.

ਸੈਕੜੇ ਸਾਲਾਂ ਦੇ ਪਰਲੋਕ ਸਿਧਾਰ ਗਏ ਭਗਤ-ਜਨ ਆਪਣੀ ਬਾਣੀ

ਲਿਖਵਾਉਣ ਦੀ ਚਿੰਤਾ ਵਿਚ, ਧਰਤੀ ਦੀ ਖਿੱਚ ਤੋਂ ਬਾਹਰ ਨਾ ਜਾ ਸਕੇ?

{ਨੋਟ:-ਭਾਵੇਂ ਸੰਪਾਦਕ ਮਹਾਂਪੁਰਖ ਸਾਹਿਬਾਨ ਨੇ ਪੁਸਤਕ ਦੇ ਅਖ਼ੀਰ ਵਿੱਚ 803 ਸਫ਼ੇ ਤੇ ਵਿਸ਼ੇਸ਼ ਟਿੱਪਣੀਆਂ ਸਿਰਲੇਖ ਹੇਠਾਂ ਭਗਤਾਂ ਦੇ ਗੁਰਬਣੀ ਲਿਖਾਉਣ ਆਉਣ ਵਾਲੀ ਕਹਾਣੀ ਅੱਸ਼ੁਧ ਹੋਣ ਦਾ ਨੋਟ ਦਿੱਤਾ ਹੋਇਆ ਹੈ ਪਰ ਜਦ ਕਹਾਣੀ ਵਾਲੀ ਇਸ ਥਾਂ ਤੇ ਉਸ ਨੋਟ ਦਾ ਹਵਲਾ ਦੇ ਕੇ ਭਗਤਾਂ ਦੇ ਪਰਲੋਕ ਵਿਚੋਂ ਪਰਤ-ਆਉਣ ਦੀ ਗਲ ਬਾਰੇ ਅਤੇ ਸਤੇ, ਬਲਵੰਡ, ਮਰਦਾਨਾ ਤੇ ਦਾਲ ਦੇ ਦੁਬਾਰਾ ਜਨਮ ਲੈ ਕੇ ਆਉਣ ਵਾਲੀ ਲਿਖਾਰੀ ਦੇ ਗੱਲ ਨੂੰ ਸਪੱਸ਼ਟ ਤੌਰ ਤੇ “ਝੂਠੀ” ਲਿਖਣਾ ਉਨ੍ਹਾਂ ਦੀ ਸੁਹਿਰਦਤਾ ਸ਼ੱਕੀ ਬਣਾਉਂਦਾ ਹੈ? ਅਤੇ ਫਿਰ ਜਦ ਸੰਪਦਕ ਸਾਹਿਬਾਨ ਨੇ ਭੂਮਕਾ ਵਿੱਚ ਬੜੀਆਂ ਦਲੀਲਾਂ ਦੇ ਕੇ ਇਹ ਸਿੱਧ ਕੀਤਾ ਹੋਇਆ ਹੈ ਕਿ ਲਿਖਾਰੀ ਅੰਮ੍ਰਿਤਧਾਰੀ ਇੱਕ ਗੁਰਮੁਖ ਗੁਰਸਿੱਖ ਸੀ ਅਤੇ ਉਸ ਨੂੰ ਸਾਰੀ ਵਾਰਤਾ ਲਿਖਉਣ ਵਾਲਾ (ਭਾਵ, ਲਿਖਾਰੀ ਨੇ ਜਿਸ ਦੀ ਜ਼ਬਾਨੀ ਸਾਰੀ ਵਾਰਤਾ ਕਹੀ ਦਰਸਾਈ ਹੋਈ ਹੈ ਉਹ) ਲ਼ਿਖਾਰੀ ਦਾ ਕੋਈ ਫ਼ਰਜ਼ੀ ਝੂਠ-ਪਾਤਰ ਨਾ ਕਹਿ ਕੇ ਸਗੋਂ ਬੰਦ ਬੰਦ ਕਟਾ ਕੇ ਸ਼ਹੀਦੀ ਪਾਉਣ ਵਾਲੇ, ਭਾਈ ਮਨੀ ਸਿੰਘ ਜੀ ਸਿੱਧ ਕੀਤਾ ਹੋਇਆ ਹੈ। ਫਿਰ ਭਾਈ ਮਨੀ ਸਿੰਘ ਜੀ ਦੇ ਮੁਖਾਰਬਿੰਦ ਵਿਚੋਂ ਕਹੀਆਂ ਗੱਲਾਂ ਸੰਪਾਦਕ ਜੀ ਨੇ ਕਿਸ ਦਲੀਲ ਨਾਲ ਠੀਕ ਨਾ ਮੰਨੀਆਂ? ਪੁਸਤਕ ਦੀਆਂ ਨੁਕਰਾਂ ਵਿੱਚ ਦਿੱਤੇ ਨੋਟ ਜਾਂ ਟਿੱਣੀਆਂ ਸੁਹਿਰਦਤਾ ਦਾ ਪ੍ਰਗਟਾਵਾ ਨਹੀ ਸਗੋਂ ਗੰਭੀਰ ਸਾਜ਼ਸ਼ ਦਾ ਲਖਾਇਕ ਹੈ। ਸੱਚੀ ਸੁਹਿਰਦਤਾ ਸਤੇ ਹੀ ਪ੍ਰਤੱਖ ਨਜ਼ਰੀਂ ਆ ਰਹੀ ਹੁੰਦੀ ਹੈ ਅਤੇ ਸ਼ੰਕਿਆਂ ਦੀ ਗੁੰਜਾਇਸ਼ ਪੈਦਾ ਹੀ ਨਹੀਂ ਹੁੰਦੀ। ਟਿੱਪਣੀਆਂ ਵਿਚਲੀਆਂ ਕਥਿਤ ਸੁਧਾਈਆਂ ਦਾ ਪੁਸਤਕ ਵਿੱਚ ਕਿਸੇ ਥਾਂ ਵੀ ਇਸ਼ਾਰੇ ਮਾਤਰ ਵੀ Cross-Reference ਨਾ ਦੇਣਾ, ਕੁਟਲਤਾ ਦਾ ਸਪੱਸ਼ਟ ਸੰਕੇਤ ਹੈ। ਧਮਾਕੇ ਖ਼ੇਜ਼ ਨਵੀਆਂ ਤੋਂ ਨਵੀਆਂ ਗੱਲਾ ਸੁਣਾ ਸੁਣਾ ਕੇ ਮਾਇਅ ਉਗਰਾਹਣ ਲਈ ਬਣੇ ਰਾਗੀਆਂ ਪਰਚਾਰਕਾਂ ਲਈ ਭੂਮਕਾ ਵਿਚਲੇ ਨੋਟਾਂ ਦਾ ਜਾਂ ਵਿਸ਼ੇਸ਼ ਟਿਪਣੀਆਂ ਦਾ ਕੀ ਅਰਥ? ਕਈ ਸਾਲਾਂ ਤੋ ਇਸ ਪੁਸਤਕ ਵਿਲੀਆਂ ਗੁਰਮਤਿ ਵਿਰੋਧੀ ਕਥਾ ਕਹਾਣੀਆਂ ਪਰਚਾਰਕਾਂ ਰਾਹੀਂ ਪਰਚਾਰੀਆਂ ਜਾ ਰਹੀਆਂ ਹਨ ਇੱਕ ਤੁੱਕਰੇ ਲਿਖੀਆਂ ਸੰਪਾਦਕ ਸਾਹਿਬਾਨ ਦੀਆਂ ਟਿੱਪਯੀਆਂ ਦਾ ਕੀ ਅਰਥ। ਏਹੀ ਪੁਸਤਕਾਂ ਹੁਣ ਨਵੇ ਰੂਪ ਵਿੱਚ ਧੜਾ ਧੜ ਵਿਕ ਰਹੀਆਂ ਹਨ।}

ਗੰਭੀਰ ਸ਼ੰਕੇ ਦਾ ਕਰਨ-

ਉਪ੍ਰੋਕਤ 407ਵੇਂ ਸਵੱਯੇ ਦੀ ਪਹਿਲੀ ਪੰਗਤੀ ਵਿਚ- “ਕ੍ਰਿਪਾਸਿੰਧ ਚਰਿਤ ਦਿਖਲਾਵਨ ਹੇਤਿ, ਮਹਾ ਸੁਖ ਕੇਤ ਸੁ ਬਯੋਂਤ ਬਨਾਯੋ” ਲਿਖਿਆ ਹੈ। ਜਦ ਚਰਿਤ ਵਿਖਾਉਣ ਦੀ ਵਿਉਂਤ ਸਤਿਗੁਰੂ ਜੀ ਨੇ ਬਣਾਈ ਸੀ, ਤਾਂ, ਭਾਈ ਜੀ ਨੂੰ ਭਰਮ ਵਿੱਚ ਉਸੇ ਸਿਰਜਣਹਾਰ ਨੇ ਪਾਉਣਾ ਸੀ ਜਿਸ ਨੂੰ ਭਾਈ ਜੀ ਸਮੇਤ ਸਾਰਾ ਸਿੱਖ ਜਗਤ- “ਪ੍ਰਭ ਮਾਤ ਪਿਤਾ ਅਪਣੇ ਦਾਸ ਕਾ ਰਖਵਾਲਾ॥” ਕੇਵਲ ਉਚਾਰਨ ਹੀ ਨਹੀਂ ਕਰਦਾ ਸਗੋਂ ਹਿਰਦੇ ਤੋਂ ਉਸ ਪ੍ਰਭੂ ਨੂੰ ਮਾਤ ਪਿਤਾ ਦੀ ਨਿਆਈ ਹੀ ਆਪਣਾ ਰਖਵਾਲਾ ਮੰਨਦਾ ਹੈ। ਸੰਪਾਦਕ ਸੱਜਣ ਮੁੱਕਰ ਨਹੀਂ ਸਕਦੇ ਕਿ ਇਸੇ ਪੁਸਤਕ ਵਿੱਚ ਲਿਖਾਰੀ ਨੇ “ਕ੍ਰਿਪਾਸਿੰਧ” ਸ਼ਬਦ ਸਤਿਗੁਰੂ ਜੀ ਲਈ, ਕਈ ਵਾਰੀ ਵਰਤਿਆ ਹੈ। ਮਾਯਾ ਦਾ ਅਰਥ ਪ੍ਰਭੂ, ਮਹਾਨ ਕੋਸ਼ ਵਿੱਚ ਵੀ ਲਿਖਿਆ ਨਹੀਂ ਮਿਲਦਾ। ਗੁਰਬਾਣੀ ਵਿੱਚ ਵੀ ਪ੍ਰਭੂ ਲਈ ‘ਮਾਯਾ’ ਸ਼ਬਦ ਕਿਸੇ ਥਾਂ ਨਹੀਂ ਆਇਆ। ਭਾਵ, ਬਹੁਰੰਗੀ ਮਾਇਆ ਨੂੰ ਰੱਬ, ਪਾਵਨ ਗੁਰਬਾਣੀ ਨੇ ਵੀ ਨਹੀਂ ਮੰਨਿਆ। ਮਾਯਾ ਅਥਵਾ ਮਾਇਆ ਦਾ ਵਿਸ਼ੇਸ਼ ਅਤੇ ਪ੍ਰਚਲਤ ਧਨ ਦੌਲਤ ਹੀ ਹੈ- “ਜਿਉ ਨਲਨੀ ਸੂਅਟਾ ਗਹਿਓ ਮਨ ਬਉਰਾ ਰੇ ਮਾਯਾ ਇਹੁ ਬਿਉਹਾਰੁ॥” {336} - “ਭੋਜਨੰ ਗੋਪਾਲ ਕੀਰਤਨੰ ਅਲਪ ਮਾਯਾ ਜਲ ਕਮਲ ਰਹਤਹ॥’। ਅਸਲ ਵਿੱਚ ਲਿਖਾਰੀ ਨੇ ਸਤਿਗੁਰੂ ਜੀ ਨੂੰ ਵੀ ਉਵੇ ਹੀ ਨਾਟਕ ਚੇਟਕ ਤੋਂ ਲੋਕਾਂ ਨੂੰ ਭਰਮੀ ਬਣਾਉਣ ਲਈ ਮਾਇਆ ਵਰਤਾਉਂਦੇ ਦਰਸਾਇਆ ਹੈ, ਜਿਵੇਂ ਪੁਰਾਣਾ ਵਚਲੀਆਂ ਕਹਾਣੀਆਂ ਵਿੱਚ ਦੈਂਤਾਂ ਆਦਿ ਨੂੰ ਮਾਯਾਵੀ ਦਰਸਾਇਆ ਹੋਇਆ ਹੈ। ਗੁਰਮਤਿ ਦਾ ਘਾਤ ਕਰਨ ਲਈ ਗੁਰੂ ਇਤਿਹਾਸ ਨੂੰ ਪੁਰਾਣਾ ਦੇ ਝੂਠ-ਰੰਗ ਵਿੱਚ ਗੜੁੱਚ ਕਰਕੇ ਇਸ ਦੀ ਰੂਪ-ਰੁਖਾ ਬੇਪਛਾਣ ਕਰ ਰਹੀ ਇਸ ਪੁਸਤਕ ਨੂੰ, ਪੰਥ ਵਿੱਚ ਪਰਚਲਤ ਕਰਨ ਲਈ ਬੇਚੈਨ, ਸੰਪਾਦਕ ਮਹਾਂਪੁਰਖ ਜੀ, ਲਿਖਾਰੀ ਦੇ ਕੁਟਲ ਵਿਹਾਰ ਤੇ ਪਰਦਾ ਪਾਉਂਣ ਲਈ, ਵਕਤੀ ਤੌਰ ਤੇ ਕਈ ਥਾਈਂ ਅਰਥਾਂ ਨੂੰ ਵਿਗਾੜਦੇ ਜਾ ਰਹੇ ਹਨ। ਕਿਉਂਕਿ ਪੰਥ ਦੀ ਸਰਬਉੱਚ ਸੰਸਥਾ ਦੀ ਮੋਹਰ ਹੇਠ ਛਪ ਕੇ, ਪੰਥਕ ਪ੍ਰਵਾਨਗੀ ਪ੍ਰਾਪਤ ਕਰ ਚੁੱਕੀ ਇਸ ਪੁਸਤਕ ਦੀ ਕਿਸੇ ਵੀ ਗੱਲ ਨੂੰ ਸਹਿਜੇ ਝੂਠੀ ਸਿੱਧ ਨਹੀ ਕੀਤਾ ਜਾ ਸਕਿਆ ਕਰਨਾ।

ਉਪੋਕਤ ਚੌਪਈ ਵਿਚਲਾ ਲਿਖਾਰੀ ਦਾ ਅਸਲ ਭਾਵ ਕਿ- ‘ਸਤਿਗੁਰੂ ਜੀ ਨੇ ਵੀ ਜਦ ਸਮਝ ਲਿਆ ਕਿ, ਉਨ੍ਹਾਂ ਦੀ ਵਿਉਂਤ ਅਨੁਸਾਰ ਭਾਈ ਗੁਰਦਾਸ ਦੇ ਮਨ ਵਿੱਚ (ਮਾਇਆ-ਪਤੀ ਵਿਸ਼ਨੂੰ ਜੀ ਦੀ) ਮਾਇਆ ਵਰਤ ਚੁੱਕੀ ਹੈ, ਤਾ ਉਨ੍ਹਾਂ ਨੇ ਮਾਇਆ ਨੂੰ ਨਮਸਕਾਰ ਕੀਤੀ (ਕੀ, ਉਸ ਮਾਯਾ ਨੂੰ ਨਮਸਕਾਰ ਕੀਤੀ ਜਿਸ ਨੇ ਉਨ੍ਹਾਂ ਦੇ ਪਰਮ ਸੇਵਕ, ਵਿਦਵਾਨ, ਸੱਚੇ ਗੁਰਸਿਖ ਰਿਸ਼ਤੇ ਵਿੱਚ ਉਨ੍ਹਾਂ ਦੇ ਮਾਮਾ ਜੀ, ਦੇ ਮਨ ਵਿੱਚ ਨਿਰਮੂਲ ਕਿਸਮ ਦਾ ਬ੍ਰਾਹਮਣੀ ਭਰਮ ਪਾ ਦਿੱਤਾ ਸੀ?) ਜਿਸ ਪੰਚਮ ਸਤਿਗੁਰੂ ਨਾਨਕ ਸਾਹਿਬ ਜੀ ਦਾ ਆਪਣਾ ਫ਼ੁਰਮਾਨ ਹੈ- “ਸੋ ਸਤਿਗੁਰੁ ਧਨੁ ਧੰਨੁ ਜਿਨਿ ਭਰਮ ਗੜੁ ਤੋੜਿਆ॥” ਉਹ ਆਪ ਹੀ ਆਪਣੇ ਗੁਰਸਿੱਖ ਨੂੰ ਗੁਰਮਤਿ ਵਿਰੋਧੀ ਭਰਮ ਵਿੱਚ ਫਸਿਆ ਵੇਖ ਕੇ ਪ੍ਰਸੰਨਤਾ ਪ੍ਰਗਟਾ ਰਹੇ ਹੋਣ? ਸਤਿਗੁਰੂ ਨਾਨਕ ਸਾਹਿਬ ਜੀ ਦੇ ਘਰ, ਗੁਰੂ ਅਤੇ ਸਿੱਖ ਵਿੱਚ ਅਜੇਹੀ ਬ੍ਰਾਹਮਣੀ ਭਰਮ-ਕੰਧ ਕਦੇ ਕਿਸੇ ਹਾਲਤ ਵਿੱਚ ਵੀ ਨਹੀਂ ਸੀ ਉੱਸਰ ਸਕਦੀ।

ਸਤਿਗੁਰੂ ਜੀ ਭਾਈ ਜੀ ਨੂੰ ਹਦਾਇਤ ਕਰਦੇ ਹਨ ਕਿ, ਤੁੰ ਦੋ ਘੜੀ ਪਹਿਲਾਂ ਕਨਾਤ ਦੇ ਬਾਹਰ ਆ ਬੈਠੀਂ ਅਤੇ ਅੰਦਰ ਬੁਲਾਣ ਤੇ ਹੀ ਆਵੀਂ। ਭਾਈ ਜੀ ਅਗਲੇ ਦਿਨ ਤੜਕੇ ਹੀ ਇਸ਼ਨਾਨ ਪਾਣੀ ਕਰਕੇ ਕਨਾਤ ਦੇ ਬਾਹਰ ਆ ਬੈਠੇ। ਉਸ ਸਮੇਂ ਤੱਕ ਭਗਤ ਜਨ ਪਰਲੋਕ ਵਿਚੋਂ ਆ ਚੁੱਕੇ ਸਨ ਤੇ ਸਤਿਗੁਰੂ ਜੀ ਕਨਾਤ ਦੇ ਅੰਦਰ ਉਨ੍ਹਾਂ ਨਾਲ ਵਾਰਤਾਲਾਪ ਦਾ ਮਨ ਵਿੱਚ ਖ਼ੁਸ਼ੀ ਮਾਣ ਰਹੇ ਸਨ:- “ਭੀਤਰਿ ਸ੍ਰੀ ਗੁਰ ਚਰਚਾ ਕਰੈਂ। ਭਗਤਨ ਸਾਥਿ ਹਰਖ ਮਨਿ ਧਰੈਂ॥ 413॥

ਦੋਹਰਾ॥ ਕਨਾਤ ਬਾਹਿਰ ਬੈਠੇ ਤਹਾਂ ਭਾਈ ਮੋਨਿ ਸੁਧਾਰ। ਨਿਕਸ ਕਨਾਤ ਤਬ ਚਲੇ ਭਗਤ ਸਰੂਪ ਅਪਾਰ॥ 414॥

ਭਿੰਨ ਭਿੰਨ ਸਭਹੂੰ ਕਰਯੋ ਭਾਈ ਕੋ ਸੁ ਪ੍ਰਨਾਮ। ਨਿਜ ਨਿਜ ਨਾਮ ਸਭ ਹੀ ਕਹਤ ਜਾਵਤ ਨਿਜ ਨਿਜ ਧਾਮ॥ 415॥

ਪਦ ਅਰਥ:-ਮੋਨਿ=ਚੁੱਪ ਕਰਕੇ। ਨਿਕਸ=ਨਿਕਲ ਕੇ। ਭਗਤਿ …. . =ਬੇਅੰਤ ਪ੍ਰਭੂ ਦੇ ਸਰੂਪ ਵਾਲੇ ਭਗਤ (ਨੋਟ; -ਕੀ, ਬੇਅੰਤ ਪ੍ਰਭੂ ਦਾ ਸਰੂਪ ਵੀ ਬੇਅੰਤ ਨਹੀਂ ਸੀ? ਕੀ, ਸਿਰਜਣਾ ਤੋਂ ਅੱਡਰਾ ਪ੍ਰਭੂ ਦਾ ਸਾਖ਼ਸ਼ਾਤ ਨਿਰਗੁਣ ਸਰੂਪ, ਅੱਜ ਤੱਕ ਕਿਸੇ ਨੇ ਕਦੇ ਵੇਖਿਆ ਹੈ? ਕੀ, ਸੰਪਾਦਕ ਮਹਾਂਪੁਖ ਸਾਹਿਬਾਨ ਪਾਠਕਾਂ ਦੇ ਇਹ ਸ਼ੰਕੇ ਦੂਰ ਕਰਨ ਦੀ ਕਦੇ ਕਿਰਪਾਲਤਾ ਕਰ ਸਕਣਗੇ?) ਪ੍ਰਨਾਮ=ਨਮਸਕਾਰ ਕੀਤੀ। ਨਾਮੁ. . =ਨਾਮ ਲੈ ਕੇ ਭਾਵ ਦੱਸ ਕੇ। ਨਿਜ ਧਾਮ= ਆਪਣੇ (ਪਰਲੋਕ ਵਿਚਲੇ) ਘਰ

ਆਤਮਾ ਦਾ ਅਕਾਰ ਜਾਂ ਸਰੂਪ ਕੋਈ ਨਹੀਂ ਹੁੰਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਜੀਵਾਤਮਾ ਨੂੰ ਪਰਮਾਤਮਾ ਦਾ ਹੀ ਰੂਪ ਮੰਨਿਆ ਹੈ:- “ਪ੍ਰਾਤਮਾ ਪਾਰਬ੍ਰਹਮ ਕਾ ਰੂਪੁ॥ {868} ਅਤੇ ਜਿਵੇ ਪਰਮਾਤਮਾ- “ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ॥” ਹੈ ਓਵੇਂ ਹੀ ਜੀਵਾਤਮਾ ਦਾ ਵੀ ਕੋਈ ਰੂਪ ਰੇਖ ਨਹੀਂ ਹੁੰਦਾ। ਫਿਰ ਤੰਬੂ ਦੇ ਕਿਸ ਨੇ ਆਉਣਾ ਸੀ ਕਿਸ ਨੇ ਭਾਈ ਜੀ ਨੂੰ ਨਮਸਕਾਰਨ ਕਰਕੇ ਆਪਣੇ ਕਿਹੜੇ ਘਰ ਜਾਣਾ ਸੀ? ਲਿਖਾਰੀ ਦਾ ਭਗਤਾਂ ਦੇ ਪਰਲੋਕ ਤੋਂ ਆਉਣ ਵਾਲਾ ਸਾਰਾ ਝੂਠ ਡਰਾਮਾ ਹੀ ਹੈ।

ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ
.