.

ਸਿੱਖ ਧਰਮ ਦਾ ਪ੍ਰਚਾਰ ਸਹੀ ਢੰਗ ਨਾਲ ਹੋਵੇ


ਸਿੱਖ ਧਰਮ ਦੇ ਸੰਸਥਾਪਕ ਧੰਨ ਗੁਰੂ ਨਾਨਕ ਦੇਵ ਜੀ ਨੇ ਇਸ ਧਰਮ ਨੂੰ ਚਲਾਉਣ ਦੀ ਲੋੜ ਇਸ ਲਈ ਮਹਿਸੂਸ ਕੀਤੀ ਕਿਉਂਕਿ ਇਸ ਤੋ ਪਹਿਲੇ ਚਲੇ ਆਏ ਧਰਮਾਂ ਵਿੱਚ ਤਰੁਟੀਆਂ ਸਨ, ਜਿਵੇਂ ਕਿ ਪ੍ਰਭ ਪ੍ਰਾਪਤੀ ਲਈ ਕੀਤੇ ਜਾਣ ਵਾਲੇ ਕਰਮਕਾਂਡ। ਇਨ੍ਹਾਂ ਕਰਮ ਕਾਂਡਾਂ ਵਿੱਚ ਫਸ ਕੇ ਮਨੁੱਖ ਵਰਤ, ਸਰਾਧ, ਸੰਸਾਰ ਅਤੇ ਗ੍ਰਿਹਸਥ ਤਿਆਗ, ਮਨ ਹਠ ਆਦਿਕ ਕਰਕੇ ਆਪਣਾ ਧੰਨ, ਸਮਾਂ ਅਜਾਈਂ ਗਵਾ ਰਿਹਾ ਸੀ ਅਤੇ ਜੀਵਨ ਦੇ ਵਾਸਤਵਿਕ ਮਨੋਰਥ (ਪ੍ਰਭੂ ਪ੍ਰਾਪਤੀ) ਤੋ ਭਟਕਿਆ ਉਹ ਅਸ਼ਾਂਤ ਸੀ, ਪਰੇਸ਼ਾਨ ਸੀ। ਸਰੀਰਾਂ, ਮੂਰਤੀਆਂ ਜਾ 33 ਕਰੋੜਾਂ ਦੀ ਪੂਜਾ ਵਿੱਚ ਰੱਬ ਲੱਭਣ ਵਾਲੇ ਗੁਮਰਾਹ ਪ੍ਰਾਣੀਆਂ ਨੂੰ ਉਹਨਾਂ ਨੇ ਉੱਚੀ ਆਵਾਜ਼ ਵਿੱਚ ਹੋਕਾ ਦੇ ਕੇ ਉਹਨਾਂ ਨੂੰ ਕਿਹਾ ਪ੍ਰਮਾਤਮਾ ਜੋਨਿ ਰਹਿਤ ਹੈ:
ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰੁ ਜੋਨੀ। (1136)
ਉਪਰੋਕਤ ਸਮਾਜਿਕ ਅਤੇ ਧਾਰਮਿਕ ਕਮੀਆਂ ਕਾਰਣ ਪੁਰਾਤਨ ਸਮਾਜ ਵਰਣ ਵੰਡ ਵਿੱਚ ਵੰਡਿਆ ਗਿਆ ਜਿਸ ਨੂੰ ਅੰਜਾਮ ਦੇਣ ਲਈ ਮੰਨੂ ਜਿੰਮੇਵਾਰ ਹਨ। ਨਤੀਜੇ ਵਜੋਂ ਜਾਤਿ ਪ੍ਰਥਾ ਹੋਂਦ ਵਿੱਚ ਆਈ ਮਨੁੱਖ-ਮਨੁੱਖ ਨਾਲ ਨਫ਼ਰਤ ਕਰਨ ਲਗ ਪਿਆ। ਸਤੀ ਪ੍ਰਥਾ, ਘੁੰਘਟ ਪ੍ਰਥਾ ਤੋਂ ਇਲਾਵਾ ਇਸਤਰੀ ਨੂੰ ਬਹੁਤ ਨੀਵਾਂ ਸਮਝਿਆ ਜਾ ਰਿਹਾ ਸੀ। ਮੋਕਸ਼ ਦੀ ਪ੍ਰਾਪਤੀ ਵਿੱਚ ਇਸਤਰੀ, ਪੁਰਖ ਦੇ ਮਾਰਗ ਵਿੱਚ ਰੁਕਾਵਟ ਜਿਹੀ ਸੰਗਿਆ ਵੀ ਇਸਤਰੀ ਨੂੰ ਦਿੱਤੀ ਗਈ।
ਧਰਮ ਪ੍ਰਚਾਰ (ਕਾਜ਼ੀ, ਬ੍ਰਾਹਮਣ ਅਤੇ ਜੋਗੀ) ਸਮਾਜ ਦਾ ਮਾਰਗ ਦਰਸ਼ਨ ਕਰਨ ਦੀ ਬਜਾਏ ਪ੍ਰਾਣੀਆਂ ਨੂੰ ਦੋਹੀਂ ਹੱਥੀ ਲੁੱਟ ਰਹੇ ਸਨ। ਰਾਜੇ ਹੰਕਾਰੀ ਅਤੇ ਪ੍ਰਚਾਰ ਦਾ ਸ਼ੋਸ਼ਣ ਕਰ ਰਹੇ ਸਨ। ਇਸ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਬਿਆਨ ਕੀਤਾ:
ਕਾਦੀ ਕੂੜੁ ਬੋਲਿ ਮਲੁ ਖਾਇ, ਬ੍ਰਾਹਮਣੁ ਨਾਵੈ ਜੀਆ ਘਾਇ
ਜੋਗੀ ਜੁਗਤਿ ਨ ਜਾਣੈ ਅੰਧੁ, ਤੀਨੇ ਓਜਾੜੇ ਕਾ ਬੰਧੁ॥ (662) ਅਤੇ
ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ॥ (145)
ਅਤੇ ਸਿੱਖ ਧਰਮ ਪ੍ਰਚਾਰਕ ਬਣ ਕੇ ਆਪ ਨੇ 12 ਸਾਲ ਭਾਰਤ ਤੋਂ ਇਲਾਵਾ ਅਫ਼ਗ਼ਾਨਿਸਤਾਨ, ਸਾਉਦੀ ਅਰਬ, ਤਿੱਬਤ, ਸ਼੍ਰੀ ਲੰਕਾ ਵਿੱਚ ਜਾ ਕੇ ਲੋਕਾਈ ਨੂੰ ਵਹਿਮਾਂ, ਭਰਮਾਂ, ਕਰਮ ਕਾਂਡਾਂ ਚੋਂ ਕੱਢ ਕੇ ਪ੍ਰਭ ਪਿਆਰੇ ਬਣਨ ਤੇ ਸਿੱਖੀ ਸਿਧਾਂਤ ਸਮਝਾਏ। ਇਹ ਉਨ੍ਹਾਂ ਦੇ ਪ੍ਰਚਾਰ ਦਾ ਅਸਰ ਸੀ ਕਿ 1699 ਵਿੱਚ ਖਾਲਸਾ ਸਥਾਪਨਾ ਦਿਵਸ ਤੇ ਪੰਜਾਂ ਵਿੱਚੋਂ ਦੋ ਪਿਆਰੇ ਬਿਦਰ ਅਤੇ ਜਗਨਨਾਥ ਪੁਰੀ ਤੋਂ ਆਏ ਸਨ। ਸਿੱਖ ਧਰਮ ਦਾ ਸਿਧਾਂਤ ਅਤੇ ਅਸੂਲਾਂ ਦਾ ਵਰਣਨ ਸਿੱਖ ਰਹਿਤ ਮਰਿਆਦਾ ਵਿੱਚ ਸਪਸ਼ਟ ਕਰ ਦਿੱਤਾ ਹੈ ਜਿਸ ਅਨੁਸਾਰ ਇੱਕ ਸਿੱਖ ਲਈ ਜਨਮ ਤੋਂ ਲੈਕੇ ਅੰਤਿਮ ਸਮੇਂ ਤੱਕ ਕੀਤੇ ਜਾਣ ਵਾਲੇ ਸੰਸਕਾਰਾਂ ਦਾ ਵਿਸਥਾਰ ਰੂਪੀ ਜਿਕਰ ਹੈ। ਅਤੇ ਇਹ ਰਹਿਤ ਮਰਿਆਦਾ ਗੁਰੂ ਗ੍ਰੰਥ ਸਾਹਿਬ ਵਿਚਲੀ ਬਾਣੀ ਦੇ ਉਪਦੇਸ਼ ਤੇ ਖਰੀ ਉੱਤਰਦੀ ਹੈ।
ਸਿੱਖ ਧਰਮ ਅਧਿਐਨ ਕਰਨ ਵਾਲੇ ਨਾਂ ਸਿਰਫ਼ ਭਾਰਤੀ ਬਲਕਿ ਏਸ਼ੀਆ ਨੇ ਜਦੋਂ ਬਾਕੀ ਧਰਮਾਂ ਨਾਲ ਇਸਦੀ ਤੁਲਨਾ ਕੀਤੀ ਤਾਂ ਦੱਸਿਆ ਕੇ ਸੰਸਾਰ ਦਾ ਇੱਕ ਅਜਿਹਾ ਧਰਮ ਹੈ ਜੋ ਪ੍ਰਭੂ ਪ੍ਰਾਪਤੀ ਦਾ ਸਿੱਧਾ ਮਾਰਗ ਦੱਸਦਾ ਹੈ ਅਤੇ ਇਨ੍ਹਾਂ ਵਿਦਵਾਨਾਂ ਵਿਚੋਂ ਭਾਰਤ ਦੇ ਸਾਬਕਾ ਰਾਸ਼ਟਰਪਤੀ ਐਸ: ਰਾਧਾਕ੍ਰਿਸ਼ਨਨ, ਮੈਕਾਲਿਫ, ਕੰਨਿਘਮ, ਟਰੰਪ, ਪਰਲ ਬੈਕ, ਟਆਨਬੀ ਆਦਿ ਦੇ ਨਾਂ ਉੇਲੇਖਨੀਯ ਹਨ।
ਪਰੰਤੂ ਸਹੀ ਪ੍ਰਚਾਰਦੀ ਘਾਟ ਕਾਰਣ ਸਾਰੇ ਵਿਸ਼ਵ ਦੀ ਅਗਵਾਈ ਕਰ ਸਕਣ ਦੀ ਸਮਰੱਥਾ ਰੱਖਣ ਵਾਲਾ ਇਹ ਆਧੁਨਿਕ ਧਰਮ ਇਸ ਦੀ ਜਨਮ ਭੂਮੀ ਪੰਜਾਬ ਵਿੱਚ ਹੀ ਪ੍ਰਫੁਲਿਤ ਨਹੀਂ ਹੋ ਪਾਇਆ। ਜੇ ਪ੍ਰਚਾਰ ਬਹੁਤ ਹੋ ਰਿਹਾ ਦਿਸਦਾ ਵੀ ਹੈ ਤਾਂ ਉਹ ਪ੍ਰਚਾਰ ਗਲਤ ਦਿਸ਼ਾ ਵੱਲ ਹੋ ਰਿਹਾ ਦਿਸਦਾ ਹੈ, ਜੋ ਇਸ ਧਰਮ ਦੇ ਅਨੁਯਾਯਿਆਂ ਨੂੰ ਸਿੱਖੀ ਦੀ ਵਿਚਾਰਧਾਰਾ ਤੋਂ ਕਿਤੇ ਦੂਰ ਲਿਜਾ ਰਿਹਾ ਹੈ, ਇਹੀ ਕਾਰਣ ਹੈ ਕਿ ਅੱਜ ਸਹੀ ਸਿੱਖ ਜੋ ਗੁਰਮਤਿ ਦੇ ਧਾਰਨੀ ਹੋਣ ਲਭਣੇ ਔਖੇ ਹਨ, ਜਿਆਦਾ ਤਰ ਸਿੱਖ ਦਿਸਦੇ ਆਪਣੇ ਹਿਰਦੇ ਅੰਦਰ ਬ੍ਰਾਹਮਣਵਾਦ ਨੂੰ ਪਾਲ ਰਹੇ ਹਨ ਜਿਸ ਦੀ ਵਿਰੋਧਤਾ ਬਾਣੀ ਵਿੱਚ ਬਾਰ-ਬਾਰ ਕੀਤੀ ਗਈ ਹੈ।
ਸਿੱਖ ਰਹਿਤ ਮਰਿਆਦਾ ਪੂਰੀ ਤਰ੍ਹਾਂ ਲਾਗੂ ਨਾ ਹੋਣ ਕਰਕੇ ਗੁਰਬਾਣੀ, ਗੁਰਮਤਿ ਤੋ ਅਨਜਾਣ ਭਟਕੇ ਸਿੱਖ ਉਹ ਕੁੱਝ ਕਰ ਰਹੇ ਹਨ ਜਿਸ ਦੀ ਵਿਰੋਧਤਾ ਵਿੱਚ ਗੁਰੂ ਨਾਨਕ ਪਾਤਿਸ਼ਾਹ ਜੀ ਨੇ ਅਤੇ ਉਨ੍ਹਾਂ ਦੇ ਬਾਕੀ ਜਾਨਸ਼ੀਨ ਗੁਰੂ ਸਾਹਿਬਾਂ ਨੇ ਪ੍ਰਚਾਰ ਕੀਤਾ ਸੀ, ਇਸ ਆਪਣੀ-ਆਪਣੀ ਬਣਾਈ ਰਹਿਤ ਮਰਿਆਦਾ ਨੂੰ ਜਿਥੇ ਡੇਰੇਦਾਰ, ਟਕਸਾਲਾਂ ਕਰਮਕਾਂਡ ਦੇ ਰੂਪ ਵਿੱਚ ਮੰਨ ਰਹੇ ਹਨ ਬਹੁਤੇ ਇਤਿਹਾਸਕ ਗੁਰਦੁਆਰਿਆਂ ਵਿੱਚ ਵੀ ਉਹੀ ਕੁੱਝ ਹੋ ਰਿਹਾ ਹੈ ਜਿਸ ਨੂੰ ਕਰਨ ਦੀ ਮਨਾਹੀ ਉਨ੍ਹਾਂ ਦੀ ਆਪਣੀ ਛਾਪੀ ਰਹਿਤ ਮਰਿਆਦਾ ਕਰ ਰਹੀ ਹੈ। ਇਸ ਦਾ ਪ੍ਰਮਾਣ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਬੇਰੀਆਂ, ਥੜਿਆਂ ਆਦਿ ਦੀ ਪੂਜਾ ਦੇ ਰੂਪ ਵਿੱਚ ਅਤੇ ਹਰਿ ਕੀ ਪਉੜੀ ਤੋਂ ਲਏ ਜਾਣ ਵਾਲੇ ਚੂਲਿਆਂ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ।
ਤਰਨਤਾਰਨ ਸਾਹਿਬ ਵਿਖੇ ਮਹੁਕਿਆਂ
(Warts) ਦੇ ਇਲਾਜ ਲਈ ਝਾੜ ਚੜਾਦੇ ਜਾ ਰਹੇ ਹਨ। ਛੇਹਰਟਾ ਸਾਹਿਬ ਵਿਖੇ ਪੁੱਤਰ ਪ੍ਰਾਪਤੀ ਲਈ ਜਲ ਲਿਜਾਇਆ ਜਾ ਰਿਹਾ ਹੈ। ਗੋਇੰਦਵਾਲ ਵਿੱਚ ਤੀਰਥ ਯਾਤਰਾ ਤੋ ਰੋਕਣ ਲਈ ਬਣਾਈ ਬਾਉਲੀ ਹੁਣ ਖੁਦ ਇੱਕ ਤੀਰਥ ਬਣਦੀ ਜਾ ਰਹੀ ਹੈ ਜਿੱਥੇ ਸ਼ਰਧਾ ਨਾਲ ਇਸ਼ਨਾਨ ਅਤੇ ਜਲ ਲਿਜਾਣਾ ਬਦਸਤੂਰ ਜਾਰੀ ਹੈ।
ਜੋਤ ਜਗਾਉਣ ਦਾ ਸੰਬੰਧ ਪ੍ਰਭੂ ਪ੍ਰਾਪਤੀ ਕਈ ਕੀਤੇ ਜਾਂਦੇ ਪ੍ਰਯਤਨਾਂ ਨਾਲ ਬਿਲਕੁਲ ਨਹੀਂ। ਇਹ ਇੱਕ ਕਰਮਕਾਂਡ ਹੈ ਫਿਰ ਭੀ ਗੁਰਦੁਆਰਿਆਂ ਵਿਸ਼ੇਸ਼ ਕਰ ਕੇ ਇਤਿਹਾਸਕ ਗੁਰਦੁਆਰਿਆਂ ਵਿੱਚ ਜੋਤ ਪ੍ਰਚਲਿਤ ਹੈ ਜਿਸਦੇ ਵਿੱਚ ਗੁਰਦੁਆਰਾ ਦੁਖ ਨਿਵਾਰਣ ਸਾਹਿਬ, ਪਟਿਆਲਾ, ਗੁਰਦੁਆਰਾ ਮੰਜੀ ਸਾਹਿਬ, ਅੰਬਾਲਾ ਸ਼ਹਿਰ, ਗੁਰਦੁਆਰਾ ਪੰਜੋਖਰਾ ਸਾਹਿਬ, ਅੰਬਾਲਾ ਅਤੇ ਗੁਰਦੁਆਰਾ ਨਾਢਾ ਸਾਹਿਬ (ਨਜ਼ਦੀਕ ਚੰਡੀਗੜ੍ਹ) ਆਦਿ ਭੀ ਸ਼ਾਮਿਲ ਹਨ।
ਵਿਆਹ-ਸ਼ਾਦੀ, ਜਨਮਦਿਨ, ਮ੍ਰਿਤਕ ਲਈ ਜਾ ਹੋਰ ਅਵਸਰਾਂ ਤੇ ਕੀਤੇ ਜਾਣ ਵਾਲੇ ਅਖੰਡ ਪਾਠ, ਸਹਿਜ ਪਾਠ ਵੀ ਕਰਮਕਾੰਡਾਂ ਦਾ ਰੂਪ ਧਾਰ ਚੁੱਕੇ ਹਨ। ਜਿੰਨ੍ਹਾ ਦਾ ਸੰਬੰਧ ਪਾਠ ਸੁਣਨ ਜਾਂ ਸਮਝਣ ਨਾਲ ਬਿਲਕੁਲ ਨਹੀਂ। ਗੁਰਮਤਿ ਤੋ ਦੂਰ ਭਟਕ ਰਹੇ ਸਿੱਖਾਂ ਵਿੱਚ ਸਮਗਰੀ (ਜਿਵੇਂ ਕੁੰਭ, ਘੜਾ, ਨਾਰੀਅਲ ਅਤੇ ਜੋਤ) ਰਖਣਾ ਆਮ ਗੱਲ ਹੈ ਅਤੇ ਅਜਿਹੇ ਪਾਠ ਨੂੰ ਸੰਪੂਰਣ ਮਰਿਆਦਾ ਵਾਲਾ ਪਾਠ ਕਿਹਾ ਜਾਂਦਾ ਹੈ। ਜਦੋਂ ਕੇ ਪਾਠ ਸਮੇਂ ਗੁਰੂ ਗ੍ਰੰਥ ਸਾਹਿਬ ਤੋ ਇਲਾਵਾ ਕੁੱਝ ਵੀ ਹੋਣਾ ਮਰਿਆਦਾ ਤੋ ਵਿਪਰੀਤ (ਉਲਟ) ਹੈ। ਧਰਮ ਪ੍ਰਚਾਰ ਬਾਰੇ ਇਲੈਕਟੋਨਿਕ ਮੀਡੀਆ ਦਾ ਯੋਗਦਾਨ ਅੱਜ ਸਭ ਨੂੰ ਪ੍ਰਭਾਵਿਤ ਕਰ ਰਿਹਾ ਹੈ। ਜਿਵੇਂ ਵੱਖ-2 ਚੈਨਲਾਂ ਤੋ ਸ਼ਬਦ ਗੁਰੂ ਦੀ ਕਥਾ ਅਤੇ ਵਿਚਾਰ ਇੱਕ ਸ਼ਲਾਘਾ ਯੋਗ ਕਦਮ ਹੈ, ਇਸ ਦਾ ਪ੍ਰਭਾਵ ਸੂਝਵਾਨ ਸ੍ਰੋਤਿਆਂ ਉੱਤੇ ਸਪਸ਼ਟ ਦੇਖਣ ਨੂੰ ਮਿਲ ਰਿਹਾ ਹੈ। ਇਸ ਤਰ੍ਹਾਂ ਵੱਖ-2 ਅਵਸਰਾਂ ਤੇ ਹੋਣ ਵਾਲੇ ਕੀਰਤਨ ਦਰਬਾਰਾਂ ਦਾ ਵੀ ਆਨੰਦ ਮਾਣਿਆ ਜਾ ਰਿਹਾ ਹੈ। ਸੋ ਅੱਜ ਦੇ ਦੌਰ ਵਿੱਚ ਜਿਥੇ ਹਰ ਥਾਂ ਕੀਰਤਨ ਦਰਬਾਰਾਂ, ਢਾਡੀ ਦਰਬਾਰਾਂ, ਕਵੀਸ਼ਰਾਂ, ਕਥਾਕਾਰਾਂ ਸਿੱਖ ਬੁੱਧੀਜੀਵੀਆਂ, ਚੇਤਨਾ ਮਾਰਚਾਂ, ਨਗਰ ਕੀਰਤਨ ਟੀ: ਵੀ: ਚੈਨਲਾਂ ਰਾਹੀ ਸਿੱਖੀ ਦਾ ਪ੍ਰਚਾਰ ਹੋਦਾ ਦਿਸ ਰਿਹਾ ਹੈ। ਪਰੰਤੂ ਅੱਜ ਸ੍ਰੋਤਿਆਂ ਅਤੇ ਦਰਸ਼ਕਾਂ ਨੂੰ ਬਹੁਤ ਸੂਝਵਾਨ ਹੋ ਕੇ ਨਿਰਣਾ ਕਰਨ ਦੀ ਲੋੜ ਹੈ ਕਿ ਹੋ ਰਿਹਾ ਪ੍ਰਚਾਰ ਕਿੰਨ੍ਹਾਂ ਕੁ ਗੁਰਮਤਿ ਅਨੁਸਾਰ ਹੈ?
ਇਸ ਲਈ ਇਹ ਸਮੇਂ ਦੀ ਲੋੜ ਹੈ ਕਿ ਹਰੇਕ ਸਿੱਖ, ਸਿੱਖ ਬੀਬੀ ਅਤੇ ਸਿੱਖ ਧਰਮ ਬਾਰੇ ਭਰਪੂਰ ਜਾਣਕਾਰੀ ਪ੍ਰਾਪਤ ਕਰੇ ਤਾਂ ਜੋ ਜੋ ਗ਼ਲਤ ਕਿਸਮ ਦਾ ਪ੍ਰਚਾਰ ਕਰਦੇ ਪ੍ਰਚਾਰਕਾਂ ਦੀ ਪਰਖ ਕੀਤੀ ਜਾ ਸਕੇ।
ਇਸ ਲਈ ਸਿੱਖ ਮਿਸ਼ਨਰੀ ਕਾਲਜ, ਲੁਧਿਆਣਾ ਜਿਹੀਆਂ ਸੰਸਥਾਵਾਂ ਦੀ ਮਦਦ ਲਈ ਜਾ ਸਕਦੀ ਹੈ, ਸਿੱਖ ਫੁਲਵਾੜੀ ਮੈਗਜ਼ੀਨ ਅਤੇ ਦੋ ਸਾਲਾ ਪੱਤਰ ਵਿਹਾਰ ਕੋਰਸ ਨੂੰ ਪੜ੍ਹ ਕੇ। ਸ਼ਪੋਕਸਮੈਨ ਵੀ ਇਸ ਖੇਤਰ ਵਿੱਚ ਸ਼ਲਾਘਾ ਯੋਗ ਕਾਰਜ ਕਰ ਰਿਹਾ ਹੈ। ਪੰਥਕ ਸਮੱਸਿਆਵਾਂ ਨੂੰ ਸੁਲਝਾਉਣ ਲਈ ਇਹ ਅਖ਼ਬਾਰ ਸਹੀ ਮਾਰਗ ਦਰਸ਼ਨ ਕਰ ਰਿਹਾ ਹੈ। ਅੱਜ ਦੀ ਜਰੂਰਤ ਹੈ ਕਿ ਹਰ ਇੱਕ ਸਿੱਖ ਗਿਆਨ ਪ੍ਰਾਪਤ ਕਰ, ਸਿੱਖੀ ਵਿਚਾਰਧਾਰਾ ਤੋ ਜਾਣੂ ਹੋ ਕੇ, ਅਨਜਾਣ ਸਿੱਖਾਂ ਨੂੰ ਜਾਣਕਾਰੀ ਪ੍ਰਾਪਤ ਕਰਾਏ। ਇਸ ਵਿੱਚ ਹੀ ਸਿੱਖੀ ਦੀ ਚੜ੍ਹਦੀ ਕਲਾ ਸੰਭਵ ਹੈ।
ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।
ਸ: ਬਲਬੀਰ ਸਿੰਘ
ਅੰਬਾਲਾ ਕੈਂਟ (ਹਰਿਆਣਾ)
+91-94663-27634




.