.

ਅਖੀਰਲੀ ਹਿਕਾਇਤ?

ਅਖੌਤੀ ਦਸਮ-ਗ੍ਰੰਥ ਦੇ ਅਖੀਰ ਵਿੱਚ ਗਿਆਰਾਂ ਹਿਕਾਇਤਾਂ ਅੰਕਿਤ ਕੀਤੀਆਂ ਹੋਈਆਂ ਹਨ। ਅਖੀਰਲੀ ਹਿਕਾਇਤ ਇੰਜ ਵਰਣਨ ਕੀਤੀ ਹੋਈ ਹੈ, ਜਿਸ ਨੂੰ ਇਸ ਗ੍ਰੰਥ ਦੇ ਭੋਗ ਸਮੇਂ ਪਾਠੀ ਸਿੰਘ ਭੀ ਪੜ੍ਹਦੇ ਹੋਣਗੇ ਅਤੇ ਸੰਗਤ ਸੁਣਦੀ ਹੋਵੇਗੀ:

{ਹਵਾਲਾ: ਸ੍ਰੀ ਦਸਮ-ਗ੍ਰੰਥ ਸਾਹਿਬ: ਪਾਠ-ਸੰਪਾਦਨ ਅਤੇ ਵਿਆਖਿਆ, ਡਾ. ਰਤਨ ਸਿੰਘ ਜੱਗੀ ਤੇ ਡਾ. ਗੁਰਸ਼ਰਨ ਕੌਰ ਜੱਗੀ, ਭਾਗ ਪੰਜਵਾਂ (ਪਹਿਲੀ ਵਾਰ: ਖ਼ਾਲਸਾ ਤੀਜੀ ਜਨਮ ਸ਼ਤਾਬਦੀ ੧੩ ਅਪ੍ਰੈਲ ੧੯੯੯) ਪ੍ਰਕਾਸ਼ਕ: ਗੋਬਿੰਦ ਸਦਨ ਇੰਸਟੀਚਿਊਟ ਫਾਰ ਐਡਵਾਂਸਡ ਸਟੱਡੀਜ਼ ਇਨ ਕੰਪੈਰੇਟਿਵ ਰਿਲੀਜਨ, ਗਦਾਈਪੁਰ, ਮਹਿਰੌਲੀ, ਨਵੀਂ ਦਿਲੀ-੧੧੦੦੩੦}

ਰਜ਼ਾ ਬਖ਼ਸ਼ ਬਖ਼ਸ਼ਿੰਦਏ ਬੇਸ਼ੁਮਾਰ। ਰਿਹਾਈ ਦਿਹੋ ਪਾਕ ਪਰਵਰਦਗਾਰ। ੧। ਰਹੀਮੋ ਕਰੀਮੋ ਕਮੀਨੋ ਮਕਾਂ। ਅਜ਼ੀਮੋ ਫ਼ਹੀਮੋ ਜ਼ਮੀਨੋ ਜ਼ਮਾਂ। ੨।

ਅਰਥ: ਉਹ ਪਰਮਾਤਮਾ ਆਨੰਦ-ਦਾਇਕ, ਬੇਸ਼ੁਮਾਰ ਬਖ਼ਸ਼ਿਸ਼ਾਂ ਕਰਨ ਵਾਲਾ, ਪ੍ਰਤਿਪਾਲਨਾ ਕਰਨ ਵਾਲਾ ਅਤੇ ਸੰਸਾਰਿਕ ਬੰਧਨਾਂ ਤੋਂ ਛੁੜਵਾਉਣ ਵਾਲਾ ਹੈ। ੧। ਉਹ ਪ੍ਰਭੂ ਰਹਿਮ ਕਰਨ ਵਾਲਾ, ਕ੍ਰਿਪਾ ਕਰਨ ਵਾਲਾ, ਮਕਾਨਾਂ ਵਾਲਾ, ਮਕਾਨਾਂ ਵਿੱਚ ਵਿਆਪਣ ਵਾਲਾ, ਮਹਾਨ ਅਤੇ ਧਰਤੀ ਤੋਂ ਆਕਾਸ਼ ਵਿਚਲੇ ਭੇਦਾਂ ਨੂੰ ਸਮਝਣ ਵਾਲਾ ਹੈ। ੨।

ਸ਼ੁਨੀਦਮ ਸੁਖ਼ਨ ਕੋਹ ਕੈਬਰ ਅਜ਼ੀਮ। ਕਿ ਅਫ਼ਗਾਂ ਯਕੇ ਬੂਦ ਓ ਜਾ ਰਹੀਮ। ੩। ਯਕੇ ਬਾਨੂਏ ਬੂਦ ਓ ਹਮ ਚੁ ਮਾਹ। ਕੁਨਦ ਦੀਦਨ ਸ਼ਰਿਸ਼ਤ ਗ਼ਰਦਨ ਜ਼ਿ ਸ਼ਾਹ। ੪।

ਅਰਥ: ਮੈਂ ਵੱਡੇ ਖ਼ੈਬਰ ਪਰਬਤ ਦੀ ਇਹ ਕਥਾ ਸੁਣੀ ਹੈ ਕਿ ਉਥੇ ਇੱਕ ਰਹੀਮ ਨਾਂ ਦਾ ਅਫ਼ਗ਼ਾਨ ਰਹਿੰਦਾ ਸੀ। ੩। ਉਸ ਦੇ ਘਰ ਇੱਕ ਚੰਦ੍ਰਮਾ ਵਰਗੀ ਸੁੰਦਰ ਇਸਤਰੀ ਸੀ। ਉਸ ਨੂੰ ਵੇਖ ਕੇ ਬਾਦਸ਼ਾਹਾਂ ਦੀਆਂ ਗਰਦਨਾਂ ਵੀ ਝੁਕ ਜਾਂਦੀਆਂ ਸਨ। ੪।

ਦੋ ਅਬਰੂ ਚੁ ਅਬਰੇ ਬਹਾਰਾਂ ਕੁਨਦ। ਬਮਿਯਗਾਂ ਚੁ ਅਜ਼ ਤੀਰ ਬਾਰਾਂ ਕੁਨਦ। ੫। ਰੁਖ਼ੇ ਚੂੰ ਖ਼ਲਾਸੀ ਦਿਹਦ ਮਾਹਿ ਰਾਂ। ਬਹਾਰੇ ਗੁਲਿਸਤਾਂ ਦਿਹਦ ਸ਼ਾਹਿ ਰਾਂ। ੬।

ਅਰਥ: ਉਸ ਦੇ ਦੋਵੇਂ ਭਰਵੱਟੇ ਬਰਖਾ ਦੇ ਬਦਲਾਂ ਵਾਂਗ (ਕਾਲੇ) ਸਨ ਅਤੇ ਪਲਕਾਂ ਵਿਚੋਂ (ਨੈਣਾਂ ਦੇ) ਤੀਰ ਦੀ ਬਰਖਾ ਹੋ ਰਹੀ ਸੀ। ੫। ਉਸ ਦਾ ਮੁਖੜਾ ਚੰਦ੍ਰਮਾ ਨੂੰ ਵੇਖਣ ਤੋਂ ਖ਼ਲਾਸ ਕਰ ਦਿੰਦਾ ਸੀ। ਉਹ ਬਾਦਸ਼ਾਹਾਂ ਦੇ ਮੁਖੜਿਆਂ ਨੂੰ ਬਸੰਤ ਵਾਂਗ ਖਿੜਾ ਦਿੰਦਾ ਸੀ। ੬।

ਬ ਅਬਰੂ ਕਮਾਨੇ ਸ਼ੁਦਾ ਨਾਜ਼ਨੀਂ। ਬ ਚਸ਼ਮਸ਼ ਜ਼ਨਦ ਕੈਬਰੈ ਕਹਰਗੀਂ। ੭। ਬ ਮਸਤੀ ਦਿਹਦ ਹਮ ਚੁਨੀ ਰੂਇ ਮਸਤ। ਗੁਲਿਸਤਾਂ ਕੁਨਦ ਬੂੰ ਸ਼ੋਹੀਦ ਦਸਤ। ੮।

ਅਰਥ: ਉਸ ਇਸਤਰੀ ਦੇ ਭਰਵੱਟੇ ਕਮਾਨ ਦੇ ਸਮਾਨ ਸਨ। ਉਸ ਦੇ ਨੈਣ ਕਹਿਰ ਭਰੇ ਤੀਰ ਮਾਰਦੇ ਸਨ। ੭। ਉਸ ਦਾ ਮਸਤ ਮੁਖੜਾ ਵੇਖਣ ਵਾਲੇ ਨੂੰ ਮਸਤ ਕਰ ਦਿੰਦਾ ਸੀ। ਉਸ ਦਾ ਵੇਖਣਾ ਉਜਾੜ ਅਤੇ ਕੱਲਰੀ ਧਰਤੀ ਨੂੰ ਬਾਗ਼ ਵਿੱਚ ਬਦਲ ਦਿੰਦੀ ਸੀ। ੮।

ਖ਼ੁਸ਼ੇ ਖ਼ੁਸ਼ ਜਮਾਲੋ ਕਮਾਲੋ ਹੁਸਨ। ਬ ਸੂਰਤ ਜਵਾਨਸਤ ਫ਼ਿਕਰੇ ਕੁਹਨ। ੯। ਯਕੇ ਹੁਸਨ ਖ਼ਾਂ ਬੂਦ ਓ ਜਾ ਫ਼ਗਾਂ। ਬਦਾਨਸ਼ ਹਮੀ ਬੂਦ ਅਕਲਸ਼ ਜਵਾਂ। ੧੦।

ਅਰਥ: ਉਹ ਬਹੁਤ ਖ਼ੂਬਸੂਰਤ ਸੀ। ਉਸ ਦਾ ਮੁਖੜਾ ਸੁੰਦਰਤਾ ਨਾਲ ਭਰਪੂਰ ਸੀ। ਉਹ (ਭਾਵੇਂ) ਜਵਾਨ ਸੂਰਤ ਵਾਲੀ ਸੀ ਪਰ ਸੋਚ ਵਜੋਂ ਉਹ ਪ੍ਰਾਚੀਨ ਸੀ। (ਭਾਵ- ਸੋਚ ਵਜੋਂ ਉਹ ਪੁਰਾਣੇ ਤਜਰਬਾਕਾਰਾਂ ਵਾਲੀ ਗੱਲ ਕਰਦੀ ਸੀ। ੯। ਉਥੇ ਇੱਕ ਹਸਨ ਖ਼ਾਨ ਨਾਂ ਦਾ ਅਫ਼ਗਾਨ ਰਹਿੰਦਾ ਸੀ। ਉਸ ਦੀ ਬੁੱਧੀ ਅਤੇ ਅਕਲ ਜਵਾਨ ਸਨ। ੧੦।

ਕੁਨਦ ਦੋਸਤੀ ਬਾ ਹਮਹ ਯਕ ਦਿਗਰ। ਕਿ ਲੈਲੀ ਵ ਮਜਨੂੰ ਖ਼ਿਜ਼ਲ ਗਸ਼ਤ ਸਰ। ੧੧। ਚੁ ਬਾ ਯਕ ਦਿਗਰ ਹਮ ਚੁਨੀ ਗਸ਼ਤ ਮਸਤ। ਚੁ ਪਾ ਅਜ਼ ਰਕਾਬੋ ਇਨਾ ਰਫ਼ਤ ਦਸਤ। ੧੨।

ਅਰਥ: ਉਹ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸਨ। ਉਨ੍ਹਾਂ ਦੇ ਪਿਆਰ ਨੂੰ ਵੇਖ ਕੇ ਲੈਲਾ ਅਤੇ ਮਜਨੂੰ ਵੀ ਸ਼ਰਮਸ਼ਾਰ ਹੁੰਦੇ ਸਨ। ੧੧। ਉਹ ਇੱਕ ਦੂਜੇ ਪ੍ਰਤਿ ਪ੍ਰੇਮ ਵਿੱਚ ਇਤਨੇ ਮਗਨ ਹੋ ਗਏ ਕਿ ਉਨ੍ਹਾਂ ਦੇ ਪੈਰਾਂ ਵਿਚੋਂ ਰਕਾਬਾਂ ਅਤੇ ਹੱਥਾਂ ਵਿਚੋਂ ਲਗ਼ਾਮਾਂ ਛੁਟ ਗਈਆਂ (ਅਰਥਾਤ- ਹੋਸ਼ ਹਵਾਸ ਖੋਹ ਬੈਠੇ)। ੧੨।

ਤਲਬ ਕਰਦ ਓ ਖ਼ਾਨਏ ਖ਼ਿਲਵਤੇ। ਮਿਯਾਂ ਆਮਦਸ਼ ਜੋ ਬਦਨ ਸ਼ਹਵਤੇ। ੧੩। ਹਮੀਂ ਜੁਫ਼ਤ ਖ਼ੁਰਦੰਦ ਦੁ ਸੇ ਚਾਰ ਮਾਹ। ਖ਼ਬਰ ਕਰਦ ਜੋ ਦੁਸ਼ਮਨੇ ਨਿਜ਼ਦ ਸ਼ਾਹ। ੧੪।

ਅਰਥ: ਉਸ ਨੇ ਪ੍ਰੇਮੀ ਨੂੰ ਆਪਣੇ ਘਰ ਇਕਲਿਆਂ ਬੁਲਾਇਆ। ਉਨ੍ਹਾਂ ਦੋਹਾਂ ਦੇ ਸ਼ਰੀਰ ਵਿੱਚ ਕਾਮ ਦਾ ਵੇਗ ਛਾ ਗਿਆ। ੧੩। ਉਨ੍ਹਾਂ ਨੂੰ ਇਕੱਠਿਆਂ ਰਹਿੰਦਿਆਂ ਜਦੋਂ ਦੋ ਚਾਰ ਮਹੀਨੇ ਲੰਘ ਗਏ, ਤਾਂ ਉਨ੍ਹਾਂ ਦੇ ਕਿਸੇ ਵੈਰੀ ਨੇ ਬਾਦਸ਼ਾਹ ਨੂੰ ਖ਼ਬਰ ਕਰ ਦਿੱਤੀ। ੧੪।

ਬ ਹੈਰਤ ਦਰਾਂਮਦ ਫ਼ਗਾਨੇ ਰਹੀਮ। ਕਸ਼ੀਦਨ ਯਕੇ ਤੇਗ਼ ਗਰਰਾਂ ਅਜ਼ੀਮ। ੧੫। ਚੁ ਖ਼ਬਰਸ਼ ਰਸੀਦੋ ਕਿ ਆਮਦ ਸ਼ੌਹਰ। ਹੁਮਾਂ ਯਾਰ ਖ਼ੁਦ ਰਾ ਬਿਜ਼ਦ ਤੇਗ਼ ਸਰ। ੧੬।

ਅਰਥ: (ਇਹ ਖ਼ਬਰ ਸੁਣ ਕੇ) ਰਹੀਮ ਖ਼ਾਨ ਪਠਾਣ ਹੈਰਾਨ ਹੋ ਗਿਆ। ਉਸ ਨੇ ਇੱਕ ਤਲਵਾਰ ਨੂੰ ਮਿਆਨ ਵਿਚੋਂ ਖਿਚ ਲਿਆ ਅਤੇ ਬਹੁਤ ਜ਼ੋਰ ਨਾਲ ਗਜਿਆ। ੧੫। ਉਸ ਇਸਤਰੀ ਨੂੰ ਜਦ ਪਤਾ ਲਗਿਆ ਕਿ ਉਸ ਦਾ ਪਤੀ ਆ ਰਿਹਾ ਹੈ, ਤਾਂ ਉਸ ਨੇ ਤਲਵਾਰ ਨਾਲ ਆਪਣੇ ਯਾਰ ਦਾ ਸਿਰ ਵਖ ਕਰ ਦਿੱਤਾ। ੧੬।

ਹਮਹਿ ਗੋਸ਼ਤੋ ਦੇਗ਼ ਅੰਦਰ ਨਿਹਾਦ। ਮਸਾਲਯ ਬਿਅੰਦਾਖ਼ਤ ਆਤਸ਼ ਬਿਦਾਦ। ੧੭। ਸ਼ੌਹਰ ਰਾ ਖ਼ੁਰਾਨੀਦ ਬਾਕੀ ਬਿਮਾਂਦ। ਹਮਹ ਨੌਕਰਾਂ ਰਾ ਜ਼ਿਆਫ਼ਤ ਕੁਨਾਦ। ੧੮।

ਅਰਥ: ਉਸ ਨੇ ਯਾਰ ਦਾ ਮਾਸ ਦੇਗ ਅੰਦਰ ਪਾ ਦਿੱਤਾ ਅਤੇ ਮਸਾਲੇ ਪਾ ਕੇ (ਹੇਠਾਂ) ਅੱਗ ਬਾਲ ਦਿੱਤੀ। ੧੭। (ਪਹਿਲਾਂ ਉਹ ਮਾਸ) ਘਰ ਵਾਲੇ ਨੂੰ ਖਵਾਇਆ ਅਤੇ ਬਾਕੀ ਬਚ ਰਹੇ ਨਾਲ ਨੌਕਰਾਂ ਨੂੰ ਪ੍ਰੇਮ-ਭੋਜ ਕਰਵਾਇਆ। ੧੮।

ਚੁ ਖ਼ੁਸ਼ ਗਸ਼ਤ ਸ਼ੌਹਰ ਨ ਦੀਦਸ਼ ਚੁ ਨਰ। ਬਕੁਸ਼ਤਾਂ ਕਸੇ ਰਾ ਕਿ ਦਾਦਸ਼ ਖ਼ਬਰ। ੧੯। ਬਿਦਿਹ ਸਾਕੀਯਾ ਸਾਗ਼ਰੇ ਸਬਜ਼ ਗੂੰ। ਕਿ ਮਾਰਾ ਬਕਾਰਸਤ ਜੰਗ ਅੰਦਰੂੰ। ੨੦।

ਅਰਥ: ਜਦੋਂ (ਉਥੇ) ਕੋਈ ਹੋਰ ਮਰਦ ਨ ਦਿਸਿਆ, ਤਾਂ ਪਤੀ ਖ਼ੁਸ਼ ਹੋ ਕੇ ਪਰਤ ਗਿਆ ਅਤੇ ਉਸ ਬੰਦੇ ਨੂੰ ਮਾਰ ਦਿੱਤਾ, ਜਿਸ ਨੇ ਇਹ ਖ਼ਬਰ ਦਿੱਤੀ ਸੀ। ੧੯। ਹੇ ਸਾਕੀ! ਮੈਨੂੰ ਹਰੇ ਰੰਗ (ਦੀ ਸ਼ਰਾਬ) ਦਾ ਪਿਆਲਾ ਦੇ, ਜੋ ਮੈਨੂੰ ਜੰਗ ਵਿੱਚ ਲੋੜੀਂਦਾ ਹੈ। ੨੦।

ਲਬਾਲਬ ਬਕੁਨ ਦਮ ਬਦਮ ਨੋਸ਼ ਕੁਨ। ਗ਼ਮੇ ਹਰ ਦੁ ਆਲਮ ਫ਼ਰਾਮੋਸ਼ ਕੁਨ। ੨੧। ੧੨। * * * * ਅਰਥ: ਉਹ ਪਿਆਲਾ ਕੰਢੇ ਤਕ ਭਰਿਆ ਹੋਵੇ ਜਿਸ ਨੂੰ ਮੈਂ ਹਰ ਵੇਲੇ ਪੀਂਦਾ ਰਹਾਂ ਅਤੇ ਦੋਹਾਂ ਜਹਾਨਾਂ ਦੇ ਗ਼ਮਾਂ ਨੂੰ ਭੁਲਾ ਦਿਆਂ। ੨੧। ੧੨। * * * * *

ਅਪਣੀ ਕਿਤਾਬ: “ਦਸਮ ਗ੍ਰੰਥ ਦਰਪਣ (ਦਸਮ ਗ੍ਰੰਥ ਨਿਰਣੈ) ਵਿੱਚ ਕਰਤਾ ਗਿਆਨੀ ਭਾਗ ਸਿੰਘ, ਅੰਬਾਲਾ (ਪਹਿਲੀ ਵਾਰ: ੧੯੭੬ ਅਤੇ ਦੂਜੀ ਵਾਰ: ੨੦੦੧) ਦੇ ਪੰਨਾ ੧੦੨ ਉਪਰ ਲਿਖਦੇ ਹਨ: ‘ਕੁਰਬਾਨ ਜਾਈਏ ਇਸ ਸ਼ਾਇਰ’ ਤੋਂ ਜੋ ਅੱਖ ਦੇ ਪਲਕਾਰੇ ਵਿੱਚ ਹਸਨਖ਼ਾਨ ਨੂੰ ਵੱਢ ਕੇ ਉਸਦਾ ਖੂਨ ਅਤੇ ਹੱਡੀ-ਪਸਲੀ ਜਾਂ ਵਾਲ ਆਦਿਕ ਉਸੇ ਵੇਲੇ ਕਿਨਾਰੇ ਲਾ ਕੇ ਗੋਸ਼ਤ ਵੀ ਖਾ-ਖੁਵਾ ਦਿੰਦਾ ਹੈ, ਹਾਲਾਂਕਿ ਇਹ ਘਟਨਾ ਸੁਪਨੇ ਵਿੱਚ ਵੀ ਵੇਖੀ ਜਾਵੇ ਤਾਂ ਵੀ ਕੁੱਝ ਨਾ ਕੁੱਝ ਵਕਤ ਜ਼ਰੂਰ ਲਗ ਜਾਂਦਾ ਹੈ। ਇਵੇਂ ਹੀ, ਚਰਿਤ੍ਰੋਪਾਖਿਆਨ ਦਾ ਚਰਤ੍ਰਿ ਨੰਬਰ ੨੨੧ ਜਿਸ ਦੇ ਕੇਵਲ ੭ ਬੰਦ ਹਨ, ਦੁਆਰਾ ਵੀ ਇਸ ਅਖੀਰਲੀ ਹਿਕਾਇਤ ਦਾ ਵਰਣਨ ਕੀਤਾ ਹੋਇਆ ਹੈ! ਇੰਜ ਹੀ, ਹੋਰ ਹਿਕਾਇਤਾਂ ਦੁਆਰਾ ਵੀ ਇਸ ਤਰ੍ਹਾਂ ਦੇ ਇੱਸ਼ਕ-ਪੇਚੇ, ਹਰੀ ਸ਼ਰਾਬ ਦੇ ਪਿਆਲੇ ਅਤੇ ਪੋਸਤ ਦੇ ਡੋਡਿਆਂ ਦਾ ਜ਼ਿਕਰ ਕੀਤਾ ਹੋਇਆ ਹੈ।

ਪਰ, ਸਮਝ ਨਹੀਂ ਆ ਰਹੀ ਕਿ ਐਸੇ ਅਖੌਤੀ ਦਸਮ-ਗ੍ਰੰਥ ਦੇ ਪਾਠ, ਸਿਮਰਨ ਕਰਨ ਦੁਆਰਾ ਸਿੱਖ ਪ੍ਰਬੰਧਕਾਂ, ਪੁਜਾਰੀਆਂ, ਪ੍ਰਚਾਰਕਾਂ ਅਤੇ ਅੰਧਵਿਸ਼ਵਾਸੀ ਸ਼ਰਧਾਲੂਆਂ ਨੂੰ ਕਿਹੜਾ ਗੁਰਮਤਿ-ਗਿਆਨ ਪਰਾਪਤ ਹੁੰਦਾ ਹੈ? ਜਦੋਂ ਹੋਰ ਕੌਮਾਂ ਦੇ ਲੋਕ ਐਸੇ ਗ੍ਰੰਥ ਨੂੰ ਪੜ੍ਹਦੇ ਹੋਣਗੇ, ਉਹ ਤਾਂ ਇਹ ਹੀ ਕਹਿਣਗੇ ਕਿ ਸਿੱਖ, ਲਚਰ ਕਹਾਣੀਆਂ ਅਤੇ ਨਸ਼ੇ ਵਰਤਣ ਲਈ ਉਕਸਾਉਣ ਵਾਲੀਆਂ ਰਚਨਾਂਵਾਂ ਦਾ ਗੁਰਦੁਆਰਿਆਂ ਵਿਖੇ ਪਾਠ ਕਰਦੇ ਹਨ। ਵੈਸੇ ਵੀ, ਇਸ ਦੇ ਲਿਖਾਰੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੋਈ ਅਤੇ ਨਾ ਹੀ ਇਹ ਪਤਾ ਚਲਦਾ ਹੈ ਕਿ ਇਹ ਹਿਕਾਇਤਾਂ ਕਦੋਂ ਲਿਖੀਆਂ ਗਈਆਂ ਸਨ? ਇਸ ਬਾਰੇ ਹੋਰ ਜਾਣਕਾਰੀ ਕਰਨ ਦੀ ਲੋੜ ਹੈ, ਜਿਵੇਂ (੧) ਕੀ ਇਸ ਦਾ ਪਾਠ ਕਰਨ ਵਾਲਿਆਂ ਵਿੱਚ ਕੋਈ ਸਿੱਖ ਬੀਬੀ ਵੀ ਹੁੰਦੀ ਹੈ? (੨) ਇਸ ਵਿਚੋਂ ‘ਹੁਕਮ/ਵਾਕ’ ਕਿਵੇਂ ਲੈਂਦੇ ਹਨ ਕਿਉਂਕਿ ਦਸਮ-ਗ੍ਰੰਥ ਦੀਆਂ ਰਚਨਾਵਾਂ, ਕਿਸੇ ਰਾਗ ਜਾਂ ਮਹਲਾ ੧੦ ਤੋਂ ਤਾਂ ਅਰੰਭ ਨਹੀਂ ਹੁੰਦੀਆਂ ਅਤੇ ਨਾ ਹੀ “ਨਾਨਕ” ਨਾਂ ਨਾਲ ਸਮਾਪਤ ਹੁੰਦੀਆਂ ਹਨ? (੩) ਜੇ ਵਾਕ ਚੌਬੀਸ ਅਵਤਾਰ ਜਾਂ ਚਰਿਤ੍ਰੋਪਾਖੀਯਨ ਵਿਚੋਂ ਆ ਜਾਵੇ ਤਾਂ ਕੀ ਕਰਦੇ ਹਨ? (੪) ਭੋਗ ਦੀ ਸਮਾਪਤੀ ਸਮੇਂ ਕੀਰਤਨ ਅਤੇ ਕਥਾ ਕਿਸ ਬਾਣੀ ਦੀ ਕਰਦੇ ਹਨ? (੫) ਕੀ ਅਨੰਦ ਸਾਹਿਬ ਦਾ ਗਾਇਨ ਵੀ ਕੀਤਾ ਜਾਂਦਾ ਹੈ? (੬) ਅਰਦਾਸ ਕਿਹੜੀ ਕੀਤੀ ਜਾਂਦੀ ਹੈ? (੭) ਕੀ ਐਸੇ ਸਮਾਗਮਾਂ ਸਮੇਂ ਉਸ ਹਾਲ ਵਿੱਚ “ਗੁਰੂ ਗਰੰਥ ਸਾਹਿਬ” ਦਾ ਪਰਕਾਸ਼ ਵੀ ਕੀਤਾ ਹੁੰਦਾ ਹੈ? (੮) ਕੀ ਕੜਾਹ ਪ੍ਰਸ਼ਾਦ ਦੀ ਥਾਂ, ਸੰਗਤ ਨੂੰ ਸਾਕੀ ਰਾਹੀਂ ਹੋਰ ਕਿਸੇ ਵਸਤੂ ਦਾ ਪ੍ਰਸ਼ਾਦ ਦਿੱਤਾ ਜਾਂਦਾ ਹੈ ਜਿਵੇਂ ਕਿ ਇਨ੍ਹਾਂ ਹਿਕਾਇਤਾਂ ਦੇ ਅਖੀਰ ਵਿੱਚ ਵਰਣਨ ਕੀਤਾ ਹੋਇਆ ਹੈ? (੯) ਜੇ ਦਸਮ-ਗ੍ਰੰਥ ਦਾ ਪ੍ਰਚਾਰ ਕਰਨਾ ਹੁਣ ਜ਼ਰੂਰੀ ਹੋ ਗਿਆ ਹੈ ਤਾਂ ਇਸ ਨੂੰ ੧੯੩੪ ਅਤੇ ੧੯੪੨ ਵਿੱਚ ਕਿਉਂ ਬੰਦ ਕਰ ਦਿੱਤਾ ਸੀ? (੧੦) ਕੀ “ਦੀ ਸਿੱਖ ਗੁਰਦੁਆਰਾਜ਼ ਐਕਟ ੧੯੨੫ ਅਤੇ ਸਿੱਖ ਰਹਤ ਮਰਯਾਦਾ ੧੯੪੫” ਵਿੱਚ ਦਸਮ-ਗ੍ਰੰਥ ਦੇ ਪਾਠ ਜਾਂ ਇਸ ਦਾ ਪ੍ਰਚਾਰ ਕਰਨ ਲਈ ਕੋਈ ਹਦਾਇਤ ਕੀਤੀ ਹੋਈ ਹੈ?

ਦੇਖੋ, ਗੁਰੂ ਗਰੰਥ ਸਾਹਿਬ ਦਾ ਪੰਨਾ ੯੩੮, ਰਾਮਕਲੀ ਮਹਲਾ ੧ ਸਿਧ ਗੋਸਟਿ॥

“ਸੁਣਿ ਸੁਆਮੀ ਅਰਦਾਸਿ ਹਮਾਰੀ ਪੂਛਉ ਸਾਚੁ ਬੀਚਾਰੋ॥ ਰੋਸੁ ਨ ਕੀਜੈ ਉਤਰੁ ਦੀਜੈ ਕਿਉ ਪਾਈਐ ਗੁਰ ਦੁਆਰੋ॥ ਇਹੁ ਮਨੁ ਚਲਤਉ ਸਚ ਘਰਿ ਬੈਸੈ ਨਾਨਕ ਨਾਮੁ ਅਧਾਰੋ॥ ਆਪੇ ਮੇਲਿ ਮਿਲਾਏ ਕਰਤਾ ਲਾਗੈ ਸਾਚਿ ਪਿਆਰੋ॥ ੬॥”

ਖਿਮਾ ਦਾ ਜਾਚਕ,

ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ): ੩ ਮਾਰਚ ੨੦੧੩
.