.

ਸਿੱਖੀ ਸੰਭਾਲ ਸਿੰਘਾ! (ਕਿਸ਼ਤ ਨੌਵੀਂ)

ਸਿੱਖ ਧਰਮ

ਸਿਖ-ਧਰਮ ਵੀ ਹੈ ਅਤੇ ਲਹਿਰ ਵੀ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

(ਵਿਸ਼ੇ ਦਾ ਪੂਰਾ ਲਾਭ ਲੈਣ ਲਈ, ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

“ਸਭੁ ਕੋ ਪੂਰਾ ਆਪੇ ਹੋਵੈ”

ਖੰਡ ਪੰਜਵਾਂ

ਇਹ ਵੀ ਸਮਝਣਾ ਹੈ ਕਿ ਗੁਰੂ ਸਾਹਿਬ ਨੇ ਸਿੱਖ ਧਰਮ ਦੀ ਕਾਇਮੀ ਸੰਗਤੀ ਆਧਾਰ `ਤੇ ਕੀਤੀ ਹੋਈ ਹੈ। ਨਿਜੀ ਅਥਵਾ ਆਪਸੀ ਟੋਕਾ ਟਾਕੀ ਇਸ ਵਿਸ਼ਵ ਵਿਆਪੀ ਤੇ ਸਰਬਕਾਲੀ ਧਰਮ ਦਾ ਵਿਸ਼ਾ ਹੈ ਹੀ ਨਹੀਂ, ਪਰ ਅੱਜ … … …. . ।

(ਪੂਰੀ ਤਰ੍ਹਾਂ ਨਿਜੀ ਟੋਕਾ ਟਾਕੀ ਦੀ ਲਪੇਟ `ਚ ਆ ਚੁੱਕਾ ਗੁਰੂ ਕਾ ਪੰਥ) ਇਸ ਤੋਂ ਬਾਅਦ ਸਾਂਝੀਵਾਲਤਾ ਦੀ ਪ੍ਰਤੀਕ ਅਜਿਹੀਆਂ ਕੜੀਆਂ ਦੀ ਵਰਤੋਂ ਜਾਂ ਲਾਪਰਵਾਹੀ ਨਾਲ ਸੰਬੰਧਤ ਮਾਨਵਤਾ ਵਿਰੋਧੀ ਪੱਖ ਵੀ ਹੈ। ਇਸ ਤਰ੍ਹਾਂ ਇਨ੍ਹਾਂ ਦਾ ਮਾਨਵਤਾ ਵਿਰੋਧੀ ਪੱਖ ਇਹ ਹੈ ਕਿ ਗੁਰਬਾਣੀ ਵਿਚਲੀਆਂ ਅਜਿਹੀਆਂ ਬਹੁਮੁੱਲੀਆਂ ਕੜੀਆਂ ਦਾ ਅਨੁਸਾਰੀ ਨਾ ਹੋਣਾ ਤੇ ਇਨ੍ਹਾਂ ਤੋਂ ਸੇਧ ਲੈ ਕੇ ਜੀਵਨ ਦੀ ਸੰਭਾਲ ਨਾ ਕਰਣੀ। ਗੁਰਦੇਵ ਦੇ ਉਨ੍ਹਾਂ ਆਦੇਸ਼ਾਂ ਤੇ ਸੇਧਾਂ ਨੂੰ ਵਿਸਾਰ ਕੇ ਸੰਸਾਰ `ਚ ਵਿਚਰਨਾ; ਬਲਕਿ ਬਹੁਤ ਵਾਰੀ ਤਾਂ ਇਨ੍ਹਾਂ `ਤੇ ਉਲਟ ਵੀ ਅਮਲ ਕਰਣਾ। ਇਸ ਤਰ੍ਹਾਂ ਇਨ੍ਹਾਂ ਸਾਂਝੀਆਂ ਕੜੀਆਂ ਦਾ ਇਹੀ ਹੈ ਉਹ ਵਿਰੋਧੀ ਪੱਖ ਹੈ, ਜਿਸ ਤੋਂ ਪੰਥ ਨੂੰ ਪੂਰੀ ਤਰ੍ਹਾਂ ਸੁਚੇਤ ਰਹਿਣ ਦੀ ਲੋੜ ਹੈ। ਜਦਕਿ ਉਸ ਦੇ ਉਲਟ, ਇਨ੍ਹਾਂ ਆਦੇਸ਼ਾਂ ਬਾਰੇ ਸੁਚੇਤ ਰਹਿਣ ਦੀ ਬਜਾਇ, ਅਜੋਕਾ ਗੁਰੂ ਕਾ ਅਖਵਾਉਣ ਵਾਲੇ ਪੰਥ ਦਾ ਵੱਡਾ ਹਿੱਸਾ ਤਾਂ, ਧੜੱਲੇ ਨਾਲ ਇਨ੍ਹਾਂ ਪ੍ਰਤੀ ਲਾਪਰਵਾਹੀ ਹੀ ਵਰਤ ਰਿਹਾ ਹੈ। ਇਸੇ ਤੋਂ ਪੰਥਕ ਤਲ `ਤੇ ਨੁਕਸਾਨ ਵੀ ਬਹੁਤ ਜ਼ਿਆਦਾ ਹੋ ਰਿਹਾ ਹੈ। ਇਸ ਲਈ ਕਰਤੇ ਦੇ ਚਰਨਾਂ `ਚ ਹੀ ਅਰਦਾਸ ਹੈ ਕਿ ਅਕਾਲ ਪੁਰਖ ਆਪ ਆਪਣੀ ਮਿਹਰ ਤੇ ਬਖ਼ਸ਼ਿਸ਼ ਕਰੇ ਤੇ ਪੰਥ ਨੂੰ ਇਸ ਪੱਖੋਂ ਸੁਮੱਤ ਬਖ਼ਸ਼ੇ, ਤਾ ਕਿ ਪੰਥ ਨੁਕਸਾਨ ਉਠਾਉਣ ਦੀ ਬਜਾਏ ਆਪਣੀ ਸੰਭਾਲ ਕਰ ਸਕੇ। ਬਲਕਿ ਇਸੇ ਤੋਂ ਸੰਸਾਰ ਦੀ ਸੰਭਾਲ ਕਰਣ ਦੇ ਵੀ ਯੋਗ ਹੋ ਸਕੇ। ਤਾਂ ਤੇ ਵਿਸ਼ੇ ਦੀ ਪਹਿਚਾਣ ਤੇ ਇਸ ਦੀ ਨਾਜ਼ੁਕਤਾ ਨੂੰ ਸਮਝਣ ਲਈ, ਇਸ ਸਮੇਂ ਅਸੀਂ ਮਿਸਾਲ ਵੱਜੋਂ ਇਨ੍ਹਾਂ ਸਾਰੀਆਂ ਕੜੀਆਂ `ਚੋਂ ਕੇਵਲ ਇਕੋ ਹੀ ਵਿਸ਼ਾ ਲੈ ਰਹੇ ਹਾਂ ਤੇ ਉਹ ਵਿਸ਼ਾ ਹੈ “ਸਭੁ ਕੋ ਪੂਰਾ ਆਪੇ ਹੋਵੈ” ਵਾਲਾ ਵਿਸ਼ਾ।

ਦੇਖਿਆ ਜਾਏ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਦਸ ਜਾਮੇ ਧਾਰਨ ਕਰਕੇ, ਪੰਥ ਨੂੰ ਸੰਗਤੀ ਧਰਮ ਬਣਾਇਆ ਸੀ। ਇਸ ਤਰ੍ਹਾਂ ਗੁਰਦੇਵ ਨੇ ਇਸ ਪੰਥ `ਚ ਕਿਸੇ ਨੂੰ ਵੀ ਨਿਜੀ ਤੇ ਆਪਸੀ ਟੋਕਾ ਟਾਕੀ ਲਈ ਇਜਾਜ਼ਤ ਨਹੀਂ ਸੀ ਦਿੱਤੀ। ਸਿੱਖ ਨੇ ਪੰਥਕ ਤਲ `ਤੇ ਜੋ ਵੀ ਗੁਰਬਾਣੀ ਆਧਾਰਤ ਸੰਦੇਸ਼ ਦੇਣਾ ਹੈ ਜਾਂ ਗੱਲ ਕਰਣੀ ਹੈ ਉਸ ਨੇ ਉਸ ਨੂੰ ਕੇਵਲ ਤੇ ਕੇਵਲ ਸਾਧਸੰਗਤ ਅਥਵਾ ਸਮੂਹਿਕ ਤੌਰ `ਤੇ ਹੀ ਕਰਣੀ ਹੈ। ਉਸ ਤੋਂ ਬਾਅਦ ਕਿਸੇ ਦੀ ਨਿਜੀ ਇਛਾ ਜਾਂ ਸਮਝ ਹੈ ਕਿ ਉਸ ਵਿਸ਼ੇ `ਤੇ ਕੋਈ ਕਿਤਨਾ ਅਮਲ ਕਰਦਾ ਹੈ ਤੇ ਕਿਤਨਾ ਨਹੀਂ ਕਰਦਾ। ਇਸ ਦੇ ਉਲਟ ਘੋਖਿਆ ਜਾਏ ਤਾਂ ਅੱਜ ਪੂਰਾ ਪੰਥ ਹੀ ਨਿਜੀ ਟੋਕਾ ਟਾਕੀ ਵਾਲੇ ਰਾਖਸ਼ ਦੇ ਚੁੰਗਲ `ਚ ਫ਼ਸਿਆ ਪਿਆ ਤੇ ਇਸੇ ਭਿਆਨਕ ਬਿਮਾਰੀ ਦੀ ਲਪੇਟ `ਚ ਆਇਆ ਹੋਇਆ ਹੈ। ਜਦਕਿ ਇਸ ਸਬੰਧੀ ਕੁੱਝ ਵਿਚਾਰ ਅੱਗੇ ਚੱਲ ਕੇ ਕਰਾਂਗੇ। ਕਿਉਂਕਿ ਪਹਿਲਾਂ ਤਾਂ ਇਹ ਸਮਝਣ ਤੇ ਪਹਿਚਾਨਣ ਦੀ ਲੋੜ ਹੈ ਕਿ ਆਖ਼ਿਰ ਇਹ ਵਿਸ਼ਾ ਹੈ ਕੀ? ਤਾਂ ਤੇ:-

“ਸਭੁ ਕੋ ਪੂਰਾ ਆਪੇ ਹੋਵੈ” - ਆਪਣੇ ਆਪ `ਚ ਇਹ ਵਿਸ਼ਾ ਹੈ ਨਿਜੀ ਭੱਲ, ਗ਼ਰੂਰ, ਹਊਮੈ, ਸਵੈਮਾਨ ਆਦਿ ਦਾ। ਇਸੇ ਨੂੰ ਅੰਗ੍ਰੇਜ਼ੀ `ਚ Eago, proud , Self Respect, ਆਦਿ ਵੀ ਕਿਹਾ ਹੈ। ਦਰਅਸਲ ਇਹ ਕਮੀ ਸੰਸਾਰ ਭਰ ਦੇ ਲਗਭਗ ਹਰੇਕ ਇਨਸਾਨ ਦੇ ਸੁਭਾਅ ਅੰਦਰ ਪਾਈ ਜਾਂਦੀ ਹੈ। ਇਸ ਬਾਰੇ ਪੰਜਾਬੀ ਦਾ ਇੱਕ ਅਖਾਣ ਵੀ ਹੈ ਤੇ ਉਹ ਹੈ “ਆਪਣੀ ਅਕਲ ਤੇ ਦੂਜੇ ਦਾ ਧੰਨ ਸਭ ਨੂੰ ਵੱਡਾ ਨਜ਼ਰ ਆਉਂਦਾ ਹੈ”। ਵਿਰਲਿਆਂ ਨੂੰ ਛੱਡ ਕੇ ਜਿਨ੍ਹਾਂ `ਤੇ ਗੁਰਬਾਣੀ ਦਾ ਰੰਗ ਚੜ੍ਹ ਚੁੱਕਾ ਹੋਵੇ, ਨਹੀਂ ਤਾਂ ਸੰਸਾਰ ਭਰ ਦੇ ਲਗਭਗ ਸਾਰੇ ਲੋਕਾਂ `ਤੇ ਇਹ ਅਖਾਣ ਇਕੋ ਜਿਹਾ ਅਤੇ ਪੂਰੀ ਤਰ੍ਹਾਂ ਲਾਗੂ ਹੁੰਦਾ ਹੈ।

ਇਸ ਅਖਾਣ ਦਾ ਮਤਲਬ ਹੈ:- ਸੰਸਾਰ ਭਰ `ਚ ਤੇ ਕਿਧਰੇ ਵੀ ਜੇ ਕਰ ਕੋਈ ਮਨੁੱਖ ਭਾਵੇਂ ਭੁੱਖ ਹੱਥੋਂ ਭੁਖਾ ਮਰ ਰਿਹਾ ਹੋਵੇ, ਤਾਂ ਵੀ ਉਸ ਲਈ ਦੂਜੇ ਕਹਿੰਦੇ ਤੇ ਸਮਝਦੇ ਹਨ “ਇਹ ਤਾਂ ਏਂਵੈ ਬਣਦਾ ਪਿਆ ਹੈ, ਉਂਜ ਇਸ ਕੋਲ ਤਾਂ ਪਤਾ ਨਹੀਂ ਕਿੰਨਾ ਧੰਨ ਅੰਦਰ ਦੱਬਿਆ ਹੋਇਆ ਹੈ”। ਇਸੇ ਤਰ੍ਹਾਂ ਇਹ ਵੀ ਮੰਣਿਆਂ ਪ੍ਰਮੰਣਿਆ ਸੱਚ ਹੈ ਕਿ ਕੋਈ ਪਾਗ਼ਲ, ਜਿਸ ਨੂੰ, ਉਸ ਦੇ ਪ੍ਰਵਾਰ ਵਾਲੇ ਵੀ ਬੇਸ਼ੱਕ, ਪ੍ਰਵਾਰਕ ਮਜਬੂਰੀ ਕਾਰਨ, ਉਸ ਨੂੰ ਕਿਸੇ ਪਾਗ਼ਲਖਾਣੇ ਹੀ ਕਿਉਂ ਨਾ ਦਾਖ਼ਲ ਕਰਵਾ ਚੁੱਕੇ ਹੋਣ। ਦੂਜੇ ਪਾਸੇ ਅਜਿਹਾ ਮਨੁੱਖ ਵੀ ਆਪਣੇ ਆਪ ਨੂੰ ਕਦੇ ਪਾਗ਼ਲ ਨਹੀਂ ਅਖਵਾਉਂਦਾ, ਫ਼ਿਰ ਵੀ ਆਪਣੇ ਆਪ ਸਿਆਣਾ ਹੀ ਮੰਣਦਾ ਤੇ ਸਮਝਦਾ ਹੈ। ਕਿਉਂਕਿ ਇਸ ਤਰ੍ਹਾਂ ਕਰਣ ਨਾਲ ਕੁਦਰਤੀ ਤੌਰ `ਤੇ ਉਸ ਦੇ ਸਵੈਮਾਨ (Self Respest) `ਤੇ ਵੀ ਸੱਟ ਪੁਜਦੀ ਹੈ।

ਇਹ ਮਨੁੱਖ ਦਾ ਸਵੈਮਾਨ (Self Respest) ਹੀ ਹੈ ਜਿਸ ਤੋਂ ਸੰਸਾਰ ਭਰ ਦਾ ਕੋਈ ਮਨੁੱਖ, ਵੀ ਦੂਜੇ ਵੱਲੋਂ ਆਪਣੇ `ਤੇ ਟੋਕਾ-ਟੋਕੀ ਤੇ ਕਿਉਂ-ਕਿੰਤੂ ਬ੍ਰਦਾਸ਼ਤ ਨਹੀਂ ਕਰਦਾ। ਇਸ ਤੋਂ ਬਾਅਦ, ਭਾਵੇਂ ਉਹ ਇਹ ਵੀ ਚੰਗੀ ਤਰ੍ਹਾਂ ਜਾਣਦਾ ਹੋਵੇ ਕਿ ਉਸ ਦੇ ਜੀਵਨ ਅੰਦਰ, ਅਮੁੱਕੀ ਕਮੀ ਹੈ ਵੀ। ਇਸ ਦਾ ਨਤੀਜਾ ਹੁੰਦਾ ਹੈ ਕਿ ਬਹੁਤ ਵਾਰੀ ਕਿਸੇ ਦੂਜੇ ਦੀ ਗ਼ਲਤੀ ਨੂੰ ਸੁਧਾਰਦੇ ਸੁਧਾਰਦੇ, ਟੋਕਣ ਤੇ ਕਿਉਂ-ਕਿੰਤੂ ਕਰਣ ਵਾਲਾ ਮਨੁੱਖ ਖ਼ੁਦ ਹੀ ਬੁਰਾ ਬਣ ਜਾਂਦਾ ਹੈ। ਬਲਕਿ ਕਈ ਵਾਰ ਤਾਂ ਬੇਲੋੜੀਆਂ ਦੁਸ਼ਮਣੀਆਂ ਵੀ ਸਹੇੜ ਲੈਂਦਾ ਹੈ ਜਦਕਿ ਦੂਜੇ ਪਾਸੇ ਉਹ ਅਮੁੱਕੇ ਮਨੁੱਖ ਨੂੰ ਵੀ ਨਹੀਂ ਸੁਧਾਰ ਪਾਉਂਦਾ।

ਇਸ ਸਚਾਈ ਦਾ ਇੱਕ ਹੋਰ ਪਹਿਲੂ ਵੀ-ਬੇਸ਼ੱਕ ਕਿਸੇ ਵੱਕਤ ਇਹ ਟੋਕਾ-ਟਾਕੀ ਕਿਸੇ ਵੱਲੋਂ, ਕਿਸੇ ਦੀ ਭਲਾਈ ਲਈ ਹੀ ਕੀਤੀ ਗਈ ਹੋਵੇ। ਫ਼ਿਰ ਵੀ ਕਿਸੇ ਸਮੇਂ ਕਿਸੇ ਦੂਜੇ ਨੂੰ ਮਾਮੂਲੀ ਟੋਕਾ-ਟਾਕੀ ਤੇ ਕਿਉਂ-ਕਿੰਤੂ ਤੋਂ ਅਰੰਭ ਹੋਇਆ ਮਨੁੱਖ ਦਾ ਆਪਣਾ ਸੁਭਾਅ ਹੀ ਇਤਨਾ ਭਿਅੰਕਰ ਰੂਪ ਧਾਰਨ ਕਰ ਲੈਂਦਾ ਹੈ ਕਿ ਉਹ ਹਰ ਸਮੇਂ ਦੂਜਿਆਂ ਨੂੰ ਟੋਕਾ-ਟਾਕੀ ਤੇ ਉਨ੍ਹਾਂ `ਤੇ ਕਿਉਂ-ਕਿੰਤੂ ਕਰਣ `ਚ ਹੀ ਆਪਣੀ ਵਡਿਆਈ ਮੰਨਣ ਲੱਗ ਜਾਂਦਾ ਹੈ। ਇਸ ਤਰ੍ਹਾਂ ਲਾਭ ਨਾਲੋ, ਦੋਵੇਂ ਪਾਸੇ ਨੁਕਸਾਨ ਦਾ ਖ਼ਤਰਾ ਹੀ ਵਧੇਰੇ ਹੁੰਦਾ ਹੈ। ਭਾਵ ਜਿਸਨੂੰ ਟੋਕਾ ਟਾਕੀ ਕੀਤੀ ਗਈ ਹੋਵੇ ਜਾਂ ਜਿਹੜਾ ਕਰ ਰਿਹਾ ਹੋਵੇ। ਇਹ ਵੀ ਕਿ ਫ਼ਿਰ ਇਹ ਨੁਕਸਾਨ ਬੇਸ਼ੱਕ ਨਿਜੀ ਹੋਵੇ, ਪੰਥਕ, ਦੇਸ਼ ਜਾਂ ਸੰਸਾਰ ਤਲ ਦਾ।

ਇਸ ਵਿਸ਼ੇ ਨੂੰ ਜੇ ਕਰ ਗਹੁ ਨਾਲ ਵਿਚਾਰਿਆ ਜਾਵੇ ਤਾਂ ਮਨੁੱਖ ਸਮਾਜ ਦੀ ਇਹੀ ਕਮਜ਼ੋਰੀ ਜਿਸ ਬਾਰੇ ਗੁਰੂ ਪਾਤਸ਼ਾਹ ਨੇ ਕੇਵਲ ਕਿਸੇ ਇੱਕ ਮਨੁੱਖ ਨੂੰ ਹੀ ਨਹੀਂ ਬਲਕਿ ਪੂਰੇ ਮਨੁੱਖ ਸਮਾਜ ਨੂੰ ਹੀ ਪੂਰੀ ਤਰ੍ਹਾਂ ਸੁਚੇਤ ਕੀਤਾ ਹੈ। ਇਸ ਦੇ ਨਾਲ ਨਾਲ ਬਾਣੀ `ਚ ਇਸ ਦੀ ਭਿਅੰਕਰਤਾ ਨੂੰ ਵੀ ਸਾਹਮਣੇ ਲਿਆਂਦਾ ਹੋਇਆ ਹੈ। ਇਸ ਦੇ ਬਾਵਜੂਦ ਇਹ ਘਾਟ ਅੱਜ ਪੰਥ ਦੇ ਆਪਣੇ ਅੰਦਰ ਹੀ ਭਿਅੰਕਰ ਰੂਪ ਧਾਰਨ ਕਰ ਚੁੱਕੀ ਹੈ। ਇਥੇ ਤਾਂ ਲਗਭਗ ਹਰੇਕ ਸਿੱਖ ਆਪਣੇ ਆਪ ਨੂੰ ਦੂਜੇ ਤੋਂ ਵੱਧ, ਵਡਾ ਤੇ ਬਹੁਤ ਸਿਆਣਾ ਬਲਕਿ ਪੂਰਨ ਸਿੱਖ ਮੰਨ ਰਿਹਾ ਹੈ ਅਤੇ ਦੂਜਿਆਂ ਨੂੰ ਆਪਣੇ ਮੁਕਾਬਲੇ ਟਿੱਚ ਸਮਝਦਾ ਹੈ।

ਇਸ ਤਰ੍ਹਾਂ ਇਸ ਦਾ ਸਿਰਾ ਚਾਹੇ ਕੋਈ ਤੇ ਕਿਧਰੋਂ ਵੀ ਹੋਵੇ ਪਰ ਅਸਲੀਅਤ ਇਹੀ ਹੈ ਇਸ ਦਾ ਆਧਾਰ ਹਰੇਕ ਮਨੁੱਖ ਵਿਚਲੀ ਇਕੋ ਕਮਜ਼ੋਰੀ ਹੁੰਦੀ ਹੈ। ਉਹ ਇਹ ਕਿ ਕੋਈ ਵੀ ਮਨੁੱਖ ਆਪਣੇ ਉਪਰ ਠਨਿ ਭਾਵੇਂ ਗ਼ਲਤ ਪਰ ਕਿਸੇ ਤਰ੍ਹਾਂ ਦੀ ਟੋਕਾ ਟਾਕੀ ਤੇ ਕਿਉਂ-ਕਿੰਤੂ ਨੂੰ ਕਦੇ ਬ੍ਰਦਾਸ਼ਤ ਨਹੀਂ ਕਰਦਾ। ਕਿਉਂਕਿ ਮਨੁੱਖੀ ਸੁਭਾਅ ਕਾਰਨ ਇਹ ਉਸ ਦੀ ਨਿਜੀ ਭੱਲ, ਗ਼ਰੂਰ, ਹਊਮੈ ਤੇ ਸਵੈਮਾਨ (Eago, Self Respect, proud) ਆਦਿ `ਤੇ ਚੋਟ ਲਗਦੀ ਹੈ। ਇਸੇ ਨੂੰ ਗੁਰਬਾਣੀ `ਚ ਸਭੁ ਕੋ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ” (ਪੰ: ੪੬੩) ਆਦਿ ਕਹਿਕੇ ਅਤੇ ਹੋਰ ਵੀ ਅਨੇਕ ਢੰਗਾਂ ਨਾਲ ਅਤੇ ਬਹੁਤ ਵਾਰ ਸਪਸ਼ਟ ਕੀਤਾ ਹੋਇਆ ਤੇ ਉਘਾੜਿਆ ਹੋਇਆ ਵੀ ਹੈ।

“ਫਰੀਦਾ ਜੇ ਤੂ ਅਕਲਿ ਲਤੀਫੁ” - ਗੁਰਬਾਣੀ `ਚ ਮਨੁੱਖ ਦੀ ਇਸੇ ਕਮਜ਼ੋਰੀ ਨੂੰ ਇਸ ਤਰ੍ਹਾਂ ਵੀ ਫ਼ੁਰਮਾਇਆ ਹੈ “ਫਰੀਦਾ ਜੇ ਤੂ ਅਕਲਿ ਲਤੀਫੁ, ਕਾਲੇ ਲਿਖੁ ਨ ਲੇਖ॥ ਆਪਨੜੇ ਗਿਰੀਵਾਨ ਮਹਿ, ਸਿਰੁ ਨੀਂਵਾਂ ਕਰਿ ਦੇਖੁ” (ਪੰ: ੧੩੭੮) ਭਾਵ ਐ ਮਨੁੱਖ! ਬੇਸ਼ੱਕ ਤੂੰ ਆਪਣੇ ਆਪ ਨੂੰ ਬਹੁਤ ਸਿਆਣਾ ਸਮਝਦਾ ਤੇ ਮੰਣਦਾ ਹੈਂ ਪਰ ਜੇ ਤੂੰ ਸਚਮੁਚ ਹੀ ਸਿਆਣਾ ਹੈਂ ਤਾਂ ਇਹ ਵੀ ਚੇਤੇ ਰੱਖ! ਮਨੁੱਖਾ ਜਨਮ ਦੀ ਸਭ ਤੋਂ ਵੱਡੀ ਸਿਆਨਫ਼ ਤਾਂ ਇੱਕੋ ਹੀ ਹੈ ਤੇ ਉਹ ਹੈ:-

ਐ ਭਾਈ! ਤੂੰ ਆਪਣੇ ਇਸ ਅਮੁੱਲੇ ਤੇ ਦੁਰਲਭ ਮਨੁੱਖਾ ਜਨਮ ਨੂੰ ਹਉਮੈ ਵਾਲੀ ਅਗਿਆਨਤਾ `ਚ ਡੁੱਬੋ ਕੇ ਅਜ਼ਾਈਂ ਨਾ ਕਰ। ਇਸ ਤਰ੍ਹਾਂ ਹਲਤ ਤੇ ਪਲਤ, ਲੋਕ ਤੇ ਪ੍ਰਲੋਕ, ਦੋਵੇਂ ਪਾਸਿਓਂ ਨੁਕਸਾਨ ਕਿਸੇ ਹੋਰ ਦਾ ਨਹੀਂ ਬਲਕਿ ਤੇਰਾ ਆਪਣਾ ਹੀ ਹੋ ਰਿਹਾ ਹੈ। ਇਸ ਰਸਤੇ ਤੂੰ ਆਪਣੇ ਇਸ ਬਹੁਮੁੱਲੇ ਜਨਮ ਨੂੰ ਅਉਗੁਣਾ ਤੇ ਵਿਕਾਰਾਂ ਵੱਲ ਧੱਕਦਾ ਤੇ ਇਸ ਨੂੰ ਗੰਦਾ ਕਰਦਾ ਜਾ ਰਿਹਾ ਹੈਂ। ਇਸ ਤਰ੍ਹਾਂ ਤੂੰ ਇਸ ਦੁਰਲੱਭ ਤੇ ਅਮੁਲੇ ਜਨਮ ਨੂੰ ਸਫ਼ਲ ਕਰਣ ਦੀ ਬਜਾਏ, ਫ਼ਿਰ ਤੋਂ ਜਨਮਾਂ-ਗਰਭਾਂ ਤੇ ਜੂਨਾਂ ਦਾ ਖਾਜ ਬਣਾ ਰਿਹਾਂ ਹੈ। ਦਰਅਸਲ ਇਸੇ ਤੇ ਅਜਿਹੀ ਕਰਣੀ ਲਈ ਹੀ ਫ਼ਰੀਦ ਸਾਹਿਬ ਲਫ਼ਜ਼ ਵਰਤ ਰਹੇ ਹਨ “ਕਾਲੇ ਲਿਖੁ ਨ ਲੇਖ”। ਕਿਉਂਕਿ ਦੂਜਿਆਂ ਨੂੰ ਟੋਕਾ ਟਾਕੀ ਦਾ ਇਕੋ ਹੀ ਅਰਥ ਹੈ ਅਤੇ ਉਹ ਹੈ ਆਪਣੇ ਆਪ ਨੂੰ ਵਧ ਸਿਆਣਾ ਤੇ ਦੂਜਿਆਂ ਨੂੰ ਆਪਣੇ ਮੁਕਾਬਲੇ ਘਟ ਅਥਵਾ ਮੂਰਖ ਮੰਣਨਾ। ਦਰਅਸਲ ਇਹ ਉਹੀ ਰਸਤਾ ਹੈ ਜਿਸਤੋਂ ਕਿਸੇ ਰਾਹੀਂ ਅਚਣ ਚੇਤ ਤੇ ਅਣਜਾਣੇ ਹੀ ਆਪਣੇ ਜੀਵਨ ਅੰਦਰ ਹਉਮੈ ਨੂੰ ਜਨਮ ਦੇਣਾ। ਉਪ੍ਰੰਤ ਇਸੇ ਤੋਂ ਇੱਕ ਇੱਕ ਕਰਕੇ ਮਨੁੱਖ ਦੇ ਜੀਵਨ ਅੰਦਰ ਬਾਕੀ ਤੇ ਦੂਜੇ ਵਿਕਾਰ ਵੀ ਪਣਪਦੇ ਤੇ ਜੀਵਨ ਨੂੰ ਹੋਰ ਤੇ ਹੋਰ ਗੰਦਾ ਕਰਦੇ ਜਾਂਦੇ ਹਨ।

ਇਸੇ ਵਿਸ਼ੇ ਨੂੰ ਗੁਰਬਾਣੀ `ਚ ਅਨੇਕਾਂ ਵਾਰ ਇਸ ਤਰ੍ਹਾਂ ਵੀ ਸਮਝਾਇਆ ਹੈ ਕਿ ਕੋਈ ਮਨੁੱਖ ਜੀਵਨ ਦੇ ਚਾਹੇ ਕਿਤਨੇ ਵੀ ਉਲਟੇ ਰਾਹ ਚੱਲ ਰਿਹਾ ਹੋਵੇ ਫ਼ਿਰ ਵੀ ਉਹ ਓਦੋਂ ਤੱਕ ਇਸ ਸਚਾਈ ਨੂੰ ਨਹੀਂ ਮੰਣਦਾ ਤੇ ਸਮਝਦਾ ਜਦੋਂ ਤੱਕ ਉਹ ਖ਼ੁਦ ਹੀ ਕਿਸੇ ਪੱਜ, ਜੀਵਨ ਦੇ ਉਸ ਗ਼ਲ਼ਤ ਰਾਹ ਨੂੰ ਤਿਆਗ ਕੇ, ਚੰਗੇ ਤੇ ਗੁਣਵਾਣ ਜੀਵਨ `ਚ ਨਹੀਂ ਬਦਲ ਜਾਂਦਾ। ਮਨੁੱਖਾ ਜੀਵਨ ਦੀ ਇਸੇ ਘਾਟ ਦਾ ਨਤੀਜਾ ਹੁੰਦਾ ਹੈ ਕਿ ਮਨੁੱਖ ਇਸ ਦੁਰਲਭ ਜਨਮ ਨੂੰ ਪ੍ਰਾਪਤ ਕਰਕੇ ਵੀ “ਕੂੜੁ ਡੋਬੇ ਪੂਰੁ” (ਪੰ: ੪੬੮) ਅਨੁਸਾਰ ਫ਼ਿਰ ਤੋਂ ਜਨਮਾਂ ਦੇ ਗੇੜ `ਚ ਪੈਂਦਾ ਹੈ। ਗੁਰਬਾਣੀ `ਚ ਮਨੁੱਖ ਸਮਾਜ ਅੰਦਰ ਪਸਰ ਰਹੀ ਇਸ ਸਾਮੂਹਿਕ ਘਾਟ, ਭਾਵ ਮਨੁੱਖ ਚਾਹੇ ਕਿਸੇ ਵੀ ਸੁਭਾਅ ਦਾ ਹੋਵੇ ਪਰ ਉਹ ਆਪਣੇ `ਤੇ ਕਿਸੇ ਵੱਲੋਂ ਕੋਈ ਤੇ ਕਿਸੇ ਵੀ ਤਰ੍ਹਾਂ ਦੀ ਟੋਕਾ-ਟਾਕੀ ਤੇ ਕਿਉਂ-ਕਿੰਤੂ ਨੂੰ ਬ੍ਰਦਾਸ਼ਤ ਨਹੀਂ ਕਰਦਾ।

“ਪਤਿ ਪਰਵਾਣਾ ਪਿਛੈ ਪਾਈਐ ਤਾ. .”-ਇਸ ਤਰ੍ਹਾਂ ਇਹ ਵੀ ਦੇਖ ਚੁੱਕੇ ਹਾਂ ਕਿ ਗੁਰਦੇਵ ਨੇ, ਮਾਨਵੀ ਕਮਜ਼ੋਰੀ ਵਾਲੇ ਇਸੇ ਸੱਚ ਨੂੰ ਬਾਣੀ ਆਸਾ ਕੀ ਵਾਰ ਦੇ ਸਲੋਕ `ਚ “ਸਭੁ ਕੋ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ॥ ਪਤਿ ਪਰਵਾਣਾ ਪਿਛੈ ਪਾਈਐ ਤਾ ਨਾਨਕ ਤੋਲਿਆ ਜਾਪੈ” (ਪੰ: ੪੬੮)। ਜਿਸ ਦੇ ਅਰਥ ਭਾਵ ਹਨ ਕਿ ਐ ਮਨੁੱਖ! ਤੂੰ ਆਪਣੇ ਆਪ ਨੂੰ ਵਧ ਸਿਆਣਾ ਤੇ ਦੂਜਿਆਂ ਨੂੰ ਅਣਜਾਣ ਨਾ ਸਮਝ। ਕਿਉਂਕਿ ਤੇਰੇ ਮਨੁੱਖਾ ਜਨਮ ਦੀ ਸੀਮਾਂ ਕੇਵਲ ਕੁੱਝ ਸੰਸਾਰਕ ਸਿਆਣਪਾ ਤੇ ਅਣਜਾਣ ਪੁਣੇ ਤੱਕ ਹੀ ਸੀਮਤ ਨਹੀਂ। ਬਲਕਿ ਤੇਰੇ ਇਸ ਮਨੁੱਖਾ ਜਨਮ ਦੀ ਸਫ਼ਲਤਾ ਤੇ ਅਸਫ਼ਲਤਾ ਸੰਬੰਧੀ ਨਿਰਣਾ ਕਿਸੇ ਮਨੁੱਖ ਨੇ ਨਹੀਂ, ਅੰਤ ਉਹ ਕਰਤੇ ਦੀ ਦਰਗਾਹ `ਚ ਹੀ ਹੋਣਾ ਹੈ।

ਇਸ ਲਈ ਮਨੁੱਖਾ ਜਨਮ ਪਾ ਕੇ ਤੇਰੀ ਸੋਚ ਤਾਂ “ਜਿਤੁ ਸੇਵਿਐ ਸੁਖੁ ਪਾਈਐ ਸੋ ਸਾਹਿਬੁ ਸਦਾ ਸਮਾੑਲੀਐ॥ ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ॥ ਮੰਦਾ ਮੂਲਿ ਨ ਕੀਚਈ ਦੇ ਲੰਮੀ ਨਦਰਿ ਨਿਹਾਲੀਐ॥ ਜਿਉ ਸਾਹਿਬ ਨਾਲਿ ਨ ਹਾਰੀਐ ਤੇਵੇਹਾ ਪਾਸਾ ਢਾਲੀਐ॥ ਕਿਛੁ ਲਾਹੇ ਉਪਰਿ ਘਾਲੀਐ” (ਪੰ: ੪੭੪) ਭਾਵ ਤੇਰੀ ਦੌੜ ਤਾਂ ਇਸ ਮਨੁੱਖਾ ਜਨਮ ਦੀ ਸੰਭਾਲ ਵਾਲੇ ਪਾਸੇ ਹੋਣੀ ਚਾਹੀਦੀ ਹੈ। ਇਸ ਲਈ ਕਿ ਇਨ੍ਹਾਂ ਛੋਟੀਆਂ ਸੰਸਾਰਕ ਖਿੱਚਾਤਾਣੀਆਂ `ਚ ਫ਼ੱਸੇ ਰਹਿਕੇ ਕਿਧਰੇ ਇਹ ਤੇਰਾ ਇਹ ਅਮੋਲਕ ਤੇ ਦੁਰਲਭ ਮਨੁੱਖਾ ਜਨਮ ਹੀ ਬਿਰਥਾ ਨਾ ਚਲਾ ਜਾਵੇ। ਫ਼ਿਰ ਕੇਵਲ ਇਥੇ ਤੇ ਹੀ ਨਹੀਂ; ਬਲਕਿ ਗੁਰਦੇਵ ਨੇ ਗੁਰਬਾਣੀ ਦੇ ਇਸੇ ਸਿਧਾਂਤ ਨੂੰ ਗੁਰਬਾਣੀ `ਚ ਹੋਰ ਵੀ ਅਨੇਕਾਂ ਵਾਰੀ ਤੇ ਕਈ ਢੰਗਾਂ ਨਾਲ ਖੁੱਲ ਕੇ ਸਪਸ਼ਟ ਕੀਤਾ ਤੇ ਸਮਝਾਇਆ ਹੋਇਆ ਹੈ।

ਉਪ੍ਰੰਤ ਇਸੇ ਸਾਂਝੀ ਕੜੀ ਵਾਲੇ ਸੱਚ ਦਾ ਸਾਮਾਜਿਕ ਤੌਰ `ਤੇ ਜੋ ਅਤਿ ਵਿਗੜਿਆ ਰੂਪ ਉਘੜਦਾ ਹੈ ਉਹ ਵੀ ਨਿਜੀ ਨਹੀਂ ਰਹਿ ਜਾਂਦਾ ਬਲਕਿ ਆਪਸੀ ਟੋਕਾ-ਟਾਕੀ ਜਾਂ ਦੂਜੇ ਲਫ਼ਜ਼ਾਂ `ਚ “ਮੈਂ ਵੱਧ ਸਿਆਣਾ ਹਾਂ ਤੇ ਤੈਨੂੰ ਜਾਂ ਤੁਹਾਨੂੰ ਮੇਰੇ ਮੁਕਾਬਲੇ ਕੁੱਝ ਵੀ ਸਮਝ ਨਹੀਂ”। ਹੋਰ ਤਾਂ ਹੋਰ, ਇਸ ਪੱਖੋਂ ਕਿਸੇ ਧਰਮ ਜਾਂ ਸਮੁਦਾਯ ਦੀ ਗੱਲ ਤਾਂ ਬਹੁਤ ਵੱਡੀ ਤੇ ਦੂਰ ਦੀ ਹੈ, ਜੇ ਕਿਸੇ ਛੋਟੇ ਜਿਹੇ ਅਥਵਾ ਚਾਰ ਜੀਆਂ ਦੇ ਪ੍ਰਵਾਰ `ਚ ਵੀ ਕਿਧਰੇ ਇਹ ਬਿਮਾਰੀ ਉਭਰ ਆਵੇ ਤਾਂ ਉਹ ਪ੍ਰਵਾਰ ਵੀ ਬਹੁਤੇ ਦਿਨ ਇਕੱਠਾ ਨਹੀਂ ਰਹਿ ਸਕਦਾ। ਜੇ ਇਤਨਾ ਨਹੀਂ ਤਾਂ ਵੀ ਅਮੁੱਕੇ ਪ੍ਰਵਾਰ `ਚ ਹਰ ਸਮੇਂ ਕਟਾ-ਕਟੀ ਹੀ ਬਣੀ ਰਹਿੰਦੀ ਹੈ ਤੇ ਪ੍ਰਵਾਰ `ਚ ਆਪਸੀ ਪਿਆਰ ਵਾਲਾ ਵਾਤਾਵਰਣ ਪੈਦਾ ਹੀ ਨਹੀਂ ਹੁੰਦਾ।

ਇਸ ਤਰ੍ਹਾਂ ਸਚਾਈ ਇਹ ਹੈ ਕਿ ਗੁਰਬਾਣੀ ਅੰਦਰ ਗੁਰਦੇਵ ਨੇ ਜਿਤਨੇ ਵੀ ਫ਼ੈਸਲੇ ਜਾਂ ਜਿਤਣੀਆਂ ਵੀ ਸਾਂਝੀਆਂ ਕੜੀਆਂ ਤੇ ਅਜਿਹੀਆਂ ਸੇਧਾਂ ਦੀ ਗੱਲ ਕੀਤੀ ਹੈ ਉਹ ਸੰਪੂਰਣ ਮਨੁੱਖ ਮਾਤ੍ਰ ਲਈ ਹਨ ਨਾ ਕਿ ਕੁੱਝ ਲੋਕਾਂ ਜਾਂ ਕਿਸੇ ਵਿਸ਼ੇਸ਼ ਫ਼ਿਰਕੇ ਤੇ ਸਮੁਦਾਯ ਲਈ। ਤਾਂ ਤੇ ਸੱਚ ਵੀ ਇਹੀ ਹੈ ਕਿ ਸਮੂਚੇ ਗੁਰਮੱਤ ਪ੍ਰਚਾਰ ਦਾ ਆਧਾਰ ਵੀ ਇਹ ਸਾਂਝੀਆਂ ਕੜੀਆਂ ਹੀ ਹੋਣੀਆਂ ਹਨ। ਇਤਨਾ ਹੀ ਨਹੀਂ ਬਲਕਿ ਗੁਰੂ ਕੀਆਂ ਸੰਗਤਾਂ ਵਿਚਕਾਰ ਇਨ੍ਹਾਂ ਦਾ ਆਰੰਭ ਵੀ ਸਿੱਖ ਧਰਮ ਦੇ ਪ੍ਰਚਾਰਕਾਂ ਦੀ ਆਪਣੀ ਜੀਵਨ ਰਹਿਣੀ ਤੋਂ ਹੋਣਾ ਹੈ; ਇਹ ਨਹੀੰ ਕਿ ਉਨ੍ਹਾਂ ਰਾਹੀਂ ਕੇਵਲ ਅਜਿਹੇ ਪ੍ਰਮਾਣ ਦਿੰਦੇ ਜਾਣਾ ਜਾਂ ਇਨ੍ਹਾਂ ਦਾ ਗਾਇਣ ਕਰਦੇ ਜਾਣਾ। ਜਦਕਿ ਜੀਵਨ ਦਾ ਇਹੀ ਵੱਡਾ ਸੱਚ, ਗੁਰੂ ਪਾਤਸ਼ਾਹੀਆਂ ਦੇ ਆਪਣੇ ਰਾਹੀਂ ਕੀਤੇ ਜਾਂਦੇ ਗੁਰਮੱਤ ਪ੍ਰਚਾਰ ਸਮੇਂ ਆਪਣੇ ਜੀਵਨ ਕਾਲ `ਚ ਹੁੰਦਾ ਸੀ ਤੇ ਇਹੀ ਉੱਤਮ ਜੀਵਨ, ਉਨ੍ਹਾਂ ਰਾਹੀਂ ਸਮੇਂ ਸਮੇਂ `ਤੇ ਥਾਪੇ ਪ੍ਰਚਾਰਕਾਂ ਦੀ ਜੀਵਨ ਰਹਿਣੀ `ਚ ਵੀ ਹੁੰਦਾ ਸੀ। ਉਸੇ ਦਾ ਨਤੀਜਾ ਸੀ ਕਿ ਨਾਲੋ ਨਾਲ ਸਿੱਖਾਂ ਦੀ ਗਿਣਤੀ `ਚ ਵੀ ਦਿਨ ਦੁਗਣੀ ਤੇ ਰਾਤ ਚੌਗਣੀ ਵਾਧਾ ਹੁੰਦਾ ਸੀ ਤੇ ਨਾਲ ਹੀ ਨਾਲ ਸਿੱਖ ਲਹਿਰ `ਚ ਵੀ।

ਅਜੋਕਾ ਗੁਰਮੱਤ ਪ੍ਰਚਾਰ ਤੇ ਸਾਂਝੀਆਂ ਕੜੀਆਂ-ਇਸ ਦੇ ਉਲਟ ਅੱਜ ਸਿੱਖ ਧਰਮ ਦਾ ਸਮੂਚਾ ਗੁਰਮੱਤ ਪ੍ਰਚਾਰ ਆਪਣੀ ਅਸਲੀਅਤ ਤੇ ਅਜਿਹੀਆਂ ਸਾਂਝੀਆਂ ਕੜੀਆਂ ਵਾਲੇ ਅਮਲ ਤੋਂ ਬਿਲਕੁਲ ਖਾਲੀ ਪਿਆ ਹੈ। ਇਹੀ ਮੁੱਖ ਕਾਰਨ ਹੈ ਕਿ ਅੱਜ ਸਿੱਖ ਧਰਮ ਲਗਾਤਰ ਵਾਧੇ ਦੀ ਬਜਾਏ ਰਸਾਤਲ ਨੂੰ ਜਾ ਰਿਹਾ ਹੈ। ਵਿਚਾਰਣ ਦਾ ਵਿਸ਼ਾ ਹੈ ਕਿ ਅਜੋਕੇ ਪ੍ਰਚਾਰਕਾਂ ਦੇ ਗਾਇਣ, ਪ੍ਰਮਾਣਾਂ, ਕਥਾਵਾਂ, ਵਿਆਖਿਆਵਾਂ `ਚ ਤਾਂ ਅਜਿਹੀਆਂ ਸਾਂਝੀਆਂ ਕੜੀਆਂ ਨੂੰ ਉਜਾਗਰ ਕਰਣ ਵਾਲੀਆਂ ਗੁਰਬਾਣੀ ਦੀਆਂ ਪੰਕਤੀਆਂ, ਸ਼ਬਦ ਤੇ ਪ੍ਰਮਾਣ ਤਾਂ ਬਹੁਤ ਹੁੰਦੇ ਹਨ ਪਰ ਉਨ੍ਹਾਂ ਦੇ ਆਪਣੇ ਜੀਵਨ `ਚ ਇਨ੍ਹਾਂ ਦਾ ਅਮਲ ਬਿਲਕੁਲ ਨਦਾਰਦ ਹੋਇਆ ਪਿਆ ਹੈ।

ਇਸ ਤਰ੍ਹਾਂ ਸੱਚ ਇਹੀ ਹੈ ਕਿ ਸਾਡੇ ਅਜੋਕੇ ਸਮੂਚੇ ਗੁਰਬਾਣੀ ਸਤਿਸੰਗਾਂ, ਗੁਰਮੱਤ ਸਮਾਗਮਾਂ, ਕੀਰਤਨ ਦਰਬਾਰਾਂ, ਨਗਰ ਕੀਰਤਨਾਂ, ਪ੍ਰਭਾਤ ਫ਼ੇਰੀਆਂ, ਸ਼ਤਾਬਦੀਆਂ ਆਦਿ ਹਰੇਕ ਸਮਾਗਮ ਕਰਣ ਤੇ ਕਰਾਉਣ ਵਾਲਿਆਂ ਦੇ ਜੀਵਨ ਅੰਦਰ, ਗੁਰਬਾਣੀ ਰਾਹੀਂ ਪ੍ਰਗਟ ਇਹ ਤੇ ਅਜਿਹੀਆਂ ਸਮੂਹ ਸਾਂਝੀਆਂ ਕੜੀਆਂ ਵਾਲਾ ਅਮਲ ਮੂਲੋਂ ਹੀ ਨਹੀਂ ਹੈ। ਇਸੇ ਦਾ ਨਤੀਜਾ ਹੈ ਕਿ ਸੰਗਤਾਂ ਵਿਚਕਾਰ ਬਜਾਇ ਗੁਰਮੱਤ ਪੱਖੋਂ ਜਾਗ੍ਰਿਤੀ ਆਉਣ ਦੇ, ਤੇਜ਼ੀ ਨਾਲ ਵੱਧ ਰਹੀ ਹੈ ਸਭੁ ਕੋ ਪੂਰਾ ਆਪੇ ਹੋਵੈ ਘਟਿ ਨ ਕੋਈ ਆਖੈ” (ਪੰ: ੪੬੩) ਵਾਲੀ ਭਿਅੰਕਰ ਬਿਮਾਰੀ। ਉਸੇ ਦਾ ਨਤੀਜਾ, ਅੱਜ ਸਿੱਖ ਅਖਵਾਉਣ ਵਾਲਾ ਲਗਭਗ ਹਰੇਕ ਮਨੁੱਖ ਬਲਕਿ ਜਾਣੇ ਮਾਣੇ ਪ੍ਰਚਾਰਕ, ਪ੍ਰਬੰਧਕ ਤੇ ਸਿੱਖ ਆਗੂ ਵੀ ਸਿੱਖੀ ਜੀਵਨ ਵੱਲੋਂ ਖਾਲੀ ਹੋਏ ਪਏ ਹਨ। ਇਸ ਸਾਰੇ ਦੇ ਬਾਵਜੂਦ ਫ਼ਿਰ ਵੀ ਅੱਜ ਸਾਡਾ ਹਰੇਕ ਪ੍ਰਚਾਰਕ, ਪ੍ਰਬੰਧਕ ਤੇ ਸਿੱਖ ਆਗੂ ਤਾਂ ਕੀ ਬਲਕਿ ਨਿਜੀ ਤੌਰ `ਤੇ ਹਰੇਕ ਸਿੱਖ ਵੀ ਆਪਣੇ ਆਪ ਨੂੰ ਦੂਜਿਆਂ ਦੇ ਮੁਕਾਬਲੇ ਚੰਗਾ ਤੇ ਵਧੀਆ ਸਿੱਖ ਅਥਵਾ ਗੁਰਮੱਤ ਦਾ ਧਾਰਨੀ ਤੇ ਸਿੱਖੀ ਜੀਵਨ ਦਾ ਦਾਅਵੇਦਾਰ ਮੰਨ ਰਿਹਾ ਹੈ।

ਬਹੁਤਾ ਕਰਕੇ ਅੱਜ ਦੂਜਿਆਂ ਦੇ ਮੁਕਾਬਲੇ ਖਾਸਕਰ ਸਿੱਖਾਂ ਦੇ ਜੀਵਨ `ਚੋਂ ਤਾਂ ਇਸੇ ਭਿਅੰਕਰ ਬਿਮਾਰੀ ਦਾ ਹੀ ਪ੍ਰਗਟਾਵਾ ਤੇ ਬੋਲਬਾਲਾ ਹੈ। ਉਹ ਵੀ ਖਾਸਕਰ ਉਸ ਵੇਲੇ ਜਦੋਂ ਉਹ ਸਿੱਖੀ ਵਿਸ਼ੇ `ਤੇ ਕਿਸੇ ਦੂਜੇ ਸਿੱਖ ਨਾਲ ਗੱਲਬਾਤ ਕਰਦਾ ਹੈ ਤਾਂ। ਇਸ ਤਰ੍ਹਾਂ ਅੱਜ ਲਗਭਗ ਹਰੇਕ ਸਿੱਖ ਜਿਵੇਂ ਕਿ ਇਹੀ ਸਮਝੀ ਬੈਠਾ ਹੈ “ਕਿ ਮੇਰੇ ਵਰਗਾ ਵੱਡਾ ਤੇ ਚੰਗਾ ਸਿੱਖ, ਸਿੱਖ ਧਰਮ ਦਾ ਪ੍ਰਚਾਰਕ, ਦਾਅਵੇਦਾਰ ਤੇ ਸਿੱਖੀ ਜੀਵਨ ਵਾਲਾ ਕੋਈ ਹੈ ਹੀ ਨਹੀਂ”। ਜਦਕਿ ਨਾਲ ਨਾਲ ਇਹ ਵੀ ਪੜ੍ਹਦਾ ਜਾ ਰਿਹਾ ਹੈ “ਹਮ ਨਹੀ ਚੰਗੇ ਬੁਰਾ ਨਹੀ ਕੋਇ॥ ਪ੍ਰਣਵਤਿ ਨਾਨਕੁ ਤਾਰੇ ਸੋਇ” (ਪੰ: ੭੨੮) ਅਥਵਾ “ਨਿੰਦਉ ਨਿੰਦਉ ਮੋ ਕਉ ਲੋਗੁ ਨਿੰਦਉ॥ ਨਿੰਦਾ ਜਨ ਕਉ ਖਰੀ ਪਿਆਰੀ॥ ਨਿੰਦਾ ਬਾਪੁ ਨਿੰਦਾ ਮਹਤਾਰੀ…” {ਪੰ: ੩੩੯} ਆਦਿ ਅਨੇਕਾ ਸਬੰਧਤ ਗੁਰ ਫ਼ੁਰਮਾਨ। ਇਸ ਤਰ੍ਹਾਂ ਇਨ੍ਹਾਂ ਹਾਲਾਤਾਂ `ਚ ਅਤੀ ਵਿਰਲਿਆਂ ਨੂੰ ਛੱਡ ਕੇ ਅੱਜ ਕਿਹੜਾ ਸਿੱਖ ਹੈ ਜਿਹੜਾ ਇਸ ਬਿਮਾਰੀ ਤੋਂ ਬਚਿਆ ਹੋਇਆ ਹੋਵੇ। ਉਹ ਪੜ੍ਹ ਕੀ ਰਿਹਾ ਹੈ ਤੇ ਉਸ ਦਾ ਆਪਣਾ ਅਮਲ ਕੀ ਹੈ? ਕੌਣ ਸੋਚੇ ਤੇ ਵਿਚਾਰੇਗਾ?

“ਬੰਦੇ ਖੋਜੁ ਦਿਲ ਹਰ ਰੋਜ” -ਵਿਰਲਿਆਂ ਨੂੰ ਛੱਡ ਕੇ, “ਮੈਂ ਸਿਆਣਾ” ਵਾਲੀ ਬਿਮਾਰੀ ਦੇ ਕਿਟਾਣੂ ਅਜੋਕੀਆਂ ਸਮੂਚੀਆਂ ਗੁਰੂ ਕੀਆਂ ਸੰਗਤਾਂ ਤੋਂ ਟੱਪ ਕੇ ਇਕੱਲੇ ਇਕੱਲੇ ਸਿੱਖ ਦੇ ਜੀਵਨ `ਚ ਵੀ ਫੈਲ ਚੁੱਕੇ ਹਨ। ਇੱਕ ਇੱਕ ਸਿੱਖ ਅਖਵਾਉਣ ਵਾਲੇ ਵਿਚਕਾਰ ਸਿੱਖੀ ਜੀਵਨ ਤੇ ਰਹਿਣੀ ਪੱਖੋਂ ਨਿਜੀ ਤੇ ਆਪਸੀ ਟੋਕਾ-ਟਾਕੀ ਸ਼ਿਖਰਾਂ `ਤੇ ਪੁੱਜੀ ਹੋਈ ਹੈ। ਖ਼ੂਬੀ ਇਹ ਕਿ ਲਗਭਗ ਅੱਜ ਸਾਰੇ ਦੇ ਸਾਰੇ ਸਿੱਖ ਹੀ, ਆਪਣੇ ਆਪ ਨੂੰ ਵੱਡਾ ਤੇ ਪਹੁੰਚਿਆ ਹੋਇਆ ਸਿੱਖ ਮੰਨ ਰਹੇ ਹਨ ਤੇ ਦੂਜਿਆਂ ਦੇ ਸਿੱਖੀ ਜੀਵਨ ਨੂੰ ਆਪਣੇ ਸਾਹਮਣੇ ਟਿੱਚ ਮੰਨ ਰਹੇ ਹਨ। ਦੂਜਿਆਂ `ਤੇ ਟਿਚਕਰਾਂ ਤੇ ਹੁੱਜਤਾਂ ਤਾਂ ਬਹੁਤ ਕਰ ਰਹੇ ਹਨ ਪਰ ਆਪਣੇ ਆਪ ਨੂੰ ਗੁਰੂ ਦੇ ਨਿਰਮਲ ਭਉ `ਚ ਰਹਿ ਕੇ ਬਹੁਤਿਆਂ ਅੰਦਰ “ਬੰਦੇ ਖੋਜੁ ਦਿਲ ਹਰ ਰੋਜ” (ਅੰ: ੭੨੭) ਵਾਲੀ ਗੱਲ ਹੀ ਮੁੱਕੀ ਪਈ ਹੈ। ਜਦਕਿ ਇਸ ਪੱਖੋਂ ਵੀ ਗੁਰਬਾਣੀ ਦਾ ਨਿਰਮਲ ਮਾਰਗ “ਭਉ ਭਗਤਿ ਕਰਿ ਨੀਚੁ ਸਦਾਏ॥ ਤਉ ਨਾਨਕ ਮੋਖੰਤਰੁ ਪਾਏ” (ਪੰ: ੪੭੦) ਵਾਲਾ ਹੀ ਹੈ ਨਾ ਕਿ ਆਪਸੀ ਟੋਕਾ ਟਾਕੀ ਵਾਲਾ ਜਾਂ ‘ਮੈਂ ਹੀ ਚੰਗਾ ਸਿੱਖ ਤੇ ਤੁਸੀਂ. . ।

“ਸਭੁ ਕੋ ਮੀਤੁ ਹਮ ਆਪਨ ਕੀਨਾ” -ਸਿੱਖੀ ਜੀਵਨ ਤਾਂ “ਹਮ ਨਹੀ ਚੰਗੇ ਬੁਰਾ ਨਹੀ ਕੋਇ॥ ਪ੍ਰਣਵਤਿ ਨਾਨਕੁ ਤਾਰੇ ਸੋਇ” (੭੨੮) ਵਾਲਾ ਹੋਣਾ ਸੀ ਜਿਸ ਤੋਂ ਅਮਲੀ ਤੌਰ `ਤੇ ਸਾਡੇ ਜੀਵਨ ਅੰਦਰੋਂ ਕੇਵਲ ਪੰਥਕ ਪੱਧਰ `ਤੇ ਹੀ ਨਹੀਂ ਬਲਕਿ ਸੰਸਾਰ ਪੱਧਰ `ਤੇ “ਨਾ ਕੋ ਮੇਰਾ ਦੁਸਮਨੁ ਰਹਿਆ, ਨ ਹਮ ਕਿਸ ਕੇ ਬੈਰਾਈ” (ਪੰ: ੬੭੧) ਜਾਂ “ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ” (ਪੰ: ੬੭੧) ਵਾਲਾ ਜੀਵਨ ਤਿਆਰ ਹੋ ਜਾਂਦਾ। ਜਦਕਿ ਇਹ ਵੀ ਗੁਰੂ ਕੇ ਸਿੱਖਾਂ ਤੇ ਗੁਰੂ ਕੀਆਂ ਸੰਗਤਾਂ ਨੂੰ ਗੁਰਬਾਣੀ ਰਾਹੀਂ ਬਖ਼ਸ਼ੀ ਹੋਈ ਸਾਂਝੀ ਕੜੀ ਹੈ। ਇਸ ਤਰ੍ਹਾਂ ਇਹ ਕੜੀ ਤੇ ਗੁਰਬਾਣੀ ਸਿਧਾਂਤ ਵੀ, ਬਿਨਾ ਵਿਤਕਰਾ ਜਾਤ ਪਾਤ, ਰੰਗ ਨਸਲ, ਧਰਮ, ਲਿੰਗ, ਦੇਸ਼-ਵਿਦੇਸ਼ ਭਾਵ ਸਾਰੇ ਸੰਸਾਰ ਦੇ ਸਮੂਚੇ ਮਨੁੱਖ ਮਾਤ੍ਰ ਲਈ ਹੈ ਨਾ ਕਿ ਕੁੱਝ ਲੋਕਾਂ, ਕਿਸੇ ਖਾਸ ਫ਼ਿਰਕੇ ਸਮੁਦਾਯ ਜਾਂ ਕੇਵਲ ਆਪਣੇ ਆਪ ਨੂੰ ਸਿੱਖ ਤੇ ਪੰਥ ਅਖਵਾਉਣ ਵਾਲਿਆਂ ਲਈ।

ਫ਼ਿਰ ਜੇ ਕਰ ਇਹ ਵੀ ਸਿੱਖ ਪ੍ਰਚਾਰਕਾਂ, ਕਥਾਵਾਚਕਾਂ, ਕੀਰਤਨੀ ਤੇ ਪਾਠੀ ਸਿੰਘਾਂ ਅਤੇ ਇਕੱਲੇ ਇਕੱਲੇ ਸਿੱਖ ਅਖਵਾਉਣ ਵਾਲੇ ਦੇ ਬੋਲਾਂ ਤੱਕ ਹੀ ਸੀਮਤ ਰਵੇ ਤੇ ਅਮਲ `ਚ ਨਾ ਹੋਵੇ ਤਾਂ ਉਸ ਦਾ ਕੀ ਤੇ ਕਿਸ ਨੂੰ ਲਾਭ ਹੋਵੇਗਾ? ਬਲਕਿ ਇਸ ਨਾਲ ਤਾਂ ਹਰੇਕ ਦੀ ਹਉਮੈ ਹੀ ਵਧੇਗੀ। ਮਨੁੱਖਾ ਜੀਵਨ ਦੀ ਇਸੇ ਸਾਂਝੀ ਕੜੀ ਦੇ ਹੋਰ ਪੱਖ ਵੀ ਹਨ ਜਿਵੇਂ “ਇਕੋ ਦਿਸੈ ਸਜਣੋ, ਇਕੋ ਭਾਈ ਮੀਤੁ॥ ਇਕਸੈ ਦੀ ਸਾਮਗਰੀ, ਇਕਸੈ ਦੀ ਹੈ ਰੀਤਿ” (ਪੰ: ੪੪) ਅਤੇ “ਪਰ ਕਾ ਬੁਰਾ ਨ ਰਾਖਹੁ ਚੀਤ” (ਪੰ: ੩੮੬) ਅਥਵਾ “ਤੂੰ ਸਾਝਾ ਸਾਹਿਬੁ ਬਾਪੁ ਹਮਾਰਾ॥ ਨਉ ਨਿਧਿ ਤੇਰੈ ਅਖੁਟ ਭੰਡਾਰਾ” (ਪੰ: ੯੭)।

ਦੇਖਿਆ ਜਾਵੇ ਗੁਰਬਾਣੀ ਦੇ ਇਨ੍ਹਾਂ ਤੇ ਅਜਿਹੇ ਸਾਰੇ ਪ੍ਰਮਾਣਾ ਤੇ ਸਬੰਧਤ ਸ਼ਬਦਾਂ ਦਾ ਮਕਸਦ ਹੀ ਸਮੂਚੇ ਮਨੁੱਖ ਮਾਤ੍ਰ ਦੀ ਸੰਭਾਲ ਤੇ ਉਨ੍ਹਾਂ ਦੇ ਜੀਵਨ ਲਈ ਸੇਧ ਹੈ। ਜੇ ਕਰ ਸਚਮੁਚ ਅੱਜ ਵੀ ਸਾਡੇ ਗੁਰਮੱਤ ਪ੍ਰਚਾਰਕਾਂ, ਰਾਗੀ ਸੱਜਨਾਂ, ਗੁਰਦੁਆਰਾ ਪ੍ਰਬੰਧਕਾਂ ਤੇ ਸਿੱਖ ਆਗੂਆਂ ਦੇ ਵਤੀਰੇ ਤੇ ਗੁਰਮੱਤ ਪ੍ਰਚਾਰ ਦੇ ਖੇਤ੍ਰ ਅੰਦਰ ਕੇਵਲ ਇਤਨੀਆਂ ਹੀ ਪੰਕਤੀਆਂ ਤੇ ਪ੍ਰਮਾਣ ਵੀ ਆਪਣੇ ਅਸਲ ਅਰਥਾਂ ਤੇ ਭਾਵਨਾ ਅਨੁਸਾਰ ਆ ਜਾਣ ਤਾਂ ਯਕੀਨਣ, ਘਟੋਘਟ ਅਜੋਕੇ ਸਿੱਖਾਂ ਵਿਚਕਾਰੋਂ ਤਾਂ ਸਿੱਖੀ ਰਹਿਣੀ ਤੇ ਜੀਵਨ ਪੱਖੋਂ ਆਪਸੀ ਟੋਕਾ-ਟਾਕੀ ਵਾਲੀ ਆ ਚੁੱਕੇ ਭੂਤ ਤੇ ਬਿਮਾਰੀ ਦਾ ਨਾਸ ਤਾਂ ਹੋ ਹੀ ਸਕਦਾ ਹੈ। ਉਪ੍ਰੰਤ ਇਸੇ ਦਾ ਵੱਡਾ ਲਾਭ ਹੋਵੇਗਾ ਕਿ ਸਿੱਖਾਂ ਵਿਚਕਾਰ ਪੈਦਾ ਹੋ ਚੁੱਕੀਆਂ ਅਨੇਕਾਂ ਧੜੇ ਬੰਦੀਆਂ, ਗੰਦੀ ਰਾਜਨੀਤੀ ਤੇ ਵੱਧ ਰਹੀਆਂ ਆਪਸੀ ਦੁਸ਼ਮਣੀਆਂ ਵੀ ਹਵਾ ਹੋ ਜਾਣਗੀਆਂ।

ਸਭ ਤੋਂ ਵੱਡਾ ਲਾਭ ਹੋਵੇਗਾ ਕਿ ਗੁਰੂ ਸਾਹਿਬਾਨ ਸਮੇਂ ਜਿਹੜੀ ਸਿੱਖ ਧਰਮ ਦੇ ਪ੍ਰਚਾਰ ਦੀ ਸੀਮਾਂ ਸਹੀ ਅਰਥਾਂ `ਚ ਸਾਰੀ ਮਾਨਵਤਾ ਸੀ, ਉਹੀ ਅਵਸਥਾ ਪੰਥ ਨੂੰ ਫ਼ਿਰ ਤੋਂ ਪ੍ਰਾਪਤ ਹੋ ਜਾਵੇਗੀ ਤੇ ਅਜੋਕਾ ਸਿੱਖ ਵੀ ਆਪਣੀ ਬੀਤੀ ਸ਼ਾਨ ਨੂੰ ਵੀ ਫ਼ਿਰ ਤੋਂ ਪ੍ਰਾਪਤ ਕਰ ਲਵੇਗਾ। ਇਸ ਤੋਂ ਸਿੱਖ ਧਰਮ ਵੀ ਫ਼ਿਰ ਤੋਂ ਆਪਣੇ ਅਸਲੀ ਰੂਪ `ਚ ਪ੍ਰਗਟ ਹੋਵੇਗਾ ਤੇ ਸਿੱਖ ਲਹਿਰ ਨੂੰ ਵੀ ਚਾਰ ਚੰਨ ਲਗਣ ਗੇ।

“ਸਤਸੰਗਤਿ ਕੈਸੀ ਜਾਣੀਐ” - ਜਿਵੇਂ ਕਿ ਅਰੰਭ `ਚ ਵੀ ਜ਼ਿਕਰ ਆ ਚੁੱਕਾ ਹੈ ਕਿ ਗੁਰਦੇਵ ਨੇ ਤਾਂ ਗੁਰੂ ਕੀਆਂ ਸੰਗਤਾਂ ਤੇ ਸਿੱਖਾਂ ਲਈ ਇਸ ਮਨੁੱਖੀ ਘਾਟ ਦਾ ਸਪਸ਼ਟ ਹੱਲ ਵੀ ਦਿੱਤਾ ਹੋਇਆ ਹੈ। ਇਸ ਦਾ ਹੱਲ ਬਖ਼ਸ਼ਿਆ ਹੋਇਆ ਹੈ ਕਿ ਸਿੱਖ ਨੇ ਜੇ ਕਰ ਕਿਸੇ ਮਨੁੱਖ ਜਾਂ ਸਮੁਦਾਯ ਦੀ ਕਿਸੇ ਕਮਜ਼ੋਰੀ ਪ੍ਰਤੀ ਕੋਈ ਗੱਲ ਕਰਣੀ ਵੀ ਹੈ ਤਾਂ ਉਸ ਨੂੰ ਸਮੂਹਿਕ ਤੌਰ `ਤੇ ਅਤੇ ਸੰਗਤ ਰੂਪ `ਚ ਹੀ ਕਰਣੀ ਹੈ। ਉਸ ਨੇ ਕਿਸੇ ਇਕੱਲੇ ਇਕੱਲੇ ਨੂੰ ਟੋਕਾ-ਟਾਕੀ ਤੇ ਸਮੁਦਾਯ ਨੂੰ ਨਿਸ਼ਾਨਾ ਬਣਾ ਕੇ ਗੱਲ ਨਹੀਂ ਕਰਣੀ। ਫ਼ਿਰ ਉਸ ਕੋਲ ਇਹ ਦ੍ਰਿੜਤਾ ਵੀ ਹੋਵੇ ਕਿ ਉਸ ਸੰਗਤੀ ਸੰਬੋਧਨ ਦਾ ਆਧਾਰ ਵੀ ਉਸ ਦੀ ਆਪਣੀ ਅਕਲ ਨਹੀਂ ਬਲਕਿ “ਸਤਸੰਗਤਿ ਕੈਸੀ ਜਾਣੀਐ॥ ਜਿਥੈ ਏਕੋ ਨਾਮੁ ਵਖਾਣੀਐ” (ਪੰ: ੭੨) ਭਾਵ ਇਕੋ ਇੱਕ ਕਰਤੇ ਅਕਾਲ ਪੁਰਖ ਦੇ ਨਿਰਮਲ ਭਉ `ਚ ਰਹਿਕੇ ਅਤੇ ਨਿਰੋਲ ਗੁਰਬਾਣੀ ਦੀ ਸੇਧ ਤੇ ਰੋਸ਼ਨੀ `ਚ ਹੀ ਕਰਣੀ ਹੈ।

ਇਸ ਤੋਂ ਬਾਅਦ ਇਹ ਫ਼ਿਰ ਕਿਸੇ ਦੀ ਨਿਜੀ ਇਛਾ ਤੇ ਸੋਚ `ਤੇ ਹੈ ਕਿ ਉਹ ਕਹਿਣ ਵਾਲੇ ਦੀ ਗੱਲ ਨੂੰ ਠੀਕ ਮੰਨੇ ਜਾਂ ਗ਼ਲ਼ਤ। ਕੋਈ, ਉਸ `ਤੇ ਅਮਲ ਕਰੇ ਜਾਂ ਨਾ, ਪਰ ਕਹਿਣ ਵਾਲੇ ਨੂੰ ਇਹ ਦੇਖਣ ਤੇ ਇਸ ਲਈ ਖਪਣ ਜਾਂ ਇਸ ਲਈ ਉਸ ਨੂੰ ਉਲ੍ਹਾਮੇ ਦੇਣ ਦਾ ਨਾ ਹੱਕ ਹੈ ਨਾ ਲੋੜ ਤੇ ਨਾ ਅਧੀਕਾਰ।

ਕਲਾਸ ਰੂਮ ਤੇ ਵਿਦਿਆਰਥੀ-ਵਿਸ਼ੇ ਨੂੰ ਹੋਰ ਸਪਸ਼ਟ ਕਰਣ ਲਈ ਅਸੀਂ ਇਥੇ ਇੱਕ ਸੰਸਾਰਕ ਮਿਸਾਲ ਲੈਂਦੇ ਹਾਂ। ਦਰਅਸਲ ਇਹ ਪੰਥਕ ਵਿਸ਼ਾ ਵੀ ਠੀਕ ਉਸੇ ਤਰ੍ਹਾਂ ਦਾ ਹੈ ਜਿਵੇਂ ਕਿਸੇ ਜਮਾਤ `ਚ ਵਿਦਿਆਰਥੀ ਚਾਹੇ ਕਿਤਨੇ ਹੋਣ। ਪੜ੍ਹਾਈ ਦਾ ਢੰਗ ਤੇ ਪੜ੍ਹਾਉਣ ਵਾਲੇ ਵੀ ਉਹੀ ਹੋਣ ਤਾਂ ਵੀ ਸਭ ਦੀ ਤਿਆਰੀ ਵੱਖ ਵੱਖ ਹੁੰਦੀ ਹੈ ਇਕੋ ਜਿਹੀ ਨਹੀਂ ਹੁੰਦੀ, ਤਾਂ ਕਿਉਂ? ਉਥੇ ਵੀ ਕਦੇ ਤੇ ਕਿਧਰੇ ਵੀ ਸਾਰਿਆਂ ਦੀ ਤਆਰੀ ਇਕੋ ਜਿਹੀ ਨਹੀਂ ਹੁੰਦੀ। ਵਿਚਾਰਨਾ ਹੈ ਕਿ ਜਮਾਤ ਉਹੀ ਹੈ, ਪੜ੍ਹਾਈ ਵੀ ਉਹੀ ਤੇ ਟੀਚਰ ਤੇ ਪ੍ਰੋਫ਼ੈਸਰ ਵੀ ਉਹੀ ਹਨ। ਜਦਕਿ ਕੋਈ ਵਿਦਿਆਰਥੀ ੧੦੦% ਨੰਬਰ ਲੈ ਕੇ ਪਾਸ ਹੋ ਰਿਹਾ ਹੁੰਦਾ ਹੈ ਤੇ ਦੂਜਾ ਫ਼ੇਲ ਵੀ ਉਸੇ ਜਮਾਤ `ਚੋਂ ਹੀ ਹੋ ਰਿਹਾ ਹੁੰਦਾ ਹੈ, ਤਾਂ ਅਜਿਹਾ ਕਿਉਂ? ਇਸ ਦਾ ਕਾਰਨ ਇੱਕੋ ਹੁੰਦਾ ਹੈ ਕਿ ਅਜਿਹਾ ਹੋਣਾ ਵੀ ਕੁਦਰਤ ਦੇ ਨੇਮ `ਚ ਹੀ ਹੈ।

ਦੂਜੇ ਪਾਸੇ ਗਹੁ ਨਾਲ ਦੇਖਿਆ ਜਾਵੇ ਤਾਂ ਗੁਰੂ ਨਾਨਕ ਪਾਤਸ਼ਾਹ ਰਾਹੀਂ ਪ੍ਰਗਟ ਸਿੱਖ ਧਰਮ ਅਥਵਾ ਗੁਰਬਾਣੀ ਵਿਚਾਰਧਾਰਾ ਤੇ ਗੁਰਬਾਣੀ ਤੋਂ ਪ੍ਰਗਟ ਹੋਣ ਵਾਲੇ ਆਦੇਸ਼ ਅਥਵਾ ਜੀਵਨ ਜਾਚ ਤਾਂ ਹੈ ਹੀ ਇਕੋ ਜਿਹੀ ਤੇ ਬਿਨਾ ਵਿਤਕਰਾ ਸਾਰੇ ਸੰਸਾਰ ਦੇ ਮਨੁੱਖ ਮਾਤ੍ਰ ਲਈ। ਇਹ ਗੁਰਬਾਣੀ ਵਾਲੇ ਆਦੇਸ਼ ਵੀ ਕੇਵਲ ਸਿੱਖਾਂ, ਕਿਸੇ ਇੱਕ ਮਨੁੱਖ ਜਾਂ ਕਿਸੇ ਵਿਸ਼ੇਸ਼ ਸਮੁਦਾਯ ਦੀ ਜਾਗੀਰ ਨਹੀਂ ਹਨ। ਉਸੇ ਜਮਾਤ ਵਾਂਗ, ਗੁਰੂ ਨਾਨਕ ਪਾਤਸ਼ਾਹ ਰਾਹੀਂ ਪ੍ਰਗਟ ਸਿੱਖ ਧਰਮ ਵੀ ਸੰਗਤੀ ਅਥਵਾ ਜਮਾਤੀ ਧਰਮ ਹੈ, ਨਾ ਕਿ ਇਕੱਲੇ ਇਕੱਲੇ ਨੂੰ ਟੋਕਾ-ਟਾਕੀ ਵਾਲਾ ‘ਧਰਮ’। ਜਦਕਿ ਗੁਰਬਾਣੀ `ਚ ਗੁਰਦੇਵ ਨੇ ਇਸ ਪੱਖੋਂ ਪੂਰੀ ਸੇਧ ਤੇ ਜਿਤਨੇ ਵੀ ਆਦੇਸ਼ ਵੀ ਆਦੇਸ਼ ਦਿੱਤੇ ਹਨ ਸਮੂਚੇ ਮਨੁੱਖੀ ਭਾਈਚਾਰੇ ਲਈ ਹਨ। ਇਥੇ ਸਿੱਖ ਧਰਮ ਵੀ ਇੱਕ ਜਮਾਤ ਹੈ ਤੇ ਇਸ ਲਈ ਇਥੇ ਇਹ ਵਿਸ਼ਾ ਵਿਸ਼ੇਸ਼ ਧਿਆਨ ਮੰਗਦਾ ਹੈ। ਕਿਸੇ ਜਮਾਤ `ਚ ੧੦੦% ਤੇ ਕਿਸੇ ਦੇ ਫ਼ੇਲ ਹੋਣ ਵਾਂਗ, ਹਰੇਕ ਦੇ ਜੀਵਨ ਦੀ ਤਿਆਰੀ ਵੀ “ਅਗੈ ਕਰਣੀ ਕੀਰਤਿ ਵਾਚੀਐ ਬਹਿ ਲੇਖਾ ਕਰਿ ਸਮਝਾਇਆ” (ਪੰ: ੪੬੪) ਅਨੁਸਾਰ ਵੱਖਰੀ ਵੱਖਰੀ ਤੇ ਹਰੇਕ ਦੇ ਆਪਣੇ ਜੀਵਨ ਤੇ ਆਪਣੇ ਲਈ ਹੀ ਹੋਣੀ ਹੈ।

ਇਥੇ ਤਾਂ “ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ” (ਪੰ: ੭੪੭) ਵਾਲਾ ਰੱਬੀ ਨਿਯਮ ਹੀ ਕੰਮ ਕਰ ਰਿਹਾ ਹੈ। ਇਸ ਦੇ ਬਾਵਜੂਦ ਇਸ `ਤੇ ਇਹ ਵੀ ਗੁਰਬਾਣੀ ਦਾ ਸਪਸ਼ਟ ਫ਼ੈਸਲਾ ਹੈ ਗੁਰਮੁਖਿ ਨਾਮੁ ਜਪੈ ਉਧਰੈ ਸੋ ਕਲਿ ਮਹਿ, ਘਟਿ ਘਟਿ ਨਾਨਕ ਮਾਝਾ” (ਉਹੀ ਪੰ: ੭੪੭) ਭਾਵ ਇਥੇ ਵੀ ਗੁਰਦੇਵ ਨੇ ਨਿਜੀ ਤੌਰ `ਤੇ ਕਿਸੇ ਨੂੰ ਪਾਬੰਦ ਨਹੀਂ ਕੀਤਾ ਕਿ ਹਰੇਕ ਜ਼ਰੂਰ ਮੰਨੇ ਬਲਕਿ ਇਹੀ ਫ਼ੁਰਮਾਇਆ ਹੈ “ਗੁਰਮੁਖਿ ਨਾਮੁ ਜਪੈ ਉਧਰੈ ਸੋ” ਭਾਵ ਸਾਰੇ ਨਹੀਂ ਬਲਕਿ ਉਧਰੈ ਸੋ” ਇਥੇ ਵੀ ਉਹੀ ਤੇ ਕਿਸੇ ਕਿਸੇ ਜਮਾਤ ਵਾਲਾ ਵਿਸ਼ਾ ਹੀ ਲਾਗੂ ਹੁੰਦਾ ਹੈ। ਕਿਉਂਕਿ ਗੁਰਬਾਣੀ ਆਦੇਸ਼ ਤਾਂ ਹੈਣ ਹੀ ਸੰਸਾਰ ਭਰ ਦੇ ਮਨੁੱਖਾਂ ਲਈ ਇਕੋ ਤੇ ਸਾਰਿਆਂ ਲਈ, ਇਕੋ ਜਿਹੇ, ਪਰ ਜੀਵਨ ਲਈ ਲਾਭ ਉਹੀ ਲੈਣਗੇ ਜੋ ਇਨ੍ਹਾਂ ਆਦੇਸ਼ਾਂ ਨੂੰ ਅਪਨਾਉਣਗੇ ਤੇ ਇਨ੍ਹਾਂ `ਤੇ ਅਮਲ ਕਰਣਗੇ। #09 SDSLs01.013# (ਚਲਦਾ)

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Sikh, Dharm Vi Hai Ate Lehar Vi.01.13 BEING LOADED IN ISTTS. Otherwise about All the Self Learning Gurmat Lessons already loaded on www.sikhmarg.com it is to clarify that:-

---------------------------------------------

For all the Gurmat Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26487315 Cell 9811292808

web site- www.gurbaniguru.org




.