.

ਜਸਬੀਰ ਸਿੰਘ ਵੈਨਕੂਵਰ

ਗੁਰਬਾਣੀ ਵਿੱਚ ਧਰਮਰਾਜ ਦਾ ਸੰਕਲਪ
(ਭਾਗ ਦੂਜਾ)

ਸੰਸਕ੍ਰਿਤ ਦੇ ਗ੍ਰੰਥਾਂ ਵਿੱਚ ਜਮਰਾਜ ਤੋਂ ਇਲਾਵਾ ਸ਼ਿਵ ਨੂੰ ਵੀ ਮੌਤ ਦਾ ਦੇਵਤਾ ਮੰਨਿਆ ਗਿਆ ਹੈ। ਜਪੁਜੀ ਦੀ ੩੦ਵੀਂ ਪਉੜੀ ਵਿੱਚ ਇਸੇ ਹੀ ਪ੍ਰਚਲਤ ਧਾਰਨਾ ਦਾ ਵਰਣਨ ਹੈ:
ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ॥ ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ॥ (ਪੰਨਾ ੭) ਅਰਥ: (ਲੋਕਾਂ ਵਿੱਚ ਇਹ ਖ਼ਿਆਲ ਆਮ ਪ੍ਰਚੱਲਤ ਹੈ ਕਿ) ਇਕੱਲੀ ਮਾਇਆ (ਕਿਸੇ) ਜੁਗਤੀ ਨਾਲ ਪ੍ਰਸੂਤ ਹੋਈ ਤੇ ਪਰਤੱਖ ਤੌਰ `ਤੇ ਉਸ ਦੇ ਤਿੰਨ ਪੁੱਤਰ ਜੰਮ ਪਏ। ਉਹਨਾਂ ਵਿਚੋਂ ਇੱਕ (ਬ੍ਰਹਮਾ) ਘਰ-ਬਾਰੀ ਬਣ ਗਿਆ (ਭਾਵ, ਜੀਵ-ਜੰਤਾਂ ਨੂੰ ਪੈਦਾ ਕਰਨ ਲੱਗ ਪਿਆ), ਇੱਕ (ਵਿਸ਼ਨੂੰ) ਭੰਡਾਰੇ ਦਾ ਮਾਲਕ ਬਣ ਗਿਆ (ਭਾਵ, ਜੀਵਾਂ ਨੂੰ ਰਿਜ਼ਕ ਅਪੜਾਣ ਦਾ ਕੰਮ ਕਰਨ ਲੱਗਾ), ਅਤੇ ਇੱਕ (ਸ਼ਿਵ) ਕਚਹਿਰੀ ਲਾਉਂਦਾ ਹੈ (ਭਾਵ, ਜੀਵਾਂ ਨੂੰ ਸੰਘਾਰਦਾ ਹੈ)।
ਗੁਰਬਾਣੀ ਵਿੱਚ ਕਾਲ ਸ਼ਬਦ ਵੀ ਮੌਤ ਅਥਵਾ ਜਮਰਾਜ ਦੇ ਅਰਥਾਂ ਵਿੱਚ ਆਇਆ ਹੈ। ਜਿਵੇਂ:
ਇਸਟ ਮੀਤ ਬੰਧਪ ਸੁਤ ਭਾਈ ਸੰਗਿ ਬਨਿਤਾ ਰਚਿ ਹਸਿਆ॥ ਜਬ ਅੰਤੀ ਅਉਸਰੁ ਆਇ ਬਨਿਓ ਹੈ ਉਨੑ ਪੇਖਤ ਹੀ ਕਾਲਿ ਗ੍ਰਸਿਆ॥ (ਪੰਨਾ ੪੯੭) ਅਰਥ: ਹੇ ਭਾਈ! ਪਿਆਰੇ ਮਿੱਤਰ, ਰਿਸ਼ਤੇਦਾਰ, ਪੁੱਤਰ, ਭਰਾ, ਇਸਤ੍ਰੀ—ਇਹਨਾਂ ਨਾਲ ਗੂੜਾ ਪਿਆਰ ਪਾ ਕੇ ਜੀਵ ਹੱਸਦਾ-ਖੇਡਦਾ ਰਹਿੰਦਾ ਹੈ, ਪਰ ਜਿਸ ਵੇਲੇ ਅੰਤਲਾ ਸਮਾਂ ਆ ਪੁੱਜਦਾ ਹੈ, ਉਹਨਾਂ ਸਭਨਾਂ ਦੇ ਵੇਂਹਦਿਆਂ ਵੇਂਹਦਿਆਂ ਮੌਤ ਨੇ ਆ ਫੜਨਾ ਹੁੰਦਾ ਹੈ।
ਗੁਰੂ ਗ੍ਰੰਥ ਸਾਹਿਬ ਵਿੱਚ ਧਰਮਰਾਜ ਤੋਂ ਇਲਾਵਾ ਧਰਮਰਾਇ, ਧਰਮ, ਧਰਮ ਰਾਉ, ਸੁਤ ਭਾਨ, ਭਾਨ ਸੁਤ, ਜਮ, ਜਮ ਰਾਜ, ਜਮਰਾਉ, ਕਾਲ, ਬਾਣੀਆ ਆਦਿ ਸ਼ਬਦ ਵੀ ਧਰਮਰਾਜ ਲਈ ਵਰਤੇ ਗਏ ਹਨ ਪਰੰਤੂ ਗੁਰੂ ਗ੍ਰੰਥ ਸਾਹਿਬ ਵਿੱਚ ਇਸ ਦਿਸਦੇ ਅਣਦਿਸਦੇ ਪਸਾਰੇ ਨੂੰ ਪ੍ਰਭੂ ਦੀ ਅਗੰਮੀ ਖੇਡ ਹੀ ਮੰਨਿਆ ਹੈ। ਪਰਮਾਤਮਾ ਨੂੰ ਹੀ ਸੱਚਾ ਨਿਆਂ ਕਰਨ ਵਾਲਾ ਮੰਨਿਆ ਹੈ ਅਤੇ ਪ੍ਰਭੂ ਦਰਬਾਰ ਨੂੰ ਉਕਾਈ ਰਹਿਤ ਆਖਿਆ ਹੈ: ‘ਕਰਮੀ ਕਰਮੀ ਹੋਇ ਵੀਚਾਰ॥ ਸਚਾ ਆਪਿ ਸਚਾ ਦਰਬਾਰ॥’ ਕਿਹਾ ਹੈ। ਅਕਾਲ ਪੁਰਖ ਦੇ ਹੁਕਮ ਦੁਆਰਾ ਹੀ ਜਨਮ ਅਤੇ ਮਰਨ ਦਾ ਇਹ ਸਿਲਸਿਲਾ ਚਲ ਰਿਹਾ ਹੈ। ਗੁਰਬਾਣੀ ਦੇ ਨਿਮਨ ਲਿਖਤ ਫ਼ਰਮਾਨਾਂ ਵਿੱਚ ਪ੍ਰਭੂ ਨੂੰ ਹੀ ਨਿਆਂਕਾਰੀ ਦਰਸਾਇਆ ਗਿਆ ਹੈ:
(ੳ) ਹਰਿ ਕੀ ਵਡਿਆਈ ਵਡੀ ਹੈ ਹਰਿ ਕੀਰਤਨੁ ਹਰਿ ਕਾ॥ ਹਰਿ ਕੀ ਵਡਿਆਈ ਵਡੀ ਹੈ ਜਾ ਨਿਆਉ ਹੈ ਧਰਮ ਕਾ॥ ਹਰਿ ਕੀ ਵਡਿਆਈ ਵਡੀ ਹੈ ਜਾ ਫਲੁ ਹੈ ਜੀਅ ਕਾ॥ ਹਰਿ ਕੀ ਵਡਿਆਈ ਵਡੀ ਹੈ ਜਾ ਨ ਸੁਣਈ ਕਹਿਆ ਚੁਗਲ ਕਾ॥ ਹਰਿ ਕੀ ਵਡਿਆਈ ਵਡੀ ਹੈ ਅਪੁਛਿਆ ਦਾਨੁ ਦੇਵਕਾ॥ (ਪੰਨਾ ੮੪) ਅਰਥ: ਜਿਸ ਹਰੀ ਦਾ ਧਰਮ ਦਾ ਨਿਆਂ ਹੈ, ਉਸਦੀ ਸਿਫ਼ਤਿ-ਸਾਲਾਹ ਤੇ ਉਸਦਾ ਕੀਰਤਨ ਕਰਨਾ—ਇਹੋ (ਜੀਵ ਲਈ) ਵੱਡੀ (ਕਰਣੀ) ਹੈ। ਹਰੀ ਦੀ ਵਡਿਆਈ ਕਰਨੀ ਸਭ ਤੋਂ ਚੰਗਾ ਕੰਮ ਹੈ (ਕਿਉਂਕਿ) ਜੀਵ ਦਾ (ਅਸਲੀ) ਫਲ (ਹੀ ਇਹੋ) ਹੈ (ਭਾਵ ਜਨਮ-ਮਨੋਰਥ ਹੀ ਇਹੀ ਹੈ)। ਜੋ ਪ੍ਰਭੂ ਚੁਗਲ ਦੀ ਗੱਲ ਵਲ ਕੰਨ ਨਹੀਂ ਧਰਦਾ, ਉਸ ਦੀ ਸਿਫ਼ਤਿ ਕਰਨੀ ਵੱਡੀ ਕਰਣੀ ਹੈ। ਜੋ ਪ੍ਰਭੂ ਕਿਸੇ ਨੂੰ ਪੁੱਛ ਕੇ ਦਾਨ ਨਹੀਂ ਦੇਂਦਾ ਉਸ ਦੀ ਵਡਿਆਈ ਉੱਤਮ ਕੰਮ ਹੈ।
(ਅ) ਹਰਿ ਕਾ ਏਕੁ ਅਚੰਭਉ ਦੇਖਿਆ ਮੇਰੇ ਲਾਲ ਜੀਉ ਜੋ ਕਰੇ ਸੁ ਧਰਮ ਨਿਆਏ ਰਾਮ॥ (ਪੰਨਾ ੫੪੧) ਅਰਥ: ਹੇ ਮੇਰੇ ਪਿਆਰੇ! ਮੈਂ ਪਰਮਾਤਮਾ ਦਾ ਇੱਕ ਅਚਰਜ ਤਮਾਸ਼ਾ ਵੇਖਿਆ ਹੈ ਕਿ ਉਹ ਜੋ ਕੁੱਝ ਕਰਦਾ ਹੈ ਧਰਮ ਅਨੁਸਾਰ ਕਰਦਾ ਹੈ, ਨਿਆਂ ਅਨੁਸਾਰ ਕਰਦਾ ਹੈ।
(ੲ) ਸਦਾ ਧਰਮੁ ਜਾ ਕੈ ਦੀਬਾਣਿ॥ ਬੇਮੁਹਤਾਜ ਨਹੀ ਕਿਛੁ ਕਾਣਿ॥ ਸਭ ਕਿਛੁ ਕਰਨਾ ਆਪਨ ਆਪਿ॥ ਰੇ ਮਨ ਮੇਰੇ ਤੂ ਤਾ ਕਉ ਜਾਪਿ॥ (ਪੰਨਾ ੯੮੭) ਅਰਥ: ਹੇ ਮੇਰੇ ਮਨ! ਤੂੰ ਉਸ ਪ੍ਰਭੂ ਦਾ ਨਾਮ ਜਪਿਆ ਕਰ ਜੋ ਆਪ ਹੀ ਸਭ ਕੁੱਝ ਕਰਨ ਦੇ ਸਮਰੱਥ ਹੈ, ਜੋ ਬੇ-ਮੁਥਾਜ ਹੈ ਜਿਸ ਨੂੰ ਕਿਸੇ ਦੀ ਮੁਥਾਜੀ ਨਹੀਂ, ਅਤੇ ਜਿਸ ਦੀ ਕਚਹਿਰੀ ਵਿੱਚ ਸਦਾ ਨਿਆਂ ਹੁੰਦਾ ਹੈ।
(ਸ) ਹਰਿ ਜਲਿ ਥਲਿ ਮਹੀਅਲਿ ਭਰਪੂਰਿ ਦੂਜਾ ਨਾਹਿ ਕੋਇ॥ ਹਰਿ ਆਪਿ ਬਹਿ ਕਰੇ ਨਿਆਉ ਕੂੜਿਆਰ ਸਭ ਮਾਰਿ ਕਢੋਇ॥ ਸਚਿਆਰਾ ਦੇਇ ਵਡਿਆਈ ਹਰਿ ਧਰਮ ਨਿਆਉ ਕੀਓਇ॥ ਸਭ ਹਰਿ ਕੀ ਕਰਹੁ ਉਸਤਤਿ ਜਿਨਿ ਗਰੀਬ ਅਨਾਥ ਰਾਖਿ ਲੀਓਇ॥ ਜੈਕਾਰੁ ਕੀਓ ਧਰਮੀਆ ਕਾ ਪਾਪੀ ਕਉ ਡੰਡੁ ਦੀਓਇ॥ (ਪੰਨਾ ੮੯) ਅਰਥ: ਪ੍ਰਭੂ ਜਲ ਵਿੱਚ ਥਲ ਵਿੱਚ ਪ੍ਰਿਥਵੀ ਉੱਤੇ ਹਰ ਥਾਂ ਵਿਆਪਕ ਹੈ, ਉਸ ਦਾ ਕੋਈ ਸ਼ਰੀਕ ਨਹੀਂ ਹੈ, ਪ੍ਰਭੂ ਆਪ ਹੀ ਬਹਿ ਕੇ (ਭਾਵ, ਗਹੁ ਨਾਲ) (ਜੀਵਾਂ ਦੇ ਚੰਗੇ ਮੰਦੇ ਕੀਤੇ ਕਰਮਾਂ ਦਾ) ਨਿਆਂ ਕਰਦਾ ਹੈ, ਮਨ ਦੇ ਖੋਟੇ ਸਭ ਜੀਵਾਂ ਨੂੰ ਮਾਰ ਕੇ ਕੱਢ ਦੇਂਦਾ ਹੈ (ਭਾਵ, ਆਪਣੇ ਚਰਨਾਂ ਤੋਂ ਵਿਛੋੜ ਦੇਂਦਾ ਹੈ), ਸੱਚ ਦੇ ਵਪਾਰੀਆਂ ਨੂੰ ਆਦਰ ਬਖ਼ਸ਼ਦਾ ਹੈ—ਹਰੀ ਨੇ ਇਹ ਧਰਮ ਦਾ ਨਿਆਂ ਕੀਤਾ ਹੈ। (ਹੇ ਭਾਈ!) ਸਾਰੇ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰੋ, ਜਿਸ ਨੇ (ਸਦਾ) ਗ਼ਰੀਬਾਂ ਅਨਾਥਾਂ ਦੀ ਰਾਖੀ ਕੀਤੀ ਹੈ, ਧਰਮੀਆਂ ਨੂੰ ਵਡਿਆਈ ਦਿੱਤੀ ਹੈ ਤੇ ਪਾਪੀਆਂ ਨੂੰ ਦੰਡ ਦਿੱਤਾ ਹੈ।
ਇਹਨਾਂ ਉਪਰੋਕਤ ਫ਼ਰਮਾਨਾਂ ਵਿੱਚ ਪ੍ਰਭੂ ਨੂੰ ਹੀ ਜੀਵਾਂ ਦੇ ਚੰਗੇ ਮੰਦੇ ਕਰਮਾਂ ਦਾ ਨਿਆਂ ਕਰਨ ਵਾਲਾ ਮੰਨਿਆ ਹੈ। ‘ਕਹਤ ਨਾਨਕੁ ਮਾਰਿ ਜੀਵਾਲੇ ਸੋਇ॥ ਭਰਮਿ ਨ ਭੁਲਹੁ ਕੋਇ॥’ ਇਸ ਭਾਵ ਨੂੰ ਆਸਾ ਕੀ ਵਾਰ ਦੀ ਇਸ ਪਉੜੀ ਵਿੱਚ ਇਉਂ ਦਰਸਾਇਆ ਹੈ: ਨਾਨਕ ਜੀਅ ਉਪਾਇ ਕੈ ਲਿਖਿ ਨਾਵੈ ਧਰਮੁ ਬਹਾਲਿਆ॥ ਓਥੈ ਸਚੇ ਹੀ ਸਚਿ ਨਿਬੜੈ ਚੁਣਿ ਵਖਿ ਕਢੇ ਜਜਮਾਲਿਆ॥ (ਪੰਨਾ ੪੬੩) ਧਰਮਰਾਜ ਨੂੰ ਪ੍ਰਭੂ ਦੇ ਹੁਕਮ ਦੇ ਰੂਪ ਵਿੱਚ ਦਰਸਾਇਆ ਹੈ।
ਗੁਰਮਤਿ ਦੀ ਜੀਵਨ-ਜੁਗਤ ਵਿੱਚ ਧਰਮਰਾਜ ਸੰਬੰਧੀ ਪ੍ਰਚਲਤ ਧਾਰਨਾ ਨੂੰ ਸਵੀਕਾਰ ਨਹੀਂ ਕੀਤਾ ਗਿਆ ਹੈ। ਗੁਰਬਾਣੀ ਵਿੱਚ ਧਰਮਰਾਜ ਦਾ ਵਰਣਨ ਕਿਤੇ ਤਾਂ ਪ੍ਰਚਲਤ ਧਾਰਨਾ ਦੇ ਪ੍ਰਸੰਗ ਵਿੱਚ ਹੈ, ਅਰਥਾਤ ਅਨਮਤ ਵਾਲਿਆਂ ਨੂੰ ਉਹਨਾਂ ਦੇ ਹੀ ਨਿਸ਼ਚਿਆਂ ਅਨੁਸਾਰ ਗੁਰਮਤਿ ਦੀ ਜੀਵਨ-ਜੁਗਤ ਦ੍ਰਿੜ ਕਰਾਉਣ ਲਈ ਕੀਤਾ ਹੈ ਅਤੇ ਕਿਤੇ ਅਲੰਕਾਰ ਦੇ ਤੌਰ `ਤੇ ਮਨੁੱਖ ਨੂੰ ਸ਼ੁਭ ਕਰਮ ਦ੍ਰਿੜ ਕਰਾਉਣ ਦੇ ਭਾਵ ਵਿੱਚ ਆਇਆ ਹੈ। ਇਸ ਭਾਵ ਨੂੰ ਗੁਰਬਾਣੀ ਦੇ ਨਿਮਨ ਲਿਖਤ ਫ਼ਰਮਾਨਾਂ `ਚ ਦੇਖਿਆ ਜਾ ਸਕਦਾ ਹੈ:
(ੳ) ਰੇ ਨਰ ਕਾਇ ਪਰ ਗ੍ਰਿਹਿ ਜਾਇ॥ ਕੁਚਲ ਕਠੋਰ ਕਾਮਿ ਗਰਧਭ ਤੁਮ ਨਹੀ ਸੁਨਿਓ ਧਰਮ ਰਾਇ॥ (ਪੰਨਾ ੧੦੦੧) ਅਰਥ: ਹੇ ਮਨੁੱਖ! ਪਰਾਏ ਘਰ ਵਿੱਚ ਜਾ ਕੇ ਇਉਂ (ਮੰਦ ਕਰਮ ਕਰਦਾ ਹੈਂ)? ਹੇ ਗੰਦੇ! ਹੇ ਪੱਥਰ-ਦਿਲ! ਹੇ ਵਿਸ਼ਈ! ਹੇ ਖੋਤੇ ਮੂਰਖ! ਕੀ ਤੂੰ ਧਰਮਰਾਜ (ਦਾ ਨਾਮ ਕਦੇ) ਨਹੀਂ ਸੁਣਿਆ?
(ਅ) ਧਰਮ ਰਾਇ ਜਬ ਲੇਖਾ ਮਾਗੈ ਕਿਆ ਮੁਖੁ ਲੈ ਕੈ ਜਾਹਿਗਾ॥ ਕਹਤੁ ਕਬੀਰੁ ਸੁਨਹੁ ਰੇ ਸੰਤਹੁ ਸਾਧਸੰਗਤਿ ਤਰਿ ਜਾਂਹਿਗਾ॥ (ਪੰਨਾ ੧੧੦੬) ਅਰਥ: ਹੇ ਮਨ! ਜਦੋਂ ਧਰਮਰਾਜ ਨੇ (ਤੈਥੋਂ ਜੀਵਨ ਵਿੱਚ ਕੀਤੇ ਕੰਮਾਂ ਦਾ) ਹਿਸਾਬ ਮੰਗਿਆ, ਤਾਂ ਕੀਹ ਮੂੰਹ ਲੈ ਕੇ ਉਸ ਦੇ ਸਾਹਮਣੇ ਹੋਵੇਂਗਾ? ਕਬੀਰ ਆਖਦਾ ਹੈ—ਹੇ ਸੰਤ ਜਨੋ! ਸੁਣੋ, ਸਾਧ-ਸੰਗਤ ਵਿੱਚ ਰਹਿ ਕੇ ਹੀ (ਸੰਸਾਰ-ਸਮੁੰਦਰ ਤੋਂ) ਪਾਰ ਲੰਘੀਦਾ ਹੈ।
(ੲ) ਪੂਰਾ ਸਤਿਗੁਰੁ ਕਬਹੂੰ ਨ ਸੇਵਿਆ ਸਿਰਿ ਠਾਢੇ ਜਮ ਜੰਦਾਰਾ॥ ਧਰਮ ਰਾਇ ਜਬ ਪਕਰਸਿ ਬਵਰੇ ਤਬ ਕਿਆ ਜਬਾਬੁ ਕਰੇਇ॥ ਕਹੁ ਨਾਨਕ ਦੂਜੈ ਪਹਰੈ ਪ੍ਰਾਣੀ ਭਰਿ ਜੋਬਨੁ ਲਹਰੀ ਦੇਇ॥ (ਪੰਨਾ ੭੭) ਅਰਥ: (ਜੁਆਨੀ ਦੇ ਨਸ਼ੇ ਵਿੱਚ ਮਨੁੱਖ ਕਦੇ ਨਹੀਂ ਸੋਚਦਾ ਕਿ ਹਉਮੈ ਵਿਚ) ਝੱਲੇ ਹੋ ਚੁਕੇ ਨੂੰ ਜਦੋਂ ਧਰਮਰਾਜ ਆ ਫੜੇਗਾ, ਤਦੋਂ (ਆਪਣੀਆਂ ਮੰਦੀਆਂ ਕਰਤੂਤਾਂ ਬਾਰੇ) ਉਸ ਨੂੰ ਕੀਹ ਜਵਾਬ ਦੇਵੇਗਾ? ਹੇ ਨਾਨਕ! ਆਖ—ਜ਼ਿੰਦਗੀ ਦੀ) ਰਾਤ ਦੇ ਦੂਜੇ ਪਹਰ ਸਿਖਰ ਤੇ ਪੁੰਹਚਿਆ ਹੋਇਆ ਜੋਬਨ (ਮਨੁੱਖ ਦੇ ਅੰਦਰ) ਉਛਾਲੇ ਮਾਰਦਾ ਹੈ।
ਇਹ ਗੱਲ ਵੀ ਧਿਆਨ ਯੋਗ ਹੈ ਕਿ ਅਕਾਲ ਪੁਰਖ ਨਾਲੋਂ ਧਰਮਰਾਜ ਦੀ ਵੱਖਰੀ ਹਸਤੀ ਮੰਨਣ ਵਾਲਿਆਂ ਅਨੁਸਾਰ ਹਰੇਕ ਮਨੁੱਖ ਨੂੰ ਭਾਵੇਂ ਉਹ ਧਰਮਾਤਮਾ ਹੈ ਭਾਂਵੇ ਉਹ ਪਾਪੀ ਹੈ, ਧਰਮਰਾਜ ਦੀ ਕਚਹਿਰੀ ਵਿੱਚ ਹਾਜ਼ਰ ਹੋਣਾ ਪੈਂਦਾ ਹੈ। ਧਰਮਰਾਜ ਉਸ ਦੇ ਕਰਮ ਅਨੁਸਾਰ ਉਸ ਨੂੰ ਸਜ਼ਾ ਜਾਂ ਫਲ਼ ਦੇਂਦਾ ਹੈ। ਭਾਵ, ਨਰਕ ਜਾਂ ਸੁਰਗ ਵਿੱਚ ਭੇਜਦਾ ਹੈ। ਇਸ ਧਾਰਨਾ ਦਾ ਗੁਰਬਾਣੀ ਦੇ ਨਿਮਨ ਲਿਖਤ ਫ਼ਰਮਾਨ ਵਿੱਚ ਖੰਡਨ ਕੀਤਾ ਗਿਆ ਹੈ:
ਇਹ ਲੋਕੇ ਸੁਖੁ ਪਾਇਆ॥ ਨਹੀ ਭੇਟਤ ਧਰਮ ਰਾਇਆ॥ ਹਰਿ ਦਰਗਹ ਸੋਭਾਵੰਤ॥ ਫੁਨਿ ਗਰਭਿ ਨਾਹੀ ਬਸੰਤ॥ ੧॥ (ਪੰਨਾ ੮੯੮) ਅਰਥ: (ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਦੀ ਮਿੱਤ੍ਰਤਾ ਪ੍ਰਾਪਤ ਹੁੰਦੀ ਹੈ ਉਸ ਨੇ) ਇਸ ਜਗਤ ਵਿੱਚ (ਆਤਮਕ) ਸੁਖ ਮਾਣਿਆ, (ਪਰਲੋਕ ਵਿਚ) ਉਸ ਨੂੰ ਧਰਮਰਾਜ ਨਾਲ ਵਾਹ ਨਾਹ ਪਿਆ। ਉਹ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿੱਚ ਸੋਭਾ ਵਾਲਾ ਬਣਦਾ ਹੈ, ਮੁਝ ਜਨਮਾਂ ਦੇ ਗੇੜ ਵਿੱਚ (ਭੀ) ਨਹੀਂ ਪੈਂਦਾ।
ਗੁਰਬਾਣੀ ਦੇ ਜਿਹਨਾਂ ਫ਼ਰਮਾਨਾਂ ਵਿੱਚ ਧਰਮਰਾਜ ਸ਼ਬਦ ਆਇਆ ਹੈ, ਉਹਨਾਂ ਵਿੱਚੋਂ ਕੁੱਝ ਕੁ ਦਾ ਵਰਣਨ ਕਰ ਰਹੇ ਹਾਂ ਤਾਂ ਕਿ ਇਹ ਦੇਖਿਆ ਜਾ ਸਕੇ ਕਿ ਇਹਨਾਂ ਫ਼ਰਮਾਨਾਂ ਵਿੱਚ ਧਰਮਰਾਜ ਦਾ ਵਰਣਨ ਕਿਸ ਸੰਧਰਭ ਵਿੱਚ ਆਇਆ ਹੈ।
ਅਕਾਲ ਪੁਰਖ ਦੀ ਬੇਅੰਤਤਾ ਦੇ ਪ੍ਰਸੰਗ ਵਿੱਚ: ਗੁਰਬਾਣੀ ਵਿੱਚ ਪ੍ਰਭੂ ਦੀ ਇਸ ਬਹੁ-ਰੰਗੀ ਅਤੇ ਬਹੁ-ਭਾਂਤੀ ਰਚਨਾ ਦੀ ਬੇਅੰਤਤਾ ਦਾ ਵਰਣਨ ਕਰਦਿਆਂ ਜਿਸ ਵੀ ਕਿਸੇ ਵਸਤੂ ਜਾਂ ਮਨੁੱਖ ਆਦਿ ਦੀ ਹੋਂਦ ਨੂੰ ਮਨੁੱਖ ਨੇ ਮੰਨਿਆ ਹੋਇਆ ਹੈ, ਉਸ ਦਾ ਜ਼ਿਕਰ ਕਰਦਿਆਂ ਹੋਇਆਂ ਉਸ ਦੀ ਗਿਣਤੀ-ਮਿਣਤੀ ਨੂੰ ਵੀ ਅਸੰਭਵ ਕਰਾਰ ਦਿੱਤਾ ਹੈ। ਇਸ ਵਰਣਨ ਵਿੱਚ ਹਜ਼ੂਰ ਧਰਮਰਾਜ ਦਾ ਵੀ ਵਰਣਨ ਕਰਦਿਆਂ ਫ਼ਰਮਾਂਦੇ ਹਨ ਕਿ ਕਰਤੇ ਦੀ ਇਸ ਕੁਦਰਤ ਵਿੱਚ ਅਣਗਿਣਤ ਧਰਮਰਾਜ ਹਨ:
ਅਨਿਕ ਧਰਮ ਅਨਿਕ ਕੁਮੇਰ॥ (ਪੰਨਾ ੧੨੩੬) ਅਰਥ: ਹੇ ਸੰਤ ਜਨੋ! (ਉਸ ਪਰਮਾਤਮਾ ਦੇ ਪੈਦਾ ਕੀਤੇ ਹੋਏ) ਅਨੇਕਾਂ ਧਰਮਰਾਜ ਹਨ ਅਨੇਕਾਂ ਹੀ ਧਨ ਦੇ ਦੇਵਤੇ ਕੁਬੇਰ ਹਨ।
(ਨੋਟ: ਇਸ ਸ਼ਬਦ ਵਿੱਚ ਹੀ ਸਤਿਗੁਰੂ ਜੀ ਅਨੇਕਾਂ ਹੋਰ ਕਲਪਿਤ ਪਾਤਰਾਂ ਦਾ ਵੀ ਵਰਣਨ ਕਰਦੇ ਹਨ ਜਿਨ੍ਹਾਂ ਦਾ ਹਜ਼ੂਰ ਨੇ ਬਾਣੀ ਵਿੱਚ ਹੀ ਖੰਡਨ ਕੀਤਾ ਹੋਇਆ ਹੈ। ਜਿਵੇਂ ‘ਅਨਿਕ ਕਾਮਧੇਨ’ ਅਤੇ ‘ਅਨਿਕ ਪਾਰਜਾਤ’ ਦਾ ਵਰਣਨ ਕੀਤਾ ਹੈ। ਇਸੇ ਸ਼ਬਦ ਵਿੱਚ ਹੀ ਹਜ਼ੂਰ ‘ਅਨਿਕ ਰਤਨ ਸਾਗਰ ਦਧਿ ਖੀਰ’ ਦਾ ਵੀ ਵਰਣਨ ਕਰਦੇ ਹਨ; ਜਿਸ ਦਾ ਭਾਵ ਹੈ ਕਿ ਪ੍ਰਭੂ ਦੀ ਇਸ ਰਚਨਾ ਵਿੱਚ (ਉਸ ਦੇ ਪੈਦਾ ਕੀਤੇ ਹੋਏ) ਅਨੇਕਾਂ ਹੀ ਰਤਨਾਂ ਦੇ, ਦਹੀਂ ਦੇ, ਦੁੱਧ ਦੇ ਸਮੁੰਦਰ ਹਨ।)
ਪ੍ਰਭੂ ਦੀ ਕਿਰਤ ਅਥਵਾ ਕੁਦਰਤ ਦਾ ਹਰੇਕ ਅੰਗ ਉਸ ਦੇ ਭੈ ਅਥਵਾ ਹੁਕਮ ਹੈ, ਦੇ ਪ੍ਰਸੰਗ ਵਿੱਚ:
(ੳ) ਭੈ ਵਿਚਿ ਰਾਜਾ ਧਰਮ ਦੁਆਰੁ॥ (ਪੰਨਾ ੪੬੪) ਅਰਥ: ਧਰਮ-ਰਾਜ ਦਾ ਦਰਬਾਰ ਭੀ ਰੱਬ ਦੇ ਡਰ ਵਿੱਚ ਹੈ।
(ਅ) ਭਣਤਿ ਨਾਨਕੁ ਲੇਖਾ ਮਾਗੈ ਕਵਨਾ ਜਾ ਚੂਕਾ ਮਨਿ ਅਭਿਮਾਨਾ॥ ਤਾਸੁ ਤਾਸੁ ਧਰਮ ਰਾਇ ਜਪਤੁ ਹੈ ਪਏ ਸਚੇ ਕੀ ਸਰਨਾ॥ (ਪੰਨਾ ੯੯੩) ਅਰਥ: ਨਾਨਕ ਆਖਦਾ ਹੈ ਕਿ (ਸਾਧ ਸੰਗਤਿ ਵਿੱਚ ਰਹਿਣ ਵਾਲੇ ਬੰਦੇ) ਉਸ ਸਦਾ-ਥਿਰ ਪ੍ਰਭੂ ਦੀ ਸਰਨ ਪਏ ਰਹਿੰਦੇ ਹਨ ਜਿਸ ਦੀ ਹਜ਼ੂਰੀ ਵਿੱਚ ਧਰਮਰਾਜ ਭੀ ਆਖਦਾ ਰਹਿੰਦਾ ਹੈ—ਮੈਂ ਤੇਰੀ ਸਰਨ ਹਾਂ, ਮੈਂ ਤੇਰੀ ਸਰਨ ਹਾਂ।
(ੲ) ਰਾਜਸੁ ਸਾਤਕੁ ਤਾਮਸੁ ਡਰਪਹਿ ਕੇਤੇ ਰੂਪ ਉਪਾਇਆ॥ ਛਲ ਬਪੁਰੀ ਇਹ ਕਉਲਾ ਡਰਪੈ ਅਤਿ ਡਰਪੈ ਧਰਮ ਰਾਇਆ॥ (ਪੰਨਾ ੯੯੯) ਅਰਥ: ਹੇ ਭਾਈ! ਪਰਮਾਤਮਾ ਨੇ ਬੇਅੰਤ ਜੀਵ ਪੈਦਾ ਕੀਤੇ ਹਨ ਜੋ ਰਜੋ ਸਤੋ ਤਮੋ (ਇਹਨਾਂ ਤਿੰਨ ਗੁਣਾਂ ਵਿੱਚ ਵਰਤ ਰਹੇ ਹਨ, ਇਹ ਸਾਰੇ ਉਸ ਦੇ) ਹੁਕਮ ਵਿੱਚ ਹੀ ਕਾਰ ਕਰ ਰਹੇ ਹਨ। (ਦੁਨੀਆ ਦੇ ਸਾਰੇ ਜੀਵਾਂ ਵਾਸਤੇ) ਛਲ (ਬਣੀ ਹੋਈ) ਇਹ ਵਿਚਾਰੀ ਲੱਛਮੀ ਭੀ ਰਜ਼ਾ ਵਿੱਚ ਤੁਰ ਰਹੀ ਹੈ, ਧਰਮਰਾਜ ਭੀ ਹੁਕਮ ਅੱਗੇ ਥਰ ਥਰ ਕੰਬਦਾ ਹੈ।
ਪਰਮਾਤਮਾ ਦੀ ਸਰਬ ਸ੍ਰੇਸ਼ਟਤਾ ਦੇ ਪ੍ਰਸੰਗ ਵਿੱਚ: ਮਨੁੱਖ ਜਿਹਨਾਂ ਸ਼ਕਤੀਆਂ ਨੂੰ ਸਰਬ ਸ੍ਰੇਸ਼ਟ ਸਮਝ ਕੇ ਪੂਜ ਰਿਹਾ ਹੈ, ਉਹਨਾਂ ਨੂੰ ਅਕਾਲ ਪੁਰਖ ਦੀ ਹਸਤੀ ਦੇ ਮੁਕਾਬਲੇ `ਤੇ ਤੁੱਛ ਅਥਵਾ ਮਾਮੂਲੀ ਦਰਸਾ ਕੇ ਮਨੁੱਖ ਨੂੰ ਪ੍ਰਭੂ ਦੀ ਚਰਨ-ਸ਼ਰਨ ਵਿੱਚ ਪੈਣ ਦੀ ਪ੍ਰੇਰਨਾ ਕੀਤੀ ਹੈ। ਇਹਨਾਂ ਸ਼ਕਤੀਆਂ ਵਿੱਚ ਧਰਮਰਾਜ ਦਾ ਵੀ ਜ਼ਿਕਰ ਕਰਦਿਆਂ ਹੋਇਆਂ ਇਸ ਦੇ ਸੰਬੰਧ ਵਿੱਚ ਆਖਿਆ ਹੈ:
ਧਰਮ ਰਾਇ ਪਰੁਲੀ ਪ੍ਰਤਿਹਾਰੁ॥ ਸ+ ਐਸਾ ਰਾਜਾ ਸ੍ਰੀ ਗੋਪਾਲੁ॥ (ਪੰਨਾ ੧੨੯੨) ਅਰਥ: (ਲੋਕਾਂ ਦੇ ਭਾਣੇ) ਪਰਲੋ ਲਿਆਉਣ ਵਾਲਾ ਧਰਮਰਾਜ ਉਸ ਪ੍ਰਭੂ ਦੇ ਮਹਲ ਦਾ ਇੱਕ (ਮਮੂਲੀ) ਦਰਬਾਨ ਹੈ।
ਗੁਰੂ ਦੀ ਸੰਗਤ ਦੀ ਮਹਿਮਾ ਦੇ ਪ੍ਰਸੰਗ ਵਿੱਚ: ਸਾਧਸੰਗਿ ਧਰਮ ਰਾਇ ਕਰੇ ਸੇਵਾ॥ (ਪੰਨਾ ੨੭੧) ਅਰਥ: ਸਾਧੂ ਜਨਾਂ ਦੀ ਸੰਗਤਿ ਵਿੱਚ ਰਿਹਾਂ ਧਰਮਰਾਜ (ਭੀ) ਸੇਵਾ ਕਰਦਾ ਹੈ ਅਤੇ (ਦੇਵਤੇ ਭੀ) ਸੋਭਾ ਕਰਦੇ ਹਨ।
ਪ੍ਰਭੂ ਸਿਮਰਨ ਦੀ ਮਹਿਮਾ ਦੇ ਪ੍ਰਸੰਗ ਵਿੱਚ:
ਨਰਕ ਨ ਡੀਠੜਿਆ ਸਿਮਰਤ ਨਾਰਾਇਣ॥ ਜੈ ਜੈ ਧਰਮੁ ਕਰੇ ਦੂਤ ਭਏ ਪਲਾਇਣ॥ ਧਰਮ ਧੀਰਜ ਸਹਜ ਸੁਖੀਏ ਸਾਧਸੰਗਤਿ ਹਰਿ ਭਜੇ॥ ਕਰਿ ਅਨੁਗ੍ਰਹੁ ਰਾਖਿ ਲੀਨੇ ਮੋਹ ਮਮਤਾ ਸਭ ਤਜੇ॥ (ਪੰਨਾ ੪੬੦) ਅਰਥ: ਜੇਹੜੇ ਮਨੁੱਖ ਪਰਮਾਤਮਾ ਦਾ ਸਿਮਰਨ ਕਰਦੇ ਹਨ ਉਹਨਾਂ ਨੂੰ ਨਰਕ ਨਹੀਂ ਵੇਖਣੇ ਪੈਂਦੇ। ਧਰਮ ਰਾਜ (ਭੀ) ਉਹਨਾਂ ਨੂੰ ਨਮਸਕਾਰ ਕਰਦਾ ਹੈ, ਜਮਦੂਤ ਉਹਨਾਂ ਤੋਂ ਪਰੇ ਦੌੜ ਜਾਂਦੇ ਹਨ। ਸਾਧ ਸੰਗਤਿ ਵਿੱਚ ਪਰਮਾਤਮਾ ਦਾ ਭਜਨ ਕਰ ਕੇ ਉਹ ਮਨੁੱਖ ਸੁਖੀ ਹੋ ਜਾਂਦੇ ਹਨ ਉਹਨਾਂ ਨੂੰ ਧਰਮ ਪ੍ਰਾਪਤ ਹੋ ਜਾਂਦਾ ਹੈ ਧੀਰਜ ਪ੍ਰਾਪਤ ਹੋ ਜਾਂਦੀ ਹੈ ਆਤਮਕ ਅਡੋਲਤਾ ਮਿਲ ਜਾਂਦੀ ਹੈ। ਪਰਮਾਤਮਾ ਮੇਹਰ ਕਰ ਕੇ ਉਹਨਾਂ ਨੂੰ (ਮੋਹ ਮਮਤਾ ਆਦਿਕ ਵਿਕਾਰਾਂ ਤੋਂ) ਬਚਾ ਲੈਂਦਾ ਹੈ, ਉਹ ਮਨੁੱਖ ਮੋਹ ਮਮਤਾ ਆਦਿਕ ਸਭ ਤਿਆਗ ਦੇਂਦੇ ਹਨ।
ਪ੍ਰਭੂ ਦੀ ਸ਼ਰਨ ਪਿਆਂ ਕਿਸੇ ਹੋਰ ਦੀ ਮੁਥਾਜ਼ਗੀ ਨਹੀਂ ਰਹਿੰਦੀ ਦੇ ਪ੍ਰਸੰਗ ਵਿੱਚ:
(ੳ) ਧਰਮ ਰਾਇ ਹੈ ਹਰਿ ਕਾ ਕੀਆ ਹਰਿ ਜਨ ਸੇਵਕ ਨੇੜਿ ਨ ਆਵੈ॥ (ਪੰਨਾ ੫੫੫) ਅਰਥ: (ਹੋਰ ਤਾਂ ਹੋਰ) ਧਰਮ ਰਾਜ ਭੀ ਜੋ ਪ੍ਰਭੂ ਦਾ ਹੀ ਬਣਾਇਆ ਹੋਇਆ ਹੈ, ਪ੍ਰਭੂ ਦੇ ਸੇਵਕ ਦੇ ਸੇਵਕ ਦੇ ਨੇੜੇ ਨਹੀਂ ਆਉਂਦਾ।
(ਅ) ਅਨਦ ਮੂਲੁ ਧਿਆਇਓ ਪੁਰਖੋਤਮੁ ਅਨਦਿਨੁ ਅਨਦ ਅਨੰਦੇ॥ ਧਰਮ ਰਾਇ ਕੀ ਕਾਣਿ ਚੁਕਾਈ ਸਭਿ ਚੂਕੇ ਜਮ ਕੇ ਛੰਦੇ॥ (ਪੰਨਾ ੮੦੦) ਅਰਥ: ਹੇ ਮਨ! ਜਿਸ ਮਨੁੱਖ ਨੇ ਆਨੰਦ ਦੇ ਸੋਮੇ ਉੱਤਮ ਪੁਰਖ ਪ੍ਰਭੂ ਦਾ ਨਾਮ ਸਿਮਰਿਆ ਹੈ, ਉਹ ਹਰ ਵੇਲੇ ਆਨੰਦ ਹੀ ਆਨੰਦ ਵਿੱਚ ਲੀਨ ਰਹਿੰਦਾ ਹੈ, ਉਸ ਨੂੰ ਧਰਮਰਾਜ ਦੀ ਮੁਥਾਜੀ ਨਹੀਂ ਰਹਿੰਦੀ, ਉਹ ਮਨੁੱਖ ਜਮਰਾਜ ਦੇ ਭੀ ਸਾਰੇ ਡਰ ਮੁਕਾ ਦੇਂਦਾ ਹੈ।
(ੲ) ਗੁਰਮਤਿ ਰਾਮ ਨਾਮੁ ਧਨੁ ਪਾਇਆ ਸੁਣਿ ਕਹਤਿਆ ਪਾਪ ਨਿਵਾਰੇ॥ ਧਰਮ ਰਾਇ ਜਮੁ ਨੇੜਿ ਨ ਆਵੈ ਮੇਰੇ ਠਾਕੁਰ ਕੇ ਜਨ ਪਿਆਰੇ॥ (ਪੰਨਾ ੯੮੦) ਅਰਥ: ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਮਤਿ ਲੈ ਕੇ ਪਰਮਾਤਮਾ ਦਾ ਨਾਮ-ਧਨ ਲੱਭ ਲਿਆ ਹੈ, ਉਹ ਸਦਾ ਨਾਮ ਸੁਣ ਕੇ ਤੇ ਉਚਾਰ ਕੇ ਪਾਪ ਦੂਰ ਕਰ ਲੈਂਦੇ ਹਨ। ਅਜਿਹੇ ਮਨੁੱਖ ਮਾਲਕ-ਪ੍ਰਭੂ ਦੇ ਪਿਆਰੇ ਹੁੰਦੇ ਹਨ, ਧਰਮਰਾਜ ਜਾਂ (ਉਸ ਦਾ ਕੋਈ) ਜਮ ਉਹਨਾਂ ਦੇ ਨੇੜੇ ਨਹੀਂ ਢੁਕਦਾ।
(ਸ) ਸੰਤਨ ਮੋ ਕਉ ਪੂੰਜੀ ਸਉਪੀ ਤਉ ਉਤਰਿਆ ਮਨ ਕਾ ਧੋਖਾ॥ ਧਰਮ ਰਾਇ ਅਬ ਕਹਾ ਕਰੈਗੋ ਜਉ ਫਾਟਿਓ ਸਗਲੋ ਲੇਖਾ॥ (ਪੰਨਾ ੬੧੪) ਅਰਥ: ਹੇ ਭਾਈ! ਜਦੋਂ ਤੋਂ ਸੰਤ ਜਨਾਂ ਨੇ ਮੈਨੂੰ ਪਰਮਾਤਮਾ ਦੀ ਭਗਤੀ ਦੀ ਰਾਸਿ-ਪੂੰਜੀ ਦਿੱਤੀ ਹੈ, ਤਦੋਂ ਤੋਂ ਮੇਰੇ ਮਨ ਦਾ ਚਿੰਤਾ-ਫ਼ਿਕਰ ਲਹਿ ਗਿਆ ਹੈ। (ਮੇਰੇ ਜਨਮਾਂ ਜਨਮਾਂਤਰਾਂ ਦੇ ਕੀਤੇ ਕਰਮਾਂ ਦਾ) ਸਾਰਾ ਹੀ ਹਿਸਾਬ ਦਾ ਕਾਗਜ਼ ਪਾਟ ਚੁਕਾ ਹੈ। ਹੁਣ ਧਰਮਰਾਜ ਮੈਥੋਂ ਕੋਈ ਪੁੱਛ ਨਹੀਂ ਕਰਗੇਾ।
ਵਿਕਾਰਾਂ ਦੇ ਭਾਵਾਰਥ ਦੇ ਪ੍ਰਸੰਗ ਵਿੱਚ:
ਸਲੋਕੁ॥ ਢਾਹਨ ਲਾਗੇ ਧਰਮ ਰਾਇ ਕਿਨਹਿ ਨ ਘਾਲਿਓ ਬੰਧ॥ ਨਾਨਕ ਉਬਰੇ ਜਪਿ ਹਰੀ ਸਾਧਸੰਗਿ ਸਨਬੰਧ॥ ੧॥ ਅਰਥ: ਹੇ ਨਾਨਕ! ਜਿਨ੍ਹਾਂ ਬੰਦਿਆਂ ਨੇ ਸਾਧ ਸੰਗਤਿ ਵਿੱਚ ਨਾਤਾ ਜੋੜਿਆ, ਉਹ ਹਰੀ ਦਾ ਨਾਮ ਜਪ ਕੇ (ਵਿਕਾਰਾਂ ਦੇ ਹੜ੍ਹ ਵਿਚੋਂ) ਬਚ ਨਿਕਲੇ। ਉਹਨਾਂ (ਦੇ ਆਤਮਕ ਜੀਵਨ ਦੀ ਇਮਾਰਤ) ਨੂੰ ਵਿਕਾਰਾਂ ਦੇ ਹੜ੍ਹ ਦੀ ਢਾਹ ਨਹੀਂ ਲੱਗਦੀ। ਕੋਈ ਇੱਕ ਭੀ ਵਿਕਾਰ ਉਹਨਾਂ ਦੇ ਜੀਵਨ-ਰਾਹ ਵਿੱਚ ਰੋਕ ਨਹੀਂ ਪਾ ਸਕਿਆ। ੧।
ਪਉੜੀ॥ ਢਢਾ ਢੂਢਤ ਕਹ ਫਿਰਹੁ ਢੂਢਨੁ ਇਆ ਮਨ ਮਾਹਿ॥ ਸੰਗਿ ਤੁਹਾਰੈ ਪ੍ਰਭੁ ਬਸੈ ਬਨੁ ਬਨੁ ਕਹਾ ਫਿਰਾਹਿ॥ ਢੇਰੀ ਢਾਹਹੁ ਸਾਧਸੰਗਿ ਅਹੰਬੁਧਿ ਬਿਕਰਾਲ॥ ਸੁਖੁ ਪਾਵਹੁ ਸਹਜੇ ਬਸਹੁ ਦਰਸਨੁ ਦੇਖਿ ਨਿਹਾਲ॥ ਢੇਰੀ ਜਾਮੈ ਜਮਿ ਮਰੈ ਗਰਭ ਜੋਨਿ ਦੁਖ ਪਾਇ॥ ਮੋਹ ਮਗਨ ਲਪਟਤ ਰਹੈ ਹਉ ਹਉ ਆਵੈ ਜਾਇ॥ ਢਹਤ ਢਹਤ ਅਬ ਢਹਿ ਪਰੇ ਸਾਧ ਜਨਾ ਸਰਨਾਇ॥ ਦੁਖ ਕੇ ਫਾਹੇ ਕਾਟਿਆ ਨਾਨਕ ਲੀਏ ਸਮਾਇ॥ (ਪੰਨਾ ੨੫੬)
ਅਰਥ: (ਹੇ ਭਾਈ!) ਪ੍ਰਭੂ ਤੁਹਾਡੇ ਨਾਲ (ਹਿਰਦੇ ਵਿਚ) ਵੱਸ ਰਿਹਾ ਹੈ, ਤੁਸੀ ਜੰਗਲ ਜੰਗਲ ਕਿੱਥੇ ਢੂੰਢਦੇ ਫਿਰਦੇ ਹੋ? ਹੋਰ ਕਿੱਥੇ ਲੱਭਦੇ ਫਿਰਦੇ ਹੋ? ਭਾਲ ਇਸ ਮਨ ਵਿੱਚ ਹੀ (ਕਰਨੀ ਹੈ)। ਸਾਧ ਸੰਗਤਿ ਵਿੱਚ (ਪਹੁੰਚ ਕੇ) ਭਿਆਨਕ ਹਉਮੈ ਵਾਲੀ ਮਤਿ ਦੀ ਬਣੀ ਹੋਈ ਢੇਰੀ ਨੂੰ ਢਾਹ ਦਿਉ (ਇਸ ਤਰ੍ਹਾਂ ਅੰਦਰ ਹੀ ਪ੍ਰਭੂ ਦਾ ਦਰਸਨ ਹੋ ਜਾਇਗਾ, ਪ੍ਰਭੂ ਦਾ) ਦਰਸਨ ਕਰ ਕੇ ਆਤਮਾ ਖਿੜ ਪਏਗਾ, ਆਤਮਕ ਆਨੰਦ ਮਿਲੇਗਾ, ਅਡੋਲ ਅਵਸਥਾ ਵਿੱਚ ਟਿਕ ਜਾਵੋਗੇ।
ਜਿਤਨਾ ਚਿਰ ਅੰਦਰ ਹਉਮੈ ਦੀ ਢੇਰੀ ਬਣੀ ਰਹਿੰਦੀ ਹੈ, ਮਨੁੱਖ ਜੰਮਦਾ ਮਰਦਾ ਰਹਿੰਦਾ ਹੈ, ਜੂਨਾਂ ਦੇ ਗੇੜ ਵਿੱਚ ਦੁੱਖ ਭੋਗਦਾ ਹੈ, ਮੋਹ ਵਿੱਚ ਮਸਤ ਹੋ ਕੇ (ਮਾਇਆ ਨਾਲ) ਚੰਬੜਿਆ ਰਹਿੰਦਾ ਹੈ, ਹਉਮੈ ਦੇ ਕਾਰਨ ਜਨਮ ਮਰਨ ਵਿੱਚ ਪਿਆ ਰਹਿੰਦਾ ਹੈ।
ਹੇ ਨਾਨਕ! ਜੋ ਬੰਦੇ ਇਸ ਜਨਮ ਵਿੱਚ ਸਾਧ ਜਨਾਂ ਦੀ ਸਰਨ ਆ ਪੈਂਦੇ ਹਨ, ਉਹਨਾਂ ਦੀਆਂ (ਮੋਹ ਤੋਂ ਉਪਜੀਆਂ) ਦੁੱਖਾਂ ਦੀਆਂ ਫਾਹੀਆਂ ਕੱਟੀਆਂ ਜਾਂਦੀਆਂ ਹਨ, ਉਹਨਾਂ ਨੂੰ ਪ੍ਰਭੂ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ।
ਸਤਿਗੁਰੂ ਦੇ ਪਰਉਪਕਾਰਾਂ ਦੇ ਪ੍ਰਸੰਗ ਵਿੱਚ:
ਤੂ ਆਪਿ ਕਰਤਾ ਸਭ ਸ੍ਰਿਸਟਿ ਧਰਤਾ ਸਭ ਮਹਿ ਰਹਿਆ ਸਮਾਇ॥ ਧਰਮ ਰਾਜਾ ਬਿਸਮਾਦੁ ਹੋਆ ਸਭ ਪਈ ਪੈਰੀ ਆਇ॥ (ਪੰਨਾ ੪੦੬) ਅਰਥ: ਹੇ ਪ੍ਰਭੂ! ਤੂੰ ਆਪ ਸਾਰੀ ਸ੍ਰਿਸ਼ਟੀ ਦਾ ਪੈਦਾ ਕਰਨ ਵਾਲਾ ਹੈਂ ਤੂੰ ਆਪ (ਹੀ) ਸਾਰੀ ਸ੍ਰਿਸ਼ਟੀ ਨੂੰ ਆਸਰਾ ਦੇਣ ਵਾਲਾ ਹੈਂ, ਤੂੰ ਆਪ ਹੀ ਸਾਰੀ ਸ੍ਰਿਸ਼ਟੀ ਵਿੱਚ ਵਿਆਪਕ ਹੈਂ, (ਫਿਰ ਕੋਈ ਜੁਗ ਚੰਗਾ ਕਿਵੇਂ? ਤੇ, ਕੋਈ ਜੁਗ ਮਾੜਾ ਕਿਵੇਂ? ਭਾਵੇਂ ਇਸ ਕਲਿਜੁਗ ਨੂੰ ਚੌਹਾਂ ਜੁਗਾਂ ਵਿਚੋਂ ਭੈੜਾ ਕਿਹਾ ਜਾਂਦਾ ਹੈ, ਫਿਰ ਭੀ) ਧਰਮ ਰਾਜ ਹੈਰਾਨ ਹੋ ਰਿਹਾ ਹੈ (ਕਿ ਗੁਰੂ ਦੀ ਕਿਰਪਾ ਨਾਲ ਵਿਕਾਰਾਂ ਵਲੋਂ ਹਟ ਕੇ) ਸਾਰੀ ਲੁਕਾਈ ਤੇਰੀ ਚਰਨੀਂ ਲੱਗ ਰਹੀ ਹੈ। (ਸੋ, ਜੇ ਪੁਰਾਣੇ ਖ਼ਿਆਲਾਂ ਵਲ ਜਾਈਏ ਤਾਂ ਭੀ ਇਹ ਕਲਿਜੁਗ ਮਾੜਾ ਜੁਗ ਨਹੀਂ, ਤੇ ਇਹ ਜੁਗ ਜੀਵਾਂ ਨੂੰ ਮੰਦ-ਕਰਮਾਂ ਵਲ ਨਹੀਂ ਪ੍ਰੇਰਦਾ)।
ਚੱਲਦਾ
.