀ ਬਾਣੀ ਵਿਚਾਰਨੀ, ਧਾਰਨੀ, ਅਮਲ ਕਰਨਾ ਅਤੇ ਰਜ਼ਾ ਵਿੱਚ ਰਾਜ਼ੀ ਰਹਿਣਾ) ਨੂੰ ਖਾਲਸਾ ਪ੍ਰਣਾਇਆ ਹੋਇਆ ਸੀ। ਗੁਰੂ ਖਾਸਸੇ ਨੇ ਇਸ ਸਿਧਾਂਤ ਤੇ ਸਦਾ ਪਹਿਰਾ ਦਿੱਤਾ ਭਾਵੇਂ ਉਸ ਨੂੰ ਲੱਖਾਂ ਮਸੀਬਤਾਂ ਦਾ ਵੀ ਸਾਹਮਣਾ ਕਰਨਾ ਪਿਆ। ਜ਼ਾਲਮ ਸਰਕਾਰਾਂ ਸਿੱਖਾਂ ਦਾ ਖੁਰਾ-ਖੋਜ ਮਿਟਾਉਂਦੀਆਂ ਹੋਈਆਂ ਕਈ ਆਈਆਂ ਤੇ ਕਈ ਗਈਆਂ। ਖਾਲਸਾ ਘੋੜਿਆਂ ਦੀਆਂ ਕਾਠੀਆਂ ਤੇ ਜੰਗਲਾਂ ਬੇਲਿਆਂ ਵਿੱਚ ਵੀ ਗੱਜਦਾ ਰਿਹਾ। ਵੈਸਾਖੀ ਵਾਲੇ ਦਿਨ ਹੀ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਹੋਈ ਪਰ ਖਾਲਸੇ ਨੇ ਸਰਕਾਰੀ ਜ਼ੁਲਮ ਅਤੇ ਪੁਜਾਰੀਵਾਦ ਦੇ ਭਿਆਂਨਕ ਦੈਂਤ ਅੱਗੇ ਗੋਡੇ ਨਹੀਂ ਸੀ ਟੇਕੇ ਜਿਵੇਂ ਅੱਜ ਬਾਦਲੀ ਕਾਲੀ ਦਲਾਂ, ਇਸ ਦੇ ਸਹਿਯੋਗੀਆਂ ਅਤੇ ਸੰਪ੍ਰਦਾਈ ਦੇਰੇਦਾਰਾਂ ਦੇ ਰੂਪ ਵਿੱਚ ਟੇਕੇ ਹੋਏ ਹਨ। ਮਹਾਂਰਾਜਾ ਰਣਜੀਤ ਸਿੰਘ ਜੀ ਦੀ ਅਗਵਾਈ ਵਿੱਚ ਖਾਲਸਾ ਰਾਜ ਸਥਾਪਤ ਹੋ ਗਿਆ ਅਤੇ ਸਿੱਖ ਅਮੀਰ ਹੋ ਗਏ। ਮਹਾਂਰਾਜਾ ਬੜਾ ਦਾਨੀ ਸੀ ਮੰਦਰਾਂ ਮਸਜਿਦਾਂ, ਗੁਰਦੁਆਰਿਆਂ ਅਤੇ ਧਰਮਸ਼ਾਲਾਵਾਂ ਸਭ ਨੂੰ ਜ਼ਮੀਨਾਂ ਦਾਨ ਕਰਦਾ ਰਹਿੰਦਾ ਸੀ। ਇਸ ਦਾਨੀ ਸੁਭਾ ਅਤੇ ਸਰਬਸ਼ਾਂਝੀਵਾਲਤਾ ਦੇ ਵਿਸ਼ਵਾਸ਼ ਦਾ ਨਜ਼ਾਇਜ਼ ਫਾਇਦਾ ਉਠਾ ਕੇ, ਸਿੱਖ ਰਾਜ ਅਤੇ ਧਰਮ ਵਿਰੋਧੀ ਲੋਕ ਵੀ ਜੀ-ਹਜ਼ੂਰੀਆਂ ਰਾਹੀਂ ਸਿੱਖ ਰਾਜ ਵਿੱਚ ਘੁਸੜ ਗਏ, ਜਿਸ ਸਦਕਾ ਆਪਸੀ ਫੁੱਟ, ਖਾਨਾਂ ਜੰਗੀ ਪੈਦਾ ਕਰਕੇ ਸਿੱਖ ਰਾਜ ਦਾ ਪਤਨ ਕਰਾ ਦਿੱਤਾ ਗਿਆ।
ਫਿਰ ਗੁਰਦੁਆਰਿਆਂ ਅਤੇ ਧਰਮਸ਼ਾਲਾਵਾਂ ਉਪਰ ਅੰਗ੍ਰੇਜ਼ ਸਰਕਾਰ ਦੇ ਪਿੱਠੂ ਸੰਪ੍ਰਦਾਈ ਮਹੰਤ ਕਾਬਜ਼ ਹੋ ਗਏ। ਗੁਰਦੁਆਰਿਆਂ ਦਾ ਪੂਰੀ ਤਰ੍ਹਾਂ ਬ੍ਰਾਹਮਣੀਕਰਣ ਕਰ ਦਿੱਤਾ ਗਿਆ। ਕਰੀਬ 100 ਸਾਲ ਬਾਅਦ ਫਿਰ ਖਾਲਸੀ ਸਪਿਰਟ ਨੇ ਉਬਾਲਾ ਖਾਦਾ “ਘਰਿ ਘਰਿ ਅੰਦਰਿ ਧਰਮਸਾਲ” ਦੇ ਸਿਧਾਂਤ ਨੂੰ ਅਪਨਾ ਕੇ, ਗੁਰਬਾਣੀ ਅਤੇ ਗੁਰਇਤਹਾਸ ਦੇ ਸੰਧਰਭ ਵਿੱਚ ਸਿੰਘ ਸਭਾਵਾਂ ਦਾ ਸੰਗਠਨ ਕਰਕੇ ਕਾਲਸੇ ਨੇ ਹੰਕਾਰੀ, ਵਿਕਾਰੀ ਅਤੇ ਪੁਜਾਰੀ ਮਹੰਤਾਂ ਤੋਂ ਗੁਰਦੁਆਰੇ ਅਜ਼ਾਦ ਕਰਵਾ ਲਏ। ਫਰੰਗੀਆਂ ਨਾਲ ਲੋਹਾ ਲੈ ਕੇ ਦੇਸ਼ ਅਜ਼ਾਦ ਕਰਵਾਇਆ ਪਰ ਬਦਨੀਤ ਹਿੰਦੂ ਹਾਕਮਾਂ ਨੇ ਸਿੱਖ ਕੌਮ ਨੂੰ ਜ਼ਰਾਇਮਪੇਸ਼ਾ ਕੌਮ ਗਰਦਾਨ ਦਿੱਤਾ। ਵੱਡੇ ਸ਼ੰਘਰਸ਼ ਤੋਂ ਬਾਅਦ ਲੰਗੜਾ ਜਿਹਾ ਪੰਜਾਬੀ ਸੂਬਾ ਪ੍ਰਾਪਤ ਹੋਇਆ। ਇਸ ਵਿੱਚ ਵੀ ਕਦੇ ਕਾਂਗਰਸ ਕਦੇ ਅਕਾਲੀ ਭਾਜਪਾ ਰਾਜ ਕਰਦੀ ਰਹੀ ਅਤੇ ਅੱਜ ਵੀ ਕਰ ਰਹੀ ਹੈ। ਪੰਜਾਬੀ ਸੂਬੇ ਵਿੱਚ ਵੀ ਸਿੱਖਾਂ ਅਤੇ ਪੰਜਾਬੀਆਂ ਦੇ ਹੱਕ ਨਾਂ ਦਿੱਤੇ ਗਏ ਤਾਂ ਸਿੱਖ ਤੇ ਪੰਜਾਬੀ ਆਪਣੇ ਹੱਕਾਂ ਲਈ ਸੰਘਰਸ਼ ਦੇ ਰਾਹ ਪੈ ਗਏ। ਝੋਲੀ ਚੁੱਕ ਅਤੇ ਮਰੀ ਜ਼ਮੀਰ ਵਾਲੇ ਅਕਾਲੀ ਵੀ ਲਾਲਚ ਵੱਸ ਸਰਕਾਰ ਨਾਲ ਮਿਲ ਗਏ। ਖਾਲਸਈ ਸਿਧਾਂਤ ਦਾ ਮਲੀਆਮੇਟ ਅਤੇ ਪੁਜਾਰੀਵਾਦ ਦਾ ਬੋਲ ਬਾਲਾ ਕਰਨ ਲਈ ਸਰਕਾਰ, ਉਸ ਦੇ ਝੋਲੀਚੁੱਕ ਲੀਡਰਾਂ ਅਤੇ ਪੁਜਾਰੀਵਾਦ ਨੇ ਜੂਨ 1984 ਦਾ ਘੱਲੂਘਾਰਾ ਵਰਤਾ ਕੇ ਲੱਖਾਂ ਦੀ ਗਿਣਤੀ ਵਿੱਚ ਸਿੱਖਾਂ ਦਾ ਕਤਲੇਆਂਮ ਕੀਤਾ, ਗੁਰਦੁਆਰੇ ਢਾਹੇ, ਇਤਿਹਾਸਕ ਗ੍ਰੰਥ ਅਤੇ ਖਾਲਸੇ ਦੀ ਵਿਰਾਸਤ ਅਨਮੁੱਲਾ ਸਹਿਤ ਸਾੜ ਦਿੱਤਾ ਗਿਆ।
ਅਜਿਹੀ ਨਸਲਕੁਸ਼ੀ ਦੇ ਸਤਾਏ ਪੰਜਾਬੀ ਅਤੇ ਸਿੱਖ ਕਿਸੇ ਨਾਂ ਕਿਸੇ ਹੀਲੇ ਵਿਦੇਸ਼ਾਂ ਵਿੱਚ ਜਾ ਵੱਸੇ, ਜਿਸ ਸਦਕਾ ਸਿੱਖੀ ਕੁਝ ਬਚੀ ਹੋਈ ਹੈ। ਵਿਦੇਸ਼ਾਂ ਖਾਸ ਕਰਕੇ ਅਮਰੀਕਾ, ਕਨੇਡਾ ਅਤੇ ਇੰਗਲੈਂਡ ਆਦਿਕ ਦੇਸ਼ਾਂ ਵਿੱਚ ਮੀਡੀਆ ਅਜ਼ਾਦ ਅਤੇ ਹਰ ਧਰਮ ਨੂੰ ਵੱਧਣ ਫੁੱਲਣ ਦੀ ਅਜ਼ਾਦੀ ਹੈ। ਹੁਣ ਵਿਗਿਆਨ ਦੀ ਨਵੀਂ ਤਕਨੀਕ ਕਰਕੇ, ਗੁਰੂ ਗ੍ਰੰਥ ਸਾਹਿਬ, ਸਿੱਖ ਲਿਟ੍ਰੇਚਰ ਅਤੇ ਇਤਿਹਾਸ ਇੰਟ੍ਰਨੈੱਟ ਤੇ ਪੈ ਚੁੱਕਾ ਹੈ ਪਰ ਫਿਰ ਵੀ ਇਧਰ ਬਹੁਤੇ ਗੁਰਦੁਆਰਿਆਂ ਉਪਰ ਜਗੀਰੂ ਅਤੇ ਸੰਪ੍ਰਦਾਈ ਸੋਚ ਰੱਖਣ ਵਾਲੇ ਸਿੱਖ ਹੀ ਕਾਬਜ਼ ਹਨ। ਇਸ ਲਈ ਇਨ੍ਹਾਂ ਨੇ ਵੀ ਗੁਰਪੁਰਬਾਂ ਦੇ ਅਸਲੀ ਮਨੋਰਥਾਂ ਨੂੰ ਭੁਲਾ ਕੇ, ਲਚਰਗੀਤ ਗਾਉਣ ਵਾਲੇ ਗਾਇਕਾਂ ਨੂੰ ਪ੍ਰਮੋਟ ਕਰਕੇ, ਪੈਸਾ ਕਮਾਉਣਾ ਸ਼ੁਰੂ ਕਰ ਦਿੱਤਾ ਹੈ। ਹੁਣ ਕਿਧਰੇ ਵੈਸਾਖੀ ਨਾਈਟਾਂ ਅਤੇ ਕਿਧਰੇ ਵੈਸਾਖੀ ਮੇਲੇ ਲਾਏ ਜਾ ਰਹੇ ਹਨ। ਗੁਰਦੁਆਰਿਆਂ ਵਿੱਚ ਵੀ ਪੁੰਨਿਆਂ, ਮੱਸਿਆ, ਸੰਗ੍ਰਾਂਦਾਂ ਅਤੇ ਪੰਚਕਾਂ ਮਨਾਈਆਂ ਜਾ ਰਹੀਆਂ ਹਨ। ਜਾਤ ਬਰਾਦਰੀ, ਉਚ-ਨੀਚ ਅਤੇ ਅਮੀਰ ਗਰੀਬ ਵਾਲੇ ਵਿਤਰੇ ਦਾ ਬੋਲ ਬਾਲਾ ਹੈ। ਗੁਰੂ ਗੋਲਕ, ਗਰੀਬ ਦਾ ਮੂੰਹ ਨਹੀਂ ਸਗੋਂ ਧੜੇਬੰਧੀਆਂ ਦਾ ਖਜ਼ਾਨਾ ਬਣ ਚੁੱਕੀ ਹੈ। ਬਹੁਤੇ ਪ੍ਰਚਾਰਕ ਵੀ ਮੋਮੋਠੱਗਣੀਆਂ ਮਿਥਿਹਾਸਕ ਕਹਾਣੀਆਂ, ਮਨਮੱਤਾਂਦਾ ਪ੍ਰਚਾਰ ਅਤੇ ਪ੍ਰਬੰਧਕਾਂ ਦੀ ਜੀ ਹਜ਼ੂਰੀ ਕਰਕੇ ਪੈਸਾ ਹੀ ਇਕੱਠਾ ਕਰ ਹਰੇ ਹਨ।
ਸ਼ਾਤਰ ਦਿਮਾਗ ਗੁਰਮਤਿ ਵਿਰੋਧੀਆਂ ਨੇ ਹੁਣ ਦੇਖ ਲਿਆ ਹੈ ਕਿ ਸਿੱਖ ਮਾਰਨ ਨਾਲ ਨਹੀਂ ਖਤਮ ਹੋ ਸਕਦੇ ਕਿਉਂਕਿ ਇਨ੍ਹਾਂ ਦੀ ਜਿੰਦ ਜਾਂਨ ਗੁਰ ਸਿਧਾਂਤ ਹਨ, ਉਨ੍ਹਾਂ ਵਿੱਚ ਹੀ ਵਹਿਮਾਂ ਭਰਮਾਂ ਕਰਮਾਂਡਾਂ ਆਦਿਕ ਬ੍ਰਾਹਮਣਵਾਦ ਦਾ ਰਲਾ ਕਰ ਦਿੱਤਾ ਜਾਵੇ ਫਿਰ ਇਹ ਆਪੇ ਜਮੀਰਕ ਮੌਤ ਮਰ ਜਾਣਗੇ। ਇਸੇ ਲਈ ਅੱਜ ਇੱਕ ਗ੍ਰੰਥ ਦੇ ਬਰਾਬਰ ਕਈ ਗ੍ਰੰਥ, ਇੱਕ ਪੰਥ ਦੇ ਕਈ ਪੰਥ, ਇੱਕ ਮਰਯਾਦਾ ਦੀਆਂ ਕਈ ਮਰਯਾਦਾਵਾਂ, ਹਜ਼ਾਰਾਂ ਡੇਰੇ ਅਤੇ ਕਈ ਸੰਪ੍ਰਦਾਵਾਂ ਪੈਦਾ ਕਰ ਦਿੱਤੀਆਂ ਗਈਆਂ ਹਨ। ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਵਿੱਚ ਵੀ ਆਰ. ਐੱਸ ਐੱਸ. ਅਤੇ ਸੰਪ੍ਰਦਾਈ ਡੇਰੇਦਾਰ ਸਿੱਖੀ ਸਰੂਪ ਧਾਰਨ ਕਰਕੇ ਘੁੱਸੜ ਚੁੱਕੇ ਹਨ।
ਪੁਜਾਰੀਆਂ ਨੂੰ ਸਿੱਖ ਤਖਤਾਂ ਅਤੇ ਗੁਰਧਾਮਾਂ ਤੇ ਬੈਠਾ ਕੇ ਵਿਦਵਾਨ ਅਤੇ ਪੰਥ ਦਰਦੀ ਸਿੱਖ ਲੀਡਰਾਂ ਨੂੰ ਸਿੱਖੀ ਵਿੱਚੋਂ ਖਾਰਜ ਕੀਤਾ ਜਾ ਰਿਹਾ ਹੈ ਅਤੇ ਇਹ ਪੁਜਾਰੀ ਪ੍ਰਚਾਰਕਾਂ ਦੇ ਵੀ ਮੂੰਹ ਬੰਦ ਕਰ ਰਹੇ ਹਨ। ਅੱਜ ਓਨੇ ਪੰਜਾਬ ਵਿੱਚ ਪਿੰਡ ਨਹੀਂ ਜਿੰਨੇ ਡੇਰੇ ਪੈਦਾ ਹੋ ਗਏ ਹਨ। ਇਨ੍ਹਾਂ ਹਲਾਤਾਂ ਵਿੱਚ ਸਿੱਖਾਂ ਨਾਲ ਜੋ ਬੀਤਿਆ ਬਾਰੇ ਕੁਝ ਸੁਹਿਰਦ ਵੀਰਾਂ ਨੇ ਹੁਣ “ਸਾਡਾ ਹੱਕ” ਇੱਕ ਪੰਜਾਬੀ ਫਿਲਮ ਬਣਾਈ ਅਤੇ ਕਈ ਵਾਰ ਸੈਂਸਰ ਬੋਰਡ ਨੇ ਚੈੱਕ ਕਰਨ ਤੋਂ ਬਾਅਦ ਮਨਜੂਰੀ ਦੇ ਦਿੱਤੀ ਜੋ ਵੈਸਾਖੀ ਦੇ ਨੇੜੇ ਸਭ ਥਾਂ ਥਿਏਟਰਾਂ ਵਿਖੇ ਦਿਖਾਈ ਜਾਣੀ ਸੀ ਪਰ ਅਖੌਤੀ ਅਕਾਲੀ ਸਰਕਾਰ ਨੇ ਇਸ ਤੇ ਵੀ ਪਾਬੰਦੀ ਲਾ ਕੇ, ਆਪਣੀ ਬਿੱਲੀ ਥੈਲੀ ਚੋਂ ਬਾਹਰ ਕੱਢਦੇ ਹੋਏ ਪੰਜਾਬੀਆਂ ਖਾਸ ਕਰਕੇ ਸਿੱਖ ਜਗਤ ਨੂੰ ਗੁਲਾਮੀ ਦਾ ਅਹਿਸਾਸ ਕਰਵਾ ਦਿੱਤਾ ਹੈ। ਅੱਜ ਸਿੱਖ ਅਤੇ ਪੰਜਾਬੀ ਆਪਣਾ ਹੱਕ ਵੀ ਨਹੀਂ ਮੰਗ ਸਕਦੇ। ਜਾਂ ਆਪਣੇ ਹੱਕਾਂ ਬਾਰੇ ਆਪਣੇ ਭੈਣ ਭਰਾਵਾਂ ਨੂੰ ਵੀ ਜਾਗ੍ਰਿਤ ਨਹੀਂ ਕਰ ਸਕਦੇ ਤਾਂ ਗੁਰਮਤਿ ਹੀਨ ਫੋਕੇ ਵਿਸਾਖੀ ਮੇਲੇ, ਵੈਸਾਖੀ ਨਾਈਟਾਂ ਅਤੇ ਦਿਖਾਵੇ ਵਾਲੇ ਵੈਸਾਖੀ ਪੁਰਬਾਂ ਦਾ ਕੀ ਫਾਇਦਾ ਹੈ?
ਸੋ ਪੰਥ ਦਰਦੀ ਸਿੱਖੋ! ਜਰਾ ਸੋਚੋ, ਵੈਸਾਖੀਆਂ ਕਿਵੇਂ ਮਨਾਉਣੀਆਂ ਹਨ? ਕੀ ਮੇਲੇ, ਨਾਈਟਾਂ, ਮਾਲ੍ਹ ਪੂੜਿਆਂ, ਮਹਿੰਗੇ ਮਹਿੰਗੇ ਗਵਈਏ, ਰਾਗੀ ਅਤੇ ਕਥਾਵਾਚਕਾਂ ਉੱਤੇ ਕੌਮ ਦਾ ਖੂਨ ਪਸੀਨੇ ਨਾਲ ਕਮਾਇਆ ਪੈਸਾ ਰੋੜਨਾਂ ਵੈਸਾਖੀਆਂ ਹਨ?
.