.

ਲੋੜਵੰਦ ਦਾ ਬਲਦਾ ਸਿਵਾ

-ਰਘਬੀਰ ਸਿੰਘ ਮਾਨਾਂਵਾਲੀ

ਮੈਨੂੰ ਸੁਨੇਹਾ ਮਿਲਿਆ ਸੀ ਕਿ ਪਿੰਡ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਵਿੱਚ ਪਿੰਡ ਦੇ ਇੱਕ ਐਨ. ਆਰ. ਆਈ. ਵੀਰ ਨੇ ਦਾਨ ਦੇਣਾ ਹੈ। ਉਸ ਦਾ ਸਨਮਾਨ ਕਰਨ ਲਈ ਗੁਰਦੁਆਰਾ ਸਾਹਿਬ ਵਿੱਚ ਇੱਕ ਛੋਟਾ ਜਿਹਾ ਪ੍ਰੋਗਰਾਮ ਰੱਖਿਆ ਗਿਆ ਹੈ। ਤੁਸੀਂ ਵੀ ਜਰੂਰ ਪੁੱਜਣਾ। ਮੈਂ ਉਸੇ ਪਿੰਡ ਦੀ ਇੱਕ ਵਿਦਿਅਕ ਸੰਸਥਾ ਵਿੱਚ ਪਿੱਛਲੇ ਪੰਝੀ ਸਾਲ ਤੋਂ ਸੇਵਾ ਨਿਭਾਅ ਰਿਹਾ ਸੀ। ਆਪਣੇ ਦਫਤਰੀ ਕੰਮ-ਕਾਰ ਦੇ ਰੁਝੇਵਿਆਂ ਚੋਂ ਸਮਾਂ ਕੱਢ ਕੇ ਮੈਂ ਵੀ ਗੁਰਦੁਆਰਾ ਸਾਹਿਬ ਨੂੰ ਚੱਲ ਪਿਆ।
ਇਹ ਨਗਰ ਇਤਿਹਾਸਕ ਨਗਰ ਹੈ। ਗੁਰੂ ਸਾਹਿਬਾਨ ਨੇ ਆਪਣੇ ਚਰਨ ਇਸ ਨਗਰ ਵਿੱਚ ਪਾਏ ਸਨ। ਅਤੇ ਕਈ ਦਿਨ ਤੱਕ ਇਸ ਨਗਰ ਵਿੱਚ ਰਹਿ ਕੇ ਸੰਗਤ ਨੂੰ ਬਾਣੀ ਅਤੇ ਗੁਰਮਤਿ ਨਾਲ ਜੋੜਿਆ ਸੀ। ਤੇ ਉਸ ਅਸਥਾਨ `ਤੇ ਬਹੁਤ ਵੱਡਾ ਅਤੇ ਆਲੀਸ਼ਾਨ ਗੁਰਦੁਆਰਾ ਸਾਹਿਬ ਦੀ ਉਸਾਰੀ ਕੀਤੀ ਗਈ ਸੀ। ਦਿਨੋਂ ਦਿਨ ਉਸ ਅਸਥਾਨ ਦੀ ਮਾਨਤਾ ਵੱਧਦੀ ਗਈ। ਤੇ ਹੁਣ ਇਸ ਅਸਥਾਨ `ਤੇ ਸਵੇਰ ਸ਼ਾਮ ਪਿੰਡ ਅਤੇ ਬਾਹਰਲੀ ਸੰਗਤ ਦੀ ਹਾਜ਼ਰੀ ਕਾਫੀ ਜ਼ਿਆਦਾ ਹੁੰਦੀ ਹੈ। ਹਰ ਮਹੀਨੇ ਦਾ ਚੜ੍ਹਾਵਾ ਲੱਖਾਂ ਦੀ ਗਿਣਤੀ ਵਿੱਚ ਇਕੱਠਾ ਹੁੰਦਾ ਹੈ। ਸਲਾਨਾ ਦੋ ਦਿਨਾਂ ਦੀਵਾਨ ਸਜਾਉਣ ਦੀ ਵੀ ਰਿਵਾਇਤ ਇਸ ਗੁਰਦੁਆਰਾ ਸਾਹਿਬ ਦੀ ਕਮੇਟੀ ਵਲੋਂ ਪ੍ਰਚਲਿਤ ਕੀਤੀ ਗਈ ਹੈ। ਹਰ ਸਾਲ ਦੋ ਦਿਨ ਦੀਵਾਨ ਸਜਦੇ ਹਨ। ਜਿਸ ਵਿੱਚ ਪ੍ਰਸਿੱਧ ਕੀਰਤਨੀਏ, ਢਾਡੀ ਅਤੇ ਕਥਾਵਾਚਕ ਆਪਣੇ ਪ੍ਰੋਗਰਾਮ ਦਿੰਦੇ ਹਨ। ਸਿਆਸੀ ਨੇਤਾ ਵੀ ਉਸ ਦੀਵਾਨ ਵਿੱਚ ਹਾਜ਼ਰੀ ਭਰਦੇ ਹਨ। ਤੇ ਦੀਵਾਨ ਸਮੇਂ ਸੰਗਤ ਵਲੋਂ ਖੁਲ੍ਹੇ ਦਿਨ ਨਾਲ ਪੈਸੇ ਅਤੇ ਵਸਤਾਂ ਦਾਨ ਵਜੋਂ ਦਿਤੀਆਂ ਜਾਂਦੀਆਂ ਸਨ। ਦੀਵਾਨ `ਤੇ ਭਾਂਵੇਂ ਕਾਫੀ ਖਰਚਾ ਆ ਜਾਂਦਾ ਹੈ ਪਰ ਫਿਰ ਵੀ ਗੁਰਦੁਆਰਾ ਸਾਹਿਬ ਦੀ ਕਮੇਟੀ ਨੂੰ ਸਲਾਨਾ ਦੀਵਾਨ ਤੋਂ ਲੱਖਾਂ ਰੁਪਏ ਪ੍ਰਾਪਤ ਹੁੰਦੇ ਹਨ। ਇਹ ਇਤਿਹਾਸਕ ਪਿੰਡ ਕਾਫੀ ਵੱਡਾ ਹੈ। ਇਸ ਨਗਰ ਦੇ ਬਹੁਤੇ ਲੋਕ ਵਿਦੇਸ਼ਾਂ ਵਿੱਚ ਵੱਸੇ ਹੋਏ ਸਨ। ਤੇ ਜਦੋਂ ਉਹ ਪਿੰਡ ਆਉਂਦੇ ਹਨ ਤਾਂ ਅਕਸਰ ਕੁੱਝ ਨਾ ਕੁੱਝ ਗੁਰਦੁਆਰਾ ਸਾਹਿਬ ਨੂੰ ਦਾਨ ਕਰਦੇ ਹੀ ਹਨ।
ਅੱਜ ਵੀ ਇਸ ਤਰ੍ਹਾਂ ਹੀ ਇੱਕ ਵਿਦੇਸ਼ ਰਹਿੰਦੇ ਪਿੰਡ ਵਾਸੀ ਦਾਨੀ ਸੱਜਣ ਗੁਰੂ ਘਰ ਵਿੱਚ ਚੋਖਾ ਦਾਨ ਦੇ ਰਹੇ ਸਨ। ਦਾਨ ਦੇਣ ਸਮੇਂ ਇਸ ਤਰ੍ਹਾਂ ਦੇ ਛੋਟੇ-ਛੋਟੇ ਪ੍ਰੋਗਰਾਮ ਅਕਸਰ ਹੁੰਦੇ ਹੀ ਰਹਿੰਦੇ ਸਨ। ਮੈਂ ਗੁਰਦੁਆਰਾ ਸਾਹਿਬ ਪੁੱਜ ਕੇ ਬਾਹਰਲੀ ਦੀਵਾਰ ਨਾਲ ਆਪਣੇ ਜੋੜੇ ਖੋਹਲ ਕੇ ਚੁਬੱਚੇ ਵਿੱਚ ਪੈਰ ਧੋ ਕੇ ਹਾਲ ਵਿੱਚ ਪੁੱਜ ਗਿਆ। ਪਿੰਡ ਦੇ ਕਾਫੀ ਮੋਹਤਬਰ ਲੋਕ ਹਾਲ ਵਿੱਚ ਬੈਠੇ ਸਨ। ਗੁਰੂ ਸਾਹਿਬ ਅੱਗੇ ਸੀਸ ਝੁਕਾਅ ਕੇ ਮੈਂ ਵੀ ਇੱਕ ਧੱਮਲੇ ਨਾਲ ਢੋਅ ਲਾ ਕੇ ਬੈਠ ਗਿਆ। ਸਾਰੇ ਸੱਜਣ ਬੜੀ ਧੀਮੀ ਅਵਾਜ਼ ਵਿੱਚ ਇੱਕ ਦੂਸਰੇ ਨਾਲ ਗਲਬਾਤ ਕਰ ਰਹੇ ਸਨ। ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਪ੍ਰਧਾਨ ਦੇ ਆਉਣ ਨਾਲ ਸਾਰੇ ਉਠ ਖੜ੍ਹੇ ਹੋਏ ਉਹਨਾਂ ਗੁਰਦੁਆਰੇ ਦੇ ਗ੍ਰੰਥੀ ਸਿੰਘ ਨੂੰ ਅਰਦਾਸ ਕਰਨ ਲਈ ਕਿਹਾ। ਮੁਖ ਵਾਕ ਲੈ ਕੇ ਗ੍ਰੰਥੀ ਸਿੰਘ ਨੇ ਅਰਦਾਸ ਕੀਤੀ। ਅਰਦਾਸ ਤੋਂ ਮੈਨੂੰ ਪਤਾ ਚਲਿਆ ਕਿ ਐਨ. ਆਰ. ਆਈ. ਵੀਰ ਨੇ ਪਿੰਡ ਵਿਚਲਾ ਆਪਣਾ ਪੁਰਾਣਾ ਪੰਜ ਮਰਲੇ ਦਾ ਘਰ, ਜਿਸ ਵਿੱਚ ਤਿੰਨ ਕਮਰੇ ਬਣੇ ਹੋਏ ਸਨ, ਗੁਰਦੁਆਰਾ ਸਾਹਿਬ ਨੂੰ ਦਾਨ ਕੀਤਾ ਹੈ। ਅਰਦਾਸ ਕਰਨ ਉਪਰੰਤ ਮੁੜ ਭਾਈ ਜੀ ਨੇ ਵਾਕ ਲਿਆ ਅਤੇ ਫਿਰ ਸੈਕਟਰੀ ਨੇ ਮਾਈਕ ਫੜ੍ਹ ਕੇ ਐਨ. ਆਰ. ਆਈ. ਸੱਜਣ ਦੀਆਂ ਸਿਫਤਾਂ ਦੇ ਪੁਲ ਬੰਨਣੇ ਸ਼ੁਰੂ ਕਰ ਦਿਤੇ। ਜੋ ਅਕਸਰ ਹੁੰਦਾ ਹੀ ਹੈ। ਪਿੱਛਲੀ ਅਤੇ ਅੱਜ ਦੀ ਦਾਨ ਵਜੋਂ ਦਿਤੀ ਵਸਤੂ ਕਰਕੇ ਉਸ ਨੂੰ ਬਹੁਤ ਵੱਡੇ ਦਾਨੀ ਸੱਜਣ ਹੋਣ ਦਾ ਖਿਤਾਬ ਵੀ ਬਖਸ਼ ਦਿਤਾ। ਤੇ ਭਵਿੱਖ ਵਿੱਚ ਗੁਰੁਦਆਰਾ ਸਾਹਿਬ ਲਈ ਹੋਰ ਦਾਨ ਦੇਣ ਦੀ ਬੇਨਤੀ ਕੀਤੀ। ਫਿਰ ਉਸ ਐਨ. ਆਰ. ਆਈ. ਸੱਜਣ ਅਤੇ ਉਸ ਦੇ ਪਰਿਵਾਰ ਨੂੰ ਸਿਰੋਪਾੳ ਭੇਟ ਕੀਤੇ ਗਏ ਅਤੇ ਜੈਕਾਰੇ ਛੱਡੇ ਗਏ। ਉਪਰੰਤ ਦੇਗ਼ ਵਰਤਾਈ ਗਈ ਤੇ ਚਾਹ ਦੇ ਲੰਗਰ ਛੱਕਣ ਦੀ ਬੇਨਤੀ ਭਾਈ ਜੀ ਨੇ ਕੀਤੀ। ਮੈਂ ਪ੍ਰਸ਼ਾਦ ਲੈ ਕੇ ਅਤੇ ਗੁਰੂ ਸਾਹਿਬ ਨੂੰ ਸੀਸ ਨਿਭਾਅ ਕੇ ਲੰਗਰ ਹਾਲ ਵਿੱਚ ਆ ਗਿਆ। ਚਾਹ ਦਾ ਕੱਪ ਪੀਣ ਉਪਰੰਤ ਮੈਂ ਜਾਣੂ ਸੱਜਣਾਂ ਨੂੰ ਫਤਿਹ ਬੁਲਾਈ ਤੇ ਆਪਣਾ ਜੋੜਾ ਪਾਉਣ ਲੱਗਾ। ਕੰਧ ਦੇ ਹੋਰ ਪਰ੍ਹੇ ਮੈਨੂੰ ਆਪਣੀ ਸੰਸਥਾ ਦਾ ਪੁਰਾਣਾ ਸੇਵਾਦਾਰ ਸ: ਮਹਿੰਦਰ ਸਿੰਘ ਖੜ੍ਹਾ ਨਜ਼ਰ ਆਇਆ। ਜਿਸ ਨੇ ਗੋਡਿਆਂ ਦੀ ਤਕਲੀਫ ਵੱਧ ਜਾਣ ਕਰਕੇ ਕਈ ਸਾਲ ਪਹਿਲਾਂ ਆਪਣੀ ਨੌਕਰੀ ਤੋਂ ਅਸਤੀਫਾ ਦੇ ਦਿਤਾ ਸੀ। ਲੰਗਰ ਤੋਂ ਦੂਰ ਕੰਧ ਨਾਲ ਢੋਅ ਲਾਈ ਖੜ੍ਹਾ ਉਹ ਮੈਨੂੰ ਕਾਫੀ ਉਦਾਸ ਲੱਗ ਰਿਹਾ ਸੀ। ਮੈਂ ਜੋੜੇ ਪਾ ਕੇ ਉਸ ਵੱਲ ਵਧਿਆ।
`ਕਿਵੇਂ ਐ ਬਈ ਮਹਿੰਦਰ ਸਿੰਘ ਜੀ ਐਥੇ ਕਿਵੇਂ ਖੜੇ ਹੋ…? ਚਾਹ ਛੱਕ ਲਈ…? ` ਮੈਂ ਉਸ ਦੇ ਕੋਲ ਜਾ ਕੇ ਉਸ ਨੂੰ ਹੱਥ ਮਿਲਾਉਂਦੇ ਨੇ ਸਰਸਰੀ ਕਿਹਾ।
`ਸਰਦਾਰ ਜੀ ਆਪਣਾ ਬਲਦਾ ਹੋਇਆ ਸਿਵਾ ਵੇਖ ਰਿਹਾ ਹਾਂ…। ` ਇੱਕ ਦਰਦ ਨਾਲ ਉਸ ਨੇ ਕਿਹਾ। ਮੈਂ ਇਕਦਮ ਠਠੰਬਰ ਗਿਆ। ਮਤੇ ਕੋਈ ਉਸ ਨੂੰ ਦੁੱਖ ਤਕਲੀਫ ਹੋਵੇ। ਉਸ ਦੀਆਂ ਅੱਖਾਂ ਵਿੱਚ ਹੰਝੂ ਛਲਕ ਰਹੇ ਪ੍ਰਤੀਤ ਹੋ ਰਹੇ ਸਨ।
`ਕੀ ਗੱਲ ਸੁੱਖ ਤਾਂ ਹੈ…? ਪਰਿਵਾਰ ਠੀਕ ਠਾਕ ਹੈ…? ਤੇਰੀ ਸਿਹਤ ਠੀਕ ਹੈ…? ` ਮੈਂ ਉਸ ਦੇ ਸਿਵੇ ਵਾਲੀ ਕੀਤੀ ਗੱਲ ਨੂੰ ਸਮਝ ਨਾ ਸਕਿਆ ਅਤੇ ਉਸ ਨੂੰ ਜੱਫੀ ਜਿਹੀ ਵਿੱਚ ਲੈ ਕੇ ਪੁਛਿਆ।
`ਸਰਦਾਰ ਜੀ … ਇਸ ਐਨ. ਆਰ. ਆਈ. ਨੇ ਜੋ ਘਰ ਅੱਜ ਗੁਰਦੁਆਰਾ ਸਾਹਿਬ ਨੂੰ ਦਾਨ ਕੀਤਾ ਹੈ, ਮੈਂ ਕਈ ਸਾਲਾਂ ਤੋਂ ਉਸ ਘਰ ਵਿੱਚ ਰਹਿ ਰਿਹਾ ਸੀ। ਆਪਣਾ ਘਰ ਬਨਾਉਣ ਲਈ ਮੇਰੇ ਵਿੱਚ ਹਿੰਮਤ ਕਿਥੇ ਸੀ? ਜਦੋਂ ਵੀ ਇਹ ਵਲੈਤੀਏ ਬਾਹਰੋਂ ਆਉਂਦੇ ਸੀ ਤੇ ਮੈਂ ਅਤੇ ਮੇਰੀ ਘਰ ਵਾਲੀ ਇਹਨਾਂ ਦੀਆਂ ਸੌ-ਸੌ ਬੁਤੀਆਂ ਕਰਦੇ ਸਾਂ… ਇਹਨਾਂ ਦੀ ਆਓ-ਭੁਗਤ ਵਿੱਚ ਕੋਈ ਕਮੀ ਨਹੀਂ ਸੀ ਰਹਿਣ ਦਿੰਦੇ। ਇਹਨਾਂ ਦੀ ਬਾਹਰਲੀ ਕੋਠੀ ਦੀ ਸਫਾਈ ਹਰ ਹਫ਼ਤੇ ਕਰਦੇ ਸਾਂ ਤੇ ਉਸ ਸੁਨੀ ਕੋਠੀ ਦੀ ਰਾਖੀ ਵੀ ਮੈਂ ਕਰਦਾ ਸੀ। ਪਰਸੋਂ ਇਹਨਾਂ ਨੇ ਅਚਾਨਕ ਆਖ ਦਿਤਾ ਕਿ ਘਰ ਖਾਲੀ ਕਰ ਦਿਓ। ਇਹ ਅਸੀਂ ਗੁਰਦੁਆਰਾ ਸਾਹਿਬ ਨੂੰ ਦਾਨ ਕਰ ਦਿਤਾ ਹੈ। ` ਮਹਿੰਦਰ ਸਿੰਘ ਦਾ ਗੱਚ ਭਰ ਆਇਆ। ਉਸ ਤੋਂ ਬੋਲਿਆ ਨਹੀਂ ਸੀ ਜਾ ਰਿਹਾ। `ਮੈਂ ਤੇ ਮੇਰੀ ਘਰ ਵਾਲੀ ਨੇ ਹੱਥ ਜੋੜ ਕੇ ਇਹਨਾਂ ਦੇ ਪੈਰ ਫੜ੍ਹ ਲਏ … ਅਸੀਂ ਮਿੰਨਤ ਕੀਤੀ ਕਿ ਅਸੀਂ ਬਹੁਤ ਗਰੀਬ ਹਾਂ…ਅਸੀਂ ਹੁਣ ਇਕਦਮ ਕਿਥੇ ਜਾਵਾਂਗੇ…? ਘਰ ਵਾਲੀ ਤਾਂ ਪਹਿਲਾਂ ਹੀ ਠੀਕ ਨਹੀਂ ਰਹਿੰਦੀ… ਗੱਠੀਏ ਦੀ ਸ਼ਕੈਤ ਐ…। ਅਸੀਂ ਵਾਰ-ਵਾਰ ਤਰਲੇ ਕੀਤੇ ਕਿ ਜੇ ਤੁਸੀਂ ਸਾਨੂੰ ਇਹ ਘਰ ਦਾਨ ਵਿੱਚ ਨਹੀਂ ਦੇ ਸਕਦੇ ਤਾਂ ਸਾਨੂੰ ਮੁੱਲ ਹੀ ਵੇਚ ਦਿਓ। ਮੈਂ ਘਰ ਵਾਲੀ ਦੀਆਂ ਪੌਣੇ ਤੋਲੇ ਦੀਆਂ ਵਾਲੀਆਂ ਵੇਚ ਕੇ ਅੱਜੇ ਤੁਹਾਨੂੰ ਬਿਆਨਾ ਦੇ ਦਿੰਦਾ ਆਂ। ਬਾਕੀ ਪੈਸੇ ਹੌਲੀ-ਹੌਲੀ ਕਰਕੇ ਦੇ ਦਿਆਂਗੇ…। ਰਜਿਸਟਰੀ ਭਾਂਵੇ ਸਾਰੇ ਪੈਸੇ ਦੇਣ ਤੋਂ ਬਾਅਦ ਹੀ ਕਰਾ ਦਿਓ। ਸਰਦਾਰ ਜੀ ਇਸ ਐਨ. ਆਰ. ਆਈ. ਕੋਲ ਅੰਨ੍ਹਾ ਪੈਸਾ ਐ… ਪਰ ਇਹਨਾਂ ਨੇ ਸਾਡੀ ਬੇਨਤੀ ਨਹੀਂ ਮੰਨੀ। ਕਹਿੰਦੇ `ਅਸੀਂ ਹੁਣ ਮੂੰਹ ਵਿੱਚੋਂ ਕੱਢ ਚੁੱਕੇ ਹਾਂ। ਤੂੰ ਘਰ ਖਾਲੀ ਕਰਦੇ…। ` ਸਰਦਾਰ ਜੀ ਇਹ ਗੱਲ ਸੁਣ ਕੇ ਘਰ ਵਾਲੀ ਤਾਂ ਮੰਜੇ `ਤੇ ਡਿੱਗ ਪਈ ਤੇ ਮੈਂ ਮਿੰਨਤਾਂ ਕਰਕੇ ਇਸ ਘਰ ਵਿੱਚ ਛੇ ਕੁ ਮਹੀਨੇ ਹੋਰ ਰਹਿਣ ਦੀ ਮੁਹਲਤ ਮੰਗੀ ਐ…। ਤੁਸੀਂ ਦੱਸੋ ਕਿ ਇਸ ਗੁਰਦੁਆਰ ਸਾਹਿਬ ਵਿੱਚ ਪਹਿਲਾਂ ਕਿਸੇ ਚੀਜ਼ ਦੀ ਕੋਈ ਘਾਟ ਐ…? ਦਾਨ ਲੋੜਵੰਦ ਨੂੰ ਦਿਤਾ ਲਗਦਾ…। ਪਰ ਸਰਦਾਰ ਜੀ ਇਥੇ ਕਿਸੇ ਦਾ ਕੋਈ ਦਰਦੀ ਨਹੀਂ ਹੈ …. ਸਭ ਮਤਬਲ ਦੀ ਦੁਨੀਆ ਆਂ …। ਗੁਰੂ ਸਾਹਿਬ ਨੇ ਵੀ ਮੇਰੀ ਹੁਣ ਤੱਕ ਕੋਈ ਸਾਰ ਨਹੀਂ ਲਈ…। ` ਮਹਿੰਦਰ ਸਿੰਘ ਨੇ ਦੁੱਖੀ ਹਿਰਦੇ ਨਾਲ ਗੁਰੂ ਸਾਹਿਬ `ਤੇ ਨਹੋਰਾ ਮਾਰਿਆ। `ਸਰਦਾਰ ਜੀ ਤੁਹਾਨੂੰ ਯਾਦ ਹੋਣਾ ਜਦੋਂ ਹਰ ਸਾਲ ਸਲਾਨਾ ਦੀਵਾਨ ਸੱਜਿਆ ਕਰਦੇ ਹਨ ਤਾਂ ਮੈਂ ਦਫ਼ਤਰ ਤੋਂ ਛੁੱਟੀ ਲੈ ਕੇ ਦੀਵਾਨ ਦੇ ਸਾਰੇ ਦਿਨ ਪੂਰੀ ਸ਼ਰਧਾ ਨਾਲ ਤਨੋ-ਮਨੋ ਸੇਵਾ ਕਰਦਾ ਸੀ। ਗੁਰੂ ਸਾਹਿਬ ਵੀ ਗਰੀਬਾਂ ਵੱਲ ਨਹੀਂ ਵੇਖਦੇ … ਕਹਿੰਦੇ ਆ. . `ਗੁਰੂ ਦੀ ਗੋਲਕ…ਗਰੀਬ ਦਾ ਮੂੰਹ…। ` ਇਹ ਸਭ ਝੂਠ ਐ…ਕਹਿਣ ਦੀਆਂ ਗੱਲਾਂ ਏ ਸਰਦਾਰ ਜੀ… ਅਸਲੀਅਤ ਵਿੱਚ ਤਾਂ ਕੁੱਝ ਹੋਰ ਈ ਆ… ਕਮੇਟੀ ਵਾਲੇ ਗੁਰੂ ਦੀ ਗੋਲਕ `ਤੇ ਐਸ਼ ਉਡੌਂਦੇ ਆ…। ਐਵੇਂ ਤਾਂ ਨਹੀਂ ਵੋਟਾਂ ਵੇਲੇ ਪ੍ਰਧਾਨ ਬਨਣ ਲਈ ਲੜਾਈਆਂ ਕਰਕੇ ਇੱਕ ਦੂਜੇ ਦੇ ਸਿਰ ਪਾੜਦੇ…। ਗਰੀਬ ਨੂੰ ਤਾਂ ਲਾਗੇ ਨੀ ਕੋਈ ਲੱਗਣ ਦਿੰਦਾ…। ਕੋਈ ਨੀ ਮੇਰਾ… ਸੱਭ ਬੇਗਾਨੇ ਆਂ…। ` ਮਹਿੰਦਰ ਸਿੰਘ ਰੋਣ-ਰੋਣ ਕਰ ਰਿਹਾ ਸੀ। ਉਸ ਦੀਆਂ ਗੱਲਾਂ ਸੁਣ ਕੇ ਮੈਂ ਧਰਤੀ ਵਿੱਚ ਗੱਡਿਆ ਗਿਆ ਮਹਿਸੂਸ ਕਰ ਰਿਹਾ ਸੀ। ਉਸ ਦੀ ਡੁਲ੍ਹ-ਡੁਲ੍ਹ ਪੈਂਦੀ ਉਦਾਸੀ ਵੇਖਣੀ ਮੇਰੇ ਲਈ ਮੁਸ਼ਕਲ ਹੋ ਰਹੀ ਸੀ।
`ਮਹਿੰਦਰ ਸਿੰਘ ਜੀ ਦਿਖਾਵਾ ਕਰਦੇ ਆ ਲੋਕ… ਗੁਰਦੁਆਰੇ ਕੋਈ ਚੀਜ਼ ਦਾਨ ਕਰਕੇ ਆਪਣੇ ਨਾਮ ਦਾ ਪੱਥਰ ਲਗਾ ਕੇ ਹੰਕਾਰ ਵਿੱਚ ਫੁਲੇ ਨਹੀਂ ਸਮਾਉਂਦੇ ਤੇ ਆਪਣੇ ਸਭ ਰਿਸ਼ਤੇਦਾਰਾਂ ਨੂੰ ਵਾਰ-ਵਾਰ ਉਹ ਪੱਥਰ ਦਿਖਾਅ ਕੇ ਵੱਡੇ ਦਾਨੀ ਹੋਣ ਦਾ ਭਰਮ ਪਾਲਦੇ ਹਨ। ਮੇਰੀ ਜਾਚੇ ਐਨ. ਆਰ. ਆਈ. ਲਈ ਇਸ ਘਰ ਦੀ ਕੀੰਮਤ ਤਾਂ ਮਾਮੂਲੀ ਸੀ। ਮੈਂ ਤਾਂ ਕਹਿੰਨਾ ਪਈ ਉਹਨਾਂ ਨੂੰ ਇਹ ਘਰ ਤੈਨੂੰ ਦਾਨ ਵਿੱਚ ਹੀ ਦੇ ਦੇਣਾ ਚਾਹੀਦਾ ਸੀ…ਜਾਂ ਤੈਥੋਂ-ਥੋੜ੍ਹੇ ਬਹੁਤ ਪੈਸੇ ਲੈ ਕੇ ਵੇਚ ਦਿੰਦੇ ਤੇ ਓਹੀ ਪੈਸੇ ਗੁਰਦੁਆਰੇ ਦਾਨ ਵਿੱਚ ਪਾ ਦਿੰਦੇ…। ਲੋੜਵੰਦ ਦੀ ਮਦਦ ਕਰਕੇ ਹੀ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ` ਮੇਰਾ ਮਨ ਮਹਿੰਦਰ ਸਿੰਘ ਦੀਆਂ ਗੱਲਾਂ ਸੁਣਕੇ ਬਹੁਤ ਦੁੱਖੀ ਹੋਇਆ। ਮੈਨੂੰ ਇਸ ਤਰ੍ਹਾਂ ਮਹਿਸੂਸ ਹੋ ਰਿਹਾ ਸੀ ਕਿ ਜੋ ਮੈਂ ਘੜੀ ਕੁ ਪਹਿਲਾਂ ਚਾਹ ਪੀਤੀ ਸੀ ਉਹ ਮੇਰੇ ਢਿੱਡ ਵਿੱਚ ਜ਼ਹਿਰ ਘੋਲ ਰਹੀ ਹੈ। ਮੈਂ ਭਰੇ ਮਨ ਨਾਲ ਗੁਰਦੁਆਰਾ ਸਾਹਿਬ ਵਿਚੋਂ ਬਾਹਰ ਆਉਂਦਾ ਸੋਚ ਰਿਹਾ ਸਾਂ ਕਿ ਅੱਜ ਦਾ ਸਿੱਖ ਲੋੜਵੰਦ ਦੀ ਮਦਦ ਕਿਉਂ ਨਹੀਂ ਕਰਦਾ…? ਨਿਆਸਰਿਆਂ ਨੂੰ ਆਸਰਾ ਅਤੇ ਨਿਤਾਣਿਆਂ ਨੂੰ ਮਾਣ ਦੇਣ ਤੋਂ ਕੰਨੀ ਕਿਉਂ ਕਤਰਾਉਂਦਾ ਹੈ? ਜੋ ਗੁਰੂ ਸਾਹਿਬ ਦਾ ਦਰਸਾਇਆ ਮਾਰਗ ਸੀ।
ਪਿੰਡ ਮਾਨਾਂਵਾਲੀ ਡਾਕ: ਚਾਚੋਕੀ (ਫਗਵਾੜਾ)
ਮੋਬਾਇਲ: 88728-54500
.