.

“ਜਾਪੁ ਸਾਹਿਬ” ਬਾਰੇ ਵਿਚਾਰ

ਅਸੀਂ ਸਾਰੇ ਸਿੱਖ ਪੜ੍ਹਦੇ-ਸੁਣਦੇ ਆ ਰਹੇ ਹਾਂ ਕਿ ਗੁਰੂ ਅਰਜਨ ਸਾਹਿਬ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਸਾਹਿਬ, ਗੁਰੂ ਅਮਰਦਾਸ ਸਾਹਿਬ, ਗੁਰੂ ਰਾਮਦਾਸ ਸਾਹਿਬ ਅਤੇ ਹੋਰ ਭਗਤਾਂ ਵਲੋਂ ਉਚਾਰੀ ਬਾਣੀ ਅਲਗ ਅਲਗ ਪੋਥੀਆਂ ਵਿੱਚ ਸੀ। ਸਾਰੀਆਂ ਪੋਥੀਆਂ ਵਿੱਚ ਅੰਕਤਿ ਬਾਣੀ ਨੂੰ ਗੁਰੂ ਅਰਜਨ ਸਾਹਿਬ ਨੇ ਨਵੀਂ ਤਰਤੀਬ ਦੇ ਕੇ ਰਾਗਾਂ ਅਨੁਸਾਰ ਇਕੱਠੀ ਕਰਕੇ, ਭਾਈ ਗੁਰਦਾਸ ਜੀ ਤੋਂ ਆਪਣੀ ਨਗਰਾਨੀ ਹੇਠ ਲਿਖਵਾਈ। ਅਰੰਭ ਵਿਚ, ਹਰ ਰੋਜ਼ ਪਰਾਰਥਨਾ ਕਰਨ ਵਾਲੀਆਂ ਤਿੰਨ ਬਾਣੀਆਂ ਅੰਕਿਤ ਕੀਤੀਆਂ ਜੇਹੜੀਆਂ ਕਿ ਹੁਣ ਅਸੀਂ ਗੁਰੂ ਗਰੰਥ ਸਾਹਿਬ ਦੇ ਸ਼ੁਰੂ ਦੇ (੧ ਤੋਂ ੧੩) ਪੰਨਿਆਂ `ਤੇ ਪੜ੍ਹਦੇ ਆ ਰਾਹੇ ਹਾਂ: (੧) ਜਪੁ, (੨) ਸੋ ਦਰੁ/ਸੋ ਪੁਰਖੁ ਅਤੇ (੩) ਸੋਹਿਲਾ॥ ਅਰੰਭਕ ਸ਼ਬਦ ਅਤੇ ਜਪੁ ਬਾਣੀ:

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਿਤ ਅਜੂਨੀ ਸੈਭੰ ਗੁਰ ਪ੍ਰਸਾਦਿ॥

॥ ਜਪੁ॥

ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥ ੧॥

ਸਮਾਪਤੀ ਦਾ ਅਖੀਰਲਾ ਸ਼ਬਦ:

ਮੁੰਦਾਵਣੀ ਮਹਲਾ ੫॥

ਥਾਲ ਵਿਚਿ ਤਿੰਨਿ ਵਸਤੂ ਪਈਓ ਸਤੁ ਸੰਤੋਖੁ ਵੀਚਾਰੋ॥ ਅੰਮ੍ਰਿਤ ਨਾਮੁ ਠਾਕੁਰ ਕਾ ਪਇਓ ਜਿਸ ਕਾ ਸਭਸੁ ਅਧਾਰੋ॥ ਜੇ ਕੋ ਖਾਵੈ ਜੇ ਕੋ ਭੁੰਚੈ ਤਿਸ ਕਾ ਹੋਇ ਉਧਾਰੋ॥ ਏਹ ਵਸਤੁ ਤਜੀ ਨਹ ਜਾਈ ਨਿਤ ਨਿਤ ਰਖੁ ਉਰਿ ਧਾਰੋ॥ ਤਮ ਸੰਸਾਰੁ ਚਰਨ ਲਗਿ ਤਰੀਐ ਸਭੁ ਨਾਨਕ ਬ੍ਰਹਮ ਪਸਾਰੋ॥ ੧॥ ਸਲੋਕ ਮਹਲਾ ੫॥ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ॥ ਮੈ ਨਿਰਗੁਣਿਆਰੇ ਕੋ ਗੁਣੁ ਨਾਹੀ ਆਪੇ ਤਰਸੁ ਪਇਓਈ॥ ਤਰਸੁ ਪਇਆ ਮਿਹਰਾਮਤਿ ਹੋਈ ਸਤਿਗੁਰੁ ਸਜਣੁ ਮਿਲਿਆ॥ ਨਾਨਕ ਨਾਮੁ ਮਿਲੈ ਤਾਂ ਜੀਵਾਂ ਤਨੁ ਮਨੁ ਥੀਵੈ ਹਰਿਆ॥ ੧॥ {ਗੁਰੂ ਗਰੰਥ ਸਾਹਿਬ ਦਾ ਪੰਨਾ ੧੪੨੯}

ਫਿਰ, ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਗੁਰੂ ਅਰਜਨ ਸਾਹਿਬ ਨੇ ਗਰੰਥ ਸਾਹਿਬ ਦਾ ਪਹਿਲਾ ਪਰਕਾਸ਼ ੧੬ ਅਗਸਤ ੧੬੦੪ ਨੂੰ ਕੀਤਾ। ਇਸ ਤੋਂ ਬਾਅਦ ਗੁਰੂ ਹਰਿਗੋਬਿੰਦ ਸਾਹਿਬ, ਗੁਰੂ ਹਰਿਰਾਏ ਸਾਹਿਬ, ਗੁਰੂ ਹਰਿਕਿਸ਼ਨ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਵਲੋਂ ਕੋਈ ਬਾਣੀ ਅੰਕਿਤ ਨਹੀਂ। ਪਰ, ਗੁਰੂ ਤੇਗ ਬਹਾਦਰ ਸਾਹਿਬ ਵਲੋਂ ਉਚਾਰੀ ਹੋਈ ਬਾਣੀ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਮਦਮਾ ਸਾਹਿਬ ਵਿਖੇ ਭਾਈ ਮਨੀ ਸਿੰਘ ਜੀ ਦੇ ਹੱਥੀਂ ਦਰਜ਼ ਕਰਵਾਈ। ੭ ਅਕਤੂਬਰ ੧੭੦੮ ਨੂੰ ਚਲਾਣਾ ਕਰਨ ਤੋਂ ਪਹਿਲਾਂ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਹੁਕਮ ਦਿੱਤਾ:

“ਸਭ ਸਿੱਖਨ ਕਉ ਹੁਕਮ ਹੈ, ਗੁਰੂ ਮਾਨਿਓ ਗਰੰਥ”॥

ਉਸ ਸਮੇਂ ਤੋਂ ਹੀ ਸਾਰੇ ਸਿੱਖ ਜਿੱਥੇ ਭੀ ਸੰਸਾਰ ਵਿਖੇ ਰਹਿੰਦੇ ਹਨ, “ਗੁਰੂ ਗਰੰਥ ਸਾਹਿਬ” ਵਿੱਚ ਅੰਕਿਤ ਬਾਣੀ ਅਨੁਸਾਰ ਆਪਣਾ ਦੁਨਿਆਵੀਂ `ਤੇ ਇਲਾਹੀ ਜੀਵਨ ਬਤੀਤ ਕਰਨ ਦਾ ਓਪਰਾਲਾ ਕਰਦੇ ਰਹਿੰਦੇ ਹਨ ਕਿਉਂਕਿ ਸਿੱਖਾਂ ਲਈ ਇੱਕ “ਗੁਰੂ ਗਰੰਥ ਸਾਹਿਬ” ਹੀ ਪਵਿੱਤਰ ਧਰਮ ਗਰੰਥ ਹੈ। ਜਿਵੇਂ ਗੁਰਬਾਣੀ ਦਾ ਓਪਦੇਸ਼ ਹੈ:

ਪਵਣ ਅਰੰਭੁ ਸਤਿਗੁਰ ਮਤਿ ਵੇਲਾ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ॥ ਮ: ੧, ਪੰਨਾ ੯੪੩॥

ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥ ਮ: ੩, ਪੰਨਾ ੬੪੬॥

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥ ਮ: ੪, ਪੰਨਾ ੯੮੨॥

ਧੁਰ ਕੀ ਬਾਣੀ ਆਈ॥ ਤਿਨਿ ਸਗਲੀ ਚਿੰਤ ਮਿਟਾਈ॥ ਮ: ੫, ਪੰਨਾ ੬੨੮॥

ਜਦੋਂ ੨੯ ਮਾਰਚ ੧੮੪੯ ਤੋਂ ਅੰਗ੍ਰੇਜ਼ ਸਰਕਾਰ, ਪੰਜਾਬ ਦੀ ਹੁਕਮਰਾਨ ਬਣ ਗਈ, ਸਿੱਖ ਭੀ ਉਨ੍ਹਾਂ ਦੇ ਗ਼ੁਲਾਮ ਹੋ ਗਏ ਅਤੇ ਸਰਕਾਰ ਦੀ ਸ਼ਹਿ `ਤੇ ਇਤਿਹਾਸਕ ਗੁਰਦੁਆਰੇ, ਮਹੰਤਾਂ/ਉਦਾਸੀਆਂ ਦੇ ਕਬਜ਼ੇ ਵਿੱਚ ਆ ਗਏ। ਸਰਕਾਰ ਵਲੋਂ ਪੰਜਾਬੀ ਪ੍ਰੈਸ ਨੂੰ ਭੀ ਉਤਸ਼ਾਹ ਦਿੱਤਾ ਗਿਆ, ਜਿਸ ਸਦਕਾ ਸਿੱਖ ਧਰਮ ਦੇ ਮੁੱਢਲੇ ਸਿਧਾਤਾਂ ਨਾਲ ਖਿਲਵਾੜ ਕਰਨਾ ਅਰੰਭ ਹੋ ਗਿਆ। ਇਵੇਂ ਹੀ ਸਰਕਾਰ ਦੇ ਕਈ ਪਿੱਠੂ ਮਹੰਤਾਂ/ਉਦਾਸੀਆਂ ਨੇ ਇੱਕ ਸੋਧਕ ਕਮੇਟੀ ਬਣਾ ਕੇ ਬਚਿਤ੍ਰ ਨਾਟਕ ਦੀਆਂ (੩੨) ਬੀੜਾਂ ਦੀ ਪੜਚੋਲ ਕਰਕੇ, ੧੮੯੭ ਨੂੰ ਅਖੌਤੀ ਦਸਮ ਗ੍ਰੰਥ (੧੪੨੮ ਪੰਨੇ) ਦਾ ਨਾਂ “ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਪ੍ਰਚਲਤ ਕਰ ਦਿੱਤਾ! ਇੰਜ, ਸਿੱਖਾਂ ਵਿੱਚ ਦੁੱਬਧਾ ਖੜੀ ਕਰ ਦਿੱਤੀ, ਪਰ ਕਿਸੇ ਨੇ ਇਹ ਵਿਚਾਰਣ ਦੀ ਖ਼ੇਚਲ ਨਾ ਕੀਤੀ ਕਿ ਇਸ ਅਖੌਤੀ ਗ੍ਰੰਥ ਵਿੱਚ ਐਸਾ ਕਿਹੜਾ ਨਵਾਂ ਇਲਾਹੀ ਸਿਧਾਂਤ ਹੈ, ਜੇਹੜਾ ਕਿ “ਗੁਰੂ ਗਰੰਥ ਸਾਹਿਬ” ਵਿੱਚ ਅੰਕਿਤ ਨਹੀਂ?

ਫਿਰ ਜਦੋਂ, ਸਿੰਘ ਸਭਾ ਲਹਿਰ ਅਤੇ ਗੁਰਦੁਆਰਾ ਸੁਧਾਰ ਲਹਿਰ ਨੇ ਜੋਰ ਫੜਿਆ, ੧੯੨੦ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਤਾਂ ਸਰਕਾਰ ਨੇ “ਸਿੱਖ ਗੁਰਦੁਆਰਾ ਐਕਟ, ੧੯੨੫” ਦੁਆਰਾ ਇਸ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਇਸ ਦਾ ਮੰਤਵ ਸੀ ਕਿ ਇਤਿਹਾਸਕ ਗੁਰਦੁਆਰਿਆਂ ਦੀ ਦੇਖ਼-ਭਾਲ ਕਰਨੀ ਅਤੇ “ਗੁਰੂ ਗਰੰਥ ਸਾਹਿਬ” ਦੀ ਸਿਖਿਆ ਅਨੁਸਾਰ ਪ੍ਰਚਾਰ ਕਰਨਾ। ਪਰ ਇਹ ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਕਿ ਇਲੈਕਸ਼ਨ ਦੇ ਚੱਕਰ ਵਿੱਚ ਪੈ ਕੇ, ਸਿਆਸੀ ਤੇ ਧਾਰਮਿਕ ਚੌਧਰੀ “ਗੁਰੂ ਗਰੰਥ ਸਾਹਿਬ” ਦੀ ਸਿਖਿਆ ਨੂੰ ਭੁੱਲਦੇ ਹੀ ਗਏ, ਜਿਸ ਸਦਕਾ ਹਰੇਕ ਜਥੇਬੰਦੀ ਆਪਣਾ ਆਪਣਾ ਰਾਗ ਅਲਾਪ ਰਹੀ ਹੈ। ੨੦੦੨ ਵਿੱਚ ਛਪੀ ਕਿਤਾਬ: “ਪੰਥਕ ਮਤੇ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਉਸਦੀ ਧਾਰਮਿਕ ਸਲਾਹਕਾਰ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਮਤੇ”, ਸੰਪਾਦਕ ਡਾ. ਕਿਰਪਾਲ ਸਿੰਘ, ਰੀਟਾਇਰਡ ਪ੍ਰੋਫੈਸਰ ਅਤੇ ਮੁਖੀ ਪੰਜਾਬ ਇਤਿਹਾਸ ਖੋਜ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ; ਪ੍ਰਕਾਸ਼ਕ ਡਾਕਟਰ ਮਾਨ ਸਿੰਘ ਨਿਰੰਕਾਰੀ, ਰੀਟਾਇਰਡ ਪ੍ਰਿੰਸੀਪਲ ਮੈਡੀਕਲ ਕਾਲਜ, ਅੰਮ੍ਰਿਤਸਰ, ਦੇ ਸਫਾ ੨੧ ਵਿਖੇ ਅੰਕਿਤ ਹੈ:

ਧਾਰਮਕ ਸਲਾਹਕਾਰ ਕਮੇਟੀ ਦੀ ਅੱਠਵੀਂ ਇਕੱਤਰਤਾ ਮਿਤੀ ੪-੫-੪੨ ਦੀ ਕਾਰਵਾਈ …

“ਦਸਮ ਗ੍ਰੰਥ ਅਖੰਡ ਪਾਠ: ਜਥੇਦਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੀ ਪੱਤ੍ਰਿਕਾ ਨੰ: ੬੮੪ ਮਿਤੀ ੧੧-੧-੧੯੪੨ ਜਿਸ ਰਾਹੀਂ ਧਾਰਮਿਕ ਸਲਾਹਕਾਰਾਂ ਪਾਸੋਂ ਪੁਛ ਕਰਨ ਲਈ ਲਿਖਿਆ ਗਿਆ ਸੀ ਕਿ ਅਕਾਲ ਤਖਤ ਸਾਹਿਬ ਕਈ ਪ੍ਰੇਮੀ ਦਸਮ ਗ੍ਰੰਥ ਸਾਹਿਬ ਦਾ ਅਖੰਡ ਪਾਠ ਕਰਾਉਂਦੇ ਹਨ ਇਸ ਸਬੰਧੀ ਕੀ ਕੀਤਾ ਜਾਣਾ ਚਾਹੀਦਾ ਹੈ, ਪੇਸ਼ ਹੋ ਕੇ ਪ੍ਰਵਾਨ ਹੋਇਆ ਕਿ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਰਹ ਦਸਮ ਗ੍ਰੰਥ ਦਾ ਅਖੰਡ, ਸਧਾਰਨ ਜਾਂ ਸਪਾਤਹਕ ਪਾਠ ਕਰਨਾ ਠੀਕ ਨਹੀਂ, ਵੈਸੇ ਇਸਦਾ ਪੜ੍ਹਨਾ ਤੇ ਵਿਚਾਰਨਾ ਲਾਭਦਾਕਿ ਹੋ ਸਕਦਾ ਹੈ”।

ਪਰ ਦਸਮ ਗ੍ਰੰਥ ਦੇ ਸ਼ਰਧਾਲੂਆਂ ਨੇ ਆਪਣੇ ਰਸੂਖ ਅਤੇ ਚਾਲਾਕੀ ਦੁਆਰਾ ‘ਸਿੱਖ ਰਹਿਤ ਮਰਯਾਦਾ’ ਵਿਚ, ਦਸਮ ਗ੍ਰੰਥ ਵਿਚੋਂ ਜਾਪੁ, ਅਕਾਲ ਉਸਤਿਤ ਦੇ ੧੦ ਸਵੱਯੇ, ਚਰਿਤ੍ਰੋਪਾਖੀਆਨ ਦੀ ਕਬਿਯੋ ਬਾਚ ਬੇਨਤੀ ਚੌਪਈ, ਚੌਬੀਸ ਅਵਤਾਰ ਦਾ ਅਖੀਰਲਾ ਸਵੈਯਾ ਤੇ ਦੋਹਰਾ ਅਤੇ ਵਾਰ ਦੁਰਗਾ ਕੀ (ਚੰਡੀ ਦੀ ਵਾਰ) ਦਾ ਪਹਿਲਾ ਪੈਰਾ ਭਗੌਤੀ ਅਗੇ ਅਰਦਾਸ, ਸਿੱਖਾਂ ਦੇ ਸਿਰ ਉਪਰ ਇੰਜ ਮੜ੍ਹ ਦਿੱਤੇ ਕਿ ਕਿਸੇ ਨੂੰ ਪਤਾ ਹੀ ਨਾ ਲਗੇ ਕਿ ਇਹ ਸਾਰੀਆਂ ਰਚਨਾਂ, ਅਖੌਤੀ ਦਸਮ ਗ੍ਰੰਥ ਵਿਚੋਂ ਲਈਆਂ ਗਈਆਂ ਹਨ? ਪਿਛਲੇ ੬੫-੭੦ ਸਾਲਾਂ ਤੋਂ ਕਈ ਸਿੱਖ ਜਥੇਬੰਦੀਆਂ, ਮੈਗਜ਼ੀਨਾਂ, ਪ੍ਰਚਾਰਕਾਂ ਅਤੇ ਲਿਖਾਰੀਆਂ ਨੇ ਇਨ੍ਹਾਂ ਦਾ ਐਨਾ ਪ੍ਰਚਾਰ ਕੀਤਾ ਕਿ ਆਮ ਸਿੱਖ ਇਸ ਚਾਲ ਨੂੰ ਸਮਝ ਹੀ ਨਾ ਸਕਿਆ। ਪਰ, ਹੁਣ ਇੰਟਰਨਿੱਟ ਰਾਹੀਂ ਬਹੁਤ ਸਾਰੇ ਸਿੱਖਾਂ ਨੂੰ ਸਮਝ ਆ ਰਹੀ ਹੈ ਕਿ ਇਹ ਸਾਰਾ ਸਿਲਸਲਾ, ਸਾਨੂੰ “ਗੁਰੂ ਗਰੰਥ ਸਾਹਿਬ” ਦੀ ਬਾਣੀ ਨਾਲੋਂ ਅਲੱਗ ਕਰਨ ਦਾ ਯੱਤਨ ਕੀਤਾ ਗਿਆ, ਜਿਸ ਦਾ ਪਾਜ “ਗੁਰੂ ਗਰੰਥ ਸਾਹਿਬ” ਦੇ ਤਿੰਨ ਸੌ ਸਾਲਾ ਦਿਵਸ ਮਨਾਉਣ ਸਮੇਂ (੨੦੦੮) ਨੂੰ ਸਾਮ੍ਹਣੇ ਆਇਆ। ਪਰ, ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਅਤੇ ਉਸ ਦੇ ਹੈੱਡ ਮਨਿਸਟਰਾਂ ਨੇ ਕੋਈ ਓਪਰਾਲਾ ਕਰਨ ਦੀ ਥਾਂ, ਉਹ ਆਪ ਹੀ ਅਖੌਤੀ ਦਸਮ ਗ੍ਰੰਥ ਨੂੰ ਪ੍ਰਚਾਰਣ ਵਿੱਚ ਮੋਹਰੇ ਹੋ ਗਏ ਹਨ! ਇੱਕ ਹੈੱਡ ਮਨਿਸਟਰ ਨੇ ਤਾਂ ਇਹ ਭੀ ਕਹਿ ਦਿੱਤਾ ਸੀ ਕਿ “ਸਿੱਖ” ਲਵ-ਕੁਸ਼ ਦੀ ਔਲਾਦ ਹਨ! ਇਸ ਨੂੰ ਕਹਿੰਦੇ ਹਨ: ‘ਬਚਿਤ੍ਰ ਨਾਟਕ’ ਦਾ ਪ੍ਰਭਾਵ!

‘ਜਾਪੁ ਸਾਹਿਬ’ (੧ ਤੋਂ ੧੯੯) ਪੈਰਿਆਂ ਵਿੱਚ ਲਿਖਿਆ ਹੋਇਆ ਹੈ, ਜਿਨ੍ਹਾਂ ਨੂੰ ਪੜ੍ਹਣ `ਤੇ ਕੋਈ ਜਾਣਕਾਰੀ ਪਰਾਪਤ ਨਹੀਂ ਹੁੰਦੀ ਕਿ ਕੀ ਇਹ ਵਾਰਤਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਚਾਰੀ ਹੋਈ ਹੈ? ਡ. ਗੁਰਮੁਖ ਸਿੰਘ ਆਪਣੀ ਕਿਤਾਬ: “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਆਧਾਰ ਤੇ ਦਸਮ ਗ੍ਰੰਥ ਦੀ ਵਿਚਾਰ” (ਪਹਿਲੀ ਵਾਰ ਫਰਵਰੀ ੨੦੦੭ ਅਤੇ ਦੂਜੀ ਵਾਰ ਮਾਰਚ ੨੦੦੮) ਵਿੱਚ ਲਿਖਦੇ ਹਨ ਕਿ ਗੁਰੂ ਅਰਜਨ ਸਾਹਿਬ ਨੇ ਪਹਿਲੇ ਪੰਜ ਗੁਰੂਆਂ ਦੀ ਬਾਣੀ ਇਕਤ੍ਰ ਕੀਤੀ ਤੇ ਗੁਰ ਵਿਅਕਤੀ ਦਾ ਨਾਮ ਦੱਸਣ ਲਈ ਮਹਲਾ ੧, ਮਹਲਾ ੨, ਮਹਲਾ ੩, ਮਹਲਾ ੪, ਮਹਲਾ ੫ ਪੋਥੀ ਵਿੱਚ ਲਿਖਵਾਇਆ। ੧੬੦੪ ਤੋਂ ਹੀ ਦਰਬਾਰ ਸਾਹਿਬ ਵਿਖੇ ਪੋਥੀ ਦਾ ਪ੍ਰਕਾਸ਼ ਕੀਤਾ ਜਾ ਰਿਹਾ ਹੈ। ਗੁਰੂ ਅਰਜਨ ਸਾਹਿਬ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਨੇ ਬਾਣੀ ਰਚੀ। ਗੁਰੂ ਗੋਬਿੰਦ ਸਿੰਘ ਜੀ ਨੇ ਪੋਥੀ ਵਿੱਚ ਨੌਵੇਂ ਪਾਤਸ਼ਾਹ ਦੀ ਬਾਣੀ ਦਰਜ ਕਰਾਈ। ਇਸ ਤਰ੍ਹਾਂ ਗ੍ਰੰਥ ਸੰਪੂਰਨ ਹੋਇਆ। ਸੰਭਵ ਹੈ ਕਿ ਜੇ ਗੁਰੂ ਗੋਬਿੰਦ ਸਿੰਘ ਜੀ ਨੇ ਬਾਣੀ ਰਚੀ ਹੁੰਦੀ ਤਾਂ ਉਹ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਾ ਦਿੰਦੇ, ਜਿਸ ਤਰ੍ਹਾਂ ਗੁਰੂ ਅਰਜਨ ਸਾਹਿਬ ਨੇ ਆਪਣੀ ਰਚੀ ਬਾਣੀ ਪੋਥੀ ਵਿੱਚ ਦਰਜ ਕਰਾਈ। ਲੇਖਕ ਅੱਗੇ ਲਿਖਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਬਾਣੀ ਦਾ ਪਾਠ ਕਰਕੇ, ਖੰਡੇ ਦਾ ਅੰਮ੍ਰਿਤ ਤਿਆਰ ਕੀਤਾ ਤੇ ਪੰਜ ਪਿਆਰਿਆਂ ਨੂੰ ਪਿਲਾਇਆ, ਪਰ ਸਾਡੇ ਕੋਲ ਇਤਿਹਾਸਕ ਜਾਣਕਾਰੀ ਨਹੀਂ ਜਿਸ ਤੋਂ ਇਹ ਪਤਾ ਲੱਗ ਸਕੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਹੜੀਆਂ ਬਾਣੀਆਂ ਦਾ ਪਾਠ ਖੰਡੇ ਦੀ ਪਹੁਲ ਤਿਆਰ ਕਰਨ ਸਮੇਂ ਕੀਤਾ!

ਹੋਰ ਦੇਖੋ, ਕਿ ਭਾਵੇਂ ‘ਜਾਪੁ ਸਾਹਿਬ’ ਕਿਸੇ ਕਵੀ ਨੇ “ਜਪੁ ਸਾਹਿਬ” ਦੇ ਮੁਕਾਬਲੇ ਵਿੱਚ ਤਾਂ ਲਿਖ ਦਿੱਤਾ, ਪਰ ਇਸ ਵਿਚੋਂ ਕੋਈ ਜਾਣਕਾਰੀ ਪਰਾਪਤ ਨਹੀਂ ਹੁੰਦੀ ਕਿ ਇਸ ਦਾ ਲੇਖਕ ਕੌਣ ਹੈ? (੧੯੯) ਪੈਰਿਆਂ ਵਿੱਚ “ਨਾਨਕ” ਨਾਂ ਇੱਕ ਵਾਰ ਵੀ ਨਹੀਂ ਲਿਖਿਆ ਮਿਲਦਾ ਜਦੋਂ ਕਿ ਛੇ ਗੁਰੂ ਸਾਹਿਬਾਨ ਨੇ ਬਾਣੀ “ਨਾਨਕ” ਨਾਂ ਹੇਠ ਉਚਾਰੀ ਹੋਈ ਹੈ। ਇਵੇਂ ਹੀ “ਜਪੁ ਜੀ ਸਾਹਿਬ” ਬਾਣੀ, ‘ਨਾਨਕ’ ਨਾਂ ਨਾਲ ਅਰੰਭ ਤੇ ਸਮਾਪਤ ਹੁੰਦੀ ਹੈ ਅਤੇ ਇਸ ਦਾ ਵੇਰਵਾ (੩੦) ਵਾਰ ਦੇਖਿਆ ਜਾ ਸਕਦਾ ਹੈ। “ਗੁਰੂ ਗਰੰਥ ਸਾਹਿਬ” ਵਿੱਚ ਅੰਕਿਤ ਗੁਰਬਾਣੀ ਦੀ ਕਸਵੱਟੀ ਦੇ ਆਧਾਰ ਤੇ ਇਹ ਕਿਹਾ ਜਾ ਸਕਦਾ ਹੈ ਕਿ ‘ਜਾਪੁ ਸਾਹਿਬ’ ਕਿਸੇ ਕਵੀ ਨੇ ਕਾਲ, ਕਾਲੀ, ਝਗੜੇ ਕ੍ਰੋਧ ਵਾਲੀ ਦੇਵੀ, ਇੰਦ੍ਰ ਆਦਿ ਦੇ ਉਪਾਸ਼ਕ ਨੇ ਲਿਖੀ ਹੋਈ ਹੈ ਅਤੇ ਉਨ੍ਹਾਂ ਦੇ ਰੂਪਾਂ ਨੂੰ ਯਾਦ ਕਰਕੇ ਨਮਸਕਾਰ ਕਰਦਾ ਹੈ। ਇਸ ਲਈ, ‘ਜਾਪੁ ਸਾਹਿਬ’ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਉਚਾਰੀ ਬਾਣੀ ਨਹੀਂ ਕਹੀ ਜਾ ਸਕਦੀ। ਜੇ ‘ਖੰਡੇ ਦੀ ਪਹੁਲ’ ਸਮੇਂ, ਪੰਜ ਬਾਣੀਆਂ ਦਾ ਪਾਠ ਕਰਨਾ ਜ਼ਰੂਰੀ ਹੈ, ਤਾਂ ਕੀ ਪੰਜ ਬਾਣੀਆਂ ਗੁਰੂ ਗਰੰਥ ਸਾਹਿਬ ਵਿਚੋਂ ਨਹੀਂ ਪੜ੍ਹੀਆਂ ਜਾ ਸਕਦੀਆਂ ਜਿਵੇਂ: (੧) ਜਪੁ ਜੀ ਸਾਹਿਬ, (੨) ਸੋ ਦਰੁ/ਸੋ ਪੁਰਖੁ, (੩) ਸੋਹਿਲਾ, (੪) ਆਸਾ ਕੀ ਵਾਰ, (੫) ਅਨੰਦੁ ਸਾਹਿਬ ਜਾਂ ਸੁਖਮਨੀ ਸਾਹਿਬ! ਵੈਸੇ ਤਾਂ, ਹਰੇਕ ਸਿੱਖ ਨੂੰ ਹਰ ਰੋਜ਼ ਸਾਧਾਰਨ ਪਾਠ ਕਰਨਾ ਚਾਹੀਦਾ ਹੈ।

ਕਈ ਪ੍ਰਬੰਧਕ, ਪ੍ਰਚਾਰਕ ਅਤੇ ਸ਼ਰਧਾਲੂ ਤਾਂ ਇਹ ਭੀ ਕਹਿਣ ਵਿੱਚ ਸੰਕੋਚ ਨਹੀਂ ਕਰਦੇ ਕਿ ਦਸਮ-ਗ੍ਰੰਥ ਤੋਂ ਬਿਨਾਂ “ਗੁਰੂ ਗਰੰਥ ਸਾਹਿਬ” ਅਧੂਰਾ ਹੈ ਕਿਉਂਕਿ ਉਨ੍ਹਾਂ ਅਨੁਸਾਰ ਗੁਰੂ ਗਰੰਥ ਸਾਹਿਬ ਭਗਤੀ ਦਾ ਮਾਰਗ ਹੈ ਅਤੇ ਦਸਮ-ਗ੍ਰੰਥ ਸ਼ਕਤੀ ਦਾ ਮਾਰਗ। ਪਰ, ਇਨ੍ਹਾਂ ਸੱਜਣਾਂ ਨੂੰ ਇਹ ਨਹੀੰ ਪਤਾ ਕਿ ਭਗਤਾਂ ਅਤੇ ਗੁਰੂ ਸਾਹਿਬਾਨ ਨੇ “ਭਗਤੀ-ਸ਼ਕਤੀ/ਪੀਰੀ-ਮੀਰੀ” ਦਾ ਸਿਧਾਂਤ ਤਾਂ ਗੁਰੂ ਗਰੰਥ ਸਾਹਿਬ ਵਿੱਚ ਪਹਿਲਾਂ ਹੀ ਦਰਸਾਇਆ ਹੋਇਆ ਹੈ। ਸ਼ਾਇਦ ਇਨ੍ਹਾਂ ਨੇ ਗੁਰਬਾਣੀ ਦਾ ਸੋਚ-ਸਮਝ ਕੇ ਕਦੀ ਅਧਿਐਨ ਨਹੀਂ ਕੀਤਾ ਹੋਵੇ, ਨਹੀਂ ਤਾਂ ਇਨ੍ਹਾਂ ਨੇ ਕੁੱਝ ਕੁ ਹੇਠ ਲਿਖੇ ਸ਼ਬਦਾਂ ਤੋਂ ਸੇਧ ਲਈ ਹੁੰਦੀ:

ਮਰਣੈ ਕੀ ਚਿੰਤਾ ਨਹੀ ਜੀਵਣ ਕੀ ਨਹੀ ਆਸ॥ ਮਹਲਾ ੧, ਪੰਨਾ ੨੦॥ ਜੇ ਜੀਵੈ ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ॥ ਮਹਲਾ ੧, ਪੰਨਾ ੧੪੨॥ ਦੀਨ ਦਇਆਲ ਭਰੋਸੇ ਤੇਰੇ॥ ਸਭੁ ਪਰਵਾਰੁ ਚੜਾਇਆ ਬੇੜੇ॥ ਕਬੀਰ ਜੀ, ਪੰਨਾ ੩੩੭॥ ਬੇਗਮ ਪੁਰਾ ਸਹਰ ਕੋ ਨਾਉ॥ ਦੂਖੁ ਅੰਦੋਹੁ ਨਹੀ ਤਿਹਿ ਠਾਉ॥ ਭਗਤ ਰਵਿਦਾਸ, ਪੰਨਾ ੩੪੫॥ ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ॥ ਮਹਲਾ ੧, ਪੰਨਾ ੫੭੯॥ ਮਰਣੁ ਜੀਵਣੁ ਜੋ ਸਮ ਕਰਿ ਜਾਣੈ ਸੋ ਮੇਰੇ ਪ੍ਰਭ ਭਾਇਦਾ॥ ਮਹਲਾ ੩, ਪੰਨਾ ੧੦੫੯॥ ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ॥ ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੇ ਪਾਸਿ॥ ਮਹਲਾ ੫, ੧੧੦੨॥ ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥ ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੇ ਖੇਤੁ॥ ਭਗਤ ਕਬੀਰ, ੧੧੦੫॥ ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨ੍ਹਿ ਬੈਠੇ ਸੁਤੇ॥ ਮਹਲਾ ੧, ਪੰਨਾ ੧੨੮੮॥ ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ॥ ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ॥ ੨੨, ਪੰਨਾ ੧੩੬੫॥ ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥ ਮਹਲਾ ੧, ਪੰਨਾ ੧੪੧੨॥ ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ॥ ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨਿ॥ ਮਹਲਾ ੯, ੧੪੨੭॥

ਇਸ ਲਈ, ਗੁਰੂ ਗੋਬਿੰਦ ਸਿੰਘ ਸਾਹਿਬ ਦੇ ਫੁਰਮਾਨ ਅਨੁਸਾਰ ਸਾਰੇ ਸਿੱਖਾਂ ਨੂੰ “ਗੁਰੂ ਗਰੰਥ ਸਾਹਿਬ” ਵਿੱਚ ਅੰਕਿਤ ਗੁਰਬਾਣੀ: “ਜਪੁ ਜੀ ਸਾਹਿਬ ਤੋਂ ਲੈ ਕੇ ਮੁੰਦਾਵਣੀ ਤੱਕ” ਦਾ ਪਾਠ ਕਰਨਾ ਚਾਹੀਦਾ ਹੈ। ਇਵੇਂ ਹੀ ‘ਖੰਡੇ ਦੀ ਪਹੁਲ’ ਸਮੇਂ ਭੀ “ਗੁਰੂ ਗਰੰਥ ਸਾਹਿਬ” ਵਿਚੋਂ ਪੰਜ ਬਾਣੀਆਂ ਪੜ੍ਹਣੀਆਂ ਚਾਹੀਦੀਆਂ ਹਨ। ਜਦੋਂ ਅਸੀਂ ਸਾਰੇ ਸਿੱਖ: “ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥” ਦੇ ਸਿਧਾਂਤ ਨਾਲ ਜੁੜ ਗਏ ਤਾਂ ਅਸੀਂ ਚੜ੍ਹਦੀ ਕਲਾ ਵਿੱਚ ਜੀਵਨ ਬਤੀਤ ਕਰਨ ਵਿੱਚ ਸਫਲ ਹੋ ਜਾਵਾਂਗੇ। ਆਓ, ਅਖੌਤੀ ਦਸਮ-ਗ੍ਰੰਥ ਅਤੇ ਉਸ ਵਿਚੋਂ ਲਈਆਂ ਰਚਨਾਂ ਤੋਂ ਛੁੱਟਕਾਰਾ ਪਾ ਲਈਏ। ਜੇ ਐਸਾ ਨਹੀਂ ਹੋਇਆ ਤਾਂ ਕੁੱਝ ਸਮੇਂ ਬਾਅਦ ਸਿੱਖਾਂ ਦਾ ਨਾਮ-ਨਿਸ਼ਾਨ ਹੀ ਖ਼ੱਤਮ ਹੋ ਜਾਏਗਾ, ਜਿਸ ਲਈ ਪੰਜਾਬ ਵਿਖੇ ਸਿੱਖਾਂ ਦੇ ਸਿਆਸੀ ਤੇ ਧਾਰਮਿਕ ਆਗੂ ਕਰ ਹੀ ਰਹੇ ਹਨ! ਸਾਨੂੰ ਇਹ ਭੀ ਹਰ ਵੇਲੇ ਯਾਦ ਰੱਖਣਾ ਚਾਹੀਦਾ ਹੈ ਕਿ “ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ” ਤੋਂ ਬਾਹਰ ਰਹਿੰਦੇ ਸਿੱਖ, ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਉਨ੍ਹਾਂ ਵਲੋਂ ਥਾਪੇ ਹੈੱਡ ਮਨਿਸਟਰਾਂ ਅਤੇ ਪੁਜਾਰੀਆਂ, ਆਦਿਕ ਦੇ ਘੇਰੇ ਵਿੱਚ ਨਹੀਂ ਆਉਂਦੇ ਅਤੇ ਨਾ ਹੀ ਸਿੱਖਾਂ ਨੂੰ ਕਿਸੇ ਵਿਚੋਲੇ-ਦਲਾਲ ਜਾਂ ਪੁਜਾਰੀ ਦੀ ਜ਼ਰੂਰਤ ਹੈ! ਸਾਰੇ ਸੰਸਾਰ ਵਿਖੇ ਰਹਿੰਦੇ ਸਿੱਖਾਂ ਲਈ ਇੱਕ “ਗੁਰੂ ਗਰੰਥ ਸਾਹਿਬ” ਹੀ ਧਰਮ ਗਰੰਥ, ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ ਅਤੇ ਇਲਾਹੀ ਤੇ ਦੁਨੀਆਵੀ ਦਾ ਸੱਚਾ ਮਾਰਗ ਹੈ।

ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ॥ ਗੁਰਸਿਖਂੀ ਸੋ ਥਾਨੁ ਭਾਲਿਆ ਲੈ ਧੂਰਿ ਮੁਖਿ ਲਾਵਾ॥ ਗੁਰਸਿਖਾ ਕੀ ਘਾਲ ਥਾਇ ਪਈ ਜਿਨ ਹਰਿ ਨਾਮੁ ਧਿਆਵਾ॥ ਜਿਨ੍ਹ ਨਾਨਕੁ ਸਤਿਗੁਰੁ ਪੂਜਿਆ ਤਿਨ ਹਰਿ ਪੂਜ ਕਰਾਵਾ॥ (ਆਸਾ ਮਹਲਾ ੪॥ ਗੁਰੂ ਗਰੰਥ ਸਾਹਿਬ, ਪੰਨਾ ੪੫੦)

ਖਿਮਾ ਦਾ ਜਾਚਕ,

ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ) ੨੪ ਫਰਵਰੀ ੨੦੧੩
.