.

ਸਮਰਪਣ (ਕਿਸ਼ਤ ਦੂਜੀ)

ਵੀਰ ਭੁਪਿੰਦਰ ਸਿੰਘ

ਪਿਛਲੀ ਕਿਸ਼ਤ ਵਿਚ ਵਿਚਾਰਿਆ ਸ਼ਬਦ ਕਤ ਕੀ ਮਾਈ ਬਾਪੁ ਕਤ ਕੇਰਾ ਮਨੁੱਖ ਨੂੰ ਆਪਣੇ ਅਵਗੁਣਾਂ ਤੋਂ ਉਪਰ ਉਠ ਕੇ, ਸਤਿਗੁਰ (divine wisdom) ਅਨੁਸਾਰ ਰੱਬੀ ਰਜ਼ਾ ਵਿਚ ਰਹਿ ਕੇ, ਰੱਬੀ ਗੁਣਾਂ ਭਰਪੂਰ ਜੀਵਨ ਬਣਾਉਣਾ ਸਿਖਾਇਆ ਗਿਆ ਹੈ।

ਇਸੇ ਮਜ਼ਮੂਨ ਨੂੰ ਦ੍ਰਿੜ ਕਰਨ ਲਈ ਕੁਝ ਪੰਕਤੀਆਂ ਦਾ ਸਹਾਰਾ ਲੈ ਕੇ ਸੰਖੇਪ ਵਿਚਾਰ ਕਰਦੇ ਹਾਂ :-

1. ਮੂਲੁ ਨ ਬੂਝਹਿ ਆਪਣਾ ਸੇ ਪਸੂਆ ਸੇ ਢੋਰ ਜੀਉ।। (ਗੁਰੂ ਗ੍ਰੰਥ ਸਾਹਿਬ, ਪੰਨਾ : 751)

ਜੋ ਆਪਣਾ ਮੂਲ ਨਹੀਂ ਪਛਾਣਦੇ ਆਪਣੇ ਅੰਦਰ ਪ੍ਰਮਾਤਮਾ ਦੀ ਹੋਂਦ ਮਹਿਸੂਸ ਨਹੀਂ ਕਰਦੇ, ਉਹ ਮਨੁੱਖ ਹੋ ਕੇ ਵੀ ਪਸ਼ੂ ਦੀ ਜੂਨ ਵਾਲੇ ਕਰਮ ਹੀ ਕਰ ਰਹੇ ਹਨ ਭਾਵ ਪਸ਼ੂ ਜੂਨ ਵਿਚ ਹੀ ਹਨ।

2. ਏਕ ਭਗਤਿ ਭਗਵਾਨ ਜਿਹ ਪ੍ਰਾਨੀ ਕੈ ਨਾਹਿ ਮਨਿ।। ਜੈਸੇ ਸੂਕਰ ਸੁਆਨ ਨਾਨਕ ਮਾਨੋ ਤਾਹਿ ਤਨੁ।। (ਗੁਰੂ ਗ੍ਰੰਥ ਸਾਹਿਬ, ਪੰਨਾ : 1428)

ਜੋ ਮਨੁੱਖ ਇਕ ਰੱਬ ਜੀ ਨਾਲ ਨਹੀਂ ਜੁੜਿਆ ਰੱਬੀ ਰਜ਼ਾ ਵਿਚ ਨਹੀਂ ਜਿਊਂਦਾ ਉਹ ਕੂਕਰ ਦੀ ਜੂਨ ਵਿਚ ਪਿਆ ਹੋਇਆ ਹੈ ਭਾਵ ਸਰੀਰਕ ਤੌਰ ’ਤੇ ਮਨੁੱਖ ਹੈ ਪਰ ਆਤਮਕ ਮੌਤ ਕਾਰਨ ਸੂਅਰ, ਕੁੱਤੇ ਦੀ ਜੂਨ ’ਚ ਹੈ।

3. ਨਾਨਕ ਸੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤਿ।। (ਗੁਰੂ ਗ੍ਰੰਥ ਸਾਹਿਬ, ਪੰਨਾ : 1246)

ਜੋ ਮਨੁੱਖ ਹਉਮੈ (ਗਰਬ) ਕਰਦੇ ਹਨ ਉਹ ਖੋਤੇ ਦੀ ਜੂਨ ’ਚ ਹੀ ਪਏ ਹਨ।

4. ਮਨਮੁਖ ਵਿਣੁ ਨਾਵੈ ਕੂੜਿਆਰ ਫਿਰਹਿ ਬੇਤਾਲਿਆ।। ਪਸੂ ਮਾਣਸ ਚੰਮਿ ਪਲੇਟੇ ਅੰਦਰਹੁ ਕਾਲਿਆ।। (ਗੁਰੂ ਗ੍ਰੰਥ ਸਾਹਿਬ, ਪੰਨਾ : 1284)

ਜਦੋਂ ਮਨੁੱਖ ਆਪਣੇ ਮਨ ਦੇ ਦਬਦਬੇ ਹੇਠਾਂ ਬੇਤਾਲਾ ਜੀਵਨ ਜਿਊਂਦਾ ਹੈ ਤਾਂ ਉਸਨੇ ਮਾਨਸਕ ਅਵਸਥਾ ਪਸ਼ੂ ਵਾਂਗ ਰੱਖੀ ਹੋਈ ਹੈ ਪਰ ਬਾਹਰੋਂ ਕੇਵਲ ਚਮੜੀ ਮਨੁੱਖਾਂ ਵਾਲੀ ਹੈ।

5. ਬਿਨੁ ਸਿਮਰਨ ਗਰਧਭ ਕੀ ਨਿਆਈ।। (ਗੁਰੂ ਗ੍ਰੰਥ ਸਾਹਿਬ, ਪੰਨਾ : 239)

ਜਦੋਂ ਮਨੁੱਖ ਮਨ ਕਰਕੇ ਰੱਬੀ ਗੁਣਾਂ ਵਾਲੀ ਜੀਵਨੀ ਨਹੀਂ ਜਿਊਂਦਾ, ਉਹ ‘ਗਰਧਭ’ (ਖੋਤਾ) ਹੀ ਹੈ।

6. ਜਿਸ ਕੈ ਅੰਤਰਿ ਰਾਜ ਅਭਿਮਾਨੁ।। ਸੋ ਨਰਕਪਾਤੀ ਹੋਵਤ ਸੁਆਨੁ।। (ਗੁਰੂ ਗ੍ਰੰਥ ਸਾਹਿਬ, ਪੰਨਾ : 278)

ਜਦੋਂ ਮਨੁੱਖ ਦਾ ਮਨ ਰਾਜ, ਧਨ, ਭੂਮੀ, ਜੋਬਨ ਦਾ ਅਭਿਮਾਨ ਕਰ ਰਿਹਾ ਹੈ ਉਹ ਮਾਨੋ ਕੁੱਤੇ ਦੀ ਜੂਨ ’ਚ, ਨਰਕ ਵਿੱਚ ਪਿਆ ਹੈ।

7. ਗੁਰ ਮੰਤ੍ਰ ਹੀਣਸ੍ਹ ਜੋ ਪ੍ਰਾਣੀ ਧ੍ਰਿਗੰਤ ਜਨਮ ਭ੍ਰਸਟਣਹ।। ਕੂਕਰਹ ਸੂਕਰਹ ਗਰਧਭਹ ਕਾਕਹ ਸਰਪਨਹ ਤੁਲਿ ਖਲਹ।। (ਗੁਰੂ ਗ੍ਰੰਥ ਸਾਹਿਬ, ਪੰਨਾ : 1356)

ਜੋ ਮਨੁੱਖ ਸਤਿਗੁਰ (divine wisdom) ਅਨੁਸਾਰ ਨਹੀਂ ਜਿਊਂਦੇ, ਉਨ੍ਹਾਂ ਦਾ ਜੀਵਨ ਧ੍ਰਿਗਾਕਾਰ ਹੈ ਕਿਉਂਕਿ ਉਨ੍ਹਾਂ ਮਨੁੱਖਾਂ ਨੇ ਕੁੱਤਾ, ਸੂਰ, ਖੋਤਾ, ਕਾਂ, ਸੱਪ ਦੀ ਜੂਨ ਦੇ ਤੁੱਲ ਆਪਣਾ ਜੀਵਨ ਬਣਾ ਲਿਆ ਹੈ। ਉਨ੍ਹਾਂ ਨੇ ਆਪਣੀ ਮਨੁੱਖੀ ਜੂਨ (ਭ੍ਰਸ਼ਟਣਹਿ) ਆਪਣੇ ਅਚਾਰ ਤੋਂ ਡਿੱਗੀ ਹੋਈ ਪਤਿਤ, ਨੀਵੀਂ ਅਤੇ ਮੰਦੀ ਬਣਾ ਲਈ ਹੈ ਜੋ ਕਿ ਪਸ਼ੁਤਾ ਵਾਲੀ ਜੂਨ ਵਿਚ ਪੈਣ ਦੇ ਤੁੱਲ ਹੀ ਹੈ। ਇਹੀ ਮਨੁੱਖਤਾ ਦੇ ਤਲ ਤੋਂ ਪਸ਼ੂ ਪੰਛੀ ਦੇ ਤਲ ਤਕ ਡਿਗ ਪੈਣਾ ‘ਅਉਤਰਣ’ ਕਹਿਲਾਉਂਦਾ ਹੈ।

ਇਸ ਕਿਸਮ ਦੇ ਅਨੇਕ ਪ੍ਰਮਾਣਾਂ ਤੋਂ ਪਤਾ ਲਗਦਾ ਹੈ ਕਿ ਸੱਚ ਦੇ ਮਾਰਗ ਭਾਵ ‘ਸਤਿਗੁਰ’ ਤੋਂ ਵਿਹੂਣਾ ਮਨੁੱਖ ਦਾ ਜੀਵਨ ਇਨ੍ਹਾਂ ਜੂਨਾਂ ’ਚ ਪੈ ਜਾਣ ਦੇ ਤੁੱਲ ਹੈ। ਸੋ ਮਨੁੱਖ ਨੇ ਇਹ ਚੇਤੇ ਰੱਖਣਾ ਹੈ ਕਿ ‘‘ਉਹ ਮਨੁੱਖਾ ਜੀਵਨ ਜਿਊਂਦਿਆਂ ਕਿਹੜੀ-ਕਿਹੜੀ ਜੂਨ ਵਾਲੇ, ਕਰਮ ਕਰਦਾ ਰਹਿੰਦਾ ਹੈ। ਇਸ ਦੁਨੀਆ ’ਚ ਕਿਸੇ ਵੀ ਤਰੀਕੇ ਤੋਂ (ਅੰਡਜ, ਜੇਰਜ, ਸੇਤਜ, ਉਤਭੁਜ) ਕੋਈ ਵੀ ਜੂਨ ਹੈ, ਉਨ੍ਹਾਂ ਕੋਲ ਵਿਚਾਰਨ ਯੋਗ ਬੁੱਧੀ ਨਹੀਂ, ਇਸ ਕਰਕੇ ਉਹ ਪਸ਼ੂ ਪੰਛੀ ਆਪਣੇ ਸੁਭਾਅ ਦੇ ਬੱਧੇ ਹਨ ਪਰ ਮਨੁੱਖ ‘ਸਤਿਗੁਰ’ ਅਨੁਸਾਰ ਆਪਣੇ ਵਿਚਾਰ ਮੰਡਲ ਨੂੰ ਸੋਧ ਕੇ ਪਰਮਪਦ ਅਵਸਥਾ ਪ੍ਰਾਪਤ ਕਰ ਸਕਦਾ ਹੈ।’

ਗੁਰੂ ਗ੍ਰੰਥ ਸਾਹਿਬ ਜੀ ਦਾ ਅਸਲ ਮਕਸਦ ਕੇਵਲ ਸੱਚ ਦ੍ਰਿੜ ਕਰਵਾਉਣਾ ਹੀ ਹੈ। ਇਸ ਵਿਚ ਇਕ ਗੱਲ ਬਾਰੇ ਦੋ ਸਿਧਾਂਤ ਨਹੀਂ ਹਨ। ਇਹ ਗੱਲ ਵੱਖਰੀ ਹੈ ਕਿ ਸਿਧਾਂਤ ਨੂੰ ਨਾ ਸਮਝਣ ਕਾਰਨ ਅਸੀਂ ਅਰਥ ਸਮਝਣ ਵੇਲੇ ਟਪਲਾ ਖਾ ਜਾਂਦੇ ਹਾਂ ਪਰ ਗੁਰਬਾਣੀ ਦਾ ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ।। ਅਨੁਸਾਰ, ਇਕੋ ਹੀ ਸੁਨੇਹਾ ਹੈ। ਇਸ ਲਈ ਸਾਨੂੰ ਵਿਚਾਰਨਾ ਪਵੇਗਾ ਕਿ, “ਕਈ ਜਨਮ ਭਏ ਕੀਟ ਪਤੰਗਾ।।ਸ਼ਬਦ ਮਨੁੱਖ ਨੂੰ ਕਿਸ ਪੱਖੋਂ ਸੁਚੇਤ ਕਰਵਾ ਰਿਹਾ ਹੈ ਤੇ ਕੀ ਸੇਧ ਦਿੰਦਾ ਹੈ।

ਗਉੜੀ ਗੁਆਰੇਰੀ ਮਹਲਾ ।।

ਕਈ ਜਨਮ ਭਏ ਕੀਟ ਪਤੰਗਾ।। ਕਈ ਜਨਮ ਗਜ ਮੀਨ ਕੁਰੰਗਾ।। ਕਈ ਜਨਮ ਪੰਖੀ ਸਰਪ ਹੋਇਓ।। ਕਈ ਜਨਮ ਹੈਵਰ ਬ੍ਰਿਖ ਜੋਇਓ।।।। ਮਿਲੁ ਜਗਦੀਸ ਮਿਲਨ ਕੀ ਬਰੀਆ।। ਚਿਰੰਕਾਲ ਇਹ ਦੇਹ ਸੰਜਰੀਆ।।।।ਰਹਾਉ।। ਕਈ ਜਨਮ ਸੈਲ ਗਿਰਿ ਕਰਿਆ।। ਕਈ ਜਨਮ ਗਰਭ ਹਿਰਿ ਖਰਿਆ।। ਕਈ ਜਨਮ ਸਾਖ ਕਰਿ ਉਪਾਇਆ।। ਲਖ ਚਉਰਾਸੀਹ ਜੋਨਿ ਭ੍ਰਮਾਇਆ।।।। ਸਾਧਸੰਗਿ ਭਇਓ ਜਨਮੁ ਪਰਾਪਤਿ।। ਕਰਿ ਸੇਵਾ ਭਜੁ ਹਰਿ ਹਰਿ ਗੁਰਮਤਿ।। ਤਿਆਗਿ ਮਾਨੁ ਝੂਠੁ ਅਭਿਮਾਨੁ।। ਜੀਵਤ ਮਰਹਿ ਦਰਗਹ ਪਰਵਾਨੁ।।।। ਜੋ ਕਿਛੁ ਹੋਆ ਸੁ ਤੁਝ ਤੇ ਹੋਗੁ।। ਅਵਰੁ ਨ ਦੂਜਾ ਕਰਣੈ ਜੋਗੁ।। ਤਾ ਮਿਲੀਐ ਜਾ ਲੈਹਿ ਮਿਲਾਇ।। ਕਹੁ ਨਾਨਕ ਹਰਿ ਹਰਿ ਗੁਣ ਗਾਇ।।।।।।੭੨।। (ਗੁਰੂ ਗ੍ਰੰਥ ਸਾਹਿਬ, ਪੰਨਾ : 176)

ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਬਣਤਰ ਦੇ ਕੀਮਤੀ ਢੰਗ ਨੂੰ ਮੁਖ ਰਖਦਿਆਂ ਪਹਿਲੋਂ ‘ਰਹਾਉ’ ਦੀ ਪੰਕਤੀ ਅਤੇ ਫਿਰ ਬਾਕੀ ਪਦੇ ਵਿਚਾਰਨੇ ਬਣਦੇ ਹਨ।

ਪਦਾ ਰਹਾਉ :- ਮਿਲੁ ਜਗਦੀਸ ਮਿਲਨ ਕੀ ਬਰੀਆ।। ਚਿਰੰਕਾਲ ਇਹ ਦੇਹ ਸੰਜਰੀਆ।।੧।।

ਪਦ ਅਰਥ:- ਦੇਹ ਸੰਜਰੀਆਂ:- ਵਿਕਾਰਾਂ ਕਾਰਨ ਬਣਾਈ ਆਪਣੀ ਇਹ ਝੂਠੀ ਸ਼ਖਸੀਅਤ, ਮੰਦੇ ਕਰਮਾਂ ਦੀ ਸੰਜੋਈ ਹੋਈ ਦੇਹ।

ਭਾਵ ਅਰਥ :- ਜਦੋਂ ਸਤਿਗੁਰ (ਗਿਆਨ-ਗੁਰੂ) ਰਾਹੀਂ ਮਨ ਨੂੰ ਸਮਝ ਪੈਂਦੀ ਹੈ ਕਿ ਮੈਂ ਆਪਣੀ ਝੂਠੀ ਸ਼ਖ਼ਸੀਅਤ ਕਾਰਨ ਵਿਕਾਰਾਂ ਹੱਥੀਂ ਲੁੱਟਿਆ ਜਾ ਰਿਹਾ ਹਾਂ ਤਾਂ ਉਹ ਆਪਣੇ ਅਚੇਤ ਮਨ ਨੂੰ ਸਮਝਾਉਂਦਾ ਹੈ ਕਿ ਤੈਨੂੰ ਜਗਦੀਸ਼ (ਪ੍ਰਮਾਤਮਾ) ਨਾਲ ਮਿਲਣ ਦਾ ਅਵਸਰ, ਮੌਕਾ ਪ੍ਰਾਪਤ ਹੋਇਆ ਹੈ। ਐ ਮਨ, ਸਤਿਗੁਰ ਅੱਗੇ ਆਪਣਾ ਆਪਾ ਸਮਰਪਣ ਕਰ ਕੇ ਆਪਣੀ ਬੁੱਧੀ ਨੂੰ ਬਿਬੇਕ ਬੁੱਧੀ ਬਣਾ ਲੈ। ਸੋ ਇਸ ਅਵਸਰ ਦਾ ਪੂਰਾ ਲਾਹਾ ਪ੍ਰਾਪਤ ਕਰ ਲੈ। ਚਿਰੰਕਾਲ ਜਾਂ ਚਿਰ ਦਾ ਅਰਥ ‘ਬਹੁਤ ਸਮਾਂ ਲਿਆ ਜਾਂਦਾ ਹੈ।’ਮਨੁੱਖ ਆਪਣੇ ਜੀਵਨ ਵਿਚ ਵਿਕਾਰਾਂ ਹਥੀਂ ਆਤਮਕ ਤੌਰ ’ਤੇ ਮਰਦਾ ਜੰਮਦਾ ਰਹਿੰਦਾ ਹੈ ਤੇ ਮਨੁੱਖ ਦੇ ਜੀਵਨ ਦਾ ਸਮਾਂ ਇਸੇ ਤਰੀਕੇ ਨਾਲ ਲੰਘਦਾ ਜਾਂਦਾ ਹੈ। ਇਹੋ ਸਮਾਂ ਵਿਅਰਥ ਲੰਘਣਾ, ਚਿਰ ਭਇਆ, ਚਿਰੰਕਾਲ ਕਹਿਲਾਉਂਦਾ ਹੈ ਤੇ ਇਸੇ ਨੂੰ “ਬਹੁਤ ਜਨਮ ਬਿਛੁਰੇ ਥੇ ਮਾਧਉ” ਵੀ ਕਹਿੰਦੇ ਹਨ। “ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ” ਅਨੁਸਾਰ ਦੁਰਮਤ ਵਾਲੀ ਜੀਵਨੀ ਕਾਰਨ ਮਨੁੱਖ ਰੱਬ ਜੀ ਤੋਂ ‘ਦੂਰ’ ਤੇ ਗੁਰਮਤ ਵਾਲੀ ਜੀਵਨੀ ਸਦਕਾ ‘ਨੇੜੇ’ ਹੁੰਦਾ ਹੈ। “ਕਿਰਤਿ ਕਰਮ ਕੇ ਵੀਛੁੜੇ” ਵੀ ਮਨੁੱਖ ਆਪਣੀ ‘ਆਤਮਕ ਮੌਤ’ ਕਾਰਨ ਹੀ ਹੁੰਦਾ ਹੈ ਕਿਉਂਕਿ ਮਨੁੱਖ ਰੱਬੀ ਇਕਮਿਕਤਾ ਤੋਂ ਟੁਟਿਆ ਰਹਿੰਦਾ ਹੈ। ਸਤਿਗੁਰ ਅਨੁਸਾਰ ਜੀਵਨੀ ਜਿਊਣ ਨਾਲ “ਮਿਲੁ ਜਗਦੀਸ ਮਿਲਨ ਕੀ ਬਰੀਆ” ਦੀ ਆਤਮਕ ਅਵਸਥਾ ਕੋਈ ਵੀ ਮਨੁੱਖ ਮਾਣ ਸਕਦਾ ਹੈ। ਇਹ ਚੇਤੇ ਰੱਖਣਾ ਹੈ ਕਿ ਸਾਰੇ ਮਨੁੱਖ ਰੱਬੀ ਮਿਲਣ ਦੀ ਅਵਸਥਾ ਮਾਣ ਸਕਦੇ ਹਨ, ਬਸ਼ਰਤੇ ਕਿ ਉਹ ਆਪਣੀ ਮਤ ਤਿਆਗ ਕੇ ਸਤਿਗੁਰ ਅਨੁਸਾਰ ਜੀਵਨੀ ਜਿਊਣ।

ਪੰਚਮ ਪਾਤਸ਼ਾਹ ਸਾਨੂੰ ਸਾਰੇ ਮਨੁੱਖਾਂ ਨੂੰ ਸਮਝਾਉਣ ਲਈ ਮਨ ਨੂੰ ਮੁਖਾਤਿਬ ਕਰ ਕੇ ਕਹਿ ਰਹੇ ਹਨ ਕਿ ਐ ਮੇਰੇ ਮਨ ! ਹੁਣ ਤੇ ਸਮਝ, ਐਸੀਆਂ ਜੂਨਾਂ ਵਾਲੇ ਕਰਮ ਛਡ। ਤੈਨੂੰ ਇਹ ਜੀਵਨ ਰੱਬੀ ਗੁਣ ਜਿਊਣ ਲਈ ਪ੍ਰਾਪਤ ਹੋਇਆ ਹੈ ਤਾਂ ਕਿ ਤੂੰ ਰੱਬੀ ਇਕਮਿਕਤਾ ਮਾਣ ਸਕੇਂ। “ਮਿਲ ਜਗਦੀਸ਼ ਮਿਲਣ ਕੀ ਬਰੀਆ” ਭਾਵ ਗਿਆਨ-ਗੁਰੂ ਮਿਲ ਪਿਆ ਹੈ, ਇਹ ਸਮਾਂ ਨਾ ਗੰਵਾ।

ਪਦਾ ਪਹਿਲਾ:- ਕਈ ਜਨਮ ਭਏ ਕੀਟ..... ਹੈਵਰ ਬ੍ਰਿਖ ਜੋਇਓ।।।।

ਐ ਮੇਰੇ ਮਨ ਵਿਚਾਰ, ਤੂੰ ਮਨੁੱਖ ਹੋ ਕੇ ਕਦੀ ਕੀੜੇ ਵਾਂਗੂੰ ਕਰਮ ਕਰਨ ਲਗ ਪੈਂਦਾ ਹੈ, ਕਦੀ ਪਤੰਗੇ ਵਾਂਗ ਭਰਮਾ ਕੇ ਆਪਣਾ ਆਪ ਸਾੜ ਲੈਂਦਾ ਹੈ, ਕਦੀ ਕਾਮੀ ਹੋਕੇ ਹਾਥੀ ਹੋ ਜਾਂਦਾ ਹੈ, ਕਦੀ ਮੱਛੀ ਵਾਂਗ ਜੀਭ ਦੇ ਚਸਕੇ ਤੇ ਕਦੀ ਹਿਰਨ ਵਾਂਗ ਨਾਦ ਰੋਗ ’ਚ ਫਸ ਕੇ ਮਰਦਾ ਰਹਿੰਦਾ ਹੈਂ। ਕਦੀ ਪੰਖੀ ਬਣ ਕੇ ਦਸਾਂ ਦਿਸ਼ਾਵਾਂ ’ਚ ਭਟਕਦਾ ਰਹਿੰਦਾ ਹੈ ਤੇ ਕਦੀ ਸੱਪ ਵਾਂਗੂੰ ਜ਼ਹਿਰ ਘੋਲਦਾ ਤੇ ਹੋਰਨਾ ਨੂੰ ਡੰਗ ਮਾਰਦਾ ਰਹਿੰਦਾ ਹੈ। ਕਦੀ ਘੋੜੇ (ਹੈਵਰ) ਵਾਂਗ, ਤੇ ਕਦੀ ਬ੍ਰਿਖ (ਬਲਦ) ਵਾਂਗ ਚੌਵੀ ਘੰਟੇ ਜੋਇਆ (ਜੁੜਿਆ, ਜੁਤਿਆ) ਰਹਿੰਦਾ ਹੈਂ।

ਪਦਾ ਦੂਜਾ:- ਕਈ ਜਨਮ ਸੈਲ .... ਜੋਨਿ ਭਮਾਇਆ।।੨।।

ਹੇ ਮੇਰੇ ਮਨ, ਵਿਚਾਰ ਕਿ ਕਦੀ ਤੇਰਾ ਹਿਰਦਾ ਪੱਥਰ (ਸੈਲ) ਵਾਂਗ ਕਠੋਰ ਹੋ ਜਾਂਦਾ ਹੈ, ਕਦੀ ਆਕੜ ਵਿਚ ਪਹਾੜ (ਗਿਰਿ) ਵਾਂਗ ਹੰਕਾਰਿਆ ਰਹਿੰਦਾ ਹੈ, ਨਿਮਰਤਾ ’ਚ ਨਹੀਂ ਰਹਿੰਦਾ।

ਕਦੀ ਤੂੰ ਇਸਤਰੀ ਦੇ ਕੱਚੇ ਗਰਭ ਵਾਂਗ ਕਈ ਕਾਰਨਾਂ ਤੋਂ ਆਤਮਕ ਤੌਰ ’ਤੇ ਡਿੱਗ ਪੈਂਦਾ ਹੈ ਭਾਵ ਤੂੰ ਕੁਮਤ ਰੂਪੀ ਮਾਤਾ ਅਤੇ ਅਸੰਤੋਖੀ ਪਿਤਾ ਕਾਰਨ ਆਤਮਕ ਜਨਮ ਲੈ ਹੀ ਨਹੀਂ ਸਕਦਾ। ਕਦੀ ਤੂੰ ਸ਼ਾਖ ਵਾਂਗੂੰ ਕਮਜ਼ੋਰ ਹੋ ਕੇ ਡਰਦਾ ਰਹਿੰਦਾ ਹੈਂ ਤੇ ਕੁਮਲਾ ਜਾਂਦਾ ਹੈ। ਇਸੇ ਤਰ੍ਹਾਂ ਤੂੰ ਆਤਮਕ ਤੌਰ ’ਤੇ ਕਮਜ਼ੋਰ ਹੋਣ ਕਾਰਨ ਮਨੁੱਖਾ ਜਨਮ ਤਾਂ ਸੰਵਾਰ ਨਹੀਂ ਸਕਿਆ ਪਰ ਹੋਰ ਜੂਨੀਆਂ ਵਿਚ ਭਟਕਦਾ ਰਹਿੰਦਾ ਹੈਂ।

ਐ ਮਨੁੱਖ, ਜੇ ਤੂੰ ਅਸਲ ਮਾਇਨੇ ’ਚ ‘ਮਨੁਖਾ ਜਨਮ’, ‘ਮਨੁੱਖਤਾ ਦੀ ਟੀਸੀ’, ਪਰਮਪਦ, ਨਿਰਵਾਣ ਪਦ, ਜੀਵਨ ਮੁਕਤ ਅਵਸਥਾ, ਭਾਵ ਇਨਸਾਨੀਅਤ ਭਰਪੂਰ ਜੀਵਨ ਜਿਊਣਾ ਚਾਹੁੰਦਾ ਹੈ ਤਾਂ “ਸਤਿਗੁਰ ਕੈ ਜਨਮੈ ਗਵਨ ਮਿਟਾਇਆ” ਭਾਵ ਸਤਿਗੁਰ (ਗਿਆਨ-ਗੁਰੂ) ਦੇ ਘਰ ਜਨਮ ਲੈ। ਕੇਵਲ ਸਰੀਰ ਕਰਕੇ ਮਾਂ ਪਿਓ ਰਾਹੀਂ ਜਨਮ ਲੈ ਕੇ, ਆਪਣੀ ਖੁਦਗਰਜ਼ੀ ਕਾਰਨ ਦੁਨਿਆਵੀ ਸੁੱਖਾਂ ਵਿਚ ਖਚਤ ਰਹਿਣਾ ਅਤੇ ਵਿਕਾਰਾਂ ਵਸ ਅਨੇਕ ਜੂਨੀਆਂ ਵਿਚ ਭਟਕਦੇ ਰਹਿਣਾ ਹੀ ਮਨੁੱਖਾ ਜੀਵਨ ਦਾ ਮਕਸਦ ਨਹੀਂ ਬਲਕਿ ‘ਐ ਮਨੁੱਖ, ਸਤਿਗੁਰ ਦੇ ਘਰ ਜਨਮ ਲੈ ਭਾਵ ਸੱਚ ਦੇ ਗਿਆਨ (divine wisdom - universal truth) ਰਾਹੀਂ ਜੀਵਨ ਜੀਅ ਤਾ ਕਿ ਤੈਨੂੰ ਉੱਚੀ ਆਤਮਕ ਅਵਸਥਾ ਵਾਲਾ ਅਸਲੀ ਮਨੁੱਖਾ ਜਨਮ (ਦੁਰਲਭ ਦੇਹ ਵਾਲਾ) ਪ੍ਰਾਪਤ ਹੋ ਸਕੇ।

ਪਦਾ ਤੀਜਾ:- ਸਾਧਸੰਗਿ ਭਇਓ ਜਨਮੁ.......... ਮਰਹਿ ਦਰਗਹ ਪਰਵਾਨੁ।।੩।।

ਐ ਮੇਰੇ ਮਨ, ਆਤਮਕ ਜਨਮ ਸਤਿਗੁਰ ਦੇ ਸੰਗ ਨਾਲ ਪ੍ਰਾਪਤ ਹੁੰਦਾ ਹੈ। ਮਨੁੱਖ ਦੀ ਸੁਰਤ ਦਾ ਸੰਗ ਗਿਆਨ-ਗੁਰੂ (ਸਤਿਗੁਰ) ਨਾਲ ਹੁੰਦਾ ਹੈ, ਇਸਨੂੰ ਸਤਸੰਗਤ ਕਹਿੰਦੇ ਹਨ। ਸਤਿਗੁਰ (ਗਿਆਨ-ਗੁਰੂ) ਮਨੁੱਖ ਦਾ ਧਿਆਨ ਉਸ ਦੇ ਮੈਲੇ ਮਨ ਵਲ ਪੁਆਉਂਦਾ ਹੈ, ਜਿਸ ਰਾਹੀਂ ਮਨੁੱਖ ਦੀ ਸੁਰਤ ਘੜੀ ਜਾਂਦੀ ਹੈ। ਸੱਚ ਦੀ ਸੰਗਤ ਨਾਲ ਮਨੁੱਖ ਆਪਣੀਆਂ ਮਾੜੀਆਂ ਕਰਤੂਤਾਂ ਤੋਂ ਛੁੱਟ ਕੇ ਅਸਲੀਅਤ ’ਚ ਮਨੁੱਖਾ ਜਨਮ ਪ੍ਰਾਪਤ ਕਰ ਲੈਂਦਾ ਹੈ। ਸਤਿਗੁਰ ਰਾਹੀਂ ਅਮਲੀ ਜੀਵਨੀ ਜਿੳੂਣਾ ਹੀ ਸੇਵਾ ਦਾ ਲਖਾਇਕ ਹੈ। ਅਜਿਹੀ ਜੀਵਨੀ ਜਿਊਂਦਿਆਂ ਮਨੁੱਖ ਝੂਠਾ ਮਾਨ, ਹੰਕਾਰ ਛੱਡਦਾ ਜਾਂਦਾ ਹੈ। ਪਸ਼ੂ ਵਾਲੀਆਂ ਕਰਤੂਤਾਂ ਤੋਂ ਉੱਪਰ ਉੱਠ ਕੇ ਮਨੁੱਖਤਾ ਭਰਪੂਰ ਜੀਵਨੀ ਪ੍ਰਾਪਤ ਕਰਨ ਲਈ ਝੂਠੇ ਮਾਨ ਅਭਿਮਾਨ ਵਿਚ ਖਚਤ ਮਨ ਦੀ ਮੈਲ ਮਿਟਾ ਕੇ ਮਾਨਸ ਦੇਹੀ ਪ੍ਰਾਪਤ ਕਰ ਲੈਂਦਾ ਹੈ। ਗੁਰ ਸੇਵਾ ਤੇ ਭਗਤਿ ਕਮਾਈ ਤਬ ਇਹ ਮਾਨਸ ਦੇਹੀ ਪਾਈ। ਐਸੀ ਜੀਵਨੀ ਹੀ ਜੀਵਤ ਮਰਹਿ ਦੀ ਲਖਾਇਕ ਹੈ।

ਪਦਾ ਚਉਥਾ:- ਜੋ ਕਿਛੁ ਹੋਆ... ਹਰਿ ਹਰਿ ਗੁਣ ਗਾਇ।।੪।।

ਐ ਮੇਰੇ ਮਨ, ਸਤਿਗੁਰ ਅਨੁਸਾਰ ਜੀਵਨੀ ਜਿਊ ਕੇ ਨਵਾਂ ਜਨਮ (ਭਇਓ ਜਨਮ ਪ੍ਰਾਪਤ) ਲੈ ਕੇ ਤੂੰ ਝੂਠੇ ਮਾਣ, ਹੰਕਾਰ ਤੋਂ ਛੁਟ ਚੁਕਾ ਹੋਵੇਂਗਾ। ਸੋ ਤੂੰ ਇਹ ਵੀ ਮਾਣ ਨਹੀਂ ਕਰ ਸਕੇਂਗਾ ਕਿ ਮੈਨੂੰ ਇਹ ਸਰੀਰਕ ਜਨਮ, ਮੇਰੇ ਕੀਤੇ ਕਰਮਾਂ ਕਾਂਡਾਂ ਜਾਂ ਮੇਰੇ ਅਖੌਤੀ ਪਿਛਲੇ ਜਨਮਾਂ ਦੇ ਭਾਗ, ਕਿਸਮਤ ਜਾਂ ਕਰਮਾਂ ਕਰਕੇ ਪ੍ਰਾਪਤ ਹੋਇਆ ਹੈ। ਐ ਮੇਰੇ ਮਨ, ਤੂੰ ਨਿਮਰਤਾ ਵਿਚ ਆਖਣ ਲਗ ਜਾਏਂਗਾ ਕਿ “ਅਸਾ ਜੋਰੁ ਨਾਹੀ ਜੇ ਕਿਛੁ ਕਰਿ ਹਮ ਸਾਕਹ ਜਿਉ ਭਾਵੈ ਤਿਵੈ ਬਖਸਿ।।“ (ਗੁਰੂ ਗ੍ਰੰਥ ਸਾਹਿਬ, ਪੰਨਾ : 736) ਭਾਵ ਰੱਬ ਜੀ ‘ਕਰਣ-ਕਾਰਨ’ ਹਨ, ਕੋਈ ਹੋਰ ਦੂਜੀ ਤਾਕਤ ਹੈ ਹੀ ਨਹੀਂ, ਜੋ ਉੱਪਰਲੇ ਪਦਿਆਂ ਵਿਚ ਵਿਚਾਰੀਆਂ ਜੂਨੀਆਂ ਵਾਲੇ ਕਰਮਾਂ ਤੋਂ, ਕਰਤੂਤਾਂ ਤੋਂ ਮਨੁੱਖ ਨੂੰ ਛੁਡਾਵੇ ਅਤੇ ਪਰਮਪਦ ਦਿਵਾਵੇ। ਮਨੁੱਖ ‘ਸਦ ਜੀਵਣ’ (ਮੁਕਤ ਅਵਸਥਾ) ’ਚ ਰਹਿੰਦਾ ਹੈ ਕਿਉਂਕਿ ਰੱਬੀ ਗੁਣਾਂ ਅਨੁਸਾਰ ਗੁਣਾਂ ਭਰਪੂਰ ਜੀਵਨੀ ਜਿਊਣੀ ਹੀ “ਹਰਿ ਹਰਿ ਗੁਣ ਗਾਇ” ਦਾ ਲਖਾਇਕ ਹੁੰਦੀ ਹੈ।

ਸੋ ਇਸ ਸ਼ਬਦ ਨਾਲ ਰਲਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਇਸੇ ਰਾਗ ’ਚ ਅਗਲੇ ਪਿਛਲੇ ਸ਼ਬਦਾਂ ਨੂੰ ਵਿਚਾਰ ਕੇ ਵੇਖੀਏ ਤਾਂ 176-177 ਪੰਨੇ ’ਤੇ ਦੋ ਸ਼ਬਦ ਹਨ ‘ਕਰਮ ਭੂਮਿ ਮਹਿ ਬੋਅਹੁ ਨਾਮੁ’ ਅਤੇ ‘ਕਿਉ ਭ੍ਰਮੀਐ ਭ੍ਰਮੁ ਕਿਸ ਕਾ ਹੋਈ’ - ਇਨ੍ਹਾਂ ਦੋਵੇਂ ਸ਼ਬਦਾਂ ਰਾਹੀਂ ਵੀ ਮਨੁੱਖ ਦੇ ਮਨ ਨੂੰ ਸਮਝਾਇਆ ਹੈ ਕਿ ਤੂੰ ਨਾ ਭਟਕ, ਨਾ ਭ੍ਰਮ, ਨਾ ਗਵਨ ’ਚ ਪੈ, ਸਤਿਗੁਰ (ਸੱਚ ਦੇ ਗਿਆਨ, divine wisdom) ਅੱਗੇ ਆਪਣੇ ਆਪ ਨੂੰ ਸਮਰਪਣ ਕਰ ਦੇ ਤੇ ਆਪਣੇ ਇਸ ਜੀਵਨ ’ਚ ਰੱਬੀ ਗੁਣ ਰੂਪੀ ਬੀਜ’ ਬੋਅ ਤਾ ਕਿ ਮਨੁੱਖਾ ਜਨਮ ’ਚ ਜਿਊਂਦੇ ਜੀਅ ਹੋਰਨਾਂ ਜੂਨੀਆਂ ਦੇ ਕਰਮਾਂ ’ਚ ਭਟਕਣਾ ਨਾ ਪਵੇ।

ਆਓ ਹੁਣ ਵਿਚਾਰੀਏ ਕਿ ਕਿਵੇਂ ਮਨੁੱਖ ਅੰਦਰ ਸਾਰੀਆਂ ਜੂਨੀਆਂ ਦੇ ਕਰਮਾਂ ਵਾਲੀ ਬਿਰਤੀ ਹੈ ? ਕਿਵੇਂ ਮਨੁੱਖ ਸਰੀਰਕ ਜਨਮ ਪ੍ਰਾਪਤ ਕਰਕੇ ਵੀ ਜਿਊਂਦੇ ਜੀਅ ਹੋਰ ਜੂਨੀਆਂ ਵਾਲੀ ਬਿਰਤੀ ’ਚ ਭਟਕਦਾ ਰਹਿੰਦਾ ਹੈ ਅਤੇ ਸਤਿਗੁਰ (ਗਿਆਨ-ਗੁਰੂ) ਅੱਗੇ ਸਮਰਪਣ ਕਰਕੇ ਮਨੁੱਖ ਦੀ ਸੋਚ ਵਿਚ ਕੀ-ਕੀ ਤਬਦੀਲੀ ਆਉਂਦੀ ਹੈ।

ਇਹ ਵਿਚਾਰਨਯੋਗ ਨੁਕਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿਚ ਅਨੇਕ ਪ੍ਰਮਾਣ ਹਨ ਜਿਨ੍ਹਾਂ ਤੋਂ ਪਤਾ ਲਗਦਾ ਹੈ ਕਿ ਇਸ ਸ੍ਰਿਸ਼ਟੀ ’ਚ ਜੋ ਕੁਝ ਵੀ ਹੈ ਉਹ ਸਭ ਕੁਝ ਰੱਬੀ ਕਿਰਤ ਹੈ। ਇਸ ਕਰਕੇ ਮਨੁੱਖਾ ਜੂਨ ਤੋਂ ਇਲਾਵਾ ਜੋ ਵੀ ਬੇਅੰਤ ਜੂਨੀਆਂ ਬਾਰੇ ਅਸੀਂ ਵੇਖਦੇ, ਪੜਦੇ ਸੁਣਦੇ ਹਾਂ, ਉਨ੍ਹਾਂ ਦੀਆਂ ਮਾੜੀਆਂ ਕਰਤੂਤਾਂ ਤੋਂ ਮਨੁੱਖ ਨੂੰ ਸੁਚੇਤ ਕੀਤਾ ਗਿਆ ਹੈ। ਉਨ੍ਹਾਂ ਦੇ ਚੰਗੇ ਗੁਣਾਂ ਨੂੰ ਧਾਰਨ ਕਰਣ ਲਈ ਮਨੁੱਖ ਨੂੰ ਪ੍ਰੇਰਿਆ ਵੀ ਗਿਆ ਹੈ ਕਿ ਉਨ੍ਹਾਂ ਦਾ ਚੰਗਾ ਗੁਣ ਧਾਰਨ ਕਰ। ਇਹ ਵੀ ਚੇਤੇ ਰਖਣਾ ਹੈ ਕਿ ਮਨੁੱਖ ਤੋਂ ਇਲਾਵਾ ਬਾਕੀ ਜੂਨੀਆਂ ਕੋਲ ਅਕਲ (ਬਿਬੇਕਤਾ, ਵਿਚਾਰਨ ਯੋਗ ਬੁਧੀ) ਨਹੀਂ ਹੈ ਇਸ ਕਰਕੇ ਉਨ੍ਹਾਂ ਨੂੰ ਆਪਣੇ ਸੁਭਾਅ ਅਨੁਸਾਰ ਹੀ ਕਰਮ ਕਰਨੇ ਪੈਂਦੇ ਹਨ। ਅਸੀਂ ਉਨ੍ਹਾਂ ਦੇ ਕਰਮਾਂ ਨੂੰ ਨਿੰਦ ਨਹੀਂ ਸਕਦੇ, ਪਰ ਮਨੁੱਖ ਨੇ ਉਨ੍ਹਾਂ ਦੇ ਚੰਗੇ ਮੰਦੇ ਕਰਮਾਂ ਦੀ ਵਿਚਾਰ ਕਰਕੇ ਆਪਣਾ ਜੀਵਨ ਰੱਬੀ ਗੁਣਾਂ ਵਾਲਾ ਬਣਾਉਣਾ ਹੈ ਤਾ ਕਿ ਮਨੁੱਖ ਨੂੰ, ਆਤਮਕ ਉੱਚਤਾ ਵਾਲਾ ਨਵਾਂ ਜਨਮ (ਮਰਨ ਮਗਰੋਂ ਨਹੀਂ) ਇਸੇ ਸਰੀਰਕ ਜੀਵਨ ਵਿਚ ਹੀ ਪ੍ਰਾਪਤ ਹੋ ਜਾਵੇ। ਇਸੇ ਨੂੰ ਪਰਮਪਦ, ਆਤਮਕ ਉੱਚਾ ਜੀਵਨ, ਉਰਧਕਮਲ ਬਿਗਾਸ, ਜੀਵਨ ਮੁਕਤ, ਨਿਰਵਾਨ ਪਦ ਕਹਿੰਦੇ ਹਨ ਅਤੇ ਇਹੋ ਹੀ ਗੁਰਮੁਖੀ ਜੀਵਨੀ ਕਹਿਲਾਉਂਦੀ ਹੈ।

ਆਓ ਹੁਣ ਇਸੇ ਵਿਸ਼ੇ ਨੂੰ ਸਮਝਣ ਲਈ ਸੁਖਮਨੀ ਸਾਹਿਬ ਦੀਆਂ ਇਨ੍ਹਾਂ ਪੰਕਤੀਆਂ ਨੂੰ ਵਿਚਾਰੀਏ :-

ਬੈਰ ਬਿਰੋਧ ਕਾਮ ਕੋ੍ਰਧ ਮੋਹ।। ਝੂਠ ਬਿਕਾਰ ਮਹਾ ਲੋਭ ਧ੍ਰੋਹ।। ਇਆਹੂ ਜੁਗਤਿ ਬਿਹਾਨੇ ਕਈ ਜਨਮ।। ਨਾਨਕ ਰਾਖਿ ਲੇਹੁ ਆਪਨ ਕਰਿ ਕਰਮ।। (ਗੁਰੂ ਗ੍ਰੰਥ ਸਾਹਿਬ, ਪੰਨਾ : 267)

ਰੱਬ ਜੀ ਨੂੰ ਵਿਸਾਰ ਕੇ ਮਨੁੱਖ ਰੋਜ਼-ਰੋਜ਼, ਵੈਰ, ਵਿਰੋਧ, ਕਾਮ, ਕੋ੍ਰਧ, ਝੂਠ, ਵਿਕਾਰ, ਲੋਭ, ਈਰਖਾ, ਮੋਹ ਵਿਚ ਫਸ ਕੇ ਆਪਣੇ ਜੀਵਨ ਦਾ ਵਡਮੁਲਾ ਸਮਾਂ ਜਾਇਆ ਕਰ ਰਿਹਾ ਹੈ। ਇਸ ਤਰੀਕੇ ਨਾਲ ਜੀਵਨ ਜਿਊਂਦਿਆਂ ਮਾਨੋ ਕਈ ਜਨਮ ਬੀਤ ਗਏ ਹਨ। ਹੁਣ ਮੈਨੂੰ ਸੁਮਤ ਬਖ਼ਸ਼ੋ, ਰੱਖ ਲਵੋ, ਆਪਣੀ ਬਖ਼ਸ਼ਿਸ਼ ਕਰ ਕੇ ਵਿਕਾਰਾਂ ਦੇ ਭਵਜਲ ਵਿਚ ਡੁੱਬਣ ਤੋਂ ਬਚਾ ਲਵੋ।

ਆਸਾ ਸ੍ਰੀ ਕਬੀਰ ਜੀਊ।। ਫੀਲੁ ਰਬਾਬੀ ਬਲਦੁ ਪਖਾਵਜ ਕਊਆ ਤਾਲ ਬਜਾਵੈ।। ਪਹਿਰਿ ਚੋਲਨਾ ਗਦਹਾ ਨਾਚੈ ਭੈਸਾ ਭਗਤਿ ਕਰਾਵੈ।।੧।। ਰਾਜਾ ਰਾਮ ਕਕਰੀ ਆਬਰੇ ਪਕਾਏ।। ਕਿਨੈ ਬੂਝਨਹਾਰੇ ਖਾਏ।।੧।।ਰਹਾਉ।। ਬੈਠਿ ਸਿੰਘੁ ਘਰਿ ਪਾਨ ਲਗਾਵੈ ਘੀਸ ਗਲਉਰੇ ਲਿਆਵੈ।। ਘਰਿ ਘਰਿ ਮੁਸਰੀ ਮੰਗਲੁ ਗਾਵਹਿ ਕਛੂਆ ਸੰਖੁ ਬਜਾਵੈ।।੨।। ਬੰਸ ਕੋ ਪੂਤੁ ਬੀਆਹਨ ਚਲਿਆ ਸੁਇਨੇ ਮੰਡਪ ਛਾਏ।। ਰੂਪ ਕੰਨਿਆ ਸੁੰਦਰਿ ਬੇਧੀ ਸਸੈ ਸਿੰਘ ਗੁਨ ਗਾਏ।।੩।। ਕਹਤ ਕਬੀਰ ਸੁਨਹੁ ਰੇ ਸੰਤਹੁ ਕੀਟੀ ਪਰਬਤੁ ਖਾਇਆ।। ਕਛੁਆ ਕਹੈ ਅੰਗਾਰ ਭਿ ਲੋਰਉ ਲੂਕੀ ਸਬਦੁ ਸੁਨਾਇਆ।।੪।।੬।। (ਗੁਰੂ ਗ੍ਰੰਥ ਸਾਹਿਬ, ਪੰਨਾ : 477)

ਇਹ ਲੇਖ ਵੀਰ ਭਪਿੰਦਰ ਸਿੰਘ ਜੀ ਦੀ ਦੁਆਰ ਰਚਿਤ “ਪੁਸਤਕ ‘ਜੀਵਨ ਮੁਕਤ’ ਵਿੱਚੋਂ ਲਿਆ ਗਿਆ ਹੈ। ਵਧੇਰੀ ਜਾਣਕਾਰੀ ਲਈ ਪਾਠਕ ਸੱਜਣ www.thelivingtreasure.org ਤੇ ਲੋਗੋਨ ਕਰਨ ਜੀ।




.