.

ਦੁਬਿਧਾ

ਦੁਬਿਧਾ, ਮਨ ਦੀ ਦੁਪਾਸੀ ਬਿਰਤੀ, ਦੁਚਿੱਤਾਪਣ ਜਾਂ ਡਾਵਾਂ ਡੋਲ ਹਾਲਤ ਨੂੰ ਕਿਹਾ ਜਾਂਦਾ ਹੈ ਜਿਸ ਦਾ ਵਡ੍ਹਾ ਕਾਰਨ ਅਗਿਆਨਤਾ ਹੀ ਹੈ। ਗਿਆਨ ਤੋਂ ਬਿਨਾ ਮਨੁੱਖ ਦੀ ਬਿਬੇਕ ਬੁਧੀ (ਵਿਚਾਰ ਜਾਂ ਨਿਰਨਾ ਕਰਨ ਵਾਲੀ ਅਕਲ) ਦੀ ਘਾਟ ਦੇ ਕਾਰਨ ਦੁਬਿਧਾ ਵਿੱਚ ਪਿਆ ਮਨ, ਨਿਰਨਾ ਲੈਣ ਦੇ ਅਸਮਰੱਥ ਹੋ ਜਾਂਦਾ ਹੈ ਅਤੇ ਉਸਨੂੰ ਫਿਰ ਦੂਸਰਿਆਂ ਦੇ ਕੀਤੇ ਫੈਸਲਿਆਂ ਤੇ ਨਿਰਭਰ ਹੋਣਾ ਪੈਂਦਾ ਹੈ। ਧਰਮ ਦੀ ਦੁਨੀਆਂ ਵਿੱਚ ਇਸੇ ਕਮਜ਼ੋਰੀ ਦਾ ਲਾਭ ਉਠਾ ਕੇ ਮਨੁੱਖ ਨੂੰ ਗੁਮਰਾਹ ਕਰਕੇ ਲੁੱਟ ਦਾ ਨਿਸ਼ਾਨਾ ਬਣਾਇਆ ਜਾਂਦਾ ਹੈ। ਅਨੇਕਾਂ ਅਖੌਤੀ ਪੀਰਾਂ, ਸਾਧਾਂ, ਸੰਤਾਂ ਤੇ ਬਾਬਿਆਂ ਦੇ ਦਰਬਾਰਾਂ, ਟਕਸਾਲਾਂ, ਠਾਠਾਂ ਤੇ ਡੇਰਿਆਂ ਤੇ ਲੱਗੀਆਂ ਭੀੜਾਂ, ਇਸ ਦੁਬਿਧਾ ਦਾ ਪ੍ਰਤੱਖ ਪ੍ਰਮਾਣ ਹਨ। ਉਹ ਬਾਨਾਰਸੀ ਠੱਗ ਜਾਣਦੇ ਹਨ ਕਿ ਗਿਆਨ ਉਹਨਾਂ ਦੀਆਂ ਪਦਵੀਆਂ ਤੇ ਅਸਥਾਨਾਂ ਨੂੰ ਖਤਰਾ ਹੈ ਇਸ ਲਈ ਉਹ ਲੁਕਾਈ ਨੂੰ ਗਿਆਨ ਤੋਂ ਵਾਂਝਾ ਤੇ ਧੋਖੇ ਵਿੱਚ ਰੱਖ ਕੇ, ਮਨਾਂ ਵਿੱਚ ਦੁਬਿਧਾ ਖੜੀ ਕਰ ਦਿੰਦੇ ਹਨ। ਉਹ ਇਸ ਗਲ ਤੋਂ ਭਲੀ ਭਾਂਤ ਜਾਣੂੰ ਹਨ ਕਿ ਕੋਈ ਵਿਰਲਾ ਹੀ ਗੁਰੁ ਗ੍ਰੰਥ ਨੂੰ ਪੜ੍ਹ ਕੇ ਵੀਚਾਰਦਾ ਹੈ ਬਾਕੀ ਬਹੁਤਾਤ ਤਾਂ ਗੁਰੂ ਨੂੰ ਕੇਵਲ ਰਸਮੀ ਮੱਥਾ ਟੇਕ ਕੇ, ਆਪਣੀਆਂ ਮੰਗਾਂ ਤੇ ਸੁੱਖ ਸਾਂਦ ਦੀ ਅਰਦਾਸ ਕਰਨ ਤੱਕ ਹੀ ਸੀਮਤ ਹਨ। ਇਸੇ ਅਗਿਆਨਤਾ ਦਾ ਲਾਭ ਉਠਾ ਕੇ ਉਹ ਮਨਘੜਤ ਤੇ ਗੁਰਮਤ ਵਿਰੁੱਧ ਕਥਾ ਕਹਾਣੀਆਂ ਸੁਣਾ ਕੇ ਅਖੌਤੀ ਗਿਣਤੀਆਂ ਮਿਣਤੀਆਂ ਤੇ ਤਰਾਂ ਤਰਾਂ ਦੇ ਜਾਪਾਂ, ਪਾਠਾਂ, ਦਾਨ ਪੁੰਨ, ਤੀਰਥ ਇਸ਼ਨਾਨਾਂ, ਲੰਗਰਾਂ ਤੇ ਮੇਲਿਆਂ ਵਿੱਚ ਉਲਝਾ ਕੇ ਲੁਕਾਈ ਨੂੰ ਗੁਰਮਤ ਤੋਂ ਵਾਂਝਾ ਕਰੀ ਰੱਖਦੇ ਹਨ। ਦੂਜੇ ਪਾਸੇ, ਧਰਮ ਦੇ ਪੁਜਾਰੀ ਤੇ ਸ਼ਿਆਸਤਦਾਨ ਰਲ ਕੇ ਜਨਤਾ ਨੂੰ ਗੁਰਬਾਣੀ (ਗਿਆਨ) ਤੋਂ ਵਾਂਝਾ ਰੱਖ ਕੇ (ਦੁਬਿਧਾ ਵਿੱਚ ਪਾ ਕੇ) ਆਪਣੇ ਸਵਾਰਥਾਂ ਲਈ ਵਰਤਦੇ ਹਨ। ਸਿੱਖ ਜਗਤ ਸਦੀਆਂ ਤੋਂ ਕੇਵਲ ਗੁਰੂ ਗ੍ਰੰਥ ਨੂੰ ਹੀ ਗੁਰੂ ਮੰਨਦਾ ਆਇਆ ਹੈ ਪਰ ਇਹਨਾਂ ਰਲ ਕੇ ਇੱਕ ਹੋਰ ਅਖੌਤੀ ਗ੍ਰੰਥ ਨੂੰ ਅਸਥਾਪਤ ਕਰਕੇ ਦਿਨ ਦਿਹਾੜੇ ਲੋਕਾਂ ਦੀਆਂ ਅੱਖਾਂ ਵਿੱਚ (ਅਗਿਆਨਤਾ ਦਾ) ਘੱਟਾ ਪਾ ਕੇ ਉਹਨਾਂ ਦੇ ਮਨਾਂ ਵਿੱਚ ਗੁਰੂ ਪ੍ਰਤੀ ਹੀ ਦੁਬਿਧਾ ਖੜੀ ਕਰ ਦਿੱਤੀ। ਜਿਸ ਅਖੌਤੀ ਗ੍ਰੰਥ ਨੂੰ ਅੱਜ ਗੁਰੂ ਮਨਵਾਉਣ ਦੇ ਯਤਨ ਕੀਤੇ ਜਾ ਰਹੇ ਹਨ ਉਹ ਅੱਜ ਤਾਈ ਕਿੱਥੇ ਲੁਕਿਆ ਰਿਹਾ ਤੇ ਕਿਸ ਨੇ ਉਸ ਨੂੰ ਗੁਰੂ ਪਦਵੀ ਦਿੱਤੀ? ਪਰ ਅਫਸੋਸ ਕੇ ਦੁਬਿਧਾ ਵਿੱਚ ਫਸੇ ਅਗਿਆਨੀ ਲੋਕ ਹੀਰੇ ਤੇ ਕੱਚ ਜਾਂ ਝੂਠ ਤੇ ਸੱਚ ਦੀ ਪਛਾਣ ਨਹੀ ਕਰ ਸਕਦੇ ਤੇ ਇਹਨਾਂ ਪਿੱਛੇ ਲਗ ਕੇ ਕਰਮ ਕਾਂਡਾਂ ਦੁਆਰਾ ਆਪਣਾ ਮਨੁੱਖਾ ਜਨਮ ਅਜਾਈਂ ਗਵਾ ਲੈਂਦੇ ਹਨ। ਗੁਰਬਾਣੀ ਫੁਰਮਾਨ ਹੈ:

ਪ੍ਰਾਣੀ ਗੁਰਮੁਖਿ ਨਾਮੁ ਧਿਆਇ ॥ ਜਨਮੁ ਪਦਾਰਥੁ ਦੁਬਿਧਾ ਖੋਇਆ ਕਉਡੀ ਬਦਲੈ ਜਾਇ ॥ (1261)। ਗੁਰੂ ਦੀ ਸ਼ਰਨ ਪੈਣਾ, ਗੁਰਬਾਣੀ ਤੇ ਚੱਲਣਾ, ਹੀ ਗੁਰਮੁਖਿ ਦਾ ਨਾਮ ਧਿਆਉਣਾ ਹੈ ਜਿਸ ਤੋਂ ਬਿਨਾ ਦੁਬਿਧਾ ਵਿੱਚ ਪਿਆ ਪ੍ਰਾਣੀ ਜਨਮ ਪਦਾਰਥ ਨੂੰ ਕਉਡੀਆਂ ਦੇ ਭਾ ਗਵਾ ਲੈਂਦਾ ਹੈ। ਗੁਰਗਿਆਨ ਬਿਨਾ ਦੁਬਿਧਾ ਵਿੱਚ ਪਿਆ ਮਨੁੱਖ ਅਖੌਤੀ ਜੱਪ, ਤੱਪ, ਦਾਨ, ਪੁੰਨ, ਪਾਠ ਪੂਜਾ, ਤੀਰਥ ਇਸ਼ਨਾਨ ਤੇ ਸੇਵਾ ਦੇ ਕਰਮ ਕਾਂਡਾਂ ਵਿੱਚ ਉਲਝ ਕੇ ਦੁਖੀ ਹੁੰਦਾ ਹੈ ਤੇ ਜਨਮ ਅਜਾਈਂ ਗਵਾ ਬੈਠਦਾ ਹੈ। ਆਸਾ ਦੀ ਵਾਰ ਦੇ ਅਨਮੋਲ ਬਚਨ ਹਨ:

ਆਪੀਨੈੑ ਆਪੁ ਸਾਜਿਓ ਆਪੀਨੈੑ ਰਚਿਓ ਨਾਉ ॥ ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ ॥ ਪਰਮਾਤਮਾ ਨੇ ਆਪ ਹੀ ਆਪਣੇ ਆਪ ਨੂੰ ਸਾਜਿਆ ਤੇ ਆਪ ਹੀ ਆਪਣੇ ਨਿਯਮਾਂ ਦੁਆਰਾ ਕੁਦਰਤ ਨੂੰ ਰਚ ਕੇ ਉਸ ਵਿੱਚ ਆਸਣ ਜਮਾ ਕੇ ਜਗਤ ਤਮਾਸ਼ਾ ਵੇਖ ਰਿਹਾ ਹੈ। ਉਸ ਦਾ ਇੱਕ ਤੋਂ ਦੋ ਹੋ ਕੇ ਵਰਤਣਾ ਹੀ (ਅਗਿਆਨੀ) ਮਨੁੱਖ ਦੀ ਦੁਬਿਧਾ ਦਾ ਕਾਰਨ ਹੈ। ਇੱਕ ਉਸ ਦਾ ਅਦ੍ਰਿਸ਼ਟ ਤੇ ਅਬਿਨਾਸ਼ੀ ਰੂਪ ਜਿਸ ਨੂੰ ਅੱਖਾਂ ਨਾਲ ਵੇਖਿਆ ਨਹੀ ਜਾ ਸਕਦਾ ਤੇ ਦੂਸਰਾ ਦ੍ਰਿਸ਼ਟਮਾਨ ਤੇ ਬਿਨਾਸ਼ੀ ਜਗਤ ਰਚਨਾ (ਮਾਇਆ) ਜੋ ਉਹ ਆਪ ਨਹੀ ਪਰ ਉਸ ਦਾ ਪਰਛਾਵਾਂ ਹੈ ਜਿਵੇਂ ਚਾਂਦਨੀ ਰਾਤ ਨੂੰ ਝੀਲ ਵਿੱਚ ਝਲਕਦੇ ਚੰਦ ਦਾ ਝਲਕਾਰਾ ਜਾਂ ਪਰਛਾਵਾਂ। ਝੀਲ ਵਿੱਚ ਚੰਦ ਨਹੀ, ਉਸ ਦਾ ਪਰਛਾਵਾਂ ਹੈ ਇਸੇ ਤਰਾਂ ਕੁਦਰਤ (ਉਸ ਦੀ ਰਚਨਾ) ਪਰਮਾਤਮਾ ਨਹੀ ਬਲਿਕੇ ਉਸ ਦਾ ਪਰਛਾਵਾਂ ਜਾਂ ਝਲਕਾਰਾ (ਹੁਕਮ ਰੂਪੀ ਮਾਇਆ) ਹੈ। ਤੀਨਿ ਗੁਣਾ ਇਕ ਸਕਤਿ ਉਪਾਇਆ ॥ ਮਹਾ ਮਾਇਆ ਤਾ ਕੀ ਹੈ ਛਾਇਆ ॥ (868) ਮਹਾਂ ਮਾਇਆ ਵਿੱਚ ਵਿਚਰਦਾ ਹੋਇਆ ਵੀ ਉਹ ਆਪ ਨਹੀ, ਉਸ ਦਾ ਝਲਕਾਰਾ ਹੈ ਤੇ ਇਹ ਉਸ ਦੀ ਇੱਕ ਵੱਡ੍ਹੀ ਵਡਿਆਈ ਹੈ ਕਿ ਹੁਕਮ ਰੂਪ ਵਿੱਚ ਹਰ ਜਗ੍ਹਾ ਵਰਤਦਾ ਹੋਇਆ ਫਿਰ ਵੀ ਉਹ ਆਪ ਨਿਰਲੇਪ ਹੀ ਹੈ। ਗੁਣ ਨਿਧਾਨ ਨਾਨਕੁ ਜਸੁ ਗਾਵੈ ਸਤਿਗੁਰਿ ਭਰਮੁ ਚੁਕਾਇਓ ॥ ਸਰਬ ਨਿਵਾਸੀ ਸਦਾ ਅਲੇਪਾ ਸਭ ਮਹਿ ਰਹਿਆ ਸਮਾਇਓ ॥ {ਪੰਨਾ 617} ਸਰਬ ਨਿਵਾਸੀ ਪਰਮਾਤਮਾ ਦੇ ਅਜੇਹੇ ਅਸਚਰਜ ਗੁਣਾਂ ਤੋਂ (ਕਿ ਪਰਮਾਤਮਾ ਸਭਨਾ ਵਿੱਚ ਵਸਦਾ ਹੋਇਆ ਫਿਰ ਵੀ ਨਿਰਲੇਪ ਹੈ) ਪ੍ਰਭਾਵਤ ਹੋ ਕੇ ਹੀ ਤਾਂ ਨਾਨਕ ਉਸ ਦਾ ਜੱਸ ਗਾਉਂਦਾ ਹੈ। ਗੁਰੂ (ਗਿਆਨ) ਨੇ ਦੁਐਤ ਦਾ ਭਰਮ ਹੀ ਚੁੱਕ ਦਿੱਤਾ। ਨਿਰੰਕਾਰਿ ਆਕਾਰੁ ਉਪਾਇਆ ॥ ਮਾਇਆ ਮੋਹੁ ਹੁਕਮਿ ਬਣਾਇਆ ॥ (1066)। ਆਕਾਰ ਬਣਾ ਕੇ ਉਹਨਾਂ ਵਿੱਚ ਆਪ ਹੁਕਮ ਰੂਪ ਵਿੱਚ ਵਰਤਦਾ ਹੋਇਆ ਵੀ ਉਹ ਨਿਰਲੇਪ ਹੀ ਹੈ ਪਰ ਮਨੁੱਖ ਉਸ ਦੀ ਕਿਰਤ (ਮਾਇਆ, ਪਰਛਾਵਾਂ) ਨਾਲ ਜੁੜ ਕੇ ਕਰਤੇ ਨੂੰ ਹੀ ਭੁਲਾ ਬੈਠਾ ਹੈ, ਪਰਛਾਂਵੇ ਮਗਰ ਲੱਗ ਕੇ ਅਸਲ (ਸੱਚ) ਨੂੰ ਵਿਸਾਰ ਬੈਠਾ ਹੈ ਤੇ ਇਹੀ ਮਨੁਖ ਦੀ ਦੁਬਿਧਾ ਹੈ। ਏਕਮ ਏਕੈ ਆਪੁ ਉਪਾਇਆ ॥ ਦੁਬਿਧਾ ਦੂਜਾ ਤ੍ਰਿਬਿਧਿ ਮਾਇਆ ॥ (113)। ਭਾਵ: ਪਹਿਲਾਂ ਪ੍ਰਭੂ ਇਕੱਲਾ ਆਪ (ਨਿਰਗੁਣ ਸਰੂਪ) ਸੀ ਉਸਨੇ ਆਪਨੇ ਆਪ ਨੂੰ ਪ੍ਰਗਟ ਕੀਤਾ, ਇਸ ਤਰਾਂ ਫਿਰ ਉਹ ਦੋ ਕਿਸਮਾਂ ਵਾਲਾ (ਨਿਰਗੁਣ ਤੇ ਸਰਗੁਣ ਸਰੂਪਾਂ ਵਾਲਾ) ਬਣ ਗਿਆ ਤੇ ਉਸ ਨੇ (ਤਿੰਨ ਗੁਣਾਂ ਵਾਲੀ) ਮਾਇਆ ਰਚ ਦਿੱਤੀ। ਇਹ ਮਾਇਆ ਦੀ ਰਚਨਾ (ਝਲਕਾਰਾ, ਪਰਛਾਵਾਂ) ਹੀ ਮਨੁੱਖ ਦੀ ਦੁਬਿਧਾ ਦਾ ਕਾਰਨ ਹੈ।

ਪ੍ਰਭੂ ਤੋਂ ਬਿਨਾ ਕਿਸੇ ਹੋਰ ਦੀ ਝਾਕ ਹੀ ਦੁਬਿਧਾ ਹੈ ਜਿਸਨੇ ਅਨੇਕਾਂ ਘਰਾਂ ਨੂੰ ਗਾਲ਼ ਦਿੱਤਾ ਤੇ ਕਿਸੇ ਵਿਰਲੇ ਨੂੰ ਛੱਡ ਕੇ ਸਾਰਾ ਜਗਤ ਹੀ ਦੁਬਿਧਾ ਦੀ ਜਕੜ ਵਿੱਚ ਹੈ। ਮਾਇਆ ਬਿਖੁ ਭੁਇਅੰਗਮ ਨਾਲੇ ॥ ਇਨਿ ਦੁਬਿਧਾ ਘਰ ਬਹੁਤੇ ਗਾਲੇ ॥ (1029)। ਮਨੁੱਖ ਸਦਾ ਉਸ ਮਾਇਆ (ਪਰਛਾਵੇਂ) ਦੇ ਮੋਹ ਰੂਪੀ ਸੱਪ ਦੇ ਜ਼ਹਿਰ ਨਾਲ ਉਲਝ ਕੇ ਦੁਬਿਧਾ ਵਿੱਚ ਪੈ ਜਾਂਦਾ ਹੈ ਤੇ ਆਪਣਾ ਜਨਮ ਅਜਾਈਂ ਗਵਾ ਲੈਂਦਾ ਹੈ। ਪੜ੍ਹਨ ਸੁਣਨ ਨੂੰ ਤਾਂ ਇਹੀ ਆਇਆ ਸੀ ਕਿ ਉੱਚੀ ਵਿਦਿਆ ਨਾਲ ਹੀ ਉੱਚੀਆਂ ਪਦਵੀਆਂ ਪ੍ਰਾਪਤ ਹੁੰਦੀਆਂ ਹਨ ਪਰ ਧਰਮ ਦੇ ਖੇਤ੍ਰ ਵਿੱਚ ਕੁੱਛ ਉਲਟਾ ਹੀ ਚੱਲ ਰਿਹਾ ਹੈ। ਅਨਪੜ੍ਹ ਤੇ ਅਗਿਆਨੀ ਲੋਕ ਪੜਿਆਂ ਹੋਇਆਂ ਨੂੰ ਵੀ ਦੁਬਿਧਾ ਵਿੱਚ ਪਾ ਕੇ ਧਰਮ ਦੇ ਠੇਕੇਦਾਰ ਬਣੇ ਬੈਠੇ ਹਨ। ਹਜ਼ਾਰਾਂ ਲੋਕ (ਜਿਨ੍ਹਾਂ ਵਿੱਚ ਪੜ੍ਹੇ ਲਿਖੇ ਵੀ ਸ਼ਾਮਿਲ ਹਨ) ਉਹਨਾ ਵਿਅਕਤੀਆਂ ਨੂੰ ਆਪਣੇ ਧਰਮ ਆਗੂ ਮੰਨੀ ਬੈਠੇ ਹਨ ਜੋ ਆਪ ਦੁਬਿਧਾ ਵਿੱਚ ਪਏ ਗੁਰਮਤ (ਸੱਚ) ਤੇ ਦੁਰਮਤ (ਝੂਠ) ਦੀ ਪਛਾਣ ਕਰਨ ਤੋਂ ਵੀ ਅਸਮਰੱਥ ਹਨ। ਅਖੌਤੀ ਦਸਮ ਗ੍ਰੰਥ, ਗੁਰ ਬਿਲਾਸ ਪਾ: 6, ਸੂਰਜ ਪ੍ਰਕਾਸ਼, ਪੰਥ ਪ੍ਰਕਾਸ਼ ਤੇ (ਹਿੰਦੀ ਵਿਚ) ਸਿਖ ਇਤਿਹਾਸ ਆਦਿਕ ਗੁਰਮਤ ਵਿਰੁੱਧ ਪੁਸਤਕਾਂ ਨੂੰ ਛਪਵਾ ਕੇ ਜਾਰੀ ਕਰਨਾ ਤੇ ਗੁਰਮਤ ਨੂੰ ਛੱਡ ਕੇ ਮਨਮੱਤੀ ਕਰਮ ਕਾਂਡਾਂ ਨੂੰ ਪ੍ਰਚਾਰਨਾ ਉਹਨਾ ਦੀ ਅਗਿਆਨਤਾ ਤੇ ਦੁਬਿਧਾ ਦਾ ਪ੍ਰਤੱਖ ਪ੍ਰਮਾਣ ਹੈ ਪਰ ਫਿਰ ਵੀ ਉਹਨਾ ਨੂੰ ਧਰਮ ਆਗੂ ਹੀ ਮੰਨਿਆ ਜਾ ਰਿਹਾ ਹੈ। ਧਰਮ ਮਾਰਗ ਤੇ ਚੱਲਣ ਲਈ ਅਭੁੱਲ ਗੁਰੂ (ਗਿਆਨ) ਦੀ ਟੇਕ ਛੱਡ ਕੇ ਕਿਸੇ ਭੁੱਲੜ ਵਿਅਕਤੀ ਦੀ ਟੇਕ ਲੈਣੀ ਹੀ ਮਨ ਵਿੱਚ ਦੁਬਿਧਾ ਖੜੀ ਕਰਨੀ ਹੈ। ਗੁਰੂ ਨੇ ਤਾਂ ਬੜਾ ਸੂਚਤ ਕੀਤਾ ਹੈ:

ਜਿਸੁ ਜਲ ਨਿਧਿ ਕਾਰਣਿ ਤੁਮ ਜਗਿ ਆਏ ਸੋ ਅੰਮ੍ਰਿਤੁ ਗੁਰ ਪਾਹੀ ਜੀਉ ॥ ਛੋਡਹੁ ਵੇਸੁ ਭੇਖ ਚਤੁਰਾਈ ਦੁਬਿਧਾ ਇਹੁ ਫਲੁ ਨਾਹੀ ਜੀਉ ॥੧॥ (598)। ਭਾਵ: ਹੇ ਭਾਈ, ਜਿਸ ਅੰਮ੍ਰਿਤ ਦੇ ਖਜ਼ਾਨੇ (ਪ੍ਰਭੂ) ਲਈ ਜਗਤ ਵਿੱਚ ਆਏ ਹੋ, ਉਹ ਅੰਮ੍ਰਿਤ ਗੁਰੂ ਪਾਸੋਂ ਮਿਲਦਾ ਹੈ। ਛੱਡੋ ਇਹ ਧਾਰਮਕ ਭੇਖ ਦੇ ਪਹਿਰਾਵੇ ਤੇ ਮਨ ਦੀਆਂ ਚਲਾਕੀਆਂ (ਬਾਹਰੋਂ ਸ਼ਕਲ ਧਰਮੀਆਂ ਵਾਲੀ ਪਰ ਅੰਦਰ ਠੱਗ ਬਿਰਤੀ) ਕਿਉਂਕਿ ਦੁਬਿਧਾ ਕਾਰਨ ਪਰਛਾਵੇਂ ਮਗਰ ਪਿਆਂ ਕੁੱਛ ਹੱਥ ਨਹੀ ਆਉਣਾ। ਬਾਵਰੇ ਤੈ ਗਿਆਨ ਬੀਚਾਰੁ ਨ ਪਾਇਆ ॥ ਬਿਰਥਾ ਜਨਮੁ ਗਵਾਇਆ ॥੧॥ ਰਹਾਉ ॥ (793)। ਹੇ ਪਾਗਲ ਮਨੁੱਖ, ਤੂੰ ਸਾਰੀ ਉਮਰ (ਪਰਛਾਵਿਆਂ ਮਗਰ ਲੱਗ ਕੇ) ਵਿਅਰਥ ਗਵਾ ਲਈ ਹੈ, ਤੂੰ ਆਤਮਕ ਗਿਆਨ (ਪਰਮਾਤਮਾ ਨਾਲ ਜਾਣ ਪਛਾਣ ਦੀ ਸੂਝ) ਪ੍ਰਾਪਤ ਨਹੀ ਕੀਤਾ। ਅਗਰ ਜੀਵਨ ਨੂੰ ਸੁਖੀ, ਸ਼ਾਂਤ ਤੇ ਅਨੰਦਿਤ ਬਨਾਉਣਾ ਹੈ, ਜੀਵਨ ਦੀ ਸਹੀ ਜਾਚ ਸਿੱਖਣੀ ਹੈ, ਦੁਬਿਧਾ ਵਿਚੋਂ ਨਿਕਲਨਾ ਹੈ, ਤਾਂ ਮਨੁੱਖ ਦੀ ਟੇਕ ਛੱਡ ਕੇ ਗੁਰੂ (ਸੱਚ) ਨਾਲ ਜੁੜਨਾ ਪਵੇਗਾ: ਮਨ ਰੇ ਥਿਰੁ ਰਹੁ ਮਤੁ ਕਤ ਜਾਹੀ ਜੀਉ ॥ ਬਾਹਰਿ ਢੂਢਤ ਬਹੁਤੁ ਦੁਖੁ ਪਾਵਹਿ ਘਰਿ ਅੰਮ੍ਰਿਤੁ ਘਟ ਮਾਹੀ ਜੀਉ ॥ ਰਹਾਉ ॥ (598)। ਮਨ ਦਾ ਥਿਰ ਹੋਣਾ ਡੋਲਣ ਤੋਂ ਰੁਕ ਜਾਣਾ ਹੈ, ਅਗਿਆਨਤਾ ਤੋਂ ਗਿਆਨਵਾਨ ਹੋਣਾ ਹੈ, ਦੁਬਿਧਾ ਵਿਚੋਂ ਨਿੱਕਲ ਕੇ, ਬਾਹਰਲੇ ਪਰਛਾਵੇਂ ਦੀ ਦੌੜ ਤੋਂ ਰੁਕ ਕੇ, ਅਸਲ (ਸੱਚ) ਨੂੰ ਪਹਿਚਾਨਣਾ ਹੈ, ਕਿਉਂਕਿ ਇਹ ਪਰਛਾਵੇਂ ਮਗਰ ਵਿਅਰਥ ਦੌੜ ਹੀ ਦੁਬਿਧਾ ਤੇ ਦੁੱਖਾਂ ਦਾ ਕਾਰਨ ਹੈ। ਜਿਸ ਪ੍ਰਭੂ ਦਾ ਬਾਹਰ ਪਰਛਾਵਾਂ ਹੈ ਉਹ ਮਨ ਮੰਦਰ ਵਿੱਚ ਬੈਠੇ ਨੂੰ ਪਛਾਨਣਾ ਹੈ ਜੋ ਕੇਵਲ ਗੁਰੂ ਦੀ ਸਿਖਿਆ ਦੁਆਰਾ ਹੀ ਸੰਭਵ ਹੈ:

ਆਤਮ ਰਾਮੁ ਰਾਮੁ ਹੈ ਆਤਮ ਹਰਿ ਪਾਈਐ ਸਬਦਿ ਵੀਚਾਰਾ ਹੇ ॥ 1030 ਇਹ ਇੱਕ ਹਕੀਕਤ ਹੈ ਕਿ ਬਾਹਰੋਂ ਉਸ ਪ੍ਰਭੂ ਨੂੰ ਕਿਸੇ ਨੇ ਨਹੀ ਪਾਇਆ, ਜਿਸ ਨੇ ਵੀ ਪਾਇਆ, ਅੰਦਰੋਂ ਹੀ ਪਾਇਆ ਕਿਉਂਕਿ ਬਾਹਰ ਦ੍ਰਿਸ਼ਟਮਾਨ ਉਸ ਦਾ ਪਰਛਾਵਾਂ, ਝਲਕਾਰਾ ਹੀ ਹੈ (ਉਹ ਆਪ ਨਹੀ) ਪਰ ਮਨੁੱਖੀ ਸਰੀਰ ਅੰਦਰ ਉਸ ਨੇ ਆਪਣੇ ਸਰੂਪ ਦੀ ਜੋਤ ਰੱਖੀ ਹੈ ਜਿਸ ਨੂੰ ਜਾਨਣ (ਪਛਾਨਣ) ਲਈ ਗੁਰਗਿਆਨ ਦੁਆਰਾ ਖੋਜ ਅੰਦਰੋਂ ਹੀ ਕਰਨੀ ਪਵੇਗੀ। ਮਨੁੱਖ ਦੀ ਫਿਤਰਤ ਇਹ ਹੈ ਕਿ ਉਹ ਸਦਾ ਦ੍ਰਿਸ਼ਟਮਾਨ ਤੇ ਹੀ ਪ੍ਰਭਾਵਤ ਹੁੰਦਾ ਹੈ ਤੇ ਗੁਰਗਿਆਨ ਬਿਨਾ ਡੋਲਦੇ ਮਨ ਨਾਲ ਉਹ ਸੱਚ ਤੇ ਝੂਠ, ਅਸਲ ਤੇ ਪਰਛਾਵੇਂ ਦਾ ਨਿਰਨਾ ਨਹੀ ਕਰ ਸਕਦਾ ਤੇ ਇਹੀ ਉਸ ਦੀ ਦੁਬਿਧਾ ਦਾ ਕਾਰਨ ਹੈ ਜੋ ਉਸ ਨੂੰ ਪਰਛਾਵਿਆਂ ਪਿੱਛੇ ਦਹਿਦਿਸ ਲਈ ਫਿਰਦਾ ਹੈ: ਇਹੁ ਮਨੁ ਚੰਚਲੁ ਵਸਿ ਨ ਆਵੈ ॥ ਦੁਬਿਧਾ ਲਾਗੈ ਦਹ ਦਿਸਿ ਧਾਵੈ ॥ (127)। ਦੂਜੇ ਪਾਸੇ ਜਿਸ ਮਨੁੱਖ ਨੇ ਗੁਰਗਿਆਨ ਦੁਆਰਾ ਅਪਣੇ ਆਪ ਨੂੰ ਵਾਚ ਕੇ ਮੋਹ ਮਾਇਆ (ਪਰਛਾਵੇਂ) ਨੂੰ ਪਛਾਣ ਕੇ ਉਸ ਵਲੋਂ ਰੁੱਖ ਮੋੜਿਆ ਤਾਂ ਉਸ ਦੀ ਦੁਬਿਧਾ ਦੂਰ ਹੋ ਗਈ ਕਿਉਂਕਿ, ਉਸ ਨੇ ਪਰਛਾਵੇਂ ਦਾ ਅਸਲ ਕਾਰਨ, ਪ੍ਰਭੂ, ਨੂੰ ਜਾਣ ਲਿਆ। ਇਸ ਲਈ ਜਿਨਾ ਚਿਰ ਰੁੱਖ ਮੋਹ ਮਾਇਆ (ਪਰਛਾਵੇਂ) ਵਲ ਰਹੇਗਾ (ਭਾਵ ਦ੍ਰਿਸ਼ਟਮਾਨ ਆਕਾਰਾਂ, ਮੋਹ ਮਾਇਆ ਦੀ ਪਕੜ ਰਹੇਗੀ) ਉਤਨੀ ਦੇਰ ਉਲਟ ਦਿਸ਼ਾ ਵਲ, ਪਰਮਾਤਮਾ (ਅਸਲ ਸੱਚ), ਪਰਛਾਵੇਂ ਦੇ ਕਾਰਨ, ਨੂੰ ਨਹੀ ਜਾਣਿਆ ਜਾ ਸਕਦਾ ਤੇ ਦੁਬਿਧਾ ਦੂਰ ਨਹੀ ਹੋ ਸਕਦੀ। ਆਤਮਕ ਗਿਆਨ ਦੁਆਰਾ ਮਨ ਦਾ ਮਾਇਆ ਵਲੋਂ ਕੇਵਲ ਰੁੱਖ ਬਦਲਨ ਨਾਲ ਹੀ ਦੁਬਿਧਾ ਦੂਰ ਤੇ ਸੱਚ ਪ੍ਰਗਟ ਹੋ ਸਕਦਾ ਹੈ। ਧਰਮ ਵਿੱਚ ਦੋ ਹੀ ਤਾਂ ਦਿਸ਼ਾਵਾਂ ਹਨ, ਇੱਕ ਪ੍ਰਭੂ ਤੇ ਦੂਜੀ ਮਾਇਆ। ਉਲਟਿਓ ਕਮਲੁ ਬ੍ਰਹਮੁ ਬੀਚਾਰਿ ॥ ਅੰਮ੍ਰਿਤ ਧਾਰ ਗਗਨਿ ਦਸ ਦੁਆਰਿ ॥ (153)। ਭਾਵ: (ਗੁਰਬਾਣੀ ਦੁਆਰਾ) ਪਰਮਾਤਮਾ ਦੀ ਸਿਫਤ ਸਾਲਾਹ (ਜੋ ਹੁਕਮ ਵਿੱਚ ਚੱਲਣਾ ਹੀ ਹੈ ਸਿਫਤਿ ਸਾਲਾਹਣੁ ਤੇਰਾ ਹੁਕਮੁ ਰਜਾਈ ॥ ) ਵਿਚ ਚਿੱਤ ਜੋੜਿਆਂ (ਭਾਵ ਹੁਕਮ ਵਿੱਚ ਚੱਲਿਆਂ) ਹਿਰਦਾ ਕਮਲ, ਮਾਇਆ ਦੇ ਮੋਹ ਵਲੋਂ ਹਟ ਜਾਂਦਾ ਹੈ (ਭਾਵ ਪਰਛਾਵੇਂ ਵਲੋਂ ਰੁੱਖ ਮੋੜ ਲੈਂਦਾ ਹੈ) ਤੇ ਫਿਰ ਮਨ ਉਸਨੂੰ ਜਾਣ ਲੈਂਦਾ ਹੈ ਜਿਸ ਦਾ ਇਹ ਪਰਛਾਵਾਂ ਹੈ। ਵਹਿਮ, ਡਰ, ਭਰਮ, ਭੁਲੇਖੇ ਤੇ ਦੁਬਿਧਾ ਦੀ ਜੜ੍ਹ ਹੀ ਅਗਿਆਨਤਾ ਹੈ ਜੋ ਕੇਵਲ ਗੁਰੂ ਦੇ ਗਿਆਨ (ਗੁਰਬਾਣੀ) ਨਾਲ ਹੀ ਦੂਰ ਹੋ ਸਕਦੀ ਹੈ:

ਇਸੁ ਮਨ ਕਉ ਹੋਰੁ ਸੰਜਮੁ ਕੋ ਨਾਹੀ ਵਿਣੁ ਸਤਿਗੁਰ ਕੀ ਸਰਣਾਇ ॥ ਸਤਗੁਰਿ ਮਿਲਿਐ ਉਲਟੀ ਭਈ ਕਹਣਾ ਕਿਛੂ ਨ ਜਾਇ ॥ (558)। ਭਾਵ: ਹੇ ਭਾਈ, ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਹੋਰ ਕੋਈ ਜਤਨ ਇਸ ਮਨ ਨੂੰ ਪਵਿੱਤ੍ਰ ਨਹੀ ਕਰ ਸਕਦਾ (ਭਾਵ ਮਨ ਦਾ ਰੁੱਖ ਨਹੀ ਮੋੜ ਸਕਦਾ)। ਜੇ ਗੁਰੂ (ਗੁਰਗਿਆਨ) ਮਿਲ ਪਏ ਤਾਂ ਮਨ ਦੀ ਬਿਰਤੀ (ਰੁੱਖ) ਸੰਸਾਰ (ਪਰਛਾਵੇਂ) ਵਲੋਂ ਉਲਟ ਜਾਂਦੀ ਹੈ ਤੇ ਮਨ ਦੀ ਦਸ਼ਾ ਬਿਆਨ ਨਹੀ ਕੀਤੀ ਜਾ ਸਕਦੀ (ਭਾਵ ਮਨ ਦੀ ਦੁਬਿਧਾ ਦੂਰ ਹੋ ਜਾਂਦੀ ਹੈ) ਤੇ ਮਨ ਉਸ ਨੂੰ ਜਾਣ ਲੈਂਦਾ ਹੈ ਜਿਸ ਦਾ ਇਹ ਪਰਛਾਵਾਂ ਹੈ। ਗੁਰੂ ਬਾਰ ਬਾਰ ਇਹ ਸਮਝਾਉਂਦਾ ਹੈ ਕਿ ਇਹ ਦ੍ਰਿਸ਼ਟਮਾਨ ਤੇ ਮਨ ਮੋਹਿਤ ਪਰਛਾਵਾਂ ਹੱਥ ਨਹੀ ਆਉਣਾ ਤੇ ਇਸ ਨੂੰ ਪਕੜਨ ਦੀ ਨਿਸਫਲ ਕੋਸ਼ਿਸ਼ ਵਿੱਚ ਆਪਣਾ ਜੀਵਨ ਬਿਰਥਾ ਨਾ ਗਵਾ ਪਰ ਆਪਣੀ ਹੀ ਲਾਪਰਵਾਹੀ ਤੇ ਉਤਸੁਕਤਾ ਬਿਨਾ ਦੁਬਿਧਾ ਵਿੱਚ ਪਿਆ ਮਨੁੱਖ ਵਹਿਮਾਂ ਤੇ ਭਰਮ ਭੁਲੇਖਿਆਂ ਦਾ ਸ਼ਿਕਾਰ ਹੋ ਕੇ ਦਰ ਦਰ ਤੇ ਭਟਕਦਾ ਫਿਰਦਾ ਹੈ। ਇਹ ਦੁਬਿਧਾ ਹੀ ਮਨ ਦਾ ਇੱਕ ਪਾਗਲਪਨ ਹੈ। ਦੁਬਿਧਾ ਬਉਰੀ ਮਨੁ ਬਉਰਾਇਆ ॥ ਝੂਠੈ ਲਾਲਚਿ ਜਨਮੁ ਗਵਾਇਆ ॥ (1342)। ਭਾਵ: ਪਰਮਾਤਮਾ ਤੋਂ ਬਿਨਾ ਕਿਸੇ ਹੋਰ (ਮਾਇਆ) ਦੀ ਝਾਕ ਵਿੱਚ ਮਨੁੱਖ ਦਾ ਮਨ ਪਾਗਲ ਹੋ ਜਾਂਦਾ ਹੈ (ਭਾਵ ਦੁਬਿਧਾ ਵਿੱਚ ਪੈ ਕੇ ਠੀਕ ਨਿਰਨੇ ਦੇ ਕਾਬਲ ਨਹੀ ਰਹਿੰਦਾ) ਤੇ ਝੂਠੇ ਲਾਲਚ ਵਿੱਚ ਫਸ ਕੇ (ਭਾਵ ਪਰਛਾਵੇਂ ਨੂੰ ਪਕੜਨ ਦੀ ਦੌੜ ਵਿਚ) ਜੀਵਨ ਬਿਰਥਾ ਗਵਾ ਲੈਂਦਾ ਹੈ। ਗੁਰਬਾਣੀ (ਗੁਰਗਿਆਨ) ਮਨੁੱਖ ਨੂੰ ਸਿੱਧਾ, ਸੌਖਾ ਤੇ ਅਨੰਦਿਤ ਜੀਵਨ ਮਾਰਗ ਦਰਸਾਉਂਦੀ ਹੈ ਪਰ ਅਗਿਆਨਤਾ ਕਾਰਨ ਦੁਬਿਧਾ ਵਿੱਚ ਪੈ ਕੇ ਇਹ ਉਹਨਾਂ ਪੁਰਾਣੀਆਂ ਤੇ ਥੋਥੀਆਂ ਰਹੁ ਰੀਤਾਂ ਤੇ ਕਰਮ ਕਾਂਡਾਂ ਦੀਆਂ ਡੂੰਗੀਆਂ ਲੀਹਾਂ ਵਿਚੋਂ ਨਿਕਲਨ ਦਾ ਸਾਹਸ ਹੀ ਨਹੀ ਕਰਦਾ ਤੇ ਮੁੜ ਮੁੜ ਉਹੀ ਬੰਧਨਾਂ ਨੂੰ ਅਪਨਾਈ ਜਾਂਦਾ ਹੈ ਜਿਨ੍ਹਾਂ ਵਿਚੋਂ ਗੁਰੂ ਨੇ ਮੁਕਤ ਕਰਾਇਆ ਸੀ। ਦੁਬਿਧਾ ਚੂਕੈ ਤਾਂ ਸਬਦੁ ਪਛਾਣੁ ॥ ਘਰਿ ਬਾਹਰਿ ਏਕੋ ਕਰਿ ਜਾਣੁ ॥ ਏਹਾ ਮਤਿ ਸਬਦੁ ਹੈ ਸਾਰੁ ॥ ਵਿਚਿ ਦੁਬਿਧਾ ਮਾਥੈ ਪਵੈ ਛਾਰੁ ॥ 1343 ਭਾਵ: ਹੇ ਭਾਈ, ਗੁਰੂ ਦੇ ਸ਼ਬਦ ਨਾਲ ਸਾਂਝ ਬਣਾਉ, ਆਪਣੇ ਅੰਦਰ ਤੇ ਬਾਹਰ ਸਾਰੇ ਸੰਸਾਰ ਵਿੱਚ ਸਿਰਫ ਇੱਕ ਪਰਮਾਤਮਾ ਨੂੰ ਵਸਦਾ ਸਮਝੋ। ਤਦੋਂ ਹੀ ਕਿਸੇ ਦੂਸਰੇ ਦੀ ਝਾਕ ਮੁਕੇਗੀ ਤੇ ਦੁਬਿਧਾ ਦੂਰ ਹੋਵੇਗੀ। ਗੁਰਮਤ ਤੇ ਤੁਰਨਾ ਹੀ ਚੰਗੀ ਅਕਲ ਹੈ। ਗੁਰੂ ਦਾ ਸ਼ਬਦ (ਗਿਆਨ) ਹਿਰਦੇ (ਮਨ) ਵਸਾਉਣਾ ਹੀ ਸ੍ਰੇਸ਼ਟ ਉਦੱਮ ਹੈ। ਜਿਹੜਾ ਮਨੁੱਖ ਗੁਰੂ ਦੇ ਸ਼ਬਦ (ਗੁਰਬਾਣੀ ਗਿਆਨ) ਬਿਨਾ ਕਿਸੇ ਹੋਰ (ਮਾਇਆ) ਦੀ ਝਾਕ ਵਿੱਚ ਪੈਂਦਾ ਹੈ ਉਸ ਦੇ ਸਿਰ ਸੁਆਹ ਪੈਂਦੀ ਹੈ (ਭਾਵ ਉਹ ਦੁਬਿਧਾ ਵਿੱਚ ਪੈ ਕੇ ਖੁਆਰ ਹੁੰਦਾ ਹੈ)। ਗੁਰੂ ਦੇ ਸ਼ਬਦ ਦੁਆਰਾ ਹੀ ਸੱਚ (ਅਸਲ) ਤੇ ਮਾਇਆ (ਪਰਛਾਵੇਂ) ਦੀ ਸੂਝ ਪ੍ਰਾਪਤ ਹੁੰਦੀ ਹੈ ਤੇ ਦੁਬਿਧਾ ਦੂਰ ਹੋ ਜਾਂਦੀ ਹੈ ਇਸ ਲਈ ਗੁਰੂ ਦੀ ਓਟ ਛੱਡ ਕੇ ਕਿਸੇ ਵਿਅਕਤੀ ਦੀ ਝਾਕ ਰੱਖਣੀ ਦੁਬਿਧਾ ਨੂੰ ਦਾਹਵਤ ਦੇਣੀ ਜਾਂ ਸਿਰ ਸੁਆਹ ਪੁਆਉਣੀ (ਖੁਆਰ ਹੋਣਾ) ਹੀ ਹੈ। ਧਰ ਜੀਅਰੇ ਇਕ ਟੇਕ ਤੂ ਲਾਹਿ ਬਿਡਾਨੀ ਆਸ ॥ ਨਾਨਕ ਨਾਮੁ ਧਿਆਈਐ ਕਾਰਜੁ ਆਵੈ ਰਾਸਿ ॥ (257) ਨਾਮ ਧਿਆਉਣਾ ਗੁਰਬਾਣੀ ਤੇ ਚੱਲਣਾ ਹੀ ਹੈ। ਗੁਰਬਾਣੀ ਨੂੰ ਪੜਨ ਤੇ ਵਿਚਾਰਨ ਦੀਆਂ ਸਾਰੀਆਂ ਸਹੂਲਤਾਂ ਇੰਟਰਨੈੱਟ ਤੇ ਮੌਜੁਦ ਹਨ ਕੇਵਲ ਉਪਰਾਲਾ ਕਰਨ ਦੀ ਹੀ ਲੋੜ ਹੈ। ਗੁਰਬਾਣੀ ਨੂੰ ਪੜ੍ਹਨਾ ਸੁਣਨਾ ਹੈ, ਕੇਵਲ ਪੜਨਾ ਸੁਣਨਾ ਹੀ ਨਹੀ ਉਸ ਨੂੰ ਜਾਨਣਾ ਹੈ, ਕੇਵਲ ਜਾਨਣਾ ਹੀ ਨਹੀ ਉਸ ਨੂੰ ਅਮਲੀ ਜਾਮਾ ਪਹਿਨਾਉਣਾ ਹੈ (ਭਾਵ ਉਸ ਤੇ ਚੱਲਣਾ ਹੈ) ਅਤੇ ਜੋ ਵੀ ਇਸ ਤੇ ਚੱਲੇਗਾ ਉਸ ਦੀ ਦੁਬਿਧਾ ਦੂਰ ਹੋ ਜਾਵੇਗੀ: ਸਤਿਗੁਰੁ ਮਿਲੈ ਤ ਦੁਬਿਧਾ ਭਾਗੈ ॥ ਕਮਲੁ ਬਿਗਾਸਿ ਮਨੁ ਹਰਿ ਪ੍ਰਭ ਲਾਗੈ ॥ (153)।

ਦਰਸ਼ਨ ਸਿੰਘ,

ਵੁਲਵਰਹੈਂਪਟਨ, ਯੂ. ਕੇ.
.