.

ਗੁਰਦੁਆਰਾ

ਸਤਿੰਦਰਜੀਤ ਸਿੰਘ

‘ਗੁਰਦੁਆਰਾ’ ਜਿਸਦਾ ਭਾਵ ਹੈ ‘ਗੁਰੂ ਦਾ ਦਰ’, ‘ਗੁਰੂ ਦਾ ਘਰ’। ਜੇਕਰ ‘ਗੁਰਦੁਆਰੇ’ ਨੂੰ ‘ਸਿੱਖਾਂ ਦਾ ਸਕੂਲ’ ਕਿਹਾ ਜਾਵੇ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ। ‘ਸਕੂਲ’ ਉਹ ਥਾਂ ਹੁੰਦੀ ਹੈ ਜਿੱਥੇ ਜਾ ਕੇ ਅਸੀਂ ਦੁਨਿਆਵੀ ਆਚਾਰ-ਵਿਹਾਰ ਸਿੱਖਦੇ ਹਾਂ, ਇਸ ਤਰ੍ਹਾਂ ‘ਗੁਰਦੁਆਰਾ’ ਉਹ ਸਕੂਲ ਹੈ ਜਿੱਥੇ ਅਸੀਂ ਧਰਮ ਕਮਾਉਣ ਦੀ ਜਾਚ ਸਿੱਖਦੇ ਹਾਂ, ਮਾਨਵਤਾ ਵਿੱਚ ਰਚਣ ਦਾ ਤਰੀਕਾ ਸਿੱਖਦੇ ਹਾਂ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ, “ਗੁਰੂ ਨਾਨਕ ਸਾਹਿਬ ਤੋਂ ਗੁਰੂ ਅਰਜਨ ਸਾਹਿਬ ਤੱਕ ਇਸਦਾ ਨਾਮ ‘ਧਰਮਸ਼ਾਲਾ’ ਵੀ ਰਿਹਾ ਹੈ।” ‘ਧਰਮਸ਼ਾਲਾ’ ਦਾ ਭਾਵ ਹੈ ‘ਧਰਮ ਕਮਾਉਣ ਦਾ ਸਥਾਨ’। ਗੁਰੂ ਨਾਨਕ ਸਾਹਿਬ ਤਾਂ ਸਮੁੱਚੀ ਧਰਤੀ ਨੂੰ ‘ਧਰਮਸਾਲ’ ਕਹਿੰਦੇ ਹਨ:

ਰਾਤੀ ਰੁਤੀ ਥਿਤੀ ਵਾਰ ॥ ਪਵਣ ਪਾਣੀ ਅਗਨੀ ਪਾਤਾਲ ॥

ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ {ਪੰਨਾ 7}

ਪਰ ਅੱਜ ਦੇ ਸਮੇਂ ‘ਗੁਰਦੁਆਰੇ’ ਦੇ ਅਰਥ ਬਦਲ ਰਹੇ ਹਨ। ਹੁਣ ਗੁਰਦੁਆਰੇ ਧਰਮ ਕਮਾਉਣ ਦੀ ਥਾਂ ਨਹੀਂ ਬਲਕਿ ਪੈਸਾ ਕਮਾਉਣ ਦੀ ਥਾਂ ਬਣ ਗਏ ਹਨ, ਗੋਲਕ ‘ਤੇ ਕਬਜ਼ੇ ਦੀ ਲੜਾਈ ਹੈ। ਚੌਧਰ ਦੀ ਭੁੱਖ ਨੇ ਗੁਰਦੁਆਰੇ ਅੰਦਰ ਹੀ ਸਿੱਖਾਂ ਦੀਆਂ ਪੱਗਾਂ ਲੁਹਾ ਦਿੱਤੀਆਂ। ਆਮ ਲੋਕਾਂ ਲਈ ਗੁਰਦੁਆਰੇ ਘੁੰਮਣ-ਫਿਰਨ ਦਾ ਸਥਾਨ ਬਣਨ ਲੱਗੇ ਹਨ। ਬਹੁਤ ਹੀ ਸ਼ਾਨਾਮੱਤੇ ਇਤਿਹਾਸ ਨੂੰ ਸੰਭਾਲੀ ਬੈਠੇ ਉਹ ‘ਸਥਾਨ’ ਜੋ ਲਾ-ਮਿਸਾਲ ਸ਼ਹਾਦਤਾਂ ਦੇ ਗਵਾਹ ਹਨ ਅਤੇ ਜਿੰਨ੍ਹਾਂ ਨੂੰ ‘ਇਤਿਹਾਸਿਕ ਗੁਰਦੁਆਰੇ’ ਦਾ ਰੂਪ ਦਿੱਤਾ ਗਿਆ, ਵੀ ਹੁਣ ਮਹਿਜ਼ ਸੈਰ-ਸਪਾਟੇ ਦਾ ਸਥਾਨ ਬਣਦੇ ਜਾ ਰਹੇ ਹਨ। ਬਦਲ ਰਹੀਆਂ ਪ੍ਰਸਥਿਤੀਆਂ ਨੇ ਸਿੱਖ ਮਾਨਸਿਕਤਾ ਨੂੰ ਬਦਲ ਕੇ ਰੱਖ ਦਿੱਤਾ ਹੈ, ਇਤਿਹਾਸਿਕ ਗੁਰਦੁਆਰਿਆਂ ‘ਤੇ ਜਾ ਕੇ ਸ਼ਹਾਦਤਾਂ ਲਈ ਹੈਰਾਨੀ ਨਹੀਂ ਹੁੰਦੀ ਸਗੋਂ ਸੰਗਮਰਮਰ ਦੀ ਚਮਕ ਅਤੇ ਆਧੁਨਿਕ ਭਵਨ-ਨਿਰਮਾਣ ਕਲਾ ਦੇ ਨਮੂਨੇ ਹੈਰਾਨੀ ਦਾ ਕਾਰਨ ਬਣਦੇ ਹਨ। ‘ਕਾਰ-ਸੇਵਾ’ ਦੇ ਨਾਮ ਹੇਠ ਜਿੱਥੇ ਯਾਦਗਾਰਾਂ ਨੂੰ ਆਧੁਨਿਕ ਅਤੇ ‘ਬਣਾਉਟੀ’ ਰੂਪ ਦੇ ਦਿੱਤਾ ਗਿਆ ਹੈ ਉੱਥੇ ਹੀ ਅਖੌਤੀ ਸਾਧਾਂ ਨੇ ਲੋਕਾਂ ਨੂੰ ਇਤਿਹਾਸ ਦੀ ਬਜਾਏ ਬਣਾਉਟੀ ਕਥਾ ਕਹਾਣੀਆਂ ਪਰੋਸ ਕੇ ਸੋਚ ਨੂੰ ਖੋਖਲਾ ਬਣਾ ਦਿੱਤਾ ਹੈ। ਅਖੌਤੀ ਸਾਧਾਂ ਵੱਲੋਂ ਸੁਣਾਈਆਂ ਜਾਂਦੀਆਂ ਕਹਾਣੀਆਂ ਜਿੱਥੇ ਸਿੱਖ ਸਿਧਾਂਤ ਨੂੰ ਮਲੂਆਮੇਟ ਕਰ ਰਹੀਆਂ ਹਨ, ਉੱਥੇ ਹੀ ਲੋਕਾਂ ਨੂੰ ਵੀ ਚਮਤਕਾਰਾਂ ਦੇ ਪੁਜਾਰੀ ਅਤੇ ਅੰਧਵਿਸ਼ਵਾਸ਼ੀ ਬਣਾ ਰਹੀਆਂ ਹਨ। ਹੁਣ ਸ਼ਹੀਦੀ ਜੋੜ-ਮੇਲੇ ਮਹਿਜ਼ ਮੇਲੇ ਦਾ ਰੂਪ ਧਾਰਨ ਕਰ ਚੁੱਕੇ ਹਨ। ਗੁਰਦੁਆਰਿਆਂ ਦੀ ਹਦੂਦ ਅੰਦਰ ਅਤੇ ਬਾਹਰ ਲਗਦੀਆਂ ਦੁਕਾਨਾਂ ਨੇ ਭੀੜ ਨੂੰ ਖਿੱਚ ਲਿਆ ਹੈ। ਬੱਚਿਆਂ ਦੇ ਖਿਡੌਣਿਆਂ ਤੋਂ ਲੈ ਕੇ ਬਣਾਉਟੀ ਹਾਰ-ਸ਼ਿੰਗਾਰ ਦਾ ਸਭ ਸਮਾਨ ਇਤਿਹਾਸਿਕ ਗੁਰਦੁਆਰਿਆਂ ਦੀ ਚਾਰਦੀਵਾਰੀ ਦੇ ਅੰਦਰ ਅਤੇ ਬਾਹਰ ਖਾਸ ਤੌਰ ‘ਤੇ ਲੱਗਦੀਆਂ ਦੁਕਾਨਾਂ ‘ਤੇ ਮੌਜੂਦ ਹੈ। ਲੋਕ ਹੁਣ ਇਤਿਹਾਸ ਨੂੰ ਸੁਣ ਕੇ ਉਸ ਤੋਂ ਸੇਧ ਲੈਣ ਨਹੀਂ ਬਲਕਿ ‘ਜਲ’ ਦੀਆਂ ਕੇਨੀਆਂ ਲੈਣ ਜਾਂ ਫਿਰ ਬੱਚਿਆਂ ਲਈ ਖਿਡੌਣੇ ਆਦਿਕ ਲੈਣ ਜਾਂਦੇ ਹਨ। ਬੀਬੀਆਂ ਜਿੱਥੇ ਚੂੜੀਆਂ ਅਤੇ ਇਸ ਤਰ੍ਹਾਂ ਦਾ ਹੋਰ ਸਮਾਨ ਖਰੀਦਣ ਦੀ ਕਾਹਲੀ ਵਿੱਚ ਹੁੰਦੀਆਂ ਹਨ ਉੱਥੇ ਹੀ ਭਾਈ ਖੂੰਡੇ, ਟਕੂਏ ਵਗੈਰਾ ਭਾਲਦੇ ਦਿਖਾਈ ਦਿੰਦੇ ਹਨ। ਨਵੀਂ ਪੀੜ੍ਹੀ ਦੀ ਤਾਂ ਗੱਲ ਹੀ ਛੱਡੋ। ਬਹੁਤ ਸ਼ਰਮ ਨਾਲ ਕਹਿਣ ਪੈ ਰਿਹਾ ਹੈ ਕਿ ਨਵੀਂ ਪੀੜ੍ਹੀ ਇਸ਼ਕ ਦੀ ਲਾਲਸਾ ਪੂਰੀ ਕਰਨ ਲਈ ਗੇੜੇ ਕੱਢਦੀ ਹੈ। ਮੱਸਿਆ,ਪੁੰਨਿਆ ਦੇ ਮੌਕੇ ਤਾਂ ਸਾਧਾਂ ਦੇ ਨਾਲ-ਨਾਲ ਬੱਸਾਂ, ਟੈਂਪੂਆਂ ਵਾਲਿਆਂ ਅਤੇ ਦੁਕਾਨਾਂ ਵਾਲਿਆਂ ਦੀ ‘ਚਾਂਦੀ’ ਹੀ ਹੁੰਦੀ ਹੈ। ਧੱਕਾ-ਮੁੱਕੀ ਹੁੰਦੇ ਲੋਕ ਗੁਰਦੁਆਰੇ ਮੱਸਿਆ-ਪੁੰਨਿਆ ਨਹਾਉਣ ਦੇ ਬਹਾਨੇ ਜਿੱਥੇ ਅੰਧ-ਵਿਸ਼ਵਾਸ਼ ਨਾਲ ਲਿਬੜੀ ਸ਼ਰਧਾ ਨੂੰ ਪੂਰਾ ਕਰਨ ਜਾਂਦੇ ਹਨ ਉੱਥੇ ਹੀ ਚੂੜੀਆਂ,ਖੂੰਡੇ ਜਾਂ ਖਿਡੌਣੇ ਸਸਤੇ ਭਾਲ ਲਿਆਉਂਦੇ ਹਨ। ਰਹੀ-ਸਹੀ ਗੱਲ ਲੰਗਰ ਵਿੱਚ ਬਣੀ ਖੀਰ ਖਾ ਕੇ ‘ਯਾਤਰਾ’ ਸਫਲ ਹੋ ਜਾਂਦੀ ਹੈ। ਚਾਹ ਨਾਲ ਮਿਲਦੇ ਪਕੌੜੇ ਤਾਂ ‘ਸੋਨੇ ‘ਤੇ ਸੁਹਾਗੇ’ ਵਾਲਾ ਕੰਮ ਹੋ ਜਾਂਦਾ ਹੈ। ਅਗਲੇ ਹੀ ਦਿਨ ਲੋਕ ਕਿਸੇ ਹੋਰ ‘ਦਰ’ ‘ਤੇ ਝੋਲੀ ਅੱਡੀ ਖੜ੍ਹੇ ਹੁੰਦੇ ਹਨ,ਕਿਉਂਕਿ ਜਿੱਥੇ ‘ਕਬਰਾਂ’ ਵੀ ਵਰ ਦਿੰਦੀਆਂ ਹੋਣ ਉੱਥੇ ਇਕੱਠ ਹੋਣਾ ਤਾਂ ਸੁਭਾਵਿਕ ਹੈ। ਖੁੰਭਾਂ ਵਾਂਗ ਬਣੇ ਡੇਰੇ ਅਤੇ ਕਬਰਾਂ ਦੀਆਂ ਕਰਾਮਾਤਾਂ ਨਾਲ ਭਰੀਆਂ ਕਹਾਣੀਆਂ ਨੇ ਲੋਕਾਂ ਦੀ ਭੀੜ ਨੂੰ ਆਪਣੇ ਵੱਲ ਖਿੱਚ ਲਿਆ। ਗੁਰਦੁਆਰਿਆਂ ਵਿੱਚ ਤਾਂ ਲੋਕ ਬੱਸ ਖਾਨਾ-ਪੂਰਤੀ ਕਰਨ ਹੀ ਜਾਂਦੇ ਹਨ, ਉਹਨਾਂ ਦੀ ਤਸੱਲੀ ਤਾਂ ਠੇਕੇਦਾਰ ਬਣੇ ਸਾਧ ਜਾਂ ਕਿਸੇ ਕਬਰ ਦੇ ਮਾਲਕ ਕੋਲ ਜਾ ਕੇ ਹੀ ਹੁੰਦੀ ਹੈ। ਗੁਰੂ ਸਾਹਿਬ ਕਹਿੰਦੇ ਹਨ ਕਿ ਜਿਸ ਮਨੁੱਖ ਦਾ ਸਤਿਗੁਰੂ ਤੇ ਭਰੋਸਾ ਨਹੀਂ ਬਣਿਆ ਉਸ ਨੂੰ ਕਦੇ ਸੁੱਖ ਨਹੀਂ ਮਿਲਦਾ, ਉਹ ਭਾਵੇਂ ਗੁਰਦੁਆਰੇ ਸੈਂਕੜੇ ਗੇੜੇ ਮਾਰੀ ਜਾਵੇ:

ਸਤਿਗੁਰ ਕੀ ਪਰਤੀਤਿ ਨ ਆਈਆ ਸਬਦਿ ਨ ਲਾਗੋ ਭਾਉ ॥

ਓਸ ਨੋ ਸੁਖੁ ਨ ਉਪਜੈ ਭਾਵੈ ਸਉ ਗੇੜਾ ਆਵਉ ਜਾਉ ॥

ਨਾਨਕ ਗੁਰਮੁਖਿ ਸਹਜਿ ਮਿਲੈ ਸਚੇ ਸਿਉ ਲਿਵ ਲਾਉ ॥੧॥

{ ਸਲੋਕੁ ਮਃ ੩, ਪੰਨਾ 591}

ਪਰ ਇਸ ਸਿੱਖਿਆ ਨਾਲ ਲੋਕਾਂ ਦਾ ਵਾਸਤਾ ਹੀ ਨਹੀਂ। ਉਹ ਤਾਂ ਬੱਸ ਸਰੋਵਰ ਵਿੱਚ ਨਹਾ ਕੇ, ਗੋਲਕ ਵਿੱਚ ਪੈਸੇ ਪਾ ਲੰਗਰ ਰਾਹੀਂ ਹੁੰਦੇ ਹੋਏ ਬਾਹਰ ਲੱਗੀਆਂ ਦੁਕਾਨਾਂ ‘ਤੇ ਆ ਕੇ ਯਾਤਰਾ ਸਫਲ ਸਮਝਦੇ ਹਨ। ਦੁੱਖ-ਦਰਦ ਦੂਰ ਕਰਨ ਲਈ ਤਾਂ ਉਹ ‘ਸੱਚੇ ਗੁਰੂ’ ਦੀ ਬਜਾਏ ਕੱਚੇ ਪਿੱਲਿਆਂ ਪਿੱਛੇ ਭੱਜੇ ਫਿਰਦੇ ਹਨ। ਗੁਰੂ ਸਾਹਿਬ ਸਮਝਾਉਂਦੇ ਹਨ ਕਿ ਉਹੀ ਮਨੁੱਖ ਪਵਿੱਤਰ ਹੈ ਜਿਹੜਾ ਉਸ ਪਰਮਾਤਮਾ ਨੂੰ ਚੰਗਾ ਲੱਗਦਾ ਹੈ। ਜੇ ਮਨੁੱਖ ਦਾ ਮਨ ਅੰਦਰੋਂ ਵਿਕਾਰਾਂ ਨਾਲ ਭਰਿਆ ਹੋਇਆ ਹੈ ਤਾਂ ਬਾਹਰੋਂ ਕੇਵਲ ਸਰੀਰ ਨੂੰ ਤੀਰਥ ਸਥਾਨਾਂ ‘ਤੇ ਇਸ਼ਨਾਨ ਕਰਾਇਆਂ ਅੰਦਰੋਂ ਸ਼ੁੱਧ ਨਹੀਂ ਹੋ ਸਕਦਾ।

ਭਾਂਡਾ ਹਛਾ ਸੋਇ ਜੋ ਤਿਸੁ ਭਾਵਸੀ ॥

ਭਾਂਡਾ ਅਤਿ ਮਲੀਣੁ ਧੋਤਾ ਹਛਾ ਨ ਹੋਇਸੀ ॥

ਗੁਰੂ ਸਾਹਿਬ ਸਮਝਾਂਉਂਦੇ ਹਨ ਕਿ ਜੇ ਗੁਰੂ ਦੇ ਦਰ ਤੇ ਸੱਚੇ ਮਨ ਨਾਲ ਆਈਏ ਤਾਂ ਹੀ ਹਿਰਦੇ ਨੂੰ ਪਵਿੱਤਰ ਕਰਨ ਦੀ ਅਕਲ ਮਿਲਦੀ ਹੈ। ਗੁਰੂ ਦੇ ਦਰ ਤੇ ਰਹਿ ਕੇ ਹੀ ਵਿਕਾਰਾਂ ਦੀ ਮੈਲ ਧੋਤਿਆਂ ਹਿਰਦਾ ਪਵਿੱਤਰ ਹੁੰਦਾ ਹੈ। ਜੇ ਗੁਰੂ ਦੇ ਦਰ ਤੇ ਟਿਕੀਏ ਤਾਂ ਪਰਮਾਤਮਾ ਆਪ ਹੀ ਇਹ ਸਮਝ ਬਖ਼ਸ਼ਦਾ ਹੈ ਕਿ ਅਸੀ ਚੰਗੇ ਹਾਂ ਜਾਂ ਮੰਦੇ।

ਗੁਰੂ ਦੁਆਰੈ ਹੋਇ ਸੋਝੀ ਪਾਇਸੀ ॥ ਏਤੁ ਦੁਆਰੈ ਧੋਇ ਹਛਾ ਹੋਇਸੀ ॥

ਮੈਲੇ ਹਛੇ ਕਾ ਵੀਚਾਰੁ ਆਪਿ ਵਰਤਾਇਸੀ ॥ ਮਤੁ ਕੋ ਜਾਣੈ ਜਾਇ ਅਗੈ ਪਾਇਸੀ ॥

ਗੁਰੂ ਸਾਹਿਬ ਕਹਿੰਦੇ ਹਨ ਕਿ ਜੇ ਇਸ ਮਨੁੱਖਾ ਜੀਵਨ ਸਮੇਂ ਗੁਰੂ ਦਾ ਆਸਰਾ ਨਹੀਂ ਲਿਆ ਤਾਂ ਕੋਈ ਇਹ ਨਾਹ ਸਮਝੇ ਇੱਥੋਂ ਖ਼ਾਲੀ-ਹੱਥ ਜਾ ਕੇ ਕਿਸੇ ਸਵਰਗ ਵਿੱਚ ਜੀਵਨ ਪਵਿੱਤਰ ਕਰਨ ਦੀ ਸੂਝ ਮਿਲੇਗੀ। ਮਨੁੱਖ ਜਿਸ ਤਰ੍ਹਾਂ ਦੇ ਕਰਮ ਕਰਦਾ ਹੈ, ਉਹ ਉਸ ਤਰ੍ਹਾਂ ਦਾ ਹੀ ਬਣ ਜਾਂਦਾ ਹੈ। ਜੋ ਮਨੁੱਖ ਗੁਰੂ ਦੇ ਦਰ ‘ਤੇ ਡਿੱਗਦਾ ਹੈ ਉਸ ਨੂੰ ਆਤਮਕ ਜੀਵਨ ਦੇਣ ਵਾਲਾ ਆਪਣਾ ਨਾਮ ਆਪ ਬਖ਼ਸ਼ਦਾ ਹੈ ਅਤੇ ਜਿਸਨੂੰ ਇਹ ਦਾਤ ਮਿਲ ਜਾਂਧੀ ਹੈ ਉਹ ਜੀਵਨ ਨੂੰ ਸਫਲ ਬਣਾ ਕੇ ਮਾਣ ਖੱਟਦਾ ਹੈ:

ਜੇਹੇ ਕਰਮ ਕਮਾਇ ਤੇਹਾ ਹੋਇਸੀ ॥

ਅੰਮ੍ਰਿਤੁ ਹਰਿ ਕਾ ਨਾਉ ਆਪਿ ਵਰਤਾਇਸੀ ॥

ਚਲਿਆ ਪਤਿ ਸਿਉ ਜਨਮੁ ਸਵਾਰਿ ਵਾਜਾ ਵਾਇਸੀ ॥

ਮਾਣਸੁ ਕਿਆ ਵੇਚਾਰਾ ਤਿਹੁ ਲੋਕ ਸੁਣਾਇਸੀ ॥

ਨਾਨਕ ਆਪਿ ਨਿਹਾਲ ਸਭਿ ਕੁਲ ਤਾਰਸੀ ॥੧॥੪॥੬॥

{ ਸੂਹੀ ਮਹਲਾ ੧, ਪੰਨਾ 730}

ਗੁਰਬਾਣੀ ਤੋਂ ਅਸੀਂ ਸਮਝ ਸਕਦੇ ਹਾਂ ਕਿ ਜਦ ਤੱਕ ਮਨੁੱਖ ਦਾ ਮਨ ਗੁਰੂ ਦੇ ਸ਼ਬਦ ਨਾਲ ਵਿੰਨਿਆ ਨਹੀਂ ਜਾਂਦਾ, ਤਦ ਤੱਕ ਗੁਰੂ ਦੇ ਦਰ ‘ਤੇ ਸੋਭਾ ਨਹੀਂ ਮਿਲਦੀ। ਜਿਹੜੇ ਲੋਕ ਇਹ ਸਮਝਦੇ ਹਨ ਕਿ ਬੱਸ ਮੱਥਾ ਟੇਕਣ ਨਾਲ ਹੀ ਸਭ ਪੂਰਾ ਹੋ ਗਿਆ ਅਤੇ ਸਾਰੀ ਉਮਰ ਝੂਠੇ ਹਾਰ-ਸ਼ਿੰਗਾਰਾਂ ‘ਤੇ ਹੀ ਲਗਾ ਦਿੱਤੀ ਪਰ ਮਨ ਦਾ ਸ਼ਿੰਗਾਰ ਉਸ ਪ੍ਰਮਾਤਮਾ ਦੇ ਸ਼ਬਦ ਨਾਲ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਤਾਂ ਅਜਿਹੇ ਮਨੁੱਖ ਦੇ ਸਾਰੇ ਸ਼ਿੰਗਾਰ ਵਿਅਰਥ ਚਲੇ ਜਾਂਦੇ ਹਨ ਕਿਉਂਕਿ ਪਦਾਰਥਾਂ ਨੂੰ ਭੋਗਣ ਵਾਲਾ ਸਰੀਰ ਤਾਂ ਅੰਤ ਸੁਆਹ ਹੋ ਜਾਂਦਾ ਹੈ। ਸਾਰੀਆਂ ਸਰੀਰਕ ਸਜਾਵਟਾਂ ਭੀ ਬੇ-ਕਾਰ ਹੀ ਜਾਂਦੀਆਂ ਹਨ। ਜਿੰਨ੍ਹਾਂ ਦਾ ਮਨ ਅੰਦਰ ਗੁਰੂ ਦਾ ਸ਼ਬਦ ਟਿਕ ਗਿਆ ਉਹ ਹੀ ਸਫਲ ਹੈ:

ਸਭਿ ਰਸ ਭੋਗਣ ਬਾਦਿ ਹਹਿ ਸਭਿ ਸੀਗਾਰ ਵਿਕਾਰ ॥

ਜਬ ਲਗੁ ਸਬਦਿ ਨ ਭੇਦੀਐ ਕਿਉ ਸੋਹੈ ਗੁਰਦੁਆਰਿ ॥

ਨਾਨਕ ਧੰਨੁ ਸੁਹਾਗਣੀ ਜਿਨ ਸਹ ਨਾਲਿ ਪਿਆਰੁ ॥੫॥੧੩॥ {ਪੰਨਾ 19}

ਗੁਰੂ ਦੇ ਦਰ ‘ਤੇ ਆਪੇ ਬਣੇ ਘੜੰਮ ਚੌਧਰੀ, ਲੋਕਾਂ ‘ਤੇ ਤਾਂ ਪ੍ਰਭਾਵ ਪਾ ਸਕਦੇ ਹਨ ਪਰ ਪਰਮਾਤਮਾ ਨੂੰ ਨਹੀਂ ਰਿਝਾਅ ਸਕਦੇ। ਸਵਾਰਥੀ ਲੋਕਾਂ ਦਾ ਗੁਰੂ ਦੇ ਦਰ ‘ਤੇ ਕੋਈ ਕੰਮ ਨਹੀਂ, ਉੱਥੇ ਤਾਂ ਗੁਰੂ ਦਾ ਸ਼ਬਦ ਸੁਣ, ਪੜ੍ਹ ਕੇ ਜੀਵਨ ਵਿੱਚ ਅਪਨਾਉਣ ਵਾਲੇ ਹੀ ਚੰਗੇ ਲਗਦੇ ਹਨ:

ਭਗਤ ਸੋਹਹਿ ਗੁਣ ਗਾਵਤੇ ਨਾਨਕ ਪ੍ਰਭ ਕੈ ਦੁਆਰ ॥੬॥ {ਪੰਨਾ 297}

ਉਪਰੋਕਤ ਗੁਰਬਾਣੀ ਪ੍ਰਮਾਣਾਂ ਤੋਂ ਸਪੱਸ਼ਟ ਹੈ ਕਿ ਗੁਰਦੁਆਰਾ ਕੋਈ ਘੁੰਮਣ-ਫਿਰਨ ਦੀ ਥਾਂ ਨਹੀਂ, ਉੱਥੇ ਜਾ ਕੇ ਤਾਂ ਜੀਵਨ ਨੂੰ ਪ੍ਰਮਾਤਮਾ ਦੇ ਰੰਗ ਵਿੱਚ ਢਾਲਣ ਦੀ ਕਲਾ ਸਿੱਖਣੀ ਹੁੰਦੀ ਹੈ, ਸਰਬੱਤ ਦੇ ਭਲੇ ਲਈ ਕਾਰਜਸ਼ੀਲ ਰਹਿਣ ਅਤੇ ਸਵਾਰਥਾਂ ਤੋਂ ਬਚਣ ਦਾ ਢੰਗ ਸਿੱਖਣਾ ਹੁੰਦਾ ਹੈ। ਅੱਜ ਜ਼ਰੂਰਤ ਹੈ ਨੌ-ਜੁਆਨ ਪੀੜ੍ਹੀ ਨੂੰ ਸਹੀ ਸੇਧ ਦੇਣ ਦੀ ਤਾਂ ਜੋ ਉਹ ਜ਼ਿੰਦਗੀ ਨੂੰ ਫਾਲਤੂ ਕੰਮਾਂ ਵਿੱਚ ਨਾ ਗੁਆਉਣ ਸਗੋਂ ਗੁਰੂ ਦੀ ਮੱਤ ਅਨੁਸਾਰ ਚੱਲਣ ਯੋਗ ਬਣਨ। ਹੀਰ-ਰਾਂਝੇ ਦੇ ਕਿੱਸੇ ਗਾਉਣ ਵਾਲਿਆਂ ਦੀ ਯਾਦ ਵਿੱਚ ਗੁਰਮਤਿ ਸਮਾਗਮ ਨਾ ਕਰ ਕੇ ਸਿੱਖ ਇਤਿਹਾਸ ਵਿੱਚ ਹੋਈਆਂ ਸ਼ਹਾਦਤਾਂ ਨੂੰ ਯਾਦ ਕੀਤਾ ਜਾਵੇ। ਲੋਕਾਂ ਨੂੰ ਅੰਧ-ਵਿਸ਼ਵਾਸ਼ ਵਿੱਚੋਂ ਕੱਢਣ ਲਈ ਚੰਗੇ ਗੁਰਮਤਿ ਪ੍ਰਚਾਰਕਾਂ ਨੂੰ ਗੁਰਦੁਆਰਿਆਂ ਵਿੱਚ ਸਮਾਗਮਾਂ ‘ਤੇ ਬੁਲਾਇਆ ਜਾਵੇ, ਜੋ ਸਹੀ ਗੱਲ ਲੋਕਾਂ ਨੂੰ ਦੱਸ ਸਕਣ, ਗੁਰੂ ਨਾਨਕ ਸਾਹਿਬ ਦੇ ਸਿਧਾਂਤ ਦੀ ਸਹੀ ਜਾਣਕਾਰੀ ਦੇ ਸਕਣ। ਮਹਿਜ਼ ਇਕੱਠ ਨੂੰ ਖਿੱਚਣ ਲਈ ‘ਤੇ ਆਪਣੀ-ਆਪਣੀ ਸੰਪ੍ਰਦਾ ਦੇ ਸਾਧਾਂ ਦੀਆਂ ਕਰਾਮਾਤਾਂ ਸੁਨਾਉਣ ਵਾਲੇ ਸਾਧਾਂ ਤੋਂ ਕਿਨਾਰਾ ਕੀਤਾ ਜਾਵੇ।

ਭੁੱਲ-ਚੁੱਕ ਦੀ ਖਿਮਾਂ,

ਸਤਿੰਦਰਜੀਤ ਸਿੰਘ।

ਮਿਤੀ: 23/03/2013




.