.

॥ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ॥

ਇਹ ਗੁਰਬਾਣੀ ਦਾ ਸ਼ਬਦ ਸਿਰੀ ਰਾਗੁ ਦਾ ਦੂਸਰਾ ਸ਼ਬਦ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਚਾਰਿਆ ਹੋਇਆ ਹੈ। ਅਰਥ ‘ਰਹਾਉ’ ਤੋਂ ਚਲੇਗਾ।

ਭਾਵ ਅਰਥ:-

“ਸਾਚਾ ਨਿਰੰਕਾਰੁ ਨਿਜ ਥਾਇ॥ ਸੁਣਿ ਸੁਣਿ ਆਖਣੁ ਆਖਣਾ ਜੇ ਭਾਵੇ ਕਰੇ ਤਮਾਇ॥ ੧॥ ਰਹਾਉ॥”

ਇਸ ਤੋਂ ਪਹਿਲੇ ਸ਼ਬਦ ਵਿੱਚ ਗੁਰੂ ਜੀ ਨੇ ਫ਼ੁਰਮਾਇਆ ਹੈ ਕਿ ਸਦੀਵੀ ਸੁਖ ਦਾ ਟਿਕਾਣਾ ਵਾਹਿਗੁਰੂ ਦੀ ਯਾਦ ਵਿੱਚ ਹੈ। ਉਸ ਦੀ ਹਜ਼ੂਰੀ ਦੇ ਅਹਿਸਾਸ ਵਿੱਚ ਹੈ। (ਇਸ ਤੋਂ ਪਹਿਲੇ ਸ਼ਬਦ ਦੀ ਵਿਆਖਿਆ 17-03-2013 ਨੂੰ ਸਿੱਖ ਮਾਰਗ ਤੇ ਛੱਪ ਚੁੱਕੀ ਹੈ)। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਉਹ ਵਾਹਿਗੁਰੂ ਹੈ ਕਿਥੇ? ਗੁਰੂ ਜੀ ਫ਼ੁਰਮਾਉਂਦੇ ਹਨ ਕਿ ਉਹ ਨਿਰਾਕਾਰ ਆਪਣੇ ਆਪ ਵਿੱਚ ਟਿਕਿਆ ਹੋਇਆ ਹੈ, ਉਸ ਨੂੰ ਕਿਸੇ ਆਸਰੇ ਦੀ ਲੋੜ ਨਹੀਂ। ਅਸੀਂ ਜੀਵ ਉਸ ਦੀ ਵਡਿਆਈ, ਉਸ ਦੀ ਬਜ਼ੁਰਗੀ ਪਾਰਗਿਰਾਮੀ ਮਨੁੱਖਾਂ ਤੋਂ ਸੁਣ-ਸੁਣ ਕੇ ਹੀ ਬਿਆਨ ਕਰਦੇ ਹਾਂ (ਪਰ ਇਹ ਕੋਈ ਨਹੀਂ ਦਸ ਸਕਦਾ ਕਿ ਉਹ ਕਿੰਨਾ ਵੱਡਾ ਹੈ)। ਹਾਂ, ਜੇ ਉਸ ਨੂੰ ਚੰਗਾ ਲਗੇ ਤਾਂ ਉਹ ਆਪਣੀ ਸਿਫ਼ਤ ਸਾਲਾਹ ਦੀ ਚੇਸਟਾ ਮਨੁੱਖ ਨੂੰ ਲਾ ਦੇਂਦਾ ਹੈ।

ਹੁਣ ਗੁਰੂ ਜੀ ਉਹਨਾਂ ਸਾਧਨਾਂ ਦਾ ਜ਼ਿਕਰ ਕਰਦੇ ਹਨ ਜਿਹੜੇ ਸੰਸਾਰ ਵਿੱਚ ਪ੍ਰਭੂ ਮਿਲਾਪ ਲਈ, ਪ੍ਰਭੂ ਦੀ ਕੀਮ-ਕੂਤ ਪਾਉਣ ਲਈ ਪ੍ਰਚੱਲਿਤ ਹਨ।

ਪਹਿਲਾ ਪ੍ਰਚੱਲਿਤ ਸਾਧਨ:- “ਕੋਟਿ ਕੋਟੀ ਮੇਰੀ ਆਰਜਾ ਪਵਣੁ ਪੀਅਣੁ ਅਪਿਆਉ॥ ਚੰਦੁ ਸੂਰਜੁ ਦੁਇ ਗੁਫੈ ਨ ਦੇਖਾ ਸੁਪਨੈ ਸਉਣ ਨ ਥਾਉ॥ ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉੇ॥ ੧॥”

ਜੇ ਮੇਰੀ ਉਮਰ ਕਈ ਕਰੋੜ ਸਾਲ ਹੋ ਜਾਏ, ਮੇਰਾ ਖਾਣਾ ਪੀਣਾ ਹਵਾ ਦਾ ਹੋ ਜਾਏ ਭਾਵ ਨਾ ਕੁੱਝ ਖਾਵਾਂ ਨਾ ਪੀਵਾਂ। ਐਸੀ ਗੁਫਾ ਵਿੱਚ ਟਿਕਾਣਾ ਬਣਾ ਲਵਾਂ ਜਿਥੇ ਸਦਾ ਹਨੇਰਾ ਹੀ ਹਨੇਰਾ ਰਹੇ ਅਤੇ ਉਸ ਗੁਫਾ ਵਿੱਚ ਸੌਣ ਦੀ ਜਗ੍ਹਾ ਵੀ ਨਾ ਹੋਵੇ ਭਾਵ ਸਿਰਫ਼ ਸਮਾਧੀ ਲਾਉਣ ਜੋਗੀ ਜਗ੍ਹਾ ਹੋਵੇ। ਕੀ ਇਹੋ ਜਿਹੀਆਂ ਸਮਾਧੀਆਂ ਨਾਲ ਪ੍ਰਭੂ ਦਾ ਮੁੱਲ ਪੈ ਸਕਦਾ ਹੈ? ਗੁਰੂ ਜੀ ਫ਼ੁਰਮਾਉਂਦੇ ਹਨ ਕਿ ਜੇ ਇਹ ਸਾਧਨ ਕਰ ਵੀ ਲਏ ਜਾਣ ਫਿਰ ਵੀ ਹੇ ਪ੍ਰਭੂ! ਤੇਰੀ ਵਡਿਆਈ/ਹਸਤੀ ਬਿਆਨ ਨਹੀਂ ਕੀਤੀ ਜਾ ਸਕਦੀ। ਇਸ ਸਾਧਨ ਨਾਲ ਵੀ ਮੈਂ ਇੰਨੇ ਜੋਗਾ ਨਹੀਂ ਹੋ ਸਕਦਾ ਕਿ ਤੇਰੀ ਕੀਮਤ ਪਾ ਲਵਾਂ, ਤੇਰੀ ਮੁਕੰਮਲ ਹਸਤੀ ਬਿਆਨ ਕਰ ਸਕਾਂ।

ਦੂਸਰਾ ਪ੍ਰਚੱਲਿਤ ਸਾਧਨ:- “ਕੁਸਾ ਕਟੀਆ ਵਾਰ ਵਾਰ ਪੀਸਣਿ ਪੀਸਾ ਪਾਇ॥ ਅਗੀ ਸੇਤੀ ਜਾਲੀਆ ਭਸਮ ਸੇਤੀ ਰਲ ਜਾਉ॥ ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ॥ ੨॥”

ਜੇ ਮੈਂ ਇੰਨਾ ਕੋਹਿਆ ਜਾਵਾਂ ਕਿ ਕੀਮਾ ਹੀ ਬਣ ਜਾਵਾਂ, ਫਿਰ ਉਸ ਕੀਮੇ ਨੂੰ ਪੀਸਿਆ ਜਾਏ। ਜੇ ਅੱਗ ਨਾਲ ਸੜ ਕੇ ਮੈਂ ਮੁਕੰਮਲ ਸੁਆਹ ਬਣ ਜਾਵਾਂ। ਇਸ ਤਰ੍ਹਾਂ ਸਰੀਰ ਨੂੰ ਕਸ਼ਟ ਦੇ ਕੇ ਹੇ ਵਾਹਿਗੁਰੂ! ਕੀ ਤੇਰੀ ਕੀਮਤ ਪਾਈ ਜਾ ਸਕਦੀ ਹੈ? ਗੁਰੂ ਜੀ ਸਮਝਾਉਂਦੇ ਹਨ ਕਿ ਇਸ ਸਾਧਨ ਨਾਲ ਵੀ ਪ੍ਰਭੂ ਦਾ ਸਰਬ ਵਿਆਪਕ ਮੁਕੰਮਲ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ।

ਤੀਸਰਾ ਪ੍ਰਚੱਲਿਤ ਸਾਧਨ:- “ਪੰਖੀ ਹੋਇ ਕੈ ਜੇ ਭਵਾ ਸੈ ਅਸਮਾਨੀ ਜਾਉ॥ ਨਦਰੀ ਕਿਸੈ ਨ ਆਵਊ ਨਾ ਕਿਛੁ ਪੀਆ ਨ ਖਾਉ॥ ਭੀ ਤੇਰੀ ਕੀਮਤ ਨਾ ਪਵੈ ਹਉ ਕੇਵਡੁ ਆਖਾ ਨਾਉ॥ ੩॥

ਜੇ ਮੈਂ ਪੰਛੀ ਦੇ ਉੱਡਣ ਵਰਗਾ ਕੋਈ ਸਾਧਨ ਬਣਾ ਕੇ ਸੌ ਅਸਮਾਨਾਂ ਤੋਂ ਵੀ ਉਪਰ ਚਲਾ ਜਾਵਾਂ ਭਾਵ ਬਹੁਤ ਉਚਾ ਚਲਾ ਜਾਵਾਂ, ਇੰਨਾ ਉੱਚਾ ਕਿ ਕਿਸੇ ਨੂੰ ਦਿੱਸਾਂ ਹੀ ਨਾ ਅਤੇ ਨਾ ਕੁੱਝ ਖਾਵਾਂ ਨਾ ਪੀਵਾਂ। ਕੀ ਇਸ ਸਾਧਨ ਨਾਲ ਪ੍ਰਭੂ ਦੀ ਸਾਰੀ ਰਚਨਾ ਗਾਹੀ ਜਾ ਸਕਦੀ ਹੈ? ਗੁਰੂ ਜੀ ਦਾ ਉੱਤਰ ਹੈ ‘ਨਹੀਂ’।

ਚੌਥਾ ਪ੍ਰਚੱਲਿਤ ਸਾਧਨ:- “ਨਾਨਕ ਕਾਗਦ ਲਖ ਮਣਾ ਪੜਿ ਪੜਿ ਕੀਚੈ ਭਾਉ॥ ਮਸੂ ਤੋਟਿ ਨ ਆਵਈ ਲੇਖਣਿ ਪਉਣੁ ਚਲਾਉ॥ ਭੀ ਤੇਰੀ ਕਮਿਤਿ ਨਾ ਪਵੈ ਹਉ ਕੇਵਡੁ ਆਖਾ ਨਾਉ॥ ੪॥”

ਗੁਰੂ ਨਾਨਕ ਜੀ ਫ਼ੁਰਮਾਉਂਦੇ ਹਨ ਕਿ ਜੇ ਪ੍ਰਭੂ ਦੀ ਸਿਫ਼ਤ ਲਿਖ-ਲਿਖ ਕੇ ਲੱਖਾਂ ਮਣ ਕਾਗਜ਼ ਇਕੱਠੇ ਹੋ ਜਾਣ, ਪੜ੍ਹ-ਪੜ੍ਹ ਕੇ ਤੱਤ ਕੱਢ ਲਏ ਜਾਣ ਅਤੇ ਫਿਰ ਆਪ ਲਿਖਣਾ ਸ਼ੁਰੂ ਕਰ ਦੇਈਏ, ਸਾਡੀ ਕਲਮ ਹਵਾ ਦੀ ਰਫ਼ਤਾਰ ਨਾਲ ਚੱਲੇ, ਕਾਗਜ਼ ਤੇ ਸਿਆਹੀ ਵੀ ਨਾ ਮੁੱਕੇ ਤਾਂ ਵੀ ਹੇ ਵਾਹਿਗੁਰੂ! ਤੇਰੀ ਕੀਮਤ ਨਹੀਂ ਪੈ ਸਕਦੀ। ਮੈਂ ਨਾਮ ਨੂੰ, ਤੇਰੀ ਹਸਤੀ ਨੂੰ, ਤੇਰੀ ਰਚਨਾ ਨੂੰ ਕਿੱਡਾ ਕੁ ਵੱਡਾ ਆਖਾਂ।

ਵਿਆਖਿਆ:-

ਗੁਰੂ ਜੀ ਇਸ ਸ਼ਬਦ ਦੁਆਰਾ ਸਮਝਾ ਰਹੇ ਹਨ ਕਿ ਵਾਹਿਗੁਰੂ ਬੇਅੰਤ ਹੈ ਉਸ ਦੀ ਬੇਅੰਤਤਾਈ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਇਸ ਸ਼ਬਦ ਵਿੱਚ ਜੋ ਹੋਰ ਮਨੁੱਖੀ ਤਾਣ ਤੇ ਤਰਲੇ ਗਿਣੇ ਹਨ ਉਹ ਭਾਵੇਂ ਅਤਿ ਦੀ ਘਾਲਣਾ ਵਿੱਚ ਸੰਭਵ ਹੋ ਵੀ ਜਾਣ ਫਿਰ ਵੀ ਪਰਮੇਸ਼ਰ ਦੀ ਅੰਤਤਾਈ ਨਹੀਂ ਪਾਈ ਜਾ ਸਕਦੀ। ਜੀਵ ਤਾਂ ਦੇਸ਼ (space) ਅਤੇ ਕਾਲ (time) ਵਿੱਚ ਹੈ ਅਤੇ ਪਰਮੇਸ਼ਰ ਅਦੇਸ਼ ਅਤੇ ਅਕਾਲ ਹੈ। ਦੇਸ਼ ਕਾਲ ਵਾਲਾ ਅਦੇਸ਼ ਅਕਾਲ ਦੇ ਹੱਦ ਬੰਨੇ ਨਹੀਂ ਨਾਪ ਸਕਦਾ। ਜੋਗੀ ਉਮਰ ਲੰਬੀ ਕਰਕੇ, ਹਨੇਰੀ ਗੁਫਾ ਵਿੱਚ ਸਮਾਧੀ ਲਾਕੇ, ਸਾਧੂ ਤਰ੍ਹਾਂ-ਤਰ੍ਹਾਂ ਦੇ ਸਰੀਰ ਨੂੰ ਕਸ਼ਟ ਦੇ ਕੇ ਵੀ ਵਾਹਿਗੁਰੂ ਦਾ ਅੰਤ ਨਹੀਂ ਲੱਭ ਸਕੇ। ਸਾਇੰਸ ਦੀ ਤਰੱਕੀ ਨਾਲ ਮਨੁੱਖ ਕੋਲ ਬੜੇ ਸਾਧਨ ਆ ਗਏ ਹਨ, ਸੈਟੇਲਾਇਟ (satellite), ਸਪੇਸ ਰਾਕਟ (space rocket) , ਸਾਈਬਰਨੇਟਿਕਸ (cybernetics) ਆਦਿ। ਇਨ੍ਹਾਂ ਸਾਧਨਾ ਨਾਲ ਵੀ ਅਜੇ ਤੱਕ ਕੁਦਰਤ ਦਾ ਅੰਤ ਨਹੀਂ ਲੱਭਾ। ਸਾਇੰਸ ਹੁਣ ਕਹਿਣ ਲਗ ਪਈ ਹੈ ਕਿ ਕੁਦਰਤ ਦਾ ਅੰਤ ਪਾਉਣਾ ਅਸੰਭਵ ਹੈ। ਗੁਰਬਾਣੀ ਦਾ ਫ਼ੁਰਮਾਣ ਹੈ:- “ਬਲਿਹਾਰੀ ਕੁਦਰਤਿ ਵਸਿਆ॥ ਤੇਰਾ ਅੰਤੁ ਨ ਜਾਈ ਲਖਿਆ॥” -ਮ: ੧ ਪੰਨਾ ੪੬੯—ਹੇ ਕੁਦਰਤ ਵਿੱਚ ਵਸ ਰਹੇ ਵਾਹਿਗੁਰੂ! ਮੈਂ ਤੈਥੋਂ ਸਦਕੇ ਹਾਂ, ਤੇਰਾ ਅੰਤ ਪਾਇਆ ਨਹੀਂ ਜਾ ਸਕਦਾ। ਖੋਜ ਕਰਨੀ ਚੰਗੀ ਗੱਲ ਹੈ। ਖੋਜ ਕਰਕੇ ਹੀ ਭੌਤਿਕ ਵਿਗਿਆਨੀ (physicist) ਅਲਬਰਟ ਆਈਨਸਟਾਈਨ (Albert Einstein) ਅਤੇ ਉਸ ਦੇ ਸਮਕਾਲੀਆਂ ਦੇ ਖ਼ਿਆਲ ਵਿੱਚ ਆਇਆ ਕਿ ਬ੍ਰਹਿਮੰਡ ਦੀ ਰਚਨਾ ਇੱਕ ਚੇਤਨ ਹੋਂਦ- ਯੂਨੀਫਾਈਡ ਫੀਲਡ ( conscious entity- unified field) ਦੀ ਕਿਰਤ ਹੈ। ਇਸ ਵਿੱਚੋਂ ਅਨੇਕ ਪ੍ਰਕਾਰ ਦੀਆਂ ਫੀਲਡਜ਼ (fields) ਨਿਕਲਦੀਆਂ ਹਨ ਜੋ ਆਕਾਰਾਂ ਦਾ ਆਧਾਰ ਹਨ ਅਤੇ ਇਸ ਵਿੱਚ ਲੀਨ ਵੀ ਹੋ ਜਾਂਦੀਆਂ ਹਨ। ਗੁਰਬਾਣੀ ਫ਼ੁਰਮਾਉਂਦੀ ਹੈ:- “ਜਿਸ ਤੇ ਉਪਜੇ ਤਿਸੁ ਮਹਿ ਪਰਵੇਸ॥” -ਮ: ੫ ਪੰਨਾ ੮੯੮ ---ਜਿਸ ਵਾਹਿਗੁਰੂ ਤੋਂ ਜੀਵ ਪੈਦਾ ਹੋਏ ਹਨ ਉਸ ਵਿੱਚ ਹੀ ਲੀਨਤਾ ਹੋ ਜਾਂਦੀ ਹੈ। ਪੜ੍ਹਨਾ ਲਿਖਣਾ, ਗਿਆਨ ਵਧਾਉਣਾ, ਗਿਆਨ ਵੰਡਣਾ ਚੰਗੀ ਗੱਲ ਹੈ। ਪਰ ਕਈ ਵਾਰੀ ਬੰਦਾ ਕੁੱਝ ਗਿਆਨ ਪ੍ਰਾਪਤ ਕਰ ਕੇ ਹਉਮੈ ਨਾਲ ਭਰ ਜਾਂਦਾ ਹੈ ਅਤੇ ਇਹ ਸਮਝਦਾ ਹੈ ਕਿ ਉਸ ਨੇ ਤੱਤ ਕੱਢ ਲਿਆ ਹੈ। ਪਰਮਾਤਮਾ ਬਾਰੇ ਸਭ ਕੁੱਝ ਜਾਣ ਲਿਆ ਹੈ। ਹਾਲਾਂਕਿ ਇਹ ਉਸ ਦੀ ਗ਼ਲਤਫ਼ਹਿਮੀ ਹੁੰਦੀ ਹੈ। ਉਹ ਇਸ ਗ਼ਲਤਫ਼ਹਿਮੀ ਦਾ ਪ੍ਰਚਾਰ ਕਰਕੇ ਦੂਜਿਆਂ ਨੂੰ ਆਪਣਾ ਹਮ-ਖ਼ਿਆਲ ਬਨਾਉਣ ਦੀ ਕੋਸ਼ਿਸ਼ ਕਰਦਾ ਹੈ। ਇਸ ਨਾਲ ਕਈ ਤਰ੍ਹਾਂ ਦੀਆਂ ਉਲਝਨਾ ਪੈਦਾ ਹੋ ਜਾਂਦੀਆ ਹਨ। ਜਿਉਂ-ਜਿਉਂ ਸੁਲਝਾਉਣ ਦੀ ਕੋਸ਼ਿਸ਼ ਕਰੀਦੀ ਹੈ ਹੋਰ ਉਲਝਨ ਵਿੱਚ ਪੈ ਜਾਈਦਾ ਹੈ। ਬਿਹਤਰ ਇਹੋ ਹੈ ਕਿ ਉਲਝਨਾ ਪੈਦਾ ਨਾ ਕੀਤੀਆਂ ਜਾਣ। ਉਲਝਨਾਂ ਸੁਲਝਾਈਆਂ ਜਾ ਸਕਦੀਆਂ ਹਨ ਜੇ ਗੁਰਬਾਣੀ ਨੂੰ ਆਪਣੇ ਮਨ ਦੇ ਪਿੱਛੇ ਨਾ ਤੋਰ ਕੇ ਆਪਣੇ ਮਨ ਨੂੰ ਗੁਰਬਾਣੀ ਦੇ ਪਿੱਛੇ ਤੋਰਿਆ ਜਾਏ।

ਇਸ ਸ਼ਬਦ ਵਿੱਚ ਗੁਰੂ ਜੀ ਦਾ ਉਪਦੇਸ਼ ਹੈ ਕਿ ਨਾਮ ਸਿਮਰੋ, ਨਾਮ ਵਾਹਿਗੁਰੂ ਦਾ ਅੰਤ ਲੈਣ ਲਈ ਨਹੀਂ ਸਿਮਰੀ ਦਾ ਪਰ ਵਾਹਿਗੁਰੂ ਨੂੰ ਪ੍ਰਾਪਤ ਹੋਣ ਲਈ ਸਿਮਰੀ ਦਾ ਹੈ। “ਵਡਾ ਸਾਹਿਬੁ ਊਚਾ ਥਾਉ॥ ਊਚੇ ਉਪਰਿ ਊਚਾ ਨਾਉ॥ ਏਵਡੁ ਊਚਾ ਹੋਵੈ ਕੋਇ॥ ਤਿਸ ਊਚੇ ਕਉ ਜਾਣੈ ਸੋਇ॥” -ਜਪੁ ਜੀ। ਫੇਰ “ਅਮੁਲੋ ਅਮੁਲੁ ਆਖਿਆ ਨ ਜਾਇ॥ ਆਖਿ ਆਖਿ ਰਹੇ ਲਿਵ ਲਾਇ॥” -ਜਪੁ ਜੀ—ਵਾਹਿਗੁਰੂ ਕੀਮਤ ਕੂਤ ਤੋਂ ਪਰੇ ਹੈ, ਉਸ ਨੂੰ ਆਖਿਆ ਨਹੀਂ ਜਾ ਸਕਦਾ, ਜਿਨ੍ਹਾਂ ਨੇ ਉਸ ਦੀ ਸਿਫ਼ਤ ਸਾਲਾਹ ਕੀਤੀ, ਉਸ ਨੂੰ ਗਾਵਿਆ ਸੁਣਿਆ ਉਹ ਲਿਵਧਾਰੀ ਹੋ ਗਏ। ਫੇਰ “ਕੀਮਤਿ ਪਾਇ ਨ ਕਹਿਆ ਜਾਇ॥ ਕਹਿਣੈ ਵਾਲੇ ਤੇਰੇ ਰਹੇ ਸਮਾਇ॥” -ਆਸਾ ਮ: ੧ ਪੰਨਾ ੯। --ਤੇਰੀ ਕੀਮਤ ਨਹੀਂ ਪਾਈ ਜਾ ਸਕਦੀ, ਨਾ ਤੂੰ ਆਖਿਆ ਜਾ ਸਕਦਾ ਹੈਂ। ਪਰ ਤੈਨੂੰ ਆਖਣ ਵਾਲੇ ਤੇਰੇ ਵਿੱਚ ਸਮਾ ਜਾਂਦੇ ਹਨ। ਦੇਸ਼ ਕਾਲ ਵਾਲਾ ਜੀਵ ਅਦੇਸ਼ ਅਕਾਲ ਦਾ ਅੰਤ ਨਹੀਂ ਪਾ ਸਕਦਾ ਪਰ ਆਪਣੀ ਦੇਸ਼ ਕਾਲ ਦੀ ਹੱਦਬੰਦੀ, ਅਗਿਆਨ ਦੀ ਹੱਦਬੰਦੀ, ਭੁਲ ਦੀ ਹੱਦਬੰਦੀ, ਵਿਛੋੜੇ ਦੀ ਹੱਦਬੰਦੀ ਤੋੜ ਕੇ ਵਾਹਿਗੁਰੂ ਵਿੱਚ ਲੀਨ ਹੋ ਸਕਦਾ ਹੈ ਕਿਉਂਕਿ ਜੀਵ ਵਾਹਿਗੁਰੂ ਦੀ ਅੰਸ਼ ਹੈ। “ਕਹੁ ਕਬੀਰ ਇਹੁ ਰਾਮ ਕੀ ਅੰਸ਼ੁ॥” ---ਗੋਂਡ ਕਬੀਰ ਜੀ ਪੰਨਾ ੮੭੧। ਅੰਸ਼ ਆਪਣੇ ਅੰਸ਼ੀ ਨੂੰ ਹਦਬੰਦੀਆਂ ਤੋੜ ਕੇ ਮਿਲ ਸਕਦੀ ਹੈ। ਕੂੜ ਦੀ ਪਾਲ ਜੋ “ਸਭੁ ਆਪੇ ਸਚਿਆਰੁ” ਅਤੇ ਉਸ ਦੀ ਅੰਸ਼ ਵਿੱਚਕਾਰ ਹੈ ਉਹ ਟੁੱਟਣ ਨਾਲ ਸਚਿਆਰ ਹੋਣ ਦਾ ਸਾਧਕ “ਸਭੁ ਆਪੇ ਸਚਿਆਰੁ” ਨਾਲ ਮਿਲ ਪੈਂਦਾ ਹੈ। ਪਰ ਇਹ ਕੂੜ ਦੀ ਪਾਲ (ਕੰਧ) ਟੁੱਟੇ ਕਿਸ ਤਰ੍ਹਾਂ? ਉਸ ਦਾ ਇੱਕੋ ਹੀ ਤਰੀਕਾ ਹੈ:- “ਹੁਕਮਿ ਰਜਾਈ ਚਲਣਾ”। ਜੀਵ ਉਸ ਦੀ ਰਜ਼ਾ ਵਿੱਚ ਚੱਲੇ।

ਊਪਰ ਦਿੱਤੇ ਪ੍ਰਮਾਣਾਂ ਦੀਆਂ ਕਈ ਪੰਕਤੀਆਂ ਜਪੁ ਜੀ ਦੀਆਂ ਹਨ। ਜਪੁ ਜੀ ਨਿੱਤਨੇਮ ਦੀ ਬਾਣੀ ਹੈ। ਸਿੱਖ ਲਈ ਰੋਜ਼ ਨਿੱਤਨੇਮ ਦੀ ਬਾਣੀ ਪੜ੍ਹਣਾ ਕਿਉਂ ਜ਼ਰੂਰੀ ਹੈ? ਉਹ ਇਸ ਲਈ:- “ਮਾਤਾ ਭੈਸਾ ਅੰਮੁਹਾ ਜਾਇ” —ਗਉੜੀ ਕਬੀਰ ਜੀ, ਪੰਨਾ ੩੨੬ (ਮਾਯਾਮਦ ਖੁਆਰੀ ਮਨ ਅਮੋੜ ਹੁੰਦਾ ਹੈ) ਮਨ ਦੀ ਇਹ ਅਵਸਥਾ ਬੜੀ ਦੁਖਦਾਈ ਹੁੰਦੀ ਹੈ। ਮਨ ਨੂੰ ਇਸ ਅਵਸਥਾ ਵਿੱਚੋਂ ਬਾਣੀ ਹੀ ਕੱਢ ਸਕਦੀ ਹੈ। “ਗਾਵੀਐ ਸੁਣੀਐ ਮਨਿ ਰਖੀਐ ਭਾਉ॥ ਦੁਖੁ ਪਰਹਰਿ ਸੁਖੁ ਘਰਿ ਲੈ ਜਾਇ॥” —ਜਪੁ ਜੀ। ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਮਨ ਬਾਣੀ ਨੂੰ ਸੁਣੇ। “ਅਬਿਨਾਸੀ ਖੇਮ ਚਾਹਹਿ ਜੇ ਨਾਨਕ ਸਦਾ ਸਿਮਰਿ ਨਾਰਾਇਣ॥” —ਮ: ੫ ਪੰਨਾ ੭੧੪---ਗੁਰੂ ਜੀ ਉਪਦੇਸ਼ ਕਰਦੇ ਹਨ ਕਿ ਹੇ ਭਾਈ! ਜੇ ਨਾ ਮੁੱਕਣ ਵਾਲਾ ਸੁਖ ਚਾਹੀਦਾ ਹੈ ਤਾਂ ਵਾਹਿਗੁਰੂ ਦਾ ਸਿਮਰਣ ਕਰਿਆ ਕਰ। ਫੇਰ “ਜਿਸੁ ਸਿਮਰਤ ਦੁਖ ਡੇਰਾ ਢਹੈ “—ਗਉੜੀ ਗੁਆਰੇਰੀ ਮ: ੫ ਪੰਨਾ ੧੮੨—ਹੇ ਭਾਈ! ਵਾਹਿਗੁਰੂ ਦਾ ਸਿਮਰਣ ਕਰ ਜਿਸ ਸਿਮਰਣ ਨਾਲ ਸਾਰੇ ਹੀ ਦੁਖ ਦੂਰ ਹੋ ਜਾਂਦੇ ਹਨ।

ਸਰੀਰ ਨੂੰ ਤੰਦਰੁਸਤ ਰੱਖਣ ਲਈ ਰੋਜ਼ਾਨਾ ਦੀ ਕਸਰਤ ਜ਼ਰੂਰੀ ਹੈ, ਮਨ ਨੂੰ ਤੰਦਰੁਸਤ ਰੱਖਣ ਲਈ ਨਿੱਤਨੇਮ ਦੀ ਬਾਣੀ ਰੋਜ਼ਾਨਾ ਪੜ੍ਹਨੀ ਜ਼ਰੂਰੀ ਹੈ।

ਸੁਰਜਨ ਸਿੰਘ +919041409041




.