.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਅਕਾਲ ਪੁਰਖ ਦਾ ਸੰਕਲਪ

ਭਾਗ ਗਿਆਰ੍ਹਵਾਂ

ਇਸ ਲੇਖ ਦਾ ਭਾਗ ਪਹਿਲਾ

ਅਕਾਲ ਪੁਰਖ ਦੇ ਗੁਣ ਕਿਹੜੇ ਕਿਹੜੇ ਹਨ?

ਰੱਬੀ ਗੁਣਾਂ ਨੂੰ ਵਰਤਣਾ ਕਿਵੇਂ ਹੈ-

ਸੰਸਾਰ ਦਾ ਵਰਤਾਰਾ ਹੈ ਕਿ ਹਰ ਵੱਡੀ ਤਾਕਤ ਛੋਟੀ ਤਾਕਤ ਨੂੰ ਖਾ ਜਾਂਦੀ ਹੈ। ਇੱਕ ਇਹ ਵੀ ਨਿਯਮ ਹੈ ਕਿ ਜੇ ਛੋਟੀਆਂ ਤਾਕਤਾਂ ਆਪਸ ਵਿੱਚ ਰਲ਼ ਕੇ ਕੁੱਝ ਕਰਨ ਦੀ ਸੋਚ ਲੈਣ ਤਾਂ ਵੱਡੀਆਂ ਤਾਕਤਾਂ ਨਾਲ ਲੋਹਾ ਵੀ ਲਿਆ ਜਾ ਸਕਦਾ ਹੈ। ਲਗਦੇ ਚਾਰੇ ਵੱਡੀਆਂ ਸ਼ਕਤੀਆਂ ਛੋਟੀਆਂ ਸ਼ਕਤੀਆਂ ਨੂੰ ਇਕੱਠਾ ਨਹੀਂ ਹੋਣ ਦੇਂਦੀਆਂ।

ਕੁਦਰਤ ਦਾ ਅਟੱਲ ਨਿਯਮ ਹੈ ਕਿ ਹਰ ਵਸਤੂ ਬੇ-ਤਰਤੀਬੀ ਵਲ ਨੂੰ ਬਹੁਤ ਤੇਜ਼ੀ ਨਾਲ ਵੱਧਦੀ ਹੈ। ਇਹਨਾਂ ਨੂੰ ਤਰਤੀਬ ਵਿੱਚ ਰੱਖਣ ਲਈ ਯੋਗ ਉਪਰਾਲਿਆਂ ਦੀ ਤੀਬਰ ਜ਼ਰੂਰਤ ਹੁੰਦੀ ਹੈ। ਮੰਨ ਲਓ ਤਵੇ `ਤੇ ਰੋਟੀ ਪਾਈ ਹੋਈ ਹੈ ਜੇ ਕਰ ਰੋਟੀ ਵਲ ਧਿਆਨ ਨਾ ਦਿੱਤਾ ਜਾਏ ਤਾਂ ਉਹ ਰੋਟੀ ਸੜ ਕੇ ਸੁਆਹ ਹੋ ਸਕਦੀ ਹੈ ਤੇ ਕੱਚੀ ਵੀ ਰਹਿ ਸਕਦੀ ਹੈ।

ਬੇ-ਤਰਤੀਬੀ ਨਾਲ ਬਣਿਆ ਹੋਇਆ ਘਰ ਕਿਸੇ ਕੰਮ ਦਾ ਨਹੀਂ ਹੁੰਦਾ। ਸਾਡੇ ਮੁਲਕ ਤੇ ਬਾਹਰਲੇ ਮੁਲਕ ਦਾ ਫਰਕ ਤਰਤੀਬ ਤੇ ਬੇ-ਤਰਤੀਬ ਦਾ ਹੀ ਹੈ। ਆਪਣੇ ਮੁਲਕ ਵਿੱਚ ਅਸੀਂ ਜਿਵੇਂ ਚਾਹੀਏ ਮਕਾਨ ਖੜਾ ਕਰ ਸਕਦੇ ਹਾਂ ਪਰ ਬਾਹਰਲੇ ਮੁਲਕ ਵਿੱਚ ਬਿਨਾ ਤਰਤੀਬ ਦੇ ਮਕਾਨ ਪ੍ਰਵਾਨ ਹੀ ਨਹੀਂ ਹੁੰਦਾ। ਬੇ-ਤਰਤੀਬੀ ਨਾਲ ਪਾਇਆ ਕਪੜਾ ਝੱਲ਼ ਪੁਣੇ ਦੇ ਰੂਪ ਨੂੰ ਪ੍ਰਗਟ ਕਰਦਾ ਹੈ। ਕਪੜਿਆਂ ਨੂੰ ਕੱਟ ਕੇ ਤਰਤੀਬ ਦੇਣੀ ਭਾਰਤੀਆਂ ਨੂੰ ਨਹੀਂ ਆਉਂਦੀ ਸੀ ਏਸੇ ਲਈ ਅਣਸੀਤੀ ਸਾੜੀ ਤੇ ਧੋਤੀ ਦਾ ਸਰੀਰ `ਤੇ ਲਪੇਟ ਲੈਣਾ ਹੀ ਭਾਰਤੀਆਂ ਦਾ ਪਹਿਰਾਵਾ ਬਣ ਗਿਆ। ਤੇ ਹੁਣ ਭਾਰਤ ਦੇ ਕਈਆਂ ਹਿੱਸਿਆਂ ਵਿੱਚ ਇਸ ਨੂੰ ਸਭਿਆਕ ਪਹਿਰਾਵਾ ਗਿਣਿਆ ਜਾਂਦਾ ਹੈ?

ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਲੰਮੀ ਨਦਰ ਨਾਲ ਦੇਖਿਆ ਕਿ ਸਾਡੇ ਮੁਲਕ ਵਿੱਚ ਕਿਤੇ ਵੀ ਕੋਈ ਤਰਤੀਬ ਦਿਖਾਈ ਨਹੀਂ ਦੇਂਦੀ। ਸਮਾਜ ਦੇ ਹਰ ਵਰਗ ਨੂੰ ਘੋਖਿਆਂ ਗੁਰਦੇਵ ਪਿਤਾ ਜੀ ਨੇ ਇਹ ਦੇਖ ਲਿਆ ਕਿ ਇਹਨਾਂ ਭਾਰਤੀਆਂ ਨੂੰ ਇੱਕ ਤਰਤੀਬ ਦੇਣ ਦੀ ਲੋੜ ਹੈ। ਸਦੀਵ ਕਾਲ ਰੱਬੀ ਗੁਣ ਸਮਝਾਉਣ ਦੀ ਜ਼ਰੂਰਤ ਹੈ। ਕੀ ਧਾਰਮਕ, ਕੀ ਸਮਾਜਕ, ਕੀ ਰਾਜਨੀਤਕ, ਕੀ ਪਰਜਾ ਗੱਲ ਕੀ ਸਾਰਿਆਂ ਵਿੱਚ ਆਪਾ-ਧਾਪੀ ਪਈ ਹੋਈ ਸੀ। ਸਭ ਤੋਂ ਵੱਧ ਧਰਮ ਦੇ ਨਾਂ `ਤੇ ਕੁਹਰਾਮ ਮੱਚਿਆ ਹੋਇਆ ਸੀ। ਧਰਮ ਦੇ ਨਾਂ `ਤੇ ਪਰਜਾ ਨੂੰ ਪੁਜਾਰੀ ਦਿਨ ਦੀਵੀਂ ਲੁੱਟ ਰਿਹਾ ਸੀ। ਪੁਜਾਰੀ ਪਾਸ ਨਰਕ ਤੇ ਸਵਰਗ ਦਾ ਬਹੁਤ ਵੱਡਾ ਹਥਿਆਰ ਸੀ ਜਿਸ ਨਾਲ ਹਰ ਆਮ ਆਦਮੀ ਨੂੰ ਡਰਾ ਕੇ ਰੱਖਦਾ ਸੀ। ਹੁਣ ਵੀ ਲੱਗਭਗ ਏਹੀ ਵਰਤਾਰਾ ਹੈ। ਪੁਜਾਰੀ ਨੇ ਧਰਮ ਦੇ ਨਾਂ `ਤੇ ਵਿਚਾਰ ਦਿੱਤਾ ਕਿ ਜਿਹੜਾ ਹੁਣ ਅਮੀਰ ਹੈ ਉਸ ਨੇ ਪਿੱਛਲੇ ਜਨਮ ਵਿੱਚ ਬਹੁਤ ਜ਼ਿਆਦਾ ਦਾਨ-ਪੁੰਨ ਤੇ ਭਜਨ ਬੰਦਗੀ ਕੀਤੀ ਹੈ ਇਸ ਲਈ ਉਹ ਹੁਣ ਸੁੱਖੀ ਹਨ। ਦੂਸਰੇ ਦੁਖੀ ਇਸ ਲਈ ਹਨ ਕਿਉਂ ਕਿ ਉਹਨਾਂ ਨੇ ਪਿੱਛਲੇ ਜਨਮ ਵਿੱਚ ਕੋਈ ਦਾਨ ਪੁੰਨ ਨਹੀਂ ਕੀਤਾ ਤੇ ਨਾਹੀ ਕੋਈ ਭਜਨ ਬੰਦਗੀ ਕੀਤੀ ਹੈ ਇਸ ਲਈ ਇਹ ਹੁਣ ਦੁਖੀ ਹਨ। ਭਾਰਤ ਦੇ ਦੋ ਪ੍ਰਮੁੱਖ ਧਰਮਾਂ ਨੇ ਨਰਕ ਸਵਰਗ ਦਾ ਡਰ ਪਾਇਆ ਹੋਇਆ ਸੀ। ਉਹਨਾਂ ਦਾ ਖ਼ਿਆਲ ਸੀ ਕਿ ਜੇ ਹੁਣ ਦਾਨ ਪੁੰਨ ਨਾ ਕੀਤਾ ਗਿਆ ਤਾਂ ਅਵੱਸ਼ ਬੰਦਾ ਨਰਕਾਂ ਦਾ ਭਾਗੀਦਾਰ ਬਣੇਗਾ ਹੀ ਬਣੇਗਾ। ਜੇ ਇਸ ਨੇ ਵਿਹਲੜ ਪੁਜਾਰੀ ਦਾ ਆਖਾ ਮੰਨ ਲਿਆ ਉਸ ਨੂੰ ਦਿਲ ਖੋਲ੍ਹ ਕੇ ਦਾਨ ਪੁੰਨ ਦਿੱਤਾ ਤਾਂ ਅਗਾਂਹ ਸਵਰਗ ਦਾ ਦਰਵਾਜ਼ਾ ਏਦੇ ਲਈ ਖੁਲ੍ਹਾ ਪਿਆ ਹੈ। ਪੁਜਾਰੀ ਦੇ ਬਣਾਏ ਹੋਏ ਸਵਰਗ ਵਿੱਚ ਕਿਤੇ ਹੂਰਾਂ ਮਿਲਦੀਆਂ ਹਨ ਤੇ ਕਿਤੇ ਸ਼ਹਿਦ ਦੀਆਂ ਨਦੀਆਂ ਚਲਦੀਆਂ ਹਨ? ਫਿਰ ਨਰਕਾਂ ਦਾ ਨਕਸ਼ਾ ਖਿਚਦਿਆਂ ਕੋਹਲੂ ਵਿੱਚ ਪੀੜਿਆ ਤੇ ਤੱਤੇ ਤੇਲ ਦੇ ਕੜਾਹੇ ਵਿੱਚ ਫਰਾਈ ਹੁੰਦਾ ਮਨੁੱਖ ਦਿਖਾਇਆ ਗਿਆ ਹੈ?

ਗੁਰੂ ਨਾਨਕ ਸਾਹਿਬ ਜੀ ਨੇ ਜ਼ਿੰਦਗੀ ਦੇ ਵੱਖ ਵੱਖ ਪੜਾਵਾਂ ਵਿਚੋਂ ਲੰਘਦਿਆਂ ਹੋਇਆਂ, ਸਿਵਲ ਸਪਲਾਈ ਦੇ ਮਹਿਕਮੇ ਵਿੱਚ ਰਹਿੰਦਿਆਂ ਦੁਨੀਆਂ ਦੀ ਇਸ ਬੇ-ਤਰਤੀਬੀ ਨੂੰ ਨੇੜਿਓਂ ਹੋ ਕੇ ਦੇਖਿਆ। ਹਿੰਦੂ ਪੁਜਾਰੀ ਆਪਣੇ ਰਾਜਿਆਂ ਨੂੰ ਬ੍ਰਹਮ ਦਾ ਅਵਤਾਰ ਦੱਸਦਾ ਸੀ ਤੇ ਹਿੰਦੂ ਰਾਜਾ ਇਹਨਾਂ ਪੁਜਾਰੀਆਂ ਨੂੰ ਦੇਵਤਾ ਦੱਸਦਾ ਸੀ। ਇਸਲਾਮ ਧਰਮ ਦਾ ਆਗੂ ਰਾਜੇ ਨੂੰ ਖ਼ੁਦਾ ਦਾ ਪ੍ਰਛਾਵਾਂ ਦੱਸਦਾ ਸੀ। ਪਰਜਾ ਪਾਸ ਗਿਆਨ ਦੀ ਘਾਟ ਸੀ ਜਿਸ ਕਰਕੇ ਲੋਕ ਧਰਮ ਦੇ ਨਾਂ `ਤੇ ਜ਼ਬਾਨ ਖੋਲ੍ਹਣ ਲਈ ਤਿਆਰ ਨਹੀਂ ਹੁੰਦੇ ਸਨ। ਗੁਰੂ ਨਾਨਕ ਸਾਹਿਬ ਜੀ ਨੇ ਇਸ ਭਿਆਨਕ ਬਿਮਾਰੀ ਦਾ ਸਮਾਧਾਨ ਦੱਸਿਆ ਕਿ ਸਾਰਾ ਕੁੱਝ ਸਦੀਵ ਕਾਲ ਪ੍ਰਮਾਤਮਾ ਦੇ ਹੁਕਮ ਨੂੰ ਨਾ ਸਮਝਣ ਕਰਕੇ ਹੋ ਰਿਹਾ ਹੈ।

ਗੁਰੂ ਨਾਨਕ ਸਾਹਿਬ ਜੀ ਨੇ ਵੇਈਂ ਨਦੀ `ਤੇ ਰੱਬ ਦੇ ਸਰੂਪ ਸਬੰਧੀ ਅਜ਼ਾਦਾਨਾ ਖ਼ਿਆਲ ਪੇਸ਼ ਕਰਕੇ ਇੱਕ ਨਵੇਂ ਨਿਕੋਰ ਮਨੁੱਖੀ ਜ਼ਜ਼ਬਾਤਾਂ ਵਾਲੇ ਧਰਮ ਦੀ ਨੀਂਹ ਰੱਖ ਦਿੱਤੀ। ਜ਼ਿੰਦਗੀ ਦੇ ਹਰ ਖੇਤਰ ਵਿੱਚ ਇੱਕ ਨਵੀਂ ਕ੍ਰਾਂਤੀ ਨੂੰ ਜਨਮ ਦਿੱਤਾ। ਰੱਬ ਸਬੰਧੀ ਕਿਹਾ ਕਿ ਨਾ ਤਾਂ ਉਹ ਸਤਵੇਂ ਅਸਮਾਨ `ਤੇ ਰਹਿੰਦਾ ਹੈ, ਨਾ ਹੀ ਉਹ ਮਨੁੱਖਾਂ ਵਲੋਂ ਘੜੇ ਹੋਏ ਪੱਥਰਾਂ ਵਿੱਚ ਬਿਰਾਜਮਾਨ ਹੈ। ਨਾ ਹੀ ਉਹ ਕਿਸੇ ਧਾਰਮਕ ਅਸਥਾਨ ਜਨੀ ਕਿ ਕਿਸੇ ਖਾਸ ਅਸਥਾਨ `ਤੇ ਰਹਿੰਦਾ ਹੈ। ਇਹ ਰੱਬ ਜੀ, ਨਾ ਤਾਂ ਮਰਦੇ ਹਨ ਤੇ ਨਾ ਹੀ ਜੰਮਦੇ ਹਨ। ਨਾ ਹੀ ਇਸ ਰੱਬ ਜੀ ਦਾ ਕਿਸੇ ਨਾਲ ਵੈਰ ਵਿਰੋਧ ਹੈ, ਨਾ ਹੀ ਉਹਦਾ ਕੋਈ ਰੂਪ ਰੰਗ ਹੈ ਤੇ ਨਾ ਹੀ ਉਹ ਇਹਨਾਂ ਅੱਖਾਂ ਨਾਲ ਦੇਖਣ ਵਾਲੀ ਸ਼ੈਅ ਹੈ। ਪਰ ਚੱਲ ਸਭ ਕੁੱਝ ਉਸ ਦੇ ਹੁਕਮ ਵਿੱਚ ਹੀ ਰਿਹਾ ਹੈ। ਦੁਨੀਆਂ ਰਹੇਗੀ ਜਾਂ ਨਹੀਂ ਰਹੇਗੀ ਤਾਂ ਵੀ ਰੱਬੀ ਹੁਕਮ ਇਕਸਾਰ ਚੱਲਦਾ ਰਹੇਗਾ। ਸੰਸਾਰ `ਤੇ ਰੱਬ ਜੀ ਦਾ ਹੁਕਮ ਇੱਕ ਬੱਝਵੇਂ ਨਿਯਮ ਵਿੱਚ ਚੱਲ ਰਿਹਾ ਹੈ।

ਵੇਈਂ ਨਦੀ `ਤੇ ਬਹਿ ਕੇ ਰੱਬ ਦੀ ਪ੍ਰੀਭਾਸ਼ਾ ਦੱਸਦਿਆਂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਕਿ ਰੱਬ ਜੀ ਸਾਡੇ ਅੰਦਰ ਹੀ ਦੈਵੀ ਗੁਣਾਂ ਨਾਲ ਮੌਜੂਦ ਹਨ। ਇਹਨਾਂ ਦੈਵੀ ਗੁਣਾਂ ਦੀ ਵਰਤੋਂ ਦੀ ਜਾਚ ਸਾਨੂੰ ਗੁਰਬਾਣੀ ਵਿਚੋਂ ਮਿਲਦੀ ਹੈ। ਗੁਰੂ ਸਾਹਿਬ ਜੀ ਨੇ ਕਿਹਾ ਕਿ ਇਹਨਾਂ ਗੁਣਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ ਵਾਲੇ ਨੂੰ ਉੱਚ ਭਾਵੀ ਜੀਵਨ ਪਰਦਾਨ ਹੁੰਦਾ ਹੈ ਜੋ ਰੱਬ ਜੀ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ। ਰੱਬੀ ਗੁਣ ਹਰੇਕ ਮਨੁੱਖ ਦੇ ਅੰਦਰ ਪਏ ਹੋਏ ਹਨ ਤੇ ਇਹਨਾਂ ਦੀ ਵਰਤੋਂ ਕਰਨ ਦੀ ਜਾਚ ਗੁਰ-ਉਪਦੇਸ਼ ਵਿਚੋਂ ਹੁੰਦੀ ਹੈ। ਗੁਰੂ ਨਾਨਕ ਨੇ ਸਿੱਖੀ ਦਾ ਮੁੱਢਲਾ ਮੌਲਿਕ ਅਸੂਲ ਦੱਸਿਆ ੁ

ੴਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ `ਹੋਂਦ ਵਾਲਾ` ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿੱਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿੱਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਅੱਖਰੀਂ ਅਰਥ ਹਨ ਅਕਾਲ ਪੁਰਖ ਇੱਕ ਹੈ ਇੱਕ ਰਸ ਹੈ ਤੇ ਸਰਬ ਵਿਆਪਕ ਹੈ। ਇਸ ਗੱਲ ਨੂੰ ਸੈਂਕੜੇ ਵਾਰ ਕਿਉਂ ਨਾ ਕਹਿ ਲਈਏ ਕਿ ਅਕਾਲ ਪੁਰਖ ਇੱਕ ਹੈ ਇੱਕ ਰਸ ਹੈ ਤੇ ਸਰਬ ਵਿਆਪਕ ਹੈ ਇਸ ਨਾਲ ਕੋਈ ਵੀ ਲਾਭ ਹੋਣ ਵਾਲਾ ਨਹੀਂ ਹੈ ਤੇ ਨਾਹੀ ਸੰਸਾਰ ਦਾ ਕੋਈ ਕਲਿਆਣ ਹੋਣਾ ਹੈ, ਜਿੰਨਾਂ ਚਿਰ ਅਸੀਂ ਇੱਕ ਦੇ ਧਾਰਨੀ ਨਹੀਂ ਹੁੰਦੇ ਨਹੀਂ। ਰੱਬ ਜੀ ਇੱਕ ਹਨ ਤਾਂ ਇਸ ਦਾ ਅਰਥ ਹੈ ਕਿ ਸਾਨੂੰ ਵੀ ਅੰਦਰਲੇ ਤਲ਼ `ਤੇ ਇੱਕ ਹੋਣਾ ਚਾਹੀਦਾ ਹੈ। ਜੇ ਸੁਭਾਅ ਕਰਕੇ ਇੱਕ ਹੋ ਗਏ ਤਾਂ ਫਿਰ ਇੱਕ ਰਸ ਵੀ ਹੋ ਸਕਦੇ ਹਾਂ ਤੇ ਇਹ ਰਸ ਸਾਡੇ ਨਾਲ ਹਮੇਸ਼ਾਂ ਰਹਿੰਦਾ ਹੈ ਪਰ ਇਸ ਨੂੰ ਵਰਤੋਂ ਵਿੱਚ ਕਿੰਨਾ ਕੁ ਲਿਆਂਦਾ ਇਹ ਸਾਡੇ `ਤੇ ਨਿਰਭਰ ਕਰਦਾ ਹੈ।

ਅਕਾਲ ਪੁਰਖ ਇੱਕ ਹੈ ਪਰ ਅਸੀਂ ਦੁਚਿੱਤੀ ਵਿੱਚ ਵਿਚਰ ਰਹੇ ਹਾਂ। ਮੰਨ ਲਓ ਮਿਸਾਲ ਦੇ ਤੌਰ `ਤੇ ਕੋਈ ਪਰਵਾਰ ਆਪਣੇ ਲੜਕੇ ਲਈ ਲੜਕੀ ਦੇਖਣ ਗਿਆ ਹੈ। ਪਰਵਾਰ ਨੂੰ ਰਿਸ਼ਤਾ ਪਸੰਦ ਆ ਜਾਂਦਾ ਹੈ। ਹੁਣ ਲੜਕੇ ਵਾਲੇ ਕਹਿੰਦੇ ਕਿ ਸਾਨੂੰ ਕੁੱਝ ਨਹੀਂ ਚਾਹੀਦਾ ਸਿਰਫ ਧੀ ਚਾਹੀਦੀ ਹੈ। ਪਰ ਮਨ ਵਿੱਚ ਇੱਕ ਭਾਵਨਾ ਵੀ ਬਣੀ ਹੁੰਦੀ ਹੈ ਕਿ ਬੇ-ਸ਼ੱਕ ਅਸੀਂ ਕਹਿ ਰਹੇ ਹਾਂ ਕਿ ਸਾਨੂੰ ਕੁੱਝ ਨਹੀਂ ਚਾਹੀਦਾ ਪਰ ਅੰਦਰੂਨੀ ਭਾਵਨਾ ਵੀ ਪ੍ਰਬਲ ਬਣੀ ਹੁੰਦੀ ਹੈ ਕਿ ਸਾਨੂੰ ਬਿਨਾ ਮੰਗਿਆ ਹੀ ਸਭ ਕੁੱਝ ਮਿਲਣਾ ਚਾਹੀਦਾ ਹੈ। ਜਨੀ ਸਵੇਰੇ ਨਿਤ ਨੇਮ ਵਿੱਚ ਪੜ੍ਹਿਆ ਹੈ ‘ੴ’ ਪਰ ਅੰਦਰੋਂ ਅਜੇ ਇੱਕ ਨਹੀਂ ਹੋਏ। ਜੇ ਇੱਕ ਨਹੀਂ ਹੋਏ ਤਾਂ ਫਿਰ ਇੱਕ ਰਸ ਵੀ ਨਹੀਂ ਹਾਂ।

ਧਾਰਮਕ ਆਗੂ ਦਾ ਕੰਮ ਹੈ ਕਿ ਉਹ ਲੋਕਾਂ ਨੂੰ ਕਰਮ-ਕਾਂਡ ਤੇ ਅੰਧਵਿਸ਼ਵਾਸ ਦੀ ਭਿਆਨਕ ਬਿਮਾਰੀਆਂ ਤੋਂ ਬਚਣ ਦੀ ਮੁਕੰਮਲ ਜਾਣਕਾਰੀ ਦੇਵੇ ਪਰ ਉਹ ਲਾਲਚ ਵੱਸ ਲੋਕਾਂ ਨੂੰ ਕਈ ਪ੍ਰਕਾਰ ਦੀਆਂ ਦੋ-ਚਿੱਤੀਆਂ ਵਿੱਚ ਪਾ ਰਿਹਾ ਹੈ। ਜ਼ਿੰਦਗੀ ਦੇ ਕਿਸੇ ਵੀ ਖੇਤਰ ਦੀ ਗੱਲ ਕਰੀਏ ਉਸ ਵਿੱਚ ਇਕਾਗਰਤਾ ਤੋਂ ਬਿਨਾਂ ਤਰੱਕੀ ਦੀ ਕੋਈ ਆਸ ਨਹੀਂ ਹੋ ਸਕਦੀ। ਕਿਸੇ ਮਸ਼ੀਨ `ਤੇ ਬੰਦਾ ਕੰਮ ਕਰ ਰਿਹਾ ਹੈ ਜੇ ਉਹ ਇੱਕ ਨਹੀਂ ਹੈ ਤਾਂ ਅਵੱਸ਼ ਦੁਰਘਟਨਾ ਵਾਪਰੇਗੀ ਹੀ ਵਾਪਰੇਗੀ। ਏਕੇ ਵਿੱਚ ਬਲ ਹੁੰਦਾ ਹੈ ਦੀਆਂ ਲਘੂ ਕਹਾਣੀਆਂ ਬੱਚਿਆਂ ਨੂੰ ਪੜ੍ਹਾਈਆਂ ਜਾਂਦੀਆਂ ਹਨ। ਰੱਬ ਇੱਕ ਹੈ ਤੇ ਇਸ ਇੱਕ ਦਾ ਗੁਣ ਸਾਨੂੰ ਆਪਣੇ ਜੀਵਨ ਵਿੱਚ ਲਿਆਉਣਾ ਚਾਹੀਦਾ ਹੈ ਕਿ ਅਸੀਂ ਵੀ ਅੰਦਰੋਂ ਬਾਹਰੋਂ ਇੱਕ ਹੋ ਜਾਈਏ— “ਇੱਕ ਮਨਿ ਏਕੁ ਧਿਆਈਅੇ ਮਨ ਕੀ ਲਾਹਿ ਭਰਾਂਤਿ ॥ ਗੁਣ ਨਿਧਾਨੁ ਨਵਤਨੁ ਸਦਾ, ਪੂਰਨ ਜਾ ਕੀ ਦਾਤਿ” ॥ ਪੰਨਾ ੪੭

ਬਾਹਰੋਂ ਮੱਥਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਟੇਕਿਆ ਜਾ ਰਿਹਾ ਹੈ ਪਰ ਅੰਦਰੋਂ ਤਾਰਾਂ ਕਿਤੇ ਹੋਰ ਜੁੜੀਆਂ ਹੁੰਦੀਆਂ ਹਨ। ਗੁਰਬਾਣੀ ਨੇ ਕੁਦਰਤੀ ਨਿਯਮ ਦੀ ਬੜੀ ਪਿਆਰੀ ਵਿਆਖਿਆ ਕੀਤੀ ਹੈ ਕਿ ਜੇ ਦਾਣਾ ਇੱਕ ਹੈ ਤਾਂ ਉਹ ਉੱਗੇਗਾ, ਜ਼ਮੀਨ ਵਿਚੋਂ ਆਪਣਾ ਰੂਪ ਪ੍ਰਗਟ ਕਰੇਗਾ। ਜੇ ਦਾਣੇ ਦੋ ਫਾੜ ਹੋਣ ਤਾਂ ਉਹ ਦਾਣੇ ਨਹੀਂ ਉੱਗਣਗੇ।

ਜੇ ਇਕੁ ਹੋਇ ਤ ਉਗਵੈ ਰੁਤੀ ਹੂ ਰੁਤਿ ਹੋਇ॥

ਸਲੋਕ ਮ: ੧ ਪੰਨਾ ੪੬੮

ਰੱਬ ਇੱਕ ਹੈ ਤੇ ਅਸੀਂ ਇਸ ਇੱਕ ਦੇ ਗੁਣ ਨੂੰ ਜ਼ਿੰਦਗੀ ਦਾ ਅਧਾਰ ਬਣਾਉਣਾ ਹੈ।

ਅਕਾਲ ਪੁਰਖ ਦਾ ਦੂਜਾ ਗੁਣ ‘ਸਤਿ` ਸਮਝਾਇਆ ਹੈ। ਮਹਾਨ ਕੋਸ਼ ਵਿੱਚ ਸਤਿ ਦੇ ਅਰਥ ਸਮਝਾਉਂਦਿਆਂ ਭਾਈ ਕਾਨ੍ਹ ਸਿੰਘ ਜੀ ਨਾਭਾ ਲਿਖਦੇ ਹਨ ਕਿ ਦੇਖੋ ਸਤ, ਸਤਯ ਤੇ ਇਹਨਾਂ ਦੇ ਅਰਥ ਲਿਖਦਿਆਂ ਮਹਾਨ ਕੋਸ਼ ਵਿੱਚ ਲਿਖਿਆ ਹੈ ਕਿ ਸਚ, ਝੂਠ ਦੇ ਵਿਰੁੱਧ, ਸਿਧਾਂਤ ਤੇ ਸਾਰ ਵੀ ਲਿਖਿਆ ਹੋਇਆ ਮਿਲਦਾ ਹੈ। ਸਤਿ ਦੇ ਅਰਥ ਯਥਾਰਥ, ਗਿਆਨ, ਅਸਲੀਅਤ ਦੀ ਸਮਝ, ਸਤਾ ਸ਼ਕਤੀ ਆਦਿ ਅਰਥਾਂ ਵਿੱਚ ਆਇਆ ਹੈ। ਨਾਮ ਦਾ ਅਰਥ ਹੋਂਦ ਵਿੱਚ ਆਉਂਦਾ ਹੈ।

ਸਤਿ, ਸਦੀਵ ਕਾਲ ਸੱਚ ਦੇ ਰੂਪ ਵਿੱਚ ਪ੍ਰਗਟ ਹੁੰਦਾ ਹੈ। ਪ੍ਰਮਾਤਮਾ ਦਾ ਹੁਕਮ ਸੱਚ ਹੈ। ਕਈ ਦਫਾ ਅਸੀਂ ਕਹਿ ਦੇਂਦੇ ਹਾਂ ਕਿ ਫਲਾਣਾ ਬੰਦਾ ਤਾਂ ਰੱਬ ਵਰਗਾ ਹੈ ਓਦ੍ਹੇ ਬੋਲਾਂ ਵਿੱਚ ਜਾਨ ਹੈ। ਸਾਰਾ ਸੰਸਾਰ ਸਚਾਈ `ਤੇ ਟਿਕਿਆ ਹੋਇਆ ਹੈ। ਝੂਠ ਬੋਲਣ ਵਾਲਾ ਇਨਸਾਨ ਜ਼ਿੰਦਗੀ ਵਿੱਚ ਪਛੜਿਆ ਹੁੰਦਾ ਹੈ। ਰੱਬ ਜੀ ਦਾ ਇੱਕ ਗੁਣ ਕਿ ਉਹ ਸਦੀਵ ਕਾਲ ਸੱਚ ਹੈ। ਜੇ ਅਸੀਂ ਸਾਰੇ ਰਲ਼ ਕੇ ਹਰ ਵੇਲੇ ਇਹ ਕਹੀ ਜਾਈਏ ਕਿ ਅਕਾਲ ਪੁਰਖ ਸੱਚ ਹੈ, ਅਕਾਲ ਪੁਰਖ ਸੱਚ ਹੈ ਤਾਂ ਏਦ੍ਹੇ ਨਾਲ ਨਿੱਜੀ ਤੌਰ `ਤੇ ਕੋਈ ਲਾਭ ਹੋਣ ਵਾਲਾ ਨਹੀਂ ਹੈ ਤੇ ਨਾ ਹੀ ਇਸ ਨਾਲ ਸਮਾਜ ਵਿੱਚ ਕੋਈ ਫਰਕ ਪੈਣਾ ਹੈ। ਸਮਾਜ ਵਿੱਚ ਫਰਕ ਤਾਂ ਹੀ ਪਏਗਾ ਜੇ ਅਸੀਂ ਸੱਚ ਦੇ ਧਾਰਨੀ ਹੋਵਾਂਗੇ। ਗੁਰੂ ਨਾਨਕ ਸਾਹਿਬ ਜੀ ਦਾ ਵਾਕ ਹੈ---

ਸਚੁ ਤਾ ਪਰੁ ਜਾਣੀਐ ਜਾ ਰਿਦੈ ਸਚਾ ਹੋਇ ॥

ਸਲੋਕ ਮ: ੧ ਪੰਨਾ ੪੬੮

ਜੇ ਮਨੁੱਖ ਇੱਕ ਹੈ ਤਾਂ ਉਸ ਨੂੰ ਝੂਠ ਬੋਲਣ ਦੀ ਲੋੜ ਨਹੀਂ ਹੁੰਦੀ, ਝੂਠ ਬੰਦਾ ਬੋਲਦਾ ਹੀ ਓਦੋਂ ਹੈ ਜਦੋਂ ਸੱਚ ਤੋਂ ਬਾਗੀ ਹੁੰਦਾ ਹੈ। ਅਸਲ ਵਿੱਚ ਸੰਸਾਰ ਦੀਆਂ ਅਦਾਲਤਾਂ ਸੱਚ ਤੇ ਝੂਠ ਦੇ ਨਿਪਟਾਰੇ ਲਈ ਹੀ ਹੁੰਦੀਆਂ ਹਨ …. . ਪਰ …. । ਘਰਾਂ ਦੇ ਕਲੇਸ਼ ਤਾਂ ਹੀ ਜਨਮ ਲੈਂਦੇ ਹਨ ਜਦੋਂ ਬੰਦਾ ਸਚਾਈ ਦੀਆਂ ਹਕੀਕਤਾਂ ਤੋਂ ਆਪਣੀਆਂ ਅੱਖਾਂ ਬੰਦ ਕਰ ਲਏ। ਸਾਡੇ ਕਲੇਸ਼ਾਂ ਦਾ ਹੱਲ ਕੇਵਲ ਸੱਚ ਦੇ ਅਧਾਰਤ ਹੈ— “ਸਚੁ ਸਭਨਾ ਹੋਇ ਦਾਰੂ ਪਾਪ ਕਢੈ ਧੋਇ”॥

ਪੰਜਾਬੀ ਦਾ ਮੁਹਾਵਰਾ ਹੈ ਪੱਲੇ ਹੋਵੇ ਸੱਚ ਤਾਂ ਕੋਠੇ ਚੜ੍ਹ ਕੇ ਨੱਚ—ਹੈਰਾਨੀ ਦੀ ਗੱਲ ਹੈ ਕਿ ਬੰਦਾ ਧਰਮ ਦਾ ਬੁਰਕਾ ਪਹਿਨ ਕੇ ਸੱਚ ਵਲੋਂ ਅੱਖਾਂ ਮੀਟ ਰਿਹਾ ਹੈ। ਸਤਿ ਨਾਮ ਕਹਿ ਤਾਂ ਰਿਹਾ ਹੈ ਪਰ ਸੱਚ ਬੋਲਣ ਲਈ ਤਿਆਰ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ ਨੇ ਪ੍ਰਮਾਤਮਾ ਦਾ ਇੱਕ ਗੁਣ ਸਤਿ ਦੱਸਿਆ ਹੈ ਤੇ ਇਸ ਸੱਚ ਨੂੰ ਅਸਾਂ ਆਪਣੇ ਜੀਵਨ ਵਿੱਚ ਢਾਲਣਾ ਹੈ ਤਾਂ ਹੀ ਸਾਡਾ ਸਤਿ ਪੜ੍ਹਿਆ ਸਾਰਥਿਕ ਹੋ ਸਕਦਾ ਹੈ--- ਚਲਦਾ




.