.

ਸਿੱਖੀ ਸੰਭਾਲ ਸਿੰਘਾ! (ਕਿਸ਼ਤ ਛੇਵੀਂ)

ਸਿੱਖ ਧਰਮ

ਸਿਖ-ਧਰਮ ਵੀ ਹੈ ਅਤੇ ਲਹਿਰ ਵੀ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

(ਵਿਸ਼ੇ ਦਾ ਪੂਰਾ ਲਾਭ ਲੈਣ ਲਈ, ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

ਖੰਡ ਤੀਜਾ (ਸਿੱਖ ਲਹਿਰ ਤੇ ਸਾਡਾ ਫ਼ਰਜ਼)

ਸੰਸਾਰ ਦੇ ਸਿੱਖ ਧਰਮ ਵੱਲ, ਵਧਦੇ ਕਦਮ- ਅਰੰਭ `ਚ ਹੀ ਸਪਸ਼ਟ ਕੀਤਾ ਜਾ ਚੁੱਕਾ ਹੈ ਕਿ ਗੁਰਦੇਵ ਨੇ ਗੁਰਬਾਣੀ ਦੀ ਰਚਨਾ ਕੇਵਲ ਕੁੱਝ ਲੋਕਾਂ ਲਈ ਨਹੀਂ, ਬਲਕਿ ਸਮੂਚੇ ਮਨੁੱਖ ਮਾਤ੍ਰ ਦੇ ਉਧਾਰ ਲਈ ਕੀਤੀ ਹੈ। ਇਸੇ ਲਈ ਗੁਰਬਾਣੀ ਦੇ ਆਦੇਸ਼ ਤੇ ਸੰਦੇਸ਼ ਵੀ ਸਮੂਚੇ ਮਨੁੱਖ ਮਾਤ੍ਰ ਲਈ ਹਨ, ਨਾ ਕਿ ਕੁੱਝ ਲੋਕਾਂ ਲਈ। ਜਦਕਿ ਇਸ ਤੋਂ ਪਿਛਲੇ ਖੰਡ `ਚ, ਬੇਸ਼ੱਕ ਇਸ਼ਾਰੇ ਮਾਤ੍ਰ ਹੀ ਸਹੀ, ਫ਼ਿਰ ਵੀ ਕੁੱਝ ਅਜਿਹੇ ਗੁਰਬਾਣੀ ਸਿਧਾਂਤਾਂ ਦੇ ਦਰਸ਼ਨ ਕਰ ਚੁੱਕੇ ਹਾਂ ਜਿਵੇਂ:

(i) “ਸੋ ਸਿਖੁ ਸਦਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ” (ਪੰ: ੬੦੧)

() “ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ॥ ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ॥ ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ. . …” (ਪੰ: ੩੦੫)

(i) “ਉਪਦੇਸੁ ਜਿ ਦਿਤਾ ਸਤਿਗੁਰੂ ਸੋ ਸੁਣਿਆ ਸਿਖੀ ਕੰਨੇ॥ ਜਿਨ ਸਤਿਗੁਰ ਕਾ ਭਾਣਾ ਮੰਨਿਆ ਤਿਨ ਚੜੀ ਚਵਗਣਿ ਵੰਨੇ॥ ਇਹ ਚਾਲ ਨਿਰਾਲੀ ਗੁਰਮੁਖੀ ਗੁਰ ਦੀਖਿਆ ਸੁਣਿ ਮਨੁ ਭਿੰਨੇ” (ਪੰ: ੩੧੪)

(iv) “ਜਿਨਾ ਗੁਰੁ ਪਿਆਰਾ ਮਨਿ ਚਿਤਿ ਤਿਨਾ ਭਾਉ ਗੁਰੂ ਦੇਵਾਈਆ॥ ਗੁਰ ਸਿਖਾ ਇਕੋ ਪਿਆਰੁ ਗੁਰ ਮਿਤਾ ਪੁਤਾ ਭਾਈਆ” (ਪੰ: ੬੪੮) ਅਦਿ।

ਬਲਕਿ ਸਿੱਖ ਦੀ ਜੀਵਨ ਰਹਿਣੀ ਪ੍ਰਤੀ ਵੀ ਜਿਵੇਂ: ਇਤਨਾ ਹੀ ਨਹੀਂ ਗੁਰੂ ਕੇ ਸਿੱਖ ਦੀ ਜੀਵਨ ਰਹਿਣੀ ਕੀ ਹੋਣੀ ਹੈ ਅਥਵਾ ਸਿੱਖ ਦੇ ਅੰਦਰ ਸਿੱਖੀ ਜੀਵਨ ਕਿਹੋ ਜਿਹਾ ਹੋਣਾ ਹੈ ਉਸ ਬਾਰੇ ਵੀ ਕੁੱਝ ਗੁਰਬਾਣੀ ਫ਼ੁਰਮਾਣ ਲੈ ਚੁੱਕੇ ਹਾਂ ਜਿਵੇਂ:

(i) ਸਿਖੀ ਸਿਖਿਆ ਗੁਰ ਵੀਚਾਰਿ॥ ਨਦਰੀ ਕਰਮਿ ਲਘਾਏ ਪਾਰਿ” (ਪੰ: ੪੬੫)

() ਭਰਤਾ ਕਹੈ ਸੁ ਮਾਨੀਐ ਏਹੁ ਸੀਗਾਰੁ ਬਣਾਇ ਰੀ॥ ਦੂਜਾ ਭਾਉ ਵਿਸਾਰੀਐ ਏਹੁ ਤੰਬੋਲਾ ਖਾਇ ਰੀ” (ਪੰ: ੪੦੦)

(i) “ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ॥ ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ” (ਪੰ: ੪੮੮)

(iv) “ਗੁਰ ਕੀ ਮਤਿ ਤੂੰ ਲੇਹਿ ਇਆਨੇ॥ ਭਗਤਿ ਬਿਨਾ ਬਹੁ ਡੂਬੇ ਸਿਆਨੇ॥ ਹਰਿ ਕੀ ਭਗਤਿ ਕਰਹੁ ਮਨ ਮੀਤ॥ ਨਿਰਮਲ ਹੋਇ ਤੁਮਾੑਰੋ ਚੀਤ” (ਪੰ: ੨੮੮)

(v) ਗੁਰੂ ਸਮੁੰਦੁ ਨਦੀ ਸਭਿ ਸਿਖੀ ਨਾਤੈ ਜਿਤੁ ਵਡਿਆਈ” (ਪੰ: ੧੫੦) ਇਤਿਆਦਿ।

ਗਹੁ ਨਾਲ ਵਾਚਿਆ ਜਾਵੇ ਤਾਂ ਇਨ੍ਹਾਂ ਸਾਰੇ ਫ਼ੁਰਮਾਨਾਂ `ਚੋਂ ਇੱਕ ਵੀ ਫ਼ੁਰਮਾਨ ਅਜਿਹਾ ਨਹੀਂ ਜਿਸ `ਤੇ ਕਿ ਜੇਕਰ ਕੋਈ ਸਿੱਖ ਅਮਲ ਕਰੇਗਾ ਤਾਂ ਉਸ ਦਾ ਲਾਭ ਉਸੇ ਨੂੰ ਹੋਵੇਗਾ ਅਤੇ ਜੇ ਕੋਈ ਦੂਜਾ ਕਰੇਗਾ ਤਾਂ ਉਸ ਨੂੰ ਉਸਦਾ ਲਾਭ ਨਹੀਂ ਹੋਵੇਗਾ। ਇਨ੍ਹਾਂ ਚੋਂ ਇੱਕ ਵੀ ਫ਼ੁਰਮਾਨ ਅਜਿਹਾ ਨਹੀਂ ਜਿਹੜਾ ਕੇਵਲ ਕੁੱਝ ਲੋਕਾਂ ਲਈ ਸੀਮਤ ਹੋਵੇ; ਬਲਕਿ ਇਨ੍ਹਾਂ ਸਾਰੇ ਫ਼ੁਰਮਾਨਾਂ ਚੋਂ ਵੀ ਸਮੂਚੇ ਮਨੁੱਖ ਮਾਤ੍ਰ ਦੇ ਹੀ ਦਰਸ਼ਨ ਹੁੰਦੇ ਹਨ ਅਤੇ ਇਹ ਸੇਧ ਸਮੂਚੇ ਮਨੁੱਖ ਮਾਤ੍ਰ ਲਈ ਵੀ ਹੈ। ਇਹ ਵੱਖਰੀ ਗੱਲ ਹੈ, ਅੱਜ ਜੇਕਰ ਘਟੋ ਘਟ ਕੇਵਲ ਸਿੱਖਾਂ ਦਾ ਅਮਲ ਹੀ ਇਨ੍ਹਾਂ ਗੁਰਬਾਣੀ ਆਦੇਸ਼ਾਂ ਤੇ ਫ਼ੁਰਮਾਨਾਂ ਅਨੁਸਾਰ ਹੋਵੇ ਤਾਂ ਕੋਈ ਕਾਰਨ ਨਹੀਂ ਕਿ ਪੂਰਾ ਸੰਸਾਰ ਸਿੱਖ ਧਰਮ ਵੱਲ ਨਾ ਖਿੱਚਿਆ ਆਵੇ।

ਇਹ ਗੱਲ ਵੀ ਵੱਖਰੀ ਹੈ ਕਿ ਗੁਰਬਾਣੀ ਵਾਲੇ ਇਲਾਹੀ ਸੱਚ ਅਥਵਾ ਗੁਰਬਾਣੀ ਰਾਹੀਂ ਪ੍ਰਗਟ ‘ਸੱਚ ਧਰਮ’ ਦਾ ਲਾਭ ਵੀ ਉਹੀ ਲਵੇਗਾ ਜਿਹੜਾ ਗੁਰਬਾਣੀ ਆਦੇਸ਼ਾਂ ਦਾ ਅਨੁਸਾਰੀ ਹੋ ਕੇ ਜੀਵਨ ਦੀ ਕਮਾਈ ਕਰੇਗਾ, ਦੂਜਾ ਨਹੀਂ ਫ਼ਿਰ ਭਾਵੇਂ ਕੋਈ ਸਿੱਖ ਹੀ ਕਿਉਂ ਨਾ ਹੋਵੇ। ਇਸ ਲਈ ਗੁਰਬਾਣੀ ਰਾਹੀਂ ਪ੍ਰਗਟ ਅਜਿਹੇ ਅਸੂਲਾਂ ਦਾ ਮਨ ਕਰਕੇ ਧਾਰਣੀ ਹੋਣਾ ਹੀ, ਬਿਨਾ ਵਿਤਕਰਾ ਕਿਸੇ ਮਨੁੱਖ ਦੇ ਸਿੱਖੀ ਭਾਵ ਗੁਰੂ ਨਾਨਕ ਪਾਤਸ਼ਾਹ ਦੇ ਘਰ ਵੱਲ ਵੱਧਦੇ ਕੱਦਮ ਹਨ। ਉਪ੍ਰੰਤ ਸਮੂਚੇ ਗੁਰਬਾਣੀ ਆਦੇਸ਼ ਤਾਂ ਹੈਣ ਹੀ ਫ਼ਿਰ ਵੀ ਜੇ ਉਨ੍ਹਾਂ `ਚੋਂ ਕੁੱਝ ਇਨ੍ਹਾਂ ਗੁਰਬਾਣੀ ਸਿਧਾਂਤਾਂ `ਤੇ ਅਮਲ ਹੀ ਕਿਸੇ ਮਨੁੱਖ ਦੇ ਜੀਵਨ ਦੇ ਨਿਖਾਰ ਦੀ ਗਾਰੰਟੀ ਹਨ। ਜਦਕਿ ਕੁੱਝ ਹੀ ਇਤਿਹਾਸਕ ਟੂਕਾਂ ਤੋਂ ਇਹ ਵੀ ਦੇਖ ਚੁੱਕੇ ਹਾਂ ਕਿ ਕਿਸੇ ਦੇ ਜੀਵਨ `ਚ, ਗੁਰਬਾਣੀ ਆਧਾਰਤ ਆਈ ਹੋਈ ਉੱਚਤਾ ਵੀ ਦਿਖਾਵਾ ਮਾਤ੍ਰ ਨਹੀਂ ਹੁੰਦੀ ਬਲਕਿ ਉਹ ਸਰਬ ਸੰਸਾਰ `ਚ ਪ੍ਰਗਟ ਵੀ ਆਪਣੇ ਆਪ ਹੀ ਹੁੰਦੀ ਹੈ।

ਇਸ ਲਈ ਲੋੜ ਇਹ ਵੀ ਹੈ ਕਿ ਜਿੱਥੇ ਕਿੱਥੇ ਵੀ ਗੁਰਮੱਤ ਅਥਵਾ ਸਿੱਖੀ ਜੀਵਨ ਪੱਖੋਂ ਅਜਿਹਾ ਪ੍ਰਗਟਾਵਾ ਹੁੰਦਾ ਹੋਵੇ ਤਾਂ ਅਜਿਹੇ ਵਿਅਕਤੀ ਅਥਵਾ ਸਮੁਦਾਯ ਨੂੰ ਪੰਥ ਵੱਲੋਂ ਪੂਰੀ ਤਰ੍ਹਾਂ ਆਪਣੀ ਗਲਵੱਕੜੀ `ਚ ਲੈ ਲਿਆ ਜਾਵੇ। ਉਨ੍ਹਾਂ ਲੋਕਾਂ ਦੇ ਜੀਵਨ ਅੰਦਰ ਗੁਰਬਾਣੀ ਜੀਵਨ ਦੇ ਸਤਿਕਾਰ ਨੂੰ ਵਧਾਉਣ ਤੇ ਚਮਕਾਉਣ ਲਈ, ਉਨ੍ਹਾਂ ਨੂੰ ਹੋਰ ਉਤਸਾਹਿਤ ਕੀਤਾ ਜਾਵੇ। ਕਿਉਂਕਿ ਉਹ ਸਾਰੇ ਸਿੱਖੀ ਲਹਿਰ ਦਾ ਹੀ ਮੁੱਖ ਪ੍ਰਗਟਾਵਾ ਹੁੰਦੇ ਹਨ। ਇਹ ਵੀ ਕਿ ਆਖ਼ਿਰ ਅੱਜ ਨਹੀਂ ਤਾਂ ਉਨ੍ਹਾਂ `ਚੋਂ ਹੀ ਨਵੇਂ ਨਵੇਂ ਸਿੱਖੀ ਦੇ ਸ਼੍ਰਧਾਲੂ ਤੇ ਸਿੱਖ ਵੀ ਸਜਨੇ ਹੁੰਦੇ ਹਨ।

ਇਸ ਦੇ ਨਾਲ ਨਾਲ ਇਹ ਵੀ ਜ਼ਰੂਰੀ ਹੈ ਕਿ ਅਜਿਹਾ ਕਰਦੇ ਸਮੇਂ ਪੰਥ ਆਪ ਵੀ ਗੁਰਬਾਣੀ ਸਿਧਾਂਤਾਂ ਦੀ ਕਸਵੱਟੀ `ਤੇ ਚਲਣ ਲਈ ਹਰ ਸਮੇਂ ਚੇਤੰਨ ਰਵੇ। ਇਹ ਨਹੀਂ ਕਿ ਅਜਿਹਾ ਵਿਅਕਤੀ ਜਾਂ ਸਮੁਦਾਯ, ਦੂਜਿਆਂ ਨੂੰ ਤਾਂ ਸਿੱਖੀ ਲਈ ਉਤਸਾਹਿਤ ਕਰਦਾ ਹੋਵੇ ਪਰ ਖ਼ੁਦ ਸਿੱਖੀ ਸਿਧਾਤਾਂ ਅਤੇ ਗੁਰਮੱਤ ਰਹਿਣੀ ਦਾ ਘਾਣ ਕਰ ਰਿਹਾ ਹੋਵੇ। ਕਿਉਂਕਿ ਜਦੋਂ ਅਮੁੱਕਾ ਵਿਅਕਤੀ ਜਾਂ ਸਮੁਦਾਯ ਆਪ ਕੇਵਲ ਨਾਮ ਮਾਤ੍ਰ ਤੇ ਜਜ਼ਬਾਤੀ ਸਿੱਖ ਹੀ ਹੋਵੇ; ਇਸ ਤਰ੍ਹਾਂ ਸਿੱਖੀ ਸਿਧਾਂਤਾਂ ਅਤੇ ਜੀਵਨ ਰਹਿਣੀ ਪੱਖੋਂ ਉਹ ਖ਼ੁਦ ਹੀ ਖਾਲੀ ਤੇ ਕਮਜ਼ੋਰ ਹੋਵੇ ਤਾਂ ਉਸ ਦੀ ਅਜਿਹੀ ਕਰਣੀ ਦਾ ਨੁਕਸਾਨ ਵੀ ਵੱਡਾ ਹੀ ਹੁੰਦਾ ਹੈ।

ਸਿੱਖ ਧਰਮ ਕਮਾਈ ਦਾ ਧਰਮ ਹੈ- ਇਹ ਸੱਚ ਹੈ ਕਿ ਕੋਈ ਮਨੁੱਖ, ਸਿੱਖਾਂ ਦੇ ਘਰ `ਚ ਜਨਮ ਲੈਣ ਕਰਕੇ ਸਮਾਜਿਕ ਪੱਖੋਂ ਕੁੱਝ ਹੋਰ ਨਹੀਂ ਬਲਕਿ ਸਿੱਖ ਹੀ ਅਖਵਾਇਗਾ। ਉਂਝ ਸਾਨੂੰ ਇਹ ਨਹੀਂ ਭੁਲਣਾ ਚਾਹੀਦਾ ਕਿ ਮਨੁੱਖ ਨੂੰ ਕੇਸਾਧਾਰੀ ਸਰੂਪ ਮਿਲਦਾ ਵੀ ਇਸਦੇ ਜਨਮ ਤੋਂ ਹੈ। ਇਸ ਤਰ੍ਹਾਂ ਅਗਿਆਨਤਾ ਵੱਸ ਮਨੁੱਖ ਆਪਣੀ ਇਸ ਸ਼ਕਲ ਨੂੰ ਗੁਆ ਜਾਂ ਵਿਗਾੜ ਤਾਂ ਸਕਦਾ ਹੈ ਪਰ ਇਸ ਸਰੂਪ ਨੂੰ ਜਨਮ ਤੋਂ ਘੜ ਨਹੀਂ ਸਕਦਾ। ਇਸ ਤਰ੍ਹਾਂ ਗੁਰਬਾਣੀ `ਚ ਅਜਿਹੇ ਪ੍ਰਮਾਣ ਵੀ ਬਹੁਤ ਹਨ ਜਿਹੜੇ ਮਨੁੱਖ ਰਾਹੀਂ, ਸੰਪੂਰਣ ਕੇਸਾਧਾਰੀ ਸਰੂਪ `ਚ ਰਹਿਣ ਦੀ ਗੱਲ ਨੂੰ ਵੀ ਸਪਸ਼ਟ ਕਰਦੇ ਹਨ। ਜਦਕਿ ਪੂਰਨ ਕੇਸਾਧਾਰੀ ਸਰੂਪ ਵਾਲਾ ਮਨੁੱਖ ਹੀ, ਪ੍ਰਭੂ ਦੀ ਰਜ਼ਾ `ਚ ਚਲਣ ਦੀ ਮੌਲਿਕ ਪਹਿਚਾਣ ਹੈ।

ਇਸ ਤੋਂ ਬਾਅਦ ਕਿਸੇ ਮਨੁੱਖ ਦਾ ਜਨਮ ਤਾਂ ਬੇਸ਼ੱਕ ਕਿਸੇ ਸਿੱਖ ਪਰਿਵਾਰ `ਚ ਹੋਇਆ ਹੋਵੇ ਪਰ ਕੇਸਾਂ-ਦਾੜੀ ਆਦਿ ਦੀ ਕੱਟ ਵੱਢ ਕਰਣ ਵਾਲਾ ਮਨੁੱਖ ਕਦੇ ਵੀ ਇਸ ਗਿਣਤੀ `ਚ ਨਹੀਂ ਆਉਂਦਾ। ਉਂਝ ਇਹ ਵੀ ਉਤਨਾ ਹੀ ਸੱਚ ਹੈ ਕਿ ਆਪਣੇ ਆਪ ਨੂੰ ਸਿੱਖ ਅਖਵਾਉਣ ਲਈ ਕਿਸੇ ਵੀਰ ਜਾਂ ਬੀਬੀ ਦਾ ਕੇਵਲ ਕੇਸਾਧਾਰੀ ਹੋ ਜਾਣਾ ਵੀ, ਗੁਰਬਾਣੀ ਦੀ ਕਸਵੱਟੀ `ਤੇ ਉਸ ਦੇ ਸਿੱਖ ਹੋਣ ਦਾ ਸਬੂਤ ਨਹੀਂ। ਕਿਉਂਕਿ ਸਿੱਖ ਧਰਮ ਦੇ ਦੋਵੇਂ ਅੰਗ ਹਨ, ਸਿੱਖੀ ਸਰੂਪ ਵੀ ਅਤੇ ਸਿੱਖੀ ਜੀਵਨ ਵੀ। ਇਸ ਲਈ ਸਿੱਖ ਹੋਣ ਲਈ ਇਹ ਜ਼ਰੂਰੀ ਹੈ ਕਿ ਮਨੁੱਖ ਦੇ ਜੀਵਨ ਅੰਦਰ ਗੁਰਬਾਣੀ ਜੀਵਨ ਤੇ ਰਹਿਣੀ ਵੀ ਹੋਵੇ। ਦਰਅਸਲ ਇਸ ਸੰਬੰਧ `ਚ ਸਮਝਣ ਲਈ ਮੂਲ ਵਿਸ਼ਾ ਇਹ ਵੀ ਹੈ ਕਿ ਸਮੂਚੀ ਗੁਰਬਾਣੀ ਦਾ ਆਧਾਰ ਹੀ, ਮਨੁੱਖ ਦਾ ਪ੍ਰਭੂ ਦੀ ਰਜ਼ਾ `ਚ ਚਲਣਾ ਹੈ। ਫ਼ਿਰ ਇਹ ਗੱਲ ਕਿਸੇ ਮਨੁੱਖ ਦੇ ਨਿਜੀ ਜੀਵਨ ਤੱਕ ਸੀਮਤ ਹੈ ਕਿ ਸਿੱਖੀ ਵੱਲ ਵਧਣ ਲਈ ਉਹ ਪਹਿਲਾਂ ਸਰੂਪ ਤੋਂ ਅਰੰਭ ਹੁੰਦਾ ਹੈ ਜਾਂ ਗੁਰਬਾਣੀ ਆਧਾਰਤ ਰਹਿਣੀ ਦੇ ਕਿਸੇ ਦੂਜੇ ਪੱਖ ਤੋਂ। ਜਦਕਿ ਸਿੱਖ ਦੇ ਜੀਵਨ `ਚ ਗੁਰਬਾਣੀ ਆਦੇਸ਼ਾਂ ਦੀ ਕਮਾਈ ਦਾ ਹੋਣਾ ਹੀ ਜ਼ਰੂਰੀ ਹੈ ਫ਼ਿਰ ਭਾਵੇਂ ਉਸ ਦਾ ਅਰੰਭ ਦੋਨਾਂ `ਚੋਂ ਕਿਸੇ ਪਾਸਿਉਂ ਵੀ ਹੋਇਆ ਹੋਵੇ; ਦਰਅਸਲ ਇਸ ਦੇ ਦੂਜੇ ਪਾਸੇ ਦਾ ਨਾਮ ਹੀ ਸਿੱਖ ਲਹਿਰ ਦਾ ਅੰਗ ਹੋਣਾ ਹੈ।

ਇਸ ਤਰ੍ਹਾਂ ਸਪਸ਼ਟ ਹੈ ਕਿ ਗੁਰਬਾਣੀ ਅਨੁਸਾਰ ਸਿੱਖ ਕੇਵਲ ਉਹੀ ਹੈ ਜਿਹੜਾ ਗੁਰਬਾਣੀ ਆਦੇਸ਼ਾਂ `ਤੇ ਅਮਲ ਕਰਦਾ ਹੋਵੇ। ਇਹ ਵੀ ਕਿ ਸਿੱਖ ਦਾ ਮੂਲ ਸਰੂਪ, ਪਹਿਚਾਣ ਤੇ ਪ੍ਰਗਟਾਵਾ ਤਾਂ ਭਾਵੇਂ ਸੰਪੂਰਣ ਕੇਸਾਧਾਰੀ ਹੀ ਹੈ, ਪਰ ਗੁਰੂ ਨਾਨਕ ਪਾਤਸ਼ਾਹ ਦਾ ਸਿੱਖ ਹੋਣਾ, ਇਹੀ ਸਭਕੁਝ ਨਹੀਂ। ਇਹ ਵੀ ਸੱਚ ਹੈ ਕਿ ਕਿਸੇ ਮਨੁੱਖ ਦਾ ਨਿਰਾ ਪੁਰਾ ਕੇਸਾਧਾਰੀ ਹੋਣਾ, ਉਸ ਦਾ ਭੇਖੀ ਹੋਣਾ ਵੀ ਨਹੀਂ ਕਿਉਂਕਿ ਮਨੁੱਖ ਦਾ ਇਹ ਸਰੂਪ ਜਨਮਾਂਦਰੂ ਹੈ, ਬਨਾਵਟੀ ਨਹੀਂ। ਜਦਕਿ ਇਸ ਦੇ ਉਲਟ ਕੇਸਾਂ ਦੀ ਕੱਟ ਵੱਢ ਜਾਂ ਜੋਗੀਆਂ, ਸੰਨਿਆਸੀਆਂ, ਉਦਾਸੀਆਂ, ਨਾਂਗਿਆਂ, ਬ੍ਰਮਚਾਰੀਆਂ, ਬੇਰਾਗੀਆਂ, ਸੰਤਾਂ, ਸਾਧਾਂ, ਭਗਤਾਂ ਆਦਿ ਦੇ ਉਚੇਚੇ ਪਹਿਰਾਵੇ ਧਾਰਨ ਕਰ ਲੈਣੇ ਹੀ ਗੁਰਬਾਣੀ ਅਨੁਸਾਰ ਭੇਖ ਹਨ। ਤਾਂ ਤੇ ਇਸ ਨੂੰ ਦੋਰਾਉਣਾ ਵੀ ਜ਼ਰੂਰੀ ਹੈ ਕਿ ਸਿੱਖ ਹੋਣ ਤੇ ਪ੍ਰਭੂ ਦੀ ਰਜ਼ਾ `ਚ ਚਲਣ ਦੀ ਸੀਮਾਂ ਵੀ ਕੇਵਲ ਕੇਸਾਧਾਰੀ ਸਰੂਪ ਦੀ ਸੰਭਾਲ ਤੱਕ ਸੀਮਤ ਨਹੀਂ ਬਲਕਿ ਸਰੂਪ ਦੇ ਨਾਲ ਨਾਲ ਕਿਸੇ ਰਾਹੀਂ ਗੁਰਬਾਣੀ ਆਦੇਸ਼ਾਂ `ਤੇ ਚੱਲ ਕੇ ਜੀਵਨ ਨੂੰ ਪ੍ਰਭੂ ਦੀ ਰਜ਼ਾ `ਚ ਚਲਾਉਣ ਦਾ ਯਤਨ ਵੀ ਹੈ।

ਇਸ ਤਰ੍ਹਾਂ ਸੰਪੂਰਣ ਕੇਸਾਧਾਰੀ ਸਰੂਪ `ਚ ਵਿਚਰਣਾ, ਗੁਰੂ ਨਾਨਕ ਪਾਤਸ਼ਾਹ ਰਾਹੀਂ ਪ੍ਰਗਟਾਏ ਸਿੱਖ ਧਰਮ ਦਾ ਜ਼ਰੂਰੀ ਅੰਗ ਤੇ ਪਹਿਚਾਣ ਹੈ, ਨਾ ਕਿ ਅਜਿਹਾ ਕਰ ਲੈਣਾ ਸਿੱਖ ਹੋਣ ਲਈ ਸਭ ਕੁੱਝ ਹੈ। ਸਮਝਣਾ ਹੈ ਕਿ ਕਰਤੇ ਦੀ ਦਰਗਾਹ `ਚ ਤਾਂ ਹਰੇਕ ਦੇ ਜੀਵਨ ਦਾ ਨਿਬੇੜਾ “ਅਗੈ ਕਰਣੀ ਕੀਰਤਿ ਵਾਚੀਐ, ਬਹਿ ਲੇਖਾ ਕਰਿ ਸਮਝਾਇਆ” (ਪੰ: ੪੬੪) ਅਨੁਸਾਰ ਹੋਣਾ ਹੈ। ਉਸੇ ਕਰਣੀ ਕੀਰਤ ਦਾ ਹੀ ਅੰਗ ਹੈ ਕਿ ਕਰਤਾਰ ਨੇ ਮਨੁੱਖ ਨੂੰ ਜਿਸ ਸ਼ਕਲ `ਚ ਘੜਿਆ ਹੈ, ਮਨੁੱਖ ਉਸ ਸਰੂਪ ਦਾ ਵੀ ਪਾਬੰਦ ਤੇ ਵਫ਼ਾਦਾਰ ਵੀ ਰਵੇ।

ਦੂਜੇ ਪਾਸੇ ਜੇਕਰ ਮਨੁੱਖ ਸਰੂਪ ਦਾ ਪਾਬੰਦ ਤਾਂ ਹੈ ਪਰ ਜੀਵਨ ਨੂੰ ਗੁਰਬਾਣੀ ਆਦੇਸ਼ਾਂ ਅਨੁਸਾਰ ਨਹੀਂ ਘੜਦਾ ਤਾਂ ਉਹ ਵੀ ਗੁਰਬਾਣੀ ਅਨੁਸਾਰ, ਗੁਰੂ ਨਾਨਕ ਪਾਤਸ਼ਾਹ ਅਥਵਾ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦਾ ਸਿੱਖ ਨਹੀਂ। ਇਹ ਵੱਖਰੀ ਗੱਲ ਹੈ ਕਿ ਉਹ ਮਨੁੱਖ ਵੀ, ਸਰੂਪ ਕਰਕੇ ਸੰਸਾਰ `ਚ ਸਿੱਖ ਹੀ ਅਖਵਾਉਂਦਾ ਤੇ ਜਾਣਿਆ ਹੀ ਜਾਂਦਾ ਹੋਵੇ। ਇਸ ਲਈ ਜੇ ਕਰ ਅਸਾਂ ਪਾਤਸ਼ਾਹ ਦੇ ਦਰ `ਤੇ ‘ਅਮਾਣਤ `ਚ ਖ਼ਿਆਣਤ’ ਦਾ ਭਾਗੀਦਾਰ ਨਹੀਂ ਬਨਣਾ ਤਾਂ ਜ਼ਰੂਰੀ ਹੈ ਕਿ ਸਿੱਖ ਹੋਣ ਲਈ, ਸਿੱਖੀ ਸਰੂਪ ਦੇ ਨਾਲ ਨਾਲ, ਅਸੀਂ ਗੁਰਬਾਣੀ ਆਦੇਸ਼ਾਂ ਦੇ ਵਫ਼ਾਦਾਰ ਵੀ ਹੋਵੀਏ। ਉਸ ਭਾਵ ਸਿੱਖ ਧਰਮ ਦੇ ਵਫ਼ਾਦਾਰ ਵੀ ਹੋਵੀਏ; ਜਿਸ ਦੇ ਕਿ ਅਸੀਂ ਦਾਅਵੇਦਾਰ ਬਣੇ ਞੈਠੇ ਹਾਂ।

ਇਸ ਸਚਾਈ ਇੱਕ ਹੋਰ ਪਹਿਲੂ ਵੀ? - ਇਸ ਸਚਾਈ ਦਾ ਕਿ ਸਿੱਖ ਦੀ ਹੋਂਦ ਕੀ ਹੈ? ਇਸਦਾ ਇੱਕ ਪਹਿਲੂ ਹੋਰ ਵੀ ਹੈ। ਉਹ ਪਹਿਲੂ ਇਹ ਹੈ ਕਿ ਕਿਸੇ ਵੀ ਮਨੁੱਖ ਦੇ ਮਨ `ਚ ਸਿੱਖੀ ਦੀ ਖ਼ੁਸ਼ਬੂ ਤੇ ਗੁਰਬਾਣੀ ਜੀਵਨ ਲਈ ਸਤਿਕਾਰ ਜਾਗਦੇ ਸਾਰ, ਕਿਸੇ ਨੇ ਵੀ ਇੱਕ ਦੱਮ ਕੇਸਾਧਾਰੀ ਤੇ ਪਾਹੁਲਧਾਰੀ ਵੀ ਨਹੀਂ ਹੋ ਜਾਣਾ। ਬਲਕਿ ਇਸ ਤੋਂ ਵੱਡਾ ਸੱਚ ਇਹ ਵੀ ਹੈ ਕਿ ਕਈਆਂ ਨੇ ਤਾਂ ਸਰੂਪ `ਚ ਆ ਜਾਣਾ ਹੈ ਤੇ ਕੁੱਝ ਨੇ ਜ਼ਿੰਦਗੀ ਭਰ ਆਉਣਾ ਵੀ ਨਹੀਂ। ਜਿਵੇਂ ਕਿ ਇਤਿਹਾਸ `ਚੋਂ ਵੀ ਇਸੇ ਸੱਚ ਨੂੰ ਰਾਇਬੁਲਾਰ, ਦੀਵਾਨ ਟੋਡਰ ਮਲ, ਮੋਤੀ ਲਾਲ ਮਹਿਰਾ, ਪੀਰ ਬੁਧੂ ਸ਼ਾਹ, ਨਵਾਬ ਦੌਲਤ ਖਾਂ ਲੋਧੀ, ਜਲੰਧਰ ਦੇ ਗਵ੍ਰਨਰ ਅਜ਼ੀਮ ਖਾਂ (ਜਿਸ ਦੀ ਬੇਨਤੀ ਤੇ ਜਗ੍ਹਾ ਭੇਟ ਕਰਣ ਤੇ ਪੰਚਮ ਪਿਤਾ ਨੇ ਕਰਤਾਰਪੁਰ ਸਾਹਿਬ ਦੂਜਾ ਵਸਾਇਆ ਸੀ), ਇਸੇ ਤਰ੍ਹਾਂ ਪੰਜਾਬ ਫ਼ੇਰੀ `ਤੇ ਦਿੱਲੀ ਨੂੰ ਜਾਂਦੇ ਹੋਏ ਨੌਵੇਂ ਪਾਤਸ਼ਾਹ, ਸੈਫ਼ਾਬਾਦ `ਚ, ਗੁਰੂਦਰ ਦੇ ਮੁਰੀਦ ਸੈਫਅਲੀ ਪਾਸ ਵੀ ਦੋ ਕੁ ਮਹੀਨੇ ਰੁਕੇ ਸਨ। ਉਪ੍ਰੰਤ ਸਮਾਣੇ ਦੇ ਚੌਧਰੀ ਮੁਹੰਮਦ ਬਖਸ਼ ਨੇ ਵੀ ਆਪ ਨੂੰ ਆਪਣੇ ਕੋਲ ਰੁਕਣ ਲਈ ਬਹੁਤ ਬੇਨਤੀ ਕੀਤੀ, ਪਰ ਉਨ੍ਹਾਂ ਸਾਹਮਣੇ ਤਾਂ ਸਾਰੇ ਪਾਸੇ ਮੱਚੀ ਹੋਈ ਹਾ-ਹਾ ਕਾਰ ਸੀ, ਇਸ ਲਈ ਆਪ ਉਥੇ ਰੁੱਕੇ ਨਹੀਂ।

ਫ਼ਿਰ ਇਸੇ ਗਿਣਤੀ `ਚ ਨਬੀ ਖਾਂ-ਗ਼ਨੀ ਖਾਂ ਪਠਾਨ ਤੇ ਹੋਰ ਬੇਅੰਤ ਗੁਰੂਦਰ ਦੇ ਸ਼੍ਰਧਾਲੂ ਵੀ ਆਉਂਦੇ ਹਨ। ਉਹ ਜਿਹੜੇ ਜੀਵਨ ਭਰ ਸਿੱਖੀ ਸਰੂਪ `ਚ ਤਾਂ ਨਹੀਂ ਸਨ ਆਏ ਪਰ ਗੁਰੂ ਦਰ ਦਰ ਤੇ ਸਿੱਖੀ ਤੋਂ ਆਪਣਾ ਆਪ ਕੁਰਬਾਣ ਕਰਣ ਲਈ ਹਰ ਸਮੇਂ ਤਿਆਰ ਰਹਿੰਦੇ ਸਨ ਤੇ ਕਈਆਂ ਨੇ ਕੀਤਾ ਵੀ। ਹੋਰ ਤਾਂ ਹੋਰ, ਅੱਜ ਵੀ ਸੰਸਾਰ ਭਰ ਦੀਆਂ ਗੁਰੂ ਕੀਆਂ ਸੰਗਤਾਂ `ਚੋਂ ਬਹੁਤੇਰੇ ਅਜਿਹੇ ਸੱਜਨ ਮਿਲ ਜਾਣਗੇ, ਜਿਨ੍ਹਾਂ ਦਾ ਜਮਨਾ-ਮਰਨਾ ਖੁਸ਼ੀ-ਗ਼ਮੀ ਕਿਧਰੇ ਹੋਰ ਨਹੀਂ ਬਲਕਿ ਕੇਵਲ ਤੇ ਕੇਵਲ ਗੁਰੂਦਰ ਨਾਲ ਹੀ ਜੁੜੇ ਹੋਏ ਹਨ। ਸੁਆਲ ਪੈਦਾ ਹੁੰਦਾ ਹੈ ਕਿ ਇਨ੍ਹਾਂ ਸੱਜਨਾਂ ਪ੍ਰਤੀ ਕੌਮ ਦਾ ਨਜ਼ਰੀਆ ਕੀ ਹੋਣਾ ਹੈ? ਗੁਰੂ ਕੇ ਪੰਥ ਵੱਲੋਂ ਇਨ੍ਹਾਂ ਦਾ ਸਤਿਕਾਰ ਤੇ ਇਨ੍ਹਾਂ ਦੀ ਸੰਭਾਲ ਕਿਵੇਂ ਹੋਣੀ ਹੈ? ਕਿਉਂਕਿ ਉਹ ਸਾਰੇ ਅੱਜ ਵੀ ਸਿੱਖ ਲਹਿਰ ਦਾ ਹੀ ਅੰਗ ਹਨ।

ਇਸ ਤਰ੍ਹਾਂ ਸਪਸ਼ਟ ਹੈ ਕਿ ਅਜਿਹੀਆਂ ਸੰਗਤਾਂ ਵੀ ਬਹੁਤ ਹਨ ਜਿਨ੍ਹਾਂ `ਚੋਂ ਕਈ ਤਾਂ ਸਿੱਖੀ ਸਰੂਪ `ਚ ਆ ਜਾਂਦੇ ਤੇ ਪਾਹੁਲਧਾਰੀ ਵੀ ਹੋ ਜਾਂਦੇ ਹਨ, ਜਦਕਿ ਉਹ ਵੀ ਹੁੰਦੇ ਹਨ ਜਿਹੜੇ ਜੀਵਨ ਭਰ ਸਰੂਪ `ਚ ਨਹੀਂ ਆੳੇੁਂਦੇ ਪਰ ਉਨ੍ਹਾਂ ਅੰਦਰ ਸਿੱਖੀ ਤੇ ਗੁਰੂਦਰ ਤੋਂ ਆਪਣਾ ਆਪ ਨੂੰ ਕੁਰਬਾਣ ਕਰਣ ਦੀ ਚਾਹ ਹਰ ਸਮੇਂ ਬਣੀ ਰਹਿੰਦੀ ਹੈ। ਇਸ ਤਰ੍ਹਾਂ ਪੰਥ ਆਪਣੇ ਇਸ ਮੰਚ ਨੂੰ ਵੀ ਸਿੱਖੀ ਪੱਖੋਂ ਨਜ਼ਰੋਂ ਉਹਲੇ ਨਹੀਂ ਕਰ ਸਕਦਾ। ਤਾਂ ਤੇ ਇਹ ਵੀ ਪੰਥ ਨੇ ਹੀ ਵਿਚਾਰਨਾ ਹੈ ਕਿ ਇਸ ਅਵਸਥਾ `ਚ ਉਸ ਨੇ ਉਨ੍ਹਾਂ ਬੇਅੰਤ ਸ਼੍ਰਧਾਲੂਆਂ ਅਤੇ ਸਿੱਖੀ ਤੋਂ ਆਪਣਾ ਆਪ ਕੁਰਬਾਣ ਕਰਣ ਵਾਲੇ ਅਜਿਹੇ ਜੀਊੜਿਆਂ ਦਾ ਉਤਸਾਹ ਕਿਵੇਂ ਵਧਾਉਣਾ ਹੈ ਤੇ ਉਨ੍ਹਾਂ ਨੂੰ ਕਿਵੇਂ ਵਧ ਤੋਂ ਵਧ ਮਾਨ ਸਤਿਕਾਰ ਦੇਣਾ ਹੈ। ਉਹ ਮਾਨ ਸਤਿਕਾਰ ਜਿਸ ਦੇ ਲਈ ਕਿ ਉਹ ਪੂਰੀ ਤਰ੍ਹਾਂ ਹੱਕਦਾਰ ਹਨ।

ਫ਼ਿਰ ਪੂਰੇ ਦੇ ਪੂਰੇ ਸੈਕਟਰ ਹਨ ਜਿਵੇਂ ਰਾਇਪੁਰ, ਜਬਲਪੁਰ ਆਦਿ ਵੱਲ ਵੱਡੀ ਗਿਣਤੀ `ਚ ਸਤਿਨਮੀਏ, ਸਿਕਲੀਗਰ, ਬੇਅੰਤ ਸਿੰਧੀ ਪ੍ਰਵਾਰ ਤੇ ਇਸੇ ਤਰ੍ਹਾਂ ਸਮੁਦਾਯ ਦੇ ਸਮੁਦਾਇ ਜਿਹੜੇ ਕਿ ਆਪਣੇ ਆਪ ਨੂੰ ਸਿੱਖ ਹੀ ਮੰਣਦੇ ਹਨ, ਆਖ਼ਿਰ ਉਨ੍ਹਾਂ ਦੀ ਸੰਭਾਲ ਕੌਣ ਕਰੇਗਾ।

ਜੇਕਰ ਥੋੜਾ ਹੋਰ ਗਹਿਰਾਈ `ਚ ਜਾਵੀਏ ਤਾਂ ਸਚਾਈ ਨੂੰ ਸਮਝਦੇ ਵੀ ਦੇਰ ਨਹੀਂ ਲਗੇਗੀ ਕਿ ਕਿ ਸੰਪੂਰਣ ਸਿੱਖ ਧਰਮ ਦੀ ਬੁਨਿਆਦ ਹੀ ਸਿੱਖ ਲਹਿਰ `ਤੇ ਹੀ ਹੈ। ਸਚਮੁਚ ਗੁਰਬਾਣੀ ਵਾਲਾ ਸੱਚ ਤੇ ਗੁਰਬਾਣੀ ਤੋਂ ਪ੍ਰਗਟ ਹੋਇਆ ਸੱਚ ਧਰਮ ਹੀ ਆਪਣੇ ਆਪ `ਚ ਇਤਨਾ ਖਿੱਚ ਪਾਊ ਹੈ ਕਿ ਜਿਸ ਦੇ ਜੀਵਨ ਤੱਕ ਇਸ ਦੀ ਖੁਸ਼ਬੂ ਪਹੁੰਚਦੀ ਹੈ ਉਹ ਇਸ ਦੀ ਮਿਕਨਾਤੀਸੀ ਤਾਕਤ ਨਾਲ ਆਪਣੇ ਆਪ ਇਸ ਵੱਲ ਖਿੱਚਿਆ ਜਾਂਦਾ ਹੈ। ਬਸ਼੍ਰਤੇ ਕਿ ਸਾਡੇ ਸਿੱਖ ਅਖਵਾਉਣ ਵਾਲਿਆਂ ਅੰਦਰ ਗੁਰਬਾਣੀ ਦੇ ਜੀਵਨ ਤੇ ਰਹਿਣੀ ਵੀ ਹੋਵੇ ਨਾ ਕਿ ਅਸੀਂ ਕੇਵਲ ਨਾਮਧਰੀਕ ਸਿੱਖ ਹੀ ਹੋਵੀਏ।

ਦੂਜੇ ਲਫ਼ਜ਼ਾਂ `ਚ ਸੰਪੂਰਨ ਮਨੁੱਖ ਸਮਾਜ ਹੀ ਗੁਰਬਾਣੀ ਵਿਚਾਰਧਾਰਾ ਭਾਵ ਸਿੱਖ ਧਰਮ ਲਈ ਮਾਨੋ ਇੱਕ ਜ਼ਮੀਨ ਹੈ। ਇਸ ਤੋਂ ਬਾਅਦ ਗੁਰਬਾਣੀ ਦਾ ਗਿਆਨ ਅਤੇ ਗੁਰਬਾਣੀ ਆਦੇਸ਼ ਇਸ ਜ਼ਮੀਨ ਲਈ ਬੀਜ ਹਨ। ਉਪ੍ਰੰਤ ਉਸ ਬੀਜ ਚੋਂ ਪਣਪਣ ਤੇ ਉਗਣ ਵਾਲੀ ਫ਼ੁਲ ਬਨਸਪਤੀ ਹੀ ਸਿੱਖ ਧਰਮ ਦੀ ਲਹਿਰ ਹੈ। ਜਦਕਿ ਅੰਤ ਸਿੱਖ ਧਰਮ, ਸਿੱਖ ਲਹਿਰ ਦੇ ਇਨ੍ਹਾਂ ਪੌਦਿਆਂ ਨੂੰ ਲਗਣ ਵਾਲਾ ਫਲ ਹੈ।

ਇਸ ਲਈ ਹਰੇਕ ਸਿੱਖ ਦਾ ਫ਼ਰਜ਼ ਬਣਦਾ ਹੈ ਕਿ ਆਪਣੇ ਜੀਵਨ ਅੰਦਰ ਗੁਰਬਾਣੀ ਗਿਆਨ (ਜੋਤ) ਤੋਂ ਪ੍ਰਗਟ, ਸਿੱਖੀ ਜੀਵਨਜਾਚ (ਜੁਗਤ) ਨੂੰ ਪ੍ਰਫ਼ੁਲਤ ਰਖਣ ਲਈ ਸਦਾ ਸੁਚੇਤ ਰਵੇ। ਉਸ ਦਾ ਦੋਹਰਾ ਲਾਭ ਹੋਵੇਗਾ, ਪਹਿਲਾਂ ਤਾਂ ਸਿ ‘ਖ ਦਾ ਆਪਣਾ ਜੀਵਨ ਅਨੰਦਮਈ, ਸੁਖਮਈ ਤੇ ਸੁਆਦਲਾ ਹੋਵੇਗਾ। ਉਪ੍ਰੰਤ ਸਿੱਖ ਲਹਿਰ ਵੀ ਹਰ ਸਮੇਂ ਕਾਇਮ ਤੇ ਸਦਾ ਜ਼ਿੰਦਾ ਰਵੇਗੀ। ਇਹ ਵੀ ਸੱਚ ਹੈ ਜੇਕਰ ਸਿੱਖ ਲਹਿਰ ਪ੍ਰਫ਼ੁਲਤ ਰਵੇਗੀ ਤਾਂ ਸਿੱਖ ਧਰਮ ਕਦੇ ਨਿਵਾਣ ਵੱਲ ਜਾਵੇਗਾ ਹੀ ਨਹੀਂ।

ਸਿੱਖੀ ਦੇ ਪ੍ਰਸਾਰ ਤੇ ਸਿੱਖ ਲਹਿਰ ਦੇ ਫੈਲਾਅ `ਚ ਖੜੌਤ ਕਿਉਂ? ਚਲਦੇ ਪ੍ਰਕਰਣ `ਚ ਸਮਝਣ ਤੇ ਵਿਚਾਰਣ ਦਾ ਵਿਸ਼ੇਸ਼ ਵਿਸ਼ਾ ਇਹ ਹੈ ਕਿ ਸਿੱਖ ਧਰਮ ਦੇ ਅਜੋਕੇ ਸਿੱਖੀ ਦੇ ਘਾਣ ਲਈ ਗੁਰਬਾਣੀ ਵਿਚਾਰਧਾਰਾ ਬਿਲਕੁਲ ਵੀ ਜ਼ਿਮੇਵਾਰ ਨਹੀਂ; ਫ਼ਿਰ ਕੁੱਝ ਨਾਸਮਝ ਲੋਕਾਂ ਅਨੁਸਾਰ ਹਿ ਪ੍ਰਚਾਰ ਕਰਣਾ ਕਿ ਸਮੇਂ ਦਾ ਚਲਣ ਬਦਲਣ ਕਾਰਨ ਇਹ ਫ਼ਰਕ ਪੈ ਰਿਹਾ ਹੈ। ਜਦਕਿ ਇਸ ਦੇ ਲਈ ਜੇ ਕੋਈ ਜ਼ਿਮੇਵਾਰ ਹੈ ਤਾਂ ਉਹ ਅਜੋਕਾ ਸਿੱਖ ਪੰਥ ਆਪ ਹੀ ਪੂਰੀ ਤਰ੍ਹਾਂ ਜ਼ਿਮੇਵਾਰ ਹੈ।

ਇਕ ਪਾਸੇ ਤਾਂ ਅਜੋਕੇ ਸਿੱਖ ਦੇ ਜੀਵਨ ਅੰਦਰ ਗੁਰਬਾਣੀ ਵਿਚਾਰਧਾਰਾ ਤੇ ਰਹਿਣੀ ਦੀ ਘਾਟ ਹੈ ਤੇ ਉਸੇ ਦਾ ਨਤੀਜਾ ਇਸ ਦੇ ਆਪਣੇ ਜੀਵਨ ਅੰਦਰ ਟਿਕਾਅ ਨਹੀਂ ਰਿਹਾ। ਦੂਜਾ ਇਸੇ ਤੋਂ ਸਿੱਖ ਧਰਮ ਦੀ ਜੜ੍ਹ ਭਾਵ ਅਜੋਕੇ ਸਮੇਂ ਸਿੱਖ ਲਹਿਰ ਦਾ ਵੀ ਲਗਭਗ ਪੂਰੀ ਤਰ੍ਹਾਂ ਭੋਗ ਪੈ ਗਿਆ ਹੈ। ਇਸ ਸਾਰੇ ਲਈ ਗੁਰਬਾਣੀ ਵਿਚਾਰਧਾਰਾ ਨਹੀਂ ਬਲਕਿ ਇਸ ਦੇ ਲਈ ਅਜੋਕਾ ਸਿੱਖ ਪੰਥ ਹੀ ਪੂਰੀ ਤਰ੍ਹਾਂ ਜ਼ਿਮੇਵਾਰ ਹੈ। ਕਿਉਂਕਿ ਇੱਕ ਪਾਸੇ ਇਸ ਦੇ ਆਪਣੇ ਜੀਵਨ ਅੰਦਰ ਗੁਰਬਾਣੀ ਜੀਵਨ ਘਾਟ ਆ ਚੁੱਕੀ ਹੈ; ਇਸੇ ਤੋਂ ਇਸ ਦੇ ਜੀਵਨ ਅੰਦਰ ਟਿਕਾਅ ਤੇ ਗੁਰੂ ਕੀ ਸਿੱਖੀ ਨਹੀਂ ਰਹੀ। ਦੂਜਾ, ਇਸੇ ਤੋਂ ਸਿੱਖ ਧਰਮ ਦੀ ਜੜ੍ਹ, ਅਜੋਕੇ ਸਮੇਂ ‘ਸਿੱਖ ਲਹਿਰ’ ਦਾ ਵੀ ਲਗਭਗ ਪੂਰੀ ਤਰ੍ਹਾਂ ਭੋਗ ਪੈ ਚੁੱਕਾ ਹੈ। ਤਾਂ ਤੇ ਸਾਡੇ ਲਈ ਇਸ ਵਿਸ਼ੇ ਨੂੰ ਗੁਰੂ ਸਾਹਿਬਾਨ ਦੇ ਸਮੇਂ ਨਾਲ ਜੋੜ ਕੇ ਵੀ ਘੌਖਣ ਦੀ ਵੀ ਲੋੜ ਹੈ ਜਿਵੇਂ:-

ਸਿੱਖੀ ਪ੍ਰਫ਼ੁਲਤਾ ਦੇ ਤਿੰਨ ਨਿਕਾਸ ਪਰ ਅੱਜ ਤਿੰਨੇ. . ? :-ਸੱਚ ਵੀ ਇਹੀ ਹੈ ਕਿ ਜਿੱਥੇ ਇੱਕ ਪਾਸੇ ਗੁਰਬਾਣੀ ਤੋਂ ਪ੍ਰਗਟ ਹੋਣ ਵਾਲਾ ਜੀਵਨ (ਜੋਤ) ਸਰਬ ਉੱਤਮ ਹੈ। ਉਸ ਦੇ ਨਾਲ ਨਾਲ ਹੁਣ ਤੱਕ ਇਹ ਵੀ ਦੇਖ ਚੁੱਕੇ ਹਾਂ ਕਿ ਉਸ ਗੁਰਬਾਣੀ ਵਿਚਾਰਧਾਰਾ ਤੋਂ ਪ੍ਰਗਟ ਹੋਣ ਵਾਲੀ ਜੀਵਨ ਜਾਚ (ਜੀਵਨ ਜੁਗਤਿ) ਦਾ ਵੀ ਬਦਲ ਨਹੀਂ। ਫ਼ਿਰ ਵੀ ਅਜੋਕੇ ਸਮੇਂ ਗੁਰੂ ਕਾ ਪੰਥ ਨਿੱਤ ਨਿਘਾਰ ਵੱਲ ਜਾ ਰਿਹਾ ਹੈ ਤਾਂ ਕਉਂ? ਉਸ ਦਾ ਮੁੱਖ ਕਾਰਨ ਹੈ ਕਿ ਜਿੱਥੇ ਗੁਰੂ ਸਾਹਿਬਾਨ ਦੇ ਜੀਵਨ ਕਾਲ `ਚ ਸਿੱਖ ਧਰਮ ਦੀ ਸਿੰਚਾਈ ਲਈ ਤਿੰਨ ਮੁੱਖ ਰਸਤੇ ਸਨ। ਉਥੇ ਦੇਖਿਆ ਜਾਵੇ ਤਾਂ ਅੱਜ ਸਿਖ ਧਰਮ ਦੇ ਪ੍ਰਚਾਰ-ਪ੍ਰਸਾਰ ਨਾਲ ਸਬੰਧਤ ਉਹ ਤਿੰਨੇ ਰਸਤੇ ਲਗਭਗ ਪੂਰੀ ਤਰ੍ਹਾਂ ਬੰਦ ਹੋ ਚੁੱਕੇ ਹਨ। ਸਪਸ਼ਟ ਹੈ ਕਿ ਇਹ ਦੇਖਣਾ ਤੇ ਘੋਖਣਾ ਵੀ ਜ਼ਰੂਰੀ ਹੈ ਕਿ ਗੁਰੂ ਸਾਹਿਬਾਨ ਸਮੇਂ ਸਿੱਖੀ ਪ੍ਰਚਾਰ-ਪ੍ਰਸਾਰ ਦੇ ਉਹ ਤਿੰਨ ਮੁੱਖ ਰਸਤੇ ਕਿਹੜੇ ਸਨ ਜਿਹੜੇ ਕਿ ਅੱਜ ਪੂਰੀ ਤਰ੍ਹਾਂ ਬੰਦ ਪਏ ਹਨ।

ਤਾਂ ਤੇ ਸਬੰਧਤ ਵਿਸ਼ੇ `ਤੇ ਕੁੱਝ ਝਾਤ-ਦੇਖਿਆ ਜਾਵੇ ਤਾਂ ਇਸ ਸਮੇਂ ਮਾਇਆ ਪਖੋਂ, ਪੰਥ ਦਾ ਜੀਵਨ ਪਧਰ ਬਹੁਤ ਉੱਚਾ ਹੋ ਚੁੱਕਾ ਹੋਇਆ ਹੈ। ਇਥੋਂ ਤੱਕ ਕਿ ਅੱਜ ਅਨੇਕਾਂ ਸਤਿਕਾਰ ਯੋਗ ਸਿੱਖ, ਸੰਸਾਰ ਭਰ `ਚ ਬੜੇ-ਬੜੇ ਉੱਚੇ ਔਹਦਿਆਂ `ਤੇ ਵੀ ਸ਼ੋਭਾਇਮਾਨ ਹਨ। ਵੱਡੇ ਤੋਂ ਵੱਡੇ ਧਨਾਢ ਵੀ ਸਿੱਖਾਂ `ਚੋਂ ਹੀ ਮਿਲ ਰਹੇ ਹਨ। ਸੰਸਾਰਕ ਸਾਧਨਾਂ-ਸਹੂਲਤਾਂ ਲਈ ਵੀ ਅੱਜ ਦਾ ਸਿੱਖ ਕਿਸੇ ਤੋਂ ਪਿਛੇ ਨਹੀਂ ਰਹਿ ਚੁੱਕਾ। ਅੱਜ ਸੰਸਾਰ ਦਾ ਇੱਕ ਵੀ ਕੋਣਾ ਨੁੱਕਰ ਅਜਿਹਾ ਨਹੀਂ ਜਿੱਥੇ ਸਿੱਖ ਨਾ ਪਹੁੰਚਿਆ ਹੋਵੇ। ਜੇਕਰ ਸਿੱਖ ਧਰਮ ਦੇ ਪ੍ਰਚਾਰ ਦੀ ਗੱਲ ਕਰੋ ਤਾਂ ਅੱਜ ਗੁਰਦੁਆਰੇ ਵੀ ਦੁਨੀਆਂ ਦੇ ਹਰ ਕੋਨੇ ਨੁੱਕਰ `ਚ ਵੱਧ ਤੋਂ ਵੱਧ ਆਲੀਸ਼ਾਨ ਇਮਾਰਤਾਂ `ਚ ਅਤੇ ਸਮੇਂ ਦੀ ਹਰੇਕ ਨਵੀਂ ਤੋਂ ਨਵੀਂ ਕਾਢ ਨਾਲ ਸੁਸੱਜਤ ਹਨ।

ਇਸ ਤਰ੍ਹਾਂ ਇਸ ਸਮੇਂ ਜ਼ਾਹਿਰਾ ਤਾਂ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਦੀ ਲਹਿਰ ਸ਼ਿਖਰਾਂ `ਤੇ ਪਹੁੰਚੀ ਹੋਈ ਹੈ। ਇਤਨਾ ਹੀ ਨਹੀਂ, ਅੱਜ ਲਗਭਗ ਹਰੇਕ ਸਿੱਖ ਬੱਚਾ, ਨੌਜੁਆਨ, ਇਸਤ੍ਰੀ, ਪੁਰਸ਼; ਇੱਕ ਜਾਂ ਦੂਜੇ ਢੰਗ, ਇੱਕ ਨਹੀਂ ਬਲਕਿ ਚਾਰ-ਚਾਰ ਤੇ ਪੰਜ-ਪੰਜ ਪਾਸਿਉਂ ਸਿੱਖ ਧਰਮ ਦੇ ਪ੍ਰਚਾਰ `ਚ ਰੁਝਿਆ ਪਿਆ ਹੈ। ਗੁਰੂ ਦਰ ਵਾਸਤੇ ਸ਼ਰਧਾ ਦਾ ਮੁਕਾਬਲਾ ਵੀ ਸਿੱਖਾਂ ਨਾਲ ਕੋਈ ਨਹੀਂ ਕਰ ਸਕਦਾ; ਇਸ ਸਚਾਈ ਨੂੰ ਵੀ ਸਾਰਾ ਸੰਸਾਰ ਮੰਨ ਚੁੱਕਾ ਹੈ।

#06 SDSLs01.013# (ਚਲਦਾ)

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Sikh, Dharm Vi Hai Ate Lehar Vi.01.13 BEING LOADED IN ISTTS. Otherwise about All the Self Learning Gurmat Lessons already loaded on www.sikhmarg.com it is to clarify that:-

---------------------------------------------

For all the Gurmat Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26487315 Cell 9811292808

web site- www.gurbaniguru.org




.