.

ਜਸਬੀਰ ਸਿੰਘ ਵੈਨਕੂਵਰ

ਰੁਮਾਲਾ ਭੇਟ ਕਰਨ ਸੰਬੰਧੀ

ਗੁਰੂ ਗ੍ਰੰਥ ਸਾਹਿਬ ਨੂੰ ਰੁਮਾਲਾ ਭੇਟ ਕਰਨ ਸੰਬੰਧੀ ਚਰਚਾ ਕਰਨ ਤੋਂ ਪਹਿਲਾਂ ਰੁਮਾਲਾ ਸ਼ਬਦ ਦੇ ਅਰਥ ਅਤੇ ਇਸ ਨੂੰ ਭੇਟ ਕਰਨ ਦੇ ਭਾਵ ਸੰਬੰਧੀ ਸੰਖੇਪ ਜਿਹੀ ਵਿਚਾਰ ਕਰਨੀ ਕੁਥਾਂ ਨਹੀਂ ਹੋਵੇਗੀ। ਰੁਮਾਲ/ਰੁਮਾਲਾ ਫ਼ਾਰਸੀ ਦਾ ਸ਼ਬਦ ਹੈ ਅਤੇ ਇਸ ਦਾ ਅਰਥ ਹੈ ਮੂੰਹ ਨੂੰ ਸਾਫ਼ ਕਰਨ ਵਾਲਾ ਬਸਤਰ। ਪਰੰਤੂ ਜਦੋਂ ਰੁਮਾਲ ਜਾਂ ਰੁਮਾਲਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਸੰਬੰਧ ਵਿੱਚ ਵਰਤਿਆ ਜਾਂ ਬੋਲਿਆ ਜਾਂਦਾ ਹੈ ਤਾਂ ਇਸ ਦਾ ਭਾਵ ਮੂੰਹ ਸਾਫ਼ ਕਰਨ ਵਾਲੇ ਬਸਤਰ ਤੋਂ ਨਹੀਂ ਲਿਆ ਜਾਂਦਾ। ਉਸ ਸਮੇਂ ਇਸ ਦਾ ਭਾਵ ਉਸ ਕਪੜੇ ਅਥਵਾ ਬਸਤਰ ਤੋਂ ਲਿਆ ਜਾਂਦਾ ਹੈ ਜਿਸ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਲਪੇਟਿਆ ਜਾਂਦਾ ਹੈ, ਜਾਂ ਪ੍ਰਕਾਸ਼ ਸਮੇਂ ਉਪਰ ਉੱਤੇ ਦਿੱਤਾ ਅਰਥਾਤ ਪਾਇਆ ਜਾਂਦਾ ਹੈ।
ਸੋ, ਇਸ ਤਰ੍ਹਾਂ ਰੁਮਾਲ/ ਰੁਮਾਲੇ ਤੋਂ ਭਾਵ ਉਸ ਬਸਤਰ ਤੋਂ ਲਿਆ ਜਾਂਦਾ ਹੈ ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੀੜ/ਸਰੂਪ ਨੂੰ ਲਪੇਟਿਆ ਜਾਂਦਾ ਹੈ ਅਰਥਾਤ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਸਮੇਂ ਇਹਨਾਂ ਦੇ ਉਪਰ ਅਤੇ ਮੰਜੀ ਆਦਿ `ਤੇ ਉਪਰ ਵਿਛਾਉਣ ਲਈ ਵਿਛਾਇਆ ਜਾਂਦਾ ਹੈ। ਇਸ ਲਈ ਇਹ ਕਹਿਣਾ ਅਢੁੱਕਵਾਂ ਨਹੀਂ ਹੈ ਕਿ ਸਿੱਖ ਜਗਤ `ਚ ਇਸ ਸ਼ਬਦ ਦੇ ਪ੍ਰਚਲਤ ਅਰਥਾਂ ਨਾਲੋਂ ਭਿੰਨ ਅਰਥਾਂ ਵਿੱਚ ਵਰਤੋਂ ਹੋਣ ਕਾਰਨ ਇਸ ਸ਼ਬਦ ਦਾ ਕੋਸ਼ ਵਿੱਚ ਅੰਕਤ ਅਰਥਾਂ ਨਾਲ ਕੋਈ ਸੰਬੰਧ ਨਹੀਂ ਹੈ।
ਗੁਰੂ ਗ੍ਰੰਥ ਸਾਹਿਬ ਨੂੰ ਰੁਮਾਲਿਆਂ ਵਿੱਚ ਲਪੇਟਣ ਦਾ ਅਰਥ ਮਨੁੱਖੀ ਸਰੀਰ ਵਾਂਗ ਬਸਤਰ ਪਹਿਣਨ/ਪਹਿਨਾਉਣ ਤੋਂ ਨਹੀਂ ਹੈ। ਭਾਵੇਂ ਕਈ ਸੱਜਣ ਰੁਮਾਲਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਲਪੇਟਣ ਦਾ ਕੁੱਝ ਅਜਿਹਾ ਹੀ ਭਾਵ ਲੈਂਦੇ ਹਨ। ਅਜਿਹਾ ਭਾਵ ਲੈਣ ਕਾਰਨ ਹੀ ਅਜਿਹੇ ਸੱਜਣ ਗੁਰੂ ਗ੍ਰੰਥ ਸਾਹਿਬ ਨੂੰ ਗਰਮੀਆਂ ਵਿੱਚ ਠੰਡੇ ਅਤੇ ਸਰਦੀਆਂ ਵਿੱਚ ਗਰਮ ਕਪੜੇ ਦੇ ਰੁਮਾਲਿਆਂ ਦੀ ਵਰਤੋਂ ਕਰਦੇ ਹਨ। ਅਜਿਹੇ ਸੱਜਣ ਪ੍ਰਗਟ ਗੁਰਾਂ ਦੀ ਦੇਹ ਦਾ ਭਾਵ ਇਹ ਹੀ ਲੈਂਦੇ ਹਨ ਕਿ ਜਿਵੇਂ ਸਤਿਗੁਰੂ ਜੀ ਦਾ ਪੰਜ ਭੂਤਕ ਸਰੀਰ ਸੀ ਇਸੇ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬੀੜ/ਸਰੂਪ ਹੈ। ਇਸ ਕਾਰਨ ਹੀ ਇਸ ਤਰ੍ਹਾਂ ਦੀ ਧਾਰਨਾ ਰੱਖਣ ਵਾਲੇ ਸੱਜਣ ਸਰਦੀਆਂ ਵਿੱਚ ਗੁਰੂ ਗ੍ਰੰਥ ਸਾਹਿਬ ਪਾਸ ਹੀਟਰ ਅਤੇ ਗਰਮੀਆਂ ਵਿੱਚ ਏਅਰ ਕੰਡੀਸ਼ਨ ਦੀ ਵਰਤੋਂ ਕਰਦੇ ਹਨ। ਇਸ ਤਰ੍ਹਾਂ ਦੀ ਸੋਚ ਰੱਖਣ ਵਾਲੇ ਸੱਜਣ ਇਸ ਤਰ੍ਹਾਂ ਨਾ ਕਰਨ ਵਾਲਿਆਂ ਨੂੰ ਅਸ਼ਰਧਕ ਦਾ ਪ੍ਰਮਾਣ ਪੱਤਰ ਦੇਣ ਤੋਂ ਵੀ ਸੰਕੋਚ ਨਹੀਂ ਕਰਦੇ ਹਨ।
ਇਤਨਾ ਹੀ ਨਹੀਂ, ਇਸ ਤਰ੍ਹਾਂ ਦੀ ਧਾਰਨਾ ਰੱਖਣ ਵਾਲੇ ਵੀਰ ਭੈਣ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਤੇ ਸੰਤੋਖਣ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਜਾਗਨਾ ਅਤੇ ਸੌਣਾ ਮੰਨਦੇ ਹਨ। ਗੁਰੂ ਗ੍ਰੰਥ ਸਾਹਿਬ ਦੇ ਪੰਨਿਆਂ ਨੂੰ ਇੱਕ ਇਕ ਕਰਕੇ ਸਾਫ਼ ਕਰਨ ਵਾਲੀ ਕਾਰ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਇਸ਼ਨਾਨ ਕਰਾਉਣਾ ਕਹਿੰਦੇ ਹਨ। ਲੰਗਰ ਤਿਆਰ ਕਰਕੇ, ਥਾਲ ਵਿੱਚ ਪਾ ਕੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਰੱਖ ਕੇ ਭੋਗ ਆਦਿ ਲਗਾਉਣ ਵਿੱਚ ਵਿਸ਼ਵਾਸ ਰੱਖਦੇ ਹਨ। ਪਰ ਇਸ ਤਰ੍ਹਾਂ ਦੀ ਧਾਰਨਾ ਨਾ ਤਾਂ ਗੁਰਮਤਿ ਅਨੁਸਾਰੀ ਹੈ ਅਤੇ ਨਾ ਹੀ ਇਸ ਧਾਰਨਾ ਨੂੰ ਖ਼ਾਲਸਾ ਪੰਥ (ਗੁਰਮਤਿ ਸਿਧਾਂਤਾਂ ਨੂੰ ਸਮਝਣ ਵਾਲੇ ਸੁਚੇਤ ਮਾਈ -ਭਾਈ) ਵਲੋਂ ਸਵੀਕਾਰ ਨਹੀਂ ਕੀਤਾ ਗਿਆ ਹੈ।
ਜਦ ਅਸੀਂ ਗੁਰੂ ਗ੍ਰੰਥ ਸਾਹਿਬ ਬਾਰੇ ਇਹ ਕਹਿੰਦੇ ਹਾਂ ਕਿ ਇਹ ਸਾਡੇ ਗੁਰੂ ਹਨ ਤਾਂ ਇਸ ਦਾ ਭਾਵ ਕੇਵਲ ਇਹ ਹੀ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਲਿਖਿਆ ਹੈ ਉਹ ਸਾਡਾ ਗੁਰੂ ਹੈ ਅਰਥਾਤ ਗੁਰਬਾਣੀ ਵਿਚਲਾ ਗਿਆਨ ਹੀ ਸਾਡਾ ਗੁਰੂ ਹੈ। ਇਸ ਲਈ ਆਤਮ ਗਿਆਨ ਦੇ ਇਸ ਭੰਡਾਰ ਦੀ ਸੇਵਾ ਸੰਭਾਲ ਲਈ ਅਤੇ ਸਤਿਕਾਰ ਲਈ ਗੁਰੂ ਗ੍ਰੰਥ ਸਾਹਿਬ ਨੂੰ ਬਸਤਰ ਨਾਲ ਸਤਿਕਾਰ ਨਾਲ ਲਪੇਟ ਕੇ ਰੱਖਿਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਨੂੰ ਹੀ ਨਹੀਂ ਸਗੋਂ ਗੁਰਬਾਣੀ ਦੀਆਂ ਸੈਂਚੀਆਂ ਆਦਿ ਨੂੰ ਵੀ ਅਸੀਂ ਕਪੜੇ/ਰੁਮਾਲੇ ਵਿੱਚ ਲਪੇਟ ਕੇ ਰੱਖਦੇ ਹਾਂ। ਸੈਂਚੀਆਂ, ਗੁਟਕਿਆਂ ਆਦਿ ਬਾਰੇ ਅਸੀਂ ਸੰਭਾਲ ਅਤੇ ਸਤਿਕਾਰ ਵਾਲੇ ਪੱਖ ਨੂੰ ਹੀ ਸਾਹਮਣੇ ਰੱਖ ਕੇ ਇਹਨਾਂ ਨੂੰ ਕਪੜੇ ਵਿੱਚ ਲਪੇਟਦੇ ਹਾਂ। ਇਸ ਲਈ ਗੁਰੂ ਗ੍ਰੰਥ ਸਾਹਿਬ ਨੂੰ ਰੁਮਾਲੇ ਵਿੱਚ ਲਪੇਟਣ ਦਾ ਭਾਵ ਗੁਰੂ ਗ੍ਰੰਥ ਸਾਹਿਬ ਦੀ ਸਂਭਾਲ ਅਤੇ ਸਤਿਕਾਰ ਤੋਂ ਹੀ ਹੈ ਨਾ ਕਿ ਮਨੁੱਖੀ ਸਰੀਰ ਵਾਂਗ ਬਸਤਰ ਦੀ ਲੋੜ ਨੂੰ ਮਹਿਸੂਸ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਪਹਿਨਾਉਣ ਤੋਂ ਹੈ।
ਗੁਰੂ ਗ੍ਰੰਥ ਸਾਹਿਬ ਦੇ ਸੇਵਾ ਸੰਭਾਲ ਅਤੇ ਸਤਿਕਾਰ ਕਾਰਨ ਗੁਰੂ ਗ੍ਰੰਥ ਸਾਹਿਬ ਨੂੰ ਰੁਮਾਲਿਆਂ ਵਿੱਚ ਲਪੇਟ ਕੇ ਰੱਖਣ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਮੰਜੀ/ਤਖ਼ਤ ਪੋਸ਼ `ਤੇ ਹੀ ਕਰੀਦਾ ਹੈ, ਮੰਜੀ/ਤਖ਼ਤ ਪੋਸ਼ ਆਦਿ `ਤੇ ਵੀ ਰੁਮਾਲੇ ਵਿਛਾਏ ਜਾਂਦੇ ਹਨ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਉਪਰੰਤ ਗੁਰੂ ਗ੍ਰੰਥ ਸਾਹਿਬ ਉੱਪਰ ਵੀ ਰੁਮਾਲਾ ਪਾਇਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਉਪਰੋਂ ਰੁਮਾਲਾ ਕੇਵਲ ਪਾਠ ਕਰਨ ਸਮੇਂ ਹੀ ਲਾਈਦਾ ਹੈ। ਪਾਠ ਕਰਨ ਉਪਰੰਤ ਫਿਰ ਰੁਮਾਲਾ ਗੁਰੂ ਗ੍ਰੰਥ ਸਾਹਿਬ ਉਪਰ ਪਾ ਦਿੱਤਾ ਜਾਂਦਾ ਹੈ।
ਗੁਰੂ ਗ੍ਰੰਥ ਸਾਹਿਬ ਲਈ ਇਸ ਲਈ ਹੀ ਰੁਮਾਲਾ ਭੇਟ ਕਰਨ ਦੀ ਪਰੰਪਰਾ ਹੈ। ਤਾਂਹੀਓ, ਸਿੱਖ ਸੰਗਤਾਂ ਸਹਿਜ ਪਾਠ ਆਦਿ ਸਮੇਂ ਗੁਰੂ ਗ੍ਰੰਥ ਸਾਹਿਬ ਲਈ ਰੁਮਾਲਾ ਭੇਟ ਕਰਦੀਆਂ ਹਨ, ਤਾਂ ਕਿ ਵਾਰੋ ਵਾਰੀ ਰੁਮਾਲੇ ਬਦਲ ਕੇ ਵਰਤੇ ਜਾ ਸਕਣ। ਭਾਵੇਂ ਸਿੱਖ ਰਹਿਤ ਮਰਯਾਦਾ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ ਕਿ, “ਭੋਗ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਲੋੜ ਅਨੁਸਾਰ ਰੁਮਾਲ, ਚੌਰ, ਚਾਨਣੀ ਆਦਿ ਦੀ ਭੇਟਾ ਅਤੇ ਪੰਥਕ ਕਾਰਜਾਂ ਲਈ ਯਥਾ–ਸ਼ਕਤੀ ‘ਅਰਦਾਸ’ ਕਰਾਈ ਜਾਵੇ।” ਪਰ ਸੰਗਤਾਂ ਵਿੱਚ ਇਸ ਗੱਲ ਦਾ ਪ੍ਰਚਾਰ ਨਾ ਹੋਣ ਕਾਰਨ ਆਮ ਸਿੱਖ ਇਹੀ ਸਮਝਦਾ ਹੈ ਕਿ ਰੁਮਾਲਾ ਭੇਟ ਕਰਨਾ ਜ਼ਰੂਰੀ ਹੈ। ਗੁਰੂ ਗ੍ਰੰਥ ਸਾਹਿਬ ਨਾਲ ਸੰਬੰਧਤ ਹੋਰ ਵਸਤੂਆਂ ਦੀ ਕਈ ਥਾਂਈਂ ਲੋੜ ਹੋਣ ਦੇ ਬਾਵਜ਼ੂਦ ਵੀ ਇਹਨਾਂ ਨੂੰ ਭੇਟ ਕਰਨ ਦੀ ਥਾਂ ਕੇਵਲ ਰੁਮਾਲਾ ਹੀ ਭੇਟ ਕੀਤਾ ਜਾਂਦਾ ਹੈ। ਸਾਡੀ ਇਸ ਧਾਰਨਾਂ ਕਾਰਨ ਹੀ ਗੁਰੂ ਗ੍ਰੰਥ ਸਾਹਿਬ ਨੂੰ ਰੁਮਾਲਾ ਅਸੀਂ ਹਰ ਹਾਲਤ ਵਿੱਚ ਅਰਪਣ ਕਰਨਾ ਚਾਹੁੰਦੇ ਹਾਂ, ਭਾਵੇਂ ਇਸ ਦੀ ਲੋੜ ਹੋਵੇ ਜਾਂ ਨਾ ਹੋਵੇ। ਗੁਰਮਤਿ ਵਿੱਚ ਵਹਿਮ ਭਰਮ ਦੇ ਕਿਸੇ ਵੀ ਰੂਪ ਨੂੰ ਸਵੀਕਾਰ ਨਹੀਂ ਕੀਤਾ ਗਿਆ ਹੈ। ਇਸ ਲਈ ਸਾਨੂੰ ਰੁਮਾਲਾ ਭੇਟ ਕਰਨ ਨੂੰ ਇੱਕ ਰਸਮ ਦੇ ਰੂਪ ਵਿੱਚ ਪ੍ਰਵਾਨ ਕਰਕੇ ਇਸ ਨੂੰ ਹਰ ਹਾਲਤ ਵਿੱਚ ਭੇਟਾ ਕਰਨਾ ਜ਼ਰੂਰੀ ਹੈ, ਅਜਿਹਾ ਰੂਪ ਨਹੀਂ ਦੇਣਾ ਚਾਹੀਦਾ ਬਲਕਿ ਜਿਸ ਵੀ ਚੀਜ਼ ਦੀ ਜ਼ਰੂਰਤ ਹੈ ਕੇਵਲ ਉਸ ਨੂੰ ਹੀ ਅਰਪਣ ਕਰਨਾ ਚਾਹੀਦਾ ਹੈ। ਜਿੱਥੇ ਰੁਮਾਲੇ ਦੀ ਜ਼ਰੂਰਤ ਹੈ ਕੇਵਲ ਉੱਥੇ ਹੀ ਰੁਮਾਲਾ ਚੜ੍ਹਾਉਣ ਦੀ ਲੋੜ ਹੈ। ਜੇਕਰ ਰੁਮਾਲਿਆਂ ਦੀ ਬਹੁਤਾਤ ਹੈ ਤਾਂ ਚਾਣਨੀ, ਸੰਤੋਖਨ ਲਈ ਬਸਤਰ ਆਦਿ ਭੇਟਾ ਕੀਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਲਾਇਬ੍ਰੇਰੀ ਲਈ ਕਿਤਾਬਾਂ ਆਦਿ ਵੀ ਦਿੱਤੀਆਂ ਜਾ ਸਕਦੀਆਂ ਹਨ। ਇਹ ਵੀ ਜ਼ਰੂਰੀ ਨਹੀਂ ਜਿਸ ਗੁਰਦੁਆਰਾ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲਿਆਂਦਾ ਹੈ ਉੱਥੇ ਹੀ ਇਹ ਵਸਤੂਆਂ ਭੇਟ ਕੀਤੀਆਂ ਜਾਣ। ਜੇਕਰ ਉਸ ਗੁਰਦੁਆਰਾ ਸਾਹਿਬ ਵਿਖੇ ਇਹਨਾਂ ਵਸਤੂਆਂ ਦੀ ਲੋੜ ਨਹੀਂ ਤਾਂ ਜਿੱਥੇ ਜ਼ਰੂਰਤ ਹੈ ਉਸ ਸਥਾਨ `ਤੇ ਦਿੱਤੀਆਂ ਜਾ ਸਕਦੀਆਂ ਹਨ। ਯੋਗ ਤਾਂ ਇਹ ਹੈ ਕਿ ਰੁਮਾਲਾ ਚੜ੍ਹਾਉਣ ਦਾ ਚਾਹਵਾਨ ਸੱਜਣ ਜ਼ਿੰਮੇਵਾਰ ਸੱਜਣਾਂ ਨੂੰ ਪੁੱਛਕੇ ਜਿਸ ਚੀਜ਼ ਦੀ ਜ਼ਰੂਰਤ ਹੈ ਉਸ ਵਿੱਚ ਆਪਣਾ ਜਥਾਯੋਗ ਯੋਗਦਾਨ ਪਾਉਣ। ਰੁਮਾਲਾ ਭੇਟ ਕਰਨ ਨੂੰ ਰਸਮ ਦੇ ਰੂਪ ਵਿੱਚ ਨਹੀਂ ਬਲਿਕ ਇਸ ਦੀ ਜ਼ਰੂਰਤ ਨੂੰ ਸਮਝ ਕੇ ਅਰਪਣ ਕਰਨ ਦੀ ਲੋੜ ਹੈ। ਅੱਜ ਤਕਰੀਬਨ ਹਰੇਕ ਗੁਰਦੁਆਰਾ ਸਾਹਿਬ ਵਿਖੇ ਹੀ ਇਤਨੇ ਜ਼ਿਆਦਾ ਰੁਮਾਲੇ ਇਕੱਠੇ ਹੋਏ ਹੋਏ ਹਨ ਕਿ ਇਹਨਾਂ ਨੂੰ ਰੱਖਣ ਲਈ ਕਈ ਥਾਂਈ ਜਗ੍ਹਾ ਦੀ ਵੀ ਘਾਟ ਮਹਿਸੂਸ ਹੋ ਰਹੀ ਹੈ।
ਕਈ ਵਿਦਵਾਨ ਪਾਠ ਦੀ ਸਮਾਪਤੀ `ਤੇ ਰੁਮਾਲਾ ਅਰਪਣ ਸੰਬੰਧੀ ਇਹ ਧਾਰਨਾ ਰੱਖਦੇ ਹਨ ਕਿ ਰੁਮਾਲਾ ਭੇਟ ਕਰਨ ਦੀ ਪੁਰਾਤਨ ਮਰਯਾਦਾ ਹੈ, ਇਸ ਲਈ ਇਸ ਨੂੰ ਇਸ ਤਰ੍ਹਾਂ ਹੀ ਜਾਰੀ ਰੱਖਣਾ ਚਾਹੀਦਾ ਹੈ। ਪਾਠ ਦੀ ਸਮਾਪਤੀ `ਤੇ ਰੁਮਾਲਾ ਅਵੱਸ਼ ਭੇਟ ਕਰਨ ਦੀ ਵਕਾਲਤ ਕਰਨ ਵਾਲੇ ਇੱਕ ਵਿਦਵਾਨ ਸੱਜਣ, ਇਸ ਸੰਬੰਧ ਵਿੱਚ ਚਰਚਾ ਕਰਦਿਆਂ ਹੋਇਆਂ ਇਉਂ ਲਿੱਖਦੇ ਹਨ, “ਗੁਰਦੁਆਰਿਆਂ ਵਿਚੋਂ ਆਮ ਕਰਕੇ ਬੱਚਿਆਂ ਨੂੰ ਚੋਲੇ ਪਾਉਣ ਹਿੱਤ ਰੁਮਾਲੇ ਦਿੱਤੇ ਜਾਂਦੇ ਹਨ, ਪਰ ਇਹ ਇਹਨਾਂ ਦੀ ਅਯੋਗ ਵਰਤੋਂ ਹੈ। ਵਾਧੂ ਪਏ ਰੁਮਾਲਿਆਂ ਦੀ ਵਰਤੋਂ ਚੰਦੋਇਆਂ ਵਾਸਤੇ ਜਾਂ ਗੁਰਪੁਰਬਾਂ ਤੇ ਸਜਾਵਟ ਹਿੱਤ ਕਰ ਲੈਣੀ ਚਾਹੀਦੀ ਹੈ। ਸਭ ਤੋਂ ਚੰਗੀ ਗੱਲ ਇਹ ਹੈ ਕਿ ਅਜਿਹੇ ਵਾਧੂ ਪਏ ਰੁਮਾਲੇ ਕਿਸੇ ਅਜਿਹੇ ਗੁਰ-ਅਸਥਾਨਾਂ ਤੇ ਪਹੁੰਚਾ ਦਿੱਤੇ ਜਾਣ ਜਿਥੇ ਕਿ ਰੁਮਾਲਿਆਂ ਦੀ ਥੁੜ ਹੋਣ ਕਾਰਨ ਕਈ ਕਈ ਦਿਨ ਰੁਮਾਲੇ ਬਦਲੇ ਹੀ ਨਹੀਂ ਜਾਂਦੇ। ਅਜਿਹਾ ਕਰਨ ਨਾਲ ਗੁਰੂ ਮਹਾਰਾਜ ਦੀ ਸ਼ਾਨ ਹਰ ਅਸਥਾਨ ਤੇ ਬਰਾਬਰ ਰੱਖਣ ਵਿੱਚ ਵੀ ਸੰਗਤਾਂ ਦੀ ਪ੍ਰਸੰਨਤਾ ਮਿਲਦੀ ਹੈ।” (ਗਿਆਨੀ ਹਰਬੰਸ ਸਿੰਘ ਜੀ)
ਕਈ ਸਾਲ ਪਹਿਲਾਂ (ਸੰਨ ੧੯੯੨) ਬਿਰਧ ਬੀੜਾਂ ਅਤੇ ਰੁਮਾਲਿਆਂ ਸੰਬੰਧੀ ਵਿਚਾਰ ਵਟਾਂਦਰਾ ਕਰਨ ਲਈ ਕੁੱਝ ਸੁਹਿਰਦ ਸੱਜਣਾਂ ਨੇ ਇਸ ਸੰਬੰਧੀ ਵੈਨਕੂਵਰ ਵਿੱਚ ਮੀਟਿੰਗ ਬੁਲਾਈ ਸੀ, ਜਿਸ ਵਿੱਚ ਕਿਸੇ ਤਰ੍ਹਾਂ ਦੇ ਵਾਦ-ਵਿਵਾਦ ਤੋਂ ਬਚਣ ਲਈ ਇਹ ਮਤਾ ਪਾਸ ਕੀਤਾ ਗਿਆ ਕਿ ਧਰਮ ਪ੍ਰਚਾਰ ਕਮੇਟੀ ਅੰਮ੍ਰਿਤਸਰ ਤੋਂ ਇਸ ਸੰਬੰਧੀ ਰਾਏ ਲਈ ਜਾਵੇ। ਧਰਮ ਕਮੇਟੀ ਨੂੰ ਜਦ ਇਸ ਸੰਬੰਧ ਵਿੱਚ ਪੁੱਛਿਆ ਗਿਆ ਤਾਂ ਉਹਨਾਂ ਨੇ ਬਿਰਧ ਬੀੜਾਂ ਸੰਬੰਧੀ ਲਿਖਿਆ ਕਿ ਇਹਨਾਂ ਦਾ ਸਸਕਾਰ ਕੇਵਲ `ਤੇ ਕੇਵਲ ਗੋਇੰਦਵਾਲ ਹੀ ਹੋ ਸਕਦਾ ਹੈ ਅਤੇ ਰੁਮਾਲਿਆਂ ਸੰਬੰਧੀ ਇਹ ਆਖਿਆ ਗਿਆ ਕਿ ਇਹਨਾਂ ਨੂੰ ਅਗਨ ਭੇਟ ਕਰ ਦਿੱਤਾ ਜਾਵੇ (ਨੋਟ: ਧਰਮ ਪਰਚਾਰ ਕਮੇਟੀ ਵਲੋਂ ਜਿਸ ਸਿੰਘ ਸਾਹਿਬ ਦੀ ਨਾਲ ਸਲਾਹ ਨਾਲ ਇਹ ਉੱਤਰ ਦਿੱਤਾ ਗਿਆ ਸੀ, ਉਹੀ ਸਿੰਘ ਸਾਹਿਬ ਕੁੱਝ ਕੁ ਸਾਲ ਪਹਿਲਾਂ ਗੁਰਦੁਆਰਾ ਦਸਮੇਸ਼ ਦਰਬਾਰ ਵਿਖੇ ਬਿਰਧ ਬੀੜਾਂ ਦਾ ਸਸਕਾਰ ਕੀਤਾ ਗਿਆ ਸੀ, ਉਹ ਉਚੇਤੇ ਤੌਰ `ਤੇ ਇਸ ਵਿੱਚ ਸ਼ਾਮਲ ਹੋਏ ਸਨ। ਭਾਰਤ ਵਿੱਚ ਕਈ ਥਾਈਂ ਬਿਰਧ ਬੀੜਾਂ ਦਾ ਸਸਕਾਰ ਕੀਤਾ ਜਾਂਦਾ ਹੈ। ਪੰਜਾਬ ਵਿੱਚ ਹੀ ਕਈ ਥਾਈਂ ਬਿਰਧ ਬੀੜਾਂ ਦਾ ਸਸਕਾਰ ਕੀਤਾ ਕੀਤਾ ਜਾਂਦਾ ਹੈ।)। ਰੁਮਾਲਿਆਂ ਸੰਬੰਧੀ ਇਹੋ ਜਿਹੀ ਰਾਏ ਹੋਰ ਵੀ ਕਈ ਸੱਜਣ ਰੱਖਦੇ ਹਨ। ਵਿਚਾਰਨ ਵਾਲੀ ਗੱਲ ਇਹ ਹੈ ਕਿ ਗੁਰਦੁਆਰਿਆਂ ਵਿਖੇ ਰੁਮਾਲਿਆਂ ਦੀ ਬਹੁਤਾਤ ਕਾਰਨ ਸੰਗਤਾਂ ਵਲੋਂ ਚੜ੍ਹਾਏ ਹੋਏ ਰੁਮਾਲਿਆਂ ਨੂੰ ਕੇਵਲ ਇੱਕ ਵਾਰੀ ਹੀ ਗੁਰੂ ਗ੍ਰੰਥ ਸਾਹਿਬ ਨਾਲ ਛੁਹਾ ਕੇ ਫਿਰ ਉਹਨਾਂ ਨੂੰ ਅਗਨ ਭੇਟ ਕਰ ਦੇਣ ਦਾ ਕੀ ਅਰਥ? ਕੀ ਇਸ ਵਿੱਚ ਹੀ ਗੁਰੂ ਸਾਹਿਬ ਦੀ ਪ੍ਰਸੰਨਤਾ ਹੈ? ਗੁਰਮਤਿ ਦਾ ਤੱਤ ਗਿਆਨ ਸਾਨੂੰ ਅਜਿਹੀ ਸਿੱਖਿਆ ਪ੍ਰਦਾਨ ਨਹੀਂ ਕਰਦਾ। ਹਾਂ, ਇਸ ਮਾਇਆ ਨਾਲ ਗੁਰੂ ਗ੍ਰੰਥ ਸਾਹਿਬ ਦਾ ਗਿਆਨ ਪ੍ਰਚਾਰਨ ਨਾਲ, ਲੋੜਵੰਦਾਂ ਦੀ ਸੇਵਾ ਕਰਨ ਨਾਲ, ਕਿਸੇ ਦਾ ਨੰਗੇਜ ਆਦਿ ਢੱਕਣ ਨਾਲ ਅਵੱਸ਼ ਗੁਰੂ ਸਾਹਿਬ ਦੀ ਪ੍ਰਸੰਨਤਾ ਦਾ ਅਸੀਂ ਪਾਤਰ ਬਣ ਸਕਦੇ ਹਾਂ। ਕਿਸੇ ਵਿਅਕਤੀ ਵਲੋਂ ਆਪਣੇ ਪਹਿਨੇ ਹੋਏ ਬਸਤਰ ਲਾਹ ਕੇ ਗੁਰੂ ਮਹਾਰਾਜ ਨੂੰ ਭੇਟ ਕਰਨ ਬਾਰੇ ਤਾਂ ਇਹ ਆਖਿਆ ਜਾ ਸਕਦਾ ਹੈ ਕਿ ਇਹ ਬੇਅਦਬੀ ਹੈ ਪਰੰਤੂ ਗੁਰੂ ਗ੍ਰੰਥ ਸਾਹਿਬ ਨੂੰ ਭੇਟ ਕੀਤਾ ਹੋਇਆ ਰੁਮਾਲਾ ਕਿਸੇ ਲੋੜਵੰਦ ਨੂੰ ਦੇਣ ਵਿੱਚ ਕਿਸੇ ਤਰ੍ਹਾਂ ਦੀ ਬੇਅਦਬੀ ਨਹੀਂ ਹੈ। ਅਗਨ ਭੇਟ ਕਰਨ ਜਾਂ ਕਿਸੇ ਹੋਰ ਢੰਗ ਨਾਲ ਕੀਮਤੀ ਰੁਮਾਲਿਆਂ ਨੂੰ ਨਸ਼ਟ ਕਰਨ ਵਿੱਚ ਗੁਰੂ ਸਾਹਿਬ ਦੀ ਪ੍ਰਸੰਨਤਾ ਨਹੀਂ ਹੋ ਸਕਦੀ।
ਸੰਨ ੨੦੧੧ ਵਿੱਚ ਬਰਿਟਿਸ਼ ਕੋਲੰਬੀਆ ਦੇ ਕੁੱਝ ਗੁਰਦੁਆਰਾ ਸਾਹਿਬਾਨ ਤੋਂ ਹਜ਼ਾਰਾਂ ਦੀ ਤਾਦਾਦ ਵਿੱਚ ਰੁਮਾਲੇ ਇਕੱਠੇ ਕਰਕੇ ਅਗਨ ਭੇਟ ਕੀਤਾ ਗਿਆ ਸੀ। ਇਹਨਾਂ ਅਗਨ ਭੇਟ ਕੀਤੇ ਰੁਮਾਲਿਆਂ ਦੀ ਕੀਮਤ ਸੈਂਕੜੇ ਨਹੀਂ ਬਲਕਿ ਹਜ਼ਾਰਾਂ ਡਾਲਰ ਹੋਈ ਹੋਵੇਗੀ।
ਅੰਤ ਵਿੱਚ ਪਾਠਕਾਂ ਦਾ ਧਿਆਨ ਗੁਰੁਮਤਿ ਮਾਰਤੰਡ ਵਿੱਚ ਭਾਈ ਕਾਨ੍ਹ ਸਿੰਘ ਨਾਭਾ ਹੁਰਾਂ ਦੀ ਇਸ ਸੰਬੰਧੀ ਲਿਖਤ ਵਲ ਦਿਵਾਇਆ ਜਾ ਰਿਹਾ ਹੈ, “ਜਿਸ ਗੁਰੁਦਵਾਰੇ ਬਹੁਤ ਰੁਮਾਲ ਗੁਰੂ ਗ੍ਰੰਥ ਸਾਹਿਬ ਲਈ ਮੌਜੂਦ ਹੋਨ, ਉਥੇ ਭੋਗ ਪੈਣ ਵੇਲੇ ਰੁਮਾਲ ਅਰਪਣਾ ਲਾਭਦਾਇਕ ਨਹੀਂ। ਜਿਥੇ ਰੁਮਾਲ ਦੀ ਜ਼ਰੂਰਤ ਹੋਵੇ ਉਥੇ ਭੇਟਾ ਕਰਨਾ ਚਾਹੀਏ। ਰੁਮਾਲ ਚੜ੍ਹਾਉਣਾ ਰਸਮ ਨਹੀਂ ਬਣਾ ਲੈਣੀ ਚਾਹੀਏ। ਸਤਿਗੁਰੁ, ਰੁਮਾਲਾਂ ਨਾਲੋਂ ਯਤੀਮਾਂ ਨੂੰ ਵਸਤ੍ਰ ਦੇਣੇ ਜ਼ਿਆਦਾ ਪਸੰਦ ਕਰਦੇ ਹਨ। ਸਰ੍ਹਾਣੇ, ਗੁਦੈਲਾ, ਚਾਂਦਨੀ, ਦੂਹਰ ਆਦਿਕ ਸਮਾਨ ਪ੍ਰੇਮੀ ਘਟ ਹੀ ਭੇਟਾ ਕਰਦੇ ਦੇਖੇ ਹਨ। (ਗੁਰੁਮਤ ਮਾਰਤੰਡ)
ਸੋ, ਪਾਠ ਦੀ ਸਮਾਪਤੀ ਜਾਂ ਕਿਸੇ ਹੋਰ ਸਮਾਗਮ ਸਮੇਂ `ਤੇ ਰੁਮਾਲਾ ਭੇਟ ਤਾਂ ਹੀ ਕਰਨਾ ਚਾਹੀਦਾ ਹੈ ਜੇਕਰ ਉਸ ਗੁਰਦੁਆਰਾ ਸਾਹਿਬ ਵਿਖੇ ਇਸ ਦੀ ਜ਼ਰੂਰਤ ਹੈ। ਜੇਕਰ ਗੁਰਦੁਆਰਾ ਸਾਹਿਬ ਵਿਖੇ ਰੁਮਾਲੇ ਦੀ ਜ਼ਰੂਰਤ ਨਹੀਂ ਤਾਂ ਕੋਈ ਹੋਰ ਵਸਤੂ ਭੇਟ ਕੀਤੀ ਜਾ ਸਕਦੀ ਹੈ ਜਾਂ ਕਿਸੇ ਲੋੜਵੰਦ ਦੀ ਲੋੜ ਪੂਰੀ ਕਰਨ ਵਿੱਚ ਆਪਣਾ ਯਥਾਯੋਗ ਯੋਗ ਦਾਨ ਪਾਇਆ ਜਾ ਸਕਦਾ ਹੈ। ਜ਼ਿੰਮੇਵਾਰ ਸੱਜਣਾਂ ਨੂੰ ਚਾਹੀਦਾ ਹੈ ਕਿ ਉਹ ਪਾਠ ਆਦਿ ਕਰਾਉਣ ਵਾਲੇ ਪਰਵਾਰਾਂ ਨੂੰ ਪਹਿਲਾਂ ਹੀ ਸੂਚਿਤ ਕਰ ਦੇਣ ਅਤੇ ਸਟੇਜਾਂ ਤੋਂ ਵੀ ਸਮੇਂ ਸਮੇਂ ਸੰਗਤਾਂ ਨੂੰ ਇਸ ਸੰਬੰਧ ਵਿੱਚ ਸੂਚਨਾ ਦਿੱਤੀ ਜਾਵੇ ਤਾਂ ਕਿ ਸੰਗਤਾਂ ਇਸ ਗੱਲ ਤੋਂ ਭਲੀ ਪ੍ਰਕਾਰ ਜਾਣੂੰ ਹੋ ਸਕਣ।




.