.

ਸਿੱਖ ਸਿਕਿਆਂ ਬਾਰੇ

ਹਾਕਮ ਸਿੰਘ

ਡਾ. ਸੁਰਿੰਦਰ ਸਿੰਘ ਜੀ ਨੇ ਸਿੱਖ ਸਿਕਿਆਂ ਬਾਰੇ ਪੁਸਤਕ (The Coingage of the Sikh Period, 1765-1799) ਦੇ ਪੰਨਾ ੭੮ ਤੇ ਨਿਹਾਰ ਰੰਜਨ ਰੇ ਦੇ ਵਿਚਾਰਾਂ ਨਾਲ ਸਹਿਮਤੀ ਪ੍ਰਗਟਾਉਂਦੇ ਇਹ ਸਿਧਾਂਤ ਪੇਸ਼ ਕੀਤਾ ਹੈ ਕਿ ਗੁਰਮਤਿ ਤੇ ਆਧਾਰਤ ਸਿੱਖ ਧਰਮ ਦਾ ਮਨੋਰਥ ਇਕ ਵਖਰਾ ਸਿੱਖ ਸਮਾਜ ਅਤੇ ਰਾਜ ਸਥਾਪਤ ਕਰਨਾ ਸੀ ਜਿਸ ਦੀ ਨੀਂਹ ਗੁਰੂ ਨਾਨਕ ਸਾਹਿਬ ਨੇ ਹੀ ਰੱਖ ਦਿੱਤੀ ਸੀ ਅਤੇ ਜਿਸ ਵਿਚ ਅਕਾਲ ਤਖਤ ਅਹਿਮ ਕਰਤਵ ਨਿਭਾਉਂਦਾ ਹੈ ਅਤੇ ਸਿੱਖ ਸਿੱਕੇ ੧੮ਵੀਂ ਸ਼ਤਾਬਦੀ ਵਿਚ ਅਕਾਲ ਤਖਤ ਦੀ ਹੋਂਦ ਨੂੰ ਸਿੱਧ ਕਰਦੇ ਹਨ। ਇਹੋ ਵਿਚਾਰ ਉਹਨਾਂ ਆਪਣੇ ਲੇਖ, “Dwindling Status of Akal Takhat: A Premier Sikh Institution” ਵਿਚ ਦਿੱਤੇ ਹਨ। ਬਹੁਤੇ ਸਿੱਖ ਇਤਿਹਾਸਕਾਰਾਂ ਦੇ ਵਿਚਾਰ ਵੀ ਸੁਰਿੰਦਰ ਸਿੰਘ ਦੇ ਵਿਚਾਰਾਂ ਨਾਲ ਕਾਫੀ ਮਿਲਦੇ ਜੁਲਦੇ ਹਨ, ਭਾਵੇਂ ਉਹ ਸਿੱਧਾ ਇਹ ਨਹੀਂ ਕਹਿੰਦੇ ਕਿ ਗੁਰੂ ਨਾਨਕ ਸਾਹਿਬ ਨੇ ਵੀ ਸਿੱਖ ਰਾਜ ਸਥਾਪਤ ਕਰਨ ਦੀ ਕਲਪਨਾ ਕੀਤੀ ਸੀ। ਸੁਰਿੰਦਰ ਸਿੰਘ ਜੀ ਦੇ ਵਿਚਾਰ ਗੁਰਬਾਣੀ ਵਿਚ ਦਿੱਤੇ ਗੁਰਮਤਿ ਉਪਦੇਸ਼ ਨਾਲ ਮੇਲ ਨਹੀਂ ਖਾਂਦੇ। ਗੁਰਬਾਣੀ ਵਿਚ ਸਿੱਖ ਸਮਾਜ ਜਾਂ ਸਿੱਖ ਰਾਜ ਦੀ ਸਥਾਪਨਾ ਦੀ ਗੱਲ ਕਿਤੇ ਵੀ ਨਹੀਂ ਕਹੀ ਗਈ ਹੈ। ਸਾਰੀ ਗੁਰਬਾਣੀ ਮਨ ਨੂੰ ਸਾਧਣ ਅਤੇ ਨਾਮ ਸਿਮਰਨ ਦੁਆਰਾ ਪ੍ਰਭੂ ਨੂੰ ਸਮਝਣ ਅਤੇ ਪਾਉਣ ਲਈ ਸਹਿਜ ਅਤੇ ਨਮਰਤਾ ਸਹਿਤ ਉੱਦਮ ਕਰਨ ਲਈ ਪ੍ਰੇਰਿਤ ਕਰਦੀ ਹੈ।
ਕਿਸੇ ਵੀ ਗੁਰੂ ਸਾਹਿਬ ਨੇ ਆਪਣੇ ਸ਼ਰਧਾਲੂਆਂ ਨੂੰ ਗੁਰਬਾਣੀ ਉਪਦੇਸ਼ ਦੀ ਉਲੰਘਣਾ ਕਰ ਕੇ ਕੋਈ ਰਾਜ ਸਥਾਪਤ ਕਰਨ ਲਈ ਉਤਸ਼ਾਹਿਤ ਨਹੀਂ ਕੀਤਾ। ਜਿਸ ਵੀ ਗੁਰੂ ਸਾਹਿਬ ਨੇ ਸਵੈ ਰਖਿਆ ਲਈ ਤਲਵਾਰ ਚੁੱਕੀ ਅਤੇ ਆਪਣੇ ਸ਼ਰਧਾਲੂਆਂ ਨੂੰ ਸਵੈ ਰਖਿਆ ਲਈ ਤਲਵਾਰ ਚੁਕਣ ਲਈ ਆਦੇਸ਼ ਦਿੱਤੇ ਸਨ ਉਹ ਉਸ ਸਮੇਂ ਦੇ ਹਾਲਾਤ ਦੇ ਮੱਦੇਨਜ਼ਰ ਗੁਰਮਤਿ ਪਰਸਾਰ ਅਤੇ ਸੰਚਾਰ ਲਈ ਸੁਖਾਵਾਂ ਵਾਤਾਵਰਣ ਬਨਾਉਣ ਅਤੇ ਕਾਇਮ ਰੱਖਣ ਲਈ ਕੀਤਾ ਸੀ, ਕੋਈ ਰਾਜ ਸਥਾਪਤ ਕਰਨ ਲਈ ਨਹੀਂ ਸੀ ਕੀਤਾ। ਬਹੁਤੇ ਇਤਿਹਾਸਕਾਰ ਅਤੇ ਪਰਚਾਰਕ ਸਰੋਤਿਆਂ ਨੂੰ ਭਾਵਕ ਕਰਨ ਲਈ ਗੁਰਮਤਿ ਵਿਰੋਧੀ ਝੂਠਾ ਪਰਚਾਰ ਕਰਦੇ ਰਹੇ ਹਨ ਕਿ ਗੁਰੂ ਸਾਹਿਬਾਨ ਮੁਗਲ ਸਾਸ਼ਨ ਨਾਲ ਜੁੱਧ ਕਰਨ ਦੀ ਤਿਆਰੀ ਕਰਦੇ ਸਨ ਜਾਂ ਮੁਗਲ ਰਾਜ ਨੂੰ ਖਤਮ ਕਰਨਾ ਚਾਹੁੰਦੇ ਸਨ। ਇਤਿਹਾਸਕ ਤੱਥ ਅਜਿਹੇ ਵਿਚਾਰਾਂ ਦੀ ਪਰੋੜ੍ਹਤਾ ਨਹੀਂ ਕਰਦੇ।
ਗੁਰਬਾਣੀ ਇਕ ਸਦੀਵੀ ਕਰਤੇ ਦਾ ਗਿਆਨ ਹੈ। ਇਹ ਪ੍ਰਭੂ ਦੀ ਸਿਰਜੀ ਸ੍ਰਿਸ਼ਟੀ ਵਿਚ ਮਨੁੱਖੀ ਏਕਤਾ, ਬਰਾਬਰਤਾ ਅਤੇ ਨਿਜੀ ਸੁਤੰਤਰਤਾ ਦਾ ਉਪਦੇਸ਼ ਕਰਦੀ ਹੈ ਅਤੇ ਸਮਾਜ ਵਿਚ ਵੰਡੀਆਂ ਪਾਉਣ, ਕੁੱਝ ਬੰਦਿਆਂ ਨੂੰ ਵਿਸ਼ੇਸ਼ ਸਮਝਣ ਅਤੇ ਆਪਣੀ ਸੋਚ ਦੂਜਿਆਂ ਪਰ ਠੋਸਣ ਦੇ ਵਿਰੁਧ ਹੈ। ਗੁਰਮਤਿ ਦਾ ਇਹ ਉਪਦੇਸ਼ ਸਾਰੀ ਮਾਨਵਤਾ ਲਈ ਹੈ ਕਿਸੇ ਵਿਸ਼ੇਸ਼ ਧੜੇ, ਸੰਗਠਨ, ਇਲਾਕੇ ਜਾਂ ਭਾਈਚਾਰੇ ਲਈ ਨਹੀਂ ਹੈ। ਗੁਰਮਤਿ ਕਰਮ ਕਾਂਡੀ ਬੰਧਨਾਂ ਨੂੰ ਨਕਾਰਦੀ ਹੈ। ਸੰਸਾਰ ਦੇ ਸਾਰੇ ਸੂਝਵਾਨ ਅਤੇ ਸਿਆਣੇ ਵਿਅਕਤੀ ਅੱਜ ਮਨੁੱਖੀ ਏਕਤਾ, ਬਰਾਬਰਤਾ ਅਤੇ ਨਿਜੀ ਸੁਤੰਤਰਤਾ ਦੇ ਹਾਮੀ ਹਨ।
ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਦੇ ਇਤਹਾਸ ਨੂੰ ਲੇਖਕਾਂ ਨੇ ਬਹੁਤ ਹੀ ਤੋੜ ਮੋੜ ਕੇ ਪੇਸ਼ ਕੀਤਾ ਹੈ। ਗੁਰੂ ਸਾਹਿਬ ਜੀ ਗੁਰੂ ਨਾਨਕ ਸਾਹਿਬ ਵੱਲੋਂ ਸਿਰਜੀ ਗੁਰਮਤਿ ਦੇ ਆਖਰੀ ਦੇਹ ਧਾਰੀ ਗੁਰੂ ਸਨ ਅਤੇ ਉਹਨਾਂ ਨੇ ਸਾਰੀ ਗੁਰਬਾਣੀ ਨੂੰ ਕੱਚੀਆਂ ਰਚਨਾਵਾਂ ਤੋਂ ਨਖੇੜ ਕੇ ਦਮਦਮੀ ਬੀੜ ਆਖੇ ਜਾਂਦੇ ਗ੍ਰੰਥ ਸਾਹਿਬ ਵਿਚ ਸੰਕਲਿਤ ਕਰ ਕੇ ਸੰਪੂਰਨ ਰੂਪ ਦੇਣ ਦਾ ਉਪਕਾਰ ਕੀਤਾ ਹੈ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਘੋਸ਼ਿਤ ਕਰ ਕੇ "ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ" (ਪੰ: ੯੮੨) ਦੇ ਸੰਕਲਪ ਨੂੰ ਨਿਰੂਪਣ ਕੀਤਾ ਹੈ। ਗੁਰੂ ਸਾਹਿਬ ਦੇ ਜੀਵਨ ਬਿਰਤਾਂਤ ਅਕਸਰ ਇਹ ਪਰਭਾਵ ਪਾਉਂਦੇ ਹਨ ਕਿ ਉਹ ਇਕ ਮਹਾਨ ਜਰਨੈਲ, ਸੰਗਠਕ, ਯੋਧਾ, ਜੁੱਧ ਨੀਤੀ ਵਿਚ ਨਿਪੁੰਨ, ਕਲਗੀ ਵਾਲੇ, ਬਾਜਾਂ ਵਾਲੇ, ਬਲੀ ਦਾਨੀ, ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ ਅਤੇ ਖਾਲਸਾ ਪੰਥ ਦੇ ਸਿਰਜਣ ਹਾਰੇ ਸਨ, ਪਰ ਇਹਨਾਂ ਵਿਚੋਂ ਕੋਈ ਵੀ ਗੁਣ ਉਹਨਾਂ ਦੀ ਗੁਰੂ ਪਦਵੀ ਦਾ ਅਧਿਆਤਮਿਕ ਗੁਣ ਨਹੀਂ ਹੈ। ਇਹ ਤੇ ਸੈਨਕ ਅਤੇ ਰਾਜਨੀਤਕ ਗੁਣ ਹਨ ਜੋ ਕਿਸੇ ਵਿਅਕਤੀ ਵਿਚ ਵੀ ਹੋ ਸਕਦੇ ਹਨ। ਇਹ ਗੁਣ ਹੋਣ ਨਾਲ ਕੋਈ ਵੀ ਵਿਅਕਤੀ ਅਧਿਆਤਮਿਕ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਗੁਰੂ ਨਹੀਂ ਬਣ ਜਾਂਦਾ। ਗੁਰੂ ਸਾਹਿਬ ਦੇ ਗੁਰਮਤਿ ਪ੍ਰਸਾਰ ਲਈ ਕੀਤੇ ਉੱਦਮ ਦੇ ਉਚਿਤ ਵਰਣਨ ਦੀ ਘਾਟ ਕਾਰਨ ਹੀ ਕਈ ਭਾਰਤੀ ਇਤਿਹਾਸਕਾਰ ਗੁਰੂ ਸਾਹਿਬ ਦੀ ਤੁਲਣਾ ਸ਼ਿਵਾ ਜੀ ਮਰਾਠੇ ਨਾਲ ਜਾ ਕਰਦੇ ਹਨ। ਸਿੱਖ ਵਿਦਵਾਨ ੧੬੯੯ ਦੀ ਵਿਸਾਖੀ ਨਾਲ ਜੁੜੀਆਂ ਮਿਥਹਾਸਕ ਕਰਾਮਾਤਾਂ ਅਤੇ ਗੁਰੂ ਸਾਹਿਬ ਦੇ ਯੁੱਧਾਂ ਨੂੰ ਮਹਾਨ ਦੁਨਿਆਵੀ ਪ੍ਰਾਪਤੀਆਂ ਦਰਸਾ ਕੇ ਸ਼ਰਧਾਲੂਆਂ ਨੂੰ ਏਨਾ ਭਾਵਕ ਕਰ ਦਿੰਦੇ ਹਨ ਕਿ ਉਹਨਾਂ ਨੂੰ ਗੁਰੂ ਸਾਹਿਬ ਦੀਆਂ ਗੁਰਮਤਿ ਪ੍ਰਸਾਰ ਲਈ ਕੀਤੀਆਂ ਉਤਕਰਿਸ਼ਟ ਅਤੇ ਮਹਾਨ ਆਤਮਕ ਕਿਰਿਆਵਾਂ ਮਹੱਤਵ ਹੀਣ ਜਾਪਣ ਲੱਗ ਪੈਂਦੀਆਂ ਹਨ। ਭਾਵੇਂ ਸੈਨਕ ਅਤੇ ਰਾਜਸੀ ਪ੍ਰਾਪਤੀਆਂ ਤੇ ਓਸੇ ਸਮੇਂ ਪੱਛਮ ਵਿਚ ਸ਼ਿਵਾ ਜੀ ਮਰਾਠੇ ਅਤੇ ਕੁੱਝ ਦੇਰ ਪਿਛੋਂ ਦੱਖਣ ਵਿਚ ਹੈਦਰ ਅਲੀ ਨੇ ਵੀ ਕੀਤੀਆਂ ਸਨ। ਸੰਸਾਰ ਦੇ ਇਤਹਾਸ ਵਿਚ ਵੀ ਅਨੇਕਾਂ ਐਸੀਆਂ ਉਦਾਹਰਣਾਂ ਮਿਲਦੀਆਂ ਹਨ। ਕੀ ਅਜਿਹਾ ਕਰਨ ਨਾਲ ਉਹ ਗੁਰੂ ਸਾਹਿਬ ਵਾਲੀ ਅਧਿਆਤਮਿਕ ਪਦਵੀ ਪ੍ਰਾਪਤ ਕਰ ਗਏ ਸਨ? ਸੰਸਾਰਕ ਸਫਲਤਾਵਾਂ ਅਤੇ ਗੁਣਾਂ ਰਾਹੀਂ ਅਧਿਆਤਮਿਕ ਗਿਆਨ ਅਤੇ ਅਵਸਥਾ ਦੀ ਪ੍ਰਾਪਤੀ ਸੰਭਵ ਨਹੀਂ। ਗੁਰੂ ਗੋਬਿੰਦ ਸਿੰਘ ਜੀ ਦਾ ਪੁਰਾਤਨ ਮੂਲ ਸਮਝਿਆ ਜਾਂਦਾ ਇਤਹਾਸ ਗੁਰ ਪਰਵਾਰਾਂ ਨਾਲ ਸਬੰਧਿਤ ਗੁਰਮਤਿ ਵਿਰੋਧੀਆਂ ਦੇ ਸਹਿਯੋਗੀਆਂ ਦੀਆਂ ਕਿਰਤਾਂ ਹਨ। ਉਹਨਾਂ ਦਾ ਮਨੋਰਥ ਗੁਰੂ ਸਾਹਿਬਾਨ ਦੀ ਝੂਠੀ ਪਰਸੰਸਾ ਕਰ ਕੇ ਸ਼ਰਧਾਲੂਆਂ ਨੂੰ ਇਹ ਪਰਭਾਵ ਦੇਣਾ ਸੀ ਕਿ ਗੁਰਮਤਿ ਵਿਰੋਧੀ ਹੀ ਗੁਰੂ ਸਾਹਿਬਾਨ ਦੇ ਅਸਲੀ ਵਾਰਸ ਹਨ ਤਾਂ ਜੋ ਉਹ ਗੁਰੂ ਸਾਹਿਬਾਨ ਦੀ ਲੋਕ ਪਰੀਅਤਾ ਅਤੇ ਕੁਰਬਾਨੀਆਂ ਤੋਂ ਲਾਭ ਉਠਾ ਕੇ ਗੁਰਮਤਿ ਸੰਚਾਰ ਕੇਂਦਰਾਂ ਤੇ ਕਬਜ਼ੇ ਕਰ ਲੈਣ ਅਤੇ ਓਥੋਂ ਸਨਾਤਨੀ ਪਰੰਪਰਾ ਤੋਂ ਪਰਭਾਵਿਤ ਵਿਚਾਰਧਾਰਾ ਦਾ ਪਰਚਾਰ ਕਰ ਸਕਣ। ਇਹ ਸਿਲਸਿਲਾ ਗੁਰੂ ਅਰਜਨ ਸਾਹਿਬ ਦੇ ਸਮੇਂ ਤੋਂ ਹੀ ਸ਼ੁਰੂ ਹੋ ਗਿਆ ਸੀ ਅਤੇ ਗੁਰ ਪਰਵਾਰਾਂ ਨਾਲ ਜੁੜੇ ਗੁਰਮਤਿ ਵਿਰੋਧੀ ਅਤੇ ਉਹਨਾਂ ਦੇ ਹਮਾਇਤੀ ਹਿੰਸਕ ਕਾਰਵਾਈਆਂ ਅਤੇ ਮੁਗਲ ਸਾਸ਼ਨ ਨੂੰ ਝੂਠੀਆਂ ਸ਼ਿਕਾਇਤਾਂ ਕਰ ਕੇ ਅਤੇ ਹਰ ਪ੍ਰਕਾਰ ਦਾ ਦਬਾਓ ਪਾ ਕੇ ਸ਼ਰਧਾਲੂਆਂ ਨੂੰ ਤੰਗ ਕਰਨ ਲੱਗ ਪਏ ਸਨ।
ਸੁਰਿੰਦਰ ਸਿੰਘ ਨੇ ਸਿੱਖ ਸਿਕਿਆਂ ਦੀ ਖੋਜ ਰਾਹੀਂ ਆਪਣਾ ਇਹ ਸਿਧਾਂਤ ਕਿ ਸਿੱਖ ਧਰਮ ਸਿੱਖ ਰਾਜ ਕਾਇਮ ਕਰਨ ਲਈ ਹੋਂਦ ਵਿਚ ਆਇਆ ਸੀ, ਅਤੇ ਅਕਾਲ ਤਖਤ ਉਸ ਰਾਜ ਦੀ ਪਰਭੁਤਾ ਦਾ ਪਰਤੀਕ ਹੈ, ਸਿੱਧ ਕਰਨ ਦਾ ਜਤਨ ਕੀਤਾ ਹੈ।। ਉਸ ਦਾ ਕਹਿਣਾ ਹੈ ਕਿ ਬੰਦਾ ਬਹਾਦਰ ਦੀ ਜਿੱਤ ਦਾ ਜਸ਼ਨ ਮਨਾਉਣ ਲਈ ਮੋਹਰ ਛਾਪ ਜਾਰੀ ਕੀਤੀ ਗਈ ਸੀ ਅਤੇ ਚਾਂਦੀ ਦੇ ਰਪੀਏ ਵੀ ਘੜੇ ਗਏ ਸਨ। ਮੋਹਰ ਛਾਪ ਦੀ ਇਬਾਰਤ, ਉਸ ਅਨੁਸਾਰ, ਇਹ ਹੈ:
ਦੇਗ ਤੇਗ ਫਤਿਹ ਓ ਨੁਸਰਤ ਬੈਦਰੰਗ ਯਫਤ ਅਜ਼ ਨਾਨਾਕ ਗੁਰੂ ਗੋਬਿੰਦ ਸਿੰਘ
ਲੇਖਕ ਦਾ ਵਿਚਾਰ ਹੈ ਕਿ ਇਹ ਇਬਾਰਤ ਗੁਰੂ ਗੋਬਿੰਦ ਸਿੰਘ ਜੀ ਦੇ ਦੋਹਰੇ ਤੇ ਆਧਾਰਤ ਹੈ: "ਦੇਗ ਤੇਗ ਜਗ ਮੈ ਦੋਹੂ ਚਲੈਂ। ਰਾਖ ਲੇਹੋ ਮੋਹਿ ਆਪ ਅਵਰ ਨ ਦਲੈਂ।"
ਲੇਖਕ ਅਨੁਸਾਰ ਬੰਦਾ ਬਹਾਦਰ ਵੱਲੋਂ ਜਾਰੀ ਕੀਤੇ ਗਏ ਸਿਕਿਆਂ ਉਤੇ ਇਹ ਇਬਾਰਤ ਸੀ:
ਸਿੱਧਾ ਪਾਸਾ: ਸਿੱਕਾ ਜ਼ਦ ਬਰ ਹਰ ਦੋ ਆਲਮ ਤੇਗੇ ਨਾਨਾਕ ਵਾਹਬ ਅਸਤ ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਂ ਫਜ਼ਲ ਸੱਚਾ ਸਾਹਿਬ ਅਸਤ
ਦੂਜਾ ਪਾਸਾ: ਜ਼ਰਬ ਬਤ ੳਮਨ-ਉਲ-ਦਾਹਰ ਮਸੱਵਰਾਤ ਸ਼ਹਿਰੇ ਜ਼ੀਨਤ ਅਲ ਤਖਤ ਖਾਲਸਾ ਮੁਬਾਰਕ ਬਖਤ
ਲੇਖਕ ਦਾ ਕਹਿਣਾ ਹੈ ਕਿ ਲਾਹੌਰ ਤੇ ਖਾਲਸੇ ਦੇ ਕਬਜ਼ੇ ਮਗਰੋਂ ੧੭੮੫/੧੮੨੨ ਸੰਮਤ ਨੂੰ ਸਿੱਕੇ ਜਾਰੀ ਕੀਤੇ ਗਏ ਜਿਨ੍ਹਾਂ ਦੀ ਇਬਾਰਤ ਬੰਦਾ ਬਹਾਦਰ ਵੱਲੋਂ ਜਾਰੀ ਮੋਹਰ ਛਾਪ ਤੋਂ ਲਿੱਤੀ ਗਈ ਸੀ, ਜੋ ਇਸ ਪ੍ਰਕਾਰ ਸੀ:
ਸਿੱਧਾ ਪਾਸਾ: ਦੇਗ ਤੇਗ ਫਤਿਹ ਓ ਨੁਸਰਤ ਬੇਦਰੰਗ ਯਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ
ਕਿਉਂਕਿ ਖਾਲਸਾ ਮੋਹਰ ਛਾਪ ਦੇ ਪਿਛਲੇ ਪਾਸੇ ਕੁੱਝ ਨਹੀ ਸੀ ਲਿਖਿਆ ਹੋਇਆ ਸੀ, ਇਸ ਲਈ ਉਹਨਾਂ ਨੇ ਮੁਗਲ ਸਿਕਿਆਂ ਦੀ ਇਬਾਰਤ ਨਕਲ ਕਰ ਲਈ ਸੀ, ਜੋ ਇਸ ਪ੍ਰਕਾਰ ਸੀ:
ਜ਼ਰਬ ਦਰ ਉਲ ਸਲਾਮਤ ਲਾਹੌਰ ਜਲੂਸ ਮਯੀਮਨਤ ਮਨੂਸ
ਲੇਖਕ ਦਾ ਕਹਿਣਾ ਹੈ ਕਿ ੧੦ ਕੁ ਸਾਲ ਬਾਅਦ ਸਿੱਖਾਂ ਨੂੰ ਬੰਦੇ ਬਹਾਦਰ ਦਾ ਰਪੀਏ ਦਾ ਸਿੱਕਾ ਅੰਮ੍ਰਿਤਸਰੋਂ ਮਿਲ ਗਿਆ ਸੀ। ਬੰਦਾ ਬਹਾਦਰ ਦਾ ਸਿੱਕਾ ਮਿਲਣ ਤੇ ਹੇਠ ਦਿੱਤੀ ਇਬਾਰਤ ਦੇ ਸਿੱਕੇ ਅੰਮ੍ਰਿਤਸਰ ਤੋਂ ਜਾਰੀ ਕੀਤੇ ਗਏ:
ਸਿੱਧਾ ਪਾਸਾ: ਸਿੱਕਾ ਜ਼ਦ ਬਰ ਹਰ ਦੋ ਆਲਮ ਸ਼ਾਹ ਨਾਨਕ ਵਾਹਬ ਅਸਤ ਫਤਿਹ ਸਾਹਿਬ ਗੁਰੂ ਗੋਬਿੰਦ ਸਿੰਘ ਸ਼ਾਹੇ ਸ਼ਾਹਾਂ ਫਜ਼ਲ ਸੱਚਾ ਸਾਹਬਿ ਅਸਤ
ਦੂਜਾ ਪਾਸਾ: ਜ਼ਰਬ ਸ੍ਰੀ ਅੰਮ੍ਰਿਤਸਰ ਜੀਓ ਤਖਤ ਅਕਾਲ ਬਖਤ ਜਲੂਸ ਮਯੀਮਨਤ ਮਨੂਸ
ਲੇਖਕ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਘੇਰੇ ਵਿਚ ਪਏ 'ਰੈਫ" ਸ਼ਬਦ ਦਾ ਅਰਥ ਹੁੰਦਾ ਹੈ ਕਿ ਸਿੱਕਾ ਪਰਚਲਤ ਮੁਦਰਾ ਹੈ।
ਲੇਖਕ "ਤਖਤ ਅਕਾਲ ਬਖਤ" ਨੂੰ ਅਕਾਲ ਤਖਤ ਲਿਖਦਾ ਹੇ ਜੋ ਅਣ ਉਚਿਤ ਹੈ ਕਿਉਂਕਿ ਇਹ ਤਖਤ ਅਕਾਲ ਬਖ਼ਤ ਹੀ ਪੜ੍ਹਿਆ ਜਾਂਦਾ ਹੈ, ਅਕਾਲ ਤਖਤ ਨਹੀਂ। ਲੇਖਕ ਆਪਣੇ ਨਿਜੀ ਵਿਚਾਰਾਂ ਅਤੇ ਧਾਰਨਾ ਦੀ ਪੁਸ਼ਟੀ ਲਈ ਆਪਣੀ ਮਰਜ਼ੀ ਨਾਲ ਸਿਕਿਆਂ ਵਿਚ ਦਿੱਤੇ ਤਖਤ ਅਕਾਲ ਬਖ਼ਤ ਨੂੰ ਅਕਾਲ ਤਖਤ ਵਿਚ ਬਦਲ ਦਿੰਦਾ ਹੈ ਤਾਂ ਜੋ ਅਕਾਲ ਤਖਤ ਇਕ ਪੁਰਾਣੀ ਸਿੱਖ ਸੰਸਥਾ ਸਿੱਧ ਹੋ ਸਕੇ। ਪਰ ਸਿਕਿਆਂ ਦੀ ਇਬਾਰਤ ਨੂੰ ਜਾਂ ਕਿਸੇ ਲੇਖਕ ਦੇ ਹਵਾਲੇ ਨੂੰ ਇਸ ਤਰ੍ਹਾਂ ਆਪਣੀ ਇੱਛਾ ਅਨੁਸਾਰ ਬਦਲਣਾ ਵਿਦਿਅਕ ਜਗਤ ਵਿਚ ਧੋਖਾ ਧੜੀ ਅਤੇ ਗੁਨਾਹ ਸਮਝਿਆ ਜਾਂਦਾ ਹੈ। ਲੇਖਕ ਨੂੰ ਚਾਹੀਦਾ ਤੇ ਇਹ ਸੀ ਕਿ ਉਹ ਸਿੱਖ ਸਿਕਿਆਂ ਦੀ ਖੋਜ ਕਰ ਕੇ ਸਿਕਿਆਂ ਬਾਰੇ ਪਰਮਾਣਿਕ ਜਾਣਕਾਰੀ ਦਿੰਦਾ ਪਰ ਉਹ ਸਿਕਿਆਂ ਦਾ ਅਕਾਲ ਤਖਤ ਬਨਾਉਣ ਲੱਗ ਪਿਆ ਅਤੇ ਗੁਰਬਾਣੀ ਦਾ ਵਖਰਾ ਉਪਦੇਸ਼ ਘੜਨ ਲੱਗ ਪਿਆ।
.