.

ਜਸਬੀਰ ਸਿੰਘ ਵੈਨਕੂਵਰ

ਖ਼ਾਲਸਾ ਪੰਥ ਵਿੱਚ ‘ਸਿੰਘ’ ਅਤੇ ‘ਕੌਰ’ ਦਾ ਸੰਕਲਪ

ਭਾਰਤ ਵਿੱਚ ਜਨਮ ਤੋਂ ਹੀ ਕਿਸੇ ਨੂੰ ਉੱਚ ਜਾਂ ਨੀਵਾਂ ਸਮਝਣ ਵਾਲੀ ਜਮਾਤ ਨੇ ਸਦਾਚਾਰ ਦੀ ਥਾਂ ਜਾਤ ਦਾ ਗੁਣ-ਗਾਣ ਕਰਕੇ ਅਖਾਉਤੀ ਨੀਵੀਂਆਂ ਜਾਤ ਵਾਲਿਆਂ ਦੇ ਜੀਵਨ ਨੂੰ ਨਰਕ ਬਣਾ ਦਿੱਤਾ ਸੀ। ਕਥਿੱਤ ਨੀਵੀਂ ਜਾਤ ਵਾਲਿਆਂ ਨੂੰ ਜਮਾਦਰੂ ਹੱਕਾਂ ਤੋਂ ਰਹਿਤ ਕਰਕੇ ਇਹਨਾਂ ਦੀ ਜ਼ਿੰਦਗੀ ਨੂੰ ਨਰਕ ਬਣਾਉਣ ਵਾਲਾ ਕਥਿੱਤ ਧਾਰਮਕ ਆਗੂ ਹੀ ਸੀ। ਅਖਾਉਤੀ ਧਾਰਮਕ ਆਗੂ ਦੇ ਇਸ ਗੁਮਰਾਹ-ਕੁੰਨ ਪਰਚਾਰ ਨੂੰ ਆਮ ਮਨੁੱਖ ਨੇ ਰੱਬੀ ਨਿਆਂ ਸਮਝ ਕੇ ਪਰਵਾਨ ਕਰ ਲਿਆ ਸੀ। ਗੁਰੂ ਸਾਹਿਬਾਨ ਨੇ ਇਸ ਅਨਿਆਂ ਦੇ ਵਿਰੁੱਧ ਆਵਾਜ਼ ਉਠਾਈ ਅਤੇ ਆਮ ਲੋਕਾਈ ਨੂੰ ਇਸ ਗੱਲ ਦਾ ਅਹਿਸਾਸ ਕਰਾਇਆ ਕਿ ਇਹ ਤੁਹਾਡੀ ਤਕਦੀਰ ਦਾ ਹਿੱਸਾ ਨਹੀਂ ਹੈ। ਪ੍ਰਭੂ ਨੇ ਕਿਸੇ ਨੂੰ ਜਨਮ ਤੋਂ ਉੱਚਾ ਜਾਂ ਨੀਵਾਂ ਨਹੀਂ ਬਣਾਇਆ; ਇਸ ਸਭ ਕੁੱਝ ਸਮਾਜ ਦੀ ਕਾਣੀ ਵੰਡ ਅਤੇ ਅਖਾਉਤੀ ਧਰਮੀਆਂ ਦੀ ਬਦੌਲਤ ਹੀ ਹੋਇਆ ਹੈ। ਗੁਰਦੇਵ ਨੇ ਜਨ-ਸਾਧਾਰਨ ਨੂੰ ਇਸ ਗੱਲ ਦਾ ਅਹਿਸਾਸ ਕਰਾਇਆ ਕਿ ਮਨੁੱਖਤਾ ਦੇ ਉੱਚੇ ਉਦੇਸ਼ ਨੂੰ ਹਾਸਲ ਕਰਨ ਦਾ, ਹਰੇਕ ਮਨੁੱਖ ਨੂੰ ਜਨਮ ਸਿੱਧ ਅਧਿਕਾਰ ਹੈ। ਗੁਰਦੇਵ ਨੇ ਕੇਵਲ ਦੱਬੀ-ਕੁਚਲੀ ਲੋਕਾਈ ਨੂੰ ਇਸ ਦਾ ਅਹਿਸਾਸ ਹੀ ਨਹੀਂ ਕਰਾਇਆ ਸੀ ਬਲਕਿ ਅਮਲੀ ਰੂਪ ਦੇ ਕੇ ਜਨ-ਸਾਧਾਰਨ ਦੇ ਮਨਾਂ ਵਿੱਚ ਇਹ ਗੱਲ ਚੰਗੀ ਤਰ੍ਹਾਂ ਦ੍ਰਿੜ ਵੀ ਕਰਾ ਦਿੱਤੀ ਸੀ। ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ ਆਪਣਾ ਸਾਥੀ ਬਣਾ ਕੇ ਉਹਨਾਂ ਨੂੰ ‘ਭਾਈ’ ਆਖ ਕੇ ਮੁਖ਼ਾਤਬ ਕੀਤਾ ਸੀ। ਇਸ ਉਦੇਸ਼ ਨੂੰ ਅੱਗੇ ਤੋਰਦਿਆਂ ਹੋਇਆਂ ਗੁਰੂ ਨਾਨਕ ਸਾਹਿਬ ਨੇ ਹਰੇਕ ਮਨੁੱਖ ਨੂੰ, ਭਾਵੇਂ ਉਹ ਕਿਸੇ ਵੀ ਜਾਤ-ਬਰਾਦਰੀ ਜਾਂ ਧਰਮ ਨਾਲ ਸੰਬੰਧਤ ਸੀ, ‘ਭਾਈ’ ਸ਼ਬਦ ਨਾਲ ਹੀ ਮੁਖ਼ਾਤਬ ਕੀਤਾ ਸੀ। ਇਹ ਹੀ ਕਾਰਨ ਹੈ ਕਿ ਗੁਰੂ ਕਾਲ ਵਿੱਚ ਹੀ ਨਹੀਂ ਸਗੋਂ ਗੁਰੂ ਕਾਲ ਤੋਂ ਢੇਰ ਚਿਰ ਬਾਅਦ ਵਿੱਚ ਵੀ ਮਹਾਨ ਗੁਰਸਿੱਖਾਂ ਦੇ ਨਾਵਾਂ ਨਾਲ ‘ਭਾਈ’ ਸ਼ਬਦ ਦੀ ਹੀ ਵਰਤੋਂ ਹੁੰਦੀ ਰਹੀ ਹੈ; ਜਿਵੇਂ ਭਾਈ ਤਾਰਾ ਸਿੰਘ ਜੀ, ਭਾਈ ਤਾਰੂ ਸਿੰਘ ਜੀ ਆਦਿ। ਬੀਬੀਆਂ ਲਈ ‘ਮਾਈ’ ਸ਼ਬਦ ਦੀ ਵਰਤੋਂ ਹੁੰਦੀ ਸੀ। ਅੱਜ ਤੀਕ ਵੀ ਇਸਤ੍ਰੀ ਅਤੇ ਪੁਰਸ਼ ਲਈ ‘ਮਾਈ ਭਾਈ’ ਸ਼ਬਦ ਵਰਤਿਆ ਜਾਂਦਾ ਹੈ।
‘ਸੰਗਤ’ ਦਾ ਸੰਕਲਪ ਗੁਰੂ ਸਾਹਿਬਾਨ ਵਲੋਂ ਇਸ ਪਾਸੇ ਵਲ ਪੁਟੇ ਹੋਏ ਕਦਮਾਂ ਵਿੱਚੋਂ ਪਹਿਲਾ ਕਦਮ ਸੀ। ਗੁਰੂ ਸਾਹਿਬ ਵਲੋਂ ਕਾਇਮ ਕੀਤੀ ਗਈ ‘ਸੰਗਤ’ ਰੂਪੀ ਸੰਸਥਾ ਵਿੱਚ ਮਨੁੱਖ ਮਾਤ੍ਰ ਨੂੰ ਬੈਠਣ ਦੀ ਖੁਲ ਸੀ। ਇੱਥੇ ਰੰਕ ਅਤੇ ਰਾਉ ਦਾ ਅਮਲੀ ਰੂਪ ਵਿੱਚ ਭਿੰਨ-ਭੇਦ ਮਿਟ ਗਿਆ ਸੀ। ਗੁਰੂ ਕੀ ‘ਸੰਗਤ’ ਵਿੱਚ ਬੈਠਣ ਵਾਲਿਆਂ ਦੀ ਇੱਥੇ ਕੋਈ ਵੱਖਰੀ ਪਛਾਣ ਨਹੀਂ ਸੀ। ਗੁਰੂ ਕੀ ‘ਸੰਗਤ’ ਵਿੱਚ ਬੈਠਣ ਵਾਲਾ ਭਾਵੇਂ ਕੋਈ ਕਿਸੇ ਕਥਿੱਤ ਉੱਚ ਜਾਤ ਵਿੱਚੋਂ ਸੀ, ਭਾਵੇਂ ਕਿਸੇ ਅਖਾਉਤੀ ਨੀਵੀਂ ਜਾਤੀ ਵਿੱਚੋਂ, ਭਾਵੇਂ ਕੋਈ ਰਾਜਾ ਸੀ ਜਾਂ ਸਾਧਾਰਨ ਵਿਆਕਤੀ, ਉਹ ਕੇਵਲ ਸਤਿ ਦੀ ‘ਸੰਗਤ’ ਕਰਨ ਵਾਲਾ ‘ਸਤਿਸੰਗੀ’ ਹੀ ਸੀ। ਇਹੀ ਉਸ ਦੀ ਪਛਾਣ ਸੀ। ਸਾਰੇ ਪ੍ਰਾਣੀ ਇੱਕ ਸਮਾਨ ਬੈਠਦੇ ਸਨ; ਕੋਈ ਉੱਚਾ ਜਾਂ ਨੀਵਾਂ ਨਹੀਂ ਸੀ। ਕਿਸੇ ਰਾਜੇ ਮਹਾਰਾਜੇ ਲਈ ਕੋਈ ਵੱਖਰਾ ਆਸਨ ਨਹੀ ਸੀ ਲਗਾਇਆ ਜਾਂਦਾ ਅਤੇ ਨਾ ਹੀ ਕਿਸੇ ਰੰਕ ਲਈ ਕੋਈ ਵੱਖਰੀ ਥਾਂ ਮੁਕਰੱਰ ਕੀਤੀ ਹੋਈ ਸੀ। ਗੁਰੂ ਨਾਨਕ ਸਾਹਿਬ ਵਲੋਂ ਪ੍ਰਾਰੰਭ ਕੀਤੀ ਹੋਈ ਸੰਗਤ ਦੀ ਇਹੀ ਪ੍ਰਥਾ ਹੁਣ ਤੱਕ ਚਲ ਰਹੀ ਹੈ। ਹਾਂ, ਜੇਕਰ ਕੋਈ ਪ੍ਰਾਣੀ ਸਰੀਰਕ ਤੌਰ `ਤੇ ਹੇਠਾਂ ਬੈਠਣ ਤੋਂ ਅਸਮਰਥ ਹੈ ਤਾਂ ਉਸ ਲਈ ਇਸ ਵੇਲੇ ਸਟੂਲ, ਬੈਂਚ ਆਦਿ ਦਾ ਪ੍ਰਬੰਧ ਕੀਤਾ ਜਾਂਦਾ ਹੈ। (ਨੋਟ: ਜਿਹੜੇ ਸੱਜਣ ਸੰਗਤ ਵਿੱਚ ਕਿਸੇ ਵਿਸ਼ੇਸ਼ ਪ੍ਰਾਣੀ ਲਈ ਵੱਖਰਾ ਆਸਨ ਆਦਿ ਦਾ ਪ੍ਰਬੰਧ ਕਰਦੇ ਹਨ, ਉਹ ਗੁਰਮਤਿ ਦੀ ਜੀਵਨ-ਜੁਗਤ ਤੋਂ ਅਣਜਾਣ ਹਨ। ਹਾਂ, ਪਾਠ, ਕੀਰਤਨ ਅਤੇ ਕਥਾ ਵਿਆਖਿਆਨ ਆਦਿ ਕਰਨ ਵਾਲਿਆਂ ਲਈ ਜ਼ਰੂਰ ਅਜਿਹਾ ਪ੍ਰਬੰਧ ਕੀਤਾ ਜਾਂਦਾ ਹੈ। ਇਹ ਕੇਵਲ ਗੁਰਬਾਣੀ ਦੇ ਸਤਿਕਾਰ ਦੇ ਨਾਲ ਸਾਰੀਆਂ ਸੰਗਤਾਂ ਤੀਕ ਸਟੇਜ ਤੋਂ ਜੋ ਪੜ੍ਹਿਆ ਜਾਂ ਗਾਵਿਆਂ ਜਾ ਰਿਹਾ ਹੈ, ਉਹ ਪਹੁੰਚ ਸਕੇ, ਦੀ ਭਾਵਨਾ ਨਾਲ ਹੀ ਅਜਿਹਾ ਪ੍ਰਬੰਧ ਕੀਤਾ ਜਾਂਦਾ ਹੈ।) ਕੜ੍ਹਾਹ ਪ੍ਰਸ਼ਾਦ ਦੀ ਦੇਗ਼ ਵੀ ਸਾਰਿਆਂ ਨੂੰ ਇਕੋ ਜਿਹੀ ਵਰਤਾਈ ਜਾਂਦੀ ਹੈ, ਕਿਸੇ ਨਾਲ ਕਿਸੇ ਤਰ੍ਹਾਂ ਦਾ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ।
ਗੁਰਮਤਿ ਦੀ ਜੀਵਨ-ਜੁਗਤ ਦ੍ਰਿੜ ਕਰਾਉਣ ਲਈ ਸਤਿਗੁਰੂ ਜੀ ਵਲੋਂ ਪੁਟਿਆ ਦੂਜਾ ਕਦਮ ‘ਪੰਗਤ’ ਦਾ ਸੰਕਲਪ ਸੀ। ਇਸ ਵਿੱਚ ਵੀ ਹਰੇਕ ਮਾਈ-ਭਾਈ ਨੂੰ ਇੱਕ ਸਮਾਨ ਲੰਗਰ ਛਕਣ ਦਾ ਅਧਿਕਾਰ ਸੀ। ਇਹ ਅਤਿ ਕਥਨੀ ਨਹੀਂ ਬਲਕਿ ਹਕੀਕਤ ਹੈ ਕਿ ਭਾਰਤ ਵਾਸੀਆਂ ਨੂੰ ਪਹਿਲੀ ਵਾਰ ਅਜਿਹਾ ਅਲੌਕਕ ਦ੍ਰਿਸ਼ ਦੇਖਣ ਨੂੰ ਮਿਲਿਆ ਸੀ ਜਿੱਥੇ ਰਾਜਾ ਅਤੇ ਰੰਕ, ਸ਼ੂਦਰ ਅਤੇ ਬ੍ਰਹਾਮਣ, ਵਿਦਵਾਨ ਅਤੇ ਅਨਪੜ, ਇਸਤ੍ਰੀ ਅਤੇ ਪੁਰਸ਼, ਕਾਫ਼ਰ ਅਤੇ ਮਲੇਛ ਇਕੋ ਪੰਗਤ ਵਿੱਚ ਬੈਠ ਕੇ, ਇਕੋ ਜਿਹਾ ਭੋਜਨ ਛਕ ਰਹੇ ਸਨ। ਅਜੋਕੇ ਸਮੇਂ `ਚ ਭਾਵੇਂ ਇਹ ਗੱਲ ਅਚੰਭੇ ਵਾਲੀ ਨਹੀਂ ਲਗਦੀ ਪਰ ਜੇਕਰ ਗੁਰੂ ਕਾਲ ਦੇ ਸਮੇਂ ਵਲ ਨਿਗਾਹ ਮਾਰ ਕੇ ਦੇਖਾਂਗੇ ਤਾਂ ਇਹ ਜ਼ਰੂਰ ਇੱਕ ਅਚੰਭਾ ਹੀ ਪ੍ਰਤੀਤ ਹੋਵੇਗਾ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਉਸ ਸਮੇਂ ਕਥਿੱਤ ਉੱਚ ਜਾਤੀਏ ਕਿਸੇ ਅਖਾਉਤੀ ਸ਼ੂਦਰ ਦਾ ਪਰਛਾਵਾਂ ਵੀ ਆਪਣੇ ਉੱਤੇ ਨਹੀਂ ਸਨ ਪੈਣ ਦੇਂਦੇ। ਜੇਕਰ ਕਿਸੇ ਕਥਿਤ ਸ਼ੂਦਰ ਦਾ ਪਰਛਾਵਾਂ ਵੀ ਕਿਸੇ ਅਖਾਉਤੀ ਉੱਚ ਜਾਤੀਏ `ਤੇ ਪੈ ਜਾਂਦਾ ਸੀ ਤਾਂ ਉਹ ਸਣੇ ਕਪੜੀ ਇਸ਼ਨਾਨ ਕਰਦਾ ਸੀ।
ਗੁਰੂ ਕੇ ਲੰਗਰ ਬਣਾਉਣ ਵਿੱਚ ਜਿੱਥੇ ਹਰੇਕ ਮਾਈ-ਭਾਈ ਭਾਗ ਲੈ ਸਕਦਾ ਹੈ, ਉੱਥੇ ਵਰਤਾਉਣ ਵਿੱਚ ਵੀ ਯਥਾ-ਯੋਗ ਯੋਗਦਾਨ ਪਾ ਸਕਦਾ ਹੈ। ਇਸ ਵਿੱਚ ਨਾ ਤਾਂ ਕਿਸੇ ਤਰ੍ਹਾਂ ਦਾ ਕੋਈ ਭਰਮ ਹੈ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਭ੍ਰਿਸ਼ਟਤਾ ਦਾ ਭਰਮ ਹੈ। ਗੁਰੂ ਕੇ ਲੰਗਰ ਵਿੱਚ ਸਫ਼ਾਈ ਦਾ ਤਾਂ ਜ਼ਰੂਰ ਖ਼ਿਆਲ ਰੱਖਿਆ ਜਾਂਦਾ ਹੈ ਪਰ ਕਥਿੱਤ ਜੂਠ ਜਾਂ ਸੁੱਚ ਦਾ ਨਹੀਂ; ਭਾਵ, ਸੁੱਚ ਜਾਂ ਸਫ਼ਾਈ ਨੂੰ ਵਹਿਮ ਭਰਮ ਦੇ ਰੂਪ ਵਿੱਚ ਨਹੀਂ ਸਵੀਕਾਰਿਆ ਗਿਆ ਹੈ। ਗੁਰੂ ਕੇ ਲੰਗਰ ਵਿੱਚ ਨਾ ਤਾਂ ਕੋਈ ਕਥਿੱਤ ਉੱਚ ਜਾਤੀਆ ਕਿਸੇ ਅਖਾਉਤੀ ਨੀਵੀਂ ਜਾਤ ਵਾਲੇ ਦੇ ਪਰਛਾਵੇਂ ਤੋਂ ਡਰਦਾ ਹੈ ਅਤੇ ਨਾ ਹੀ ਕਾਫ਼ਰ ਜਾਂ ਮਲੇਛ ਸਮਝ ਕੇ ਇੱਕ ਦੂਜੇ ਤੋਂ ਪਰੇ ਭੱਜਦਾ ਹੈ ਅਤੇ ਨਾ ਹੀ ਕੋਈ ਕਿਸੇ ਨੂੰ ਇਹਨਾਂ ਕਾਰਨਾਂ ਕਰਕੇ ਤ੍ਰਿਸਕਾਰਦਾ ਹੈ।
(ਨੋਟ: ਭਾਵੇਂ ਸਮੇਂ ਨਾਲ ਅੱਜ ਸਿੱਖ ਜਗਤ ਵਿੱਚ ਵੀ ਅਜਿਹੀ ਸ਼੍ਰੇਣੀ ਪੈਦਾ ਹੋ ਗਈ ਹੈ ਜਿਹੜੀ ਲੰਗਰ ਵੀ ਵਿਸ਼ੇਸ਼ ਪ੍ਰਾਣੀਆਂ ਜਾਂ ਆਪਣੇ ਹੀ ਜਥੇਬੰਦੀ ਨਾਲ ਸੰਬੰਧਤ ਵਿਅਕਤੀਆਂ ਦੁਆਰਾ ਤਿਆਰ ਕੀਤਾ ਹੋਇਆ ਛਕਦੀ ਹੈ। ਅਜਿਹੀ ਧਾਰਨਾ ਰੱਖਣ ਵਾਲੇ ਸੱਜਣਾਂ ਦੀ ਇਹ ਆਪਣੀ ਨਿਜੀ ਸੋਚ ਹੈ, ਇਸ ਧਾਰਨਾ ਦਾ ਖ਼ਾਲਸਾ ਪੰਥ ਨਾਲ ਸੰਬੰਧ ਨਹੀਂ ਹੈ। ਚੂੰਕਿ ਗੁਰਮਤਿ ਦੀ ਜੀਵਨ-ਜੁਗਤ ਵਿੱਚ ਸੁੱਚ ਨੂੰ ਭਰਮ ਵਿੱਚ ਬਦਲਣ ਦੀ ਕ੍ਰਿਆ ਨੂੰ ਕੂੜਿਆਰ ਕ੍ਰਿਆ ਕਿਹਾ ਗਿਆ ਹੈ। ਗੁਰਬਾਣੀ ਦੇ ਇਸ ਫ਼ਰਮਾਨ ਵਿੱਚੋਂ ਇਸ ਭਾਵ ਨੂੰ ਦੇਖਿਆ ਜਾ ਸਕਦਾ ਹੈ: ਦੇ ਕੈ ਚਉਕਾ ਕਢੀ ਕਾਰ॥ ਉਪਰਿ ਆਇ ਬੈਠੇ ਕੂੜਿਆਰ॥ ਮਤੁ ਭਿਟੈ ਵੇ ਮਤੁ ਭਿਟੈ॥ ਇਹੁ ਅੰਨੁ ਅਸਾਡਾ ਫਿਟੈ॥ ਤਨਿ ਫਿਟੈ ਫੇੜ ਕਰੇਨਿ॥ ਮਨਿ ਜੂਠੈ ਚੁਲੀ ਭਰੇਨਿ॥ (ਪੰਨਾ 472)
ਸੰਗਤ ਅਤੇ ਪੰਗਤ ਤੋਂ ਬਾਅਦ, ਊਚ-ਨੀਚ, ਛੂਤ-ਛਾਤ ਦੇ ਭਰਮ ਤੋਂ ਛੁਟਕਾਰਾ ਦਿਵਾਉਣ ਲਈ ਪਹਿਲਾਂ ਬਾਉਲੀ ਅਤੇ ਬਾਅਦ ਵਿੱਚ ਸਰੋਵਰਾਂ ਦੀ ਉਸਾਰੀ ਕਰਵਾਈ ਗਈ ਸੀ। ਇਹ ਵੀ ਭਾਰਤ ਵਾਸੀਆਂ ਲਈ ਇੱਕ ਆਪਣੇ ਆਪ ਵਿੱਚ ਪਹਿਲਾ ਤਜਰਬਾ ਸੀ ਕਿ ਇੱਕ ਥਾਂ ਖਲੋਤੇ ਹੋਏ ਪਾਣੀ ਵਿੱਚ ਕਥਿੱਤ ਉੱਚੀ ਅਤੇ ਨੀਵੀਂ ਜਾਤ ਵਾਲੇ ਇਸ਼ਨਾਨ ਕਰਨ ਦੇ ਨਾਲ ਇਸ ਜਲ ਨਾਲ ਆਪਣੀਆਂ ਹੋਰ ਜ਼ਰੂਰਤਾਂ ਨੂੰ ਵੀ ਪੂਰਿਆਂ ਕਰ ਰਹੇ ਸਨ। ਗੁਰੂ ਅਰਜਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਅਤੇ ਸੰਪਾਦਨਾ ਕਰਾ ਕੇ ਆਪਣੀ ਅਤੇ ਆਪਣੇ ਤੋਂ ਪਹਿਲੇ ਗੁਰੂ ਸਾਹਿਬਾਨ ਦੀ ਬਾਣੀ ਦੇ ਨਾਲ ਕਥਿਤ ਉਚੀਆਂ ਅਤੇ ਨੀਵੀਆਂ ਜਾਤਾਂ ਨਾਲ ਸੰਬੰਧਤ ਭਗਤਾਂ ਦੀ ਬਾਣੀ ਵੀ ਸ਼ਾਮਲ ਕੀਤੀ ਹੈ। ਇਸ ਨੂੰ ਪੜ੍ਹਣ ਸੁਣਨ ਦੀ ਹਰੇਕ ਵਰਗ ਨੂੰ ਖੁਲ ਦਿੱਤੀ ਗਈ ਸੀ।
ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਦੀ ਪਾਹੁਲ ਦੀ ਬਖ਼ਸ਼ਸ਼ ਕਰਕੇ ਜਾਤ-ਪਾਤ ਆਦਿ ਦੇ ਭੇਦ-ਭਾਵ ਨੂੰ ਜੜ੍ਹੋਂ ਹੀ ਉਖੇੜ ਸੁਟਿਆ ਸੀ। ਇਹ ਪਾਹੁਲ, ਇੱਕੋ ਹੀ ਬਾਟੇ ਵਿੱਚ ਤਿਆਰ ਕਰਕੇ ਫਿਰ ਸਾਰਿਆਂ ਨੂੰ ਬਿਨਾਂ ਕਿਸੇ ਭਿੰਨ-ਭੇਦ ਇੱਕੋ ਜਿਹੀ ਛਕਾਈ ਗਈ ਸੀ। ਇਸ ਦੇ ਨਾਲ ਹੀ ਸਤਿਗੁਰੂ ਜੀ ਨੇ ਦਾਸ, ਚੰਦ, ਰਾਮ ਆਦਿ ਦੀ ਥਾਂ ‘ਸਿੰਘ’ ਦੀ ਉਪਾਧੀ ਬਖ਼ਸ਼ਸ਼ ਕੀਤੀ। ਭਾਰਤੀ ਸਮਾਜ ਵਿੱਚ ਨਾਵਾਂ ਤੋਂ ਵੀ ਮਨੁੱਖ ਦੀ ਉੱਚੀ ਨੀਵੀਂ ਜਾਤ ਦੀ ਪਛਾਣ ਹੁੰਦੀ ਸੀ। ਜਿਵੇਂ ਬ੍ਰਹਾਮਣ ਦੇ ਨਾਮ ਦੇ ਅੰਤ ਸ਼ਰਮਾ, ਖਤ੍ਰੀ ਦੇ ਨਾਮ ਨਾਲ ਵਰਮਾ, ਵੈਸ਼ ਦੇ ਨਾਮ ਗੁਪਤਾ ਅਤੇ ਸ਼ੂਦਰ ਦੇ ਨਾਮ ਦੇ ਅੰਤ ਦਾਸ ਆਦਿ ਸ਼ਬਦ ਦਾ ਹੋਣਾ ਜ਼ਰੂਰੀ ਹੈ। ਗੁਰੂ ਸਾਹਿਬ ਨੇ ਮਰਦ ਅਤੇ ਇਸਤ੍ਰੀ ਦੇ ਨਾਵਾਂ ਨਾਲ ‘ਸਿੰਘ’ ਅਤੇ ‘ਕੌਰ’ ਦੀ ਬਖ਼ਸ਼ਿਸ਼ ਕਰਕੇ ਊਚ-ਨੀਚ ਦੇ ਭੇਦ-ਭਾਵ ਵਾਲੀ ਧਾਰਨਾ ਉੱਤੇ ਕਰਾਰੀ ਅਤੇ ਆਖ਼ਰੀ ਚੋਟ ਮਾਰ ਕੇ ਜਨਮ ਤੋਂ ਹੀ ਕਿਸੇ ਨੂੰ ਉੱਚਾ ਜਾਂ ਨੀਵਾਂ ਸਮਝਣ ਦੀ ਧਾਰਨਾ ਨੂੰ ਜੜੋਂ ਹੀ ਉਖੇੜ ਕੇ ਖਾਰੇ ਸਮੁੰਦਰ ਵਿੱਚ ਸੁੱਟ ਦਿੱਤਾ। ਦਸਮੇਸ਼ ਪਾਤਸ਼ਾਹ ਨੇ ਆਪ ਵੀ ਆਪਣੇ ਨਾਮ ਨਾਲ ‘ਸਿੰਘ’ ਦੀ ਵਰਤੋਂ ਕਰਕੇ ਆਪਣੇ ਆਪ ਨੂੰ ਇਸ ਵਿੱਚ ਅਭੇਦ ਕਰ ਦਿੱਤਾ। ਭਾਵੇਂ ਸ਼ੁਰੂ ਵਿੱਚ ‘ਸਿੰਘ’ ਅਤੇ ‘ਕੌਰ’ ਖੰਡੇ ਦੀ ਪਾਹੁਲ ਲੈਣ ਵਾਲੇ ਇਸਤ੍ਰੀ ਅਤੇ ਪੁਰਸ਼ ਦੇ ਨਾਮ ਨਾਲ ਹੀ ਲਗਾਇਆ ਜਾਂਦਾ ਸੀ। ਇਹ ਹੀ ਕਾਰਨ ਹੈ ਕਿ ਖੰਡੇ ਦੀ ਪਾਹੁਲ ਲੈਣ ਵਾਲਾ ਹੀ ਪੁਰਸ਼ ਹੀ ‘ਸਿੰਘ’ ਅਖਵਾਉਂਦਾ ਸੀ। ਭਾਵ ਇਹ ਉਪਾਧੀ ਖੰਡੇ ਦੀ ਪਾਹੁਲ ਛਕਣ ਵਾਲਿਆਂ ਲਈ ਸੀ। ਖੰਡੇ ਦੀ ਪਾਹੁਲ ਲੈਣ ਵਾਲੇ ਇਸਤ੍ਰੀਆਂ ਅਤੇ ਮਰਦਾਂ ਨੇ ‘ਸਿੰਘ’ ਅਤੇ ‘ਕੌਰ’ ਸ਼ਬਦ ਨੂੰ ਗੁਰੂ ਬਖ਼ਸ਼ਸ਼ ਜਾਣ ਕੇ ਆਪਣੀ ਸੰਤਾਨ ਦੇ ਨਾਵਾਂ ਨਾਲ ਵੀ ਇਸ ਦੀ ਵਰਤੋਂ ਕਰਨਾ ਆਪਣਾ ਫ਼ਰਜ਼ ਸਮਝਿਆ। ਇਸ ਤਰ੍ਹਾਂ ਸਿੱਖ ਦੇ ਘਰ ਜਨਮ ਲੈਣ ਵਾਲੇ ਪੁਰਸ਼ ਦੇ ਨਾਮ ਨਾਲ ‘ਸਿੰਘ’ ਅਤੇ ਇਸਤ੍ਰੀ ਦੇ ਨਾਲ ਨਾਲ ‘ਕੌਰ’ ਸ਼ਬਦ ਦੀ ਵਰਤੋਂ ਹੋਣ ਲੱਗ ਪਈ, ਜੋ ਹੁਣ ਤੀਕ ਜਾਰੀ ਹੈ।
ਸਿੱਖ ਜਗਤ ਵਾਂਗ ਦੂਜਿਆਂ ਵਿੱਚ ਇਸਤ੍ਰੀ ਅਤੇ ਪੁਰਸ਼ ਦਾ ਪਹਿਲਾ ਨਾਮ ਇੱਕ ਸਮਾਨ ਨਹੀਂ ਹੈ; ਪੁਰਸ਼ ਦਾ ਵੱਖਰਾ ਹੈ ਅਤੇ ਇਸਤ੍ਰੀ ਦਾ ਵੱਖਰਾ ਹੈ। ਸਿੱਖ ਜਗਤ ਵਿੱਚ ਆਮ ਤੌਰ `ਤੇ ਇਸਤ੍ਰੀ ਅਤੇ ਪੁਰਸ਼ ਦਾ ਪਹਿਲਾ ਨਾਮ ਇਕੋ ਜਿਹਾ ਹੈ, ਜਿਵੇਂ ‘ਕਰਤਾਰ’, ‘ਦਇਆ’, ‘ਹਰਜੀਤ’, ਜਸਵੀਰ ਆਦਿ। ਪਹਿਲੇ ਨਾਮ ਦੇ ਪਿੱਛੇ ‘ਸਿੰਘ’ ਅਤੇ ‘ਕੌਰ’ ਤੋਂ ਹੀ ਪਤਾ ਚਲਦਾ ਹੈ ਕਿ ‘ਕਰਤਾਰ’, ‘ਦਇਆ’, ‘ਹਰਜੀਤ’ ਅਤੇ ਜਸਵੀਰ ਆਦਿ ਨਾਮ ਦਾ ਪ੍ਰਾਣੀ ਇਸਤ੍ਰੀ ਹੈ ਜਾਂ ਪੁਰਸ਼ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਇਸਤ੍ਰੀ ਅਤੇ ਪੁਰਸ਼ ਦੀ ਪਛਾਣ ਲਈ ਹੀ ਪੁਰਸ਼ ਦੇ ਨਾਮ ਨਾਲ ‘ਸਿੰਘ’ ਅਤੇ ਇਸਤ੍ਰੀ ਦੇ ਨਾਮ ਨਾਲ ‘ਕੌਰ’ ਦੀ ਉਪਾਧੀ ਪ੍ਰਦਾਨ ਕੀਤੀ ਸੀ। ਸਾਡੇ ਨਾਵਾਂ ਤੋਂ ਇਹ ਪਤਾ ਨਹੀਂ ਲਗਦਾ ਕਿ ਇਹ ਨਾਮ ਕਿਸੇ ਕਥਿਤ ਉੱਚੀ ਜਾਤ ਦੇ ਵਿਅਕਤੀ ਦਾ ਹੈ ਜਾਂ ਕਿਸੇ ਕਥਿੱਤ ਨੀਵੀਂ ਜਾਤ ਦੇ ਵਿਅਕਤੀ ਦਾ। ਉਦਾਹਰਣ ਵਜੋਂ ਜਗਤ ਸਿੰਘ ਤੋਂ ਇਹ ਪਤਾ ਨਹੀਂ ਲੱਗ ਸਕਦਾ ਕਿ ਇਹ ਵਿਅਕਤੀ ਕਿਸ ਜਾਤ ਜਾਂ ਗੋਤ ਨਾਲ ਸੰਬੰਧਤ ਹੈ।
ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹਨ ਕਿ ‘ਸਿੰਘ’ ਅਤੇ ‘ਕੌਰ’ ਸ਼ਬਦ ਦੀ ਵਰਤੋਂ ਗੁਰਮਤਿ ਪ੍ਰਕਾਸ਼ ਤੋਂ ਪਹਿਲਾਂ ਵੀ ਪ੍ਰਚਲਤ ਸੀ। ਪਰ ਇਹ ਸ਼ਬਦ ਵਿਸ਼ੇਸ਼ ਜਾਤੀ ਨਾਲ ਸੰਬੰਧਤ ਇਸਤ੍ਰੀ ਜਾਂ ਪੁਰਸ਼ਾਂ ਵਲੋਂ ਹੀ ਵਰਤੇ ਜਾਂਦੇ ਸਨ। ਆਮ ਤੌਰ `ਤੇ ਰਾਜਪੂਤ (ਪੁਰਸ਼) ਆਪਣੇ ਨਾਮ ਨਾਲ ‘ਸਿੰਘ’ ਲਗਾਉਂਦੇ ਸਨ, ਜਿਵੇਂ ਰਾਜਾ ਮਾਨ ਸਿੰਘ, ਬਿਸ਼ਨ ਸਿੰਘ ਆਦਿ। ਅੱਜ ਵੀ ਰਾਜਪੂਤ ਆਪਣੇ ਨਾਮ ਨਾਲ ‘ਸਿੰਘ’ ਸ਼ਬਦ ਦੀ ਵਰਤੋਂ ਕਰਦੇ ਹਨ। ਇਸੇ ਤਰ੍ਹਾਂ ਇਸਤ੍ਰੀਆਂ ਦੇ ਨਾਵਾਂ ਨਾਲ ‘ਕੌਰ’ ਸ਼ਬਦ ਦੀ ਵਰਤੋਂ ਵੀ ਕੀਤੀ ਜਾਂਦੀ ਸੀ, ਖ਼ਾਸ ਤੌਰ `ਤੇ ਖਤ੍ਰੀਆਂ ਵਿੱਚ ਕਈ ਇਸਤ੍ਰੀਆਂ ਦੇ ਨਾਵਾਂ ਨਾਲ ‘ਕੌਰ’ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਸੀ, ਜਿਵੇਂ ਦਇਆ ਕੌਰ, ਕ੍ਰਿਸ਼ਨ ਕੌਰ ਆਦਿ। ਪਰੰਤੂ ਸਿੱਖ ਜਗਤ ਵਿੱਚ ‘ਸਿੰਘ’ ਅਤੇ ‘ਕੌਰ’ ਕਿਸੇ ਵਿਸ਼ੇਸ਼ ਜਾਤ ਨਾਲ ਸੰਬੰਧਤ ਸਿੱਖ ਦੇ ਨਾਮ ਨਾਲ ਹੀ ਨਹੀਂ ਸਗੋਂ ਹਰੇਕ ਜਾਤ ਨਾਲ ਸੰਬੰਧਤ ਸਿੱਖ ਦੇ ਨਾਮ ਨਾਲ ਲਗਦਾ ਹੈ। ਇਸ ਦੇ ਨਾਲ ਹੀ ਇਹ ਸ਼ਬਦ ਗੁਰਮਤਿ ਦੀ ਜੀਵਨ-ਜੁਗਤ ਦੇ ਲਖਾਇਕ ਹਨ। ‘ਸਿੰਘ’ ਅਤੇ ‘ਕੌਰ’ ਕਿਸੇ ਵਿਸ਼ੇਸ਼ ਜਾਤ ਦੇ ਨਹੀਂ ਬਲਕਿ ਸਿੱਖ ਧਰਮ ਦੇ ਪੈਰੋਕਾਰਾਂ ਦੀ ਵਿਲੱਖਣ ਜੀਵਨ-ਜੁਗਤ ਦੇ ਲਖਾਇਕ ਹਨ।
ਕਈ ਸੱਜਣਾਂ ਦਾ ਇਹ ਮੰਨਣਾ ਹੈ ਕਿ ‘ਸਿੰਘ’ ਕੇਵਲ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਹੀ ਹੋਂਦ ਵਿੱਚ ਆਇਆ ਹੈ। ਇਸ ਤਰ੍ਹਾਂ ਦੀ ਧਾਰਨਾ ਰੱਖਣ ਵਾਲਿਆਂ ਅਨੁਸਾਰ ਰਾਜਪੂਤ ਆਪਣੇ ਨਾਮ ਨਾਲ ‘ਸਿੰਘ’ ਸ਼ਬਦ ਨਹੀਂ ‘ਸਿੰਹ’ ਸ਼ਬਦ ਦੀ ਵਰਤੋਂ ਕਰਦੇ ਸਨ। ਇਸ ਤਰ੍ਹਾਂ ਦੀ ਸੋਚ ਰੱਖਣ ਵਾਲੇ ਸੱਜਣਾਂ ਦੀ ਇਹ ਮਨੌਤ ਠੀਕ ਨਹੀਂ ਹੈ, ਚੂੰਕਿ ‘ਸਿੰਹ’ ਅਤੇ ‘ਸਿੰਘ’ ਦੋਹਾਂ ਦਾ ਇਕੋ ਹੀ ਅਰਥ ਹੈ: ਸ਼ੇਰ। ਇਸ ਤਰ੍ਹਾਂ ਦੀ ਧਾਰਨਾ ਰੱਖਣ ਵਾਲੇ ਸੱਜਣ ‘ਕੌਰ’ ਸ਼ਬਦ ਬਾਰੇ ਖ਼ਾਮੌਸ਼ ਹਨ। ਗੁਰਮਤਿ ਦੀ ਜੀਵਨ-ਜੁਗਤ ਵਿੱਚ ਇਸਤ੍ਰੀ ਅਤੇ ਮਰਦ ਵਿੱਚ ਸਮਾਨਤਾ ਦਾ ਭਾਵ ਹੈ। ਇਸ ਲਈ ਗੁਰਮਤਿ ਦੀ ਜੀਵਨ-ਜੁਗਤ ਵਿੱਚ ਧਾਰਮਕ ਖੇਤਰ ਵਿੱਚ ਵੀ ਇਸਤ੍ਰੀ ਜਾਤੀ ਨਾਲ ਕਿਸੇ ਤਰ੍ਹਾਂ ਦਾ ਕੋਈ ਵਿਤਕਾਰਾ ਨਹੀਂ ਹੈ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੇਵਲ ਮਰਦ ਹੀ ਨਹੀਂ ਸਗੋਂ ਇਸਤ੍ਰੀ ਵੀ ਬੈਠ ਕੇ ਪਾਠ, ਕਥਾ ਕੀਰਤਨ ਕਰ ਸਕਦੀ ਹੈ। ਧਰਮ ਦੀ ਦੁਨੀਆਂ ਵਿੱਚ ਅੱਜ ਵੀ ਇਹ ਆਪਣੀ ਕਿਸਮ ਦੀ ਨਿਵੇਕਲੀ ਮਿਸਾਲ ਹੈ ਕਿ ਪੰਜ ਪਿਆਰਿਆਂ ਵਿੱਚ ਇਸਤ੍ਰੀ ਵੀ ਸ਼ਾਮਲ ਹੋ ਜੁਗਤ ਦਾ ਵਰਤਾਉਣ ਦਾ ਹੱਕ ਹੈ। (ਇਹ ਗੱਲ ਵੱਖਰੀ ਹੈ ਕਿ ਪੰਥਕ ਫ਼ੈਸਲਾ ਹੋਣ ਦੇ ਬਾਵਜੂਦ ਵੀ ਇਸਤ੍ਰੀਆਂ ਨੂੰ ਜ਼ਿਆਦਾਤਰ ਸ਼ਾਮਲ ਨਹੀਂ ਕੀਤਾ ਜਾਂਦਾ ਪਰ ਸਿੱਖ ਰਹਿਤ ਮਰਯਾਦਾ ਵਿੱਚ ਇਸ ਦਾ ਸਪਸ਼ਟ ਉਲੇਖ ਕੀਤਾ ਹੋਇਆ ਹੈ ਕਿ ਪੰਜ ਪਿਆਰਿਆਂ ਵਿੱਚ ਇਸਤ੍ਰੀ ਵੀ ਸ਼ਾਮਲ ਹੋ ਸਕਦੀ ਹੈ।)
‘ਸਿੰਘ’ ਅਤੇ ‘ਕੌਰ’ ਸ਼ਬਦ ਦੀ ਸਿੱਖ ਸਾਹਿਤ ਵਿੱਚ ਭਾਵੇਂ ਕੋਈ ਵਿਆਖਿਆ ਕੀਤੀ ਤਾਂ ਨਹੀਂ ਮਿਲਦੀ ਪਰ ਆਮ ਤੌਰ `ਤੇ ‘ਸਿੰਘ’ ਦਾ ਅਰਥ ‘ਸ਼ੇਰ’ ਅਤੇ ‘ਕੌਰ’ ਦਾ ਅਰਥ ਕੁੰਵਰ ਕੀਤਾ ਜਾਂਦਾ ਹੈ। ਅਸਲ ਵਿੱਚ ਇਹ ਗੁਰੂ ਗੋਬਿੰਦ ਸਿੰਘ ਜੀ ਵਲੋਂ ਬਖ਼ਸ਼ਸ਼ ਕੀਤੀ ਹੋਈ ਉਪਾਧੀ ਹੈ ਜੋ ਖ਼ਾਲਸਾ ਦੇ ਪੰਥ ਰੂਪ ਪਰਵਾਰ ਦੀ ਪਰਵਾਰਿਕ ਇਕਾਈ ਦਾ ਲਖਾਇਕ ਹੈ। ਸਾਨੂੰ ਇਹ ਗੱਲ ਵੀ ਧਿਆਨ ਵਿੱਚ ਰੱਖਣ ਦੀ ਲੋੜ ਹੈ ਕਿ ‘ਸਿੰਘ’ ਜਾਂ ‘ਕੌਰ’ ਸਾਡੇ ਉਪਨਾਮ ਅਥਵਾ ਤਖ਼ਲਿਸ਼ ਨਹੀਂ ਹਨ। ‘ਸਿੰਘ’ ਅਤੇ ‘ਕੌਰ’ ਗੁਰੂ ਗੋਬਿੰਦ ਸਿੰਘ ਜੀ ਵਲੋਂ ਬਖ਼ਸ਼ਿਸ਼ ਕੀਤੀ ਹੋਈ ਉਪਾਧੀ ਸੀ। ਗੁਰਮਤਿ ਦੀ ਜੀਵਨ-ਜੁਗਤ ਨੂੰ ਅਪਣਾ ਕੇ ਇਸ ਉਪਾਧੀ ਨੂੰ ਹਾਸਲ ਕਰਨ ਵਾਲਿਆਂ ਨੇ ਆਪਣੀ ਸੰਤਾਨ ਦੇ ਨਾਵਾਂ ਨਾਲ ਵੀ ਇਸ ਉਪਾਧੀ ਨੂੰ ਗੁਰੂ ਬਖ਼ਸ਼ਸ਼ ਸਮਝ ਕੇ ਲਗਾਉਣਾ ਆਪਣਾ ਫ਼ਰਜ਼ ਸਮਝਿਆ ਸੀ।
ਅੱਜ ਸਿੱਖ ਜਗਤ ਵਿੱਚ ਇਸਤ੍ਰੀ ਅਤੇ ਪੁਰਸ਼ਾਂ ਵਲੋਂ ‘ਸਿੰਘ’ ਅਤੇ ‘ਕੌਰ’ ਸ਼ਬਦ ਦੀ ਵਰਤੋਂ ਕਰਨ ਤੋਂ ਸੰਕੋਚ ਕੀਤਾ ਜਾਣ ਲਗ ਪਿਆ ਹੈ। ਪਛਮੀ ਦੇਸ਼ਾਂ ਦੀ ਰੀਸ ਕਰਦਿਆਂ ਹੋਇਆਂ ‘ਸਿੰਘ’ ਜਾਂ ‘ਕੌਰ’ ਦੀ ਥਾਂ ਗੋਤ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਹੀ ਕਾਰਨ ਹੈ ਕਿ ਕਈ ਵਾਰ ਇਹ ਵੀ ਪਤਾ ਨਹੀਂ ਲਗਦਾ ਕਿ ਇਹ ਵਿਅਕਤੀ ਇਸਤ੍ਰੀ ਹੈ ਜਾਂ ਪੁਰਸ਼ ਹੈ। ਜਿਵੇਂ ਵਿਆਹ ਦੇ ਕਾਰਡਾਂ `ਤੇ ਆਮ ਤੌਰ `ਤੇ ਇਹ ਹੀ ਲਿਖਿਆ ਹੁੰਦਾ ਹੈ ਕਿ ਰਮਨਜੀਤ ਪ੍ਰਭਦੀਪ ਜਾਂ ਪ੍ਰਭਦੀਪ ਰਮਨਜੀਤ। ਅਸੀ ਆਪਣੀ ਗੋਤ ਤੇ ਬੜਾ ਮਾਣ ਕਰਦੇ ਹਾਂ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਸਾਨੂੰ ਉਪਾਧੀ ਪ੍ਰਦਾਨ ਕੀਤੀ ਹੈ ਉਸ ਨੂੰ ਆਪਣੇ ਨਾਮ ਨਾਲ ਵਰਤਣ ਤੋਂ ਵੀ ਸੰਕੋਚ ਕਰਦੇ ਹਾਂ। ਆਓ! ਅਸੀਂ ਗੁਰੂ ਸਾਹਿਬ ਵਲੋਂ ਬਖ਼ਸ਼ਸ਼ ਕੀਤੀ ਹੋਈ ਉਪਾਧੀ ਤੇ ਮਾਣ ਕਰਦੇ ਹੋਏ ਹਮੇਸ਼ਾਂ ਹੀ ਇਸ ਦੀ ਆਪਣੇ ਨਾਮ ਨਾਲ ਵਰਤੋਂ ਕਰੀਏ। ਇਸ ਦੇ ਨਾਲ ਹੀ ਇਹ ਹਮੇਸ਼ਾਂ ਹੀ ਚੇਤੇ ਰਖੀਏ ਕਿ ਗੁਰੂ ਸਾਹਿਬ ਨੇ ਸਾਨੂੰ ਕਿਹੋ ਜਿਹੀ ਜੀਵਨ-ਜੁਗਤ ਬਖ਼ਸ਼ੀ ਹੈ। ਗੁਰੂ ਸਾਹਿਬ ਦੀ ਅਸਲ ਖ਼ੁਸ਼ੀ ਗੁਰੂ ਕੇ ਹੁਕਮ ਨੂੰ ਮੰਨਣ ਵਿੱਚ ਹੀ ਹੈ।
‘ਸਿੰਘ’ ਜਾਂ ‘ਕੌਰ’ ਸ਼ਬਦ ਦੀ ਵਰਤੋਂ ਤੋਂ ਸੰਕੋਚ ਸਾਡੀ ਆਤਮਕ ਕਮਜ਼ੋਰੀ ਦਾ ਲਖਾਇਕ ਹੈ। ਜੇਕਰ ਅਸੀਂ ਆਤਮਕ ਤੌਰ `ਤੇ ਕਮਜ਼ੋਰ ਨਾ ਹੋਈਏ ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਕੋਈ ਸਿੱਖ ਆਪਣੇ ਅਹੁਦੇ ਜਾਂ ਖ਼ਾਨਦਾਨ ਆਦਿ ਦਾ ਜ਼ਿਕਰ ਤਾਂ ਬਹੁਤ ਫ਼ਕਰ ਨਾ ਕਰੇ ਪਰ ਗੁਰੂ ਗੋਬਿੰਦ ਸਿੰਘ ਜੀ ਵਲੋਂ ਬਖ਼ਸ਼ਸ਼ ਕੀਤੀ ਹੋਈ ਉਪਾਧੀ ਨੂੰ ਆਪਣੇ ਨਾਮ ਨਾਲ ਵਰਤਣੋਂ ਵੀ ਸੰਕੋਚ ਕਰੇ; ਇਸ ਦੀ ਵਰਤੋਂ ਕਰਨ ਵਿੱਚ ਇਸ ਨੂੰ ਹੀਣ-ਭਾਵ ਮਹਿਸੂਸ ਹੋਵੇ।
ਜੇਕਰ ਕਿਧਰੇ ਸਾਨੂੰ ਆਪਣੇ ਨਾਮ ਨਾਲ ਗੋਤ ਦੀ ਵਰਤੋਂ ਕਰਨੀ ਪੈ ਰਹੀ ਹੈ ਤਾਂ ਉੱਥੇ ਕਿਸੇ ਤਰ੍ਹਾਂ ਦਾ ਹਠ ਕਰਨ ਦੀ ਲੋੜ ਨਹੀਂ ਹੈ। ਚੂੰਕਿ ਬਾਹਰਲੇ ਮੁਲਕਾਂ ਖ਼ਾਸ ਤੌਰ `ਤੇ ਪਛਮੀ ਮੁਲਕਾਂ ਵਿਖੇ ਪਹਿਲਾ ਨਾਮ ਅਤੇ ਗੋਤ ਵਰਤਣ ਦਾ ਹੀ ਕਾਲਮ ਹੁੰਦਾ ਹੈ। ਇਸ ਲਈ ਅਜਿਹਾ ਨਹੀਂ ਹੈ ਕਿ ਜੇਕਰ ਕੋਈ ਵਿਅਕਤੀ ਆਪਣੇ ਨਾਮ ਨਾਲ ਗੋਤ ਦੀ ਵਰਤੋਂ ਕਰ ਰਿਹਾ ਹੈ ਤਾਂ ਉਹ ਕੋਈ ਬਹੁਤ ਵੱਡੀ ਭੁੱਲ ਕਰ ਰਿਹਾ ਹੈ। ਇਸ ਲਈ ਅਸਲ ਭੁੱਲ ਕਿਸੇ ਵਲੋਂ ਜਨਮ ਤੋਂ ਹੀ ਆਪਣੇ ਆਪ ਨੂੰ ਉੱਚਾ ਮੰਨ ਲੈਣ ਦੇ ਭਰਮ ਵਿੱਚ ਹੈ। ਗੁਰਮਤਿ ਦੀ ਜੀਵਨ-ਜੁਗਤ ਦੀ ਇਹ ਵਿਸ਼ੇਸ਼ਤਾ ਹੈ ਕਿ ਵੱਖ ਵੱਖ ਜਾਤਾਂ ਗੋਤਾਂ ਨਾਲ ਸੰਬੰਧਤ ਪ੍ਰਾਣੀਆਂ ਨੂੰ ਨਾ ਤਾਂ ਆਪਣੇ ਉੱਚੇ ਹੋਣ ਦਾ ਗੁਮਾਨ ਹੈ ਅਤੇ ਨਾ ਹੀ ਕਿਸੇ ਨੂੰ ਕਥਿਤ ਨੀਵੀਂ ਜਾਤ ਨਾਲ ਸੰਬੰਧਤ ਹੋਣ ਨਾਲ ਹੀਨ ਭਾਵ ਦਾ ਅਹਿਸਾਸ ਹੈ। ਇੱਥੇ ਸਾਰੇ ‘ਸਿੰਘ’ ਅਤੇ ‘ਕੌਰ’ ਅਰਥਾਤ ਇਕੋ ਹੀ ਗੁਰੂ ਪਰਵਾਰ ਨਾਲ ਸੰਬੰਧਤ ਹਨ।
ਇਹ ਠੀਕ ਹੈ ਕਿ ਅਸੀਂ ਕੇਵਲ ‘ਸਿੰਘ’ ਜਾਂ ‘ਕੌਰ’ ਦੀ ਉਪਾਧੀ ਦੀ ਵਰਤੋਂ ਕਰ ਕੇ ਹੀ ਗੁਰੂ ਕੀਆਂ ਖ਼ੁਸ਼ੀਆਂ ਦੇ ਪਾਤਰ ਨਹੀਂ ਬਣ ਸਕਦੇ। ਗੁਰਦੇਵ ਦੀਆਂ ਖ਼ੁਸ਼ੀਆਂ ਦੇ ਪਾਤਰ ਬਣਨ ਲਈ ਗੁਰੂ ਸਾਹਿਬਾਨ ਵਲੋਂ ਬਖ਼ਸ਼ਸ਼ ਕੀਤੀ ਹੋਈ ਜੀਵਨ-ਜੁਗਤ ਨੂੰ ਆਪਣਾਉਣ ਦੀ ਲੋੜ ਹੈ। ਪਰ ਅਸੀਂ ਆਪਣੀ ਪਛਾਣ ਨੂੰ ਬਰਕਰਾਰ ਰੱਖਣ ਵਿੱਚ ਆਪਣਾ ਯੋਗ ਦਾਨ ਜ਼ਰੂਰ ਪਾ ਸਕਦੇ ਹਾਂ। ਆਪਣੀ ਆਉਣ ਵਾਲੀ ਸੰਤਾਨ ਤੀਕ ਆਪਣੀ ਪਛਾਣ ਨੂੰ ਬਰਕਰਾਰ ਰੱਖ ਸਕਦੇ ਹਾਂ। ਜੇਕਰ ਅਸੀਂ ‘ਸਿੰਘ’ ਅਤੇ ‘ਕੌਰ’ ਦੀ ਅਹਿਮੀਅਤ ਨੂੰ ਨਹੀਂ ਸਮਝਿਆ ਤਾਂ ਹੋ ਸਕਦਾ ਕਿ ਸਾਡੀ ਆਉਣ ਵਾਲੀ ਸੰਤਾਨ ਆਪਣੇ ਇਸ ਨਾਮ ਦਾ ਪਿਛੋਕਛ ਜਾਣਨ ਦੀ ਉਤਸੁਕਤਾ ਨਾਲ, ਆਪਣੇ ਗੌਰਵਮਈ ਵਿਰਸਾ ਨੂੰ ਪਛਾਣ ਕੇ, ਇਸ ਦੀਆਂ ਕਦਰਾਂ-ਕੀਮਤਾਂ ਨੂੰ ਅਪਣਾ ਲਵੇ। ਕੁੱਝ ਉਸੇ ਤਰ੍ਹਾਂ ਹੀ ਜਿਵੇਂ ਆਪਣੀ ਮਾਂ ਨਾਲੋਂ ਵਿਛੁੜਿਆ ਹੋਇਆ ਸ਼ੇਰ ਦਾ ਬੱਚਾ, ਭੇਡਾਂ ਵਿੱਚ ਰਹਿਣ ਕਾਰਨ, ਆਪਣੇ ਆਪ ਨੂੰ ਭੇਡ ਹੀ ਸਮਝਣ ਲੱਗ ਪੈਂਦਾ ਹੈ। ਪਰੰਤੂ ਇੱਕ ਦਿਨ ਇੱਕ ਸ਼ੇਰ ਦੇ ਯਾਦ ਕਰਾਉਣ `ਤੇ ਉਹ ਆਪਣੇ ਆਪ ਨੂੰ ਪਛਾਣਨ `ਚ ਕਾਮਯਾਬ ਹੁੰਦਾ ਹੈ। ‘ਸਿੰਘ’ ਅਤੇ ‘ਕੌਰ’ ਦੇ ਨਾਲ ਸਾਡੀ ਉਸ ਜੀਵਨ-ਜੁਗਤ ਦਾ ਸੰਬੰਧ ਹੈ ਜੋ ਗੁਰੂ ਸਾਹਿਬਾਨ ਨੇ ਸਾਨੂੰ ਬਖ਼ਸ਼ਸ਼ ਕੀਤੀ ਹੈ। ਇਸ ਲਈ ਇਹ ਕੇਵਲ ਨਾਮ ਮਾਤਰ ਹੀ ਨਹੀਂ ਸਗੋਂ ਗੁਰੂ ਵਲੋਂ ਆਪਣੇ ਸਿੱਖ ਨੂੰ ਬਖ਼ਸ਼ਸ਼ ਕੀਤੀ ਹੋਈ ਉਪਾਧੀ ਹੈ ਜੋ ਸਤਿਗੁਰੂ ਜੀ ਨੇ ਬੜੇ ਹੀ ਮਾਣ ਨਾਲ ਸਾਨੂੰ ਪ੍ਰਦਾਨ ਕੀਤੀ ਸੀ।
ਇਹ ਉਪਨਾਮ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਬਖ਼ਸ਼ਿਆ ਹੈ। ਸਾਡੇ ਵਡੇਰਿਆਂ ਨੇ ਆਪਣਾ ਆਪ ਵਾਰ ਕੇ ਗੁਰੂ ਪਾਸੋਂ ਇਹ ਬਖ਼ਸ਼ਸ ਹਾਸਲ ਕੀਤੀ ਸੀ, ਸਾਨੂੰ ਤਾਂ ਇਹ ਉਪਾਧੀ ਕੇਵਲ ਉਹਨਾਂ ਦੇ ਵੰਸ਼ੀ ਹੋਣ ਕਾਰਨ ਹੀ ਵਿਰਸੇ ਵਿੱਚ ਮਿਲੀ ਹੈ। ਗੋਤ ਦਾ ਸੰਬੰਧ ਤਾਂ ਸਾਡੇ ਪਰਵਾਰ ਨਾਲ ਹੈ, ਪਰ ‘ਸਿੰਘ’ ਜਾਂ ‘ਕੌਰ’ ਸਾਨੂੰ ਗੁਰੂ ਕੁਲ ਨਾਲ ਜੋੜਦਾ ਹੈ। ਇਹ ਇਸ ਗੱਲ ਦਾ ਲਖਾਇਕ ਹੈ ਕਿ ਭਾਵੇਂ ਅਸੀਂ ਭਿੰਨ ਭਿੰਨ ਜਾਤ-ਪਾਤ ਆਦਿ ਨਾਲ ਸੰਬੰਧਤ ਹਾਂ, ਪਰ ਹਾਂ ਇਕੋ ਪਰਵਾਰ ਦੇ ਮੈਂਬਰ; ਕੋਈ ਜਨਮ ਤੋਂ ਹੀ ਨਾ ਤਾਂ ਉੱਚਾ ਹੈ ਅਤੇ ਨਾ ਹੀ ਕੋਈ ਨੀਵਾਂ ਹੈ।
ਗੁਰੂ ਗ੍ਰੰਥ ਸਾਹਿਬ ਵਿੱਚ ‘ਸੋਢੀ ਸ੍ਰਿਸ੍ਟਿ ਸਕਲ ਤਾਰਣ ਕਉ ਅਬ ਗੁਰ ਰਾਮਦਾਸ ਕਉ ਮਿਲੀ ਬਡਾਈ’ ਵਾਲੇ ਫ਼ਰਮਾਨ ਵਿੱਚ ਕਿਸੇ ਜਾਤ ਨੂੰ ਛੁਟਿਆਉਣ ਜਾਂ ਵਡਿਆਉਣ ਦੀ ਭਾਵਨਾ ਨਹੀਂ ਹੈ। ਇਸ ਤਰ੍ਹਾਂ ਦੇ ਫ਼ਰਮਾਨਾਂ ਵਿੱਚ ਇਹ ਦਰਸਾਇਆ ਗਿਆ ਹੈ ਕਿ ਸਾਰੇ ਹੀ ਇਕੋ ਪਰਵਾਰ ਨਾਲ ਸੰਬੰਧਤ ਹਨ। ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਭਾਵੇਂ ਕ੍ਰਮਵਾਰ ਵੇਦੀ, ਤ੍ਰੇਹਣ, ਭੱਲੇ ਅਤੇ ਸੋਢੀ ਹਨ ਪਰ ਹਨ ਇਕੋ ਹੀ ਜੋਤ ਤੇ ਜੁਗਤ ਦੇ ਧਾਰਨੀ। ਇਹੋ ਜਿਹੇ ਫ਼ਰਮਾਨਾਂ ਵਿੱਚ ਅਨੇਕਤਾ ਵਿੱਚ ਏਕਤਾ ਦਾ ਅਦਭੁੱਤ ਦ੍ਰਿਸ਼ ਦੇਖਣ ਨੂੰ ਮਿਲਦਾ ਹੈ।
ਇਹ ਸ਼ਾਇਦ ਸਿੱਖ ਪੰਥ ਵਿੱਚ ਹੀ ਧਾਰਨਾ ਹੈ ਕਿ ਸਿੱਖ ਦਾ ਅੱਧਾ ਨਾਲ ਨਹੀਂ ਲੈਣਾ; ਅੱਧੇ ਨਾਮ ਤੋਂ ਭਾਵ ਕੇਵਲ ਇਸਤ੍ਰੀ ਜਾਂ ਪੁਰਸ਼ ਦਾ ਕੇਵਲ ਪਹਿਲਾਂ ਨਾਮ ਲੈਣਾ ਹੈ। ਰਹਿਤਨਾਮਿਆਂ ਦੇ ਇਹ ਸ਼ਬਦ ਇਸ ਪਹਿਲੂ ਉੱਤੇ ਰੋਸ਼ਨੀ ਪਾਉਂਦੇ ਹਨ:
ਅੰਤ ਵਿੱਚ ਖ਼ਾਲਸਾ ਪੰਥ ਦੀ ਇਸ ਪੱਖੋਂ ਦੀਨ ਦਸਾਂ ਦੇਖ ਕੇ ਗਿਆਨੀ ਦਿੱਤ ਸਿੰਘ ਜੀ ਦੇ ਹਿਰਦੇ ਵਿੱਚੋਂ ਨਿਕਲੀ ਹੋਈ ਹੂਕ ਦਾ ਵਰਣਨ ਕਰਕੇ ਇਸ ਲੇਖ ਨੂੰ ਸਮਾਪਤ ਕਰ ਰਹੇ ਹਾਂ:
ਕੌਣ ਸਿੱਖ ਹੁੰਦੇ ਹੋ ਭਾਈ? ਮੈਂ ਅਰੋੜਾ ਇਹ ਹੈ ਨਾਈ। ਤੇਰੀ ਸਿੰਘਾ ਕੀ ਹੈ ਜਾਤ? ਨਾਮਾ ਬੰਸੀ ਛੀਂਬਾ ਭ੍ਰਾਤ। ਤੇਰਾ ਦੁਧ ਕੌਣ ਹੈ ਪਯਾਰੇ? ਅਸੀਂ ਸਿੰਘ ਹਾਂ ਜੱਟ ਕਰਾਰੇ। ਤੇਰਾ ਜਨਮ ਕਿੰਨ੍ਹਾਂ ਦੇ ਘਰ ਦਾ? ਮੈਂ ਹਾਂ ਮਹਿਰਾ ਪਾਣੀ ਭਰਦਾ। ਤੈਂ ਨਾ ਦਸਿਆ ਅਪਨਾ ਹਾਲ? ਆਹਲੂਵਾਲੇ ਅਸੀਂ ਕਲਾਲ। ਤੂੰ ਵੀ ਅਪਨਾ ਗੋਤ ਬਖਾਣ? ਕਾਰੀਗਰ ਹਾਂ ਅਸੀਂ ਤਖਾਣ। ਤੁਸਾਂ ਕਿੰਨ੍ਹਾਂ ਘਰ ਵਾਸਾ ਲੀਆ? ਬ੍ਰਾਹਮਣ ਜਨਮ ਰੱਬ ਨੇ ਦੀਆ। ਕੀ ਕੁੱਝ ਕਰਦੇ ਤੇਰੇ ਘਰ ਦੇ? ਹੈਨ ਖੱਤਰੀ ਹੱਟੀ ਕਰਦੇ। ਤੈਂ ਕਹੁ ਚੁੱਪ ਭਲੀ ਕਿਉਂ ਕੀਤੀ? ਜਾਤ ਸਾਈਣੀ ਆਪਾਂ ਲੀਤੀ। ਤੂੰ ਬੀ ਕਹੁ ਅਪਨਾ ਅਲਸੇਟਾ। ਮੈਂ ਰੰਘਰੇਟਾ ਗੁਰੂ ਕਾ ਬੇਟਾ। ਤੈਂ ਕੀ ਜੁਦੀ ਲਗਾਈ ਤਾੜੀ? ਰਵਿਦਾਸ ਭਗਤ ਦੀ ਹਾਂ ਮੈਂ ਵਾੜੀ। ਤੈਂ ਨਾ ਦਸਿਆ ਗੋਤ ਪਿਆਰੇ? ਮਾਈ ਪੋਤਰੇ ਹਾਂ ਸੁਨਿਆਰੇ। ਕਹਿ ਦੇਇ ਝਬਦੇ ਤੂੰ ਵੀ ਕੁਝ? ਨਾਉਂ ਰਹਿਤੀਏ ਸਾਡਾ ਬੁੱਝ। ਤੇਰੀ ਕੀ ਹੈ ਜਾਤ ਸਿਆਣੇ? ਬਚਿੱਤ੍ਰ ਸਿੰਘੀਏ ਸਿੰਘ ਲੁਬਾਣੇ। ਤੁਸੀਂ ਬੈਠ ਕਿਉਂ ਰਹੇ ਇਕੱਲੇ? ਹਮ ਸਿੱਖ ਹੈਂ ਬਾਵੇ ਭੱਲੇ। ਕਹੋ ਆਪ ਵੀ ਕੋਈ ਬਾਤੀ? ਹਮ ਭੀ ਬਾਵੇ ਤੇਹੁਣ ਜਾਤੀ। ਤੂੰ ਕਯਾ ਬੈਠਾ ਪਾਈ ਝੰਬੇਲਾ? ਬੇਦੀ ਬਾਵਾ ਸਮਝ ਸੁਹੇਲਾ। ਕੌਣ ਪਿੰਡ ਦੇ ਰਹਿਨੇ ਹਾਰਾ? ਭੱਗੂ ਪੁਰ ਹੈ ਨਗਰ ਹਮਾਰਾ। ਮਾਈ ਤੇਰੀ ਦਾ ਕਯਾ ਨਾਉਂ? ਭਾਗੋ ਸੱਦੇ ਸਭ ਗਿਰਾਉਂ। ਨਾਉਂ ਬਾਪ ਦਾ ਦੇਹੁ ਬਤਾਇ? ਸੇਜੂ ਤੈਨੂੰ ਕਿਹਾ ਸੁਣਾਇ।”
ਗਿਆਨੀ ਜੀ ਨੇ ਫਿਰ ਖ਼ਾਲਸੇ ਪੰਥ ਦੀ ਇਸ ਸੋਚ ਦਾ ਹਿਰਦੇ ਵੇਧਕ ਸ਼ਬਦਾਂ ਵਿੱਚ ਇਉਂ ਬਿਆਨ ਕੀਤਾ ਹੈ:
“ਜੇ ਕੋਈ ਗੁਰੂ ਦਾ ਲਾਲ ਕਰਾਰਾ ਦਿਲ ਕਰਕੇ ਆਖ ਵੀ ਦੇਵੇ ਕਿ ਮੈਂ ਸਿੰਘ ਹਾਂ ਜੋ ਸਭ ਤੋਂ ਉੱਤਮ ਕੌਮ ਹੈ, ਤਦ ਲੋਕ ਆਖਦੇ ਹਨ ਦੇਖੋ ਯਾਰ ਭੂੰਡੀ ਮਹਿਰੇ ਦਾ ਪੁੱਤ੍ਰ, ਜਿਸ ਦਾ ਨਾਉਂ ਡੋਗਰ ਹੈ ਆਪਣੀ ਜਾਤ ਲੁਕਾਉਂਦਾ ਹੈ, ਭੱਠ ਝੋਕਦਾ ਅੱਜ ਸਿੰਘ ਬਣ ਬੈਠਾ ਹੈ ਅਤੇ ਉਸ ਨੂੰ ਆਖਦੇ ਹਨ ਕਿ “ਬੈਠ ਭੜੂਏ ਦਾ ਭੜੀਆ ਜਾਤਿ ਨਹੀਂ ਛਿਪਾਈ ਦੀ।” (ਨਕਲੀ ਸਿੱਖ ਪ੍ਰਬੋਧ ਵਿਚੋਂ)
ਜਿੱਥੇ ਸਾਨੂੰ ਆਪਣੇ ਵਿੱਚ ਆਈਆਂ ਹੋਰ ਕਮਜ਼ੋਰੀਆਂ ਤੋਂ ਉਪਰ ਉਠਣ ਦੀ ਲੋੜ ਹੈ ਉੱਥੇ ‘ਸਿੰਘ’ ਅਤੇ ਕੌਰ’ ਸ਼ਬਦ ਤੋਂ ਮੂੰਹ ਮੋੜਨ ਵਾਲੀ ਵਾਦੀ ਤੋਂ ਵੀ ਛੁਟਕਾਰਾ ਪਾਉਣ ਲਈ ਹੰਭਲਾ ਮਾਰਨ ਦੀ ਲੋੜ ਹੈ। ਸਾਨੂੰ ਆਪ ਇਸ ਸ਼ਬਦ ਦੀ ਮਹੱਤਤਾ ਨੂੰ ਸਮਝ ਕੇ ਫਿਰ ਦੂਜਿਆਂ ਨੂੰ ਵੀ ਇਸ ਦੀ ਮਹੱਤਤਾ ਤੋਂ ਜਾਣੂੰ ਕਰਾਉਣ ਦੀ ਜ਼ਰੂਰਤ ਹੈ। ਅਸੀਂ ਆਪਣੇ ਨਾਵਾਂ ਨਾਲ ਆਪਣੀ ਗੋਤ ਦੀ ਵਰਤੋਂ ਕਰਕੇ ਫ਼ਖਰ ਕਰਨ ਦੀ ਥਾਂ ‘ਸਿੰਘ’ ਜਾਂ ‘ਕੌਰ’ ਦੀ ਵਰਤੋਂ ਕਰ ਕੇ ਮਾਣ ਮਹਿਸੂਸ ਕਰੀਏ। ‘ਸਿੰਘ’ ਅਤੇ ‘ਕੌਰ’ ਗੁਰਮਤਿ ਦੀ ਜੀਵਨ-ਜੁਗਤ ਦੇ ਲਖਾਇਕ ਹਨ। ਇਸ ਜੀਵਨ-ਜੁਗਤ ਵਿੱਚ ਆਪਣੀ ਵਿਲੱਖਣਤਾ ਦਾ ਅਭਿਮਾਨ ਨਹੀਂ ਹੈ; ਪਰੰਤੂ ਇਸ ਵਿਲੱਖਣਤਾ ਦਾ ਫ਼ਖ਼ਰ ਜ਼ਰੂਰ ਹੈ। ਇਹ ਫ਼ਖ਼ਰ ਦਾ ਆਧਾਰ ਸਿੱਖ ਦਾ ਆਪਾ ਨਹੀਂ ਬਲਕਿ ਗੁਰੂ ਸਾਹਿਬਾਨ ਵਲੋਂ ਬਖ਼ਸ਼ਿਸ਼ ਕੀਤੀ ਜੀਵਨ-ਜੁਗਤ ਹੈ। ਇਸ ਜੀਵਨ-ਜੁਗਤ ਵਿੱਚ ਨਾ ਹੀ ਆਪਣੇ ਆਪ ਨੂੰ ਸ੍ਰੇਸ਼ਟ ਸਮਝ ਕੇ ਦੂਜਿਆਂ ਨੂੰ ਘਿਰਣਤ ਨਿਗਾਹਾਂ ਨਾਲ ਦੇਖਣ ਦਾ ਉਮਾਹ ਹੈ ਅਤੇ ਨਾ ਹੀ ਦੂਜਿਆਂ ਨੂੰ ਛੁਟਿਆਉਣ ਦਾ ਹੈ। ਗੁਰਬਾਣੀ ਦੀ ਜੀਵਨ-ਜੁਗਤ ਤਾਂ ‘ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ’ ਦਾ ਅਦਰਸ਼ ਹੀ ਦ੍ਰਿੜ ਕਰਾਉਂਦੀ ਹੈ। ‘ਸਿੰਘ’ ਅਤੇ ‘ਕੌਰ’ ਇਸ ਜੀਵਨ-ਜੁਗਤ ਦਾ ਹੀ ਜ਼ਾਹਰਾ ਰੂਪ ਵਿੱਚ ਪ੍ਰਗਟਾਵਾ ਹਨ।




.