.

ਜਸਬੀਰ ਸਿੰਘ ਵੈਨਕੂਵਰ

ਗੁਰਬਾਣੀ ਵਿੱਚ ਧਰਮਰਾਜ ਦਾ ਸੰਕਲਪ

(ਭਾਗ ਚੌਥਾ)

ਪਿਛਲੇ ਅੰਕ `ਚ ਗੁਰਬਾਣੀ ਵਿੱਚ ਧਰਮਰਾਜ ਦੀ ਪਰਜਾ, ਧਰਮਰਾਜ ਦਾ ਲੇਖਾ, ਧਰਮਰਾਜ ਦੀ ਕਾਨ, ਧਰਮਰਾਜ ਦੀ ਸਜ਼ਾ, ਧਰਮਰਾਜ ਦੀ ਸਜ਼ਾ ਦਾ ਰੂਪ ਆਦਿ ਫ਼ਰਮਾਨਾਂ ਦੇ ਭਾਵ ਦੀ ਚਰਚਾ ਕੀਤੀ ਸੀ, ਇਸ ਭਾਗ ਵਿੱਚ ਧਰਮਰਾਜ ਨਾਲ ਸੰਬੰਧਤ ਕੁਛ ਹੋਰ ਸ਼ਬਦਾਂ ਦੇ ਭਾਵਾਰਥਾਂ ਦੀ ਚਰਚਾ ਕਰ ਰਹੇ ਹਾਂ।
ਧਰਮ ਰਾਇ ਕੀ ਬਾਕੀ: ‘ਧਰਮ ਰਾਇ ਕੀ ਬਾਕੀ’ ਤੋਂ ਭਾਵ ਹੈ ਕਿ ਜਿਹੜਾ ਮਨੁੱਖ ਸੱਚੀ ਜੀਵਨ-ਜੁਗਤ ਤੋਂ ਮੂੰਹ ਮੋੜ ਲੈਂਦਾ ਹੈ, ਉਹ ਕਈ ਤਰ੍ਹਾਂ ਦੀਆਂ ਕਮਜ਼ੋਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਇਹ ਕਮਜ਼ੋਰੀਆਂ ਮਨੁੱਖ ਨੂੰ ਆਤਮਕ ਤੌਰ `ਤੇ ਬਹੁਤ ਕਮਜ਼ੋਰ ਕਰ ਦੇਂਦੀਆਂ ਹਨ। ਸਿੱਟੇ ਵਜੋਂ ਮਨੁੱਖ ਦੇ ਜੀਵਨ `ਚ ਦੁੱਖਾਂ ਵਿੱਚ ਲਗਾਤਾਰ ਵਾਧਾ ਹੀ ਹੁੰਦਾ ਚਲਾ ਜਾਂਦਾ ਹੈ। ਇਹ ਦੁੱਖ ਮਾਨਸਕ ਕਲੇਸ਼ ਅਤੇ ਆਚਰਣਕ ਕਮਜ਼ੋਰੀਆਂ ਦੇ ਰੂਪ ਵਿੱਚ ਆਉਂਦੇ ਹਨ: ਪ੍ਰੇਤ ਪਿੰਜਰ ਮਹਿ ਦੂਖ ਘਨੇਰੇ॥ ਨਰਕਿ ਪਚਹਿ ਅਗਿਆਨ ਅੰਧੇਰੇ॥ ਧਰਮ ਰਾਇ ਕੀ ਬਾਕੀ ਲੀਜੈ ਜਿਨਿ ਹਰਿ ਕਾ ਨਾਮੁ ਵਿਸਾਰਾ ਹੇ॥ (ਪੰਨਾ 1029)
ਅਰਥ: (ਜੇਹੜੇ ਜੀਵ ਪ੍ਰਭੂ ਦਾ ਨਾਮ ਨਹੀਂ ਸਿਮਰਦੇ ਉਹ, ਮਾਨੋ, ਪ੍ਰੇਤ-ਜੂਨ ਹਨ। ਉਹਨਾਂ ਦੇ ਇਹ ਮਨੁੱਖਾ ਸਰੀਰ ਭੀ ਪ੍ਰੇਤਾਂ ਦੇ ਰਹਿਣ ਲਈ ਪਿੰਜਰ ਹੀ ਹਨ) ਇਹਨਾਂ ਪ੍ਰੇਤ-ਪਿੰਜਰਾਂ ਵਿੱਚ ਉਹ ਬੇਅੰਤ ਦੁੱਖ ਸਹਿੰਦੇ ਹਨ। ਅਗਿਆਨਤਾ ਦੇ ਹਨੇਰੇ ਵਿੱਚ ਪੈ ਕੇ ਉਹ (ਆਤਮਕ ਮੌਤ ਦੇ) ਨਰਕ ਵਿੱਚ ਖ਼ੁਆਰ ਹੁੰਦੇ ਹਨ। ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ ਹੈ (ਉਸ ਦੇ ਸਿਰ ਤੇ ਵਿਕਾਰਾਂ ਦਾ ਕਰਜ਼ਾ ਚੜ੍ਹਦਾ ਜਾਂਦਾ ਹੈ, ਉਹ ਮਨੁੱਖ ਧਰਮਰਾਜ ਦਾ ਕਰਜ਼ਾਈ ਹੋ ਜਾਂਦਾ ਹੈ) ਉਸ ਪਾਸੋਂ ਧਰਮਰਾਜ ਦੇ ਇਸ ਕਰਜ਼ੇ ਦੀ ਵਸੂਲੀ ਕੀਤੀ ਹੀ ਜਾਂਦੀ ਹੈ (ਭਾਵ, ਵਿਕਾਰਾਂ ਦੇ ਕਾਰਨ ਉਸ ਨੂੰ ਦੁੱਖ ਸਹਾਰਨੇ ਹੀ ਪੈਂਦੇ ਹਨ)।
ਇਸ ਭਾਵ ਨੂੰ ਨਿਮਨ ਲਿਖਤ ਫ਼ਰਮਾਨਾਂ ਵਿੱਚ ਹੋਰ ਵੀ ਸਪਸ਼ਟ ਰੂਪ ਵਿੱਚ ਦੇਖਿਆ ਜਾ ਸਕਦਾ ਹੈ:
(ੳ) ਬਹਤਰਿ ਘਰ ਇਕੁ ਪੁਰਖੁ ਸਮਾਇਆ ਉਨਿ ਦੀਆ ਨਾਮੁ ਲਿਖਾਈ॥ ਧਰਮ ਰਾਇ ਕਾ ਦਫਤਰੁ ਸੋਧਿਆ ਬਾਕੀ ਰਿਜਮ ਨ ਕਾਈ॥ (ਪੰਨਾ 793) ਅਰਥ: (ਮੈਂ ਆਪਣੇ ਗੁਰੂ ਅੱਗੇ ਪੁਕਾਰ ਕੀਤੀ ਤਾਂ) ਉਸ ਨੇ ਮੈਨੂੰ (ਉਸ ਪਰਮਾਤਮਾ ਦਾ) ਨਾਮ ਰਾਹਦਾਰੀ ਵਜੋਂ ਲਿਖ ਦਿੱਤਾ, ਜੋ ਬਹੱਤਰ-ਘਰੀ ਸਰੀਰ ਦੇ ਅੰਦਰ ਹੀ ਮੌਜੂਦ ਹੈ। (ਸਤਿਗੁਰੂ ਦੀ ਇਸ ਮਿਹਰ ਦਾ ਸਦਕਾ ਜਦੋਂ) ਧਰਮਰਾਜ ਦੇ ਦਫ਼ਤਰ ਦੀ ਪੜਤਾਲ ਕੀਤੀ ਤਾਂ ਮੇਰੇ ਜ਼ਿੰਮੇ ਰਤਾ ਭੀ ਦੇਣਾ ਨਾਹ ਨਿਕਲਿਆ ਭਾਵ, ਗੁਰੂ ਦੀ ਕਿਰਪਾ ਨਾਲ ਮੇਰੇ ਅੰਦਰੋਂ ਕੁਕਰਮਾਂ ਦਾ ਲੇਖਾ ਉੱਕਾ ਹੀ ਮੁੱਕ ਗਿਆ ਹੈ।
(ਅ) ਸਾਕਤ ਜਮ ਕੀ ਕਾਣਿ ਨ ਚੂਕੈ॥ ਜਮ ਕਾ ਡੰਡੁ ਨ ਕਬਹੂ ਮੂਕੈ॥ ਬਾਕੀ ਧਰਮ ਰਾਇ ਕੀ ਲੀਜੈ ਸਿਰਿ ਅਫਰਿਓ ਭਾਰੁ ਅਫਾਰਾ ਹੇ॥ 10॥ (ਪੰਨਾ 1030) ਅਰਥ: ਮਾਇਆ-ਵੇੜ੍ਹੇ ਜੀਵਾਂ ਦੇ ਅੰਦਰੋਂ ਜਮ ਦਾ ਡਰ ਦੂਰ ਨਹੀਂ ਹੁੰਦਾ, ਜਮ ਦੀ ਸਜ਼ਾ ਉਹਨਾਂ ਦੇ ਸਿਰ ਤੋਂ ਨਹੀਂ ਟਲਦੀ। ਅਹੰਕਾਰੀਆਂ ਦੇ ਸਿਰ ਉਤੇ (ਵਿਕਾਰਾਂ ਦਾ) ਅਸਹਿ ਭਾਰ ਟਿਕਿਆ ਰਹਿੰਦਾ ਹੈ (ਇਹ, ਮਾਨੋ, ਉਹਨਾਂ ਦੇ ਸਿਰ ਉਤੇ ਕਰਜ਼ਾ ਹੈ) ਧਰਮਰਾਜ ਦੇ ਇਸ ਕਰਜ਼ੇ ਦਾ ਲੇਖਾ ਉਹਨਾਂ ਪਾਸੋਂ ਲਿਆ ਹੀ ਜਾਂਦਾ ਹੈ।
ਭਾਵ, ਜਿਵੇਂ ਜਿਵੇਂ ਮਨੁੱਖ ਵਿਕਾਰਾਂ ਵਿੱਚ ਪ੍ਰਵਿਰਤ ਹੁੰਦਾ ਹੈ ਤਿਵੇਂ ਤਿਵੇਂ ਹੋਰ ਹੋਰ ਵਿਕਾਰਾਂ ਦੀ ਦਲਦਲ ਵਿੱਚ ਫਸਦਾ ਜਾਂਦਾ ਹੈ। ਸਿੱਟੇ ਵਜੋਂ ਮਨੁੱਖ ਦਾ ਜੀਵਨ ਨਰਕ ਬਣ ਜਾਂਦਾ ਹੈ। ਇਹ ਨਰਕੀ ਜੀਵਨ ਹੀ ਧਰਮਰਾਜ ਦੇ ਕਰਜ਼ੇ ਦਾ ਰੂਪ ਹੈ। ਇਹ ਨਰਕ ਮਰਨ ਮਗਰੋਂ ਨਹੀਂ ਬਲਕਿ ਇਸ ਜੀਵਨ ਵਿੱਚ ਹੀ ਮਨੁੱਖ ਨੂੰ ਭੋਗਣਾ ਪੈਂਦਾ ਹੈ। ਇਸ ਨਰਕ ਦਾ ਰੂਪ ਮਾਨਸਕ ਕਲੇਸ਼ ਅਤੇ ਅਚਰਣ ਕਮਜ਼ੋਰੀਆਂ ਹਨ।
ਕਰਜ਼ੇ ਵਾਲੇ ਭਾਵ ਅਥਵਾ ਸਰੂਪ ਨੂੰ ਗੁਰਬਾਣੀ ਵਿੱਚ ਇਉਂ ਵੀ ਦਰਸਾਇਆ ਹੈ:
(ੳ) ਮਨਮੁਖ ਕਰਜੁ ਚੜਿਆ ਬਿਖੁ ਭਾਰੀ ਉਤਰੈ ਸਬਦੁ ਵੀਚਾਰੇ॥ ਜਿਤਨੇ ਕਰਜ ਕਰਜ ਕੇ ਮੰਗੀਏ ਕਰਿ ਸੇਵਕ ਪਗਿ ਲਗਿ ਵਾਰੇ॥ (ਪੰਨਾ 981) ਅਰਥ: ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਦੇ ਸਿਰ ਉਤੇ ਆਤਮਕ ਮੌਤ ਲਿਆਉਣ ਵਾਲਾ (ਵਿਕਾਰਾਂ ਦਾ) ਕਰਜ਼ਾ ਚੜ੍ਹਿਆ ਰਹਿੰਦਾ ਹੈ, ਗੁਰੂ ਦੇ ਸ਼ਬਦ ਨੂੰ ਮਨ ਵਿੱਚ ਵਸਾਇਆਂ ਹੀ ਇਹ ਕਰਜ਼ਾ ਉਤਰਦਾ ਹੈ। (ਜਦੋਂ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਤਦੋਂ) ਕਰਜ਼ਾ ਮੰਗਣ ਵਾਲੇ ਇਹਨਾਂ ਸਾਰੇ ਹੀ ਜਮਦੂਤਾਂ ਨੂੰ (ਗੁਰ-ਸ਼ਬਦ ਦਾ ਆਸਰਾ ਲੈਣ ਵਾਲਿਆਂ ਦਾ) ਸੇਵਕ ਬਣਾ ਕੇ ਉਹਨਾਂ ਦੀ ਚਰਨੀਂ ਲਾ ਕੇ ਰੋਕ ਦਿੱਤਾ ਜਾਂਦਾ ਹੈ।
(ਅ) ਜੀਅ ਜੰਤ ਸੁਪ੍ਰਸੰਨ ਭਏ ਦੇਖਿ ਪ੍ਰਭ ਪਰਤਾਪ॥ ਕਰਜੁ ਉਤਾਰਿਆ ਸਤਿਗੁਰੂ ਕਰਿ ਆਹਰੁ ਆਪ॥ (ਪੰਨਾ 816) ਅਰਥ: ਹੇ ਭਾਈ! ਗੁਰੂ ਨੇ ਆਪ ਉੱਦਮ ਕਰ ਕੇ (ਜਿਸ ਜਿਸ ਜੀਵ ਨੂੰ ਗੁਰੂ-ਸ਼ਬਦ ਦੀ ਦਾਤ ਦੇ ਕੇ ਉਹਨਾਂ ਦੇ ਸਿਰ ਉੱਤੇ ਪਿਛਲੇ ਕੀਤੇ ਹੋਏ) ਵਿਕਾਰਾਂ ਦਾ ਭਾਰ ਲਾਹ ਦਿੱਤਾ, ਉਹ ਸਾਰੇ ਜੀਵ ਪਰਮਾਤਮਾ ਦੀ ਪ੍ਰਤੱਖ ਵਡਿਆਈ ਵੇਖ ਕੇ ਨਿਹਾਲ ਹੋ ਜਾਂਦੇ ਹਨ।)
ਤਿਉ ਮਥੇ ਧ੍ਰਮ ਰਾਇ: ‘ਤਿਉ ਮਥੇ ਧ੍ਰਮ ਰਾਇ’ ਦਾ ਭਾਵ ਹੈ ਕਿ ਕੁਕਰਮੀ ਮਨੁੱਖ ਹਮੇਸ਼ਾਂ ਦੁਖੀ ਰਹਿੰਦਾ ਹੈ। ਇਸ ਦੁੱਖ ਦਾ ਰੂਪ ਮਨੁੱਖੀ ਕਮਜ਼ੋਰੀਆਂ ਹਨ। ਇਹਨਾਂ ਕਮਜ਼ੋਰੀਆਂ ਦਾ ਸ਼ਿਕਾਰ ਮਨੁੱਖ ਕਦੀ ਵੀ ਆਤਮਕ ਤੌਰ `ਤੇ ਸੁਖੀ ਨਹੀਂ ਹੋ ਸਕਦਾ। ਇਹ ਗੱਲ ਵੀ ਧਿਆਨ ਯੋਗ ਹੈ ਕਿ ਗੁਰਬਾਣੀ ਵਿੱਚ ਸੁਖੀ ਜੀਵਨ ਤੋਂ ਭਾਵ ਐਸ਼-ਇਸ਼ਰਤ ਵਾਲੇ ਜੀਵਨ ਤੋਂ ਨਹੀਂ ਬਲਕਿ ਉੱਚੇ-ਸੁੱਚੇ ਆਚਰਣ ਅਤੇ ਆਤਮਕ ਅਨੰਦ ਤੋਂ ਹੈ: ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਇ॥ ਨਾਨਕ ਜਿਉ ਮਥਨਿ ਮਾਧਾਣੀਆ ਤਿਉ ਮਥੇ ਧ੍ਰਮ ਰਾਇ॥ (ਪੰਨਾ 1425) ਅਰਥ: ਹੇ ਭਾਈ! ਵਿਕਾਰੀ ਮਨੁੱਖ (ਵਿਕਾਰਾਂ ਦੇ) ਕੰਮ ਕਰਦੇ ਰਹਿੰਦੇ ਹਨ। ਹੇ ਨਾਨਕ! (ਵਿਕਾਰੀਆਂ ਨੂੰ) ਧਰਮਰਾਜ (ਹਰ ਵੇਲੇ) ਇਉਂ ਦੁਖੀ ਕਰਦਾ ਰਹਿੰਦਾ ਹੈ ਜਿਵੇਂ ਮਧਾਣੀਆਂ (ਦੁੱਧ) ਰਿੜਕਦੀਆਂ ਹਨ।
ਗਨੰਤ ਸ੍ਵਾਸਾ ਭੈਯਾਨ ਧਰਮੰ: ‘ਗਨੰਤ ਸ੍ਵਾਸਾ ਭੈਯਾਨ ਧਰਮੰ’ ਤੋਂ ਭਾਵ ਹੈ ਕਿ ਹਰੇਕ ਛਿਣ ਮਨੁੱਖ ਦੀ ਆਯੂ ਘਟਦੀ ਜਾ ਰਹੀ ਹੈ ਪਰ ਫਿਰ ਵੀ ਜਿਉਂ ਜਿਉਂ ਉਮਰ ਵਡੇਰੀ ਹੁੰਦੀ ਜਾ ਰਹੀ ਹੈ ਤਿਉਂ ਤਿਉਂ ਮਨੁੱਖ ਦੇ ਅੰਦਰ ਮਾਇਆ ਦਾ ਮੋਹ ਭੀ ਵਧਦਾ ਜਾਂਦਾ ਹੈ:
ਮਿਥ੍ਯ੍ਯੰਤ ਦੇਹੰ ਖੀਣੰਤ ਬਲਨੰ॥ ਬਰਧੰਤਿ ਜਰੂਆ ਹਿਤ੍ਯ੍ਯੰਤ ਮਾਇਆ॥ ਅਤ੍ਯ੍ਯੰਤ ਆਸਾ ਆਥਿਤ੍ਯ੍ਯ ਭਵਨੰ॥ ਗਨੰਤ ਸ੍ਵਾਸਾ ਭੈਯਾਨ ਧਰਮੰ॥ ਪਤੰਤਿ ਮੋਹ ਕੂਪ ਦੁਰਲਭ੍ਯ੍ਯ ਦੇਹੰ ਤਤ ਆਸ੍ਰਯੰ ਨਾਨਕ॥ ਗੋਬਿੰਦ ਗੋਬਿੰਦ ਗੋਬਿੰਦ ਗੋਪਾਲ ਕ੍ਰਿਪਾ॥ (ਪੰਨਾ 1353) ਅਰਥ: (ਇਹ) ਸਰੀਰ ਤਾਂ ਨਾਸਵੰਤ ਹੈ, (ਇਸ ਦਾ) ਬਲ ਭੀ ਘਟਦਾ ਰਹਿੰਦਾ ਹੈ। (ਪਰ ਜਿਉਂ ਜਿਉਂ) ਬੁਢੇਪਾ ਵਧਦਾ ਹੈ, ਮਾਇਆ ਦਾ ਮੋਹ ਭੀ (ਵਧਦਾ ਜਾਂਦਾ ਹੈ,) (ਪਦਾਰਥਾਂ ਦੀ) ਆਸਾ ਤੀਬਰ ਹੁੰਦੀ ਜਾਂਦੀ ਹੈ (ਉਂਞ ਜੀਵ ਇਥੇ) ਘਰ ਦੇ ਪਰਾਹੁਣੇ (ਵਾਂਗ) ਹੈ। ਡਰਾਉਣਾ ਧਰਮ ਰਾਜ (ਇਸ ਦੀ ਉਮਰ ਦੇ) ਸਾਹ ਗਿਣਦਾ ਰਹਿੰਦਾ ਹੈ। ਇਹ ਅਮੋਲਕ ਮਨੁੱਖਾ ਸਰੀਰ ਮੋਹ ਦੇ ਖੂਹ ਵਿੱਚ ਡਿੱਗਾ ਰਹਿੰਦਾ ਹੈ। ਹੇ ਨਾਨਕ! ਇੱਕ ਗੋਬਿੰਦ ਗੋਪਾਲ ਦੀ ਮੇਹਰ ਹੀ (ਬਚਾ ਸਕਦੀ ਹੈ), ਉਸੇ ਦਾ ਆਸਰਾ (ਲੈਣਾ ਚਾਹੀਦਾ ਹੈ)।
ਡੰਡੁ ਧਰਮ ਰਾਇ ਕਾ ਲਾਗਾ: ‘ਡੰਡੁ ਧਰਮ ਰਾਇ ਕਾ ਲਾਗਾ’ ਦਾ ਭਾਵਾਰਥ ਹੈ ਕਿ ਜਦੋਂ ਕੋਈ ਪ੍ਰਾਣੀ ਸੱਚ ਤੋਂ ਮੂੰਹ ਮੋੜ ਲੈਂਦਾ ਹੈ ਤਾਂ ਉਹ ਕਈ ਤਰ੍ਹਾਂ ਦੀਆਂ ਕਮਜ਼ੋਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਇਹਨਾਂ ਕਮਜ਼ੋਰੀਆਂ ਦਾ ਗ਼ੁਲਾਮ ਹੋ ਕੇ ਮਨੁੱਖ ਆਪਣੀ ਸੁਤੰਤਰਾ ਗਵਾ ਬਹਿੰਦਾ ਹੈ। ਵਿਕਾਰਾਂ ਦਾ ਗ਼ੁਲਾਮ ਮਨੁੱਖ ਹਮੇਸ਼ਾਂ ਹੀ ਵਿਕਾਰਾਂ ਦੀ ਗੰਦਗੀ ਵਿੱਚ ਮੂੰਹ ਮਾਰਦਾ ਰਹਿੰਦਾ ਹੈ ਪਰ ਤ੍ਰਿਪਤੀ ਫਿਰ ਵੀ ਨਹੀਂ ਹੁੰਦੀ। ਇਸ ਕਾਰਨ ਮਨ ਵਿੱਚ ਸਦਾ ਹੀ ਅਤ੍ਰਿਪਤੀ ਅਤੇ ਅਸੰਤੁਸ਼ਟੀ ਵਾਲਾ ਭਾਵ ਬਣਿਆ ਰਹਿੰਦਾ ਹੈ: ਮਨਮੁਖੁ ਰੰਗੁ ਕਸੁੰਭੁ ਹੈ ਕਚੂਆ ਜਿਉ ਕੁਸਮ ਚਾਰਿ ਦਿਨ ਚਾਗਾ॥ ਖਿਨ ਮਹਿ ਬਿਨਸਿ ਜਾਇ ਪਰਤਾਪੈ ਡੰਡੁ ਧਰਮ ਰਾਇ ਕਾ ਲਾਗਾ॥ (ਪੰਨਾ 985) ਅਰਥ: ਹੇ ਭਾਈ! ਜਿਹੜਾ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ, ਉਹ ਕੱਚੇ ਰੰਗ ਵਾਲਾ ਕਸੁੰਭਾ ਹੀ ਹੈ, ਕਸੁੰਭੇ ਦੇ ਫੁੱਲ ਦਾ ਰੰਗ ਚਾਰ ਦਿਨ ਹੀ ਚੰਗਾ ਰਹਿੰਦਾ ਹੈ। (ਉਸ ਦੇ ਅੰਦਰੋਂ ਸੁਖ ਇੱਕ ਖਿਨ ਵਿੱਚ ਹੀ ਨਾਸ ਹੋ ਜਾਂਦਾ ਹੈ, ਉਹ (ਸਦਾ) ਦੁਖੀ ਰਹਿੰਦਾ ਹੈ, ਸਿਰ ਉੱਤੇ ਧਰਮਰਾਜ ਦਾ ਡੰਡਾ ਕਾਇਮ ਰਹਿੰਦਾ ਹੈ।
ਧਰਮ ਰਾਇ ਕੈ ਜਾਂਹੀ: ‘ਧਰਮ ਰਾਇ ਕੈ ਜਾਂਹੀ’ ਤੋਂ ਭਾਵ ਹੈ ਕਿ ਰਸਮੀ ਧਰਮ-ਕਰਮ ਕਰਨ ਨਾਲ ਮਨੁੱਖ ਦੈਵੀ ਸੰਪਤੀ ਦਾ ਮਾਲਕ ਨਹੀਂ ਬਣ ਸਕਦਾ ਹੈ। ਇਸ ਸੰਪਤੀ ਤੋਂ ਵਿਹੂਣਾ ਮਨੁੱਖ ਆਤਮਕ ਮੌਤ ਦਾ ਸ਼ਿਕਾਰ ਹੋਇਆ ਰਹਿੰਦਾ ਹੈ, ਸਿੱਟੇ ਵਜੋਂ ਮਨੁੱਖ ਦੇ ਜੀਵਨ ਵਿੱਚ ਸਹਿਜ, ਧੀਰਜਤਾ, ਖ਼ਿਮਾਂ ਆਦਿ ਦੀ ਅਣਹੋਂਦ ਹੁੰਦੀ ਹੈ:
ਮਨਮੁਖੁ ਬਾਲਕੁ ਬਿਰਧਿ ਸਮਾਨਿ ਹੈ ਜਿਨਾ ਅੰਤਰਿ ਹਰਿ ਸੁਰਤਿ ਨਾਹੀ॥ ਵਿਚਿ ਹਉਮੈ ਕਰਮ ਕਮਾਵਦੇ ਸਭ ਧਰਮ ਰਾਇ ਕੈ ਜਾਂਹੀ॥ (ਪੰਨਾ 1418) ਅਰਥ: ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਨਰੋਏ ਸਰੀਰਕ ਅੰਗਾਂ ਵਾਲਾ ਹੁੰਦਾ ਹੋਇਆ ਭੀ (ਆਤਮਕ ਜੀਵਨ ਵਿਚ) ਬੁੱਢੇ ਮਨੁੱਖ ਵਰਗਾ ਕਮਜ਼ੋਰ ਹੁੰਦਾ ਹੈ। ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ ਅੰਦਰ ਪਰਮਾਤਮਾ ਦੀ ਲਗਨ ਨਹੀਂ ਹੁੰਦੀ, ਉਹ ਮਨੁੱਖ (ਧਾਰਮਿਕ) ਕਰਮ (ਭੀ) ਹਉਮੈ ਵਿੱਚ (ਰਹਿ ਕੇ ਹੀ) ਕਰਦੇ ਹਨ, ਉਹ ਸਾਰੇ ਧਰਮਰਾਜ ਦੇ ਵੱਸ ਪੈਂਦੇ ਹਨ।
‘ਧਰਮ ਰਾਇ ਕੈ ਜਾਂਹੀ’ ਦਾ ਭਾਵ ਨਿਮਨ ਲਿਖਤ ਫ਼ਰਮਾਨ ਵਿੱਚ ਹੋਰ ਸਪਸ਼ਟ ਰੂਪ ਵਿੱਚ ਦੇਖਿਆ ਜਾ ਸਕਦਾ ਹੈ:
ਮਾਇਆ ਮੋਹੁ ਪਰੇਤੁ ਹੈ ਕਾਮੁ ਕ੍ਰੋਧੁ ਅਹੰਕਾਰਾ॥ ਏਹ ਜਮ ਕੀ ਸਿਰਕਾਰ ਹੈ ਏਨਾ ਉਪਰਿ ਜਮ ਕਾ ਡੰਡੁ ਕਰਾਰਾ॥ (ਪੰਨਾ 513) ਅਰਥ: ਮਾਇਆ ਦਾ ਮੋਹ, ਕਾਮ, ਕ੍ਰੋਧ ਤੇ ਅਹੰਕਾਰ ਭੂਤ ਹਨ; ਇਹ ਸਾਰੇ ਜਮਰਾਜ ਦੀ ਰਈਅਤ ਹਨ, ਇਹਨਾਂ ਉੱਤੇ ਜਮਰਾਜ ਦਾ ਜ਼ੋਰ ਚੱਲਦਾ ਹੈ।
ਪੇਖੀਅਲੇ ਧਰਮਰਾਓ: ‘ਪੇਖੀਅਲੇ ਧਰਮਰਾਓ’ ਤੋਂ ਭਾਵ ਹੈ ਕਿ ਸੱਚ ਦੀਆਂ ਕਦਰਾਂ-ਕੀਮਤਾਂ ਤੋਂ ਮੂੰਹ ਮੋੜਿਆਂ ਆਤਮਕ ਮੌਤ ਦਾ ਸ਼ਿਕਾਰ ਹੋ ਜਾਈਦਾ ਹੈ। ਆਤਮਕ ਮੌਤੇ ਮਰਿਆਂ ਸਹਿਜ, ਅਡੋਲਤਾ, ਧੀਰਜ ਆਦਿ ਗੁਣਾਂ ਤੋਂ ਵਾਂਝੇ ਹੋ ਜਾਈਦਾ ਹੈ: ਆਜੁ ਮੇਰੈ ਮਨਿ ਪ੍ਰਗਟੁ ਭਇਆ ਹੈ ਪੇਖੀਅਲੇ ਧਰਮਰਾਓ॥ ਤਹ ਕਰ ਦਲ ਕਰਨਿ ਮਹਾਬਲੀ ਤਿਨ ਆਗਲੜੈ ਮੈ ਰਹਣੁ ਨ ਜਾਇ॥ (ਪੰਨਾ 92)
ਅਰਥ: (ਕੋਈ ਵਿਰਲਾ ਸੰਤ ਜਨ ਆਖਦਾ ਹੈ—) ਮੇਰੇ ਮਨ ਵਿੱਚ ਇਹ ਗੱਲ ਪ੍ਰਤੱਖ ਹੋ ਗਈ ਹੈ ਕਿ (ਮਾਇਆ ਵਿੱਚ ਫਸੇ ਰਿਹਾਂ) ਧਰਮਰਾਜ (ਦਾ ਮੂੰਹ) ਵੇਖਣਾ ਪਏਗਾ; ਉਥੇ ਵੱਡੇ ਬਲਵਾਨਾਂ ਨੂੰ ਭੀ ਹੱਥਾਂ ਨਾਲ (ਜਮਦੂਤ) ਦਲ ਦੇਂਦੇ ਹਨ; ਮੈਥੋਂ ਉਹਨਾਂ ਦੇ ਅੱਗੇ ਕੋਈ ਹੀਲ-ਹੁਜਤਿ ਨਹੀਂ ਕੀਤੀ ਜਾ ਸਕੇਗੀ।
ਇਹਨਾਂ ਵਿਕਾਰਾਂ ਦੀ ਪ੍ਰਬਲਤਾ ਨੂੰ ਹਜ਼ੂਰ ਨੇ ਇਸ ਤਰ੍ਹਾਂ ਬਿਆਨ ਕੀਤਾ ਹੈ:
ਚਾਰਿ ਬਰਨ ਚਉਹਾ ਕੇ ਮਰਦਨ ਖਟੁ ਦਰਸਨ ਕਰ ਤਲੀ ਰੇ॥ ਸੁੰਦਰ ਸੁਘਰ ਸਰੂਪ ਸਿਆਨੇ ਪੰਚਹੁ ਹੀ ਮੋਹਿ ਛਲੀ ਰੇ॥ 1॥ ਜਿਨਿ ਮਿਲਿ ਮਾਰੇ ਪੰਚ ਸੂਰਬੀਰ ਐਸੋ ਕਉਨੁ ਬਲੀ ਰੇ॥ ਜਿਨਿ ਪੰਚ ਮਾਰਿ ਬਿਦਾਰਿ ਗੁਦਾਰੇ ਸੋ ਪੂਰਾ ਇਹ ਕਲੀ ਰੇ॥ 1॥ ਰਹਾਉ॥ ਵਡੀ ਕੋਮ ਵਸਿ ਭਾਗਹਿ ਨਾਹੀ ਮੁਹਕਮ ਫਉਜ ਹਠਲੀ ਰੇ॥ ਕਹੁ ਨਾਨਕ ਤਿਨਿ ਜਨਿ ਨਿਰਦਲਿਆ ਸਾਧਸੰਗਤਿ ਕੈ ਝਲੀ ਰੇ॥ 2॥ (ਪੰਨਾ 404) ਅਰਥ: ਹੇ ਭਾਈ! ਕੋਈ ਵਿਰਲਾ ਹੀ ਐਸਾ ਬਲਵਾਨ ਮਨੁੱਖ ਹੈ ਜਿਸ ਨੇ (ਗੁਰੂ ਨੂੰ) ਮਿਲ ਕੇ ਕਾਮਾਦਿਕ ਪੰਜਾਂ ਸੂਰਮਿਆਂ ਨੂੰ ਮਾਰ ਲਿਆ ਹੋਵੇ। ਹੇ ਭਾਈ! ਜਗਤ ਵਿੱਚ ਉਹੀ ਮਨੁੱਖ ਪੂਰਨ ਹੈ ਜਿਸ ਨੇ ਇਹਨਾਂ ਪੰਜਾਂ ਨੂੰ ਮਾਰ ਕੇ ਲੀਰਾਂ ਲੀਰਾਂ ਕਰ ਦਿੱਤਾ ਹੈ। 1. ਰਹਾਉ।
ਹੇ ਭਾਈ! (ਸਾਡੇ ਦੇਸ ਵਿੱਚ ਬ੍ਰਾਹਮਣ, ਖੱਤਰੀ, ਵੈਸ਼, ਸ਼ੂਦਰ ਇਹ) ਚਾਰ ਵਰਨ (ਪ੍ਰਸਿੱਧ) ਹਨ, (ਕਾਮਾਦਿਕ ਇਹਨਾਂ) ਚੌਹਾਂ ਵਰਨਾਂ (ਦੇ ਬੰਦਿਆਂ) ਨੂੰ ਮਲ ਦੇਣ ਵਾਲੇ ਹਨ। ਛੇ ਭੇਖਾਂ (ਦੇ ਸਾਧੂਆਂ) ਨੂੰ ਭੀ ਇਹ ਹੱਥਾਂ ਦੀ ਤਲੀਆਂ ਤੇ (ਨਚਾਂਦੇ ਹਨ)। ਸੋਹਣੇ, ਸੁਨੱਖੇ, ਬਾਂਕੇ, ਸਿਆਣੇ (ਕੋਈ ਭੀ ਹੋਣ, ਕਾਮਾਦਿਕ) ਪੰਜਾਂ ਨੇ ਸਭਨਾਂ ਨੂੰ ਮੋਹ ਕੇ ਛਲ ਲਿਆ ਹੈ। 1.
ਹੇ ਭਾਈ! (ਇਹਨਾਂ ਕਾਮਾਦਿਕਾਂ ਦਾ ਬੜਾ) ਡਾਢਾ ਕੋੜਮਾ ਹੈ, ਨਾਹ ਇਹ ਕਿਸੇ ਦੇ ਕਾਬੂ ਵਿੱਚ ਆਉਂਦੇ ਹਨ ਨਾਹ ਇਹ ਕਿਸੇ ਪਾਸੋਂ ਡਰ ਕੇ ਭੱਜਦੇ ਹਨ। ਇਹਨਾਂ ਦੀ ਫ਼ੌਜ ਬੜੀ ਮਜ਼ਬੂਤ ਹੈ ਹਠ ਵਾਲੀ ਹੈ।
ਹੇ ਭਾਈ! ਆਖ—ਹੇ ਭਾਈ! ਸਿਰਫ਼ ਉਸ ਮਨੁੱਖ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਲਤਾੜਿਆ ਹੈ ਜੇਹੜਾ ਸਾਧ ਸੰਗਤਿ ਦੇ ਆਸਰੇ ਵਿੱਚ ਰਹਿੰਦਾ ਹੈ। 2.
ਧਰਮ ਰਾਇ ਦਰਿ ਕਾਗਦ ਫਾਰੇ: ‘ਧਰਮ ਰਾਇ ਦਰਿ ਕਾਗਦ ਫਾਰੇ’ ਤੋਂ ਭਾਵ ਹੈ ਜਿਹਨਾਂ ਮਨੁੱਖਾਂ ਨੇ ਗੁਰਮਤਿ ਦੀ ਜੀਵਨ-ਜੁਗਤ ਨੂੰ ਅਪਣਾ ਲਿਆ ਹੈ, ਉਹ ਕੋਈ ਅਜਿਹਾ ਕਰਮ ਨਹੀਂ ਕਰਦੇ ਜਿਹਨਾਂ ਕਾਰਨ ਮਨੁੱਖਤਾ ਕਲੰਕਤ ਹੁੰਦੀ ਹੋਵੇ ਜਾਂ ਉਹਨਾਂ ਨੂੰ ਸ਼ਰਮਸਾਰ ਹੋਣਾ ਪਵੇ:
ਜਿਨ ਕਉ ਕ੍ਰਿਪਾ ਕਰੀ ਜਗਜੀਵਨਿ ਹਰਿ ਉਰਿ ਧਾਰਿਓ ਮਨ ਮਾਝਾ॥ ਧਰਮ ਰਾਇ ਦਰਿ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ॥ (ਪੰਨਾ 698) ਅਰਥ: ਹੇ ਭਾਈ! ਜਗਤ ਦੇ ਜੀਵਨ ਪ੍ਰਭੂ ਨੇ ਜਿਨ੍ਹਾਂ ਮਨੁੱਖਾਂ ਉੱਤੇ ਕਿਰਪਾ ਕੀਤੀ, ਉਹਨਾਂ ਨੇ ਆਪਣੇ ਮਨ ਵਿੱਚ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਟਿਕਾ ਲਿਆ। ਹੇ ਨਾਨਕ! ਆਖ-ਹੇ ਭਾਈ!) ਧਰਮਰਾਜ ਦੇ ਦਰ ਤੇ ਉਹਨਾਂ ਮਨੁੱਖਾਂ ਦੇ (ਕੀਤੇ ਕਰਮਾਂ ਦੇ ਲੇਖੇ ਦੇ ਸਾਰੇ) ਕਾਗਜ਼ ਪਾੜ ਦਿੱਤੇ ਗਏ, ਉਹਨਾਂ ਦਾਸਾਂ ਦਾ ਲੇਖਾ ਨਿੱਬੜ ਗਿਆ।
‘ਧਰਮ ਰਾਇ ਦਰਿ ਕਾਗਦ ਫਾਰੇ’ ਦੇ ਭਾਵ ਨੂੰ ਉਘੜਵੇਂ ਰੂਪ ਵਿੱਚ ਇਸ ਸ਼ਬਦ ਵਿੱਚ ਦੇਖਿਆ ਜਾ ਸਕਦਾ ਹੈ:
ਘਟ ਅਵਘਟ ਡੂਗਰ ਘਣਾ ਇਕੁ ਨਿਰਗੁਣੁ ਬੈਲੁ ਹਮਾਰ॥ ਰਮਈਏ ਸਿਉ ਇੱਕ ਬੇਨਤੀ ਮੇਰੀ ਪੂੰਜੀ ਰਾਖੁ ਮੁਰਾਰਿ॥ 1॥ ਕੋ ਬਨਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਇ ਰੇ॥ 1॥ ਰਹਾਉ॥ ਹਉ ਬਨਜਾਰੋ ਰਾਮ ਕੋ ਸਹਜ ਕਰਉ ਬ੍ਯ੍ਯਾਪਾਰੁ॥ ਮੈ ਰਾਮ ਨਾਮ ਧਨੁ ਲਾਦਿਆ ਬਿਖੁ ਲਾਦੀ ਸੰਸਾਰਿ॥ 2॥ ਉਰਵਾਰ ਪਾਰ ਕੇ ਦਾਨੀਆ ਲਿਖਿ ਲੇਹੁ ਆਲ ਪਤਾਲੁ॥ ਮੋਹਿ ਜਮ ਡੰਡੁ ਨ ਲਾਗਈ ਤਜੀਲੇ ਸਰਬ ਜੰਜਾਲ॥ 3॥ ਜੈਸਾ ਰੰਗੁ ਕਸੁੰਭ ਕਾ ਤੈਸਾ ਇਹੁ ਸੰਸਾਰੁ॥ ਮੇਰੇ ਰਮਈਏ ਰੰਗੁ ਮਜੀਠ ਕਾ ਕਹੁ ਰਵਿਦਾਸ ਚਮਾਰ॥ 4॥ (ਪੰਨਾ 345-46)
ਅਰਥ: ਹੇ ਭਾਈ! (ਜੇ ਸੋਹਣੇ ਪ੍ਰਭੂ ਦੀ ਕਿਰਪਾ ਨਾਲ) ਪ੍ਰਭੂ ਦੇ ਨਾਮ ਦਾ ਵਣਜ ਕਰਨ ਵਾਲਾ ਕੋਈ ਬੰਦਾ ਮੈਨੂੰ ਮਿਲ ਪਏ ਤਾਂ ਮੇਰਾ ਮਾਲ ਭੀ ਲੱਦਿਆ ਜਾ ਸਕੇ (ਭਾਵ, ਤਾਂ ਉਸ ਗੁਰਮੁਖਿ ਦੀ ਸਹਾਇਤਾ ਨਾਲ ਮੈਂ ਭੀ ਹਰਿ-ਨਾਮ-ਰੂਪ ਦਾ ਵਣਜ ਕਰ ਸਕਾਂ)। 1. ਰਹਾਉ।
(ਜਿਨਹੀਂ ਰਾਹੀਂ ਪ੍ਰਭੂ ਦੇ ਨਾਮ ਦਾ ਸੌਦਾ ਲੱਦ ਕੇ ਲੈ ਜਾਣ ਵਾਲਾ ਮੇਰਾ ਟਾਂਡਾ ਲੰਘਣਾ ਹੈ, ਉਹ) ਰਸਤੇ ਬੜੇ ਔਖੇ ਪਹਾੜੀ ਰਸਤੇ ਹਨ, ਤੇ ਮੇਰਾ (ਮਨ-) ਬਲਦ ਮਾੜਾ ਜਿਹਾ ਹੈ; ਪਿਆਰੇ ਪ੍ਰਭੂ ਅੱਗੇ ਹੀ ਮੇਰੀ ਅਰਜ਼ੋਈ ਹੈ—ਹੇ ਪ੍ਰਭੂ! ਮੇਰੀ ਰਾਸਿ-ਪੂੰਜੀ ਦੀ ਤੂੰ ਆਪ ਰੱਖਿਆ ਕਰੀਂ। 1.
{ਨੋਟ:- ਅੱਖ ਕੰਨ ਜੀਭ ਆਦਿਕ ਗਿਆਨ-ਇੰਦ੍ਰਿਆਂ ਦਾ ਇਕੱਠ ਮਨੁੱਖ-ਵਣਜਾਰੇ ਦਾ ਟਾਂਡਾ ਹੈ, ਇਹਨਾਂ ਨੇ ਨਾਮ-ਵਪਾਰ ਲੱਦਣਾ ਹੈ, ਪਰ ਇਹਨਾਂ ਦੇ ਰਾਹ ਵਿੱਚ ਰੂਪ ਰਸ ਆਦਿਕ ਔਖੀਆਂ ਘਾਟੀਆਂ ਹਨ।}
ਮੈਂ ਪ੍ਰਭੂ ਦੇ ਨਾਮ ਦਾ ਵਪਾਰੀ ਹਾਂ; ਮੈਂ ਇਹ ਐਸਾ ਵਪਾਰ ਕਰ ਰਿਹਾ ਹਾਂ ਜਿਸ ਵਿਚੋਂ ਮੈਨੂੰ ਸਹਿਜ ਅਵਸਥਾ ਦੀ ਖੱਟੀ ਹਾਸਲ ਹੋਵੇ। (ਪ੍ਰਭੂ ਦੀ ਮਿਹਰ ਨਾਲ) ਮੈਂ ਪ੍ਰਭੂ ਦੇ ਨਾਮ ਦਾ ਸੌਦਾ ਲੱਦਿਆ ਹੈ, ਪਰ ਸੰਸਾਰ ਨੇ (ਆਤਮਕ ਮੌਤ ਲਿਆਉਣ ਵਾਲੀ ਮਾਇਆ-ਰੂਪ) ਜ਼ਹਿਰ ਦਾ ਵਪਾਰ ਕੀਤਾ ਹੈ। 2.
ਜੀਵਾਂ ਦੀਆਂ ਲੋਕ ਪਰਲੋਕ ਦੀਆਂ ਸਭ ਕਰਤੂਤਾਂ ਜਾਣਨ ਵਾਲੇ ਹੇ ਚਿਤ੍ਰਗੁਪਤੋ! (ਮੇਰੇ ਬਾਰੇ) ਜੋ ਤੁਹਾਡਾ ਜੀਅ ਕਰੇ ਲਿਖ ਲੈਣਾ (ਭਾਵ, ਜਮਰਾਜ ਪਾਸ ਪੇਸ਼ ਕਰਨ ਲਈ ਮੇਰੇ ਕੰਮਾਂ ਵਿਚੋਂ ਕੋਈ ਗੱਲ ਤੁਹਾਨੂੰ ਲੱਭਣੀ ਹੀ ਨਹੀਂ, ਕਿਉਂਕਿ ਪ੍ਰਭੂ ਦੀ ਕ੍ਰਿਪਾ ਨਾਲ) ਮੈਂ ਸਾਰੇ ਜੰਜਾਲ ਛੱਡ ਦਿੱਤੇ ਹੋਏ ਹਨ, ਤਾਹੀਏਂ ਮੈਨੂੰ ਜਮ ਦਾ ਡੰਨ ਲੱਗਣਾ ਹੀ ਨਹੀਂ। 3.
ਹੇ ਚਮਾਰ ਰਵਿਦਾਸ! ਆਖ— (ਜਿਉਂ ਜਿਉਂ ਮੈਂ ਰਾਮ ਨਾਮ ਦਾ ਵਣਜ ਕਰ ਰਿਹਾ ਹਾਂ, ਮੈਨੂੰ ਯਕੀਨ ਆ ਰਿਹਾ ਹੈ ਕਿ) ਇਹ ਜਗਤ ਇਉਂ ਹੈ ਜਿਵੇਂ ਕਸੁੰਭੇ ਦਾ ਰੰਗ, ਤੇ ਮੇਰੇ ਪਿਆਰੇ ਰਾਮ ਦਾ ਨਾਮ-ਰੰਗ ਇਉਂ ਹੈ ਜਿਵੇਂ ਮਜੀਠ ਦਾ ਰੰਗ। 4.
ਹਰਿ ਜਨ ਸੇਵਕ ਨੇੜਿ ਨ ਆਵੈ: ‘ਹਰਿ ਜਨ ਸੇਵਕ ਨੇੜਿ ਨ ਆਵੈ’ ਦਾ ਭਾਵ ਗੁਰਮੁਖਾਂ ਦੀ ਸੱਚੀ-ਸੁੱਚੀ ਰਹਿਣੀ ਤੋਂ ਹੈ। ਗੁਰਮੁਖਾਂ ਦੀ ਇਸ ਰਹਿਣੀ ਦਾ ਆਧਾਰ ਕਿਸੇ ਤਰ੍ਹਾਂ ਦਾ ਲਾਲਚ ਜਾਂ ਡਰ ਨਹੀਂ ਹੈ; ਨਾ ਇਸ ਲੋਕ ਦਾ ਅਤੇ ਨਾ ਹੀ ਪਰਲੋਕ ਦਾ:
ਆਪਣਿਆ ਸੇਵਕਾ ਕੀ ਆਪਿ ਪੈਜ ਰਖੈ ਆਪਣਿਆ ਭਗਤਾ ਕੀ ਪੈਰੀ ਪਾਵੈ॥ ਧਰਮ ਰਾਇ ਹੈ ਹਰਿ ਕਾ ਕੀਆ ਹਰਿ ਜਨ ਸੇਵਕ ਨੇੜਿ ਨ ਆਵੈ॥ ਜੋ ਹਰਿ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਹੋਰ ਕੇਤੀ ਝਖਿ ਝਖਿ ਆਵੈ ਜਾਵੈ॥ (ਪੰਨਾ 555) ਅਰਥ: ਪ੍ਰਭੂ ਆਪਣੇ ਸੇਵਕਾਂ ਦੀ ਆਪ ਲਾਜ ਰੱਖਦਾ ਹੈ, (ਸੰਸਾਰ ਨੂੰ) ਆਪਣੇ ਭਗਤਾਂ ਦੀ ਚਰਨੀ ਲਿਆ ਪਾਂਦਾ ਹੈ, (ਹੋਰ ਤਾਂ ਹੋਰ) ਧਰਮ ਰਾਜ ਭੀ ਜੋ ਪ੍ਰਭੂ ਦਾ ਹੀ ਬਣਾਇਆ ਹੋਇਆ ਹੈ, ਪ੍ਰਭੂ ਦੇ ਸੇਵਕ ਦੇ ਨੇੜੇ ਨਹੀਂ ਆਉਂਦਾ। ਮੁੱਕਦੀ ਗੱਲ ਇਹ ਹੈ ਕਿ) ਜੋ ਮਨੁੱਖ ਪ੍ਰਭੂ ਦਾ ਪਿਆਰਾ ਹੈ ਉਹ ਸਭ ਦਾ ਪਿਆਰਾ ਹੈ (ਭਾਵ, ਉਸ ਨੂੰ ਸਭ ਲੋਕ ਪਿਆਰ ਕਰਦੇ ਹਨ); ਤੇ ਬਾਕੀ ਬਥੇਰੀ ਸ੍ਰਿਸ਼ਟੀ ਖਪ ਖਪ ਕੇ ਜੰਮਦੀ ਮਰਦੀ ਹੈ।
ਇਸ ਭਾਵ ਨੂੰ ਇਸ ਤਰ੍ਹਾਂ ਵੀ ਦਰਸਾਇਆ ਹੈ:
ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ॥ ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤੁ ਛੂਟੈ॥ (ਪੰਨਾ 747) ਅਰਥ: ਹੇ ਭਾਈ! (ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ) ਧਾਰਮਿਕ ਕੰਮ ਵਿਖਾਵੇ ਦੇ ਕੰਮ ਹਨ, ਇਹ ਕੰਮ ਜਿਤਨੇ ਭੀ ਲੋਕ ਕਰਦੇ ਦਿੱਸਦੇ ਹਨ, ਉਹਨਾਂ ਨੂੰ ਮਸੂਲੀਆ ਜਮ ਲੁੱਟ ਲੈਂਦਾ ਹੈ। (ਇਸ ਵਾਸਤੇ) ਵਾਸ਼ਨਾ-ਰਹਿਤ ਹੋ ਕੇ ਕਰਤਾਰ ਦੀ ਸਿਫ਼ਤਿ-ਸਾਲਾਹ ਕਰਿਆ ਕਰੋ, ਕਿਉਂਕਿ ਇਸ ਦੀ ਬਰਕਤਿ ਨਾਲ ਛਿਨ-ਭਰ ਨਾਮ ਸਿਮਰਿਆਂ ਹੀ ਮਨੁੱਖ ਵਿਕਾਰਾਂ ਤੋਂ ਖ਼ਲਾਸੀ ਪਾ ਲੈਂਦਾ ਹੈ।
ਜਬ ਪੂਛੇ ਧਰਮ ਰਾਇ: ਤੋਂ ਭਾਵ ਹੈ ਕਿ ਰਸਮੀ ਕਰਮ ਧਰਮ ਨਾਲ ਵਿਕਾਰਾਂ ਤੋਂ ਖਲਾਸੀ ਨਹੀਂ ਹੁੰਦੀ। ਵਿਕਾਰਾਂ ਦੀ ਮੈਲ ਲਹਿਣ ਦੀ ਥਾਂ ਹੋਰ ਵਧ ਜਾਂਦੀ ਹੈ:
ਕਬੀਰ ਜੇਤੇ ਪਾਪ ਕੀਏ ਰਾਖੇ ਤਲੈ ਦੁਰਾਇ॥ ਪਰਗਟ ਭਏ ਨਿਦਾਨ ਸਭ ਜਬ ਪੂਛੇ ਧਰਮ ਰਾਇ॥ 105॥ (ਪੰਨਾ 1370) ਅਰਥ: ਪਰਮਾਤਮਾ ਦੀ ਯਾਦ ਭੁਲਾਇਆਂ ਮਨੁੱਖ ਸਰੀਰਕ ਮੋਹ ਦੇ ਵਹਿਣ ਵਿੱਚ ਪੈ ਕੇ ਵਿਕਾਰਾਂ ਵਾਲੇ ਰਾਹੇ ਪੈ ਜਾਂਦਾ ਹੈ; ਤਿਲਕ, ਮਾਲਾ, ਪੂਜਾ, ਧੋਤੀ ਆਦਿਕ ਧਰਮ-ਭੇਖ ਨਾਲ ਲੋਕ ਸ਼ਾਇਦ ਪਤੀਜ ਜਾਣ ਕਿ ਇਹ ਭਗਤ ਹਨ; ਪਰ ਪ੍ਰਭੂ ਦੇ ਨਾਮ ਤੋਂ ਖੁੰਝ ਕੇ) ਹੇ ਕਬੀਰ! ਜੋ ਜੋ ਪਾਪ ਕੀਤੇ ਜਾਂਦੇ ਹਨ (ਭਾਵੇਂ ਉਹ ਪਾਪ) ਆਪਣੇ ਅੰਦਰ ਲੁਕਾ ਕੇ ਰੱਖੇ ਜਾਂਦੇ ਹਨ, ਫਿਰ ਭੀ ਜਦੋਂ ਧਰਮਰਾਜ ਪੁੱਛਦਾ ਹੈ ਉਹ ਪਾਪ ਆਖ਼ਰ ਸਾਰੇ ਉੱਘੜ ਆਉਂਦੇ ਹਨ (ਭਾਵ, ਵੇਦ ਆਦਿਕਾਂ ਦਾ ਕਰਮ-ਕਾਂਡ ਵਿਕਾਰਾਂ ਤੋਂ ਨਹੀਂ ਬਚਾ ਸਕਦਾ, ਬਾਹਰਲੇ ਧਰਮ-ਭੇਖ ਨਾਲ ਲੋਕ ਤਾਂ ਭਾਵੇਂ ਪਤੀਜ ਜਾਣ, ਪਰ ਅੰਦਰਲੇ ਪਾਪ ਪਰਮਾਤਮਾ ਤੋਂ ਲੁਕੇ ਨਹੀਂ ਰਹਿ ਸਕਦੇ)।
ਜਮ ਤੇ ਹੋਵੈ ਧਰਮ ਰਾਇ: ਦਾ ਭਾਵ ਹੈ ਕਿ ਗੁਰਮਤਿ ਦੇ ਧਾਰਨੀ ਬਣਿਆਂ ਆਤਮਕ ਮੌਤ ਲਿਆਉਣ ਵਾਲੇ ਵਿਕਾਰਾਂ ਦਾ ਕੋਈ ਡਰ ਨਹੀਂ ਸਤਾਉਂਦਾ: ਛੋਡਿ ਸਿਆਨਪ ਬਹੁ ਚਤੁਰਾਈ ਸਾਧੂ ਸਰਣੀ ਜਾਇ ਪਾਇ॥ ਜਉ ਹੋਇ ਕ੍ਰਿਪਾਲੁ ਦੀਨ ਦੁਖ ਭੰਜਨ ਜਮ ਤੇ ਹੋਵੈ ਧਰਮ ਰਾਇ॥ (ਪੰਨਾ 1208) ਅਰਥ: ਹੇ ਭਾਈ! ਆਪਣੀ ਬਹੁਤ ਸਿਆਪਣ ਚਤੁਰਾਈ ਛੱਡ ਕੇ (ਇਹ ਖ਼ਿਆਲ ਦੂਰ ਕਰ ਕੇ ਕਿ ਤੂੰ ਬੜਾ ਸਿਆਣਾ ਤੇ ਅਕਲ ਵਾਲਾ ਹੈਂ) ਗੁਰੂ ਦੀ ਸਰਨ ਜਾ ਪਉ। ਜਦੋਂ ਗਰੀਬਾਂ ਦੇ ਦੁੱਖ ਨਾਸ ਕਰਨ ਵਾਲਾ ਪ੍ਰਭੂ (ਕਿਸੇ ਉਤੇ) ਦਇਆਵਾਨ ਹੁੰਦਾ ਹੈ, ਤਾਂ (ਉਸ ਮਨੁੱਖ ਵਾਸਤੇ) ਜਮਰਾਜ ਤੋਂ ਧਰਮਰਾਜ ਬਣ ਜਾਂਦਾ ਹੈ (ਪਰਲੋਕ ਵਿੱਚ ਮਨੁੱਖ ਨੂੰ ਜਮਾਂ ਦਾ ਕੋਈ ਡਰ ਨਹੀਂ ਰਹਿ ਜਾਂਦਾ)। 1.
ਇਸ ਭਾਵ ਨੂੰ ਇਉਂ ਵੀ ਬਿਆਨ ਕੀਤਾ ਹੈ:
ਕਬੀਰ ਮਨੁ ਸੀਤਲੁ ਭਇਆ ਪਾਇਆ ਬ੍ਰਹਮ ਗਿਆਨੁ॥ ਜਿਨਿ ਜੁਆਲਾ ਜਗੁ ਜਾਰਿਆ ਸੁ ਜਨ ਕੇ ਉਦਕ ਸਮਾਨਿ॥ (ਪੰਨਾ 1373) ਅਰਥ: ਹੇ ਕਬੀਰ! ਜਦੋਂ ਮਨੁੱਖ ਪਰਮਾਤਮਾ ਨਾਲ (ਸਿਮਰਨ ਦੀ ਰਾਹੀਂ) ਜਾਣ-ਪਛਾਣ ਬਣਾ ਲੈਂਦਾ ਹੈ ਤਾਂ (ਦੁਨੀਆ ਦੇ ਕਾਰ-ਵਿਹਾਰ ਕਰਦਿਆਂ ਭੀ) ਉਸ ਦਾ ਮਨ ਠੰਢਾ-ਠਾਰ ਰਹਿੰਦਾ ਹੈ। ਜਿਸ (ਮਾਇਆ ਦੀ ਮਲਕੀਅਤ ਦੀ) ਅੱਗ ਨੇ ਸਾਰਾ ਸੰਸਾਰ ਸਾੜ ਦਿੱਤਾ ਹੈ, ਬੰਦਗੀ ਕਰਨ ਵਾਲੇ ਮਨੁੱਖ ਵਾਸਤੇ ਉਹ ਪਾਣੀ (ਵਰਗੀ ਠੰਢੀ) ਰਹਿੰਦੀ ਹੈ।
ਚੱਲਦਾ
.