.

ਸਮਰਪਣ (ਕਿਸ਼ਤ ਪਹਿਲੀ)

ਵੀਰ ਭੁਪਿੰਦਰ ਸਿੰਘ

ਗੁਰਬਾਣੀ ਦੇ ਆਧਾਰ ’ਤੇ ਕੀਤੀ ਵਿਚਾਰ ਰਾਹੀਂ ਅਸੀਂ ਸਮਝਦੇ ਆ ਰਹੇ ਹਾਂ ਕਿ ਸਤਿਗੁਰ, (divine wisdom) ਅਨੁਸਾਰ ਮਨੁੱਖ ਨੂੰ ਨਵਾਂ ਜਨਮ (ਆਤਮਕ ਜੀਵਨ) ਪ੍ਰਾਪਤ ਹੁੰਦਾ ਹੈ। ਗੁਰਬਾਣੀ ਨੂੰ ਸਹਿਜ ਨਾਲ ਸਮਝ ਵਿਚਾਰ ਕੇ ਪੜੀਏ ਤਾਂ ਪਤਾ ਲਗਦਾ ਹੈ ਕਿ ਗੁਰੂ ਗ੍ਰੰਥ ਸਾਹਿਬ ’ਚ ਸਰੀਰਕ ਮਰਨ ਮਗਰੋਂ ਅਤੇ ਸਰੀਰਕ ਜਨਮ ਤੋਂ ਪਹਿਲਾਂ, ਰੱਬ ਜੀ ਦੀਆਂ ਕਰਨੀਆਂ ਬਾਰੇ ਕੁਝ ਵੀ ਬਿਆਨ ਨਹੀਂ ਕੀਤਾ ਗਿਆ ਬਲਕਿ ਪ੍ਰਚਲਤ ਖਿਆਲਾਂ, ਬੋਲੀਆਂ (ਅਨੇਕਾਂ ਧਰਮਾਂ ਦੀਆਂ ਵਿਚਾਰਧਾਰਾਵਾਂ) ਦੇ ਲਫ਼ਜ਼ਾਂ ਨੂੰ ਵਰਤ ਕੇ ਕੇਵਲ ਮਨੁੱਖ ਨੂੰ ਵਰਤਮਾਨ ਜੀਵਨੀ ਦੇ ਕਰਮਾਂ ਬਾਰੇ, ਸੁਚੇਤ ਕਰਵਾਇਆ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੜਨ ਵੇਲੇ ‘ਵਰਤਮਾਨ’ ਜੀਵਨ ਨੂੰ ਸੋਧਣ (fix up) ਦੇ ਬਦਲੇ, ਹੂਬਹੂ ਲਫ਼ਜ਼ਾਂ ਦੇ ਅਰਥ ਜੇ ਕਰ ਪੁਰਾਤਨ ਪ੍ਰਚਲਤ ਵਿਚਾਰਾਂ ਅਨੁਸਾਰ ਕਰਦੇ ਹਾਂ ਤਾਂ ਅਸੀਂ ਇਹ ਭੁਲ ਜਾਂਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਰੱਬੀ ਰਜ਼ਾ ਅੱਗੇ ਸਮਰਪਣ ਕਰਨਾ ਸਿਖਾਉਂਦੀ ਹੈ ਅਤੇ ਇਹੋ ਦ੍ਰਿੜ੍ਹ ਕਰਵਾਉਂਦੀ ਹੈ ਕਿ ‘ਰੱਬ ਦੀਆਂ ਕਰਨੀਆਂ ਬਾਰੇ ਕੋਈ ਤਿਲ ਮਾਤਰ ਵੀ ਬਿਆਨ ਨਹੀਂ ਕਰ ਸਕਦਾ।’

1. ਹਉ ਕਿਆ ਸਾਲਾਹੀ ਕਿਰਮ ਜੰਤੁ ਵਡੀ ਤੇਰੀ ਵਡਿਆਈ।। (ਗੁਰੂ ਗ੍ਰੰਥ ਸਾਹਿਬ, ਪੰਨਾ : 792)

2. ਕਹਣਾ ਹੈ ਕਿਛੁ ਕਹਣੁ ਨ ਜਾਇ।। ਤਉ ਕੁਦਰਤਿ ਕੀਮਤਿ ਨਹੀ ਪਾਇ।। (ਗੁਰੂ ਗ੍ਰੰਥ ਸਾਹਿਬ, ਪੰਨਾ : 151)

3. ਏਵਡੁ ਊਚਾ ਹੋਵੈ ਕੋਇ।। ਤਿਸੁ ਊਚੇ ਕਉ ਜਾਣੈ ਸੋਇ।। (ਗੁਰੂ ਗ੍ਰੰਥ ਸਾਹਿਬ, ਪੰਨਾ : 5)

4. ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ।। (ਗੁਰੂ ਗ੍ਰੰਥ ਸਾਹਿਬ, ਪੰਨਾ : 4)

5. ਵਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ।। ਕੋਇ ਨ ਜਾਣੈ ਤੇਰਾ ਕੇਤਾ ਕੇਵਡੁ ਚੀਰਾ।। (ਗੁਰੂ ਗ੍ਰੰਥ ਸਾਹਿਬ, ਪੰਨਾ : 9)

6. ਕਿਥਹੁ ਉਪਜੈ ਕਹ ਰਹੈ ਕਹ ਮਾਹਿ ਸਮਾਵੈ।। (ਗੁਰੂ ਗ੍ਰੰਥ ਸਾਹਿਬ, ਪੰਨਾ : 1193)

7. ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ।। (ਗੁਰੂ ਗ੍ਰੰਥ ਸਾਹਿਬ, ਪੰਨਾ : 648)

ਉਪਰੋਕਤ ਲਿਖੇ ਪ੍ਰਮਾਣਾਂ ਅਨੁਸਾਰ ਰੱਬ ਜੀ ਬਾਰੇ ਤਿਲ ਮਾਤਰ ਵੀ ਬਿਆਨ ਕਰਨਾ ਭੁੱਲ ਹੈ। ਜੇ ਉਸ ਅਪਾਰ ਪ੍ਰਮਾਤਮਾ ਬਾਰੇ ਮਨੁੱਖ ਇਹ ਬਿਆਨ ਕਰੇ ਕਿ ਰੱਬ ਕਿਵੇਂ ਆਪਣੇ ਕੰਮ ਕਰਦਾ ਹੈ ਤਾਂ ‘‘ਜਲ ਕੀ ਮਾਛੁਲੀ ਚਰੈ ਖਜੂਰਿ’’ (ਗੁਰੂ ਗ੍ਰੰਥ ਸਾਹਿਬ, ਪੰਨਾ : 718) ਵਾਂਗੂੰ ਮਨੁੱਖ ਦੀ ਗਲਤ ਬਿਆਨੀ ਹੀ ਹੋਏਗੀ।

ਗੁਰੂ ਗ੍ਰੰਥ ਸਾਹਿਬ ਜੀ ’ਚ ਐਸੇ ਬੇਅੰਤ ਸ਼ਬਦ ਹਨ ਜਿਨ੍ਹਾਂ ਰਾਹੀਂ ਰੱਬ ਦੀ ਬੇਅੰਤਤਾ ਅੱਗੇ ਸਿਰ ਝੁਕਾ ਕੇ ਆਪਣੇ ਜੀਵਨ ਨੂੰ, ਮਨੁੱਖਤਾ ਭਰਪੂਰ ਬਣਾਉਣ ਦਾ ‘ਸਤਿਗੁਰ’ ਦ੍ਰਿੜ ਕਰਵਾਇਆ ਗਿਆ ਹੈ।

ਅਸੀਂ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਪ੍ਰਮਾਣਾਂ ਰਾਹੀਂ ਸਮਝ ਚੁਕੇ ਹਾਂ ਕਿ ‘ਸਰੀਰਕ ਜੀਵਨ ਜਿਊਂਦਿਆ’ ਮਨੁੱਖ ਜੇ ਕਰ ਸੱਚ ਤੋਂ ਮੁਨਕਰ (ਸਤਿਗੁਰ ਤੋਂ ਵਿਹੂਣਾ) ਹੈ ਤਾਂ ਉਹ ਪਸ਼ੂ, ਪ੍ਰੇਤ, ਭੂਤ, ਬੇਤਾਲ, ਮਿਰਤਕ, ਪੰਖੀ ਦੀ ਨਿਆਈਂ ਹੀ ਹੈ। ਇਸਦਾ ਮਤਲਬ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਸਰੀਰ ਪ੍ਰਾਪਤੀ ਨੂੰ ਮਨੁੱਖ ਨਹੀਂ ਬਲਕਿ ਸਰੀਰ ਪ੍ਰਾਪਤੀ ਮਗਰੋਂ ਸਤਿਗੁਰ ਅਨੁਸਾਰ ਜੀਵਨ ਜਿਊਣ ਨੂੰ ‘ਮਨੁੱਖ’ ਕਹਿੰਦੇ ਹਨ।

ਆਓ, ਹੁਣ ਰਾਗ ਗਉੜੀ ਚੇਤੀ ਮਹਲਾ ੧ ਦੇ ਸਿਰਲੇਖ ਹੇਠਾਂ ਇਕ ਸ਼ਬਦ ਰਾਹੀਂ ਵਿਚਾਰੀਏ ਕਿ ਕਿਵੇਂ ਗੁਰੂ ਗ੍ਰੰਥ ਸਾਹਿਬ ਜੀ ਵਿਚ ਰੱਬ ਦੀ ਬੇਅੰਤਤਾ ਬਾਰੇ ਲਫ਼ਜ਼ ਵਰਤੇ ਹਨ ਅਤੇ ਮਨੁੱਖ ਦਾ ਧਿਆਨ ਉਸ ਦੀਆਂ ਕਰਤੂਤਾਂ ਵਲ ਦਿਵਾਇਆ ਹੈ।

ਗਉੜੀ ਚੇਤੀ ਮਹਲਾ ੧

ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ।। ਅਗਨਿ ਬਿੰਬ ਜਲ ਭੀਤਰਿ ਨਿਪਜੇ ਕਾਹੇ ਕੰਮਿ ਉਪਾਏ।।੧।। ਮੇਰੇ ਸਾਹਿਬਾ ਕਉਣੁ ਜਾਣੈ ਗੁਣ ਤੇਰੇ।। ਕਹੇ ਨ ਜਾਨੀ ਅਉਗਣ ਮੇਰੇ।।੧।।ਰਹਾਉ।। ਕੇਤੇ ਰੁਖ ਬਿਰਖ ਹਮ ਚੀਨੇ ਕੇਤੇ ਪਸੂ ਉਪਾਏ।। ਕੇਤੇ ਨਾਗ ਕੁਲੀ ਮਹਿ ਆਏ ਕੇਤੇ ਪੰਖ ਉਡਾਏ।।੨।। ਹਟ ਪਟਣ ਬਿਜ ਮੰਦਰ ਭੰਨੈ ਕਰਿ ਚੋਰੀ ਘਰਿ ਆਵੈ।। ਅਗਹੁ ਦੇਖੈ ਪਿਛਹੁ ਦੇਖੈ ਤੁਝ ਤੇ ਕਹਾ ਛਪਾਵੈ।।੩।। ਤਟ ਤੀਰਥ ਹਮ ਨਵ ਖੰਡ ਦੇਖੇ ਹਟ ਪਟਣ ਬਾਜਾਰਾ।। ਲੈ ਕੈ ਤਕੜੀ ਤੋਲਣਿ ਲਾਗਾ ਘਟ ਹੀ ਮਹਿ ਵਣਜਾਰਾ।।੪।। ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ ਤੇਤੇ ਅਉਗਣ ਹਮਾਰੇ।। ਦਇਆ ਕਰਹੁ ਕਿਛੁ ਮਿਹਰ ਉਪਾਵਹੁ ਡੁਬਦੇ ਪਥਰ ਤਾਰੇ।।।। ਜੀਅੜਾ ਅਗਨਿ ਬਰਾਬਰਿ ਤਪੈ ਭੀਤਰਿ ਵਗੈ ਕਾਤੀ।। ਪ੍ਰਣਵਤਿ ਨਾਨਕੁ ਹੁਕਮੁ ਪਛਾਣੈ ਸੁਖੁ ਹੋਵੈ ਦਿਨੁ ਰਾਤੀ।।੬।।।।੧੭।।

(ਗੁਰੂ ਗ੍ਰੰਥ ਸਾਹਿਬ, ਪੰਨਾ : 156)

ਪਦਾ ਰਹਾਉ : ਮੇਰੇ ਸਾਹਿਬਾ ਕਉਣੁ ਜਾਣੈ ਗੁਣ ਤੇਰੇ।।

ਕਹੇ ਨ ਜਾਨੀ ਅਉਗਣ ਮੇਰੇ।।੧।।ਰਹਾਉ।।

ਰੱਬ ਜੀ ਤੁਸੀਂ ਬੇਅੰਤ (infinite) ਹੋ। ਤੁਹਾਡੇ ਆਦਿ ਅੰਤ ਬਾਰੇ ਕੋਈ ਨਹੀਂ ਦੱਸ ਸਕਦਾ। ਇਸੇ ਕਾਰਨ ਤੁਹਾਡੇ ਬਾਰੇ ਤਿਲ ਮਾਤਰ ਵੀ ਬਿਆਨ ਨਹੀਂ ਕੀਤਾ ਜਾ ਸਕਦਾ। ਜਿਸ ਤਰ੍ਹਾਂ ਤੁਸੀਂ ਬੇਅੰਤ ਗੁਣਾਂ ਦੇ ਖ਼ਜ਼ਾਨੇ ਹੋ ਇਸੇ ਤਰ੍ਹਾਂ ਮੇਰੇ ਵਿਚ ਬੇਅੰਤ ਅਵਗੁਣ ਹਨ। ਜਿਵੇਂ ਤੁਹਾਡੇ ਬੇਅੰਤ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ ਉਵੇਂ ਹੀ ਮੇਰੇ ਅਵਗੁਣ ਵੀ ਬਿਆਨ ਤੋਂ ਪਰੇ ਹਨ।

ਪਦਾ ਪਹਿਲਾ : ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ।। ਅਗਨਿ ਬਿੰਬ ਜਲ ਭੀਤਰਿ ਨਿਪਜੇ ਕਾਹੇ ਕੰਮਿ ਉਪਾਏ।।੧।।

ਪਹਿਲੇ ਪਦੇ ਵਿਚ ਦੁਨਿਆਵੀ ਧਾਰਨਾ (notion) ਨੂੰ ਨਕਾਰਿਆ (invalid) ਗਿਆ ਹੈ ਅਤੇ ਰੱਬੀ ਬੇਅੰਤਤਾ ਨੂੰ ਮੁੱਖ ਰੱਖ ਕੇ ਆਪਣੇ ਅਵਗੁਣਾਂ ਨੂੰ ਬਿਆਨਿਆ ਹੈ। ਪੁਰਾਤਨ ਪ੍ਰਚਲਤ ਧਾਰਨਾ ਅਨੁਸਾਰ ਮੰਨਿਆ ਜਾਂਦਾ ਸੀ ਕਿ ਕੀਤੇ ਪੁੰਨ, ਪਾਪ ਅਤੇ ਕਰਮਾਂ ਕਾਰਨ ਅਗਲਾ ਜਨਮ ਪ੍ਰਾਪਤ ਹੰੁਦਾ ਹੈ। ਉਸੇ ਧਾਰਨਾ ਮੁਤਾਬਕ ਹੀ ਮਿੱਥੇ ਹੋਏ ਕਰਮਾਂ ਅਨੁਸਾਰ ਕੁੱਲ ਅਤੇ ਮਾਤਾ-ਪਿਤਾ ਵੀ ਮਿਲਦੇ ਹਨ। ਇਸੇ ਅੰਧ-ਵਿਸ਼ਵਾਸ ਤਹਿਤ ਮੰਨਿਆ ਜਾਂਦਾ ਸੀ ਕਿ ਫਲਾਣੇ ਕਰਮ ਕਰੋ ਤਾਂ ਮਨ ਚਾਹੇ ਫਲਾਣੇ ਮਾਤਾ-ਪਿਤਾ ਘਰ ਜਨਮ ਲੈ ਸਕਦੇ ਹੋ। ਇਸ ਧਾਰਨਾ ਤਹਿਤ ਅਗਲੇ ਜਨਮ ਵਿਚ ਚੰਗੀ ਕੁੱਲ, ਚੰਗੇ ਮਾਤਾ-ਪਿਤਾ ਦੀ ਮੰਗਾਂ ਕਾਰਨ ਮਨੁੱਖ ਤ੍ਰਿਸ਼ਨਾ ਦੀ ਅੱਗ ਵਿਚ ਫਸਦਾ ਚਲਾ ਗਿਆ। ਇਸ ਸ਼ਬਦ ਰਾਹੀਂ ਮਨੁੱਖ ਨੂੰ ਤ੍ਰਿਸ਼ਨਾ ਦੀ ਅੱਗ ਤੋਂ ਸੁਚੇਤ ਕਰਵਾਉਂਦੇ ਹੋਏ, ਰੱਬੀ ਬੇਅੰਤਤਾ ਦੇ ਹੁਲਾਰੇ ਵਿਚ ਸਤਿਗੁਰ ਦ੍ਰਿੜ ਕਰਵਾਇਆ ਗਿਆ ਹੈ ਕਿ ਮਨੁੱਖਾ ਜਨਮ ਕਿਵੇਂ ਪ੍ਰਾਪਤ ਹੋਇਆ ਇਹ ਕੋਈ ਨਹੀਂ ਦੱਸ ਸਕਦਾ। ਜਨਮ ਤੋਂ ਪਹਿਲਾਂ ਕੋਈ ਇਹ ਦਾਅਵਾ ਨਹੀਂ ਕਰ ਸਕਦਾ ਕਿ ਮੈਂ ਫਲਾਣੇ ਮਾਤਾ-ਪਿਤਾ ਦੇ ਘਰ ਜੰਮਾਂਗਾ ਅਤੇ ਨਾ ਹੀ ਕੋਈ ਦਮ ਭਰ ਕੇ ਕਹਿ ਸਕਦਾ ਹੈ ਕਿ ਮੇਰਾ ਜਨਮ ਇਸ ਮਾਤਾ ਪਿਤਾ, ਜਾਤ ਜਾਂ ਘਰ ਵਿਚ ਪਿਛਲੇ ਜਨਮ ਦੇ ਫਲਾਣੇ ਕਰਮਾਂ ਜਾਂ ਪੁੰਨ ਕਾਰਨ ਹੋਇਆ ਹੈ।

ਰਹਾਉ ਦੀ ਵਿਚਾਰ ਨੂੰ ਸਮਝ ਕੇ ਪਤਾ ਲੱਗਦਾ ਹੈ ਕਿ ਮੇਰੇ ਅਵਗੁਣਾਂ ਦੀ ਗੱਲ ਚੱਲ ਰਹੀ ਹੈ। ਰਹਾਉ ਨਾਲ ਸੰਬੰਧਤ ਪਹਿਲੇ ਪਦੇ ਨੂੰ ਵਿਚਾਰੀਏ ਤਾਂ ਸਮਝ ਪੈਂਦੀ ਹੈ ਕਿ ਆਤਮਕ ਤਲ ’ਤੇ ਆਪਣੇ ਦੁਰਮਤ ਰੂਪੀ ਮਾਂ ਅਤੇ ਅਸੰਤੋਖ ਰੂਪੀ ਪਿਤਾ ਤੋਂ ਪੈਦਾ ਹੋਇਆ ਹਾਂ। ਭਾਵ ਮੇਰੇ ਜੋ ਖ਼ਿਆਲ ਅਤੇ ਕਰਮ ਹਨ ਉਹ ਮੇਰੀ ਦੁਰਮਤ ਰੂਪੀ ਮਾਂ ਅਤੇ ਅਸੰਤੋਖ ਰੂਪੀ ਪਿਤਾ ਤੋਂ ਹੀ ਉਪਜੇ ਹਨ। ਮੇਰੇ ਮਨ ਦੀਆਂ ਇੱਛਾਵਾਂ ਅਤੇ ਤ੍ਰਿਸ਼ਨਾ ਕਾਰਨ ਮੈਨੂੰ ਸਮਝ ਹੀ ਨਹੀਂ ਆ ਰਹੀ ਕਿ ਮੇਰੇ ਜੀਵਨ ਦਾ ਕੀ ਮਕਸਦ ਹੈ। ਆਪਣੇ ਮੰਦੇ ਖ਼ਿਆਲਾਂ ਅਤੇ ਮਾੜੀ ਸੋਚ ਕਾਰਨ, ਖੁਆਰ ਅਤੇ ਦੁਵਿਧਾ ਵਾਲਾ ਜੀਵਨ ਜਿਊਂ ਰਿਹਾ ਹਾਂ ਅਤੇ ਬੇਲੋੜੇ ਕੰਮਾਂ ਵਿਚ ਖੱਜਤ ਰਹਿੰਦਾ ਹਾਂ।'

ਹਰੇਕ ਮਨੁੱਖ ਸਵੈ-ਪੜਚੋਲ ਕਰਕੇ ਇਹ ਸਮਝ ਸਕਦਾ ਹੈ ਕਿ ਮੇਰੇ ਅੰਦਰ ਤ੍ਰਿਸ਼ਨਾ ਰੂਪੀ ਅੱਗ ਬਲ ਰਹੀ ਹੈ ਅਤੇ ਅਸੰਤੋਖ ਦਾ ਜਲ ਨਿਮ ਰਿਹਾ ਹੈ। ਇਨ੍ਹਾਂ ਅਵਗੁਣਾਂ ਕਾਰਨ ਮੈਨੂੰ ਆਪਣੇ ਜੀਵਨ ਦਾ ਮਕਸਦ ਹੀ ਨਹੀਂ ਸਮਝ ਪੈ ਰਿਹਾ ਕਿ ਮੇਰੇ ਜਨਮ ਲੈਣ ਦਾ ਕਾਰਨ ਕੀ ਹੈ ਅਤੇ ਮੈਂ ਕਿਸ ਆਸ਼ੇ ਦੀ ਪੂਰਤੀ ਲਈ ਜਨਮ ਲਿਆ ਹੈ।

ਪਦਾ ਦੂਜਾ : ਕੇਤੇ ਰੁਖ ਬਿਰਖ ਹਮ ਚੀਨੇ ਕੇਤੇ ਪਸੂ ਉਪਾਏ।। ਕੇਤੇ ਨਾਗ ਕੁਲੀ ਮਹਿ ਆਏ ਕੇਤੇ ਪੰਖ ਉਡਾਏ।।੨।।

ਭਾਵ : ਪੇੜ-ਪੌਦੇ, ਪਸ਼ੂ, ਸੱਪ ਅਤੇ ਪੰਛੀ ਆਦਿ ਇਸ ਧਰਤੀ ’ਤੇ, ਇਸ ਸ੍ਰਿਸ਼ਟੀ ਵਿਚ ਰੱਬ ਜੀ ਦੀ ਕਿਰਤ ਹਨ। ਉਹ ਸਾਰੇ ਕੁਦਰਤੀ ਨੇਮਾਂ ਅਨੁਸਾਰ ਆਪਣੇ ਸੁਭਾਅ ਅਧੀਨ ਆਪਣੇ ਕੰਮ ਕਾਜ ਕਰੀ ਜਾ ਰਹੇ ਹਨ। ਉਨ੍ਹਾਂ ਨੂੰ ਇਹ ਸਮਝ ਨਹੀਂ ਕਿ ਉਨ੍ਹਾਂ ਵਿਚ ਮਾੜਾ ਅਤੇ ਚੰਗਾ ਸੁਭਾਅ ਵੀ ਹੈ। ਉਨ੍ਹਾਂ ਨੂੰ ਆਪਣੇ ਇਸ ਸੁਭਾਅ ਦੀ ਸੋਝੀ ਨਹੀਂ। ਅਫ਼ਸੋਸ ਤਾਂ ਇਹ ਹੈ ਕਿ ਜੋ-ਜੋ ਅਵਗੁਣ ਉਨ੍ਹਾਂ ਦੇ ਸੁਭਾਅ ਵਿਚ ਹਨ ਉਹ ਅਨੇਕ ਅਵਗੁਣ ਮਨੁੱਖ ਵਿਚ ਵੀ ਹੋਣ ਤਾਂ ਕਿਤਨੇ ਦੁੱਖ ਦੀ ਗੱਲ ਹੈ ਕਿਉਂਕਿ ਇਹ ਮਨੁੱਖ ਦਾ ਕੁਦਰਤੀ ਸੁਭਾਅ ਨਹੀਂ ਹੈ। ਪਸ਼ੂ ਪੰਛੀ ਇਸ ਸੁਭਾਅ ਤੋਂ ਕੁਦਰਤੀ ਨੇਮਾਂ ਕਾਰਨ ਨਹੀਂ ਛੁੱਟ ਸਕਦੇ ਪਰ ਮਨੁੱਖ ਨੂੰ ਤਾਂ ਬੁੱਧੀ ਪ੍ਰਾਪਤ ਹੋਈ ਹੈ ਅਤੇ ਉਹ ਮੰਦੇ ਸੁਭਾਅ ਤੋਂ ਛੁੱਟ ਸਕਦਾ ਹੈ। ਮਨੁੱਖ ਅਵਗੁਣਾਂ ਨੂੰ ਸੋਧਦਾ ਨਹੀਂ ਬਲਕਿ ਉਨ੍ਹਾਂ ਕਾਰਨ ਉਪਜੇ ਵਿਕਾਰਾਂ ਅਧੀਨ ਹੋ ਕੇ ਨਿੰਦਾ ਰੂਪੀ ਜ਼ਹਿਰ ਘੋਲਦਾ ਰਹਿੰਦਾ ਹੈ, ਕੁਬੋਲ ਬੋਲ ਕੇ ਸੱਪ ਵਾਂਗੂੰ ਡੰਗ ਮਾਰਦਾ ਹੈ।

ਪਦਾ ਤੀਜਾ : ਹਟ ਪਟਣ ਬਿਜ ਮੰਦਰ ਭੰਨੈ ਕਰਿ ਚੋਰੀ ਘਰਿ ਆਵੈ।। ਅਗਹੁ ਦੇਖੈ ਪਿਛਹੁ ਦੇਖੈ ਤੁਝ ਤੇ ਕਹਾ ਛਪਾਵੈ।।੩।।

ਭਾਵ : ਜਦ ਮਨੁੱਖ ਦਾ ਧਿਆਨ ਆਪਣੇ ਅਵਗੁਣਾਂ ਵਲ ਪੈਂਦਾ ਹੈ ਤਾਂ ਉਸਨੂੰ ਮਹਿਸੂਸ ਹੁੰਦਾ ਹੈ ਕਿ ਮੈਂ ਆਪਣੇ ਅਵਗੁਣਾਂ ਕਾਰਨ ਆਪਣੇ ਨਿਜ ਘਰ ਤੋਂ ਦੂਰ, ਰੱਬ ਜੀ ਤੋਂ ਵਿਛੁੜਿਆ ਹਾਂ, ਭਾਵ ਜਦ ਮੈਂ ਨਿੰਦਾ ਕਰਦਾ ਹਾਂ, ਕੁਬੋਲ ਬੋਲਦਾ ਹਾਂ ਤਾਂ ਇਹ ਇਸ ਤਰ੍ਹਾਂ ਹੈ ਜਿਵੇਂ ਦੂਸਰੇ ਦੀ ਵਸਤ ਚੋਰੀ ਕਰਕੇ, ਸਭ ਤੋਂ ਛੁਪਾ ਕੇ ਲਿਆਂਦੀ। ਸਭ ਤੋਂ ਤਾਂ ਮਨੁੱਖ ਛੁਪਾ ਸਕਦਾ ਹੈ ਪਰ ਅੰਦਰ ਬੈਠੇ ਰੱਬ ਜੀ ਤੋਂ

ਕਿਵੇਂ ਲੁਕਾ ਕੇ ਰੱਖ ਸਕਦਾ ਹੈ। ਇਸਨੂੰ ਇਹ ਸਮਝ ਨਹੀਂ ਪੈਂਦੀ ਕਿ ਇਹ ਸਾਰੇ ਮਾੜੇ ਕਰਮ ਕਰਨ ਵੇਲੇ, ਮੈਂ ਰੱਬ ਜੀ ਵਲੋਂ ਵਾਚਿਆ ਜਾ ਰਿਹਾ ਹਾਂ। ਮਨੁੱਖ ਰੱਬ ਜੀ ਦੀ ਹਾਜ਼ਰ ਨਾਜ਼ਰਤਾ ਤੋਂ ਮੁਨਕਰ ਹੈ, ਇਸ ਕਰਕੇ ਗ਼ਲਤ ਕੰਮਾਂ ਵਿਚ ਖੱਚਤ ਰਹਿੰਦਾ ਹੈ।

ਪਦਾ ਚੌਥਾ : ਤਟ ਤੀਰਥ ਹਮ ਨਵ ਖੰਡ ਦੇਖੇ ਹਟ ਪਟਣ ਬਾਜਾਰਾ।। ਲੈ ਕੇ ਤਕੜੀ ਤੋਲਣਿ ਲਾਗਾ ਘਟ ਹੀ ਮਹਿ ਵਣਜਾਰਾ।।੪।।

ਭਾਵ : ਹੇ ਮਨੁੱਖ, ਰੱਬ ਜੀ ਤੇਰੇ ਅੰਦਰ ਹੀ ਬੈਠੇ ਹਨ ਜੋ ਤਕੜੀ ਲੈ ਕੇ ਤੋਲ ਰਹੇ ਹਨ, ਇਸ ਕਰਕੇ ਤੂੰ ਉਸ ਤੋਂ ਨਹੀਂ ਬਚ ਸਕਦਾ। ਭਾਵ ਮਨੁੱਖ ਜਿੱਥੇ ਮਰਜ਼ੀ ਚਲਾ ਜਾਏ, ਰੱਬ ਜੀ ਦੀ ਹਾਜ਼ਰ ਨਾਜ਼ਰਤਾ ਤੋਂ ਮੁਨਕਰ ਨਹੀਂ ਹੋ ਸਕਦਾ, ਝੁਠਲਾ ਨਹੀਂ ਸਕਦਾ, ਪਿਠ ਨਹੀਂ ਦੇ ਸਕਦਾ। ਅੰਤਰ ਆਤਮੇ ਦੀ ਆਵਾਜ਼ ਮਨੁੱਖ ਨੂੰ ਸਤਿਗੁਰ (divine wisdom) ਨਾਲ ਇਕਮਿਕਤਾ ਦਾ ਸੁਨੇਹਾ ਦਿੰਦੀ ਰਹਿੰਦੀ ਹੈ ਕਿ ਗੁਣ ਕੀ ਹਨ, ਅਵਗੁਣ ਕੀ ਹਨ, ਚੰਗਾ ਕੀ ਹੈ, ਮੰਦਾ ਕੀ ਹੈ ‘‘ਘਰਿ ਘਰਿ ਏਹੋ ਪਾਹੁਚਾ ਸਦੜੇ ਨਿਤ ਪਵੰਨਿ’’।।

ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਰਾਹੀਂ ਮਨੁੱਖ ਨੂੰ ਵਰਤਮਾਨ ਜੀਵਨ ਸੰਵਾਰਨ ਦੀ ਪ੍ਰੇਰਨਾ ਦਿੱਤੀ ਗਈ ਹੈ ਕਿ ਇਸੇ ਜੀਵਨ ਵਿਚ ਰੱਬ ਜੀ ਦੀ ਹੋਂਦ ਨੂੰ ਮਹਿਸੂਸ ਕਰ।

ਪਦਾ ਪੰਜਵਾਂ : ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ ਤੇਤੇ ਅਉਗਣ ਹਮਾਰੇ।। ਦਇਆ ਕਰਹੁ ਕਿਛੁ ਮਿਹਰ ਉਪਾਵਹੁ ਡੁਬਦੇ ਪਥਰ ਤਾਰੇ।।

ਭਾਵ : ਜਦੋਂ ਮਨੁੱਖ ਨੂੰ ਘਟਿ ਹੀ ਮਹਿ ਵਣਜਾਰਾ ਵਾਲੀ ਗੱਲ ਸਮਝ ਪੈਂਦੀ ਹੈ ਤਾਂ ਮਨੁੱਖ ਦਾ ਧਿਆਨ ਆਪਣੇ ਅੰਤਰ ਆਤਮੇਵੱਲ ਪੈਂਦਾ ਹੈ। ਇਸੇ ਕਰਕੇ ਮਨੁੱਖ ਨੂੰ ਸਮਝਾਇਆ ਗਿਆ ਹੈ ‘‘ਆਪਨੜੈ ਗਿਰੀਵਾਨ ਮਹਿ ਸਿਰੁ ਨੀਂਵਾਂ ਕਰਿ ਦੇਖੁ’’। ਆਪਣੇ ਅੰਦਰ ਝਾਤੀ ਮਾਰਨ ਤੋਂ ਬਾਅਦ ਹੀ ਮਨੁੱਖ ਨੂੰ ਮਹਿਸੂਸ ਹੁੰਦਾ ਹੈ ਕਿ ਮੇਰੇ ਵਿਚ ਸਮੁੰਦਰ ਦੇ ਜਲ ਦੀ ਤਰ੍ਹਾਂ ਬੇਅੰਤ ਅਵਗੁਣ ਹਨ। ਜਦੋਂ ਮਨੁੱਖ ਨੂੰ ਇਹ ਅਹਿਸਾਸ ਹੁੰਦਾ ਹੈ ਤਾਂ ਹੀ ਉਹ ਆਪਣੇ ਅਵਗੁਣਾਂ ਤੋਂ ਛੁਟਕਾਰਾ ਪਾਉਣ ਲਈ ਕੋਸ਼ਿਸ਼ ਕਰਦਾ ਹੈ। ਆਤਮਕ ਤੌਰ ਤੇ ਦੁਖੀ ਰਹਿਣ ਕਾਰਨ ਮਨੁੱਖ ਸਤਿਗੁਰ(divine wisdom) ਦੀ ਜ਼ਰੂਰਤ ਮਹਿਸੂਸ ਕਰਨ ਲੱਗ ਪੈਂਦਾ ਹੈ। ਫਿਰ ਮਨੁੱਖ ਬਿਨਤੀ ਕਰਦਾ ਹੈ, ਦਇਆ ਅਤੇ ਮਿਹਰ ਦੀ ਜਾਚਨਾ ਕਰਦਾ ਹੈ ਕਿ ਮੈਨੂੰ ਸੁਮਤ ਬਖ਼ਸ਼ੋ ਤਾਂ ਕਿ ਮੈਂ ਅਵਗੁਣਾਂ ਵਾਲੇ ਸਮੁੰਦਰ ਵਿਚ ਨਾ ਡੁੱਬ ਜਾਵਾਂ। ‘‘ਜਿਉ ਪਾਖਾਣੁ ਨਾਵ ਚੜਿ ਤਰੈ।। ਪ੍ਰਾਣੀ ਗੁਰ ਚਰਣ ਲਗਤੁ ਨਿਸਤਰੈ।। ਜਿਵੇਂ ਕਿਸ਼ਤੀ ਦੇ ਸਹਾਰੇ ਨਾਲ ਪੱਥਰ ਵੀ ਤਰ ਜਾਂਦੇ ਹਨ, ਉਸੇ ਤਰ੍ਹਾਂ ਮਨੁੱਖ ਸਤਿਗੁਰ (ਗਿਆਨ-ਗੁਰੂ) ਰੂਪੀ ਬੇੜੀ ਦੇ ਸਹਾਰੇ ਅਵਗੁਣਾਂ ਰੂਪੀ ਸਮੁੰਦਰ ਤੋਂ ਤਰ ਸਕਦਾ ਹੈ। ਭਾਵ ਆਪਣੀ ਕਠੋਰਤਾ ਨੂੰ ਮਹਿਸੂਸ ਕਰਕੇ ਨਰਮ ਹਿਰਦੇ ਵਾਲਾ, ਦੂਜਿਆਂ ਦਾ ਦਰਦ ਮਹਿਸੂਸ ਕਰਨ ਵਾਲਾ ਬਣ ਸਕਦਾ ਹੈ।

ਪਦਾ ਛੇਵਾਂ : ਜੀਅੜਾ ਅਗਨਿ ਬਰਾਬਰਿ ਤਪੈ ਭੀਤਰਿ ਵਗੈ ਕਾਤੀ।। ਪ੍ਰਣਵਤਿ ਨਾਨਕੁ ਹੁਕਮੁ ਪਛਾਣੈ ਸੁਖੁ ਹੋਵੈ ਦਿਨੁ ਰਾਤੀ।।੬।।।।੧੭।।੧।।

ਭਾਵ : ਜਿਵੇਂ ਹੀ ਜੀਅੜਾ ਰੂਪੀ ਧਰਤੀ ਉੱਤੇ ਸੂਰਜ ਰੂਪੀ ਗਿਆਨ ਦੀ ਅਗਨੀ ਲਗਾਤਾਰ ਬਲਣੀ ਸ਼ੁਰੂ ਹੋ ਜਾਂਦੀ ਹੈ, ਤਾਂ ਗਿਆਨ-ਗੁਰੂ ਰਾਹੀਂ ਰੱਬ ਦੀ ਹਾਜ਼ਰ ਨਾਜ਼ਰਤਾ ਵਾਲਾ ਨਿਯਮ ਸਮਝ ਪੈਣ ਲੱਗ ਜਾਂਦਾ ਹੈ, ਜਿਸ ਦਾ ਸਦਕਾ ਮਨੁੱਖ ਅਵਗੁਣਾਂ ਤੋਂ ਛੁੱਟ ਕੇ ਹਮੇਸ਼ਾ ਲਈ ਸੁਖੀ ਹੋ ਜਾਂਦਾ ਹੈ।

ਇਹ ਲੇਖ ਵੀਰ ਭਪਿੰਦਰ ਸਿੰਘ ਜੀ ਦੀ ਦੁਆਰ ਰਚਿਤ “ਪੁਸਤਕ ‘ਜੀਵਨ ਮੁਕਤ’ ਵਿੱਚੋਂ ਲਿਆ ਗਿਆ ਹੈ। ਵਧੇਰੀ ਜਾਣਕਾਰੀ ਲਈ ਪਾਠਕ ਸੱਜਣ www.thelivingtreasure.org ਤੇ ਲੋਗੋਨ ਕਰਨ ਜੀ।
.